Skip to content

Skip to table of contents

ਉਹ ਅੰਮ੍ਰਿਤ ਜਲ ਦੇ ਸੋਤਿਆਂ ਕੋਲ ਲਿਜਾਏ ਜਾਣ ਦੇ ਯੋਗ ਗਿਣੇ ਗਏ

ਉਹ ਅੰਮ੍ਰਿਤ ਜਲ ਦੇ ਸੋਤਿਆਂ ਕੋਲ ਲਿਜਾਏ ਜਾਣ ਦੇ ਯੋਗ ਗਿਣੇ ਗਏ

ਉਹ ਅੰਮ੍ਰਿਤ ਜਲ ਦੇ ਸੋਤਿਆਂ ਕੋਲ ਲਿਜਾਏ ਜਾਣ ਦੇ ਯੋਗ ਗਿਣੇ ਗਏ

“ਲੇਲਾ . . . ਓਹਨਾਂ ਦਾ ਅਯਾਲੀ ਹੋਵੇਗਾ, ਅਤੇ ਓਹਨਾਂ ਨੂੰ ਅੰਮ੍ਰਿਤ ਜਲ ਦਿਆਂ ਸੋਤਿਆਂ ਕੋਲ ਲੈ ਜਾਵੇਗਾ।”—ਪਰ. 7:17.

1. ਪਰਮੇਸ਼ੁਰ ਦੇ ਬਚਨ ਵਿਚ ਮਸਹ ਕੀਤੇ ਹੋਏ ਮਸੀਹੀਆਂ ਨੂੰ ਕੀ ਕਿਹਾ ਗਿਆ ਹੈ ਅਤੇ ਉਨ੍ਹਾਂ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ?

ਪਰਮੇਸ਼ੁਰ ਦੇ ਬਚਨ ਵਿਚ ਮਸਹ ਕੀਤੇ ਹੋਏ ਮਸੀਹੀਆਂ ਨੂੰ “ਮਾਤਬਰ ਅਤੇ ਬੁੱਧਵਾਨ ਨੌਕਰ” ਕਿਹਾ ਗਿਆ ਹੈ। ਇਹ ਨੌਕਰ ਧਰਤੀ ਉੱਤੇ ਮਸੀਹ ਦੇ ਮਾਲ ਮਤੇ ਦੀ ਦੇਖ-ਭਾਲ ਕਰ ਰਿਹਾ ਹੈ। 1918 ਵਿਚ ਜਦ ਮਸੀਹ ਇਸ “ਨੌਕਰ” ਨੂੰ ਪਰਖਣ ਆਇਆ ਸੀ, ਤਾਂ ਉਸ ਨੇ ਇਨ੍ਹਾਂ ਮਸੀਹੀਆਂ ਨੂੰ ਵਫ਼ਾਦਾਰੀ ਨਾਲ ‘ਵੇਲੇ ਸਿਰ ਰਸਤ’ ਦਿੰਦਿਆਂ ਪਾਇਆ। ਇਸ ਲਈ ਮਾਲਕ ਯਾਨੀ ਯਿਸੂ ਨੇ ਖ਼ੁਸ਼ ਹੋ ਕੇ ਉਨ੍ਹਾਂ ਨੂੰ ‘ਆਪਣੇ ਸਾਰੇ ਮਾਲ ਮਤੇ’ ਉੱਤੇ ਨਿਯੁਕਤ ਕਰ ਦਿੱਤਾ। (ਮੱਤੀ 24:45-47 ਪੜ੍ਹੋ।) ਇਸ ਤਰ੍ਹਾਂ ਸਵਰਗ ਜਾਣ ਤੋਂ ਪਹਿਲਾਂ ਇਹ ਮਸੀਹੀ ਯਿਸੂ ਵੱਲੋਂ ਸੌਂਪੀ ਇਸ ਜ਼ਿੰਮੇਵਾਰੀ ਨੂੰ ਵਫ਼ਾਦਾਰੀ ਨਾਲ ਨਿਭਾਉਂਦਿਆਂ ਧਰਤੀ ਉੱਤੇ ਯਹੋਵਾਹ ਦੇ ਹੋਰਨਾਂ ਭਗਤਾਂ ਦੀ ਸੇਵਾ ਕਰਦੇ ਹਨ।

2. ਯਿਸੂ ਦੇ ਮਾਲ ਮਤੇ ਵਿਚ ਕੀ ਕੁਝ ਸ਼ਾਮਲ ਹੈ?

2 ਮਾਲਕ ਨੂੰ ਆਪਣੇ ਮਾਲ ਮਤੇ ਉੱਤੇ ਪੂਰਾ ਅਧਿਕਾਰ ਹੁੰਦਾ ਹੈ ਤੇ ਉਹ ਇਸ ਨੂੰ ਜਿਵੇਂ ਚਾਹੇ ਵਰਤ ਸਕਦਾ ਹੈ। ਰਾਜੇ ਯਿਸੂ ਮਸੀਹ ਦੇ ਮਾਲ ਮਤੇ ਵਿਚ ਉਹ ਸਾਰੇ ਕੰਮ ਸ਼ਾਮਲ ਹਨ ਜਿਨ੍ਹਾਂ ਦਾ ਸੰਬੰਧ ਪਰਮੇਸ਼ੁਰ ਦੇ ਰਾਜ ਨਾਲ ਹੈ। ਇਸ ਮਾਲ ਮਤੇ ਵਿਚ ਉਹ “ਵੱਡੀ ਭੀੜ” ਵੀ ਸ਼ਾਮਲ ਹੈ ਜਿਸ ਨੂੰ ਯੂਹੰਨਾ ਰਸੂਲ ਨੇ ਦਰਸ਼ਣ ਵਿਚ ਦੇਖਿਆ ਸੀ। ਯੂਹੰਨਾ ਨੇ ਵੱਡੀ ਭੀੜ ਦਾ ਵਰਣਨ ਇਸ ਤਰ੍ਹਾਂ ਕੀਤਾ: “ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ ਚਿੱਟੇ ਬਸਤਰ ਪਹਿਨੇ ਅਤੇ ਖਜੂਰ ਦੀਆਂ ਟਹਿਣੀਆਂ ਹੱਥਾਂ ਵਿੱਚ ਲਈ ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੀ ਹੈ।”—ਪਰ. 7:9.

3, 4. ਸਮਝਾਓ ਕਿ ਵੱਡੀ ਭੀੜ ਦੇ ਮੈਂਬਰਾਂ ਨੂੰ ਪਰਮੇਸ਼ੁਰ ਤੋਂ ਕਿਹੜੀਆਂ ਬਰਕਤਾਂ ਮਿਲਦੀਆਂ ਹਨ।

3 ਯਿਸੂ ਨੇ ਵੱਡੀ ਭੀੜ ਦੇ ਮੈਂਬਰਾਂ ਨੂੰ ‘ਹੋਰ ਭੇਡਾਂ’ ਕਿਹਾ ਸੀ। (ਯੂਹੰ. 10:16) ਵੱਡੀ ਭੀੜ ਦੇ ਮੈਂਬਰ ਸੁੰਦਰ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੀ ਉਮੀਦ ਰੱਖਦੇ ਹਨ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਯਿਸੂ “ਓਹਨਾਂ ਨੂੰ ਅੰਮ੍ਰਿਤ ਜਲ ਦਿਆਂ ਸੋਤਿਆਂ ਕੋਲ ਲੈ ਜਾਵੇਗਾ, ਅਤੇ ਪਰਮੇਸ਼ੁਰ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ।” ਇਸ ਉਮੀਦ ਨਾਲ ਉਨ੍ਹਾਂ ਨੇ “ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟਾ ਕੀਤਾ” ਹੈ। (ਪਰ. 7:14, 17) ਉਹ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰਦੇ ਹਨ ਜਿਸ ਕਰਕੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੇ ‘ਬਸਤਰ ਚਿੱਟੇ’ ਹਨ। ਉਹ ਅਬਰਾਹਾਮ ਦੀ ਤਰ੍ਹਾਂ ਧਰਮੀ ਠਹਿਰਾਏ ਗਏ ਹਨ ਜਿਸ ਕਰਕੇ ਉਹ ਪਰਮੇਸ਼ੁਰ ਦੇ ਮਿੱਤਰ ਹਨ।

4 ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਹੋਣ ਕਰਕੇ ਹੋਰ ਭੇਡਾਂ ਦੀ ਵਧਦੀ ਜਾ ਰਹੀ ਵੱਡੀ ਭੀੜ “ਵੱਡੀ ਬਿਪਤਾ” ਵਿੱਚੋਂ ਬਚ ਨਿਕਲਣ ਦੀ ਉਮੀਦ ਰੱਖ ਸਕਦੀ ਹੈ। (ਯਾਕੂ. 2:23-26) ਵੱਡੀ ਭੀੜ ਦੇ ਮੈਂਬਰ ਯਹੋਵਾਹ ਦੇ ਨੇੜੇ ਜਾ ਸਕਦੇ ਹਨ ਅਤੇ ਇਕ ਸਮੂਹ ਦੇ ਤੌਰ ਤੇ ਆਰਮਾਗੇਡਨ ਵਿੱਚੋਂ ਬਚ ਨਿਕਲਣ ਦੀ ਉਮੀਦ ਰੱਖ ਸਕਦੇ ਹਨ। (ਯਾਕੂ. 4:8; ਪਰ. 7:15) ਭਗਤੀ ਦੇ ਮਾਮਲੇ ਵਿਚ ਉਹ ਆਪਣੀ ਮਨ-ਮਰਜ਼ੀ ਨਹੀਂ ਕਰਦੇ, ਸਗੋਂ ਆਪਣੇ ਸਵਰਗੀ ਰਾਜੇ ਅਤੇ ਧਰਤੀ ਉੱਤੇ ਰਹਿੰਦੇ ਮਸਹ ਕੀਤੇ ਹੋਏ ਮਸੀਹੀਆਂ ਦੀ ਸੇਧ ਵਿਚ ਚੱਲਦੇ ਹਨ।

5. ਵੱਡੀ ਭੀੜ ਦੇ ਮੈਂਬਰ ਮਸੀਹ ਦੇ ਭਰਾਵਾਂ ਦਾ ਕਿਵੇਂ ਸਾਥ ਦਿੰਦੇ ਹਨ?

5 ਮਸਹ ਕੀਤੇ ਹੋਏ ਮਸੀਹੀਆਂ ਨੇ ਸ਼ਤਾਨ ਦੀ ਦੁਨੀਆਂ ਦੇ ਡਾਢੇ ਵਿਰੋਧ ਦਾ ਸਾਮ੍ਹਣਾ ਕੀਤਾ ਹੈ ਤੇ ਕਰਦੇ ਰਹਿਣਗੇ। ਪਰ ਇਸ ਵਿਰੋਧ ਦੇ ਬਾਵਜੂਦ ਉਹ ਭਰੋਸਾ ਰੱਖ ਸਕਦੇ ਹਨ ਕਿ ਵੱਡੀ ਭੀੜ ਦੇ ਮੈਂਬਰ ਉਨ੍ਹਾਂ ਦਾ ਸਾਥ ਦਿੰਦੇ ਰਹਿਣਗੇ। ਇਸ ਵੇਲੇ ਮਸਹ ਕੀਤੇ ਹੋਇਆਂ ਦੀ ਗਿਣਤੀ ਬਹੁਤ ਘੱਟ ਗਈ ਹੈ, ਪਰ ਵੱਡੀ ਭੀੜ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ ਤੇ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਸ ਭੀੜ ਵਿਚ ਸ਼ਾਮਲ ਹੁੰਦੇ ਹਨ। ਅੱਜ ਦੁਨੀਆਂ ਭਰ ਵਿਚ ਤਕਰੀਬਨ 1,00,000 ਕਲੀਸਿਯਾਵਾਂ ਹਨ ਅਤੇ ਇਨ੍ਹਾਂ ਦੀ ਨਿਗਰਾਨੀ ਕਰਨੀ ਮਸਹ ਕੀਤੇ ਹੋਏ ਮਸੀਹੀਆਂ ਲਈ ਮੁਸ਼ਕਲ ਹੈ। ਇਸ ਮਾਮਲੇ ਵਿਚ ਵੱਡੀ ਭੀੜ ਦੇ ਮੈਂਬਰ ਉਨ੍ਹਾਂ ਦਾ ਸਾਥ ਦਿੰਦੇ ਹਨ। ਉਨ੍ਹਾਂ ਵਿੱਚੋਂ ਕਾਬਲ ਆਦਮੀ ਕਲੀਸਿਯਾਵਾਂ ਵਿਚ ਬਜ਼ੁਰਗਾਂ ਵਜੋਂ ਸੇਵਾ ਕਰਦੇ ਹਨ। ਇਹ ਬਜ਼ੁਰਗ ਉਨ੍ਹਾਂ ਲੱਖਾਂ ਹੀ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਵਿਚ “ਮਾਤਬਰ ਅਤੇ ਬੁੱਧਵਾਨ ਨੌਕਰ” ਦੀ ਮਦਦ ਕਰਦੇ ਹਨ ਜਿਨ੍ਹਾਂ ਦੀ ਜ਼ਿੰਮੇਵਾਰੀ ਇਸ ਨੌਕਰ ਨੂੰ ਸੌਂਪੀ ਗਈ ਹੈ।

6. ਯਸਾਯਾਹ ਨਬੀ ਨੇ ਕਿਹੜੀ ਭਵਿੱਖਬਾਣੀ ਕੀਤੀ ਸੀ?

6 ਹੋਰਨਾਂ ਭੇਡਾਂ ਦੁਆਰਾ ਮਸਹ ਕੀਤੇ ਹੋਏ ਮਸੀਹੀਆਂ ਨੂੰ ਦਿੱਤੀ ਜਾਂਦੀ ਇਸ ਮਦਦ ਬਾਰੇ ਯਸਾਯਾਹ ਨਬੀ ਨੇ ਭਵਿੱਖਬਾਣੀ ਕੀਤੀ ਸੀ। ਉਸ ਨੇ ਲਿਖਿਆ: “ਯਹੋਵਾਹ ਇਉਂ ਆਖਦਾ ਹੈ, ਮਿਸਰ ਦੀ ਕਮਾਈ, ਕੂਸ਼ ਦਾ ਬੁਪਾਰ, ਅਤੇ ਸਬਾ ਦੇ ਕੱਦ ਵਾਲੇ ਮਨੁੱਖ, ਓਹ ਲੰਘ ਕੇ ਤੇਰੇ ਕੋਲ ਆਉਣਗੇ, ਅਤੇ ਤੇਰੇ ਹੋਣਗੇ, ਉਹ ਤੇਰੇ ਪਿੱਛੇ ਚੱਲਣਗੇ।” (ਯਸਾ. 45:14) ਹੋਰ ਭੇਡਾਂ ਖ਼ੁਸ਼ੀ ਨਾਲ ਮਾਤਬਰ ਅਤੇ ਬੁੱਧਵਾਨ ਨੌਕਰ ਤੇ ਉਸ ਦੀ ਪ੍ਰਬੰਧਕ ਸਭਾ ਦੇ ਪਿੱਛੇ-ਪਿੱਛੇ ਚੱਲਦੀਆਂ ਹਨ ਯਾਨੀ ਉਨ੍ਹਾਂ ਦੀ ਅਗਵਾਈ ਅਧੀਨ ਸੇਵਾ ਕਰਦੀਆਂ ਹਨ। ਉਹ ਤਨ-ਮਨ-ਧਨ ਲਾ ਕੇ ਦੁਨੀਆਂ ਭਰ ਵਿਚ ਪ੍ਰਚਾਰ ਦਾ ਕੰਮ ਕਰਨ ਵਿਚ ਮਸਹ ਕੀਤੇ ਹੋਏ ਮਸੀਹੀਆਂ ਦੀ ਮਦਦ ਕਰ ਰਹੀਆਂ ਹਨ।—ਰਸੂ. 1:8; ਪਰ. 12:17.

7. ਵੱਡੀ ਭੀੜ ਨੂੰ ਕਿਸ ਵਾਸਤੇ ਸਿਖਲਾਈ ਦਿੱਤੀ ਜਾ ਰਹੀ ਹੈ?

7 ਮਸਹ ਕੀਤੇ ਹੋਏ ਮਸੀਹੀਆਂ ਦਾ ਸਾਥ ਦੇਣ ਵਾਲੀ ਵੱਡੀ ਭੀੜ ਦੇ ਮੈਂਬਰਾਂ ਨੂੰ ਹੁਣ ਸਿੱਖਿਆ ਦਿੱਤੀ ਜਾ ਰਹੀ ਹੈ ਜੋ ਆਰਮਾਗੇਡਨ ਤੋਂ ਬਾਅਦ ਨਵੀਂ ਦੁਨੀਆਂ ਵਿਚ ਇਨ੍ਹਾਂ ਦੇ ਕੰਮ ਆਵੇਗੀ। ਇਹ ਲੋਕ ਨਵੀਂ ਦੁਨੀਆਂ ਦੀ ਪੱਕੀ ਨੀਂਹ ਬਣਨਗੇ ਅਤੇ ਆਪਣੇ ਮਾਲਕ ਦੇ ਨਿਰਦੇਸ਼ਨ ਅਧੀਨ ਚੱਲਣ ਲਈ ਤਿਆਰ ਹੋਣਗੇ। ਇਸ ਵੇਲੇ ਹਰ ਮਸੀਹੀ ਨੂੰ ਵਧੀਆ ਗੁਣ ਪੈਦਾ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ ਤਾਂਕਿ ਰਾਜਾ ਯਿਸੂ ਮਸੀਹ ਉਸ ਨੂੰ ਕਿਸੇ ਵੀ ਕੰਮ ਲਈ ਇਸਤੇਮਾਲ ਕਰ ਸਕੇ। ਆਪਣੀ ਨਿਹਚਾ ਅਤੇ ਵਫ਼ਾਦਾਰੀ ਦਾ ਸਬੂਤ ਦੇ ਕੇ ਹਰੇਕ ਮਸੀਹੀ ਅੱਜ ਦਿਖਾਉਂਦਾ ਹੈ ਕਿ ਨਵੀਂ ਦੁਨੀਆਂ ਵਿਚ ਉਹ ਆਪਣੇ ਰਾਜੇ ਦੀਆਂ ਹਿਦਾਇਤਾਂ ਨੂੰ ਖਿੜੇ-ਮੱਥੇ ਮੰਨੇਗਾ।

ਵੱਡੀ ਭੀੜ ਆਪਣੀ ਨਿਹਚਾ ਦਾ ਸਬੂਤ ਦਿੰਦੀ ਹੈ

8, 9. ਵੱਡੀ ਭੀੜ ਦੇ ਮੈਂਬਰ ਆਪਣੀ ਨਿਹਚਾ ਦਾ ਸਬੂਤ ਕਿਵੇਂ ਦਿੰਦੇ ਹਨ?

8 ਹੋਰ ਭੇਡਾਂ ਵੱਖੋ-ਵੱਖਰੇ ਤਰੀਕਿਆਂ ਨਾਲ ਆਪਣੀ ਨਿਹਚਾ ਦਾ ਸਬੂਤ ਦਿੰਦੀਆਂ ਹਨ। ਕਿਵੇਂ? ਪਹਿਲਾ, ਉਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਵਿਚ ਮਸਹ ਕੀਤੇ ਹੋਏ ਮਸੀਹੀਆਂ ਦਾ ਸਾਥ ਦਿੰਦੀਆਂ ਹਨ। (ਮੱਤੀ 24:14; 28:19, 20) ਦੂਜਾ, ਉਹ ਪ੍ਰਬੰਧਕ ਸਭਾ ਵੱਲੋਂ ਮਿਲਦੀ ਸੇਧ ਨੂੰ ਖ਼ੁਸ਼ੀ ਨਾਲ ਮੰਨਦੀਆਂ ਹਨ।—ਇਬ. 13:17; ਜ਼ਕਰਯਾਹ 8:23 ਪੜ੍ਹੋ।

9 ਤੀਜਾ, ਵੱਡੀ ਭੀੜ ਦੇ ਮੈਂਬਰ ਯਹੋਵਾਹ ਦੇ ਧਰਮੀ ਮਿਆਰਾਂ ਅਨੁਸਾਰ ਚੱਲ ਕੇ ਆਪਣੇ ਮਸਹ ਕੀਤੇ ਹੋਏ ਭਰਾਵਾਂ ਦਾ ਸਾਥ ਦਿੰਦੇ ਹਨ। ਉਹ ਆਪਣੇ ਵਿਚ ‘ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ ਅਤੇ ਸੰਜਮ’ ਦੇ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ। (ਗਲਾ. 5:22, 23) ਹਾਲਾਂਕਿ ਅੱਜ ਲੋਕ ‘ਸਰੀਰ ਦੇ ਕੰਮਾਂ’ ਨੂੰ ਛੱਡ ਕੇ ਇਨ੍ਹਾਂ ਗੁਣਾਂ ਨੂੰ ਆਪਣੇ ਵਿਚ ਪੈਦਾ ਕਰਨਾ ਪਸੰਦ ਨਹੀਂ ਕਰਦੇ, ਪਰ ਵੱਡੀ ਭੀੜ ਦੇ ਮੈਂਬਰ ‘ਹਰਾਮਕਾਰੀ, ਗੰਦ ਮੰਦ, ਲੁੱਚਪੁਣਾ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਹਸਦ, ਕ੍ਰੋਧ, ਧੜੇਬਾਜ਼ੀਆਂ, ਫੁੱਟਾਂ, ਬਿਦਤਾਂ, ਖਾਰ, ਨਸ਼ੇ, ਬਦਮਸਤੀਆਂ, ਅਤੇ ਹੋਰ ਇਹੋ ਜੇਹੇ ਕੰਮਾਂ’ ਤੋਂ ਦੂਰ ਰਹਿੰਦੇ ਹਨ।—ਗਲਾ. 5:19-21.

10. ਵੱਡੀ ਭੀੜ ਦੇ ਮੈਂਬਰਾਂ ਨੇ ਕੀ ਠਾਣਿਆ ਹੋਇਆ ਹੈ?

10 ਨਾਮੁਕੰਮਲ ਹੋਣ ਕਰਕੇ ਸਾਡੇ ਲਈ ਪਵਿੱਤਰ ਆਤਮਾ ਦੇ ਫਲ ਪੈਦਾ ਕਰਨੇ, ਸਰੀਰ ਦੇ ਕੰਮਾਂ ਨੂੰ ਛੱਡਣਾ ਅਤੇ ਸ਼ਤਾਨ ਦੀ ਦੁਨੀਆਂ ਦੇ ਦਬਾਵਾਂ ਦਾ ਸਾਮ੍ਹਣਾ ਕਰਨਾ ਮੁਸ਼ਕਲ ਹੁੰਦਾ ਹੈ। ਪਰ ਅਸੀਂ ਠਾਣਿਆ ਹੋਇਆ ਹੈ ਕਿ ਜਦ ਅਸੀਂ ਆਪਣੀਆਂ ਕਮਜ਼ੋਰੀਆਂ, ਅਸਫ਼ਲਤਾਵਾਂ ਜਾਂ ਕਿਸੇ ਨੁਕਸ ਕਰਕੇ ਨਿਰਾਸ਼ ਹੋ ਜਾਂਦੇ ਹਾਂ, ਤਾਂ ਅਸੀਂ ਆਪਣੀ ਨਿਹਚਾ ਕਮਜ਼ੋਰ ਜਾਂ ਯਹੋਵਾਹ ਲਈ ਆਪਣੇ ਪਿਆਰ ਨੂੰ ਠੰਢਾ ਨਹੀਂ ਪੈਣ ਦੇਵਾਂਗੇ। ਸਾਨੂੰ ਪੱਕਾ ਯਕੀਨ ਹੈ ਕਿ ਯਹੋਵਾਹ ਆਪਣੇ ਵਾਅਦੇ ਅਨੁਸਾਰ ਵੱਡੀ ਭੀੜ ਨੂੰ ਵੱਡੀ ਬਿਪਤਾ ਵਿੱਚੋਂ ਜ਼ਰੂਰ ਬਚਾ ਲਵੇਗਾ।

11. ਸਾਡੀ ਨਿਹਚਾ ਨੂੰ ਕਮਜ਼ੋਰ ਕਰਨ ਲਈ ਸ਼ਤਾਨ ਨੇ ਕਿਹੜੇ ਹੱਥਕੰਡੇ ਵਰਤੇ ਹਨ?

11 ਅਸੀਂ ਹਮੇਸ਼ਾ ਚੌਕਸ ਰਹਿੰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਡਾ ਅਸਲੀ ਦੁਸ਼ਮਣ ਸ਼ਤਾਨ ਹੈ ਤੇ ਉਹ ਆਸਾਨੀ ਨਾਲ ਹਾਰ ਨਹੀਂ ਮੰਨਦਾ। (1 ਪਤਰਸ 5:8 ਪੜ੍ਹੋ।) ਉਸ ਨੇ ਸੱਚਾਈ ਛੱਡ ਚੁੱਕੇ ਲੋਕਾਂ ਅਤੇ ਹੋਰਨਾਂ ਦਾ ਇਸਤੇਮਾਲ ਕਰ ਕੇ ਸਾਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਜਿਨ੍ਹਾਂ ਸਿੱਖਿਆਵਾਂ ਤੇ ਚੱਲ ਰਹੇ ਹਾਂ, ਉਹ ਗ਼ਲਤ ਹਨ। ਪਰ ਉਸ ਦੀ ਇਹ ਚਾਲ ਕਾਮਯਾਬ ਨਹੀਂ ਹੋਈ। ਇਸੇ ਤਰ੍ਹਾਂ ਸ਼ਤਾਨ ਦੁਆਰਾ ਲਿਆਂਦੀਆਂ ਸਤਾਹਟਾਂ ਕਾਰਨ ਕਦੇ-ਕਦੇ ਪ੍ਰਚਾਰ ਦਾ ਕੰਮ ਮੱਠਾ ਪਿਆ ਹੈ, ਪਰ ਸਤਾਹਟਾਂ ਸਹਿਣ ਵਾਲਿਆਂ ਦੀ ਨਿਹਚਾ ਕਮਜ਼ੋਰ ਹੋਣ ਦੀ ਬਜਾਇ ਮਜ਼ਬੂਤ ਹੋਈ ਹੈ। ਇਸ ਲਈ ਸ਼ਤਾਨ ਇਕ ਹੋਰ ਹੱਥਕੰਡਾ ਜ਼ਿਆਦਾ ਵਰਤਦਾ ਹੈ ਜਿਸ ਨਾਲ ਉਸ ਨੂੰ ਲੱਗਦਾ ਹੈ ਕਿ ਸਾਡੀ ਨਿਹਚਾ ਕਮਜ਼ੋਰ ਪੈ ਜਾਵੇਗੀ। ਉਹ ਨਿਰਾਸ਼ਾ ਦੀਆਂ ਭਾਵਨਾਵਾਂ ਦਾ ਫ਼ਾਇਦਾ ਉਠਾਉਂਦਾ ਹੈ। ਪਹਿਲੀ ਸਦੀ ਦੇ ਮਸੀਹੀਆਂ ਨੂੰ ਇਸ ਖ਼ਤਰੇ ਬਾਰੇ ਚੁਕੰਨੇ ਕੀਤਾ ਗਿਆ ਸੀ: “ਤੁਸੀਂ ਉਹ ਨੂੰ ਸੋਚੋ ਜਿਹ ਨੇ ਆਪਣੇ ਉੱਤੇ ਪਾਪੀਆਂ ਦੀ ਐਡੀ ਲਾਗਬਾਜ਼ੀ ਸਹਿ ਲਈ।” ਕਿਉਂ? “ਭਈ ਨਾ ਹੋਵੇ ਜੋ ਤੁਸੀਂ ਅੱਕ ਕੇ ਆਪਣੇ ਜੀ ਵਿੱਚ ਢਿੱਲੇ ਪੈ ਜਾਓ।”—ਇਬ. 12:3.

12. ਬਾਈਬਲ ਦੀ ਸਲਾਹ ਤੋਂ ਨਿਰਾਸ਼ ਭੈਣਾਂ-ਭਰਾਵਾਂ ਨੂੰ ਕਿਵੇਂ ਤਾਕਤ ਮਿਲਦੀ ਹੈ?

12 ਕੀ ਤੁਹਾਡੇ ਮਨ ਵਿਚ ਕਦੇ ਇਹ ਖ਼ਿਆਲ ਆਇਆ ਕਿ ਤੁਸੀਂ ਯਹੋਵਾਹ ਦੀ ਸੇਵਾ ਕਰਨੀ ਛੱਡ ਦਿਓਗੇ? ਕੀ ਤੁਸੀਂ ਕਦੇ-ਕਦਾਈਂ ਸੋਚਦੇ ਹੋ ਕਿ ਤੁਸੀਂ ਕਿਸੇ ਕੰਮ ਦੇ ਨਹੀਂ? ਜੇ ਹਾਂ, ਤਾਂ ਸ਼ਤਾਨ ਨੂੰ ਆਪਣੀਆਂ ਇਨ੍ਹਾਂ ਭਾਵਨਾਵਾਂ ਦਾ ਲਾਹਾ ਨਾ ਲੈਣ ਦਿਓ ਕਿਉਂਕਿ ਉਹ ਸਾਨੂੰ ਯਹੋਵਾਹ ਦੀ ਸੇਵਾ ਕਰਨ ਤੋਂ ਰੋਕਣਾ ਚਾਹੁੰਦਾ ਹੈ। ਬਾਈਬਲ ਦਾ ਡੂੰਘਾ ਅਧਿਐਨ ਕਰਨ, ਦਿਲੋਂ ਪ੍ਰਾਰਥਨਾ ਕਰਨ, ਸਭਾਵਾਂ ਵਿਚ ਬਾਕਾਇਦਾ ਜਾਣ ਅਤੇ ਭੈਣਾਂ-ਭਰਾਵਾਂ ਨਾਲ ਮਿਲਣ-ਜੁਲਣ ਨਾਲ ਤੁਹਾਨੂੰ ਹੌਸਲਾ ਮਿਲੇਗਾ ਅਤੇ ਤੁਸੀਂ ‘ਆਪਣੇ ਜੀ ਵਿੱਚ ਢਿੱਲੇ ਨਹੀਂ ਪਓਗੇ।’ ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਉਹ ਨਵੇਂ ਸਿਰਿਓਂ ਬਲ ਪਾਉਣ ਵਿਚ ਆਪਣੇ ਭਗਤਾਂ ਦੀ ਮਦਦ ਕਰੇਗਾ ਤੇ ਅਸੀਂ ਇਸ ਵਾਅਦੇ ਉੱਤੇ ਭਰੋਸਾ ਰੱਖ ਸਕਦੇ ਹਾਂ। (ਯਸਾਯਾਹ 40:30, 31 ਪੜ੍ਹੋ।) ਆਪਣਾ ਧਿਆਨ ਪਰਮੇਸ਼ੁਰ ਦੇ ਕੰਮਾਂ ਉੱਤੇ ਲਾਓ। ਸਮਾਂ ਬਰਬਾਦ ਕਰਨ ਵਾਲੀਆਂ ਗੱਲਾਂ ਨੂੰ ਛੱਡ ਕੇ ਦੂਜਿਆਂ ਦੀ ਮਦਦ ਕਰੋ। ਇਸ ਤਰ੍ਹਾਂ ਤੁਹਾਨੂੰ ਨਿਰਾਸ਼ਾ ਦਾ ਸਾਮ੍ਹਣਾ ਕਰਨ ਦੀ ਤਾਕਤ ਮਿਲੇਗੀ।—ਗਲਾ. 6:1, 2.

ਵੱਡੀ ਬਿਪਤਾ ਵਿੱਚੋਂ ਬਚ ਕੇ ਨਵੀਂ ਦੁਨੀਆਂ ਵਿਚ

13. ਆਰਮਾਗੇਡਨ ਵਿੱਚੋਂ ਬਚਣ ਵਾਲਿਆਂ ਕੋਲ ਕਿਹੜਾ ਕੰਮ ਹੋਵੇਗਾ?

13 ਆਰਮਾਗੇਡਨ ਤੋਂ ਬਾਅਦ ਦੁਬਾਰਾ ਜੀ ਉਠਾਏ ਗਏ ਅਰਬਾਂ ਹੀ ਕੁਧਰਮੀ ਲੋਕਾਂ ਨੂੰ ਯਹੋਵਾਹ ਦੇ ਰਾਹਾਂ ਬਾਰੇ ਸਿੱਖਣ ਦੀ ਲੋੜ ਪਵੇਗੀ। (ਰਸੂ. 24:15) ਉਨ੍ਹਾਂ ਨੂੰ ਯਿਸੂ ਦੀ ਕੁਰਬਾਨੀ ਬਾਰੇ ਸਿੱਖਣਾ ਪਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਿਖਾਇਆ ਜਾਵੇਗਾ ਕਿ ਇਸ ਕੁਰਬਾਨੀ ਵਿਚ ਨਿਹਚਾ ਕਰ ਕੇ ਉਨ੍ਹਾਂ ਨੂੰ ਫ਼ਾਇਦੇ ਹੋਣਗੇ। ਉਨ੍ਹਾਂ ਨੂੰ ਆਪਣੇ ਪੁਰਾਣੇ ਧਾਰਮਿਕ ਵਿਚਾਰ ਅਤੇ ਤੌਰ-ਤਰੀਕੇ ਛੱਡਣੇ ਪੈਣਗੇ। ਉਨ੍ਹਾਂ ਨੂੰ ਨਵੀਂ ਇਨਸਾਨੀਅਤ ਪਹਿਨਣ ਬਾਰੇ ਸਿੱਖਣਾ ਪਵੇਗਾ ਜਿਸ ਤੋਂ ਸੱਚੇ ਮਸੀਹੀਆਂ ਦੀ ਪਛਾਣ ਹੁੰਦੀ ਹੈ। (ਅਫ਼. 4:22-24; ਕੁਲੁ. 3:9, 10) ਆਰਮਾਗੇਡਨ ਵਿੱਚੋਂ ਬਚਣ ਵਾਲਿਆਂ ਕੋਲ ਬਹੁਤ ਸਾਰਾ ਕੰਮ ਕਰਨ ਨੂੰ ਹੋਵੇਗਾ। ਯਹੋਵਾਹ ਦੀ ਇਸ ਤਰ੍ਹਾਂ ਸੇਵਾ ਕਰ ਕੇ ਉਨ੍ਹਾਂ ਨੂੰ ਬਹੁਤ ਮਜ਼ਾ ਆਵੇਗਾ। ਉਸ ਵੇਲੇ ਸ਼ਤਾਨ ਦੀ ਦੁਸ਼ਟ ਦੁਨੀਆਂ ਦੇ ਦਬਾਅ ਅਤੇ ਧਿਆਨ ਭਟਕਾਉਣ ਵਾਲੀਆਂ ਗੱਲਾਂ ਨਹੀਂ ਹੋਣਗੀਆਂ, ਇਸ ਲਈ ਉਹ ਪੂਰੇ ਦਿਲ ਨਾਲ ਯਹੋਵਾਹ ਦੀ ਭਗਤੀ ਕਰ ਸਕਣਗੇ।

14, 15. ਵੱਡੀ ਬਿਪਤਾ ਵਿੱਚੋਂ ਬਚਣ ਵਾਲੇ ਅਤੇ ਦੁਬਾਰਾ ਜ਼ਿੰਦਾ ਕੀਤੇ ਗਏ ਪਰਮੇਸ਼ੁਰ ਦੇ ਭਗਤ ਇਕ-ਦੂਜੇ ਨਾਲ ਕਿਹੜੀਆਂ ਗੱਲਾਂ ਸਾਂਝੀਆਂ ਕਰਨਗੇ?

14 ਉਸ ਸਮੇਂ ਯਹੋਵਾਹ ਦੇ ਉਹ ਵਫ਼ਾਦਾਰ ਸੇਵਕ ਵੀ ਬਹੁਤ ਕੁਝ ਸਿੱਖਣਗੇ ਜੋ ਯਿਸੂ ਦੇ ਧਰਤੀ ਉੱਤੇ ਪ੍ਰਚਾਰ ਕਰਨ ਤੋਂ ਪਹਿਲਾਂ ਹੀ ਮਰ ਗਏ ਸਨ। ਉਹ ਜਾਣਨਗੇ ਕਿ ਵਾਅਦਾ ਕੀਤਾ ਹੋਇਆ ਮਸੀਹਾ ਕੌਣ ਸੀ ਜਿਸ ਨੂੰ ਦੇਖਣ ਲਈ ਉਹ ਤਰਸ ਰਹੇ ਸਨ, ਪਰ ਦੇਖ ਨਹੀਂ ਪਾਏ। ਉਨ੍ਹਾਂ ਨੇ ਆਪਣੇ ਜੀਵਨ-ਕਾਲ ਦੌਰਾਨ ਦਿਖਾਇਆ ਸੀ ਕਿ ਉਹ ਯਹੋਵਾਹ ਤੋਂ ਸਿੱਖਣ ਲਈ ਤਿਆਰ ਸਨ। ਉਨ੍ਹਾਂ ਦੀ ਮਦਦ ਕਰ ਕੇ ਸਾਨੂੰ ਕਿੰਨੀ ਖ਼ੁਸ਼ੀ ਹੋਵੇਗੀ। ਮਿਸਾਲ ਲਈ, ਜ਼ਰਾ ਕਲਪਨਾ ਕਰ ਕੇ ਦੇਖੋ ਕਿ ਦਾਨੀਏਲ ਨੂੰ ਉਨ੍ਹਾਂ ਭਵਿੱਖਬਾਣੀਆਂ ਦੀ ਪੂਰਤੀ ਬਾਰੇ ਦੱਸ ਕੇ ਅਸੀਂ ਕਿੰਨੇ ਖ਼ੁਸ਼ ਹੋਵਾਂਗੇ ਜੋ ਉਸ ਨੇ ਲਿਖੀਆਂ ਸਨ, ਪਰ ਸਮਝੀਆਂ ਨਹੀਂ!—ਦਾਨੀ. 12:8, 9.

15 ਦੁਬਾਰਾ ਜ਼ਿੰਦਾ ਕੀਤੇ ਜਾਣ ਵਾਲੇ ਪਰਮੇਸ਼ੁਰ ਦੇ ਭਗਤ ਸਾਡੇ ਕੋਲੋਂ ਬਹੁਤ ਕੁਝ ਸਿੱਖਣਗੇ, ਪਰ ਅਸੀਂ ਵੀ ਉਨ੍ਹਾਂ ਤੋਂ ਬਹੁਤ ਸਾਰੇ ਸਵਾਲ ਪੁੱਛਾਂਗੇ। ਉਹ ਸਾਨੂੰ ਉਨ੍ਹਾਂ ਘਟਨਾਵਾਂ ਬਾਰੇ ਖੋਲ੍ਹ ਕੇ ਦੱਸਣਗੇ ਜਿਨ੍ਹਾਂ ਬਾਰੇ ਬਾਈਬਲ ਵਿਚ ਬਹੁਤਾ ਨਹੀਂ ਦੱਸਿਆ ਗਿਆ। ਜ਼ਰਾ ਸੋਚ ਕੇ ਦੇਖੋ ਕਿ ਜਦ ਅਸੀਂ ਯਿਸੂ ਦੇ ਰਿਸ਼ਤੇਦਾਰ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਯਿਸੂ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਾਂਗੇ, ਤਾਂ ਸਾਡਾ ਰੋਮ-ਰੋਮ ਖਿੜ ਉੱਠੇਗਾ! ਇਨ੍ਹਾਂ ਵਫ਼ਾਦਾਰ ਗਵਾਹਾਂ ਤੋਂ ਜਿਹੜੀਆਂ ਗੱਲਾਂ ਅਸੀਂ ਸਿੱਖਾਂਗੇ, ਉਨ੍ਹਾਂ ਨਾਲ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਾਂਗੇ। ਅਤੀਤ ਵਿਚ ਮੌਤ ਦੀ ਨੀਂਦ ਸੌਂ ਚੁੱਕੇ ਪਰਮੇਸ਼ੁਰ ਦੇ ਭਗਤ ਅਤੇ ਅੰਤ ਆਉਣ ਤੋਂ ਪਹਿਲਾਂ ਮਰਨ ਵਾਲੇ ਵੱਡੀ ਭੀੜ ਦੇ ਮੈਂਬਰ ਜ਼ਿੰਦਾ ਹੋ ਕੇ ਵਧੀਆ ਜ਼ਿੰਦਗੀ ਦਾ ਆਨੰਦ ਮਾਣਨਗੇ। ਉਨ੍ਹਾਂ ਨੇ ਸ਼ਤਾਨ ਦੀ ਦੁਨੀਆਂ ਵਿਚ ਰਹਿੰਦਿਆਂ ਯਹੋਵਾਹ ਦੀ ਭਗਤੀ ਕਰਨੀ ਸ਼ੁਰੂ ਕੀਤੀ ਸੀ। ਪਰ ਉਨ੍ਹਾਂ ਲਈ ਨਵੀਂ ਦੁਨੀਆਂ ਵਿਚ ਪਰਮੇਸ਼ੁਰ ਦੀ ਭਗਤੀ ਕਰਨ ਦਾ ਮਜ਼ਾ ਹੀ ਕੁਝ ਹੋਰ ਹੋਵੇਗਾ ਜਦ ਹਾਲਾਤ ਅੱਜ ਨਾਲੋਂ ਕਿਤੇ ਵਧੀਆ ਹੋਣਗੇ।—ਇਬ. 11:35; 1 ਯੂਹੰ. 5:19.

16. ਭਵਿੱਖਬਾਣੀ ਦੇ ਮੁਤਾਬਕ ਨਿਆਂ ਦੇ ਦਿਨ ਦੌਰਾਨ ਕੀ ਹੋਵੇਗਾ?

16 ਨਿਆਂ ਦੇ ਦਿਨ ਦੌਰਾਨ ਇਕ ਵਕਤ ਆਵੇਗਾ ਜਦ ਪੋਥੀਆਂ ਖੋਲ੍ਹੀਆਂ ਜਾਣਗੀਆਂ। ਬਾਈਬਲ ਦੇ ਨਾਲ-ਨਾਲ ਇਨ੍ਹਾਂ ਪੋਥੀਆਂ ਤੋਂ ਤੈ ਹੋਵੇਗਾ ਕਿ ਉਸ ਵੇਲੇ ਲੋਕ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੇ ਲਾਇਕ ਹੋਣਗੇ ਜਾਂ ਨਹੀਂ। (ਪਰਕਾਸ਼ ਦੀ ਪੋਥੀ 20:12, 13 ਪੜ੍ਹੋ।) ਨਿਆਂ ਦੇ ਦਿਨ ਦੀ ਸਮਾਪਤੀ ਤਕ ਹਰ ਵਿਅਕਤੀ ਨੂੰ ਇਹ ਦਿਖਾਉਣ ਦਾ ਮੌਕਾ ਮਿਲ ਚੁੱਕਾ ਹੋਵੇਗਾ ਕਿ ਉਹ ਯਹੋਵਾਹ ਦੀ ਹਕੂਮਤ ਦੇ ਪੱਖ ਵਿਚ ਹੈ ਜਾਂ ਨਹੀਂ। ਕੀ ਉਹ ਪਰਮੇਸ਼ੁਰ ਦੇ ਰਾਜ ਅਧੀਨ ਰਹੇਗਾ ਅਤੇ “ਅੰਮ੍ਰਿਤ ਜਲ ਦਿਆਂ ਸੋਤਿਆਂ” ਤਾਈਂ ਜਾਣ ਲਈ ਲੇਲੇ ਦੀ ਸੇਧ ਵਿਚ ਚੱਲਣ ਲਈ ਰਾਜ਼ੀ ਹੋਵੇਗਾ? ਜਾਂ ਕੀ ਉਹ ਪਰਮੇਸ਼ੁਰ ਦੇ ਰਾਜ ਅਧੀਨ ਰਹਿਣ ਤੋਂ ਇਨਕਾਰ ਕਰ ਦੇਵੇਗਾ? (ਪਰ. 7:17; ਯਸਾ. 65:20) ਉਸ ਵੇਲੇ ਇਹ ਫ਼ੈਸਲਾ ਕਰਦਿਆਂ ਕਿਸੇ ਉੱਤੇ ਆਦਮ ਦੇ ਪਾਪ ਜਾਂ ਬੁਰੇ ਮਾਹੌਲ ਦਾ ਅਸਰ ਨਹੀਂ ਹੋਵੇਗਾ। ਉਦੋਂ ਯਹੋਵਾਹ ਦੇ ਆਖ਼ਰੀ ਨਿਆਂ ਬਾਰੇ ਕੋਈ ਵੀ ਸਵਾਲ ਖੜ੍ਹਾ ਨਹੀਂ ਕਰ ਸਕੇਗਾ। ਯਹੋਵਾਹ ਦੀ ਹਕੂਮਤ ਦਾ ਪੱਖ ਨਾ ਲੈਣ ਵਾਲੇ ਲੋਕਾਂ ਨੂੰ ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਵੇਗਾ।—ਪਰ. 20:14, 15.

17, 18. ਮਸਹ ਕੀਤੇ ਹੋਏ ਮਸੀਹੀ ਅਤੇ ਹੋਰ ਭੇਡਾਂ ਨਿਆਂ ਦੇ ਦਿਨ ਨੂੰ ਕਿਵੇਂ ਵਿਚਾਰਦੇ ਹਨ?

17 ਮਸਹ ਕੀਤੇ ਹੋਏ ਮਸੀਹੀ, ਜੋ ਪਰਮੇਸ਼ੁਰ ਦੇ ਰਾਜ ਦੇ ਯੋਗ ਗਿਣੇ ਗਏ ਹਨ, ਨਿਆਂ ਦੇ ਦਿਨ ਦੌਰਾਨ ਯਿਸੂ ਨਾਲ ਰਾਜ ਕਰਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਹ ਉਨ੍ਹਾਂ ਲਈ ਕਿੰਨਾ ਵੱਡਾ ਸਨਮਾਨ ਹੋਵੇਗਾ! ਇਸ ਲਈ ਉਹ ਪਤਰਸ ਦੀ ਸਲਾਹ ਉੱਤੇ ਚੱਲਣ ਲਈ ਪ੍ਰੇਰਿਤ ਹੁੰਦੇ ਹਨ ਜੋ ਉਸ ਨੇ ਪਹਿਲੀ ਸਦੀ ਵਿਚ ਆਪਣੇ ਭਰਾਵਾਂ ਨੂੰ ਦਿੱਤੀ ਸੀ: “ਆਪਣੇ ਸੱਦੇ ਜਾਣ ਅਤੇ ਚੁਣੇ ਜਾਣ ਨੂੰ ਪੱਕਿਆਂ ਕਰਨ ਦਾ ਹੋਰ ਭੀ ਜਤਨ ਕਰੋ ਕਿਉਂਕਿ ਜੇ ਤੁਸੀਂ ਏਹ ਕੰਮ ਕਰੋ ਤਾਂ ਕਦੇ ਠੇਡਾ ਨਾ ਖਾਓਗੇ। ਕਿਉਂ ਜੋ ਇਸੇ ਪਰਕਾਰ ਤੁਹਾਨੂੰ ਸਾਡੇ ਪ੍ਰਭੁ ਅਤੇ ਮੁਕਤੀ ਦਾਤੇ ਯਿਸੂ ਮਸੀਹ ਦੇ ਸਦੀਪਕ ਰਾਜ ਵਿੱਚ ਵੱਡੀ ਖੁਲ੍ਹ ਨਾਲ ਪਰਵੇਸ਼ ਕਰਨਾ ਮਿਲੇਗਾ।”—2 ਪਤ. 1:10, 11.

18 ਵੱਡੀ ਭੀੜ ਦੇ ਮੈਂਬਰ ਖ਼ੁਸ਼ ਹਨ ਕਿ ਉਨ੍ਹਾਂ ਦੇ ਮਸਹ ਕੀਤੇ ਹੋਏ ਭਰਾਵਾਂ ਨੂੰ ਸਵਰਗੀ ਜੀਵਨ ਮਿਲਣ ਵਾਲਾ ਹੈ। ਉਨ੍ਹਾਂ ਨੇ ਆਪਣੇ ਇਨ੍ਹਾਂ ਭਰਾਵਾਂ ਦਾ ਸਾਥ ਦੇਣ ਦੀ ਠਾਣੀ ਹੋਈ ਹੈ। ਪਰਮੇਸ਼ੁਰ ਦੇ ਦੋਸਤ ਹੋਣ ਦੇ ਨਾਤੇ, ਉਹ ਤਨ-ਮਨ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਹਨ। ਨਿਆਂ ਦੇ ਦਿਨ ਉਹ ਪਰਮੇਸ਼ੁਰ ਦੇ ਇੰਤਜ਼ਾਮਾਂ ਨੂੰ ਖਿੜੇ-ਮੱਥੇ ਸਵੀਕਾਰ ਕਰਨਗੇ ਅਤੇ ਅੰਮ੍ਰਿਤ ਜਲ ਦੇ ਸੋਤਿਆਂ ਤਾਈਂ ਜਾਣ ਲਈ ਯਿਸੂ ਦੀ ਸੇਧ ਵਿਚ ਚੱਲਣਗੇ। ਫਿਰ ਉਹ ਹਮੇਸ਼ਾ-ਹਮੇਸ਼ਾ ਲਈ ਯਹੋਵਾਹ ਦੇ ਸੇਵਕ ਕਹਿਲਾਉਣ ਦੇ ਯੋਗ ਗਿਣੇ ਜਾਣਗੇ ਅਤੇ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਦਾ ਆਨੰਦ ਮਾਣਨਗੇ!—ਰੋਮੀ. 8:20, 21; ਪਰ. 21:1-7.

ਕੀ ਤੁਹਾਨੂੰ ਯਾਦ ਹੈ?

• ਯਿਸੂ ਦੇ ਮਾਲ ਮਤੇ ਵਿਚ ਕੀ ਕੁਝ ਸ਼ਾਮਲ ਹੈ?

• ਵੱਡੀ ਭੀੜ ਦੇ ਮੈਂਬਰ ਆਪਣੇ ਮਸਹ ਕੀਤੇ ਹੋਏ ਭਰਾਵਾਂ ਦਾ ਸਾਥ ਕਿਵੇਂ ਦਿੰਦੇ ਹਨ?

• ਵੱਡੀ ਭੀੜ ਦੇ ਮੈਂਬਰਾਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

• ਨਿਆਂ ਦੇ ਦਿਨ ਨੂੰ ਤੁਸੀਂ ਕਿਵੇਂ ਵਿਚਾਰਦੇ ਹੋ?

[ਸਵਾਲ]

[ਸਫ਼ਾ 25 ਉੱਤੇ ਤਸਵੀਰ]

ਵੱਡੀ ਭੀੜ ਦੇ ਮੈਂਬਰਾਂ ਨੇ ਆਪਣੇ ਬਸਤਰ ਧੋਤੇ ਹਨ ਅਤੇ ਲੇਲੇ ਦੇ ਲਹੂ ਨਾਲ ਚਿੱਟੇ ਕੀਤੇ ਹਨ

[ਸਫ਼ਾ 27 ਉੱਤੇ ਤਸਵੀਰ]

ਦੁਬਾਰਾ ਜ਼ਿੰਦਾ ਕੀਤੇ ਗਏ ਪਰਮੇਸ਼ੁਰ ਦੇ ਵਫ਼ਾਦਾਰ ਭਗਤਾਂ ਤੋਂ ਤੁਸੀਂ ਕੀ ਕੁਝ ਸਿੱਖਣ ਦੀ ਉਮੀਦ ਰੱਖਦੇ ਹੋ?