Skip to content

Skip to table of contents

ਮਸੀਹ ਦਾ ਆਉਣਾ ਤੁਹਾਡੇ ਲਈ ਕੀ ਅਰਥ ਰੱਖਦਾ ਹੈ?

ਮਸੀਹ ਦਾ ਆਉਣਾ ਤੁਹਾਡੇ ਲਈ ਕੀ ਅਰਥ ਰੱਖਦਾ ਹੈ?

ਮਸੀਹ ਦਾ ਆਉਣਾ ਤੁਹਾਡੇ ਲਈ ਕੀ ਅਰਥ ਰੱਖਦਾ ਹੈ?

“ਏਹ ਗੱਲਾਂ ਕਦ ਹੋਣਗੀਆਂ ਅਤੇ ਤੇਰੇ ਆਉਣ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਊ?”—ਮੱਤੀ 24:3.

1. ਯਿਸੂ ਦੇ ਚੇਲਿਆਂ ਨੇ ਉਸ ਨੂੰ ਕਿਹੜਾ ਸਵਾਲ ਪੁੱਛਿਆ ਸੀ?

ਤਕਰੀਬਨ ਦੋ ਹਜ਼ਾਰ ਸਾਲ ਪਹਿਲਾਂ ਯਿਸੂ ਦੇ ਚਾਰ ਚੇਲਿਆਂ ਨੇ ਜ਼ੈਤੂਨ ਦੇ ਪਹਾੜ ਉੱਤੇ ਯਿਸੂ ਨਾਲ ਗੱਲਬਾਤ ਕਰਦੇ ਹੋਏ ਉਸ ਤੋਂ ਇਹ ਸਵਾਲ ਪੁੱਛਿਆ: “ਏਹ ਗੱਲਾਂ ਕਦ ਹੋਣਗੀਆਂ ਅਤੇ ਤੇਰੇ ਆਉਣ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਊ?” (ਮੱਤੀ 24:3) ਇੱਥੇ ਉਨ੍ਹਾਂ ਨੇ ਦੋ ਦਿਲਚਸਪ ਗੱਲਾਂ ਦਾ ਜ਼ਿਕਰ ਕੀਤਾ ਸੀ। ਇਕ ਹੈ “ਤੇਰੇ ਆਉਣ” ਅਤੇ ਦੂਜੀ ਹੈ “ਜੁਗ ਦੇ ਅੰਤ।” ਇਨ੍ਹਾਂ ਗੱਲਾਂ ਦਾ ਕੀ ਮਤਲਬ ਹੈ?

2. ਸਿਨਟੇਲੀਆ ਸ਼ਬਦ ਦਾ ਕੀ ਮਤਲਬ ਹੈ ਜਿਸ ਦਾ ਤਰਜਮਾ ਪੰਜਾਬੀ ਬਾਈਬਲ ਵਿਚ “ਅੰਤ” ਕੀਤਾ ਗਿਆ ਹੈ?

2 ਆਓ ਆਪਾਂ ਪਹਿਲਾਂ “ਅੰਤ” ਸ਼ਬਦ ਉੱਤੇ ਗੌਰ ਕਰੀਏ। ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ (ਸਿਨਟੇਲੀਆ ਅਤੇ ਟੇਲੋਸ) ਦਾ ਤਰਜਮਾ ਪੰਜਾਬੀ ਬਾਈਬਲ ਵਿਚ “ਅੰਤ” ਕੀਤਾ ਗਿਆ ਹੈ। ਪਰ ਯੂਨਾਨੀ ਭਾਸ਼ਾ ਦੇ ਇਨ੍ਹਾਂ ਦੋ ਸ਼ਬਦਾਂ ਦੇ ਅਰਥ ਵਿਚ ਫ਼ਰਕ ਹੈ। ਮੱਤੀ 24:3 ਵਿਚ ਮੂਲ ਭਾਸ਼ਾ ਵਿਚ ਸਿਨਟੇਲੀਆ ਸ਼ਬਦ ਵਰਤਿਆ ਗਿਆ ਹੈ ਤੇ ਇਸ ਦਾ ਮਤਲਬ ਹੈ “ਆਖ਼ਰੀ ਸਮਾਂ” ਜਾਂ “ਅੰਤ ਦਾ ਸਮਾਂ।” ਪਰ ਟੇਲੋਸ ਸ਼ਬਦ ਦਾ ਮਤਲਬ ਹੈ “ਅੰਤ।” ਇਨ੍ਹਾਂ ਦੋ ਸ਼ਬਦਾਂ ਵਿਚ ਫ਼ਰਕ ਸਮਝਾਉਣ ਲਈ ਅਸੀਂ ਇਕ ਮਿਸਾਲ ਦੇਖ ਸਕਦੇ ਹਾਂ। ਜਦ ਕਿੰਗਡਮ ਹਾਲ ਵਿਚ ਕੋਈ ਭਰਾ ਆਪਣੇ ਭਾਸ਼ਣ ਦਾ ਆਖ਼ਰੀ ਹਿੱਸਾ ਪੇਸ਼ ਕਰਦਾ ਹੈ, ਤਾਂ ਉਹ ਸ਼ਾਇਦ ਭੈਣਾਂ-ਭਰਾਵਾਂ ਨੂੰ ਭਾਸ਼ਣ ਦੀਆਂ ਮੁੱਖ ਗੱਲਾਂ ਨੂੰ ਸੰਖੇਪ ਵਿਚ ਦੁਬਾਰਾ ਦੱਸੇ ਤੇ ਦਿਖਾਵੇ ਕਿ ਇਹ ਜਾਣਕਾਰੀ ਉਨ੍ਹਾਂ ਉੱਤੇ ਕਿਵੇਂ ਲਾਗੂ ਹੁੰਦੀ ਹੈ। ਭਾਸ਼ਣ ਦਾ ਅੰਤ ਉਦੋਂ ਹੁੰਦਾ ਹੈ ਜਦ ਭਰਾ ਭਾਸ਼ਣ ਖ਼ਤਮ ਕਰ ਕੇ ਸਟੇਜ ਉੱਤੋਂ ਉੱਤਰ ਆਉਂਦਾ ਹੈ। ਇਸੇ ਤਰ੍ਹਾਂ ਬਾਈਬਲ ਵਿਚ ਸਿਨਟੇਲੀਆ ਸ਼ਬਦ ਸਮੇਂ ਦੇ ਇਕ ਦੌਰ ਨੂੰ ਸੰਕੇਤ ਕਰਦਾ ਹੈ ਜੋ ਹੌਲੀ-ਹੌਲੀ ਆਪਣੇ ਅੰਤ ਵੱਲ ਵਧਦਾ ਜਾਂਦਾ ਹੈ।

3. ਯਿਸੂ ਦੇ ਰਾਜਾ ਬਣਨ ਦੌਰਾਨ ਕੀ ਕੁਝ ਹੁੰਦਾ ਹੈ?

3 ਆਓ ਹੁਣ ਆਪਾਂ “ਆਉਣ” ਸ਼ਬਦ ਉੱਤੇ ਗੌਰ ਕਰੀਏ। ਪੰਜਾਬੀ ਬਾਈਬਲ ਵਿਚ ਯੂਨਾਨੀ ਸ਼ਬਦ ਪਰੂਸੀਆ ਦਾ ਤਰਜਮਾ “ਆਉਣ” ਕੀਤਾ ਗਿਆ ਹੈ। ਪਰੂਸੀਆ ਦਾ ਕੀ ਮਤਲਬ ਹੈ? ਪਰੂਸੀਆ ਉਹ ਸਮਾਂ ਹੈ ਜੋ 1914 ਵਿਚ ਯਿਸੂ ਦੇ ਰਾਜ-ਸੱਤਾ ਵਿਚ ਆਉਣ ਨਾਲ ਸ਼ੁਰੂ ਹੋਇਆ। ਉਦੋਂ ਯਹੋਵਾਹ ਨੇ ਉਸ ਨੂੰ ਰਾਜਾ ਬਣਾਇਆ ਸੀ। ਉਸ ਸਮੇਂ ਤੋਂ ਉਹ ਸਵਰਗ ਵਿਚ ਰਾਜ ਕਰ ਰਿਹਾ ਹੈ ਤੇ ਬਹੁਤ ਜਲਦ ‘ਵੱਡੇ ਕਸ਼ਟ’ ਦੌਰਾਨ ਇਸ ਬੁਰੀ ਦੁਨੀਆਂ ਦਾ ਅੰਤ ਕਰੇਗਾ। (ਮੱਤੀ 24:21) ਜਿਸ ਸਮੇਂ ਤੋਂ ਯਿਸੂ ਦਾ ਰਾਜ ਸ਼ੁਰੂ ਹੋਇਆ ਹੈ, ਉਸ ਸਮੇਂ ਤੋਂ ਅਸੀਂ ਇਸ ਦੁਨੀਆਂ ਦੇ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ ਤੇ ਇਸੇ ਸਮੇਂ ਦੌਰਾਨ ਮਸਹ ਕੀਤੇ ਹੋਏ ਮਸੀਹੀਆਂ ਨੂੰ ਇਕੱਠਾ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਸਵਰਗੀ ਜੀਵਨ ਲਈ ਜੀ ਉਠਾਇਆ ਜਾਂਦਾ ਹੈ। (2 ਤਿਮੋ. 3:1; 1 ਕੁਰਿੰ. 15:23; 1 ਥੱਸ. 4:15-17; 2 ਥੱਸ. 2:1) ਇਸ ਲਈ ਕਿਹਾ ਜਾ ਸਕਦਾ ਹੈ ਕਿ “ਅੰਤ” ਯਾਨੀ “ਅੰਤ ਦਾ ਸਮਾਂ” (ਸਿਨਟੇਲੀਆ) ਉਹ ਦੌਰ ਹੈ ਜਿਸ ਦੌਰਾਨ ਯਿਸੂ ਸਵਰਗ ਵਿਚ ਰਾਜ ਕਰ ਰਿਹਾ ਹੋਵੇਗਾ (ਪਰੂਸੀਆ)।

ਲੰਬਾ ਸਮਾਂ

4. ਯਿਸੂ ਦਾ ਆਉਣਾ ਨੂਹ ਦੇ ਜ਼ਮਾਨੇ ਦੀਆਂ ਘਟਨਾਵਾਂ ਨਾਲ ਕਿਵੇਂ ਮਿਲਦਾ-ਜੁਲਦਾ ਹੈ?

4 ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਆਉਣਾ (ਪਰੂਸੀਆ) ਲੰਬੇ ਸਮੇਂ ਨੂੰ ਸੰਕੇਤ ਕਰਦਾ ਹੈ। (ਮੱਤੀ 24:37-39 ਪੜ੍ਹੋ।) ਧਿਆਨ ਦਿਓ ਕਿ ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਉਸ ਦਾ ਆਉਣਾ ਨੂਹ ਦੇ ਜ਼ਮਾਨੇ ਵਿਚ ਜਲ ਪਰਲੋ ਆਉਣ ਦੇ ਸਮਾਨ ਹੋਵੇਗਾ ਕਿਉਂਕਿ ਪਰਲੋ ਦੇ ਸ਼ੁਰੂ ਹੋਣ ਤੋਂ ਲੈ ਕੇ ਖ਼ਤਮ ਹੋਣ ਤਕ ਦਾ ਸਮਾਂ ਬਹੁਤ ਥੋੜ੍ਹਾ ਸੀ। ਉਸ ਨੇ ਆਪਣੇ ਆਉਣ ਦੀ ਤੁਲਨਾ ਜਲ ਪਰਲੋ ਆਉਣ ਤੋਂ ਪਹਿਲਾਂ ਦੇ ਲੰਬੇ ਸਮੇਂ ਨਾਲ ਕੀਤੀ ਸੀ। ਇਸ ਸਮੇਂ ਦੌਰਾਨ ਨੂਹ ਨੇ ਕਿਸ਼ਤੀ ਬਣਾਈ ਅਤੇ ਜਲ ਪਰਲੋ ਆਉਣ ਤਕ ਲੋਕਾਂ ਨੂੰ ਪ੍ਰਚਾਰ ਕੀਤਾ। ਇਹ ਦੋਵੇਂ ਕੰਮ ਕਈ ਦਹਾਕਿਆਂ ਤਕ ਚੱਲਦੇ ਰਹੇ। ਇਸੇ ਤਰ੍ਹਾਂ ਮਸੀਹ ਦੇ ਆਉਣ ਦੇ ਸਮੇਂ ਦੌਰਾਨ ਬਹੁਤ ਸਾਰੀਆਂ ਘਟਨਾਵਾਂ ਹੋਣੀਆਂ ਸਨ ਜੋ ਵੱਡੇ ਕਸ਼ਟ ਦੇ ਆਉਣ ਤਕ ਜਾਰੀ ਰਹਿਣਗੀਆਂ।—2 ਥੱਸ. 1:6-9.

5. ਪਰਕਾਸ਼ ਦੀ ਪੋਥੀ ਦੇ 6ਵੇਂ ਅਧਿਆਇ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਿਸੂ ਦਾ ਆਉਣਾ ਕਾਫ਼ੀ ਲੰਬੇ ਸਮੇਂ ਨੂੰ ਸੰਕੇਤ ਕਰਦਾ ਹੈ?

5 ਬਾਈਬਲ ਦੀਆਂ ਹੋਰਨਾਂ ਭਵਿੱਖਬਾਣੀਆਂ ਤੋਂ ਵੀ ਸਬੂਤ ਮਿਲਦਾ ਹੈ ਕਿ ਯਿਸੂ ਦਾ ਆਉਣਾ ਸਿਰਫ਼ ਉਸ ਸਮੇਂ ਨੂੰ ਸੰਕੇਤ ਨਹੀਂ ਕਰਦਾ ਜਦ ਉਹ ਦੁਸ਼ਟ ਲੋਕਾਂ ਨੂੰ ਖ਼ਤਮ ਕਰੇਗਾ, ਬਲਕਿ ਇਹ ਕਾਫ਼ੀ ਲੰਬੇ ਸਮੇਂ ਨੂੰ ਸੰਕੇਤ ਕਰਦਾ ਹੈ। ਪਰਕਾਸ਼ ਦੀ ਪੋਥੀ ਵਿਚ ਯਿਸੂ ਨੂੰ ਚਿੱਟੇ ਘੋੜੇ ਉੱਤੇ ਸਵਾਰ ਹੋਇਆ ਦਿਖਾਇਆ ਗਿਆ ਹੈ ਤੇ ਉਸ ਨੂੰ ਤਾਜ ਦਿੱਤਾ ਗਿਆ ਹੈ। (ਪਰਕਾਸ਼ ਦੀ ਪੋਥੀ 6:1-8 ਪੜ੍ਹੋ।) 1914 ਤੋਂ ਯਿਸੂ ਰਾਜਾ ਬਣ ਕੇ “ਫਤਹ ਕਰਦਿਆਂ ਅਤੇ ਫਤਹ ਕਰਨ ਨੂੰ ਨਿੱਕਲ ਤੁਰਿਆ” ਹੈ। ਫਿਰ ਵੱਖ-ਵੱਖ ਰੰਗਾਂ ਦੇ ਘੋੜੇ ਅਤੇ ਉਨ੍ਹਾਂ ਦੇ ਸਵਾਰ ਉਸ ਦੇ ਮਗਰ-ਮਗਰ ਨਿਕਲ ਤੁਰਦੇ ਹਨ। ਇਹ ਜੰਗ, ਕਾਲ ਅਤੇ ਮਹਾਂਮਾਰੀ ਨੂੰ ਦਰਸਾਉਂਦੇ ਹਨ। ਇਹ ਸਭ ਕੁਝ “ਅੰਤ ਦਿਆਂ ਦਿਨਾਂ” ਦੌਰਾਨ ਹੁੰਦਾ ਹੈ ਜੋ ਕਾਫ਼ੀ ਲੰਬਾ ਸਮਾਂ ਹੈ। ਅਸੀਂ ਹੁਣ ਇਸ ਭਵਿੱਖਬਾਣੀ ਦੀ ਪੂਰਤੀ ਆਪਣੀ ਅੱਖੀਂ ਦੇਖ ਰਹੇ ਹਾਂ।

6. ਪਰਕਾਸ਼ ਦੀ ਪੋਥੀ ਦੇ 12ਵੇਂ ਅਧਿਆਇ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਯਿਸੂ ਰਾਜੇ ਦੇ ਤੌਰ ਤੇ ਆ ਚੁੱਕਾ ਹੈ?

6ਪਰਕਾਸ਼ ਦੀ ਪੋਥੀ ਦੇ 12ਵੇਂ ਅਧਿਆਇ ਵਿਚ ਸਵਰਗ ਵਿਚ ਪਰਮੇਸ਼ੁਰ ਦੇ ਰਾਜ ਦੇ ਸਥਾਪਿਤ ਹੋਣ ਬਾਰੇ ਹੋਰ ਗੱਲਾਂ ਦੱਸੀਆਂ ਗਈਆਂ ਹਨ। ਅਸੀਂ ਪੜ੍ਹਦੇ ਹਾਂ ਕਿ ਸਵਰਗ ਵਿਚ ਇਕ ਯੁੱਧ ਹੋਇਆ। ਇਹ ਯੁੱਧ ਮਿਕਾਏਲ ਤੇ ਉਸ ਦੇ ਦੂਤਾਂ ਅਤੇ ਸ਼ਤਾਨ ਤੇ ਉਸ ਦੇ ਦੂਤਾਂ ਵਿਚਕਾਰ ਹੋਇਆ। ਮਿਕਾਏਲ ਸਵਰਗ ਵਿਚ ਉੱਚੀ ਪਦਵੀ ਤੇ ਬਿਰਾਜਮਾਨ ਯਿਸੂ ਮਸੀਹ ਹੈ। ਇਸ ਲੜਾਈ ਦੇ ਨਤੀਜੇ ਵਜੋਂ ਸ਼ਤਾਨ ਤੇ ਉਸ ਦੇ ਦੂਤਾਂ ਨੂੰ ਧਰਤੀ ਉੱਤੇ ਸੁੱਟਿਆ ਗਿਆ। ਉਸ ਸਮੇਂ ਤੋਂ ਸ਼ਤਾਨ ਦਾ ਗੁੱਸਾ ਭੜਕ ਉੱਠਿਆ ਕਿਉਂਕਿ ‘ਉਹ ਜਾਣਦਾ ਹੈ ਭਈ ਉਸ ਦਾ ਸਮਾ ਥੋੜਾ ਹੀ ਰਹਿੰਦਾ ਹੈ।’ (ਪਰਕਾਸ਼ ਦੀ ਪੋਥੀ 12:7-12 ਪੜ੍ਹੋ।) ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਸਵਰਗ ਵਿਚ ਪਰਮੇਸ਼ੁਰ ਦੇ ਰਾਜ ਦੇ ਸਥਾਪਿਤ ਹੋਣ ਤੋਂ ਬਾਅਦ ਧਰਤੀ ਉੱਤੇ ਉਹ ਸਮਾਂ ਸ਼ੁਰੂ ਹੋਇਆ ਜਿਸ ਵਿਚ ਲੋਕਾਂ ਦੇ ਦੁੱਖ ਵਧਦੇ ਚਲੇ ਗਏ।

7. ਦੂਜੇ ਜ਼ਬੂਰ ਤੋਂ ਸਾਨੂੰ ਕੀ ਪਤਾ ਲੱਗਦਾ ਹੈ ਅਤੇ ਇਸ ਵਿਚ ਕਿਸ ਮੌਕੇ ਬਾਰੇ ਦੱਸਿਆ ਗਿਆ ਹੈ?

7 ਦੂਜੇ ਜ਼ਬੂਰ ਵਿਚ ਵੀ ਸਵਰਗੀ ਸੀਯੋਨ ਪਹਾੜ ਉੱਤੇ ਯਿਸੂ ਦੇ ਰਾਜਾ ਬਣਨ ਬਾਰੇ ਭਵਿੱਖਬਾਣੀ ਕੀਤੀ ਗਈ ਹੈ। (ਜ਼ਬੂਰਾਂ ਦੀ ਪੋਥੀ 2:5-9; 110:1, 2 ਪੜ੍ਹੋ।) ਇਸ ਜ਼ਬੂਰ ਤੋਂ ਵੀ ਇਕ ਦੌਰ ਬਾਰੇ ਪਤਾ ਲੱਗਦਾ ਹੈ ਜਦ ਧਰਤੀ ਦੇ ਰਾਜਿਆਂ ਤੇ ਉਨ੍ਹਾਂ ਦੀ ਪਰਜਾ ਨੂੰ ਮਸੀਹ ਦੇ ਰਾਜ ਅਧੀਨ ਹੋਣ ਦਾ ਮੌਕਾ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ‘ਸਿਆਣੇ ਬਣਨ ਅਤੇ ਸਮਝਣ’ ਦੀ ਤਾਕੀਦ ਕੀਤੀ ਜਾਂਦੀ ਹੈ। ਜੀ ਹਾਂ, ਉਸ ਸਮੇਂ ‘ਧੰਨ ਓਹ ਹੋਣਗੇ ਜਿਹੜੇ ਪਰਮੇਸ਼ੁਰ ਵਿੱਚ ਪਨਾਹ ਲੈਂਦੇ ਹਨ’ ਯਾਨੀ ਯਹੋਵਾਹ ਤੇ ਉਸ ਦੇ ਚੁਣੇ ਹੋਏ ਰਾਜੇ ਦੀ ਸੇਵਾ ਕਰਦੇ ਹਨ। ਤਾਂ ਫਿਰ ਯਿਸੂ ਦੇ ਰਾਜ-ਸੱਤਾ ਵਿਚ ਆਉਣ ਦੇ ਸਮੇਂ ਦੌਰਾਨ ਲੋਕਾਂ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਤਬਦੀਲੀਆਂ ਕਰਨ ਦਾ ਮੌਕਾ ਮਿਲਦਾ ਹੈ।—ਜ਼ਬੂ. 2:10-12.

ਰਾਜੇ ਵਜੋਂ ਮਸੀਹ ਦੇ ਆਉਣ ਦੇ ਲੱਛਣ

8, 9. ਰਾਜੇ ਵਜੋਂ ਮਸੀਹ ਦੇ ਆਉਣ ਦੇ ਲੱਛਣ ਅਤੇ ਇਸ ਦੇ ਅਰਥ ਨੂੰ ਕੌਣ ਸਮਝਣਗੇ?

8 ਜਦ ਫ਼ਰੀਸੀਆਂ ਨੇ ਯਿਸੂ ਨੂੰ ਪੁੱਛਿਆ ਸੀ ਕਿ ਪਰਮੇਸ਼ੁਰ ਦਾ ਰਾਜ ਕਦੋਂ ਆਵੇਗਾ, ਤਾਂ ਯਿਸੂ ਨੇ ਕਿਹਾ ਕਿ ਉਨ੍ਹਾਂ ਲਈ ਉਹ ਰਾਜ “ਪਰਤੱਖ ਹੋ ਕੇ” ਨਹੀਂ ਆਵੇਗਾ। (ਲੂਕਾ 17:20, 21) ਅਵਿਸ਼ਵਾਸੀ ਲੋਕ ਯਿਸੂ ਦੀ ਇਸ ਗੱਲ ਨੂੰ ਨਹੀਂ ਸਮਝੇ ਤੇ ਨਾ ਹੀ ਉਹ ਇਸ ਗੱਲ ਨੂੰ ਸਮਝੇ ਕਿ ਯਿਸੂ ਭਵਿੱਖ ਵਿਚ ਉਨ੍ਹਾਂ ਦਾ ਰਾਜਾ ਬਣਨ ਵਾਲਾ ਸੀ। ਤਾਂ ਫਿਰ ਮਸੀਹ ਦੇ ਰਾਜੇ ਵਜੋਂ ਆਉਣ ਦੇ ਲੱਛਣ ਅਤੇ ਇਸ ਦੇ ਅਰਥ ਨੂੰ ਕੌਣ ਸਮਝਣਗੇ?

9 ਯਿਸੂ ਨੇ ਅੱਗੇ ਕਿਹਾ ਸੀ ਕਿ “ਜਿਸ ਤਰਾਂ ਬਿਜਲੀ ਅਕਾਸ਼ ਦੇ ਹੇਠ ਦੇ ਇੱਕ ਪਾਸਿਓਂ ਲਿਸ਼ਕਦੀ ਤਾਂ ਅਕਾਸ਼ ਦੇ ਹੇਠ ਦੂਏ ਪਾਸੇ ਤੀਕੁਰ ਚਮਕਦੀ ਹੈ,” ਉਸੇ ਤਰ੍ਹਾਂ ਉਸ ਦੇ ਚੇਲਿਆਂ ਨੂੰ ਉਹ ਲੱਛਣ ਸਾਫ਼ ਦਿਖਾਈ ਦੇਵੇਗਾ। (ਲੂਕਾ 17:24-29 ਪੜ੍ਹੋ।) ਧਿਆਨ ਦਿਓ ਕਿ ਮੱਤੀ 24:23-27 ਵਿਚ ਵੀ ਰਾਜੇ ਵਜੋਂ ਮਸੀਹ ਦੇ ਆਉਣ ਦੇ ਸੰਬੰਧ ਵਿਚ ਇਹੋ ਗੱਲ ਕੀਤੀ ਗਈ ਹੈ।

ਲੱਛਣ ਦੇਖਣ ਵਾਲੀ ਪੀੜ੍ਹੀ

10, 11. (ੳ) ਕੁਝ ਸਮਾਂ ਪਹਿਲਾਂ ਮੱਤੀ 24:34 ਵਿਚ “ਪੀਹੜੀ” ਬਾਰੇ ਕੀ ਸਮਝਾਇਆ ਗਿਆ ਸੀ? (ਅ) ਯਿਸੂ ਦੇ ਚੇਲਿਆਂ ਦੀ ਸਮਝ ਮੁਤਾਬਕ ਉਸ “ਪੀਹੜੀ” ਵਿਚ ਕੌਣ ਸ਼ਾਮਲ ਸਨ?

10 ਕੁਝ ਸਮਾਂ ਪਹਿਲਾਂ ਪਹਿਰਾਬੁਰਜ ਰਸਾਲੇ ਵਿਚ ਸਮਝਾਇਆ ਗਿਆ ਸੀ ਕਿ ਮੱਤੀ 24:34 ਵਿਚ ‘ਇਹ ਪੀਹੜੀ’ ਯਿਸੂ ਦੇ ਜ਼ਮਾਨੇ ਵਿਚ ਰਹਿਣ ਵਾਲੇ ਅਵਿਸ਼ਵਾਸੀ ਯਹੂਦੀ ਸਨ। * ਇਹ ਗੱਲ ਠੀਕ ਲੱਗਦੀ ਸੀ ਕਿਉਂਕਿ ਇਸ ਆਇਤ ਤੋਂ ਇਲਾਵਾ ਜਦ ਵੀ ਯਿਸੂ ਨੇ “ਪੀੜ੍ਹੀ” ਸ਼ਬਦ ਵਰਤਿਆ ਸੀ, ਤਾਂ ਉਸ ਨੇ ਹਮੇਸ਼ਾ ਉਸ ਪੀੜ੍ਹੀ ਬਾਰੇ ਕੁਝ ਮਾੜਾ ਕਿਹਾ ਸੀ। ਮਿਸਾਲ ਲਈ, ਪੀੜ੍ਹੀ ਬਾਰੇ ਗੱਲ ਕਰਦੇ ਹੋਏ ਉਸ ਨੇ “ਬੁਰੀ” ਜਾਂ “ਪਾਪੀ” ਵਰਗੇ ਸ਼ਬਦ ਵੀ ਵਰਤੇ ਸਨ। (ਮੱਤੀ 12:39; 17:17; ਮਰ. 8:38) ਇਸ ਕਰਕੇ ਸਮਝਾਇਆ ਗਿਆ ਸੀ ਕਿ ਸਾਡੇ ਜ਼ਮਾਨੇ ਵਿਚ ਬੁਰੀ ਪੀੜ੍ਹੀ ਉਹ ਅਵਿਸ਼ਵਾਸੀ ਲੋਕ ਹਨ ਜੋ ‘ਅੰਤ ਦੇ ਸਮੇਂ’ (ਸਿਨਟੇਲੀਆ) ਵਿਚ ਰਹਿੰਦੇ ਹੋਣਗੇ ਅਤੇ ਇਸ ਸਮੇਂ ਦਾ “ਅੰਤ” (ਟੇਲੋਸ) ਵੀ ਦੇਖਣਗੇ।

11 ਇਹ ਸੱਚ ਹੈ ਕਿ ਜਦ ਯਿਸੂ ਨੇ ‘ਬੁਰੀ ਪੀੜ੍ਹੀ’ ਬਾਰੇ ਗੱਲ ਕੀਤੀ ਸੀ, ਤਾਂ ਉਹ ਆਪਣੇ ਜ਼ਮਾਨੇ ਦੇ ਬੁਰੇ ਲੋਕਾਂ ਦੀ ਗੱਲ ਕਰ ਰਿਹਾ ਸੀ। ਪਰ ਮੱਤੀ 24:34 ਵਿਚ ਕੀ ਉਹ ਇਸੇ ਪੀੜ੍ਹੀ ਦੀ ਗੱਲ ਕਰ ਰਿਹਾ ਸੀ? ਯਾਦ ਕਰੋ ਕਿ ਯਿਸੂ ਦੇ ਚੇਲੇ “ਵੱਖਰੇ ਹੋ ਕੇ” ਉਹ ਦੇ ਕੋਲ ਆਏ ਸਨ। (ਮੱਤੀ 24:3) ਜਦ ਯਿਸੂ ਨੇ ਆਪਣੇ ਚੇਲਿਆਂ ਨਾਲ ਗੱਲ ਕੀਤੀ ਸੀ, ਤਾਂ ਉਸ ਨੇ ਉਨ੍ਹਾਂ ਨੂੰ ਬੁਰੀ ਪੀੜ੍ਹੀ ਦੇ ਨਾਲ ਨਹੀਂ ਜੋੜਿਆ ਸੀ। ਪਰ ਮੱਤੀ 24:34 ਵਿਚ ਦੱਸੀ ਪੀੜ੍ਹੀ ਬਾਰੇ ਯਿਸੂ ਦੀ ਗੱਲ ਤੋਂ ਉਨ੍ਹਾਂ ਨੇ ਸਮਝ ਲਿਆ ਸੀ ਕਿ ਉਹ ਤੇ ਉਸ ਸਮੇਂ ਜੀ ਰਹੇ ਬਾਕੀ ਚੇਲੇ ਉਸ “ਪੀਹੜੀ” ਦਾ ਹਿੱਸਾ ਸਨ ਜੋ ਉਦੋਂ ਤਕ ਰਹੇਗੀ “ਜਦ ਤੀਕਰ ਏਹ ਸਭ ਗੱਲਾਂ ਨਾ ਹੋ ਲੈਣ।”

12. ਮੱਤੀ 24:34 ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ “ਪੀਹੜੀ” ਬਾਰੇ ਗੱਲ ਕਰਦੇ ਹੋਏ ਯਿਸੂ ਕਿਨ੍ਹਾਂ ਬਾਰੇ ਗੱਲ ਕਰ ਰਿਹਾ ਸੀ?

12 ਅਸੀਂ ਇਸ ਸਿੱਟੇ ਤੇ ਕਿਵੇਂ ਪਹੁੰਚਦੇ ਹਾਂ? ਮੱਤੀ 24:34 ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਵੱਲ ਧਿਆਨ ਦੇ ਕੇ। ਮੱਤੀ 24:32, 33 ਵਿਚ ਯਿਸੂ ਨੇ ਕਿਹਾ ਸੀ: ‘ਹੰਜੀਰ ਦੇ ਬਿਰਛ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਜਦ ਉਹ ਦੀ ਟਹਿਣੀ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ ਤਦ ਜਾਣ ਲੈਂਦੇ ਭਈ ਗਰਮੀ ਦੀ ਰੁੱਤ ਨੇੜੇ ਹੈ। ਇਸੇ ਤਰਾਂ ਤੁਸੀਂ ਵੀ ਜਾਂ ਇਹ ਸਭ ਕੁਝ ਵੇਖੋ ਤਾਂ ਜਾਣ ਲਓ ਜੋ ਉਹ ਨੇੜੇ ਸਗੋਂ ਬੂਹੇ ਉੱਤੇ ਹੈ।’ (ਹੋਰ ਜਾਣਕਾਰੀ ਲਈ ਮਰਕੁਸ 13:28-30; ਲੂਕਾ 21:30-32 ਦੇਖੋ।) ਫਿਰ ਉਸ ਨੇ ਮੱਤੀ 24:34 ਵਿਚ ਕਿਹਾ: ‘ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਜਦ ਤੀਕਰ ਏਹ ਸਭ ਗੱਲਾਂ ਨਾ ਹੋ ਲੈਣ ਇਹ ਪੀਹੜੀ ਬੀਤ ਨਾ ਜਾਵੇਗੀ।’

13, 14. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਦੇ ਚੇਲੇ ਹੀ ਉਸ “ਪੀਹੜੀ” ਦਾ ਹਿੱਸਾ ਸਨ ਜਿਸ ਬਾਰੇ ਯਿਸੂ ਨੇ ਗੱਲ ਕੀਤੀ ਸੀ?

13 ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲੇ ਹੀ, ਜਿਨ੍ਹਾਂ ਨੂੰ ਪਵਿੱਤਰ ਆਤਮਾ ਨਾਲ ਮਸਹ ਕੀਤਾ ਜਾਣਾ ਸੀ, “ਏਹ ਸਭ ਗੱਲਾਂ” ਹੁੰਦੀਆਂ ਦੇਖ ਕੇ ਇਨ੍ਹਾਂ ਦਾ ਸਹੀ ਅਰਥ ਸਮਝਣਗੇ। ਇਸ ਲਈ ਯਿਸੂ ਆਪਣੇ ਚੇਲਿਆਂ ਬਾਰੇ ਹੀ ਗੱਲ ਕਰ ਰਿਹਾ ਸੀ ਜਦ ਉਸ ਨੇ ਅੱਗੇ ਕਿਹਾ: “ਜਦ ਤੀਕਰ ਏਹ ਸਭ ਗੱਲਾਂ ਨਾ ਹੋ ਲੈਣ ਇਹ ਪੀਹੜੀ ਬੀਤ ਨਾ ਜਾਵੇਗੀ।”

14 ਅਵਿਸ਼ਵਾਸੀ ਲੋਕਾਂ ਤੋਂ ਉਲਟ ਯਿਸੂ ਦੇ ਚੇਲਿਆਂ ਨੇ ਨਾ ਸਿਰਫ਼ ਲੱਛਣ ਦੇਖਣੇ ਸਨ, ਸਗੋਂ ਉਨ੍ਹਾਂ ਦਾ ਅਰਥ ਵੀ ਸਮਝਣਾ ਸੀ। ਉਹ ਲੱਛਣ ਦੇਖ ਕੇ ਕੁਝ ‘ਸਿੱਖ’ ਵੀ ਸਕਦੇ ਸਨ ਤੇ ਉਨ੍ਹਾਂ ਦਾ ਸਹੀ ਅਰਥ ਵੀ “ਜਾਣ” ਸਕਦੇ ਸਨ। ਉਨ੍ਹਾਂ ਨੇ ਸਮਝ ਜਾਣਾ ਸੀ ਕਿ “ਉਹ ਨੇੜੇ ਸਗੋਂ ਬੂਹੇ ਉੱਤੇ ਹੈ।” ਇਹ ਸੱਚ ਹੈ ਕਿ ਪਹਿਲੀ ਸਦੀ ਵਿਚ ਅਵਿਸ਼ਵਾਸੀ ਯਹੂਦੀਆਂ ਅਤੇ ਵਫ਼ਾਦਾਰ ਮਸਹ ਕੀਤੇ ਹੋਏ ਮਸੀਹੀਆਂ ਨੇ ਯਿਸੂ ਦੇ ਸ਼ਬਦਾਂ ਦੀ ਕੁਝ ਹੱਦ ਤਕ ਪੂਰਤੀ ਹੁੰਦੀ ਦੇਖੀ ਸੀ। ਪਰ ਸਿਰਫ਼ ਉਸ ਦੇ ਮਸਹ ਕੀਤੇ ਹੋਏ ਚੇਲਿਆਂ ਨੇ ਇਨ੍ਹਾਂ ਘਟਨਾਵਾਂ ਦਾ ਅਸਲੀ ਅਰਥ ਸਮਝਿਆ ਸੀ।

15. (ੳ) ਅੱਜ ਉਸ “ਪੀਹੜੀ” ਦਾ ਹਿੱਸਾ ਕੌਣ ਹਨ ਜਿਸ ਬਾਰੇ ਯਿਸੂ ਨੇ ਗੱਲ ਕੀਤੀ ਸੀ? (ਅ) ਅਸੀਂ ਇਹ ਪੱਕਾ ਕਿਉਂ ਨਹੀਂ ਕਹਿ ਸਕਦੇ ਕਿ ਇਹ “ਪੀਹੜੀ” ਕਿੰਨੇ ਸਾਲਾਂ ਤਕ ਜੀਉਂਦੀ ਰਹੇਗੀ? (ਸਫ਼ੇ 25 ਉੱਤੇ ਡੱਬੀ ਦੇਖੋ।)

15 ਅੱਜ ਬਾਈਬਲ ਦੀਆਂ ਗੱਲਾਂ ਨਾ ਸਮਝਣ ਵਾਲਿਆਂ ਨੂੰ ਲੱਗਦਾ ਹੈ ਕਿ ਰਾਜੇ ਵਜੋਂ ਯਿਸੂ ਦੇ ਆਉਣ ਦਾ ਕੋਈ “ਪਰਤੱਖ” ਜਾਂ ਠੋਸ ਸਬੂਤ ਨਹੀਂ ਹੈ। ਉਨ੍ਹਾਂ ਦੇ ਖ਼ਿਆਲ ਵਿਚ ਸਭ ਕੁਝ ਉਸੇ ਤਰ੍ਹਾਂ ਹੀ ਹੈ ਜਿਵੇਂ ਸਦੀਆਂ ਤੋਂ ਚੱਲਦਾ ਆ ਰਿਹਾ ਹੈ। (2 ਪਤ. 3:4) ਦੂਜੇ ਪਾਸੇ, ਯਿਸੂ ਦੇ ਮਸਹ ਕੀਤੇ ਹੋਏ ਭਰਾਵਾਂ ਨੇ ਇਸ ਲੱਛਣ ਨੂੰ ਦੇਖ ਲਿਆ ਹੈ ਮਾਨੋ ਜਿਵੇਂ ਉਨ੍ਹਾਂ ਨੇ ਬਿਜਲੀ ਦੀ ਲਿਸ਼ਕ ਦੇਖ ਲਈ ਹੋਵੇ ਅਤੇ ਇਸ ਲੱਛਣ ਦਾ ਅਰਥ ਵੀ ਸਮਝ ਲਿਆ ਹੈ। ਅੱਜ ਧਰਤੀ ਉੱਤੇ ਮਸਹ ਕੀਤੇ ਹੋਏ ਮਸੀਹੀ ਹੀ ਉਸ “ਪੀਹੜੀ” ਦਾ ਹਿੱਸਾ ਹਨ ਜੋ ਬੀਤ ਨਾ ਜਾਵੇਗੀ “ਜਦ ਤੀਕਰ ਏਹ ਸਭ ਗੱਲਾਂ ਨਾ ਹੋ ਲੈਣ।” * ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਦੇ ਕੁਝ ਮਸਹ ਕੀਤੇ ਹੋਏ ਭਰਾ ਉਦੋਂ ਧਰਤੀ ਉੱਤੇ ਹੀ ਹੋਣਗੇ ਜਦ ਵੱਡੀ ਬਿਪਤਾ ਸ਼ੁਰੂ ਹੋਵੇਗੀ।

“ਜਾਗਦੇ ਰਹੋ”

16. ਯਿਸੂ ਦੇ ਸਾਰੇ ਚੇਲਿਆਂ ਨੂੰ ਕੀ ਕਰਨ ਦੀ ਲੋੜ ਹੈ?

16 ਲੱਛਣ ਦਾ ਅਰਥ ਸਮਝਣਾ ਹੀ ਕਾਫ਼ੀ ਨਹੀਂ ਹੈ। ਯਿਸੂ ਨੇ ਕਿਹਾ ਸੀ: ‘ਜੋ ਮੈਂ ਤੁਹਾਨੂੰ ਆਖਦਾ ਹਾਂ ਸੋ ਸਾਰਿਆਂ ਨੂੰ ਆਖਦਾ ਹਾਂ ਭਈ ਜਾਗਦੇ ਰਹੋ!’ (ਮਰ. 13:37) ਇਹ ਗੱਲ ਸਾਡੇ ਸਾਰਿਆਂ ਲਈ ਜ਼ਰੂਰੀ ਹੈ ਚਾਹੇ ਅਸੀਂ ਮਸਹ ਕੀਤੇ ਹੋਏ ਮਸੀਹੀ ਹਾਂ ਜਾਂ ਵੱਡੀ ਭੀੜ ਦੇ ਮੈਂਬਰ। ਯਿਸੂ ਨੂੰ 1914 ਵਿਚ ਸਵਰਗ ਵਿਚ ਰਾਜਾ ਬਣੇ ਨੂੰ ਹੁਣ 90 ਤੋਂ ਜ਼ਿਆਦਾ ਸਾਲ ਹੋ ਚੁੱਕੇ ਹਨ। ਭਾਵੇਂ ਸਾਡੇ ਲਈ ਜਾਗਦੇ ਰਹਿਣਾ ਤੇ ਤਿਆਰ ਰਹਿਣਾ ਮੁਸ਼ਕਲ ਹੈ, ਪਰ ਸਾਨੂੰ ਇਸ ਤਰ੍ਹਾਂ ਕਰਨ ਦੀ ਲੋੜ ਹੈ। ਜੇ ਅਸੀਂ ਯਾਦ ਰੱਖੀਏ ਕਿ ਮਸੀਹ ਹੁਣ ਰਾਜਾ ਬਣ ਚੁੱਕਾ ਹੈ, ਤਾਂ ਸਾਨੂੰ ਜਾਗਦੇ ਰਹਿਣ ਵਿਚ ਮਦਦ ਮਿਲੇਗੀ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਬਹੁਤ ਜਲਦ ‘ਜਿਸ ਘੜੀ ਸਾਨੂੰ ਚਿੱਤ ਚੇਤਾ ਨਾ ਹੋਵੇ’ ਉਹ ਆਪਣੇ ਦੁਸ਼ਮਣਾਂ ਨੂੰ ਖ਼ਤਮ ਕਰਨ ਆਵੇਗਾ।—ਲੂਕਾ 12:40.

17. ਇਹ ਗੱਲਾਂ ਸਮਝਣ ਨਾਲ ਸਾਡੀ ਜ਼ਿੰਦਗੀ ਤੇ ਕਿਹੋ ਜਿਹਾ ਅਸਰ ਪੈਣਾ ਚਾਹੀਦਾ ਹੈ?

17 ਅਸੀਂ ਜਾਣਦੇ ਹਾਂ ਕਿ ਯਿਸੂ ਰਾਜੇ ਵਜੋਂ ਆ ਚੁੱਕਾ ਹੈ ਅਤੇ 1914 ਤੋਂ ਉਹ ਸਵਰਗ ਵਿਚ ਰਾਜ ਕਰ ਰਿਹਾ ਹੈ। ਛੇਤੀ ਹੀ ਉਹ ਦੁਸ਼ਟ ਲੋਕਾਂ ਨੂੰ ਖ਼ਤਮ ਕਰੇਗਾ ਤੇ ਧਰਤੀ ਉੱਤੇ ਵੱਡੀਆਂ-ਵੱਡੀਆਂ ਤਬਦੀਲੀਆਂ ਕਰੇਗਾ। ਇਹ ਗੱਲਾਂ ਸਮਝਣ ਨਾਲ ਸਾਡੀ ਜ਼ਿੰਦਗੀ ਤੇ ਅਸਰ ਪੈਣਾ ਚਾਹੀਦਾ ਹੈ। ਇਸ ਲਈ ਸਾਨੂੰ ਪਹਿਲਾਂ ਨਾਲੋਂ ਜ਼ਿਆਦਾ ਉਸ ਕੰਮ ਵਿਚ ਹਿੱਸਾ ਲੈਣਾ ਚਾਹੀਦਾ ਹੈ ਜਿਸ ਬਾਰੇ ਯਿਸੂ ਨੇ ਭਵਿੱਖਬਾਣੀ ਕੀਤੀ ਸੀ। ਉਸ ਨੇ ਕਿਹਾ: ‘ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ [ਟੇਲੋਸ] ਆਵੇਗਾ।’—ਮੱਤੀ 24:14.

[ਫੁਟਨੋਟ]

^ ਪੈਰਾ 10 1 ਨਵੰਬਰ 1995 ਦੇ ਪੰਜਾਬੀ ਪਹਿਰਾਬੁਰਜ ਦੇ ਸਫ਼ੇ 11-13, 17, 30, 31 ਦੇਖੋ।

^ ਪੈਰਾ 15 ਇਸ ਤਰ੍ਹਾਂ ਲੱਗਦਾ ਹੈ ਕਿ “ਇਹ ਪੀੜ੍ਹੀ” ਦਾ ਸਮਾਂ ਪਰਕਾਸ਼ ਦੀ ਪੋਥੀ ਦੇ ਪਹਿਲੇ ਦਰਸ਼ਣ ਦੇ ਸਮੇਂ ਨਾਲ ਮੇਲ ਖ਼ਾਂਦਾ ਹੈ। (ਪਰ. 1:10–3:22) ਪ੍ਰਭੂ ਦੇ ਦਿਨ ਦੇ ਦਰਸ਼ਣ ਦੀ ਪੂਰਤੀ 1914 ਤੋਂ ਲੈ ਕੇ ਉਸ ਸਮੇਂ ਤਕ ਹੁੰਦੀ ਰਹੇਗੀ ਜਦ ਆਖ਼ਰੀ ਮਸਹ ਕੀਤਾ ਹੋਇਆ ਮਸੀਹੀ ਮਰਨ ਤੋਂ ਬਾਅਦ ਸਵਰਗੀ ਜੀਵਨ ਲਈ ਜੀ ਉਠਾਇਆ ਜਾਵੇਗਾ।—ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ) ਕਿਤਾਬ ਦਾ ਸਫ਼ਾ 24, ਪੈਰਾ 4 ਦੇਖੋ।

ਤੁਸੀਂ ਕੀ ਜਵਾਬ ਦਿਓਗੇ?

• ਸਾਨੂੰ ਕਿੱਦਾਂ ਪਤਾ ਹੈ ਕਿ ਯਿਸੂ ਦਾ ਆਉਣਾ ਲੰਬੇ ਸਮੇਂ ਨੂੰ ਸੰਕੇਤ ਕਰਦਾ ਹੈ?

• ਯਿਸੂ ਦਾ ਰਾਜੇ ਵਜੋਂ ਆਉਣ ਦਾ ਲੱਛਣ ਕਿਨ੍ਹਾਂ ਨੇ ਦੇਖਿਆ ਅਤੇ ਸਮਝਿਆ?

• ਅੱਜ ਉਸ “ਪੀਹੜੀ” ਦਾ ਹਿੱਸਾ ਕੌਣ ਹਨ ਜਿਸ ਦਾ ਜ਼ਿਕਰ ਮੱਤੀ 24:34 ਵਿਚ ਕੀਤਾ ਗਿਆ ਹੈ?

• ਅਸੀਂ ਕਿਉਂ ਨਹੀਂ ਹਿਸਾਬ ਲਾ ਸਕਦੇ ਕਿ “ਇਹ ਪੀਹੜੀ” ਕਿੰਨੇ ਸਮੇਂ ਲਈ ਰਹੇਗੀ?

[ਸਵਾਲ]

[ਸਫ਼ੇ 25 ਉੱਤੇ ਡੱਬੀ]

ਕੀ ਅਸੀਂ ਹਿਸਾਬ ਲਾ ਸਕਦੇ ਹਾਂ ਕਿ “ਇਹ ਪੀਹੜੀ” ਕਿੰਨੇ ਸਮੇਂ ਲਈ ਰਹੇਗੀ?

ਆਮ ਤੌਰ ਤੇ “ਪੀਹੜੀ” ਸ਼ਬਦ ਉਨ੍ਹਾਂ ਲੋਕਾਂ ਨੂੰ ਸੰਕੇਤ ਕਰਦਾ ਹੈ ਜੋ ਕਿਸੇ ਖ਼ਾਸ ਸਮੇਂ ਜਾਂ ਘਟਨਾ ਦੌਰਾਨ ਜੀਉਂਦੇ ਰਹਿੰਦੇ ਹਨ। ਮਿਸਾਲ ਲਈ, ਕੂਚ 1:6 ਵਿਚ ਅਸੀਂ ਪੜ੍ਹਦੇ ਹਾਂ ਕਿ ‘ਯੂਸੁਫ਼ ਅਤੇ ਉਸ ਦੇ ਭਰਾ ਅਤੇ ਉਹ ਸਾਰੀ ਪੀੜ੍ਹੀ ਮਰ ਚੁੱਕੀ ਸੀ।’ ਯੂਸੁਫ਼ ਤੇ ਉਸ ਦੇ ਭਰਾ ਇੱਕੋ ਜ਼ਮਾਨੇ ਦੇ ਰਹਿਣ ਵਾਲੇ ਸਨ ਭਾਵੇਂ ਉਨ੍ਹਾਂ ਦੀਆਂ ਉਮਰਾਂ ਵੱਖੋ-ਵੱਖਰੀਆਂ ਸਨ। ‘ਉਸ ਪੀੜ੍ਹੀ’ ਵਿਚ ਯੂਸੁਫ਼ ਦੇ ਉਹ ਭਰਾ ਵੀ ਸਨ ਜਿਨ੍ਹਾਂ ਦਾ ਜਨਮ ਉਸ ਤੋਂ ਪਹਿਲਾਂ ਹੋਇਆ ਸੀ। ਇਨ੍ਹਾਂ ਵਿੱਚੋਂ ਕੁਝ ਯੂਸੁਫ਼ ਤੋਂ ਜ਼ਿਆਦਾ ਸਮਾਂ ਜੀਉਂਦੇ ਰਹੇ ਸਨ। (ਉਤ. 50:24) ਬਿਨਯਾਮੀਨ ਵਾਂਗ ਉਸ ਪੀੜ੍ਹੀ ਦੇ ਹੋਰ ਲੋਕ ਯੂਸੁਫ਼ ਤੋਂ ਬਾਅਦ ਪੈਦਾ ਹੋਏ ਸਨ ਤੇ ਹੋ ਸਕਦਾ ਹੈ ਕਿ ਉਸ ਦੇ ਮਰਨ ਤੋਂ ਬਾਅਦ ਵੀ ਜੀਉਂਦੇ ਰਹੇ।

ਇਸ ਲਈ ਜਦ “ਪੀਹੜੀ” ਸ਼ਬਦ ਕਿਸੇ ਖ਼ਾਸ ਸਮੇਂ ਦੌਰਾਨ ਜੀ ਰਹੇ ਲੋਕਾਂ ਦੇ ਸੰਬੰਧ ਵਿਚ ਵਰਤਿਆ ਜਾਂਦਾ ਹੈ, ਤਾਂ ਅਸੀਂ ਪੱਕਾ ਨਹੀਂ ਕਹਿ ਸਕਦੇ ਕਿ ਉਹ ਸਮਾਂ ਕਿੰਨਾ ਕੁ ਲੰਬਾ ਹੋਵੇਗਾ। ਪਰ ਸਾਨੂੰ ਪਤਾ ਹੈ ਕਿ ਉਸ ਸਮੇਂ ਦੀ ਹੱਦ ਵੀ ਹੋਵੇਗੀ। ਇਸ ਲਈ ਜਦ ਯਿਸੂ ਨੇ ਮੱਤੀ 24:34 ਵਿਚ “ਇਹ ਪੀਹੜੀ” ਕਿਹਾ ਸੀ, ਤਾਂ ਯਿਸੂ ਆਪਣੇ ਚੇਲਿਆਂ ਨੂੰ ਕੋਈ ਫ਼ਾਰਮੂਲਾ ਨਹੀਂ ਦੱਸ ਰਿਹਾ ਸੀ ਜਿਸ ਨਾਲ ਉਹ ਪਤਾ ਕਰ ਸਕਣ ਕਿ ‘ਅੰਤ ਦੇ ਦਿਨ’ ਕਦੋਂ ਖ਼ਤਮ ਹੋਣਗੇ। ਇਸ ਦੀ ਬਜਾਇ ਯਿਸੂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਕੋਈ ਵੀ “ਉਸ ਦਿਨ ਅਤੇ ਘੜੀ” ਨੂੰ ਨਹੀਂ ਜਾਣਦਾ।—2 ਤਿਮੋ. 3:1; ਮੱਤੀ 24:36.

[ਸਫ਼ੇ 22, 23 ਉੱਤੇ ਤਸਵੀਰ]

1914 ਵਿਚ ਰਾਜਾ ਬਣਨ ਤੋਂ ਬਾਅਦ ਯਿਸੂ “ਫਤਹ ਕਰਨ” ਨੂੰ ਨਿਕਲਿਆ

[ਸਫ਼ਾ 24 ਉੱਤੇ ਤਸਵੀਰ]

“ਜਦ ਤੀਕਰ ਏਹ ਸਭ ਗੱਲਾਂ ਨਾ ਹੋ ਲੈਣ ਇਹ ਪੀਹੜੀ ਬੀਤ ਨਾ ਜਾਵੇਗੀ”