Skip to content

Skip to table of contents

ਬੇਰਹਿਮ ਦੁਨੀਆਂ ਵਿਚ ਰਹਿਮ

ਬੇਰਹਿਮ ਦੁਨੀਆਂ ਵਿਚ ਰਹਿਮ

ਬੇਰਹਿਮ ਦੁਨੀਆਂ ਵਿਚ ਰਹਿਮ

ਅਫ਼ਰੀਕਾ ਦੇ ਬੁਰੁੰਡੀ ਦੇਸ਼ ਵਿਚ ਇਕ ਆਦਮੀ ਨੂੰ ਮਲੇਰੀਆ ਹੋ ਗਿਆ ਤੇ ਉਸ ਨੂੰ ਇਕਦਮ ਹਸਪਤਾਲ ਜਾਣ ਦੀ ਲੋੜ ਸੀ। ਪਰ ਇਹ ਕਿਵੇਂ ਹੋ ਸਕਦਾ ਸੀ? ਨੇੜੇ-ਤੇੜੇ ਕੋਈ ਕਾਰ ਨਹੀਂ ਸੀ। ਉੱਪਰ ਦੀ ਉਹ ਪਹਾੜੀ ਇਲਾਕੇ ਵਿਚ ਰਹਿੰਦਾ ਸੀ। ਉਸ ਦੇ ਦੋ ਦੋਸਤਾਂ ਨੇ ਉਸ ਨੂੰ ਬੱਸ ਤਕ ਪਹੁੰਚਾਉਣ ਵਿਚ ਮਦਦ ਕੀਤੀ। ਉਨ੍ਹਾਂ ਨੇ ਉਸ ਨੂੰ ਸਾਈਕਲ ਤੇ ਬਿਠਾਇਆ ਤੇ ਸਾਈਕਲ ਨੂੰ ਧੱਕਾ ਲਾਉਂਦੇ ਹੋਏ ਪਹਾੜੀ ਇਲਾਕੇ ਦੇ ਟੇਢੇ-ਮੇਢੇ ਰਸਤਿਆਂ ਵਿਚ ਦੀ ਲੰਘੇ। ਪੰਜ ਘੰਟਿਆਂ ਬਾਅਦ ਜਾ ਕੇ ਉਹ ਹਸਪਤਾਲ ਨੂੰ ਜਾਣ ਵਾਲੀ ਬੱਸ ਕੋਲ ਪਹੁੰਚੇ। ਹਸਪਤਾਲ ਪਹੁੰਚਣ ਤੋਂ ਕੁਝ ਦਿਨਾਂ ਬਾਅਦ ਉਸ ਦੀ ਤਬੀਅਤ ਥੋੜ੍ਹੀ ਠੀਕ ਹੋ ਗਈ।

ਦੁਨੀਆਂ ਦੇ ਦੂਜੇ ਪਾਸੇ ਅਗਸਤ 2005 ਵਿਚ ਕਟਰੀਨਾ ਨਾਂ ਦੇ ਤੂਫ਼ਾਨ ਨੇ ਅਮਰੀਕਾ ਦੇ ਨਿਊ ਓਰਲੀਨਜ਼ ਇਲਾਕੇ ਨੂੰ ਤਬਾਹ ਕਰ ਦਿੱਤਾ। ਇਸ ਤੋਂ ਬਾਅਦ ਕੁਝ ਵਲੰਟੀਅਰਾਂ ਨੇ ਦਰਖ਼ਤਾਂ ਹੇਠ ਦੱਬਿਆ ਪਿਆ ਇਕ ਘਰ ਦੇਖਿਆ। ਇਹ ਵਲੰਟੀਅਰ ਘਰ ਦੀ ਮਾਲਕਣ ਨੂੰ ਨਹੀਂ ਜਾਣਦੇ ਸਨ। ਫਿਰ ਵੀ ਉਨ੍ਹਾਂ ਨੇ ਪੂਰਾ ਦਿਨ ਘਰ ਤੇ ਡਿੱਗੇ ਦਰਖ਼ਤਾਂ ਦੀ ਕੱਟ-ਵੱਢ ਕੀਤੀ ਤੇ ਉਨ੍ਹਾਂ ਨੂੰ ਬਾਹਰ ਸੁੱਟਿਆ ਅਤੇ ਹੋਰ ਮਲਬਾ ਵੀ ਘਰ ਵਿੱਚੋਂ ਕੱਢਿਆ। ਘਰਵਾਲੀ ਨੇ ਕਿਹਾ: ‘ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ ਕਿ ਮੈਂ ਕਿੰਨੀ ਧੰਨਵਾਦੀ ਹਾਂ।’

ਜੀ ਹਾਂ, ਅੱਜ ਦੀ ਬੇਰਹਿਮ ਦੁਨੀਆਂ ਵਿਚ ਵੀ ਲੋਕ ਪਿਆਰ ਤੇ ਦਇਆ ਨਾਲ ਇਕ-ਦੂਜੇ ਨਾਲ ਪੇਸ਼ ਆਉਂਦੇ ਹਨ। ਪਰ ਅਸੀਂ ਜ਼ਿਆਦਾਤਰ ਲੋਕਾਂ ਦੀ ਕਠੋਰਤਾ ਤੇ ਬੁਰੇ ਕੰਮਾਂ ਦੀਆਂ ਹੀ ਰਿਪੋਰਟਾਂ ਸੁਣਦੇ ਹਾਂ, ਦਇਆ ਦੀਆਂ ਨਹੀਂ। ਫਿਰ ਵੀ ਹਕੀਕਤ ਇਹ ਹੈ ਕਿ ਧਰਤੀ ਦੇ ਕੋਨੇ-ਕੋਨੇ ਵਿਚ ਲੋਕ ਪਿਆਰ, ਕੋਮਲਤਾ ਤੇ ਹਮਦਰਦੀ ਲਈ ਤਰਸਦੇ ਹਨ। ਹਾਂ, ਹਰ ਕੋਈ ਦਇਆ ਦਾ ਪਿਆਸਾ ਹੈ!

ਪਰ ਇਸ ਜ਼ਾਲਮ ਤੇ ਬੇਰਹਿਮ ਦੁਨੀਆਂ ਵਿਚ ਦਇਆ ਕਰਨੀ ਸੌਖੀ ਨਹੀਂ ਹੈ। ਆਮ ਕਰਕੇ ਲੋਕ ਮੰਨਦੇ ਹਨ ਕਿ ਬੇਰਹਿਮ ਹੋ ਕੇ ਹੀ ਤੁਸੀਂ ਕਾਮਯਾਬੀ ਦੀਆਂ ਸੀੜ੍ਹੀਆਂ ਚੜ੍ਹ ਸਕਦੇ ਹੋ। ਕਈ ਲੋਕ ਇਸ ਨਿਯਮ ਅਨੁਸਾਰ ਜੀਉਂਦੇ ਹਨ ਕਿ ਦਇਆ ਕਰਨ ਨਾਲੋਂ ਨਿਰਦਈ ਹੋਣਾ ਬਿਹਤਰ ਹੈ। ਲਾਲਚ ਅਤੇ ਹੰਕਾਰ ਵਰਗੇ ਔਗੁਣ ਦਇਆ ਨੂੰ ਕੁਚਲ ਦਿੰਦੇ ਹਨ।

ਨਤੀਜੇ ਵਜੋਂ ਲੋਕ ਸਿਰਫ਼ ਆਪਣੇ ਬਾਰੇ ਹੀ ਸੋਚਦੇ ਹਨ। ਉਨ੍ਹਾਂ ਨੂੰ ਹੋਰਨਾਂ ਦੇ ਜਜ਼ਬਾਤਾਂ ਦਾ ਕੋਈ ਫ਼ਿਕਰ ਨਹੀਂ ਹੁੰਦਾ। ਨਰ ਖਿਡਾਰੀਆਂ ਅਤੇ ਫ਼ਿਲਮੀ ਸਿਤਾਰਿਆਂ ਦੀ ਮਰਦਾਨਗੀ ਨੂੰ ਦਿਖਾਉਣ ਲਈ ਉਨ੍ਹਾਂ ਨੂੰ ਰੋਅਬਦਾਰ, ਲੜਾਕੇ ਤੇ ਨਿਡਰ ਦਿਖਾਇਆ ਜਾਂਦਾ ਹੈ ਜੋ ਕਿਸੇ ਤੇ ਦਇਆ ਨਹੀਂ ਕਰਦੇ। ਕਈ ਸਿਆਸੀ ਲੀਡਰ ਵੀ ਇਸੇ ਤਰ੍ਹਾਂ ਦੇ ਹੁੰਦੇ ਹਨ।

ਇਸ ਲਈ ਸਾਨੂੰ ਪੁੱਛਣਾ ਚਾਹੀਦਾ ਹੈ: ਸਾਨੂੰ ਦੂਸਰਿਆਂ ਨਾਲ ਹਮਦਰਦੀ ਕਿਉਂ ਕਰਨੀ ਚਾਹੀਦੀ ਹੈ? ਕੀ ਦਇਆ ਕਰਨ ਦਾ ਕੋਈ ਫ਼ਾਇਦਾ ਹੈ? ਦਇਆਵਾਨ ਬਣਨ ਵਿਚ ਸਾਡੀ ਕਿਸ ਤਰ੍ਹਾਂ ਮਦਦ ਹੋ ਸਕਦੀ ਹੈ? ਅਗਲੇ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।

[ਸਫ਼ਾ 3 ਉੱਤੇ ਡੱਬੀ]

ਕੀ ਦਇਆ ਕਰਨੀ ਕਮਜ਼ੋਰੀ ਹੈ?

ਕੀ ਦਇਆ ਕਰਨ ਦਾ ਕੋਈ ਫ਼ਾਇਦਾ ਹੈ?

ਅਸੀਂ ਕਿਨ੍ਹਾਂ ਤਰੀਕਿਆਂ ਨਾਲ ਹਮਦਰਦੀ ਕਰ ਸਕਦੇ ਹਾਂ?