Skip to content

Skip to table of contents

“ਤਰਸਵਾਨ” ਬਣੋ

“ਤਰਸਵਾਨ” ਬਣੋ

“ਤਰਸਵਾਨ” ਬਣੋ

ਅੱਜ ਅੱਗੇ ਨਾਲੋਂ ਇਨਸਾਨਾਂ ਨੂੰ ਦਇਆ ਦੀ ਸਖ਼ਤ ਜ਼ਰੂਰਤ ਹੈ। ਕਿਉਂ? ਕਿਉਂਕਿ ਉਨ੍ਹਾਂ ਨੂੰ ਕਾਲ, ਬੀਮਾਰੀ, ਗ਼ਰੀਬੀ, ਜੁਰਮ, ਘਰੇਲੂ ਯੁੱਧ ਅਤੇ ਕੁਦਰਤੀ ਆਫ਼ਤਾਂ ਵਰਗੇ ਦੁੱਖ-ਤਕਲੀਫ਼ ਸਹਿਣੇ ਪੈ ਰਹੇ ਹਨ। ਦਇਆ ਦਾ ਮਤਲਬ ਹੈ ਕਿਸੇ ਦੇ ਦਰਦ ਨੂੰ ਸਮਝਣਾ ਅਤੇ ਉਨ੍ਹਾਂ ਦੀ ਮਦਦ ਕਰਨ ਦੀ ਇੱਛਾ ਰੱਖਣੀ। ਤਪਦੀ ਧੁੱਪ ਵਿਚ ਠੰਢੇ ਪਾਣੀ ਦੇ ਗਲਾਸ ਦੀ ਤਰ੍ਹਾਂ ਦਇਆ ਕਿਸੇ ਨੂੰ ਤਾਜ਼ਗੀ ਦੇ ਸਕਦੀ ਹੈ, ਉਸ ਦੇ ਦੁੱਖ ਨੂੰ ਅੱਧਾ ਤੇ ਹੌਸਲੇ ਨੂੰ ਬੁਲੰਦ ਕਰ ਸਕਦੀ ਹੈ।

ਅਸੀਂ ਆਪਣੀ ਕਹਿਣੀ ਤੇ ਕਰਨੀ ਰਾਹੀਂ ਦਇਆ ਦਾ ਸਬੂਤ ਦੇ ਸਕਦੇ ਹਾਂ। ਅਸੀਂ ਦਿਖਾ ਸਕਦੇ ਹਾਂ ਕਿ ਅਸੀਂ ਦੂਸਰਿਆਂ ਦੀ ਪਰਵਾਹ ਕਰਦੇ ਹਾਂ ਤੇ ਜ਼ਰੂਰਤ ਪੈਣ ਤੇ ਉਨ੍ਹਾਂ ਦਾ ਸਹਾਰਾ ਬਣਾਂਗੇ। ਸਾਨੂੰ ਸਿਰਫ਼ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਹੀ ਦਇਆ ਨਹੀਂ ਕਰਨੀ ਚਾਹੀਦੀ। ਅਸੀਂ ਉਨ੍ਹਾਂ ਤੇ ਵੀ ਦਇਆ ਕਰ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ। ਯਿਸੂ ਨੇ ਸਿੱਖਿਆ ਦਿੰਦੇ ਸਮੇਂ ਲੋਕਾਂ ਨੂੰ ਪੁੱਛਿਆ ਸੀ: “ਜੇ ਤੁਸੀਂ ਉਨ੍ਹਾਂ ਨਾਲ ਹੀ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਡਾ ਕੀ ਫਲ ਹੈ?” ਫਿਰ ਇਸ ਦਇਆਵਾਨ ਪੁਰਖ ਨੇ ਕਿਹਾ: “ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।”​—⁠ਮੱਤੀ 5:46, 47; 7:⁠12.

ਤੁਸੀਂ ਇਹ ਸ਼ਬਦ ਬਾਈਬਲ ਵਿਚ ਪੜ੍ਹ ਸਕਦੇ ਹੋ। ਕਈ ਲੋਕ ਮੰਨਦੇ ਹਨ ਕਿ ਦਇਆ ਕਰਨ ਬਾਰੇ ਬਾਈਬਲ ਸਭ ਤੋਂ ਵਧੀਆ ਸਲਾਹ ਦਿੰਦੀ ਹੈ। ਬਾਈਬਲ ਵਿਚ ਵਾਰ-ਵਾਰ ਦੱਸਿਆ ਗਿਆ ਹੈ ਕਿ ਉਨ੍ਹਾਂ ਲੋਕਾਂ ਦੀ ਮਦਦ ਕਰਨੀ ਸਾਡਾ ਫ਼ਰਜ਼ ਹੈ ਜੋ ਆਪ ਆਪਣੀ ਮਦਦ ਨਹੀਂ ਕਰ ਸਕਦੇ। ਬਾਈਬਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਦਾ ਲੇਖਕ ਯਹੋਵਾਹ ਪਰਮੇਸ਼ੁਰ ਸਭ ਤੋਂ ਦਿਆਲੂ ਹੈ।

ਮਿਸਾਲ ਲਈ, ਪਰਮੇਸ਼ੁਰ ਬਾਰੇ ਅਸੀਂ ਪੜ੍ਹਦੇ ਹਾਂ: “ਉਹ ਯਤੀਮਾਂ ਦੀ ਸਹਾਇਤਾ ਕਰਦਾ ਹੈ। ਉਹ ਵਿਧਵਾਵਾਂ ਦੀ ਸਹਾਇਤਾ ਕਰਦਾ ਹੈ। ਉਹ ਤੁਹਾਡੇ ਦੇਸ਼ ਵਿੱਚ ਅਜਨਬੀਆਂ ਨੂੰ ਵੀ ਪਿਆਰ ਕਰਦਾ ਹੈ। ਉਹ ਉਨ੍ਹਾਂ ਨੂੰ ਰੋਟੀ ਕੱਪੜਾ ਦਿੰਦਾ ਹੈ।” (ਬਿਵਸਥਾ ਸਾਰ 10:​18, ਈਜ਼ੀ ਟੂ ਰੀਡ ਵਰਯਨ) ਯਹੋਵਾਹ ਪਰਮੇਸ਼ੁਰ ਬਾਰੇ ਇਹ ਵੀ ਕਿਹਾ ਗਿਆ ਹੈ ਕਿ “ਉਹ ਦਬਾਏ ਹੋਇਆਂ ਦਾ ਨਿਆਉਂ ਕਰਦਾ ਹੈ, ਉਹ ਭੁੱਖਿਆਂ ਨੂੰ ਰੋਟੀ ਦਿੰਦਾ ਹੈ।” (ਜ਼ਬੂਰਾਂ ਦੀ ਪੋਥੀ 146:7) ਇਸਰਾਏਲੀ ਲੋਕਾਂ ਨੂੰ ਯਹੋਵਾਹ ਦਾ ਹੁਕਮ ਸੀ ਕਿ “ਜਿਹੜਾ ਓਪਰਾ ਤੁਹਾਡੇ ਵਿੱਚ ਵੱਸਦਾ ਹੈ ਸੋ ਤੁਹਾਨੂੰ ਅਜਿਹਾ ਹੋਵੇ ਜਿਹਾ ਆਪਣੇ ਵਿੱਚ ਜੰਮਿਆ ਹੋਵੇ ਅਤੇ ਤੂੰ ਉਸ ਦੇ ਨਾਲ ਆਪਣੇ ਜਿਹਾ ਪਿਆਰ ਕਰੀਂ।”​—⁠ਲੇਵੀਆਂ 19:⁠34.

ਪਰ ਦਇਆ ਕਰਨੀ ਹਮੇਸ਼ਾ ਸੌਖੀ ਨਹੀਂ ਹੁੰਦੀ। ਪੌਲੁਸ ਰਸੂਲ ਨੇ ਕੁਲੁੱਸੈ ਦੇ ਭੈਣਾਂ-ਭਰਾਵਾਂ ਨੂੰ ਲਿਖਿਆ: ‘ਪੁਰਾਣੀ ਇਨਸਾਨੀਅਤ ਨੂੰ ਉਹ ਦੀਆਂ ਕਰਨੀਆਂ ਸਣੇ ਲਾਹ ਸੁੱਟੋ ਅਤੇ ਨਵੀਂ ਨੂੰ ਪਹਿਨ ਲਓ ਜੋ ਪੂਰਨ ਗਿਆਨ ਲਈ ਆਪਣੇ ਕਰਤਾਰ ਦੇ ਸਰੂਪ ਦੇ ਉੱਤੇ ਨਵੀਂ ਬਣਦੀ ਜਾਂਦੀ ਹੈ। ਤੁਸੀਂ ਪਰਮੇਸ਼ੁਰ ਦਿਆਂ ਚੁਣਿਆਂ ਹੋਇਆਂ ਵਾਂਙੁ ਜਿਹੜੇ ਪਵਿੱਤਰ ਅਤੇ ਪਿਆਰੇ ਹਨ ਰਹਿਮ ਦਿਲੀ ਤੇ ਦਿਆਲਗੀ ਨੂੰ ਪਹਿਨ ਲਓ।’​—⁠ਕੁਲੁੱਸੀਆਂ 3:9, 10, 12.

ਇਨ੍ਹਾਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਦਇਆ ਦਾ ਗੁਣ ਪੈਦਾ ਕਰਨ ਲਈ ਸਾਨੂੰ ਮਿਹਨਤ ਕਰਨੀ ਪਵੇਗੀ। ਇਹ ਗੁਣ ਨਵੀਂ ਇਨਸਾਨੀਅਤ ਦਾ ਹਿੱਸਾ ਹੈ ਜਿਸ ਨੂੰ ਪਹਿਨਣਾ ਮਸੀਹੀਆਂ ਲਈ ਜ਼ਰੂਰੀ ਹੈ। ਪੌਲੁਸ ਨੇ ਇਹ ਸ਼ਬਦ ਉਦੋਂ ਲਿਖੇ ਸਨ ਜਦ ਪ੍ਰਾਚੀਨ ਰੋਮ ਦਾ ਕਰੂਰ ਰਾਜ ਚੱਲ ਰਿਹਾ ਸੀ ਅਤੇ ਲੋਕ ਬੇਰਹਿਮ ਸਨ। ਇਸ ਦੇ ਬਾਵਜੂਦ ਵੀ ਪੌਲੁਸ ਨੇ ਮਸੀਹੀਆਂ ਨੂੰ ਆਪਣੇ ਸੁਭਾਅ ਵਿਚ ਤਬਦੀਲੀਆਂ ਕਰਨ ਦੀ ਸਲਾਹ ਦਿੱਤੀ ਸੀ ਤਾਂਕਿ ਉਹ ਜ਼ਿਆਦਾ ਤਰਸਵਾਨ ਬਣ ਸਕਣ।

ਦਇਆ ਦੀ ਸ਼ਕਤੀ

ਕਈ ਲੋਕ ਮੰਨਦੇ ਹਨ ਕਿ ਦਇਆਵਾਨ ਲੋਕ ਕਮਜ਼ੋਰ ਹੁੰਦੇ ਹਨ। ਕੀ ਇਹ ਗੱਲ ਸੱਚ ਹੈ?

ਨਹੀਂ! ਦਇਆ ਕੋਈ ਕਮਜ਼ੋਰੀ ਨਹੀਂ ਹੈ ਇਹ ਪਿਆਰ ਦੇ ਬਲ ਤੇ ਕੀਤੀ ਜਾਂਦੀ ਹੈ ਜੋ ਪਰਮੇਸ਼ੁਰ ਦਾ ਗੁਣ ਹੈ। ਪਿਆਰ ਪਰਮੇਸ਼ੁਰ ਦੀ ਰਗ-ਰਗ ਵਿਚ ਵੱਸਦਾ ਹੈ। ਬਾਈਬਲ ਕਹਿੰਦੀ ਹੈ ਕਿ “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:16) ਯਹੋਵਾਹ ਨੂੰ “ਦਿਆਲਗੀਆਂ ਦਾ ਪਿਤਾ ਅਤੇ ਸਰਬ ਦਿਲਾਸੇ ਦਾ ਪਰਮੇਸ਼ੁਰ” ਵੀ ਕਿਹਾ ਗਿਆ ਹੈ। (2 ਕੁਰਿੰਥੀਆਂ 1:3) ਇੱਥੇ “ਦਿਆਲਗੀਆਂ” ਅਨੁਵਾਦ ਕੀਤੇ ਗਏ ਸ਼ਬਦ ਦਾ ਮਤਲਬ ਹੈ “ਦੂਜਿਆਂ ਤੇ ਤਰਸ ਖਾਣਾ ਤੇ ਦਇਆ ਕਰਨੀ।” ਯਹੋਵਾਹ ਬਿਲਕੁਲ ਇੱਦਾਂ ਹੀ ਕਰਦਾ ਹੈ। ਉਹ ਤਾਂ “ਨਾਸ਼ੁਕਰਿਆਂ ਅਤੇ ਦੁਸ਼ਟਾਂ ਉੱਤੇ [ਵੀ] ਕਿਰਪਾਲੂ ਹੈ”!​—⁠ਲੂਕਾ 6:⁠35.

ਪਰਮੇਸ਼ੁਰ ਉਮੀਦ ਰੱਖਦਾ ਹੈ ਕਿ ਅਸੀਂ ਵੀ ਆਪਣੇ ਵਿਚ ਦਇਆ ਤੇ ਪਿਆਰ ਵਰਗੇ ਗੁਣ ਪੈਦਾ ਕਰੀਏ। ਮੀਕਾਹ 6:8 ਵਿਚ ਅਸੀਂ ਪੜ੍ਹਦੇ ਹਾਂ: ‘ਹੇ ਆਦਮੀ, ਉਹ ਨੇ ਤੈਨੂੰ ਦੱਸਿਆ ਕਿ ਭਲਾ ਕੀ ਹੈ, ਅਤੇ ਯਹੋਵਾਹ ਤੈਥੋਂ ਹੋਰ ਕੀ ਮੰਗਦਾ ਪਰ ਏਹ ਕਿ ਤੂੰ ਇਨਸਾਫ਼ ਕਰ ਅਤੇ ਦਯਾ ਨਾਲ ਪ੍ਰੇਮ ਰੱਖ।’ (ਮੀਕਾਹ 6:8) ਕਹਾਉਤਾਂ 19:22 ਵਿਚ ਲਿਖਿਆ ਹੈ: “ਆਦਮੀ ਦੀ ਦਯਾ ਦੇ ਕਾਰਨ ਉਹ ਦੀ ਮੰਨਤਾ ਹੁੰਦੀ ਹੈ” ਯਾਨੀ ਉਸ ਨੂੰ ਪਸੰਦ ਕੀਤਾ ਜਾਂਦਾ ਹੈ। ਪਰਮੇਸ਼ੁਰ ਦਾ ਪੁੱਤਰ ਯਿਸੂ ਮਸੀਹ ਐੱਨ ਆਪਣੇ ਪਿਤਾ ਵਰਗਾ ਸੀ ਤੇ ਉਸ ਨੇ ਆਪਣੇ ਚੇਲਿਆਂ ਨੂੰ ਵੀ ਤਾਕੀਦ ਕੀਤੀ ਸੀ: “ਦਿਆਲੂ ਹੋਵੋ ਜਿਵੇਂ ਤੁਹਾਡਾ ਪਿਤਾ ਦਿਆਲੂ ਹੈ।”​—⁠ਲੂਕਾ 6:⁠36.

ਕੀ ਦਇਆ ਕਰਨ ਦਾ ਕੋਈ ਫ਼ਾਇਦਾ ਵੀ ਹੈ? ਇਸ ਦਾ ਜਵਾਬ ਸਾਨੂੰ ਕਹਾਉਤਾਂ 11:17 ਤੋਂ ਮਿਲਦਾ ਹੈ: “ਦਿਆਲੂ ਮਨੁੱਖ ਆਪਣੀ ਜਾਨ ਦਾ ਭਲਾ ਕਰਦਾ ਹੈ।” ਜਦੋਂ ਅਸੀਂ ਕਿਸੇ ਤੇ ਦਇਆ ਕਰਦੇ ਹਾਂ, ਤਾਂ ਸਾਨੂੰ ਹੀ ਇਸ ਦਾ ਫ਼ਾਇਦਾ ਹੁੰਦਾ ਹੈ। ਜਦ ਅਸੀਂ ਕਿਸੇ ਤੇ ਰਹਿਮ ਕਰਦੇ ਹਾਂ, ਤਾਂ ਪਰਮੇਸ਼ੁਰ ਸਮਝਦਾ ਹੈ ਕਿ ਅਸੀਂ ਉਸ ਲਈ ਕੁਝ ਕੀਤਾ ਹੈ। ਫਿਰ ਉਹ ਆਪ ਆਪਣੇ ਸੇਵਕਾਂ ਨੂੰ ਇਸ ਭਲੇ ਕੰਮ ਦਾ ਫਲ ਦਿੰਦਾ ਹੈ। ਸੁਲੇਮਾਨ ਪਾਤਸ਼ਾਹ ਨੇ ਕਿਹਾ: “ਜਿਹੜਾ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ, ਅਤੇ ਉਹ ਉਸ ਨੂੰ ਉਸ ਦੀ ਕੀਤੀ ਦਾ ਫਲ ਦੇਵੇਗਾ।” (ਕਹਾਉਤਾਂ 19:17) ਪੌਲੁਸ ਨੇ ਵੀ ਲਿਖਿਆ: “ਹਰ ਕੋਈ ਜੋ ਕੁਝ ਭਲਾ ਕੰਮ ਕਰੇ . . . ਸੋ ਪ੍ਰਭੁ ਕੋਲੋਂ ਉਹ ਦਾ ਫਲ ਪਾਵੇਗਾ।”​—⁠ਅਫ਼ਸੀਆਂ 6:⁠8.

ਦਇਆ ਕਰ ਕੇ ਅਸੀਂ ਹੋਰਨਾਂ ਨਾਲ ਸ਼ਾਂਤੀ ਬਣਾਈ ਰੱਖ ਸਕਦੇ ਹਾਂ ਤੇ ਝਗੜਾ ਸੁਲਝਾ ਸਕਦੇ ਹਾਂ। ਗ਼ਲਤਫ਼ਹਿਮੀਆਂ ਕਰਕੇ ਝਗੜਾ ਹੋ ਸਕਦਾ ਹੈ, ਪਰ ਇਨ੍ਹਾਂ ਨੂੰ ਦੂਰ ਕਰ ਕੇ ਇਕ-ਦੂਜੇ ਨੂੰ ਮਾਫ਼ ਕੀਤਾ ਜਾ ਸਕਦਾ ਹੈ। ਕਈ ਵਾਰ ਗ਼ਲਤਫ਼ਹਿਮੀਆਂ ਇਸ ਲਈ ਹੁੰਦੀਆਂ ਹਨ ਕਿਉਂਕਿ ਅਸੀਂ ਹਮੇਸ਼ਾ ਉਹ ਨਹੀਂ ਕਹਿ ਪਾਉਂਦੇ ਜੋ ਅਸੀਂ ਕਹਿਣਾ ਚਾਹੁੰਦੇ ਹਾਂ। ਜਾਂ ਹੋ ਸਕਦਾ ਹੈ ਕਿ ਕੋਈ ਸਾਡੇ ਕੰਮ ਦਾ ਹੀ ਬੁਰਾ ਮਨਾ ਲਵੇ। ਇੱਦਾਂ ਦੇ ਹਾਲਾਤਾਂ ਵਿਚ ਦਇਆ ਹੀ ਕੰਮ ਆਉਂਦੀ ਹੈ। ਜੇ ਕੋਈ ਇਨਸਾਨ ਦਇਆਵਾਨ ਹੈ, ਤਾਂ ਉਸ ਨੂੰ ਮਾਫ਼ ਕਰਨਾ ਸੌਖਾ ਹੁੰਦਾ ਹੈ। ਪੌਲੁਸ ਦੀ ਸਲਾਹ ਉੱਤੇ ਚੱਲਣ ਵਿਚ ਦਇਆ ਸਾਡੀ ਮਦਦ ਕਰਦੀ ਹੈ: “ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ।”​—⁠ਕੁਲੁੱਸੀਆਂ 3:13.

ਦਇਆ ਕੰਮਾਂ ਰਾਹੀਂ ਪ੍ਰਗਟ ਹੁੰਦੀ ਹੈ

ਦਇਆ ਕਰਨ ਨਾਲ ਅਸੀਂ ਕਿਸੇ ਦੇ ਦੁੱਖ ਦੂਰ ਕਰ ਸਕਦੇ ਹਾਂ। ਜਿਵੇਂ ਅਸੀਂ ਦੇਖ ਚੁੱਕੇ ਹਾਂ ਦੁੱਖ ਸਹਿ ਰਹੇ ਲੋਕਾਂ ਦੇ ਅਸੀਂ ਦਰਦੀ ਬਣ ਸਕਦੇ ਹਾਂ। ਦਇਆ ਕਰਕੇ ਅਸੀਂ ਉਨ੍ਹਾਂ ਦੀ ਮਦਦ ਕਰਦੇ ਹਾਂ।

ਮਸੀਹੀ ਹਮਦਰਦ ਬਣ ਕੇ ਯਿਸੂ ਦੀ ਰੀਸ ਕਰਦੇ ਹਨ। ਯਿਸੂ ਹਮੇਸ਼ਾ ਦੂਸਰਿਆਂ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਸੀ। ਯਿਸੂ ਲੋਕਾਂ ਨੂੰ ਪਿਆਰ ਕਰਦਾ ਸੀ ਤੇ ਜਦ ਵੀ ਉਹ ਕੋਈ ਲੋੜ ਦੇਖਦਾ ਸੀ, ਚਾਹੇ ਪਰਮੇਸ਼ੁਰ ਦੀ ਸਿੱਖਿਆ ਲਈ ਜਾਂ ਕਿਸੇ ਹੋਰ ਚੀਜ਼ ਦੀ, ਤਾਂ ਉਹ ਇਸ ਨੂੰ ਪੂਰੀ ਕਰਦਾ ਸੀ।

ਜ਼ਰਾ ਸੋਚੋ ਕਿ ਉਸ ਸਮੇਂ ਯਿਸੂ ਨੂੰ ਕਿਵੇਂ ਲੱਗਾ ਸੀ ਜਦ ਉਸ ਨੇ ਦੇਖਿਆ ਕਿ ਲੋਕਾਂ ਨੂੰ ਯਹੋਵਾਹ ਦੀ ਸਿੱਖਿਆ ਲੈਣ ਦੀ ਲੋੜ ਹੈ। ਬਾਈਬਲ ਦੱਸਦੀ ਹੈ: “ਜਾਂ ਉਹ ਨੇ ਭੀੜਾਂ ਵੇਖੀਆਂ ਤਾਂ ਉਸ ਨੂੰ ਉਨ੍ਹਾਂ ਉੱਤੇ ਤਰਸ ਆਇਆ ਕਿਉਂ ਜੋ ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਓਹ ਲੋਕ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ।” (ਮੱਤੀ 9:36) ਇੱਥੇ “ਤਰਸ ਆਇਆ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਬਾਰੇ ਬਾਈਬਲ ਦੇ ਇਕ ਵਿਦਵਾਨ ਨੇ ਕਿਹਾ: “ਇਹ ਅਜਿਹੀ ਭਾਵਨਾ ਹੈ ਜੋ ਇਨਸਾਨ ਉੱਤੇ ਬਹੁਤ ਹੀ ਡੂੰਘਾ ਪ੍ਰਭਾਵ ਪਾਉਂਦੀ ਹੈ।” ਕਿਹਾ ਗਿਆ ਹੈ ਕਿ ਹਮਦਰਦੀ ਲਈ ਯੂਨਾਨੀ ਭਾਸ਼ਾ ਵਿਚ ਇਸ ਤੋਂ ਜ਼ਿਆਦਾ ਜ਼ੋਰਦਾਰ ਸ਼ਬਦ ਨਹੀਂ ਹੈ।

ਇਸੇ ਤਰ੍ਹਾਂ ਰਹਿਮ ਦਿਲ ਮਸੀਹੀ ਲੋਕਾਂ ਦੀਆਂ ਲੋੜਾਂ ਦੇਖ ਕੇ ਉਨ੍ਹਾਂ ਨੂੰ ਪੂਰੀਆਂ ਕਰਦੇ ਹਨ। ਪਤਰਸ ਰਸੂਲ ਨੇ ਲਿਖਿਆ: ‘ਤੁਸੀਂ ਸੱਭੇ ਇੱਕ ਮਨ ਹੋਵੋ, ਆਪੋ ਵਿੱਚੀਂ ਦਰਦੀ ਬਣੋ, ਭਰੱਪਣ ਦਾ ਪ੍ਰੇਮ ਰੱਖੋ ਅਤੇ ਤਰਸਵਾਨ ਹੋਵੋ।’ (1 ਪਤਰਸ 3:8) ਯਹੋਵਾਹ ਦੇ ਗਵਾਹਾਂ ਦੇ ਇਕ ਗ਼ਰੀਬ ਪਰਿਵਾਰ ਦੀ ਮਿਸਾਲ ਉੱਤੇ ਗੌਰ ਕਰੋ। ਜਦ ਇਹ ਪਰਿਵਾਰ ਮਾੜੀ ਸਿਹਤ ਕਰਕੇ ਨਵੀਂ ਜਗ੍ਹਾ ਰਹਿਣ ਗਿਆ, ਤਾਂ ਉੱਥੇ ਦੇ ਗਵਾਹਾਂ ਨੇ ਛੇ ਮਹੀਨਿਆਂ ਤਕ ਬਿਨਾਂ ਕਿਰਾਇਆ ਲਏ ਉਨ੍ਹਾਂ ਨੂੰ ਰਹਿਣ ਲਈ ਘਰ ਦਿੱਤਾ। ਪਤੀ ਦੱਸਦਾ ਹੈ: “ਉਹ ਹਰ ਰੋਜ਼ ਸਾਡਾ ਹਾਲ-ਚਾਲ ਪੁੱਛਣ ਆਉਂਦੇ ਸਨ। ਸਾਨੂੰ ਉਨ੍ਹਾਂ ਦੀ ਇਸ ਹਮਦਰਦੀ ਤੋਂ ਬਹੁਤ ਹੌਸਲਾ ਮਿਲਿਆ।”

ਯਹੋਵਾਹ ਦੇ ਗਵਾਹ ਅਜਨਬੀਆਂ ਦੀਆਂ ਲੋੜਾਂ ਬਾਰੇ ਵੀ ਸੋਚਦੇ ਹਨ। ਉਹ ਖ਼ੁਸ਼ੀ ਨਾਲ ਆਪਣਾ ਸਮਾਂ, ਤਾਕਤ ਤੇ ਪੈਸਾ ਉਨ੍ਹਾਂ ਦੀ ਸੇਵਾ ਕਰਨ ਵਿਚ ਲਾਉਂਦੇ ਹਨ ਜਿਨ੍ਹਾਂ ਨੂੰ ਉਹ ਜਾਣਦੇ ਤਕ ਨਹੀਂ। ਪਿਛਲੇ ਲੇਖ ਵਿਚ ਯਹੋਵਾਹ ਦੇ ਗਵਾਹ ਹੀ ਉਹ ਵਲੰਟੀਅਰ ਸਨ ਜਿਨ੍ਹਾਂ ਨੇ ਅਜਨਬੀਆਂ ਦੀ ਮਦਦ ਕੀਤੀ ਸੀ।

ਕਲੀਸਿਯਾ ਵਿਚ ਯਹੋਵਾਹ ਦੇ ਗਵਾਹ ਪਿਆਰ ਤੇ ਦਇਆ ਦੀ ਜੀਉਂਦੀ-ਜਾਗਦੀ ਮਿਸਾਲ ਹਨ। ਪਿਆਰ ਤੋਂ ਕੰਮ ਲੈ ਕੇ ਉਹ ਕਈ ਤਰੀਕਿਆਂ ਨਾਲ ਇਕ-ਦੂਜੇ ਦੀ ਮਦਦ ਕਰਦੇ ਹਨ। ਹੋ ਸਕਦਾ ਹੈ ਕਿ ਕਲੀਸਿਯਾ ਵਿਚ ਅਨਾਥ ਅਤੇ ਵਿਧਵਾਵਾਂ ਹੋਣ ਜਿਨ੍ਹਾਂ ਨੂੰ ਜ਼ਿੰਦਗੀ ਵਿਚ ਤਰ੍ਹਾਂ-ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਸ਼ਾਇਦ ਉਹ ਗ਼ਰੀਬ ਹੋਣ, ਉਨ੍ਹਾਂ ਕੋਲ ਦਵਾਈਆਂ ਲਈ ਬਹੁਤਾ ਪੈਸਾ ਨਾ ਹੋਵੇ, ਘਰ ਦੀਆਂ ਮੁਸ਼ਕਲਾਂ ਹੋਣ ਜਾਂ ਉਹ ਹੋਰ ਮਸਲਿਆਂ ਦਾ ਸਾਮ੍ਹਣਾ ਕਰਦੇ ਹੋਣ। ਕੀ ਤੁਸੀਂ ਉਨ੍ਹਾਂ ਦੀ ਕੋਈ ਮਦਦ ਕਰ ਸਕਦੇ ਹੋ?

ਯੂਨਾਨ ਵਿਚ ਰਹਿੰਦੇ ਇਕ ਜੋੜੇ ਦੀ ਮਿਸਾਲ ਵੱਲ ਧਿਆਨ ਦਿਓ। ਪਤੀ ਨੂੰ ਅਧਰੰਗ ਹੋਣ ਕਰਕੇ ਇਸ ਜੋੜੇ ਨੂੰ ਸੈਂਕੜੇ ਮੀਲ ਦੂਰ ਹਸਪਤਾਲ ਜਾਣਾ ਪਿਆ। ਉਨ੍ਹਾਂ ਦਾ ਸੰਤਰਿਆਂ ਦਾ ਬਾਗ਼ ਸੀ ਤੇ ਸੰਤਰੇ ਵੇਚ ਕੇ ਉਹ ਥੋੜ੍ਹੇ-ਬਹੁਤੇ ਪੈਸੇ ਕਮਾ ਲੈਂਦੇ ਸੀ। ਹਸਪਤਾਲ ਜਾਣ ਸਮੇਂ ਹੀ ਸੰਤਰੇ ਤੋੜਨ ਦਾ ਵੇਲਾ ਸੀ। ਉਨ੍ਹਾਂ ਲਈ ਇਹ ਕੰਮ ਕੌਣ ਕਰ ਸਕਦਾ ਸੀ? ਕਲੀਸਿਯਾ ਦੇ ਭੈਣਾਂ-ਭਰਾਵਾਂ ਨੇ ਉਨ੍ਹਾਂ ਦੀ ਮਦਦ ਕੀਤੀ। ਉਨ੍ਹਾਂ ਨੇ ਦਰਖ਼ਤਾਂ ਤੋਂ ਫਲ ਤੋੜੇ ਤੇ ਇਨ੍ਹਾਂ ਨੂੰ ਵੇਚਿਆ ਅਤੇ ਜੋ ਵੀ ਪੈਸਾ ਮਿਲਿਆ ਉਨ੍ਹਾਂ ਨੇ ਜੋੜੇ ਨੂੰ ਦੇ ਦਿੱਤੇ। ਇੱਦਾਂ ਜੋੜੇ ਦੀ ਸਮੇਂ-ਸਿਰ ਮਦਦ ਹੋਈ ਤੇ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਵੀ ਮਿਲੀ।

ਦਇਆ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਮਿਸਾਲ ਲਈ, ਯਹੋਵਾਹ ਦੇ ਗਵਾਹ ਜਾਣਦੇ ਹਨ ਕਿ ਕਈ ਵਾਰ ਦੁਖਿਆਰਾਂ ਨੂੰ ਸਿਰਫ਼ ਇਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਕਿ ਕੋਈ ਉਨ੍ਹਾਂ ਨੂੰ ਮਿਲੇ, ਉਨ੍ਹਾਂ ਦਾ ਦੁੱਖ ਸੁਣੇ, ਹਮਦਰਦ ਬਣੇ ਤੇ ਬਾਈਬਲ ਤੋਂ ਦਿਲਾਸਾ ਦੇਵੇ।​—⁠ਰੋਮੀਆਂ 12:⁠15.

ਰਹਿਮ ਦਿਲ ਲੋਕਾਂ ਨੂੰ ਮਿਲੋ

ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਲੋਕਾਂ ਨੂੰ ਪਿਆਰ, ਸ਼ਾਂਤੀ, ਦਿਲਾਸਾ ਅਤੇ ਦਇਆ ਮਿਲੀ ਹੈ। ਯਹੋਵਾਹ ਦੇ ਗਵਾਹ ਜਾਣਦੇ ਹਨ ਕਿ ਦਇਆਵਾਨ ਬੰਦੇ ਵੱਲ ਲੋਕ ਖਿੱਚੇ ਜਾਂਦੇ ਹਨ, ਪਰ ਬੇਰਹਿਮ ਬੰਦੇ ਤੋਂ ਹਰ ਕੋਈ ਦੂਰ ਹੀ ਰਹਿਣਾ ਚਾਹੁੰਦਾ ਹੈ। ਇਸ ਲਈ ਉਹ ਯਹੋਵਾਹ ਪਰਮੇਸ਼ੁਰ ਦੀ ਰੀਸ ਕਰ ਕੇ “ਤਰਸਵਾਨ” ਬਣਨ ਦੀ ਕੋਸ਼ਿਸ਼ ਕਰਦੇ ਹਨ।

ਯਹੋਵਾਹ ਦੇ ਗਵਾਹ ਤੁਹਾਨੂੰ ਵੀ ਸੱਦਾ ਦਿੰਦੇ ਹਨ ਕਿ ਤੁਸੀਂ ਉਨ੍ਹਾਂ ਦੀਆਂ ਮੀਟਿੰਗਾਂ ਵਿਚ ਆਓ ਅਤੇ ਇਸ ਪਿਆਰ ਤੇ ਦਇਆ ਦਾ ਆਨੰਦ ਮਾਣੋ। ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਉਨ੍ਹਾਂ ਨੂੰ ਮਿਲ ਕੇ ਤੁਹਾਨੂੰ ਖ਼ੁਸ਼ੀ ਹੋਵੇਗੀ।​—⁠ਰੋਮੀਆਂ 15:⁠7.

[ਸਫ਼ਾ 5 ਉੱਤੇ ਤਸਵੀਰ]

ਪੌਲੁਸ ਨੇ ਕੁਲੁੱਸੈ ਦੇ ਭੈਣਾਂ-ਭਰਾਵਾਂ ਨੂੰ ਤਾਕੀਦ ਕੀਤੀ ਕਿ ਉਹ ਰਹਿਮ ਦਿਲੀ ਤੇ ਦਿਆਲਗੀ ਨੂੰ ਪਹਿਨ ਲੈਣ

[ਸਫ਼ਾ 7 ਉੱਤੇ ਤਸਵੀਰਾਂ]

ਯਿਸੂ ਦਇਆਵਾਨ ਸੀ ਤੇ ਉਹ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦਾ ਸੀ