ਕੀ ਯਿਸੂ ਕੋਲ ਬਾਈਬਲ ਸੀ?
ਕੀ ਯਿਸੂ ਕੋਲ ਬਾਈਬਲ ਸੀ?
ਨਹੀਂ, ਯਿਸੂ ਕੋਲ ਬਾਈਬਲ ਨਹੀਂ ਸੀ। ਕਿਉਂ? ਕਿਉਂਕਿ ਯਿਸੂ ਦੇ ਜ਼ਮਾਨੇ ਵਿਚ ਅੱਜ ਵਾਂਗ ਪੂਰੀ ਬਾਈਬਲ ਉਪਲਬਧ ਨਹੀਂ ਸੀ। ਲੇਕਿਨ ਇਬਰਾਨੀ ਸ਼ਾਸਤਰ ਦੀਆਂ ਪੋਥੀਆਂ ਕਈ ਯਹੂਦੀ ਸਭਾ-ਘਰਾਂ ਵਿਚ ਰੱਖੀਆਂ ਜਾਂਦੀਆਂ ਸਨ। ਅੱਜ ਇਬਰਾਨੀ ਸ਼ਾਸਤਰ ਬਾਈਬਲ ਦਾ ਹਿੱਸਾ ਬਣ ਚੁੱਕਾ ਹੈ। ਨਾਸਰਤ ਦੇ ਸਭਾ-ਘਰ ਵਿਚ ਯਿਸੂ ਨੇ ਯਸਾਯਾਹ ਦੀ ਪੋਥੀ ਤੋਂ ਕੁਝ ਹਵਾਲੇ ਪੜ੍ਹੇ ਸਨ। (ਲੂਕਾ 4:16, 17) ਪਿਸਿਦਿਯਾ ਦੇ ਅੰਤਾਕਿਯਾ ਸ਼ਹਿਰ ਵਿਚ ਪੌਲੁਸ ਰਸੂਲ ਨੇ ਸੰਗਤ ਵਿਚ “ਤੁਰੇਤ ਅਰ ਨਬੀਆਂ” ਦਾ ਪਠਨ ਸੁਣਿਆ। (ਰਸੂਲਾਂ ਦੇ ਕਰਤੱਬ 13:14, 15) ਅਤੇ ਯਾਕੂਬ ਨੇ ਲਿਖਿਆ ਕਿ ‘ਹਰ ਸਬਤ ਦੇ ਦਿਨ ਸਮਾਜਾਂ ਵਿੱਚ ਮੂਸਾ ਦੀ ਪੋਥੀ ਪੜ੍ਹੀ ਜਾਂਦੀ ਸੀ।’—ਰਸੂਲਾਂ ਦੇ ਕਰਤੱਬ 15:21.
ਕੀ ਪਹਿਲੀ ਸਦੀ ਦੇ ਲੋਕਾਂ ਕੋਲ ਇਨ੍ਹਾਂ ਪੋਥੀਆਂ ਦੀਆਂ ਆਪੋ-ਆਪਣੀਆਂ ਕਾਪੀਆਂ ਸਨ? ਹਾਂ, ਲੱਗਦਾ ਹੈ। ਰਾਣੀ ਕੰਦਾਕੇ ਦੀ ਸੇਵਾ ਕਰ ਰਿਹਾ ਇਕ ਇਥੋਪੀਆਈ ਅਫ਼ਸਰ ਕੋਲ ਆਪਣੀਆਂ ਹੀ ਕਾਪੀਆਂ ਸਨ ਕਿਉਂਕਿ ਉਹ “ਆਪਣੇ ਰਥ ਵਿੱਚ ਬੈਠਾ ਹੋਇਆ ਯਸਾਯਾਹ ਨਬੀ ਦੀ ਪੋਥੀ ਵਾਚ ਰਿਹਾ ਸੀ” ਜਦ ਫ਼ਿਲਿੱਪੁਸ ਉਸ ਨੂੰ ਗਾਜ਼ਾ ਨੂੰ ਜਾਂਦੇ ਰਸਤੇ ਤੇ ਮਿਲਿਆ। (ਰਸੂਲਾਂ ਦੇ ਕਰਤੱਬ 8:26-30) ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ‘ਪੋਥੀਆਂ ਅਤੇ ਖਾਸ ਕਰ ਕੇ ਉਹ ਚਮੜੇ ਦੇ ਪੱਤ੍ਰਿਆਂ’ ਨੂੰ ਆਪਣੇ ਨਾਲ ਲੈ ਆਉਣ ਲਈ ਕਿਹਾ। (2 ਤਿਮੋਥਿਉਸ 4:13) ਪੌਲੁਸ ਦੇ ਸ਼ਬਦਾਂ ਤੋਂ ਇਹ ਨਹੀਂ ਪਤਾ ਲੱਗਦਾ ਕਿ ਉਹ ਕਿਹੜੀਆਂ ਪੋਥੀਆਂ ਸਨ, ਪਰ ਸੰਭਵ ਹੈ ਕਿ ਇਹ ਇਬਰਾਨੀ ਸ਼ਾਸਤਰ ਦੀਆਂ ਹੀ ਪੋਥੀਆਂ ਸਨ।
ਯਹੂਦੀ ਭਾਸ਼ਾਵਾਂ ਦਾ ਪ੍ਰੋਫ਼ੈਸਰ ਐਲਨ ਮਿਲਾਰਡ ਦਾ ਮੰਨਣਾ ਹੈ ਕਿ ਯਹੂਦੀਆਂ ਵਿਚ ਸ਼ਾਸਤਰ ਦੀਆਂ ਲਪੇਟਵੀਆਂ ਪੱਤਰੀਆਂ ਸ਼ਾਇਦ “ਪੈਲਸਟਾਈਨ ਦੇ ਮੰਨੇ-ਪ੍ਰਮੰਨੇ ਨਿਵਾਸੀਆਂ, ਜਾਂ ਪੜ੍ਹੇ-ਲਿਖੇ ਲੋਕਾਂ, ਜਾਂ ਕੁਝ ਫ਼ਰੀਸੀਆਂ ਅਤੇ ਨਿਕੁਦੇਮੁਸ ਵਰਗੇ ਉਸਤਾਦਾਂ ਦੇ ਹੱਥ ਹੁੰਦੀਆਂ ਸਨ।” ਇਸ ਦਾ ਇਕ ਕਾਰਨ ਉਨ੍ਹਾਂ ਦੀ ਕਿਮਤ ਹੋ ਸਕਦਾ ਹੈ। ਮਿਲਾਰਡ ਅੰਦਾਜ਼ਾ ਲਗਾਉਂਦਾ ਹੈ ਕਿ “ਯਸਾਯਾਹ ਦੀ ਪੋਥੀ ਛੇ ਤੋਂ ਦਸ ਦੀਨਾਰ ਤਕ ਦੀ ਕੀਮਤ ਤੇ ਵਿਕਦੀ ਸੀ” ਅਤੇ ਪੂਰੀ ਇਬਰਾਨੀ ਬਾਈਬਲ “15 ਤੋਂ 20 ਲਪੇਟਵੀਆਂ ਪੋਥੀਆਂ ਦੀ ਬਣੀ ਹੋਈ ਹੁੰਦੀ ਸੀ” ਅਤੇ ਇਸ ਦੀ ਕੀਮਤ ਅੱਧੇ ਸਾਲ ਦੀ ਤਨਖ਼ਾਹ ਸੀ।
ਬਾਈਬਲ ਇਹ ਨਹੀਂ ਦੱਸਦੀ ਜੇ ਯਿਸੂ ਜਾਂ ਉਸ ਦੇ ਚੇਲਿਆਂ ਕੋਲ ਬਾਈਬਲ ਪੋਥੀਆਂ ਦੀਆਂ ਆਪਣੀਆਂ ਨਕਲਾਂ ਸਨ। ਲੇਕਿਨ ਇੱਥੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਯਿਸੂ ਸ਼ਾਸਤਰਾਂ ਤੋਂ ਭਲੀ-ਭਾਂਤ ਜਾਣੂ ਸੀ, ਅਤੇ ਮੂੰਹ-ਜ਼ਬਾਨੀ ਯਾਦ ਕਰ ਕੇ ਹਵਾਲੇ ਸੁਣਾ ਸਕਦਾ ਸੀ। (ਮੱਤੀ 4:4, 7, 10; 19:4, 5) ਅੱਜ ਜ਼ਿਆਦਾਤਰ ਦੇਸ਼ਾਂ ਵਿਚ ਬਾਈਬਲ ਆਸਾਨੀ ਨਾਲ ਮਿਲ ਜਾਂਦੀ ਹੈ ਤੇ ਇੰਨੀ ਮਹਿੰਗੀ ਵੀ ਨਹੀਂ ਹੈ, ਤਾਂ ਫਿਰ ਕੀ ਸਾਨੂੰ ਨਹੀਂ ਚਾਹੀਦਾ ਕਿ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਪੜ੍ਹੀਏ ਅਤੇ ਇਸ ਦੀਆਂ ਗੱਲਾਂ ਨੂੰ ਆਪਣੇ ਦਿਲਾਂ-ਦਿਮਾਗਾਂ ਵਿਚ ਬਿਠਾਈਏ?