Skip to content

Skip to table of contents

ਨਹੂਮ, ਹਬੱਕੂਕ ਅਤੇ ਸਫ਼ਨਯਾਹ ਦੀਆਂ ਪੋਥੀਆਂ ਦੇ ਕੁਝ ਖ਼ਾਸ ਨੁਕਤੇ

ਨਹੂਮ, ਹਬੱਕੂਕ ਅਤੇ ਸਫ਼ਨਯਾਹ ਦੀਆਂ ਪੋਥੀਆਂ ਦੇ ਕੁਝ ਖ਼ਾਸ ਨੁਕਤੇ

ਯਹੋਵਾਹ ਦਾ ਬਚਨ ਜੀਉਂਦਾ ਹੈ

ਨਹੂਮ, ਹਬੱਕੂਕ ਅਤੇ ਸਫ਼ਨਯਾਹ ਦੀਆਂ ਪੋਥੀਆਂ ਦੇ ਕੁਝ ਖ਼ਾਸ ਨੁਕਤੇ

ਅੱਸ਼ੂਰੀ ਵਿਸ਼ਵ ਸ਼ਕਤੀ ਇਸਰਾਏਲ ਦੇ ਦਸ-ਗੋਤੀ ਰਾਜ ਦੀ ਰਾਜਧਾਨੀ ਸਾਮਰਿਯਾ ਨੂੰ ਤਬਾਹ ਕਰ ਚੁੱਕੀ ਸੀ। ਲੰਬੇ ਸਮੇਂ ਤੋਂ ਅੱਸ਼ੂਰੀ ਲੋਕ ਯਹੂਦਾਹ ਦੇ ਲੋਕਾਂ ਨੂੰ ਵੀ ਤੰਗ ਕਰ ਰਹੇ ਸਨ। ਯਹੂਦਾਹ ਦੇ ਰਹਿਣ ਵਾਲੇ ਨਹੂਮ ਨਬੀ ਨੇ ਅੱਸ਼ੂਰ ਦੀ ਰਾਜਧਾਨੀ ਨੀਨਵਾਹ ਨੂੰ ਯਹੋਵਾਹ ਦਾ ਸੰਦੇਸ਼ ਸੁਣਾਇਆ। ਉਸ ਦਾ ਇਹ ਸੰਦੇਸ਼ ਬਾਈਬਲ ਦੀ ਨਹੂਮ ਨਾਂ ਦੀ ਪੋਥੀ ਵਿਚ ਦਰਜ ਹੈ। ਨਹੂਮ ਨੇ ਇਹ ਪੋਥੀ 632 ਈ. ਪੂ. ਤੋਂ ਪਹਿਲਾਂ ਲਿਖੀ ਸੀ।

ਅਗਲੀ ਵਿਸ਼ਵ ਸ਼ਕਤੀ ਬਾਬਲ ਸੀ ਜਿਸ ਉੱਤੇ ਕਦੀ-ਕਦਾਈਂ ਕਨਾਨੀ ਰਾਜਿਆਂ ਨੇ ਵੀ ਰਾਜ ਕੀਤਾ ਸੀ। ਹਬੱਕੂਕ ਦੀ ਪੋਥੀ ਲਗਭਗ 628 ਈ. ਪੂ. ਵਿਚ ਲਿਖਣੀ ਪੂਰੀ ਹੋਈ ਸੀ। ਇਸ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਨੇ ਆਪਣੇ ਲੋਕਾਂ ਦਾ ਨਿਆਂ ਕਰਨ ਲਈ ਬਾਬਲ ਨੂੰ ਵਰਤਣਾ ਸੀ। ਇਹ ਪੋਥੀ ਇਹ ਵੀ ਦੱਸਦੀ ਹੈ ਕਿ ਅਖ਼ੀਰ ਵਿਚ ਬਾਬਲ ਦਾ ਕੀ ਹੋਣਾ ਸੀ।

ਯਹੂਦਾਹ ਦੇ ਸਫ਼ਨਯਾਹ ਨਬੀ ਨੇ ਨਹੂਮ ਅਤੇ ਹਬੱਕੂਕ ਤੋਂ ਪਹਿਲਾਂ ਭਵਿੱਖਬਾਣੀ ਕੀਤੀ ਸੀ। 607 ਈ. ਪੂ. ਵਿਚ ਯਰੂਸ਼ਲਮ ਦੀ ਤਬਾਹੀ ਤੋਂ 40 ਸਾਲ ਪਹਿਲਾਂ ਸਫ਼ਨਯਾਹ ਨੇ ਸ਼ਹਿਰ ਦੇ ਨਾਸ਼ ਬਾਰੇ ਭਵਿੱਖਬਾਣੀ ਕੀਤੀ। ਪਰ ਉਸ ਨੇ ਯਹੂਦਾਹ ਦੇ ਲੋਕਾਂ ਨੂੰ ਉਮੀਦ ਦੀ ਕਿਰਨ ਵੀ ਦਿੱਤੀ। ਸਫ਼ਨਯਾਹ ਦੀ ਪੋਥੀ ਵਿਚ ਹੋਰਨਾਂ ਕੌਮਾਂ ਦੇ ਖ਼ਿਲਾਫ਼ ਵੀ ਅਗੰਮ ਵਾਕ ਦਰਜ ਹਨ।

“ਖੂਨੀ ਸ਼ਹਿਰ ਉੱਤੇ ਹਾਇ ਹਾਇ!”

(ਨਹੂਮ 1:1–3:19)

ਯਹੋਵਾਹ “ਕ੍ਰੋਧ ਵਿੱਚ ਧੀਰਜੀ ਅਤੇ ਬਲ ਵਿੱਚ ਮਹਾਨ ਹੈ।” ਉਸ ਨੇ ਹੀ “ਨੀਨਵਾਹ ਦੇ ਵਿਖੇ ਅਗੰਮ ਵਾਕ” ਕੀਤਾ ਸੀ ਕਿ ਉਹ ਉਸ ਦਾ ਨਾਸ਼ ਕਰੇਗਾ। ਲੇਕਿਨ ਜੋ ਲੋਕ ਯਹੋਵਾਹ ਨੂੰ ਭਾਲਦੇ ਹਨ, ਉਨ੍ਹਾਂ ਲਈ ਉਹ “ਦੁਖ ਦੇ ਦਿਨ ਵਿੱਚ ਇੱਕ ਗੜ੍ਹ ਹੈ।”​—ਨਹੂਮ 1:1, 3, 7.

“ਯਹੋਵਾਹ ਤਾਂ ਯਾਕੂਬ ਦੀ ਉੱਤਮਤਾਈ ਨੂੰ . . . ਮੋੜ ਦੇਵੇਗਾ।” ਬਬਰ ਸ਼ੇਰ ਦੀ ਤਰ੍ਹਾਂ ਅੱਸ਼ੂਰੀਆਂ ਨੇ ਯਹੋਵਾਹ ਦੇ ਲੋਕਾਂ ਤੇ ਕਹਿਰ ਢਾਹੁਣਾ ਸੀ। ਇਸ ਲਈ ਯਹੋਵਾਹ ਨੇ ਕਿਹਾ ਸੀ: “ਮੈਂ [ਨੀਨਵਾਹ] ਦੇ ਰਥਾਂ ਨੂੰ ਧੂੰਏਂ ਵਿੱਚ ਸਾੜ ਦਿਆਂਗਾ, ਅਤੇ ਤਲਵਾਰ [ਉਹ ਦੇ] ਜੁਆਨ ਸ਼ੇਰਾਂ ਨੂੰ ਖਾਵੇਗੀ।” (ਨਹੂਮ 2:2, 12, 13) “ਖੂਨੀ ਸ਼ਹਿਰ [ਨੀਨਵਾਹ] ਉੱਤੇ ਹਾਇ ਹਾਇ!” ਅੱਗੇ ਯਹੋਵਾਹ ਨੇ ਕਿਹਾ: “ਤੇਰੀ ਖਬਰ ਦੇ ਸਭ ਸੁਣਨ ਵਾਲੇ ਤੇਰੇ ਉੱਤੇ ਤੌੜੀ ਵਜਾਉਂਦੇ” ਖ਼ੁਸ਼ੀ ਨਾਲ ਝੂਮਣਗੇ।​—ਨਹੂਮ 3:1, 19.

ਕੁਝ ਸਵਾਲਾਂ ਦੇ ਜਵਾਬ:

1:9—ਨੀਨਵਾਹ ਦੇ ‘ਪੂਰੇ ਅੰਤ’ ਤੋਂ ਯਹੂਦਾਹ ਨੂੰ ਕੀ ਲਾਭ ਹੋਣਾ ਸੀ? ਉਸ ਨੂੰ ਅੱਸ਼ੂਰ ਤੋਂ ਹਮੇਸ਼ਾ ਲਈ ਛੁਟਕਾਰਾ ਮਿਲਣਾ ਸੀ ਜਿਸ ਕਰਕੇ “ਬਿਪਤਾ ਦੂਜੀ ਵਾਰੀ” ਨਹੀਂ ਉੱਠਣੀ ਸੀ। ਨਹੂਮ ਨੇ ਇਸ ਤਰ੍ਹਾਂ ਗੱਲ ਕੀਤੀ ਜਿਵੇਂ ਨੀਨਵਾਹ ਤਬਾਹ ਹੋ ਚੁੱਕਾ ਸੀ। ਉਸ ਨੇ ਕਿਹਾ: “ਵੇਖੋ, ਪਹਾੜਾਂ ਉੱਤੇ ਖ਼ੁਸ਼ ਖ਼ਬਰੀ ਦੇ ਪਰਚਾਰਕ, ਸ਼ਾਂਤੀ ਦੇ ਸੁਣਾਉਣ ਵਾਲੇ ਦੇ ਪੈਰ! ਹੇ ਯਹੂਦਾਹ, ਆਪਣੇ ਪਰਬਾਂ ਦੀ ਮਨੌਤ ਕਰ।”​—ਨਹੂਮ 1:15.

2:6—‘ਨਦੀਆਂ ਦੇ ਕਿਹੜੇ ਫਾਟਕ ਖੋਲ੍ਹੇ’ ਗਏ ਸਨ? ਇਹ ਨਦੀ ਟਾਈਗ੍ਰਿਸ ਦਰਿਆ ਸੀ ਜਿਸ ਦੇ ਪਾਣੀਆਂ ਨੇ ਨੀਨਵਾਹ ਦੀਆਂ ਕੰਧਾਂ ਨੂੰ ਢਾਹ ਸੁੱਟਿਆ ਮਾਨੋ ਕਿ ਸ਼ਹਿਰ ਦੇ ਫਾਟਕ ਖੁੱਲ੍ਹ ਗਏ। 632 ਈ. ਪੂ. ਵਿਚ ਜਦ ਬਾਬਲੀ ਅਤੇ ਮਾਦੀ ਫ਼ੌਜਾਂ ਨੀਨਵਾਹ ਉੱਤੇ ਹਮਲਾ ਕਰਨ ਆਈਆਂ, ਤਾਂ ਨੀਨਵਾਹ ਦੇ ਵਾਸੀਆਂ ਨੂੰ ਕੋਈ ਡਰ ਨਹੀਂ ਸੀ। ਉਹ ਸ਼ਹਿਰ ਦੀਆਂ ਉੱਚੀਆਂ ਕੰਧਾਂ ਦੇ ਕਾਰਨ ਸੁਰੱਖਿਅਤ ਮਹਿਸੂਸ ਕਰਦੇ ਸਨ। ਲੇਕਿਨ ਜ਼ੋਰਦਾਰ ਮੀਂਹ ਪੈਣ ਕਰਕੇ ਟਾਈਗ੍ਰਿਸ ਦਰਿਆ ਦਾ ਬੰਨ੍ਹ ਟੁੱਟ ਗਿਆ। ਇਕ ਇਤਿਹਾਸਕਾਰ ਦੱਸਦਾ ਹੈ ਕਿ “ਸ਼ਹਿਰ ਦਾ ਇਕ ਹਿੱਸਾ ਪਾਣੀ ਵਿਚ ਡੁੱਬ ਗਿਆ ਸੀ ਅਤੇ ਕਈ ਕੰਧਾਂ ਢਹਿ ਗਈਆਂ ਸਨ।” ਇਸ ਤਰ੍ਹਾਂ ਨਦੀਆਂ ਦੇ ਫਾਟਕ ਖੋਲ੍ਹੇ ਗਏ ਅਤੇ ਜਿਵੇਂ ਭਵਿੱਖਬਾਣੀ ਕੀਤੀ ਗਈ ਸੀ ਉਵੇਂ ਹੀ ਨੀਨਵਾਹ ਨੂੰ ਸੁੱਕੇ ਘਾਹ ਦੀ ਤਰ੍ਹਾਂ ਭਸਮ ਕੀਤਾ ਗਿਆ।​—ਨਹੂਮ 1:8-10.

3:4—ਨੀਨਵਾਹ ਇਕ ਵਿਭਚਾਰਨ ਵਾਂਗ ਕਿਵੇਂ ਸੀ? ਨੀਨਵਾਹ ਨੇ ਕਈ ਕੌਮਾਂ ਵੱਲ ਦੋਸਤੀ ਦਾ ਹੱਥ ਵਧਾਇਆ, ਲੇਕਿਨ ਦੋਸਤੀ ਨਿਭਾਈ ਨਹੀਂ। ਉਸ ਨੇ ਇਨ੍ਹਾਂ ਕੌਮਾਂ ਤੇ ਜ਼ੁਲਮ ਢਾਹੇ ਤੇ ਉਨ੍ਹਾਂ ਨੂੰ ਧੋਖਾ ਦਿੱਤਾ। ਮਿਸਾਲ ਲਈ, ਜਦ ਇਸਰਾਏਲ ਅਤੇ ਸੀਰੀਆ ਨੇ ਯਹੂਦੀ ਰਾਜਾ ਆਹਾਜ਼ ਖ਼ਿਲਾਫ਼ ਸਾਜ਼ਸ਼ ਘੜੀ, ਤਾਂ ਅੱਸ਼ੂਰ ਨੇ ਆਹਾਜ਼ ਦੀ ਮਦਦ ਕੀਤੀ ਸੀ। ਲੇਕਿਨ ਬਾਅਦ ਵਿਚ ‘ਅੱਸ਼ੂਰ ਦਾ ਪਾਤਸ਼ਾਹ ਆਹਾਜ਼ ਕੋਲ ਆਇਆ ਤੇ ਉਸ ਨੇ ਉਸ ਨੂੰ ਤੰਗ ਕੀਤਾ।’​—2 ਇਤਹਾਸ 28:20.

ਸਾਡੇ ਲਈ ਸਬਕ:

1:2-6. ਯਹੋਵਾਹ ਆਪਣੇ ਵਿਰੋਧੀਆਂ ਨੂੰ ਇਸ ਲਈ ਸਜ਼ਾ ਦਿੰਦਾ ਹੈ ਕਿਉਂਕਿ ਉਹ ਉਸ ਦੀ ਭਗਤੀ ਕਰਨ ਤੋਂ ਇਨਕਾਰ ਕਰਦੇ ਹਨ। ਇਸ ਤੋਂ ਪਤਾ ਚੱਲਦਾ ਹੈ ਕਿ ਸਾਨੂੰ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਨੀ ਚਾਹੀਦੀ ਹੈ।​—ਕੂਚ 20:5.

1:10. ਨੀਨਵਾਹ ਦੀਆਂ ਉੱਚੀਆਂ ਕੰਧਾਂ ਤੇ ਬੁਰਜਾਂ ਨੇ ਉਸ ਨੂੰ ਯਹੋਵਾਹ ਦੀ ਸਜ਼ਾ ਤੋਂ ਨਹੀਂ ਬਚਾਇਆ। ਇਸੇ ਤਰ੍ਹਾਂ ਅੱਜ ਯਹੋਵਾਹ ਦੇ ਲੋਕਾਂ ਦਾ ਵਿਰੋਧ ਕਰਨ ਵਾਲੇ ਯਹੋਵਾਹ ਦੇ ਨਿਆਂ ਤੋਂ ਨਹੀਂ ਬਚਣਗੇ।​—ਕਹਾਉਤਾਂ 2:22; ਦਾਨੀਏਲ 2:44.

‘ਧਰਮੀ ਜੀਉਂਦਾ ਰਹੇਗਾ’

(ਹਬੱਕੂਕ 1:1–3:19)

ਹਬੱਕੂਕ ਦੇ ਪਹਿਲੇ ਦੋ ਅਧਿਆਵਾਂ ਵਿਚ ਯਹੋਵਾਹ ਅਤੇ ਹਬੱਕੂਕ ਵਿਚਕਾਰ ਗੱਲਬਾਤ ਚੱਲਦੀ ਹੈ। ਯਹੂਦਾਹ ਦੇ ਹਾਲਾਤਾਂ ਤੋਂ ਦੁਖੀ ਹੋ ਕੇ ਹਬੱਕੂਕ ਨੇ ਪਰਮੇਸ਼ੁਰ ਨੂੰ ਪੁੱਛਿਆ: “ਤੂੰ ਮੈਨੂੰ ਬਦੀ ਕਿਉਂ ਵਿਖਾਉਂਦਾ ਹੈਂ, ਅਤੇ ਕਸ਼ਟ ਉੱਤੇ ਮੇਰਾ ਧਿਆਨ ਲਾਉਂਦਾ ਹੈਂ?” ਜਵਾਬ ਵਿਚ ਯਹੋਵਾਹ ਨੇ ਕਿਹਾ: “ਮੈਂ ਕਸਦੀਆਂ ਨੂੰ ਉਠਾ ਰਿਹਾ ਹਾਂ, ਉਸ ਕੌੜੀ ਅਤੇ ਜੋਸ਼ ਵਾਲੀ ਕੌਮ ਨੂੰ।” ਹਬੱਕੂਕ ਨਬੀ ਹੈਰਾਨ ਹੋਇਆ ਕਿ ਯਹੋਵਾਹ ਇਨ੍ਹਾਂ “ਛਲੀਆਂ” ਰਾਹੀਂ ਯਹੂਦਾਹ ਨੂੰ ਸਜ਼ਾ ਦੇਵੇਗਾ। (ਹਬੱਕੂਕ 1:3, 6, 13) ਯਹੋਵਾਹ ਨੇ ਹਬੱਕੂਕ ਨੂੰ ਭਰੋਸਾ ਦਿਵਾਇਆ ਕਿ ਉਹ ਧਰਮੀਆਂ ਨੂੰ ਜੀਉਂਦਾ ਰੱਖੇਗਾ, ਪਰ ਵਿਰੋਧੀਆਂ ਨੂੰ ਸਜ਼ਾ ਦੇਵੇਗਾ। ਇਸ ਪੋਥੀ ਵਿਚ ਹਬੱਕੂਕ ਨੇ ਕਸਦੀਆਂ ਵਿਰੁੱਧ ਪੰਜ ਅਗੰਮ ਵਾਕ ਵੀ ਕੀਤੇ ਸਨ।​—ਹਬੱਕੂਕ 2:4.

ਹਬੱਕੂਕ ਨੇ ਯਹੋਵਾਹ ਅੱਗੇ ਦਇਆ ਲਈ ਪ੍ਰਾਰਥਨਾ ਕੀਤੀ। ਉਸ ਨੇ ਉਨ੍ਹਾਂ ਗੱਲਾਂ ਤੇ ਸੋਚ-ਵਿਚਾਰ ਕੀਤਾ ਜੋ ਯਹੋਵਾਹ ਨੇ ਲਾਲ ਸਮੁੰਦਰ ਕੋਲ, ਉਜਾੜ ਵਿਚ ਅਤੇ ਯਰੀਹੋ ਨੇੜੇ ਕੀਤੀਆਂ ਸਨ। ਇਨ੍ਹਾਂ ਤੋਂ ਉਹ ਦੇਖ ਸਕਦਾ ਸੀ ਕਿ ਯਹੋਵਾਹ ਸ਼ਕਤੀਸ਼ਾਲੀ ਹੈ ਤੇ ਉਹ ਆਪਣੇ ਲੋਕਾਂ ਨੂੰ ਬਚਾਉਂਦਾ ਹੈ। ਉਸ ਨੇ ਉਸ ਸਮੇਂ ਬਾਰੇ ਗੱਲ ਕੀਤੀ ਜਦ ਯਹੋਵਾਹ ਆਪਣੇ ਵੱਡੇ ਕ੍ਰੋਧ ਵਿਚ ਆਵੇਗਾ। ਇਹ ਆਰਮਾਗੇਡਨ ਦੀ ਲੜਾਈ ਦੌਰਾਨ ਹੋਵੇਗਾ। ਉਸ ਨੇ ਪ੍ਰਾਰਥਨਾ ਇਨ੍ਹਾਂ ਸ਼ਬਦਾਂ ਨਾਲ ਸਮਾਪਤ ਕੀਤੀ: “ਪ੍ਰਭੁ ਯਹੋਵਾਹ ਮੇਰਾ ਬਲ ਹੈ, ਉਹ ਮੇਰੇ ਪੈਰ ਹਰਨੀਆਂ ਵਰਗੇ ਬਣਾਉਂਦਾ ਹੈ, ਅਤੇ ਮੈਨੂੰ ਮੇਰੀਆਂ ਉੱਚਿਆਈਆਂ ਉੱਤੇ ਤੋਰਦਾ ਹੈ।”​—ਹਬੱਕੂਕ 3:1, 19.

ਕੁਝ ਸਵਾਲਾਂ ਦੇ ਜਵਾਬ:

1:5, 6—ਕਸਦੀਆਂ ਨੂੰ ਯਰੂਸ਼ਲਮ ਖ਼ਿਲਾਫ਼ ਉਠਾਉਣਾ ਯਹੂਦੀਆਂ ਲਈ ਹੈਰਾਨੀ ਦੀ ਗੱਲ ਕਿਉਂ ਸੀ? ਹਬੱਕੂਕ ਨੇ ਜਦ ਭਵਿੱਖਬਾਣੀ ਕਰਨੀ ਸ਼ੁਰੂ ਕੀਤੀ, ਤਾਂ ਉਦੋਂ ਵਿਸ਼ਵ ਸ਼ਕਤੀ ਮਿਸਰ ਸੀ। (2 ਰਾਜਿਆਂ 23:29, 30, 34) ਭਾਵੇਂ ਬਾਬਲੀ ਤਾਕਤ ਅੱਗੇ ਵਧ ਰਹੀ ਸੀ, ਪਰ ਅਜੇ ਤਕ ਉਨ੍ਹਾਂ ਨੇ ਮਿਸਰ ਦੇ ਫ਼ਿਰਊਨ ਨਕੋ ਨੂੰ ਨਹੀਂ ਸੀ ਹਰਾਇਆ। (ਯਿਰਮਿਯਾਹ 46:2) ਇਸ ਦੇ ਨਾਲ-ਨਾਲ ਯਹੋਵਾਹ ਦੀ ਹੈਕਲ ਯਰੂਸ਼ਲਮ ਵਿਚ ਸੀ ਅਤੇ ਦਾਊਦ ਦੇ ਘਰਾਣੇ ਨੇ ਹਮੇਸ਼ਾ ਇਸ ਸ਼ਹਿਰ ਤੋਂ ਰਾਜ ਕੀਤਾ ਸੀ। ਯਹੂਦੀਆਂ ਨੂੰ ਯਹੋਵਾਹ ਦਾ ਇਹ “ਕੰਮ” ਮਤਲਬ ਕਿ ਕਸਦੀਆਂ ਨੂੰ ਯਰੂਸ਼ਲਮ ਖ਼ਿਲਾਫ਼ ਉਠਾਉਣਾ ਜ਼ਰੂਰ ਅਸੰਭਵ ਲੱਗਾ ਹੋਣਾ। ਭਾਵੇਂ ਯਹੂਦੀਆਂ ਨੂੰ ਇਹ ਗੱਲਾਂ ਅਣਹੋਣੀਆਂ ਲੱਗੀਆਂ, ਪਰ ਫਿਰ ਵੀ ਬਾਬਲੀਆਂ ਨੇ 607 ਈ. ਪੂ. ਵਿਚ ਯਰੂਸ਼ਲਮ ਦਾ ਨਾਸ਼ ਕੀਤਾ ਅਤੇ ਇਹ ਭਵਿੱਖਬਾਣੀ ਪੂਰੀ ਹੋਈ।​—ਹਬੱਕੂਕ 2:3.

ਸਾਡੇ ਲਈ ਸਬਕ:

1:1-4; 1:12–2:1. ਹਬੱਕੂਕ ਨੇ ਸੱਚੇ ਦਿਲੋਂ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਨੇ ਉਹ ਦੀ ਸੁਣੀ। ਇਸੇ ਤਰ੍ਹਾਂ ਅੱਜ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ।

2:1. ਹਬੱਕੂਕ ਵਾਂਗ ਸਾਨੂੰ ਵੀ ਆਪਣੀ ਨਿਹਚਾ ਪੱਕੀ ਰੱਖਣੀ ਚਾਹੀਦੀ ਹੈ ਤੇ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣਾ ਚਾਹੀਦਾ ਹੈ। ਯਹੋਵਾਹ ਦੇ ਕਹੇ ਅਨੁਸਾਰ ਚੱਲਣ ਲਈ ਸਾਨੂੰ ਆਪਣੀ ਸੋਚਣੀ ਨੂੰ ਸੁਧਾਰਨ ਲਈ ਤਿਆਰ ਹੋਣਾ ਚਾਹੀਦਾ ਹੈ।

2:3; 3:16. ਵਫ਼ਾਦਾਰੀ ਨਾਲ ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਹੋਏ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਦਿਨ ਨੇੜੇ ਹੈ।

2:4. ਯਹੋਵਾਹ ਦੇ ਨਿਆਂ ਦੇ ਦਿਨ ਤੋਂ ਬਚਣ ਲਈ ਸਾਨੂੰ ਨਿਹਚਾ ਵਿਚ ਦ੍ਰਿੜ੍ਹ ਰਹਿਣਾ ਪਵੇਗਾ।—ਇਬਰਾਨੀਆਂ 10:36-38.

2:6, 7, 9, 12, 15, 19. ਉਨ੍ਹਾਂ ਉੱਤੇ ਜ਼ਰੂਰ ਮੁਸੀਬਤਾਂ ਆਉਣਗੀਆਂ ਜੋ ਝੂਠੀ ਕਮਾਈ ਦੇ ਲੋਭੀ ਹਨ, ਬੁਰਾਈ ਨਾਲ ਪ੍ਰੇਮ ਰੱਖਦੇ ਹਨ ਅਤੇ ਬਦਚਲਣੀ ਜਾਂ ਮੂਰਤੀ-ਪੂਜਾ ਕਰਦੇ ਹਨ। ਸਾਨੂੰ ਇਨ੍ਹਾਂ ਬੁਰੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ।

2:11. ਜੇ ਅਸੀਂ ਇਸ ਦੁਨੀਆਂ ਦੇ ਗ਼ਲਤ ਕੰਮਾਂ ਦਾ ਪੋਲ ਨਾ ਖੋਲ੍ਹਿਆ, ਤਾਂ “ਪੱਥਰ ਕੰਧ ਤੋਂ ਦੁਹਾਈ ਦੇਵੇਗਾ।” ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਦਲੇਰੀ ਨਾਲ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਲੋਕਾਂ ਨੂੰ ਸੁਣਾਈਏ!

3:6. ਯਹੋਵਾਹ ਦੇ ਨਿਆਂ ਦੇ ਸਮੇਂ ਉਸ ਦੇ ਖ਼ਿਲਾਫ਼ ਕੋਈ ਖੜ੍ਹਾ ਨਹੀਂ ਰਹਿ ਸਕੇਗਾ। ਉਹ ਮਨੁੱਖੀ ਸੰਗਠਨ ਵੀ ਨਹੀਂ ਜੋ ਪਹਾੜਾਂ ਅਤੇ ਟਿੱਲਿਆਂ ਵਾਂਗ ਸਦੀਵੀ ਜਾਪਦੇ ਹਨ।

3:13. ਸਾਨੂੰ ਪੂਰਾ ਭਰੋਸਾ ਦਿਵਾਇਆ ਜਾਂਦਾ ਹੈ ਕਿ ਆਰਮਾਗੇਡਨ ਦੌਰਾਨ ਸਾਰਿਆਂ ਦਾ ਅੰਨ੍ਹੇਵਾਹ ਨਾਸ਼ ਨਹੀਂ ਕੀਤਾ ਜਾਵੇਗਾ। ਯਹੋਵਾਹ ਦੁਸ਼ਟ ਲੋਕਾਂ ਦਾ ਨਾਸ਼ ਕਰੇਗਾ ਤੇ ਆਪਣੇ ਵਫ਼ਾਦਾਰ ਸੇਵਕਾਂ ਨੂੰ ਬਚਾਵੇਗਾ।

3:17-19. ਆਰਮਾਗੇਡਨ ਤੋਂ ਪਹਿਲਾਂ ਜਾਂ ਇਸ ਦੇ ਦੌਰਾਨ ਸਾਡੇ ਉੱਤੇ ਜੋ ਮਰਜ਼ੀ ਤੰਗੀ ਆਵੇ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ “ਬਲ” ਦੇਵੇਗਾ। ਹਾਂ, ਅਸੀਂ ਖ਼ੁਸ਼ੀ-ਖ਼ੁਸ਼ੀ ਉਸ ਦੀ ਸੇਵਾ ਕਰਦੇ ਰਹਿ ਸਕਾਂਗੇ।

“ਯਹੋਵਾਹ ਦਾ ਦਿਨ ਨੇੜੇ ਹੈ”

(ਸਫ਼ਨਯਾਹ 1:1–3:20)

ਹਰ ਪਾਸੇ ਯਹੂਦਾਹ ਵਿਚ ਬਆਲ ਦੀ ਪੂਜਾ ਕੀਤੀ ਜਾ ਰਹੀ ਸੀ। ਯਹੋਵਾਹ ਨੇ ਆਪਣੇ ਨਬੀ ਸਫ਼ਨਯਾਹ ਰਾਹੀਂ ਕਿਹਾ: “ਮੈਂ ਆਪਣਾ ਹੱਥ ਯਹੂਦਾਹ ਉੱਤੇ, ਅਤੇ ਯਰੂਸ਼ਲਮ ਦੇ ਸਾਰਿਆਂ ਵਾਸੀਆਂ ਉੱਤੇ ਚੁੱਕਾਂਗਾ।” ਸਫ਼ਨਯਾਹ ਨੇ ਚੇਤਾਵਨੀ ਦਿੱਤੀ: “ਯਹੋਵਾਹ ਦਾ ਦਿਨ ਨੇੜੇ ਹੈ।” (ਸਫ਼ਨਯਾਹ 1:4, 7, 14) ਉਸ ਦਿਨ ਸਿਰਫ਼ ਉਹ ਲੋਕ “ਲੁੱਕੇ” ਰਹਿਣਗੇ ਜੋ ਯਹੋਵਾਹ ਦਾ ਕਹਿਣਾ ਮੰਨਦੇ ਹਨ।—ਸਫ਼ਨਯਾਹ 2:3.

ਯਰੂਸ਼ਲਮ ਬਾਰੇ ਗੱਲ ਕਰਦੇ ਹੋਏ ਯਹੋਵਾਹ ਨੇ ਕਿਹਾ: “ਹਾਇ ਉਹ . . . ਸ਼ਹਿਰ ਨੂੰ!” ‘ਮੇਰੇ ਲਈ ਠਹਿਰੇ ਰਹੋ, ਯਹੋਵਾਹ ਦਾ ਵਾਕ ਹੈ, ਉਸ ਦਿਨ ਤੀਕ ਕਿ ਮੈਂ ਲੁੱਟ ਲਈ ਉੱਠਾਂ, ਕਿਉਂ ਜੋ ਮੈਂ ਠਾਣ ਲਿਆ, ਕਿ ਕੌਮਾਂ ਨੂੰ ਇਕੱਠਿਆਂ ਕਰਾਂ ਭਈ ਮੈਂ ਉਨ੍ਹਾਂ ਦੇ ਉੱਤੇ ਆਪਣਾ ਗਜ਼ਬ ਡੋਹਲ ਦਿਆਂ।’ ਪਰ ਯਹੋਵਾਹ ਨੇ ਉਨ੍ਹਾਂ ਨਾਲ ਵਾਅਦਾ ਕੀਤਾ: “ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਉੱਮਤਾਂ ਵਿੱਚ ਇੱਕ ਨਾਮ ਅਤੇ ਇੱਕ ਉਸਤਤ ਠਹਿਰਾਵਾਂਗਾ, ਜਦ ਮੈਂ ਤੁਹਾਡੇ ਅਸੀਰਾਂ ਨੂੰ ਤੁਹਾਡੀਆਂ ਅੱਖੀਆਂ ਦੇ ਸਾਹਮਣੇ ਮੋੜ ਲਿਆਵਾਂਗਾ।”—ਸਫ਼ਨਯਾਹ 3:1, 8, 20.

ਕੁਝ ਸਵਾਲਾਂ ਦੇ ਜਵਾਬ:

2:13, 14—ਵਿਰਾਨ ਪਏ ਨੀਨਵਾਹ ਵਿਚ “ਅਵਾਜ਼ ਗਾਵੇਗੀ” ਦਾ ਕੀ ਮਤਲਬ ਸੀ? ਨੀਨਵਾਹ ਨੇ ਜਦ ਵਿਰਾਨ ਹੋਣਾ ਸੀ ਉਦੋਂ ਉਸ ਨੇ ਜੰਗਲੀ ਜਾਨਵਰਾਂ ਅਤੇ ਪੰਛੀਆਂ ਦੇ ਰਹਿਣ ਦੀ ਜਗ੍ਹਾ ਬਣ ਜਾਣਾ ਸੀ। ਉੱਥੇ ਸਿਰਫ਼ ਪੰਛੀਆਂ ਦੇ ਗਾਉਣ ਦੀ ਆਵਾਜ਼ ਜਾਂ ਖਿੜਕੀਆਂ ਤੋਂ ਤੇਜ਼ ਹਵਾ ਦੀ ਆਵਾਜ਼ ਹੀ ਸੁਣਾਈ ਦੇਣੀ ਸੀ।

3:9—‘ਪਵਿੱਤਰ ਭਾਸ਼ਾ’ (ਪਵਿੱਤਰ ਬਾਈਬਲ ਨਵਾਂ ਅਨੁਵਾਦ) ਕੀ ਹੈ ਅਤੇ ਇਹ ਕਿਵੇਂ ਬੋਲੀ ਜਾਂਦੀ ਹੈ? ਇਹ ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਪਾਈ ਜਾਂਦੀ ਸੱਚਾਈ ਹੈ। ਅਸੀਂ ਇਹ ਭਾਸ਼ਾ ਉਦੋਂ ਬੋਲਦੇ ਹਾਂ ਜਦ ਅਸੀਂ ਇਸ ਦੀ ਸੱਚਾਈ ਉੱਤੇ ਵਿਸ਼ਵਾਸ ਰੱਖਦੇ ਹਾਂ, ਇਸ ਨੂੰ ਸਹੀ ਤਰੀਕੇ ਨਾਲ ਹੋਰਨਾਂ ਨੂੰ ਸਿਖਾਉਂਦੇ ਹਾਂ ਅਤੇ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਚੱਲਦੇ ਹਾਂ।

ਸਾਡੇ ਲਈ ਸਬਕ:

1:8. ਸਫ਼ਨਯਾਹ ਦੇ ਸਮੇਂ ਵਿਚ ਯਹੋਵਾਹ ਦੇ ਕੁਝ ਲੋਕਾਂ ਨੇ “ਪਰਦੇਸ ਦੇ ਕੱਪੜੇ ਪਹਿਨੇ” ਸਨ। ਇੱਦਾਂ ਕਰਨ ਨਾਲ ਉਹ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਵਰਗੇ ਬਣਨਾ ਚਾਹੁੰਦੇ ਸਨ। ਇਹ ਉਨ੍ਹਾਂ ਦੀ ਮੂਰਖਤਾਈ ਸੀ ਤੇ ਅੱਜ ਯਹੋਵਾਹ ਦੇ ਸੇਵਕਾਂ ਦਾ ਪਹਿਰਾਵਾ ਵੀ ਦੁਨੀਆਂ ਵਰਗਾ ਨਹੀਂ ਹੋਣਾ ਚਾਹੀਦਾ।

1:12; 3:5, 16. ਯਹੋਵਾਹ ਦੇ ਆਉਣ ਵਾਲੇ ਨਿਆਂ ਦੀ ਚੇਤਾਵਨੀ ਦੇਣ ਲਈ ਉਸ ਨੇ ਆਪਣੇ ਨਬੀਆਂ ਨੂੰ ਲੋਕਾਂ ਕੋਲ ਵਾਰ-ਵਾਰ ਭੇਜਿਆ। ਲੋਕਾਂ ਨੇ ਨਬੀਆਂ ਦੀ ਚੇਤਾਵਨੀ ਵੱਲ ਕੋਈ ਧਿਆਨ ਨਾ ਦਿੱਤਾ ਤੇ ਉਹ ਆਪਣੇ ਹੀ ਕੰਮਾਂ ਵਿਚ ਰੁੱਝੇ ਰਹੇ। ਅੱਜ ਯਹੋਵਾਹ ਦਾ ਮਹਾਨ ਦਿਨ ਨੇੜੇ ਹੈ। ਇਸ ਬਾਰੇ ਉਸ ਦੇ ਲੋਕ ਪ੍ਰਚਾਰ ਕਰਦੇ ਹਨ। ਪਰ ਲੋਕ ਉਨ੍ਹਾਂ ਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੰਦੇ। ਲੋਕਾਂ ਦੇ ਇਸ ਰਵੱਈਏ ਕਰਕੇ ਸਾਨੂੰ ਕਦੇ ਵੀ ਪ੍ਰਚਾਰ ਵਿਚ ਆਪਣੇ “ਹੱਥ ਢਿੱਲੇ” ਨਹੀਂ ਪੈਣ ਦੇਣੇ ਚਾਹੀਦੇ।

2:3. ਸਿਰਫ਼ ਯਹੋਵਾਹ ਹੀ ਸਾਨੂੰ ਆਪਣੇ ਕ੍ਰੋਧ ਦੇ ਦਿਨ ਤੋਂ ਬਚਾ ਸਕਦਾ ਹੈ। ਉਸ ਦੀ ਮਿਹਰ ਪਾਉਣ ਲਈ ਸਾਨੂੰ ‘ਯਹੋਵਾਹ ਨੂੰ ਭਾਲਣ’ ਦੀ ਜ਼ਰੂਰਤ ਹੈ। ਅਸੀਂ ਯਹੋਵਾਹ ਨੂੰ ਕਿਵੇਂ ਭਾਲ ਸਕਦੇ ਹਾਂ? ਬਾਈਬਲ ਦਾ ਅਧਿਐਨ ਕਰ ਕੇ, ਪ੍ਰਾਰਥਨਾ ਰਾਹੀਂ ਉਸ ਤੋਂ ਸਲਾਹ ਮੰਗ ਕੇ ਅਤੇ ਉਸ ਦੇ ਨਜ਼ਦੀਕ ਰਹਿ ਕੇ। ਸਾਨੂੰ ‘ਧਰਮ ਨੂੰ ਭਾਲਣ’ ਦੀ ਵੀ ਜ਼ਰੂਰਤ ਹੈ ਤੇ ਇਹ ਅਸੀਂ ਆਪਣੇ ਚੰਗੇ ਚਾਲ-ਚਲਣ ਰਾਹੀਂ ਭਾਲ ਸਕਦੇ ਹਾਂ। ‘ਮਸਕੀਨੀ ਨੂੰ ਭਾਲਣ’ ਦਾ ਮਤਲਬ ਹੈ ਕਿ ਅਸੀਂ ਹਲੀਮੀ ਨਾਲ ਪਰਮੇਸ਼ੁਰ ਦੇ ਅਧੀਨ ਹੋ ਕੇ ਉਸ ਨਾਲ ਚੱਲੀਏ।

2:4-15; 3:1-5. ਈਸਾਈ-ਜਗਤ ਅਤੇ ਸਾਰੀਆਂ ਕੌਮਾਂ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਸਤਾਇਆ ਹੈ। ਇਸ ਲਈ ਯਹੋਵਾਹ ਦੇ ਕ੍ਰੋਧ ਦੇ ਦਿਨ ਉਨ੍ਹਾਂ ਦਾ ਬੁਰਾ ਹਸ਼ਰ ਹੋਵੇਗਾ। ਇਨ੍ਹਾਂ ਦਾ ਹਸ਼ਰ ਉਹੀ ਹੋਵੇਗਾ ਜੋ ਪ੍ਰਾਚੀਨ ਯਰੂਸ਼ਲਮ ਅਤੇ ਆਲੇ-ਦੁਆਲੇ ਦੀਆਂ ਕੌਮਾਂ ਦਾ ਹੋਇਆ ਸੀ। (ਪਰਕਾਸ਼ ਦੀ ਪੋਥੀ 16:14, 16; 18:4-8) ਸਾਨੂੰ ਨਿਡਰ ਹੋ ਕੇ ਪਰਮੇਸ਼ੁਰ ਦੇ ਨਿਆਂ ਦਾ ਐਲਾਨ ਕਰਦੇ ਰਹਿਣਾ ਚਾਹੀਦਾ ਹੈ।

3:8, 9. ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਹੋਏ ਅਸੀਂ ਮੁਕਤੀ ਲਈ ਤਿਆਰੀ ‘ਪਵਿੱਤਰ ਭਾਸ਼ਾ’ ਬੋਲ ਕੇ ਅਤੇ “ਯਹੋਵਾਹ ਦੇ ਨਾਮ” ਨੂੰ ਪੁਕਾਰ ਕੇ ਕਰਦੇ ਹਾਂ। ਇਸ ਦਾ ਮਤਲਬ ਹੈ ਕਿ ਅਸੀਂ ਆਪਣਾ ਜੀਵਨ ਯਹੋਵਾਹ ਨੂੰ ਅਰਪਣ ਕਰਦੇ ਹਾਂ। ਫਿਰ ਅਸੀਂ ਉਸ ਦੇ ਲੋਕਾਂ ਨਾਲ “ਇੱਕ ਮਨ ਹੋ ਕੇ” ਉਸ ਨੂੰ “ਉਸਤਤ ਦਾ ਬਲੀਦਾਨ” ਦਿੰਦੇ ਹਾਂ।​—ਇਬਰਾਨੀਆਂ 13:15.

‘ਉਹ ਬਹੁਤ ਛੇਤੀ ਕਰਦਾ ਹੈ’

ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ, ਤੂੰ ਉਸ ਦੀ ਠੌਰ ਨੂੰ ਗੌਹ ਨਾਲ ਵੇਖੇਂਗਾ, ਪਰ ਉਹ ਕਿਤੇ ਨਾ ਹੋਵੇਗਾ।” (ਜ਼ਬੂਰਾਂ ਦੀ ਪੋਥੀ 37:10) ਜਦ ਅਸੀਂ ਨਹੂਮ ਦੀ ਨੀਨਵਾਹ ਸੰਬੰਧੀ ਅਤੇ ਹਬੱਕੂਕ ਦੀ ਬਾਬਲ ਤੇ ਯਹੂਦਾਹ ਸੰਬੰਧੀ ਭਵਿੱਖਬਾਣੀਆਂ ਬਾਰੇ ਸੋਚਦੇ ਹਾਂ, ਤਾਂ ਸਾਨੂੰ ਪੂਰਾ ਭਰੋਸਾ ਹੁੰਦਾ ਹੈ ਕਿ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦ ਜ਼ਰੂਰ ਪੂਰੇ ਹੋਣਗੇ। ਲੇਕਿਨ ਸਾਨੂੰ ਹੋਰ ਕਿੰਨੀ ਦੇਰ ਉਡੀਕ ਕਰਨੀ ਪਵੇਗੀ?

ਸਫ਼ਨਯਾਹ 1:14 ਵਿਚ ਲਿਖਿਆ ਹੈ: “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ।” ਸਫ਼ਨਯਾਹ ਦੀ ਪੋਥੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕਿਵੇਂ ਯਹੋਵਾਹ ਦੇ ਦਿਨ ਤੋਂ ਬਚ ਸਕਦੇ ਹਾਂ ਅਤੇ ਮੁਕਤੀ ਲਈ ਤਿਆਰੀ ਕਰ ਸਕਦੇ ਹਾਂ। ਬਿਨਾਂ ਸ਼ੱਕ “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ” ਹੈ।​—ਇਬਰਾਨੀਆਂ 4:12.

[ਸਫ਼ਾ 8 ਉੱਤੇ ਤਸਵੀਰਾਂ]

ਨੀਨਵਾਹ ਦੀਆਂ ਉੱਚੀਆਂ ਕੰਧਾਂ ਨਹੂਮ ਦੀ ਭਵਿੱਖਬਾਣੀ ਨੂੰ ਪੂਰੀ ਹੋਣ ਤੋਂ ਨਾ ਰੋਕ ਸਕੀਆਂ

[ਕ੍ਰੈਡਿਟ ਲਾਈਨ]

Randy Olson/​National Geographic Image Collection