Skip to content

Skip to table of contents

ਉਨ੍ਹਾਂ ਨੇ ਜ਼ਿੰਦਗੀ ਵਿਚ ਬੇਸ਼ੁਮਾਰ ਬਰਕਤਾਂ ਪਾਈਆਂ—ਤੁਸੀਂ ਵੀ ਪਾ ਸਕਦੇ ਹੋ

ਉਨ੍ਹਾਂ ਨੇ ਜ਼ਿੰਦਗੀ ਵਿਚ ਬੇਸ਼ੁਮਾਰ ਬਰਕਤਾਂ ਪਾਈਆਂ—ਤੁਸੀਂ ਵੀ ਪਾ ਸਕਦੇ ਹੋ

ਉਨ੍ਹਾਂ ਨੇ ਜ਼ਿੰਦਗੀ ਵਿਚ ਬੇਸ਼ੁਮਾਰ ਬਰਕਤਾਂ ਪਾਈਆਂ—ਤੁਸੀਂ ਵੀ ਪਾ ਸਕਦੇ ਹੋ

ਮਾਰਕ ਕੈਨੇਡਾ ਵਿਚ ਰਹਿੰਦਾ ਹੈ। ਕੁਝ ਸਮਾਂ ਪਹਿਲਾਂ ਉਹ ਅਜਿਹੀ ਕੰਪਨੀ ਵਿਚ ਕੰਮ ਕਰਦਾ ਹੁੰਦਾ ਸੀ ਜਿੱਥੇ ਨਵੀਂ ਤਕਨੀਕ ਦੇ ਰੋਬੋਟ ਬਣਦੇ ਸਨ। ਇਹ ਰੋਬੋਟ ਪੁਲਾੜ ਕੰਪਨੀਆਂ ਦੁਆਰਾ ਵਰਤੇ ਜਾਂਦੇ ਸਨ। ਮਾਰਕ ਪਾਰਟ-ਟਾਈਮ ਨੌਕਰੀ ਕਰਨ ਦੇ ਨਾਲ-ਨਾਲ ਰੈਗੂਲਰ ਪਾਇਨੀਅਰੀ ਕਰਦਾ ਹੁੰਦਾ ਸੀ। ਇਕ ਦਿਨ ਮਾਰਕ ਦੇ ਮੈਨੇਜਰ ਨੇ ਉਸ ਦੀ ਪ੍ਰਮੋਸ਼ਨ ਕਰਨੀ ਚਾਹੀ ਜਿਸ ਦਾ ਮਤਲਬ ਸੀ ਅੱਗੇ ਨਾਲੋਂ ਕਾਫ਼ੀ ਜ਼ਿਆਦਾ ਤਨਖ਼ਾਹ, ਪਰ ਕੰਮ ਫੁਲ-ਟਾਈਮ ਕਰਨਾ ਪੈਣਾ ਸੀ। ਮਾਰਕ ਨੇ ਕੀ ਫ਼ੈਸਲਾ ਕੀਤਾ?

ਏਮੀ ਫ਼ਿਲਪੀਨ ਵਿਚ ਰਹਿੰਦੀ ਹੈ। ਹਾਈ ਸਕੂਲ ਦੀ ਪੜ੍ਹਾਈ ਕਰਦਿਆਂ ਉਸ ਨੇ ਰੈਗੂਲਰ ਪਾਇਨੀਅਰੀ ਵੀ ਕੀਤੀ। ਗ੍ਰੈਜੂਏਟ ਹੋਣ ਤੋਂ ਬਾਅਦ ਉਸ ਨੂੰ ਫੁਲ-ਟਾਈਮ ਨੌਕਰੀ ਦੀ ਪੇਸ਼ਕਸ਼ ਆਈ ਜਿੱਥੇ ਉਹ ਚੰਗੇ-ਖਾਸੇ ਪੈਸੇ ਕਮਾ ਸਕਦੀ ਸੀ। ਪਰ ਹੋਰ ਕੰਮਾਂ ਲਈ ਉਸ ਕੋਲ ਕੋਈ ਵਿਹਲ ਨਹੀਂ ਸੀ ਰਹਿਣਾ। ਏਮੀ ਨੇ ਕੀ ਫ਼ੈਸਲਾ ਕੀਤਾ?

ਮਾਰਕ ਤੇ ਏਮੀ ਨੇ ਅਲੱਗ-ਅਲੱਗ ਫ਼ੈਸਲੇ ਕੀਤੇ। ਪਰ ਉਨ੍ਹਾਂ ਦੇ ਫ਼ੈਸਲਿਆਂ ਤੋਂ ਇਹ ਗੱਲ ਜ਼ਾਹਰ ਹੋਈ ਕਿ ਪੁਰਾਣੇ ਜ਼ਮਾਨੇ ਦੇ ਕੁਰਿੰਥੁਸ ਸ਼ਹਿਰ ਦੇ ਮਸੀਹੀਆਂ ਨੂੰ ਦਿੱਤੀ ਪੌਲੁਸ ਰਸੂਲ ਦੀ ਸਲਾਹ ਲਾਗੂ ਕਰਨੀ ਬੁੱਧੀਮਤਾ ਦੀ ਗੱਲ ਹੈ। ਪੌਲੁਸ ਨੇ ਕਿਹਾ: ‘ਸੰਸਾਰ ਨੂੰ ਵਰਤਣ ਵਾਲੇ ਅਜਿਹੇ ਹੋਣ ਕਿ ਜਾਣੀਦਾ ਹੱਦੋਂ ਵਧਕੇ ਨਹੀਂ ਵਰਤਦੇ।’—1 ਕੁਰਿੰ. 7:29-31.

ਸੰਸਾਰ ਨੂੰ ਵਰਤੋ, ਪਰ ਹੱਦੋਂ ਵੱਧ ਕੇ ਨਹੀਂ

ਇਹ ਦੇਖਣ ਤੋਂ ਪਹਿਲਾਂ ਕਿ ਮਾਰਕ ਤੇ ਏਮੀ ਨੇ ਕੀ ਫ਼ੈਸਲਾ ਕੀਤਾ, ਆਓ ਆਪਾਂ “ਸੰਸਾਰ” ਸ਼ਬਦ (ਯੂਨਾਨੀ ਭਾਸ਼ਾ ਵਿਚ ਕੌਸਮੌਸ) ਨੂੰ ਹੋਰ ਚੰਗੀ ਤਰ੍ਹਾਂ ਨਾਲ ਸਮਝੀਏ। ਇਹ ਸ਼ਬਦ ਪੌਲੁਸ ਨੇ ਕੁਰਿੰਥੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਵਰਤਿਆ ਸੀ। ਇਨ੍ਹਾਂ ਹਵਾਲਿਆਂ ਵਿਚ ਕੌਸਮੌਸ ਦਾ ਭਾਵ ਹੈ ਇਹ ਸੰਸਾਰ ਜਿਸ ਵਿਚ ਮਨੁੱਖਜਾਤੀ ਰਹਿੰਦੀ ਹੈ। ਰੋਜ਼ੀ-ਰੋਟੀ, ਕੱਪੜੇ-ਲੀੜੇ ਤੇ ਮਕਾਨ ਦਾ ਪ੍ਰਬੰਧ ਕਰਨਾ ਵੀ ਇਸ ਵਿਚ ਸ਼ਾਮਲ ਹੈ। ਇਨ੍ਹਾਂ ਲੋੜਾਂ ਨੂੰ ਪੂਰਿਆਂ ਕਰਨ ਲਈ ਨੌਕਰੀ ਹੋਣੀ ਤਾਂ ਜ਼ਰੂਰੀ ਹੈ। ਇਹ ਗੱਲ ਤਾਂ ਬਾਈਬਲ ਵਿਚ ਵੀ ਦੱਸੀ ਗਈ ਹੈ ਕਿ ਮਸੀਹੀਆਂ ਨੂੰ ਆਪਣੇ ਤੇ ਆਪਣੇ ਘਰਦਿਆਂ ਲਈ ਰੋਜ਼ੀ-ਰੋਟੀ ਦਾ ਬੰਦੋਬਸਤ ਕਰਨਾ ਚਾਹੀਦਾ ਹੈ। (1 ਤਿਮੋ. 5:8) ਪਰ ਸਾਨੂੰ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ‘ਸੰਸਾਰ ਬੀਤਦਾ ਜਾਂਦਾ ਹੈ।’ (1 ਯੂਹੰ. 2:17) ਇਸ ਲਈ ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਪੂਰਿਆਂ ਕਰਨ ਲਈ ਸੰਸਾਰ ਨੂੰ ਵਰਤਣਾ ਜਾਇਜ਼ ਹੈ, ਪਰ ‘ਹੱਦੋਂ ਵੱਧ ਕੇ ਨਹੀਂ।’—1 ਕੁਰਿੰ. 7:31.

ਕਈ ਭੈਣਾਂ-ਭਰਾਵਾਂ ਨੇ ਬਾਈਬਲ ਦੀ ਇਸ ਨਸੀਹਤ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕੀਤਾ ਹੈ। ਉਨ੍ਹਾਂ ਨੇ ਆਪਣੇ ਹਾਲਾਤਾਂ ਦੀ ਜਾਂਚ ਕਰ ਕੇ ਗੁਜ਼ਾਰੇ ਜੋਗਾ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਭੈਣ-ਭਰਾ ਬੱਸ ਥੋੜ੍ਹੀਆਂ ਕੁ ਚੀਜ਼ਾਂ ਨਾਲ ਸੰਤੁਸ਼ਟ ਹਨ। ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਖ਼ੁਸ਼ੀਆਂ ਦੀ ਬਹਾਰ ਆਈ ਹੈ ਕਿਉਂਕਿ ਇਕ ਤਾਂ ਉਹ ਯਹੋਵਾਹ ਦੀ ਸੇਵਾ ਵਿਚ ਹੋਰ ਜ਼ਿਆਦਾ ਕਰ ਪਾਉਂਦੇ ਹਨ ਤੇ ਦੂਜਾ ਉਹ ਆਪਣੇ ਘਰਦਿਆਂ ਨਾਲ ਜ਼ਿਆਦਾ ਸਮਾਂ ਵੀ ਬਿਤਾਉਂਦੇ ਹਨ। ਹੋਰ ਫ਼ਾਇਦਾ ਉਨ੍ਹਾਂ ਨੂੰ ਇਹ ਹੋਇਆ ਹੈ ਕਿ ਆਪਣੀਆਂ ਰੋਜ਼ਾਨਾ ਲੋੜਾਂ ਪੂਰੀਆਂ ਕਰਨ ਸੰਬੰਧੀ ਸੰਸਾਰ ਤੇ ਭਰੋਸਾ ਰੱਖਣ ਦੀ ਬਜਾਇ ਉਨ੍ਹਾਂ ਨੇ ਯਹੋਵਾਹ ਤੇ ਭਰੋਸਾ ਰੱਖਣਾ ਸਿੱਖਿਆ ਹੈ। ਕੀ ਤੁਸੀਂ ਵੀ ਇਨ੍ਹਾਂ ਵਾਂਗ ਆਪਣੀ ਜ਼ਿੰਦਗੀ ਸਾਦੀ ਬਣਾ ਕੇ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇ ਸਕਦੇ ਹੋ?—ਮੱਤੀ 6:19-24, 33.

“ਅਸੀਂ ਪਹਿਲਾਂ ਨਾਲੋਂ ਯਹੋਵਾਹ ਦੇ ਕਾਫ਼ੀ ਨਜ਼ਦੀਕ ਹੋਏ ਹਾਂ”

ਅਸੀਂ ਮਾਰਕ ਦਾ ਜ਼ਿਕਰ ਲੇਖ ਦੇ ਸ਼ੁਰੂ ਵਿਚ ਕੀਤਾ ਸੀ। ਉਸ ਨੇ ਬਾਈਬਲ ਦੀ ਸਲਾਹ ਲਾਗੂ ਕਰ ਕੇ ਸੰਸਾਰ ਨੂੰ ਹੱਦੋਂ ਵੱਧ ਨਹੀਂ ਵਰਤਿਆ। ਚੰਗੇ ਪੈਸੇ-ਧੇਲੇ ਵਾਲੀ ਨੌਕਰੀ ਉਸ ਨੇ ਠੁਕਰਾ ਦਿੱਤੀ। ਕੁਝ ਦਿਨਾਂ ਬਾਅਦ ਮਾਰਕ ਦੇ ਮੈਨੇਜਰ ਨੇ ਉਸ ਨੂੰ ਇਹ ਨਵੀਂ ਨੌਕਰੀ ਕਬੂਲਣ ਲਈ ਹੋਰ ਪੈਸੇ ਦੇਣ ਦੀ ਵੀ ਪੇਸ਼ਕਸ਼ ਕੀਤੀ। ਮਾਰਕ ਨੇ ਕਿਹਾ: “ਇਹ ਮੇਰੇ ਵਾਸਤੇ ਇਕ ਵੱਡੀ ਪਰੀਖਿਆ ਸੀ। ਪਰ ਮੈਂ ਫਿਰ ਤੋਂ ਨਾਂਹ ਕਰ ਦਿੱਤੀ।” ਮਾਰਕ ਨੇ ਅੱਗੇ ਦੱਸਿਆ ਕਿ ਉਸ ਨੇ ਇੱਦਾਂ ਕਿਉਂ ਕੀਤਾ: “ਮੈਂ ਤੇ ਮੇਰੀ ਪਤਨੀ ਪੌਲਾ ਨੇ ਮਨ ਬਣਾਇਆ ਹੋਇਆ ਸੀ ਕਿ ਅਸੀਂ ਵੱਧ ਤੋਂ ਵੱਧ ਸਮਾਂ ਯਹੋਵਾਹ ਦੀ ਹੀ ਸੇਵਾ ਵਿਚ ਲਾਉਣਾ ਹੈ। ਇਹ ਕਰਨ ਲਈ ਸਾਨੂੰ ਆਪਣੀ ਜ਼ਿੰਦਗੀ ਸਾਦੀ ਬਣਾਉਣ ਦੀ ਲੋੜ ਸੀ। ਅਸੀਂ ਯਹੋਵਾਹ ਅੱਗੇ ਅਰਜ਼ ਕੀਤੀ ਕਿ ਉਹ ਸਾਨੂੰ ਆਪਣੀ ਮੰਜ਼ਲ ਤਕ ਪਹੁੰਚਣ ਦੀ ਸਿਆਣਪ ਬਖ਼ਸ਼ੇ ਤੇ ਮਦਦ ਕਰੇ ਕਿ ਅਸੀਂ ਆਪਣੀ ਮੰਜ਼ਲ ਨਿਸ਼ਚਿਤ ਸਮੇਂ ਤੇ ਪਾ ਸਕੀਏ।”

ਪੌਲਾ ਨੇ ਕਿਹਾ: “ਮੈਂ ਹਫ਼ਤੇ ਦੇ ਤਿੰਨ ਦਿਨ ਹਸਪਤਾਲ ਵਿਚ ਸੈਕਟਰੀ ਦਾ ਕੰਮ ਕਰਦੀ ਸੀ। ਪੈਸੇ ਚੰਗੇ ਮਿਲ ਜਾਂਦੇ ਸਨ। ਮੈਂ ਰੈਗੂਲਰ ਪਾਇਨੀਅਰ ਵੀ ਸੀ। ਪਰ ਮਾਰਕ ਵਾਂਗ ਮੇਰਾ ਵੀ ਦਿਲ ਕਰਦਾ ਸੀ ਕਿ ਅਸੀਂ ਉੱਥੇ ਜਾ ਕੇ ਯਹੋਵਾਹ ਦੀ ਸੇਵਾ ਕਰੀਏ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਜਦੋਂ ਮੈਂ ਆਪਣੀ ਸੁਪਰਵਾਈਜ਼ਰ ਨੂੰ ਅਸਤੀਫ਼ਾ ਦਿੱਤਾ, ਤਾਂ ਉਸ ਨੇ ਅੱਗੋਂ ਮੈਨੂੰ ਕਿਹਾ ਕਿ ਹਸਪਤਾਲ ਵਿਚ ਮੇਰੇ ਲਈ ਹੋਰ ਵਧੀਆ ਨੌਕਰੀ ਨਿਕਲ ਆਈ ਹੈ। ਇਹ ਐਕਜ਼ੈਕਟਿਵ ਸੈਕਟਰੀ ਬਣਨ ਦੀ ਨੌਕਰੀ ਸੀ ਤੇ ਮੈਨੂੰ ਸਭ ਤੋਂ ਜ਼ਿਆਦਾ ਤਨਖ਼ਾਹ ਮਿਲ ਸਕਦੀ ਸੀ। ਪਰ ਮੈਂ ਕੰਮ ਛੱਡਣ ਦੇ ਇਰਾਦੇ ਤੇ ਪੱਕੀ ਰਹੀ। ਜਦ ਮੈਂ ਸੁਪਰਵਾਈਜ਼ਰ ਨੂੰ ਦੱਸਿਆ ਕਿ ਮੈਂ ਇਹ ਵਧੀਆ ਨੌਕਰੀ ਕਿਉਂ ਠੁਕਰਾਈ, ਤਾਂ ਉਸ ਨੇ ਮੇਰੀ ਨਿਹਚਾ ਦੀ ਦਾਦ ਦਿੱਤੀ।”

ਕੁਝ ਚਿਰ ਪਿੱਛੋਂ ਮਾਰਕ ਤੇ ਪੌਲਾ ਨੂੰ ਕੈਨੇਡਾ ਦੀ ਇਕ ਦੂਰ-ਦੁਰੇਡੀ ਛੋਟੀ ਜਿਹੀ ਕਲੀਸਿਯਾ ਵਿਚ ਸਪੈਸ਼ਲ ਪਾਇਨੀਅਰਾਂ ਵਜੋਂ ਸੇਵਾ ਕਰਨ ਦਾ ਸਨਮਾਨ ਮਿਲਿਆ। ਉਨ੍ਹਾਂ ਨੂੰ ਉੱਥੇ ਜਾ ਕੇ ਕਿੱਦਾਂ ਲੱਗਾ? ਮਾਰਕ ਨੇ ਕਿਹਾ: “ਮੈਂ ਆਪਣੀ ਅੱਧੀ ਕੁ ਜ਼ਿੰਦਗੀ ਉਸ ਕੰਪਨੀ ਲਈ ਕੰਮ ਕਰਦਿਆਂ ਗੁਜ਼ਾਰੀ ਜਿੱਥੇ ਚੰਗੀ ਕਮਾਈ ਹੁੰਦੀ ਸੀ। ਜਦੋਂ ਮੈਂ ਕੰਮ ਛੱਡਿਆ, ਤਾਂ ਮੈਨੂੰ ਭਵਿੱਖ ਦੀ ਚਿੰਤਾ ਤਾਂ ਸੀ, ਪਰ ਯਹੋਵਾਹ ਨੇ ਸਾਡੇ ਪ੍ਰਚਾਰ ਦੇ ਕੰਮ ਤੇ ਬਰਕਤ ਪਾਈ। ਦੂਸਰਿਆਂ ਨਾਲ ਸੱਚਾਈ ਬਾਰੇ ਗੱਲ ਕਰ ਕੇ ਸਾਨੂੰ ਬੇਹੱਦ ਖ਼ੁਸ਼ੀ ਮਿਲਦੀ ਹੈ। ਯਹੋਵਾਹ ਵਾਸਤੇ ਇੰਜ ਸੇਵਾ ਕਰਨ ਨਾਲ ਮੈਂ ਤੇ ਪੌਲਾ ਇਕ-ਦੂਜੇ ਦੇ ਵੀ ਬਹੁਤ ਨਜ਼ਦੀਕ ਹੋਏ ਹਾਂ। ਹੁਣ ਸਾਡੀਆਂ ਗੱਲਾਂ-ਬਾਤਾਂ ਜ਼ਿਆਦਾ ਯਹੋਵਾਹ ਬਾਰੇ ਹੁੰਦੀਆਂ ਹਨ ਤੇ ਅਸੀਂ ਇਨ੍ਹਾਂ ਗੱਲਾਂ ਦੀ ਕਦਰ ਪਹਿਲਾਂ ਇਸ ਤਰ੍ਹਾਂ ਕਦੀ ਨਹੀਂ ਕੀਤੀ। ਅਸੀਂ ਪਹਿਲਾਂ ਨਾਲੋਂ ਯਹੋਵਾਹ ਦੇ ਕਾਫ਼ੀ ਨਜ਼ਦੀਕ ਹੋਏ ਹਾਂ।” (ਰਸੂ. 20:35) ਪੌਲਾ ਨੇ ਅੱਗੇ ਕਿਹਾ: “ਵਧੀਆ ਨੌਕਰੀ ਤੇ ਸੁੱਖ-ਸਹੂਲਤਾਂ ਨੂੰ ਪਿੱਛੇ ਛੱਡ ਕੇ ਤੁਹਾਨੂੰ ਪੂਰਾ ਭਰੋਸਾ ਯਹੋਵਾਹ ਤੇ ਹੀ ਰੱਖਣਾ ਪੈਂਦਾ ਹੈ। ਅਸੀਂ ਇੱਦਾਂ ਹੀ ਕੀਤਾ ਤੇ ਯਹੋਵਾਹ ਨੇ ਸਾਡੀ ਝੋਲੀ ਬਰਕਤਾਂ ਨਾਲ ਭਰ ਦਿੱਤੀ। ਕਲੀਸਿਯਾ ਦੇ ਪਿਆਰੇ ਭੈਣ-ਭਰਾਵਾਂ ਨੇ ਸਾਨੂੰ ਆਪਣਾ ਹੀ ਸਮਝਿਆ ਤੇ ਸਾਡੇ ਨਾਲ ਬਹੁਤ ਤੇਹ ਕੀਤਾ। ਜੋ ਮਿਹਨਤ ਮੈਂ ਨੌਕਰੀ ਕਰਦਿਆਂ ਕਰਦੀ ਸੀ, ਹੁਣ ਇਹੀ ਮਿਹਨਤ ਮੈਂ ਪਰਮੇਸ਼ੁਰ ਬਾਰੇ ਲੋਕਾਂ ਨੂੰ ਸਿਖਾਉਣ ਵਿਚ ਕਰਦੀ ਹਾਂ। ਯਹੋਵਾਹ ਵੱਲੋਂ ਇਸ ਤੋਂ ਵੱਡਾ ਸਨਮਾਨ ਹੋਰ ਕੀ ਹੋ ਸਕਦਾ ਹੈ!”

‘ਪੈਸਾ-ਧੇਲਾ ਬਹੁਤ, ਪਰ ਸੱਚੀ ਖ਼ੁਸ਼ੀ ਨਹੀਂ ਮਿਲੀ’

ਏਮੀ ਦਾ ਵੀ ਜ਼ਿਕਰ ਅਸੀਂ ਲੇਖ ਦੇ ਸ਼ੁਰੂ ਵਿਚ ਕੀਤਾ ਸੀ। ਪਰ ਉਸ ਨੇ ਇਕ ਹੋਰ ਹੀ ਰਾਹ ਚੁਣਿਆ। ਉਹ ਚੰਗੇ ਪੈਸੇ ਵਾਲੀ ਫੁਲ-ਟਾਈਮ ਨੌਕਰੀ ਤੇ ਲੱਗ ਗਈ। ਏਮੀ ਨੇ ਕਿਹਾ: “ਨੌਕਰੀ ਤੇ ਜਾਣਾ ਸ਼ੁਰੂ ਕਰਨ ਤੋਂ ਬਾਅਦ ਵੀ ਮੈਂ ਯਹੋਵਾਹ ਦੀ ਖੂਬ ਸੇਵਾ ਕੀਤੀ। ਪਰ ਫਿਰ ਮੈਂ ਆਪਣੇ ਕੈਰੀਅਰ ਬਾਰੇ ਜ਼ਿਆਦਾ ਸੋਚਣ ਤੇ ਪ੍ਰੋਮੋਸ਼ਨ ਦੇ ਸੁਪਨੇ ਲੈਣ ਲੱਗ ਪਈ। ਸਫ਼ਲਤਾ ਦੀਆਂ ਪੌੜੀਆਂ ਚੜ੍ਹਨ ਲਈ ਮੌਕੇ ਆਪਣੇ ਆਪ ਹੀ ਪੈਦਾ ਹੋਣ ਲੱਗੇ ਤੇ ਮੈਂ ਇਨ੍ਹਾਂ ਮੌਕਿਆਂ ਦਾ ਫ਼ਾਇਦਾ ਉਠਾਉਂਦੀ ਗਈ। ਕੰਮ ਤੇ ਜ਼ਿੰਮੇਵਾਰੀਆਂ ਵਧਣ ਲੱਗੀਆਂ ਤੇ ਪ੍ਰਚਾਰ ਵਿਚ ਮੇਰਾ ਸਮਾਂ ਘਟਣ ਲੱਗਾ। ਫਿਰ ਉਹ ਵਕਤ ਵੀ ਆਇਆ ਜਦ ਮੈਂ ਪ੍ਰਚਾਰ ਵਿਚ ਜਾਣਾ ਹੀ ਬੰਦ ਕਰ ਦਿੱਤਾ।”

ਏਮੀ ਨੇ ਬੀਤੇ ਸਮੇਂ ਤੇ ਝਾਤੀ ਮਾਰਦਿਆਂ ਕਿਹਾ: “ਪੈਸਿਆਂ ਦੀ ਤਾਂ ਕੋਈ ਘਾਟ ਨਹੀਂ ਸੀ। ਮੈਂ ਕਈ ਮੁਲਕਾਂ ਦਾ ਸੈਰ-ਸਪਾਟਾ ਕੀਤਾ ਤੇ ਸ਼ਾਨੋ-ਸ਼ੌਕਤ ਦੀ ਜ਼ਿੰਦਗੀ ਜੀ ਰਹੀ ਸੀ, ਪਰ ਮੈਨੂੰ ਸੱਚੀ ਖ਼ੁਸ਼ੀ ਨਹੀਂ ਮਿਲੀ। ਇੰਨਾ ਪੈਸਾ ਹੋਣ ਦੇ ਬਾਵਜੂਦ ਮੈਂ ਤਾਂ ਮੁਸ਼ਕਲਾਂ ਨਾਲ ਘਿਰੀ ਹੋਈ ਸੀ। ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਕੀ ਕਰਾਂ। ਫਿਰ ਮੈਨੂੰ ਅਹਿਸਾਸ ਹੋਇਆ ਕਿ ਪੈਸਿਆਂ ਪਿੱਛੇ ਭੱਜਣ ਕਰਕੇ ਹੀ ਤਾਂ ਮੈਂ ‘ਨਿਹਚਾ ਦੇ ਰਾਹੋਂ ਘੁੱਥ’ ਗਈ ਸੀ। ਬਾਈਬਲ ਦੀ ਗੱਲ ਸੱਚੀ ਹੈ ਕਿ ਮੈਂ ‘ਅਨੇਕ ਗਮਾਂ’ ਨੂੰ ਸਹਿ ਰਹੀ ਸੀ।”—1 ਤਿਮੋ. 6:10.

ਏਮੀ ਨੇ ਕੀ ਕੀਤਾ? ਉਸ ਨੇ ਕਿਹਾ: “ਮੈਂ ਮਦਦ ਲਈ ਬਜ਼ੁਰਗਾਂ ਕੋਲ ਗਈ ਤੇ ਮੀਟਿੰਗਾਂ ਵਿਚ ਆਉਣਾ ਸ਼ੁਰੂ ਕਰ ਦਿੱਤਾ। ਮੀਟਿੰਗ ਵਿਚ ਇਕ ਗੀਤ ਗਾਉਣ ਵੇਲੇ ਮੇਰੀਆਂ ਅੱਖਾਂ ਨਮ ਹੋ ਗਈਆਂ। ਪੰਜ ਸਾਲ ਪਾਇਨੀਅਰ ਵਜੋਂ ਸੇਵਾ ਕਰਦਿਆਂ ਗੁਜ਼ਾਰੇ ਦਿਨਾਂ ਦੀ ਯਾਦ ਆਉਣ ਲੱਗੀ। ਮੈਂ ਸੋਚਿਆ ਕਿ ਉਦੋਂ ਮੈਂ ਬੜੀ ਖ਼ੁਸ਼ ਸਾਂ ਭਾਵੇਂ ਕਿ ਮੇਰੇ ਕੋਲ ਇੰਨਾ ਪੈਸਾ ਨਹੀਂ ਸੀ। ਇਹ ਖ਼ੁਸ਼ੀ ਦੁਬਾਰਾ ਪਾਉਣ ਵਾਸਤੇ ਮੈਨੂੰ ਅਕਲ ਤੋਂ ਕੰਮ ਲੈ ਕੇ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣ ਦੀ ਲੋੜ ਸੀ। ਮੈਂ ਘੱਟ ਰੁਤਬੇ ਵਾਲੀ ਨੌਕਰੀ ਕਰਨ ਲੱਗ ਪਈ ਜਿਸ ਦਾ ਮਤਲਬ ਸੀ ਕਿ ਮੈਨੂੰ ਪਹਿਲਾਂ ਨਾਲੋਂ ਅੱਧੀ ਤਨਖ਼ਾਹ ਮਿਲਣੀ ਸੀ। ਮੈਂ ਪ੍ਰਚਾਰ ਦੇ ਕੰਮ ਵਿਚ ਫਿਰ ਤੋਂ ਲੱਗ ਗਈ।” ਏਮੀ ਨੇ ਖ਼ੁਸ਼ ਹੋ ਕੇ ਕਿਹਾ: “ਮੈਂ ਕੁਝ ਸਾਲ ਪਾਇਨੀਅਰ ਵਜੋਂ ਸੇਵਾ ਕੀਤੀ। ਪਾਇਨੀਅਰੀ ਕਰਦਿਆਂ ਜਿੰਨੀ ਖ਼ੁਸ਼ੀ ਮੈਂ ਮਾਣੀ ਹੈ, ਉੱਨੀ ਮੈਂ ਆਪਣਾ ਤਕਰੀਬਨ ਸਾਰਾ ਸਮਾਂ ਦੁਨੀਆਂ ਵਾਸਤੇ ਕੰਮ ਕਰਦਿਆਂ ਕਦੇ ਨਹੀਂ ਮਾਣੀ।”

ਕੀ ਤੁਸੀਂ ਵੀ ਆਪਣੀ ਜ਼ਿੰਦਗੀ ਸਾਦੀ ਬਣਾ ਸਕਦੇ ਹੋ? ਜੇ ਤੁਸੀਂ ਯਹੋਵਾਹ ਦੀ ਸੇਵਾ ਵਿਚ ਹੋਰ ਸਮਾਂ ਲਗਾਓਗੇ, ਤਾਂ ਤੁਸੀਂ ਵੀ ਬੇਸ਼ੁਮਾਰ ਬਰਕਤਾਂ ਪਾਓਗੇ।—ਕਹਾ. 10:22.

[ਸਫ਼ਾ 19 ਉੱਤੇ ਸੁਰਖੀ]

ਕੀ ਤੁਸੀਂ ਆਪਣੀ ਜ਼ਿੰਦਗੀ ਸਾਦੀ ਬਣਾ ਸਕਦੇ ਹੋ?

[ਸਫ਼ਾ 19 ਉੱਤੇ ਡੱਬੀ/ਤਸਵੀਰ]

“ਮੈਨੂੰ ਤਾਂ ਬਹੁਤ ਮਜ਼ਾ ਆ ਰਿਹਾ ਹੈ”

ਡੇਵਿਡ ਅਮਰੀਕਾ ਵਿਚ ਇਕ ਕਲੀਸਿਯਾ ਦੇ ਬਜ਼ੁਰਗ ਵਜੋਂ ਸੇਵਾ ਕਰਦਾ ਹੈ। ਉਸ ਦੀ ਪਤਨੀ ਤੇ ਬੱਚੇ ਰੈਗੂਲਰ ਪਾਇਨੀਅਰ ਹਨ। ਡੇਵਿਡ ਵੀ ਪਾਇਨੀਅਰੀ ਕਰਨਾ ਚਾਹੁੰਦਾ ਸੀ। ਸੋ ਉਸ ਨੇ ਆਪਣੇ ਮਾਲਕ ਨਾਲ ਗੱਲ ਕਰ ਕੇ ਪਾਰਟ-ਟਾਈਮ ਕੰਮ ਕਰਨਾ ਸ਼ੁਰੂ ਕੀਤਾ ਅਤੇ ਰੈਗੂਲਰ ਪਾਇਨੀਅਰ ਬਣ ਗਿਆ। ਕੀ ਉਸ ਨੂੰ ਇਸ ਤਰ੍ਹਾਂ ਕਰ ਕੇ ਬਰਕਤਾਂ ਮਿਲੀਆਂ? ਕੁਝ ਮਹੀਨਿਆਂ ਬਾਅਦ ਡੇਵਿਡ ਨੇ ਆਪਣੇ ਇਕ ਦੋਸਤ ਨੂੰ ਚਿੱਠੀ ਵਿਚ ਲਿਖਿਆ: “ਆਪਣੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਯਹੋਵਾਹ ਦੀ ਸੇਵਾ ਕਰਨ ਨਾਲ ਮੈਨੂੰ ਦਿਲੀ ਖ਼ੁਸ਼ੀ ਮਿਲਦੀ ਹੈ। ਮੈਨੂੰ ਲੱਗਾ ਕਿ ਸ਼ੁਰੂ-ਸ਼ੁਰੂ ਵਿਚ ਪਾਇਨੀਅਰੀ ਕਰਨੀ ਔਖੀ ਹੋਵੇਗੀ, ਪਰ ਮੈਨੂੰ ਤਾਂ ਬਹੁਤ ਮਜ਼ਾ ਆ ਰਿਹਾ ਹੈ।”

[ਸਫ਼ਾ 18 ਉੱਤੇ ਤਸਵੀਰ]

ਮਾਰਕ ਤੇ ਪੌਲਾ ਪ੍ਰਚਾਰ ਕਰਦੇ ਹੋਏ