Skip to content

Skip to table of contents

ਨਿਮਰਤਾ ਨੂੰ ਕੌਣ ਪੁੱਛਦਾ ਹੈ

ਨਿਮਰਤਾ ਨੂੰ ਕੌਣ ਪੁੱਛਦਾ ਹੈ

ਨਿਮਰਤਾ ਨੂੰ ਕੌਣ ਪੁੱਛਦਾ ਹੈ

ਕਈਆਂ ਲੋਕਾਂ ਨੂੰ ਲੱਗਦਾ ਹੈ ਕਿ ਨਿਮਰਤਾ ਵਰਗੇ ਗੁਣ ਦਾ ਅੱਜ ਦੁਨੀਆਂ ਵਿਚ ਕੋਈ ਫ਼ਾਇਦਾ ਨਹੀਂ। ਇਵੇਂ ਲੱਗਦਾ ਹੈ ਕਿ ਜਿਹੜੇ ਲੋਕ ਸਫ਼ਲਤਾ ਦੀਆਂ ਉਚਾਈਆਂ ਤਕ ਪਹੁੰਚਣਾ ਚਾਹੁੰਦੇ ਹਨ, ਉਹ ਕੁਝ ਵੀ ਕਰਨ ਨੂੰ ਤਿਆਰ ਹਨ। ਇਨ੍ਹਾਂ ਲੋਕਾਂ ਵਿਚ ਘਮੰਡ ਹੁੰਦਾ ਹੈ ਨਾਲੇ ਉਹ ਆਪਣੀ ਹਰ ਜ਼ਿੱਦ ਪੂਰੀ ਕਰ ਕੇ ਰਹਿੰਦੇ ਹਨ। ਉਹ ਆਪਣੀ ਹੀ ਸ਼ੋਭਾ ਕਰਦੇ ਹੋਏ ਕਹਿੰਦੇ ਹਨ ਕਿ ਉਹ ਆਪਣੇ ਬਲਬੂਤੇ ਤੇ ਕੁਝ ਬਣੇ ਹਨ। ਉਹ ਇਹ ਮੰਨਣ ਨੂੰ ਤਿਆਰ ਹੀ ਨਹੀਂ ਕਿ ਉਨ੍ਹਾਂ ਦੀ ਸਫ਼ਲਤਾ ਪਿੱਛੇ ਕਿਸੇ ਹੋਰ ਦਾ ਵੀ ਹੱਥ ਹੋ ਸਕਦਾ ਹੈ। ਆਮ ਕਰਕੇ ਲੋਕ ਵੀ ਅਜਿਹੇ ਅਮੀਰ ਤੇ ਵੱਡੇ-ਵੱਡੇ ਲੋਕਾਂ ਦਾ ਆਦਰ ਕਰਦੇ ਹਨ, ਨਿਮਰ ਤੇ ਮਾਮੂਲੀ ਲੋਕਾਂ ਦਾ ਨਹੀਂ।

ਕੈਨੇਡਾ ਦੇ ਇਕ ਖੋਜਕਾਰ ਨੇ ਕਿਹਾ ਕਿ ਉੱਥੇ ਦੇ ਜ਼ਿਆਦਾਤਰ ਲੋਕ ਇਹੀ ਮੰਨਦੇ ਹਨ ਕਿ “ਮੈਂ ਹੀ ਸਭ ਕੁਝ ਹਾਂ।” ਹੋਰਨਾਂ ਦਾ ਮੰਨਣਾ ਹੈ ਕਿ ਅੱਜ ਦੁਨੀਆਂ ਵਿਚ ਲੋਕ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਬਜਾਇ ਆਪਣੀ ਮਨ-ਮਰਜ਼ੀ ਨੂੰ ਪਹਿਲ ਦਿੰਦੇ ਹਨ। ਕੀ ਇਹ ਸੱਚ ਨਹੀਂ ਕਿ ਲੋਕ ਜ਼ਿਆਦਾ ਮਤਲਬੀ ਤੇ ਖ਼ੁਦਗਰਜ਼ ਬਣੀ ਜਾ ਰਹੇ ਹਨ? ਇਹੋ ਜਿਹੀ ਦੁਨੀਆਂ ਵਿਚ ਨਿਮਰਤਾ ਨੂੰ ਕੌਣ ਪੁੱਛਦਾ ਹੈ।

ਦੂਜੇ ਪਾਸੇ, ਲੋਕ ਨਿਮਰਤਾ ਤੇ ਹਲੀਮੀ ਦੀ ਕਦਰ ਕਰਦੇ ਹਨ। ਪਰ ਉਹ ਇਹ ਗੁਣ ਆਪਣੇ ਵਿਚ ਨਹੀਂ ਬਲਕਿ ਦੂਸਰਿਆਂ ਵਿਚ ਭਾਲਦੇ ਹਨ। ਉਨ੍ਹਾਂ ਦੇ ਭਾਣੇ ਅਜਿਹੇ ਲੋਕਾਂ ਨਾਲ ਚੰਗੀ ਨਿਭਦੀ ਹੈ। ਪਰ ਕਈ ਸੋਚਦੇ ਹਨ ਕਿ ਇਸ ਖ਼ੁਦਗਰਜ਼ ਦੁਨੀਆਂ ਵਿਚ ਜੇ ਉਹ ਨਿਮਰ ਬਣਨ, ਤਾਂ ਦੂਸਰਿਆਂ ਦੀ ਨਜ਼ਰ ਵਿਚ ਉਹ ਕਮਜ਼ੋਰ ਹੋਣਗੇ।

ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਸਾਡੇ ਜ਼ਮਾਨੇ ਵਿਚ ਲੋਕ ‘ਸ਼ੇਖ਼ੀਬਾਜ਼ ਤੇ ਹੰਕਾਰੀ’ ਹੋਣਗੇ। (2 ਤਿਮੋਥਿਉਸ 3:1, 2) ਕੀ ਤੁਹਾਨੂੰ ਲੱਗਦਾ ਹੈ ਕਿ ਇਹ ਭਵਿੱਖਬਾਣੀ ਪੂਰੀ ਹੋ ਰਹੀ ਹੈ? ਤੁਹਾਡੇ ਖ਼ਿਆਲ ਵਿਚ ਕੀ ਨਿਮਰ ਬਣਨ ਦਾ ਕੋਈ ਫ਼ਾਇਦਾ ਹੈ? ਜਾਂ ਕੀ ਤੁਹਾਨੂੰ ਲੱਗਦਾ ਹੈ ਕਿ ਨਿਮਰ ਇਨਸਾਨ ਨੂੰ ਕਮਜ਼ੋਰ ਗਿਣਿਆ ਜਾਂਦਾ ਹੈ ਤੇ ਉਸ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ?

ਬਾਈਬਲ ਸਾਨੂੰ ਨਿਮਰ ਬਣਨ ਦੇ ਕਈ ਕਾਰਨ ਦਿੰਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਨਿਮਰਤਾ ਇਕ ਚੰਗਾ ਗੁਣ ਹੈ। ਬਾਈਬਲ ਇਹ ਵੀ ਦਿਖਾਉਂਦੀ ਹੈ ਕਿ ਨਿਮਰ ਬਣਨਾ ਕੋਈ ਕਮਜ਼ੋਰੀ ਨਹੀਂ ਬਲਕਿ ਇਸ ਲਈ ਹਿੰਮਤ ਦੀ ਲੋੜ ਪੈਂਦੀ ਹੈ। ਆਓ ਆਪਾਂ ਅਗਲੇ ਲੇਖ ਵਿਚ ਇਸ ਬਾਰੇ ਹੋਰ ਪੜ੍ਹੀਏ।

[ਸਫ਼ਾ 3 ਉੱਤੇ ਤਸਵੀਰ]

ਸਾਨੂੰ ਆਪਣੀ ਸਫ਼ਲਤਾ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ?