Skip to content

Skip to table of contents

ਯਹੋਵਾਹ ਦੇ ਵਾਅਦੇ ਪੂਰੇ ਹੋ ਕੇ ਰਹਿੰਦੇ ਹਨ

ਯਹੋਵਾਹ ਦੇ ਵਾਅਦੇ ਪੂਰੇ ਹੋ ਕੇ ਰਹਿੰਦੇ ਹਨ

ਯਹੋਵਾਹ ਦੇ ਵਾਅਦੇ ਪੂਰੇ ਹੋ ਕੇ ਰਹਿੰਦੇ ਹਨ

“ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ। ਓਹ ਸਾਰੇ ਤੁਹਾਡੇ ਲਈ ਪੂਰੇ ਹੋਏ।”—ਯਹੋਸ਼ੁਆ 23:14.

1. ਯਹੋਸ਼ੁਆ ਕੌਣ ਸੀ ਅਤੇ ਆਪਣੀ ਜ਼ਿੰਦਗੀ ਦੇ ਆਖ਼ਰੀ ਦੌਰ ਵਿਚ ਉਸ ਨੇ ਕੀ ਕੀਤਾ ਸੀ?

ਯਹੋਸ਼ੁਆ ਸ਼ਕਤੀਸ਼ਾਲੀ ਤੇ ਨਿਧੜਕ ਸੈਨਾਪਤੀ ਹੋਣ ਦੇ ਨਾਲ-ਨਾਲ ਨਿਹਚਾਵਾਨ ਅਤੇ ਵਫ਼ਾਦਾਰ ਬੰਦਾ ਸੀ। ਉਹ ਮੂਸਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦਾ ਸੀ। ਇਸ ਤੋਂ ਇਲਾਵਾ, ਯਹੋਵਾਹ ਨੇ ਭਿਆਨਕ ਉਜਾੜ ਵਿੱਚੋਂ ਇਸਰਾਏਲ ਕੌਮ ਨੂੰ ਉਸ ਦੇਸ਼ ਪਹੁੰਚਾਉਣ ਲਈ, ਜਿੱਥੇ ਦੁੱਧ ਤੇ ਸ਼ਹਿਤ ਵੱਗਦਾ ਸੀ, ਯਹੋਸ਼ੁਆ ਨੂੰ ਆਗੂ ਵਜੋਂ ਚੁਣਿਆ ਸੀ। ਆਪਣੀ ਜ਼ਿੰਦਗੀ ਦੇ ਆਖ਼ਰੀ ਦੌਰ ਵਿਚ ਇਸ ਇੱਜ਼ਤਦਾਰ ਬੰਦੇ ਨੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਇਕ ਜੋਸ਼ੀਲਾ ਭਾਸ਼ਣ ਦਿੱਤਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਸ਼ਣ ਸੁਣ ਕੇ ਉਨ੍ਹਾਂ ਬਜ਼ੁਰਗਾਂ ਦੀ ਨਿਹਚਾ ਮਜ਼ਬੂਤ ਹੋਈ ਹੋਵੇਗੀ। ਇਸ ਭਾਸ਼ਣ ਤੋਂ ਸਾਨੂੰ ਵੀ ਫ਼ਾਇਦਾ ਹੋ ਸਕਦਾ ਹੈ।

2, 3. ਇਸਰਾਏਲ ਦੇ ਬਜ਼ੁਰਗਾਂ ਨੂੰ ਭਾਸ਼ਣ ਦੇਣ ਵੇਲੇ ਦੇਸ਼ ਦੇ ਹਾਲਾਤ ਕਿਹੋ ਜਿਹੇ ਸਨ ਅਤੇ ਯਹੋਸ਼ੁਆ ਨੇ ਕੀ ਕਿਹਾ ਸੀ?

2 ਆਪਣੇ ਮਨ ਵਿਚ ਜ਼ਰਾ ਇਸ ਤਸਵੀਰ ਦੀ ਕਲਪਨਾ ਕਰੋ: “ਐਉਂ ਹੋਇਆ ਜਦ ਯਹੋਵਾਹ ਨੇ ਢੇਰ ਸਾਰੇ ਦਿਨਾਂ ਦੇ ਪਿੱਛੋਂ ਇਸਰਾਏਲ ਨੂੰ ਉਨ੍ਹਾਂ ਦੇ ਆਲੇ ਦੁਆਲੇ ਦੇ ਵੈਰੀਆਂ ਤੋਂ ਸੁਖ ਦਿੱਤਾ ਅਤੇ ਯਹੋਸ਼ੁਆ ਬੁੱਢਾ ਅਤੇ ਵੱਡੀ ਉਮਰ ਦਾ ਹੋ ਗਿਆ ਤਾਂ ਯਹੋਸ਼ੁਆ ਨੇ ਇਸਰਾਏਲ ਦੇ ਸਾਰੇ ਬਜ਼ੁਰਗਾਂ, ਸਰਦਾਰਾਂ, ਨਿਆਉਂਕਾਰਾਂ ਅਤੇ ਹੁੱਦੇਦਾਰਾਂ ਨੂੰ ਸੱਦ ਕੇ ਆਖਿਆ, ਮੈਂ ਬੁੱਢਾ ਅਤੇ ਵੱਡੀ ਉਮਰ ਦਾ ਹੋ ਗਿਆ ਹਾਂ।”—ਯਹੋਸ਼ੁਆ 23:1, 2.

3 ਉਸ ਸਮੇਂ ਯਹੋਸ਼ੁਆ ਤਕਰੀਬਨ 110 ਸਾਲ ਦਾ ਸੀ। ਉਹ ਪਰਮੇਸ਼ੁਰ ਦੇ ਲੋਕਾਂ ਦੇ ਇਤਿਹਾਸ ਦੇ ਇਕ ਬਹੁਤ ਹੀ ਦਿਲਚਸਪ ਸਮੇਂ ਵਿਚ ਰਹਿੰਦਾ ਸੀ। ਕਈ ਰੱਬੀ ਕ੍ਰਿਸ਼ਮਿਆਂ ਦਾ ਚਸ਼ਮਦੀਦ ਗਵਾਹ ਹੋਣ ਤੋਂ ਇਲਾਵਾ ਉਸ ਨੇ ਆਪ ਯਹੋਵਾਹ ਦੇ ਕਈ ਵਾਅਦੇ ਪੂਰੇ ਹੁੰਦੇ ਦੇਖੇ ਸਨ। ਇਸੇ ਕਰਕੇ ਆਪਣੇ ਖ਼ੁਦ ਦੇ ਤਜਰਬੇ ਤੋਂ ਉਸ ਨੇ ਪੱਕੇ ਭਰੋਸੇ ਨਾਲ ਕਿਹਾ: “ਤੁਸੀਂ ਆਪਣੇ ਸਾਰੇ ਮਨਾਂ ਵਿੱਚ ਅਤੇ ਆਪਣੀਆਂ ਸਾਰੀਆਂ ਜਾਨਾਂ ਵਿੱਚ ਜਾਣਦੇ ਹੋ ਭਈ ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ। ਓਹ ਸਾਰੇ ਤੁਹਾਡੇ ਲਈ ਪੂਰੇ ਹੋਏ। ਓਹਨਾਂ ਵਿੱਚੋਂ ਇੱਕ ਬਚਨ ਵੀ ਨਾ ਰਿਹਾ।”—ਯਹੋਸ਼ੁਆ 23:14.

4. ਯਹੋਵਾਹ ਨੇ ਇਸਰਾਏਲੀਆਂ ਨਾਲ ਕਿਹੜੇ ਵਾਅਦੇ ਕੀਤੇ ਸਨ?

4 ਯਹੋਸ਼ੁਆ ਦੇ ਜੀਵਨ-ਕਾਲ ਦੌਰਾਨ ਯਹੋਵਾਹ ਦੇ ਕਿਹੜੇ ਬਚਨ ਪੂਰੇ ਹੋਏ ਸਨ? ਇੱਥੇ ਅਸੀਂ ਯਹੋਵਾਹ ਦੇ ਤਿੰਨ ਵਾਅਦਿਆਂ ਦੀ ਗੱਲ ਕਰਾਂਗੇ ਜੋ ਉਸ ਨੇ ਇਸਰਾਏਲ ਕੌਮ ਨਾਲ ਕੀਤੇ ਸਨ। ਪਹਿਲਾ, ਪਰਮੇਸ਼ੁਰ ਉਨ੍ਹਾਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਵੇਗਾ। ਦੂਜਾ, ਉਹ ਉਨ੍ਹਾਂ ਦੀ ਰਾਖੀ ਕਰੇਗਾ। ਤੀਜਾ, ਉਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰੇਗਾ। ਯਹੋਵਾਹ ਨੇ ਆਪਣੇ ਆਧੁਨਿਕ ਸਮੇਂ ਦੇ ਲੋਕਾਂ ਨਾਲ ਵੀ ਇਹੋ ਜਿਹੇ ਵਾਅਦੇ ਕੀਤੇ ਹਨ ਅਤੇ ਅਸੀਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਪੂਰੇ ਹੁੰਦੇ ਦੇਖਿਆ ਹੈ। ਆਧੁਨਿਕ ਸਮੇਂ ਦੀ ਗੱਲ ਕਰਨ ਤੋਂ ਪਹਿਲਾਂ, ਆਓ ਆਪਾਂ ਯਹੋਸ਼ੁਆ ਦੇ ਜ਼ਮਾਨੇ ਵਿਚ ਯਹੋਵਾਹ ਦੀਆਂ ਕਰਨੀਆਂ ਤੇ ਗੌਰ ਕਰੀਏ।

ਯਹੋਵਾਹ ਨੇ ਆਪਣੇ ਲੋਕਾਂ ਨੂੰ ਛੁਡਾਇਆ

5, 6. ਯਹੋਵਾਹ ਨੇ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕਿਵੇਂ ਛੁਡਾਇਆ ਸੀ ਅਤੇ ਇਸ ਤੋਂ ਕੀ ਸਾਬਤ ਹੋਇਆ?

5 ਜਦੋਂ ਇਸਰਾਏਲੀਆਂ ਨੇ ਮਿਸਰ ਵਿਚ ਗ਼ੁਲਾਮ ਹੁੰਦਿਆਂ ਯਹੋਵਾਹ ਅੱਗੇ ਦੁਹਾਈ ਦਿੱਤੀ, ਤਾਂ ਯਹੋਵਾਹ ਨੇ ਉਨ੍ਹਾਂ ਦੀ ਸੁਣੀ। (ਕੂਚ 2:23-25) ਇਕ ਬਲਦੀ ਝਾੜੀ ਵਿੱਚੋਂ ਯਹੋਵਾਹ ਨੇ ਮੂਸਾ ਨੂੰ ਕਿਹਾ: “ਮੈਂ ਉੱਤਰਿਆ ਹਾਂ ਤਾਂ ਜੋ [ਆਪਣੇ ਲੋਕਾਂ] ਨੂੰ ਮਿਸਰੀਆਂ ਦੇ ਹੱਥੋਂ ਛੁਡਾਵਾਂ ਅਤੇ ਉਸ ਧਰਤੀ ਵਿੱਚੋਂ ਕੱਢ ਕੇ ਅੱਛੀ ਅਤੇ ਮੋਕਲੀ ਧਰਤੀ ਵਿੱਚ ਜਿੱਥੇ ਦੁੱਧ ਅਰ ਸ਼ਹਿਤ ਵੱਗਦਾ ਹੈ . . . ਉਤਾਹਾਂ ਲਿਆਵਾਂ।” (ਕੂਚ 3:8) ਯਹੋਵਾਹ ਦਾ ਇਹ ਵਾਅਦਾ ਪੂਰਾ ਹੋਣ ਤੇ ਯਹੋਸ਼ੁਆ ਅਤੇ ਬਾਕੀ ਲੋਕ ਕਿੰਨੇ ਖ਼ੁਸ਼ ਹੋਏ ਹੋਣੇ! ਜਦ ਫ਼ਿਰਊਨ ਨੇ ਇਸਰਾਏਲੀਆਂ ਨੂੰ ਮਿਸਰ ਤੋਂ ਜਾਣ ਦੀ ਇਜਾਜ਼ਤ ਨਹੀਂ ਦਿੱਤੀ, ਤਾਂ ਮੂਸਾ ਨੇ ਉਸ ਨੂੰ ਕਿਹਾ ਕਿ ਯਹੋਵਾਹ ਨੀਲ ਦਰਿਆ ਦੇ ਪਾਣੀ ਨੂੰ ਲਹੂ ਬਣਾ ਦੇਵੇਗਾ। ਯਹੋਵਾਹ ਦਾ ਇਹ ਬਚਨ ਵੀ ਪੂਰਾ ਹੋਇਆ। ਨੀਲ ਦਰਿਆ ਦਾ ਪਾਣੀ ਲਹੂ ਬਣ ਗਿਆ ਅਤੇ ਮੱਛੀਆਂ ਮਰ ਗਈਆਂ ਤੇ ਪਾਣੀ ਪੀਣ ਯੋਗ ਨਹੀਂ ਰਿਹਾ। (ਕੂਚ 7:14-21) ਫ਼ਿਰਊਨ ਫਿਰ ਵੀ ਆਪਣੀ ਜ਼ਿੱਦ ਤੇ ਅੜਿਆ ਰਿਹਾ ਤੇ ਯਹੋਵਾਹ ਨੇ ਨੌਂ ਹੋਰ ਬਵਾਂ ਲਿਆਂਦੀਆਂ ਅਤੇ ਹਰ ਬਵਾ ਲਿਆਉਣ ਤੋਂ ਪਹਿਲਾਂ ਮਿਸਰੀਆਂ ਨੂੰ ਉਸ ਬਾਰੇ ਦੱਸਿਆ। (ਕੂਚ 8-12 ਅਧਿਆਇ) ਦਸਵੀਂ ਬਵਾ ਵਿਚ ਮਿਸਰ ਦੇ ਹਰ ਜੇਠੇ ਦੀ ਜਾਨ ਚਲੀ ਗਈ ਜਿਸ ਤੋਂ ਬਾਅਦ ਫ਼ਿਰਊਨ ਨੇ ਇਸਰਾਏਲੀਆਂ ਨੂੰ ਜਾ ਲੈਣ ਦਿੱਤਾ ਤੇ ਉਹ ਖ਼ੁਸ਼ੀ-ਖ਼ੁਸ਼ੀ ਉੱਥੋਂ ਨਿਕਲ ਤੁਰੇ।—ਕੂਚ 12:29-32.

6 ਇਸਰਾਏਲੀਆਂ ਨੂੰ ਮਿਸਰ ਤੋਂ ਛੁਡਾਉਣ ਤੋਂ ਬਾਅਦ ਯਹੋਵਾਹ ਨੇ ਉਨ੍ਹਾਂ ਨੂੰ ਕੌਮ ਵਜੋਂ ਅਪਣਾ ਲਿਆ ਤੇ ਉਨ੍ਹਾਂ ਨੂੰ ਆਪਣੀ ਬਿਵਸਥਾ ਦਿੱਤੀ। ਉਨ੍ਹਾਂ ਨੂੰ ਛੁਡਾ ਕੇ ਯਹੋਵਾਹ ਨੇ ਸਾਬਤ ਕੀਤਾ ਕਿ ਉਹ ਆਪਣੇ ਵਾਅਦੇ ਨਿਭਾਉਂਦਾ ਹੈ ਤੇ ਉਸ ਦਾ ਕੋਈ ਬਚਨ ਪੂਰਾ ਹੋਏ ਬਿਨਾਂ ਨਹੀਂ ਰਹਿੰਦਾ। ਇਸ ਤੋਂ ਇਹ ਵੀ ਜ਼ਾਹਰ ਹੋਇਆ ਕਿ ਯਹੋਵਾਹ ਸਾਰੀਆਂ ਕੌਮਾਂ ਦੇ ਦੇਵਤਿਆਂ ਨਾਲੋਂ ਮਹਾਨ ਹੈ। ਇਸ ਘਟਨਾ ਬਾਰੇ ਪੜ੍ਹ ਕੇ ਜੇ ਸਾਡੀ ਨਿਹਚਾ ਇੰਨੀ ਮਜ਼ਬੂਤ ਹੁੰਦੀ ਹੈ, ਤਾਂ ਜ਼ਰਾ ਸੋਚੋ ਕਿ ਉਸ ਸਮੇਂ ਵਿਚ ਰਹਿਣ ਵਾਲਿਆਂ ਦੀ ਨਿਹਚਾ ਕਿੰਨੀ ਮਜ਼ਬੂਤ ਹੋਈ ਹੋਵੇਗੀ! ਯਹੋਸ਼ੁਆ ਦੇ ਮਨ ਵਿਚ ਕੋਈ ਸ਼ੱਕ ਨਹੀਂ ਸੀ ਕਿ ਯਹੋਵਾਹ “ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!”—ਜ਼ਬੂਰਾਂ ਦੀ ਪੋਥੀ 83:18.

ਯਹੋਵਾਹ ਨੇ ਆਪਣੇ ਲੋਕਾਂ ਦੀ ਰਾਖੀ ਕੀਤੀ

7. ਯਹੋਵਾਹ ਨੇ ਫ਼ਿਰਊਨ ਦੀ ਸੈਨਾ ਤੋਂ ਇਸਰਾਏਲੀਆਂ ਦੀ ਰਾਖੀ ਕਿਵੇਂ ਕੀਤੀ ਸੀ?

7 ਯਹੋਵਾਹ ਦਾ ਦੂਜਾ ਵਾਅਦਾ ਸੀ ਕਿ ਉਹ ਆਪਣੇ ਲੋਕਾਂ ਦੀ ਰਾਖੀ ਕਰੇਗਾ। ਇਹ ਵਾਅਦਾ ਪਹਿਲੇ ਵਾਅਦੇ ਵਿਚ ਹੀ ਸ਼ਾਮਲ ਸੀ ਜਦ ਯਹੋਵਾਹ ਨੇ ਕਿਹਾ ਕਿ ਉਹ ਇਸਰਾਏਲੀਆਂ ਨੂੰ ਮਿਸਰ ਤੋਂ ਛੁਡਾ ਕੇ ਵਾਅਦਾ ਕੀਤੇ ਹੋਏ ਦੇਸ਼ ਵਿਚ ਲਿਆਵੇਗਾ। ਉਸ ਘਟਨਾ ਬਾਰੇ ਫਿਰ ਤੋਂ ਸੋਚੋ ਜਦ ਫ਼ਿਰਊਨ ਨੇ ਕ੍ਰੋਧ ਵਿਚ ਆ ਕੇ ਸੈਂਕੜਿਆਂ ਰੱਥਾਂ ਨਾਲ ਲੈਸ ਆਪਣੀ ਸ਼ਕਤੀਸ਼ਾਲੀ ਸੈਨਾ ਨਾਲ ਇਸਰਾਏਲ ਦਾ ਪਿੱਛਾ ਕੀਤਾ ਸੀ। ਜਦ ਘਮੰਡੀ ਫ਼ਿਰਊਨ ਨੇ ਇਸਰਾਏਲੀਆਂ ਨੂੰ ਪਹਾੜੀਆਂ ਤੇ ਸਮੁੰਦਰ ਦੇ ਵਿਚਾਲੇ ਫਸੇ ਹੋਏ ਦੇਖਿਆ, ਤਾਂ ਉਸ ਦਾ ਹੌਸਲਾ ਵਧ ਗਿਆ ਹੋਣਾ। ਇਸਰਾਏਲੀਆਂ ਦੀ ਰਾਖੀ ਕਰਨ ਲਈ ਯਹੋਵਾਹ ਨੇ ਕੀ ਕੀਤਾ ਸੀ? ਉਸ ਨੇ ਉਨ੍ਹਾਂ ਦਰਮਿਆਨ ਬੱਦਲ ਦੇ ਇਕ ਥੰਮ੍ਹ ਨੂੰ ਖੜ੍ਹਾ ਕੀਤਾ। ਮਿਸਰੀਆਂ ਦੇ ਪਾਸੇ ਹਨੇਰਾ ਸੀ ਤੇ ਇਸਰਾਏਲੀਆਂ ਦੇ ਪਾਸੇ ਰੌਸ਼ਨੀ। ਬੱਦਲ ਦੇ ਕਾਰਨ ਮਿਸਰੀ ਇਸਰਾਏਲੀਆਂ ਦੇ ਨੇੜੇ ਨਹੀਂ ਆ ਸਕੇ। ਫਿਰ ਮੂਸਾ ਨੇ ਆਪਣੀ ਡਾਂਗ ਸਮੁੰਦਰ ਵੱਲ ਕੀਤੀ ਤੇ ਪਾਣੀ ਦੋ ਹਿੱਸਿਆਂ ਵਿਚ ਵੰਡਿਆ ਗਿਆ। ਨਤੀਜੇ ਵਜੋਂ ਇਸਰਾਏਲੀ ਸਮੁੰਦਰ ਪਾਰ ਕਰ ਗਏ, ਪਰ ਜਦ ਫ਼ਿਰਊਨ ਦੀ ਸ਼ਕਤੀਸ਼ਾਲੀ ਸੈਨਾ ਉਨ੍ਹਾਂ ਦਾ ਪਿੱਛਾ ਕਰਨ ਭੱਜੀ, ਤਾਂ ਉਹ ਸਾਰੇ ਪਾਣੀ ਵਿਚ ਗਰਕ ਹੋ ਕੇ ਮਰ ਗਏ। ਯਹੋਵਾਹ ਨੇ ਆਪਣੇ ਲੋਕਾਂ ਦੀ ਰਾਖੀ ਕੀਤੀ ਤੇ ਨਾਲ ਹੀ ਉਨ੍ਹਾਂ ਦੇ ਦੁਸ਼ਮਣਾਂ ਦਾ ਸੱਤਿਆਨਾਸ ਕਰ ਦਿੱਤਾ।—ਕੂਚ 14:19-28.

8. (ੳ) ਉਜਾੜ ਵਿੱਚੋਂ ਦੀ ਇਸਰਾਏਲੀਆਂ ਦੇ ਲੰਘਦੇ ਸਮੇਂ ਯਹੋਵਾਹ ਨੇ ਉਨ੍ਹਾਂ ਦੀ ਰਾਖੀ ਕਿਵੇਂ ਕੀਤੀ ਸੀ? (ਅ) ਵਾਅਦਾ ਕੀਤੇ ਹੋਏ ਦੇਸ਼ ਵਿਚ ਯਹੋਵਾਹ ਨੇ ਇਸਰਾਏਲੀਆਂ ਦੀ ਮਦਦ ਕਿਵੇਂ ਕੀਤੀ ਸੀ?

8 ਲਾਲ ਸਮੁੰਦਰ ਪਾਰ ਕਰਨ ਮਗਰੋਂ ਇਸਰਾਏਲੀ ਉਸ “ਵੱਡੀ ਅਤੇ ਭਿਆਣਕ ਉਜਾੜ . . . ਜਿੱਥੇ ਅੱਗਨੀ ਸੱਪ ਅਤੇ ਬਿੱਛੂ ਸਨ ਅਤੇ ਸੁੱਕੀ ਜ਼ਮੀਨ ਜਿੱਥੇ ਪਾਣੀ ਨਹੀਂ ਸੀ” ਭਟਕਦੇ ਰਹੇ। (ਬਿਵਸਥਾ ਸਾਰ 8:15) ਪਰ ਯਹੋਵਾਹ ਨੇ ਆਪਣੇ ਲੋਕਾਂ ਦੀ ਰਾਖੀ ਉਸ ਸਮੇਂ ਦੌਰਾਨ ਵੀ ਕੀਤੀ। ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਹੋਣ ਲਈ ਉਨ੍ਹਾਂ ਨੂੰ ਕਨਾਨੀਆਂ ਦੀਆਂ ਸ਼ਕਤੀਸ਼ਾਲੀ ਫ਼ੌਜਾਂ ਦਾ ਸਾਮ੍ਹਣਾ ਕਰਨਾ ਪਿਆ, ਪਰ ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ: “ਹੁਣ ਤੂੰ ਉੱਠ ਅਤੇ ਏਸ ਯਰਦਨ ਦੇ ਪਾਰ ਲੰਘ, ਤੂੰ ਅਤੇ ਏਹ ਸਾਰੇ ਲੋਕ ਉਸ ਦੇਸ ਨੂੰ ਜਾਓ ਜਿਹੜਾ ਮੈਂ ਉਨ੍ਹਾਂ ਨੂੰ ਅਰਥਾਤ ਇਸਰਾਏਲੀਆਂ ਨੂੰ ਦਿੰਦਾ ਹਾਂ। ਤੇਰੀ ਸਾਰੀ ਅਵਸਥਾ ਵਿੱਚ ਕੋਈ ਮਨੁੱਖ ਤੇਰੇ ਸਾਹਮਣੇ ਨਾ ਆਕੜੇਗਾ। ਜਿਵੇਂ ਮੈਂ ਮੂਸਾ ਦੇ ਸੰਗ ਰਿਹਾ ਤਿਵੇਂ ਤੇਰੇ ਸੰਗ ਵੀ ਰਹਾਂਗਾ। ਮੈਂ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਤੈਨੂੰ ਤਿਆਗਾਂਗਾ।” (ਯਹੋਸ਼ੁਆ 1:2, 5) ਯਹੋਵਾਹ ਨੇ ਆਪਣਾ ਇਹ ਵਾਅਦਾ ਵੀ ਨਿਭਾਇਆ। ਯਹੋਸ਼ੁਆ ਨੇ ਲਗਭਗ ਛੇ ਸਾਲਾਂ ਦੇ ਅੰਦਰ-ਅੰਦਰ 31 ਰਾਜਿਆਂ ਨੂੰ ਹਰਾ ਕੇ ਵਾਅਦਾ ਕੀਤੇ ਹੋਏ ਦੇਸ਼ ਦੇ ਵੱਡੇ-ਵੱਡੇ ਭਾਗਾਂ ਤੇ ਕਬਜ਼ਾ ਕਰ ਲਿਆ ਸੀ। (ਯਹੋਸ਼ੁਆ 12:7-24) ਯਹੋਵਾਹ ਦੀ ਛਤਰ ਛਾਇਆ ਤੋਂ ਬਿਨਾਂ ਇਸਰਾਏਲੀ ਇਹ ਸਭ ਕੁਝ ਨਹੀਂ ਕਰ ਸਕਦੇ ਸਨ।

ਯਹੋਵਾਹ ਨੇ ਆਪਣੇ ਲੋਕਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ

9, 10. ਯਹੋਵਾਹ ਨੇ ਉਜਾੜ ਵਿਚ ਆਪਣੇ ਲੋਕਾਂ ਦੀ ਦੇਖ-ਭਾਲ ਕਿਵੇਂ ਕੀਤੀ ਸੀ?

9 ਹੁਣ ਆਓ ਆਪਾਂ ਯਹੋਵਾਹ ਦੇ ਤੀਜੇ ਵਾਅਦੇ ਉੱਤੇ ਚਰਚਾ ਕਰੀਏ ਕਿ ਉਹ ਆਪਣੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰੇਗਾ। ਮਿਸਰ ਤੋਂ ਆਜ਼ਾਦ ਹੋਣ ਤੋਂ ਥੋੜ੍ਹੇ ਸਮੇਂ ਬਾਅਦ ਪਰਮੇਸ਼ੁਰ ਨੇ ਇਸਰਾਏਲੀਆਂ ਨਾਲ ਵਾਅਦਾ ਕੀਤਾ: “ਮੈਂ ਤੁਹਾਡੇ ਲਈ ਅਕਾਸ਼ ਤੋਂ ਰੋਟੀ ਵਰ੍ਹਾਵਾਂਗਾ ਅਰ ਪਰਜਾ ਬਾਹਰ ਜਾਕੇ ਇੱਕ ਦਿਨ ਦਾ ਸੀਧਾ ਉਸੇ ਦਿਨ ਵਿੱਚ ਇਕੱਠਾ ਕਰੇ।” ਵਾਕਈ ਯਹੋਵਾਹ ਨੇ ਉਨ੍ਹਾਂ ਨੂੰ “ਅਕਾਸ਼ ਤੋਂ ਰੋਟੀ” ਖਾਣ ਲਈ ਦਿੱਤੀ। “ਜਾਂ ਇਸਰਾਏਲੀਆਂ ਨੇ ਵੇਖਿਆ ਤਾਂ ਉਨ੍ਹਾਂ ਨੇ ਇੱਕ ਦੂਜੇ ਨੂੰ ਆਖਿਆ, ਆਹ ਕੀ ਹੈ?” ਇਹ ਮੰਨ ਨਾਮਕ ਰੋਟੀ ਸੀ ਜਿਸ ਦਾ ਯਹੋਵਾਹ ਨੇ ਵਾਅਦਾ ਕੀਤਾ ਸੀ।—ਕੂਚ 16:4, 13-15.

10 ਯਹੋਵਾਹ ਨੇ ਉਜਾੜ ਵਿਚ 40 ਸਾਲ ਇਸਰਾਏਲੀਆਂ ਦੀ ਦੇਖ-ਭਾਲ ਕੀਤੀ। ਖਾਣ ਨੂੰ ਰੋਟੀ ਤੇ ਪੀਣ ਨੂੰ ਪਾਣੀ ਦੇਣ ਤੋਂ ਇਲਾਵਾ, ਉਸ ਨੇ ਨਾ ਹੀ ਉਨ੍ਹਾਂ ਦੇ ਕੱਪੜੇ ਫਟਣ ਦਿੱਤੇ ਤੇ ਨਾ ਹੀ ਉਨ੍ਹਾਂ ਦੇ ਪੈਰ ਸੁੱਜਣ ਦਿੱਤੇ। (ਬਿਵਸਥਾ ਸਾਰ 8:3, 4) ਯਹੋਸ਼ੁਆ ਇਨ੍ਹਾਂ ਸਾਰੀਆਂ ਗੱਲਾਂ ਦਾ ਚਸ਼ਮਦੀਦ ਗਵਾਹ ਸੀ। ਆਪਣੇ ਵਾਅਦੇ ਮੁਤਾਬਕ ਯਹੋਵਾਹ ਨੇ ਆਪਣੇ ਲੋਕਾਂ ਨੂੰ ਛੁਡਾਇਆ, ਉਨ੍ਹਾਂ ਦੀ ਰਾਖੀ ਕੀਤੀ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ।

ਆਧੁਨਿਕ ਸਮੇਂ ਵਿਚ ਛੁਟਕਾਰਾ

11. ਅਕਤੂਬਰ 1914 ਵਿਚ ਭਰਾ ਰਸਲ ਨੇ ਬੈਥਲ ਦੇ ਪਰਿਵਾਰ ਅੱਗੇ ਕੀ ਐਲਾਨ ਕੀਤਾ ਤੇ ਇਸ ਦਾ ਕੀ ਮਤਲਬ ਸੀ?

11 ਹੁਣ ਆਓ ਆਪਾਂ ਦੇਖੀਏ ਕਿ ਯਹੋਵਾਹ ਨੇ ਆਧੁਨਿਕ ਸਮੇਂ ਵਿਚ ਆਪਣੇ ਲੋਕਾਂ ਨੂੰ ਕਿਵੇਂ ਛੁਟਕਾਰਾ ਦਿਲਾਇਆ ਹੈ। ਸ਼ੁੱਕਰਵਾਰ 2 ਅਕਤੂਬਰ 1914 ਦੀ ਸਵੇਰ ਨੂੰ ਭਰਾ ਚਾਰਲਸ ਟੇਜ਼ ਰਸਲ (ਜੋ ਉਸ ਸਮੇਂ ਯਹੋਵਾਹ ਦੇ ਗਵਾਹਾਂ ਦੀ ਅਗਵਾਈ ਕਰਦੇ ਸਨ) ਬਰੁਕਲਿਨ, ਨਿਊਯਾਰਕ ਦੇ ਬੈਥਲ ਦੇ ਡਾਇਨਿੰਗ ਰੂਮ ਵਿਚ ਆ ਕੇ ਮੁਸਕਰਾਉਂਦੇ ਹੋਏ ਕਹਿਣ ਲੱਗੇ: “ਮੇਰੀ ਸਾਰਿਆਂ ਨੂੰ ਨਮਸਕਾਰ।” ਫਿਰ ਬੈਠਣ ਤੋਂ ਪਹਿਲਾਂ ਉਨ੍ਹਾਂ ਨੇ ਐਲਾਨ ਕੀਤਾ: “ਪਰਾਈਆਂ ਕੌਮਾਂ ਦੇ ਸਮੇਂ ਦਾ ਅੰਤ ਹੋ ਗਿਆ ਹੈ। ਉਨ੍ਹਾਂ ਦੇ ਰਾਜਿਆਂ ਦਾ ਸਮਾਂ ਸਮਾਪਤ ਹੋ ਗਿਆ ਹੈ।” ਇਕ ਵਾਰ ਫਿਰ ਉਹ ਸਮਾਂ ਆ ਗਿਆ ਸੀ ਜਦ ਸਾਰੇ ਜਹਾਨ ਦਾ ਮਾਲਕ ਯਹੋਵਾਹ ਆਪਣੇ ਲੋਕਾਂ ਨੂੰ ਆਜ਼ਾਦ ਕਰੇਗਾ। ਆਓ ਆਪਾਂ ਦੇਖੀਏ ਉਸ ਨੇ ਉਨ੍ਹਾਂ ਨੂੰ ਕਿਸ ਤੋਂ ਆਜ਼ਾਦ ਕੀਤਾ।

12. 1919 ਵਿਚ ਯਹੋਵਾਹ ਦੇ ਲੋਕ ਕਿਸ ਤੋਂ ਆਜ਼ਾਦ ਕੀਤੇ ਗਏ ਸਨ ਅਤੇ ਇਸ ਦੇ ਕੀ ਨਤੀਜੇ ਨਿਕਲੇ ਹਨ?

12 ਸਿਰਫ਼ ਪੰਜ ਸਾਲ ਬਾਅਦ 1919 ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ‘ਵੱਡੀ ਬਾਬੁਲ’ ਤੋਂ ਆਜ਼ਾਦ ਕੀਤਾ ਜੋ ਦੁਨੀਆਂ ਦੇ ਸਾਰੇ ਝੂਠੇ ਧਰਮਾਂ ਨੂੰ ਦਰਸਾਉਂਦੀ ਹੈ। (ਪਰਕਾਸ਼ ਦੀ ਪੋਥੀ 18:2) ਅੱਜ ਬਹੁਤੇ ਭੈਣ-ਭਰਾ ਜ਼ਿੰਦਾ ਨਹੀਂ ਹਨ ਜੋ ਉਸ ਆਜ਼ਾਦੀ ਦੇ ਚਸ਼ਮਦੀਦ ਗਵਾਹ ਸਨ। ਪਰ ਅਸੀਂ ਉਸ ਆਜ਼ਾਦੀ ਦੇ ਨਤੀਜੇ ਦੇਖ ਸਕਦੇ ਹਾਂ। ਯਹੋਵਾਹ ਨੇ ਸੱਚੀ ਭਗਤੀ ਮੁੜ ਸ਼ੁਰੂ ਕਰਵਾਈ ਅਤੇ ਉਨ੍ਹਾਂ ਸਾਰਿਆਂ ਨੂੰ ਇਕੱਠੇ ਕੀਤਾ ਜੋ ਉਸ ਦੀ ਭਗਤੀ ਕਰਨੀ ਚਾਹੁੰਦੇ ਸਨ। ਇਸ ਬਾਰੇ ਯਸਾਯਾਹ ਦੁਆਰਾ ਪਹਿਲਾਂ ਹੀ ਦੱਸਿਆ ਗਿਆ ਸੀ: “ਆਖਰੀ ਦਿਨਾਂ ਦੇ ਵਿੱਚ ਇਉਂ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰੇ ਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਸਭ ਕੌਮਾਂ ਉਸ ਦੀ ਵੱਲ ਵਗਣਗੀਆਂ।”—ਯਸਾਯਾਹ 2:2.

13. ਤੁਸੀਂ ਆਪਣੇ ਜੀਵਨ-ਕਾਲ ਵਿਚ ਯਹੋਵਾਹ ਦੇ ਗਵਾਹਾਂ ਵਿਚ ਕਿਹੜਾ ਵਾਧਾ ਹੁੰਦਾ ਦੇਖਿਆ ਹੈ?

13 ਯਸਾਯਾਹ ਦੀ ਭਵਿੱਖਬਾਣੀ ਪੂਰੀ ਹੋਈ। 1919 ਵਿਚ ਮਸਹ ਕੀਤੇ ਹੋਏ ਮਸੀਹੀਆਂ ਨੇ ਦੁਨੀਆਂ ਭਰ ਵਿਚ ਜ਼ੋਰ-ਸ਼ੋਰ ਨਾਲ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰ ਕੇ ਯਹੋਵਾਹ ਪਰਮੇਸ਼ੁਰ ਦੀ ਭਗਤੀ ਨੂੰ ਬੁਲੰਦ ਕੀਤਾ। 1931 ਅਤੇ 1935 ਦੇ ਵਿਚਕਾਰਲੇ ਸਮੇਂ ਵਿਚ ਸਪੱਸ਼ਟ ਹੋ ਗਿਆ ਸੀ ਕਿ ‘ਹੋਰ ਭੇਡਾਂ’ ਨੂੰ ਯਹੋਵਾਹ ਦੀ ਭਗਤੀ ਕਰਨ ਲਈ ਇਕੱਠਾ ਕੀਤਾ ਜਾ ਰਿਹਾ ਸੀ। (ਯੂਹੰਨਾ 10:16) ਪਹਿਲਾਂ-ਪਹਿਲਾਂ ਹਜ਼ਾਰਾਂ ਲੋਕ, ਫਿਰ ਲੱਖ ਅਤੇ ਹੁਣ ਕਈ ਲੱਖ ਯਹੋਵਾਹ ਦੀ ਭਗਤੀ ਕਰਨ ਲੱਗੇ ਹਨ। ਯੂਹੰਨਾ ਰਸੂਲ ਨੂੰ ਦਿੱਤੇ ਇਕ ਦਰਸ਼ਣ ਵਿਚ ਉਨ੍ਹਾਂ ਨੂੰ “ਵੱਡੀ ਭੀੜ” ਕਿਹਾ ਗਿਆ ਹੈ ਜਿਹੜੀ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ” ਆਈ ਹੈ ਅਤੇ “ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ।” (ਪਰਕਾਸ਼ ਦੀ ਪੋਥੀ 7:9) ਤੁਸੀਂ ਆਪਣੇ ਜੀਵਨ-ਕਾਲ ਵਿਚ ਕੀ ਦੇਖਿਆ ਹੈ? ਤੁਹਾਡੇ ਸੱਚਾਈ ਸਿੱਖਣ ਦੇ ਵੇਲੇ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਕਿੰਨੀ ਸੀ? ਅੱਜ ਯਹੋਵਾਹ ਦੀ ਗਵਾਹੀ ਦੇਣ ਵਾਲਿਆਂ ਦੀ ਗਿਣਤੀ 67 ਲੱਖ ਤੋਂ ਜ਼ਿਆਦਾ ਹੈ। ਦੁਨੀਆਂ ਭਰ ਵਿਚ ਇਹ ਵਾਧਾ ਯਹੋਵਾਹ ਦੇ ਆਪਣੇ ਲੋਕਾਂ ਨੂੰ ‘ਵੱਡੀ ਬਾਬੁਲ’ ਤੋਂ ਆਜ਼ਾਦ ਕਰਨ ਸਦਕਾ ਹੀ ਹੋਇਆ ਹੈ।

14. ਅਜੇ ਸਾਨੂੰ ਕਿਸ ਛੁਟਕਾਰੇ ਦਾ ਇੰਤਜ਼ਾਰ ਹੈ?

14 ਯਹੋਵਾਹ ਅਜੇ ਇਕ ਹੋਰ ਛੁਟਕਾਰਾ ਦਿਲਾਏਗਾ ਜਿਸ ਦਾ ਅਸਰ ਧਰਤੀ ਦੇ ਸਾਰੇ ਲੋਕਾਂ ਉੱਤੇ ਪਵੇਗਾ। ਆਪਣੀ ਵੱਡੀ ਸ਼ਕਤੀ ਵਰਤ ਕੇ ਯਹੋਵਾਹ ਆਪਣੇ ਸਾਰੇ ਵਿਰੋਧੀਆਂ ਦਾ ਸਫ਼ਾਇਆ ਕਰ ਦੇਵੇਗਾ ਅਤੇ ਆਪਣੇ ਲੋਕਾਂ ਨੂੰ ਬਚਾ ਲਵੇਗਾ। ਕਿੰਨਾ ਸੋਹਣਾ ਦਿਨ ਚੜ੍ਹੇਗਾ ਜਦੋਂ ਯਹੋਵਾਹ ਸਾਰੀ ਦੁਸ਼ਟਤਾ ਦਾ ਅੰਤ ਕਰ ਦੇਵੇਗਾ ਅਤੇ ਆਪਾਂ ਉਸ ਨਵੀਂ ਦੁਨੀਆਂ ਵਿਚ ਦਾਖ਼ਲ ਹੋਵਾਂਗੇ ਜਿਸ ਵਿਚ ਧਰਮ ਵੱਸੇਗਾ।—ਪਰਕਾਸ਼ ਦੀ ਪੋਥੀ 21:1-4.

ਯਹੋਵਾਹ ਅੱਜ ਸਾਡੀ ਰਾਖੀ ਕਰਦਾ ਹੈ

15. ਆਧੁਨਿਕ ਸਮੇਂ ਵਿਚ ਯਹੋਵਾਹ ਦੇ ਲੋਕਾਂ ਨੂੰ ਉਸ ਦੀ ਛਤਰ ਛਾਇਆ ਦੀ ਲੋੜ ਕਿਉਂ ਰਹੀ ਹੈ?

15 ਅਸੀਂ ਦੇਖ ਚੁੱਕੇ ਹਾਂ ਕਿ ਯਹੋਸ਼ੁਆ ਦੇ ਜ਼ਮਾਨੇ ਵਿਚ ਇਸਰਾਏਲੀਆਂ ਨੂੰ ਯਹੋਵਾਹ ਦੀ ਛਤਰ ਛਾਇਆ ਦੀ ਲੋੜ ਸੀ। ਇਸੇ ਤਰ੍ਹਾਂ ਯਹੋਵਾਹ ਦੇ ਲੋਕਾਂ ਨੂੰ ਅੱਜ ਵੀ ਉਸ ਦੀ ਛਤਰ ਛਾਇਆ ਦੀ ਲੋੜ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ: “ਓਹ ਤੁਹਾਨੂੰ ਬਿਪਤਾ ਲਈ ਫੜਵਾ ਦੇਣਗੇ ਅਰ ਤੁਹਾਨੂੰ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ।” (ਮੱਤੀ 24:9) ਕਈ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਨੇ ਸਾਲਾਂ ਬੱਧੀ ਸਖ਼ਤ ਵਿਰੋਧ ਦਾ ਸਾਮ੍ਹਣਾ ਕੀਤਾ ਹੈ ਤੇ ਜ਼ੁਲਮ ਸਹੇ ਹਨ, ਪਰ ਯਹੋਵਾਹ ਆਪਣੇ ਲੋਕਾਂ ਦਾ ਸਾਥ ਦਿੰਦਾ ਰਿਹਾ ਹੈ। (ਰੋਮੀਆਂ 8:31) ਉਸ ਦਾ ਬਚਨ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਸਾਡੇ ਪ੍ਰਚਾਰ ਅਤੇ ਸਿਖਾਉਣ ਦੇ ਕੰਮ ਨੂੰ ਕੋਈ ਨਹੀਂ ਰੋਕ ਸਕੇਗਾ। ‘ਸਾਡੇ ਵਿਰੁੱਧ ਬਣਾਇਆ ਗਿਆ ਹਰ ਹਥਿਆਰ’ ਨਿਕੰਮਾ ਸਾਬਤ ਹੋਵੇਗਾ।—ਯਸਾਯਾਹ 54:17.

16. ਤੁਸੀਂ ਕਿਹੜਾ ਸਬੂਤ ਦੇਖਿਆ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਰਾਖੀ ਕਰਦਾ ਹੈ?

16 ਦੁਨੀਆਂ ਦੀ ਨਫ਼ਰਤ ਦੇ ਬਾਵਜੂਦ ਯਹੋਵਾਹ ਦੇ ਲੋਕਾਂ ਵਿਚ ਵਾਧਾ ਹੁੰਦਾ ਰਿਹਾ ਹੈ। ਅੱਜ ਯਹੋਵਾਹ ਦੇ ਗਵਾਹ 236 ਦੇਸ਼ਾਂ ਵਿਚ ਵਧ-ਫੁੱਲ ਰਹੇ ਹਨ। ਇਹ ਵੱਡਾ ਸਬੂਤ ਹੈ ਕਿ ਯਹੋਵਾਹ ਸਾਡੀ ਉਨ੍ਹਾਂ ਲੋਕਾਂ ਤੋਂ ਰਾਖੀ ਕਰ ਰਿਹਾ ਹੈ ਜੋ ਸਾਨੂੰ ਮਸਲਣਾ ਜਾਂ ਚੁੱਪ ਕਰਾਉਣਾ ਚਾਹੁੰਦੇ ਹਨ। ਕੀ ਤੁਹਾਨੂੰ ਉਨ੍ਹਾਂ ਸਿਆਸੀ ਨੇਤਾਵਾਂ ਜਾਂ ਮਜ਼ਹਬੀ ਆਗੂਆਂ ਦੇ ਨਾਂ ਯਾਦ ਹਨ ਜਿਨ੍ਹਾਂ ਨੇ ਤੁਹਾਡੇ ਜੀਵਨ-ਕਾਲ ਦੌਰਾਨ ਪਰਮੇਸ਼ੁਰ ਦੇ ਲੋਕਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਹੈ? ਉਨ੍ਹਾਂ ਦਾ ਕੀ ਬਣਿਆ ਹੈ? ਉਹ ਅੱਜ ਕਿੱਥੇ ਹਨ? ਉਨ੍ਹਾਂ ਵਿੱਚੋਂ ਜ਼ਿਆਦਾਤਰ ਮੂਸਾ ਤੇ ਯਹੋਸ਼ੁਆ ਦੇ ਜ਼ਮਾਨੇ ਦੇ ਫ਼ਿਰਊਨ ਦੀ ਤਰ੍ਹਾਂ ਫਨਾਹ ਹੋ ਚੁੱਕੇ ਹਨ। ਪਰ ਯਹੋਵਾਹ ਦੇ ਉਨ੍ਹਾਂ ਵਫ਼ਾਦਾਰ ਗਵਾਹਾਂ ਬਾਰੇ ਅਸੀਂ ਕੀ ਕਹਿ ਸਕਦੇ ਹਾਂ ਜੋ ਮੌਤ ਦੀ ਨੀਂਦ ਸੌਂ ਚੁੱਕੇ ਹਨ? ਉਹ ਯਹੋਵਾਹ ਦੀ ਯਾਦਾਸ਼ਤ ਵਿਚ ਹਨ ਤੇ ਉਨ੍ਹਾਂ ਵਾਸਤੇ ਇਸ ਤੋਂ ਸੁਰੱਖਿਅਤ ਜਗ੍ਹਾ ਹੋਰ ਕੋਈ ਨਹੀਂ ਹੈ। ਜੀ ਹਾਂ, ਯਹੋਵਾਹ ਨੇ ਆਪਣੇ ਵਾਅਦੇ ਮੁਤਾਬਕ ਆਪਣੇ ਲੋਕਾਂ ਦੀ ਰਾਖੀ ਕੀਤੀ ਹੈ।

ਯਹੋਵਾਹ ਅੱਜ ਸਾਡੀ ਦੇਖ-ਭਾਲ ਕਰਦਾ ਹੈ

17. ਯਹੋਵਾਹ ਨੇ ਰੂਹਾਨੀ ਖ਼ੁਰਾਕ ਦੇ ਸੰਬੰਧ ਵਿਚ ਕਿਹੜਾ ਵਾਅਦਾ ਕੀਤਾ ਸੀ?

17 ਉਜਾੜ ਵਿਚ ਯਹੋਵਾਹ ਨੇ ਆਪਣੇ ਲੋਕਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਸਨ ਅਤੇ ਅੱਜ ਵੀ ਉਹ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ। “ਮਾਤਬਰ ਅਤੇ ਬੁੱਧਵਾਨ ਨੌਕਰ” ਸਾਨੂੰ ਰੂਹਾਨੀ ਖ਼ੁਰਾਕ ਦਿੰਦਾ ਹੈ ਜਿਸ ਦੇ ਜ਼ਰੀਏ ਅਸੀਂ ਯਹੋਵਾਹ ਦੇ ਨੇੜੇ ਰਹਿ ਸਕਦੇ ਹਾਂ। (ਮੱਤੀ 24:45) ਹੁਣ ਅਸੀਂ ਉਨ੍ਹਾਂ ਸੱਚਾਈਆਂ ਨੂੰ ਸਮਝ ਸਕਦੇ ਹਾਂ ਜੋ ਸਦੀਆਂ ਤੋਂ ਬੁਝਾਰਤ ਬਣੀਆਂ ਹੋਈਆਂ ਸਨ। ਪਰਮੇਸ਼ੁਰ ਦੇ ਫ਼ਰਿਸ਼ਤੇ ਨੇ ਦਾਨੀਏਲ ਨੂੰ ਸੱਚੇ ਗਿਆਨ ਦੇ ਵਾਧੇ ਬਾਰੇ ਕਿਹਾ ਸੀ: “ਇਨ੍ਹਾਂ ਗੱਲਾਂ ਨੂੰ ਮੂੰਦ ਰੱਖ ਅਤੇ ਪੋਥੀ ਉੱਤੇ ਓੜਕ ਦੇ ਸਮੇਂ ਤੀਕਰ ਮੋਹਰ ਲਾ ਰੱਖ। ਬਥੇਰੇ ਏੱਧਰ ਉੱਧਰ ਭੱਜਣਗੇ ਅਤੇ ਵਿੱਦਿਆ ਵਧੇਗੀ।”—ਦਾਨੀਏਲ 12:4.

18. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਦੇ ਸੱਚੇ ਗਿਆਨ ਦੀ ਕੋਈ ਕਮੀ ਨਹੀਂ ਹੈ?

18 ਅੱਜ ਅਸੀਂ ਓੜਕ ਦੇ ਸਮੇਂ ਯਾਨੀ ਅੰਤਿਮ ਦਿਨਾਂ ਵਿਚ ਰਹਿ ਰਹੇ ਹਾਂ ਅਤੇ ਪਰਮੇਸ਼ੁਰ ਦੇ ਸੱਚੇ ਗਿਆਨ ਦੀ ਕੋਈ ਕਮੀ ਨਹੀਂ ਹੈ। ਪਵਿੱਤਰ ਆਤਮਾ ਦੀ ਮਦਦ ਨਾਲ ਸੱਚਾਈ ਦੇ ਪ੍ਰੇਮੀਆਂ ਨੇ ਸੱਚੇ ਪਰਮੇਸ਼ੁਰ ਯਹੋਵਾਹ ਅਤੇ ਉਸ ਦੇ ਮਕਸਦ ਬਾਰੇ ਗਿਆਨ ਹਾਸਲ ਕੀਤਾ ਹੈ। ਧਰਤੀ ਦੇ ਹਰ ਕੋਨੇ ਦੇ ਲੋਕ ਬਾਈਬਲਾਂ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਅਜਿਹੀਆਂ ਕਿਤਾਬਾਂ ਵੀ ਮਿਲ ਸਕਦੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਉਹ ਬਾਈਬਲ ਦੀਆਂ ਡੂੰਘੀਆਂ ਸੱਚਾਈਆਂ ਸਮਝ ਸਕਦੇ ਹਨ। ਮਿਸਾਲ ਲਈ, ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? * ਕਿਤਾਬ ਵਿਚ ਦਿੱਤੀ ਵਿਸ਼ਿਆਂ ਦੀ ਸੂਚੀ ਤੇ ਗੌਰ ਕਰੋ। ਇਸ ਕਿਤਾਬ ਦੇ ਕੁਝ ਵਿਸ਼ੇ ਹਨ: “ਦੁਨੀਆਂ ਦਾ ਸਿਰਜਣਹਾਰ ਕਿਹੋ ਜਿਹਾ ਹੈ?,” “ਮਰਨ ਤੋਂ ਬਾਅਦ ਕੀ ਹੁੰਦਾ ਹੈ?,” “ਪਰਮੇਸ਼ੁਰ ਦਾ ਰਾਜ ਕੀ ਹੈ?” ਅਤੇ “ਰੱਬ ਨੇ ਹਾਲੇ ਤਕ ਦੁੱਖਾਂ ਦਾ ਅੰਤ ਕਿਉਂ ਨਹੀਂ ਕੀਤਾ?” ਸਾਲਾਂ ਤੋਂ ਲੋਕ ਇਹੋ ਜਿਹੇ ਸਵਾਲ ਪੁੱਛਦੇ ਆਏ ਹਨ। ਹੁਣ ਉਨ੍ਹਾਂ ਨੂੰ ਇਨ੍ਹਾਂ ਦੇ ਜਵਾਬ ਮਿਲ ਸਕਦੇ ਹਨ! ਭਾਵੇਂ ਚਰਚਾਂ ਵਿਚ ਦਿੱਤੀ ਜਾਂਦੀ ਝੂਠੀ ਸਿੱਖਿਆ ਕਰਕੇ ਸਦੀਆਂ ਤੋਂ ਲੋਕ ਸੱਚਾਈ ਤੋਂ ਅਣਜਾਣ ਰਹੇ ਹਨ, ਫਿਰ ਵੀ ਅੱਜ ਯਹੋਵਾਹ ਦਾ ਵਾਅਦਾ ਪੂਰਾ ਹੋਇਆ ਹੈ ਤੇ ਜੋ ਵੀ ਯਹੋਵਾਹ ਦੀ ਭਗਤੀ ਕਰਨੀ ਚਾਹੁੰਦੇ ਹਨ ਉਹ ਸੱਚਾਈ ਸਿੱਖ ਸਕਦੇ ਹਨ।

19. ਤੁਸੀਂ ਯਹੋਵਾਹ ਦੇ ਕਿਹੜੇ ਵਾਅਦੇ ਪੂਰੇ ਹੁੰਦੇ ਦੇਖੇ ਹਨ ਅਤੇ ਤੁਸੀਂ ਕਿਸ ਸਿੱਟੇ ਤੇ ਪਹੁੰਚੇ ਹੋ?

19 ਅਸੀਂ ਆਪਣੀ ਅੱਖੀਂ ਪੂਰੀਆਂ ਹੁੰਦੀਆਂ ਗੱਲਾਂ ਦੇਖ ਕੇ ਕਹਿ ਸਕਦੇ ਹਾਂ: ‘ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਵਿਖੇ ਬੋਲਿਆ। ਓਹ ਸਾਰੇ ਸਾਡੇ ਲਈ ਪੂਰੇ ਹੋਏ। ਓਹਨਾਂ ਵਿੱਚੋਂ ਇੱਕ ਬਚਨ ਵੀ ਨਾ ਰਿਹਾ।’ (ਯਹੋਸ਼ੁਆ 23:14) ਵਾਕਈ ਯਹੋਵਾਹ ਆਪਣੇ ਲੋਕਾਂ ਨੂੰ ਆਜ਼ਾਦ ਕਰਦਾ, ਉਨ੍ਹਾਂ ਦੀ ਰਾਖੀ ਕਰਦਾ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਕੀ ਤੁਹਾਨੂੰ ਉਸ ਦਾ ਕੋਈ ਵਾਅਦਾ ਯਾਦ ਆਉਂਦਾ ਹੈ ਜੋ ਉਸ ਨੇ ਵੇਲੇ ਸਿਰ ਪੂਰਾ ਨਾ ਕੀਤਾ ਹੋਵੇ? ਨਹੀਂ। ਇਸ ਲਈ ਅਕਲਮੰਦੀ ਦੀ ਗੱਲ ਹੋਵੇਗੀ ਕਿ ਅਸੀਂ ਯਹੋਵਾਹ ਦੇ ਵਾਅਦਿਆਂ ਤੇ ਪੂਰਾ ਭਰੋਸਾ ਰੱਖੀਏ।

20. ਅਸੀਂ ਭਵਿੱਖ ਬਾਰੇ ਕਿਹੜੀ ਗੱਲ ਦਾ ਯਕੀਨ ਰੱਖ ਸਕਦੇ ਹਾਂ?

20 ਭਵਿੱਖ ਲਈ ਸਾਡੀ ਕੀ ਆਸ ਹੈ? ਯਹੋਵਾਹ ਵਾਅਦਾ ਕਰਦਾ ਹੈ ਕਿ ਸਾਡੇ ਵਿੱਚੋਂ ਜ਼ਿਆਦਾਤਰ ਨਵੀਂ ਦੁਨੀਆਂ ਵਿਚ ਜੀਵਨ ਪਾਉਣ ਦੀ ਉਮੀਦ ਰੱਖ ਸਕਦੇ ਹਨ ਜਦੋਂ ਸਾਰੀ ਧਰਤੀ ਨੂੰ ਖੂਬਸੂਰਤ ਬਾਗ਼ ਦੀ ਤਰ੍ਹਾਂ ਬਣਾ ਦਿੱਤਾ ਜਾਵੇਗਾ। ਸਾਡੇ ਵਿੱਚੋਂ ਕੁਝ ਯਿਸੂ ਮਸੀਹ ਨਾਲ ਸਵਰਗ ਵਿਚ ਰਾਜ ਕਰਨ ਦੀ ਉਮੀਦ ਰੱਖਦੇ ਹਨ। ਸਾਡੀ ਜੋ ਵੀ ਉਮੀਦ ਹੈ, ਯਹੋਸ਼ੁਆ ਵਾਂਗ ਸਾਡੇ ਸਾਰਿਆਂ ਕੋਲ ਵਫ਼ਾਦਾਰ ਰਹਿਣ ਦਾ ਹਰ ਕਾਰਨ ਹੈ। ਉਹ ਦਿਨ ਆਉਣ ਵਾਲਾ ਹੈ ਜਦ ਸਾਡੀ ਸਾਰਿਆਂ ਦੀ ਉਮੀਦ ਜ਼ਰੂਰ ਪੂਰੀ ਹੋਵੇਗੀ। ਫਿਰ ਅਸੀਂ ਯਹੋਵਾਹ ਦੇ ਵਾਅਦਿਆਂ ਨੂੰ ਚੇਤੇ ਕਰ ਕੇ ਕਹਾਂਗੇ: ‘ਓਹ ਸਾਰੇ ਪੂਰੇ ਹੋਏ।’

[ਫੁਟਨੋਟ]

^ ਪੈਰਾ 18 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

ਕੀ ਤੁਸੀਂ ਸਮਝਾ ਸਕਦੇ ਹੋ?

• ਯਹੋਸ਼ੁਆ ਨੇ ਯਹੋਵਾਹ ਦੇ ਕਿਹੜੇ ਵਾਅਦੇ ਪੂਰੇ ਹੁੰਦੇ ਦੇਖੇ ਸਨ?

• ਤੁਸੀਂ ਯਹੋਵਾਹ ਦੇ ਕਿਹੜੇ ਵਾਅਦੇ ਪੂਰੇ ਹੁੰਦੇ ਦੇਖੇ ਹਨ?

• ਅਸੀਂ ਯਹੋਵਾਹ ਦੇ ਵਾਅਦਿਆਂ ਬਾਰੇ ਕੀ ਯਕੀਨ ਰੱਖ ਸਕਦੇ ਹਾਂ?

[ਸਵਾਲ]

[ਸਫ਼ਾ 23 ਉੱਤੇ ਤਸਵੀਰ]

ਯਹੋਵਾਹ ਨੇ ਆਪਣੇ ਲੋਕਾਂ ਨੂੰ ਛੁਡਾਉਣ ਲਈ ਕਦਮ ਚੁੱਕਿਆ

[ਸਫ਼ਾ 23 ਉੱਤੇ ਤਸਵੀਰ]

ਲਾਲ ਸਮੁੰਦਰ ਤੇ ਯਹੋਵਾਹ ਨੇ ਆਪਣੇ ਲੋਕਾਂ ਦੀ ਰਾਖੀ ਕਿਵੇਂ ਕੀਤੀ ਸੀ?

[ਸਫ਼ਾ 24 ਉੱਤੇ ਤਸਵੀਰ]

ਉਜਾੜ ਵਿਚ ਯਹੋਵਾਹ ਨੇ ਆਪਣੇ ਲੋਕਾਂ ਦੀਆਂ ਲੋੜਾਂ ਕਿਵੇਂ ਪੂਰੀਆਂ ਕੀਤੀਆਂ ਸਨ?

[ਸਫ਼ਾ 25 ਉੱਤੇ ਤਸਵੀਰਾਂ]

ਯਹੋਵਾਹ ਅੱਜ ਆਪਣੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ