ਕੀ ਤੁਹਾਨੂੰ ਯਾਦ ਹੈ?
ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਹਾਲ ਹੀ ਦੇ ਅੰਕਾਂ ਨੂੰ ਪੜ੍ਹਨ ਦਾ ਆਨੰਦ ਮਾਣਿਆ ਹੈ? ਜ਼ਰਾ ਪਰਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
• “ਪੁਰਾਣਾ ਨੇਮ” ਅੱਜ ਵੀ ਸਾਡੇ ਲਈ ਲਾਭਦਾਇਕ ਕਿਉਂ ਹੈ?
“ਪੁਰਾਣੇ ਨੇਮ” ਦਾ ਲੇਖਕ ਕੋਈ ਬੇਰਹਿਮ ਭਗਵਾਨ ਨਹੀਂ ਹੈ, ਸਗੋਂ ਯਹੋਵਾਹ ਪਰਮੇਸ਼ੁਰ ਹੈ ਜੋ ਇਨਸਾਨਾਂ ਨੂੰ ਬਹੁਤ ਪਿਆਰ ਕਰਦਾ ਹੈ। ਯਿਸੂ ਅਤੇ ਉਸ ਦੇ ਚੇਲਿਆਂ ਨੇ ਬਾਈਬਲ ਦੀਆਂ ਇਬਰਾਨੀ ਪੋਥੀਆਂ ਵਿੱਚੋਂ ਲਗਾਤਾਰ ਹਵਾਲੇ ਦਿੱਤੇ ਸਨ। ਇਨ੍ਹਾਂ ਪੋਥੀਆਂ ਵਿੱਚੋਂ ਸਾਨੂੰ ਚੰਗੀਆਂ ਸਲਾਹਾਂ ਮਿਲਦੀਆਂ ਹਨ ਜੋ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਲਾਭਦਾਇਕ ਸਿੱਧ ਹੁੰਦੀਆਂ ਹਨ। ਸਾਨੂੰ ਸ਼ਾਨਦਾਰ ਭਵਿੱਖ ਦੀ ਆਸ ਵੀ ਮਿਲਦੀ ਹੈ।—9/1, ਸਫ਼ੇ 4-7.
• ਆਦਮ ਤੇ ਹੱਵਾਹ ਦੇ ਪਾਪ ਕਰਨ ਤੋਂ ਲੈ ਕੇ ਹੁਣ ਤਕ ਰੱਬ ਨੇ ਸ਼ਤਾਨ ਨੂੰ ਰਾਜ ਕਰਨ ਦਿੱਤਾ ਹੈ। ਸ਼ਤਾਨ ਨੂੰ ਇੰਨਾ ਸਮਾਂ ਦੇਣ ਦਾ ਕੀ ਫ਼ਾਇਦਾ ਹੋਇਆ ਹੈ?
ਇਨ੍ਹਾਂ ਹਜ਼ਾਰਾਂ ਸਾਲਾਂ ਦੌਰਾਨ ਇਹ ਸਾਬਤ ਹੋ ਚੁੱਕਾ ਹੈ ਕਿ ਸ਼ਤਾਨ ਝੂਠਾ ਹੈ। ਕਿਵੇਂ? ਆਦਮ ਤੇ ਹੱਵਾਹ ਮਰ ਗਏ ਸਨ ਤੇ ਉਨ੍ਹਾਂ ਦੀ ਸੰਤਾਨ ਅੱਜ ਵੀ ਮਰ ਰਹੀ ਹੈ। ਸਮੇਂ ਦੇ ਬੀਤਣ ਨਾਲ ਇਹ ਸਾਬਤ ਹੋਇਆ ਹੈ ਕਿ ਪਰਮੇਸ਼ੁਰ ਦੀ ਮਦਦ ਦੇ ਬਗ਼ੈਰ ਇਨਸਾਨ ਇਕ ਤੋਂ ਬਾਅਦ ਇਕ ਦੁੱਖ ਦਾ ਸਾਮ੍ਹਣਾ ਕਰ ਰਹੇ ਹਨ। ਉਨ੍ਹਾਂ ਕੋਲ ਆਪਣੇ ਕਦਮਾਂ ਨੂੰ ਸਹੀ ਸੇਧ ਦੇਣ ਦਾ ਨਾ ਤਾਂ ਹੱਕ ਹੈ ਤੇ ਨਾ ਹੀ ਯੋਗਤਾ।—9/15, ਸਫ਼ੇ 6-7.
• ਯਾਕੂਬ ਨੇ ਏਸਾਓ ਦਾ ਭੇਸ ਧਾਰਿਆ ਸੀ। ਤਾਂ ਫਿਰ ਬਾਈਬਲ ਵਿਚ ਉਸ ਦੀ ਨਿੰਦਾ ਕਿਉਂ ਨਹੀਂ ਕੀਤੀ ਗਈ?
ਆਪਣੇ ਪਿਤਾ ਤੋਂ ਬਰਕਤਾਂ ਪਾਉਣ ਦਾ ਜਾਇਜ਼ ਹੱਕ ਯਾਕੂਬ ਦਾ ਹੀ ਸੀ ਕਿਉਂਕਿ ਉਸ ਨੇ ਏਸਾਓ ਤੋਂ ਇਹ ਹੱਕ ਮੁੱਲ ਲਿਆ ਸੀ। ਜਦੋਂ ਇਸਹਾਕ ਨੂੰ ਅਹਿਸਾਸ ਹੋਇਆ ਕਿ ਉਸ ਨੇ ਏਸਾਓ ਦੀ ਥਾਂ ਯਾਕੂਬ ਨੂੰ ਅਸੀਸ ਦਿੱਤੀ ਸੀ, ਤਾਂ ਉਸ ਨੇ ਆਪਣੀ ਅਸੀਸ ਵਾਪਸ ਨਹੀਂ ਲਈ। ਪਰਮੇਸ਼ੁਰ ਦੀ ਵੀ ਇਹੋ ਇੱਛਾ ਸੀ ਕਿ ਅਸੀਸ ਯਾਕੂਬ ਨੂੰ ਮਿਲੇ ਕਿਉਂਕਿ ਜੇ ਉਹ ਚਾਹੁੰਦਾ, ਤਾਂ ਉਹ ਇਸਹਾਕ ਨੂੰ ਅਸੀਸ ਦੇਣ ਤੋਂ ਰੋਕ ਸਕਦਾ ਸੀ। ਪਰ ਉਸ ਨੇ ਇੱਦਾਂ ਨਹੀਂ ਕੀਤਾ।—10/1, ਸਫ਼ਾ 31.
• ਇਨਸਾਨਾਂ ਵਿਚ ਜ਼ਮੀਰ ਦਾ ਹੋਣਾ ਵਿਕਾਸਵਾਦ ਦੀ ਸਿੱਖਿਆ ਨੂੰ ਕਿਵੇਂ ਝੁਠਲਾਉਂਦਾ ਹੈ?
ਹਰ ਜਾਤ ਤੇ ਸਭਿਆਚਾਰ ਵਿਚ ਅਜਿਹੇ ਲੋਕ ਹਨ ਜੋ ਕਿਸੇ ਦੀ ਮਦਦ ਕਰਨ ਲਈ ਆਪਣੀ ਜਾਨ ਵਾਰਨ ਲਈ ਤਿਆਰ ਰਹਿੰਦੇ ਹਨ। ਇਹ ਭਾਵਨਾ ਇਸ ਗੱਲ ਨੂੰ ਝੁਠਲਾਉਂਦੀ ਹੈ ਕਿ ਇਨਸਾਨ ਪਸ਼ੂਆਂ ਤੋਂ ਆਇਆ ਹੈ ਕਿਉਂਕਿ ਜ਼ਿਆਦਾਤਰ ਪਸ਼ੂ ਹੋਰਨਾਂ ਦਾ ਭਲਾ ਚਾਹੁਣ ਦੀ ਬਜਾਇ ਸਿਰਫ਼ ਆਪਣੀ ਪਰਵਾਹ ਕਰਦੇ ਹਨ।—10/15, ਸਫ਼ਾ 20.
• ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਨਿਮਰ ਹੈ? ਉਸ ਨੇ ਆਪਣੀ ਨਿਮਰਤਾ ਦਾ ਕੀ ਸਬੂਤ ਦਿੱਤਾ ਹੈ?
ਸਰਬਸ਼ਕਤੀਮਾਨ ਪਰਮੇਸ਼ੁਰ ਅਤੇ ਸਿਰਜਣਹਾਰ ਹੋਣ ਦੇ ਨਾਤੇ ਯਹੋਵਾਹ ਵਿਚ ਸਾਡੇ ਵਾਂਗ ਕਮੀਆਂ-ਕਮਜ਼ੋਰੀਆਂ ਨਹੀਂ ਹਨ। ਫਿਰ ਵੀ ਜ਼ਬੂਰ 113:5-7 ਦੱਸਦਾ ਹੈ ਕਿ ਪਰਮੇਸ਼ੁਰ ਨਿਮਰ ਹੈ। ਉਹ ਹਰ ਉਸ ਇਨਸਾਨ ਦੀ ਮਦਦ ਕਰਨ ਤੇ ਉਸ ਉੱਤੇ ਦਇਆ ਕਰਨ ਲਈ ਤਿਆਰ ਹੈ ਜੋ ਉਸ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ। ਯਹੋਵਾਹ ਪਰਮੇਸ਼ੁਰ ਸਵਰਗ ਵਿਚ ਵੱਸਦਾ ਹੈ, ਪਰ ਫਿਰ ਵੀ ਉਹ ਧਰਤੀ ਉੱਤੇ ਮਾਮੂਲੀ ਜਿਹੇ ਇਨਸਾਨਾਂ ਨਾਲ ਪਿਆਰ ਨਾਲ ਪੇਸ਼ ਆਉਂਦਾ ਹੈ।—11/1, ਸਫ਼ੇ 4-5.
• ਪ੍ਰਾਚੀਨ ਠੀਕਰੀਆਂ ਬਾਈਬਲ ਦੀਆਂ ਗੱਲਾਂ ਦੀ ਕਿਵੇਂ ਪੁਸ਼ਟੀ ਕਰਦੀਆਂ ਹਨ?
ਸਾਮਰਿਯਾ ਸ਼ਹਿਰ ਦੀ ਖੁਦਾਈ ਕਰਨ ਤੇ ਪੁਰਾਤੱਤਵ-ਵਿਗਿਆਨੀਆਂ ਨੂੰ ਕਈ ਠੀਕਰੀਆਂ ਮਿਲੀਆਂ ਹਨ ਜਿਨ੍ਹਾਂ ਉੱਤੇ ਯਹੋਸ਼ੁਆ 17:1-6 ਵਿਚ ਦੱਸੇ ਗਏ ਸੱਤ ਟੱਬਰਾਂ ਦੇ ਨਾਂ ਹਨ। ਅਰਾਦ ਸ਼ਹਿਰ ਵਿੱਚੋਂ ਮਿਲੀਆਂ ਠੀਕਰੀਆਂ ਪਰਮੇਸ਼ੁਰ ਦੇ ਨਾਂ ਦੀ ਅਤੇ ਪੁਜਾਰੀ ਵਰਗ ਸੰਬੰਧੀ ਜਾਣਕਾਰੀ ਦੀ ਪੁਸ਼ਟੀ ਕਰਦੀਆਂ ਹਨ। ਲਾਕੀਸ਼ ਵਿੱਚੋਂ ਮਿਲੀਆਂ ਠੀਕਰੀਆਂ ਉਸ ਵੇਲੇ ਯਹੂਦਾਹ ਵਿਚ ਫੈਲੀ ਗੜਬੜੀ ਤੇ ਰਾਜਨੀਤਿਕ ਮਾਹੌਲ ਉੱਤੇ ਚਾਨਣਾ ਪਾਉਂਦੀਆਂ ਹਨ ਜਦੋਂ ਬਾਬਲ ਦੀ ਫ਼ੌਜ ਯਹੂਦਾਹ ਉੱਤੇ ਹਮਲਾ ਕਰਨ ਵਾਲੀ ਸੀ।—11/15, ਸਫ਼ੇ 12-14.
• ਇਸ ਦਾ ਕੀ ਸਬੂਤ ਹੈ ਕਿ ਰਸੂਲਾਂ ਦੇ ਕਰਤੱਬ ਦੀ ਪੋਥੀ ਲੂਕਾ ਨੇ ਲਿਖੀ ਸੀ?
ਲੂਕਾ ਦੀ ਇੰਜੀਲ ਤੇ ਰਸੂਲਾਂ ਦੇ ਕਰਤੱਬ ਨਾਮਕ ਪੋਥੀ ਦੋਵੇਂ ਥਿਉਫ਼ਿਲੁਸ ਲਈ ਲਿਖੀਆਂ ਗਈਆਂ ਸਨ। ਇਸ ਤੋਂ ਸੰਕੇਤ ਮਿਲਦਾ ਹੈ ਕਿ ਇਹ ਦੋਵੇਂ ਪੋਥੀਆਂ ਲੂਕਾ ਨੇ ਹੀ ਲਿਖੀਆਂ ਸਨ। ਕਈ ਆਇਤਾਂ ਵਿਚ “ਅਸਾਂ” ਅਤੇ “ਸਾਡੀ” ਵਰਗੇ ਪੜਨਾਂਵ ਵਰਤੇ ਗਏ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਸ ਪੋਥੀ ਵਿਚ ਦੱਸੀਆਂ ਕੁਝ ਘਟਨਾਵਾਂ ਜਦੋਂ ਵਾਪਰੀਆਂ ਸਨ ਉਦੋਂ ਲੂਕਾ ਵੀ ਉੱਥੇ ਹੀ ਸੀ। (ਰਸੂਲਾਂ ਦੇ ਕਰਤੱਬ 16:8-15)—11/15, ਸਫ਼ਾ 18.
• ਪਸ਼ੂ-ਪੰਛੀਆਂ ਅਤੇ ਮੱਛੀਆਂ ਦੇ ਸ਼ਿਕਾਰ ਬਾਰੇ ਮਸੀਹੀਆਂ ਦਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ?
ਨੂਹ ਦੇ ਦਿਨਾਂ ਤੋਂ ਹੀ ਪਰਮੇਸ਼ੁਰ ਨੇ ਇਨਸਾਨਾਂ ਨੂੰ ਜਾਨਵਰਾਂ ਦਾ ਮਾਸ ਖਾਣ ਦੀ ਇਜਾਜ਼ਤ ਦਿੱਤੀ ਹੈ, ਪਰ ਇਕ ਸ਼ਰਤ ਤੇ—ਜਾਨਵਰਾਂ ਦਾ ਲਹੂ ਖਾਣਾ ਮਨ੍ਹਾ ਸੀ। ਪਰਮੇਸ਼ੁਰ ਨੇ ਇਹ ਹੁਕਮ ਇਸ ਲਈ ਦਿੱਤਾ ਕਿਉਂਕਿ ਸਭ ਜੀਉਂਦੀਆਂ ਚੀਜ਼ਾਂ ਦਾ ਜੀਵਨ-ਦਾਤਾ ਉਹੀ ਹੈ ਤੇ ਸਾਨੂੰ ਉਸ ਵੱਲੋਂ ਦਿੱਤੀਆਂ ਦਾਤਾਂ ਦੀ ਕਦਰ ਕਰਨੀ ਚਾਹੀਦੀ ਹੈ। ਇਸ ਕਰਕੇ ਮਸੀਹੀਆਂ ਲਈ ਖੇਡ-ਮੁਕਾਬਲੇ ਵਿਚ ਜਾਂ ਸ਼ੌਕ ਵਜੋਂ ਜਾਨਵਰਾਂ ਦਾ ਸ਼ਿਕਾਰ ਕਰਨਾ ਜਾਂ ਉਨ੍ਹਾਂ ਨੂੰ ਬੇਰਹਿਮੀ ਨਾਲ ਮਾਰਨਾ ਗ਼ਲਤ ਹੋਵੇਗਾ। ਇਹ ਜ਼ਰੂਰੀ ਹੈ ਕਿ ਅਸੀਂ ਸ਼ਿਕਾਰ ਸੰਬੰਧੀ ਬਣਾਏ “ਕੈਸਰ” ਦੇ ਕਾਨੂੰਨਾਂ ਦੀ ਪਾਲਣਾ ਕਰੀਏ ਅਤੇ ਦੂਸਰਿਆਂ ਲਈ ਠੋਕਰ ਦਾ ਕਾਰਨ ਨਾ ਬਣੀਏ। (ਰੋਮੀਆਂ 14:13)—12/1, ਸਫ਼ਾ 31.