ਜਦ ਮਸੀਹੀਆਂ ਨੂੰ ਕਣਕ ਦੀ ਤਰ੍ਹਾਂ ਛੱਟਿਆ ਜਾਂਦਾ ਹੈ
ਜਦ ਮਸੀਹੀਆਂ ਨੂੰ ਕਣਕ ਦੀ ਤਰ੍ਹਾਂ ਛੱਟਿਆ ਜਾਂਦਾ ਹੈ
ਆਪਣੀ ਮੌਤ ਤੋਂ ਥੋੜ੍ਹਾ ਚਿਰ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਸ਼ਤਾਨ ਦੀਆਂ ਚਾਲਾਂ ਬਾਰੇ ਚੁਕੰਨੇ ਕਰਦਿਆਂ ਕਿਹਾ: “ਵੇਖ, ਸ਼ਤਾਨ ਨੇ ਤੁਹਾਨੂੰ ਮੰਗਿਆ ਹੈ ਭਈ ਕਣਕ ਦੀ ਤਰਾਂ ਤੁਹਾਨੂੰ ਫਟਕੇ।” (ਲੂਕਾ 22:31) ਯਿਸੂ ਦੇ ਇਹ ਕਹਿਣ ਦਾ ਕੀ ਮਤਲਬ ਸੀ?
ਯਿਸੂ ਦੇ ਦਿਨਾਂ ਵਿਚ ਕਣਕ ਵੱਢਣ ਲਈ ਕਿਸਾਨਾਂ ਨੂੰ ਕਾਫ਼ੀ ਮਿਹਨਤ ਕਰਨੀ ਪੈਂਦੀ ਸੀ ਤੇ ਸਮਾਂ ਵੀ ਲੱਗ ਜਾਂਦਾ ਸੀ। ਆਓ ਦੇਖੀਏ ਕਿ ਉਸ ਜ਼ਮਾਨੇ ਵਿਚ ਕਣਕ ਨੂੰ ਕਿੱਦਾਂ ਛੱਟਿਆ ਜਾਂਦਾ ਸੀ। ਪਹਿਲਾਂ ਤਾਂ ਖੇਤਾਂ ਵਿੱਚੋਂ ਕਣਕ ਦੀ ਫ਼ਸਲ ਵੱਢੀ ਜਾਂਦੀ ਸੀ। ਫਿਰ ਕਿਸਾਨ ਜਾਂ ਤਾਂ ਛਿੱਟਿਆਂ ਨੂੰ ਕੁੱਟ ਕੇ ਦਾਣੇ ਕੱਢਦੇ ਸਨ ਜਾਂ ਕਿਸੇ ਖੁੱਲ੍ਹੀ ਜਗ੍ਹਾ ਤੇ ਬਲਦਾਂ ਦੀ ਮਦਦ ਨਾਲ ਛਿੱਟਿਆਂ ਨੂੰ ਦਰੜ ਕੇ ਦਾਣੇ ਵੱਖ ਕਰਦੇ ਸਨ। ਫਿਰ ਸਾਰੀ ਫ਼ਸਲ ਨੂੰ ਤੰਗਲੀ ਨਾਲ ਚੁੱਕ-ਚੁੱਕ ਕੇ ਹਵਾ ਵਿਚ ਉਡਾਇਆ ਜਾਂਦਾ ਸੀ। ਇਸ ਤਰ੍ਹਾਂ ਤੂੜੀ ਖੁੱਲ੍ਹੀ ਹਵਾ ਵਿਚ ਉੱਡ ਕੇ ਦਾਣਿਆਂ ਤੋਂ ਅਲੱਗ ਹੋ ਜਾਂਦੀ ਸੀ। ਰੋੜੇ ਕੱਢਣ ਲਈ ਦਾਣਿਆਂ ਨੂੰ ਛਾਣਿਆ ਜਾਂ ਛੱਟਿਆ ਜਾਂਦਾ ਸੀ।
ਜਿਵੇਂ ਯਿਸੂ ਦੇ ਦਿਨਾਂ ਵਿਚ ਸ਼ਤਾਨ ਨੇ ਚਾਲਾਂ ਚੱਲ ਕੇ ਚੇਲਿਆਂ ਤੇ ਹਮਲੇ ਕੀਤੇ ਸਨ, ਉਵੇਂ ਉਹ ਅੱਜ ਵੀ ਪਰਮੇਸ਼ੁਰ ਦੇ ਸੇਵਕਾਂ ਨੂੰ ਛੱਡਦਾ ਨਹੀਂ। (ਅਫ਼. 6:11) ਇਹ ਸੱਚ ਹੈ ਕਿ ਸਾਡੇ ਉੱਤੇ ਆਉਂਦੀ ਹਰ ਬਿਪਤਾ ਸ਼ਤਾਨ ਵੱਲੋਂ ਨਹੀਂ ਹੁੰਦੀ। ਕਈ ਵਾਰ ਗ਼ਲਤ ਸਮੇਂ ਅਤੇ ਗ਼ਲਤ ਜਗ੍ਹਾ ਤੇ ਹੋਣ ਕਰਕੇ ਅਸੀਂ ਮੁਸੀਬਤਾਂ ਵਿਚ ਫਸ ਜਾਂਦੇ ਹਾਂ। ਸ਼ਤਾਨ ਸਾਡੀ ਨਿਹਚਾ ਤੋੜਨ ਲਈ ਹਰ ਹੱਥਕੰਡਾ ਵਰਤਣ ਨੂੰ ਤਿਆਰ ਹੈ ਜੋ ਉਸ ਦੇ ਵੱਸ ਵਿਚ ਹੈ। ਮਿਸਾਲ ਲਈ, ਉਹ ਸਾਨੂੰ ਪੈਸੇ ਕਮਾਉਣ ਤੇ ਐਸ਼ੋ-ਆਰਾਮ ਦੀ ਜ਼ਿੰਦਗੀ ਦੇ ਸੁਪਨੇ ਦਿਖਾ ਸਕਦਾ ਹੈ, ਸਾਨੂੰ ਅਜਿਹਾ ਮਨੋਰੰਜਨ ਚੁਣਨ ਲਈ ਉਕਸਾ ਸਕਦਾ ਹੈ ਜਿਸ ਦਾ ਸਾਡੇ ਤੇ ਮਾੜਾ ਅਸਰ ਪਵੇਗਾ ਜਾਂ ਸਾਨੂੰ ਬਦਚਲਣੀ ਕਰਨ ਲਈ ਲਲਚਾ ਸਕਦਾ ਹੈ। ਉਹ ਸ਼ਾਇਦ ਸਕੂਲੇ ਜਾਂ ਕੰਮ ਦੀ ਜਗ੍ਹਾ ਤੇ ਸਾਡੇ ਹੀ ਦੋਸਤ-ਮਿੱਤਰਾਂ ਜਾਂ ਰਿਸ਼ਤੇਦਾਰਾਂ ਨੂੰ ਵਰਤ ਕੇ ਸਾਨੂੰ ਇਸ ਦੁਨੀਆਂ ਵਿਚ ਕਾਮਯਾਬੀ ਦੀਆਂ ਪੌੜੀਆਂ ਚੜ੍ਹਨ ਦਾ ਲਾਲਚ ਦੇਵੇ। ਇਸ ਤੋਂ ਇਲਾਵਾ, ਸ਼ਤਾਨ ਸਾਡੇ ਤੇ ਜ਼ੁਲਮ ਢਾਹ ਕੇ ਵੀ ਸਾਡੀ ਨਿਹਚਾ ਤੋੜਨ ਦੀ ਕੋਸ਼ਿਸ਼ ਕਰ ਸਕਦਾ ਹੈ। ਸਾਡੀ ਨਿਹਚਾ ਨੂੰ ਛਿੱਟਿਆਂ ਦੀ ਤਰ੍ਹਾਂ ਦਰੜਨ ਲਈ ਤੇ ਯਹੋਵਾਹ ਪਰਮੇਸ਼ੁਰ ਤੋਂ ਸਾਨੂੰ ਵੱਖ ਕਰਨ ਲਈ ਜਾਂ ‘ਛੱਟਣ’ ਲਈ ਸ਼ਤਾਨ ਹੋਰ ਵੀ ਕਈ ਹੱਥਕੰਡੇ ਵਰਤ ਸਕਦਾ ਹੈ।
ਕੀ ਅਸੀਂ ਇਸ ਸ਼ਕਤੀਸ਼ਾਲੀ ਦੁਸ਼ਮਣ ਦਾ ਸਾਮ੍ਹਣਾ ਕਰ ਸਕਦੇ ਹਾਂ? ਨਹੀਂ, ਆਪਣੇ ਬਲ ਨਾਲ ਨਹੀਂ। ਸ਼ਤਾਨ ਸਾਡੇ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ, ਪਰ ਸਾਨੂੰ ਪਤਾ ਹੈ ਕਿ ਯਹੋਵਾਹ ਤਾਂ ਅਸੀਮ ਸ਼ਕਤੀ ਦਾ ਮਾਲਕ ਹੈ। ਇਸ ਲਈ ਯਹੋਵਾਹ ਦੀ ਸ਼ਰਨ ਲੈ ਕੇ ਸਾਨੂੰ ਹਿੰਮਤ ਤੇ ਬੁੱਧ ਲਈ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ ਅਤੇ ਉਸ ਦੀ ਸੇਧ ਵਿਚ ਚੱਲਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਯਹੋਵਾਹ ਸਾਨੂੰ ਸ਼ਤਾਨ ਦੇ ਹਮਲਿਆਂ ਦਾ ਸਾਮ੍ਹਣਾ ਕਰਨ ਦੀ ਤਾਕਤ ਬਖ਼ਸ਼ੇਗਾ।—ਜ਼ਬੂ. 25:4, 5.
ਜਦੋਂ ਸਾਡੇ ਤੇ ਪਰਤਾਵੇ ਆਉਂਦੇ ਹਨ, ਤਾਂ ਸਾਡੇ ਅੰਦਰ “ਭਲੇ ਬੁਰੇ ਦੀ ਜਾਚ ਕਰਨ” ਦੀ ਸਿਆਣਪ ਹੋਣੀ ਚਾਹੀਦੀ ਹੈ। (ਇਬ. 5:13, 14) ਇਸ ਨਾਲ ਅਸੀਂ ਸ਼ਤਾਨ ਦੀਆਂ ਚਾਲਾਂ ਤੋਂ ਵਾਕਫ਼ ਹੋ ਕੇ ਬਚ ਪਾਵਾਂਗੇ। ਸਿਆਣਪ ਤੋਂ ਕੰਮ ਲੈਣ ਵਿਚ ਯਹੋਵਾਹ ਸਾਡੀ ਮਦਦ ਕਰ ਸਕਦਾ ਹੈ। ਫਿਰ ਸਾਨੂੰ ਸਦਾ ਯਹੋਵਾਹ ਦੇ ਕਹੇ ਅਨੁਸਾਰ ਚੱਲਣਾ ਚਾਹੀਦਾ ਹੈ, ਚਾਹੇ ਜ਼ਮੀਨ-ਆਸਮਾਨ ਇਕ ਹੋ ਜਾਵੇ। ਜੇ ਅਸੀਂ ਯਹੋਵਾਹ ਦਾ ਹੱਥ ਫੜ ਕੇ ਉਸ ਨਾਲ ਚੱਲਾਂਗੇ, ਤਾਂ ਉਹ ਸਾਨੂੰ ਹਮੇਸ਼ਾ ਸਹੀ ਕੰਮ ਕਰਨ ਦੀ ਹਿੰਮਤ ਦੇਵੇਗਾ।—ਅਫ਼. 6:10.
ਸ਼ਤਾਨ ਸ਼ਾਇਦ ਸਾਨੂੰ ਕਣਕ ਦੀ ਤਰ੍ਹਾਂ ਛੱਟੇ, ਪਰ ਯਹੋਵਾਹ ਦੀ ਤਾਕਤ ਨਾਲ ਅਸੀਂ ਨਿਡਰ ਹੋ ਕੇ ਸ਼ਤਾਨ ਦਾ ਸਾਮ੍ਹਣਾ ਕਰ ਪਾਵਾਂਗੇ। (1 ਪਤ. 5:9) ਹਾਂ, ਯਹੋਵਾਹ ਸਾਨੂੰ ਆਪਣੇ ਬਚਨ ਰਾਹੀਂ ਤਸੱਲੀ ਦਿੰਦਾ ਹੈ: “ਸ਼ਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।”—ਯਾਕੂ. 4:7.