Skip to content

Skip to table of contents

ਉਹ ਪਰਮੇਸ਼ੁਰ ਦੇ ਰਾਜ ਦੇ ਯੋਗ ਗਿਣੇ ਗਏ

ਉਹ ਪਰਮੇਸ਼ੁਰ ਦੇ ਰਾਜ ਦੇ ਯੋਗ ਗਿਣੇ ਗਏ

ਉਹ ਪਰਮੇਸ਼ੁਰ ਦੇ ਰਾਜ ਦੇ ਯੋਗ ਗਿਣੇ ਗਏ

“ਇਹ ਪਰਮੇਸ਼ੁਰ ਦੇ ਜਥਾਰਥ ਨਿਆਉਂ ਦਾ ਪਰਮਾਣ ਹੈ ਭਈ ਤੁਸੀਂ ਪਰਮੇਸ਼ੁਰ ਦੇ ਰਾਜ ਦੇ ਜੋਗ ਗਿਣੇ ਜਾਓ।”—2 ਥੱਸ. 1:5.

1, 2. ਪਰਮੇਸ਼ੁਰ ਨੇ ਨਿਆਂ ਦਾ ਦਿਨ ਕਿਉਂ ਠਹਿਰਾਇਆ ਹੈ ਅਤੇ ਇਹ ਨਿਆਂ ਕੌਣ ਕਰੇਗਾ?

ਤਕਰੀਬਨ 50 ਈਸਵੀ ਵਿਚ ਪੌਲੁਸ ਰਸੂਲ ਅਥੈਨੇ ਵਿਚ ਸੀ। ਉੱਥੇ ਹੁੰਦੀ ਮੂਰਤੀ-ਪੂਜਾ ਨੂੰ ਦੇਖ ਕੇ ਉਹ ਖਿੱਝ ਗਿਆ ਤੇ ਵਧੀਆ ਗਵਾਹੀ ਦੇਣ ਲਈ ਪ੍ਰੇਰਿਤ ਹੋਇਆ। ਉਸ ਦੇ ਕਹੇ ਆਖ਼ਰੀ ਲਫ਼ਜ਼ਾਂ ਨੇ ਮੂਰਤੀ-ਪੂਜਾ ਕਰਨ ਵਾਲੇ ਲੋਕਾਂ ਦਾ ਧਿਆਨ ਜ਼ਰੂਰ ਖਿੱਚਿਆ ਹੋਵੇਗਾ। ਉਸ ਨੇ ਕਿਹਾ: ‘ਪਰਮੇਸ਼ੁਰ ਹੁਣ ਮਨੁੱਖਾਂ ਨੂੰ ਹੁਕਮ ਦਿੰਦਾ ਹੈ ਜੋ ਓਹ ਸਭ ਹਰੇਕ ਥਾਂ ਤੋਬਾ ਕਰਨ। ਕਿਉਂ ਜੋ ਉਸ ਨੇ ਇੱਕ ਦਿਨ ਠਹਿਰਾ ਛੱਡਿਆ ਹੈ ਜਿਹ ਦੇ ਵਿੱਚ ਉਹ ਸਚਿਆਈ ਨਾਲ ਸੰਸਾਰ ਦਾ ਨਿਆਉਂ ਕਰੇਗਾ ਓਸ ਮਨੁੱਖ ਦੇ ਰਾਹੀਂ ਜਿਹ ਨੂੰ ਉਸ ਨੇ ਠਹਿਰਾਇਆ ਅਤੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲ ਕੇ ਇਹ ਗੱਲ ਸਭਨਾਂ ਉੱਤੇ ਸਾਬਤ ਕਰ ਦਿੱਤੀ ਹੈ।’—ਰਸੂ. 17:30, 31.

2 ਇਸ ਗੱਲ ਤੇ ਸਾਨੂੰ ਗੰਭੀਰਤਾ ਨਾਲ ਗੌਰ ਕਰਨ ਦੀ ਲੋੜ ਹੈ ਕਿ ਪਰਮੇਸ਼ੁਰ ਨੇ ਮਨੁੱਖਜਾਤੀ ਦਾ ਨਿਆਂ ਕਰਨ ਲਈ ਇਕ ਦਿਨ ਠਹਿਰਾ ਛੱਡਿਆ ਹੈ। ਇਹ ਨਿਆਂ ਉਹ ਮਨੁੱਖ ਕਰੇਗਾ ਜਿਸ ਦਾ ਪੌਲੁਸ ਨੇ ਅਥੈਨੇ ਵਿਚ ਭਾਸ਼ਣ ਦਿੰਦਿਆਂ ਨਾਂ ਨਹੀਂ ਦੱਸਿਆ। ਪਰ ਅਸੀਂ ਜਾਣਦੇ ਹਾਂ ਕਿ ਉਹ ਯਿਸੂ ਮਸੀਹ ਹੈ ਜਿਸ ਨੂੰ ਮੁਰਦਿਆਂ ਵਿੱਚੋਂ ਜੀ ਉਠਾਇਆ ਗਿਆ ਸੀ। ਯਿਸੂ ਨਿਆਂ ਕਰਨ ਵੇਲੇ ਕਿਸੇ ਨੂੰ ਜ਼ਿੰਦਗੀ ਤੇ ਕਿਸੇ ਨੂੰ ਸਜ਼ਾ-ਏ-ਮੌਤ ਦੇਵੇਗਾ।

3. ਯਹੋਵਾਹ ਨੇ ਅਬਰਾਹਾਮ ਨਾਲ ਨੇਮ ਕਿਉਂ ਬੰਨ੍ਹਿਆ ਸੀ ਅਤੇ ਇਸ ਦੀ ਪੂਰਤੀ ਵਿਚ ਕੌਣ ਅਹਿਮ ਭੂਮਿਕਾ ਨਿਭਾਵੇਗਾ?

3 ਨਿਆਂ ਦਾ ਦਿਨ 1,000 ਸਾਲਾਂ ਦਾ ਹੋਵੇਗਾ। ਪਰਮੇਸ਼ੁਰ ਦੇ ਰਾਜ ਦਾ ਰਾਜਾ ਹੋਣ ਦੇ ਨਾਤੇ ਯਿਸੂ ਮੁੱਖ ਨਿਆਂਕਾਰ ਹੋਵੇਗਾ ਜੋ ਯਹੋਵਾਹ ਦੇ ਨਾਂ ਤੇ ਲੋਕਾਂ ਦਾ ਨਿਆਂ ਕਰੇਗਾ। ਪਰ ਉਹ ਇਕੱਲਾ ਨਹੀਂ ਹੋਵੇਗਾ। ਯਹੋਵਾਹ ਨੇ ਕੁਝ ਇਨਸਾਨਾਂ ਨੂੰ ਚੁਣਿਆ ਹੈ ਜੋ ਨਿਆਂ ਦੇ ਦਿਨ ਦੌਰਾਨ ਯਿਸੂ ਨਾਲ ਰਾਜ ਕਰਨਗੇ ਅਤੇ ਨਿਆਂ ਕਰਨ ਵਿਚ ਉਸ ਦਾ ਸਾਥ ਦੇਣਗੇ। (ਹੋਰ ਜਾਣਕਾਰੀ ਲਈ ਲੂਕਾ 22:29, 30 ਦੇਖੋ।) ਯਹੋਵਾਹ ਨੇ ਇਸ ਦਿਨ ਦੀ ਤਿਆਰੀ ਕੁਝ 4,000 ਸਾਲ ਪਹਿਲਾਂ ਕਰਨੀ ਸ਼ੁਰੂ ਕੀਤੀ ਸੀ ਜਦ ਉਸ ਨੇ ਆਪਣੇ ਵਫ਼ਾਦਾਰ ਭਗਤ ਅਬਰਾਹਾਮ ਨਾਲ ਨੇਮ ਬੰਨ੍ਹਿਆ ਸੀ। (ਉਤਪਤ 22:17, 18 ਪੜ੍ਹੋ।) ਇਹ ਨੇਮ 1943 ਈ. ਪੂ. ਵਿਚ ਬੰਨ੍ਹਿਆ ਗਿਆ ਸੀ। ਪਰ ਉਦੋਂ ਅਬਰਾਹਾਮ ਨੂੰ ਇਸ ਗੱਲ ਦੀ ਪੂਰੀ ਸਮਝ ਨਹੀਂ ਸੀ ਕਿ ਇਸ ਨੇਮ ਦਾ ਮਨੁੱਖਜਾਤੀ ਨੂੰ ਕੀ ਫ਼ਾਇਦਾ ਹੋਵੇਗਾ। ਅੱਜ ਅਸੀਂ ਜਾਣਦੇ ਹਾਂ ਕਿ ਇਸ ਨੇਮ ਅਨੁਸਾਰ ਅਬਰਾਹਾਮ ਦੀ ਅੰਸ ਮਨੁੱਖਜਾਤੀ ਦਾ ਨਿਆਂ ਕਰਨ ਵਿਚ ਅਹਿਮ ਭੂਮਿਕਾ ਨਿਭਾਵੇਗੀ।

4, 5. (ੳ) ਅਬਰਾਹਾਮ ਦੀ ਮੁੱਖ ਅੰਸ ਕੌਣ ਹੈ ਅਤੇ ਉਸ ਨੇ ਸਵਰਗੀ ਰਾਜ ਬਾਰੇ ਕੀ ਕਿਹਾ ਸੀ? (ਅ) ਹੋਰਨਾਂ ਨੂੰ ਰਾਜ ਦੇ ਮੈਂਬਰ ਬਣਨ ਦਾ ਸੱਦਾ ਕਦੋਂ ਮਿਲਿਆ ਸੀ?

4 ਅਬਰਾਹਾਮ ਦੀ ਮੁੱਖ ਅੰਸ ਯਿਸੂ ਸਾਬਤ ਹੋਇਆ ਜਿਸ ਨੂੰ 29 ਈਸਵੀ ਵਿਚ ਪਵਿੱਤਰ ਆਤਮਾ ਨਾਲ ਮਸਹ ਕੀਤਾ ਗਿਆ ਸੀ। ਇਸ ਤਰ੍ਹਾਂ ਉਹ ਮਸੀਹ ਬਣਿਆ। (ਗਲਾ. 3:16) ਅਗਲੇ ਸਾਢੇ ਤਿੰਨ ਸਾਲਾਂ ਲਈ ਉਸ ਨੇ ਯਹੂਦੀ ਕੌਮ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ। ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗਿਰਫ਼ਤਾਰੀ ਤੋਂ ਬਾਅਦ ਯਿਸੂ ਨੇ ਜ਼ਾਹਰ ਕੀਤਾ ਕਿ ਹੋਰ ਲੋਕ ਵੀ ਪਰਮੇਸ਼ੁਰ ਦੇ ਰਾਜ ਦੇ ਮੈਂਬਰ ਬਣ ਸਕਦੇ ਸਨ। ਉਸ ਨੇ ਕਿਹਾ: “ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੋੜੀ ਸੁਰਗ ਦੇ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ ਅਤੇ ਜ਼ੋਰ ਮਾਰਨ ਵਾਲੇ ਉਸ ਨੂੰ ਖੋਹ ਲੈਂਦੇ ਹਨ।”—ਮੱਤੀ 11:12.

5 ਦਿਲਚਸਪੀ ਦੀ ਗੱਲ ਹੈ ਕਿ ਸਵਰਗੀ ਰਾਜ ਦੇ ਮੈਂਬਰ ਬਣਨ ਵਾਲਿਆਂ ਨਾਲ ਗੱਲ ਕਰਨ ਤੋਂ ਪਹਿਲਾਂ ਯਿਸੂ ਨੇ ਕਿਹਾ ਸੀ: “ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਿਹੜੇ ਤੀਵੀਆਂ ਤੋਂ ਜੰਮੇ ਉਨ੍ਹਾਂ ਵਿੱਚੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲੋਂ ਵੱਡਾ ਕੋਈ ਵੀ ਨਾ ਉੱਠਿਆ ਪਰ ਜੋ ਸੁਰਗ ਦੇ ਰਾਜ ਵਿੱਚ ਛੋਟਾ ਹੈ ਸੋ ਉਸ ਤੋਂ ਵੱਡਾ ਹੈ।” (ਮੱਤੀ 11:11) ਉਸ ਨੇ ਇਸ ਤਰ੍ਹਾਂ ਕਿਉਂ ਕਿਹਾ? ਕਿਉਂਕਿ 33 ਈ. ਦੇ ਪੰਤੇਕੁਸਤ ਦੇ ਦਿਨ ਤੋਂ ਪਹਿਲਾਂ ਪਰਮੇਸ਼ੁਰ ਦੇ ਵਫ਼ਾਦਾਰ ਭਗਤਾਂ ਨੂੰ ਸਵਰਗੀ ਰਾਜ ਦੇ ਮੈਂਬਰ ਬਣਨ ਦਾ ਸੱਦਾ ਨਹੀਂ ਦਿੱਤਾ ਗਿਆ ਸੀ। ਇਹ ਸੱਦਾ ਉਨ੍ਹਾਂ ਨੂੰ ਪੰਤੇਕੁਸਤ ਦੇ ਦਿਨ ਹੀ ਮਿਲਿਆ ਜਦ ਯਿਸੂ ਦੇ ਚੇਲਿਆਂ ਉੱਤੇ ਪਵਿੱਤਰ ਆਤਮਾ ਪਾਈ ਗਈ ਸੀ। ਯੂਹੰਨਾ ਬਪਤਿਸਮਾ ਦੇਣ ਵਾਲਾ ਇਹ ਸਮਾਂ ਆਉਣ ਤੋਂ ਪਹਿਲਾਂ ਹੀ ਗੁਜ਼ਰ ਗਿਆ ਸੀ।—ਰਸੂ. 2:1-4.

ਅਬਰਾਹਾਮ ਦੀ ਅੰਸ ਧਰਮੀ ਠਹਿਰਾਈ ਗਈ

6, 7. (ੳ) ਅਬਰਾਹਾਮ ਦੀ ਅੰਸ “ਅਕਾਸ਼ ਦੇ ਤਾਰਿਆਂ” ਜਿੰਨੀ ਕਿਵੇਂ ਬਣੀ? (ਅ) ਅਬਰਾਹਾਮ ਨੂੰ ਕਿਹੜੀ ਬਰਕਤ ਮਿਲੀ ਸੀ ਅਤੇ ਉਸ ਦੀ ਅੰਸ ਨੂੰ ਵੀ ਉਸੇ ਤਰ੍ਹਾਂ ਦੀ ਕਿਹੜੀ ਬਰਕਤ ਮਿਲੀ?

6 ਅਬਰਾਹਾਮ ਨੂੰ ਕਿਹਾ ਗਿਆ ਸੀ ਕਿ ਉਸ ਦੀ ਅੰਸ “ਅਕਾਸ਼ ਦੇ ਤਾਰਿਆਂ” ਅਤੇ ਸਮੁੰਦਰ ਦੇ ਕੰਢੇ ਦੀ ਰੇਤ ਜਿੰਨੀ ਹੋਵੇਗੀ। (ਉਤ. 13:16; 22:17) ਜਿੱਦਾਂ ਆਕਾਸ਼ ਦੇ ਤਾਰਿਆਂ ਨੂੰ ਕੋਈ ਗਿਣ ਨਹੀਂ ਸਕਦਾ, ਉੱਦਾਂ ਅਬਰਾਹਾਮ ਦੇ ਜ਼ਮਾਨੇ ਵਿਚ ਕਿਸੇ ਵੀ ਇਨਸਾਨ ਲਈ ਇਹ ਦੱਸਣਾ ਮੁਸ਼ਕਲ ਸੀ ਕਿ ਇਸ ਅੰਸ ਦੀ ਗਿਣਤੀ ਕਿੰਨੀ ਕੁ ਹੋਵੇਗੀ। ਇਹ ਕਾਫ਼ੀ ਚਿਰ ਲਈ ਰਾਜ਼ ਹੀ ਰਿਹਾ ਕਿ ਅਬਰਾਹਾਮ ਦੀ ਅੰਸ ਵਿੱਚੋਂ ਕਿੰਨੇ ਕੁ ਜਣਿਆਂ ਨੇ ਸਵਰਗੀ ਰਾਜ ਦੇ ਮੈਂਬਰ ਬਣਨਾ ਸੀ। ਸਮਾਂ ਗੁਜ਼ਰਨ ਨਾਲ ਦੱਸਿਆ ਗਿਆ ਕਿ ਯਿਸੂ ਤੋਂ ਛੁੱਟ ਇਹ ਗਿਣਤੀ 1,44,000 ਹੋਣੀ ਸੀ।—ਪਰ. 7:4; 14:1.

7 ਅਬਰਾਹਾਮ ਦੀ ਨਿਹਚਾ ਬਾਰੇ ਪਰਮੇਸ਼ੁਰ ਦਾ ਬਚਨ ਦੱਸਦਾ ਹੈ: “[ਅਬਰਾਹਾਮ] ਨੇ ਯਹੋਵਾਹ ਦੀ ਪਰਤੀਤ ਕੀਤੀ ਅਤੇ ਉਸ ਨੇ ਉਹ ਦੇ ਲਈ ਏਸ ਗੱਲ ਨੂੰ ਧਰਮ ਗਿਣਿਆ।” (ਉਤ. 15:5, 6) ਇਹ ਸੱਚ ਹੈ ਕਿ ਕੋਈ ਵੀ ਇਨਸਾਨ ਪੂਰੀ ਤਰ੍ਹਾਂ ਧਰਮੀ ਨਹੀਂ ਹੈ। (ਯਾਕੂ. 3:2) ਪਰ ਅਬਰਾਹਾਮ ਦੀ ਬੇਮਿਸਾਲ ਨਿਹਚਾ ਦੇਖ ਕੇ ਯਹੋਵਾਹ ਨੇ ਉਸ ਨੂੰ ਧਰਮੀ ਠਹਿਰਾਇਆ ਅਤੇ ਉਸ ਨੂੰ ਆਪਣਾ ਦੋਸਤ ਵੀ ਕਿਹਾ। (ਯਸਾ. 41:8) ਅਬਰਾਹਾਮ ਦੀ ਅੰਸ ਵਿੱਚੋਂ ਪੈਦਾ ਹੋਏ ਯਿਸੂ ਦੇ ਨਾਲ-ਨਾਲ ਹੋਰਨਾਂ ਇਨਸਾਨਾਂ ਨੂੰ ਵੀ ਧਰਮੀ ਠਹਿਰਾਇਆ ਗਿਆ ਹੈ ਤੇ ਉਹ ਸਵਰਗ ਵਿਚ ਰਾਜ ਕਰਨਗੇ। ਇਸ ਤਰ੍ਹਾਂ ਉਹ ਅਬਰਾਹਾਮ ਨਾਲੋਂ ਜ਼ਿਆਦਾ ਬਰਕਤਾਂ ਪਾਉਂਦੇ ਹਨ।

8. ਅਬਰਾਹਾਮ ਦੀ ਅੰਸ ਦੇ ਮੈਂਬਰਾਂ ਨੂੰ ਹੋਰ ਕਿਹੜੀਆਂ ਬਰਕਤਾਂ ਮਿਲਣਗੀਆਂ?

8 ਮਸਹ ਕੀਤੇ ਹੋਏ ਮਸੀਹੀਆਂ ਨੂੰ ਇਸ ਲਈ ਧਰਮੀ ਠਹਿਰਾਇਆ ਗਿਆ ਹੈ ਕਿਉਂਕਿ ਉਹ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰਦੇ ਹਨ। (ਰੋਮੀ. 3:24, 28) ਯਹੋਵਾਹ ਦੀਆਂ ਨਜ਼ਰਾਂ ਵਿਚ ਉਹ ਪਾਪੀ ਨਹੀਂ ਗਿਣੇ ਜਾਂਦੇ ਅਤੇ ਉਨ੍ਹਾਂ ਨੂੰ ਪਵਿੱਤਰ ਆਤਮਾ ਨਾਲ ਮਸਹ ਕਰ ਕੇ ਪਰਮੇਸ਼ੁਰ ਦੇ ਪੁੱਤਰ ਅਤੇ ਯਿਸੂ ਦੇ ਭਰਾ ਬਣਨ ਦਾ ਸਨਮਾਨ ਦਿੱਤਾ ਜਾਂਦਾ ਹੈ। (ਯੂਹੰ. 1:12, 13) ਉਹ ਨਵੇਂ ਨੇਮ ਵਿਚ ਸ਼ਾਮਲ ਹੁੰਦੇ ਹਨ ਤੇ ਨਵੀਂ ਕੌਮ ਯਾਨੀ ‘ਪਰਮੇਸ਼ੁਰ ਦਾ ਇਸਰਾਏਲ’ ਬਣਦੇ ਹਨ। (ਗਲਾ. 6:16; ਲੂਕਾ 22:20) ਇਹ ਉਨ੍ਹਾਂ ਵਾਸਤੇ ਵਾਕਈ ਇਕ ਵੱਡਾ ਸਨਮਾਨ ਹੈ! ਪਰਮੇਸ਼ੁਰ ਦੀਆਂ ਇਨ੍ਹਾਂ ਮਿਹਰਬਾਨੀਆਂ ਸਦਕਾ ਮਸਹ ਕੀਤੇ ਹੋਏ ਮਸੀਹੀ ਧਰਤੀ ਉੱਤੇ ਹਮੇਸ਼ਾ ਵਾਸਤੇ ਰਹਿਣ ਦੀ ਉਮੀਦ ਤਿਆਗ ਦਿੰਦੇ ਹਨ। ਉਹ ਇਸ ਖ਼ਾਹਸ਼ ਨੂੰ ਉਸ ਅਸੀਮ ਖ਼ੁਸ਼ੀ ਦੇ ਬਦਲੇ ਕੁਰਬਾਨ ਕਰ ਦਿੰਦੇ ਹਨ ਜੋ ਖ਼ੁਸ਼ੀ ਉਨ੍ਹਾਂ ਨੂੰ ਨਿਆਂ ਦੇ ਦਿਨ ਦੌਰਾਨ ਯਿਸੂ ਦਾ ਸਾਥ ਦੇਣ ਅਤੇ ਉਸ ਨਾਲ ਸਵਰਗ ਵਿਚ ਰਾਜ ਕਰਨ ਨਾਲ ਮਿਲੇਗੀ।—ਰੋਮੀਆਂ 8:17 ਪੜ੍ਹੋ।

9, 10. (ੳ) ਮਸੀਹੀਆਂ ਨੂੰ ਪਵਿੱਤਰ ਆਤਮਾ ਨਾਲ ਕਦੋਂ ਮਸਹ ਕੀਤਾ ਗਿਆ ਸੀ ਤੇ ਉਨ੍ਹਾਂ ਅੱਗੇ ਕਿਹੜਾ ਇਨਾਮ ਰੱਖਿਆ ਗਿਆ? (ਅ) ਮਸਹ ਕੀਤੇ ਹੋਏ ਮਸੀਹੀਆਂ ਨੂੰ ਕਿਹੜੀ ਮਦਦ ਦਿੱਤੀ ਗਈ ਸੀ?

9 ਸੰਨ 33 ਵਿਚ ਪੰਤੇਕੁਸਤ ਦੇ ਦਿਨ ਤੇ ਵਫ਼ਾਦਾਰ ਇਨਸਾਨਾਂ ਦੇ ਇਕ ਸਮੂਹ ਨੂੰ ਉਨ੍ਹਾਂ ਲੋਕਾਂ ਵਿਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਗਿਆ ਜੋ ਨਿਆਂ ਦੇ ਦਿਨ ਦੌਰਾਨ ਯਿਸੂ ਨਾਲ ਰਾਜ ਕਰਨਗੇ। ਉਸ ਦਿਨ ਯਿਸੂ ਦੇ ਲਗਭਗ 120 ਚੇਲਿਆਂ ਨੂੰ ਪਵਿੱਤਰ ਆਤਮਾ ਨਾਲ ਮਸਹ ਕੀਤਾ ਗਿਆ ਸੀ। ਇਸ ਤਰ੍ਹਾਂ ਉਹ ਸਵਰਗੀ ਰਾਜ ਦੇ ਪਹਿਲੇ ਮੈਂਬਰਾਂ ਵਜੋਂ ਚੁਣੇ ਗਏ। ਪਰ ਇਹ ਉਨ੍ਹਾਂ ਵਾਸਤੇ ਆਪਣੀ ਮੰਜ਼ਲ ਵੱਲ ਵਧਣ ਦਾ ਪਹਿਲਾ ਹੀ ਕਦਮ ਸੀ। ਉਸ ਸਮੇਂ ਤੋਂ ਉਨ੍ਹਾਂ ਨੂੰ ਸ਼ਤਾਨ ਦੀ ਹਰ ਅਜ਼ਮਾਇਸ਼ ਦਾ ਸਾਮ੍ਹਣਾ ਕਰ ਕੇ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਸਾਬਤ ਕਰਨੀ ਪੈਣੀ ਸੀ। ਹਾਂ, ਸਵਰਗੀ ਜੀਵਨ ਦਾ ਮੁਕਟ ਹਾਸਲ ਕਰਨ ਲਈ ਉਨ੍ਹਾਂ ਨੂੰ ਮੌਤ ਤਾਈਂ ਵਫ਼ਾਦਾਰ ਰਹਿਣਾ ਪੈਣਾ ਸੀ।—ਪਰ. 2:10.

10 ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਯਹੋਵਾਹ ਨੇ ਆਪਣੇ ਬਚਨ ਅਤੇ ਕਲੀਸਿਯਾ ਰਾਹੀਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਲੋੜੀਂਦੀ ਸਲਾਹ ਅਤੇ ਹੌਸਲਾ ਦਿੱਤਾ। ਮਿਸਾਲ ਲਈ, ਪੌਲੁਸ ਰਸੂਲ ਨੇ ਥੱਸਲੁਨੀਕਾ ਵਿਚ ਰਹਿੰਦੇ ਮਸੀਹੀਆਂ ਨੂੰ ਲਿਖਿਆ: “ਜਿਵੇਂ ਪਿਤਾ ਆਪਣੇ ਬਾਲਕਾਂ ਨੂੰ ਤਿਵੇਂ ਅਸੀਂ ਤੁਹਾਡੇ ਵਿੱਚੋਂ ਇੱਕ ਇੱਕ ਨੂੰ ਕਿਵੇਂ ਉਪਦੇਸ਼ ਅਤੇ ਦਿਲਾਸਾ ਦਿੰਦੇ ਅਤੇ ਸਮਝਾਉਂਦੇ ਰਹੇ। ਜੋ ਤੁਸੀਂ ਪਰਮੇਸ਼ੁਰ ਦੇ ਜੋਗ ਚਾਲ ਚੱਲੋ ਜਿਹੜਾ ਤੁਹਾਨੂੰ ਆਪਣੇ ਰਾਜ ਅਤੇ ਤੇਜ ਵਿੱਚ ਸੱਦਦਾ ਹੈ।”—1 ਥੱਸ. 2:11, 12.

11. ਯਹੋਵਾਹ ਨੇ “ਪਰਮੇਸ਼ੁਰ ਦੇ ਇਸਰਾਏਲ” ਦੇ ਮੈਂਬਰਾਂ ਲਈ ਕਿਹੜਾ ਲਿਖਤੀ ਰਿਕਾਰਡ ਬਣਾਇਆ ਹੈ?

11 ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਦੇ ਪਹਿਲੇ ਮੈਂਬਰ ਚੁਣਨ ਤੋਂ ਤਕਰੀਬਨ 60 ਕੁ ਸਾਲਾਂ ਬਾਅਦ ਯਹੋਵਾਹ ਨੇ ਯਿਸੂ ਦੀ ਸੇਵਕਾਈ, ਪਹਿਲੀ ਸਦੀ ਵਿਚ ਮਸਹ ਕੀਤੇ ਹੋਏ ਮਸੀਹੀਆਂ ਉੱਤੇ ਯਹੋਵਾਹ ਦੇ ਉਪਕਾਰਾਂ ਅਤੇ ਉਨ੍ਹਾਂ ਨੂੰ ਦਿੱਤੀ ਸਲਾਹ ਦਾ ਇਕ ਪੱਕਾ ਰਿਕਾਰਡ ਲਿਖਵਾਇਆ। ਯਹੋਵਾਹ ਨੇ ਬਾਈਬਲ ਦੇ ਇਸ ਯੂਨਾਨੀ ਰਿਕਾਰਡ ਨੂੰ ਪਹਿਲਾਂ ਤੋਂ ਹੀ ਮੌਜੂਦ ਇਬਰਾਨੀ ਰਿਕਾਰਡ ਨਾਲ ਜੋੜ ਦਿੱਤਾ। ਬਾਈਬਲ ਦਾ ਇਬਰਾਨੀ ਰਿਕਾਰਡ ਜਾਂ ਹਿੱਸਾ ਪਹਿਲਾਂ-ਪਹਿਲ ਪੈਦਾਇਸ਼ੀ ਇਸਰਾਏਲੀਆਂ ਲਈ ਉਸ ਸਮੇਂ ਦੌਰਾਨ ਲਿਖਿਆ ਗਿਆ ਸੀ ਜਦ ਉਨ੍ਹਾਂ ਦਾ ਪਰਮੇਸ਼ੁਰ ਨਾਲ ਖ਼ਾਸ ਰਿਸ਼ਤਾ ਸੀ। ਬਾਈਬਲ ਦਾ ਯੂਨਾਨੀ ਹਿੱਸਾ ਖ਼ਾਸ ਕਰਕੇ “ਪਰਮੇਸ਼ੁਰ ਦੇ ਇਸਰਾਏਲ” ਯਾਨੀ ਮਸਹ ਕੀਤੇ ਗਏ ਮਸੀਹੀਆਂ ਲਈ ਲਿਖਿਆ ਗਿਆ ਸੀ ਜੋ ਪਰਮੇਸ਼ੁਰ ਦੇ ਪੁੱਤਰ ਅਤੇ ਮਸੀਹ ਦੇ ਭਰਾ ਸਨ। ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਦੂਜੀਆਂ ਕੌਮਾਂ ਦੇ ਲੋਕ ਇਬਰਾਨੀ ਹਿੱਸਾ ਪੜ੍ਹ ਕੇ ਕੋਈ ਫ਼ਾਇਦਾ ਹਾਸਲ ਨਹੀਂ ਕਰ ਸਕਦੇ ਸਨ। ਉਨ੍ਹਾਂ ਨੂੰ ਇਬਰਾਨੀ ਹਿੱਸਾ ਪੜ੍ਹ ਕੇ ਕਾਫ਼ੀ ਫ਼ਾਇਦਾ ਹੋਇਆ। ਉਸੇ ਤਰ੍ਹਾਂ ਯੂਨਾਨੀ ਹਿੱਸਾ ਪੜ੍ਹ ਕੇ ਅਤੇ ਇਸ ਵਿਚ ਦਿੱਤੀ ਸਲਾਹ ਅਨੁਸਾਰ ਚੱਲ ਕੇ ਉਨ੍ਹਾਂ ਮਸੀਹੀਆਂ ਨੂੰ ਵੀ ਕਾਫ਼ੀ ਫ਼ਾਇਦਾ ਹੁੰਦਾ ਹੈ ਜਿਨ੍ਹਾਂ ਨੂੰ ਪਵਿੱਤਰ ਆਤਮਾ ਨਾਲ ਮਸਹ ਨਹੀਂ ਕੀਤਾ ਗਿਆ।—2 ਤਿਮੋਥਿਉਸ 3:15-17 ਪੜ੍ਹੋ।

12. ਪੌਲੁਸ ਨੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਕਿਹੜੀ ਗੱਲ ਯਾਦ ਕਰਾਈ ਸੀ?

12 ਸਵਰਗ ਨੂੰ ਜਾਣ ਦੇ ਲਾਇਕ ਬਣਾਉਣ ਲਈ ਪਰਮੇਸ਼ੁਰ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਧਰਮੀ ਠਹਿਰਾਇਆ ਤੇ ਫਿਰ ਉਨ੍ਹਾਂ ਨੂੰ ਪਵਿੱਤਰ ਆਤਮਾ ਨਾਲ ਮਸਹ ਕੀਤਾ। ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਉਹ ਧਰਤੀ ਉੱਤੇ ਰਹਿੰਦਿਆਂ ਆਪਣੇ ਮਸਹ ਕੀਤੇ ਹੋਏ ਭੈਣਾਂ-ਭਰਾਵਾਂ ਉੱਤੇ ਹਕੂਮਤ ਕਰ ਸਕਦੇ ਸਨ। ਕੁਝ ਮਸੀਹੀ ਇਸ ਗੱਲ ਨੂੰ ਭੁੱਲ ਗਏ ਅਤੇ ਕਲੀਸਿਯਾ ਵਿਚ ਉੱਚੀਆਂ ਪਦਵੀਆਂ ਭਾਲਣ ਲੱਗ ਪਏ। ਨਤੀਜੇ ਵਜੋਂ ਪੌਲੁਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਤਾਂ ਹੁਣੇ ਹੀ ਰੱਜੇ ਹੋਏ ਹੋ! ਤੁਸੀਂ ਤਾਂ ਹੁਣੇ ਹੀ ਧਨੀ ਹੋ ਗਏ! ਤੁਸੀਂ ਸਾਥੋਂ ਬਿਨਾ ਰਾਜ ਕਰਨ ਲੱਗ ਪਏ ਅਤੇ ਕਾਸ਼ ਕਿ ਤੁਸੀਂ ਰਾਜ ਕਰਦੇ ਤਾਂ ਜੋ ਅਸੀਂ ਵੀ ਤੁਹਾਡੇ ਨਾਲ ਰਲ ਕੇ ਰਾਜ ਕਰਦੇ!” (1 ਕੁਰਿੰ. 4:8) ਇਸ ਲਈ ਪੌਲੁਸ ਨੇ ਉਨ੍ਹਾਂ ਨੂੰ ਯਾਦ ਕਰਾਇਆ: ‘ਅਸੀਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਾਂ ਕਿ ਤੁਹਾਨੂੰ ਕੀ ਵਿਸ਼ਵਾਸ ਕਰਨਾ ਚਾਹੀਦਾ ਹੈ। ਅਸੀਂ ਤਾਂ ਤੁਹਾਡੇ ਨਾਲ ਕੇਵਲ ਤੁਹਾਡੀ ਖੁਸ਼ੀ ਦੇ ਲਈ ਹੀ ਕੰਮ ਕਰ ਰਹੇ ਹਾਂ।’— 2 ਕੁਰਿੰ. 1:24, CL.

ਪਹਿਲਾਂ ਹੀ ਦੱਸੀ ਗਈ ਗਿਣਤੀ ਨੂੰ ਪੂਰਾ ਕਰਨਾ

13. ਕੀ ਸਾਰੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਪਹਿਲੀ ਸਦੀ ਵਿਚ ਹੀ ਚੁਣਿਆ ਗਿਆ ਸੀ?

13 ਸਾਰੇ 1,44,000 ਮਸਹ ਕੀਤੇ ਹੋਏ ਮਸੀਹੀ ਪਹਿਲੀ ਸਦੀ ਵਿਚ ਹੀ ਨਹੀਂ ਚੁਣੇ ਗਏ ਸਨ। ਉਨ੍ਹਾਂ ਨੂੰ ਬਾਅਦ ਵਿਚ ਵੀ ਚੁਣਿਆ ਜਾਂਦਾ ਰਿਹਾ। ਸਮੇਂ ਦੇ ਬੀਤਣ ਨਾਲ ਉਨ੍ਹਾਂ ਦਾ ਚੁਣਿਆ ਜਾਣਾ ਘੱਟ ਗਿਆ, ਪਰ ਬੰਦ ਨਹੀਂ ਹੋਇਆ। ਇਹ ਅੱਜ ਵੀ ਜਾਰੀ ਹੈ। (ਮੱਤੀ 28:20) ਫਿਰ 1914 ਵਿਚ ਯਿਸੂ ਦੇ ਰਾਜਾ ਬਣਨ ਤੋਂ ਬਾਅਦ ਕੁਝ ਗੱਲਾਂ ਫਟਾਫਟ ਹੋਣ ਲੱਗੀਆਂ।

14, 15. ਸਾਡੇ ਜ਼ਮਾਨੇ ਵਿਚ ਕੁਝ ਮਸੀਹੀਆਂ ਨੂੰ ਸਵਰਗ ਜਾਣ ਲਈ ਕਿਉਂ ਚੁਣਿਆ ਗਿਆ ਹੈ?

14 ਸਭ ਤੋਂ ਪਹਿਲਾਂ ਯਿਸੂ ਨੇ ਸਵਰਗ ਵਿੱਚੋਂ ਪਰਮੇਸ਼ੁਰ ਦੀ ਹਕੂਮਤ ਦੇ ਵਿਰੋਧੀਆਂ ਨੂੰ ਕੱਢਿਆ। (ਪਰਕਾਸ਼ ਦੀ ਪੋਥੀ 12:10, 12 ਪੜ੍ਹੋ।) ਫਿਰ ਉਸ ਨੇ ਆਪਣੇ ਰਾਜ ਦੇ ਬਾਕੀ ਮੈਂਬਰਾਂ ਨੂੰ ਇਕੱਠਾ ਕਰਨ ਵੱਲ ਧਿਆਨ ਦਿੱਤਾ ਤਾਂਕਿ ਉਨ੍ਹਾਂ ਦੀ ਗਿਣਤੀ ਪੂਰੀ ਹੋ ਸਕੇ। ਮੰਨਿਆ ਜਾਂਦਾ ਸੀ ਕਿ 1935 ਕੁ ਦੇ ਨੇੜੇ-ਤੇੜੇ ਇਹ ਗਿਣਤੀ ਪੂਰੀ ਹੋ ਗਈ ਸੀ। ਉਸ ਸਮੇਂ ਸੱਚਾਈ ਵਿਚ ਆਉਣ ਵਾਲੇ ਜ਼ਿਆਦਾਤਰ ਲੋਕ ਸਵਰਗ ਜਾਣ ਦੀ ਕੋਈ ਖ਼ਾਹਸ਼ ਨਹੀਂ ਰੱਖਦੇ ਸਨ। ਪਰਮੇਸ਼ੁਰ ਦੀ ਆਤਮਾ ਉਨ੍ਹਾਂ ਨੂੰ ਇਸ ਗੱਲ ਦੀ ਗਵਾਹੀ ਨਹੀਂ ਦੇ ਰਹੀ ਸੀ ਕਿ ਉਹ ਪਰਮੇਸ਼ੁਰ ਦੇ ਪੁੱਤਰ ਸਨ। (ਹੋਰ ਜਾਣਕਾਰੀ ਲਈ ਰੋਮੀਆਂ 8:16 ਦੇਖੋ।) ਦਰਅਸਲ ਉਹ ‘ਹੋਰ ਭੇਡਾਂ’ ਦੇ ਮੈਂਬਰ ਸਨ ਜੋ ਸੁੰਦਰ ਧਰਤੀ ਉੱਤੇ ਹਮੇਸ਼ਾ ਵਾਸਤੇ ਜੀਣ ਦੀ ਉਮੀਦ ਰੱਖਦੇ ਹਨ। (ਯੂਹੰ. 10:16) ਇਸ ਲਈ 1935 ਤੋਂ ਬਾਅਦ ਜ਼ੋਰ-ਸ਼ੋਰ ਨਾਲ ਪ੍ਰਚਾਰ ਦਾ ਕੰਮ ਹੋਣ ਲੱਗਾ ਤਾਂਕਿ “ਵੱਡੀ ਭੀੜ” ਨੂੰ ਇਕੱਠਾ ਕੀਤਾ ਜਾ ਸਕੇ ਜਿਸ ਨੂੰ ਯੂਹੰਨਾ ਰਸੂਲ ਨੇ ਦਰਸ਼ਣ ਵਿਚ ਦੇਖਿਆ ਸੀ ਤੇ ਜੋ “ਵੱਡੀ ਬਿਪਤਾ” ਵਿੱਚੋਂ ਬਚ ਨਿਕਲੇਗੀ।—ਪਰ. 7:9, 10, 14.

15 ਪਰ 1930 ਤੋਂ ਬਾਅਦ ਦੇ ਸਾਲਾਂ ਵਿਚ ਵੀ ਕੁਝ ਮਸੀਹੀਆਂ ਨੂੰ ਸਵਰਗੀ ਜੀਵਨ ਲਈ ਚੁਣਿਆ ਗਿਆ ਹੈ। ਕਿਉਂ? ਹੋ ਸਕਦਾ ਹੈ ਕਿ ਪਹਿਲਾਂ ਚੁਣੇ ਗਏ ਕੁਝ ਮਸੀਹੀ ਯਹੋਵਾਹ ਦੇ ਵਫ਼ਾਦਾਰ ਨਹੀਂ ਰਹੇ ਜਿਨ੍ਹਾਂ ਦੀ ਜਗ੍ਹਾ ਹੋਰਨਾਂ ਮਸੀਹੀਆਂ ਨੂੰ ਚੁਣ ਲਿਆ ਗਿਆ। (ਹੋਰ ਜਾਣਕਾਰੀ ਲਈ ਪਰਕਾਸ਼ ਦੀ ਪੋਥੀ 3:16 ਦੇਖੋ।) ਪੌਲੁਸ ਨੇ ਵੀ ਆਪਣੇ ਸਮੇਂ ਦੇ ਕੁਝ ਲੋਕਾਂ ਬਾਰੇ ਦੱਸਿਆ ਸੀ ਜਿਨ੍ਹਾਂ ਨੇ ਸੱਚਾਈ ਦੇ ਰਾਹ ਤੇ ਚੱਲਣਾ ਛੱਡ ਦਿੱਤਾ ਸੀ। (ਫ਼ਿਲਿ. 3:17-19) ਯਹੋਵਾਹ ਬੇਵਫ਼ਾ ਮਸੀਹੀਆਂ ਦੀ ਜਗ੍ਹਾ ਕਿਨ੍ਹਾਂ ਮਸੀਹੀਆਂ ਨੂੰ ਸਵਰਗ ਜਾਣ ਲਈ ਚੁਣਦਾ ਹੈ? ਇਹ ਤਾਂ ਯਹੋਵਾਹ ਦੀ ਮਰਜ਼ੀ ਹੈ ਕਿ ਉਹ ਕਿਸ ਨੂੰ ਚੁਣੇਗਾ। ਪਰ ਇਹ ਮੰਨਣਾ ਸਹੀ ਲੱਗਦਾ ਹੈ ਕਿ ਉਹ ਸੱਚਾਈ ਵਿਚ ਆਏ ਕਿਸੇ ਨਵੇਂ ਵਿਅਕਤੀ ਨੂੰ ਨਹੀਂ ਚੁਣੇਗਾ, ਸਗੋਂ ਉਸ ਨੂੰ ਚੁਣੇਗਾ ਜੋ ਸਾਲਾਂ ਤੋਂ ਆਪਣੀ ਵਫ਼ਾਦਾਰੀ ਸਾਬਤ ਕਰ ਚੁੱਕਾ ਹੈ। ਉਹ ਯਿਸੂ ਦੇ ਉਨ੍ਹਾਂ ਰਸੂਲਾਂ ਦੀ ਤਰ੍ਹਾਂ ਹੋਵੇਗਾ ਜੋ ਮਰਦੇ ਦਮ ਤਕ ਵਫ਼ਾਦਾਰ ਰਹੇ ਸਨ।—ਲੂਕਾ 22:28.

16. ਮਸਹ ਕੀਤੇ ਹੋਏ ਮਸੀਹੀਆਂ ਸੰਬੰਧੀ ਅਸੀਂ ਕਿਸ ਗੱਲ ਲਈ ਸ਼ੁਕਰਗੁਜ਼ਾਰ ਹਾਂ ਅਤੇ ਅਸੀਂ ਕਿਸ ਗੱਲ ਦਾ ਯਕੀਨ ਕਰ ਸਕਦੇ ਹਾਂ?

16 ਪਰ ਲੱਗਦਾ ਹੈ ਕਿ 1930 ਤੋਂ ਬਾਅਦ ਦੇ ਸਾਲਾਂ ਵਿਚ ਜਿਨ੍ਹਾਂ ਮਸੀਹੀਆਂ ਨੂੰ ਸਵਰਗੀ ਜੀਵਨ ਦਾ ਸੱਦਾ ਮਿਲਿਆ ਹੈ, ਉਹ ਸਾਰੇ ਦੇ ਸਾਰੇ ਉਨ੍ਹਾਂ ਦੀ ਜਗ੍ਹਾ ਨਹੀਂ ਚੁਣੇ ਗਏ ਜੋ ਸੱਚਾਈ ਤੋਂ ਫਿਰ ਗਏ ਸਨ। ਯਹੋਵਾਹ ਚਾਹੁੰਦਾ ਹੈ ਕਿ ‘ਵੱਡੀ ਬਾਬੁਲ’ ਦਾ ਨਾਸ਼ ਹੋਣ ਤੋਂ ਪਹਿਲਾਂ ਮਸਹ ਕੀਤੇ ਹੋਏ ਮਸੀਹੀ ਇਨ੍ਹਾਂ ਆਖ਼ਰੀ ਦਿਨਾਂ ਵਿਚ ਸਾਡੇ ਨਾਲ ਹੋਣ। * (ਪਰ. 17:5) ਅਸੀਂ ਇਸ ਗੱਲ ਦਾ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਆਪਣੇ ਢੁਕਵੇਂ ਸਮੇਂ ਤੇ ਇਨ੍ਹਾਂ 1,44,000 ਮੈਂਬਰਾਂ ਦੀ ਗਿਣਤੀ ਪੂਰੀ ਕਰ ਲਵੇਗਾ ਤੇ ਉਹ ਉਸ ਦੇ ਰਾਜ ਵਿਚ ਰਾਜ ਕਰਨਗੇ। ਅਸੀਂ ਯਹੋਵਾਹ ਦੇ ਬਚਨ ਤੇ ਵੀ ਭਰੋਸਾ ਰੱਖ ਸਕਦੇ ਹਾਂ ਕਿ ਵਧਦੀ ਜਾ ਰਹੀ ਵੱਡੀ ਭੀੜ ਆਪਣੀ ਵਫ਼ਾਦਾਰੀ ਦਾ ਸਬੂਤ ਦਿੰਦੀ ਰਹੇਗੀ। ਉਹ ਸ਼ਤਾਨ ਦੀ ਦੁਨੀਆਂ ਉੱਤੇ ਆਉਣ ਵਾਲੀ “ਵੱਡੀ ਬਿਪਤਾ” ਵਿੱਚੋਂ ਬਚ ਨਿਕਲੇਗੀ ਅਤੇ ਖ਼ੁਸ਼ੀ-ਖ਼ੁਸ਼ੀ ਨਵੀਂ ਦੁਨੀਆਂ ਵਿਚ ਦਾਖ਼ਲ ਹੋਵੇਗੀ।

ਪਰਮੇਸ਼ੁਰ ਦੇ ਰਾਜ ਦੇ ਮੈਂਬਰਾਂ ਦੀ ਗਿਣਤੀ ਪੂਰੀ ਹੋਣ ਵਾਲੀ ਹੀ ਹੈ!

17. 1 ਥੱਸਲੁਨੀਕੀਆਂ 4:15-17 ਅਤੇ ਪਰਕਾਸ਼ ਦੀ ਪੋਥੀ 6:9-11 ਦੇ ਮੁਤਾਬਕ ਉਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਦਾ ਕੀ ਹੋਇਆ ਹੈ ਜੋ ਮੌਤ ਤਾਈਂ ਵਫ਼ਾਦਾਰ ਰਹੇ?

17 ਸੰਨ 33 ਈਸਵੀ ਤੋਂ ਲੈ ਕੇ ਹੁਣ ਤਾਈਂ ਹਜ਼ਾਰਾਂ ਹੀ ਮਸਹ ਕੀਤੇ ਹੋਏ ਮਸੀਹੀਆਂ ਨੇ ਪੱਕੀ ਨਿਹਚਾ ਦਾ ਸਬੂਤ ਦਿੱਤਾ ਹੈ ਅਤੇ ਉਹ ਮੌਤ ਤਾਈਂ ਵਫ਼ਾਦਾਰ ਰਹੇ ਹਨ। ਇਨ੍ਹਾਂ ਨੂੰ ਰਾਜ ਕਰਨ ਦੇ ਯੋਗ ਗਿਣਿਆ ਗਿਆ ਹੈ। ਬਾਈਬਲ ਦੇ ਹਵਾਲਿਆਂ ਤੋਂ ਸਪੱਸ਼ਟ ਹੈ ਕਿ ਸਵਰਗ ਵਿਚ ਮਸੀਹ ਦੇ ਰਾਜਾ ਬਣਨ ਤੋਂ ਕੁਝ ਹੀ ਚਿਰ ਬਾਅਦ ਉਨ੍ਹਾਂ ਨੂੰ ਆਪਣਾ ਇਨਾਮ ਮਿਲ ਗਿਆ ਸੀ।—1 ਥੱਸਲੁਨੀਕੀਆਂ 4:15-17; ਪਰਕਾਸ਼ ਦੀ ਪੋਥੀ 6:9-11 ਪੜ੍ਹੋ।

18. (ੳ) ਧਰਤੀ ਉੱਤੇ ਰਹਿੰਦੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਕਿਸ ਗੱਲ ਦਾ ਯਕੀਨ ਹੈ? (ਅ) ਮਸਹ ਕੀਤੇ ਹੋਏ ਮਸੀਹੀਆਂ ਬਾਰੇ ਹੋਰਨਾਂ ਭੇਡਾਂ ਦੇ ਮੈਂਬਰਾਂ ਦਾ ਕੀ ਨਜ਼ਰੀਆ ਹੈ?

18 ਧਰਤੀ ਉੱਤੇ ਰਹਿੰਦੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਪੂਰਾ ਯਕੀਨ ਹੈ ਕਿ ਜੇ ਉਹ ਵਫ਼ਾਦਾਰ ਰਹੇ, ਤਾਂ ਜਲਦੀ ਹੀ ਉਨ੍ਹਾਂ ਨੂੰ ਆਪਣੀ ਵਫ਼ਾਦਾਰੀ ਦਾ ਇਨਾਮ ਮਿਲੇਗਾ। ਹੋਰ ਭੇਡਾਂ ਦੇ ਲੱਖਾਂ ਮੈਂਬਰ ਇਨ੍ਹਾਂ ਮਸੀਹੀਆਂ ਦੀ ਨਿਹਚਾ ਉੱਤੇ ਗੌਰ ਕਰਦਿਆਂ ਪੌਲੁਸ ਰਸੂਲ ਦੇ ਸ਼ਬਦਾਂ ਨਾਲ ਸਹਿਮਤ ਹੁੰਦੇ ਹਨ ਜੋ ਉਸ ਨੇ ਥੱਸਲੁਨੀਕਾ ਦੇ ਮਸੀਹੀਆਂ ਨੂੰ ਕਹੇ ਸਨ: “ਤੁਹਾਡੇ ਉਸ ਧੀਰਜ ਅਤੇ ਨਿਹਚਾ ਦੇ ਕਾਰਨ ਜੋ ਤੁਸੀਂ ਜ਼ੁਲਮ ਅਤੇ ਬਿਪਤਾਂ ਦੇ ਝੱਲਣ ਵਿੱਚ ਰੱਖਦੇ ਹੋ ਅਸੀਂ ਪਰਮੇਸ਼ੁਰ ਦੀਆਂ ਸਾਰੀਆਂ ਕਲੀਸਿਯਾਂ ਵਿੱਚ ਤੁਹਾਡੇ ਉੱਤੇ ਅਭਮਾਨ ਕਰਦੇ ਹਾਂ। ਇਹ ਪਰਮੇਸ਼ੁਰ ਦੇ ਜਥਾਰਥ ਨਿਆਉਂ ਦਾ ਪਰਮਾਣ ਹੈ ਭਈ ਤੁਸੀਂ ਪਰਮੇਸ਼ੁਰ ਦੇ ਰਾਜ ਦੇ ਜੋਗ ਗਿਣੇ ਜਾਓ ਜਿਹ ਦੇ ਲਈ ਤੁਸੀਂ ਦੁਖ ਵੀ ਭੋਗਦੇ ਹੋ।” (2 ਥੱਸ. 1:3-5) ਧਰਤੀ ਉੱਤੇ ਰਹਿੰਦੇ ਆਖ਼ਰੀ ਮਸਹ ਕੀਤੇ ਹੋਏ ਮਸੀਹੀ ਦੀ ਮੌਤ ਨਾਲ ਪਰਮੇਸ਼ੁਰ ਦੇ ਰਾਜ ਦੇ ਮੈਂਬਰਾਂ ਦੀ ਗਿਣਤੀ ਪੂਰੀ ਹੋ ਜਾਵੇਗੀ। ਉਸ ਵੇਲੇ ਸਵਰਗ ਵਿਚ ਅਤੇ ਧਰਤੀ ਉੱਤੇ ਖ਼ੁਸ਼ੀ ਦੀ ਲਹਿਰ ਦੌੜ ਜਾਵੇਗੀ।

[ਫੁਟਨੋਟ]

^ ਪੈਰਾ 16 1 ਮਈ 2007 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਦੇਖੋ।

ਕੀ ਤੁਸੀਂ ਸਮਝਾ ਸਕਦੇ ਹੋ?

• ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹੜੀ ਗੱਲ ਦੱਸੀ ਜਿਸ ਦਾ ਸੰਬੰਧ ਨਿਆਂ ਦੇ ਦਿਨ ਨਾਲ ਸੀ?

• ਅਬਰਾਹਾਮ ਨੂੰ ਧਰਮੀ ਕਿਉਂ ਠਹਿਰਾਇਆ ਗਿਆ?

• ਅਬਰਾਹਾਮ ਦੀ ਅੰਸ ਵਿਚ ਸ਼ਾਮਲ ਵਿਅਕਤੀਆਂ ਨੂੰ ਧਰਮੀ ਠਹਿਰਾਏ ਜਾਣ ਨਾਲ ਉਨ੍ਹਾਂ ਨੂੰ ਕੀ ਮਿਲੇਗਾ?

• ਸਾਰੇ ਮਸੀਹੀਆਂ ਨੂੰ ਕਿਸ ਗੱਲ ਦਾ ਯਕੀਨ ਹੈ?

[ਸਵਾਲ]

[ਸਫ਼ਾ 20 ਉੱਤੇ ਤਸਵੀਰ]

ਯਿਸੂ ਨੇ ਆਪਣੇ ਚੇਲਿਆਂ ਨੂੰ ਰਾਜ ਦੇ ਮੈਂਬਰ ਬਣਨ ਦੀ ਹੱਲਾਸ਼ੇਰੀ ਦਿੱਤੀ

[ਸਫ਼ਾ 21 ਉੱਤੇ ਤਸਵੀਰ]

33 ਈਸਵੀ ਦੇ ਪੰਤੇਕੁਸਤ ਦੇ ਦਿਨ ਯਹੋਵਾਹ ਨੇ ਅਬਰਾਹਾਮ ਦੀ ਅੰਸ ਵਿੱਚੋਂ ਸਵਰਗੀ ਰਾਜ ਦੇ ਮੈਂਬਰਾਂ ਨੂੰ ਚੁਣਨਾ ਸ਼ੁਰੂ ਕੀਤਾ

[ਸਫ਼ਾ 23 ਉੱਤੇ ਤਸਵੀਰਾਂ]

ਹੋਰ ਭੇਡਾਂ ਸ਼ੁਕਰਗੁਜ਼ਾਰ ਹਨ ਕਿ ਅੰਤਿਮ ਦਿਨਾਂ ਦੌਰਾਨ ਮਸਹ ਕੀਤੇ ਹੋਏ ਮਸੀਹੀ ਉਨ੍ਹਾਂ ਦੇ ਨਾਲ ਹਨ