ਖ਼ੁਸ਼ੀਆਂ ਭਰੀ ਜ਼ਿੰਦਗੀ ਮੁਮਕਿਨ ਹੈ!
ਖ਼ੁਸ਼ੀਆਂ ਭਰੀ ਜ਼ਿੰਦਗੀ ਮੁਮਕਿਨ ਹੈ!
ਕਈ ਲੋਕ ਸਿਰਫ਼ ਪੈਸੇ ਮਗਰ ਲੱਗੇ ਹੋਏ ਹਨ। ਹੋਰ ਲੋਕ ਸ਼ੁਹਰਤ ਕਮਾਉਣੀ ਚਾਹੁੰਦੇ ਹਨ। ਦੂਸਰੇ ਸਭ ਤੋਂ ਵਧੀਆ ਕਲਾਕਾਰ ਬਣਨਾ ਚਾਹੁੰਦੇ ਹਨ। ਅਜਿਹੇ ਲੋਕ ਵੀ ਹਨ ਜੋ ਦੁਨੀਆਂ ਸੁਧਾਰਨ ਲਈ ਜੀਉਂਦੇ ਹਨ। ਪਰ ਕਈ ਅਜਿਹੀਆਂ ਗੱਲਾਂ ਤੋਂ ਬੇਫ਼ਿਕਰ ਹੋ ਕੇ ਆਪਣੀ ਜ਼ਿੰਦਗੀ ਜੀ ਰਹੇ ਹਨ। ਉਨ੍ਹਾਂ ਨੂੰ ਤਾਂ ਇੰਨਾ ਵੀ ਨਹੀਂ ਪਤਾ ਕਿ ਉਹ ਦੁਨੀਆਂ ਵਿਚ ਆਏ ਕਿਉਂ।
ਤੁਹਾਡੇ ਬਾਰੇ ਕੀ? ਕੀ ਤੁਸੀਂ ਇਸ ਬਾਰੇ ਕਦੀ ਸੋਚਿਆ ਹੈ ਕਿ ਤੁਸੀਂ ਦੁਨੀਆਂ ਵਿਚ ਕਿਉਂ ਆਏ ਹੋ? ਕਿਉਂ ਨਾ ਆਪਾਂ ਕੁਝ ਕੰਮਾਂ ਵੱਲ ਧਿਆਨ ਦੇਈਏ ਤੇ ਦੇਖੀਏ ਕਿ ਕੀ ਇਨ੍ਹਾਂ ਤੋਂ ਸਾਨੂੰ ਖ਼ੁਸ਼ੀ ਮਿਲ ਸਕਦੀ ਹੈ ਜਾਂ ਨਹੀਂ? ਖ਼ੁਸ਼ੀਆਂ ਭਰੀ ਜ਼ਿੰਦਗੀ ਕਿਵੇਂ ਮੁਮਕਿਨ ਹੈ?
ਪੈਸੇ ਤੇ ਐਸ਼ ਬਾਰੇ ਕੀ?
ਉਪਦੇਸ਼ਕ ਦੀ ਪੋਥੀ 7:12 ਵਿਚ ਬਾਈਬਲ ਕਹਿੰਦੀ ਹੈ: “ਬੁੱਧ ਦਾ ਸਾਯਾ ਧਨ ਦੇ ਸਾਯੇ ਵਰਗਾ ਹੈ, ਪਰ ਗਿਆਨ ਦਾ ਇੱਕ ਇਹ ਵਾਧਾ ਹੈ, ਜੋ ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ।” ਜੀ ਹਾਂ, ਪੈਸੇ ਤੋਂ ਬਿਨਾਂ ਨਾ ਕੋਈ ਆਪਣਾ ਢਿੱਡ ਭਰ ਸਕਦਾ ਹੈ ਤੇ ਨਾ ਹੀ ਕੋਈ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰ ਸਕਦਾ ਹੈ।—1 ਤਿਮੋਥਿਉਸ 5:8.
ਜ਼ਿੰਦਗੀ ਦਾ ਮਜ਼ਾ ਹੀ ਕੀ ਹੈ ਜੇ ਕੁਝ ਐਸ਼ ਨਾ ਹੋਵੇ? ਹਾਂ, ਇਹ ਗੱਲ ਠੀਕ ਹੈ ਕਿ ਯਿਸੂ ਮਸੀਹ ਨੇ ਕਿਹਾ ਸੀ ਕਿ ਉਸ ਕੋਲ ਸਿਰ ਧਰਨ ਨੂੰ ਥਾਂ ਨਹੀਂ, ਪਰ ਕਦੀ-ਕਦਾਈਂ ਉਸ ਨੇ ਵਧੀਆ ਖਾਣੇ-ਪੀਣੇ ਦਾ ਮਜ਼ਾ ਲਿਆ। ਇਸ ਤੋਂ ਇਲਾਵਾ ਉਸ ਕੋਲ ਕੁਝ ਮਹਿੰਗੇ ਕੱਪੜੇ ਵੀ ਸਨ।—ਮੱਤੀ 8:20; ਯੂਹੰਨਾ 2:1-11; 19:23, 24.
ਫਿਰ ਵੀ ਯਿਸੂ ਨੇ ਐਸ਼ੋ-ਆਰਾਮ ਦੀ ਜ਼ਿੰਦਗੀ ਨਹੀਂ ਗੁਜ਼ਾਰੀ ਸੀ। ਉਸ ਨੂੰ ਪਤਾ ਸੀ ਕਿ ਕਿਨ੍ਹਾਂ ਚੀਜ਼ਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਯਿਸੂ ਨੇ ਕਿਹਾ: “ਕਿਸੇ ਦਾ ਜੀਉਣ ਉਹ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ।” ਫਿਰ ਉਸ ਨੇ ਇਕ ਧਨਵਾਨ ਆਦਮੀ ਲੂਕਾ 12:13-21.
ਦੀ ਕਹਾਣੀ ਦੱਸੀ। ਇਸ ਆਦਮੀ ਦੇ ਖੇਤਾਂ ਵਿਚ ਚੰਗੀ ਫ਼ਸਲ ਹੋਈ। ਇਸ ਲਈ ਉਸ ਨੇ ਆਪਣੇ ਮਨ ਵਿਚ ਸੋਚਿਆ: “ਮੈਂ ਕੀ ਕਰਾਂ ਕਿਉਂ ਜੋ ਮੇਰੇ ਕੋਈ ਥਾਂ ਨਹੀਂ ਜਿੱਥੇ ਆਪਣੀ ਪੈਦਾਵਾਰ ਨੂੰ ਜਮਾ ਰੱਖਾਂ? . . . ਮੈਂ ਆਪਣੇ ਕੋਠਿਆਂ ਨੂੰ ਢਾਹ ਕੇ ਅੱਗੇ ਨਾਲੋਂ ਵੱਡੇ ਬਣਾਵਾਂਗਾ ਅਰ ਉੱਥੇ ਆਪਣਾ ਸਾਰਾ ਅੰਨ ਅਤੇ ਆਪਣਾ ਧਨ ਜਮਾ ਕਰਾਂਗਾ। ਅਤੇ ਮੈਂ ਆਪਣੀ ਜਾਨ ਨੂੰ ਆਖਾਂਗਾ, ਹੇ ਜਾਨ ਬਹੁਤ ਵਰਿਹਾਂ ਦੇ ਲਈ ਤੇਰੇ ਕੋਲ ਧਨ ਬਾਹਲਾ ਰੱਖਿਆ ਪਿਆ ਹੈ। ਸੁਖੀ ਰਹੁ, ਖਾਹ ਪੀ ਅਤੇ ਮੌਜ ਮਾਨ।” ਪਰ ਇਸ ਆਦਮੀ ਦੀ ਸੋਚਣੀ ਗ਼ਲਤ ਸੀ। ਕਿਉਂ? ਯਿਸੂ ਨੇ ਕਹਾਣੀ ਵਿਚ ਅੱਗੇ ਸਮਝਾਇਆ: “ਪਰਮੇਸ਼ੁਰ ਨੇ ਉਹ ਨੂੰ ਆਖਿਆ, ਹੇ ਨਦਾਨ, ਅੱਜ ਦੀ ਰਾਤ ਤੇਰੀ ਜਾਨ ਤੈਥੋਂ ਮੰਗਣਗੇ, ਫੇਰ ਜਿਹੜੀਆਂ ਚੀਜ਼ਾਂ ਤੈਂ ਤਿਆਰ ਕੀਤੀਆਂ ਹਨ ਓਹ ਕਿਹ ਦੀਆਂ ਹੋਣਗੀਆਂ?” ਜੇ ਇਹ ਆਦਮੀ ਆਪਣੀ ਫ਼ਸਲ ਇਕੱਠੀ ਕਰ ਵੀ ਲੈਂਦਾ, ਉਸ ਦੀ ਮੌਤ ਤੋਂ ਬਾਅਦ ਤਾਂ ਉਹ ਆਪਣੇ ਧਨ ਦਾ ਆਨੰਦ ਨਹੀਂ ਮਾਣ ਸਕਦਾ ਸੀ। ਆਖ਼ਰ ਵਿਚ ਯਿਸੂ ਨੇ ਕਿਹਾ: “ਇਹੋ ਜਿਹਾ ਉਹ ਹੈ ਜੋ ਆਪਣੇ ਲਈ ਧਨ ਜੋੜਦਾ ਪਰ ਪਰਮੇਸ਼ੁਰ ਦੇ ਅੱਗੇ ਧਨਵਾਨ ਨਹੀਂ ਹੈ।”—ਜੀ ਹਾਂ, ਪੈਸੇ ਤੇ ਐਸ਼ ਦੀ ਆਪੋ-ਆਪਣੀ ਜਗ੍ਹਾ ਹੈ। ਲੇਕਿਨ ਨਾ ਤਾਂ ਪੈਸਾ ਤੇ ਨਾ ਹੀ ਐਸ਼ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਹੈ। ਪਰਮੇਸ਼ੁਰ ਦੇ ਅੱਗੇ ਧਨਵਾਨ ਹੋਣਾ ਯਾਨੀ ਉਸ ਦੀ ਬਖ਼ਸ਼ੀਸ਼ ਪਾਉਣੀ ਹੀ ਸਭ ਤੋਂ ਜ਼ਰੂਰੀ ਗੱਲ ਹੈ।
ਨਾਂ ਕਮਾਉਣ ਬਾਰੇ ਕੀ?
ਕਈ ਲੋਕ ਸਿਰਫ਼ ਆਪਣਾ ਨਾਂ ਰੌਸ਼ਨ ਕਰਨ ਲਈ ਜੀਉਂਦੇ ਹਨ। ਨਾਂ ਕਮਾਉਣਾ ਕੋਈ ਬੁਰੀ ਗੱਲ ਨਹੀਂ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਲੋਕ ਉਸ ਨੂੰ ਯਾਦ ਰੱਖਣ। ਬਾਈਬਲ ਕਹਿੰਦੀ ਹੈ ਕਿ “ਨੇਕਨਾਮੀ ਮਹਿੰਗ ਮੁੱਲੇ ਤੇਲ ਨਾਲੋਂ, ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ।”—ਉਪਦੇਸ਼ਕ ਦੀ ਪੋਥੀ 7:1.
ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ? ਜਦ ਕੋਈ ਪੈਦਾ ਹੁੰਦਾ ਹੈ, ਤਾਂ ਸਾਨੂੰ ਨਹੀਂ ਪਤਾ ਹੁੰਦਾ ਕਿ ਉਹ ਕਿਹੋ ਜਿਹਾ ਇਨਸਾਨ ਬਣੇਗਾ। ਪਰ ਮਰਨ ਦੇ ਦਿਨ ਸਾਨੂੰ ਪਤਾ ਹੁੰਦਾ ਹੈ ਕਿ ਉਸ ਨੇ ਜ਼ਿੰਦਗੀ ਵਿਚ ਕੀ ਕੁਝ ਕੀਤਾ ਸੀ। ਜੇ ਉਹ ਚੰਗਾ ਇਨਸਾਨ ਸੀ, ਤਾਂ ਅਸੀਂ ਉਸ ਨੂੰ ਯਾਦ ਰੱਖਦੇ ਹਾਂ।
ਉਪਦੇਸ਼ਕ ਦੀ ਪੋਥੀ ਲਿਖਣ ਵਾਲਾ ਬਾਦਸ਼ਾਹ ਸੁਲੇਮਾਨ ਸੀ। ਸੁਲੇਮਾਨ ਦਾ ਵੱਡਾ ਭਰਾ ਅਬਸ਼ਾਲੋਮ ਨਾਂ ਕਮਾਉਣਾ ਚਾਹੁੰਦਾ ਸੀ। ਪਰ ਲੱਗਦਾ ਹੈ ਕਿ ਉਸ ਦੇ ਤਿੰਨ ਪੁੱਤਰ ਜਵਾਨੀ ਵਿਚ ਹੀ ਗੁਜ਼ਰ ਗਏ ਜਿਸ ਕਰਕੇ ਉਨ੍ਹਾਂ ਦੇ ਪਿਤਾ ਦਾ ਨਾਂ ਅੱਗੇ ਨਾ ਵਧ ਸਕਿਆ। ਸੋ ਅਬਸ਼ਾਲੋਮ ਨੇ ਕੀ ਕੀਤਾ? ਬਾਈਬਲ ਕਹਿੰਦੀ ਹੈ: “ਅਬਸ਼ਾਲੋਮ ਨੇ . . . ਧਰਤੀ ਲੈ ਕੇ ਆਪਣੇ ਲਈ ਪਾਤਸ਼ਾਹੀ ਖੱਡ ਵਿੱਚ ਇੱਕ ਥੰਮ੍ਹ ਬਣਾਇਆ ਸੀ ਕਿਉਂ ਜੋ ਉਸ ਨੇ ਆਖਿਆ, ਭਈ ਮੇਰੇ ਕੋਈ ਪੁੱਤ੍ਰ ਨਹੀਂ ਹੈ ਜਿਸ ਨਾਲ ਮੇਰੇ ਨਾਉਂ ਦਾ ਚੇਤਾ ਰਹੇ ਅਤੇ ਉਸ ਨੇ ਆਪਣਾ ਨਾਉਂ ਉਸ ਥੰਮ੍ਹ ਉੱਤੇ ਰੱਖਿਆ।” (2 ਸਮੂਏਲ 14:27; 18:18) ਅੱਜ ਇਸ ਥੰਮ੍ਹ ਦਾ ਕੋਈ ਨਾਮੋ-ਨਿਸ਼ਾਨ ਨਹੀਂ ਹੈ। ਪਰ ਬਾਈਬਲ ਪੜ੍ਹਨ ਵਾਲਿਆਂ ਨੂੰ ਅਬਸ਼ਾਲੋਮ ਬਾਰੇ ਇੰਨਾ ਪਤਾ ਹੈ ਕਿ ਉਹ ਇਕ ਬਾਗ਼ੀ ਸੀ ਜੋ ਆਪਣੇ ਪਿਤਾ ਦਾਊਦ ਦੀ ਰਾਜ-ਗੱਦੀ ਹੜੱਪਣਾ ਚਾਹੁੰਦਾ ਸੀ।
ਕਈ ਲੋਕ ਚਾਹੁੰਦੇ ਹਨ ਕਿ ਲੋਕ ਉਨ੍ਹਾਂ ਨੂੰ ਉਨ੍ਹਾਂ ਦੀਆਂ ਕਾਮਯਾਬੀਆਂ ਲਈ ਜਾਣਨ। ਉਹ ਉਨ੍ਹਾਂ ਲੋਕਾਂ ਦੀ ਵਡਿਆਈ ਚਾਹੁੰਦੇ ਹਨ ਜਿਨ੍ਹਾਂ ਦੀ ਪਸੰਦ ਮੌਸਮ ਵਾਂਗ ਬਦਲਦੀ ਰਹਿੰਦੀ ਹੈ। ਪਰ ਅੰਤ ਵਿਚ ਅਜਿਹੀ ਸ਼ੁਹਰਤ ਦਾ ਕੀ ਹੁੰਦਾ ਹੈ? ਇਸ ਦਾ ਜਵਾਬ ਦੇਣ ਲਈ ਧਿਆਨ ਦਿਓ ਕਿ ਇਕ ਲੇਖਕ ਨੇ ਕੀ ਕਿਹਾ: “ਅੱਜ ਦੇ ਜ਼ਮਾਨੇ ਵਿਚ ਜੇ ਕੋਈ ਕਾਮਯਾਬੀ ਹਾਸਲ ਕਰਨੀ ਚਾਹੁੰਦਾ ਹੈ, ਤਾਂ ਉਸ ਨੂੰ ਜਵਾਨ ਤੇ ਖੂਬਸੂਰਤ ਹੋਣ ਦੀ ਲੋੜ ਹੈ। ਨਾਲੇ ਉਸ ਨੂੰ ਕੁਝ ਨਵਾਂ ਕਰ ਕੇ ਦਿਖਾਉਣ ਦੀ ਲੋੜ ਹੈ। ਜੇ ਅਜਿਹੀ ਕੋਈ ਮਹਾਨ ਹਸਤੀ ਲੋਕਾਂ ਦੇ ਦਿਲ ਜਿੱਤ ਵੀ ਲੈਂਦੀ ਹੈ, ਤਾਂ ਇਸ ਦਾ ਕੀ ਭਰੋਸਾ ਕਿ ਲੋਕ ਕੱਲ੍ਹ ਨੂੰ ਵੀ ਉਸ ਦੇ ਦੀਵਾਨੇ ਹੋਣਗੇ ਜਾਂ ਨਹੀਂ?” ਨਤੀਜੇ ਵਜੋਂ
ਕਈ ਮਸ਼ਹੂਰ ਲੋਕ ਡ੍ਰੱਗਜ਼ ਜਾਂ ਸ਼ਰਾਬ ਦੇ ਨਸ਼ੇ ਵਿਚ ਡੁੱਬ ਜਾਂਦੇ ਹਨ ਤੇ ਇੱਦਾਂ ਉਨ੍ਹਾਂ ਦੀ ਜ਼ਿੰਦਗੀ ਸਮੇਂ ਤੋਂ ਪਹਿਲਾਂ ਖ਼ਤਮ ਹੋ ਜਾਂਦੀ ਹੈ। ਜੀ ਹਾਂ, ਅਸੀਂ ਕਹਿ ਸਕਦੇ ਹਾਂ ਕਿ ਸ਼ੁਹਰਤ ਕਮਾਉਣ ਨਾਲ ਜ਼ਿੰਦਗੀ ਵਿਚ ਖ਼ੁਸ਼ੀਆਂ ਦੀ ਬਹਾਰ ਨਹੀਂ ਆਉਂਦੀ।ਤਾਂ ਫਿਰ ਸਾਨੂੰ ਕਿਸ ਦੀਆਂ ਨਜ਼ਰਾਂ ਵਿਚ ਨੇਕਨਾਮੀ ਖੱਟਣੀ ਚਾਹੀਦੀ ਹੈ? ਬਾਈਬਲ ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਅੱਗੇ ਨੇਕਨਾਮ ਕਮਾਉਣ ਦੀ ਪ੍ਰੇਰਣਾ ਦਿੰਦੀ ਹੈ। ਯਹੋਵਾਹ ਨੇ ਉਸ ਦੀ ਬਿਵਸਥਾ ਤੇ ਚੱਲਣ ਵਾਲੇ ਕੁਝ ਲੋਕਾਂ ਬਾਰੇ ਯਸਾਯਾਹ ਨਬੀ ਰਾਹੀਂ ਕਿਹਾ: “ਮੈਂ ਉਨ੍ਹਾਂ ਨੂੰ ਆਪਣੇ ਘਰ ਵਿੱਚ ਅਤੇ ਆਪਣੀਆਂ ਕੰਧਾਂ ਦੇ ਅੰਦਰ, ਇੱਕ ਯਾਦਗਾਰ ਅਤੇ ਇੱਕ ਨਾਮ . . . ਦਿਆਂਗਾ। ਮੈਂ ਓਹਨਾਂ ਨੂੰ ਇੱਕ ਸਦੀਪਕ ਨਾਮ ਦਿਆਂਗਾ, ਜੋ ਮਿਟਾਇਆ ਨਾ ਜਾਵੇਗਾ।” (ਯਸਾਯਾਹ 56:4, 5) ਜਿਹੜੇ ਲੋਕ ਪਰਮੇਸ਼ੁਰ ਦੇ ਕਹਿਣੇ ਵਿਚ ਰਹੇ ਉਨ੍ਹਾਂ ਨੂੰ ਉਸ ਨੇ “ਇੱਕ ਯਾਦਗਾਰ ਅਤੇ ਇੱਕ ਨਾਮ” ਦਿੱਤਾ। ਕਹਿਣ ਦਾ ਭਾਵ ਹੈ ਕਿ ਪਰਮੇਸ਼ੁਰ ਹਮੇਸ਼ਾ ਲਈ ਇਨ੍ਹਾਂ ਲੋਕਾਂ ਨੂੰ ਯਾਦ ਰੱਖੇਗਾ।
ਯਸਾਯਾਹ ਉਸ ਸਮੇਂ ਬਾਰੇ ਗੱਲ ਕਰ ਰਿਹਾ ਸੀ ਜਦ ਵਫ਼ਾਦਾਰ ਲੋਕਾਂ ਨੂੰ ਇਕ ਸੁੰਦਰ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਦਿੱਤੀ ਜਾਵੇਗੀ। ਪਰਮੇਸ਼ੁਰ ਨੇ ਸ਼ੁਰੂ ਵਿਚ ਇਨਸਾਨਾਂ ਨੂੰ ਇਹੋ ਜਿਹੀ ਜ਼ਿੰਦਗੀ ਦਿੱਤੀ ਸੀ ਅਤੇ ਬਾਈਬਲ ਇਸ ਨੂੰ “ਅਸਲ ਜੀਵਨ” ਕਹਿੰਦੀ ਹੈ। (1 ਤਿਮੋਥਿਉਸ 6:12, 19) ਖੋਖਲੀ ਤੇ ਚੰਨ ਦਿਨਾਂ ਦੀ ਜ਼ਿੰਦਗੀ ਜੀਉਣ ਦੇ ਬਦਲੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਕਲਾ ਨੂੰ ਅਹਿਮੀਅਤ ਦੇਣ ਅਤੇ ਦੁਨੀਆਂ ਨੂੰ ਸੁਧਾਰਨ ਬਾਰੇ ਕੀ?
ਕਈ ਲੋਕਾਂ ਦੀ ਇੱਕੋ ਤਮੰਨਾ ਹੁੰਦੀ ਹੈ ਕਿ ਉਹ ਸਭ ਤੋਂ ਵਧੀਆ ਕਲਾਕਾਰ ਬਣਨ। ਪਰ ਆਪਣੀ ਪੂਰੀ ਜ਼ਿੰਦਗੀ ਇਸ ਵਿਚ ਲਾਉਣ ਦੇ ਬਾਵਜੂਦ ਵੀ ਕਈਆਂ ਦੀ ਇਹ ਤਮੰਨਾ ਅਧੂਰੀ ਰਹਿ ਜਾਂਦੀ ਹੈ। ਪਿੱਛਲੇ ਲੇਖ ਵਿਚ ਅਸੀਂ ਹੀਡੇਓ ਬਾਰੇ ਦੱਸਿਆ ਸੀ। ਉਹ 98 ਸਾਲਾਂ ਦੀ ਉਮਰ ਤਕ ਵੀ ਆਪਣੀ ਕਲਾ ਨਾਲ ਖ਼ੁਸ਼ ਨਹੀਂ ਸੀ। ਦੂਜੇ ਪਾਸੇ, ਫ਼ਰਜ਼ ਕਰੋ ਕਿ ਕੋਈ ਕਲਾਕਾਰ ਉਸ ਮਕਾਮ ਤੇ ਪਹੁੰਚ ਵੀ ਜਾਂਦਾ ਹੈ ਜਿੱਥੇ ਉਹ ਆਪਣੀ ਕਲਾ ਤੋਂ ਖ਼ੁਸ਼ ਹੈ। ਪਰ ਇੱਦਾਂ ਕਰਨ ਵਿਚ ਉਹ ਤਕਰੀਬਨ ਆਪਣੀ ਪੂਰੀ ਜ਼ਿੰਦਗੀ ਲਾ ਦਿੰਦਾ ਹੈ। ਇਹ ਦਾ ਵੀ ਕੀ ਫ਼ਾਇਦਾ ਕਿਉਂਕਿ ਬੁਢਾਪੇ ਵਿਚ ਜਵਾਨੀ ਵਾਲਾ ਜੋਸ਼ ਨਹੀਂ ਰਹਿੰਦਾ। ਪਰ ਜੇ ਉਹ ਹਮੇਸ਼ਾ ਲਈ ਜੀ ਸਕੇ, ਫਿਰ ਕੀ? ਫਿਰ ਵਧੀਆ ਕਲਾਕਾਰ ਬਣਨ ਲਈ ਸਮੇਂ ਦੀ ਕੋਈ ਪਾਬੰਦੀ ਨਹੀਂ ਹੋਵੇਗੀ!
ਅਸੀਂ ਦੁਨੀਆਂ ਨੂੰ ਸੁਧਾਰਨ ਬਾਰੇ ਕੀ ਕਹਿ ਸਕਦੇ ਹਾਂ? ਗ਼ਰੀਬਾਂ ਦੀ ਮਦਦ ਕਰਨੀ ਨੇਕ ਕੰਮ ਹੈ। ਬਾਈਬਲ ਕਹਿੰਦੀ ਹੈ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਦੂਸਰਿਆਂ ਦੀ ਮਦਦ ਕਰਨ ਤੋਂ ਸਾਨੂੰ ਖ਼ੁਸ਼ੀ ਜ਼ਰੂਰ ਮਿਲਦੀ ਹੈ। ਪਰ ਚਾਹੇ ਇਕ ਇਨਸਾਨ ਆਪਣੀ ਸਾਰੀ ਜ਼ਿੰਦਗੀ ਇਸ ਕੰਮ ਵਿਚ ਲਾ ਦੇਵੇ, ਫਿਰ ਵੀ ਉਹ ਕਿੰਨਾ ਕੁ ਕਰ ਸਕੇਗਾ? ਕੋਈ ਵੀ ਇਨਸਾਨ ਸਾਰਿਆਂ ਦੇ ਦੁੱਖ ਤਾਂ ਨਹੀਂ ਮਿਟਾ ਸਕਦਾ ਤੇ ਨਾ ਹੀ ਉਹ ਦੁਨੀਆਂ ਨੂੰ ਸੁਧਾਰ ਸਕਦਾ ਹੈ। ਸ਼ਾਇਦ ਕੋਈ ਕਿਸੇ ਦੀ ਰੋਟੀ, ਕੱਪੜਾ ਤੇ ਮਕਾਨ ਦੀ ਲੋੜ ਪੂਰੀ ਕਰ ਵੀ ਦੇਵੇ, ਪਰ ਇਕ ਅਜਿਹੀ ਲੋੜ ਹੈ ਜੋ ਉਹ ਪੂਰੀ ਕਰਨੀ ਭੁੱਲ ਜਾਂਦਾ ਹੈ। ਉਹ ਕਿਹੜੀ ਲੋੜ ਹੈ?
ਅਹਿਮ ਲੋੜ ਪੂਰੀ ਕਰਨੀ
ਯਿਸੂ ਨੇ ਇਕ ਅਹਿਮ ਲੋੜ ਵੱਲ ਇਸ਼ਾਰਾ ਕੀਤਾ ਸੀ ਜੋ ਜਨਮ ਤੋਂ ਹੀ ਸਾਡੇ ਸਾਰਿਆਂ ਅੰਦਰ ਹੁੰਦੀ ਹੈ। ਉਸ ਨੇ ਕਿਹਾ: “ਧੰਨ ਹੋਣਗੇ ਓਹ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ।” (ਲੂਕਾ 11:28) ਬਾਈਬਲ ਦੇ ਅਨੁਸਾਰ ਖ਼ੁਸ਼ੀ ਪਾਉਣੀ ਸਾਡੀ ਦੌਲਤ, ਸਾਡੀ ਸ਼ੁਹਰਤ, ਸਾਡੀ ਕਲਾ ਜਾਂ ਦੂਸਰਿਆਂ ਦੀ ਮਦਦ ਕਰਨ ਦੀ ਸਾਡੀ ਇੱਛਾ ਤੇ ਨਿਰਭਰ ਨਹੀਂ ਕਰਦੀ। ਬਲਕਿ ਇਹ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਅਸੀਂ ਪਰਮੇਸ਼ੁਰ ਦੀ ਭਗਤੀ ਕਰੀਏ।
ਪੌਲੁਸ ਰਸੂਲ ਨੇ ਲੋਕਾਂ ਨੂੰ ਪਰਮੇਸ਼ੁਰ ਨੂੰ ਭਾਲਣ ਦੀ ਸਲਾਹ ਦਿੱਤੀ ਸੀ ਜਦ ਉਸ ਨੇ ਕਿਹਾ: “[ਪਰਮੇਸ਼ੁਰ] ਨੇ ਮਨੁੱਖਾਂ ਦੀ ਹਰੇਕ ਕੌਮ ਨੂੰ ਸਾਰੀ ਧਰਤੀ ਉੱਤੇ ਵੱਸਣ ਲਈ ਇੱਕ ਤੋਂ ਰਚਿਆ ਅਤੇ ਉਨ੍ਹਾਂ ਦੇ ਥਾਪੇ ਹੋਏ ਸਮੇਂ ਅਤੇ ਰਹਿਣ ਦੀਆਂ ਹੱਦਾਂ ਠਹਿਰਾਈਆਂ ਭਈ ਓਹ ਪਰਮੇਸ਼ੁਰ ਨੂੰ ਭਾਲਣ ਭਈ ਕੀ ਜਾਣੀਏ ਉਸ ਨੂੰ ਟੋਹ ਕੇ ਲੱਭ ਲੈਣ ਭਾਵੇਂ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ। ਕਿਉਂਕਿ ਓਸੇ ਵਿੱਚ ਅਸੀਂ ਜੀਉਂਦੇ ਅਰ ਤੁਰਦੇ ਫਿਰਦੇ ਅਤੇ ਮਜੂਦ ਹਾਂ।”—ਰਸੂਲਾਂ ਦੇ ਕਰਤੱਬ 17:26-28.
ਸੱਚੇ ਪਰਮੇਸ਼ੁਰ ਦੀ ਭਗਤੀ ਕਰਨੀ ਇਨਸਾਨਾਂ ਦੀ ਲੋੜ ਹੈ। ਇਸ ਨੂੰ ਪੂਰਾ ਕਰ ਕੇ ਉਨ੍ਹਾਂ ਨੂੰ ਖ਼ੁਸ਼ੀ ਤੇ “ਅਸਲ ਜੀਵਨ” ਪਾਉਣ ਦੀ ਉਮੀਦ ਵੀ ਮਿਲਦੀ ਹੈ। ਟਰੀਜ਼ਾ ਦੀ ਮਿਸਾਲ ਵੱਲ ਧਿਆਨ ਦਿਓ। ਉਹ ਅਫ਼ਰੀਕਾ ਤੋਂ ਅਮਰੀਕਾ ਰਹਿਣ ਆਈ ਸੀ। ਇਹ ਆਪਣੇ ਦੇਸ਼ ਦੀ ਪਹਿਲੀ ਔਰਤ ਸੀ ਜਿਸ ਨੂੰ ਇਕ ਘੰਟੇ ਲੰਬੇ ਟੀ. ਵੀ. ਸੀਰੀਅਲ ਵਿਚ ਅਹਿਮ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ। ਪਰ ਥੋੜ੍ਹੀ ਦੇਰ ਬਾਅਦ ਉਸ ਨੇ ਇਹ ਕੰਮ ਛੱਡ ਦਿੱਤਾ। ਕਿਉਂ? ਉਸ ਨੇ ਦੱਸਿਆ: “ਮੈਨੂੰ ਪੱਕਾ ਯਕੀਨ ਹੈ ਕਿ
ਪਰਮੇਸ਼ੁਰ ਦੇ ਕਹੇ ਅਨੁਸਾਰ ਜੀਣਾ ਹੀ ਸਭ ਤੋਂ ਵਧੀਆ ਜੀਣਾ ਹੈ।” ਟਰੀਜ਼ਾ ਨਹੀਂ ਚਾਹੁੰਦੀ ਸੀ ਕਿ ਅਜਿਹੇ ਸੀਰੀਅਲ ਵਿਚ ਕੰਮ ਕਰ ਕੇ ਜਿਸ ਵਿਚ ਸੈਕਸ ਤੇ ਹਿੰਸਾ ਦਿਖਾਇਆ ਜਾਂਦਾ ਸੀ, ਪਰਮੇਸ਼ੁਰ ਨਾਲ ਉਸ ਦਾ ਨਾਤਾ ਟੁੱਟ ਜਾਵੇ। ਭਾਵੇਂ ਉਹ ਪਬਲਿਕ ਦੀਆਂ ਨਜ਼ਰਾਂ ਵਿਚ ਕੁਝ ਨਹੀਂ ਰਹੀ, ਪਰ ਉਹ ਖ਼ੁਸ਼ ਸੀ। ਉਸ ਨੇ ਆਪਣਾ ਸਮਾਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਵਿਚ ਲਾਇਆ ਤਾਂਕਿ ਪਰਮੇਸ਼ੁਰ ਦੀ ਭਗਤੀ ਕਰਨ ਵਿਚ ਉਹ ਦੂਸਰਿਆਂ ਦੀ ਮਦਦ ਕਰ ਸਕੇ।ਐਕਟਿੰਗ ਦਾ ਕੰਮ ਛੱਡਣ ਦੇ ਫ਼ੈਸਲੇ ਬਾਰੇ ਟਰੀਜ਼ਾ ਦੇ ਇਕ ਪੁਰਾਣੇ ਸਾਥੀ ਨੇ ਕਿਹਾ: “ਮੈਂ ਇਹ ਦੇਖ ਕੇ ਬਹੁਤ ਉਦਾਸ ਹੋਇਆ ਕਿਉਂਕਿ ਮੈਨੂੰ ਲੱਗਾ ਕਿ ਉਹ ਆਪਣੀ ਜ਼ਿੰਦਗੀ ਬਰਬਾਦ ਕਰ ਰਹੀ ਸੀ। ਪਰ ਉਸ ਨੂੰ ਜ਼ਰੂਰ ਕੁਝ ਅਜਿਹਾ ਮਿਲਿਆ ਹੋਣਾ ਜੋ ਐਕਟਿੰਗ ਨਾਲੋਂ ਕਿਤੇ ਵਧੀਆ ਸੀ।” ਬਾਅਦ ਵਿਚ ਇਕ ਹਾਦਸੇ ਵਿਚ ਟਰੀਜ਼ਾ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਉਸ ਦੇ ਇਸੇ ਪੁਰਾਣੇ ਸਾਥੀ ਨੇ ਕਿਹਾ: “ਟਰੀਜ਼ਾ ਆਪਣੀ ਜ਼ਿੰਦਗੀ ਵਿਚ ਖ਼ੁਸ਼ ਸੀ। ਇਸ ਤੋਂ ਜ਼ਿਆਦਾ ਹੋਰ ਕੋਈ ਜ਼ਿੰਦਗੀ ਤੋਂ ਕੀ ਚਾਹੁੰਦਾ ਹੈ? ਸਾਡੇ ਵਿੱਚੋਂ ਕਿੰਨੇ ਕੁ ਲੋਕ ਕਹਿ ਸਕਦੇ ਕਿ ਉਹ ਖ਼ੁਸ਼ ਹਨ?” ਜਿਹੜੇ ਲੋਕ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦਿੰਦੇ ਹੋਏ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ, ਉਨ੍ਹਾਂ ਕੋਲ ਪਰਮੇਸ਼ੁਰ ਦੇ ਰਾਜ ਅਧੀਨ ਦੁਬਾਰਾ ਜੀ ਉੱਠਣ ਦੀ ਉਮੀਦ ਹੈ।—ਯੂਹੰਨਾ 5:28, 29.
ਧਰਤੀ ਅਤੇ ਮਨੁੱਖਜਾਤੀ ਲਈ ਪਰਮੇਸ਼ੁਰ ਦਾ ਇਕ ਮਕਸਦ ਹੈ। ਉਹ ਇਹੀ ਚਾਹੁੰਦਾ ਹੈ ਕਿ ਤੁਸੀਂ ਇਸ ਮਕਸਦ ਬਾਰੇ ਸਿੱਖੋ ਅਤੇ ਧਰਤੀ ਤੇ ਸੁਖ-ਸ਼ਾਂਤੀ ਨਾਲ ਹਮੇਸ਼ਾ ਲਈ ਜੀਓ। (ਜ਼ਬੂਰਾਂ ਦੀ ਪੋਥੀ 37:10, 11, 29) ਹੁਣ ਤੁਹਾਡੇ ਅੱਗੇ ਯਹੋਵਾਹ ਬਾਰੇ ਸਿੱਖਣ ਦਾ ਮੌਕਾ ਹੈ ਜੋ ਇਸ ਜਹਾਨ ਦਾ ਮਾਲਕ ਹੈ। ਤੁਹਾਡੇ ਇਲਾਕੇ ਵਿਚ ਰਹਿਣ ਵਾਲੇ ਯਹੋਵਾਹ ਦੇ ਗਵਾਹ ਇਹ ਗਿਆਨ ਲੈਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ। ਤੁਸੀਂ ਉਨ੍ਹਾਂ ਨੂੰ ਮਿਲ ਸਕਦੇ ਹੋ ਜਾਂ ਇਸ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਲਿਖ ਸਕਦੇ ਹੋ।
[ਸਫ਼ਾ 5 ਉੱਤੇ ਤਸਵੀਰ]
ਯਿਸੂ ਦੀ ਕਹਾਣੀ ਵਿਚ ਧਨਵਾਨ ਆਦਮੀ ਦੀ ਸੋਚਣੀ ਗ਼ਲਤ ਕਿਉਂ ਸੀ?
[ਸਫ਼ਾ 7 ਉੱਤੇ ਤਸਵੀਰ]
ਕੀ ਤੁਸੀਂ ਹਮੇਸ਼ਾ ਲਈ ਧਰਤੀ ਉੱਤੇ ਸੁਖ-ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹੋ?