Skip to content

Skip to table of contents

ਵਧੀਆ ਤਰੀਕੇ ਨਾਲ ਸਿੱਖਿਆ ਦੇਣ ਦੇ ਕਾਬਲ ਬਣੋ

ਵਧੀਆ ਤਰੀਕੇ ਨਾਲ ਸਿੱਖਿਆ ਦੇਣ ਦੇ ਕਾਬਲ ਬਣੋ

ਵਧੀਆ ਤਰੀਕੇ ਨਾਲ ਸਿੱਖਿਆ ਦੇਣ ਦੇ ਕਾਬਲ ਬਣੋ

“ਬਚਨ ਦਾ ਪਰਚਾਰ ਕਰ। . . . ਪੂਰੀ ਧੀਰਜ ਅਤੇ ਸਿੱਖਿਆ ਨਾਲ ਝਿੜਕ ਦਿਹ, ਤਾੜਨਾ ਅਤੇ ਤਗੀਦ ਕਰ।”—2 ਤਿਮੋ. 4:2.

1. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜਾ ਹੁਕਮ ਦਿੱਤਾ ਸੀ ਤੇ ਉਸ ਨੇ ਕਿਹੜੀ ਮਿਸਾਲ ਕਾਇਮ ਕੀਤੀ ਸੀ?

ਬੇਸ਼ੱਕ ਯਿਸੂ ਨੇ ਕਈ ਚਮਤਕਾਰ ਕਰ ਕੇ ਬੀਮਾਰਾਂ ਨੂੰ ਠੀਕ ਕੀਤਾ ਸੀ, ਪਰ ਉਸ ਨੂੰ ਹਕੀਮ ਜਾਂ ਚਮਤਕਾਰ ਕਰਨ ਵਾਲੇ ਵਜੋਂ ਨਹੀਂ ਸਗੋਂ ਗੁਰੂ ਵਜੋਂ ਜਾਣਿਆ ਜਾਂਦਾ ਸੀ। (ਮਰ. 12:19; 13:1) ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦਾ ਕੰਮ ਯਿਸੂ ਲਈ ਬਹੁਤ ਜ਼ਰੂਰੀ ਸੀ। ਅੱਜ ਸਾਡੇ ਲਈ ਵੀ ਇਹ ਕੰਮ ਬਹੁਤ ਜ਼ਰੂਰੀ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਜਾ ਕੇ ਚੇਲੇ ਬਣਾਉਣ। ਉਨ੍ਹਾਂ ਨੇ ਚੇਲੇ ਕਿਵੇਂ ਬਣਾਉਣੇ ਸਨ? ਲੋਕਾਂ ਨੂੰ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨੀ ਸਿਖਾ ਕੇ ਜਿਨ੍ਹਾਂ ਦਾ ਯਿਸੂ ਨੇ ਹੁਕਮ ਦਿੱਤਾ ਸੀ।—ਮੱਤੀ 28:19, 20.

2. ਪ੍ਰਚਾਰ ਕਰਨ ਦਾ ਹੁਕਮ ਪੂਰਾ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

2 ਇਸ ਹੁਕਮ ਨੂੰ ਪੂਰਾ ਕਰਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਿਖਾਉਣ ਦੇ ਆਪਣੇ ਤਰੀਕਿਆਂ ਨੂੰ ਸੁਧਾਰਦੇ ਰਹੀਏ। ਸਿੱਖਿਆ ਦੇਣ ਦੀ ਕਲਾ ਤੇ ਜ਼ੋਰ ਦਿੰਦੇ ਹੋਏ ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਕਿਹਾ: “ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ। ਇਨ੍ਹਾਂ ਗੱਲਾਂ ਉੱਤੇ ਪੱਕਿਆਂ ਰਹੁ ਕਿਉਂ ਜੋ ਤੂੰ ਇਹ ਕਰ ਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।” (1 ਤਿਮੋ. 4:16) ਪੌਲੁਸ ਇੱਥੇ ਲੋਕਾਂ ਨੂੰ ਸਿਰਫ਼ ਗਿਆਨ ਦੇਣ ਦੀ ਗੱਲ ਨਹੀਂ ਕਰ ਰਿਹਾ ਸੀ। ਉਹ ਲੋਕਾਂ ਦੇ ਦਿਲਾਂ ਵਿਚ ਇਸ ਗਿਆਨ ਨੂੰ ਬਿਠਾਉਣ ਦੀ ਗੱਲ ਕਰ ਰਿਹਾ ਸੀ। ਇਸ ਤਰ੍ਹਾਂ ਲੋਕ ਸਿੱਖੀਆਂ ਗੱਲਾਂ ਤੇ ਚੱਲ ਕੇ ਆਪਣੀ ਜ਼ਿੰਦਗੀ ਨੂੰ ਸੁਧਾਰ ਸਕਦੇ ਹਨ। ਸਿੱਖਿਆ ਦੇਣੀ ਆਪਣੇ-ਆਪ ਵਿਚ ਇਕ ਕਲਾ ਹੈ, ਜਿਸ ਨੂੰ ਸਿੱਖਣ ਦੀ ਜ਼ਰੂਰਤ ਹੈ। ਤਾਂ ਫਿਰ, ਅਸੀਂ ਵਧੀਆ ਸਿੱਖਿਅਕ ਕਿਵੇਂ ਬਣ ਸਕਦੇ ਹਾਂ?—2 ਤਿਮੋ. 4:2.

ਸਿੱਖਿਆ ਦੇਣੀ ਸਿੱਖੋ

3, 4. (ੳ) ਅਸੀਂ ਵਧੀਆ ਸਿੱਖਿਅਕ ਕਿਵੇਂ ਬਣ ਸਕਦੇ ਹਾਂ? (ਅ) ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਧੀਆ ਸਿੱਖਿਅਕ ਬਣਨ ਵਿਚ ਸਾਡੀ ਕਿਵੇਂ ਮਦਦ ਕਰਦਾ ਹੈ?

3 ਅਸੀਂ ਵਧੀਆ ਸਿੱਖਿਅਕ ਕਿਵੇਂ ਬਣ ਸਕਦੇ ਹਾਂ? ਕੋਈ ਵੀ ਕਲਾ ਸਿੱਖਣ ਲਈ ਤਿੰਨ ਗੱਲਾਂ ਜ਼ਰੂਰੀ ਹਨ: ਅਧਿਐਨ ਕਰਨਾ, ਅਮਲ ਕਰਨਾ ਅਤੇ ਹੋਰਨਾਂ ਵਿਅਕਤੀਆਂ ਤੋਂ ਸਿੱਖਣਾ। ਹਾਂ, ਪਹਿਲਾਂ ਸਾਨੂੰ ਪਰਮੇਸ਼ੁਰ ਦੀ ਮਦਦ ਲਈ ਪ੍ਰਾਰਥਨਾ ਕਰ ਕੇ ਲਗਨ ਨਾਲ ਅਧਿਐਨ ਕਰਨਾ ਚਾਹੀਦਾ ਹੈ। (ਜ਼ਬੂਰ 119:27, 34 ਪੜ੍ਹੋ।) ਫਿਰ ਸਾਨੂੰ ਹੁਨਰਮੰਦ ਵਿਅਕਤੀਆਂ ਦੇ ਸਿਖਾਉਣ ਦੇ ਤਰੀਕਿਆਂ ਵੱਲ ਧਿਆਨ ਦੇ ਕੇ ਉਨ੍ਹਾਂ ਦੀ ਰੀਸ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਬਾਕਾਇਦਾ ਕਰਦੇ ਰਹਿਣ ਨਾਲ ਅਸੀਂ ਆਪਣੀ ਸਿਖਾਉਣ ਦੀ ਕਲਾ ਨੂੰ ਨਿਖਾਰਦੇ ਰਹਾਂਗੇ।—ਲੂਕਾ 6:40; 1 ਤਿਮੋ. 4:13-15.

4 ਯਹੋਵਾਹ ਸਾਡਾ ਮਹਾਨ ਗੁਰੂ ਹੈ। ਪ੍ਰਚਾਰ ਦਾ ਕੰਮ ਚੰਗੀ ਤਰ੍ਹਾਂ ਪੂਰਾ ਕਰਨ ਲਈ ਉਹ ਆਪਣੇ ਸੰਗਠਨ ਰਾਹੀਂ ਸਾਨੂੰ ਸੇਧ ਦਿੰਦਾ ਹੈ। (ਯਸਾ. 30:20, 21) ਸਾਰੀਆਂ ਕਲੀਸਿਯਾਵਾਂ ਵਿਚ ਹਰ ਹਫ਼ਤੇ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਲੱਗਦਾ ਹੈ। ਇਸ ਸਕੂਲ ਵਿਚ ਸਾਨੂੰ ਵਧੀਆ ਪ੍ਰਚਾਰਕ ਬਣਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸਕੂਲ ਵਿਚ ਮੁੱਖ ਤੌਰ ਤੇ ਯਹੋਵਾਹ ਪਰਮੇਸ਼ੁਰ ਦੇ ਬਚਨ ਬਾਈਬਲ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਸਾਨੂੰ ਸਾਫ਼ ਪਤਾ ਲੱਗਦਾ ਹੈ ਕਿ ਸਾਨੂੰ ਕੀ ਸਿਖਾਉਣਾ ਚਾਹੀਦਾ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਿੱਖਿਆ ਦੇਣ ਦੇ ਕਿਹੜੇ ਤਰੀਕੇ ਵਧੀਆ ਤੇ ਢੁਕਵੇਂ ਹਨ। ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਸਾਨੂੰ ਵਾਰ-ਵਾਰ ਯਾਦ ਕਰਾਇਆ ਜਾਂਦਾ ਹੈ ਕਿ ਸਾਡੀ ਸਿੱਖਿਆ ਪਰਮੇਸ਼ੁਰ ਦੇ ਬਚਨ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ, ਸਾਨੂੰ ਢੁਕਵੇਂ ਸਵਾਲ ਪੁੱਛਣੇ ਚਾਹੀਦੇ ਹਨ, ਸਾਨੂੰ ਸਰਲ ਤਰੀਕੇ ਨਾਲ ਸਿਖਾਉਣਾ ਚਾਹੀਦਾ ਹੈ ਅਤੇ ਸਾਨੂੰ ਲੋਕਾਂ ਵਿਚ ਦਿਲੋਂ ਦਿਲਚਸਪੀ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਵਿਦਿਆਰਥੀ ਦੇ ਦਿਲ ਤਕ ਪਹੁੰਚ ਸਕਦੇ ਹਾਂ। ਆਓ ਆਪਾਂ ਇਕ-ਇਕ ਕਰ ਕੇ ਇਨ੍ਹਾਂ ਗੱਲਾਂ ਤੇ ਚਰਚਾ ਕਰੀਏ।

ਬਾਈਬਲ ਤੇ ਆਧਾਰਿਤ ਸਿੱਖਿਆ ਦਿਓ

5. ਸਾਡੀ ਸਿੱਖਿਆ ਕਿਸ ਤੇ ਆਧਾਰਿਤ ਹੋਣੀ ਚਾਹੀਦੀ ਹੈ ਅਤੇ ਇਹ ਕਿਉਂ ਜ਼ਰੂਰੀ ਹੈ?

5 ਯਿਸੂ ਵਰਗਾ ਮਹਾਨ ਗੁਰੂ ਦੁਨੀਆਂ ਵਿਚ ਪਹਿਲਾਂ ਕਦੇ ਨਹੀਂ ਆਇਆ। ਉਸ ਨੇ ਆਪਣੇ ਕੋਲੋਂ ਕੋਈ ਗੱਲ ਨਹੀਂ ਕਹੀ, ਸਗੋਂ ਉਸ ਨੇ ਹਮੇਸ਼ਾ ਸ਼ਾਸਤਰਾਂ ਤੋਂ ਗੱਲ ਸਮਝਾਈ ਸੀ। (ਮੱਤੀ 21:13; ਯੂਹੰ. 6:45; 8:17) ਜੀ ਹਾਂ, ਯਿਸੂ ਦੀ ਸਿੱਖਿਆ ਉਸ ਦੀ ਆਪਣੀ ਨਹੀਂ ਸੀ, ਪਰ ਉਸ ਦੇ ਪਿਤਾ ਦੀ ਸੀ ਜਿਸ ਨੇ ਉਸ ਨੂੰ ਘੱਲਿਆ ਸੀ। (ਯੂਹੰ. 7:16-18) ਸਾਨੂੰ ਯਿਸੂ ਦੇ ਨਕਸ਼ੇ-ਕਦਮਾਂ ਤੇ ਚੱਲਣ ਦੀ ਲੋੜ ਹੈ। ਘਰ-ਘਰ ਪ੍ਰਚਾਰ ਕਰਨ ਵੇਲੇ ਜਾਂ ਕਿਸੇ ਨੂੰ ਸਟੱਡੀ ਕਰਾਉਂਦੇ ਹੋਏ ਸਾਨੂੰ ਬਾਈਬਲ ਤੋਂ ਸਿੱਖਿਆ ਦੇਣੀ ਚਾਹੀਦੀ ਹੈ। (2 ਤਿਮੋ. 3:16, 17) ਆਪਣੇ ਕੋਲੋਂ ਗੱਲਾਂ ਦੱਸ ਕੇ ਵਿਦਿਆਰਥੀ ਨੂੰ ਅਸੀਂ ਜਿੰਨਾ ਮਰਜ਼ੀ ਸਮਝਾਉਣ ਦੀ ਕੋਸ਼ਿਸ਼ ਕਰੀਏ, ਪਰ ਅਸੀਂ ਪਰਮੇਸ਼ੁਰ ਦੇ ਬਚਨ ਦਾ ਮੁਕਾਬਲਾ ਕਦੇ ਨਹੀਂ ਕਰ ਸਕਦੇ। ਬਾਈਬਲ ਪਵਿੱਤਰ ਆਤਮਾ ਦੀ ਪ੍ਰੇਰਣਾ ਅਧੀਨ ਲਿਖੀ ਗਈ ਸੀ। ਇਸ ਲਈ ਜ਼ਰੂਰੀ ਹੈ ਕਿ ਸਟੱਡੀ ਦੌਰਾਨ ਵਿਦਿਆਰਥੀ ਖ਼ੁਦ ਬਾਈਬਲ ਖੋਲ੍ਹ ਕੇ ਹਵਾਲੇ ਪੜ੍ਹੇ। ਬਾਈਬਲ ਵਿਚ ਇੰਨੀ ਤਾਕਤ ਹੈ ਕਿ ਇਹ ਵਿਦਿਆਰਥੀ ਦੇ ਦਿਲ ਨੂੰ ਛੂਹ ਕੇ ਉਸ ਨੂੰ ਕਦਮ ਚੁੱਕਣ ਲਈ ਪ੍ਰੇਰਿਤ ਕਰ ਸਕਦੀ ਹੈ।—ਇਬਰਾਨੀਆਂ 4:12 ਪੜ੍ਹੋ।

6. ਜਾਣਕਾਰੀ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਅਸੀਂ ਵਿਦਿਆਰਥੀ ਦੀ ਮਦਦ ਕਿਵੇਂ ਕਰ ਸਕਦੇ ਹਾਂ?

6 ਇਸ ਦਾ ਇਹ ਮਤਲਬ ਨਹੀਂ ਕਿ ਸਟੱਡੀ ਕਰਵਾਉਣ ਤੋਂ ਪਹਿਲਾਂ ਸਾਨੂੰ ਤਿਆਰੀ ਕਰਨ ਦੀ ਲੋੜ ਹੀ ਨਹੀਂ। ਸੱਚ ਤਾਂ ਇਹ ਹੈ ਕਿ ਸਾਨੂੰ ਚੰਗੀ ਤਰ੍ਹਾਂ ਤਿਆਰੀ ਕਰਨ ਦੀ ਲੋੜ ਹੈ। ਸਾਨੂੰ ਤਿਆਰੀ ਕਰਦੇ ਵੇਲੇ ਇਸ ਗੱਲ ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿ ਅਸੀਂ ਵਿਦਿਆਰਥੀ ਨਾਲ ਬਾਈਬਲ ਵਿੱਚੋਂ ਕਿਹੜੇ ਹਵਾਲੇ ਪੜ੍ਹਾਂਗੇ। ਚੰਗਾ ਹੋਵੇਗਾ ਜੇਕਰ ਅਸੀਂ ਉਹ ਹਵਾਲੇ ਪੜ੍ਹਨ ਦੀ ਕੋਸ਼ਿਸ਼ ਕਰੀਏ ਜੋ ਵਿਸ਼ੇ ਨਾਲ ਤਅੱਲਕ ਰੱਖਦੇ ਹਨ। ਇਹ ਵੀ ਜ਼ਰੂਰੀ ਹੈ ਕਿ ਅਸੀਂ ਹਰ ਹਵਾਲੇ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਵਿਦਿਆਰਥੀ ਦੀ ਮਦਦ ਕਰੀਏ।—1 ਕੁਰਿੰ. 14:8, 9.

ਢੁਕਵੇਂ ਸਵਾਲ ਪੁੱਛੋ

7. ਸਿੱਖਿਆ ਦਿੰਦੇ ਵੇਲੇ ਸਾਨੂੰ ਸਵਾਲ ਕਿਉਂ ਪੁੱਛਣੇ ਚਾਹੀਦੇ ਹਨ?

7 ਢੁਕਵੇਂ ਸਵਾਲ ਪੁੱਛਣ ਦੁਆਰਾ ਅਸੀਂ ਵਿਦਿਆਰਥੀ ਨੂੰ ਸੋਚਣ ਲਈ ਮਜਬੂਰ ਕਰਦੇ ਹਾਂ ਅਤੇ ਉਸ ਦੇ ਦਿਲ ਤਕ ਪਹੁੰਚ ਸਕਦੇ ਹਾਂ। ਆਪ ਹਵਾਲੇ ਸਮਝਾਉਣ ਦੀ ਬਜਾਇ, ਕਿਉਂ ਨਾ ਵਿਦਿਆਰਥੀ ਨੂੰ ਸਮਝਾਉਣ ਲਈ ਕਿਹੋ? ਵਿਦਿਆਰਥੀ ਦੀ ਸਹੀ ਸਿੱਟੇ ਤੇ ਪਹੁੰਚਣ ਵਿਚ ਮਦਦ ਕਰਨ ਲਈ ਸਵਾਲ ਪੁੱਛੇ ਜਾ ਸਕਦੇ ਹਨ। ਸਵਾਲਾਂ ਰਾਹੀਂ ਅਸੀਂ ਵਿਦਿਆਰਥੀ ਨੂੰ ਤਰਕ ਕਰਨਾ ਸਿਖਾਉਂਦੇ ਹਾਂ। ਇਸ ਤਰ੍ਹਾਂ ਕਰਨ ਨਾਲ ਉਸ ਦਾ ਵਿਸ਼ਵਾਸ ਪੱਕਾ ਹੁੰਦਾ ਜਾਵੇਗਾ।—ਮੱਤੀ 17:24-26; ਲੂਕਾ 10:36, 37.

8. ਅਸੀਂ ਵਿਦਿਆਰਥੀ ਦੇ ਦਿਲ ਦੀ ਗੱਲ ਕਿਸ ਤਰ੍ਹਾਂ ਭਾਂਪ ਸਕਦੇ ਹਾਂ?

8 ਸਾਡੀਆਂ ਪੁਸਤਕਾਂ ਵਿਚ ਸਟੱਡੀ ਕਰਨ ਦਾ ਕਿਹੜਾ ਤਰੀਕਾ ਵਰਤਿਆ ਜਾਂਦਾ ਹੈ? ਆਮ ਤੌਰ ਤੇ ਸਵਾਲ-ਜਵਾਬ ਕਰਨ ਦਾ ਤਰੀਕਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜ਼ਿਆਦਾਤਰ ਲੋਕ ਜਿਨ੍ਹਾਂ ਦੇ ਨਾਲ ਅਸੀਂ ਸਟੱਡੀ ਕਰਦੇ ਹਾਂ, ਜਲਦੀ ਹੀ ਪੈਰੇ ਵਿੱਚੋਂ ਜਵਾਬ ਲੱਭ ਲੈਂਦੇ ਹਨ। ਪਰ ਅਸੀਂ ਸਿਰਫ਼ ਸਹੀ ਜਵਾਬ ਜਾਣਨਾ ਨਹੀਂ ਚਾਹੁੰਦੇ, ਸਗੋਂ ਵਿਦਿਆਰਥੀ ਦੇ ਦਿਲ ਦੀ ਗੱਲ ਜਾਣਨੀ ਚਾਹੁੰਦੇ ਹਾਂ। ਮਿਸਾਲ ਲਈ, ਸ਼ਾਇਦ ਵਿਦਿਆਰਥੀ ਆਸਾਨੀ ਨਾਲ ਸਮਝਾ ਸਕੇ ਕਿ ਹਰਾਮਕਾਰੀ ਬਾਰੇ ਬਾਈਬਲ ਕੀ ਕਹਿੰਦੀ ਹੈ। (1 ਕੁਰਿੰ. 6:18) ਪਰ ਵਿਦਿਆਰਥੀ ਦੀ ਰਾਇ ਪੁੱਛ ਕੇ ਅਸੀਂ ਜਾਣ ਸਕਦੇ ਹਾਂ ਕਿ ਜਿਹੜੀਆਂ ਗੱਲਾਂ ਉਹ ਸਿੱਖ ਰਿਹਾ ਹੈ, ਉਹ ਉਸ ਦੇ ਦਿਲ ਤਕ ਪਹੁੰਚ ਰਹੀਆਂ ਹਨ ਕਿ ਨਹੀਂ। ਅਸੀਂ ਵਿਦਿਆਰਥੀ ਨੂੰ ਪੁੱਛ ਸਕਦੇ ਹਾਂ: “ਬਾਈਬਲ ਮੁਤਾਬਕ ਵਿਆਹ ਕਰਨ ਤੋਂ ਬਿਨਾਂ ਸੈਕਸ ਕਰਨਾ ਪਾਪ ਕਿਉਂ ਹੈ? ਇਸ ਬੰਦਸ਼ ਬਾਰੇ ਤੁਹਾਡਾ ਕੀ ਖ਼ਿਆਲ ਹੈ? ਕੀ ਤੁਹਾਨੂੰ ਲੱਗਦਾ ਹੈ ਕਿ ਪਰਮੇਸ਼ੁਰ ਦੇ ਨੈਤਿਕ ਮਿਆਰਾਂ ਤੇ ਚੱਲ ਕੇ ਸਾਡਾ ਫ਼ਾਇਦਾ ਹੁੰਦਾ ਹੈ?” ਇਨ੍ਹਾਂ ਸਵਾਲਾਂ ਦੇ ਜਵਾਬਾਂ ਤੋਂ ਅਸੀਂ ਵਿਦਿਆਰਥੀ ਦੇ ਦਿਲ ਦੀ ਗੱਲ ਭਾਂਪ ਸਕਦੇ ਹਾਂ।—ਮੱਤੀ 16:13-17 ਪੜ੍ਹੋ।

ਸਰਲ ਤਰੀਕੇ ਨਾਲ ਸਿਖਾਓ

9. ਵਿਦਿਆਰਥੀ ਨੂੰ ਬਾਈਬਲ ਦੀ ਸਿੱਖਿਆ ਦਿੰਦੇ ਹੋਏ ਸਾਨੂੰ ਕਿਹੜੀ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ?

9 ਬਾਈਬਲ ਦੀਆਂ ਜ਼ਿਆਦਾਤਰ ਸਿੱਖਿਆਵਾਂ ਬਹੁਤ ਡੂੰਘੀਆਂ ਨਹੀਂ ਹਨ। ਪਰ ਹੋ ਸਕਦਾ ਹੈ ਕਿ ਜਿਸ ਵਿਅਕਤੀ ਨਾਲ ਅਸੀਂ ਸਟੱਡੀ ਕਰ ਰਹੇ ਹਾਂ, ਉਸ ਨੂੰ ਝੂਠੇ ਧਰਮਾਂ ਦੀਆਂ ਗ਼ਲਤ ਸਿੱਖਿਆਵਾਂ ਕਾਰਨ ਬਾਈਬਲ ਦੀਆਂ ਗੱਲਾਂ ਸਮਝਣੀਆਂ ਮੁਸ਼ਕਲ ਲੱਗਣ। ਸਾਡਾ ਮਕਸਦ ਹੈ ਕਿ ਅਸੀਂ ਸਰਲ ਤਰੀਕੇ ਨਾਲ ਬਾਈਬਲ ਨੂੰ ਸਮਝਾਈਏ। ਇਕ ਚੰਗਾ ਸਿੱਖਿਅਕ ਡੂੰਘੀਆਂ ਤੇ ਔਖੀਆਂ ਗੱਲਾਂ ਨੂੰ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੇਗਾ। ਸਾਨੂੰ ਵੀ ਇਸ ਤਰ੍ਹਾਂ ਕਰਨ ਦੀ ਲੋੜ ਹੈ। ਚੰਗਾ ਹੋਵੇਗਾ ਜੇ ਅਸੀਂ ਸੌਖੀ ਭਾਸ਼ਾ ਵਰਤੀਏ ਅਤੇ ਹਵਾਲਿਆਂ ਵਿੱਚੋਂ ਸਿਰਫ਼ ਮੁੱਖ ਗੱਲਾਂ ਤੇ ਜ਼ੋਰ ਦੇਈਏ। ਬੇਲੋੜੀ ਜਾਣਕਾਰੀ ਦੇ ਕੇ ਵਿਦਿਆਰਥੀ ਨੂੰ ਉਲਝਣ ਵਿਚ ਨਹੀਂ ਪਾਉਣਾ ਚਾਹੀਦਾ। ਵਿਦਿਆਰਥੀ ਨੂੰ ਬਾਈਬਲ ਦੀਆਂ ਡੂੰਘੀਆਂ ਗੱਲਾਂ ਦੀ ਸਮਝ ਹੌਲੀ-ਹੌਲੀ ਆ ਜਾਵੇਗੀ।—ਇਬ. 5:13, 14.

10. ਕੀ ਸਾਨੂੰ ਇੱਕੋ ਵਾਰ ਵਿਦਿਆਰਥੀ ਨਾਲ ਪੂਰੇ ਦਾ ਪੂਰਾ ਅਧਿਆਇ ਸਟੱਡੀ ਕਰਨਾ ਚਾਹੀਦਾ ਹੈ?

10 ਕੀ ਸਾਨੂੰ ਇੱਕੋ ਵਾਰ ਵਿਦਿਆਰਥੀ ਨਾਲ ਪੂਰੇ ਦਾ ਪੂਰਾ ਅਧਿਆਇ ਸਟੱਡੀ ਕਰਨਾ ਚਾਹੀਦਾ ਹੈ? ਜ਼ਰੂਰੀ ਨਹੀਂ। ਇਹ ਸਾਡੀ ਤੇ ਵਿਦਿਆਰਥੀ ਦੀ ਯੋਗਤਾ ਅਤੇ ਹਾਲਾਤਾਂ ਤੇ ਨਿਰਭਰ ਕਰਦਾ ਹੈ। ਇਸ ਲਈ ਸਾਨੂੰ ਸਮਝ ਤੋਂ ਕੰਮ ਲੈਣ ਦੀ ਲੋੜ ਹੈ। ਸਾਡਾ ਟੀਚਾ ਇਹ ਹੈ ਕਿ ਵਿਦਿਆਰਥੀ ਨਿਹਚਾ ਵਿਚ ਵਧਦਾ ਜਾਵੇ। ਇਸ ਲਈ ਜਿੰਨਾ ਸਮਾਂ ਵਿਦਿਆਰਥੀ ਨੂੰ ਪੜ੍ਹਨ ਤੇ ਸਮਝਣ ਵਿਚ ਲੱਗਦਾ ਹੈ, ਸਾਨੂੰ ਉੱਨਾ ਸਮਾਂ ਲਾਉਣ ਦੀ ਲੋੜ ਹੈ। ਵਿਦਿਆਰਥੀ ਦੀ ਕਾਬਲੀਅਤ ਮੁਤਾਬਕ ਜਿੰਨੀ ਜਾਣਕਾਰੀ ਉਹ ਹਜ਼ਮ ਕਰ ਸਕਦਾ ਹੈ ਉੱਨੀ ਦੇਣੀ ਚਾਹੀਦੀ ਹੈ। ਪਰ ਜੇ ਉਹ ਗੱਲ ਸਮਝ ਗਿਆ ਹੈ, ਤਾਂ ਅਸੀਂ ਅੱਗੇ ਵਧ ਸਕਦੇ ਹਾਂ। ਬੇਲੋੜਾ ਸਮਾਂ ਬਰਬਾਦ ਕਰਨ ਦੀ ਲੋੜ ਨਹੀਂ।—ਕੁਲੁ. 2:6, 7.

11. ਸਿੱਖਿਆ ਦੇਣ ਦੇ ਸੰਬੰਧ ਵਿਚ ਅਸੀਂ ਪੌਲੁਸ ਦੀ ਉਦਾਹਰਣ ਤੋਂ ਕੀ ਸਿੱਖ ਸਕਦੇ ਹਾਂ?

11 ਪੌਲੁਸ ਰਸੂਲ ਪ੍ਰਚਾਰ ਕਰਦੇ ਸਮੇਂ ਗੱਲਾਂ ਨੂੰ ਸਰਲ ਤਰੀਕੇ ਨਾਲ ਸਮਝਾਉਂਦਾ ਸੀ। ਭਾਵੇਂ ਉਹ ਬਹੁਤ ਹੀ ਪੜ੍ਹਿਆ-ਲਿਖਿਆ ਸੀ, ਪਰ ਉਸ ਨੇ ਔਖੇ ਤੇ ਵੱਡੇ-ਵੱਡੇ ਲਫ਼ਜ਼ ਨਹੀਂ ਵਰਤੇ। (1 ਕੁਰਿੰਥੀਆਂ 2:1, 2 ਪੜ੍ਹੋ।) ਸੱਚ ਦੇ ਪਿਆਸੇ ਲੋਕਾਂ ਨੂੰ ਬਾਈਬਲ ਦੀ ਸਰਲਤਾ ਮੋਹ ਲੈਂਦੀ ਹੈ। ਸੱਚਾਈ ਸਮਝਣ ਲਈ ਪੜ੍ਹੇ-ਲਿਖੇ ਹੋਣਾ ਜ਼ਰੂਰੀ ਨਹੀਂ।—ਮੱਤੀ 11:25; ਰਸੂ. 4:13; 1 ਕੁਰਿੰ. 1:26, 27.

ਵਿਦਿਆਰਥੀ ਨੂੰ ਸਿੱਖੀਆਂ ਗੱਲਾਂ ਦੀ ਕਦਰ ਕਰਨੀ ਸਿਖਾਓ

12, 13. ਉਦਾਹਰਣ ਦੇ ਕੇ ਦੱਸੋ ਕਿ ਅਸੀਂ ਵਿਦਿਆਰਥੀ ਨੂੰ ਸਿੱਖੀਆਂ ਗੱਲਾਂ ਤੇ ਅਮਲ ਕਰਨ ਲਈ ਕਿਵੇਂ ਉਤਸ਼ਾਹਿਤ ਕਰ ਸਕਦੇ ਹਾਂ।

12 ਜੇ ਅਸੀਂ ਵਧੀਆ ਸਿੱਖਿਅਕ ਬਣਨਾ ਚਾਹੁੰਦੇ ਹਾਂ, ਤਾਂ ਸਾਨੂੰ ਵਿਦਿਆਰਥੀ ਦੇ ਦਿਲ ਤਕ ਪਹੁੰਚਣ ਦੀ ਲੋੜ ਹੈ। ਵਿਦਿਆਰਥੀ ਨੂੰ ਇਹ ਦੇਖਣ ਵਿਚ ਮਦਦ ਦੇਣੀ ਬਹੁਤ ਜ਼ਰੂਰੀ ਹੈ ਕਿ ਸਿੱਖੀਆਂ ਗੱਲਾਂ ਉਸ ਉੱਤੇ ਕਿਵੇਂ ਲਾਗੂ ਹੁੰਦੀਆਂ ਹਨ ਅਤੇ ਇਨ੍ਹਾਂ ਗੱਲਾਂ ਤੋਂ ਉਸ ਨੂੰ ਕੀ ਲਾਭ ਹੋਵੇਗਾ।—ਯਸਾ. 48:17, 18.

13 ਮਿਸਾਲ ਲਈ, ਸ਼ਾਇਦ ਇਬਰਾਨੀਆਂ 10:24, 25 ਤੇ ਚਰਚਾ ਕੀਤੀ ਜਾ ਰਹੀ ਹੈ ਜਿੱਥੇ ਸਾਨੂੰ ਇਕ-ਦੂਜੇ ਦੀ ਹੌਸਲਾ-ਅਫ਼ਜ਼ਾਈ ਕਰਨ ਲਈ ਮੀਟਿੰਗਾਂ ਵਿਚ ਇਕੱਠੇ ਹੋਣ ਲਈ ਕਿਹਾ ਗਿਆ ਹੈ। ਜੇ ਵਿਦਿਆਰਥੀ ਹਾਲੇ ਮੀਟਿੰਗਾਂ ਵਿਚ ਨਹੀਂ ਆ ਰਿਹਾ, ਤਾਂ ਅਸੀਂ ਉਸ ਨੂੰ ਸਮਝਾ ਸਕਦੇ ਹਾਂ ਕਿ ਮੀਟਿੰਗਾਂ ਵਿਚ ਕੀ-ਕੀ ਹੁੰਦਾ ਹੈ ਤੇ ਇਨ੍ਹਾਂ ਵਿਚ ਕਿਨ੍ਹਾਂ ਗੱਲਾਂ ਤੇ ਚਰਚਾ ਕੀਤੀ ਜਾਂਦੀ ਹੈ। ਅਸੀਂ ਸਮਝਾ ਸਕਦੇ ਹਾਂ ਕਿ ਮੀਟਿੰਗਾਂ ਵਿਚ ਜਾਣਾ ਸਾਡੀ ਭਗਤੀ ਦਾ ਹਿੱਸਾ ਹੈ ਅਤੇ ਇਨ੍ਹਾਂ ਤੋਂ ਹਰੇਕ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਫਿਰ ਅਸੀਂ ਵਿਦਿਆਰਥੀ ਨੂੰ ਮੀਟਿੰਗਾਂ ਵਿਚ ਆਉਣ ਦਾ ਸੱਦਾ ਦੇ ਸਕਦੇ ਹਾਂ। ਇਹ ਕਦਮ ਉਸ ਨੂੰ ਸਾਨੂੰ ਖ਼ੁਸ਼ ਕਰਨ ਲਈ ਨਹੀਂ, ਸਗੋਂ ਯਹੋਵਾਹ ਨੂੰ ਖ਼ੁਸ਼ ਕਰਨ ਲਈ ਚੁੱਕਣਾ ਚਾਹੀਦਾ ਹੈ।—ਗਲਾ. 6:4, 5.

14, 15. (ੳ) ਵਿਦਿਆਰਥੀ ਯਹੋਵਾਹ ਬਾਰੇ ਕੀ ਸਿੱਖ ਸਕਦਾ ਹੈ? (ਅ) ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣ ਕੇ ਵਿਦਿਆਰਥੀ ਦੀ ਮਦਦ ਕਿਵੇਂ ਹੋ ਸਕਦੀ ਹੈ?

14 ਬਾਈਬਲ ਸਟੱਡੀ ਕਰਨ ਦਾ ਵਿਦਿਆਰਥੀ ਨੂੰ ਸਭ ਤੋਂ ਵੱਡਾ ਫ਼ਾਇਦਾ ਇਹ ਹੋਵੇਗਾ ਕਿ ਉਹ ਯਹੋਵਾਹ ਪਰਮੇਸ਼ੁਰ ਨੂੰ ਜਾਣ ਸਕੇਗਾ ਤੇ ਉਸ ਨਾਲ ਰਿਸ਼ਤਾ ਜੋੜ ਸਕੇਗਾ। (ਯਸਾ. 42:8) ਜੀ ਹਾਂ, ਉਸ ਨੂੰ ਪਤਾ ਲੱਗੇਗਾ ਕਿ ਯਹੋਵਾਹ ਪਿਆਰ ਕਰਨ ਵਾਲਾ ਪਿਤਾ ਹੈ। ਉਹ ਸਾਡਾ ਕਰਤਾਰ ਤੇ ਸਾਰੇ ਜਹਾਨ ਦਾ ਮਾਲਕ ਹੈ। ਇਸ ਦੇ ਨਾਲ-ਨਾਲ ਉਹ ਆਪਣੇ ਸੇਵਕਾਂ ਨੂੰ ਆਪਣੀ ਸ਼ਖ਼ਸੀਅਤ ਤੇ ਕਾਬਲੀਅਤਾਂ ਬਾਰੇ ਦੱਸਦਾ ਹੈ। (ਕੂਚ 34:6, 7 ਪੜ੍ਹੋ।) ਮੂਸਾ ਦੇ ਜ਼ਮਾਨੇ ਵਿਚ ਜਦ ਯਹੋਵਾਹ ਇਸਰਾਏਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਆਜ਼ਾਦ ਕਰਨ ਵਾਲਾ ਸੀ, ਤਾਂ ਉਸ ਨੇ ਆਪਣੀ ਪਛਾਣ ਇਨ੍ਹਾਂ ਸ਼ਬਦਾਂ ਨਾਲ ਕਰਾਈ ਸੀ: “ਮੈਂ ਹੋਵਾਂਗਾ ਜੋ ਮੈਂ ਹੋਵਾਂਗਾ।” (ਕੂਚ 3:13-15, ਫੁਟਨੋਟ) ਇਸ ਦਾ ਮਤਲਬ ਹੈ ਯਹੋਵਾਹ ਪਰਮੇਸ਼ੁਰ ਨੂੰ ਆਪਣਾ ਮਕਸਦ ਪੂਰਾ ਕਰਨ ਲਈ ਜੋ ਕੁਝ ਬਣਨ ਦੀ ਲੋੜ ਹੁੰਦੀ ਹੈ, ਉਹ ਉਹੋ ਬਣ ਜਾਂਦਾ ਹੈ। ਇਸਰਾਏਲੀਆਂ ਨੇ ਦੇਖਿਆ ਸੀ ਕਿ ਲੋੜ ਪੈਣ ਤੇ ਯਹੋਵਾਹ ਉਨ੍ਹਾਂ ਦਾ ਮੁਕਤੀਦਾਤਾ, ਯੋਧਾ, ਮੇਜ਼ਬਾਨ ਅਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਾਲਾ ਬਣਿਆ ਸੀ।—ਕੂਚ 15:2, 3; 16:2-5; ਯਹੋ. 23:14.

15 ਸ਼ਾਇਦ ਯਹੋਵਾਹ ਪਰਮੇਸ਼ੁਰ ਸਾਡੇ ਵਿਦਿਆਰਥੀ ਦੀ ਚਮਤਕਾਰੀ ਢੰਗ ਨਾਲ ਮਦਦ ਨਾ ਕਰੇ ਜਿਵੇਂ ਉਸ ਨੇ ਮੂਸਾ ਦੀ ਕੀਤੀ ਸੀ। ਪਰ ਜਿਉਂ-ਜਿਉਂ ਉਸ ਦਾ ਵਿਸ਼ਵਾਸ ਪੱਕਾ ਹੁੰਦਾ ਜਾਵੇਗਾ ਅਤੇ ਉਹ ਸਿੱਖੀਆਂ ਗੱਲਾਂ ਦੀ ਕਦਰ ਕਰਨ ਲੱਗੇਗਾ, ਤਿਉਂ-ਤਿਉਂ ਉਸ ਨੂੰ ਅਹਿਸਾਸ ਹੋਣ ਲੱਗੇਗਾ ਕਿ ਉਸ ਨੂੰ ਹਿੰਮਤ, ਸਮਝ ਅਤੇ ਸੇਧ ਲਈ ਯਹੋਵਾਹ ਉੱਤੇ ਭਰੋਸਾ ਰੱਖਣ ਦੀ ਲੋੜ ਹੈ। ਇਸ ਤਰ੍ਹਾਂ ਕਰਨ ਨਾਲ ਵਿਦਿਆਰਥੀ ਦੀਆਂ ਨਜ਼ਰਾਂ ਵਿਚ ਯਹੋਵਾਹ ਇਕ ਭਰੋਸੇਮੰਦ ਸਲਾਹਕਾਰ, ਉਸ ਦਾ ਰਖਵਾਲਾ ਅਤੇ ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੋਵੇਗਾ।—ਜ਼ਬੂ. 55:22; 63:7; ਕਹਾ. 3:5, 6.

ਲੋਕਾਂ ਲਈ ਪਿਆਰ ਹੋਣਾ ਜ਼ਰੂਰੀ ਹੈ

16. ਲੋਕਾਂ ਦੇ ਦਿਲਾਂ ਤਕ ਪਹੁੰਚਣ ਲਈ ਸਭ ਤੋਂ ਜ਼ਰੂਰੀ ਗੱਲ ਕੀ ਹੈ?

16 ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਿੱਖਿਆ ਦੇਣ ਵਿਚ ਇੰਨੇ ਕਾਬਲ ਨਹੀਂ ਹੋ, ਤਾਂ ਦਿਲ ਨਾ ਛੱਡੋ। ਯਹੋਵਾਹ ਤੇ ਯਿਸੂ ਦੁਨੀਆਂ ਭਰ ਵਿਚ ਬਾਈਬਲ ਦੀ ਸਿੱਖਿਆ ਦੇਣ ਦੇ ਇਸ ਇੰਤਜ਼ਾਮ ਉੱਤੇ ਨਿਗਰਾਨੀ ਰੱਖ ਰਹੇ ਹਨ। (ਰਸੂ. 1:7, 8; ਪਰ. 14:6) ਉਹ ਸਾਡੇ ਜਤਨਾਂ ਉੱਤੇ ਬਰਕਤ  ਪਾਉਣਗੇ ਤਾਂਕਿ ਅਸੀਂ ਆਪਣੇ ਸ਼ਬਦਾਂ ਨਾਲ ਨੇਕਦਿਲ ਲੋਕਾਂ ਨੂੰ ਕਾਇਲ ਕਰ ਸਕੀਏ। (ਯੂਹੰ. 6:44) ਵਿਦਿਆਰਥੀ ਲਈ ਸਾਡਾ ਡੂੰਘਾ ਪਿਆਰ ਸਾਡੀ ਕਿਸੇ ਵੀ ਯੋਗਤਾ ਦੀ ਕਮੀ ਨੂੰ ਪੂਰਾ ਕਰ ਸਕਦਾ ਹੈ। ਪੌਲੁਸ ਰਸੂਲ ਉਨ੍ਹਾਂ ਨਾਲ ਬੇਹੱਦ ਪਿਆਰ ਕਰਦਾ ਸੀ ਜਿਨ੍ਹਾਂ ਨੂੰ ਉਹ ਸਿਖਾਉਂਦਾ ਸੀ।—1 ਥੱਸਲੁਨੀਕੀਆਂ 2:7, 8 ਪੜ੍ਹੋ।

17. ਅਸੀਂ ਹਰੇਕ ਵਿਦਿਆਰਥੀ ਵਿਚ ਦਿਲੋਂ ਦਿਲਚਸਪੀ ਕਿਵੇਂ ਲੈ ਸਕਦੇ ਹਾਂ?

17 ਸਾਨੂੰ ਬਾਈਬਲ ਦੇ ਹਰੇਕ ਵਿਦਿਆਰਥੀ ਵਿਚ ਦਿਲੋਂ ਦਿਲਚਸਪੀ ਲੈਣੀ ਚਾਹੀਦੀ ਹੈ। ਸਾਨੂੰ ਸਮਾਂ ਕੱਢ ਕੇ ਉਸ ਨੂੰ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਾਈਬਲ ਸਿਧਾਂਤਾਂ ਤੇ ਚਰਚਾ ਕਰਦੇ ਹੋਏ ਸ਼ਾਇਦ ਅਸੀਂ ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਲੱਗੀਏ। ਉਹ ਸ਼ਾਇਦ ਪਹਿਲਾਂ ਹੀ ਆਪਣੀ ਜ਼ਿੰਦਗੀ ਉਨ੍ਹਾਂ ਗੱਲਾਂ ਮੁਤਾਬਕ ਜੀ ਰਿਹਾ ਹੋਵੇ ਜੋ ਉਹ ਬਾਈਬਲ ਵਿੱਚੋਂ ਸਿੱਖ ਰਿਹਾ ਹੈ। ਪਰ ਹੋਰਨਾਂ ਮਾਮਲਿਆਂ ਵਿਚ ਸ਼ਾਇਦ ਉਸ ਨੂੰ ਅਜੇ ਕੁਝ ਤਬਦੀਲੀਆਂ ਕਰਨ ਦੀ ਲੋੜ ਹੋਵੇ। ਜਦ ਉਹ ਸਮਝਣ ਲੱਗਦਾ ਹੈ ਕਿ ਸਿੱਖੀਆਂ ਗੱਲਾਂ ਉਸ ਉੱਤੇ ਕਿਵੇਂ ਲਾਗੂ ਹੁੰਦੀਆਂ ਹਨ, ਤਾਂ ਮਸੀਹ ਦਾ ਚੇਲਾ ਬਣਨ ਵਿਚ ਉਸ ਦੀ ਮਦਦ ਹੁੰਦੀ ਹੈ।

18. ਵਿਦਿਆਰਥੀ ਨਾਲ ਤੇ ਉਸ ਲਈ ਪ੍ਰਾਰਥਨਾ ਕਰਨੀ ਕਿਉਂ ਜ਼ਰੂਰੀ ਹੈ?

18 ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਵਿਦਿਆਰਥੀ ਨਾਲ ਤੇ ਉਸ ਲਈ ਪ੍ਰਾਰਥਨਾ ਕਰੀਏ। ਉਸ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਨਾਲ ਬਾਈਬਲ ਸਟੱਡੀ ਕਿਉਂ ਕਰਦਾ ਹਾਂ। ਅਸੀਂ ਚਾਹੁੰਦੇ ਹਾਂ ਕਿ ਉਹ ਆਪਣੇ ਕਰਤਾਰ ਨੂੰ ਚੰਗੀ ਤਰ੍ਹਾਂ ਜਾਣੇ, ਉਸ ਨਾਲ ਗੂੜ੍ਹਾ ਰਿਸ਼ਤਾ ਜੋੜੇ ਅਤੇ ਉਸ ਦੀ ਸੇਧ ਤੋਂ ਲਾਭ ਹਾਸਲ ਕਰੇ। (ਜ਼ਬੂਰ 25:4, 5 ਪੜ੍ਹੋ।) ਸਾਨੂੰ ਵਿਦਿਆਰਥੀ ਲਈ ਯਹੋਵਾਹ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਉਹ ਸਿੱਖੀਆਂ ਗੱਲਾਂ ਨੂੰ ਲਾਗੂ ਕਰ ਸਕੇ। ਜਦ ਉਹ ਸਾਡੀ ਪ੍ਰਾਰਥਨਾ ਸੁਣੇਗਾ, ਤਾਂ ਉਸ ਨੂੰ ਪਤਾ ਲੱਗੇਗਾ ਕਿ ‘ਬਚਨ ਉੱਤੇ ਅਮਲ ਕਰਨਾ’ ਕਿੰਨਾ ਜ਼ਰੂਰੀ ਹੈ। (ਯਾਕੂ. 1:22) ਉਹ ਸਾਡੀਆਂ ਦਿਲੋਂ ਕੀਤੀਆਂ ਗਈਆਂ ਪ੍ਰਾਰਥਨਾਵਾਂ ਨੂੰ ਸੁਣ ਕੇ ਆਪ ਵੀ ਪ੍ਰਾਰਥਨਾ ਕਰਨੀ ਸਿੱਖੇਗਾ। ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਜਦ ਅਸੀਂ ਵਿਦਿਆਰਥੀ ਦੀ ਯਹੋਵਾਹ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਜੋੜਨ ਵਿਚ ਮਦਦ ਕਰਦੇ ਹਾਂ!

19. ਅਗਲੇ ਲੇਖ ਵਿਚ ਅਸੀਂ ਕਿਸ ਗੱਲ ਤੇ ਚਰਚਾ ਕਰਾਂਗੇ?

19 ਇਹ ਜਾਣ ਕਿ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਦੁਨੀਆਂ ਭਰ ਵਿਚ 65 ਲੱਖ ਤੋਂ ਜ਼ਿਆਦਾ ਗਵਾਹ ਲੋਕਾਂ ਨੂੰ ਬਾਈਬਲ ਦੀ ਸਿੱਖਿਆ ਦੇਣ ਵਿਚ ਰੁੱਝੇ ਹੋਏ ਹਨ। ਉਹ ਲੋਕਾਂ ਨੂੰ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨੀ ਸਿਖਾ ਰਹੇ ਹਨ ਜਿਨ੍ਹਾਂ ਦਾ ਯਿਸੂ ਨੇ ਹੁਕਮ ਦਿੱਤਾ ਸੀ। ਪ੍ਰਚਾਰ ਦੇ ਕੰਮ ਦੇ ਕੀ ਨਤੀਜੇ ਨਿਕਲ ਰਹੇ ਹਨ? ਇਸ ਸਵਾਲ ਦਾ ਜਵਾਬ ਅਗਲੇ ਲੇਖ ਵਿਚ ਦਿੱਤਾ ਜਾਵੇਗਾ।

ਕੀ ਤੁਹਾਨੂੰ ਯਾਦ ਹੈ?

• ਸਾਨੂੰ ਵਧੀਆ ਤਰੀਕੇ ਨਾਲ ਸਿੱਖਿਆ ਦੇਣ ਦੇ ਕਾਬਲ ਕਿਉਂ ਬਣਨਾ ਚਾਹੀਦਾ ਹੈ?

• ਅਸੀਂ ਆਪਣੀ ਸਿੱਖਿਆ ਦੇਣ ਦੀ ਕਲਾ ਨੂੰ ਕਿਵੇਂ ਨਿਖਾਰ ਸਕਦੇ ਹਾਂ?

• ਲੋਕਾਂ ਦੇ ਦਿਲਾਂ ਤਕ ਪਹੁੰਚਣ ਲਈ ਸਾਡੀ ਕਿਸੇ ਯੋਗਤਾ ਨਾਲੋਂ ਕਿਹੜੀ ਗੱਲ ਜ਼ਿਆਦਾ ਜ਼ਰੂਰੀ ਹੈ?

[ਸਵਾਲ]

[ਸਫ਼ਾ 9 ਉੱਤੇ ਤਸਵੀਰ]

ਕੀ ਤੁਸੀਂ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਹਿੱਸਾ ਲੈਂਦੇ ਹੋ?

[ਸਫ਼ਾ 10 ਉੱਤੇ ਤਸਵੀਰ]

ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਵਿਦਿਆਰਥੀ ਨੂੰ ਬਾਈਬਲ ਵਿੱਚੋਂ ਪੜ੍ਹਨ ਲਈ ਕਹੀਏ?

[ਸਫ਼ਾ 12 ਉੱਤੇ ਤਸਵੀਰ]

ਵਿਦਿਆਰਥੀ ਨਾਲ ਅਤੇ ਉਸ ਲਈ ਪ੍ਰਾਰਥਨਾ ਕਰੋ