Skip to content

Skip to table of contents

ਕੀ ਤੁਹਾਡਾ ਕੋਈ ਮਸੀਹੀ ਸਲਾਹਕਾਰ ਹੈ?

ਕੀ ਤੁਹਾਡਾ ਕੋਈ ਮਸੀਹੀ ਸਲਾਹਕਾਰ ਹੈ?

ਕੀ ਤੁਹਾਡਾ ਕੋਈ ਮਸੀਹੀ ਸਲਾਹਕਾਰ ਹੈ?

ਤਕਰੀਬਨ 2,700 ਸਾਲ ਪਹਿਲਾਂ ਉਜ਼ੀਯਾਹ ਨਾਂ ਦਾ ਇਕ ਮੁੰਡਾ ਸਿਰਫ਼ 16 ਸਾਲ ਦੀ ਉਮਰ ਤੇ ਰਾਜਾ ਬਣਿਆ। ਉਸ ਨੇ ਯਹੂਦਾਹ ਦੇ ਦੱਖਣੀ ਰਾਜ ਉੱਤੇ ਲਗਭਗ 50 ਸਾਲ ਰਾਜ ਕੀਤਾ। ਅੱਲ੍ਹੜ ਉਮਰ ਤੋਂ ਹੀ ਉਜ਼ੀਯਾਹ ਨੇ “ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ।” ਉਸ ਦੀ ਪਰਮੇਸ਼ੁਰ ਦੇ ਰਾਹ ਉੱਤੇ ਚੱਲਣ ਵਿਚ ਕਿਸ ਨੇ ਮਦਦ ਕੀਤੀ? ਬਾਈਬਲ ਦੱਸਦੀ ਹੈ: ‘ਉਜ਼ੀਯਾਹ ਨੇ ਜ਼ਕਰਯਾਹ ਦੇ ਦਿਨਾਂ ਵਿੱਚ ਪਰਮੇਸ਼ੁਰ ਦਾ ਰਾਹ ਫ਼ੜਿਆ ਅਤੇ ਜ਼ਕਰਯਾਹ ਨੇ ਉਜ਼ੀਯਾਹ ਨੂੰ ਪਰਮੇਸ਼ੁਰ ਦਾ ਹੁਕਮ ਮੰਨਣਾ ਤੇ ਇੱਜ਼ਤ ਕਰਨਾ ਸਿਖਾਇਆ। ਜਦ ਤੀਕ ਉਜ਼ੀਯਾਹ ਪਰਮੇਸ਼ੁਰ ਦਾ ਤਾਲਿਬ ਰਿਹਾ, ਪਰਮੇਸ਼ੁਰ ਨੇ ਉਸ ਨੂੰ ਖ਼ੂਬ ਸਫ਼ਲਤਾ ਦਿੱਤੀ।’​—⁠2 ਇਤਿਹਾਸ 26:​4, 5. ਈਜ਼ੀ ਟੂ ਰੀਡ ਵਰਯਨ।

ਬਾਈਬਲ ਵਿਚ ਪਾਏ ਜਾਂਦੇ ਇਸ ਬਿਰਤਾਂਤ ਤੋਂ ਸਿਵਾਇ, ਰਾਜੇ ਦੇ ਸਲਾਹਕਾਰ ਜ਼ਕਰਯਾਹ ਬਾਰੇ ਘੱਟ ਹੀ ਜਾਣਕਾਰੀ ਉਪਲਬਧ ਹੈ। ਫਿਰ ਵੀ ਸਲਾਹਕਾਰ ਵਜੋਂ ਜ਼ਕਰਯਾਹ ਨੇ ਇਸ ਨੌਜਵਾਨ ਸ਼ਾਸਕ ਨੂੰ ਪਰਮੇਸ਼ੁਰ ਦੇ ਨਿਯਮਾਂ ਉੱਤੇ ਚੱਲਣਾ ਸਿਖਾਇਆ। ਦ ਐਕਸਪੌਜ਼ੀਟਰਜ਼ ਬਾਈਬਲ ਨੇ ਕਿਹਾ ਕਿ ਜ਼ਕਰਯਾਹ ਵਾਕਈ “ਪਰਮੇਸ਼ੁਰ ਦੀਆਂ ਲਿਖਤਾਂ ਦਾ ਗਿਆਨੀ ਸੀ, ਸਮਝਦਾਰ ਤੇ ਸੁਲਝਿਆ ਹੋਇਆ ਬੰਦਾ ਸੀ ਜੋ ਦੂਜਿਆਂ ਨਾਲ ਆਪਣਾ ਗਿਆਨ ਸਾਂਝਾ ਕਰਦਾ ਸੀ।” ਬਾਈਬਲ ਦੇ ਇਕ ਵਿਦਵਾਨ ਨੇ ਜ਼ਕਰਯਾਹ ਬਾਰੇ ਕਿਹਾ: ‘ਉਹ ਭਵਿੱਖਬਾਣੀਆਂ ਦਾ ਵਿਦਵਾਨ ਸੀ। ਪਰਮੇਸ਼ੁਰ ਦੇ ਇਸ ਨੇਕ ਤੇ ਬੁੱਧਵਾਨ ਭਗਤ ਨੇ ਉਜ਼ੀਯਾਹ ਉੱਤੇ ਚੰਗਾ ਪ੍ਰਭਾਵ ਪਾਇਆ।’

ਉਜ਼ੀਯਾਹ ਦੀ ਵਫ਼ਾਦਾਰ ਜ਼ਿੰਦਗੀ ਕਾਰਨ ਉਸ ਨੂੰ ਅਨੇਕ ਬਰਕਤਾਂ ਮਿਲੀਆਂ ਤੇ “ਉਹ ਬਹੁਤ ਹੀ ਤਕੜਾ ਹੋ ਗਿਆ ਸੀ” ਕਿਉਂਕਿ ‘ਪਰਮੇਸ਼ੁਰ ਨੇ ਉਸ ਦੀ ਸਹਾਇਤਾ ਕੀਤੀ।’ ਜੀ ਹਾਂ, “ਜ਼ਕਰਯਾਹ ਦੇ ਦਿਨਾਂ ਵਿੱਚ” ਉਜ਼ੀਯਾਹ ਜਿੰਨਾ ਚਿਰ ਪਰਮੇਸ਼ੁਰ ਦਾ ਵਫ਼ਾਦਾਰ ਰਿਹਾ ਉੱਨਾ ਚਿਰ ਉਹ ਤਕੜਾ ਰਹਿ ਕੇ ਲੜਾਈਆਂ ਵਿਚ ਜਿੱਤਦਾ ਰਿਹਾ। (2 ਇਤਹਾਸ 26:6-⁠8) ਜਦ ਉਜ਼ੀਯਾਹ ਕਾਮਯਾਬੀ ਦੀਆਂ ਉਚਾਈਆਂ ਤੇ ਪਹੁੰਚਿਆ, ਤਾਂ ਹੰਕਾਰ ਨੇ ਉਸ ਦੇ ਦਿਲ ਵਿਚ ਜੜ੍ਹ ਫੜ ਲਈ ਤੇ ਉਹ ਆਪਣੇ ਸਲਾਹਕਾਰ ਦਾ ਉਪਦੇਸ਼ ਭੁੱਲ ਗਿਆ। ਉਜ਼ੀਯਾਹ ਦਾ “ਦਿਲ ਇੰਨਾ ਹੰਕਾਰਿਆ ਗਿਆ ਕਿ ਉਹ ਵਿਗੜ ਗਿਆ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਬੇਮੁੱਖ ਹੋ ਗਿਆ।” ਜਦ ਉਸ ਨੇ ਹੈਕਲ ਵਿਚ ਜਾ ਕੇ ਜਗਵੇਦੀ ਉੱਤੇ ਧੂਪ ਧੁਖਾ ਕੇ ਵੱਡਾ ਪਾਪ ਕੀਤਾ, ਤਾਂ ਉਸ ਦੇ ਮੱਥੇ ਤੇ ਕੋੜ੍ਹ ਫੁੱਟ ਨਿੱਕਲਿਆ ਜਿਸ ਕਰਕੇ ਉਹ ਰਾਜੇ ਵਜੋਂ ਸੇਵਾ ਕਰਨੋਂ ਨਫਿੱਟ ਹੋ ਗਿਆ।​—⁠2 ਇਤਹਾਸ 26:16-21.

ਕੀ ਤੁਹਾਨੂੰ ਪਰਮੇਸ਼ੁਰ ਦੀ ਸੇਵਾ ਵਿਚ ਕੋਈ ਸਲਾਹ ਦੇਣ ਵਾਲਾ ਹੈ ਜੋ ਤੁਹਾਨੂੰ “ਪਰਮੇਸ਼ੁਰ ਦਾ ਤਾਲਿਬ” ਬਣਨ ਦੀ ਥਾਪੀ ਦਿੰਦਾ ਹੈ? ਭਾਵੇਂ ਤੁਸੀਂ ਨਿਆਣੇ ਹੋ ਜਾਂ ਸਿਆਣੇ, ਆਦਮੀ ਹੋ ਜਾਂ ਤੀਵੀਂ, ਫਿਰ ਵੀ ਤੁਸੀਂ ਕਿਸੇ ਤਜਰਬੇਕਾਰ ਮਸੀਹੀ ਨੂੰ ਆਪਣਾ ਸਲਾਹਕਾਰ ਬਣਾ ਸਕਦੇ ਹੋ। ਐਸੇ ਸਲਾਹਕਾਰ ਦੀ ਦਿਲੋਂ ਕਦਰ ਕਰੋ ਕਿਉਂਕਿ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰਨ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਉਸ ਸਮਝਦਾਰ ਮਸੀਹੀ ਦੀ ਸਲਾਹ ਧਿਆਨ ਨਾਲ ਸੁਣੋ ਤੇ ਲਾਗੂ ਕਰੋ। ਪਰਮੇਸ਼ੁਰ ਦਾ ਹੁਕਮ ਮੰਨਣ ਤੇ ਆਪਣੇ ਸਮਝਦਾਰ ਸਲਾਹਕਾਰ ਦੀਆਂ ਸਿਆਣੀਆਂ ਗੱਲਾਂ ਤੋਂ ਕਦੇ ਬੇਮੁੱਖ ਨਾ ਹੋਵੋ।​—⁠ਕਹਾਉਤਾਂ 1:5; 12:15; 19:⁠20.