Skip to content

Skip to table of contents

“ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਦੀ ਜਾਂਚ ਕਰੋ

“ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਦੀ ਜਾਂਚ ਕਰੋ

“ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਦੀ ਜਾਂਚ ਕਰੋ

“ਆਤਮਾ ਸਾਰੀਆਂ ਵਸਤਾਂ ਦੀ ਸਗੋਂ ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ ਦੀ ਜਾਚ ਕਰ ਲੈਂਦਾ ਹੈ।”—1 ਕੁਰਿੰਥੀਆਂ 2:10.

1. ਬਾਈਬਲ ਦੇ ਨਵੇਂ ਵਿਦਿਆਰਥੀ ਕਿਹੜੀਆਂ ਕੁਝ ਸੱਚਾਈਆਂ ਜਾਣ ਕੇ ਖ਼ੁਸ਼ ਹੁੰਦੇ ਹਨ?

ਸਾਨੂੰ ਉਹ ਸਮਾਂ ਯਾਦ ਹੈ ਜਦ ਅਸੀਂ ਪਹਿਲਾਂ-ਪਹਿਲਾਂ ਸੱਚਾਈ ਸਿੱਖੀ ਸੀ। ਇਹ ਜਾਣ ਕੇ ਅਸੀਂ ਕਿੰਨੇ ਖ਼ੁਸ਼ ਹੋਏ ਸੀ ਕਿ ਯਹੋਵਾਹ ਦੇ ਨਾਂ ਦਾ ਮਤਲਬ ਕੀ ਹੈ, ਉਸ ਨੇ ਦੁੱਖ-ਦਰਦ ਨੂੰ ਅੱਜ ਤਕ ਖ਼ਤਮ ਕਿਉਂ ਨਹੀਂ ਕੀਤਾ, ਕੁਝ ਲੋਕ ਸਵਰਗ ਨੂੰ ਕਿਉਂ ਜਾਣਗੇ ਅਤੇ ਬਾਕੀ ਸਾਰੇ ਵਫ਼ਾਦਾਰ ਲੋਕ ਕਿਸ ਤਰ੍ਹਾਂ ਦੇ ਭਵਿੱਖ ਦੀ ਉਮੀਦ ਰੱਖ ਸਕਦੇ ਹਨ। ਅਸੀਂ ਸ਼ਾਇਦ ਪਹਿਲਾਂ ਵੀ ਬਾਈਬਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੋਵੇ, ਪਰ ਹੋਰਨਾਂ ਲੋਕਾਂ ਵਾਂਗ ਅਸੀਂ ਇਨ੍ਹਾਂ ਗੱਲਾਂ ਨੂੰ ਸਮਝ ਨਹੀਂ ਪਾਏ। ਅਸੀਂ ਉਸ ਬੰਦੇ ਵਰਗੇ ਸੀ ਜੋ ਤੜਕੇ-ਤੜਕੇ ਸਫ਼ਰ ਤੇ ਨਿਕਲਦਾ ਹੈ। ਪਹਿਲਾਂ ਤਾਂ ਹਨੇਰੇ ਵਿਚ ਉਹ ਆਪਣੇ ਆਲੇ-ਦੁਆਲੇ ਦੀਆਂ ਖੂਬਸੂਰਤ ਚੀਜ਼ਾਂ ਨੂੰ ਦੇਖ ਨਹੀਂ ਪਾਉਂਦਾ, ਪਰ ਜਿਉਂ ਹੀ ਪਹੁ ਫੁੱਟਦੀ ਹੈ, ਉਸ ਨੂੰ ਧੁੰਦਲੀਆਂ-ਧੁੰਦਲੀਆਂ ਚੀਜ਼ਾਂ ਨਜ਼ਰ ਆਉਣ ਲੱਗ ਪੈਂਦੀਆਂ ਹਨ। ਅਖ਼ੀਰ ਜਦ ਸੂਰਜ ਚੜ੍ਹ ਜਾਂਦਾ ਹੈ, ਤਾਂ ਉਹ ਸਭ ਕੁਝ ਸਾਫ਼-ਸਾਫ਼ ਦੇਖ ਸਕਦਾ ਹੈ। ਹਵਾ ਨਾਲ ਲਹਿਰਾਉਂਦੇ ਉੱਚੇ-ਲੰਮੇ ਦਰਖ਼ਤ ਤੇ ਰੰਗ-ਬਰੰਗੇ ਫੁੱਲ ਦੇਖ ਕੇ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਇਸੇ ਤਰ੍ਹਾਂ ਜਦ ਕਿਸੇ ਨੇ ਬਾਈਬਲ ਨੂੰ ਸਮਝਣ ਵਿਚ ਸਾਡੀ ਮਦਦ ਕੀਤੀ, ਤਾਂ ਅਸੀਂ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਨੂੰ ਹੌਲੀ-ਹੌਲੀ ਸਮਝਣ ਲੱਗੇ।—1 ਕੁਰਿੰਥੀਆਂ 2:8-10.

2. ਬਾਈਬਲ ਦੀ ਜਾਂਚ ਕਰਦੇ ਰਹਿਣ ਨਾਲ ਸਾਨੂੰ ਖ਼ੁਸ਼ੀ ਕਿਉਂ ਮਿਲਦੀ ਰਹੇਗੀ?

2 ਕੀ ਸਾਨੂੰ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਸਮਝ ਕੇ ਹੀ ਸੰਤੁਸ਼ਟ ਹੋ ਜਾਣਾ ਚਾਹੀਦਾ ਹੈ? ਨਹੀਂ, ਸਾਨੂੰ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਯਾਨੀ ਉਸ ਦਾ ਗਿਆਨ ਜੋ ਲੋਕਾਂ ਤੋਂ ਗੁਪਤ ਰੱਖਿਆ ਗਿਆ ਹੈ, ਪਵਿੱਤਰ ਆਤਮਾ ਦੀ ਮਦਦ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। (1 ਕੁਰਿੰਥੀਆਂ 2:7) ਯਹੋਵਾਹ ਦਾ ਗਿਆਨ ਬੇਅੰਤ ਹੈ ਤੇ ਅਸੀਂ ਉਸ ਦੀ ਜਾਂਚ ਕਰ-ਕਰ ਕੇ ਕਦੇ ਅੱਕਾਂਗੇ ਨਹੀਂ! ਹਾਂ ਇਹ ਸੱਚ ਹੈ ਕਿ ਅਸੀਂ ਕਦੇ ਵੀ ਪਰਮੇਸ਼ੁਰ ਦਾ ਪੂਰਾ ਗਿਆਨ ਹਾਸਲ ਨਹੀਂ ਕਰ ਪਾਵਾਂਗੇ। ਪਰ ਜੇ ਅਸੀਂ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਦੀ ਜਾਂਚ ਕਰਦੇ ਰਹਾਂਗੇ, ਤਾਂ ਉਹ ਖ਼ੁਸ਼ੀ ਸਾਨੂੰ ਹਮੇਸ਼ਾ ਮਿਲਦੀ ਰਹੇਗੀ ਜੋ ਸਾਨੂੰ ਪਹਿਲਾਂ-ਪਹਿਲ ਬਾਈਬਲ ਦੀਆਂ ਬੁਨਿਆਦੀ ਗੱਲਾਂ ਸਮਝ ਆਉਣ ਨਾਲ ਮਿਲੀ ਸੀ।

3. ਸਾਨੂੰ ਆਪਣੇ ਵਿਸ਼ਵਾਸਾਂ ਦੀ ਡੂੰਘੀ ਸਮਝ ਹੋਣੀ ਜ਼ਰੂਰੀ ਕਿਉਂ ਹੈ?

3 ਸਾਡੇ ਲਈ ਇਨ੍ਹਾਂ “ਡੂੰਘੀਆਂ ਵਸਤਾਂ” ਨੂੰ ਸਮਝਣਾ ਜ਼ਰੂਰੀ ਕਿਉਂ ਹੈ? ਅਸੀਂ ਜਾਣਦੇ ਹਾਂ ਕਿ ਅਸੀਂ ਕੀ ਵਿਸ਼ਵਾਸ ਕਰਦੇ ਹਾਂ, ਪਰ ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਅਸੀਂ ਕਿਸੇ ਗੱਲ ਵਿਚ ਕਿਉਂ ਵਿਸ਼ਵਾਸ ਕਰਦੇ ਹਾਂ। ਆਪਣੇ ਵਿਸ਼ਵਾਸਾਂ ਦਾ ਆਧਾਰ ਜਾਣ ਕੇ ਅਸੀਂ ਆਪਣੀ ਨਿਹਚਾ ਨੂੰ ਮਜ਼ਬੂਤ ਰੱਖ ਸਕਦੇ ਹਾਂ। ਬਾਈਬਲ ਸਾਨੂੰ ਸਲਾਹ ਦਿੰਦੀ ਹੈ ਕਿ ਅਸੀਂ ਆਪਣੀਆਂ “ਗਿਆਨ ਇੰਦਰੀਆਂ” ਦੀ ਮਦਦ ਨਾਲ ‘ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਨੂੰ ਸਿਆਣੀਏ।’ (ਇਬਰਾਨੀਆਂ 5:14; ਰੋਮੀਆਂ 12:1, 2) ਜੇ ਅਸੀਂ ਸਮਝਦੇ ਹਾਂ ਕਿ ਯਹੋਵਾਹ ਸਾਨੂੰ ਕੋਈ ਕੰਮ ਕਿਸੇ ਤਰੀਕੇ ਨਾਲ ਕਿਉਂ ਕਰਨ ਲਈ ਕਹਿੰਦਾ ਹੈ, ਤਾਂ ਅਸੀਂ ਖ਼ੁਸ਼ੀ ਨਾਲ ਉਸ ਦੀ ਪਾਲਣਾ ਕਰਨ ਲਈ ਰਾਜ਼ੀ ਹੁੰਦੇ ਹਾਂ। ਇਸੇ ਕਰਕੇ “ਡੂੰਘੀਆਂ ਵਸਤਾਂ” ਦੀ ਸਮਝ ਜ਼ਰੂਰੀ ਹੈ ਕਿਉਂਕਿ ਇਸ ਗਿਆਨ ਨਾਲ ਸਾਨੂੰ ਬੁਰੇ ਕੰਮਾਂ ਤੋਂ ਦੂਰ ਰਹਿਣ ਅਤੇ “ਸ਼ੁਭ ਕਰਮਾਂ ਵਿੱਚ ਸਰਗਰਮ” ਹੋਣ ਦੀ ਤਾਕਤ ਮਿਲੇਗੀ।—ਤੀਤੁਸ 2:14.

4. ਬਾਈਬਲ ਦਾ ਅਧਿਐਨ ਕਰਨ ਦਾ ਕੀ ਮਤਲਬ ਹੈ?

4 ਡੂੰਘੀਆਂ ਗੱਲਾਂ ਨੂੰ ਸਮਝਣ ਲਈ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ। ਪਰ ਅਧਿਐਨ ਕਰਨ ਦਾ ਮਤਲਬ ਜਾਣਕਾਰੀ ਨੂੰ ਸਰਸਰੀ ਨਜ਼ਰ ਨਾਲ ਪੜ੍ਹਨਾ ਨਹੀਂ ਹੈ। ਇਸ ਦਾ ਮਤਲਬ ਹੈ ਨਵੀਆਂ ਸਿੱਖੀਆਂ ਗੱਲਾਂ ਦੀ ਧਿਆਨ ਨਾਲ ਜਾਂਚ ਕਰਨੀ ਤਾਂਕਿ ਉਨ੍ਹਾਂ ਦਾ ਸੰਬੰਧ ਉਨ੍ਹਾਂ ਗੱਲਾਂ ਦੇ ਨਮੂਨੇ ਨਾਲ ਜੋੜਿਆ ਜਾ ਸਕੇ ਜੋ ਅਸੀਂ ਪਹਿਲਾਂ ਹੀ ਜਾਣਦੇ ਹਾਂ। (2 ਤਿਮੋਥਿਉਸ 1:13) ਬਾਈਬਲ ਵਿਚ ਜੋ ਲਿਖਿਆ ਹੈ, ਸਾਨੂੰ ਉਸ ਦਾ ਮਤਲਬ ਸਮਝਣ ਦੀ ਲੋੜ ਹੈ। ਅਧਿਐਨ ਕਰਦੇ ਸਮੇਂ ਪੜ੍ਹਨ ਤੋਂ ਇਲਾਵਾ ਮਨਨ ਕਰਨ ਦੀ ਵੀ ਲੋੜ ਹੈ ਤਾਂਕਿ ਅਸੀਂ ਇਸ ਸਿੱਖਿਆ ਦੀ ਮਦਦ ਨਾਲ ਅਕਲਮੰਦੀ ਨਾਲ ਫ਼ੈਸਲੇ ਕਰ ਸਕੀਏ ਅਤੇ ਹੋਰਨਾਂ ਦੀ ਮਦਦ ਕਰ ਸਕੀਏ। ਅਸੀਂ ਇਹ ਵੀ ਜਾਣਦੇ ਹਾਂ ਕਿ ‘ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਗੁਣਕਾਰ ਹੈ,’ ਇਸ ਲਈ, ਸਾਨੂੰ ‘ਹਰੇਕ ਵਾਕ ਦਾ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ’ ਅਧਿਐਨ ਕਰਨਾ ਚਾਹੀਦਾ ਹੈ। (2 ਤਿਮੋਥਿਉਸ 3:16, 17; ਮੱਤੀ 4:4) ਬਾਈਬਲ ਦਾ ਅਧਿਐਨ ਕਰਨ ਲਈ ਮਿਹਨਤ ਕਰਨੀ ਪੈਂਦੀ ਹੈ! ਪਰ ਇਸ ਮਿਹਨਤ ਸਦਕਾ ਅਧਿਐਨ ਬਹੁਤ ਮਜ਼ੇਦਾਰ ਹੋ ਸਕਦਾ ਹੈ। ਵੈਸੇ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਦੀ ਜਾਂਚ ਕਰਨੀ ਇੰਨੀ ਔਖੀ ਨਹੀਂ ਹੈ।

ਸਮਝ ਹਾਸਲ ਕਰਨ ਲਈ ਯਹੋਵਾਹ ਨਿਮਾਣਿਆਂ ਦੀ ਮਦਦ ਕਰਦਾ ਹੈ

5. “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਕੌਣ ਸਮਝ ਸਕਦੇ ਹਨ?

5 ਭਾਵੇਂ ਤੁਸੀਂ ਪੜ੍ਹਾਈ ਕਰਨ ਵਿਚ ਹੁਸ਼ਿਆਰ ਨਹੀਂ ਹੋ ਤੇ ਨਾ ਹੀ ਤੁਹਾਨੂੰ ਪੜ੍ਹਨ ਦਾ ਸ਼ੌਕ ਹੈ, ਤਾਂ ਵੀ ਇਹ ਨਾ ਸੋਚੋ ਕਿ ਤੁਸੀਂ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਨਹੀਂ ਸਮਝ ਸਕਦੇ। ਜਦੋਂ ਯਿਸੂ ਧਰਤੀ ਤੇ ਪ੍ਰਚਾਰ ਕਰਦਾ ਹੁੰਦਾ ਸੀ, ਤਾਂ ਯਹੋਵਾਹ ਨੇ ਆਪਣੇ ਮਕਸਦ ਦੀ ਸਮਝ ਗਿਆਨੀਆਂ, ਬੁੱਧਵਾਨਾਂ ਅਤੇ ਵਿਦਵਾਨਾਂ ਨੂੰ ਨਹੀਂ, ਸਗੋਂ ਉਨ੍ਹਾਂ ਆਮ ਨਿਮਾਣੇ ਲੋਕਾਂ ਨੂੰ ਦਿੱਤੀ ਸੀ ਜੋ ਪਰਮੇਸ਼ੁਰ ਦੇ ਸੇਵਕ ਯਿਸੂ ਤੋਂ ਸਮਝ ਪ੍ਰਾਪਤ ਕਰਨ ਲਈ ਤਿਆਰ ਸਨ। ਪੜ੍ਹਿਆਂ-ਲਿਖਿਆਂ ਦੀ ਤੁਲਨਾ ਵਿਚ ਇਹ ਲੋਕ ਨਿਆਣਿਆਂ ਵਰਗੇ ਸਨ। (ਮੱਤੀ 11:25; ਰਸੂਲਾਂ ਦੇ ਕਰਤੱਬ 4:13) ਪੌਲੁਸ ਰਸੂਲ ਨੇ ਭੈਣਾਂ-ਭਰਾਵਾਂ ਨੂੰ ਉਨ੍ਹਾਂ ਵਸਤਾਂ ਬਾਰੇ ਜਿਹੜੀਆਂ “ਪਰਮੇਸ਼ੁਰ ਨੇ ਆਪਣੇ ਪ੍ਰੇਮੀਆਂ ਲਈ ਤਿਆਰ ਕੀਤੀਆਂ” ਸਨ ਲਿਖਿਆ: “ਓਹਨਾਂ ਨੂੰ ਪਰਮੇਸ਼ੁਰ ਨੇ ਆਤਮਾ ਦੇ ਦੁਆਰਾ ਸਾਡੇ ਉੱਤੇ ਪਰਗਟ ਕੀਤਾ ਕਿਉਂ ਜੋ ਆਤਮਾ ਸਾਰੀਆਂ ਵਸਤਾਂ ਦੀ ਸਗੋਂ ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ ਦੀ ਜਾਚ ਕਰ ਲੈਂਦਾ ਹੈ।”—1 ਕੁਰਿੰਥੀਆਂ 2:9, 10.

6. ਪਰਮੇਸ਼ੁਰ ਦੀ ਆਤਮਾ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ ਦੀ ਜਾਚ” ਕਰਨ ਵਿਚ ਸਾਡੀ ਮਦਦ ਕਿਵੇਂ ਕਰਦੀ ਹੈ?

6 ਪਰਮੇਸ਼ੁਰ ਦੀ ਆਤਮਾ “ਸਾਰੀਆਂ ਵਸਤਾਂ ਦੀ ਸਗੋਂ ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ ਦੀ ਜਾਚ” ਕਰਨ ਵਿਚ ਸਾਡੀ ਮਦਦ ਕਿਵੇਂ ਕਰਦੀ ਹੈ? ਯਹੋਵਾਹ ਸਾਨੂੰ ਇਕੱਲੇ-ਇਕੱਲੇ ਨੂੰ ਸਮਝਾਉਣ ਦੀ ਬਜਾਇ ਆਪਣੀ ਆਤਮਾ ਦੇ ਜ਼ਰੀਏ ਪੂਰੇ ਸੰਗਠਨ ਨੂੰ ਸੇਧ ਦਿੰਦਾ ਹੈ। ਇਸ ਸੰਗਠਨ ਦੇ ਰਾਹੀਂ ਸਾਨੂੰ ਸਾਰਿਆਂ ਨੂੰ ਬਾਈਬਲ ਦੀ ਸਮਝ ਮਿਲਦੀ ਹੈ ਤੇ ਅਸੀਂ ਇਕ ਹੋ ਕੇ ਯਹੋਵਾਹ ਦੀ ਸੇਵਾ ਕਰਦੇ ਹਾਂ। (ਰਸੂਲਾਂ ਦੇ ਕਰਤੱਬ 20:28; ਅਫ਼ਸੀਆਂ 4:3-6) ਦੁਨੀਆਂ ਭਰ ਵਿਚ ਸਾਰੀਆਂ ਕਲੀਸਿਯਾਵਾਂ ਵਿਚ ਇੱਕੋ ਤਰੀਕੇ ਨਾਲ ਬਾਈਬਲ ਦਾ ਅਧਿਐਨ ਕੀਤਾ ਜਾਂਦਾ ਹੈ। ਸਮੇਂ ਦੇ ਬੀਤਣ ਨਾਲ ਕਲੀਸਿਯਾਵਾਂ ਦੇ ਸਾਰੇ ਮੈਂਬਰ ਪੂਰੀ ਬਾਈਬਲ ਦਾ ਅਧਿਐਨ ਕਰ ਲੈਂਦੇ ਹਨ। ਪਵਿੱਤਰ ਆਤਮਾ ਸਹੀ ਰਵੱਈਆ ਅਪਣਾਉਣ ਵਿਚ ਸਾਡੀ ਮਦਦ ਕਰਦੀ ਹੈ ਤਾਂਕਿ ਅਸੀਂ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਸਮਝ ਸਕੀਏ।—ਰਸੂਲਾਂ ਦੇ ਕਰਤੱਬ 5:32.

“ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਵਿਚ ਕੀ-ਕੀ ਸ਼ਾਮਲ ਹੈ?

7. ਜ਼ਿਆਦਾਤਰ ਲੋਕ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਕਿਉਂ ਨਹੀਂ ਸਮਝਦੇ?

7 ਸਾਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਕਿ “ਡੂੰਘੀਆਂ ਵਸਤਾਂ” ਸਮਝਣ ਨੂੰ ਔਖੀਆਂ ਹਨ। ਇਹ ਔਖੀਆਂ ਨਹੀਂ, ਪਰ ਜ਼ਿਆਦਾਤਰ ਲੋਕ ਪਰਮੇਸ਼ੁਰ ਦੀਆਂ ਇਹ ਗੱਲਾਂ ਸਮਝਦੇ ਨਹੀਂ ਕਿਉਂਕਿ ਸ਼ਤਾਨ ਲੋਕਾਂ ਨੂੰ ਧੋਖੇ ਵਿਚ ਰੱਖਦਾ ਹੈ ਜਿਸ ਕਰਕੇ ਲੋਕ ਯਹੋਵਾਹ ਦੇ ਸੰਗਠਨ ਵੱਲੋਂ ਦਿੱਤੀ ਜਾਂਦੀ ਮਦਦ ਨੂੰ ਠੁਕਰਾ ਦਿੰਦੇ ਹਨ।—2 ਕੁਰਿੰਥੀਆਂ 4:3, 4.

8. ਪੌਲੁਸ ਰਸੂਲ ਨੇ ਅਫ਼ਸੀਆਂ ਨੂੰ ਲਿਖੀ ਚਿੱਠੀ ਦੇ ਤੀਜੇ ਅਧਿਆਇ ਵਿਚ ਕਿਹੜੀਆਂ ਡੂੰਘੀਆਂ ਵਸਤਾਂ ਦੀ ਗੱਲ ਕੀਤੀ ਸੀ?

8 ਅਫ਼ਸੀਆਂ ਨੂੰ ਲਿਖੀ ਪੌਲੁਸ ਰਸੂਲ ਦੀ ਚਿੱਠੀ ਦੇ ਤੀਜੇ ਅਧਿਆਇ ਤੋਂ ਪਤਾ ਲੱਗਦਾ ਹੈ ਕਿ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਵਿਚ ਉਹ ਗੱਲਾਂ ਸ਼ਾਮਲ ਹਨ ਜਿਨ੍ਹਾਂ ਨੂੰ ਯਹੋਵਾਹ ਦੇ ਜ਼ਿਆਦਾਤਰ ਗਵਾਹ ਚੰਗੀ ਤਰ੍ਹਾਂ ਸਮਝਦੇ ਹਨ। ਮਿਸਾਲ ਲਈ, ਉਤਪਤ 3:15 ਵਿਚ ਵਾਅਦਾ ਕੀਤੀ ਹੋਈ ਸੰਤਾਨ ਕੌਣ ਹੈ, ਸਵਰਗ ਵਿਚ ਰਾਜ ਕਰਨ ਲਈ ਪਰਮੇਸ਼ੁਰ ਨੇ ਇਨਸਾਨਾਂ ਨੂੰ ਕਿਉਂ ਚੁਣਿਆ ਅਤੇ ਪਰਮੇਸ਼ੁਰ ਦਾ ਰਾਜ ਕੀ ਹੈ। ਪੌਲੁਸ ਨੇ ਲਿਖਿਆ: “ਹੋਰਨਾਂ ਸਮਿਆਂ ਵਿੱਚ ਇਨਸਾਨਾਂ ਉੱਤੇ [ਇਹ ਭੇਤ] ਉਸ ਪਰਕਾਰ ਨਹੀਂ ਖੋਲ੍ਹਿਆ ਗਿਆ ਜਿਸ ਪਰਕਾਰ ਹੁਣ ਉਹ ਦੇ ਪਵਿੱਤਰ ਰਸੂਲਾਂ ਅਤੇ ਨਬੀਆਂ ਉੱਤੇ ਆਤਮਾ ਨਾਲ ਪਰਕਾਸ਼ ਕੀਤਾ ਗਿਆ ਹੈ। ਅਰਥਾਤ ਏਹ ਕਿ ਮਸੀਹ ਵਿੱਚ . . . ਪਰਾਈਆਂ ਕੌਮਾਂ ਦੇ ਲੋਕ ਸੰਗੀ ਅਧਕਾਰੀ ਅਤੇ ਇੱਕੋ ਦੇਹੀ ਦੇ ਅਤੇ ਵਾਇਦੇ ਦੇ ਸਾਂਝੀ ਹਨ।” ਪੌਲੁਸ ਨੇ ਲਿਖਿਆ ਕਿ ਉਸ ਨੂੰ ਇਹ ਕੰਮ ਸੌਂਪਿਆ ਗਿਆ ਸੀ ਕਿ ਉਹ ਲੋਕਾਂ ਅੱਗੇ “ਇਸ ਗੱਲ ਦਾ ਪਰਕਾਸ਼ ਕਰੇ ਕਿ ਉਸ ਭੇਤ ਦੀ ਕੀ ਜੁਗਤੀ ਹੈ ਜਿਹੜਾ ਆਦ ਤੋਂ ਪਰਮੇਸ਼ੁਰ ਵਿੱਚ ਗੁਪਤ ਰਿਹਾ ਹੈ।”—ਅਫ਼ਸੀਆਂ 3:5-9.

9. “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਨੂੰ ਸਮਝਣਾ ਐਡੀ ਵੱਡੀ ਗੱਲ ਕਿਉਂ ਹੈ?

9 ਪੌਲੁਸ ਨੇ ਇਹ ਵੀ ਕਿਹਾ ਕਿ ਪਰਮੇਸ਼ੁਰ ਚਾਹੁੰਦਾ ਸੀ ਕਿ “ਕਲੀਸਿਯਾ ਦੇ ਰਾਹੀਂ ਸੁਰਗੀ ਥਾਵਾਂ ਵਿੱਚ . . . ਪਰਮੇਸ਼ੁਰ ਦਾ ਨਾਨਾ ਪਰਕਾਰ ਦਾ ਗਿਆਨ ਪਰਗਟ ਕੀਤਾ ਜਾਵੇ।” (ਅਫ਼ਸੀਆਂ 3:10) ਸਵਰਗ ਤੋਂ ਪਰਮੇਸ਼ੁਰ ਦੇ ਫ਼ਰਿਸ਼ਤੇ ਇਹ ਦੇਖ ਕੇ ਬਹੁਤ ਕੁਝ ਸਿੱਖਦੇ ਹਨ ਕਿ ਯਹੋਵਾਹ ਧਰਤੀ ਤੇ ਕਲੀਸਿਯਾ ਨਾਲ ਕਿਵੇਂ ਪੇਸ਼ ਆਉਂਦਾ ਹੈ। ਜ਼ਰਾ ਸੋਚੋ ਇਹ ਕਿੱਡੀ ਵੱਡੀ ਗੱਲ ਹੈ ਕਿ ਅਸੀਂ ਉਹ ਗੱਲਾਂ ਸਮਝਦੇ ਹਾਂ ਜਿਨ੍ਹਾਂ ਗੱਲਾਂ ਵਿਚ ਫ਼ਰਿਸ਼ਤੇ ਵੀ ਰੁਚੀ ਰੱਖਦੇ ਹਨ! (1 ਪਤਰਸ 1:10-12) ਪੌਲੁਸ ਨੇ ਅੱਗੇ ਕਿਹਾ ਕਿ ਸਾਨੂੰ “ਸਾਰੇ ਸੰਤਾਂ ਸਣੇ” ਯਿਸੂ ਦੀ ਸਿੱਖਿਆ ਦੀ “ਚੁੜਾਈ, ਲੰਬਾਈ, ਉਚਾਈ ਅਤੇ ਡੁੰਘਾਈ” ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ। (ਅਫ਼ਸੀਆਂ 3:11, 18) ਹੁਣ ਆਓ ਆਪਾਂ ਕੁਝ ਡੂੰਘੀਆਂ ਗੱਲਾਂ ਤੇ ਗੌਰ ਕਰੀਏ ਜਿਨ੍ਹਾਂ ਬਾਰੇ ਆਪਾਂ ਸ਼ਾਇਦ ਪਹਿਲਾਂ ਸੋਚਿਆ ਵੀ ਨਹੀਂ ਸੀ।

ਡੂੰਘੀਆਂ ਗੱਲਾਂ ਦੀਆਂ ਕੁਝ ਮਿਸਾਲਾਂ

10, 11. ਬਾਈਬਲ ਦੇ ਮੁਤਾਬਕ ਯਿਸੂ ਪਰਮੇਸ਼ੁਰ ਦੀ ਸਵਰਗੀ “ਤੀਵੀਂ” ਦੀ ਮੁੱਖ “ਸੰਤਾਨ” ਕਦੋਂ ਬਣਿਆ ਸੀ?

10 ਅਸੀਂ ਜਾਣਦੇ ਹਾਂ ਕਿ ਯਿਸੂ ਹੀ ਉਤਪਤ 3:15 ਵਿਚ ਜ਼ਿਕਰ ਕੀਤੀ ਪਰਮੇਸ਼ੁਰ ਦੀ ਸਵਰਗੀ “ਤੀਵੀਂ” ਦੀ ਮੁੱਖ “ਸੰਤਾਨ” ਹੈ। ਆਪਣੀ ਸਮਝ ਨੂੰ ਵਧਾਉਣ ਲਈ ਅਸੀਂ ਇਹ ਸਵਾਲ ਪੁੱਛ ਸਕਦੇ ਹਾਂ: ‘ਯਿਸੂ ਵਾਅਦਾ ਕੀਤੀ ਹੋਈ ਸੰਤਾਨ ਕਦੋਂ ਬਣਿਆ ਸੀ? ਕੀ ਧਰਤੀ ਤੇ ਆਉਣ ਤੋਂ ਪਹਿਲਾਂ ਸਵਰਗ ਵਿਚ ਬਣਿਆ ਸੀ ਜਾਂ ਧਰਤੀ ਤੇ ਆਪਣੇ ਜਨਮ ਵੇਲੇ ਜਾਂ ਆਪਣੇ ਬਪਤਿਸਮੇ ਸਮੇਂ ਜਾਂ ਫਿਰ ਉਦੋਂ ਜਦ ਉਹ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ ਗਿਆ ਸੀ?’

11 “ਤੀਵੀਂ” ਯਹੋਵਾਹ ਦੇ ਸਵਰਗੀ ਸੰਗਠਨ ਨੂੰ ਦਰਸਾਉਂਦੀ ਹੈ। ਪਰਮੇਸ਼ੁਰ ਨੇ ਵਾਅਦਾ ਕੀਤਾ ਸੀ ਕਿ ਇਸ “ਤੀਵੀਂ” ਤੋਂ ਅਜਿਹੀ ਸੰਤਾਨ ਪੈਦਾ ਹੋਵੇਗੀ ਜੋ ਸੱਪ ਯਾਨੀ ਸ਼ਤਾਨ ਦੇ ਸਿਰ ਨੂੰ ਫੇਵੇਗੀ। ਪਰ ਹਜ਼ਾਰਾਂ ਸਾਲ ਬੀਤ ਜਾਣ ਤੇ ਵੀ ਪਰਮੇਸ਼ੁਰ ਦੀ ਤੀਵੀਂ ਨੇ ਕੋਈ ਅਜਿਹੀ ਸੰਤਾਨ ਪੈਦਾ ਨਹੀਂ ਕੀਤੀ ਜੋ ਸ਼ਤਾਨ ਤੇ ਉਸ ਦੇ ਕੰਮਾਂ ਨੂੰ ਮਿਟਾ ਸਕੇ। ਇਸੇ ਕਰਕੇ ਯਸਾਯਾਹ ਦੀ ਭਵਿੱਖਬਾਣੀ ਵਿਚ ਉਸ ਤੀਵੀਂ ਨੂੰ “ਬਾਂਝ” ਅਤੇ “ਆਤਮਾ ਵਿੱਚ ਸੋਗਣ ਇਸਤ੍ਰੀ” ਕਿਹਾ ਗਿਆ ਹੈ। (ਯਸਾਯਾਹ 54:1, 5, 6) ਆਖ਼ਰਕਾਰ ਯਿਸੂ ਦਾ ਜਨਮ ਬੈਤਲਹਮ ਵਿਚ ਹੋਇਆ। ਪਰ ਯਹੋਵਾਹ ਨੇ ਉਸ ਦੇ ਬਪਤਿਸਮੇ ਤੋਂ ਬਾਅਦ, ਜਦ ਉਹ ਪਵਿੱਤਰ ਆਤਮਾ ਨਾਲ ਮਸਹ ਕੀਤਾ ਗਿਆ ਸੀ, ਐਲਾਨ ਕੀਤਾ: “ਇਹ ਮੇਰਾ ਪਿਆਰਾ ਪੁੱਤ੍ਰ ਹੈ।” (ਮੱਤੀ 3:17; ਯੂਹੰਨਾ 3:3) ਯਿਸੂ ਉਸ ਸਮੇਂ ਤੀਵੀਂ ਦੀ ਮੁੱਖ “ਸੰਤਾਨ” ਬਣਿਆ ਸੀ। ਬਾਅਦ ਵਿਚ ਯਿਸੂ ਦੇ ਚੇਲਿਆਂ ਨੂੰ ਵੀ ਪਵਿੱਤਰ ਆਤਮਾ ਨਾਲ ਮਸਹ ਕੀਤਾ ਗਿਆ ਸੀ ਤੇ ਉਹ ਵੀ ਪਰਮੇਸ਼ੁਰ ਦੇ ਪੁੱਤਰ ਬਣੇ। ਯਹੋਵਾਹ ਦੀ “ਤੀਵੀਂ” ਜੋ ਸਦੀਆਂ ਤੋਂ ਬਾਂਝ ਸੀ, ਹੁਣ “ਜੈਕਾਰਾ ਗਜਾ” ਸਕਦੀ ਸੀ।—ਯਸਾਯਾਹ 54:1; ਗਲਾਤੀਆਂ 3:29.

12, 13. ਅਸੀਂ ਬਾਈਬਲ ਦੇ ਕਿਹੜੇ ਹਵਾਲੇ ਖੋਲ੍ਹ ਕੇ ਦਿਖਾ ਸਕਦੇ ਹਾਂ ਕਿ ਧਰਤੀ ਤੇ ਜੀ ਰਹੇ ਸਾਰੇ ਮਸਹ ਕੀਤੇ ਹੋਏ ਭੈਣ-ਭਰਾਵਾਂ ਦਾ ਸਮੂਹ “ਮਾਤਬਰ ਅਤੇ ਬੁੱਧਵਾਨ ਨੌਕਰ” ਹੈ?

12 ਇਕ ਹੋਰ ਡੂੰਘੀ ਗੱਲ ਇਹ ਹੈ ਕਿ ਪਰਮੇਸ਼ੁਰ ਨੇ 1,44,000 ਇਨਸਾਨਾਂ ਨੂੰ ਸਵਰਗ ਜਾਣ ਲਈ ਚੁਣਿਆ ਹੈ। (ਪਰਕਾਸ਼ ਦੀ ਪੋਥੀ 14:1, 4) ਅਸੀਂ ਮੰਨਦੇ ਹਾਂ ਕਿ ਕਿਸੇ ਵੀ ਸਮੇਂ ਦੌਰਾਨ ਧਰਤੀ ਤੇ ਜੀ ਰਹੇ ਮਸਹ ਕੀਤੇ ਹੋਏ ਮਸੀਹੀਆਂ ਦੇ ਸਾਰੇ ਸਮੂਹ ਨੂੰ “ਮਾਤਬਰ ਅਤੇ ਬੁੱਧਵਾਨ ਨੌਕਰ” ਕਿਹਾ ਜਾਂਦਾ ਹੈ। ਇਸ ਸਮੂਹ ਬਾਰੇ ਯਿਸੂ ਨੇ ਕਿਹਾ ਸੀ ਕਿ ਉਹ ਵੇਲੇ ਸਿਰ ਉਸ ਦੇ ਨੌਕਰਾਂ-ਚਾਕਰਾਂ ਨੂੰ “ਰਸਤ” ਦੇਵੇਗਾ। (ਮੱਤੀ 24:45) ਅਸੀਂ ਬਾਈਬਲ ਦਾ ਕਿਹੜਾ ਹਵਾਲਾ ਖੋਲ੍ਹ ਕੇ ਦਿਖਾ ਸਕਦੇ ਹਾਂ ਕਿ ਇਹ ਸਮਝ ਸਹੀ ਹੈ? ਕੀ ਯਿਸੂ ਕਲੀਸਿਯਾ ਦੇ ਕਿਸੇ ਇਕ ਮੈਂਬਰ ਬਾਰੇ ਗੱਲ ਕਰ ਰਿਹਾ ਸੀ ਜੋ ਆਪਣੇ ਭੈਣ-ਭਰਾਵਾਂ ਨੂੰ ਰੂਹਾਨੀ ਖ਼ੁਰਾਕ ਦੇ ਕੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਕਰਦਾ ਹੈ?

13 ਪਰਮੇਸ਼ੁਰ ਨੇ ਇਸਰਾਏਲ ਦੀ ਕੌਮ ਨੂੰ ਕਿਹਾ ਸੀ: “ਤੁਸੀਂ ਮੇਰੇ ਗਵਾਹ ਹੋ, . . . ਨਾਲੇ ਮੇਰਾ ਦਾਸ ਜਿਹ ਨੂੰ ਮੈਂ ਚੁਣਿਆ।” (ਯਸਾਯਾਹ 43:10) ਪਰ ਆਪਣੀ ਮੌਤ ਤੋਂ ਤਿੰਨ ਦਿਨ ਪਹਿਲਾਂ ਯਿਸੂ ਨੇ ਇਸਰਾਏਲ ਕੌਮ ਦੇ ਆਗੂਆਂ ਨੂੰ ਕਿਹਾ ਕਿ ਪਰਮੇਸ਼ੁਰ ਨੇ ਉਨ੍ਹਾਂ ਦੀ ਕੌਮ ਨੂੰ ਆਪਣੇ ਦਾਸ ਵਜੋਂ ਠੁਕਰਾ ਦਿੱਤਾ ਸੀ। ਉਸ ਨੇ ਕਿਹਾ: ‘ਪਰਮੇਸ਼ੁਰ ਦਾ ਰਾਜ ਤੁਹਾਥੋਂ ਖੋਹਿਆ ਅਤੇ ਪਰਾਈ ਕੌਮ ਨੂੰ ਜਿਹੜੀ ਉਹ ਦੇ ਫਲ ਦੇਵੇ ਦਿੱਤਾ ਜਾਵੇਗਾ।’ ਯਿਸੂ ਨੇ ਇਸਰਾਏਲੀਆਂ ਨੂੰ ਕਿਹਾ: “ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ।” (ਮੱਤੀ 21:43; 23:38) ਯਹੋਵਾਹ ਦੇ ਦਾਸ ਵਜੋਂ ਇਸਰਾਏਲ ਦਾ ਘਰਾਣਾ ਨਾ ਤਾਂ ਮਾਤਬਰ ਯਾਨੀ ਵਫ਼ਾਦਾਰ ਸੀ ਤੇ ਨਾ ਹੀ ਬੁੱਧਵਾਨ। (ਯਸਾਯਾਹ 29:13, 14) ਉਸੇ ਦਿਨ ਬਾਅਦ ਵਿਚ ਜਦ ਯਿਸੂ ਨੇ ਪੁੱਛਿਆ: “ਮਾਤਬਰ ਅਤੇ ਬੁੱਧਵਾਨ ਨੌਕਰ ਕੌਣ ਹੈ?” ਤਾਂ ਉਹ ਅਸਲ ਵਿਚ ਇਹ ਪੁੱਛ ਰਿਹਾ ਸੀ, ‘ਇਸਰਾਏਲ ਦੀ ਥਾਂ ਕਿਹੜੀ ਬੁੱਧਵਾਨ ਕੌਮ ਉਸ ਦਾ ਵਫ਼ਾਦਾਰ ਨੌਕਰ ਬਣੇਗੀ?’ ਇਸ ਸਵਾਲ ਦਾ ਜਵਾਬ ਪਤਰਸ ਰਸੂਲ ਨੇ ਉਸ ਸਮੇਂ ਦਿੱਤਾ ਜਦ ਉਸ ਨੇ ਮਸਹ ਕੀਤੇ ਹੋਏ ਭੈਣਾਂ-ਭਰਾਵਾਂ ਨੂੰ ਕਿਹਾ: ‘ਤੁਸੀਂ ਪਵਿੱਤਰ ਕੌਮ, ਪਰਮੇਸ਼ੁਰ ਦੀ ਖਾਸ ਪਰਜਾ ਹੋ।’ (1 ਪਤਰਸ 1:4; 2:9) ਇਹ ਰੂਹਾਨੀ ਕੌਮ ਯਾਨੀ ‘ਪਰਮੇਸ਼ੁਰ ਦਾ ਇਸਰਾਏਲ’ ਯਹੋਵਾਹ ਦਾ ਨਵਾਂ ਦਾਸ ਬਣ ਗਿਆ। (ਗਲਾਤੀਆਂ 6:16) ਜਿਸ ਤਰ੍ਹਾਂ ਪ੍ਰਾਚੀਨ ਇਸਰਾਏਲ ਦੇ ਸਾਰੇ ਮੈਂਬਰ ਮਿਲ ਕੇ ਇਕ “ਦਾਸ” ਸਨ, ਇਸੇ ਤਰ੍ਹਾਂ ਕਿਸੇ ਵੀ ਸਮੇਂ ਦੌਰਾਨ ਧਰਤੀ ਤੇ ਜੀ ਰਹੇ ਸਾਰੇ ਮਸਹ ਕੀਤੇ ਹੋਏ ਭੈਣ-ਭਰਾਵਾਂ ਦਾ ਸਮੂਹ “ਮਾਤਬਰ ਅਤੇ ਬੁੱਧਵਾਨ ਨੌਕਰ” ਹੈ। ਪਰਮੇਸ਼ੁਰ ਦੇ ਇਸ ਦਾਸ ਤੋਂ “ਰਸਤ” ਲੈ ਕੇ ਅਸੀਂ ਕਿੰਨੇ ਖ਼ੁਸ਼ ਹਾਂ!

ਬਾਈਬਲ ਦਾ ਅਧਿਐਨ ਮਜ਼ੇਦਾਰ ਬਣਾਇਆ ਜਾ ਸਕਦਾ ਹੈ

14. ਬਾਈਬਲ ਪੜ੍ਹਨ ਨਾਲੋਂ ਉਸ ਦਾ ਅਧਿਐਨ ਕਰਨ ਨਾਲ ਸਾਨੂੰ ਜ਼ਿਆਦਾ ਖ਼ੁਸ਼ੀ ਕਿਉਂ ਮਿਲਦੀ ਹੈ?

14 ਜਦ ਸਾਨੂੰ ਬਾਈਬਲ ਦੀ ਕੋਈ ਨਵੀਂ ਸਮਝ ਮਿਲਦੀ ਹੈ, ਤਾਂ ਅਸੀਂ ਕਿੰਨੇ ਖ਼ੁਸ਼ ਹੁੰਦੇ ਹਾਂ ਕਿਉਂਕਿ ਇਸ ਨਾਲ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ। ਬਾਈਬਲ ਦਾ ਅਧਿਐਨ ਕਰਨ ਨਾਲ ਸਾਨੂੰ ਉਹ ਖ਼ੁਸ਼ੀ ਮਿਲਦੀ ਹੈ ਜੋ ਸਾਨੂੰ ਸਿਰਫ਼ ਬਾਈਬਲ ਪੜ੍ਹ ਕੇ ਨਹੀਂ ਮਿਲ ਸਕਦੀ। ਇਸ ਲਈ ਜਦ ਤੁਸੀਂ ਬਾਈਬਲ ਬਾਰੇ ਕੁਝ ਪੜ੍ਹਦੇ ਹੋ, ਤਾਂ ਆਪਣੇ ਆਪ ਨੂੰ ਅਜਿਹੇ ਸਵਾਲ ਪੁੱਛੋ: ‘ਇਸ ਵਿਸ਼ੇ ਬਾਰੇ ਜੋ ਸਮਝ ਹੁਣ ਦਿੱਤੀ ਗਈ ਹੈ, ਕੀ ਇਹ ਪਹਿਲਾਂ ਦਿੱਤੀ ਗਈ ਸਮਝ ਨਾਲੋਂ ਭਿੰਨ ਹੈ? ਇਹ ਲੇਖ ਜਿਸ ਸਿੱਟੇ ਤੇ ਮੈਨੂੰ ਪਹੁੰਚਾ ਰਿਹਾ ਹੈ, ਉਸ ਦੀ ਪੁਸ਼ਟੀ ਲਈ ਬਾਈਬਲ ਦੇ ਮੈਂ ਹੋਰ ਕਿਹੜੇ ਹਵਾਲੇ ਜਾਂ ਹੋਰ ਕਿਹੜੀਆਂ ਦਲੀਲਾਂ ਸੋਚ ਸਕਦਾ ਹਾਂ?’ ਜੇ ਕਿਸੇ ਸਵਾਲ ਉੱਤੇ ਹੋਰ ਖੋਜ ਕਰਨ ਦੀ ਲੋੜ ਹੈ, ਤਾਂ ਉਸ ਨੂੰ ਲਿਖ ਲਓ ਤੇ ਅਗਲੀ ਵਾਰ ਅਧਿਐਨ ਕਰਨ ਵੇਲੇ ਉਸ ਦਾ ਜਵਾਬ ਲੱਭੋ।

15. ਤੁਹਾਨੂੰ ਬਾਈਬਲ ਦੇ ਕਿਹੜੇ ਵਿਸ਼ਿਆਂ ਦਾ ਅਧਿਐਨ ਕਰ ਕੇ ਖ਼ੁਸ਼ੀ ਮਿਲ ਸਕਦੀ ਹੈ ਤੇ ਇਸ ਅਧਿਐਨ ਤੋਂ ਤੁਹਾਨੂੰ ਕਿੰਨੀ ਦੇਰ ਤਕ ਫ਼ਾਇਦਾ ਹੋ ਸਕਦਾ ਹੈ?

15 ਤੁਹਾਨੂੰ ਬਾਈਬਲ ਦੇ ਕਿਹੜੇ ਵਿਸ਼ਿਆਂ ਦਾ ਅਧਿਐਨ ਕਰ ਕੇ ਖ਼ੁਸ਼ੀ ਮਿਲ ਸਕਦੀ ਹੈ? ਤੁਸੀਂ ਯਹੋਵਾਹ ਦੇ ਨੇੜੇ ਰਹੋ * ਕਿਤਾਬ ਦੇ 19ਵੇਂ ਅਧਿਆਇ ਵਿਚ ਦੱਸੇ ਯਹੋਵਾਹ ਦੇ ਨੇਮਾਂ ਦੀ ਗਹਿਰੀ ਸਮਝ ਪਾ ਸਕਦੇ ਹੋ ਜੋ ਉਸ ਨੇ ਇਨਸਾਨਾਂ ਦੇ ਫ਼ਾਇਦੇ ਲਈ ਬੰਨ੍ਹੇ ਸਨ। ਤੁਸੀਂ ਯਿਸੂ ਮਸੀਹ ਵੱਲ ਸੰਕੇਤ ਕਰਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਰ ਕੇ ਆਪਣੀ ਨਿਹਚਾ ਨੂੰ ਮਜ਼ਬੂਤ ਕਰ ਸਕਦੇ ਹੋ। ਜਾਂ ਤੁਸੀਂ ਬਾਈਬਲ ਦੀ ਕਿਸੇ ਪੋਥੀ ਦਾ ਆਇਤ-ਬਰ-ਆਇਤ ਅਧਿਐਨ ਕਰ ਸਕਦੇ ਹੋ ਜੋ ਭਵਿੱਖਬਾਣੀਆਂ ਨਾਲ ਭਰਪੂਰ ਹੈ। ਇਸ ਤੋਂ ਇਲਾਵਾ ਜੇ ਤੁਸੀਂ ਅੰਗ੍ਰੇਜ਼ੀ ਜਾਣਦੇ ਹੋ, ਤਾਂ ਤੁਸੀਂ ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ* ਨਾਂ ਦੀ ਕਿਤਾਬ ਵਿੱਚੋਂ ਯਹੋਵਾਹ ਦੇ ਗਵਾਹਾਂ ਦਾ ਆਧੁਨਿਕ ਇਤਿਹਾਸ ਪੜ੍ਹ ਕੇ ਆਪਣੀ ਨਿਹਚਾ ਨੂੰ ਮਜ਼ਬੂਤ ਕਰ ਸਕਦੇ ਹੋ। ਤੁਸੀਂ ਪੁਰਾਣੇ ਪਹਿਰਾਬੁਰਜ ਰਸਾਲਿਆਂ ਵਿਚ “ਪਾਠਕਾਂ ਵੱਲੋਂ ਸਵਾਲ” ਨਾਂ ਦੇ ਲੇਖਾਂ ਦੀ ਜਾਂਚ ਕਰ ਕੇ ਵੀ ਕਿਸੇ ਗੱਲ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਦੇ ਹੋ। ਧਿਆਨ ਦਿਓ ਕਿ ਜਵਾਬ ਦੇਣ ਲਈ ਬਾਈਬਲ ਦੇ ਕਿਹੜੇ ਹਵਾਲੇ ਵਰਤੇ ਗਏ ਹਨ। ਇਸ ਤਰੀਕੇ ਨਾਲ ਅਧਿਐਨ ਕਰ ਕੇ ਤੁਸੀਂ ਆਪਣੀਆਂ “ਗਿਆਨ ਇੰਦਰੀਆਂ” ਨੂੰ ਚੰਗੇ-ਮੰਦੇ ਦੀ ਪਛਾਣ ਕਰਨੀ ਸਿਖਾਓਗੇ। (ਇਬਰਾਨੀਆਂ 5:14) ਅਧਿਐਨ ਕਰਦੇ ਸਮੇਂ ਜਾਂ ਤਾਂ ਆਪਣੀ ਬਾਈਬਲ ਵਿਚ ਜਾਂ ਕਿਸੇ ਕਾਗਜ਼ ਤੇ ਨੋਟ ਲਿਖਦੇ ਰਹੋ ਤਾਂਕਿ ਤੁਸੀਂ ਬਾਅਦ ਵਿਚ ਵੀ ਉਨ੍ਹਾਂ ਲਿਖੀਆਂ ਗੱਲਾਂ ਤੋਂ ਫ਼ਾਇਦਾ ਉਠਾ ਸਕੋ ਅਤੇ ਉਨ੍ਹਾਂ ਨੂੰ ਦੂਜਿਆਂ ਦੀ ਮਦਦ ਕਰਨ ਲਈ ਵਰਤ ਸਕੋ।

ਅਧਿਐਨ ਨੂੰ ਮਜ਼ੇਦਾਰ ਬਣਾਉਣ ਲਈ ਬੱਚਿਆਂ ਦੀ ਮਦਦ ਕਰੋ

16. ਅਸੀਂ ਬੱਚਿਆਂ ਨਾਲ ਬਾਈਬਲ ਦੇ ਅਧਿਐਨ ਨੂੰ ਮਜ਼ੇਦਾਰ ਕਿਵੇਂ ਬਣਾ ਸਕਦੇ ਹਾਂ?

16 ਮਾਤਾ-ਪਿਤਾ ਆਪਣੇ ਬੱਚਿਆਂ ਦੇ ਦਿਲ ਵਿਚ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨ ਦੀ ਇੱਛਾ ਪੈਦਾ ਕਰਨ ਲਈ ਬਹੁਤ ਕੁਝ ਕਰ ਸਕਦੇ ਹਨ। ਇਹ ਨਾ ਸੋਚੋ ਕਿ ਤੁਹਾਡੇ ਬੱਚੇ ਡੂੰਘੀਆਂ ਗੱਲਾਂ ਸਮਝ ਨਹੀਂ ਪਾਉਣਗੇ। ਪਰਿਵਾਰ ਨਾਲ ਬੈਠ ਕੇ ਬਾਈਬਲ ਸਟੱਡੀ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਨਿਆਣਿਆਂ ਨੂੰ ਕੋਈ ਗੱਲ ਰੀਸਰਚ ਕਰਨ ਲਈ ਦੇ ਸਕਦੇ ਹੋ। ਫਿਰ ਤੁਸੀਂ ਉਨ੍ਹਾਂ ਨੂੰ ਪੁੱਛ ਸਕਦੇ ਹੋ ਕਿ ਉਨ੍ਹਾਂ ਨੇ ਕੀ ਸਿੱਖਿਆ। ਤੁਸੀਂ ਉਨ੍ਹਾਂ ਨਾਲ ਰੀਹਰਸਲ ਕਰ ਸਕਦੇ ਹੋ ਕਿ ਜੇ ਕੋਈ ਉਨ੍ਹਾਂ ਨੂੰ ਕੋਈ ਸਵਾਲ ਪੁੱਛੇ, ਤਾਂ ਉਹ ਬਾਈਬਲ ਵਿੱਚੋਂ ਕਿਵੇਂ ਜਵਾਬ ਦੇਣਗੇ। ਇਸ ਤੋਂ ਇਲਾਵਾ, ਤੁਸੀਂ ਬਾਈਬਲ ਦੇ ਜ਼ਮਾਨੇ ਦੀਆਂ ਵੱਖ-ਵੱਖ ਥਾਵਾਂ ਬਾਰੇ ਸਿਖਾਉਣ ਲਈ “ਚੰਗੀ ਧਰਤੀ ਦੇਖੋ” (ਹਿੰਦੀ) * ਨਾਮਕ ਬਰੋਸ਼ਰ ਵਰਤ ਸਕਦੇ ਹੋ। ਇਹ ਬਰੋਸ਼ਰ ਖ਼ਾਸਕਰ ਬਾਈਬਲ ਦੇ ਉਸ ਹਿੱਸੇ ਨੂੰ ਸਪੱਸ਼ਟ ਤਰੀਕੇ ਨਾਲ ਸਮਝਣ ਲਈ ਵਰਤਿਆ ਜਾ ਸਕਦਾ ਹੈ ਜੋ ਅਸੀਂ ਹਰ ਹਫ਼ਤੇ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਪੜ੍ਹਦੇ ਹਾਂ।

17. ਬਾਈਬਲ ਦੇ ਕਿਸੇ ਵਿਸ਼ੇ ਤੇ ਜ਼ਿਆਦਾ ਅਧਿਐਨ ਕਰਦੇ ਸਮੇਂ ਸਾਨੂੰ ਸਾਵਧਾਨ ਰਹਿਣ ਦੀ ਕਿਉਂ ਲੋੜ ਹੈ?

17 ਜੇ ਅਸੀਂ ਬਾਈਬਲ ਦੇ ਕਿਸੇ ਵਿਸ਼ੇ ਤੇ ਜ਼ਿਆਦਾ ਅਧਿਐਨ ਕਰਦੇ ਹਾਂ, ਤਾਂ ਇਹ ਸਾਡੇ ਲਈ ਦਿਲਚਸਪ ਹੋ ਸਕਦਾ ਹੈ ਤੇ ਇਸ ਨਾਲ ਸਾਡੀ ਨਿਹਚਾ ਪੱਕੀ ਹੁੰਦੀ ਹੈ। ਪਰ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿ ਅਸੀਂ ਵਿਸ਼ਿਆਂ ਦਾ ਅਧਿਐਨ ਕਰਨ ਵਿਚ ਇੰਨਾ ਨਾ ਰੁੱਝ ਜਾਈਏ ਕਿ ਮੀਟਿੰਗਾਂ ਲਈ ਤਿਆਰੀ ਕਰਨ ਲਈ ਸਾਡੇ ਕੋਲ ਸਮਾਂ ਹੀ ਨਾ ਰਹੇ। ਮੀਟਿੰਗਾਂ ਵੀ ਇਕ ਜ਼ਰੀਆ ਹਨ ਜਿਨ੍ਹਾਂ ਰਾਹੀਂ “ਮਾਤਬਰ ਅਤੇ ਬੁੱਧਵਾਨ ਨੌਕਰ” ਸਾਨੂੰ ਯਹੋਵਾਹ ਦੀ ਸਿੱਖਿਆ ਦਿੰਦਾ ਹੈ। ਪਰ ਕਿਸੇ ਵਿਸ਼ੇ ਤੇ ਹੋਰ ਖੋਜ ਕਰ ਕੇ ਅਸੀਂ ਬੁੱਕ ਸਟੱਡੀ ਜਾਂ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਬਾਈਬਲ ਪਠਨ ਦੀਆਂ ਖ਼ਾਸ-ਖ਼ਾਸ ਗੱਲਾਂ ਵਾਲੇ ਭਾਗ ਵਿਚ ਵਧੀਆ ਟਿੱਪਣੀਆਂ ਦੇ ਸਕਦੇ ਹਾਂ।

18. ਮਿਹਨਤ ਕਰ ਕੇ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਸਮਝਣ ਦਾ ਕੀ ਫ਼ਾਇਦਾ ਹੁੰਦਾ ਹੈ?

18 ਡੂੰਘਾਈ ਨਾਲ ਬਾਈਬਲ ਦਾ ਅਧਿਐਨ ਕਰ ਕੇ ਅਸੀਂ ਪਰਮੇਸ਼ੁਰ ਦੇ ਨੇੜੇ ਮਹਿਸੂਸ ਕਰ ਸਕਦੇ ਹਾਂ। ਇਸ ਤਰ੍ਹਾਂ ਅਧਿਐਨ ਕਰਨ ਦੀ ਅਹਿਮੀਅਤ ਬਾਰੇ ਬਾਈਬਲ ਕਹਿੰਦੀ ਹੈ: “ਬੁੱਧ ਦਾ ਸਾਯਾ ਧਨ ਦੇ ਸਾਯੇ ਵਰਗਾ ਹੈ, ਪਰ ਗਿਆਨ ਦਾ ਇੱਕ ਇਹ ਵਾਧਾ ਹੈ, ਜੋ ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ।” (ਉਪਦੇਸ਼ਕ ਦੀ ਪੋਥੀ 7:12) ਜੇ ਅਸੀਂ ਪਰਮੇਸ਼ੁਰ ਦੀਆਂ ਡੂੰਘੀਆਂ ਗੱਲਾਂ ਸਮਝਣ ਲਈ ਮਿਹਨਤ ਕਰਾਂਗੇ, ਤਾਂ ਇਸ ਦਾ ਸਾਨੂੰ ਹੀ ਫ਼ਾਇਦਾ ਹੋਵੇਗਾ। ਬਾਈਬਲ ਵਿਚ ਗਿਆਨ ਨੂੰ ਭਾਲਣ ਵਾਲਿਆਂ ਨਾਲ ਇਹ ਵਾਅਦਾ ਕੀਤਾ ਗਿਆ ਹੈ: ‘ਉਹ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰਨਗੇ।’—ਕਹਾਉਤਾਂ 2:4, 5.

[ਫੁਟਨੋਟ]

^ ਪੈਰਾ 15 ਇਹ ਕਿਤਾਬਾਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀਆਂ ਗਈਆਂ ਹਨ।

^ ਪੈਰਾ 16 ਇਹ ਬਰੋਸ਼ਰ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।

ਕੀ ਤੁਸੀਂ ਸਮਝਾ ਸਕਦੇ ਹੋ?

• “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਕੀ ਹਨ?

• ਸਾਨੂੰ ਡੂੰਘੀਆਂ ਗੱਲਾਂ ਦਾ ਅਧਿਐਨ ਕਰਨ ਤੋਂ ਕਦੇ ਪਿੱਛੇ ਕਿਉਂ ਨਹੀਂ ਹਟਣਾ ਚਾਹੀਦਾ?

• ਸਾਰੇ ਜਣੇ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਸਮਝਣ ਦਾ ਮਜ਼ਾ ਕਿਉਂ ਲੈ ਸਕਦੇ ਹਨ?

• “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਨੂੰ ਚੰਗੀ ਤਰ੍ਹਾਂ ਸਮਝ ਕੇ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ?

[ਸਵਾਲ]

[ਸਫ਼ਾ 28 ਉੱਤੇ ਤਸਵੀਰ]

ਯਿਸੂ ਵਾਅਦਾ ਕੀਤੀ ਹੋਈ ਸੰਤਾਨ ਕਦੋਂ ਬਣਿਆ ਸੀ?

[ਸਫ਼ਾ 31 ਉੱਤੇ ਤਸਵੀਰ]

ਪਰਿਵਾਰ ਨਾਲ ਬੈਠ ਕੇ ਬਾਈਬਲ ਦਾ ਅਧਿਐਨ ਕਰਨ ਤੋਂ ਪਹਿਲਾਂ ਮਾਂ-ਬਾਪ ਆਪਣੇ ਬੱਚਿਆਂ ਨੂੰ ਕੋਈ ਗੱਲ ਰੀਸਰਚ ਕਰਨ ਲਈ ਦੇ ਸਕਦੇ ਹਨ