Skip to content

Skip to table of contents

ਯਹੋਵਾਹ ਦੀ ਹਕੂਮਤ ਅਤੇ ਪਰਮੇਸ਼ੁਰ ਦਾ ਰਾਜ

ਯਹੋਵਾਹ ਦੀ ਹਕੂਮਤ ਅਤੇ ਪਰਮੇਸ਼ੁਰ ਦਾ ਰਾਜ

ਯਹੋਵਾਹ ਦੀ ਹਕੂਮਤ ਅਤੇ ਪਰਮੇਸ਼ੁਰ ਦਾ ਰਾਜ

“ਹੇ ਯਹੋਵਾਹ, ਵਡਿਆਈ ਅਤੇ ਸ਼ਕਤੀ ਅਤੇ ਪ੍ਰਤਾਪ ਅਤੇ ਫਤਹ ਅਤੇ ਮਹਿਮਾ ਤੇਰੀ ਹੀ ਹੈ . . . ਹੇ ਯਹੋਵਾਹ, ਰਾਜ ਤੇਰਾ ਹੀ ਹੈ।”—1 ਇਤਹਾਸ 29:11.

1. ਯਹੋਵਾਹ ਸਾਰੀ ਦੁਨੀਆਂ ਉੱਤੇ ਹਕੂਮਤ ਕਰਨ ਦਾ ਹੱਕ ਕਿਉਂ ਰੱਖਦਾ ਹੈ?

“ਯਹੋਵਾਹ ਨੇ ਆਪਣੀ ਰਾਜ ਗੱਦੀ ਸੁਰਗ ਵਿੱਚ ਕਾਇਮ ਕੀਤੀ ਹੈ, ਅਤੇ ਉਹ ਦੀ ਪਾਤਸ਼ਾਹੀ ਦਾ ਹੁਕਮ ਸਭਨਾਂ ਉੱਤੇ ਹੈ।” (ਜ਼ਬੂਰਾਂ ਦੀ ਪੋਥੀ 103:19) ਇਹ ਕਹਿ ਕੇ ਜ਼ਬੂਰਾਂ ਦੇ ਲਿਖਾਰੀ ਨੇ ਹਕੂਮਤ ਕਰਨ ਬਾਰੇ ਇਕ ਬੁਨਿਆਦੀ ਸੱਚਾਈ ਦੱਸੀ। ਸਾਰੇ ਜਹਾਨ ਦਾ ਸਿਰਜਣਹਾਰ ਹੋਣ ਦੇ ਨਾਤੇ ਸਿਰਫ਼ ਯਹੋਵਾਹ ਪਰਮੇਸ਼ੁਰ ਹੀ ਸਾਰੀ ਦੁਨੀਆਂ ਉੱਤੇ ਹਕੂਮਤ ਕਰਨ ਦਾ ਹੱਕ ਰੱਖਦਾ ਹੈ।

2. ਦਾਨੀਏਲ ਨਬੀ ਨੂੰ ਸਵਰਗ ਦੀ ਕਿਹੜੀ ਝਲਕ ਦਿਖਾਈ ਗਈ ਸੀ?

2 ਕਿਸੇ ਹਾਕਮ ਲਈ ਆਪਣੀ ਹਕੂਮਤ ਚਲਾਉਣ ਵਾਸਤੇ ਉਸ ਦੀ ਪਰਜਾ ਦਾ ਹੋਣਾ ਜ਼ਰੂਰੀ ਹੈ। ਯਹੋਵਾਹ ਦੀ ਪਰਜਾ ਕੌਣ ਸੀ? ਪਹਿਲਾਂ ਉਸ ਨੇ ਆਪਣੇ ਇਕਲੌਤੇ ਪੁੱਤਰ ਨੂੰ ਸਿਰਜਿਆ ਤੇ ਫਿਰ ਦੂਤਾਂ ਨੂੰ। (ਕੁਲੁੱਸੀਆਂ 1:15-17) ਇਨ੍ਹਾਂ ਉੱਤੇ ਯਹੋਵਾਹ ਨੇ ਹਕੂਮਤ ਕੀਤੀ। ਕਈ ਯੁਗ ਬੀਤ ਜਾਣ ਤੋਂ ਬਾਅਦ ਦਾਨੀਏਲ ਨਬੀ ਨੂੰ ਸਵਰਗ ਦੀ ਝਲਕ ਦਿਖਾਈ ਗਈ। ਦਾਨੀਏਲ ਨੇ ਦੱਸਿਆ: “ਮੈਂ ਐਥੋਂ ਤੀਕ ਵੇਖਦਾ ਰਿਹਾ ਕਿ ਸਿੰਘਾਸਣ ਰੱਖੇ ਗਏ, ਅਤੇ ਅੱਤ ਪਰਾਚੀਨ ਬੈਠ ਗਿਆ। . . . ਹਜ਼ਾਰਾਂ ਹੀ ਹਜ਼ਾਰ ਉਹ ਦੀ ਟਹਿਲ ਕਰਦੇ ਸਨ, ਅਤੇ ਲੱਖਾਂ ਦਰ ਲੱਖ ਉਹ ਦੇ ਅੱਗੇ ਖਲੋਤੇ ਸਨ!” (ਦਾਨੀਏਲ 7:9, 10) “ਅੱਤ ਪਰਾਚੀਨ” ਯਹੋਵਾਹ ਅਨੰਤ ਕਾਲ ਤੋਂ ਆਪਣੇ ਇਨ੍ਹਾਂ ਪੁੱਤਰਾਂ ਉੱਤੇ ਰਾਜ ਕਰਦਾ ਆ ਰਿਹਾ ਹੈ ਜੋ ਉਸ ਦੇ ‘ਸੇਵਕਾਂ’ ਵਜੋਂ ਉਸ ਦੀ ਮਰਜ਼ੀ ਨੂੰ ਪੂਰਿਆਂ ਕਰਦੇ ਹਨ।—ਜ਼ਬੂਰਾਂ ਦੀ ਪੋਥੀ 103:20, 21.

3. ਯਹੋਵਾਹ ਦੀ ਹਕੂਮਤ ਬ੍ਰਹਿਮੰਡ ਉੱਤੇ ਕਿਵੇਂ ਫੈਲੀ?

3 ਫਿਰ ਯਹੋਵਾਹ ਨੇ ਆਪਣੀ ਹਕੂਮਤ ਨੂੰ ਫੈਲਾਇਆ। ਉਸ ਨੇ ਸਾਡਾ ਵਿਸ਼ਾਲ ਅਤੇ ਗੁੰਝਲਦਾਰ ਬ੍ਰਹਿਮੰਡ ਬਣਾਇਆ ਜਿਸ ਵਿਚ ਸਾਡੀ ਧਰਤੀ ਵੀ ਸ਼ਾਮਲ ਹੈ। (ਅੱਯੂਬ 38:4, 7) ਅਸੀਂ ਜਾਣਦੇ ਹਾਂ ਕਿ ਸੂਰਜ, ਤਾਰੇ ਤੇ ਹੋਰ ਆਕਾਸ਼ੀ ਪਿੰਡ ਆਪੋ-ਆਪਣੇ ਮਾਰਗ ਤੇ ਚੱਲਦੇ ਹਨ ਤੇ ਰਾਹ ਵਿਚ ਇਕ-ਦੂਜੇ ਨਾਲ ਭਿੜਦੇ ਨਹੀਂ। ਇਹ ਦੇਖ ਕੇ ਸਾਨੂੰ ਸ਼ਾਇਦ ਲੱਗੇ ਕਿ ਉਨ੍ਹਾਂ ਨੂੰ ਕਿਸੇ ਦੀ ਸੇਧ ਦੀ ਲੋੜ ਨਹੀਂ ਹੈ। ਪਰ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: ‘ਯਹੋਵਾਹ ਨੇ ਹੁਕਮ ਦਿੱਤਾ ਅਤੇ ਓਹ ਉਤਪੰਨ ਹੋਏ, ਅਤੇ ਉਸ ਉਨ੍ਹਾਂ ਨੂੰ ਸਦਾ ਲਈ ਇਸਥਿਰ ਕੀਤਾ, ਉਸ ਨੇ ਇੱਕ ਬਿਧੀ ਦਿੱਤੀ ਜਿਹੜੀ ਅਟੱਲ ਹੈ।’ (ਜ਼ਬੂਰਾਂ ਦੀ ਪੋਥੀ 148:5, 6) ਇਸ ਤਰ੍ਹਾਂ ਯੁਗਾਂ ਤੋਂ ਯਹੋਵਾਹ ਸਵਰਗ ਵਿਚ ਆਪਣੇ ਪੁੱਤਰਾਂ ਨੂੰ ਸੇਧ ਦਿੰਦਾ ਆ ਰਿਹਾ ਹੈ ਅਤੇ ਸਾਡੇ ਬ੍ਰਹਿਮੰਡ ਦੀ ਹਰ ਚੀਜ਼ ਨੂੰ ਨਿਯਮਾਂ ਅਨੁਸਾਰ ਚਲਾ ਰਿਹਾ ਹੈ।—ਨਹਮਯਾਹ 9:6.

4. ਮਨੁੱਖਾਂ ਉੱਤੇ ਯਹੋਵਾਹ ਕਿਵੇਂ ਹਕੂਮਤ ਕਰਦਾ ਹੈ?

4 ਯਹੋਵਾਹ ਨੇ ਪਹਿਲੇ ਮਨੁੱਖੀ ਜੋੜੇ ਨੂੰ ਸ੍ਰਿਸ਼ਟ ਕਰ ਕੇ ਇਕ ਹੋਰ ਤਰੀਕੇ ਨਾਲ ਹਕੂਮਤ ਕੀਤੀ। ਉਸ ਨੇ ਉਨ੍ਹਾਂ ਨੂੰ ਉਹ ਹਰ ਚੀਜ਼ ਦਿੱਤੀ ਜੋ ਮਕਸਦ-ਭਰਪੂਰ ਤੇ ਸੁਖੀ ਜ਼ਿੰਦਗੀ ਜੀਣ ਲਈ ਜ਼ਰੂਰੀ ਸੀ। ਇਸ ਤੋਂ ਇਲਾਵਾ, ਉਸ ਨੇ ਉਨ੍ਹਾਂ ਨੂੰ ਪਸ਼ੂ-ਪੰਛੀਆਂ ਤੇ ਰਾਜ ਕਰਨ ਦਾ ਅਧਿਕਾਰ ਸੌਂਪਿਆ। (ਉਤਪਤ 1:26-28; 2:8, 9) ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨਾ ਸਿਰਫ਼ ਆਪਣੀ ਪਰਜਾ ਦਾ ਭਲਾ ਚਾਹੁੰਦਾ ਹੈ, ਸਗੋਂ ਉਸ ਨੂੰ ਆਦਰ-ਸਤਿਕਾਰ ਵੀ ਦਿੰਦਾ ਹੈ। ਆਦਮ ਤੇ ਹੱਵਾਹ ਦਾ ਯਹੋਵਾਹ ਦੀ ਹਕੂਮਤ ਦੇ ਅਧੀਨ ਰਹਿਣਾ ਜ਼ਰੂਰੀ ਸੀ ਜੇ ਉਹ ਹਮੇਸ਼ਾ ਵਾਸਤੇ ਜੀਣਾ ਚਾਹੁੰਦੇ ਸਨ।—ਉਤਪਤ 2:15-17.

5. ਯਹੋਵਾਹ ਦੇ ਹਕੂਮਤ ਕਰਨ ਦੇ ਤਰੀਕੇ ਬਾਰੇ ਅਸੀਂ ਕੀ ਕਹਿ ਸਕਦੇ ਹਾਂ?

5 ਇਨ੍ਹਾਂ ਸਾਰੀਆਂ ਗੱਲਾਂ ਤੋਂ ਅਸੀਂ ਕੀ ਸਿੱਟਾ ਕੱਢ ਸਕਦੇ ਹਾਂ? ਪਹਿਲੀ ਗੱਲ, ਯਹੋਵਾਹ ਹਮੇਸ਼ਾ ਤੋਂ ਆਪਣੀ ਸਾਰੀ ਸ੍ਰਿਸ਼ਟੀ ਉੱਤੇ ਰਾਜ ਕਰਦਾ ਆਇਆ ਹੈ। ਦੂਜੀ ਗੱਲ, ਉਹ ਆਪਣੀ ਪਰਜਾ ਦਾ ਭਲਾ ਚਾਹੁੰਦਾ ਤੇ ਉਸ ਦਾ ਆਦਰ-ਸਤਿਕਾਰ ਕਰਦਾ ਹੈ। ਆਖ਼ਰੀ ਗੱਲ, ਜੇ ਅਸੀਂ ਪਰਮੇਸ਼ੁਰ ਦੀ ਹਕੂਮਤ ਅਧੀਨ ਰਹਾਂਗੇ, ਤਾਂ ਸਾਨੂੰ ਹਮੇਸ਼ਾ ਬਰਕਤਾਂ ਮਿਲਣਗੀਆਂ। ਇਸੇ ਕਰਕੇ ਪ੍ਰਾਚੀਨ ਇਸਰਾਏਲ ਦੇ ਰਾਜਾ ਦਾਊਦ ਨੇ ਕਿਹਾ: “ਹੇ ਯਹੋਵਾਹ, ਵਡਿਆਈ ਅਤੇ ਸ਼ਕਤੀ ਅਤੇ ਪ੍ਰਤਾਪ ਅਤੇ ਫਤਹ ਅਤੇ ਮਹਿਮਾ ਤੇਰੀ ਹੀ ਹੈ ਕਿਉਂ ਜੋ ਸੱਭੋ ਕੁਝ ਜਿਹੜਾ ਅਕਾਸ਼ ਅਤੇ ਧਰਤੀ ਦੇ ਵਿੱਚ ਹੈ ਤੇਰਾ ਹੀ ਹੈ। ਹੇ ਯਹੋਵਾਹ, ਰਾਜ ਤੇਰਾ ਹੀ ਹੈ, ਤੂੰ ਸਭਨਾਂ ਦੇ ਸਿਰ ਉੱਤੇ ਅੱਤ ਉਚੇ ਤੋਂ ਉੱਚਾ ਹੈਂ।”—1 ਇਤਹਾਸ 29:11.

ਪਰਮੇਸ਼ੁਰ ਦੇ ਰਾਜ ਦੀ ਲੋੜ ਕਿਉਂ ਪਈ?

6. ਪਰਮੇਸ਼ੁਰ ਦੀ ਹਕੂਮਤ ਦਾ ਉਸ ਦੇ ਰਾਜ ਨਾਲ ਕੀ ਸੰਬੰਧ ਹੈ?

6 ਅਸੀਂ ਦੇਖਿਆ ਹੈ ਕਿ ਯਹੋਵਾਹ ਸਾਰੇ ਵਿਸ਼ਵ ਦਾ ਮਾਲਕ ਹੈ ਅਤੇ ਯੁਗਾਂ ਤੋਂ ਆਪਣੀ ਸ੍ਰਿਸ਼ਟੀ ਤੇ ਰਾਜ ਕਰਦਾ ਆਇਆ ਹੈ। ਤਾਂ ਫਿਰ, ਪਰਮੇਸ਼ੁਰ ਦੇ ਰਾਜ ਦੀ ਲੋੜ ਕਿਉਂ ਸੀ? ਆਮ ਤੌਰ ਤੇ ਕੋਈ ਹਾਕਮ ਕਿਸੇ ਮਾਧਿਅਮ ਦੇ ਜ਼ਰੀਏ ਆਪਣੀ ਪਰਜਾ ਤੇ ਰਾਜ ਕਰਦਾ ਹੈ। ਇਸੇ ਤਰ੍ਹਾਂ ਯਹੋਵਾਹ ਆਪਣੇ ਰਾਜ ਦੇ ਜ਼ਰੀਏ ਆਪਣੇ ਲੋਕਾਂ ਤੇ ਰਾਜ ਕਰਦਾ ਹੈ। ਇਹ ਰਾਜ ਪਰਮੇਸ਼ੁਰ ਦੀ ਹਕੂਮਤ ਨੂੰ ਦਰਸਾਉਂਦਾ ਹੈ ਜਿਸ ਦੇ ਜ਼ਰੀਏ ਉਹ ਸਾਰੇ ਵਿਸ਼ਵ ਉੱਤੇ ਹਕੂਮਤ ਕਰਦਾ ਹੈ।

7. ਯਹੋਵਾਹ ਨੇ ਰਾਜ ਕਰਨ ਦਾ ਨਵਾਂ ਤਰੀਕਾ ਕਿਉਂ ਅਪਣਾਇਆ ਸੀ?

7 ਯਹੋਵਾਹ ਨੇ ਵੱਖੋ-ਵੱਖਰੇ ਸਮਿਆਂ ਤੇ ਵੱਖੋ-ਵੱਖਰੇ ਤਰੀਕਿਆਂ ਨਾਲ ਹਕੂਮਤ ਕੀਤੀ। ਜਦੋਂ ਉਸ ਦੇ ਇਕ ਬਗਾਵਤੀ ਪੁੱਤਰ ਸ਼ਤਾਨ ਨੇ ਆਦਮ ਤੇ ਹੱਵਾਹ ਨੂੰ ਪਰਮੇਸ਼ੁਰ ਦੀ ਹਕੂਮਤ ਖ਼ਿਲਾਫ਼ ਭੜਕਾਇਆ, ਤਾਂ ਉਸ ਨੇ ਰਾਜ ਕਰਨ ਦਾ ਇਕ ਨਵਾਂ ਤਰੀਕਾ ਅਪਣਾਇਆ। ਇਹ ਬਗਾਵਤ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਉੱਤੇ ਹਮਲਾ ਸੀ। ਉਹ ਕਿਵੇਂ? ਸ਼ਤਾਨ ਨੇ ਹੱਵਾਹ ਨੂੰ ਕਿਹਾ ਸੀ ਕਿ ਉਹ ‘ਮਰੇਗੀ ਨਹੀਂ’ ਜੇ ਉਹ ਮਨ੍ਹਾ ਕੀਤਾ ਹੋਇਆ ਫਲ ਖਾ ਲਵੇ। ਸ਼ਤਾਨ ਦੇ ਇਹ ਕਹਿਣ ਦਾ ਮਤਲਬ ਸੀ ਕਿ ਯਹੋਵਾਹ ਝੂਠਾ ਸੀ ਤੇ ਉਸ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਫਿਰ ਸ਼ਤਾਨ ਨੇ ਕਿਹਾ: “ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।” ਸ਼ਤਾਨ ਅਸਲ ਵਿਚ ਕਹਿ ਰਿਹਾ ਸੀ ਕਿ ਆਦਮ ਤੇ ਹੱਵਾਹ ਨੂੰ ਯਹੋਵਾਹ ਦੀ ਲੋੜ ਨਹੀਂ ਸੀ ਤੇ ਉਹ ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀ ਸਕਦੇ ਸਨ। (ਉਤਪਤ 3:1-6) ਇਸ ਤਰ੍ਹਾਂ ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਉੱਤੇ ਸਿੱਧਾ ਹਮਲਾ ਕੀਤਾ। ਫਿਰ ਯਹੋਵਾਹ ਨੇ ਕੀ ਕੀਤਾ?

8, 9. (ੳ) ਕੋਈ ਵੀ ਮਨੁੱਖੀ ਹਾਕਮ ਆਪਣੀ ਰਿਆਸਤ ਵਿਚ ਬਗਾਵਤ ਹੋਣ ਤੇ ਕੀ ਕਰੇਗਾ? (ਅ) ਅਦਨ ਵਿਚ ਬਗਾਵਤ ਹੋਣ ਤੇ ਯਹੋਵਾਹ ਨੇ ਕੀ ਕੀਤਾ?

8 ਜੇ ਕਿਸੇ ਹਾਕਮ ਦੀ ਰਿਆਸਤ ਵਿਚ ਕੋਈ ਬਗਾਵਤ ਕਰੇ, ਤਾਂ ਉਹ ਹਾਕਮ ਕੀ ਕਰੇਗਾ? ਇਤਿਹਾਸ ਦੀ ਜਾਣਕਾਰੀ ਰੱਖਣ ਵਾਲਿਆਂ ਨੂੰ ਇਸ ਦੀਆਂ ਕੁਝ ਉਦਾਹਰਣਾਂ ਯਾਦ ਹੋਣਗੀਆਂ। ਆਮ ਤੌਰ ਤੇ ਕੋਈ ਵੀ ਹਾਕਮ, ਇੱਥੋਂ ਤਕ ਕਿ ਇਕ ਚੰਗਾ ਹਾਕਮ ਵੀ ਬਗਾਵਤ ਕਰਨ ਵਾਲਿਆਂ ਨੂੰ ਸਜ਼ਾ ਦਿੱਤੇ ਬਿਨਾਂ ਨਹੀਂ ਛੱਡੇਗਾ। ਉਹ ਅਜਿਹੇ ਬੰਦਿਆਂ ਨੂੰ ਗੱਦਾਰ ਘੋਸ਼ਿਤ ਕਰ ਕੇ ਉਨ੍ਹਾਂ ਨੂੰ ਸਜ਼ਾ ਸੁਣਾਵੇਗਾ। ਫਿਰ ਉਹ ਸ਼ਾਇਦ ਕਿਸੇ ਨੂੰ ਅਧਿਕਾਰ ਸੌਂਪ ਕੇ ਕਹੇ ਕਿ ਉਹ ਬਾਗ਼ੀਆਂ ਨੂੰ ਕਾਬੂ ਕਰ ਕੇ ਸ਼ਾਂਤੀ ਬਹਾਲ ਕਰੇ। ਇਸੇ ਤਰ੍ਹਾਂ ਯਹੋਵਾਹ ਨੇ ਅਦਨ ਦੇ ਬਾਗ਼ ਵਿਚ ਪੈਦਾ ਹੋਈ ਸਥਿਤੀ ਤੇ ਕਾਬੂ ਪਾਉਣ ਲਈ ਤੁਰੰਤ ਕਦਮ ਚੁੱਕਿਆ ਅਤੇ ਬਾਗ਼ੀਆਂ ਨੂੰ ਸਜ਼ਾ ਸੁਣਾਈ। ਉਸ ਨੇ ਐਲਾਨ ਕੀਤਾ ਕਿ ਆਦਮ ਤੇ ਹੱਵਾਹ ਸਦਾ ਦਾ ਜੀਵਨ ਪਾਉਣ ਦੇ ਲਾਇਕ ਨਹੀਂ ਰਹੇ ਅਤੇ ਉਨ੍ਹਾਂ ਨੂੰ ਅਦਨ ਦੇ ਬਾਗ਼ ਵਿੱਚੋਂ ਕੱਢ ਦਿੱਤਾ ਗਿਆ।—ਉਤਪਤ 3:16-19, 22-24.

9 ਸ਼ਤਾਨ ਨੂੰ ਸਜ਼ਾ ਸੁਣਾਉਂਦਿਆਂ ਯਹੋਵਾਹ ਨੇ ਆਪਣੀ ਹਕੂਮਤ ਚਲਾਉਣ ਦੇ ਨਵੇਂ ਮਾਧਿਅਮ ਬਾਰੇ ਦੱਸਿਆ ਜਿਸ ਰਾਹੀਂ ਉਹ ਆਪਣੀ ਰਿਆਸਤ ਵਿਚ ਸ਼ਾਂਤੀ ਲਿਆ ਕੇ ਸਭ ਕੁਝ ਠੀਕ ਕਰ ਦੇਵੇਗਾ। ਸ਼ਤਾਨ ਨੂੰ ਪਰਮੇਸ਼ੁਰ ਨੇ ਕਿਹਾ: “ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।” (ਉਤਪਤ 3:15) ਇਸ ਤਰ੍ਹਾਂ ਯਹੋਵਾਹ ਨੇ ਆਪਣਾ ਮਕਸਦ ਜ਼ਾਹਰ ਕੀਤਾ ਕਿ ਉਹ ਸ਼ਤਾਨ ਅਤੇ ਉਸ ਦੇ ਸਾਥੀਆਂ ਨੂੰ ਕੁਚਲਣ ਦਾ ਅਧਿਕਾਰ ਉਸ “ਸੰਤਾਨ” ਨੂੰ ਸੌਂਪੇਗਾ ਜੋ ਸਾਬਤ ਕਰੇਗੀ ਕਿ ਯਹੋਵਾਹ ਹੀ ਸਾਰੇ ਜਹਾਨ ਉੱਤੇ ਰਾਜ ਕਰਨ ਦਾ ਅਸਲੀ ਹੱਕਦਾਰ ਹੈ।—ਜ਼ਬੂਰਾਂ ਦੀ ਪੋਥੀ 2:7-9; 110:1, 2.

10. (ੳ) ਉਹ “ਸੰਤਾਨ” ਕੌਣ ਸਾਬਤ ਹੋਈ ਜਿਸ ਰਾਹੀਂ ਯਹੋਵਾਹ ਹਕੂਮਤ ਕਰੇਗਾ? (ਅ) ਪੌਲੁਸ ਨੇ ਪਹਿਲੀ ਭਵਿੱਖਬਾਣੀ ਦੀ ਪੂਰਤੀ ਬਾਰੇ ਕੀ ਕਿਹਾ ਸੀ?

10 ਉਹ “ਸੰਤਾਨ” ਯਿਸੂ ਮਸੀਹ ਅਤੇ ਉਸ ਨਾਲ ਸ਼ਾਸਨ ਕਰਨ ਵਾਲੇ ਵਿਅਕਤੀਆਂ ਦਾ ਇਕ ਸਮੂਹ ਸਾਬਤ ਹੋਈ। ਇਹ ਪਰਮੇਸ਼ੁਰ ਦੇ ਰਾਜ ਦੇ ਸ਼ਾਸਕ ਹਨ। (ਦਾਨੀਏਲ 7:13, 14, 27; ਮੱਤੀ 19:28; ਲੂਕਾ 12:32; 22:28-30) ਇਹ ਜਾਣਕਾਰੀ ਤੁਰੰਤ ਜ਼ਾਹਰ ਨਹੀਂ ਕੀਤੀ ਗਈ ਸੀ। ਦਰਅਸਲ, ਉਤਪਤ 3:15 ਦੀ ਭਵਿੱਖਬਾਣੀ ਦੀ ਪੂਰਤੀ ਨੂੰ ਇਕ “ਭੇਤ” ਵਜੋਂ ‘ਸਨਾਤਨ ਸਮੇਂ ਤੋਂ ਗੁਪਤ ਰੱਖਿਆ ਗਿਆ ਸੀ।’ (ਰੋਮੀਆਂ 16:25) ਸਦੀਆਂ ਤੋਂ ਨਿਹਚਾਵਾਨ ਲੋਕ ਇਸ “ਭੇਤ” ਦੇ ਜ਼ਾਹਰ ਹੋਣ ਅਤੇ ਭਵਿੱਖਬਾਣੀ ਦੀ ਪੂਰਤੀ ਦੀ ਉਡੀਕ ਕਰ ਰਹੇ ਸਨ ਜਦੋਂ ਸਭ ਜਾਣ ਜਾਣਗੇ ਕਿ ਸਿਰਫ਼ ਯਹੋਵਾਹ ਪਰਮੇਸ਼ੁਰ ਨੂੰ ਹੀ ਰਾਜ ਕਰਨ ਦਾ ਹੱਕ ਹੈ।—ਰੋਮੀਆਂ 8:19-21.

“ਭੇਤ” ਹੌਲੀ-ਹੌਲੀ ਜ਼ਾਹਰ ਕੀਤਾ ਗਿਆ

11. ਯਹੋਵਾਹ ਨੇ ਅਬਰਾਹਾਮ ਨੂੰ ਕੀ ਦੱਸਿਆ ਸੀ?

11 ਸਮੇਂ ਦੇ ਬੀਤਣ ਨਾਲ “ਪਰਮੇਸ਼ੁਰ ਦੇ ਰਾਜ ਦਾ ਭੇਤ” ਹੌਲੀ-ਹੌਲੀ ਜ਼ਾਹਰ ਕੀਤਾ ਜਾਣ ਲੱਗਾ। (ਮਰਕੁਸ 4:11) ਯਹੋਵਾਹ ਨੇ ਇਸ ਭੇਤ ਦੀ ਕੁਝ ਸਮਝ ਪਹਿਲਾਂ ਆਪਣੇ “ਮਿੱਤਰ” ਅਬਰਾਹਾਮ ਨੂੰ ਦਿੱਤੀ। (ਯਾਕੂਬ 2:23) ਉਸ ਨੇ ਅਬਰਾਹਾਮ ਨਾਲ ਵਾਅਦਾ ਕੀਤਾ ਕਿ ਉਹ ਉਸ ਤੋਂ “ਇੱਕ ਵੱਡੀ ਕੌਮ” ਬਣਾਵੇਗਾ। ਬਾਅਦ ਵਿਚ ਉਸ ਨੇ ਅਬਰਾਹਾਮ ਨੂੰ ਕਿਹਾ: “ਤੈਥੋਂ ਰਾਜੇ ਨਿੱਕਲਣਗੇ” ਅਤੇ “ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ।”—ਉਤਪਤ 12:2, 3; 17:6; 22:17, 18.

12. ਪਰਲੋ ਤੋਂ ਬਾਅਦ ਸ਼ਤਾਨ ਦੀ ਸੰਤਾਨ ਕਿਵੇਂ ਪ੍ਰਗਟ ਹੋਣ ਲੱਗੀ?

12 ਅਬਰਾਹਾਮ ਦੇ ਜ਼ਮਾਨੇ ਤਕ ਕੁਝ ਮਨੁੱਖ ਹੋਰਨਾਂ ਤੇ ਹਕੂਮਤ ਕਰਨ ਦੀ ਕੋਸ਼ਿਸ਼ ਕਰ ਚੁੱਕੇ ਸਨ। ਮਿਸਾਲ ਲਈ, ਜਲ-ਪਰਲੋ ਤੋਂ ਬਾਅਦ ਨੂਹ ਦੇ ਪੜਪੋਤੇ ਨਿਮਰੋਦ ਬਾਰੇ ਬਾਈਬਲ ਕਹਿੰਦੀ ਹੈ: “ਉਹ ਧਰਤੀ ਉੱਤੇ ਇੱਕ ਸੂਰਬੀਰ ਹੋਣ ਲੱਗਾ। ਉਹ ਯਹੋਵਾਹ ਦੇ ਅੱਗੇ ਇੱਕ ਬਲਵੰਤ ਸ਼ਿਕਾਰੀ ਸੀ।” (ਉਤਪਤ 10:8, 9) ਨਿਮਰੋਦ ਅਤੇ ਉਸ ਵਰਗੇ ਹੋਰ ਖ਼ੁਦ ਬਣ ਬੈਠੇ ਹਾਕਮ ਸ਼ਤਾਨ ਦੇ ਹੱਥਾਂ ਵਿਚ ਕਠਪੁਤਲੀਆਂ ਦੀ ਤਰ੍ਹਾਂ ਸਨ। ਉਹ ਅਤੇ ਉਨ੍ਹਾਂ ਦੇ ਹਿਮਾਇਤੀ ਸ਼ਤਾਨ ਦੀ ਸੰਤਾਨ ਸਾਬਤ ਹੋਏ।—1 ਯੂਹੰਨਾ 5:19.

13. ਯਾਕੂਬ ਰਾਹੀਂ ਯਹੋਵਾਹ ਨੇ ਕਿਹੜੀ ਭਵਿੱਖਬਾਣੀ ਕੀਤੀ?

13 ਸ਼ਤਾਨ ਮਨੁੱਖੀ ਹਾਕਮ ਖੜ੍ਹੇ ਕਰਦਾ ਰਿਹਾ, ਪਰ ਯਹੋਵਾਹ ਆਪਣੇ ਮਕਸਦ ਅਨੁਸਾਰ ਕੰਮ ਕਰਦਾ ਰਿਹਾ। ਅਬਰਾਹਾਮ ਦੇ ਪੋਤੇ ਯਾਕੂਬ ਰਾਹੀਂ ਯਹੋਵਾਹ ਨੇ ਦੱਸਿਆ: “ਯਹੂਦਾਹ ਤੋਂ ਰਾਜ ਡੰਡਾ ਚਲਿਆ ਨਾ ਜਾਵੇਗਾ ਨਾ ਉਸ ਦੇ ਪੈਰਾਂ ਦੇ ਵਿੱਚੋਂ ਹਾਕਮ ਦਾ ਸੋਟਾ ਜਦ ਤੀਕ ਸ਼ਾਂਤੀ ਦਾਤਾ [“ਸ਼ੀਲੋਹ,” ਫੁਟਨੋਟ] ਨਾ ਆਵੇ। ਅਤੇ ਲੋਕਾਂ ਦੀ ਆਗਿਆਕਾਰੀ ਉਸੇ ਦੀ ਹੋਵੇਗੀ।” (ਉਤਪਤ 49:10) “ਸ਼ੀਲੋਹ” ਦਾ ਮਤਲਬ ਹੈ “ਉਹ ਜਿਸ ਦਾ ਹੈ” ਜਾਂ “ਉਹ ਜਿਸ ਦੀ ਸੰਪਤੀ ਹੈ।” ਇਸ ਭਵਿੱਖਬਾਣੀ ਨੇ ਇਕ ਸ਼ਖ਼ਸ ਦੇ ਆਉਣ ਵੱਲ ਸੰਕੇਤ ਕੀਤਾ ਜੋ ਕਾਨੂੰਨੀ ਤੌਰ ਤੇ “ਰਾਜ ਡੰਡਾ” (ਹਕੂਮਤ) ਅਤੇ “ਹਾਕਮ ਦਾ ਸੋਟਾ” (ਅਧਿਕਾਰ) ਹਾਸਲ ਕਰਨ ਦਾ ਹੱਕ ਰੱਖਦਾ ਹੈ। ਉਸ ਨੂੰ “ਲੋਕਾਂ” ਯਾਨੀ ਸਾਰੀ ਮਨੁੱਖਜਾਤੀ ਉੱਤੇ ਹਕੂਮਤ ਕਰਨ ਦਾ ਅਧਿਕਾਰ ਸੌਂਪਿਆ ਜਾਵੇਗਾ। ਉਹ ਸ਼ਖ਼ਸ ਕੌਣ ਹੈ?

‘ਜਦ ਤੀਕ ਸ਼ੀਲੋਹ ਨਾ ਆਵੇ’

14. ਯਹੋਵਾਹ ਨੇ ਦਾਊਦ ਨਾਲ ਕਿਹੜਾ ਨੇਮ ਬੰਨ੍ਹਿਆ ਸੀ?

14 ਯਹੂਦਾਹ ਦੇ ਘਰਾਣੇ ਵਿੱਚੋਂ ਯਹੋਵਾਹ ਨੇ ਜਿਸ ਪਹਿਲੇ ਸ਼ਖ਼ਸ ਨੂੰ ਆਪਣੇ ਲੋਕਾਂ ਉੱਤੇ ਰਾਜ ਕਰਨ ਲਈ ਚੁਣਿਆ, ਉਹ ਯੱਸੀ ਦਾ ਪੁੱਤਰ ਦਾਊਦ ਸੀ। * (1 ਸਮੂਏਲ 16:1-13) ਹੋਰਨਾਂ ਇਨਸਾਨਾਂ ਦੀ ਤਰ੍ਹਾਂ ਉਹ ਵੀ ਪਾਪੀ ਸੀ ਤੇ ਗ਼ਲਤੀਆਂ ਦਾ ਪੁਤਲਾ ਸੀ। ਇਸ ਦੇ ਬਾਵਜੂਦ ਦਾਊਦ ਨੇ ਯਹੋਵਾਹ ਦੀ ਮਿਹਰ ਹਾਸਲ ਕੀਤੀ ਕਿਉਂਕਿ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ। ਅਦਨ ਦੇ ਬਾਗ਼ ਵਿਚ ਕੀਤੀ ਪਹਿਲੀ ਭਵਿੱਖਬਾਣੀ ਉੱਤੇ ਹੋਰ ਚਾਨਣਾ ਪਾਉਂਦੇ ਹੋਏ ਯਹੋਵਾਹ ਨੇ ਦਾਊਦ ਨਾਲ ਨੇਮ ਬੰਨ੍ਹਦਿਆਂ ਕਿਹਾ: ‘ਮੈਂ ਤੇਰੇ ਪਿੱਛੋਂ ਤੇਰੇ ਇਕ ਪੁੱਤਰ ਨੂੰ ਰਾਜ ਗੱਦੀ ਦੇ ਕੇ ਉਸ ਦੇ ਰਾਜ ਨੂੰ ਪੱਕਿਆ ਕਰਾਂਗਾ।’ ਇਹ ਨੇਮ ਦਾਊਦ ਦੇ ਪੁੱਤਰ ਤੇ ਵਾਰਸ ਸੁਲੇਮਾਨ ਤਕ ਹੀ ਸੀਮਿਤ ਨਹੀਂ ਸੀ ਕਿਉਂਕਿ ਨੇਮ ਵਿਚ ਦੱਸਿਆ ਸੀ: “ਮੈਂ ਉਸ ਦੀ ਰਾਜ ਗੱਦੀ ਨੂੰ ਹਮੇਸ਼ਾ ਦੇ ਲਈ ਕਾਇਮ ਕਰਾਂਗਾ।” (2 ਸਮੂਏਲ 7:12, 13, ਪਵਿੱਤਰ ਬਾਈਬਲ ਨਵਾਂ ਅਨੁਵਾਦ) ਦਾਊਦ ਨਾਲ ਬੰਨ੍ਹੇ ਇਸ ਨੇਮ ਤੋਂ ਸਪੱਸ਼ਟ ਹੁੰਦਾ ਹੈ ਕਿ ਸਮਾਂ ਆਉਣ ਤੇ ਵਾਅਦਾ ਕੀਤੀ ਹੋਈ ਸੰਤਾਨ ਦਾਊਦ ਦੇ ਘਰਾਣੇ ਵਿਚ ਪੈਦਾ ਹੋਣੀ ਸੀ।

15. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਯਹੂਦਾਹ ਦੇ ਰਾਜ ਦੇ ਜ਼ਰੀਏ ਹਕੂਮਤ ਕਰਦਾ ਸੀ?

15 ਦਾਊਦ ਦੇ ਨਾਲ ਅਜਿਹੇ ਰਾਜਿਆਂ ਦਾ ਰਾਜ ਸ਼ੁਰੂ ਹੋ ਗਿਆ ਜੋ ਜਾਜਕਾਂ ਦੁਆਰਾ ਪਵਿੱਤਰ ਤੇਲ ਨਾਲ ਮਸਹ ਕੀਤੇ ਗਏ ਸਨ। ਇਸ ਤਰ੍ਹਾਂ ਇਨ੍ਹਾਂ ਰਾਜਿਆਂ ਨੂੰ ਮਸਹ ਕੀਤੇ ਹੋਏ ਕਿਹਾ ਜਾ ਸਕਦਾ ਸੀ। (1 ਸਮੂਏਲ 16:13; 2 ਸਮੂਏਲ 2:4; 5:3; 1 ਰਾਜਿਆਂ 1:39) ਉਹ ਯਰੂਸ਼ਲਮ ਵਿਚ ਯਹੋਵਾਹ ਦੇ ਸਿੰਘਾਸਣ ਉੱਤੇ ਬੈਠ ਕੇ ਰਾਜ ਕਰਦੇ ਸਨ। (2 ਇਤਹਾਸ 9:8) ਇਸ ਤਰ੍ਹਾਂ ਯਹੂਦਾਹ ਦਾ ਰਾਜ ਪਰਮੇਸ਼ੁਰ ਦੀ ਹਕੂਮਤ ਨੂੰ ਦਰਸਾਉਂਦਾ ਸੀ

16. ਯਹੂਦਾਹ ਦੇ ਰਾਜਿਆਂ ਦੇ ਸ਼ਾਸਨ ਦੇ ਕਿਹੋ ਜਿਹੇ ਨਤੀਜੇ ਨਿਕਲੇ?

16 ਜਦ ਤਕ ਰਾਜਾ ਅਤੇ ਪਰਜਾ ਯਹੋਵਾਹ ਦੀ ਹਕੂਮਤ ਦੇ ਅਧੀਨ ਰਹੇ, ਤਦ ਤਕ ਯਹੋਵਾਹ ਨੇ ਉਨ੍ਹਾਂ ਦੀ ਸੁਰੱਖਿਆ ਕੀਤੀ ਅਤੇ ਉਨ੍ਹਾਂ ਨੂੰ ਬਰਕਤਾਂ ਦਿੱਤੀਆਂ। ਸੁਲੇਮਾਨ ਦੇ ਰਾਜ ਵਿਚ ਲੋਕ ਅਮਨ-ਚੈਨ ਨਾਲ ਰਹਿੰਦੇ ਸਨ ਤੇ ਉਨ੍ਹਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਸੀ। ਇਹ ਪਰਮੇਸ਼ੁਰ ਦੇ ਰਾਜ ਦੀ ਇਕ ਝਲਕ ਸੀ ਜਦੋਂ ਸ਼ਤਾਨ ਦੇ ਅਸਰ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਕੇ ਸਾਬਤ ਕੀਤਾ ਜਾਵੇਗਾ ਕਿ ਯਹੋਵਾਹ ਹੀ ਰਾਜ ਕਰਨ ਦਾ ਹੱਕ ਰੱਖਦਾ ਹੈ। (1 ਰਾਜਿਆਂ 4:20, 25) ਅਫ਼ਸੋਸ ਦੀ ਗੱਲ ਹੈ ਕਿ ਦਾਊਦ ਦੇ ਘਰਾਣੇ ਵਿੱਚੋਂ ਆਏ ਜ਼ਿਆਦਾਤਰ ਰਾਜੇ ਯਹੋਵਾਹ ਦੀਆਂ ਮੰਗਾਂ ਤੇ ਖਰੇ ਨਹੀਂ ਉੱਤਰੇ ਅਤੇ ਲੋਕ ਮੂਰਤੀ-ਪੂਜਾ ਤੇ ਵਿਭਚਾਰ ਕਰਨ ਲੱਗ ਪਏ। ਇਸ ਕਰਕੇ ਯਹੋਵਾਹ ਨੇ 607 ਈ. ਪੂ. ਵਿਚ ਬਾਬਲੀਆਂ ਦੇ ਹੱਥੋਂ ਉਸ ਰਾਜ ਦਾ ਨਾਸ਼ ਕਰਵਾ ਦਿੱਤਾ। ਉਸ ਵੇਲੇ ਇਸ ਤਰ੍ਹਾਂ ਲੱਗਦਾ ਸੀ ਕਿ ਸ਼ਤਾਨ ਯਹੋਵਾਹ ਦੀ ਹਕੂਮਤ ਨੂੰ ਬਦਨਾਮ ਕਰਨ ਵਿਚ ਕਾਮਯਾਬ ਹੋ ਗਿਆ ਸੀ।

17. ਕਿਹੜੀ ਗੱਲ ਦਿਖਾਉਂਦੀ ਹੈ ਕਿ ਯਹੂਦਾਹ ਦੇ ਰਾਜ ਦਾ ਅੰਤ ਹੋਣ ਦੇ ਬਾਵਜੂਦ ਯਹੋਵਾਹ ਕੋਲ ਅਜੇ ਵੀ ਰਾਜ ਕਰਨ ਦਾ ਹੱਕ ਸੀ?

17 ਪਹਿਲਾਂ ਇਸਰਾਏਲ ਦੇ ਉੱਤਰੀ ਰਾਜ ਦਾ ਅੰਤ ਹੋਇਆ ਤੇ ਫਿਰ ਯਹੂਦਾਹ ਦੇ ਰਾਜ ਦਾ ਅੰਤ ਹੋਇਆ। ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਯਹੋਵਾਹ ਨੂੰ ਰਾਜ ਕਰਨਾ ਨਹੀਂ ਆਉਂਦਾ ਸੀ ਜਾਂ ਉਸ ਕੋਲ ਰਾਜ ਕਰਨ ਦਾ ਹੱਕ ਨਹੀਂ ਸੀ। ਇਹ ਬਰਬਾਦੀ ਸ਼ਤਾਨ ਦੇ ਪ੍ਰਭਾਵ ਅਤੇ ਇਨਸਾਨ ਦੀ ਆਪਣੀ ਮਰਜ਼ੀ ਕਰਨ ਦੇ ਬੁਰੇ ਨਤੀਜਿਆਂ ਦਾ ਸਬੂਤ ਸੀ। (ਕਹਾਉਤਾਂ 16:25; ਯਿਰਮਿਯਾਹ 10:23) ਇਹ ਦਿਖਾਉਣ ਲਈ ਕਿ ਯਹੋਵਾਹ ਕੋਲ ਹਾਲੇ ਵੀ ਰਾਜ ਕਰਨ ਦਾ ਹੱਕ ਸੀ, ਉਸ ਨੇ ਹਿਜ਼ਕੀਏਲ ਨਬੀ ਰਾਹੀਂ ਕਿਹਾ: “ਅਮਾਮਾ ਉਤਾਰ ਅਤੇ ਤਾਜ ਲਾਹ ਦੇਹ। . . . ਬਰਬਾਦੀ, ਬਰਬਾਦੀ, ਮੈਂ ਹੀ ਉਹ ਨੂੰ ਬਰਬਾਦੀ ਬਣਾਵਾਂਗਾ! ਪਰ ਏਹ ਵੀ ਨਹੀਂ ਰਹੇਗਾ ਜਦ ਤੀਕ ਉਹ ਆਵੇਗਾ ਜਿਸ ਦਾ ਹੱਕ ਹੈ, ਤਾਂ ਮੈਂ ਉਹ ਨੂੰ ਦਿਆਂਗਾ।” (ਹਿਜ਼ਕੀਏਲ 21:26, 27) ਇਹ ਲਫ਼ਜ਼ ਸੰਕੇਤ ਕਰਦੇ ਹਨ ਕਿ ‘ਜਿਸ ਦਾ ਹੱਕ ਸੀ,’ ਉਹ ਅਜੇ ਆਇਆ ਨਹੀਂ ਸੀ।

18. ਜਿਬਰਾਏਲ ਦੂਤ ਨੇ ਮਰਿਯਮ ਨੂੰ ਕੀ ਕਿਹਾ ਸੀ?

18 ਆਓ ਆਪਾਂ ਹੁਣ ਦਾਊਦ ਤੋਂ ਤਕਰੀਬਨ 600 ਸਾਲ ਬਾਅਦ ਦੀ ਗੱਲ ਕਰੀਏ। ਪਰਮੇਸ਼ੁਰ ਨੇ ਜਿਬਰਾਏਲ ਦੂਤ ਨੂੰ ਮਰਿਯਮ ਨਾਂ ਦੀ ਕੁਆਰੀ ਕੁੜੀ ਕੋਲ ਭੇਜਿਆ। ਮਰਿਯਮ ਉੱਤਰੀ ਫਲਸਤੀਨ ਵਿਚ ਸਥਿਤ ਗਲੀਲ ਦੇ ਨਾਸਰਤ ਨਗਰ ਵਿਚ ਰਹਿੰਦੀ ਸੀ। ਦੂਤ ਨੇ ਉਸ ਨੂੰ ਕਿਹਾ: “ਵੇਖ ਤੂੰ ਗਰਭਵੰਤੀ ਹੋਵੇਂਗੀ ਅਰ ਪੁੱਤ੍ਰ ਜਣੇਂਗੀ ਅਤੇ ਉਹ ਦਾ ਨਾਮ ਯਿਸੂ ਰੱਖਣਾ। ਉਹ ਮਹਾਨ ਹੋਵੇਗਾ, ਅਤੇ ਅੱਤ ਮਹਾਨ ਦਾ ਪੁੱਤ੍ਰ ਸਦਾਵੇਗਾ, ਅਤੇ ਪ੍ਰਭੁ ਪਰਮੇਸ਼ੁਰ ਉਹ ਦੇ ਪਿਤਾ ਦਾਊਦ ਦਾ ਤਖ਼ਤ ਉਹ ਨੂੰ ਦੇਵੇਗਾ। ਉਹ ਜੁੱਗੋ ਜੁੱਗ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ, ਅਤੇ ਉਹ ਦੇ ਰਾਜ ਦਾ ਅੰਤ ਨਾ ਹੋਵੇਗਾ।”—ਲੂਕਾ 1:31-33.

19. ਯਿਸੂ ਦੇ ਪੈਦਾ ਹੋਣ ਨਾਲ ਕਿਹੜੀ ਦਿਲਚਸਪ ਗੱਲ ਦੇ ਜ਼ਾਹਰ ਹੋਣ ਦਾ ਸਮਾਂ ਨੇੜੇ ਆ ਗਿਆ ਸੀ?

19 ਅਖ਼ੀਰ “ਭੇਤ” ਜ਼ਾਹਰ ਹੋਣ ਦਾ ਸਮਾਂ ਨੇੜੇ ਆ ਗਿਆ। ਵਾਅਦਾ ਕੀਤੀ ਹੋਈ ਮੁੱਖ “ਸੰਤਾਨ” ਯਾਨੀ ਯਿਸੂ ਜਲਦੀ ਹੀ ਪ੍ਰਗਟ ਹੋਣ ਵਾਲਾ ਸੀ। (ਗਲਾਤੀਆਂ 4:4; 1 ਤਿਮੋਥਿਉਸ 3:16) ਸ਼ਤਾਨ ਉਸ ਦੀ ਅੱਡੀ ਨੂੰ ਡੰਗ ਮਾਰੇਗਾ। ਪਰ ਉਹ ਸ਼ਤਾਨ ਦੇ ਸਿਰ ਨੂੰ ਫੇਹ ਦੇਵੇਗਾ ਯਾਨੀ ਸ਼ਤਾਨ ਤੇ ਉਸ ਦੇ ਸਾਥੀਆਂ ਦੇ ਪ੍ਰਭਾਵ ਨੂੰ ਖ਼ਤਮ ਕਰ ਦੇਵੇਗਾ। ਉਹ ਇਹ ਗਵਾਹੀ ਵੀ ਦੇਵੇਗਾ ਕਿ ਪਰਮੇਸ਼ੁਰ ਦੇ ਰਾਜ ਦੇ ਜ਼ਰੀਏ ਉਹ ਸ਼ਤਾਨ ਦੁਆਰਾ ਲਿਆਂਦੇ ਸਾਰੇ ਦੁੱਖਾਂ ਨੂੰ ਮਿਟਾ ਦੇਵੇਗਾ ਤੇ ਸਾਬਤ ਕਰੇਗਾ ਕਿ ਪਰਮੇਸ਼ੁਰ ਹੀ ਰਾਜ ਕਰਨ ਦਾ ਅਸਲੀ ਹੱਕਦਾਰ ਹੈ। (ਇਬਰਾਨੀਆਂ 2:14; 1 ਯੂਹੰਨਾ 3:8) ਯਿਸੂ ਇਹ ਕਿਵੇਂ ਕਰੇਗਾ? ਉਸ ਨੇ ਸਾਡੇ ਲਈ ਕਿਹੜੀ ਮਿਸਾਲ ਕਾਇਮ ਕੀਤੀ? ਅਗਲੇ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।

[ਫੁਟਨੋਟ]

^ ਪੈਰਾ 14 ਇਸਰਾਏਲ ਉੱਤੇ ਰਾਜ ਕਰਨ ਲਈ ਪਰਮੇਸ਼ੁਰ ਨੇ ਸਭ ਤੋਂ ਪਹਿਲਾਂ ਬਿਨਯਾਮੀਨ ਦੇ ਗੋਤ ਵਿੱਚੋਂ ਸ਼ਾਊਲ ਨੂੰ ਰਾਜਾ ਚੁਣਿਆ ਸੀ।—1 ਸਮੂਏਲ 9:15, 16; 10:1.

ਕੀ ਤੁਸੀਂ ਦੱਸ ਸਕਦੇ ਹੋ?

• ਯਹੋਵਾਹ ਸਾਰੇ ਜਹਾਨ ਉੱਤੇ ਹਕੂਮਤ ਕਰਨ ਦਾ ਹੱਕ ਕਿਉਂ ਰੱਖਦਾ ਹੈ?

• ਯਹੋਵਾਹ ਨੇ ਆਪਣਾ ਰਾਜ ਕਿਉਂ ਸਥਾਪਿਤ ਕੀਤਾ?

• ਯਹੋਵਾਹ ਨੇ “ਭੇਤ” ਨੂੰ ਹੌਲੀ-ਹੌਲੀ ਕਿਵੇਂ ਜ਼ਾਹਰ ਕੀਤਾ?

• ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਹੂਦਾਹ ਦੇ ਰਾਜ ਦਾ ਅੰਤ ਹੋਣ ਦੇ ਬਾਵਜੂਦ ਯਹੋਵਾਹ ਕੋਲ ਅਜੇ ਵੀ ਰਾਜ ਕਰਨ ਦਾ ਹੱਕ ਹੈ?

[ਸਵਾਲ]

[ਸਫ਼ਾ 23 ਉੱਤੇ ਤਸਵੀਰ]

ਯਹੋਵਾਹ ਨੇ ਅਬਰਾਹਾਮ ਰਾਹੀਂ ਕੀ ਦੱਸਿਆ ਸੀ?

[ਸਫ਼ਾ 25 ਉੱਤੇ ਤਸਵੀਰ]

ਯਹੂਦਾਹ ਦੇ ਰਾਜ ਦਾ ਅੰਤ ਇਸ ਗੱਲ ਦਾ ਸਬੂਤ ਕਿਉਂ ਨਹੀਂ ਸੀ ਕਿ ਯਹੋਵਾਹ ਨੂੰ ਚੰਗੀ ਤਰ੍ਹਾਂ ਰਾਜ ਕਰਨਾ ਨਹੀਂ ਆਉਂਦਾ?