Skip to content

Skip to table of contents

ਬੱਚਿਆਂ ਨੂੰ ਸ਼ਾਂਤੀ ਨਾਲ ਰਹਿਣਾ ਸਿਖਾਓ

ਬੱਚਿਆਂ ਨੂੰ ਸ਼ਾਂਤੀ ਨਾਲ ਰਹਿਣਾ ਸਿਖਾਓ

ਬੱਚਿਆਂ ਨੂੰ ਸ਼ਾਂਤੀ ਨਾਲ ਰਹਿਣਾ ਸਿਖਾਓ

ਅੱਠਾਂ ਸਾਲਾਂ ਦੀ ਨਿਕੋਲ ਦਾ ਪਰਿਵਾਰ ਦੇਸ਼ ਦੇ ਇਕ ਕੋਨੇ ਤੋਂ ਦੂਜੇ ਕੋਨੇ ਵਿਚ ਵੱਸਣ ਦੀਆਂ ਤਿਆਰੀਆਂ ਕਰ ਰਿਹਾ ਸੀ। ਉਹ ਬੜੀ ਖ਼ੁਸ਼ ਸੀ ਤੇ ਹਰ ਵੇਲੇ ਆਪਣੀ ਪੱਕੀ ਸਹੇਲੀ ਗੇਬਰੀਐਲ ਨਾਲ ਇਸੇ ਬਾਰੇ ਗੱਲਾਂ ਕਰਦੀ ਰਹਿੰਦੀ ਸੀ। ਇਕ ਦਿਨ ਅਚਾਨਕ ਗੇਬਰੀਐਲ ਨੇ ਖਿੱਝ ਕੇ ਕਹਿ ਦਿੱਤਾ ਕਿ ‘ਮੈਨੂੰ ਕੀ?’ ਇਹ ਸੁਣ ਕੇ ਨਿਕੋਲ ਨੂੰ ਵੱਡਾ ਧੱਕਾ ਲੱਗਾ। ਉਸ ਨੇ ਗੁੱਸੇ ਵਿਚ ਆਪਣੀ ਮੰਮੀ ਨੂੰ ਕਿਹਾ, “ਮੈਂ ਹੁਣ ਕਦੀ ਉਹ ਦੇ ਨਾਲ ਗੱਲ ਨਹੀਂ ਕਰਨੀ!”

ਨਿਕੋਲ ਅਤੇ ਗੇਬਰੀਐਲ ਵਰਗੇ ਬੱਚਿਆਂ ਵਿਚ ਅਕਸਰ ਝਗੜੇ ਜਾਂ ਮਨ-ਮੁਟਾਓ ਹੁੰਦੇ ਰਹਿੰਦੇ ਹਨ। ਬੱਚਿਆਂ ਵਿਚ ‘ਨਿਆਣਪੁਣਾ’ ਹੁੰਦਾ ਹੈ ਤੇ ਉਹ ਅਕਸਰ ਅਜਿਹਾ ਕੁਝ ਕਹਿ ਦਿੰਦੇ ਜਾਂ ਕਰ ਦਿੰਦੇ ਹਨ ਜਿਸ ਨਾਲ ਦੂਜਿਆਂ ਦੇ ਦਿਲਾਂ ਨੂੰ ਠੇਸ ਪਹੁੰਚਦੀ ਹੈ। (1 ਕੁਰਿੰਥੀਆਂ 13:11) ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਜ਼ਖ਼ਮੀ ਦਿਲਾਂ ਤੇ ਮਲ੍ਹਮ ਲਗਾਉਣ ਦੇ ਨਾਲ-ਨਾਲ ਇਹ ਵੀ ਸਿਖਾਉਣ ਕਿ ਝਗੜੇ ਨੂੰ ਕਿੱਦਾਂ ਖ਼ਤਮ ਕਰਨਾ ਹੈ। ਸੋ ਮਾਪਿਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਵਿਚ ਅਜਿਹੇ ਗੁਣ ਪੈਦਾ ਕਰਨ ਜੋ ਉਨ੍ਹਾਂ ਦੀ ਪਰਿਵਾਰ ਦੇ ਬਾਕੀ ਜੀਆਂ ਨਾਲ ਤੇ ਹੋਰ ਲੋਕਾਂ ਨਾਲ ਮਿਲ ਕੇ ਰਹਿਣ ਵਿਚ ਮਦਦ ਕਰਨ।

ਮਸੀਹੀ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ‘ਮਿਲਾਪ ਨੂੰ ਲੱਭਣਾ ਤੇ ਉਹ ਦਾ ਪਿੱਛਾ ਕਰਨਾ’ ਸਿੱਖਣ। (1 ਪਤਰਸ 3:11) ਇਹ ਸੱਚ ਹੈ ਕਿ ਬੱਚਿਆਂ ਲਈ ਸ਼ੱਕ, ਨਿਰਾਸ਼ਾ ਤੇ ਨਾਰਾਜ਼ਗੀ ਉੱਤੇ ਕਾਬੂ ਪਾਉਣਾ ਬਹੁਤ ਔਖਾ ਹੈ। ਪਰ ਸੁਲ੍ਹਾ ਕਰਨ ਨਾਲ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਮਿਲੇਗੀ। ਤਾਂ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਸੁਲ੍ਹਾ ਕਰਨੀ ਕਿਵੇਂ ਸਿਖਾ ਸਕਦੇ ਹੋ?

ਬੱਚਿਆਂ ਵਿਚ “ਸ਼ਾਂਤੀ ਦਾਤਾ ਪਰਮੇਸ਼ੁਰ” ਨੂੰ ਖ਼ੁਸ਼ ਕਰਨ ਦੀ ਇੱਛਾ ਜਗਾਓ

ਯਹੋਵਾਹ ਨੂੰ “ਸ਼ਾਂਤੀ ਦਾਤਾ ਪਰਮੇਸ਼ੁਰ” ਕਿਹਾ ਗਿਆ ਹੈ। (ਫ਼ਿਲਿੱਪੀਆਂ 4:9; ਰੋਮੀਆਂ 15:33) ਇਸ ਲਈ ਸਮਝਦਾਰ ਮਾਪੇ ਪਰਮੇਸ਼ੁਰ ਦੇ ਬਚਨ ਬਾਈਬਲ ਨੂੰ ਵਰਤ ਕੇ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੀ ਰੀਸ ਕਰਨੀ ਸਿਖਾਉਂਦੇ ਹਨ ਤੇ ਉਨ੍ਹਾਂ ਵਿਚ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਇੱਛਾ ਪੈਦਾ ਕਰਦੇ ਹਨ। ਆਓ ਦੇਖੀਏ ਕਿ ਬਾਈਬਲ ਕਿੱਦਾਂ ਮਦਦ ਕਰ ਸਕਦੀ ਹੈ। ਯੂਹੰਨਾ ਰਸੂਲ ਨੇ ਦਰਸ਼ਣ ਵਿਚ ਯਹੋਵਾਹ ਦਾ ਸਿੰਘਾਸਣ ਦੇਖਿਆ ਜਿਸ ਦੇ ਆਲੇ-ਦੁਆਲੇ ਹਰੇ ਰੰਗ ਦਾ ਇਕ ਮੇਘ ਧਣੁਖ ਜਾਂ ਸਤਰੰਗੀ ਪੀਂਘ ਸੀ। * (ਪਰਕਾਸ਼ ਦੀ ਪੋਥੀ 4:2, 3) ਇਸ ਦ੍ਰਿਸ਼ ਦੀ ਕਲਪਨਾ ਕਰਨ ਵਿਚ ਬੱਚਿਆਂ ਦੀ ਮਦਦ ਕਰੋ ਅਤੇ ਸਮਝਾਓ ਕਿ ਸਤਰੰਗੀ ਪੀਂਘ ਸ਼ਾਂਤੀ ਦਾ ਪ੍ਰਤੀਕ ਹੈ। ਉਨ੍ਹਾਂ ਨੂੰ ਸਮਝਾਓ ਕਿ ਯਹੋਵਾਹ ਦੀ ਹਜ਼ੂਰੀ ਵਿਚ ਹਮੇਸ਼ਾ ਸ਼ਾਂਤੀ ਰਹਿੰਦੀ ਹੈ ਤੇ ਉਸ ਦੀ ਆਗਿਆ ਮੰਨਣ ਵਾਲੇ ਸਾਰੇ ਲੋਕਾਂ ਵਿਚ ਵੀ ਸ਼ਾਂਤੀ ਰਹਿਣੀ ਚਾਹੀਦੀ ਹੈ।

ਯਹੋਵਾਹ ਆਪਣੇ ਪੁੱਤਰ ਯਿਸੂ ਰਾਹੀਂ ਵੀ ਮਾਪਿਆਂ ਨੂੰ ਸੇਧ ਦਿੰਦਾ ਹੈ। ਯਿਸੂ “ਸ਼ਾਂਤੀ ਦਾ ਰਾਜ ਕੁਮਾਰ” ਹੈ। (ਯਸਾਯਾਹ 9:6, 7) ਯਿਸੂ ਨੇ ਸਿਖਾਇਆ ਕਿ ਲੜਾਈ-ਝਗੜਿਆਂ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ। ਬਾਈਬਲ ਵਿੱਚੋਂ ਆਪਣੇ ਬੱਚਿਆਂ ਨਾਲ ਇਨ੍ਹਾਂ ਗੱਲਾਂ ਬਾਰੇ ਪੜ੍ਹੋ ਤੇ ਗੱਲ ਕਰੋ। (ਮੱਤੀ 26:51-56; ਮਰਕੁਸ 9:33-35) ਦੱਸੋ ਕਿ ਪਹਿਲਾਂ ਪੌਲੁਸ “ਧੱਕੇਖੋਰਾ” ਹੁੰਦਾ ਸੀ, ਪਰ ਬਾਅਦ ਵਿਚ ਉਹ ਬਦਲ ਗਿਆ। ਉਸ ਨੇ ਆਪ ਇਹ ਗੱਲ ਕਹੀ ਸੀ ਕਿ “ਇਹ ਜੋਗ ਨਹੀਂ ਹੈ ਜੋ ਪ੍ਰਭੁ ਦਾ ਦਾਸ ਝਗੜਾ ਕਰੇ ਸਗੋਂ ਸਭਨਾਂ ਨਾਲ ਅਸੀਲ ਅਤੇ . . . ਸਬਰ ਕਰਨ ਵਾਲਾ ਹੋਵੇ।” (1 ਤਿਮੋਥਿਉਸ 1:13; 2 ਤਿਮੋਥਿਉਸ 2:24) ਹੋ ਸਕਦਾ ਹੈ ਕਿ ਇਹ ਗੱਲਾਂ ਉਨ੍ਹਾਂ ਦੇ ਕੋਮਲ ਦਿਲਾਂ ਨੂੰ ਛੂਹ ਜਾਣ।

ਐਵਨ ਨੂੰ ਯਾਦ ਹੈ ਕਿ ਜਦੋਂ ਉਹ ਸੱਤ ਸਾਲ ਦਾ ਸੀ, ਉਦੋਂ ਸਕੂਲ ਬੱਸ ਵਿਚ ਇਕ ਮੁੰਡੇ ਨੇ ਉਸ ਨੂੰ ਛੇੜਿਆ। ਉਹ ਦੱਸਦਾ ਹੈ, “ਮੈਨੂੰ ਇੰਨਾ ਗੁੱਸਾ ਚੜ੍ਹਿਆ ਕਿ ਮੈਂ ਉਸ ਦੀ ਤੌਣੀ ਲਾਉਣੀ ਚਾਹੁੰਦਾ ਸੀ। ਫਿਰ ਮੈਨੂੰ ਯਾਦ ਆਇਆ ਕਿ ਘਰੇ ਮੈਂ ਸਿੱਖਿਆ ਸੀ ਕਿ ਉਨ੍ਹਾਂ ਲੋਕਾਂ ਨਾਲ ਕਿੱਦਾਂ ਪੇਸ਼ ਆਉਣਾ ਹੈ ਜੋ ਚਿੰਜੜੀਆਂ ਛੇੜਦੇ ਹਨ। ਮੈਂ ਜਾਣਦਾ ਸੀ ਕਿ ਯਹੋਵਾਹ ਚਾਹੁੰਦਾ ਹੈ ਕਿ ਮੈਂ ‘ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰਾਂ’ ਤੇ ‘ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖਾਂ।’” (ਰੋਮੀਆਂ 12:17, 18) ਐਵਨ ਨੂੰ ਇਸ ਤੋਂ ਹੌਸਲਾ ਮਿਲਿਆ ਤੇ ਉਸ ਨੇ ਆਪਣੇ ਜਜ਼ਬਾਤਾਂ ਤੇ ਕਾਬੂ ਰੱਖਦਿਆਂ ਝਗੜਾ ਵਧਣ ਨਹੀਂ ਦਿੱਤਾ। ਉਹ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ।

ਮਾਪਿਓ, ਤੁਸੀਂ ਆਪ ਸ਼ਾਂਤ ਰਹੋ

ਕੀ ਤੁਹਾਡੇ ਘਰ ਦਾ ਮਾਹੌਲ ਸ਼ਾਂਤ ਹੈ? ਜੇ ਤੁਸੀਂ ਆਪ ਪਰਮੇਸ਼ੁਰ ਅਤੇ ਮਸੀਹ ਵਾਂਗ ਸ਼ਾਂਤੀ ਨਾਲ ਰਹਿੰਦੇ ਹੋ, ਤਾਂ ਤੁਹਾਨੂੰ ਦੇਖ ਕੇ ਤੁਹਾਡੇ ਬੱਚੇ ਵੀ ਸ਼ਾਂਤ ਰਹਿਣਾ ਸਿੱਖਣਗੇ। ਸ਼ਾਂਤ-ਮਿਜ਼ਾਜ ਦੇ ਹੋਣ ਨਾਲ ਤੁਹਾਡੀ ਸਿੱਖਿਆ ਦਾ ਬੱਚਿਆਂ ਉੱਤੇ ਜ਼ਿਆਦਾ ਅਸਰ ਪਵੇਗਾ।—ਰੋਮੀਆਂ 2:21.

ਰਸ ਤੇ ਸਿੰਡੀ ਦੇ ਦੋ ਮੁੰਡੇ ਹਨ। ਉਹ ਹਮੇਸ਼ਾ ਉਨ੍ਹਾਂ ਨੂੰ ਸਿਖਾਉਂਦੇ ਹਨ ਕਿ ਉਹ ਸਾਰਿਆਂ ਨਾਲ ਬਣਾ ਕੇ ਰੱਖਣ। ਸਿੰਡੀ ਕਹਿੰਦੀ ਹੈ, “ਜਦੋਂ ਸਾਡੇ ਮੁੰਡੇ ਜਾਂ ਦੂਸਰੇ ਸਾਨੂੰ ਖਿਝਾਉਂਦੇ ਹਨ, ਤਾਂ ਮੈਂ ਤੇ ਰਸ ਸ਼ਾਂਤ ਰਹਿਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਸਾਡੀ ਮਿਸਾਲ ਦੇਖ ਕੇ ਸਾਡੇ ਮੁੰਡੇ ਵੀ ਦੂਸਰਿਆਂ ਤੋਂ ਛੇਤੀ ਨਹੀਂ ਖਿੱਝਦੇ।”

ਮਾਪੇ ਅਤੇ ਬੱਚੇ ਦੋਵੇਂ ਗ਼ਲਤੀਆਂ ਕਰਦੇ ਹਨ। ਪਰ ਗ਼ਲਤੀ ਕਰਨ ਤੇ ਵੀ ਮਾਪੇ ਆਪਣੇ ਬੱਚਿਆਂ ਨੂੰ ਚੰਗੀਆਂ ਗੱਲਾਂ ਸਿਖਾ ਸਕਦੇ ਹਨ। ਮਿਸਾਲ ਲਈ, ਤਿੰਨ ਬੱਚਿਆਂ ਦਾ ਪਿਤਾ ਸਟੀਵਨ ਦੱਸਦਾ ਹੈ, “ਕਈ ਵਾਰ ਮੈਂ ਤੇ ਮੇਰੀ ਪਤਨੀ ਟੈਰੀ ਸਾਰੀ ਗੱਲ ਸੁਣੇ ਬਗੈਰ ਹੀ ਬੱਚਿਆਂ ਨੂੰ ਪੈ ਜਾਂਦੇ ਹਾਂ। ਪਰ ਫਿਰ ਆਪਣੀ ਗ਼ਲਤੀ ਮੰਨ ਕੇ ਅਸੀਂ ਉਨ੍ਹਾਂ ਨੂੰ ‘ਸੌਰੀ’ ਕਹਿੰਦੇ ਹਾਂ।” ਟੈਰੀ ਅੱਗੇ ਕਹਿੰਦੀ ਹੈ, “ਅਸੀਂ ਬੱਚਿਆਂ ਨੂੰ ਇਹ ਕਹਿਣ ਤੋਂ ਨਹੀਂ ਸ਼ਰਮਾਉਂਦੇ ਕਿ ਸਾਡੇ ਤੋਂ ਗ਼ਲਤੀ ਹੋ ਗਈ। ਆਪਣੀ ਗ਼ਲਤੀ ਮੰਨਣ ਨਾਲ ਘਰ ਵਿਚ ਸ਼ਾਂਤੀ ਬਣੀ ਰਹਿੰਦੀ ਹੈ। ਨਾਲੇ ਬੱਚੇ ਵੀ ਸਿੱਖਦੇ ਹਨ ਕਿ ਮਾਫ਼ੀ ਮੰਗਣ ਅਤੇ ਸੁਲ੍ਹਾ-ਸਫ਼ਾਈ ਕਰਨ ਵਿਚ ਕੋਈ ਸ਼ਰਮ ਨਹੀਂ।”

ਮਾਪਿਓ, ਤੁਸੀਂ ਬੱਚਿਆਂ ਨਾਲ ਕਿਵੇਂ ਪੇਸ਼ ਆਉਂਦੇ ਹੋ? ਕੀ ਤੁਹਾਨੂੰ ਦੇਖ ਕੇ ਬੱਚੇ ਸ਼ਾਂਤ ਰਹਿਣਾ ਸਿੱਖਦੇ ਹਨ? ਯਿਸੂ ਨੇ ਸਲਾਹ ਦਿੱਤੀ: “ਸੋ ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।” (ਮੱਤੀ 7:12) ਇਹ ਸੱਚ ਹੈ ਕਿ ਕਦੇ-ਕਦੇ ਤੁਹਾਡੇ ਤੋਂ ਗ਼ਲਤੀਆਂ ਹੋਣਗੀਆਂ। ਪਰ ਜੇ ਤੁਸੀਂ ਪਿਆਰ ਤੇ ਹਮਦਰਦੀ ਨਾਲ ਆਪਣੇ ਬੱਚਿਆਂ ਨਾਲ ਪੇਸ਼ ਆਓਗੇ, ਤਾਂ ਯਕੀਨ ਕਰੋ ਕਿ ਉਹ ਵੀ ਤੁਹਾਡੀ ਰੀਸ ਕਰਨ ਦੀ ਕੋਸ਼ਿਸ਼ ਕਰਨਗੇ। ਪਿਆਰ ਨਾਲ ਦਿੱਤੀ ਸਲਾਹ ਨੂੰ ਬੱਚੇ ਛੇਤੀ ਮੰਨ ਲੈਂਦੇ ਹਨ।

ਆਪਣੇ ਗੁੱਸੇ ਤੇ ਕਾਬੂ ਰੱਖੋ

ਕਹਾਉਤਾਂ 19:11 ਕਹਿੰਦਾ ਹੈ: “ਬਿਬੇਕ ਆਦਮੀ ਨੂੰ ਕ੍ਰੋਧ ਵਿੱਚ ਧੀਮਾ ਬਣਾਉਂਦਾ ਹੈ।” ਤੁਸੀਂ ਬਿਬੇਕੀ ਜਾਂ ਸਮਝਦਾਰ ਬਣਨ ਵਿਚ ਬੱਚਿਆਂ ਦੀ ਕਿੱਦਾਂ ਮਦਦ ਕਰ ਸਕਦੇ ਹੋ? ਡੇਵਿਡ ਤੇ ਉਸ ਦੀ ਪਤਨੀ ਮਰੀਐਨ ਇਕ ਵਧੀਆ ਤਰੀਕਾ ਵਰਤਦੇ ਹਨ। ਡੇਵਿਡ ਦੱਸਦਾ ਹੈ, “ਜਦੋਂ ਸਾਡੇ ਬੱਚਿਆਂ ਨੂੰ ਕਿਸੇ ਦੀ ਗੱਲ ਤੋਂ ਠੇਸ ਪਹੁੰਚਦੀ ਹੈ, ਤਾਂ ਅਸੀਂ ਉਨ੍ਹਾਂ ਨੂੰ ਹਮਦਰਦ ਬਣਨ ਦੀ ਪ੍ਰੇਰਣਾ ਦਿੰਦੇ ਹਾਂ। ਅਸੀਂ ਉਨ੍ਹਾਂ ਨੂੰ ਇਹ ਸਲਾਹ ਦਿੰਦੇ ਹਾਂ ਕਿ ਉਹ ਠੰਢੇ ਦਿਮਾਗ਼ ਨਾਲ ਸੋਚਣ ਕਿ ਸੱਟ ਲਾਉਣ ਵਾਲੇ ਨੇ ਅਜਿਹਾ ਕਿਉਂ ਕੀਤਾ। ਉਹ ਖ਼ੁਦ ਨੂੰ ਪੁੱਛ ਸਕਦੇ ਹਨ: ‘ਉਹ ਕਿਸੇ ਗੱਲੋਂ ਪਰੇਸ਼ਾਨ ਸੀ? ਕਿਤੇ ਉਸ ਨੂੰ ਇਹ ਗੱਲ ਤਾਂ ਨਹੀਂ ਸਤਾ ਰਹੀ ਕਿ ਕਾਸ਼ ਉਹ ਤੇਰੇ ਵਾਂਗ ਹੁਸ਼ਿਆਰ ਹੁੰਦਾ? ਕੀ ਕਿਸੇ ਨੇ ਖਰ੍ਹਵੀਂ ਗੱਲ ਕਰ ਕੇ ਉਸ ਦੇ ਦਿਲ ਨੂੰ ਦੁਖਾਇਆ ਹੈ?’” ਮਰੀਐਨ ਅੱਗੇ ਕਹਿੰਦੀ ਹੈ, “ਇੱਦਾਂ ਹਾਲਾਤਾਂ ਦੀ ਜਾਂਚ ਕਰਨ ਨਾਲ ਬੱਚੇ ਦਾ ਗੁੱਸਾ ਠੰਢਾ ਹੋਣ ਦੇ ਨਾਲ-ਨਾਲ ਉਹ ਅਗਲੇ ਨੂੰ ਮਾਫ਼ ਵੀ ਕਰ ਦਿੰਦਾ ਹੈ।”

ਬੱਚਿਆਂ ਨੂੰ ਸਹੀ ਸਿਖਲਾਈ ਦੇਣ ਦੇ ਬਹੁਤ ਫ਼ਾਇਦੇ ਹਨ। ਨਿਕੋਲ ਨਾਲ ਵੀ ਇੱਦਾਂ ਦਾ ਕੁਝ ਹੋਇਆ ਜਿਸ ਬਾਰੇ ਅਸੀਂ ਸ਼ੁਰੂ ਵਿਚ ਪੜ੍ਹਿਆ ਸੀ। ਉਸ ਦੀ ਮਾਂ ਮੀਸ਼ੈਲ ਨੇ ਉਸ ਨੂੰ ਬੜੇ ਪਿਆਰ ਨਾਲ ਸਮਝਾਇਆ। ਮੀਸ਼ੈਲ ਦੱਸਦੀ ਹੈ, “ਅਸੀਂ ਇਕੱਠੀਆਂ ਬੈਠ ਕੇ ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ) ਕਿਤਾਬ ਦਾ 14ਵਾਂ ਅਧਿਆਇ ਪੜ੍ਹਿਆ। * ਫਿਰ ਮੈਂ ਨਿਕੋਲ ਨੂੰ ਸਮਝਾਇਆ ਕਿ ਯਿਸੂ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ ਸਾਨੂੰ “ਸੱਤਰ ਦੇ ਸੱਤ ਗੁਣਾ ਤੀਕਰ” ਦੂਸਰਿਆਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ। ਫਿਰ ਨਿਕੋਲ ਦੀ ਗੱਲ ਧਿਆਨ ਨਾਲ ਸੁਣਨ ਤੋਂ ਬਾਅਦ ਮੈਂ ਉਸ ਨੂੰ ਕਿਹਾ ਕਿ ਉਹ ਗੈਬਰੀਐਲ ਦੇ ਜਜ਼ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੇ ਜੋ ਸ਼ਾਇਦ ਤੇਰੇ ਵਰਗੀ ਪੱਕੀ ਸਹੇਲੀ ਦੇ ਵਿਛੋੜੇ ਬਾਰੇ ਸੋਚ ਕੇ ਬਹੁਤ ਦੁਖੀ ਤੇ ਪਰੇਸ਼ਾਨ ਹੈ।”—ਮੱਤੀ 18:21, 22.

ਨਿਕੋਲ ਨੇ ਗੈਬਰੀਐਲ ਦੇ ਦੁੱਖ ਬਾਰੇ ਇਸ ਤਰ੍ਹਾਂ ਸੋਚਿਆ ਹੀ ਨਹੀਂ ਸੀ। ਮਾਂ ਦੀਆਂ ਗੱਲਾਂ ਸੁਣ ਕੇ ਉਸ ਨੂੰ ਗੈਬਰੀਐਲ ਦੀ ਉਦਾਸੀ ਦਾ ਅਹਿਸਾਸ ਹੋਇਆ ਅਤੇ ਉਸ ਨੇ ਫ਼ੋਨ ਕਰ ਕੇ ਉਸ ਤੋਂ ਮਾਫ਼ੀ ਮੰਗੀ। ਮੀਸ਼ੈਲ ਦੱਸਦੀ ਹੈ ਕਿ “ਉਸ ਦਿਨ ਤੋਂ ਨਿਕੋਲ ਨੇ ਦੂਸਰਿਆਂ ਦੀਆਂ ਭਾਵਨਾਵਾਂ ਦਾ ਲਿਹਾਜ਼ ਕਰਨਾ ਸਿੱਖਿਆ। ਉਹ ਹੁਣ ਦੂਸਰਿਆਂ ਲਈ ਕੁਝ ਚੰਗਾ ਕਰ ਕੇ ਉਨ੍ਹਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ।”—ਫ਼ਿਲਿੱਪੀਆਂ 2:3, 4.

ਬੱਚਿਆਂ ਨੂੰ ਸਿਖਾਓ ਕਿ ਉਹ ਦੂਸਰਿਆਂ ਦੀਆਂ ਗ਼ਲਤੀਆਂ ਜਾਂ ਗ਼ਲਤ-ਫ਼ਹਿਮੀਆਂ ਕਰਕੇ ਲੋਹਾ-ਲਾਖਾ ਨਾ ਹੋਣ। ਇੱਦਾਂ ਦੀ ਚੰਗੀ ਸਿੱਖਿਆ ਪਾ ਕੇ ਬੱਚੇ ਹਮਦਰਦ ਬਣਨਗੇ ਤੇ ਦੂਸਰਿਆਂ ਨੂੰ ਦਿਲੋਂ ਮਾਫ਼ ਕਰਨਾ ਸਿੱਖਣਗੇ।—ਰੋਮੀਆਂ 12:10; 1 ਕੁਰਿੰਥੀਆਂ 12:25.

ਦੂਸਰਿਆਂ ਨੂੰ ਮਾਫ਼ ਕਰਨਾ ਇਕ ਚੰਗਾ ਗੁਣ ਹੈ

ਕਹਾਉਤਾਂ 19:11 ਕਹਿੰਦਾ ਹੈ ਕਿ ‘ਸਮਝਦਾਰ ਦਾ ਸਭ ਤੋਂ ਵੱਡਾ ਗੁਣ ਹੈ ਕਿ ਉਹ ਦੂਜਿਆਂ ਨੂੰ ਮਾਫ਼ ਕਰ ਦਿੰਦਾ ਹੈ।’ (ਪਵਿੱਤਰ ਬਾਈਬਲ ਨਵਾਂ ਅਨੁਵਾਦ) ਸੂਲੀ ਤੇ ਟੰਗਿਆ ਯਿਸੂ ਦਰਦ ਨਾਲ ਤੜਫ਼ ਰਿਹਾ ਸੀ। ਪਰ ਫਿਰ ਵੀ ਉਸ ਨੇ ਆਪਣੇ ਪਿਤਾ ਦੀ ਰੀਸ ਕਰਦਿਆਂ ਆਪਣੇ ਸਤਾਉਣ ਵਾਲਿਆਂ ਨੂੰ ਮਾਫ਼ ਕੀਤਾ। (ਲੂਕਾ 23:34) ਜਦੋਂ ਤੁਸੀਂ ਬੱਚਿਆਂ ਦੀ ਗ਼ਲਤੀ ਮਾਫ਼ ਕਰਦੇ ਹੋ, ਤਾਂ ਉਨ੍ਹਾਂ ਦੇ ਦਿਲਾਂ ਨੂੰ ਬੜਾ ਚੈਨ ਮਿਲਦਾ ਹੈ। ਇਸ ਤਰ੍ਹਾਂ ਉਨ੍ਹਾਂ ਵਿਚ ਵੀ ਦੂਸਰਿਆਂ ਨੂੰ ਮਾਫ਼ ਕਰਨ ਦਾ ਚੰਗਾ ਗੁਣ ਪੈਦਾ ਹੋ ਸਕਦਾ ਹੈ।

ਮਿਸਾਲ ਲਈ, ਪੰਜਾਂ ਸਾਲਾਂ ਦੇ ਵਿਲੀ ਨੂੰ ਆਪਣੀ ਨਾਨੀ ਨਾਲ ਬੈਠ ਕੇ ਡਰਾਇੰਗ ਕਰਨੀ ਬਹੁਤ ਪਸੰਦ ਹੈ। ਇਕ ਵਾਰ ਉਸ ਦੀ ਨਾਨੀ ਅਚਾਨਕ ਹੜਬੜਾ ਕੇ ਉੱਠ ਖੜ੍ਹੀ ਤੇ ਵਿਲੀ ਨੂੰ ਖਰੀਆਂ-ਖਰੀਆਂ ਸੁਣਾ ਕੇ ਤੁਰ ਪਈ। ਵਿਲੀ ਇਸ ਗੱਲ ਤੋਂ ਹੱਕਾ-ਬੱਕਾ ਰਹਿ ਕੇ ਬਹੁਤ ਪਰੇਸ਼ਾਨ ਹੋਇਆ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਨੇ ਇੱਦਾਂ ਦਾ ਕੀ ਕਰ ਦਿੱਤਾ ਜਿਸ ਨਾਲ ਨਾਨੀ ਇੰਨੀ ਨਾਰਾਜ਼ ਹੋ ਗਈ। ਉਸ ਦਾ ਪਿਤਾ ਸੈਮ ਦੱਸਦਾ ਹੈ ਕਿ “ਵਿਲੀ ਦੀ ਨਾਨੀ ਅਲਜ਼ਹਾਏਮੀਰ ਦੇ ਰੋਗ ਦੀ ਸ਼ਿਕਾਰ ਹੈ ਜਿਸ ਰੋਗ ਦਾ ਦਿਮਾਗ਼ ਤੇ ਕਾਫ਼ੀ ਨੁਕਸਾਨਦੇਹ ਅਸਰ ਪੈਂਦਾ ਹੈ। ਸੋ ਅਸੀਂ ਵਿਲੀ ਨੂੰ ਉਸ ਦੀ ਉਮਰ ਦੇ ਹਿਸਾਬ ਨਾਲ ਸੌਖੀ ਭਾਸ਼ਾ ਵਿਚ ਇਸ ਰੋਗ ਬਾਰੇ ਸਮਝਾਇਆ।” ਸੈਮ ਨੇ ਆਪਣੇ ਬੇਟੇ ਨੂੰ ਕਿਹਾ ਕਿ ਉਸ ਨੂੰ ਵੀ ਕਈ ਵਾਰ ਗ਼ਲਤੀਆਂ ਕਰਨ ਤੇ ਮਾਫ਼ ਕੀਤਾ ਗਿਆ ਹੈ, ਇਸ ਲਈ ਉਸ ਨੂੰ ਵੀ ਚਾਹੀਦਾ ਹੈ ਕਿ ਉਹ ਦੂਸਰਿਆਂ ਨੂੰ ਮਾਫ਼ ਕਰੇ। ਫਿਰ ਵਿਲੀ ਨੇ ਅੱਗੇ ਜੋ ਕੀਤਾ ਉਸ ਨੂੰ ਦੇਖ ਕੇ ਸੈਮ ਹੈਰਾਨ ਰਹਿ ਗਿਆ। ਉਹ ਕਹਿੰਦਾ ਹੈ, “ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਮੈਂ ਅਤੇ ਮੇਰੀ ਪਤਨੀ ਆਪਣੇ ਮੁੰਡੇ ਨੂੰ ਦੇਖ ਕੇ ਕਿੰਨੇ ਖ਼ੁਸ਼ ਹੋਏ ਜਦ ਉਸ ਨੇ ਆਪਣੀ 80 ਸਾਲਾਂ ਦੀ ਨਾਨੀ ਕੋਲ ਜਾ ਕੇ ਸੁਲ੍ਹਾ ਕੀਤੀ ਤੇ ਫਿਰ ਉਸ ਦਾ ਹੱਥ ਫੜ ਕੇ ਉਸ ਨੂੰ ਵਾਪਸ ਮੇਜ਼ ਦੇ ਕੋਲ ਲੈ ਆਇਆ।”

ਇਹ ਵਾਕਈ ਚੰਗੀ ਗੱਲ ਹੈ ਜਦ ਬੱਚੇ ਹੋਰਨਾਂ ਦੀਆਂ ਕਮੀਆਂ ਅਤੇ ਗ਼ਲਤੀਆਂ ਨੂੰ ‘ਸਹਿ ਲੈਂਦੇ ਹਨ’ ਅਤੇ ਮਾਫ਼ ਕਰ ਦਿੰਦੇ ਹਨ। (ਕੁਲੁੱਸੀਆਂ 3:13) ਜਦ ਲੋਕ ਜਾਣ-ਬੁੱਝ ਕੇ ਖਿਝਾਉਂਦੇ ਹਨ, ਉਦੋਂ ਵੀ ਆਪਣੇ ਬੱਚਿਆਂ ਨੂੰ ਯਕੀਨ ਦਿਵਾਓ ਕਿ ਸ਼ਾਂਤੀ ਨਾਲ ਗੱਲ ਕਰਨ ਨਾਲ ਹਮੇਸ਼ਾ ਚੰਗੇ ਨਤੀਜੇ ਨਿਕਲਦੇ ਹਨ। ਬਾਈਬਲ ਕਹਿੰਦੀ ਹੈ ਕਿ “ਜਦ ਕਿਸੇ ਦੀ ਚਾਲ ਯਹੋਵਾਹ ਨੂੰ ਭਾਉਂਦੀ ਹੈ, ਤਾਂ ਉਹ ਉਸ ਦੇ ਵੈਰੀਆਂ ਦਾ ਵੀ ਉਸ ਨਾਲ ਮੇਲ ਕਰਾਉਂਦਾ ਹੈ।”—ਕਹਾਉਤਾਂ 16:7.

ਸ਼ਾਂਤੀ ਨਾਲ ਰਹਿਣ ਵਿਚ ਬੱਚੇ ਦੀ ਮਦਦ ਕਰਦੇ ਰਹੋ

ਜਦ ਮਾਪੇ “ਮੇਲ ਕਰਾਉਣ ਵਾਲਿਆਂ” ਵਜੋਂ ਘਰ ਦੇ ਸ਼ਾਂਤ ਮਾਹੌਲ ਵਿਚ ਆਪਣੇ ਬੱਚਿਆਂ ਨੂੰ ਬਾਈਬਲ ਦੀ ਸਿੱਖਿਆ ਦਿੰਦੇ ਹਨ, ਤਾਂ ਉਹ ਆਪਣੇ ਬੱਚਿਆਂ ਲਈ ਬਰਕਤ ਸਾਬਤ ਹੁੰਦੇ ਹਨ। (ਯਾਕੂਬ 3:18) ਅਜਿਹੇ ਮਾਪੇ ਆਪਣੇ ਬੱਚਿਆਂ ਨੂੰ ਉਹ ਗੱਲਾਂ ਸਿਖਾਉਂਦੇ ਹਨ ਜੋ ਲੜਾਈ-ਝਗੜਿਆਂ ਨੂੰ ਨਿਬੇੜਨ ਅਤੇ ਸ਼ਾਂਤੀ ਕਾਇਮ ਕਰਨ ਲਈ ਜ਼ਰੂਰੀ ਹਨ। ਇਨ੍ਹਾਂ ਗੱਲਾਂ ਤੇ ਚੱਲ ਕੇ ਬੱਚੇ ਉਮਰ-ਭਰ ਸੁੱਖ-ਸ਼ਾਂਤੀ ਨਾਲ ਰਹਿਣਗੇ।

ਡੈਨ ਅਤੇ ਕੈਥੀ ਦੇ ਕਿਸ਼ੋਰ ਉਮਰ ਦੇ ਤਿੰਨ ਬੱਚੇ ਹਨ ਜੋ ਮਨ ਲਾ ਕੇ ਯਹੋਵਾਹ ਦੀ ਸੇਵਾ ਕਰ ਰਹੇ ਹਨ। ਡੈਨ ਕਹਿੰਦਾ ਹੈ, “ਬੱਚੇ ਜਦ ਛੋਟੇ ਸਨ, ਤਾਂ ਉਨ੍ਹਾਂ ਨੂੰ ਚੰਗੀ ਸਿੱਖਿਆ ਦੇਣ ਲਈ ਸਾਨੂੰ ਕਾਫ਼ੀ ਮਿਹਨਤ ਕਰਨੀ ਪਈ। ਪਰ ਸਾਨੂੰ ਖ਼ੁਸ਼ੀ ਹੈ ਕਿ ਬੱਚੇ ਵੱਡੇ ਹੋ ਕੇ ਸਮਝਦਾਰ ਬਣੇ। ਹੁਣ ਉਨ੍ਹਾਂ ਦੀ ਸਾਰਿਆਂ ਨਾਲ ਬਣਦੀ ਹੈ। ਜਦ ਦੂਸਰੇ ਲੋਕ ਚੁਭਵੀਂ ਗੱਲ ਕਹਿੰਦੇ ਹਨ, ਤਾਂ ਗੁੱਸਾ ਕੱਢਣ ਦੀ ਬਜਾਇ ਉਹ ਖੁੱਲ੍ਹ-ਦਿਲੀ ਨਾਲ ਉਨ੍ਹਾਂ ਨੂੰ ਮਾਫ਼ ਕਰ ਦਿੰਦੇ ਹਨ।” ਕੈਥੀ ਕਹਿੰਦੀ ਹੈ, “ਇਹ ਦੇਖ ਕੇ ਸਾਨੂੰ ਹੌਸਲਾ ਮਿਲਦਾ ਹੈ ਕਿਉਂਕਿ ਸ਼ਾਂਤੀ ਪਰਮੇਸ਼ੁਰ ਵੱਲੋਂ ਆਉਂਦੀ ਹੈ।”—ਗਲਾਤੀਆਂ 5:22, 23.

ਤਾਂ ਫਿਰ ਮਾਪਿਓ ਆਪਣੇ ਬੱਚਿਆਂ ਨੂੰ ਸ਼ਾਂਤੀ ਨਾਲ ਰਹਿਣਾ ਸਿਖਾਉਂਦਿਆਂ ‘ਅੱਕੋ ਨਾ’ ਜਾਂ ‘ਹੌਸਲਾ ਨਾ ਹਾਰੋ’ ਭਾਵੇਂ ਕਿ ਤੁਹਾਨੂੰ ਲੱਗਦਾ ਹੈ ਕਿ ਬੱਚੇ ਤੁਹਾਡੀ ਗੱਲ ਛੇਤੀ ਨਹੀਂ ਮੰਨਦੇ। ਇਸ ਤਰ੍ਹਾਂ ਕਰਦਿਆਂ ਯਾਦ ਰੱਖੋ ਕਿ ‘ਪਰਮੇਸ਼ੁਰ ਜੋ ਪ੍ਰੇਮ ਅਤੇ ਸ਼ਾਂਤੀ ਦਾ ਦਾਤਾ ਹੈ ਤੁਹਾਡੇ ਅੰਗ ਸੰਗ ਹੈ।’—ਗਲਾਤੀਆਂ 6:9; 2 ਕੁਰਿੰਥੀਆਂ 13:11.

[ਫੁਟਨੋਟ]

^ ਪੈਰਾ 6 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖ਼ਰ ਨੇੜੇ! (ਅੰਗ੍ਰੇਜ਼ੀ) ਕਿਤਾਬ ਦੇ ਸਫ਼ਾ 75 ਉੱਤੇ ਤਸਵੀਰ ਦੇਖੋ।

^ ਪੈਰਾ 16 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

[ਸਫ਼ਾ 20 ਡੱਬੀ/ਉੱਤੇ ਤਸਵੀਰ]

ਚੰਗਾ ਅਸਰ?

ਮਨੋਰੰਜਨ ਬਾਰੇ ਲਿਖਿਆ ਇਕ ਲੇਖ “ਮਨੋਰੰਜਨ ਵਿਚ ਹਿੰਸਾ” ਦੱਸਦਾ ਹੈ: “ਅਕਸਰ ਫ਼ਿਲਮਾਂ ਵਿਚ ਦਿਖਾਇਆ ਜਾਂਦਾ ਹੈ ਕਿ ਮਾਰ-ਧਾੜ ਕਰਨ ਨਾਲ ਹੀ ਕਿਸੇ ਸਮੱਸਿਆ ਨੂੰ ਸੁਲਝਾਇਆ ਜਾਂਦਾ ਹੈ। ਅੰਤ ਤਕ ਹੀਰੋ ਅਤੇ ਖਲਨਾਇਕਾਂ ਵਿਚ ਲੜਾਈ ਚੱਲਦੀ ਰਹਿੰਦੀ ਹੈ।” ਸਿਰਫ਼ 10 ਪ੍ਰਤਿਸ਼ਤ ਟੀ. ਵੀ. ਸ਼ੋਅ, ਫ਼ਿਲਮਾਂ ਅਤੇ ਮਿਊਜ਼ਿਕ ਵਿਡਿਓ ਹੀ ਦਿਖਾਉਂਦੇ ਹਨ ਕਿ ਮਾਰ-ਧਾੜ ਦੇ ਮਾੜੇ ਅਸਰ ਹੁੰਦੇ ਹਨ। ਬਾਕੀ ਫ਼ਿਲਮਾਂ ਵਿਚ “ਮਾਰ-ਧਾੜ ਦਿਖਾ ਕੇ ਇਹ ਸਾਬਤ ਕੀਤਾ ਜਾਂਦਾ ਹੈ ਕਿ ਕਿਸੇ ਸਮੱਸਿਆ ਨੂੰ ਹੱਲ ਕਰਨ ਲਈ ਹਿੰਸਾ ਦਾ ਸਹਾਰਾ ਲੈਣਾ ਜਾਇਜ਼ ਅਤੇ ਜ਼ਰੂਰੀ ਹੈ।”

ਕੀ ਤੁਹਾਨੂੰ ਨਹੀਂ ਲੱਗਦਾ ਕਿ ਕਈ ਟੈਲੀਵਿਯਨ ਪ੍ਰੋਗ੍ਰਾਮ ਤੁਹਾਡੇ ਬੱਚਿਆਂ ਲਈ ਠੀਕ ਨਹੀਂ ਹਨ? ਮਾਰ-ਧਾੜ ਵਾਲੀਆਂ ਫ਼ਿਲਮਾਂ ਨੂੰ ਆਪਣੇ ਬੱਚਿਆਂ ਤੇ ਹਾਵੀ ਨਾ ਹੋਣ ਦਿਓ, ਸਗੋਂ ਬੱਚਿਆਂ ਨੂੰ ਸ਼ਾਂਤੀ ਨਾਲ ਰਹਿਣਾ ਸਿਖਾਉਂਦੇ ਰਹੋ।

[ਸਫ਼ਾ 17 ਉੱਤੇ ਤਸਵੀਰ]

ਆਪਣੇ ਬੱਚਿਆਂ ਦੇ ਦਿਲਾਂ ਵਿਚ “ਸ਼ਾਂਤੀ ਦਾਤਾ ਪਰਮੇਸ਼ੁਰ” ਨੂੰ ਖ਼ੁਸ਼ ਕਰਨ ਦੀ ਇੱਛਾ ਪੈਦਾ ਕਰੋ

[ਸਫ਼ਾ 18 ਉੱਤੇ ਤਸਵੀਰ]

ਜੇ ਬੱਚੇ ਆਪਣੀਆਂ ਗੱਲਾਂ ਜਾਂ ਕੰਮਾਂ ਰਾਹੀਂ ਦੂਸਰਿਆਂ ਨੂੰ ਠੇਸ ਪਹੁੰਚਾਉਂਦੇ ਹਨ, ਤਾਂ ਆਰਾਮ ਨਾਲ ਬੈਠ ਕੇ ਉਨ੍ਹਾਂ ਨੂੰ ਸਮਝਾਓ

[ਸਫ਼ਾ 19 ਉੱਤੇ ਤਸਵੀਰ]

ਤੁਹਾਡੇ ਬੱਚਿਆਂ ਨੂੰ ਮਾਫ਼ੀ ਮੰਗਣੀ ਤੇ ਮਾਫ਼ ਕਰਨਾ ਸਿੱਖਣਾ ਚਾਹੀਦਾ ਹੈ