Skip to content

Skip to table of contents

ਚੇਲੇ ਬਣਾਉਣ ਵਿਚ ਸਭ ਤੋਂ ਮਾਹਰ ਗੁਰੂ ਦੀ ਰੀਸ ਕਰੋ

ਚੇਲੇ ਬਣਾਉਣ ਵਿਚ ਸਭ ਤੋਂ ਮਾਹਰ ਗੁਰੂ ਦੀ ਰੀਸ ਕਰੋ

ਚੇਲੇ ਬਣਾਉਣ ਵਿਚ ਸਭ ਤੋਂ ਮਾਹਰ ਗੁਰੂ ਦੀ ਰੀਸ ਕਰੋ

“ਚੌਕਸ ਰਹੋ ਜੋ ਕਿਸ ਤਰਾਂ ਸੁਣਦੇ ਹੋ।”—ਲੂਕਾ 8:18.

1, 2. ਪ੍ਰਚਾਰ ਦੌਰਾਨ ਲੋਕਾਂ ਨਾਲ ਪੇਸ਼ ਆਉਣ ਦੇ ਯਿਸੂ ਦੇ ਤਰੀਕਿਆਂ ਵੱਲ ਸਾਨੂੰ ਧਿਆਨ ਦੇਣ ਦੀ ਕਿਉਂ ਲੋੜ ਹੈ?

ਚੇਲੇ ਬਣਾਉਣ ਵਿਚ ਮਾਹਰ ਗੁਰੂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਚੌਕਸ ਰਹੋ ਜੋ ਕਿਸ ਤਰਾਂ ਸੁਣਦੇ ਹੋ।” (ਲੂਕਾ 8:16-18) ਸਾਨੂੰ ਵੀ ਸੇਵਕਾਈ ਵਿਚ ਧਿਆਨ ਨਾਲ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ। ਜੇ ਅਸੀਂ ਪਰਮੇਸ਼ੁਰ ਦੀ ਸਿੱਖਿਆ ਵੱਲ ਧਿਆਨ ਦੇਵਾਂਗੇ, ਤਾਂ ਅਸੀਂ ਉਸ ਨੂੰ ਲਾਗੂ ਕਰ ਕੇ ਵਧੀਆ ਤਰੀਕੇ ਨਾਲ ਪ੍ਰਚਾਰ ਕਰ ਸਕਾਂਗੇ। ਇਹ ਸੱਚ ਹੈ ਕਿ ਅਸੀਂ ਅੱਜ ਯਿਸੂ ਦੇ ਬੋਲ ਸੁਣ ਨਹੀਂ ਸਕਦੇ, ਪਰ ਅਸੀਂ ਬਾਈਬਲ ਵਿਚ ਉਸ ਦੀਆਂ ਗੱਲਾਂ ਤੇ ਕਰਨੀਆਂ ਬਾਰੇ ਪੜ੍ਹ ਸਕਦੇ ਹਾਂ। ਇਨ੍ਹਾਂ ਗੱਲਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਪ੍ਰਚਾਰ ਦੌਰਾਨ ਯਿਸੂ ਲੋਕਾਂ ਨਾਲ ਕਿਵੇਂ ਪੇਸ਼ ਆਇਆ ਸੀ।

2 ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਯਿਸੂ ਮਾਹਰ ਸੀ। ਉਹ ਵਧੀਆ ਤਰੀਕੇ ਨਾਲ ਪਰਮੇਸ਼ੁਰ ਦੀ ਸਿੱਖਿਆ ਦਿੰਦਾ ਸੀ। (ਲੂਕਾ 8:1; ਯੂਹੰਨਾ 8:28) ਚੇਲੇ ਬਣਾਉਣ ਦੇ ਕੰਮ ਵਿਚ ਪ੍ਰਚਾਰ ਕਰਨਾ ਤੇ ਸਿੱਖਿਆ ਦੇਣੀ ਦੋਵੇਂ ਸ਼ਾਮਲ ਹਨ। ਪਰ ਸਾਡੇ ਵਿੱਚੋਂ ਕੁਝ ਅਜਿਹੇ ਹਨ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਪ੍ਰਚਾਰ ਕਰਨਾ ਤਾਂ ਆਉਂਦਾ ਹੈ, ਪਰ ਪ੍ਰਭਾਵਕਾਰੀ ਤਰੀਕੇ ਨਾਲ ਸਿਖਾਉਣਾ ਨਹੀਂ ਆਉਂਦਾ। ਪ੍ਰਚਾਰ ਕਰਦਿਆਂ ਅਸੀਂ ਲੋਕਾਂ ਨੂੰ ਸੰਦੇਸ਼ ਤਾਂ ਸੁਣਾਉਂਦੇ ਹਾਂ, ਪਰ ਉਨ੍ਹਾਂ ਨੂੰ ਯਹੋਵਾਹ ਤੇ ਉਸ ਦੇ ਮਕਸਦ ਬਾਰੇ ਸਿਖਾਉਣ ਲਈ ਉਨ੍ਹਾਂ ਦੇ ਨਾਲ ਦੋਸਤੀ ਕਰਨੀ ਵੀ ਜ਼ਰੂਰੀ ਹੈ। (ਮੱਤੀ 28:19, 20) ਜੇ ਅਸੀਂ ਚੇਲੇ ਬਣਾਉਣ ਵਿਚ ਸਭ ਤੋਂ ਮਾਹਰ ਗੁਰੂ ਯਿਸੂ ਮਸੀਹ ਦੀ ਰੀਸ ਕਰਾਂਗੇ, ਤਾਂ ਅਸੀਂ ਇਸ ਤਰ੍ਹਾਂ ਕਰ ਸਕਾਂਗੇ।—ਯੂਹੰਨਾ 13:13.

3. ਚੇਲੇ ਬਣਾਉਣ ਦੇ ਕੰਮ ਵਿਚ ਯਿਸੂ ਦੀ ਰੀਸ ਕਰਨ ਨਾਲ ਸਾਨੂੰ ਕਿਹੜੇ ਫ਼ਾਇਦੇ ਹੋ ਸਕਦੇ ਹਨ?

3 ਯਿਸੂ ਦੇ ਸਿਖਾਉਣ ਦੇ ਤਰੀਕਿਆਂ ਨੂੰ ਅਪਣਾ ਕੇ ਅਸੀਂ ਪੌਲੁਸ ਰਸੂਲ ਦੀ ਸਲਾਹ ਤੇ ਚੱਲ ਰਹੇ ਹੋਵਾਂਗੇ: “ਤੁਸੀਂ ਸਮੇਂ ਨੂੰ ਲਾਹਾ ਜਾਣ ਕੇ ਬਾਹਰਲਿਆਂ ਦੇ ਅੱਗੇ ਹੋਸ਼ ਨਾਲ ਚੱਲੋ। ਤੁਹਾਡੀ ਗੱਲ ਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ ਤਾਂ ਜੋ ਤੁਸੀਂ ਜਾਣੋ ਭਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ।” (ਕੁਲੁੱਸੀਆਂ 4:5, 6) ਚੇਲੇ ਬਣਾਉਣ ਦੇ ਕੰਮ ਵਿਚ ਯਿਸੂ ਦੀ ਰੀਸ ਕਰਨੀ ਸੌਖੀ ਨਹੀਂ, ਪਰ ਜੇ ਅਸੀਂ ਮਿਹਨਤ ਕਰਾਂਗੇ, ਤਾਂ ਅਸੀਂ ਵਧੀਆ ਤਰੀਕੇ ਨਾਲ ਸਿੱਖਿਆ ਦੇ ਸਕਾਂਗੇ ਤੇ ਲੋਕਾਂ ਦੀਆਂ ਲੋੜਾਂ ਮੁਤਾਬਕ ‘ਹਰੇਕ ਨੂੰ ਉੱਤਰ ਦੇ’ ਸਕਾਂਗੇ।

ਯਿਸੂ ਨੇ ਦੂਸਰਿਆਂ ਨੂੰ ਆਪਣੇ ਵਿਚਾਰ ਦੱਸਣ ਲਈ ਉਤਸ਼ਾਹਿਤ ਕੀਤਾ

4. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ ਦੂਸਰਿਆਂ ਦੀ ਗੱਲ ਧਿਆਨ ਨਾਲ ਸੁਣਦਾ ਸੀ?

4 ਬਚਪਨ ਤੋਂ ਹੀ ਯਿਸੂ ਦੀ ਆਦਤ ਸੀ ਕਿ ਉਹ ਲੋਕਾਂ ਦੀ ਗੱਲ ਸੁਣਦਾ ਸੀ ਤੇ ਉਨ੍ਹਾਂ ਨੂੰ ਆਪਣੇ ਵਿਚਾਰ ਦੱਸਣ ਲਈ ਉਤਸ਼ਾਹਿਤ ਕਰਦਾ ਸੀ। ਮਿਸਾਲ ਲਈ, ਜਦ ਯਿਸੂ ਬਾਰਾਂ ਸਾਲਾਂ ਦਾ ਸੀ, ਤਾਂ ਉਸ ਦੇ ਮਾਪਿਆਂ ਨੇ ਉਸ ਨੂੰ ਯਹੂਦੀ ਗੁਰੂਆਂ ਨਾਲ ਹੈਕਲ ਵਿਚ ਬੈਠਾ “ਉਨ੍ਹਾਂ ਦੀ ਸੁਣਦਿਆਂ ਅਤੇ ਉਨ੍ਹਾਂ ਤੋਂ ਪ੍ਰਸ਼ਨ ਕਰਦਿਆਂ” ਲੱਭਾ। (ਲੂਕਾ 2:46) ਯਿਸੂ ਹੈਕਲ ਵਿਚ ਆਪਣੇ ਗਿਆਨ ਨਾਲ ਧਾਰਮਿਕ ਆਗੂਆਂ ਨੂੰ ਸ਼ਰਮਿੰਦਾ ਕਰਨ ਨਹੀਂ ਗਿਆ ਸੀ। ਉਹ ਉੱਥੇ ਸੁਣਨ ਗਿਆ ਸੀ, ਚਾਹੇ ਉਸ ਨੇ ਸਵਾਲ ਵੀ ਪੁੱਛੇ ਸਨ। ਹੋ ਸਕਦਾ ਹੈ ਕਿ ਦੂਸਰਿਆਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨ ਕਰਕੇ ਉਸ ਉੱਤੇ ਪਰਮੇਸ਼ੁਰ ਅਤੇ ਮਨੁੱਖਾਂ ਦੀ ਕਿਰਪਾ ਸੀ।—ਲੂਕਾ 2:52.

5, 6. ਸਾਨੂੰ ਕਿੱਦਾਂ ਪਤਾ ਹੈ ਕਿ ਯਿਸੂ ਸਿੱਖਿਆ ਦਿੰਦੇ ਵੇਲੇ ਲੋਕਾਂ ਦੀਆਂ ਗੱਲਾਂ ਧਿਆਨ ਨਾਲ ਸੁਣਦਾ ਸੀ?

5 ਆਪਣੇ ਬਪਤਿਸਮੇ ਅਤੇ ਮਸੀਹਾ ਵਜੋਂ ਮਸਹ ਹੋਣ ਤੋਂ ਬਾਅਦ ਵੀ ਯਿਸੂ ਲੋਕਾਂ ਦੀਆਂ ਗੱਲਾਂ ਸੁਣਨ ਵਿਚ ਦਿਲਚਸਪੀ ਦਿਖਾਉਂਦਾ ਰਿਹਾ। ਉਹ ਸਿੱਖਿਆ ਦੇਣ ਵਿਚ ਇੰਨਾ ਨਹੀਂ ਰੁੱਝ ਜਾਂਦਾ ਸੀ ਕਿ ਦੂਜਿਆਂ ਦੀ ਸੁਣਨ ਲਈ ਉਸ ਕੋਲ ਸਮਾਂ ਹੀ ਨਹੀਂ ਸੀ ਬਚਦਾ। ਉਹ ਕੋਈ ਗੱਲ ਕਹਿਣ ਤੋਂ ਬਾਅਦ ਅਕਸਰ ਆਪਣੇ ਸੁਣਨ ਵਾਲਿਆਂ ਨੂੰ ਆਪਣੇ ਵਿਚਾਰ ਜ਼ਾਹਰ ਕਰਨ ਲਈ ਕਹਿੰਦਾ ਸੀ ਤੇ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਦਾ ਸੀ। (ਮੱਤੀ 16:13-15) ਮਿਸਾਲ ਲਈ, ਮਾਰਥਾ ਦੇ ਭਰਾ ਲਾਜ਼ਰ ਦੀ ਮੌਤ ਤੋਂ ਬਾਅਦ ਯਿਸੂ ਨੇ ਮਾਰਥਾ ਨੂੰ ਕਿਹਾ: “ਹਰ ਕੋਈ ਜਿਹੜਾ ਜੀਉਂਦਾ ਹੈ ਅਰ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਸਦੀਪਕਾਲ ਤੀਕੁ ਕਦੇ ਨਾ ਮਰੇਗਾ।” ਫਿਰ ਯਿਸੂ ਨੇ ਉਸ ਨੂੰ ਪੁੱਛਿਆ: “ਕੀ ਤੂੰ ਇਸ ਗੱਲ ਦੀ ਪਰਤੀਤ ਕਰਦੀ ਹੈਂ?” ਇਸ ਵਿਚ ਕੋਈ ਸ਼ੱਕ ਨਹੀਂ ਕਿ ਯਿਸੂ ਨੇ ਧਿਆਨ ਨਾਲ ਮਾਰਥਾ ਦਾ ਇਹ ਜਵਾਬ ਸੁਣਿਆ: “ਹਾਂ, ਪ੍ਰਭੁ ਮੈਂ ਪਰਤੀਤ ਕੀਤੀ ਹੈ ਜੋ ਤੂੰ ਹੀ ਮਸੀਹ ਹੈਂ ਪਰਮੇਸ਼ੁਰ ਦਾ ਪੁੱਤ੍ਰ।” (ਯੂਹੰਨਾ 11:26, 27) ਯਿਸੂ ਕਿੰਨਾ ਖ਼ੁਸ਼ ਹੋਇਆ ਹੋਣਾ ਜਦ ਉਸ ਨੇ ਮਾਰਥਾ ਨੂੰ ਇਸ ਤਰ੍ਹਾਂ ਆਪਣਾ ਵਿਸ਼ਵਾਸ ਜ਼ਾਹਰ ਕਰਦਿਆਂ ਸੁਣਿਆ!

6 ਜਦ ਯਿਸੂ ਦੇ ਬਹੁਤ ਸਾਰੇ ਚੇਲੇ ਉਸ ਨੂੰ ਛੱਡ ਕੇ ਚਲੇ ਗਏ ਸਨ, ਤਾਂ ਉਸ ਨੇ ਆਪਣੇ ਰਸੂਲਾਂ ਦਾ ਵਿਚਾਰ ਜਾਣਨਾ ਚਾਹਿਆ। ਇਸ ਲਈ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ: “ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ?” ਸ਼ਮਊਨ ਪਤਰਸ ਨੇ ਜਵਾਬ ਦਿੱਤਾ: “ਪ੍ਰਭੁ ਜੀ ਅਸੀਂ ਕਿਹ ਦੇ ਕੋਲ ਜਾਈਏ? ਸਦੀਪਕ ਜੀਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ ਅਰ ਅਸਾਂ ਤਾਂ ਨਿਹਚਾ ਕੀਤੀ ਅਤੇ ਜਾਣਿਆ ਹੈ ਕਿ ਤੂੰ ਪਰਮੇਸ਼ੁਰ ਦਾ ਪਵਿੱਤ੍ਰ ਪੁਰਖ ਹੈਂ।” (ਯੂਹੰਨਾ 6:66-69) ਇਹ ਸੁਣ ਕੇ ਯਿਸੂ ਕਿੰਨਾ ਖ਼ੁਸ਼ ਹੋਇਆ ਹੋਣਾ! ਤੁਹਾਨੂੰ ਵੀ ਬਹੁਤ ਖ਼ੁਸ਼ੀ ਹੋਵੇਗੀ ਜਦ ਤੁਹਾਡਾ ਵਿਦਿਆਰਥੀ ਇਸ ਤਰ੍ਹਾਂ ਆਪਣਾ ਵਿਸ਼ਵਾਸ ਪ੍ਰਗਟ ਕਰੇਗਾ।

ਯਿਸੂ ਨੇ ਦੂਸਰਿਆਂ ਦਾ ਆਦਰ ਕੀਤਾ

7. ਕਈ ਸਾਮਰੀਆਂ ਨੇ ਯਿਸੂ ਵਿਚ ਵਿਸ਼ਵਾਸ ਕਿਉਂ ਕੀਤਾ ਸੀ?

7 ਇਕ ਹੋਰ ਗੱਲ ਕਰਕੇ ਯਿਸੂ ਚੇਲੇ ਬਣਾਉਣ ਦੇ ਕੰਮ ਵਿਚ ਇੰਨਾ ਪ੍ਰਭਾਵਸ਼ਾਲੀ ਸੀ। ਉਹ ਲੋਕਾਂ ਦੀ ਪਰਵਾਹ ਤੇ ਉਨ੍ਹਾਂ ਦਾ ਆਦਰ ਕਰਦਾ ਸੀ। ਉਦਾਹਰਣ ਲਈ, ਇਕ ਵਾਰ ਯਿਸੂ ਨੇ ਸੁਖਾਰ ਨਗਰ ਦੇ ਨੇੜੇ ਯਾਕੂਬ ਦੇ ਖੂਹ ਤੇ ਇਕ ਸਾਮਰੀ ਤੀਵੀਂ ਨਾਲ ਗੱਲਬਾਤ ਸ਼ੁਰੂ ਕੀਤੀ। ਪਰ ਇਸ ਗੱਲਬਾਤ ਦੌਰਾਨ, ਯਿਸੂ ਨੇ ਉਸ ਤੀਵੀਂ ਨੂੰ ਵੀ ਗੱਲ ਕਰਨ ਦਾ ਮੌਕਾ ਦਿੱਤਾ ਤੇ ਉਸ ਦੀ ਗੱਲ ਧਿਆਨ ਨਾਲ ਸੁਣੀ। ਉਸ ਤੀਵੀਂ ਦੀਆਂ ਗੱਲਾਂ ਤੋਂ ਯਿਸੂ ਨੂੰ ਪਤਾ ਚੱਲਿਆ ਕਿ ਉਹ ਭਗਤੀ ਕਰਨ ਸੰਬੰਧੀ ਗੱਲਾਂ ਵਿਚ ਬਹੁਤ ਦਿਲਚਸਪੀ ਰੱਖਦੀ ਸੀ ਤੇ ਯਿਸੂ ਨੇ ਉਸ ਨੂੰ ਦੱਸਿਆ ਕਿ ਪਰਮੇਸ਼ੁਰ ਸੱਚਾਈ ਅਤੇ ਆਤਮਾ ਨਾਲ ਭਗਤੀ ਕਰਨ ਵਾਲੇ ਭਗਤਾਂ ਨੂੰ ਚਾਹੁੰਦਾ ਹੈ। ਯਿਸੂ ਨੇ ਇਸ ਤੀਵੀਂ ਦਾ ਆਦਰ ਕੀਤਾ ਤੇ ਉਸ ਦੀਆਂ ਗੱਲਾਂ ਵਿਚ ਦਿਲਚਸਪੀ ਲਈ। ਨਤੀਜੇ ਵਜੋਂ, ਉਸ ਤੀਵੀਂ ਨੇ ਯਿਸੂ ਬਾਰੇ ਹੋਰਨਾਂ ਨੂੰ ਜਾ ਕੇ ਦੱਸਿਆ ਤੇ “ਉਸ ਨਗਰ ਦੇ ਸਾਮਰੀਆਂ ਵਿੱਚੋਂ ਬਹੁਤਿਆਂ ਨੇ ਉਸ ਤੀਵੀਂ ਦੇ ਕਹਿਣੇ ਕਰਕੇ ਉਸ ਉੱਤੇ ਨਿਹਚਾ ਕੀਤੀ।”—ਯੂਹੰਨਾ 4:5-29, 39-42.

8. ਲੋਕਾਂ ਦਾ ਆਪਣੇ ਵਿਚਾਰ ਪ੍ਰਗਟ ਕਰਨ ਦਾ ਝੁਕਾਅ ਉਨ੍ਹਾਂ ਨਾਲ ਗੱਲਬਾਤ ਸ਼ੁਰੂ ਕਰਨ ਵਿਚ ਸਾਡੀ ਕਿਵੇਂ ਮਦਦ ਕਰ ਸਕਦਾ ਹੈ?

8 ਆਮ ਤੌਰ ਤੇ ਲੋਕ ਆਪਣੇ ਵਿਚਾਰ ਪ੍ਰਗਟ ਕਰਨੇ ਚਾਹੁੰਦੇ ਹਨ। ਮਿਸਾਲ ਲਈ, ਪ੍ਰਾਚੀਨ ਅਥੇਨੈ (ਐਥਿਨਜ਼) ਦੇ ਲੋਕਾਂ ਨੂੰ ਨਵੀਆਂ-ਨਵੀਆਂ ਗੱਲਾਂ ਸੁਣਨ ਅਤੇ ਸੁਣਾਉਣ ਦਾ ਸ਼ੌਕ ਸੀ। ਇਸ ਕਰਕੇ ਪੌਲੁਸ ਰਸੂਲ ਉਸ ਸ਼ਹਿਰ ਵਿਚ ਅਰਿਯੁਪਗੁਸ ਨਾਂ ਦੀ ਪਹਾੜੀ ਤੇ ਵਧੀਆ ਭਾਸ਼ਣ ਦੇ ਸਕਿਆ। (ਰਸੂਲਾਂ ਦੇ ਕਰਤੱਬ 17:18-34) ਤੁਸੀਂ ਅੱਜ ਆਪਣੀ ਸੇਵਕਾਈ ਵਿਚ ਕਿਸੇ ਨਾਲ ਗੱਲਬਾਤ ਸ਼ੁਰੂ ਕਰਨ ਲਈ ਸ਼ਾਇਦ ਕਹਿ ਸਕਦੇ ਹੋ, “ਮੈਂ ਇਕ ਵਿਸ਼ੇ [ਕੋਈ ਵਿਸ਼ਾ ਦੱਸੋ] ਬਾਰੇ ਤੁਹਾਡੀ ਰਾਇ ਜਾਣਨੀ ਚਾਹੁੰਦਾ ਸਾਂ।” ਧਿਆਨ ਨਾਲ ਉਸ ਵਿਅਕਤੀ ਦਾ ਜਵਾਬ ਸੁਣਨ ਤੋਂ ਬਾਅਦ ਉਸ ਉੱਤੇ ਟਿੱਪਣੀ ਕਰੋ ਜਾਂ ਕੋਈ ਸਵਾਲ ਪੁੱਛੋ। ਫਿਰ ਉਸ ਨੂੰ ਦਿਖਾਓ ਕਿ ਬਾਈਬਲ ਉਸ ਵਿਸ਼ੇ ਬਾਰੇ ਕੀ ਕਹਿੰਦੀ ਹੈ।

ਯਿਸੂ ਗੱਲਬਾਤ ਸ਼ੁਰੂ ਕਰਨੀ ਜਾਣਦਾ ਸੀ

9. ‘ਪੁਸਤਕਾਂ ਦਾ ਅਰਥ ਖੋਲ੍ਹ ਕੇ’ ਸਮਝਾਉਣ ਤੋਂ ਪਹਿਲਾਂ ਯਿਸੂ ਨੇ ਕਲਿਉਪਸ ਤੇ ਉਸ ਦੇ ਸਾਥੀ ਨੂੰ ਕੀ ਕਰਨ ਦਾ ਮੌਕਾ ਦਿੱਤਾ?

9 ਯਿਸੂ ਨਾਲ ਕਦੇ ਇਸ ਤਰ੍ਹਾਂ ਨਹੀਂ ਹੋਇਆ ਕਿ ਉਸ ਨੂੰ ਪਤਾ ਨਹੀਂ ਸੀ ਕਿ ਉਸ ਨੇ ਕੀ ਕਹਿਣਾ ਹੈ। ਉਹ ਲੋਕਾਂ ਦੀ ਗੱਲ ਸੁਣਨ ਦੇ ਨਾਲ-ਨਾਲ, ਇਹ ਵੀ ਭਾਂਪ ਲੈਂਦਾ ਸੀ ਕਿ ਉਹ ਸੋਚ ਕੀ ਰਹੇ ਸਨ, ਇਸ ਲਈ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਨੂੰ ਕੀ ਕਹਿਣਾ ਚਾਹੀਦਾ ਹੈ। (ਮੱਤੀ 9:4; 12:22-30; ਲੂਕਾ 9:46, 47) ਉਦਾਹਰਣ ਲਈ, ਯਿਸੂ ਦੇ ਜੀ ਉੱਠਣ ਤੋਂ ਕੁਝ ਸਮੇਂ ਬਾਅਦ ਉਸ ਦੇ ਦੋ ਚੇਲੇ ਯਰੂਸ਼ਲਮ ਤੋਂ ਇੰਮਊਸ ਨਾਂ ਦੇ ਪਿੰਡ ਨੂੰ ਜਾ ਰਹੇ ਸਨ। ਲੂਕਾ ਦਾ ਬਿਰਤਾਂਤ ਦੱਸਦਾ ਹੈ: “ਐਉਂ ਹੋਇਆ ਕਿ ਜਾਂ ਓਹ ਗੱਲ ਬਾਤ ਅਰ ਚਰਚਾ ਕਰਦੇ ਸਨ ਤਾਂ ਯਿਸੂ ਆਪ ਨੇੜੇ ਆਣ ਕੇ ਉਨ੍ਹਾਂ ਦੇ ਨਾਲ ਤੁਰਿਆ ਗਿਆ। ਪਰ ਉਨ੍ਹਾਂ ਦੇ ਨੇਤਰ ਬੰਦ ਕੀਤੇ ਗਏ ਸਨ ਭਈ ਉਹ ਨੂੰ ਨਾ ਸਿਆਣਨ। ਉਸ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਤੁਰੇ ਜਾਂਦੇ ਏਹ ਕੀ ਗੱਲਾਂ ਆਪੋ ਵਿੱਚ ਕਰਦੇ ਹੋ? ਤਾਂ ਓਹ ਉਦਾਸ ਹੋ ਕੇ ਖਲੋ ਗਏ। ਤਦ ਕਲਿਉਪਸ ਨਾਉਂ ਦੇ ਇੱਕ ਨੇ ਉਹ ਨੂੰ ਉੱਤਰ ਦਿੱਤਾ, ਭਲਾ, ਤੂੰਏਂ ਕੱਲਾ ਯਰੂਸ਼ਲਮ ਵਿੱਚ ਓਪਰਾ ਹੈਂ ਅਤੇ ਅੱਜ ਕੱਲ ਜਿਹੜੀਆਂ ਵਾਰਤਾਂ ਉਸ ਵਿੱਚ ਬੀਤੀਆਂ ਹਨ ਨਹੀਂ ਜਾਣਦਾ ਹੈਂ? ਉਸ ਨੇ ਉਨ੍ਹਾਂ ਨੂੰ ਕਿਹਾ, ਕਿਹੜੀਆਂ ਵਾਰਤਾਂ?” ਫਿਰ ਮਹਾਨ ਗੁਰੂ ਯਿਸੂ ਨੇ ਉਨ੍ਹਾਂ ਦੀ ਸਾਰੀ ਗੱਲ ਸੁਣੀ ਜਦ ਉਨ੍ਹਾਂ ਨੇ ਸਮਝਾਇਆ ਕਿ ਯਿਸੂ ਨਾਸਰੀ ਨੇ ਲੋਕਾਂ ਨੂੰ ਸਿੱਖਿਆ ਦਿੱਤੀ, ਚਮਤਕਾਰ ਕੀਤੇ ਤੇ ਫਿਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਲੋਕ ਇਹ ਵੀ ਕਹਿ ਰਹੇ ਸਨ ਕਿ ਯਿਸੂ ਨੂੰ ਮੁੜ ਜ਼ਿੰਦਾ ਕੀਤਾ ਗਿਆ ਸੀ। ਇਸ ਤਰ੍ਹਾਂ ਯਿਸੂ ਨੇ ਕਲਿਉਪਸ ਤੇ ਉਸ ਦੇ ਸਾਥੀ ਨੂੰ ਆਪਣੇ ਵਿਚਾਰ ਦੱਸਣ ਦਾ ਮੌਕਾ ਦਿੱਤਾ। ਫਿਰ ਉਸ ਨੇ ‘ਪੁਸਤਕਾਂ ਦਾ ਅਰਥ ਖੋਲ੍ਹ ਕੇ’ ਉਨ੍ਹਾਂ ਨੂੰ ਜ਼ਰੂਰੀ ਗੱਲਾਂ ਸਮਝਾਈਆਂ।—ਲੂਕਾ 24:13-27, 32.

10. ਪ੍ਰਚਾਰ ਦੌਰਾਨ ਲੋਕਾਂ ਦੇ ਧਾਰਮਿਕ ਵਿਚਾਰ ਜਾਣਨ ਲਈ ਤੁਸੀਂ ਕੀ ਕਰ ਸਕਦੇ ਹੋ?

10 ਤੁਹਾਨੂੰ ਸ਼ਾਇਦ ਅਜਿਹਾ ਕੋਈ ਵਿਅਕਤੀ ਮਿਲੇ ਜਿਸ ਦੇ ਧਾਰਮਿਕ ਖ਼ਿਆਲਾਂ ਬਾਰੇ ਤੁਸੀਂ ਕੁਝ ਨਹੀਂ ਜਾਣਦੇ। ਇਹ ਪਤਾ ਕਰਨ ਲਈ ਤੁਸੀਂ ਉਸ ਨੂੰ ਕਹਿ ਸਕਦੇ ਹੋ ਕਿ ਤੁਸੀਂ ਪ੍ਰਾਰਥਨਾ ਬਾਰੇ ਲੋਕਾਂ ਦੇ ਵਿਚਾਰ ਜਾਣਨਾ ਚਾਹੁੰਦੇ ਹੋ। ਫਿਰ ਤੁਸੀਂ ਪੁੱਛ ਸਕਦੇ ਹੋ, “ਕੀ ਤੁਹਾਨੂੰ ਲੱਗਦਾ ਹੈ ਕਿ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਨ ਵਾਲਾ ਕੋਈ ਹੈ?” ਉਸ ਦੇ ਜਵਾਬ ਤੋਂ ਸਾਨੂੰ ਉਸ ਦੇ ਵਿਚਾਰਾਂ ਤੇ ਧਰਮ ਬਾਰੇ ਪਤਾ ਲੱਗ ਸਕਦਾ ਹੈ। ਜੇ ਉਹ ਧਾਰਮਿਕ ਗੱਲਾਂ ਵਿਚ ਰੁਚੀ ਰੱਖਦਾ ਹੈ, ਤਾਂ ਸ਼ਾਇਦ ਉਸ ਦੇ ਖ਼ਿਆਲਾਂ ਬਾਰੇ ਹੋਰ ਜਾਣਨ ਲਈ ਤੁਸੀਂ ਪੁੱਛ ਸਕਦੇ ਹੋ, “ਕੀ ਤੁਹਾਨੂੰ ਲੱਗਦਾ ਹੈ ਕਿ ਪਰਮੇਸ਼ੁਰ ਸਾਰਿਆਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ ਜਾਂ ਕੀ ਇੱਦਾਂ ਹੋ ਸਕਦਾ ਹੈ ਕਿ ਕੁਝ ਪ੍ਰਾਰਥਨਾਵਾਂ ਉਸ ਨੂੰ ਪਸੰਦ ਨਹੀਂ?” ਅਜਿਹੇ ਸਵਾਲ ਪੁੱਛਣ ਨਾਲ ਸ਼ਾਇਦ ਤੁਸੀਂ ਲੋਕਾਂ ਦੇ ਨਾਲ ਵਧੀਆ ਗੱਲਬਾਤ ਕਰ ਸਕੋ। ਜਦ ਤੁਹਾਨੂੰ ਬਾਈਬਲ ਵਿੱਚੋਂ ਹਵਾਲਾ ਦਿਖਾਉਣ ਦਾ ਮੌਕਾ ਮਿਲੇ, ਤਾਂ ਸਮਝ ਤੋਂ ਕੰਮ ਲਓ ਤੇ ਇਸ ਮੌਕੇ ਨੂੰ ਉਨ੍ਹਾਂ ਦੇ ਵਿਸ਼ਵਾਸਾਂ ਨੂੰ ਝੁਠਲਾਉਣ ਲਈ ਨਾ ਵਰਤੋ। ਜੇ ਉਨ੍ਹਾਂ ਨੂੰ ਤੁਹਾਡੀ ਗੱਲਬਾਤ ਚੰਗੀ ਲੱਗੇ, ਤਾਂ ਸ਼ਾਇਦ ਉਹ ਤੁਹਾਨੂੰ ਦੁਬਾਰਾ ਆਉਣ ਲਈ ਕਹਿਣ। ਪਰ ਤੁਹਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜਦ ਉਹ ਤੁਹਾਨੂੰ ਅਜਿਹਾ ਕੋਈ ਸਵਾਲ ਪੁੱਛਣ ਜਿਸ ਦਾ ਜਵਾਬ ਤੁਸੀਂ ਨਹੀਂ ਜਾਣਦੇ? ਤੁਸੀਂ ਸਵਾਲ ਤੇ ਰੀਸਰਚ ਕਰ ਕੇ ਵਾਪਸ ਜਾ ਸਕਦੇ ਹੋ। ਇਸ ਤਰ੍ਹਾਂ ਤੁਸੀਂ ਨਰਮਾਈ ਤੇ ਆਦਰ ਨਾਲ ‘ਆਪਣੀ ਆਸ ਦਾ ਕਾਰਨ ਦੇਣ’ ਲਈ ਚੰਗੀ ਤਰ੍ਹਾਂ ਤਿਆਰ ਹੋਵੋਗੇ।—1 ਪਤਰਸ 3:15.

ਯਿਸੂ ਨੇ ਸੱਚਾਈ ਸਿੱਖਣ ਦੇ ਲਾਇਕ ਲੋਕਾਂ ਨੂੰ ਸਿਖਾਇਆ

11. ਸੱਚਾਈ ਸਿੱਖਣ ਦੇ ਲਾਇਕ ਲੋਕਾਂ ਦੀ ਭਾਲ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

11 ਯਿਸੂ ਮੁਕੰਮਲ ਸੀ ਜਿਸ ਕਰਕੇ ਉਹ ਲੋਕਾਂ ਨੂੰ ਦੇਖ ਕੇ ਭਾਂਪ ਲੈਂਦਾ ਸੀ ਕਿ ਕਿਹੜੇ ਲੋਕ ਉਸ ਤੋਂ ਸਿੱਖਿਆ ਲੈਣੀ ਚਾਹੁੰਦੇ ਸਨ। ਪਰ ਸਾਡੇ ਲਈ ਅਜਿਹੇ ਲੋਕਾਂ ਨੂੰ ਲੱਭਣਾ ਮੁਸ਼ਕਲ ਹੈ। ਯਿਸੂ ਦੇ ਰਸੂਲਾਂ ਲਈ ਵੀ ਇਹ ਕੰਮ ਸੌਖਾ ਨਹੀਂ ਸੀ। ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਨਗਰਾਂ ਜਾਂ ਪਿੰਡਾਂ ਵਿਚ ਜਾ ਕੇ ਸੱਚਾਈ ਸਿੱਖਣ ਦੇ ਲਾਇਕ ਲੋਕਾਂ ਦੀ ਭਾਲ ਕਰਨ। (ਮੱਤੀ 10:11) ਯਿਸੂ ਦੇ ਰਸੂਲਾਂ ਵਾਂਗ ਸਾਨੂੰ ਵੀ ਅਜਿਹੇ ਲੋਕਾਂ ਦੀ ਭਾਲ ਕਰਨੀ ਚਾਹੀਦੀ ਹੈ ਜੋ ਬਾਈਬਲ ਦੇ ਸੰਦੇਸ਼ ਨੂੰ ਸੁਣਨਾ ਚਾਹੁੰਦੇ ਹਨ। ਅਸੀਂ ਘਰ-ਘਰ ਜਾ ਕੇ ਲੋਕਾਂ ਦੀ ਗੱਲ ਧਿਆਨ ਨਾਲ ਸੁਣ ਕੇ ਦੇਖਦੇ ਹਾਂ ਕਿ ਉਹ ਸਾਡੀ ਗੱਲ ਸੁਣਨ ਲਈ ਤਿਆਰ ਹਨ ਕਿ ਨਹੀਂ।

12. ਬਾਈਬਲ ਦੇ ਸੰਦੇਸ਼ ਵਿਚ ਰੁਚੀ ਦਿਖਾਉਣ ਵਾਲੇ ਵਿਅਕਤੀ ਦੀ ਅਸੀਂ ਕਿੱਦਾਂ ਮਦਦ ਕਰਦੇ ਰਹਿ ਸਕਦੇ ਹਾਂ?

12 ਪਰਮੇਸ਼ੁਰ ਦੇ ਰਾਜ ਦੇ ਸੰਦੇਸ਼ ਵਿਚ ਰੁਚੀ ਦਿਖਾਉਣ ਵਾਲੇ ਵਿਅਕਤੀ ਨਾਲ ਗੱਲ ਕਰਨ ਤੋਂ ਬਾਅਦ ਚੰਗਾ ਹੋਵੇਗਾ ਜੇ ਅਸੀਂ ਉਸ ਬਾਰੇ ਸੋਚਦੇ ਰਹੀਏ। ਇਸ ਤਰ੍ਹਾਂ ਕਰਨ ਨਾਲ ਅਸੀਂ ਨਿਸ਼ਚਿਤ ਕਰ ਸਕਾਂਗੇ ਕਿ ਉਸ ਨੂੰ ਬਾਈਬਲ ਦੀ ਕਿਹੜੀ ਸੱਚਾਈ ਸਿੱਖਣ ਦੀ ਲੋੜ ਹੈ। ਉਸ ਨਾਲ ਗੱਲਬਾਤ ਕਰਨ ਤੋਂ ਬਾਅਦ ਜੇ ਅਸੀਂ ਉਸ ਬਾਰੇ ਪਤਾ ਲੱਗੀਆਂ ਗੱਲਾਂ ਲਿਖ ਲਈਏ, ਤਾਂ ਅਸੀਂ ਵਾਪਸ ਜਾ ਕੇ ਉਸ ਦੀ ਹੋਰ ਮਦਦ ਕਰ ਸਕਾਂਗੇ। ਅਗਲੀਆਂ ਮੁਲਾਕਾਤਾਂ ਦੌਰਾਨ ਵੀ ਸਾਨੂੰ ਉਸ ਦੀ ਗੱਲ ਧਿਆਨ ਨਾਲ ਸੁਣਨ ਦੀ ਲੋੜ ਹੈ ਤਾਂਕਿ ਅਸੀਂ ਉਸ ਦੇ ਵਿਸ਼ਵਾਸਾਂ, ਰਵੱਈਏ ਜਾਂ ਹਾਲਾਤਾਂ ਬਾਰੇ ਹੋਰ ਜਾਣ ਸਕੀਏ।

13. ਬਾਈਬਲ ਬਾਰੇ ਅਸੀਂ ਦੂਸਰਿਆਂ ਦੇ ਵਿਚਾਰ ਕਿਵੇਂ ਜਾਣ ਸਕਦੇ ਹਾਂ?

13 ਅਸੀਂ ਦੂਸਰਿਆਂ ਨੂੰ ਬਾਈਬਲ ਬਾਰੇ ਆਪਣੇ ਵਿਚਾਰ ਦੱਸਣ ਲਈ ਕਿਵੇਂ ਉਤਸ਼ਾਹਿਤ ਕਰ ਸਕਦੇ ਹਾਂ? ਕੁਝ ਇਲਾਕਿਆਂ ਵਿਚ ਇਹ ਸਵਾਲ ਪੁੱਛਿਆ ਜਾ ਸਕਦਾ ਹੈ: “ਕੀ ਤੁਹਾਨੂੰ ਬਾਈਬਲ ਸਮਝਣ ਵਿਚ ਮੁਸ਼ਕਲ ਆਉਂਦੀ ਹੈ?” ਇਸ ਸਵਾਲ ਦੇ ਜਵਾਬ ਤੋਂ ਅਸੀਂ ਦੇਖ ਸਕਾਂਗੇ ਕਿ ਵਿਅਕਤੀ ਰੂਹਾਨੀ ਗੱਲਾਂ ਵਿਚ ਦਿਲਚਸਪੀ ਲੈਂਦਾ ਹੈ ਜਾਂ ਨਹੀਂ। ਜਾਂ ਫਿਰ ਅਸੀਂ ਬਾਈਬਲ ਵਿੱਚੋਂ ਕੋਈ ਹਵਾਲਾ ਪੜ੍ਹ ਕੇ ਪੁੱਛ ਸਕਦੇ ਹਾਂ: “ਇਸ ਬਾਰੇ ਤੁਹਾਡਾ ਕੀ ਖ਼ਿਆਲ ਹੈ?” ਯਿਸੂ ਵਾਂਗ, ਸਵਾਲ ਪੁੱਛ ਕੇ ਅਸੀਂ ਸੇਵਕਾਈ ਵਿਚ ਵਧੀਆ ਨਤੀਜੇ ਹਾਸਲ ਕਰ ਸਕਦੇ ਹਾਂ। ਆਓ ਆਪਾਂ ਦੇਖੀਏ ਯਿਸੂ ਨੇ ਕਿਹੋ ਜਿਹੇ ਸਵਾਲ ਪੁੱਛੇ ਸਨ।

ਯਿਸੂ ਨੇ ਢੁਕਵੇਂ ਸਵਾਲ ਪੁੱਛੇ

14. ਪੁੱਛ-ਪੜਤਾਲ ਕੀਤੇ ਬਿਨਾਂ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਦੂਸਰਿਆਂ ਦੇ ਵਿਚਾਰਾਂ ਵਿਚ ਦਿਲਚਸਪੀ ਲੈਂਦੇ ਹਾਂ?

14 ਦੂਸਰਿਆਂ ਨੂੰ ਸ਼ਰਮਿੰਦਾ ਕੀਤੇ ਬਿਨਾਂ ਉਨ੍ਹਾਂ ਦੇ ਵਿਚਾਰਾਂ ਵਿਚ ਦਿਲਚਸਪੀ ਲਓ। ਯਿਸੂ ਦੀ ਰੀਸ ਕਰੋ। ਉਹ ਪੁੱਛ-ਗਿੱਛ ਕਰ ਕੇ ਜਾਂ ਕੁਚੱਜੇ ਸਵਾਲ ਪੁੱਛ ਕੇ ਲੋਕਾਂ ਦੀ ਬੇਇੱਜ਼ਤੀ ਨਹੀਂ ਕਰਦਾ ਸੀ, ਸਗੋਂ ਉਹ ਅਜਿਹੇ ਸਵਾਲ ਪੁੱਛਦਾ ਸੀ ਜੋ ਲੋਕਾਂ ਨੂੰ ਸੋਚਣ ਲਈ ਮਜਬੂਰ ਕਰਦੇ ਸਨ। ਨਾਲੇ ਯਿਸੂ ਦਿਲੋਂ ਲੋਕਾਂ ਵਿਚ ਦਿਲਚਸਪੀ ਲੈਂਦਾ ਸੀ, ਇਸ ਲਈ ਉਹ ਉਸ ਕੋਲ ਜਾਣ ਤੋਂ ਡਰਦੇ ਨਹੀਂ ਸਨ। (ਮੱਤੀ 11:28) ਹਰ ਤਰ੍ਹਾਂ ਦੇ ਲੋਕ ਬਿਨਾਂ ਝਿਜਕੇ ਆਪਣੀਆਂ ਚਿੰਤਾਵਾਂ ਲੈ ਕੇ ਉਸ ਕੋਲ ਆਉਂਦੇ ਸਨ। (ਮਰਕੁਸ 1:40; 5:35, 36; 10:13, 17, 46, 47) ਜੇ ਅਸੀਂ ਚਾਹੁੰਦੇ ਹਾਂ ਕਿ ਲੋਕ ਬਿਨਾਂ ਝਿਜਕੇ ਸਾਨੂੰ ਬਾਈਬਲ ਬਾਰੇ ਆਪਣੀ ਰਾਇ ਦੱਸਣ, ਤਾਂ ਜ਼ਰੂਰੀ ਹੈ ਕਿ ਅਸੀਂ ਬਹੁਤੀ ਪੁੱਛ-ਪੜਤਾਲ ਨਾ ਕਰੀਏ।

15, 16. ਤੁਸੀਂ ਲੋਕਾਂ ਨੂੰ ਧਾਰਮਿਕ ਮਾਮਲਿਆਂ ਬਾਰੇ ਗੱਲਬਾਤ ਕਰਨ ਲਈ ਕਿਵੇਂ ਉਤਸ਼ਾਹਿਤ ਕਰ ਸਕਦੇ ਹੋ?

15 ਪ੍ਰਭਾਵਕਾਰੀ ਸਵਾਲ ਪੁੱਛਣ ਤੋਂ ਇਲਾਵਾ, ਅਸੀਂ ਕੋਈ ਦਿਲਚਸਪ ਗੱਲ ਕਹਿ ਕੇ ਗੱਲ ਨੂੰ ਅੱਗੇ ਤੋਰ ਸਕਦੇ ਹਾਂ। ਫਿਰ ਸਾਨੂੰ ਧਿਆਨ ਨਾਲ ਜਵਾਬ ਸੁਣਨਾ ਚਾਹੀਦਾ ਹੈ। ਮਿਸਾਲ ਲਈ, ਯਿਸੂ ਨੇ ਨਿਕੁਦੇਮੁਸ ਨੂੰ ਕਿਹਾ: “ਕੋਈ ਮਨੁੱਖ ਜੇਕਰ ਨਵੇਂ ਸਿਰਿਓਂ ਨਾ ਜੰਮੇ ਪਰਮੇਸ਼ੁਰ ਦੇ ਰਾਜ ਨੂੰ ਵੇਖ ਨਹੀਂ ਸੱਕਦਾ।” (ਯੂਹੰਨਾ 3:3) ਇਸ ਗੱਲ ਨੇ ਨਿਕੁਦੇਮੁਸ ਅੰਦਰ ਇੰਨੀ ਜਿਗਿਆਸਾ ਪੈਦਾ ਕਰ ਦਿੱਤੀ ਕਿ ਉਹ ਕੁਝ ਕਹਿਣ ਤੋਂ ਬਿਨਾਂ ਰਹਿ ਨਾ ਸਕਿਆ। ਫਿਰ ਉਸ ਨੇ ਧਿਆਨ ਨਾਲ ਯਿਸੂ ਦੀ ਗੱਲ ਸੁਣੀ। (ਯੂਹੰਨਾ 3:4-20) ਅਸੀਂ ਵੀ ਅਜਿਹਾ ਤਰੀਕਾ ਵਰਤ ਕੇ ਸ਼ਾਇਦ ਲੋਕਾਂ ਨੂੰ ਆਪਣੇ ਵਿਚਾਰ ਦੱਸਣ ਲਈ ਪ੍ਰੇਰਿਤ ਕਰ ਸਕੀਏ।

16 ਅੱਜ ਦੁਨੀਆਂ ਦੇ ਕੋਨੇ-ਕੋਨੇ ਵਿਚ ਨਵੇਂ ਤੋਂ ਨਵੇਂ ਧਰਮਾਂ ਦੀ ਚਰਚਾ ਹੋ ਰਹੀ ਹੈ। ਪ੍ਰਚਾਰ ਕਰਦੇ ਵੇਲੇ ਤੁਸੀਂ ਇਸ ਤਰ੍ਹਾਂ ਗੱਲਬਾਤ ਸ਼ੁਰੂ ਕਰ ਸਕਦੇ ਹੋ: “ਅੱਜ-ਕੱਲ੍ਹ ਦੁਨੀਆਂ ਵਿਚ ਬਹੁਤ ਸਾਰੇ ਵੱਖੋ-ਵੱਖਰੇ ਧਰਮ ਹਨ। ਪਰ ਮੈਨੂੰ ਪੱਕੀ ਉਮੀਦ ਹੈ ਕਿ ਬਹੁਤ ਜਲਦ ਸਾਰੀਆਂ ਕੌਮਾਂ ਦੇ ਲੋਕ ਮਿਲ ਕੇ ਸੱਚੀ ਭਗਤੀ ਕਰਨਗੇ। ਕੀ ਤੁਸੀਂ ਇਸ ਤਰ੍ਹਾਂ ਹੁੰਦਾ ਦੇਖਣਾ ਚਾਹੁੰਦੇ ਹੋ?” ਇਸ ਤਰ੍ਹਾਂ ਆਪਣੀ ਉਮੀਦ ਬਾਰੇ ਕੋਈ ਦਿਲਚਸਪ ਗੱਲ ਕਹਿਣ ਨਾਲ ਤੁਸੀਂ ਸ਼ਾਇਦ ਲੋਕਾਂ ਨੂੰ ਆਪਣੇ ਵਿਚਾਰ ਦੱਸਣ ਲਈ ਉਤਸ਼ਾਹਿਤ ਕਰ ਸਕੋ। ਨਾਲੇ ਅਜਿਹੇ ਸਵਾਲ ਦਾ ਜਵਾਬ ਦੇਣਾ ਆਸਾਨ ਹੈ ਜਿਸ ਦਾ ਸਿਰਫ਼ ਇੱਕੋ ਜਵਾਬ ਨਾ ਹੋਵੇ। (ਮੱਤੀ 17:25) ਉਨ੍ਹਾਂ ਦਾ ਜਵਾਬ ਸੁਣਨ ਤੋਂ ਬਾਅਦ ਤੁਸੀਂ ਬਾਈਬਲ ਵਿੱਚੋਂ ਇਕ-ਦੋ ਹਵਾਲੇ ਦਿਖਾ ਸਕਦੇ ਹੋ। (ਯਸਾਯਾਹ 11:9; ਸਫ਼ਨਯਾਹ 3:9) ਉਨ੍ਹਾਂ ਦੇ ਜਵਾਬ ਨੂੰ ਧਿਆਨ ਨਾਲ ਸੁਣ ਕੇ ਲਿਖ ਲਓ। ਫਿਰ ਤੁਸੀਂ ਨਿਸ਼ਚਿਤ ਕਰ ਸਕੋਗੇ ਕਿ ਤੁਸੀਂ ਅਗਲੀ ਵਾਰ ਕਿਹੜੇ ਵਿਸ਼ੇ ਤੇ ਗੱਲ ਕਰੋਗੇ।

ਯਿਸੂ ਨੇ ਬੱਚਿਆਂ ਦੀ ਗੱਲ ਸੁਣੀ

17. ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਬੱਚਿਆਂ ਵਿਚ ਦਿਲਚਸਪੀ ਰੱਖਦਾ ਸੀ?

17 ਯਿਸੂ ਸਿਰਫ਼ ਵੱਡਿਆਂ ਨਾਲ ਹੀ ਗੱਲਬਾਤ ਨਹੀਂ ਸੀ ਕਰਦਾ, ਸਗੋਂ ਉਹ ਬੱਚਿਆਂ ਵਿਚ ਵੀ ਗਹਿਰੀ ਦਿਲਚਸਪੀ ਰੱਖਦਾ ਸੀ। ਉਹ ਬੱਚਿਆਂ ਦੀਆਂ ਖੇਡਾਂ ਜਾਣਦਾ ਸੀ। ਉਹ ਜਾਣਦਾ ਸੀ ਕਿ ਬੱਚੇ ਇਕ-ਦੂਜੇ ਨਾਲ ਕੀ ਗੱਲਾਂ ਕਰਦੇ ਹਨ। ਕਦੇ-ਕਦੇ ਉਹ ਬੱਚਿਆਂ ਨੂੰ ਆਪਣੇ ਕੋਲ ਵੀ ਬੁਲਾ ਲੈਂਦਾ ਸੀ। (ਲੂਕਾ 7:31, 32; 18:15-17) ਯਿਸੂ ਦੀਆਂ ਗੱਲਾਂ ਸੁਣਨ ਆਈਆਂ ਭੀੜਾਂ ਵਿਚ ਬੱਚੇ ਵੀ ਸ਼ਾਮਲ ਹੁੰਦੇ ਸਨ। ਜਦ ਛੋਟੇ-ਛੋਟੇ ਮੁੰਡੇ ਯਿਸੂ ਦੀ ਉਸਤਤ ਕਰ ਰਹੇ ਸਨ, ਤਾਂ ਯਿਸੂ ਨੇ ਉਨ੍ਹਾਂ ਦੀ ਗੱਲ ਵੱਲ ਧਿਆਨ ਦੇ ਕੇ ਕਿਹਾ ਕਿ ਸ਼ਾਸਤਰ ਵਿਚ ਲਿਖਿਆ ਗਿਆ ਸੀ ਕਿ ਬੱਚੇ ਮਸੀਹਾ ਦੀ ਉਸਤਤ ਕਰਨਗੇ। (ਮੱਤੀ 14:21; 15:38; 21:15, 16) ਅੱਜ ਅਨੇਕ ਬੱਚੇ ਯਿਸੂ ਦੇ ਚੇਲੇ ਬਣ ਰਹੇ ਹਨ। ਅਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ?

18, 19. ਭਗਤੀ ਕਰਨ ਵਿਚ ਤੁਸੀਂ ਆਪਣੇ ਬੱਚੇ ਦੀ ਮਦਦ ਕਿਵੇਂ ਕਰ ਸਕਦੇ ਹੋ?

18 ਭਗਤੀ ਕਰਨ ਵਿਚ ਆਪਣੇ ਬੱਚੇ ਦੀ ਮਦਦ ਕਰਨ ਲਈ ਤੁਹਾਨੂੰ ਉਸ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ। ਤੁਹਾਨੂੰ ਉਸ ਦੇ ਵਿਚਾਰ ਜਾਣਨ ਦੀ ਲੋੜ ਹੈ ਜੋ ਸ਼ਾਇਦ ਯਹੋਵਾਹ ਪਰਮੇਸ਼ੁਰ ਦੀ ਸੋਚਣੀ ਦੇ ਖ਼ਿਲਾਫ਼ ਹੋਣ। ਬੱਚਾ ਜੋ ਮਰਜ਼ੀ ਕਹੇ, ਤੁਹਾਨੂੰ ਪਹਿਲਾਂ ਉਸ ਦੀ ਤਾਰੀਫ਼ ਕਰਨੀ ਚਾਹੀਦੀ ਹੈ। ਫਿਰ ਤੁਸੀਂ ਬਾਈਬਲ ਵਿੱਚੋਂ ਢੁਕਵੇਂ ਹਵਾਲੇ ਦਿਖਾ ਕੇ ਉਸ ਨੂੰ ਸਮਝਾ ਸਕਦੇ ਹੋ ਕਿ ਇਸ ਮਾਮਲੇ ਬਾਰੇ ਯਹੋਵਾਹ ਦਾ ਕੀ ਵਿਚਾਰ ਹੈ।

19 ਬੇਸ਼ੱਕ ਸਵਾਲ ਪੁੱਛਣੇ ਚੰਗੀ ਗੱਲ ਹੈ, ਪਰ ਵੱਡਿਆਂ ਵਾਂਗ ਬੱਚੇ ਵੀ ਪਸੰਦ ਨਹੀਂ ਕਰਦੇ ਕਿ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾਵੇ। ਆਪਣੇ ਬੱਚੇ ਤੋਂ ਕਈ ਔਖੇ ਸਵਾਲ ਪੁੱਛਣ ਦੀ ਬਜਾਇ, ਤੁਸੀਂ ਉਸ ਨੂੰ ਆਪਣੇ ਬਾਰੇ ਕੋਈ ਦਿਲਚਸਪ ਗੱਲ ਦੱਸ ਸਕਦੇ ਹੋ। ਜਿਸ ਵਿਸ਼ੇ ਤੇ ਤੁਹਾਡੀ ਗੱਲ ਚੱਲ ਰਹੀ ਹੈ, ਉਸ ਬਾਰੇ ਤੁਸੀਂ ਆਪਣੇ ਬੱਚੇ ਨੂੰ ਦੱਸ ਸਕਦੇ ਹੋ ਕਿ ਤੁਸੀਂ ਪਹਿਲਾਂ ਕਿਵੇਂ ਸੋਚਦੇ ਹੁੰਦੇ ਸੀ ਤੇ ਕਿਉਂ। ਫਿਰ ਤੁਸੀਂ ਪੁੱਛ ਸਕਦੇ ਹੋ, “ਕੀ ਤੂੰ ਵੀ ਇਸ ਤਰ੍ਹਾਂ ਸੋਚਦਾ ਹੈਂ?” ਆਪਣੇ ਬੱਚੇ ਦਾ ਜਵਾਬ ਸੁਣ ਕੇ ਤੁਸੀਂ ਬਾਈਬਲ ਦੀਆਂ ਗੱਲਾਂ ਉੱਤੇ ਚਰਚਾ ਸ਼ੁਰੂ ਕਰ ਸਕਦੇ ਹੋ।

ਚੇਲੇ ਬਣਾਉਣ ਵਿਚ ਸਭ ਤੋਂ ਮਾਹਰ ਗੁਰੂ ਦੀ ਰੀਸ ਕਰਦੇ ਰਹੋ

20, 21. ਚੇਲੇ ਬਣਾਉਣ ਦਾ ਕੰਮ ਕਰਦਿਆਂ ਸਾਨੂੰ ਦੂਸਰਿਆਂ ਦੀ ਗੱਲ ਧਿਆਨ ਨਾਲ ਸੁਣਨ ਦੀ ਲੋੜ ਕਿਉਂ ਹੈ?

20 ਚਾਹੇ ਤੁਸੀਂ ਆਪਣੇ ਬੱਚੇ ਨਾਲ ਜਾਂ ਕਿਸੇ ਹੋਰ ਨਾਲ ਬਾਈਬਲ ਦੇ ਕਿਸੇ ਵਿਸ਼ੇ ਤੇ ਚਰਚਾ ਕਰ ਰਹੇ ਹੋ, ਤੁਹਾਨੂੰ ਉਸ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ ਉਸ ਲਈ ਆਪਣਾ ਪਿਆਰ ਜ਼ਾਹਰ ਕਰੋਗੇ। ਗੱਲ ਸੁਣਨ ਨਾਲ ਤੁਸੀਂ ਆਪਣੇ ਨਿਮਰ ਹੋਣ ਦਾ ਸਬੂਤ ਦਿੰਦੇ ਹੋ ਤੇ ਗੱਲ ਕਰਨ ਵਾਲੇ ਨੂੰ ਅਹਿਸਾਸ ਹੋਵੇਗਾ ਕਿ ਤੁਸੀਂ ਉਸ ਦਾ ਆਦਰ ਕਰਦੇ ਹੋ। ਸੁਣਨ ਦਾ ਮਤਲਬ ਹੈ ਕਿ ਤੁਸੀਂ ਦੂਸਰਿਆਂ ਦੇ ਵਿਚਾਰਾਂ ਵੱਲ ਪੂਰਾ ਧਿਆਨ ਦਿਓ।

21 ਪ੍ਰਚਾਰ ਕਰਦੇ ਸਮੇਂ ਸਾਨੂੰ ਲੋਕਾਂ ਦੀ ਗੱਲ ਧਿਆਨ ਨਾਲ ਸੁਣਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਜਾਣ ਸਕਾਂਗੇ ਕਿ ਬਾਈਬਲ ਵਿੱਚੋਂ ਉਨ੍ਹਾਂ ਨੂੰ ਕਿਹੜੀਆਂ ਗੱਲਾਂ ਸੁਣਨ ਵਿਚ ਦਿਲਚਸਪੀ ਹੋਵੇਗੀ। ਫਿਰ ਅਸੀਂ ਯਿਸੂ ਦੇ ਸਿੱਖਿਆ ਦੇਣ ਦੇ ਵਧੀਆ ਤਰੀਕੇ ਅਪਣਾ ਕੇ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। ਜੀ ਹਾਂ, ਚੇਲੇ ਬਣਾਉਣ ਵਿਚ ਮਾਹਰ ਗੁਰੂ ਦੀ ਰੀਸ ਕਰ ਕੇ ਸਾਨੂੰ ਬੇਅੰਤ ਖ਼ੁਸ਼ੀ ਤੇ ਬਰਕਤਾਂ ਮਿਲਣਗੀਆਂ।

ਕੀ ਤੁਸੀਂ ਸਮਝਾ ਸਕਦੇ ਹੋ?

• ਯਿਸੂ ਨੇ ਦੂਸਰਿਆਂ ਨੂੰ ਆਪਣੇ ਵਿਚਾਰ ਦੱਸਣ ਲਈ ਕਿਵੇਂ ਉਤਸ਼ਾਹਿਤ ਕੀਤਾ ਸੀ?

• ਸਿੱਖਿਆ ਦਿੰਦੇ ਵੇਲੇ ਯਿਸੂ ਨੇ ਲੋਕਾਂ ਦੀ ਗੱਲ ਧਿਆਨ ਨਾਲ ਕਿਉਂ ਸੁਣੀ?

• ਤੁਸੀਂ ਸੇਵਕਾਈ ਵਿਚ ਸਵਾਲਾਂ ਦਾ ਉਪਯੋਗ ਕਿਵੇਂ ਕਰ ਸਕਦੇ ਹੋ?

• ਤੁਸੀਂ ਬੱਚਿਆਂ ਦੀ ਮਦਦ ਕਰਨ ਲਈ ਕੀ ਕਰ ਸਕਦੇ ਹੋ?

[ਸਵਾਲ]

[ਸਫ਼ਾ 28 ਉੱਤੇ ਤਸਵੀਰ]

ਪ੍ਰਚਾਰ ਕਰਦੇ ਹੋਏ ਦੂਸਰਿਆਂ ਦੀ ਗੱਲ ਧਿਆਨ ਨਾਲ ਸੁਣੋ

[ਸਫ਼ਾ 30 ਉੱਤੇ ਤਸਵੀਰ]

ਬੱਚਿਆਂ ਦੀ ਮਦਦ ਕਰ ਕੇ ਅਸੀਂ ਯਿਸੂ ਦੀ ਰੀਸ ਕਰਦੇ ਹਾਂ