Skip to content

Skip to table of contents

ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖੋ

ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖੋ

ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖੋ

“ਮੈਂ ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖਿਆ ਹੈ।”—ਜ਼ਬੂ. 16:8.

1. ਬਾਈਬਲ ਦੀਆਂ ਕਹਾਣੀਆਂ ਪੜ੍ਹ ਕੇ ਸਾਡੇ ਦਿਲ ਤੇ ਕੀ ਅਸਰ ਪੈ ਸਕਦਾ ਹੈ?

ਬਾਈਬਲ ਦੀਆਂ ਅਨੇਕ ਉਦਾਹਰਣਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਇਨਸਾਨਾਂ ਨਾਲ ਕਿਵੇਂ ਪੇਸ਼ ਆਉਂਦਾ ਰਿਹਾ ਹੈ। ਇਸ ਵਿਚ ਕਈਆਂ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਨੇ ਪਰਮੇਸ਼ੁਰ ਦੇ ਮਕਸਦ ਦੀ ਪੂਰਤੀ ਵਿਚ ਹਿੱਸਾ ਲਿਆ ਸੀ। ਇਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਿਰਫ਼ ਸਾਡਾ ਦਿਲ ਬਹਿਲਾਉਣ ਲਈ ਨਹੀਂ ਲਿਖੀਆਂ ਗਈਆਂ, ਸਗੋਂ ਇਨ੍ਹਾਂ ਨੂੰ ਪੜ੍ਹ ਕੇ ਅਸੀਂ ਪਰਮੇਸ਼ੁਰ ਦੇ ਨੇੜੇ ਜਾਂਦੇ ਹਾਂ।—ਯਾਕੂ. 4:8.

2, 3. ਜ਼ਬੂਰ 16:8 ਦਾ ਕੀ ਮਤਲਬ ਹੈ?

2 ਅਸੀਂ ਸਾਰੇ ਅਬਰਾਹਾਮ, ਸਾਰਾਹ, ਮੂਸਾ, ਰੂਥ, ਦਾਊਦ, ਅਸਤਰ, ਪੌਲੁਸ ਰਸੂਲ ਵਰਗੇ ਜਾਣੇ-ਪਛਾਣੇ ਇਨਸਾਨਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਪਰ ਬਾਈਬਲ ਵਿਚ ਹੋਰ ਵੀ ਅਨੇਕ ਇਨਸਾਨਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਦੀ ਆਮ ਕਰਕੇ ਬਹੁਤੀ ਗੱਲ ਨਹੀਂ ਕੀਤੀ ਜਾਂਦੀ। ਇਨ੍ਹਾਂ ਬਾਰੇ ਪੜ੍ਹ ਕੇ ਵੀ ਸਾਨੂੰ ਫ਼ਾਇਦਾ ਹੋ ਸਕਦਾ ਹੈ। ਜੇ ਅਸੀਂ ਬਾਈਬਲ ਦੀਆਂ ਕਹਾਣੀਆਂ ਉੱਤੇ ਸੋਚ-ਵਿਚਾਰ ਕਰਾਂਗੇ, ਤਾਂ ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਕਹਿ ਸਕਾਂਗੇ: “ਮੈਂ ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖਿਆ ਹੈ, ਉਹ ਮੇਰੇ ਸੱਜੇ ਪਾਸੇ ਜੋ ਹੈ ਇਸ ਲਈ ਮੈਂ ਨਾ ਡੋਲਾਂਗਾ।” (ਜ਼ਬੂ. 16:8) ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ?

3 ਪੁਰਾਣੇ ਜ਼ਮਾਨੇ ਵਿਚ ਆਮ ਤੌਰ ਤੇ ਲੜਾਈ ਦੌਰਾਨ ਫ਼ੌਜੀ ਦੇ ਸੱਜੇ ਹੱਥ ਵਿਚ ਤਲਵਾਰ ਅਤੇ ਖੱਬੇ ਹੱਥ ਵਿਚ ਢਾਲ ਹੁੰਦੀ ਸੀ। ਇਸ ਦਾ ਮਤਲਬ ਹੈ ਕਿ ਉਸ ਦਾ ਸੱਜਾ ਪਾਸਾ ਜ਼ਖ਼ਮੀ ਹੋ ਸਕਦਾ ਸੀ ਕਿਉਂਕਿ ਉਹ ਖੱਬੇ ਹੱਥ ਵਿਚ ਫੜੀ ਢਾਲ ਤੋਂ ਦੂਰ ਸੀ। ਪਰ ਜੇ ਉਸ ਦਾ ਦੋਸਤ ਉਸ ਦੇ ਸੱਜੇ ਪਾਸੇ ਖੜ੍ਹ ਕੇ ਲੜਾਈ ਕਰਦਾ, ਤਾਂ ਉਹ ਉਸ ਦੀ ਰਾਖੀ ਕਰ ਸਕਦਾ ਸੀ। ਇਸੇ ਤਰ੍ਹਾਂ ਜੇ ਅਸੀਂ ਯਹੋਵਾਹ ਦੇ ਨੇੜੇ ਰਹੀਏ ਤੇ ਉਸ ਦੀ ਇੱਛਾ ਪੂਰੀ ਕਰੀਏ, ਤਾਂ ਉਹ ਵੀ ਮਾਨੋ ਸਾਡੇ ਸੱਜੇ ਪਾਸੇ ਖੜ੍ਹ ਕੇ ਸਾਡੀ ਰਾਖੀ ਕਰੇਗਾ। ਇਸ ਲਈ ਆਓ ਆਪਾਂ ਦੇਖੀਏ ਕਿ ਬਾਈਬਲ ਦੇ ਬਿਰਤਾਂਤਾਂ ਵੱਲ ਧਿਆਨ ਦੇਣ ਨਾਲ ਅਸੀਂ ਆਪਣੀ ਨਿਹਚਾ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਾਂ ਤਾਂਕਿ ਅਸੀਂ “ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ” ਰੱਖ ਸਕੀਏ।

ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ

4. ਬਾਈਬਲ ਦੀ ਕਿਹੜੀ ਉਦਾਹਰਣ ਤੋਂ ਸਾਨੂੰ ਸਬੂਤ ਮਿਲਦਾ ਹੈ ਕਿ ਯਹੋਵਾਹ ਪ੍ਰਾਰਥਨਾਵਾਂ ਨੂੰ ਸੁਣਦਾ ਹੈ?

4ਜੇ ਅਸੀਂ ਯਹੋਵਾਹ ਨੂੰ ਹਮੇਸ਼ਾ ਆਪਣੇ ਸਾਮ੍ਹਣੇ ਰੱਖਾਂਗੇ, ਤਾਂ ਉਹ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣੇਗਾ। (ਜ਼ਬੂ. 65:2; 66:19) ਇਸ ਗੱਲ ਦਾ ਸਬੂਤ ਸਾਨੂੰ ਅਬਰਾਹਾਮ ਦੇ ਸਭ ਤੋਂ ਪੁਰਾਣੇ ਨੌਕਰ ਅਲੀਅਜ਼ਰ ਤੋਂ ਮਿਲਦਾ ਹੈ। ਅਬਰਾਹਾਮ ਨੇ ਉਸ ਨੂੰ ਆਪਣੇ ਬੇਟੇ ਇਸਹਾਕ ਵਾਸਤੇ ਯਹੋਵਾਹ ਦੀ ਸੇਵਾ ਕਰਨ ਵਾਲੀ ਪਤਨੀ ਲੱਭਣ ਲਈ ਮਸੋਪੋਤਾਮੀਆ ਨੂੰ ਭੇਜਿਆ ਸੀ। ਅਲੀਅਜ਼ਰ ਨੇ ਮਦਦ ਲਈ ਪਰਮੇਸ਼ੁਰ ਅੱਗੇ ਦੁਆ ਕੀਤੀ। ਫਿਰ ਜਦ ਰਿਬਕਾਹ ਨੇ ਅਲੀਅਜ਼ਰ ਦੇ ਊਠਾਂ ਨੂੰ ਪਾਣੀ ਪਿਲਾਇਆ, ਤਾਂ ਅਲੀਅਜ਼ਰ ਨੂੰ ਯਕੀਨ ਹੋ ਗਿਆ ਕਿ ਰੱਬ ਨੇ ਉਸ ਦੀ ਸੁਣ ਲਈ ਸੀ। ਦਿਲੋਂ ਪ੍ਰਾਰਥਨਾ ਕਰਨ ਨਾਲ ਅਲੀਅਜ਼ਰ ਨੂੰ ਉਹ ਕੁੜੀ ਲੱਭ ਪਈ ਜੋ ਇਸਹਾਕ ਦੀ ਪਿਆਰੀ ਵਹੁਟੀ ਬਣੀ। (ਉਤ. 24:12-14, 67) ਮੰਨਿਆ ਕਿ ਅਲੀਅਜ਼ਰ ਇਕ ਖ਼ਾਸ ਜ਼ਿੰਮੇਵਾਰੀ ਪੂਰੀ ਕਰ ਰਿਹਾ ਸੀ ਤੇ ਯਹੋਵਾਹ ਨੇ ਉਸ ਦੀ ਮਦਦ ਕੀਤੀ, ਪਰ ਕੀ ਸਾਨੂੰ ਨਹੀਂ ਮੰਨਣਾ ਚਾਹੀਦਾ ਕਿ ਯਹੋਵਾਹ ਸਾਡੀ ਵੀ ਸੁਣੇਗਾ?

5. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਦਿਲ ਵਿਚ ਕੀਤੀ ਗਈ ਛੋਟੀ ਜਿਹੀ ਪ੍ਰਾਰਥਨਾ ਨੂੰ ਵੀ ਸੁਣਦਾ ਹੈ?

5 ਕਦੇ-ਕਦੇ ਸਾਨੂੰ ਫਟਾਫਟ ਛੋਟੀ ਜਿਹੀ ਪ੍ਰਾਰਥਨਾ ਕਰ ਕੇ ਰੱਬ ਦੀ ਮਦਦ ਮੰਗਣ ਦੀ ਲੋੜ ਪੈਂਦੀ ਹੈ। ਮਿਸਾਲ ਲਈ, ਇਕ ਵਾਰ ਫ਼ਾਰਸ ਦੇ ਪਾਤਸ਼ਾਹ ਅਰਤਹਸ਼ਸ਼ਤਾ ਦੇ ਸਾਕੀ ਨਹਮਯਾਹ ਨੂੰ ਯਰੂਸ਼ਲਮ ਦੀ ਚਿੰਤਾ ਖਾਈ ਜਾ ਰਹੀ ਸੀ। ਰਾਜੇ ਨੇ ਉਸ ਨੂੰ ਉਦਾਸ ਦੇਖ ਕੇ ਪੁੱਛਿਆ: “ਤੂੰ ਕੀ ਚਾਹੁੰਦਾ ਹੈਂ?” ਨਹਮਯਾਹ ਨੇ ਝੱਟ “ਅਕਾਸ਼ ਦੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ।” ਉਸ ਕੋਲ ਬਹੁਤਾ ਸਮਾਂ ਨਹੀਂ ਸੀ, ਇਸ ਲਈ ਉਸ ਨੇ ਦਿਲ ਵਿਚ ਹੀ ਛੋਟੀ ਜਿਹੀ ਪ੍ਰਾਰਥਨਾ ਕੀਤੀ ਹੋਣੀ। ਫਿਰ ਵੀ ਪਰਮੇਸ਼ੁਰ ਨੇ ਉਸ ਦੀ ਸੁਣੀ ਸੀ। ਇਹ ਅਸੀਂ ਕਿਵੇਂ ਜਾਣਦੇ ਹਾਂ? ਰਾਜੇ ਨੇ ਯਰੂਸ਼ਲਮ ਦੀਆਂ ਕੰਧਾਂ ਉਸਾਰੇ ਜਾਣ ਵਿਚ ਨਹਮਯਾਹ ਨੂੰ ਮਦਦ ਦਿੱਤੀ। (ਨਹਮਯਾਹ 2:1-8 ਪੜ੍ਹੋ।) ਜੀ ਹਾਂ, ਪਰਮੇਸ਼ੁਰ ਦਿਲ ਵਿਚ ਕੀਤੀਆਂ ਛੋਟੀਆਂ ਜਿਹੀਆਂ ਪ੍ਰਾਰਥਨਾਵਾਂ ਨੂੰ ਵੀ ਸੁਣਦਾ ਹੈ।

6, 7. (ੳ) ਪ੍ਰਾਰਥਨਾ ਕਰਨ ਦੇ ਮਾਮਲੇ ਵਿਚ ਅਸੀਂ ਇਪਫ੍ਰਾਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? (ਅ) ਸਾਨੂੰ ਹੋਰਨਾਂ ਲਈ ਕਿਉਂ ਪ੍ਰਾਰਥਨਾ ਕਰਨੀ ਚਾਹੀਦੀ ਹੈ?

6 ਭਾਵੇਂ ਸਾਨੂੰ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਇਕਦਮ ਨਾ ਮਿਲੇ, ਫਿਰ ਵੀ ਸਾਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਅਸੀਂ “ਇੱਕ ਦੂਏ ਲਈ ਪ੍ਰਾਰਥਨਾ” ਕਰੀਏ। (ਯਾਕੂ. 5:16) “ਮਸੀਹ ਦਾ ਮਾਤਬਰ ਸੇਵਕ” ਇਪਫ੍ਰਾਸ ਆਪਣੇ ਮਸੀਹੀ ਭੈਣਾਂ-ਭਰਾਵਾਂ ਲਈ ਦਿਲੋਂ ਪ੍ਰਾਰਥਨਾ ਕਰਦਾ ਹੁੰਦਾ ਸੀ। ਪੌਲੁਸ ਰਸੂਲ ਨੇ ਰੋਮ ਤੋਂ ਕੁਲੁੱਸੈ ਦੀ ਕਲੀਸਿਯਾ ਨੂੰ ਲਿਖਿਆ: “ਇਪਫ੍ਰਾਸ ਮਸੀਹ ਯਿਸੂ ਦਾ ਦਾਸ ਜਿਹੜਾ ਤੁਹਾਡੇ ਵਿੱਚੋਂ ਹੈ ਤੁਹਾਡੀ ਸੁਖ ਸਾਂਦ ਪੁੱਛਦਾ ਹੈ ਅਤੇ ਉਹ ਆਪਣੀਆਂ ਪ੍ਰਾਰਥਨਾਂ ਵਿੱਚ ਸਦਾ ਤੁਹਾਡੇ ਲਈ ਵੱਡਾ ਜਤਨ ਕਰਦਾ ਹੈ ਭਈ ਤੁਸੀਂ ਪਰਮੇਸ਼ੁਰ ਦੀ ਸਾਰੀ ਇੱਛਿਆ ਵਿੱਚ ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹੋ। ਕਿਉਂ ਜੋ ਮੈਂ ਉਹ ਦੀ ਸਾਖੀ ਭਰਦਾ ਹਾਂ ਭਈ ਉਹ ਤੁਹਾਡੇ ਅਤੇ ਉਨ੍ਹਾਂ ਦੇ ਲਈ ਜਿਹੜੇ ਲਾਉਦਿਕੀਆ ਵਿੱਚ ਅਤੇ ਜਿਹੜੇ ਹੀਏਰਪੁਲਿਸ ਵਿੱਚ ਰਹਿੰਦੇ ਹਨ ਬਹੁਤ ਮਿਹਨਤ ਕਰਦਾ ਹੈ।”—ਕੁਲੁ. 1:7; 4:12, 13.

7 ਏਸ਼ੀਆ ਮਾਈਨਰ ਵਿਚ ਕੁਲੁੱਸੈ, ਲਾਉਦਿਕੀਆ ਅਤੇ ਹੀਏਰਪੁਲਿਸ ਨਾਂ ਦੇ ਨਗਰ ਸਨ ਅਤੇ ਉੱਥੇ ਰਹਿਣ ਵਾਲੇ ਭੈਣਾਂ-ਭਰਾਵਾਂ ਨੂੰ ਕਈਆਂ ਖ਼ਤਰਿਆਂ ਦਾ ਸਾਮ੍ਹਣਾ ਕਰਨਾ ਪਿਆ ਸੀ। ਮਿਸਾਲ ਲਈ, ਹੀਏਰਪੁਲਿਸ ਵਿਚ ਸਿਬਲੇ ਨਾਂ ਦੀ ਦੇਵੀ ਦੀ ਪੂਜਾ ਕੀਤੀ ਜਾਂਦੀ ਸੀ। ਲਾਉਦਿਕੀਆ ਦੇ ਵਾਸੀਆਂ ਦੀ ਧਨ-ਦੌਲਤ ਪਿੱਛੇ ਦੌੜ ਲੱਗੀ ਹੋਈ ਸੀ ਤੇ ਕੁਲੁੱਸੀਆਂ ਦੇ ਦਿਲ ਵਿਚ ਮਨੁੱਖੀ ਫ਼ਲਸਫ਼ਿਆਂ ਨੇ ਜੜ੍ਹ ਫੜੀ ਹੋਈ ਸੀ। (ਕੁਲੁ. 2:8) ਹੁਣ ਅਸੀਂ ਸਮਝ ਸਕਦੇ ਹਾਂ ਕਿ ਕੁਲੁੱਸੈ ਦਾ ਇਪਫ੍ਰਾਸ ਉਸ ਸ਼ਹਿਰ ਵਿਚ ਰਹਿੰਦੇ ਆਪਣੇ ਭੈਣ-ਭਾਈਆਂ ਲਈ ‘ਪ੍ਰਾਰਥਨਾਂ ਵਿੱਚ ਵੱਡਾ ਜਤਨ’ ਕਿਉਂ ਕਰਦਾ ਸੀ! ਬਾਈਬਲ ਵਿਚ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਇਪਫ੍ਰਾਸ ਦੀਆਂ ਪ੍ਰਾਰਥਨਾਵਾਂ ਦਾ ਉਸ ਨੂੰ ਕਿਵੇਂ ਜਵਾਬ ਮਿਲਿਆ, ਪਰ ਸਾਨੂੰ ਇੰਨਾ ਪਤਾ ਹੈ ਕਿ ਉਹ ਆਪਣੇ ਭੈਣ-ਭਾਈਆਂ ਲਈ ਦੁਆ ਕਰਦਾ ਰਿਹਾ। ਸਾਨੂੰ ਵੀ ਉਸ ਵਾਂਗ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ। ਜੇ ਅਸੀਂ ਜਾਣਦੇ ਹਾਂ ਕਿ ਸਾਡੇ ਘਰ ਦੇ ਕਿਸੇ ਜੀਅ ਨੂੰ ਜਾਂ ਕਿਸੇ ਹੋਰ ਭੈਣ-ਭਾਈ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ, ਤਾਂ ਸਾਨੂੰ ਉਸ ਲਈ ਦੁਆ ਜ਼ਰੂਰ ਕਰਨੀ ਚਾਹੀਦੀ ਹੈ। ਪਰ ਸਾਨੂੰ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਅਸੀਂ “ਹੋਰਨਾਂ ਦੇ ਕੰਮ ਵਿੱਚ ਲੱਤ ਅੜਾਉਣ” ਵਾਲੇ ਨਾ ਬਣੀਏ। (1 ਪਤ. 4:15) ਪੌਲੁਸ ਨੇ ਲਿਖਿਆ ਕਿ ਹੋਰਨਾਂ ਦੀਆਂ ਬੇਨਤੀਆਂ ਸਦਕਾ ਉਸ ਦੀ ਮਦਦ ਹੋਈ, ਇਸੇ ਤਰ੍ਹਾਂ ਅਸੀਂ ਵੀ ਹੋਰਨਾਂ ਦੀ ਪ੍ਰਾਰਥਨਾ ਰਾਹੀਂ ਮਦਦ ਕਰ ਸਕਦੇ ਹਾਂ।—2 ਕੁਰਿੰ. 1:10, 11.

8. (ੳ) ਅਫ਼ਸੁਸ ਦੇ ਬਜ਼ੁਰਗਾਂ ਬਾਰੇ ਅਸੀਂ ਕੀ ਜਾਣਦੇ ਹਾਂ? (ਅ) ਪ੍ਰਾਰਥਨਾ ਕਰਨ ਬਾਰੇ ਸਾਡਾ ਨਜ਼ਰੀਆ ਕੀ ਹੋਣਾ ਚਾਹੀਦਾ ਹੈ?

8 ਕੀ ਅਸੀਂ ਦੂਸਰਿਆਂ ਦੀਆਂ ਨਜ਼ਰਾਂ ਵਿਚ ਅਜਿਹੇ ਇਨਸਾਨ ਹਾਂ ਜਿਨ੍ਹਾਂ ਦੀ ਜ਼ਿੰਦਗੀ ਵਿਚ ਪ੍ਰਾਰਥਨਾ ਕਰਨੀ ਅਹਿਮ ਗੱਲ ਹੈ? ਅਫ਼ਸੁਸ ਦੇ ਬਜ਼ੁਰਗਾਂ ਨੂੰ ਮਿਲਣ ਤੋਂ ਬਾਅਦ “ਪੌਲੁਸ ਨੇ ਸਾਰਿਆਂ ਦੇ ਨਾਲ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ। ਫਿਰ ਉਹ ਸਾਰੇ ਢਾਹਾਂ ਮਾਰ ਕੇ ਰੋਣ ਲਗੇ ਅਤੇ ਪੌਲੂਸ ਦੇ ਗਲ ਲਗ ਕੇ ਉਸ ਨੂੰ ਚੁੰਮਣ ਲਗੇ। ਖਾਸ ਕਰਕੇ ਪੌਲੂਸ ਦੇ ਇਹਨਾਂ ਸ਼ਬਦਾਂ ਦੇ ਕਾਰਨ: ‘ਤੁਸੀਂ ਮੇਰਾ ਫਿਰ ਮੂੰਹ ਨਾ ਦੇਖੋਗੇ।’” (ਰਸੂ. 20:36-38, CL) ਅਸੀਂ ਉਨ੍ਹਾਂ ਬਜ਼ੁਰਗਾਂ ਦੇ ਨਾਂ ਤਾਂ ਨਹੀਂ ਜਾਣਦੇ, ਪਰ ਅਸੀਂ ਇਹ ਜ਼ਰੂਰ ਜਾਣਦੇ ਹਾਂ ਕਿ ਉਹ ਪ੍ਰਾਰਥਨਾ ਕਰਨ ਨੂੰ ਅਹਿਮੀਅਤ ਦਿੰਦੇ ਸਨ। ਕੀ ਸਾਨੂੰ ਖ਼ੁਸ਼ ਨਹੀਂ ਹੋਣਾ ਚਾਹੀਦਾ ਹੈ ਕਿ ਸਾਨੂੰ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਦਾ ਵਿਸ਼ੇਸ਼-ਸਨਮਾਨ ਮਿਲਿਆ ਹੈ? ਤਾਂ ਫਿਰ ਆਓ ਆਪਾਂ ਇਸ ਗੱਲ ਵਿਚ ਵਿਸ਼ਵਾਸ ਕਰਦੇ ਹੋਏ ਆਪਣੇ ਹੱਥ ਉਤਾਂਹ ਚੁੱਕ ਕੇ ਪੂਰੀ ਸ਼ਰਧਾ ਨਾਲ ਪ੍ਰਾਰਥਨਾ ਕਰੀਏ ਕਿ ਸਾਡਾ ਸਵਰਗੀ ਪਿਤਾ ਸਾਡੀ ਜ਼ਰੂਰ ਸੁਣੇਗਾ।—1 ਤਿਮੋ. 2:8.

ਹਰ ਗੱਲ ਵਿਚ ਯਹੋਵਾਹ ਦਾ ਕਹਿਣਾ ਮੰਨੋ

9, 10. (ੳ) ਸਲਾਫ਼ਹਾਦ ਦੀਆਂ ਧੀਆਂ ਨੇ ਕਿਹੜੀ ਮਿਸਾਲ ਕਾਇਮ ਕੀਤੀ ਸੀ? (ਅ) ਸਲਾਫ਼ਹਾਦ ਦੀਆਂ ਧੀਆਂ ਵਾਂਗ ਅੱਜ ਸਾਡੇ ਅਣਵਿਆਹੇ ਵਫ਼ਾਦਾਰ ਭੈਣ-ਭਾਈਆਂ ਨੂੰ ਕਿਸ ਗੱਲ ਤੇ ਭਰੋਸਾ ਹੈ?

9ਜੇ ਅਸੀਂ ਯਹੋਵਾਹ ਨੂੰ ਹਮੇਸ਼ਾ ਚੇਤੇ ਰੱਖਾਂਗੇ, ਤਾਂ ਸਾਡੇ ਲਈ ਉਸ ਦੇ ਹੁਕਮਾਂ ਦੀ ਪਾਲਨਾ ਕਰਨੀ ਔਖੀ ਨਹੀਂ ਹੋਵੇਗੀ ਅਤੇ ਅਸੀਂ ਬਰਕਤਾਂ ਪਾਵਾਂਗੇ। (ਬਿਵ. 28:13; 1 ਸਮੂ. 15:22) ਹਾਂ, ਸਾਨੂੰ ਪਰਮੇਸ਼ੁਰ ਦਾ ਕਹਿਣਾ ਮੰਨਣ ਲਈ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ। ਇਸ ਸੰਬੰਧੀ ਆਓ ਆਪਾਂ ਸਲਾਫ਼ਹਾਦ ਦੀਆਂ ਪੰਜ ਧੀਆਂ ਦੀ ਮਿਸਾਲ ਉੱਤੇ ਗੌਰ ਕਰੀਏ। ਉਹ ਮੂਸਾ ਦੇ ਜ਼ਮਾਨੇ ਵਿਚ ਰਹਿੰਦੀਆਂ ਸਨ ਜਦ ਆਮ ਕਰਕੇ ਜ਼ਮੀਨ-ਜਾਇਦਾਦ ਦੇ ਵਾਰਸ ਪੁੱਤਰ ਹੁੰਦੇ ਸਨ। ਪਰ ਸਲਾਫ਼ਹਾਦ ਕਿਸੇ ਪੁੱਤਰ ਦਾ ਬਾਪ ਬਣਨ ਤੋਂ ਪਹਿਲਾਂ ਗੁਜ਼ਰ ਗਿਆ। ਯਹੋਵਾਹ ਨੇ ਉਸ ਦੀ ਸਾਰੀ ਜ਼ਮੀਨ-ਜਾਇਦਾਦ ਉਸ ਦੀਆਂ ਧੀਆਂ ਨੂੰ ਇਕ ਸ਼ਰਤ ਤੇ ਦੇਣ ਲਈ ਕਿਹਾ। ਕਿਹੜੀ ਸ਼ਰਤ? ਇਹ ਕਿ ਉਹ ਸਿਰਫ਼ ਮਨੱਸ਼ਹ ਦੇ ਗੋਤ ਵਿਚ ਵਿਆਹ ਕਰਵਾਉਣ ਤਾਂਕਿ ਉਨ੍ਹਾਂ ਦੇ ਪਿਤਾ ਦੀ ਜ਼ਮੀਨ-ਜਾਇਦਾਦ ਉਸੇ ਗੋਤ ਵਿਚ ਰਹੇ।—ਗਿਣ. 27:1-8; 36:6-8.

10 ਸਲਾਫ਼ਹਾਦ ਦੀਆਂ ਧੀਆਂ ਨੂੰ ਪੂਰਾ ਭਰੋਸਾ ਸੀ ਕਿ ਜੇ ਉਹ ਯਹੋਵਾਹ ਦੇ ਕਹੇ ਤੇ ਚੱਲੀਆਂ, ਤਾਂ ਸਭ ਕੁਝ ਠੀਕ-ਠਾਕ ਹੋ ਜਾਵੇਗਾ। ਬਾਈਬਲ ਵਿਚ ਕਿਹਾ ਗਿਆ: “ਜਿਵੇਂ ਮੂਸਾ ਨੇ ਹੁਕਮ ਦਿੱਤਾ ਸੀ ਓਵੇਂ ਹੀ ਸਲਾਫ਼ਹਾਦ ਦੀਆਂ ਧੀਆਂ ਨੇ ਕੀਤਾ ਅਤੇ ਮਹਲਾਹ, ਤਿਰਸਾਹ, ਹਾਗਲਾਹ, ਮਿਲਕਾਹ, ਅਤੇ ਨੋਆਹ ਸਲਾਫ਼ਹਾਦ ਦੀਆਂ ਧੀਆਂ ਆਪਣੇ ਚਾਚੇ ਤਾਏ ਦੇ ਪੁੱਤ੍ਰਾਂ ਨਾਲ ਵਿਆਹੀਆਂ ਗਈਆਂ। ਓਹ ਯੂਸੁਫ਼ ਦੇ ਪੁੱਤ੍ਰ ਮਨੱਸ਼ਹ ਦੇ ਪੁੱਤ੍ਰਾਂ ਦੇ ਟੱਬਰਾਂ ਵਿੱਚ ਵਿਆਹੀਆਂ ਗਈਆਂ। ਇਉਂ ਉਨ੍ਹਾਂ ਦੀ ਮਿਲਖ ਉਨ੍ਹਾਂ ਦੇ ਪਿਉ ਦਾਦਿਆਂ ਦੇ ਗੋਤ ਵਿੱਚ ਬਣੀ ਰਹੀ।” (ਗਿਣ. 36:10-12) ਉਹ ਵਫ਼ਾਦਾਰ ਕੁੜੀਆਂ ਯਹੋਵਾਹ ਦੇ ਹੁਕਮ ਅਨੁਸਾਰ ਚੱਲੀਆਂ ਸਨ। (ਯਹੋ. 17:3, 4) ਉਨ੍ਹਾਂ ਵਾਂਗ ਅੱਜ ਵੀ ਸਾਡੇ ਅਣਵਿਆਹੇ ਵਫ਼ਾਦਾਰ ਭੈਣ-ਭਾਈਆਂ ਨੂੰ ਪੂਰਾ ਭਰੋਸਾ ਹੈ ਕਿ ਜੇ ਉਹ ਯਹੋਵਾਹ ਦੇ ਕਹਿਣੇ ਵਿਚ ਰਹੇ, ਤਾਂ ਸਭ ਕੁਝ ਠੀਕ-ਠਾਕ ਹੋ ਜਾਵੇਗਾ। ਇਸੇ ਕਰਕੇ ਉਹ ਸੱਚਾਈ ਤੋਂ ਬਾਹਰ ਨਹੀਂ, ਸਗੋਂ “ਕੇਵਲ ਪ੍ਰਭੁ ਵਿੱਚ” ਹੀ ਵਿਆਹ ਕਰਾਉਂਦੇ ਹਨ।—1 ਕੁਰਿੰ. 7:39.

11, 12. ਕਾਲੇਬ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਪਰਮੇਸ਼ੁਰ ਤੇ ਭਰੋਸਾ ਸੀ?

11 ਸਾਨੂੰ ਹਰ ਗੱਲ ਵਿਚ ਯਹੋਵਾਹ ਦਾ ਕਹਿਣਾ ਮੰਨਣਾ ਚਾਹੀਦਾ ਹੈ। ਕਾਲੇਬ ਨਾਂ ਦਾ ਇਸਰਾਏਲੀ ਇਸ ਗੱਲ ਦੀ ਵਧੀਆ ਉਦਾਹਰਣ ਸੀ। (ਬਿਵ. 1:36) ਮਿਸਰ ਦੇਸ਼ ਵਿੱਚੋਂ ਬਚ ਨਿਕਲਣ ਤੋਂ ਬਾਅਦ ਮੂਸਾ ਨੇ 12 ਬੰਦਿਆਂ ਨੂੰ ਕਨਾਨ ਦੇਸ਼ ਦੀ ਖ਼ਬਰ ਲਿਆਉਣ ਲਈ ਭੇਜਿਆ। ਉਨ੍ਹਾਂ 12 ਵਿੱਚੋਂ ਸਿਰਫ਼ ਯਹੋਸ਼ੁਆ ਤੇ ਕਾਲੇਬ ਨੇ ਹੀ ਇਸਰਾਏਲੀਆਂ ਨੂੰ ਯਹੋਵਾਹ ਤੇ ਪੂਰਾ ਭਰੋਸਾ ਰੱਖ ਕੇ ਕਨਾਨ ਵਿਚ ਚੱਲਣ ਨੂੰ ਕਿਹਾ। (ਗਿਣ. 14:6-9) ਇਸ ਘਟਨਾ ਤੋਂ 40 ਸਾਲ ਬਾਅਦ ਯਹੋਸ਼ੁਆ ਤੇ ਕਾਲੇਬ ਹਾਲੇ ਵੀ ਜੀਉਂਦੇ ਸਨ ਤੇ ਯਹੋਵਾਹ ਪ੍ਰਤੀ ਆਗਿਆਕਾਰ ਸਨ। ਇਸ ਲਈ ਯਹੋਵਾਹ ਨੇ ਇਸਰਾਏਲੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲੈ ਜਾਣ ਲਈ ਯਹੋਸ਼ੁਆ ਨੂੰ ਵਰਤਿਆ। ਪਰ ਜਿਹੜੇ 10 ਬੰਦਿਆਂ ਨੇ ਪਰਮੇਸ਼ੁਰ ਤੇ ਭਰੋਸਾ ਨਹੀਂ ਰੱਖਿਆ ਸੀ ਉਹ ਉਜਾੜ ਵਿਚ ਹੀ ਮਰ ਗਏ ਸਨ।—ਗਿਣ. 14:31-34.

12 ਉਜਾੜ ਵਿਚ ਪਹੁੰਚਣ ਤੋਂ ਪਹਿਲਾਂ ਤੇ ਉਜਾੜ ਵਿਚ ਮੁਸ਼ਕਲਾਂ ਸਹਿੰਦੇ ਹੋਏ ਵੀ ਕਾਲੇਬ ਯਹੋਵਾਹ ਦੇ ਹੁਕਮਾਂ ਦੀ ਪਾਲਨਾ ਕਰਦਾ ਰਿਹਾ। ਇਸ ਲਈ ਜਦ ਉਹ ਬੁੱਢਾ ਹੋ ਗਿਆ ਸੀ, ਤਾਂ ਉਹ ਯਹੋਸ਼ੁਆ ਅੱਗੇ ਖੜ੍ਹ ਕੇ ਕਹਿ ਸਕਿਆ: “ਮੈਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਪਿੱਛੇ ਲੱਗਾ ਰਿਹਾ।” (ਯਹੋਸ਼ੁਆ 14:6-9 ਪੜ੍ਹੋ।) ਫਿਰ 85 ਸਾਲ ਦੇ ਕਾਲੇਬ ਨੇ ਉਸ ਪਹਾੜੀ ਇਲਾਕੇ ਦੀ ਮੰਗ ਕੀਤੀ ਜਿਸ ਦਾ ਯਹੋਵਾਹ ਨੇ ਉਸ ਨੂੰ ਵਾਅਦਾ ਕੀਤਾ ਸੀ ਭਾਵੇਂ ਕਿ ਉਹ ਵੱਡੇ ਅਤੇ ਗੜ੍ਹਾਂ ਵਾਲੇ ਸ਼ਹਿਰ ਦੁਸ਼ਮਣਾਂ ਦੇ ਹੱਥਾਂ ਵਿਚ ਸਨ।—ਯਹੋ. 14:10-15.

13. ਯਹੋਵਾਹ ਤੋਂ ਬਰਕਤਾਂ ਪਾਉਣ ਲਈ ਸਾਨੂੰ ਮੁਸ਼ਕਲਾਂ ਦੇ ਬਾਵਜੂਦ ਵੀ ਕੀ ਕਰਦੇ ਰਹਿਣ ਦੀ ਲੋੜ ਹੈ?

13 ਕਾਲੇਬ ਵਫ਼ਾਦਾਰ ਤੇ ਆਗਿਆਕਾਰ ਸੀ। ਉਸ ਵਾਂਗ ਜੇ ਅਸੀਂ ‘ਯਹੋਵਾਹ ਦੇ ਪਿੱਛੇ ਲੱਗੇ ਰਹੀਏ,’ ਤਾਂ ਸਾਨੂੰ ਵੀ ਯਹੋਵਾਹ ਤੋਂ ਬਰਕਤਾਂ ਮਿਲਣਗੀਆਂ ਅਤੇ ਯਹੋਵਾਹ ਸਾਨੂੰ ਮੁਸ਼ਕਲਾਂ ਤੇ ਰੁਕਾਵਟਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਦੇਵੇਗਾ। ਲੇਕਿਨ ਕਾਲੇਬ ਵਾਂਗ ਉਮਰ ਭਰ ਇਸ ਤਰ੍ਹਾਂ ਕਰਦੇ ਰਹਿਣਾ ਆਸਾਨ ਨਹੀਂ ਹੈ। ਰਾਜ-ਗੱਦੀ ਤੇ ਬੈਠਣ ਵੇਲੇ ਸੁਲੇਮਾਨ ਯਹੋਵਾਹ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਤਿਆਰ ਸੀ, ਪਰ ਉਸ ਦੇ ਬੁਢਾਪੇ ਵਿਚ ਉਸ ਦੀਆਂ ਤੀਵੀਆਂ ਨੇ ਉਸ ਦੇ ਮਨ ਨੂੰ ਹੋਰ ਦੇਵਤਿਆਂ ਦੇ ਪਿੱਛੇ ਫੇਰ ਦਿੱਤਾ ਤੇ ਉਹ “ਯਹੋਵਾਹ ਦੇ ਪਿੱਛੇ ਪੂਰੀ ਤਰਾਂ ਨਾ ਚੱਲਿਆ ਜਿਵੇਂ ਉਹ ਦੇ ਪਿਤਾ ਦਾਊਦ ਨੇ ਕੀਤਾ।” (1 ਰਾਜ. 11:4-6) ਸਾਨੂੰ ਵੀ ਤਰ੍ਹਾਂ-ਤਰ੍ਹਾਂ ਦੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਨ੍ਹਾਂ ਦੇ ਬਾਵਜੂਦ ਆਓ ਆਪਾਂ ਵਫ਼ਾਦਾਰੀ ਨਾਲ ਯਹੋਵਾਹ ਨੂੰ ਹਮੇਸ਼ਾ ਯਾਦ ਰੱਖੀਏ।

ਹਮੇਸ਼ਾ ਯਹੋਵਾਹ ਤੇ ਭਰੋਸਾ ਰੱਖੋ

14, 15. ਯਹੋਵਾਹ ਤੇ ਭਰੋਸਾ ਰੱਖਣ ਬਾਰੇ ਨਾਓਮੀ ਦੀ ਉਦਾਹਰਣ ਤੋਂ ਤੁਸੀਂ ਕੀ ਸਿੱਖਿਆ ਹੈ?

14ਖ਼ਾਸਕਰ ਜਦ ਸਾਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆਉਂਦਾ ਹੈ ਤੇ ਅਸੀਂ ਨਿਰਾਸ਼ਾ ਅਤੇ ਡਿਪਰੈਸ਼ਨ ਵਿੱਚੋਂ ਲੰਘ ਰਹੇ ਹੁੰਦੇ ਹਾਂ, ਉਦੋਂ ਸਾਨੂੰ ਯਹੋਵਾਹ ਤੇ ਭਰੋਸਾ ਰੱਖਣ ਦੀ ਲੋੜ ਹੈ। ਜ਼ਰਾ ਨਾਓਮੀ ਨਾਂ ਦੀ ਬਜ਼ੁਰਗ ਤੀਵੀਂ ਤੇ ਗੌਰ ਕਰੋ। ਉਸ ਦਾ ਪਤੀ ਤੇ ਉਸ ਦੇ ਦੋਵੇਂ ਪੁੱਤਰ ਮੌਤ ਦੀ ਗੂੜ੍ਹੀ ਨੀਂਦ ਸੌਂ ਗਏ ਸਨ। ਮੋਆਬ ਤੋਂ ਯਹੂਦਾਹ ਵਾਪਸ ਆ ਕੇ ਗਮ ਵਿਚ ਡੁੱਬੀ ਨਾਓਮੀ ਨੇ ਕਿਹਾ: “ਮੈਨੂੰ ਨਾਓਮੀ ਨਾ ਬੁਲਾਓ, ਮੈਨੂੰ ਮਾਰਾ ਬੁਲਾਓ। ਇਸੇ ਨਾਂ ਦੀ ਵਰਤੋਂ ਕਰੋ, ਕਿਉਂਕਿ ਪਰਮੇਸ਼ੁਰ ਸਰਬ ਸ਼ਕਤੀਮਾਨ ਨੇ ਮੇਰੀ ਜਿੰਦਗੀ ਨੂੰ ਬਹੁਤ ਉਦਾਸ ਬਣਾ ਦਿੱਤਾ ਹੈ। ਜਦੋਂ ਮੈਂ ਗਈ ਸੀ ਮੇਰੇ ਕੋਲ ਲੋੜੀਂਦੀਆਂ ਸਾਰੀਆਂ ਚੀਜ਼ਾਂ ਸਨ। ਪਰ ਹੁਣ, ਯਹੋਵਾਹ ਮੈਨੂੰ ਖਾਲੀ ਹੱਥੀਂ ਘਰ ਵਾਪਸ ਲਿਆਇਆ ਹੈ। ਉਸ ਨੇ ਮੈਨੂੰ ਉਦਾਸੀ ਦਿੱਤੀ ਹੈ, ਤਾਂ ਤੁਸੀਂ ਮੈਨੂੰ ‘ਖੁਸ਼’ ਕਿਉਂ ਬੁਲਾਉਂਦੇ ਹੋ? ਪਰਮੇਸ਼ੁਰ ਸਰਬ ਸ਼ਕਤੀਮਾਨ ਨੇ ਮੈਨੂੰ ਬਹੁਤ ਸਾਰੀਆਂ ਮੁਸੀਬਤਾਂ ਦਿੱਤੀਆਂ ਹਨ।”—ਰੂਥ 1:20, 21, ERV.

15 ਧਿਆਨ ਨਾਲ ਰੂਥ ਦੀ ਕਿਤਾਬ ਪੜ੍ਹ ਕੇ ਸਾਨੂੰ ਪਤਾ ਲੱਗਦਾ ਹੈ ਕਿ ਭਾਵੇਂ ਨਾਓਮੀ ਬਹੁਤ ਹੀ ਦੁਖੀ ਸੀ, ਫਿਰ ਵੀ ਉਸ ਨੇ ਯਹੋਵਾਹ ਪਰਮੇਸ਼ੁਰ ਉੱਤੇ ਪੂਰਾ ਭਰੋਸਾ ਰੱਖਿਆ। ਨਤੀਜੇ ਵਜੋਂ ਉਸ ਦਾ ਗਮ ਖ਼ੁਸ਼ੀ ਵਿਚ ਬਦਲ ਗਿਆ। ਉਸ ਦੀ ਵਿਧਵਾ ਨੂੰਹ ਰੂਥ ਦਾ ਵਿਆਹ ਬੋਅਜ਼ ਨਾਂ ਦੇ ਆਦਮੀ ਨਾਲ ਹੋਇਆ ਤੇ ਰੂਥ ਨੇ ਇਕ ਮੁੰਡੇ ਨੂੰ ਜਨਮ ਦਿੱਤਾ। ਨਾਓਮੀ ਨੇ ਉਸ ਬੱਚੇ ਦੀ ਦੇਖ-ਭਾਲ ਆਪਣੇ ਜ਼ਿੰਮੇ ਲੈ ਲਈ। ਇਸ ਸੰਬੰਧੀ ਬਾਈਬਲ ਕਹਿੰਦੀ ਹੈ: “ਤਦ ਉਹ ਦੀਆਂ ਗੁਆਂਢਣਾਂ ਨੇ ਉਹ ਦਾ ਨਾਉਂ ਧਰ ਕੇ ਆਖਿਆ, ਨਾਓਮੀ ਦੇ ਲਈ ਪੁੱਤ੍ਰ ਜੰਮਿਆ ਅਤੇ ਉਨ੍ਹਾਂ ਨੇ ਉਸ ਦਾ ਨਾਉਂ ਓਬੇਦ ਧਰਿਆ। ਉਹ ਯੱਸੀ ਦਾ ਪਿਤਾ ਸੀ ਅਤੇ ਦਾਊਦ ਦਾ ਬਾਬਾ ਸੀ।” (ਰੂਥ 4:14-17) ਜਦੋਂ ਨਵੀਂ ਦੁਨੀਆਂ ਵਿਚ ਨਾਓਮੀ ਤੇ ਰੂਥ ਦੁਬਾਰਾ ਜ਼ਿੰਦਾ ਹੋਣਗੀਆਂ, ਤਾਂ ਉਹ ਜਾਣਨਗੀਆਂ ਕਿ ਉਹ ਯਿਸੂ ਮਸੀਹ ਦੀਆਂ ਵੱਡ-ਵਡੇਰੀਆਂ ਸਨ। (ਮੱਤੀ 1:5, 6, 16) ਨਾਓਮੀ ਵਾਂਗ ਸਾਨੂੰ ਵੀ ਨਹੀਂ ਪਤਾ ਕਿ ਕਿਸੇ ਔਖੀ ਘੜੀ ਵਿੱਚੋਂ ਅਸੀਂ ਕਿਵੇਂ ਲੰਘਾਂਗੇ ਤੇ ਇਸ ਦਾ ਨਤੀਜਾ ਕੀ ਨਿਕਲੇਗਾ। ਇਸ ਕਰਕੇ ਆਓ ਆਪਾਂ ਯਹੋਵਾਹ ਨੂੰ ਕਦੇ ਵੀ ਨਾ ਭੁੱਲੀਏ ਤੇ ਕਹਾਉਤਾਂ 3:5, 6 ਦੀ ਸਲਾਹ ਲਾਗੂ ਕਰੀਏ ਜਿੱਥੇ ਲਿਖਿਆ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।”

ਯਹੋਵਾਹ ਤੋਂ ਮਦਦ ਮੰਗੋ

16. ਪ੍ਰਾਚੀਨ ਇਸਰਾਏਲ ਵਿਚ ਯਹੋਵਾਹ ਨੇ ਬਜ਼ੁਰਗਾਂ ਦੀ ਮਦਦ ਕਿਵੇਂ ਕੀਤੀ ਸੀ?

16ਜੇ ਅਸੀਂ ਹਮੇਸ਼ਾ ਯਹੋਵਾਹ ਦੀ ਸਲਾਹ ਭਾਲਾਂਗੇ, ਤਾਂ ਉਹ ਸਾਡੀ ਮਦਦ ਕਰੇਗਾ। (ਗਲਾ. 5:16-18) ਜਦ ਉਜਾੜ ਵਿਚ ਮੂਸਾ ਲਈ ਇਸਰਾਏਲੀਆਂ ਦੀ ਅਗਵਾਈ ਕਰਨੀ ਮੁਸ਼ਕਲ ਹੋ ਗਈ ਸੀ, ਤਾਂ ਯਹੋਵਾਹ ਨੇ ‘ਪਰਜਾ ਦਾ ਭਾਰ ਚੁੱਕਣ’ ਲਈ 70 ਬਜ਼ੁਰਗਾਂ ਨੂੰ ਚੁਣਿਆ ਸੀ। ਉਨ੍ਹਾਂ ਵਿੱਚੋਂ ਸਾਨੂੰ ਸਿਰਫ਼ ਅਲਦਾਦ ਅਤੇ ਮੇਦਾਦ ਦੇ ਨਾਂ ਪਤਾ ਹਨ, ਪਰ ਪਰਮੇਸ਼ੁਰ ਦੀ ਮਦਦ ਨਾਲ ਉਹ ਸਾਰੇ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਪਾਏ ਸਨ। (ਗਿਣ. 11:13-29) ਮੂਸਾ ਦੇ ਸੌਹਰੇ ਯਿਥਰੋ ਦੇ ਸਮੇਂ ਵਿਚ ਚੁਣੇ ਗਏ ਆਦਮੀਆਂ ਵਾਂਗ ਇਹ ਆਦਮੀ ਵੀ ਸਿਆਣੇ, ਪਰਮੇਸ਼ੁਰ ਦਾ ਭੈ ਰੱਖਣ ਵਾਲੇ, ਭਰੋਸੇਯੋਗ ਅਤੇ ਈਮਾਨਦਾਰ ਸਨ। (ਕੂਚ 18:21) ਅੱਜ ਕਲੀਸਿਯਾਵਾਂ ਦੇ ਨਿਗਾਹਬਾਨ ਵੀ ਇਸੇ ਤਰ੍ਹਾਂ ਦੇ ਆਦਮੀ ਹਨ।

17. ਡੇਹਰੇ ਦੀ ਉਸਾਰੀ ਵੇਲੇ ਯਹੋਵਾਹ ਨੇ ਕਾਮਿਆਂ ਦੀ ਮਦਦ ਕਿਵੇਂ ਕੀਤੀ ਸੀ?

17 ਡੇਹਰੇ ਦੀ ਉਸਾਰੀ ਵੇਲੇ ਵੀ ਯਹੋਵਾਹ ਨੇ ਆਪਣੀ ਸ਼ਕਤੀ ਨਾਲ ਕਾਮਿਆਂ ਦੀ ਮਦਦ ਕੀਤੀ ਸੀ। ਉਸ ਨੇ ਬਸਲਏਲ ਨੂੰ ਮੁੱਖ ਕਾਰੀਗਰ ਵਜੋਂ ਨਿਯੁਕਤ ਕੀਤਾ ਅਤੇ ਵਾਅਦਾ ਕੀਤਾ ਕਿ ਉਹ ਉਸ ਨੂੰ “ਬੁੱਧ ਸਮਝ ਵਿੱਦਿਆ ਅਤੇ ਸਾਰੀ ਕਾਰੀਗਰੀ ਨਾਲ ਭਰਪੂਰ” ਕਰੇਗਾ। (ਕੂਚ 31:3-5) ਡੇਹਰੇ ਦੇ ਉਸਾਰਨ ਦੀ ਸ਼ਾਨਦਾਰ ਜ਼ਿੰਮੇਵਾਰੀ ਪੂਰੀ ਕਰਨ ਵਿਚ ਬਸਲਏਲ ਅਤੇ ਆਹਾਲੀਆਬ ਨਾਲ ਉਹ ਆਦਮੀ ਸਨ ਜਿਨ੍ਹਾਂ ਦੇ “ਹਿਰਦਿਆਂ ਵਿੱਚ ਬੁੱਧ” ਸੀ। ਇਸ ਤੋਂ ਇਲਾਵਾ ਯਹੋਵਾਹ ਨੇ ਲੋਕਾਂ ਦੇ ਦਿਲਾਂ ਨੂੰ ਪ੍ਰੇਰਿਆ ਤੇ ਉਨ੍ਹਾਂ ਨੇ ਖੁੱਲ੍ਹੇ ਦਿਲ ਨਾਲ ਦਾਨ ਦਿੱਤਾ। (ਕੂਚ 31:6; 35:5, 30-34) ਅੱਜ ਵੀ ਪਰਮੇਸ਼ੁਰ ਆਪਣੇ ਸੇਵਕਾਂ ਦੇ ਦਿਲਾਂ ਨੂੰ ਪ੍ਰੇਰਦਾ ਹੈ ਤੇ ਉਹ ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣ ਲਈ ਜਿੰਨਾ ਕਰ ਸਕਦੇ ਹਨ ਉੱਨਾ ਕਰਦੇ ਹਨ। (ਮੱਤੀ 6:33) ਭਾਵੇਂ ਸਾਡੇ ਵਿਚ ਕੋਈ ਕੰਮ ਕਰਨ ਦੀ ਕਾਬਲੀਅਤ ਹੋਵੇ ਜਾਂ ਨਾ, ਪਰ ਅਸੀਂ ਯਹੋਵਾਹ ਤੋਂ ਮਦਦ ਮੰਗ ਕੇ ਉਸ ਤੋਂ ਮਿਲਿਆ ਕੰਮ ਪੂਰਾ ਕਰ ਸਕਦੇ ਹਾਂ।—ਲੂਕਾ 11:13.

ਸੈਨਾਂ ਦੇ ਯਹੋਵਾਹ ਦਾ ਭੈ ਰੱਖੋ

18, 19. (ੳ) ਪਰਮੇਸ਼ੁਰ ਦੀ ਸ਼ਕਤੀ ਨਾਲ ਅਸੀਂ ਕੀ ਕਰ ਪਾਉਂਦੇ ਹਾਂ? (ਅ) ਤੁਸੀਂ ਸਿਮਓਨ ਤੇ ਆੱਨਾ ਦੀ ਮਿਸਾਲ ਤੋਂ ਕੀ ਸਿੱਖਿਆ ਹੈ?

18ਯਹੋਵਾਹ ਦੀ ਸ਼ਕਤੀ ਹੀ ਹੈ ਜੋ ਸਾਡੇ ਦਿਲਾਂ ਵਿਚ ਉਸ ਲਈ ਸ਼ਰਧਾ ਪੈਦਾ ਕਰਦੀ ਹੈ ਜਿਸ ਸਦਕਾ ਅਸੀਂ ਉਸ ਨੂੰ ਹਮੇਸ਼ਾ ਚੇਤੇ ਰੱਖਦੇ ਹਾਂ। ਪਰਮੇਸ਼ੁਰ ਦੇ ਪ੍ਰਾਚੀਨ ਲੋਕਾਂ ਨੂੰ ਕਿਹਾ ਗਿਆ ਸੀ: ‘ਸੈਨਾਂ ਦਾ ਯਹੋਵਾਹ, ਉਹ ਨੂੰ ਪਵਿੱਤਰ ਮੰਨੋ ਤੇ ਉਹ ਦਾ ਭੈ ਖਾਓ।’ (ਯਸਾ. 8:13) ਪਹਿਲੀ ਸਦੀ ਵਿਚ ਸਿਮਓਨ ਤੇ ਆੱਨਾ ਨਾਂ ਦੇ ਦੋ ਬਜ਼ੁਰਗ ਯਹੋਵਾਹ ਦਾ ਭੈ ਰੱਖਣ ਵਾਲੇ ਇਨਸਾਨ ਸਨ। (ਲੂਕਾ 2:25-38 ਪੜ੍ਹੋ।) ਸਿਮਓਨ ਨੂੰ ਮਸੀਹਾ ਬਾਰੇ ਲਿਖੀਆਂ ਗਈਆਂ ਭਵਿੱਖਬਾਣੀਆਂ ਵਿਚ ਵਿਸ਼ਵਾਸ ਸੀ ਤੇ ਉਹ “ਇਸਰਾਏਲ ਦੀ ਤਸੱਲੀ ਦੀ ਉਡੀਕ ਵਿੱਚ ਸੀ।” ਪਰਮੇਸ਼ੁਰ ਨੇ ਉਸ ਨੂੰ ਆਪਣੀ ਸ਼ਕਤੀ ਦੇ ਜ਼ਰੀਏ ਭਰੋਸਾ ਦਿਲਾਇਆ ਸੀ ਕਿ ਉਹ ਆਪਣੀ ਮੌਤ ਤੋਂ ਪਹਿਲਾਂ ਮਸੀਹਾ ਦਾ ਮੂੰਹ ਜ਼ਰੂਰ ਦੇਖੇਗਾ। ਤੇ ਇਸੇ ਤਰ੍ਹਾਂ ਹੋਇਆ। ਇਕ ਦਿਨ ਜਦ ਸਿਮਓਨ ਹੈਕਲ ਵਿਚ ਸੀ, ਤਾਂ ਮਰਿਯਮ ਅਤੇ ਯੂਸੁਫ਼ ਯਿਸੂ ਨੂੰ ਉੱਥੇ ਲਿਆਏ। ਉਸ ਬੱਚੇ ਨੂੰ ਦੇਖ ਕੇ ਸਿਮਓਨ ਨੇ ਮਸੀਹਾ ਬਾਰੇ ਭਵਿੱਖਬਾਣੀ ਕੀਤੀ ਅਤੇ ਦੱਸਿਆ ਕਿ ਉਸ ਦੀ ਮਾਂ ਮਰਿਯਮ ਨੂੰ ਦੁੱਖ ਸਹਿਣੇ ਪੈਣਗੇ ਅਤੇ ਇਹ ਦੁੱਖ ਉਸ ਨੇ ਯਿਸੂ ਨੂੰ ਸੂਲੀ ਤੇ ਟੰਗੇ ਦੇਖ ਕੇ ਸਹੇ ਸਨ। ਪਰ ਜ਼ਰਾ ਸਿਮਓਨ ਦੀ ਖ਼ੁਸ਼ੀ ਦਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰੋ ਜਦ ਉਸ ਨੇ ਯਿਸੂ ਮਸੀਹ ਨੂੰ ਕੁੱਛੜ ਚੁੱਕਿਆ ਹੋਣਾ! ਪਰਮੇਸ਼ੁਰ ਦੇ ਮੌਜੂਦਾ ਸੇਵਕਾਂ ਲਈ ਸਿਮਓਨ ਨੇ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ ਹੈ!

19 ਆੱਨਾ ਬਾਰੇ ਬਾਈਬਲ ਕਹਿੰਦੀ ਹੈ ਕਿ ਉਹ 84 ਸਾਲ ਦੀ ਵਿਧਵਾ ਸੀ ਅਤੇ “ਹੈਕਲ ਨੂੰ ਨਾ ਛੱਡਦੀ” ਸੀ। ਉਹ “ਵਰਤ ਰੱਖਣ ਅਤੇ ਬੇਨਤੀ ਕਰਨ ਨਾਲ” ਯਹੋਵਾਹ ਦੀ ਰਾਤ ਦਿਨ ਸੇਵਾ ਕਰਦੀ ਸੀ। ਆੱਨਾ ਵੀ ਉੱਥੇ ਸੀ ਜਦ ਯਿਸੂ ਨੂੰ ਪਹਿਲੀ ਵਾਰ ਹੈਕਲ ਲਿਆਂਦਾ ਗਿਆ ਸੀ। ਯਿਸੂ ਦਾ ਮੂੰਹ ਦੇਖ ਕੇ ਉਸ ਨੇ ਯਹੋਵਾਹ ਦਾ ਲੱਖ-ਲੱਖ ਸ਼ੁਕਰ ਕੀਤਾ। ਬਾਈਬਲ ਦੱਸਦੀ ਹੈ ਕਿ ਉਸੇ ਸਮੇਂ ਤੋਂ ਉਸ ਨੇ “ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਹ ਦਾ ਜ਼ਿਕਰ ਉਨ੍ਹਾਂ ਸਭਨਾਂ ਨਾਲ ਕੀਤਾ ਜਿਹੜੇ ਯਰੂਸ਼ਲਮ ਦੇ ਨਿਸਤਾਰੇ ਦੀ ਉਡੀਕ ਵਿੱਚ ਸਨ।” ਮਸੀਹਾ ਦੀ ਖ਼ੁਸ਼ ਖ਼ਬਰੀ ਸਾਰਿਆਂ ਨੂੰ ਦੱਸਣ ਤੋਂ ਆੱਨਾ ਆਪਣੇ ਆਪ ਨੂੰ ਰੋਕ ਨਾ ਸਕੀ! ਸਿਮਓਨ ਤੇ ਆੱਨਾ ਦੀ ਤਰ੍ਹਾਂ ਅੱਜ ਸਾਡੇ ਬਜ਼ੁਰਗ ਭੈਣ-ਭਾਈ ਕਿੰਨੇ ਖ਼ੁਸ਼ ਹਨ ਕਿ ਉਨ੍ਹਾਂ ਦੀ ਉਮਰ ਭਾਵੇਂ ਕਿੰਨੀ ਜ਼ਿਆਦਾ ਕਿਉਂ ਨਾ ਹੋਵੇ, ਉਹ ਫਿਰ ਵੀ ਯਹੋਵਾਹ ਦੀ ਸੇਵਾ ਕਰ ਸਕਦੇ ਹਨ।

20. ਅਸੀਂ ਚਾਹੇ ਜਵਾਨ ਹੋਈਏ ਜਾਂ ਬਿਰਧ, ਸਾਨੂੰ ਕੀ ਕਰਨ ਦੀ ਲੋੜ ਹੈ ਅਤੇ ਕਿਉਂ?

20 ਅਸੀਂ ਚਾਹੇ ਜਵਾਨ ਹੋਈਏ ਜਾਂ ਬਿਰਧ, ਸਾਨੂੰ ਹਮੇਸ਼ਾ ਯਹੋਵਾਹ ਨੂੰ ਚੇਤੇ ਰੱਖਣ ਦੀ ਲੋੜ ਹੈ। ਫਿਰ ਉਹ ਸਾਡੀ ਮਦਦ ਕਰੇਗਾ ਅਤੇ ਅਸੀਂ ਉਸ ਦੀ ਪਾਤਸ਼ਾਹੀ ਤੇ ਉਸ ਦੇ ਬੇਮਿਸਾਲ ਕੰਮਾਂ ਬਾਰੇ ਸਾਰਿਆਂ ਨੂੰ ਦੱਸ ਸਕਾਂਗੇ। (ਜ਼ਬੂ. 71:17, 18; 145:10-13) ਜੇ ਅਸੀਂ ਯਹੋਵਾਹ ਦਾ ਭੈ ਰੱਖਾਂਗੇ, ਤਾਂ ਅਸੀਂ ਆਪਣੇ ਵਿਚ ਅਜਿਹੇ ਗੁਣ ਪੈਦਾ ਕਰਾਂਗੇ ਜੋ ਯਹੋਵਾਹ ਨੂੰ ਖ਼ੁਸ਼ ਕਰਦੇ ਹਨ। ਬਾਈਬਲ ਦੇ ਹੋਰਨਾਂ ਹਵਾਲਿਆਂ ਤੋਂ ਅਸੀਂ ਅਜਿਹੇ ਗੁਣਾਂ ਬਾਰੇ ਕੀ ਸਿੱਖ ਸਕਦੇ ਹਾਂ?

ਤੁਸੀਂ ਕੀ ਜਵਾਬ ਦਿਓਗੇ?

• ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਪ੍ਰਾਰਥਨਾਵਾਂ ਨੂੰ ਸੁਣਦਾ ਹੈ?

• ਸਾਨੂੰ ਹਰ ਗੱਲ ਵਿਚ ਯਹੋਵਾਹ ਦਾ ਕਿਹਾ ਕਿਉਂ ਮੰਨਣਾ ਚਾਹੀਦਾ ਹੈ?

• ਡਿਪਰੈਸ਼ਨ ਵਿੱਚੋਂ ਲੰਘ ਰਹੇ ਲੋਕਾਂ ਨੂੰ ਯਹੋਵਾਹ ਤੇ ਭਰੋਸਾ ਕਿਉਂ ਰੱਖਣਾ ਚਾਹੀਦਾ ਹੈ?

• ਯਹੋਵਾਹ ਆਪਣੀ ਸ਼ਕਤੀ ਦੇ ਜ਼ਰੀਏ ਆਪਣੇ ਲੋਕਾਂ ਦੀ ਮਦਦ ਕਿਵੇਂ ਕਰਦਾ ਹੈ?

[ਸਵਾਲ]

[ਸਫ਼ਾ 4 ਉੱਤੇ ਤਸਵੀਰ]

ਨਹਮਯਾਹ ਦੀ ਪ੍ਰਾਰਥਨਾ ਸੁਣੀ ਗਈ

[ਸਫ਼ਾ 5 ਉੱਤੇ ਤਸਵੀਰ]

ਜੇ ਅਸੀਂ ਯਾਦ ਰੱਖੀਏ ਕਿ ਨਾਓਮੀ ਦਾ ਗਮ ਖ਼ੁਸ਼ੀ ਵਿਚ ਬਦਲ ਗਿਆ ਸੀ, ਤਾਂ ਅਸੀਂ ਵੀ ਯਹੋਵਾਹ ਤੇ ਭਰੋਸਾ ਰੱਖ ਸਕਾਂਗੇ