Skip to content

Skip to table of contents

ਯਹੋਵਾਹ ਦੇ ਰਾਹਾਂ ਉੱਤੇ ਚੱਲੋ

ਯਹੋਵਾਹ ਦੇ ਰਾਹਾਂ ਉੱਤੇ ਚੱਲੋ

ਯਹੋਵਾਹ ਦੇ ਰਾਹਾਂ ਉੱਤੇ ਚੱਲੋ

“ਧੰਨ ਹੈ ਹਰੇਕ ਜੋ ਯਹੋਵਾਹ ਦਾ ਭੈ ਮੰਨਦਾ ਹੈ, ਅਤੇ ਉਸ ਦਿਆਂ ਰਾਹਾਂ ਉੱਤੇ ਚੱਲਦਾ ਹੈ!”—ਜ਼ਬੂ. 128:1.

1, 2. ਅਸੀਂ ਯਕੀਨ ਕਿਉਂ ਕਰ ਸਕਦੇ ਹਾਂ ਕਿ ਖ਼ੁਸ਼ੀ ਪਾਉਣੀ ਮੁਮਕਿਨ ਹੈ?

ਜ਼ਿੰਦਗੀ ਵਿਚ ਹਰ ਕੋਈ ਖ਼ੁਸ਼ੀ ਪਾਉਣੀ ਚਾਹੁੰਦਾ ਹੈ। ਪਰ ਇਹ ਗੱਲ ਤੁਸੀਂ ਜਾਣਦੇ ਹੀ ਹੋ ਕਿ ਖ਼ੁਸ਼ੀ ਭਰੀ ਜ਼ਿੰਦਗੀ ਜੀਣ ਦੀ ਤਮੰਨਾ ਰੱਖਣੀ ਅਤੇ ਖ਼ੁਸ਼ੀ ਭਰੀ ਜ਼ਿੰਦਗੀ ਜੀਣ ਵਿਚ ਜ਼ਮੀਨ ਆਸਮਾਨ ਦਾ ਫ਼ਰਕ ਹੈ।

2 ਇਸ ਦੇ ਬਾਵਜੂਦ ਧੰਨ ਹੋਣਾ ਯਾਨੀ ਖ਼ੁਸ਼ੀ ਪਾਉਣੀ ਮੁਮਕਿਨ ਹੈ। ਜ਼ਬੂਰ 128:1 ਵਿਚ ਕਿਹਾ ਗਿਆ ਕਿ “ਧੰਨ ਹੈ ਹਰੇਕ ਜੋ ਯਹੋਵਾਹ ਦਾ ਭੈ ਮੰਨਦਾ ਹੈ, ਅਤੇ ਉਸ ਦਿਆਂ ਰਾਹਾਂ ਉੱਤੇ ਚੱਲਦਾ ਹੈ!” ਜੇ ਅਸੀਂ ਪਰਮੇਸ਼ੁਰ ਦੀ ਭਗਤੀ ਕਰੀਏ ਤੇ ਉਸ ਦੇ ਉੱਚੇ-ਸੁੱਚੇ ਅਸੂਲਾਂ ਦੀ ਪਾਲਨਾ ਕਰ ਕੇ ਉਸ ਦੀ ਮਰਜ਼ੀ ਪੂਰੀ ਕਰੀਏ, ਤਾਂ ਅਸੀਂ ਖ਼ੁਸ਼ੀ ਪਾ ਸਕਦੇ ਹਾਂ। ਯਹੋਵਾਹ ਦੇ ਰਾਹਾਂ ਤੇ ਚੱਲਣ ਦਾ ਸਾਡੇ ਚਾਲ-ਚੱਲਣ ਤੇ ਕੀ ਅਸਰ ਪਵੇਗਾ ਅਤੇ ਅਸੀਂ ਕਿਹੋ ਜਿਹੇ ਇਨਸਾਨ ਬਣਾਂਗੇ?

ਵਾਅਦਾ ਕਰ ਕੇ ਮੁੱਕਰੋ ਨਾ

3. ਅਸੀਂ ਸਭ ਤੋਂ ਮਹੱਤਵਪੂਰਣ ਵਾਅਦਾ ਕਦੋਂ ਕੀਤਾ ਸੀ ਅਤੇ ਉਸ ਵਾਅਦੇ ਨੂੰ ਨਿਭਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

3ਯਹੋਵਾਹ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਉਸ ਵਾਂਗ ਆਪਣੇ ਵਾਅਦੇ ਦੇ ਪੱਕੇ ਰਹਿੰਦੇ ਹਨ। ਯਹੋਵਾਹ ਨੇ ਪ੍ਰਾਚੀਨ ਇਸਰਾਏਲ ਨਾਲ ਜੋ ਵੀ ਵਾਅਦੇ ਕੀਤੇ ਸਨ, ਸਾਰੇ ਪੂਰੇ ਕੀਤੇ। (1 ਰਾਜ. 8:56) ਅਸੀਂ ਸਭ ਤੋਂ ਮਹੱਤਵਪੂਰਣ ਵਾਅਦਾ ਉਸ ਸਮੇਂ ਕੀਤਾ ਸੀ ਜਦ ਅਸੀਂ ਬਪਤਿਸਮੇ ਤੋਂ ਪਹਿਲਾਂ ਪ੍ਰਾਰਥਨਾ ਵਿਚ ਯਹੋਵਾਹ ਨੂੰ ਆਪਣੀ ਜ਼ਿੰਦਗੀ ਅਰਪਣ ਕੀਤੀ ਸੀ। ਉਸ ਵਾਅਦੇ ਨੂੰ ਨਿਭਾਉਣ ਲਈ ਜ਼ਰੂਰੀ ਹੈ ਕਿ ਅਸੀਂ ਅਕਸਰ ਪ੍ਰਾਰਥਨਾ ਕਰੀਏ। ਅਸੀਂ ਦਾਊਦ ਵਾਂਗ ਪ੍ਰਾਰਥਨਾ ਕਰ ਸਕਦੇ ਹਾਂ: “ਹੇ ਪਰਮੇਸ਼ੁਰ, ਤੈਂ ਮੇਰੀਆਂ ਸੁੱਖਣਾਂ ਨੂੰ ਸੁਣਿਆ, . . . ਸੋ ਮੈਂ ਤੇਰੇ ਨਾਮ ਦਾ ਗੁਣ ਸਦਾ ਗਾਵਾਂਗਾ, ਭਈ ਮੈਂ ਨਿਤਾ ਨੇਮ ਆਪਣੀਆਂ ਸੁੱਖਣਾਂ ਨੂੰ ਪੂਰੀਆਂ ਕਰਾਂ।” (ਜ਼ਬੂ. 61:5, 8; ਉਪ. 5:4-6) ਪਰਮੇਸ਼ੁਰ ਦੇ ਦੋਸਤ ਗਿਣੇ ਜਾਣ ਲਈ ਜ਼ਰੂਰੀ ਹੈ ਕਿ ਅਸੀਂ ਸੌਂਹ ਖਾ ਕੇ ਮੁੱਕਰੀਏ ਨਾ।—ਜ਼ਬੂ. 15:1, 4.

4. ਯਿਫ਼ਤਾਹ ਤੇ ਉਸ ਦੀ ਧੀ ਵਾਸਤੇ ਯਹੋਵਾਹ ਨੂੰ ਕੀਤਾ ਵਾਅਦਾ ਕਿੰਨੀ ਕੁ ਅਹਿਮੀਅਤ ਰੱਖਦਾ ਸੀ?

4 ਇਸਰਾਏਲ ਵਿਚ ਨਿਆਈਆਂ ਦੇ ਜ਼ਮਾਨੇ ਵਿਚ ਯਿਫ਼ਤਾਹ ਨੇ ਪਰਮੇਸ਼ੁਰ ਨੂੰ ਵਾਅਦਾ ਕੀਤਾ ਸੀ ਕਿ ਜੇ ਯਹੋਵਾਹ ਉਸ ਨੂੰ ਅੰਮੋਨੀਆਂ ਉੱਤੇ ਜਿੱਤ ਦੇ ਦੇਵੇਗਾ, ਤਾਂ ਉਹ ਘਰ ਵਾਪਸ ਆਉਣ ਤੇ ਜਿਸ ਨੂੰ ਵੀ ਸਭ ਤੋਂ ਪਹਿਲਾਂ ਮਿਲੇਗਾ ਉਸ ਨੂੰ ਯਹੋਵਾਹ ਨੂੰ “ਹੋਮ ਦੀ ਬਲੀ” ਵਜੋਂ ਚੜ੍ਹਾ ਦੇਵੇਗਾ। ਯਿਫ਼ਤਾਹ ਨੂੰ ਮਿਲਣ ਲਈ ਘਰੋਂ ਉਸ ਦੀ ਇਕਲੌਤੀ ਧੀ ਨਿਕਲੀ, ਫਿਰ ਵੀ ਉਹ ਆਪਣੇ ਵਾਅਦੇ ਤੋਂ ਮੁੱਕਰਿਆ ਨਹੀਂ। ਯਿਫ਼ਤਾਹ ਤੇ ਉਸ ਦੀ ਧੀ ਨੂੰ ਯਹੋਵਾਹ ਤੇ ਪੂਰਾ ਭਰੋਸਾ ਸੀ ਤੇ ਉਨ੍ਹਾਂ ਨੇ ਵਾਅਦੇ ਨੂੰ ਨਿਭਾਇਆ। ਭਾਵੇਂ ਉਸ ਜ਼ਮਾਨੇ ਵਿਚ ਇਸਰਾਏਲ ਵਿਚ ਵਿਆਹ-ਸ਼ਾਦੀ ਤੇ ਘਰ-ਗ੍ਰਹਿਸਥੀ ਨੂੰ ਰੱਬ ਦੀ ਦੇਣ ਸਮਝਿਆ ਜਾਂਦਾ ਸੀ, ਫਿਰ ਵੀ ਯਿਫ਼ਤਾਹ ਦੀ ਧੀ ਨੇ ਉਮਰ ਭਰ ਵਿਆਹ ਨਹੀਂ ਕਰਾਇਆ। ਆਪਣੀ ਧੀ ਦੀ ਪੂਰੀ ਸਹਿਮਤੀ ਨਾਲ, ਉਸ ਨੇ ਉਹ ਨੂੰ ਪਰਮੇਸ਼ੁਰ ਦੀ ਹੈਕਲ ਵਿਚ ਸੇਵਾ ਕਰਨ ਵਾਸਤੇ ਸਦਾ ਲਈ ਭੇਜ ਦਿੱਤਾ।—ਨਿਆ. 11:28-40.

5. ਹੰਨਾਹ ਆਪਣੇ ਵਾਅਦੇ ਦੀ ਪੱਕੀ ਕਿਵੇਂ ਰਹੀ?

5 ਹੰਨਾਹ ਨਾਂ ਦੀ ਧਰਮੀ ਤੀਵੀਂ ਵੀ ਆਪਣੇ ਵਾਅਦੇ ਦੀ ਪੱਕੀ ਰਹੀ। ਉਹ ਆਪਣੇ ਪਤੀ ਅਲਕਾਨਾਹ ਤੇ ਆਪਣੀ ਸੌਂਕਣ ਪਨਿੰਨਾਹ ਨਾਲ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਰਹਿੰਦੀ ਸੀ। ਪਨਿੰਨਾਹ ਦੇ ਕਈ ਬੱਚੇ ਸਨ ਅਤੇ ਹੰਨਾਹ ਬੇਔਲਾਦ ਸੀ। ਇਸੇ ਕਰਕੇ ਪਨਿੰਨਾਹ ਹੰਨਾਹ ਨੂੰ ਤਾਅਨੇ-ਮਿਹਣੇ ਮਾਰਦੀ ਹੁੰਦੀ ਸੀ ਖ਼ਾਸਕਰ ਉਦੋਂ ਜਦ ਉਹ ਹੈਕਲ ਨੂੰ ਜਾਂਦੇ ਸਨ। ਇਕ ਅਜਿਹੇ ਮੌਕੇ ਤੇ ਹੰਨਾਹ ਨੇ ਸੁੱਖਣਾ ਸੁੱਖੀ ਕਿ ਜੇ ਉਸ ਦੇ ਪੁੱਤਰ ਹੋਇਆ, ਤਾਂ ਉਹ ਉਸ ਨੂੰ ਯਹੋਵਾਹ ਨੂੰ ਦੇ ਦੇਵੇਗੀ। ਕੁਝ ਸਮੇਂ ਬਾਅਦ ਹੰਨਾਹ ਦੀ ਗੋਦ ਹਰੀ ਹੋਈ ਤੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਜਿਸ ਦਾ ਨਾਂ ਸਮੂਏਲ ਰੱਖਿਆ ਗਿਆ ਸੀ। ਮੁੰਡੇ ਦੇ ਦੁੱਧ ਛੁਡਾਉਣ ਮਗਰੋਂ ਹੰਨਾਹ ਉਸ ਨੂੰ ਯਹੋਵਾਹ ਦੇ ਘਰ ਲੈ ਗਈ ਜਿੱਥੇ ਉਸ ਨੇ ਸਮੂਏਲ ਨੂੰ “ਜਿੰਨਾ ਚਿਰ ਉਹ ਜੀਉਂਦਾ ਰਹੇ” ਯਹੋਵਾਹ ਦੀ ਸੇਵਾ ਕਰਨ ਲਈ ਅਰਪਣ ਕਰ ਦਿੱਤਾ। (1 ਸਮੂ. 1:11) ਹੰਨਾਹ ਆਪਣੇ ਵਾਅਦੇ ਤੋਂ ਮੁੱਕਰੀ ਨਹੀਂ ਤੇ ਉਸ ਨੇ ਆਪਣਾ ਇੱਕੋ-ਇਕ ਪੁੱਤਰ ਯਹੋਵਾਹ ਨੂੰ ਉਦੋਂ ਦੇ ਦਿੱਤਾ ਜਦ ਉਸ ਨੂੰ ਪਤਾ ਵੀ ਨਹੀਂ ਸੀ ਕਿ ਜੇ ਉਸ ਦੇ ਹੋਰ ਬੱਚੇ ਹੋਣਗੇ ਜਾਂ ਨਹੀਂ।—1 ਸਮੂ. 2:20, 21.

6. ਤੁਖਿਕੁਸ ਨੇ ਕਿਵੇਂ ਸਾਬਤ ਕੀਤਾ ਸੀ ਕਿ ਉਸ ਤੇ ਭਰੋਸਾ ਰੱਖਿਆ ਜਾ ਸਕਦਾ ਸੀ?

6 ਪਹਿਲੀ ਸਦੀ ਵਿਚ ਤੁਖਿਕੁਸ ਨਾਂ ਦਾ ਭਰਾ ਪਰਮੇਸ਼ੁਰ ਦਾ ਅਜਿਹਾ “ਮਾਤਬਰ ਸੇਵਕ” ਸੀ ਜਿਸ ਤੇ ਭਰੋਸਾ ਰੱਖਿਆ ਜਾ ਸਕਦਾ ਸੀ। (ਕੁਲੁ. 4:7) ਉਹ ਪੌਲੁਸ ਰਸੂਲ ਨਾਲ ਯੂਨਾਨ ਤੋਂ ਮਕਦੂਨਿਯਾ ਰਾਹੀਂ ਏਸ਼ੀਆ ਮਾਈਨਰ ਨੂੰ ਗਿਆ ਤੇ ਹੋ ਸਕਦਾ ਹੈ ਕਿ ਉਹ ਉਸ ਨਾਲ ਯਰੂਸ਼ਲਮ ਤਕ ਵੀ ਗਿਆ ਹੋਵੇ। (ਰਸੂ. 20:2-4) ਸੰਭਵ ਹੈ ਕਿ ‘ਇਸ ਭਰਾ’ ਨੂੰ ਤੀਤੁਸ ਨਾਲ ਯਹੂਦਿਯਾ ਦੇ ਲੋੜਵੰਦ ਭੈਣਾਂ-ਭਰਾਵਾਂ ਨੂੰ ਚੰਦਾ ਦੇਣ ਲਈ ਘੱਲਿਆ ਗਿਆ ਸੀ। (2 ਕੁਰਿੰ. 8:18, 19; 12:18) ਜਦ ਪੌਲੁਸ ਰੋਮ ਵਿਚ ਪਹਿਲੀ ਵਾਰ ਕੈਦ ਕੀਤਾ ਗਿਆ ਸੀ, ਤਾਂ ਉਸ ਨੇ ਇਸ ਵਫ਼ਾਦਾਰ ਭਰਾ ਤੁਖਿਕੁਸ ਦੇ ਹੱਥੀਂ ਅਫ਼ਸੁਸ ਅਤੇ ਕੁਲੁੱਸੈ ਦੀਆਂ ਕਲੀਸਿਯਾਵਾਂ ਨੂੰ ਚਿੱਠੀਆਂ ਘੱਲੀਆਂ ਸਨ। (ਅਫ਼. 6:21, 22; ਕੁਲੁ. 4:8, 9) ਦੂਜੀ ਵਾਰ ਰੋਮ ਵਿਚ ਕੈਦ ਹੋਣ ਵੇਲੇ ਪੌਲੁਸ ਨੇ ਤੁਖਿਕੁਸ ਨੂੰ ਅਫ਼ਸੁਸ ਭੇਜਿਆ। (2 ਤਿਮੋ. 4:12) ਜੇ ਅਸੀਂ ਤੁਖਿਕੁਸ ਵਾਂਗ ਅਜਿਹੇ ਭੈਣ-ਭਾਈ ਹਾਂ ਜਿਸ ਤੇ ਭਰੋਸਾ ਰੱਖਿਆ ਜਾ ਸਕਦਾ ਹੈ, ਤਾਂ ਅਸੀਂ ਵੀ ਯਹੋਵਾਹ ਦੀ ਸੇਵਾ ਵਿਚ ਬਰਕਤਾਂ ਪਾਵਾਂਗੇ।

7, 8. ਅਸੀਂ ਇਸ ਤਰ੍ਹਾਂ ਕਿਉਂ ਕਹਿ ਸਕਦੇ ਹਾਂ ਕਿ ਯੋਨਾਥਾਨ ਤੇ ਦਾਊਦ ਜਿਗਰੀ ਦੋਸਤ ਸਨ?

7ਯਹੋਵਾਹ ਚਾਹੁੰਦਾ ਹੈ ਕਿ ਅਸੀਂ ਭਰੋਸੇਯੋਗ ਦੋਸਤ ਸਾਬਤ ਹੋਈਏ। (ਕਹਾ. 17:17) ਸ਼ਾਊਲ ਦਾ ਬੇਟਾ ਯੋਨਾਥਾਨ ਦਾਊਦ ਦਾ ਜਿਗਰੀ ਦੋਸਤ ਸੀ। ਜਦੋਂ ਯੋਨਾਥਾਨ ਨੂੰ ਪਤਾ ਲੱਗਾ ਕਿ ਦਾਊਦ ਨੇ ਗੋਲਿਅਥ ਨੂੰ ਮਾਰ-ਮੁਕਾਇਆ, ਤਾਂ “ਯੋਨਾਥਾਨ ਦਾ ਜੀਅ ਦਾਊਦ ਦੇ ਜੀਅ ਨਾਲ ਰਲ ਗਿਆ ਅਤੇ ਯੋਨਾਥਾਨ ਨੇ ਉਹ ਨੂੰ ਆਪਣਾ ਜਾਨੀ ਮਿੱਤਰ ਬਣਾਇਆ।” (1 ਸਮੂ. 18:1, 3) ਫਿਰ ਜਦ ਉਸ ਦੇ ਪਿਤਾ ਸ਼ਾਊਲ ਨੇ ਦਾਊਦ ਨੂੰ ਮੌਤ ਦੇ ਘਾਟ ਉਤਾਰਨਾ ਚਾਹਿਆ, ਤਾਂ ਯੋਨਾਥਾਨ ਨੇ ਦਾਊਦ ਨੂੰ ਖ਼ਬਰਦਾਰ ਕੀਤਾ ਸੀ। ਨਤੀਜੇ ਵਜੋਂ ਦਾਊਦ ਉੱਥੋਂ ਭੱਜ ਗਿਆ। ਬਾਅਦ ਵਿਚ ਉਹ ਦੋਵੇਂ ਮਿਲੇ ਤੇ ਉਨ੍ਹਾਂ ਨੇ ਆਪੋ ਵਿਚ ਇਕ ਇਕਰਾਰਨਾਮਾ ਕੀਤਾ। ਦਾਊਦ ਬਾਰੇ ਸ਼ਾਊਲ ਨਾਲ ਗੱਲ ਕਰ ਕੇ ਯੋਨਾਥਾਨ ਨੇ ਆਪਣੀ ਜਾਨ ਖ਼ਤਰੇ ਵਿਚ ਪਾਈ ਸੀ, ਪਰ ਉਹ ਦੋਵੇਂ ਦੋਸਤ ਇਕ ਵਾਰ ਫਿਰ ਮਿਲੇ। (1 ਸਮੂ. 20:24-41) ਜਦ ਉਹ ਆਖ਼ਰੀ ਵਾਰ ਮਿਲੇ, ਤਾਂ ਯੋਨਾਥਾਨ ਨੇ ਦਾਊਦ ਨੂੰ ਪਰਮੇਸ਼ੁਰ ਵਿਚ ਪੱਕੀ ਨਿਹਚਾ ਰੱਖਣ ਲਈ ਤਕੜਾ ਕੀਤਾ ਸੀ।—1 ਸਮੂ. 23:16-18.

8 ਫਿਲਿਸਤੀਆਂ ਨਾਲ ਲੜਦੇ ਹੋਏ ਯੋਨਾਥਾਨ ਮਾਰਿਆ ਗਿਆ। (1 ਸਮੂ. 31:6) ਦਾਊਦ ਨੇ ਸੋਗ ਦੇ ਗੀਤ ਵਿਚ ਕਿਹਾ: “ਹੇ ਮੇਰੇ ਭਰਾ ਯੋਨਾਥਾਨ, ਮੈਂ ਤੇਰੇ ਕਾਰਨ ਵੱਡਾ ਦੁਖੀ ਹਾਂ! ਤੂੰ ਮੈਨੂੰ ਅੱਤ ਪਿਆਰਾ ਸੈਂ; ਮੇਰੀ ਵੱਲ ਤੇਰੀ ਅਚਰਜ ਪ੍ਰੀਤ ਸੀ, ਤੀਵੀਆਂ ਦੀ ਪ੍ਰੀਤ ਨਾਲੋਂ ਵੀ ਵਧੀਕ!” (2 ਸਮੂ. 1:26) ਇਸ ਦਾ ਮਤਲਬ ਇਹ ਨਹੀਂ ਸੀ ਕਿ ਉਨ੍ਹਾਂ ਦਾ ਤੀਵੀਂ-ਆਦਮੀ ਵਰਗਾ ਪਿਆਰ ਸੀ, ਸਗੋਂ ਦਾਊਦ ਤੇ ਯੋਨਾਥਾਨ ਦਾ ਆਪਸ ਵਿਚ ਸਕੇ ਭਰਾਵਾਂ ਨਾਲੋਂ ਵੀ ਵੱਧ ਪਿਆਰ ਸੀ।

“ਮਨ ਦੇ ਹਲੀਮ ਹੋਵੋ”

9. ਨਿਆਈਆਂ ਦੀ ਪੋਥੀ ਦੇ 9ਵੇਂ ਅਧਿਆਇ ਵਿਚ ਹਲੀਮ ਹੋਣ ਦੀ ਮਹੱਤਤਾ ਉੱਤੇ ਜ਼ੋਰ ਕਿਵੇਂ ਦਿੱਤਾ ਗਿਆ ਹੈ?

9ਰੱਬ ਦੇ ਦੋਸਤ ਗਿਣੇ ਜਾਣ ਲਈ “ਮਨ ਦੇ ਹਲੀਮ” ਹੋਣਾ ਬਹੁਤ ਜ਼ਰੂਰੀ ਹੈ। (1 ਪਤ. 3:8; ਜ਼ਬੂ. 138:6) ਨਿਆਈਆਂ ਦੀ ਪੋਥੀ ਦੇ 9ਵੇਂ ਅਧਿਆਇ ਵਿਚ ਹਲੀਮੀ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਗਿਆ ਹੈ। ਗਿਦਾਊਨ ਦੇ ਬੇਟੇ ਯੋਥਾਮ ਨੇ ਕਿਹਾ: “ਇੱਕ ਵਾਰੀ ਬਿਰਛ ਆਪਣੇ ਉੱਤੇ ਰਾਜਾ ਮਸਹ ਕਰਨ ਲਈ ਨਿੱਕਲੇ।” ਪਹਿਲਾਂ ਜ਼ੈਤੂਨ ਦੇ ਬਿਰਛ ਨੂੰ, ਫਿਰ ਹੰਜੀਰ ਦੇ ਬਿਰਛ ਨੂੰ ਤੇ ਫਿਰ ਦਾਖ ਦੀ ਵੇਲ ਨੂੰ ਰਾਜਾ ਬਣਨ ਲਈ ਕਿਹਾ ਗਿਆ। ਪਰ ਉਨ੍ਹਾਂ ਸਾਰਿਆਂ ਨੇ ਨਾ ਕਰ ਦਿੱਤੀ ਕਿਉਂਕਿ ਇਹ ਅਜਿਹੇ ਇਨਸਾਨਾਂ ਨੂੰ ਦਰਸਾਉਂਦੇ ਸਨ ਜੋ ਹੋਰਨਾਂ ਉੱਤੇ ਹੁਕਮ ਨਹੀਂ ਚਲਾਉਣਾ ਚਾਹੁੰਦੇ ਸਨ। ਪਰ ਫਿਰ ਅਖ਼ੀਰ ਵਿਚ ਕਰੀਰ ਨੂੰ ਰਾਜ ਕਰਨ ਦੀ ਪੇਸ਼ਕਸ਼ ਕੀਤੀ ਗਈ। ਇਹ ਝਾੜੀ ਬਾਲਣ ਤੋਂ ਸਿਵਾਇ ਹੋਰ ਕਿਸੇ ਕੰਮ ਦੀ ਨਹੀਂ ਹੈ ਤੇ ਇਹ ਮਗਰੂਰ ਰਾਜੇ ਅਬੀਮਲਕ ਨੂੰ ਦਰਸਾਉਂਦੀ ਸੀ। ਉਹ ਖ਼ੂਨੀ ਹੋਰਨਾਂ ਨੂੰ ਆਪਣੇ ਅਧੀਨ ਰੱਖਣ ਲਈ ਉਤਾਵਲਾ ਸੀ। ਹਾਲਾਂ ਕਿ ਉਸ ਘਮੰਡੀ ਰਾਜੇ ਨੇ ਇਸਰਾਏਲੀਆਂ ਤੇ “ਤਿੰਨ ਵਰਹੇ” ਰੋਹਬ ਜਮਾਇਆ, ਪਰ ਉਸ ਦੀ ਬੇਮੌਕੇ ਮੌਤ ਹੋ ਗਈ ਸੀ। (ਨਿਆ. 9:8-15, 22, 50-54) ਘਮੰਡ ਕਰਨ ਦੀ ਬਜਾਇ ‘ਮਨ ਦੇ ਹਲੀਮ ਰਹਿਣਾ’ ਕਿੰਨਾ ਚੰਗਾ ਹੈ!

10. ਹੇਰੋਦੇਸ ਦੀ ਮਿਸਾਲ ਤੋਂ ਤੁਸੀਂ ਕਿਹੜਾ ਸਬਕ ਸਿੱਖਿਆ ਹੈ?

10 ਪਹਿਲੀ ਸਦੀ ਵਿਚ ਯਹੂਦਿਯਾ ਦਾ ਰਾਜਾ ਹੇਰੋਦੇਸ ਅਗ੍ਰਿੱਪਾ ਸੂਰ ਅਤੇ ਸੈਦਾ ਦੇ ਲੋਕਾਂ ਨਾਲ ਬਹੁਤ ਨਾਰਾਜ਼ ਸੀ। ਇਨ੍ਹਾਂ ਸ਼ਹਿਰਾਂ ਦੇ ਵਾਸੀਆਂ ਨੇ ਰਾਜੇ ਨਾਲ ਸੁਲ੍ਹਾ ਕਰਨ ਦੀ ਅਰਜ਼ ਕੀਤੀ। ਰਾਜਾ ਉਨ੍ਹਾਂ ਨੂੰ ਮਿਲਣ ਲਈ ਤਿਆਰ ਹੋ ਗਿਆ। ਜਦ ਹੇਰੋਦੇਸ ਨੇ ਲੋਕਾਂ ਅੱਗੇ ਭਾਸ਼ਣ ਦਿੱਤਾ, ਤਾਂ ਲੋਕ ਉੱਚੀ ਆਵਾਜ਼ ਵਿਚ ਕਹਿਣ ਲੱਗੇ: “ਇਹ ਤਾਂ ਦਿਓਤੇ ਦੀ ਅਵਾਜ਼ ਹੈ, ਮਨੁੱਖ ਦੀ ਨਹੀਂ!” ਭਾਵੇਂ ਕਿ ਲੋਕਾਂ ਨੇ ਹੇਰੋਦੇਸ ਦੀ ਝੂਠੀ ਪ੍ਰਸ਼ੰਸਾ ਕੀਤੀ ਸੀ, ਪਰ ਉਸ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਤੋਂ ਨਾ ਰੋਕਿਆ। ਨਤੀਜੇ ਵਜੋਂ ਯਹੋਵਾਹ ਦੇ ਇਕ ਦੂਤ ਨੇ ਹੇਰੋਦੇਸ ਅਗ੍ਰਿੱਪਾ ਨੂੰ ਮਾਰ-ਮੁਕਾਇਆ “ਇਸ ਲਈ ਜੋ ਉਹ ਨੇ ਪਰਮੇਸ਼ੁਰ ਦੀ ਵਡਿਆਈ ਨਾ ਕੀਤੀ।” (ਰਸੂ. 12:20-23) ਹੋ ਸਕਦਾ ਹੈ ਕਿ ਅਸੀਂ ਭਾਸ਼ਣ ਦੇਣ ਵਿਚ ਜਾਂ ਬਾਈਬਲ ਤੋਂ ਸਟੱਡੀ ਕਰਾਉਣ ਵਿਚ ਬੜੇ ਹੁਸ਼ਿਆਰ ਹਾਂ। ਆਪਣੀ ਕਾਬਲੀਅਤ ਲਈ ਕੀ ਅਸੀਂ ਫੜ੍ਹਾਂ ਮਾਰਾਂਗੇ ਜਾਂ ਯਹੋਵਾਹ ਦਾ ਧੰਨਵਾਦ ਕਰਾਂਗੇ? ਆਖ਼ਰਕਾਰ ਉਸ ਦੀ ਕਿਰਪਾ ਕਰਕੇ ਹੀ ਅਸੀਂ ਸਭ ਕੁਝ ਕਰ ਪਾਉਂਦੇ ਹਾਂ।—1 ਕੁਰਿੰ. 4:6, 7; ਯਾਕੂ. 4:6.

ਤਕੜੇ ਹੋਵੋ ਅਤੇ ਹੌਸਲਾ ਰੱਖੋ

11, 12. ਹਨੋਕ ਦੀ ਉਦਾਹਰਣ ਤੋਂ ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਤਾਕਤ ਤੇ ਹਿੰਮਤ ਦਿੰਦਾ ਹੈ?

11ਜੇ ਅਸੀਂ ਹਲੀਮੀ ਨਾਲ ਯਹੋਵਾਹ ਦੇ ਰਾਹਾਂ ਤੇ ਚੱਲਦੇ ਰਹਾਂਗੇ, ਤਾਂ ਉਹ ਸਾਨੂੰ ਤਾਕਤ ਤੇ ਹਿੰਮਤ ਦੇਵੇਗਾ। (ਬਿਵ. 31:6-8, 23) ਹਨੋਕ ਆਦਮ ਤੋਂ ਸੱਤਵੀਂ ਪੀੜ੍ਹੀ ਦਾ ਸੀ। ਭਾਵੇਂ ਉਸ ਦੇ ਜ਼ਮਾਨੇ ਦੇ ਲੋਕ ਪਰਮੇਸ਼ੁਰ ਦੇ ਰਾਹਾਂ ਤੇ ਨਹੀਂ ਤੁਰਦੇ ਸਨ, ਫਿਰ ਵੀ ਹਨੋਕ ਸਹੀ ਰਸਤੇ ਤੇ ਚੱਲਦਾ ਰਿਹਾ। (ਉਤ. 5:21-24) ਯਹੋਵਾਹ ਨੇ ਹਨੋਕ ਨੂੰ ਹਿੰਮਤ ਦਿੱਤੀ ਤਾਂਕਿ ਉਹ ਪਾਪੀ ਲੋਕਾਂ ਨੂੰ ਯਹੋਵਾਹ ਦਾ ਜ਼ਬਰਦਸਤ ਸੰਦੇਸ਼ ਸੁਣਾ ਸਕੇ। (ਯਹੂਦਾਹ 14 ਅਤੇ 15 ਪੜ੍ਹੋ।) ਕੀ ਤੁਹਾਡੇ ਕੋਲ ਪਰਮੇਸ਼ੁਰ ਦੀ ਸਜ਼ਾ ਸੁਣਾਉਣ ਦੀ ਹਿੰਮਤ ਹੈ?

12 ਯਹੋਵਾਹ ਨੇ ਨੂਹ ਦੇ ਜ਼ਮਾਨੇ ਦੇ ਪਾਪੀ ਲੋਕਾਂ ਨੂੰ ਜਲ ਪਰਲੋ ਵਿਚ ਖ਼ਤਮ ਕੀਤਾ ਸੀ। ਹਨੋਕ ਦੀ ਕੀਤੀ ਭਵਿੱਖਬਾਣੀ ਤੋਂ ਸਾਨੂੰ ਬਹੁਤ ਹੌਸਲਾ ਮਿਲਦਾ ਹੈ ਕਿਉਂਕਿ ਪਰਮੇਸ਼ੁਰ ਦੇ ਸਵਰਗੀ ਦੂਤਾਂ ਦੀਆਂ ਫ਼ੌਜਾਂ ਸਾਡੇ ਜ਼ਮਾਨੇ ਦੇ ਦੁਸ਼ਟ ਲੋਕਾਂ ਦਾ ਨਾਸ਼ ਕਰ ਦੇਣਗੀਆਂ। (ਪਰ. 16:14-16; 19:11-16) ਜੇ ਅਸੀਂ ਪਰਮੇਸ਼ੁਰ ਤੋਂ ਮਦਦ ਮੰਗਾਂਗੇ, ਤਾਂ ਉਹ ਸਾਨੂੰ ਹਿੰਮਤ ਦੇਵੇਗਾ ਤੇ ਅਸੀਂ ਉਸ ਦਾ ਸੰਦੇਸ਼  ਚਾਹੇ ਸਜ਼ਾ ਦਾ ਹੋਵੇ ਜਾਂ ਬਰਕਤਾਂ ਦਾ ਹਰ ਕਿਸੇ ਨੂੰ ਸੁਣਾ ਪਾਵਾਂਗੇ।

13. ਸਾਨੂੰ ਯਕੀਨ ਕਿਉਂ ਹੈ ਕਿ ਦੁੱਖ-ਤਕਲੀਫ਼ਾਂ ਝੱਲਣ ਲਈ ਯਹੋਵਾਹ ਸਾਨੂੰ ਹਿੰਮਤ ਅਤੇ ਤਾਕਤ ਬਖ਼ਸ਼ੇਗਾ?

13 ਦੁੱਖ-ਤਕਲੀਫ਼ਾਂ ਝੱਲਣ ਲਈ ਸਾਨੂੰ ਪਰਮੇਸ਼ੁਰ ਵੱਲੋਂ ਤਾਕਤ ਤੇ ਹਿੰਮਤ ਦੀ ਲੋੜ ਹੈ। ਜਦੋਂ ਏਸਾਓ ਯਹੋਵਾਹ ਦੇ ਲੋਕਾਂ ਦੀ ਬਜਾਇ ਹੇਥ ਦੀਆਂ ਧੀਆਂ ਵਿੱਚੋਂ ਦੋ ਨੂੰ ਵਿਆਹ ਲਿਆਇਆ, ਤਾਂ ਇਹ ਤੀਵੀਆਂ ਉਸ ਦੇ ਮਾਂ-ਬਾਪ “ਇਸਹਾਕ ਅਰ ਰਿਬਕਾਹ ਦੇ ਮਨਾਂ ਲਈ ਕੁੜੱਤਣ” ਸਨ। ਰਿਬਕਾਹ ਕਹਿਣ ਲੱਗੀ: “ਮੈਂ ਹੇਥ ਦੀਆਂ ਧੀਆਂ ਵੱਲੋਂ ਜੀ ਵਿੱਚ ਅੱਕ ਗਈ ਹਾਂ। ਜੇ ਯਾਕੂਬ [ਸਾਡਾ ਪੁੱਤਰ] ਹੇਥ ਦੀਆਂ ਧੀਆਂ ਵਿੱਚੋਂ ਅਜਿਹੀ ਤੀਵੀਂ ਕਰੇ ਜਿਵੇਂ ਏਸ ਦੇਸ ਦੀਆਂ ਧੀਆਂ ਹਨ ਤਾਂ ਮੈਂ ਕਿਵੇਂ ਜੀਉਂਦੀ ਰਹਾਂਗੀ?” (ਉਤ. 26:34, 35; 27:46) ਮਾਮਲੇ ਨੂੰ ਸੁਲਝਾਉਣ ਲਈ ਇਸਹਾਕ ਨੇ ਫ਼ੌਰਨ ਕਦਮ ਚੁੱਕਿਆ। ਉਸ ਨੇ ਯਾਕੂਬ ਨੂੰ ਯਹੋਵਾਹ ਦੇ ਲੋਕਾਂ ਵਿੱਚੋਂ ਵਹੁਟੀ ਲੱਭਣ ਲਈ ਭੇਜਿਆ। ਭਾਵੇਂ ਇਸਹਾਕ ਤੇ ਰਿਬਕਾਹ ਏਸਾਓ ਦੀ ਕੀਤੀ ਨੂੰ ਬਦਲ ਨਹੀਂ ਸਕਦੇ ਸਨ, ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਬੁੱਧ, ਹਿੰਮਤ ਅਤੇ ਤਾਕਤ ਬਖ਼ਸ਼ੀ ਤੇ ਉਹ ਉਸ ਪ੍ਰਤੀ ਵਫ਼ਾਦਾਰ ਰਹੇ। ਜੇ ਅਸੀਂ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹਾਂਗੇ, ਤਾਂ ਉਹ ਸਾਡੀ ਵੀ ਸੁਣੇਗਾ।—ਜ਼ਬੂ. 118:5.

14. ਇਕ ਨਿੱਕੀ ਕੁੜੀ ਨੇ ਹਿੰਮਤ ਨਾਲ ਕੀ ਕੀਤਾ ਸੀ?

14 ਕਈ ਸਦੀਆਂ ਬਾਅਦ ਸੀਰੀਆ ਦੇਸ਼ ਦੇ ਫ਼ੌਜੀ ਇਸਰਾਏਲ ਵਿੱਚੋਂ ਇਕ ਨਿੱਕੀ ਕੁੜੀ ਨੂੰ ਚੁੱਕ ਲਿਆਏ ਤੇ ਉਹ ਸੀਰੀਆ ਦੇਸ਼ ਦੇ ਸੈਨਾਪਤੀ ਨਅਮਾਨ ਦੇ ਘਰ ਕੰਮ ਕਰਨ ਲੱਗੀ। ਨਅਮਾਨ ਕੋੜ੍ਹੀ ਸੀ। ਉਹ ਨਿੱਕੀ ਕੁੜੀ ਜਾਣਦੀ ਸੀ ਕਿ ਪਰਮੇਸ਼ੁਰ ਨੇ ਆਪਣੇ ਨਬੀ ਅਲੀਸ਼ਾ ਰਾਹੀਂ ਕਈ ਕਰਾਮਾਤਾਂ ਕੀਤੀਆਂ ਸਨ। ਇਸੇ ਲਈ ਉਸ ਨੇ ਹਿੰਮਤ ਨਾਲ ਨਅਮਾਨ ਦੀ ਬੀਵੀ ਨੂੰ ਕਿਹਾ: ‘ਕਾਸ਼ ਮੇਰਾ ਸੁਆਮੀ ਇਸਰਾਏਲ ਨੂੰ ਜਾਂਦਾ, ਤਾਂ ਯਹੋਵਾਹ ਦਾ ਨਬੀ ਉਹ ਦੇ ਕੋੜ੍ਹ ਤੋਂ ਉਸ ਨੂੰ ਚੰਗਾ ਕਰ ਦਿੰਦਾ।’ (2 ਰਾਜ. 5:1-3) ਕੁੜੀ ਦੇ ਕਹਿਣੇ ਤੇ ਨਅਮਾਨ ਇਸਰਾਏਲ ਨੂੰ ਗਿਆ ਤੇ ਉੱਥੇ ਕਰਾਮਾਤੀ ਢੰਗ ਨਾਲ ਠੀਕ ਹੋ ਗਿਆ। ਵਾਹ ਇਸ ਛੋਟੀ ਕੁੜੀ ਨੇ ਨਿਆਣਿਆਂ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ ਹੈ! ਕੀ ਤੁਸੀਂ ਯਹੋਵਾਹ ਤੇ ਭਰੋਸਾ ਰੱਖ ਕੇ ਦਲੇਰੀ ਨਾਲ ਸਕੂਲ ਵਿਚ ਆਪਣੇ ਅਧਿਆਪਕਾਂ, ਹਾਣੀਆਂ ਤੇ ਹੋਰਨਾਂ ਨਾਲ ਬਾਈਬਲ ਦੀਆਂ ਸੱਚਾਈਆਂ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ?

15. ਰਾਜਾ ਅਹਾਬ ਦੇ ਮਹਿਲ ਦੇ ਦੀਵਾਨ ਓਬਦਿਆਹ ਨੇ ਹਿੰਮਤ ਨਾਲ ਕੀ ਕੀਤਾ ਸੀ?

15 ਯਹੋਵਾਹ ਸਾਨੂੰ ਉਸ ਸਮੇਂ ਵੀ ਹਿੰਮਤ ਦਿੰਦਾ ਹੈ ਜਦ ਸਾਨੂੰ ਅਤਿਆਚਾਰ ਸਹਿਣੇ ਪੈਂਦੇ ਹਨ। ਆਓ ਆਪਾਂ ਓਬਦਿਆਹ ਦੀ ਉਦਾਹਰਣ ਤੇ ਗੌਰ ਕਰੀਏ। ਇਹ ਬੰਦਾ ਰਾਜਾ ਅਹਾਬ ਦੇ ਮਹਿਲ ਦਾ ਦੀਵਾਨ ਸੀ ਤੇ ਏਲੀਯਾਹ ਨਬੀ ਦਾ ਹਾਣੀ ਸੀ। ਜਦੋਂ ਈਜ਼ਬਲ ਰਾਣੀ ਨੇ ਹੁਕਮ ਦਿੱਤਾ ਕਿ ਪਰਮੇਸ਼ੁਰ ਦੇ ਨਬੀ ਵੱਢੇ ਜਾਣ, ਤਾਂ ਓਬਦਿਆਹ ਨੇ ਨਬੀਆਂ ਵਿੱਚੋਂ ਸੌ ਮਨੁੱਖ “ਪੰਜਾਹ ਪੰਜਾਹ ਕਰ ਕੇ ਇੱਕ ਖੁੰਧਰ ਵਿੱਚ ਲੁਕਾ ਛੱਡੇ ਸਨ।” (1 ਰਾਜ. 18:13; 19:18) ਜੇ ਤੁਹਾਡੇ ਇਲਾਕੇ ਵਿਚ ਰੱਬ ਦੇ ਬੰਦਿਆਂ ਨੂੰ ਸਿਤਮ ਸਹਿਣੇ ਪੈਣ, ਤਾਂ ਕੀ ਤੁਸੀਂ ਹਿੰਮਤ ਨਾਲ ਓਬਦਿਆਹ ਵਾਂਗ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹੋਵੋਗੇ?

16, 17. ਅਰਿਸਤਰਖੁਸ ਤੇ ਗਾਯੁਸ ਨੇ ਮੁਸ਼ਕਲਾਂ ਦੇ ਬਾਵਜੂਦ ਕੀ ਨਹੀਂ ਕੀਤਾ?

16 ਅਸੀਂ ਯਕੀਨ ਕਰ ਸਕਦੇ ਹਾਂ ਕਿ ਜੇ ਸਾਨੂੰ ਅਤਿਆਚਾਰ ਸਹਿਣੇ ਪੈਣ, ਤਾਂ ਯਹੋਵਾਹ ਸਾਨੂੰ ਕਦੇ ਇਕੱਲੇ ਨਹੀਂ ਛੱਡੇਗਾ। (ਰੋਮੀ. 8:35-39) ਪੌਲੁਸ ਰਸੂਲ ਦੇ ਸਾਥੀ ਅਰਿਸਤਰਖੁਸ ਅਤੇ ਗਾਯੁਸ ਨੂੰ ਇਸ ਗੱਲ ਵਿਚ ਪੂਰਾ ਵਿਸ਼ਵਾਸ ਸੀ। ਇਕ ਵਾਰ ਜੋਸ਼ ਵਿਚ ਆਈ ਹਜ਼ਾਰਾਂ ਦੀ ਭੀੜ ਉਨ੍ਹਾਂ ਨੂੰ ਖਿੱਚ ਕੇ ਅਫ਼ਸੁਸ ਦੇ ਖੁੱਲ੍ਹੇ ਥੀਏਟਰ ਵਿਚ ਲੈ ਗਈ। ਦੇਮੇਤ੍ਰਿਯੁਸ ਨਾਂ ਦੇ ਸੁਨਿਆਰੇ ਨੇ ਹੰਗਾਮਾ ਮਚਾ ਦਿੱਤਾ ਸੀ। ਕਿਉਂ? ਉਹ ਤੇ ਹੋਰ ਕਾਰੀਗਰ ਅਰਤਿਮਿਸ ਦੇਵੀ ਦੇ ਮੰਦਰ ਦੀਆਂ ਚਾਂਦੀ ਦੀਆਂ ਮੂਰਤਾਂ ਬਣਾ ਕੇ ਵੇਚ ਕੇ ਕਾਫ਼ੀ ਨਫ਼ਾ ਕਮਾਉਂਦੇ ਸਨ। ਪਰ ਪੌਲੁਸ ਦੇ ਪ੍ਰਚਾਰ ਸਦਕਾ ਸ਼ਹਿਰ ਦੇ ਕਈ ਵਾਸੀ ਯਿਸੂ ਵਿਚ ਵਿਸ਼ਵਾਸ ਕਰਨ ਲੱਗੇ ਤੇ ਉਨ੍ਹਾਂ ਨੇ ਮੂਰਤਾਂ ਖ਼ਰੀਦਣ ਤੋਂ ਇਨਕਾਰ ਕੀਤਾ। ਲੋਕ ਅਰਿਸਤਰਖੁਸ ਅਤੇ ਗਾਯੁਸ ਨੂੰ ਖੁੱਲ੍ਹੇ ਥੀਏਟਰ ਵਿਚ ਲੈ ਗਏ। ਉਹ ਉੱਚੀ ਉੱਚੀ ਨਾਅਰੇ ਲਾਉਣ ਲੱਗੇ: “ਅਫ਼ਸੀਆਂ ਦੀ ਅਰਤਿਮਿਸ ਵੱਡੀ ਹੈ!” ਅਰਿਸਤਰਖੁਸ ਅਤੇ ਗਾਯੁਸ ਨੂੰ ਬਚਣ ਦੀ ਕੋਈ ਆਸ ਨਹੀਂ ਸੀ, ਪਰ ਫਿਰ ਸ਼ਹਿਰ ਦੇ ਮੰਤਰੀ ਨੇ ਭੀੜ ਨੂੰ ਸ਼ਾਂਤ ਕਰ ਦਿੱਤਾ।—ਰਸੂ. 19:23-41.

17 ਜੇ ਤੁਸੀਂ ਉਨ੍ਹਾਂ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕੀ ਕਰਦੇ? ਕੀ ਮੁਸੀਬਤਾਂ ਤੋਂ ਬਚਣ ਲਈ ਤੁਸੀਂ ਅਜਿਹੇ ਕਿਸੇ ਥਾਂ ਰਹਿੰਦੇ ਜਾਂ ਪ੍ਰਚਾਰ ਕਰਦੇ ਜਿੱਥੇ ਤੁਹਾਨੂੰ ਘੱਟ ਤੰਗੀਆਂ ਹੁੰਦੀਆਂ? ਬਾਈਬਲ ਵਿਚ ਕਿਤੇ ਇੱਦਾਂ ਨਹੀਂ ਦੱਸਿਆ ਗਿਆ ਕਿ ਅਰਿਸਤਰਖੁਸ ਤੇ ਗਾਯੁਸ ਹਿੰਮਤ ਹਾਰ ਗਏ ਸਨ। ਅਰਿਸਤਰਖੁਸ ਥੱਸਲੁਨੀਕਾ ਤੋਂ ਸੀ ਤੇ ਉਹ ਜਾਣਦਾ ਸੀ ਕਿ ਪ੍ਰਚਾਰ ਕਰਦੇ ਸਮੇਂ ਵਿਰੋਧੀਆਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। ਕੁਝ ਸਮੇਂ ਪਹਿਲਾਂ ਜਦ ਪੌਲੁਸ ਉੱਥੇ ਪ੍ਰਚਾਰ ਕਰ ਰਿਹਾ ਸੀ, ਤਾਂ ਉਦੋਂ ਵੀ ਹੰਗਾਮਾ ਮੱਚ ਉੱਠਿਆ ਸੀ। (ਰਸੂ. 17:5; 20:4) ਇੰਨਾ ਕੁਝ ਸਹਿਣ ਲਈ ਅਰਿਸਤਰਖੁਸ ਤੇ ਗਾਯੁਸ ਨੂੰ ਯਹੋਵਾਹ ਨੇ ਹਿੰਮਤ ਬਖ਼ਸ਼ੀ ਸੀ ਕਿਉਂਕਿ ਉਹ ਉਸ ਦੇ ਰਾਹਾਂ ਤੇ ਚੱਲਦੇ ਸਨ।

ਹੋਰਨਾਂ ਦੇ ਭਲੇ ਬਾਰੇ ਸੋਚੋ

18. ਅਕੂਲਾ ਅਤੇ ਪਰਿਸਕਾ ਨੇ ਦੂਜਿਆਂ ਦੇ ‘ਹਾਲ ਉੱਤੇ ਨਿਗਾਹ’ ਕਿਵੇਂ ਰੱਖੀ ਸੀ?

18ਭਾਵੇਂ ਅਸੀਂ ਸਿਤਮ ਸਹਿ ਰਹੇ ਹੋਈਏ ਜਾਂ ਨਾ, ਫਿਰ ਵੀ ਸਾਨੂੰ ਆਪਣੇ ਮਸੀਹੀ ਭੈਣ-ਭਾਈਆਂ ਦੇ ਭਲੇ ਬਾਰੇ ਸੋਚਣਾ ਚਾਹੀਦਾ ਹੈ। ਅਕੂਲਾ ਅਤੇ ਉਸ ਦੀ ਪਤਨੀ ਪਰਿਸਕਾ ਦੂਜਿਆਂ ਦੇ ‘ਹਾਲ ਉੱਤੇ ਨਿਗਾਹ’ ਰੱਖ ਰਹੇ ਸਨ। (ਫ਼ਿਲਿੱਪੀਆਂ 2:4 ਪੜ੍ਹੋ।) ਇਨ੍ਹਾਂ ਦੋਹਾਂ ਨੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ। ਹੋ ਸਕਦਾ ਹੈ ਕਿ ਅਫ਼ਸੁਸ ਵਿਚ ਪੌਲੁਸ ਇਨ੍ਹਾਂ ਦੇ ਘਰ ਹੀ ਰਿਹਾ ਸੀ ਜਦ ਦੇਮੇਤ੍ਰਿਯੁਸ ਨਾਂ ਦੇ ਸੁਨਿਆਰੇ ਨੇ ਉੱਥੇ ਹੰਗਾਮਾ ਮਚਾਇਆ ਸੀ। ਸ਼ਾਇਦ ਇਸੇ ਘਟਨਾ ਦੌਰਾਨ ਅਕੂਲਾ ਅਤੇ ਪਰਿਸਕਾ ਨੇ ਪੌਲੁਸ ਦੀ “ਜਾਨ ਦੇ ਬਦਲੇ ਆਪਣੀ ਹੀ ਧੌਣ ਡਾਹ ਦਿੱਤੀ” ਸੀ। (ਰੋਮੀ. 16:3, 4; 2 ਕੁਰਿੰ. 1:8) ਅੱਜ ਵੀ ਸਾਡੇ ਭੈਣ-ਭਾਈ ਅਤਿਆਚਾਰ ਦਾ ਸਾਮ੍ਹਣਾ ਕਰ ਰਹੇ ਹਨ। ਅਸੀਂ “ਸੱਪਾਂ ਵਰਗੇ ਹੁਸ਼ਿਆਰ” ਬਣ ਕੇ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। (ਮੱਤੀ 10:16-18) ਅਸੀਂ ਹੁਸ਼ਿਆਰੀ ਨਾਲ ਆਪਣੇ ਕੰਮ ਵਿਚ ਲੱਗੇ ਰਹਿੰਦੇ ਹਾਂ ਤੇ ਜ਼ੁਲਮ ਢਾਹੁਣ ਵਾਲਿਆਂ ਨੂੰ ਆਪਣੇ ਭੈਣ-ਭਾਈਆਂ ਬਾਰੇ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰਦੇ ਹਾਂ।

19. ਤਬਿਥਾ ਨੇ ਹੋਰਨਾਂ ਵਾਸਤੇ ਕਿਹੋ ਜਿਹੇ ਕੰਮ ਕੀਤੇ ਸਨ?

19 ਹੋਰਨਾਂ ਦਾ ਭਲਾ ਕਰਨ ਦੇ ਕਈ ਤਰੀਕੇ ਹਨ। ਸਾਡੇ ਭੈਣ-ਭਰਾਵਾਂ ਦੀਆਂ ਅਜਿਹੀਆਂ ਲੋੜਾਂ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਅਸੀਂ ਪੂਰਾ ਕਰ ਸਕਦੇ ਹਾਂ। (ਅਫ਼. 4:28; ਯਾਕੂ. 2:14-17) ਪਹਿਲੀ ਸਦੀ ਦੇ ਯਾੱਪਾ ਸ਼ਹਿਰ ਦੀ ਕਲੀਸਿਯਾ ਵਿਚ ਤਬਿਥਾ ਨਾਂ ਦੀ ਭੈਣ ਬੜੇ ਖੁੱਲ੍ਹੇ-ਦਿਲ ਵਾਲੀ ਸੀ। (ਰਸੂਲਾਂ ਦੇ ਕਰਤੱਬ 9:36-42 ਪੜ੍ਹੋ।) ਉਹ “ਸ਼ੁਭ ਕਰਮਾਂ ਅਤੇ ਪੁੰਨ ਦਾਨ ਕਰਨ ਵਿੱਚ ਰੁੱਝੀ ਰਹਿੰਦੀ ਸੀ।” ਉਹ ਗ਼ਰੀਬੀ ਸਹਿ ਰਹੀਆਂ ਵਿਧਵਾਵਾਂ ਵਾਸਤੇ ਕੱਪੜੇ ਸਿਊਂਦੀ ਸੀ। ਜਦ 36 ਈਸਵੀ ਉਸ ਦੀ ਮੌਤ ਹੋਈ, ਤਾਂ ਵਿਧਵਾਵਾਂ ਨੂੰ ਗਹਿਰਾ ਸਦਮਾ ਲੱਗਾ। ਪਰਮੇਸ਼ੁਰ ਨੇ ਪਤਰਸ ਰਸੂਲ ਦੇ ਜ਼ਰੀਏ ਤਬਿਥਾ ਨੂੰ ਦੁਬਾਰਾ ਜ਼ਿੰਦਾ ਕਰ ਦਿੱਤਾ। ਸਾਨੂੰ ਪੱਕਾ ਯਕੀਨ ਹੈ ਕਿ ਉਸ ਨੇ ਆਪਣੀ ਪੂਰੀ ਜ਼ਿੰਦਗੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਤੇ ਹੋਰਨਾਂ ਲਈ ਭਲੇ ਕੰਮ ਕਰਨ ਵਿਚ ਗੁਜ਼ਾਰੀ ਹੋਣੀ। ਸਾਡੀਆਂ ਕਲੀਸਿਯਾਵਾਂ ਵਿਚ ਵੀ ਤਬਿਥਾ ਵਰਗੀਆਂ ਖੁੱਲ੍ਹੇ-ਦਿਲ ਵਾਲੀਆਂ ਭੈਣਾਂ ਹਨ ਤੇ ਅਸੀਂ ਉਨ੍ਹਾਂ ਲਈ ਕਿੰਨੇ ਸ਼ੁਕਰਗੁਜ਼ਾਰ ਹਾਂ!

20, 21. (ੳ) ਹੋਰਨਾਂ ਦਾ ਭਲਾ ਕਰਨ ਦਾ ਇਕ ਹੋਰ ਤਰੀਕਾ ਕੀ ਹੈ? (ਅ) ਹੋਰਨਾਂ ਦੀ ਹੌਸਲਾ-ਅਫ਼ਜ਼ਾਈ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?

20ਅਸੀਂ ਹੋਰਨਾਂ ਨੂੰ ਹੌਸਲਾ ਦੇ ਕੇ ਉਨ੍ਹਾਂ ਦਾ ਭਲਾ ਕਰਦੇ ਹਾਂ। (ਰੋਮੀ. 1:11, 12) ਪੌਲੁਸ ਦਾ ਸਾਥੀ ਸੀਲਾਸ ਹੌਸਲਾ-ਅਫ਼ਜ਼ਾਈ ਕਰਨ ਵਾਲਾ ਭਰਾ ਸੀ। ਜਦ 49 ਈਸਵੀ ਵਿਚ ਸੁੰਨਤ ਬਾਰੇ ਫ਼ੈਸਲਾ ਕੀਤਾ ਗਿਆ, ਤਾਂ ਯਰੂਸ਼ਲਮ ਤੋਂ ਪ੍ਰਬੰਧਕ ਸਭਾ ਨੇ ਕਲੀਸਿਯਾਵਾਂ ਨੂੰ ਭਰਾਵਾਂ ਦੇ ਹੱਥੀਂ ਚਿੱਠੀ ਘੱਲੀ। ਇਸ ਚਿੱਠੀ ਨੂੰ ਲੈ ਕੇ ਸੀਲਾਸ, ਯਹੂਦਾ, ਬਰਨਬਾਸ ਅਤੇ ਪੌਲੁਸ ਅੰਤਾਕਿਯਾ ਨੂੰ ਗਏ। ਉੱਥੇ ਸੀਲਾਸ ਤੇ ਯਹੂਦਾ ਨੇ “ਭਾਈਆਂ ਨੂੰ ਬਹੁਤ ਸਾਰੀਆਂ ਗੱਲਾਂ ਨਾਲ ਉਪਦੇਸ਼ ਦੇ ਕੇ ਤਕੜੇ ਕੀਤਾ।”—ਰਸੂ. 15:32.

21 ਬਾਅਦ ਵਿਚ ਪੌਲੁਸ ਤੇ ਸੀਲਾਸ ਫ਼ਿਲਿੱਪੈ ਵਿਚ ਕੈਦ ਕੀਤੇ ਗਏ, ਪਰ ਇਕ ਭੁਚਾਲ ਆਉਣ ਕਾਰਨ ਉਹ ਕੈਦੋਂ ਛੁੱਟ ਗਏ। ਨਤੀਜੇ ਵਜੋਂ, ਉਨ੍ਹਾਂ ਨੂੰ ਇਕ ਜੇਲ੍ਹਰ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਮੌਕਾ ਮਿਲਿਆ। ਉਹ ਕਿੰਨੇ ਖ਼ੁਸ਼ ਹੋਏ ਹੋਣੇ ਜਦ ਉਹ ਜੇਲ੍ਹਰ ਅਤੇ ਉਸ ਦੇ ਸਾਰੇ ਘਰ ਵਾਲੇ ਯਿਸੂ ਦੇ ਚੇਲੇ ਬਣ ਗਏ। ਉਸ ਸ਼ਹਿਰੋਂ ਤੁਰਨ ਤੋਂ ਪਹਿਲਾਂ ਸੀਲਾਸ ਤੇ ਪੌਲੁਸ ਨੇ ਇਕ ਭੈਣ ਦੇ ਘਰ ਜਾ ਕੇ ਭਾਈਆਂ ਨੂੰ ਤਸੱਲੀ ਦਿੱਤੀ। (ਰਸੂ. 16:12, 40) ਪੌਲੁਸ ਤੇ ਸੀਲਾਸ ਵਾਂਗ ਸਾਨੂੰ ਵੀ ਕਲੀਸਿਯਾਵਾਂ ਵਿਚ ਆਪਣੀਆਂ ਟਿੱਪਣੀਆਂ, ਭਾਸ਼ਣ ਅਤੇ ਜੋਸ਼ ਨਾਲ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਰਾਹੀਂ ਆਪਣੇ ਭੈਣ-ਭਾਈਆਂ ਦੀ ਹੌਸਲਾ-ਅਫ਼ਜ਼ਾਈ ਕਰਨ ਦੇ ਮੌਕੇ ਭਾਲਣੇ ਚਾਹੀਦੇ ਹਨ। ਅਤੇ ਜੇ ਸਾਡੇ ਕੋਲ “ਕੋਈ ਉਪਦੇਸ਼ ਦਾ ਬਚਨ” ਹੈ, ਤਾਂ ਸਾਨੂੰ ਉਸ ਨੂੰ ਜ਼ਰੂਰ ਸੁਣਾ ਦੇਣਾ ਚਾਹੀਦਾ ਹੈ।—ਰਸੂ. 13:15.

ਯਹੋਵਾਹ ਦੇ ਰਾਹਾਂ ਤੇ ਚੱਲਦੇ ਰਹੋ

22, 23. ਬਾਈਬਲ ਦੇ ਹਵਾਲਿਆਂ ਤੋਂ ਅਸੀਂ ਲਾਭ ਕਿਵੇਂ ਉਠਾ ਸਕਦੇ ਹਾਂ?

22 ਅਸੀਂ ਯਹੋਵਾਹ ਦਾ ਲੱਖ-ਲੱਖ ਸ਼ੁਕਰ ਕਰਦੇ ਹਾਂ ਕਿ ਉਸ ਨੇ ਬਾਈਬਲ ਵਿਚ ਅਜਿਹੇ ਇਨਸਾਨਾਂ ਦੇ ਬਿਰਤਾਂਤ ਲਿਖਵਾਏ ਹਨ ਜਿਨ੍ਹਾਂ ਤੋਂ ਸਾਨੂੰ ਹੌਸਲਾ ਮਿਲਦਾ ਹੈ। ਯਹੋਵਾਹ ਸੱਚ-ਮੁੱਚ “ਹਰ ਸਮੇਂ ਸਹਾਰਾ ਦੇਣ ਵਾਲਾ ਪਰਮੇਸ਼ਰ ਹੈ।” (2 ਕੁਰਿੰ. 1:3, CL) ਜੇ ਅਸੀਂ ਇਨ੍ਹਾਂ ਦੇ ਤਜਰਬਿਆਂ ਤੋਂ ਲਾਭ ਉਠਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਪਰਮੇਸ਼ੁਰ ਦੀ ਮਦਦ ਨਾਲ ਬਾਈਬਲ ਤੋਂ ਸਿੱਖੇ ਸਬਕਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਦੀ ਲੋੜ ਹੈ।—ਗਲਾ. 5:22-25.

23 ਬਾਈਬਲ ਦੇ ਹਵਾਲਿਆਂ ਤੇ ਡੂੰਘਾ ਸੋਚ-ਵਿਚਾਰ ਕਰ ਕੇ ਹੀ ਅਸੀਂ ਅਜਿਹੇ ਗੁਣ ਪੈਦਾ ਕਰ ਸਕਾਂਗੇ ਜੋ ਪਰਮੇਸ਼ੁਰ ਨੂੰ ਖ਼ੁਸ਼ ਕਰਦੇ ਹਨ। ਇਸ ਤਰ੍ਹਾਂ ਅਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਹੋਰ ਵੀ ਮਜ਼ਬੂਤ ਬਣਾ ਸਕਦੇ ਹਾਂ। ਯਹੋਵਾਹ ਪਰਮੇਸ਼ੁਰ ਸਾਨੂੰ “ਬੁੱਧ ਅਤੇ ਗਿਆਨ ਅਤੇ ਅਨੰਦ ਦਿੰਦਾ ਹੈ।” (ਉਪ. 2:26) ਬਦਲੇ ਵਿਚ ਅਸੀਂ ਆਪਣੇ ਪਿਆਰੇ ਪਿਤਾ ਯਹੋਵਾਹ ਦੇ ਜੀ ਨੂੰ ਖ਼ੁਸ਼ ਕਰ ਸਕਦੇ ਹਾਂ। (ਕਹਾ. 27:11) ਆਓ ਆਪਾਂ ਆਪਣਾ ਮਨ ਪੱਕਾ ਕਰ ਲਈਏ ਕਿ ਅਸੀਂ ਯਹੋਵਾਹ ਦੇ ਰਾਹਾਂ ਉੱਤੇ ਚੱਲਦੇ ਰਹਾਂਗੇ।

ਤੁਸੀਂ ਕੀ ਜਵਾਬ ਦਿਓਗੇ?

• ਤੁਸੀਂ ਕਿਵੇਂ ਸਾਬਤ ਕਰ ਸਕਦੇ ਹੋ ਕਿ ਤੁਹਾਡੇ ਤੇ ਭਰੋਸਾ ਰੱਖਿਆ ਜਾ ਸਕਦਾ ਹੈ?

• ਸਾਨੂੰ “ਮਨ ਦੇ ਹਲੀਮ” ਕਿਉਂ ਹੋਣਾ ਚਾਹੀਦਾ ਹੈ?

• ਬਾਈਬਲ ਦੇ ਬਿਰਤਾਂਤ ਪੜ੍ਹ ਕੇ ਸਾਨੂੰ ਹਿੰਮਤ ਕਿਵੇਂ ਮਿਲ ਸਕਦੀ ਹੈ?

• ਅਸੀਂ ਕਿਨ੍ਹਾਂ ਤਰੀਕਿਆਂ ਨਾਲ ਹੋਰਨਾਂ ਦਾ ਭਲਾ ਕਰ ਸਕਦੇ ਹਾਂ?

[ਸਵਾਲ]

[ਸਫ਼ਾ 8 ਉੱਤੇ ਤਸਵੀਰ]

ਭਾਵੇਂ ਇਹ ਆਸਾਨ ਨਹੀਂ ਸੀ, ਫਿਰ ਵੀ ਯਿਫ਼ਤਾਹ ਤੇ ਉਸ ਦੀ ਧੀ ਨੇ ਯਹੋਵਾਹ ਨੂੰ ਕੀਤਾ ਵਾਅਦਾ ਨਿਭਾਇਆ

[ਸਫ਼ਾ 10 ਉੱਤੇ ਤਸਵੀਰ]

ਨਿਆਣਿਓ, ਤੁਸੀਂ ਉਸ ਛੋਟੀ ਇਸਰਾਏਲੀ ਕੁੜੀ ਤੋਂ ਕੀ ਸਿੱਖਿਆ ਹੈ?

[ਸਫ਼ਾ 11 ਉੱਤੇ ਤਸਵੀਰ]

ਤਬਿਥਾ ਨੇ ਗ਼ਰੀਬ ਭੈਣਾਂ ਦੀ ਮਦਦ ਕਿਵੇਂ ਕੀਤੀ ਸੀ?