Skip to content

Skip to table of contents

ਸਾਡੀ ਮੰਜ਼ਲ ਨਵਾਂ ਸੰਸਾਰ

ਸਾਡੀ ਮੰਜ਼ਲ ਨਵਾਂ ਸੰਸਾਰ

ਜੀਵਨੀ

ਸਾਡੀ ਮੰਜ਼ਲ ਨਵਾਂ ਸੰਸਾਰ

ਜੈਕ ਪ੍ਰੈਮਬਰਗ ਦੀ ਜ਼ਬਾਨੀ

ਸਵੀਡਨ ਵਿਚ ਸਾਡੇ ਛੋਟੇ ਜਿਹੇ ਸੋਹਣੇ ਪਿੰਡ ਅਰਬਿਯੂਗਾ ਤੋਂ ਥੋੜ੍ਹਾ ਕੁ ਬਾਹਰ ਵੱਲ ਯਹੋਵਾਹ ਦੇ ਗਵਾਹਾਂ ਦਾ ਬ੍ਰਾਂਚ ਆਫ਼ਿਸ ਹੈ ਜਿਸ ਵਿਚ 80 ਤੋਂ ਉੱਪਰ ਵਲੰਟੀਅਰ ਕੰਮ ਕਰਦੇ ਹਨ। ਮੈਂ ਤੇ ਮੇਰੀ ਪਤਨੀ ਕਾਰਿਨ ਇੱਥੇ ਕੰਮ ਕਰਦੇ ਤੇ ਰਹਿੰਦੇ ਹਾਂ। ਚਲੋ ਆਓ ਦੇਖੀਏ ਕਿ ਅਸੀਂ ਇੱਥੇ ਆਏ ਕਿੱਦਾਂ।

ਤਕਰੀਬਨ ਸੌ ਸਾਲ ਪਹਿਲਾਂ ਇਕ 15 ਸਾਲ ਦੀ ਸਵੀਡਿਸ਼ ਕੁੜੀ ਰੂਥ ਅਮਰੀਕਾ ਪਹੁੰਚੀ। ਨਿਊਯਾਰਕ ਸ਼ਹਿਰ ਦੇ ਕਿਸੇ ਸ਼ਰਨਾਰਥੀ ਕੈਂਪ ਵਿਚ ਅਚਾਨਕ ਉਹ ਇਕ ਸਵੀਡਿਸ਼ ਜਹਾਜ਼ੀ ਨੂੰ ਮਿਲੀ। ਉਨ੍ਹਾਂ ਵਿਚ ਪਿਆਰ ਹੋਇਆ, ਵਿਆਹ ਹੋਇਆ ਤੇ ਉਨ੍ਹਾਂ ਦੇ ਘਰ ਇਕ ਮੁੰਡਾ ਜੰਮਿਆ। ਉਹ ਮੁੰਡਾ ਮੈਂ ਹੀ ਹਾਂ। ਇਹ ਸਭ ਕੁਝ 1916 ਵਿਚ ਪਹਿਲੇ ਵਿਸ਼ਵ ਯੁੱਧ ਦੌਰਾਨ ਬਰੌਂਕਸ, ਨਿਊਯਾਰਕ, ਅਮਰੀਕਾ ਵਿਚ ਹੋਇਆ।

ਕੁਝ ਮਹੀਨਿਆਂ ਬਾਅਦ ਅਸੀਂ ਬਰੁਕਲਿਨ ਰਹਿਣ ਲੱਗ ਪਏ ਜੋ ਬਰੁਕਲਿਨ ਹਾਈਟਸ ਤੋਂ ਥੋੜ੍ਹੀ ਕੁ ਦੂਰੀ ਤੇ ਹੈ। ਮੇਰੇ ਪਿਤਾ ਜੀ ਨੇ ਮੈਨੂੰ ਕਈ ਸਾਲਾਂ ਮਗਰੋਂ ਦੱਸਿਆ ਕਿ ਅਸੀਂ ਦੋਹਾਂ ਨੇ ਬਰੁਕਲਿਨ ਬ੍ਰਿੱਜ ਦੇ ਲਾਗੇ ਇਕ ਛੋਟੀ ਬਾਦਬਾਨੀ ਕਿਸ਼ਤੀ ਬਣਾ ਕੇ ਪਹਿਲੀ ਵਾਰ ਚਲਾਈ ਸੀ। ਬਰੁਕਲਿਨ ਬ੍ਰਿੱਜ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਤੋਂ ਦਿਖਾਈ ਦਿੰਦਾ ਹੈ। ਉਦੋਂ ਮੇਰੇ ਮਨ ਵਿਚ ਇਹ ਖ਼ਿਆਲ ਕਦੇ ਨਹੀਂ ਆਇਆ ਸੀ ਕਿ ਇਸ ਜਗ੍ਹਾ ਦਾ ਮੇਰੀ ਆਉਣ ਵਾਲੀ ਜ਼ਿੰਦਗੀ ਤੇ ਕਿੰਨਾ ਅਸਰ ਪਵੇਗਾ।

ਸੰਨ 1918 ਵਿਚ ਪਹਿਲੀ ਜੰਗ ਦੇ ਕਾਲੇ ਬੱਦਲ ਉੱਡ ਗਏ ਤੇ ਯੂਰਪ ਵਿਚ ਖ਼ੂਨ ਦੀਆਂ ਨਦੀਆਂ ਵਹਿਣੋਂ ਰੁਕ ਗਈਆਂ। ਫ਼ੌਜੀ ਆਪੋ-ਆਪਣੇ ਵਤਨ ਵਾਪਸ ਚਲੇ ਗਏ ਜਿੱਥੇ ਹੋਰ ਦੁਸ਼ਮਣ ਨੇ ਉਨ੍ਹਾਂ ਤੇ ਵਾਰ ਕੀਤਾ। ਇਹ ਸੀ ਬੇਰੁਜ਼ਗਾਰੀ ਤੇ ਗ਼ਰੀਬੀ। ਪਿਤਾ ਜੀ ਨੇ ਸਵੀਡਨ ਵਾਪਸ ਜਾਣ ਦਾ ਫ਼ੈਸਲਾ ਕੀਤਾ। 1923 ਵਿਚ ਅਸੀਂ ਬੋਰੀ-ਬਿਸਤਰਾ ਸਮੇਟ ਕੇ ਡਾਲਸਲਾਂਡ ਇਲਾਕੇ ਵਿਚ ਏਰਿਕਸਟਾਡ ਪਿੰਡ ਪਹੁੰਚੇ ਜੋ ਰੇਲਵੇ ਸਟੇਸ਼ਨ ਦੇ ਲਾਗੇ ਸਥਿਤ ਹੈ। ਇੱਥੇ ਪਿਤਾ ਜੀ ਨੇ ਛੋਟੀ ਜਿਹੀ ਵਰਕਸ਼ਾਪ। ਮੈਂ ਇਸ ਪਿੰਡ ਵਿਚ ਵੱਡਾ ਹੋਇਆ ਤੇ ਉੱਥੇ ਆਪਣੀ ਸਕੂਲੀ ਪੜ੍ਹਾਈ ਕੀਤੀ।

ਸੱਚਾਈ ਦਾ ਬੀ ਬੀਜਿਆ ਗਿਆ

ਅਫ਼ਸੋਸ ਕਿ ਪਿਤਾ ਜੀ ਦਾ ਕਾਰੋਬਾਰ ਇੰਨਾ ਚੱਲਿਆ ਨਹੀਂ ਇਸ ਲਈ 1930 ਵਿਚ ਉਹ ਆਪਣੇ ਪਹਿਲੇ ਕੰਮ ਵੱਲ ਮੁੜੇ। ਉਨ੍ਹਾਂ ਨੇ ਜਹਾਜ਼ੀ ਦਾ ਕੰਮ ਦੁਬਾਰਾ ਸ਼ੁਰੂ ਕੀਤਾ। ਕਿਉਂਕਿ ਪਿਤਾ ਜੀ ਲੰਬੇ ਸਮੇਂ ਲਈ ਦੂਰ-ਦੁਰੇਡੇ ਇਲਾਕਿਆਂ ਵਿਚ ਚਲੇ ਜਾਂਦੇ ਸੀ, ਮਾਤਾ ਜੀ ਚਿੰਤਾ ਵਿਚ ਡੁੱਬੀ ਘਰ ਦਾ ਕੰਮ ਸੰਭਾਲਦੀ ਤੇ ਮੈਂ ਵਰਕਸ਼ਾਪ ਦਾ ਕੰਮ ਚਲਾਇਆ ਕਰਦਾ ਸੀ। ਇਕ ਦਿਨ ਮਾਤਾ ਜੀ ਆਪਣੇ ਜੀਜੇ ਨੂੰ ਮਿਲਣ ਗਈ। ਗੱਲਾਂ-ਗੱਲਾਂ ਵਿਚ ਉਸ ਨੇ ਆਪਣੀ ਚਿੰਤਾ ਜ਼ਾਹਰ ਕਰਦਿਆਂ ਉਨ੍ਹਾਂ ਨੂੰ ਸਵਾਲ ਪੁੱਛਿਆ: “ਯੋਹਾਨ, ਕੀ ਦੁਨੀਆਂ ਦੇ ਹਾਲਾਤ ਹਮੇਸ਼ਾ ਇੰਜ ਹੀ ਰਹਿਣੇ ਆ?”

“ਨਹੀਂ,” ਉਸ ਨੇ ਜਵਾਬ ਦਿੱਤਾ। ਉਸ ਨੇ ਮੇਰੇ ਮਾਤਾ ਜੀ ਨੂੰ ਦੱਸਿਆ ਕਿ ਪਰਮੇਸ਼ੁਰ ਬਹੁਤ ਜਲਦ ਬੁਰਾਈ ਨੂੰ ਜੜ੍ਹੋਂ ਉਖਾੜ ਦੇਵੇਗਾ ਤੇ ਯਿਸੂ ਮਸੀਹ ਦੇ ਹੱਥੀਂ ਧਰਤੀ ਦੀ ਕਾਇਆ ਪਲਟ ਦੇਵੇਗਾ। (ਯਸਾਯਾਹ 9:6, 7; ਦਾਨੀਏਲ 2:44) ਅੱਗੇ ਉਨ੍ਹਾਂ ਨੇ ਦੱਸਿਆ ਕਿ ਜਿਸ ਰਾਜ ਬਾਰੇ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨ ਲਈ ਕਿਹਾ ਸੀ ਉਸ ਰਾਜ ਵਿਚ ਉਹ ਧਰਤੀ ਨੂੰ ਸੁੰਦਰ ਬਣਾ ਦੇਵੇਗਾ।—ਮੱਤੀ 6:9, 10; ਪਰਕਾਸ਼ ਦੀ ਪੋਥੀ 21:3, 4.

ਇਹ ਗੱਲਾਂ ਸਿੱਧੀਆਂ ਮਾਤਾ ਜੀ ਦੇ ਧੁਰ ਅੰਦਰ ਗਈਆਂ। ਰਸਤੇ ਵਿਚ ਇਸ ਚੰਗੇ ਸਮੇਂ ਲਈ ਪਰਮੇਸ਼ੁਰ ਦਾ ਸ਼ੁਕਰ ਕਰਦਿਆਂ ਉਹ ਘਰ ਆਈ। ਲੇਕਿਨ ਮੈਨੂੰ ਤੇ ਪਿਤਾ ਜੀ ਨੂੰ ਇਹ ਗੱਲ ਰਾਸ ਨਾ ਆਈ ਕਿ ਮਾਤਾ ਦਾ ਧਿਆਨ ਹੁਣ ਜ਼ਿਆਦਾ ਧਰਮ ਵੱਲ ਹੋ ਰਿਹਾ ਸੀ। ਤਕਰੀਬਨ ਇਸੇ ਸਮੇਂ 1935 ਵਿਚ ਮੈਂ ਦੱਖਣੀ ਸਵੀਡਨ ਵਿਚ ਟ੍ਰੋਲਹਾਟਾਨ ਪਿੰਡ ਚਲਾ ਗਿਆ ਜਿੱਥੇ ਮੇਰੀ ਨੌਕਰੀ ਇਕ ਵੱਡੀ ਫੈਕਟਰੀ ਵਿਚ ਲੱਗ ਗਈ। ਉਦੋਂ ਪਿਤਾ ਜੀ ਵੀ ਆਪਣੇ ਕੰਮੋਂ ਮੁੜ ਆਏ ਸਨ ਤੇ ਉਹ ਮਾਤਾ ਜੀ ਨਾਲ ਇਸੇ ਜਗ੍ਹਾ ਸ਼ਿਫ਼ਟ ਹੋ ਗਏ। ਸਾਡਾ ਬਿਖਰਿਆ ਪਰਿਵਾਰ ਇਕ ਵਾਰ ਫਿਰ ਇਕੱਠਾ ਹੋ ਗਿਆ।

ਹੋਰ ਸਿੱਖਿਆ ਲੈਣ ਦੀ ਇੱਛਾ ਨਾਲ ਮਾਤਾ ਜੀ ਨੇ ਇਸ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕੀਤਾ। ਉਨ੍ਹੀਂ ਦਿਨੀਂ ਯਹੋਵਾਹ ਦੇ ਗਵਾਹ ਇਕ-ਦੂਜੇ ਦੇ ਘਰ ਜਾ ਕੇ ਸਭਾ ਕਰਦੇ ਸਨ ਜਿਵੇਂ ਪਹਿਲੀ ਸਦੀ ਦੇ ਮਸੀਹੀ ਕਰਦੇ ਹੁੰਦੇ ਸਨ। (ਫਿਲੇਮੋਨ 1, 2) ਇਕ ਦਿਨ ਸਭਾ ਸਾਡੇ ਘਰ ਹੋਣੀ ਸੀ ਤੇ ਮਾਤਾ ਜੀ ਨੇ ਡਰਦਿਆਂ-ਡਰਦਿਆਂ ਪਿਤਾ ਜੀ ਤੋਂ ਗਵਾਹਾਂ ਨੂੰ ਘਰ ਬੁਲਾਉਣ ਦੀ ਇਜਾਜ਼ਤ ਮੰਗੀ। “ਠੀਕ ਏ, ਬੁਲਾ ਲੈ ਉਨ੍ਹਾਂ ਨੂੰ,” ਪਿਤਾ ਜੀ ਨੇ ਕਿਹਾ।

ਇਸ ਤਰ੍ਹਾਂ ਸਾਡੇ ਘਰ ਗਵਾਹਾਂ ਦਾ ਆਉਣਾ-ਜਾਣਾ ਸ਼ੁਰੂ ਹੋਇਆ, ਪਰ ਮੈਨੂੰ ਇਹ ਬਿਲਕੁਲ ਚੰਗਾ ਨਹੀਂ ਲੱਗਾ ਤੇ ਮੈਂ ਉਨ੍ਹਾਂ ਦੇ ਆਉਣ ਤੋਂ ਪਹਿਲਾਂ-ਪਹਿਲਾਂ ਹੀ ਘਰੋਂ ਖਿਸਕ ਜਾਂਦਾ ਸੀ। ਪਰ ਹੌਲੀ-ਹੌਲੀ ਮੈਂ ਉਨ੍ਹਾਂ ਦੀਆਂ ਗੱਲਾਂ ਸੁਣਨ ਲਈ ਘਰੇ ਰਹਿਣ ਲੱਗ ਪਿਆ। ਉਨ੍ਹਾਂ ਲੋਕਾਂ ਨੂੰ ਬਾਈਬਲ ਦਾ ਬਹੁਤ ਗਿਆਨ ਸੀ ਤੇ ਉਨ੍ਹਾਂ ਨੇ ਪਿਆਰ ਨਾਲ ਬਾਈਬਲ ਵਿੱਚੋਂ ਢੁਕਵੇਂ ਹਵਾਲਿਆਂ ਦਾ ਇਸਤੇਮਾਲ ਕਰ ਕੇ ਮੇਰੀਆਂ ਗ਼ਲਤਫ਼ਹਿਮੀਆਂ ਦੂਰ ਕੀਤੀਆਂ ਤੇ ਮੇਰੇ ਦਿਲ ਨੂੰ ਜਿੱਤ ਲਿਆ। ਫਲਸਰੂਪ ਮੇਰੇ ਦਿਲ ਵਿਚ ਵੀ ਸੱਚਾਈ ਦਾ ਬੀ ਪੁੰਗਰਨ ਲੱਗਾ।

ਸੱਤ ਸਮੁੰਦਰ ਪਾਰ

ਪਿਤਾ ਜੀ ਵਾਂਗ ਮੈਨੂੰ ਵੀ ਸਮੁੰਦਰਾਂ ਨਾਲ ਲਗਾਅ ਸੀ ਤੇ ਮੈਂ ਵੀ ਉਨ੍ਹਾਂ ਦੇ ਕਦਮਾਂ ਤੇ ਚੱਲਦਿਆਂ ਜਹਾਜ਼ੀ ਦਾ ਕੰਮ ਕਰਨ ਲੱਗ ਪਿਆ। ਮੈਂ ਰੱਬ ਬਾਰੇ ਕਾਫ਼ੀ ਸੋਚਦਾ ਵੀ ਰਹਿੰਦਾ ਸੀ, ਇਸ ਲਈ ਜਦੋਂ ਜਹਾਜ਼ ਕਿਸੇ ਬੰਦਰਗਾਹ ਤੇ ਲੱਗਦਾ, ਤਾਂ ਮੈਂ ਉੱਥੇ ਦੇ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਸੀ। ਜਦੋਂ ਅਸੀਂ ਇਕ ਵਾਰ ਅਮਸਟਰਡਮ, ਹਾਲੈਂਡ (ਹੁਣ ਨੀਦਰਲੈਂਡਜ਼) ਅੱਪੜੇ, ਤਾਂ ਮੈਂ ਉਨ੍ਹਾਂ ਦਾ ਪਤਾ ਪੁੱਛਣ ਲਈ ਡਾਕਖਾਨੇ ਗਿਆ। ਪਤਾ ਮਿਲਣ ਤੇ ਮੈਂ ਤੁਰੰਤ ਉੱਥੇ ਨੂੰ ਹੋ ਤੁਰਿਆ। ਦਸ ਸਾਲ ਦੀ ਇਕ ਕੁੜੀ ਨੇ ਬੂਹਾ ਖੋਲ੍ਹਿਆ ਤੇ ਅੰਦਰ ਆਉਣ ਨੂੰ ਕਿਹਾ। ਮੈਂ ਤਾਂ ਉਸ ਨੂੰ ਜਾਣਦਾ ਤਕ ਨਹੀਂ ਸੀ ਪਰ ਉਸ ਨੂੰ ਦੇਖਦਿਆਂ ਸਾਰ ਮੇਰੇ ਦਿਲ ਵਿਚ ਉਸ ਲਈ ਤੇ ਉਸ ਦੇ ਪਰਿਵਾਰ ਲਈ ਸਨੇਹ ਉਮਡ ਪਿਆ। ਉਦੋਂ ਮੈਨੂੰ ਲੱਗਾ ਕਿ ਇਸ ਦੇ ਵਰਗਾ ਹੋਰ ਕੋਈ ਭਾਈਚਾਰਾ ਨਹੀਂ!

ਹਾਲਾਂਕਿ ਮੈਨੂੰ ਉਨ੍ਹਾਂ ਦੀ ਭਾਸ਼ਾ ਨਹੀਂ ਆਉਂਦੀ ਸੀ, ਪਰ ਉਨ੍ਹਾਂ ਨੇ ਮੈਨੂੰ ਕਲੰਡਰ ਤੇ ਤਾਰੀਖ਼ ਤੇ ਰੇਲ-ਗੱਡੀ ਦੀ ਸੂਚੀ ਅਤੇ ਨਕਸ਼ਾ ਬਣਾ ਕੇ ਸਮਝਾਇਆ ਕਿ ਲਾਗਲੇ ਸ਼ਹਿਰ ਹਾਰਲਮ ਵਿਚ ਅਸੈਂਬਲੀ ਹੋਣ ਵਾਲੀ ਸੀ। ਮੈਂ ਅਸੈਂਬਲੀ ਗਿਆ। ਪ੍ਰੋਗ੍ਰਾਮ ਦਾ ਇਕ ਵੀ ਲਫ਼ਜ਼ ਮੈਨੂੰ ਸਮਝ ਨਾ ਆਇਆ, ਪਰ ਉੱਥੇ ਹੋਣ ਦਾ ਬੜਾ ਮਜ਼ਾ ਆਇਆ। ਮੈਂ ਗਵਾਹਾਂ ਨੂੰ ਐਤਵਾਰ ਦੇ ਪਬਲਿਕ ਭਾਸ਼ਣ ਦੇ ਸੱਦਾ-ਪੱਤਰ ਲੋਕਾਂ ਨੂੰ ਵੰਡਦੇ ਦੇਖਿਆ, ਤਾਂ ਮੇਰਾ ਵੀ ਇੱਦਾਂ ਕਰਨ ਨੂੰ ਦਿਲ ਕੀਤਾ। ਸੋ ਲੋਕਾਂ ਨੇ ਜਿਹੜੇ ਸੱਦਾ-ਪੱਤਰ ਜ਼ਮੀਨ ਤੇ ਸੁੱਟੇ ਸਨ, ਮੈਂ ਉਹ ਚੁੱਕ-ਚੁੱਕ ਕੇ ਦੁਬਾਰਾ ਵੰਡੇ।

ਇਕ ਦਿਨ ਸਾਡਾ ਜਹਾਜ਼ ਅਰਜਨਟੀਨਾ ਦੇ ਬਿਊਨਸ ਏਅਰੀਜ਼ ਸ਼ਹਿਰ ਦੀ ਬੰਦਰਗਾਹ ਤੇ ਲੱਗਾ ਤੇ ਮੈਂ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਗਿਆ। ਕਾਫ਼ੀ ਰਾਤ ਹੋ ਚੁੱਕੀ ਸੀ। ਬ੍ਰਾਂਚ ਆਫ਼ਿਸ ਵਿਚ ਇਕ ਦਫ਼ਤਰ ਅਤੇ ਸਟੋਰ-ਰੂਮ ਸੀ। ਦਫ਼ਤਰ ਵਿਚ ਇਕ ਔਰਤ ਬੈਠੀ ਕੁਝ ਬੁਣ ਰਹੀ ਸੀ ਤੇ ਇਕ ਛੋਟੀ ਕੁੜੀ ਸ਼ਾਇਦ ਉਸ ਔਰਤ ਦੀ ਬੇਟੀ, ਗੁੱਡੀ ਨਾਲ ਖੇਡਦੀ ਪਈ ਸੀ। ਸਟੋਰ-ਰੂਮ ਵਿਚ ਇਕ ਬੰਦਾ ਸ਼ੈਲਫ ਤੋਂ ਕੁਝ ਕਿਤਾਬਾਂ ਚੁੱਕ ਰਿਹਾ ਸੀ ਜਿਨ੍ਹਾਂ ਵਿੱਚੋਂ ਇਕ ਸੀ ਸਵੀਡਿਸ਼ ਵਿਚ ਸ੍ਰਿਸ਼ਟੀ। ਮੇਰੇ ਆਉਣ ਕਰਕੇ ਉਨ੍ਹਾਂ ਦੇ ਖ਼ੁਸ਼ ਚਿਹਰੇ ਦੇਖ ਕੇ ਮੇਰੇ ਦਿਲ ਵਿਚ ਬੱਸ ਇਹੋ ਉਮੰਗ ਸੀ ਕਿ ਮੈਂ ਵੀ ਇਕ ਦਿਨ ਯਹੋਵਾਹ ਦਾ ਗਵਾਹ ਜ਼ਰੂਰ ਬਣੂੰਗਾ।

ਇਕ ਵਾਰ ਅਸੀਂ ਜਹਾਜ਼ ਵਿਚ ਨਿਊਫਾਊਂਡਲੈਂਡ ਦੇ ਤਟ ਦੇ ਲਾਗੇ ਸੀ ਜਿੱਥੇ ਇਕ ਕਨੇਡੀਅਨ ਮਿਲਟਰੀ ਦਾ ਹਵਾਈ ਜਹਾਜ਼ ਸਮੁੰਦਰ ਵਿਚ ਆ ਡਿੱਗਿਆ, ਪਰ ਉਸ ਵਿਚਲੇ ਸਾਰੇ ਫ਼ੌਜੀ ਬਚ ਗਏ। ਲਾਗੇ ਹੋਣ ਕਰਕੇ ਅਸੀਂ ਉਨ੍ਹਾਂ ਨੂੰ ਪਾਣੀ ਵਿੱਚੋਂ ਕੱਢ ਲਿਆ। ਕੁਝ ਦਿਨਾਂ ਬਾਅਦ ਅਸੀਂ ਸਕਾਟਲੈਂਡ ਦੇ ਲਾਗੇ ਸਾਂ, ਤਾਂ ਇੰਗਲੈਂਡ ਦੀ ਸਮੁੰਦਰੀ ਫ਼ੌਜ ਨੇ ਸਾਨੂੰ ਹਿਰਾਸਤ ਵਿਚ ਲੈ ਲਿਆ। ਸਾਨੂੰ ਓਰਕਨੀ ਟਾਪੂਆਂ ਤੇ ਕਰਕਵਾਲ ਲਿਆਂਦਾ ਗਿਆ ਤੇ ਸਾਡੇ ਜਹਾਜ਼ ਦੀ ਤਲਾਸ਼ੀ ਲਈ ਗਈ। ਦੂਜੀ ਵਿਸ਼ਵ ਜੰਗ ਛਿੜ ਪਈ ਸੀ ਤੇ ਸਤੰਬਰ 1939 ਵਿਚ ਹਿਟਲਰ ਦੇ ਸਿਪਾਹੀਆਂ ਨੇ ਪੋਲੈਂਡ ਤੇ ਧਾਵਾ ਬੋਲ ਦਿੱਤਾ ਸੀ। ਪਰ ਕੁਝ ਦਿਨਾਂ ਬਾਅਦ ਸਾਨੂੰ ਰਿਹਾ ਕਰ ਦਿੱਤਾ ਗਿਆ ਸੀ ਤੇ ਅਸੀਂ ਸਵੀਡਨ ਸਹੀ-ਸਲਾਮਤ ਪਹੁੰਚ ਗਏ।

ਦੋ ਗੱਲਾਂ ਕਰਕੇ ਮੈਂ ਘਰ ਆ ਕੇ ਖ਼ੁਸ਼ ਸਾਂ। ਇਕ ਤਾਂ ਮੈਂ ਸਹੀ-ਸਲਾਮਤ ਘਰ ਆ ਗਿਆ ਸੀ, ਦੂਜਾ ਮੈਂ ਆਪਣਾ ਪੂਰਾ ਧਿਆਨ ਪਰਮੇਸ਼ੁਰ ਵੱਲ ਲਾ ਸਕਦਾ ਸੀ। ਮੈਂ ਰੱਬ ਦੇ ਸੱਚੇ ਭਗਤਾਂ ਵਿਚ ਸਦਾ ਰਹਿਣਾ ਚਾਹੁੰਦਾ ਸੀ। (ਇਬਰਾਨੀਆਂ 10:24, 25) ਮੈਨੂੰ ਇਹ ਦੱਸਦਿਆਂ ਬੜੀ ਖ਼ੁਸ਼ੀ ਹੁੰਦੀ ਹੈ ਕਿ ਜਹਾਜ਼ ਤੇ ਵੀ ਮੈਂ ਹੋਰਨਾਂ ਨੂੰ ਰੱਬ ਦੇ ਰਾਹਾਂ ਬਾਰੇ ਦੱਸਿਆ ਤੇ ਉਨ੍ਹਾਂ ਵਿੱਚੋਂ ਇਕ ਗਵਾਹ ਵੀ ਬਣਿਆ।

ਇਕ ਵਿਸ਼ੇਸ਼ ਸੇਵਾ ਕਰਨੀ

ਸੰਨ 1940 ਦੀ ਗੱਲ ਹੈ ਕਿ ਮੈਂ ਸਟਾਕਹੋਮ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਗਿਆ। ਉੱਥੇ ਮੈਨੂੰ ਯੋਹਾਨ ਏਚ. ਐਨੇਰੋਥ ਮਿਲੇ ਜੋ ਉਸ ਵੇਲੇ ਸਵੀਡਨ ਵਿਚ ਪ੍ਰਚਾਰ ਕੰਮ ਦੀ ਅਗਵਾਈ ਕਰ ਰਹੇ ਸਨ। ਮੈਂ ਉਨ੍ਹਾਂ ਨੂੰ ਪਾਇਨੀਅਰ ਬਣਨ ਦੀ ਇੱਛਾ ਬਾਰੇ ਦੱਸਿਆ। ਮੇਰੇ ਵੱਲ ਦੇਖਦਿਆਂ ਉਨ੍ਹਾਂ ਨੇ ਪੁੱਛਿਆ: “ਕੀ ਤੂੰ ਮੰਨਦਾ ਹੈਂ ਕਿ ਇਹ ਪਰਮੇਸ਼ੁਰ ਦੀ ਸੰਸਥਾ ਏ?”

“ਹਾਂ,” ਮੈਂ ਪੂਰੇ ਵਿਸ਼ਵਾਸ ਨਾਲ ਜਵਾਬ ਦਿੱਤਾ। 22 ਜੂਨ 1940 ਵਿਚ ਬਪਤਿਸਮਾ ਲੈ ਕੇ ਮੈਂ ਹੋਰਾਂ ਭੈਣਾਂ-ਭਰਾਵਾਂ ਨਾਲ ਬ੍ਰਾਂਚ ਵਿਚ ਖ਼ੁਸ਼ੀ-ਖ਼ੁਸ਼ੀ ਕੰਮ ਕਰਨ ਲੱਗ ਗਿਆ। ਸ਼ਨੀਵਾਰ-ਐਤਵਾਰ ਅਸੀਂ ਪ੍ਰਚਾਰ ਕਰਨ ਚਲੇ ਜਾਂਦੇ ਸਾਂ। ਗਰਮੀਆਂ ਵਿਚ ਅਕਸਰ ਅਸੀਂ ਸਾਈਕਲਾਂ ਤੇ ਦੂਰ-ਦੂਰ ਜਾਂਦੇ ਸਾਂ ਤੇ ਪੂਰਾ ਸਮਾਂ ਪ੍ਰਚਾਰ ਕਰਨ ਵਿਚ ਗੁਜ਼ਾਰਦੇ ਸਾਂ। ਰਾਤ ਅਸੀਂ ਘਾਹ ਦੇ ਢੇਰਾਂ ਤੇ ਲੇਟ ਕੇ ਕੱਟ ਲਈ ਦੀ ਸੀ।

ਪਰ ਅਸੀਂ ਜ਼ਿਆਦਾਤਰ ਸਟਾਕਹੋਮ ਵਿਚ ਹੀ ਘਰ-ਘਰ ਪ੍ਰਚਾਰ ਕੀਤਾ। ਇਕ ਦਿਨ ਘਰ-ਘਰ ਪ੍ਰਚਾਰ ਕਰਦਿਆਂ ਮੈਂ ਇਕ ਬੰਦੇ ਨੂੰ ਉਸ ਦੇ ਘਰ ਦੀ ਬੇਸਮੈਂਟ ਵਿਚ ਕੰਮ ਕਰਦਿਆਂ ਦੇਖਿਆ। ਉਹ ਹੀਟਰ ਨੂੰ ਠੀਕ ਕਰਦਾ ਪਿਆ ਸੀ। ਮੈਂ ਹੀਟਰ ਠੀਕ ਕਰਨ ਵਿਚ ਉਸ ਦੀ ਮਦਦ ਕੀਤੀ। ਹੀਟਰ ਠੀਕ ਹੋਣ ਤੇ ਉਸ ਬੰਦੇ ਨੇ ਮੇਰਾ ਸ਼ੁਕਰੀਆ ਅਦਾ ਕਰਦਿਆਂ ਕਿਹਾ: “ਮੈਨੂੰ ਲੱਗਦਾ ਕਿ ਤੂੰ ਇੱਥੇ ਕਿਸੇ ਹੋਰ ਕੰਮ ਆਇਆ ਏ। ਚੱਲ, ਉੱਪਰ ਚੱਲਦੇ ਆਂ, ਮੂੰਹ-ਹੱਥ ਧੋ ਕੇ ਕਾਫ਼ੀ ਪੀਂਦੇ ਆਂ।” ਕਾਫ਼ੀ ਪੀਂਦਿਆਂ ਮੈਂ ਉਸ ਨੂੰ ਪਰਮੇਸ਼ੁਰ ਬਾਰੇ ਦੱਸਿਆ ਤੇ ਕੁਝ ਸਮੇਂ ਬਾਅਦ ਉਹ ਯਹੋਵਾਹ ਦਾ ਗਵਾਹ ਬਣ ਗਿਆ।

ਭਾਵੇਂ ਕਿ ਸਵੀਡਨ ਨੇ ਦੂਜੇ ਵਿਸ਼ਵ ਯੁੱਧ ਵਿਚ ਹਿੱਸਾ ਨਹੀਂ ਲਿਆ ਸੀ, ਪਰ ਲੜਾਈ ਦਾ ਅਸਰ ਸਵੀਡਨ ਦੇ ਲੋਕਾਂ ਤੇ ਵੀ ਜ਼ਰੂਰ ਪਿਆ। ਜਵਾਨਾਂ ਨੂੰ ਫ਼ੌਜ ਵਿਚ ਭਰਤੀ ਹੋਣ ਦਾ ਹੁਕਮ ਦਿੱਤਾ ਗਿਆ। ਮੈਨੂੰ ਵੀ। ਜਦੋਂ ਮੈਂ ਮਿਲਟਰੀ ਟ੍ਰੇਨਿੰਗ ਲੈਣ ਤੋਂ ਸਾਫ਼ ਇਨਕਾਰ ਕੀਤਾ, ਤਾਂ ਮੈਨੂੰ ਕੁਝ ਮਹੀਨਿਆਂ ਲਈ ਜੇਲ੍ਹ ਦੀ ਹਵਾ ਖਾਣੀ ਪਈ। ਫਿਰ ਮੈਨੂੰ ਇਕ ਕੈਂਪ ਭੇਜਿਆ ਗਿਆ। ਜੱਜਾਂ ਮੋਹਰੇ ਜਵਾਨ ਗਵਾਹਾਂ ਦੀ ਸੁਣਵਾਈ ਹੁੰਦੀ ਸੀ। ਉਦੋਂ ਸਾਨੂੰ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਣ ਦਾ ਮੌਕਾ ਮਿਲਦਾ ਸੀ। ਇੱਥੇ ਯਿਸੂ ਦੇ ਕਹੇ ਸ਼ਬਦ ਢੁਕਦੇ ਹਨ: “ਤੁਸੀਂ ਮੇਰੇ ਕਾਰਨ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਹਾਜਰ ਕੀਤੇ ਜਾਓਗੇ ਜੋ ਉਨ੍ਹਾਂ ਉੱਤੇ ਅਰ ਪਰਾਈਆਂ ਕੌਮਾਂ ਉੱਤੇ ਸਾਖੀ ਹੋਵੇ।”—ਮੱਤੀ 10:18.

ਜ਼ਿੰਦਗੀ ਵਿਚ ਆਇਆ ਇਕ ਨਵਾਂ ਮੋੜ

ਸੰਨ 1945 ਵਿਚ ਜੰਗ ਦੇ ਖ਼ਤਮ ਹੋਣ ਤੇ ਯੂਰਪ ਵਿਚ ਸ਼ਾਂਤੀ ਹੋ ਗਈ। ਉਸੇ ਸਾਲ ਦੁਨੀਆਂ ਭਰ ਵਿਚ ਪ੍ਰਚਾਰ ਕੰਮ ਵਿਚ ਅਗਵਾਈ ਲੈ ਰਹੇ ਭਰਾ ਨੇਥਨ ਐੱਚ. ਨੌਰ ਬਰੁਕਲਿਨ ਤੋਂ ਸਾਨੂੰ ਮਿਲਣ ਆਏ। ਉਸ ਦੇ ਨਾਲ ਭਰਾ ਮਿਲਟਨ ਹੈੱਨਸ਼ਲ ਵੀ ਸਨ। ਉਨ੍ਹਾਂ ਦਾ ਆਉਣਾ ਲਾਭਦਾਇਕ ਸਾਬਤ ਹੋਇਆ ਕਿਉਂਕਿ ਉਨ੍ਹਾਂ ਨੇ ਸਵੀਡਨ ਵਿਚ ਹੋ ਰਹੇ ਪ੍ਰਚਾਰ ਕੰਮ ਵਿਚ ਕਾਫ਼ੀ ਫੇਰ-ਬਦਲ ਕੀਤਾ। ਉਨ੍ਹਾਂ ਦਾ ਆਉਣਾ ਮੇਰੇ ਵਾਸਤੇ ਵੀ ਲਾਹੇਵੰਦ ਸਾਬਤ ਹੋਇਆ। ਜਦੋਂ ਮੈਨੂੰ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਬਾਰੇ ਪਤਾ ਲੱਗਾ, ਮੈਂ ਉਸੇ ਪਲ ਅਰਜ਼ੀ ਭਰ ਦਿੱਤੀ।

ਅਗਲੇ ਸਾਲ ਮੈਂ ਸਾਉਥ ਲੈਂਸਿੰਗ, ਨਿਊਯਾਰਕ ਨੇੜੇ, ਸਕੂਲ ਦੇ ਕਲਾਸਰੂਮ ਵਿਚ ਬੈਠਾ ਸੀ। ਇਹ ਪੰਜ ਮਹੀਨਿਆਂ ਦਾ ਕੋਰਸ ਸੀ ਤੇ ਮੈਨੂੰ ਬਾਈਬਲ ਤੇ ਪਰਮੇਸ਼ੁਰ ਦੀ ਸੰਸਥਾ ਸੰਬੰਧੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿਸ ਦੇ ਲਈ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਮੈਂ ਦੇਖਿਆ ਕਿ ਜੋ ਭਰਾ ਪ੍ਰਚਾਰ ਦੇ ਵਿਸ਼ਵ-ਵਿਆਪੀ ਕੰਮ ਵਿਚ ਮੋਹਰੀ ਸਨ, ਉਹ ਕਿੰਨੇ ਨਰਮ ਸੁਭਾਅ ਦੇ ਸਨ ਤੇ ਦੂਜਿਆਂ ਦੀ ਦਿਲੋਂ ਪਰਵਾਹ ਕਰਦੇ ਸਨ। ਉਹ ਸਾਡੇ ਵਾਂਗ ਹੀ ਮਿਹਨਤ ਕਰਦੇ ਤੇ ਖ਼ੁਦ ਨੂੰ ਕਦੇ ਵੀ ਉੱਚਾ ਨਹੀਂ ਚੁੱਕਦੇ ਸਨ। (ਮੱਤੀ 24:14) ਇਹ ਸਭ ਅੱਖੀਂ ਦੇਖ ਕੇ ਮੈਂ ਬਹੁਤ ਖ਼ੁਸ਼ ਹੋਇਆ।

ਸਮੇਂ ਦਾ ਪਤਾ ਹੀ ਨਹੀਂ ਲੱਗਾ। 9 ਫਰਵਰੀ 1947 ਵਿਚ ਗਿਲਿਅਡ ਸਕੂਲ ਦੀ ਅੱਠਵੀਂ ਕਲਾਸ ਗ੍ਰੈਜੂਏਟ ਹੋਈ। ਭਰਾ ਨੌਰ ਨੇ ਦੱਸਿਆ ਕਿ ਸਾਨੂੰ ਸਾਰੇ ਸਟੂਡੈਂਟਸ ਨੂੰ ਕਿਨ੍ਹਾਂ-ਕਿਨ੍ਹਾਂ ਮੁਲਕਾਂ ਵਿਚ ਭੇਜਿਆ ਜਾਣਾ ਸੀ। ਮੇਰਾ ਨਾਂ ਬੋਲਣ ਤੇ ਉਸ ਨੇ ਕਿਹਾ: “ਭਰਾ ਪ੍ਰੈਮਬਰਗ ਆਪਣੇ ਭਰਾਵਾਂ ਦੀ ਸੇਵਾ ਕਰਨ ਲਈ ਵਾਪਸ ਸਵੀਡਨ ਜਾਏਗਾ।” ਸੱਚ ਦਸਾਂ, ਇਹ ਸੁਣ ਕੇ ਤਾਂ ਮੈਨੂੰ ਬਿਲਕੁਲ ਖ਼ੁਸ਼ੀ ਨਹੀਂ ਹੋਈ।

ਇਕ ਵੱਡੀ ਜ਼ਿੰਮੇਵਾਰੀ

ਸਵੀਡਨ ਵਾਪਸ ਆਣ ਕੇ ਮੈਨੂੰ ਕਲੀਸਿਯਾਵਾਂ ਦੀ ਮਦਦ ਕਰਨ ਵਾਸਤੇ ਇਕ ਨਵੇਂ ਕੰਮ ਬਾਰੇ ਪਤਾ ਲੱਗਾ—ਡਿਸਟ੍ਰਿਕਟ ਓਵਰਸੀਅਰ ਦਾ ਕੰਮ। ਇਹ ਕੰਮ ਕਈ ਦੇਸ਼ਾਂ ਵਿਚ ਸ਼ੁਰੂ ਹੋ ਚੁੱਕਾ ਸੀ। ਸਵੀਡਨ ਵਿਚ ਪਹਿਲੇ ਡਿਸਟ੍ਰਿਕਟ ਓਵਰਸੀਅਰ ਵਜੋਂ ਸੇਵਾ ਕਰਨ ਦਾ ਸਨਮਾਨ ਮੈਨੂੰ ਮਿਲਿਆ ਤੇ ਪੂਰੇ ਦੇਸ਼ ਦੀ ਨਿਗਰਾਨੀ ਕਰਨਾ ਹੁਣ ਮੇਰੀ ਜ਼ਿੰਮੇਵਾਰੀ ਸੀ। ਮੈਂ ਸਵੀਡਨ ਦੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਵਿਚ ਸਰਕਟ ਸੰਮੇਲਨਾਂ ਦਾ ਪ੍ਰਬੰਧ ਕੀਤਾ। ਉਨ੍ਹੀਂ ਦਿਨੀਂ ਇਹ ਸਾਰੇ ਪ੍ਰਬੰਧ ਨਵੇਂ-ਨਵੇਂ ਸਨ, ਇਸ ਲਈ ਸਾਨੂੰ ਕਈ ਕੁਝ ਖ਼ੁਦ ਤੈ ਕਰਨਾ ਪੈਂਦਾ ਸੀ। ਮੈਂ ਤੇ ਭਰਾ ਐਨੇਰੋਥ ਆਪਸ ਵਿਚ ਸਲਾਹ-ਮਸ਼ਵਰਾ ਕਰ ਕੇ ਪ੍ਰੋਗ੍ਰਾਮ ਤਿਆਰ ਕਰ ਲੈਂਦੇ ਸਾਂ। ਪਰ ਇਹ ਕੰਮ ਮੇਰੇ ਵੱਸ ਦਾ ਨਹੀਂ ਸੀ ਤੇ ਕਈ-ਕਈ ਵਾਰ ਮੈਂ ਮਦਦ ਲਈ ਯਹੋਵਾਹ ਅੱਗੇ ਦੁਹਾਈ ਦਿੰਦਾ ਸੀ। ਮੈਂ 15 ਸਾਲ ਡਿਸਟ੍ਰਿਕਟ ਓਵਰਸੀਅਰ ਵਜੋਂ ਸੇਵਾ ਕੀਤੀ।

ਉਸ ਜ਼ਮਾਨੇ ਵਿਚ ਅਸੈਂਬਲੀਆਂ ਕਰਨ ਵਾਸਤੇ ਜਗ੍ਹਾ ਲੱਭਣੀ ਮੁਸ਼ਕਲ ਸੀ। ਸਾਨੂੰ ਕਈ ਵਾਰ ਡਾਂਸ ਹਾਲਾਂ ਵਿਚ ਸਭਾ ਕਰਨੀ ਪੈਂਦੀ ਸੀ। ਇਹ ਅਕਸਰ ਖ਼ਸਤਾ ਹਾਲਤ ਵਿਚ ਹੁੰਦੇ ਸਨ ਤੇ ਸਰਦੀਆਂ ਵਿਚ ਹੀਟਿੰਗ ਕੰਮ ਨਹੀਂ ਕਰਦੀ ਹੁੰਦੀ ਸੀ। ਰੋਕਿਓ, ਫਿਨਲੈਂਡ ਵਿਚ ਹੋਈ ਅਸੈਂਬਲੀ ਦੀ ਮਿਸਾਲ ਲੈ ਲਓ। ਹਾਲ ਟੁੱਟਾ-ਭੱਜਾ ਸੀ। ਬਾਹਰ ਭਾਰੀ ਬਰਫ਼ਬਾਰੀ ਹੋ ਰਹੀ ਸੀ ਤੇ ਤਾਪਮਾਨ ਸਿਫ਼ਰ ਤੋਂ ਚਾਰ ਡਿਗਰੀ ਥੱਲੇ ਸੀ। ਅਸੀਂ ਦੋ ਵੱਡੇ-ਵੱਡੇ ਡਰੰਮਾਂ ਵਿਚ ਕੋਲੇ ਪਾ ਕੇ ਅੱਗ ਬਾਲ਼ੀ, ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਚਿੜੀਆਂ ਨੇ ਹਾਲ ਦੀ ਚਿਮਨੀ ਵਿਚ ਆਲ੍ਹਣੇ ਬਣਾਏ ਹੋਏ ਸਨ। ਚਿਮਨੀ ਬੰਦ ਹੋਣ ਕਰਕੇ ਚਾਰੇ-ਪਾਸੇ ਧੂੰਆਂ ਹੀ ਧੂੰਆਂ ਹੋ ਗਿਆ। ਧੂੰਏਂ ਕਰਕੇ ਅੱਖਾਂ ਵਿਚ ਸਾੜ ਤਾਂ ਲੱਗਣ ਲੱਗਾ, ਪਰ ਸਾਰੇ ਜਣੇ ਕੋਟ ਪਹਿਨੀ ਆਪਣੀਆਂ ਕੁਰਸੀਆਂ ਤੇ ਬੈਠੇ ਰਹੇ। ਅਸੀਂ ਇਹ ਅਸੈਂਬਲੀ ਤਾਂ ਕਦੇ ਨਹੀਂ ਭੁੱਲਾਂਗੇ!

ਇਨ੍ਹਾਂ ਤਿੰਨ ਦਿਨਾਂ ਦੀਆਂ ਅਸੈਂਬਲੀਆਂ ਦਾ ਪ੍ਰੋਗ੍ਰਾਮ ਤਿਆਰ ਕਰਨ ਦੇ ਨਾਲ-ਨਾਲ, ਸਾਨੂੰ ਬਾਹਰਲੇ ਮੁਲਕੋਂ ਆਏ ਭੈਣਾਂ-ਭਰਾਵਾਂ ਵਾਸਤੇ ਖਾਣਾ ਵੀ ਤਿਆਰ ਕਰਨਾ ਹੁੰਦਾ ਸੀ। ਇੱਦਾਂ ਦਾ ਕੰਮ ਅਸੀਂ ਪਹਿਲਾਂ ਕਦੇ ਨਹੀਂ ਕੀਤਾ ਸੀ, ਨਾ ਹੀ ਸਾਡੇ ਕੋਲ ਖਾਣਾ ਬਣਾਉਣ ਲਈ ਕੜਾਹੀਆਂ-ਪਤੀਲੇ ਵਗੈਰਾ ਸਨ। ਲੇਕਿਨ ਭੈਣਾਂ-ਭਰਾਵਾਂ ਨੇ ਖਿੜੇ ਮੱਥੇ ਖਾਣਾ ਤਿਆਰ ਕਰਨ ਦਾ ਕੰਮ ਕੀਤਾ। ਅਸੈਂਬਲੀ ਦੇ ਇਕ ਦਿਨ ਪਹਿਲਾਂ ਅਸੀਂ ਸਾਰੇ ਰਲ-ਮਿਲ ਕੇ ਢੇਰਾਂ ਦੇ ਢੇਰ ਆਲੂ ਛਿੱਲਦੇ ਸਾਂ। ਸਾਰੇ ਮਿਹਨਤ ਕਰਦੇ ਤੇ ਨਾਲ ਦੀ ਨਾਲ ਇਕ-ਦੂਜੇ ਨੂੰ ਮਜ਼ੇਦਾਰ ਤਜਰਬੇ ਵੀ ਸੁਣਾਉਂਦੇ। ਸਾਰਿਆਂ ਨੂੰ ਬੜਾ ਮਜ਼ਾ ਆਉਂਦਾ ਸੀ। ਇਨ੍ਹਾਂ ਮੌਕਿਆਂ ਤੇ ਪੱਕੀਆਂ ਦੋਸਤੀਆਂ ਵੀ ਪਈਆਂ।

ਇਨ੍ਹਾਂ ਅਸੈਂਬਲੀਆਂ ਤੇ ਆਮ ਲੋਕਾਂ ਨੂੰ ਬੁਲਾਉਣ ਵਾਸਤੇ ਅਸੀਂ ਇਸ਼ਤਿਹਾਰ-ਤਖ਼ਤੀਆਂ ਗਲੇ ਵਿਚ ਪਾ ਕੇ ਸੜਕਾਂ ਤੇ ਘੁੰਮਦੇ ਹੁੰਦੇ ਸਾਂ। ਕਿੰਨੇ ਹੀ ਭੈਣ-ਭਰਾਵਾਂ ਦੀਆਂ ਟੋਲੀਆਂ ਸ਼ਹਿਰਾਂ ਜਾਂ ਪਿੰਡਾਂ ਵਿਚ ਜਾ ਕੇ ਆਮ ਲੋਕਾਂ ਨੂੰ ਪਬਲਿਕ ਭਾਸ਼ਣ ਸੁਣਨ ਦਾ ਸੱਦਾ ਦਿੰਦੀਆਂ ਸਨ। ਜ਼ਿਆਦਾਤਰ ਲੋਕ ਅਕਸਰ ਸਾਡੇ ਨਾਲ ਚੰਗੀ ਤਰ੍ਹਾਂ ਪੇਸ਼ ਆਉਂਦੇ ਸਨ। ਫਿਨਸਪਾਂਗ ਪਿੰਡ ਦੀ ਗੱਲ ਲੈ ਲਓ। ਇਕ ਵਾਰ ਉੱਥੇ ਇਕ ਫੈਕਟਰੀ ਵਿੱਚੋਂ ਕਾਮਿਆਂ ਦੀ ਭੀੜ ਬਾਹਰ ਆ ਰਹੀ ਸੀ। ਅਚਾਨਕ ਉਨ੍ਹਾਂ ਵਿੱਚੋਂ ਇਕ ਨੇ ਉੱਚੀ ਦੇਣੀ ਨਾਅਰਾ ਮਾਰਿਆ: “ਆ ਦੇਖੋ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਦਾ ਹਿਟਲਰ ਵੀ ਕੁਝ ਵਿਗਾੜ ਨਾ ਸਕਿਆ!”

ਮੇਰੀ ਜ਼ਿੰਦਗੀ ਦਾ ਹਸੀਨ ਪਲ

ਕਾਰਿਨ ਨੂੰ ਮਿਲਣ ਤੋਂ ਬਾਅਦ ਮੇਰੀ ਜ਼ਿੰਦਗੀ ਨੇ ਨਵਾਂ ਮੋੜ ਲਿਆ। ਕਾਰਿਨ ਦੇ ਚੰਗੇ ਸੁਭਾਅ ਨੇ ਮੇਰਾ ਦਿਲ ਮੋਹ ਲਿਆ ਸੀ। ਜੁਲਾਈ 1953 ਨੂੰ ਅਸੀਂ ਦੋਨੋ ਯੈਂਕੀ ਸਟੇਡੀਅਮ, ਨਿਊਯਾਰਕ ਵਿਚ ਅੰਤਰਰਾਸ਼ਟਰੀ ਸੰਮੇਲਨ ਵਿਚ ਗਏ। ਉੱਥੇ 20 ਜੁਲਾਈ, ਸੋਮਵਾਰ ਦੇ ਪ੍ਰੋਗ੍ਰਾਮ ਦੇ ਇੰਟਰਵਲ ਦੌਰਾਨ ਭਰਾ ਮਿਲਟਨ ਹੈੱਨਸ਼ਲ ਨੇ ਮੈਨੂੰ ਤੇ ਕਾਰਿਨ ਨੂੰ ਵਿਆਹ ਦੇ ਅਟੁੱਟ ਬੰਧਨ ਵਿਚ ਬੰਨ੍ਹਿਆ। ਕਿੰਨੀ ਅਨੋਖੀ ਗੱਲ ਕਿ ਸਾਡਾ ਵਿਆਹ ਬੇਸਬਾਲ ਪ੍ਰੇਮੀਆਂ ਦੀ ਇਸ ਮਸ਼ਹੂਰ ਸਟੇਡੀਅਮ ਵਿਚ ਹੋਇਆ! ਕਾਫ਼ੀ ਸਾਲ ਕਲੀਸਿਯਾਵਾਂ ਦਾ ਦੌਰਾ ਕਰਨ ਮਗਰੋਂ, ਸਾਨੂੰ 1962 ਵਿਚ ਸਵੀਡਨ ਦੇ ਬੈਥਲ ਵਿਚ ਆਉਣ ਦਾ ਸਨਮਾਨ ਮਿਲਿਆ। ਆਉਂਦਿਆਂ ਸਾਰ ਮੈਨੂੰ ਮੈਗਜ਼ੀਨ ਡਿਪਾਰਟਮੈਂਟ ਵਿਚ ਕੰਮ ਤੇ ਲਗਾ ਦਿੱਤਾ ਗਿਆ। ਪਰ ਕਿਉਂਕਿ ਮੈਂ ਮਕੈਨਿਕੀ ਦਾ ਕੰਮ ਪਹਿਲਾਂ ਤੋਂ ਹੀ ਜਾਣਦਾ ਸੀ, ਮੈਨੂੰ ਬ੍ਰਾਂਚ ਦੀਆਂ ਪ੍ਰਿੰਟਿੰਗ ਪ੍ਰੈੱਸਾਂ ਤੇ ਹੋਰ ਮਸ਼ੀਨਾਂ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ। ਕਾਰਿਨ ਨੇ ਲਾਂਡਰੀ ਵਿਚ ਕੁਝ ਸਾਲ ਕੰਮ ਕੀਤਾ ਤੇ ਹੁਣ ਉਹ ਕਾਫ਼ੀ ਸਾਲਾਂ ਤੋਂ ਟ੍ਰਾਂਸਲੇਸ਼ਨ ਡਿਪਾਰਟਮੈਂਟ ਵਿਚ ਕੰਮ ਕਰ ਰਹੀ ਹੈ।

ਮੈਂ ਤੇ ਕਾਰਿਨ ਨੇ 54 ਸਾਲ ਯਹੋਵਾਹ ਦੀ ਸੇਵਾ ਵਿਚ ਗੁਜ਼ਾਰੇ ਹਨ। ਇਸ ਤੋਂ ਵਧ ਕੇ ਸਾਨੂੰ ਹੋਰ ਕਿਤੇ ਇੰਨੀ ਖ਼ੁਸ਼ੀ ਨਹੀਂ ਮਿਲੀ ਹੈ! ਸਾਨੂੰ ਇਸ ਗੱਲ ਤੇ ਕੋਈ ਸ਼ੱਕ ਨਹੀਂ ਕਿ ਯਹੋਵਾਹ ਦੀ ਮਿਹਰ ਤੇ ਕਿਰਪਾ ਉਸ ਦੇ ਵਫ਼ਾਦਾਰ ਤੇ ਮਿਹਨਤੀ ਭਗਤਾਂ ਤੇ ਹੈ। 1940 ਵਿਚ ਜਦੋਂ ਮੈਂ ਬ੍ਰਾਂਚ ਵਿਚ ਸੇਵਾ ਕਰਨੀ ਸ਼ੁਰੂ ਕੀਤੀ ਸੀ, ਉਦੋਂ ਸਵੀਡਨ ਵਿਚ 1,500 ਗਵਾਹ ਸਨ। ਅੱਜ 22,000 ਤੋਂ ਉੱਪਰ ਗਵਾਹ ਹਨ। ਦੁਨੀਆਂ ਦੇ ਹੋਰ ਦੇਸ਼ਾਂ ਵਿਚ ਇਸ ਤੋਂ ਵੀ ਜ਼ਿਆਦਾ ਵਾਧਾ ਹੋਇਆ ਹੈ, ਇਸ ਲਈ ਦੁਨੀਆਂ ਭਰ ਵਿਚ ਹੁਣ 65 ਲੱਖ ਤੋਂ ਵੱਧ ਗਵਾਹ ਹਨ।

ਸਾਡੇ ਕੰਮ ਤੇ ਯਹੋਵਾਹ ਬਰਕਤ ਪਾਉਂਦਾ ਹੈ। ਭਾਵੇਂ ਕਿ ਦੁਨੀਆਂ ਦੇ ਲੋਕ ਆਪਣੀਆਂ ਮੁਸ਼ਕਲਾਂ ਵਿਚ ਡੁੱਬਦੇ ਜਾ ਰਹੇ ਹਨ, ਪਰ ਅਸੀਂ ਆਪਣੀ ਨਿਹਚਾ ਦੀ ਬੇੜੀ ਨਹੀਂ ਡੁੱਬਣ ਦਿਆਂਗੇ। ਸਾਡੀਆਂ ਨਜ਼ਰਾਂ ਨਵੀਂ ਦੁਨੀਆਂ ਤੇ ਟਿਕੀਆਂ ਹੋਈਆਂ ਹਨ ਤੇ ਸਾਨੂੰ ਆਪਣੀ ਮੰਜ਼ਲ ਯਾਨੀ ਰੱਬ ਦੀ ਨਵੀਂ ਦੁਨੀਆਂ ਸਾਫ਼ ਦਿਖਾਈ ਦੇ ਰਹੀ ਹੈ। ਮੈਂ ਤੇ ਕਾਰਿਨ ਪਰਮੇਸ਼ੁਰ ਦਾ ਬੇਹੱਦ ਸ਼ੁਕਰੀਆ ਕਰਦੇ ਹਾਂ ਤੇ ਰੋਜ਼ ਦੁਆ ਕਰਦੇ ਹਾਂ ਕਿ ਉਹ ਸਾਡੀ ਨਿਹਚਾ ਨੂੰ ਬਰਕਰਾਰ ਰੱਖੇ ਅਤੇ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾ ਸਕੀਏ।—ਮੱਤੀ 24:13.

[ਸਫ਼ਾ 12 ਉੱਤੇ ਤਸਵੀਰ]

ਮਾਂ ਦੀ ਗੋਦ ਵਿਚ

[ਸਫ਼ਾ 13 ਉੱਤੇ ਤਸਵੀਰ]

1920 ਵਿਚ ਬਰੁਕਲਿਨ ਬ੍ਰਿੱਜ ਹੇਠ ਜਿੱਥੇ ਮੈਂ ਤੇ ਪਿਤਾ ਜੀ ਨੇ ਬੇੜੀ ਚਲਾਈ

[ਸਫ਼ਾ 15 ਉੱਤੇ ਤਸਵੀਰ]

1946 ਵਿਚ ਗਿਲਿਅਡ ਵਿਖੇ ਭਰਾ ਹਰਮਨ ਹੈੱਨਸ਼ਲ (ਭਰਾ ਮਿਲਟਨ ਦੇ ਪਿਤਾ) ਨਾਲ

[ਸਫ਼ਾ 16 ਉੱਤੇ ਤਸਵੀਰਾਂ]

20 ਜੁਲਾਈ 1953 ਵਿਚ ਸਾਡਾ ਵਿਆਹ ਯੈਂਕੀ ਸਟੇਡੀਅਮ ਵਿਚ ਹੋਇਆ ਸੀ