Skip to content

Skip to table of contents

ਸਭ ਤੋਂ ਮਹਾਨ ਮਿਸ਼ਨਰੀ ਦੀ ਰੀਸ ਕਰੋ

ਸਭ ਤੋਂ ਮਹਾਨ ਮਿਸ਼ਨਰੀ ਦੀ ਰੀਸ ਕਰੋ

ਸਭ ਤੋਂ ਮਹਾਨ ਮਿਸ਼ਨਰੀ ਦੀ ਰੀਸ ਕਰੋ

“ਤੁਸੀਂ ਮੇਰੀ ਰੀਸ ਕਰੋ ਜਿਵੇਂ ਮੈਂ ਵੀ ਮਸੀਹ ਦੀ ਰੀਸ ਕਰਦਾ ਹਾਂ।”—1 ਕੁਰਿੰ. 10:33.

1. ਸਾਨੂੰ ਯਿਸੂ ਮਸੀਹ ਦੀ ਰੀਸ ਕਿਉਂ ਕਰਨੀ ਚਾਹੀਦੀ ਹੈ?

ਪੌਲੁਸ ਰਸੂਲ ਨੇ ਸਭ ਤੋਂ ਮਹਾਨ ਮਿਸ਼ਨਰੀ ਯਿਸੂ ਮਸੀਹ ਦੀ ਰੀਸ ਕੀਤੀ ਸੀ। ਪੌਲੁਸ ਨੇ ਭੈਣਾਂ-ਭਰਾਵਾਂ ਨੂੰ ਵੀ ਤਾਕੀਦ ਕੀਤੀ ਕਿ “ਤੁਸੀਂ ਮੇਰੀ ਰੀਸ ਕਰੋ ਜਿਵੇਂ ਮੈਂ ਵੀ ਮਸੀਹ ਦੀ ਰੀਸ ਕਰਦਾ ਹਾਂ।” (1 ਕੁਰਿੰ. 10:33) ਜਦ ਯਿਸੂ ਨੇ ਆਪਣੇ ਚੇਲਿਆਂ ਦੇ ਪੈਰ ਧੋ ਕੇ ਉਨ੍ਹਾਂ ਨੂੰ ਨਿਮਰ ਬਣਨ ਦਾ ਸਬਕ ਸਿਖਾਇਆ ਸੀ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਭੀ ਤਿਵੇਂ ਹੀ ਕਰੋ।” (ਯੂਹੰ. 13:12-15) ਅੱਜ ਸਾਨੂੰ ਵੀ ਆਪਣੀ ਬੋਲੀ ਤੇ ਕੰਮਾਂ ਦੇ ਸੰਬੰਧ ਵਿਚ ਯਿਸੂ ਮਸੀਹ ਦੀ ਰੀਸ ਕਰਨੀ ਚਾਹੀਦੀ ਹੈ ਅਤੇ ਉਸ ਵਰਗੇ ਗੁਣ ਪੈਦਾ ਕਰਨੇ ਚਾਹੀਦੇ ਹਨ।—1 ਪਤ. 2:21.

2. ਭਾਵੇਂ ਤੁਸੀਂ ਮਿਸ਼ਨਰੀ ਨਹੀਂ ਹੋ, ਫਿਰ ਵੀ ਤੁਸੀਂ ਕੀ ਕਰ ਸਕਦੇ ਹੋ?

2 ਪਿਛਲੇ ਲੇਖ ਵਿਚ ਅਸੀਂ ਦੇਖਿਆ ਸੀ ਕਿ ਮਿਸ਼ਨਰੀ ਉਹ ਹੁੰਦਾ ਹੈ ਜਿਸ ਨੂੰ ਪ੍ਰਚਾਰ ਕਰਨ ਲਈ ਘੱਲਿਆ ਜਾਂਦਾ ਹੈ ਤੇ ਜੋ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦਾ ਹੈ। ਇਸ ਸੰਬੰਧ ਵਿਚ ਪੌਲੁਸ ਨੇ ਕੁਝ ਦਿਲਚਸਪ ਸਵਾਲ ਪੁੱਛੇ ਸਨ। (ਰੋਮੀਆਂ 10:11-15 ਪੜ੍ਹੋ।) ਮਿਸਾਲ ਲਈ, ਉਸ ਨੇ ਪੁੱਛਿਆ ਕਿ ਲੋਕ “ਪਰਚਾਰਕ ਬਾਝੋਂ ਕਿੱਕੁਰ ਸੁਣਨ?” ਫਿਰ ਉਸ ਨੇ ਯਸਾਯਾਹ ਦੀ ਪੋਥੀ ਤੋਂ ਹਵਾਲਾ ਦਿੱਤਾ: “ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ ਖਬਰੀ ਸੁਣਾਉਂਦੇ ਹਨ ਓਹਨਾਂ ਦੇ ਚਰਨ ਕਿਹੇ ਸੁੰਦਰ ਹਨ!” (ਯਸਾ. 52:7) ਭਾਵੇਂ ਤੁਸੀਂ ਇਕ ਮਿਸ਼ਨਰੀ ਨਹੀਂ ਹੋ ਅਤੇ ਤੁਹਾਨੂੰ ਵਿਦੇਸ਼ ਵਿਚ ਸੇਵਾ ਕਰਨ ਲਈ ਨਹੀਂ ਘੱਲਿਆ ਗਿਆ, ਫਿਰ ਵੀ ਤੁਸੀਂ ਯਿਸੂ ਵਾਂਗ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕਦੇ ਹੋ। ਪਿਛਲੇ ਸਾਲ 69,57,852 ਭੈਣਾਂ-ਭਰਾਵਾਂ ਨੇ 236 ਦੇਸ਼ਾਂ ਵਿਚ ‘ਪਰਚਾਰਕ ਦਾ ਕੰਮ ਕੀਤਾ।’—2 ਤਿਮੋ. 4:5.

“ਅਸੀਂ ਸੱਭੋ ਕੁਝ ਛੱਡ ਕੇ ਤੇਰੇ ਮਗਰ ਹੋ ਤੁਰੇ ਹਾਂ”

3, 4. ਧਰਤੀ ਉੱਤੇ ਆਉਣ ਲਈ ਯਿਸੂ ਨੇ ਸਵਰਗ ਵਿਚ ਕੀ ਕੁਝ ਛੱਡਿਆ ਸੀ ਤੇ ਉਸ ਦੇ ਚੇਲੇ ਬਣਨ ਲਈ ਸਾਨੂੰ ਕੀ ਕਰਨਾ ਪਵੇਗਾ?

3 ਧਰਤੀ ਉੱਤੇ ਸੇਵਕਾਈ ਕਰਨ ਲਈ ਯਿਸੂ ਨੇ ਸਵਰਗ ਵਿਚ ਆਪਣੀ ਉੱਚੀ ਪਦਵੀ ਛੱਡ ਦਿੱਤੀ ਅਤੇ “ਆਪਣੇ ਆਪ ਨੂੰ ਸੱਖਣਾ ਕਰ ਕੇ ਦਾਸ ਦਾ ਰੂਪ ਧਾਰਿਆ।” (ਫ਼ਿਲਿ. 2:7) ਯਿਸੂ ਦੀ ਰੀਸ ਕਰਦਿਆਂ ਅਸੀਂ ਭਾਵੇਂ ਜੋ ਮਰਜ਼ੀ ਕੁਰਬਾਨੀਆਂ ਕਰੀਏ, ਪਰ ਉਨ੍ਹਾਂ ਦੀ ਤੁਲਨਾ ਉਸ ਸਭ ਨਾਲ ਨਹੀਂ ਕੀਤੀ ਜਾ ਸਕਦੀ ਜੋ ਕੁਝ ਯਿਸੂ ਨੇ ਧਰਤੀ ਉੱਤੇ ਆਉਣ ਲਈ ਕੁਰਬਾਨ ਕੀਤਾ। ਫਿਰ ਵੀ ਉਸ ਦੇ ਚੇਲੇ ਹੋਣ ਦੇ ਨਾਤੇ ਸਾਡੀ ਨਿਹਚਾ ਪੱਕੀ ਰਹਿ ਸਕਦੀ ਹੈ ਜੇ ਅਸੀਂ ਉਨ੍ਹਾਂ ਚੀਜ਼ਾਂ ਦੀ ਖ਼ਾਹਸ਼ ਨਾ ਰੱਖੀਏ ਜੋ ਅਸੀਂ ਸ਼ਤਾਨ ਦੀ ਦੁਨੀਆਂ ਵਿਚ ਪਿੱਛੇ ਛੱਡ ਆਏ ਹਾਂ।—1 ਯੂਹੰ. 5:19.

4 ਇਕ ਵਾਰ ਪਤਰਸ ਰਸੂਲ ਨੇ ਯਿਸੂ ਨੂੰ ਕਿਹਾ: “ਵੇਖ ਅਸੀਂ ਸੱਭੋ ਕੁਝ ਛੱਡ ਕੇ ਤੇਰੇ ਮਗਰ ਹੋ ਤੁਰੇ ਹਾਂ।” (ਮੱਤੀ 19:27) ਪਤਰਸ, ਅੰਦ੍ਰਿਯਾਸ, ਯਾਕੂਬ ਅਤੇ ਯੂਹੰਨਾ ਫਟਾਫਟ ਸਾਰਾ ਕੁਝ ਛੱਡ ਕੇ ਯਿਸੂ ਦੇ ਮਗਰ ਹੋ ਤੁਰੇ। ਉਹ ਮੱਛੀਆਂ ਦਾ ਕਾਰੋਬਾਰ ਛੱਡ ਕੇ ਪ੍ਰਚਾਰ ਕਰਨ ਵਿਚ ਰੁੱਝ ਗਏ। ਲੂਕਾ ਦੀ ਇੰਜੀਲ ਮੁਤਾਬਕ ਪਤਰਸ ਨੇ ਕਿਹਾ: “ਵੇਖ ਅਸੀਂ ਆਪਣਾ ਸੱਭੋ ਕੁਝ ਛੱਡ ਕੇ ਤੇਰੇ ਮਗਰ ਹੋ ਤੁਰੇ ਹਾਂ।” (ਲੂਕਾ 18:28) ਯਿਸੂ ਦੇ ਚੇਲੇ ਬਣਨ ਲਈ ਸਾਡੇ ਵਿੱਚੋਂ ਬਹੁਤਿਆਂ ਨੂੰ ‘ਆਪਣਾ ਸੱਭੋ ਕੁਝ’ ਛੱਡਣ ਦੀ ਲੋੜ ਨਹੀਂ ਪਈ। ਪਰ ਯਹੋਵਾਹ ਦੇ ਸੇਵਕ ਬਣਨ ਲਈ ਅਸੀਂ “ਆਪਣੇ ਆਪ ਦਾ ਇਨਕਾਰ” ਤਾਂ ਜ਼ਰੂਰ ਕੀਤਾ ਹੈ। (ਮੱਤੀ 16:24) ਇਹ ਰਾਹ ਚੁਣਨ ਕਰਕੇ ਯਹੋਵਾਹ ਨੇ ਸਾਡੀ ਝੋਲੀ ਬਰਕਤਾਂ ਨਾਲ ਭਰ ਦਿੱਤੀ ਹੈ। (ਮੱਤੀ 19:29 ਪੜ੍ਹੋ।) ਯਿਸੂ ਵਾਂਗ ਜੋਸ਼ ਨਾਲ ਪ੍ਰਚਾਰ ਕਰ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ, ਪਰ ਸਾਡੀ ਖ਼ੁਸ਼ੀ ਉਦੋਂ ਹੋਰ ਵਧ ਜਾਂਦੀ ਹੈ ਜਦੋਂ ਅਸੀਂ ਯਹੋਵਾਹ ਤੇ ਯਿਸੂ ਦੇ ਨਜ਼ਦੀਕ ਹੋਣ ਵਿਚ ਕਿਸੇ ਦੀ ਮਦਦ ਕਰਦੇ ਹਾਂ।

5. ਇਕ ਮਿਸਾਲ ਦੇ ਕੇ ਦੱਸੋ ਕਿ ਵਿਦੇਸ਼ ਗਿਆ ਕੋਈ ਵਿਅਕਤੀ ਸੱਚਾਈ ਸਿੱਖਣ ਤੇ ਸ਼ਾਇਦ ਕੀ ਫ਼ੈਸਲਾ ਕਰੇ।

5 ਸੂਰੀਨਾਮ ਵਿਚ ਰਹਿੰਦਾ ਵਲਮੀਰ ਨਾਂ ਦਾ ਬ੍ਰਾਜ਼ੀਲੀ ਆਦਮੀ ਸੋਨੇ ਦੀ ਖੁਦਾਈ ਦਾ ਕੰਮ ਕਰਦਾ ਸੀ। ਉਹ ਸ਼ਰਾਬੀ ਸੀ ਤੇ ਬਦਚਲਣ ਜ਼ਿੰਦਗੀ ਵੀ ਜੀਉਂਦਾ ਸੀ। ਇਕ ਵਾਰ ਜਦ ਉਹ ਸ਼ਹਿਰ ਵਿਚ ਸੀ, ਤਾਂ ਯਹੋਵਾਹ ਦੇ ਗਵਾਹਾਂ ਨੇ ਉਸ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ। ਉਹ ਹਰ ਰੋਜ਼ ਸਟੱਡੀ ਕਰਨ ਲੱਗ ਪਿਆ ਤੇ ਉਸ ਨੇ ਆਪਣੀ ਜ਼ਿੰਦਗੀ ਵਿਚ ਕਈ ਤਬਦੀਲੀਆਂ ਕੀਤੀਆਂ। ਇਸ ਤੋਂ ਥੋੜ੍ਹੀ ਹੀ ਦੇਰ ਬਾਅਦ ਉਸ ਨੇ ਬਪਤਿਸਮਾ ਲੈ ਲਿਆ। ਜਦ ਉਸ ਨੇ ਦੇਖਿਆ ਕਿ ਉਸ ਦਾ ਕੰਮ ਬਾਈਬਲ ਦੀਆਂ ਸਿੱਖਿਆਵਾਂ ਅਨੁਸਾਰ ਚੱਲਣ ਵਿਚ ਰੁਕਾਵਟ ਬਣ ਰਿਹਾ ਹੈ, ਤਾਂ ਉਹ ਆਪਣਾ ਚੰਗਾ-ਖ਼ਾਸਾ ਕਾਰੋਬਾਰ ਵੇਚ ਕੇ ਬ੍ਰਾਜ਼ੀਲ ਵਾਪਸ ਚਲੇ ਗਿਆ ਤਾਂਕਿ ਉਹ ਬਾਈਬਲ ਦੀ ਅਨਮੋਲ ਸੱਚਾਈ ਸਿੱਖਣ ਵਿਚ ਆਪਣੇ ਪਰਿਵਾਰ ਦੀ ਵੀ ਮਦਦ ਕਰ ਸਕੇ। ਵਿਦੇਸ਼ ਵਿਚ ਸੱਚਾਈ ਸਿੱਖਣ ਵਾਲੇ ਕਈ ਲੋਕ ਆਪਣੀਆਂ ਵਧੀਆ ਨੌਕਰੀਆਂ ਛੱਡ ਕੇ ਆਪਣੇ ਦੇਸ਼ ਵਾਪਸ ਚਲੇ ਜਾਂਦੇ ਹਨ ਤਾਂਕਿ ਉਹ ਆਪਣੇ ਰਿਸ਼ਤੇਦਾਰਾਂ ਤੇ ਹੋਰਨਾਂ ਨੂੰ ਵੀ ਸੱਚਾਈ ਬਾਰੇ ਦੱਸ ਸਕਣ। ਵਾਕਈ ਅਜਿਹਾ ਕਰਨ ਵਾਲੇ ਭੈਣ-ਭਰਾ ਜੋਸ਼ੀਲੇ ਪ੍ਰਚਾਰਕ ਹੋਣ ਦਾ ਸਬੂਤ ਦਿੰਦੇ ਹਨ।

6. ਜੇ ਅਸੀਂ ਅਜਿਹੀ ਜਗ੍ਹਾ ਨਹੀਂ ਜਾ ਸਕਦੇ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ?

6 ਕਈ ਗਵਾਹ ਅਜਿਹੀ ਜਗ੍ਹਾ ਰਹਿਣ ਚਲੇ ਜਾਂਦੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਕਈ ਤਾਂ ਵਿਦੇਸ਼ ਜਾ ਕੇ ਸੇਵਾ ਕਰਦੇ ਹਨ। ਸ਼ਾਇਦ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ, ਪਰ ਅਸੀਂ ਯਿਸੂ ਦੀ ਰੀਸ ਕਰ ਕੇ ਪ੍ਰਚਾਰ ਕਰਨ ਵਿਚ ਆਪਣੀ ਪੂਰੀ ਵਾਹ ਲਾ ਸਕਦੇ ਹਾਂ।

ਯਹੋਵਾਹ ਲੋੜੀਂਦੀ ਸਿਖਲਾਈ ਦਿੰਦਾ ਹੈ

7. ਪ੍ਰਚਾਰ ਕਰਨ ਦੀ ਕਲਾ ਸੁਧਾਰਨ ਲਈ ਕਿਹੜੇ ਸਕੂਲ ਚਲਾਏ ਜਾਂਦੇ ਹਨ?

7 ਠੀਕ ਜਿਵੇਂ ਯਿਸੂ ਨੂੰ ਆਪਣੇ ਪਿਤਾ ਯਹੋਵਾਹ ਤੋਂ ਸਿਖਲਾਈ ਮਿਲੀ ਸੀ, ਉਸੇ ਤਰ੍ਹਾਂ ਅੱਜ ਯਹੋਵਾਹ ਸਾਨੂੰ ਵੀ ਸਿਖਲਾਈ ਦੇ ਰਿਹਾ ਹੈ ਜਿਸ ਤੋਂ ਅਸੀਂ ਲਾਭ ਉਠਾ ਸਕਦੇ ਹਾਂ। ਯਿਸੂ ਨੇ ਕਿਹਾ: “ਨਬੀਆਂ ਦੀਆਂ ਪੋਥੀਆਂ ਵਿੱਚ ਇਹ ਲਿਖਿਆ ਹੋਇਆ ਹੈ ਭਈ ਓਹ ਸੱਭੇ ਪਰਮੇਸ਼ੁਰ ਦੇ ਸਿਖਾਏ ਹੋਏ ਹੋਣਗੇ।” (ਯੂਹੰ. 6:45; ਯਸਾ. 54:13) ਅੱਜ ਕੁਝ ਅਜਿਹੇ ਸਕੂਲ ਚਲਾਏ ਜਾਂਦੇ ਹਨ ਜੋ ਸਾਨੂੰ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਦੀ ਸਿਖਲਾਈ ਦਿੰਦੇ ਹਨ। ਸਾਨੂੰ ਸਾਰਿਆਂ ਨੂੰ ਥੀਓਕ੍ਰੈਟਿਕ ਮਿਨਿਸਟਰੀ ਸਕੂਲ ਤੋਂ ਕੁਝ ਤਾਂ ਲਾਭ ਹੋਇਆ ਹੈ। ਪਾਇਨੀਅਰਾਂ ਨੂੰ ਪਾਇਨੀਅਰ ਸੇਵਾ ਸਕੂਲ ਜਾਣ ਦਾ ਸਨਮਾਨ ਮਿਲਦਾ ਹੈ। ਕਈ ਤਜਰਬੇਕਾਰ ਪਾਇਨੀਅਰਾਂ ਨੂੰ ਦੁਬਾਰਾ ਇਸ ਸਕੂਲ ਵਿਚ ਜਾਣ ਦੀ ਖ਼ੁਸ਼ੀ ਮਿਲੀ ਹੈ। ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨੇ ਕਿੰਗਡਮ ਮਿਨਿਸਟ੍ਰੀ ਸਕੂਲ ਵਿਚ ਹਾਜ਼ਰ ਹੋ ਕੇ ਆਪਣੀ ਸਿੱਖਿਆ ਦੇਣ ਦੀ ਕਲਾ ਨੂੰ ਸੁਧਾਰਿਆ ਹੈ ਅਤੇ ਭੈਣਾਂ-ਭਰਾਵਾਂ ਦੀ ਹੋਰ ਚੰਗੀ ਤਰ੍ਹਾਂ ਮਦਦ ਕਰਨੀ ਸਿੱਖੀ ਹੈ। ਕਈ ਕੁਆਰੇ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨੇ ਮਿਨਿਸਟੀਰੀਅਲ ਟ੍ਰੇਨਿੰਗ ਸਕੂਲ ਵਿਚ ਦਿੱਤੀ ਸਿਖਲਾਈ ਦਾ ਲਾਭ ਉਠਾਇਆ ਹੈ ਤਾਂਕਿ ਉਹ ਪ੍ਰਚਾਰ ਕਰਨ ਵਿਚ ਦੂਸਰਿਆਂ ਦੀ ਵੀ ਮਦਦ ਕਰ ਸਕਣ। ਕਈ ਭੈਣ-ਭਰਾ ਜੋ ਮਿਸ਼ਨਰੀਆਂ ਦੇ ਤੌਰ ਤੇ ਵਿਦੇਸ਼ ਵਿਚ ਸੇਵਾ ਕਰਨ ਗਏ ਹਨ, ਉਨ੍ਹਾਂ ਨੇ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਵਿਚ ਸਿੱਖਿਆ ਹਾਸਲ ਕੀਤੀ ਹੈ।

8. ਕੁਝ ਭਰਾ ਯਹੋਵਾਹ ਵੱਲੋਂ ਮਿਲੀ ਸਿਖਲਾਈ ਦੀ ਕਿੰਨੀ ਕੁ ਕਦਰ ਕਰਦੇ ਹਨ?

8 ਇਨ੍ਹਾਂ ਸਕੂਲਾਂ ਵਿਚ ਹਾਜ਼ਰ ਹੋਣ ਲਈ ਯਹੋਵਾਹ ਦੇ ਕਈ ਗਵਾਹਾਂ ਨੂੰ ਕੁਝ ਤਬਦੀਲੀਆਂ ਵੀ ਕਰਨੀਆਂ ਪਈਆਂ ਹਨ। ਮਿਸਾਲ ਲਈ, ਕੈਨੇਡਾ ਵਿਚ ਮਿਨਿਸਟੀਰੀਅਲ ਟ੍ਰੇਨਿੰਗ ਸਕੂਲ ਜਾਣ ਲਈ ਯੂਗੂ ਨੇ ਆਪਣੀ ਨੌਕਰੀ ਛੱਡ ਦਿੱਤੀ ਕਿਉਂਕਿ ਉਸ ਦਾ ਮਾਲਕ ਉਸ ਨੂੰ ਛੁੱਟੀ ਦੇਣ ਲਈ ਰਾਜ਼ੀ ਨਹੀਂ ਸੀ। ਯੂਗੂ ਨੇ ਕਿਹਾ: “ਮੈਨੂੰ ਇਸ ਫ਼ੈਸਲੇ ਤੇ ਕੋਈ ਪਛਤਾਵਾ ਨਹੀਂ। ਅਸਲ ਵਿਚ ਜੇ ਉਨ੍ਹਾਂ ਨੇ ਮੈਨੂੰ ਛੁੱਟੀ ਦੇ ਵੀ ਦਿੱਤੀ ਹੁੰਦੀ, ਤਾਂ ਸ਼ਾਇਦ ਉਹ ਉਮੀਦ ਰੱਖਦੇ ਕਿ ਮੈਂ ਹਮੇਸ਼ਾ ਲਈ ਉਨ੍ਹਾਂ ਦੀ ਕੰਪਨੀ ਵਿਚ ਕੰਮ ਕਰਦਾ ਰਹਾਂ। ਪਰ ਹੁਣ ਜਿੱਥੇ ਵੀ ਯਹੋਵਾਹ ਮੈਨੂੰ ਘੱਲੇਗਾ, ਮੈਂ ਉੱਥੇ ਜਾ ਕੇ ਸੇਵਾ ਕਰ ਸਕਾਂਗਾ।” ਪਰਮੇਸ਼ੁਰ ਵੱਲੋਂ ਸਿਖਲਾਈ ਹਾਸਲ ਕਰਨ ਲਈ ਕਈਆਂ ਨੇ ਉਨ੍ਹਾਂ ਚੀਜ਼ਾਂ ਨੂੰ ਕੁਰਬਾਨ ਕੀਤਾ ਹੈ ਜੋ ਇਕ ਸਮੇਂ ਉਨ੍ਹਾਂ ਨੂੰ ਬਹੁਤ ਪਿਆਰੀਆਂ ਸਨ।—ਲੂਕਾ 5:28.

9. ਇਕ ਮਿਸਾਲ ਦੇ ਕੇ ਦੱਸੋ ਕਿ ਬਾਈਬਲ ਦੀ ਸਿੱਖਿਆ ਦੇਣ ਵਿਚ ਮਿਹਨਤ ਕਰਨ ਦੇ ਕੀ ਨਤੀਜੇ ਨਿਕਲਦੇ ਹਨ।

9 ਜਦ ਅਸੀਂ ਬਾਈਬਲ ਦੀ ਸਿੱਖਿਆ ਦੇਣ ਵਿਚ ਮਿਹਨਤ ਕਰਦੇ ਹਾਂ, ਤਾਂ ਲੋਕ ਕਾਫ਼ੀ ਤਰੱਕੀ ਕਰ ਸਕਦੇ ਹਨ। (2 ਤਿਮੋ. 3:16, 17) ਗੌਰ ਕਰੋ ਕਿ ਗੁਆਤੇਮਾਲਾ ਵਿਚ ਰਹਿਣ ਵਾਲੇ ਸਾਓਲੋ ਨਾਲ ਕੀ ਹੋਇਆ ਸੀ। ਜਨਮ ਤੋਂ ਹੀ ਉਸ ਦੇ ਦਿਮਾਗ਼ ਵਿਚ ਥੋੜ੍ਹਾ ਕੁ ਨੁਕਸ ਸੀ। ਸਕੂਲ ਵਿਚ ਉਸ ਦੀ ਇਕ ਅਧਿਆਪਕਾ ਨੇ ਉਸ ਦੀ ਮਾਂ ਨੂੰ ਕਿਹਾ ਕਿ ਉਹ ਪੜ੍ਹਨ ਲਈ ਮੁੰਡੇ ਉੱਤੇ ਜ਼ੋਰ ਨਾ ਪਾਵੇ, ਨਹੀਂ ਤਾਂ ਉਹ ਅੱਕ ਕੇ ਨਿਰਾਸ਼ ਹੋ ਜਾਵੇਗਾ। ਇਸ ਲਈ ਜਦ ਸਾਓਲੋ ਨੇ ਸਕੂਲ ਛੱਡਿਆ, ਤਾਂ ਉਸ ਨੂੰ ਕੱਖ ਵੀ ਪੜ੍ਹਨਾ-ਲਿਖਣਾ ਨਹੀਂ ਸੀ ਆਉਂਦਾ। ਪਰ ਇਕ ਭਰਾ ਨੇ ਇਕ ਬਰੋਸ਼ਰ ਵਰਤ ਕੇ ਸਾਓਲੋ ਨੂੰ ਪੜ੍ਹਨਾ ਸਿਖਾਇਆ। ਬਾਅਦ ਵਿਚ ਸਾਓਲੋ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਭਾਸ਼ਣ ਵੀ ਦੇਣ ਲੱਗ ਪਿਆ। ਫਿਰ ਇਕ ਦਿਨ ਘਰ-ਘਰ ਪ੍ਰਚਾਰ ਕਰਦੀ ਹੋਈ ਸਾਓਲੋ ਦੀ ਮਾਂ ਉਸ ਦੀ ਅਧਿਆਪਕਾ ਨੂੰ ਮਿਲੀ। ਇਹ ਸੁਣ ਕੇ ਕਿ ਸਾਓਲੋ ਨੇ ਪੜ੍ਹਨਾ ਸਿੱਖ ਲਿਆ ਸੀ, ਅਧਿਆਪਕਾ ਨੇ ਉਸ ਨੂੰ ਮਿਲਣਾ ਚਾਹਿਆ। ਸੋ ਅਗਲੇ ਹਫ਼ਤੇ ਸਾਓਲੋ ਆਪਣੀ ਮਾਂ ਦੇ ਨਾਲ ਅਧਿਆਪਕਾ ਦੇ ਘਰ ਗਿਆ। ਅਧਿਆਪਕਾ ਨੇ ਉਸ ਨੂੰ ਪੁੱਛਿਆ, “ਅੱਜ ਮੈਨੂੰ ਤੂੰ ਕੀ ਸਿਖਾਵੇਂਗਾ?” ਸਾਓਲੋ ਨੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੁਸਤਕ ਵਿੱਚੋਂ ਉਸ ਨੂੰ ਇਕ ਪੈਰਾ ਪੜ੍ਹ ਕੇ ਸੁਣਾਇਆ। ਇਹ ਸੁਣ ਕੇ ਅਧਿਆਪਕਾ ਨੇ ਕਿਹਾ: “ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਤੂੰ ਹੁਣ ਮੈਨੂੰ ਸਿਖਾ ਰਿਹਾ ਹੈਂ!” ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ ਤੇ ਉਸ ਨੇ ਸਾਓਲੋ ਨੂੰ ਗਲੇ ਲਾ ਲਿਆ।

ਦਿਲ ਛੋਹ ਜਾਣ ਵਾਲੀ ਸਿੱਖਿਆ

10. ਲੋਕਾਂ ਨੂੰ ਸੱਚਾਈ ਸਿਖਾਉਣ ਲਈ ਸਾਡੇ ਕੋਲ ਕਿਹੜੀ ਵਧੀਆ ਕਿਤਾਬ ਹੈ?

10 ਯਿਸੂ ਨੇ ਲੋਕਾਂ ਨੂੰ ਉਹੀ ਕੁਝ ਸਿਖਾਇਆ ਜੋ ਕੁਝ ਯਹੋਵਾਹ ਨੇ ਉਸ ਨੂੰ ਸਿਖਾਇਆ ਸੀ ਅਤੇ ਜੋ ਪਰਮੇਸ਼ੁਰ ਦੇ ਬਚਨ ਵਿਚ ਲਿਖਿਆ ਸੀ। (ਲੂਕਾ 4:16-21; ਯੂਹੰ. 8:28) ਯਿਸੂ ਦੀ ਸਲਾਹ ਅਤੇ ਬਾਈਬਲ ਦੇ ਅਸੂਲਾਂ ਉੱਤੇ ਚੱਲ ਕੇ ਅਸੀਂ ਉਸ ਦੀ ਰੀਸ ਕਰ ਸਕਦੇ ਹਾਂ। ਫਿਰ ਅਸੀਂ ਇੱਕੋ ਜਿਹਾ ਸੋਚਾਂਗੇ ਤੇ ਗੱਲ ਕਰਾਂਗੇ ਜਿਸ ਨਾਲ ਸਾਡੇ ਵਿਚ ਏਕਤਾ ਬਣੀ ਰਹੇਗੀ। (1 ਕੁਰਿੰ. 1:10) ਅਸੀਂ ਕਿੰਨੇ ਧੰਨਵਾਦੀ ਹਾਂ ਕਿ “ਮਾਤਬਰ ਅਤੇ ਬੁੱਧਵਾਨ ਨੌਕਰ” ਸਾਨੂੰ ਬਾਈਬਲ ਤੇ ਆਧਾਰਿਤ ਪ੍ਰਕਾਸ਼ਨ ਦਿੰਦਾ ਹੈ ਜਿਨ੍ਹਾਂ ਦੀ ਮਦਦ ਨਾਲ ਅਸੀਂ ਲੋਕਾਂ ਨੂੰ ਇੱਕੋ ਜਿਹੀਆਂ ਗੱਲਾਂ ਸਿਖਾਉਂਦੇ ਹਾਂ ਅਤੇ ਪ੍ਰਚਾਰ ਦਾ ਕੰਮ ਕਰਦੇ ਹਾਂ। (ਮੱਤੀ 24:45; 28:19, 20) ਇਨ੍ਹਾਂ ਵਿੱਚੋਂ ਇਕ ਕਿਤਾਬ ਹੈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਜੋ 179 ਭਾਸ਼ਾਵਾਂ ਵਿਚ ਹੈ।

11. ਇਕ ਪਾਇਨੀਅਰ ਭੈਣ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਰਤ ਕੇ ਇਕ ਵਿਰੋਧੀ ਦੀ ਮਦਦ ਕਿਵੇਂ ਕਰ ਸਕੀ?

11ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਸਾਡੇ ਵਿਰੋਧੀਆਂ ਦਾ ਵੀ ਮਨ ਬਦਲ ਸਕਦੀ ਹੈ। ਇਥੋਪੀਆ ਵਿਚ ਇਕ ਦਿਨ ਇਕ ਪਾਇਨੀਅਰ ਭੈਣ ਇਕ ਔਰਤ ਨਾਲ ਸਟੱਡੀ ਕਰ ਰਹੀ ਸੀ ਜਦ ਅਚਾਨਕ ਉਸ ਔਰਤ ਦੀ ਇਕ ਰਿਸ਼ਤੇਦਾਰ ਆ ਕੇ ਕਹਿਣ ਲੱਗੀ ਕਿ ਸਟੱਡੀ ਕਰਨ ਦੀ ਕੋਈ ਲੋੜ ਨਹੀਂ। ਸਾਡੀ ਭੈਣ ਨੇ ਉਸ ਰਿਸ਼ਤੇਦਾਰ ਨਾਲ ਗੱਲਬਾਤ ਕੀਤੀ ਤੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ 15ਵੇਂ ਅਧਿਆਇ ਤੋਂ ਜਾਅਲੀ ਨੋਟਾਂ ਦੀ ਮਿਸਾਲ ਵਰਤੀ। ਰਿਸ਼ਤੇਦਾਰ ਸ਼ਾਂਤ ਹੋ ਗਈ ਤੇ ਉਸ ਨੇ ਉਨ੍ਹਾਂ ਨੂੰ ਸਟੱਡੀ ਕਰ ਲੈਣ ਦਿੱਤੀ। ਅਗਲੇ ਹਫ਼ਤੇ ਉਹ ਫਿਰ ਆਈ ਕਿਉਂਕਿ ਉਹ ਵੀ ਸਟੱਡੀ ਕਰਨਾ ਚਾਹੁੰਦੀ ਸੀ। ਉਹ ਸਟੱਡੀ ਕਰਨ ਵਾਸਤੇ ਪੈਸੇ ਵੀ ਦੇਣ ਲਈ ਤਿਆਰ ਸੀ! ਉਸ ਨਾਲ ਸਟੱਡੀ ਸ਼ੁਰੂ ਕੀਤੀ ਗਈ ਤੇ ਉਹ ਹਫ਼ਤੇ ਵਿਚ ਤਿੰਨ ਵਾਰ ਸਟੱਡੀ ਕਰਨ ਲੱਗ ਪਈ। ਉਸ ਨੇ ਕਾਫ਼ੀ ਤਰੱਕੀ ਕੀਤੀ ਹੈ।

12. ਮਿਸਾਲ ਦੇ ਕੇ ਸਮਝਾਓ ਕਿ ਨੌਜਵਾਨ ਹੋਰਨਾਂ ਨੂੰ ਸੱਚਾਈ ਕਿਵੇਂ ਸਿਖਾ ਸਕਦੇ ਹਨ।

12 ਨੌਜਵਾਨ ਵੀ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਰਤ ਕੇ ਦੂਸਰਿਆਂ ਦੀ ਮਦਦ ਕਰ ਸਕਦੇ ਹਨ। ਜਦ ਹਵਾਈ ਟਾਪੂ ਤੇ ਰਹਿਣ ਵਾਲੇ 11-ਸਾਲਾ ਕੀਆਨੂ ਸਕੂਲ ਵਿਚ ਇਹ ਕਿਤਾਬ ਪੜ੍ਹ ਰਿਹਾ ਸੀ, ਤਾਂ ਇਕ ਮੁੰਡੇ ਨੇ ਉਸ ਨੂੰ ਪੁੱਛਿਆ: “ਤੂੰ ਕੋਈ ਤਿਉਹਾਰ ਕਿਉਂ ਨਹੀਂ ਮਨਾਉਂਦਾ?” ਕੀਆਨੂ ਨੇ ਕਿਤਾਬ ਦੇ ਅੰਤ ਵਿਚ ਦਿੱਤੀ ਜਾਣਕਾਰੀ “ਕੀ ਸਾਨੂੰ ਤਿਉਹਾਰ ਮਨਾਉਣੇ ਚਾਹੀਦੇ ਹਨ?” ਪੜ੍ਹ ਕੇ ਮੁੰਡੇ ਦੇ ਸਵਾਲ ਦਾ ਜਵਾਬ ਦਿੱਤਾ। ਫਿਰ ਉਸ ਨੇ ਮੁੰਡੇ ਨੂੰ ਕਿਤਾਬ ਦੇ ਸ਼ੁਰੂ ਵਿਚ ਵਿਸ਼ਿਆਂ ਦੀ ਸੂਚੀ ਦਿਖਾਈ ਤੇ ਪੁੱਛਿਆ ਕਿ ਉਹ ਕਿਸ ਵਿਸ਼ੇ ਬਾਰੇ ਜਾਣਨਾ ਚਾਹੁੰਦਾ ਹੈ। ਇਸ ਤਰ੍ਹਾਂ ਬਾਈਬਲ ਸਟੱਡੀ ਸ਼ੁਰੂ ਕੀਤੀ ਗਈ। ਪਿਛਲੇ ਸੇਵਾ ਸਾਲ ਵਿਚ ਯਹੋਵਾਹ ਦੇ ਗਵਾਹਾਂ ਨੇ 65,61,426 ਬਾਈਬਲ ਸਟੱਡੀਆਂ ਕਰਾਈਆਂ ਤੇ ਇਨ੍ਹਾਂ ਵਿੱਚੋਂ ਕਈਆਂ ਨੂੰ ਸਿਖਾਉਣ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਰਤੀ ਗਈ। ਸੱਚਾਈ ਸਿਖਾਉਣ ਲਈ ਕੀ ਤੁਸੀਂ ਇਹ ਕਿਤਾਬ ਵਰਤ ਰਹੇ ਹੋ?

13. ਲੋਕਾਂ ਉੱਤੇ ਬਾਈਬਲ ਸਟੱਡੀ ਦਾ ਡੂੰਘਾ ਅਸਰ ਕਿਵੇਂ ਪੈ ਸਕਦਾ ਹੈ?

13ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੀ ਮਦਦ ਨਾਲ ਬਾਈਬਲ ਸਟੱਡੀ ਕਰਨ ਨਾਲ ਉਨ੍ਹਾਂ ਲੋਕਾਂ ਉੱਤੇ ਚੰਗਾ ਅਸਰ ਪੈ ਸਕਦਾ ਹੈ ਜੋ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਚਾਹੁੰਦੇ ਹਨ। ਨਾਰਵੇ ਵਿਚ ਸਪੈਸ਼ਲ ਪਾਇਨੀਅਰੀ ਕਰ ਰਹੇ ਪਤੀ-ਪਤਨੀ ਨੇ ਜ਼ੈਂਬੀਆ ਤੋਂ ਆਏ ਇਕ ਪਰਿਵਾਰ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ। ਜ਼ੈਂਬੀਆ ਤੋਂ ਆਏ ਇਸ ਪਤੀ-ਪਤਨੀ ਦੀਆਂ ਤਿੰਨ ਕੁੜੀਆਂ ਸਨ ਤੇ ਉਹ ਹੋਰ ਬੱਚਾ ਪੈਦਾ ਨਹੀਂ ਕਰਨਾ ਚਾਹੁੰਦੇ ਸਨ। ਇਸ ਲਈ ਜਦ ਤੀਵੀਂ ਗਰਭਵਤੀ ਹੋਈ, ਤਾਂ ਉਨ੍ਹਾਂ ਨੇ ਗਰਭਪਾਤ ਕਰਾਉਣ ਦਾ ਫ਼ੈਸਲਾ ਕੀਤਾ। ਇਸ ਬਾਰੇ ਡਾਕਟਰ ਨਾਲ ਗੱਲ ਕਰਨ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਨੇ “ਜ਼ਿੰਦਗੀ ਨੂੰ ਪਰਮੇਸ਼ੁਰ ਦੇ ਨਜ਼ਰੀਏ ਤੋਂ ਦੇਖੋ” ਨਾਂ ਦਾ ਅਧਿਆਇ ਸਟੱਡੀ ਕੀਤਾ। ਇਸ ਅਧਿਆਇ ਵਿਚ ਅਣਜੰਮੇ ਬੱਚੇ ਦੀ ਤਸਵੀਰ ਦੇਖ ਕੇ ਉਨ੍ਹਾਂ ਤੇ ਇੰਨਾ ਡੂੰਘਾ ਅਸਰ ਪਿਆ ਕਿ ਉਨ੍ਹਾਂ ਨੇ ਗਰਭਪਾਤ ਨਾ ਕਰਨ ਦਾ ਫ਼ੈਸਲਾ ਕੀਤਾ। ਉਹ ਸੱਚਾਈ ਵਿਚ ਅੱਗੇ ਵਧਦੇ ਗਏ ਤੇ ਆਪਣੇ ਮੁੰਡੇ ਦਾ ਨਾਂ ਉਹੀ ਰੱਖਿਆ ਜੋ ਉਨ੍ਹਾਂ ਨਾਲ ਸਟੱਡੀ ਕਰ ਰਹੇ ਭਰਾ ਦਾ ਨਾਂ ਸੀ।

14. ਮਿਸਾਲ ਦੇ ਕੇ ਦੱਸੋ ਕਿ ਬਾਈਬਲ ਦੀ ਸਿੱਖਿਆ ਅਨੁਸਾਰ ਚੱਲਣ ਦੇ ਕਿਹੜੇ ਚੰਗੇ ਨਤੀਜੇ ਨਿਕਲ ਸਕਦੇ ਹਨ।

14 ਯਿਸੂ ਦੀ ਇਕ ਖੂਬੀ ਇਹ ਸੀ ਕਿ ਉਹ ਜੋ ਕੁਝ ਵੀ ਸਿਖਾਉਂਦਾ ਸੀ, ਉਸ ਦੇ ਅਨੁਸਾਰ ਚੱਲਦਾ ਵੀ ਸੀ। ਯਹੋਵਾਹ ਦੇ ਗਵਾਹ ਯਿਸੂ ਦੀ ਰੀਸ ਕਰਦੇ ਹਨ ਜਿਸ ਕਰਕੇ ਕਈ ਲੋਕ ਉਨ੍ਹਾਂ ਦਾ ਚੰਗਾ ਚਾਲ-ਚਲਣ ਦੇਖ ਕੇ ਪ੍ਰਭਾਵਿਤ ਹੋਏ ਹਨ। ਮਿਸਾਲ ਲਈ, ਨਿਊਜ਼ੀਲੈਂਡ ਵਿਚ ਇਕ ਬਿਜ਼ਨਿਸਮੈਨ ਦੀ ਕਾਰ ਵਿੱਚੋਂ ਉਸ ਦਾ ਬ੍ਰੀਫ-ਕੇਸ ਚੋਰੀ ਹੋ ਗਿਆ। ਜਦ ਉਸ ਨੇ ਪੁਲਸ ਥਾਣੇ ਰਿਪੋਰਟ ਲਿਖਵਾਈ, ਤਾਂ ਪੁਲਸ ਵਾਲੇ ਨੇ ਉਸ ਨੂੰ ਕਿਹਾ: “ਤੁਹਾਡਾ ਬ੍ਰੀਫ-ਕੇਸ ਤੁਹਾਨੂੰ ਤਾਂ ਹੀ ਵਾਪਸ ਮਿਲ ਸਕਦਾ ਹੈ ਜੇ ਯਹੋਵਾਹ ਦੇ ਇਕ ਗਵਾਹ ਨੂੰ ਇਹ ਕਿਤਿਓਂ ਲੱਭ ਜਾਵੇ।” ਘਰ-ਘਰ ਅਖ਼ਬਾਰਾਂ ਵੰਡ ਰਹੀ ਸਾਡੀ ਇਕ ਭੈਣ ਨੂੰ ਉਸ ਬੰਦੇ ਦਾ ਬ੍ਰੀਫ-ਕੇਸ ਲੱਭ ਗਿਆ। ਪੁਲਸ ਨੇ ਬੰਦੇ ਨੂੰ ਇਸ ਦੀ ਖ਼ਬਰ ਦਿੱਤੀ ਤੇ ਉਹ ਬੰਦਾ ਸਾਡੀ ਭੈਣ ਦੇ ਘਰ ਗਿਆ। ਜਦ ਉਸ ਨੇ ਦੇਖਿਆ ਕਿ ਇਕ ਜ਼ਰੂਰੀ ਕਾਗਜ਼ ਬ੍ਰੀਫ-ਕੇਸ ਦੇ ਵਿਚ ਹੀ ਸੀ, ਤਾਂ ਉਸ ਨੇ ਸੁਖ ਦਾ ਸਾਹ ਲਿਆ। ਭੈਣ ਨੇ ਉਸ ਨੂੰ ਕਿਹਾ: “ਇਹ ਤਾਂ ਮੇਰਾ ਫ਼ਰਜ਼ ਸੀ ਕਿ ਮੈਂ ਤੁਹਾਡਾ ਸਾਮਾਨ ਵਾਪਸ ਕਰਾਂ ਕਿਉਂਕਿ ਮੈਂ ਯਹੋਵਾਹ ਦੀ ਗਵਾਹ ਹਾਂ।” ਇਹ ਸੁਣ ਕੇ ਬਿਜ਼ਨਿਸਮੈਨ ਨੂੰ ਪੁਲਸ ਵਾਲੇ ਦੇ ਸ਼ਬਦ ਯਾਦ ਆਏ ਤੇ ਉਹ ਹੱਕਾ-ਬੱਕਾ ਰਹਿ ਗਿਆ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਗਵਾਹ ਯਿਸੂ ਦੀ ਰੀਸ ਕਰਦੇ ਹਨ ਤੇ ਬਾਈਬਲ ਦੀ ਸਲਾਹ ਉੱਤੇ ਚੱਲਦੇ ਹਨ।—ਇਬ. 13:18.

ਲੋਕਾਂ ਬਾਰੇ ਯਿਸੂ ਵਰਗਾ ਨਜ਼ਰੀਆ ਰੱਖੋ

15, 16. ਅਸੀਂ ਲੋਕਾਂ ਨੂੰ ਬਾਈਬਲ ਦੇ ਸੰਦੇਸ਼ ਵੱਲ ਕਿਵੇਂ ਖਿੱਚ ਸਕਦੇ ਹਾਂ?

15 ਯਿਸੂ ਲੋਕਾਂ ਬਾਰੇ ਚੰਗਾ ਨਜ਼ਰੀਆ ਰੱਖਦਾ ਸੀ ਜਿਸ ਕਰਕੇ ਲੋਕ ਉਸ ਦਾ ਸੰਦੇਸ਼ ਸੁਣਨ ਲਈ ਉਸ ਵੱਲ ਖਿੱਚੇ ਜਾਂਦੇ ਸਨ। ਮਿਸਾਲ ਲਈ, ਉਸ ਦੇ ਪਿਆਰ ਤੇ ਨਿਮਰਤਾ ਨੇ ਲੋਕਾਂ ਦੇ ਦਿਲ ਜਿੱਤ ਲਏ। ਉਸ ਨੇ ਲੋਕਾਂ ਉੱਤੇ ਦਇਆ ਕੀਤੀ ਤੇ ਆਪਣੇ ਸ਼ਬਦਾਂ ਰਾਹੀਂ ਉਨ੍ਹਾਂ ਨੂੰ ਦਿਲਾਸਾ ਦਿੱਤਾ। ਉਸ ਨੇ ਕਈਆਂ ਦੇ ਰੋਗ ਵੀ ਠੀਕ ਕੀਤੇ। (ਮਰਕੁਸ 2:1-5 ਪੜ੍ਹੋ।) ਅਸੀਂ ਯਿਸੂ ਵਾਂਗ ਚਮਤਕਾਰ ਤਾਂ ਨਹੀਂ ਕਰ ਸਕਦੇ, ਪਰ ਅਸੀਂ ਲੋਕਾਂ ਨਾਲ ਪਿਆਰ ਤੇ ਨਿਮਰਤਾ ਨਾਲ ਜ਼ਰੂਰ ਪੇਸ਼ ਆ ਸਕਦੇ ਹਾਂ ਤੇ ਉਨ੍ਹਾਂ ਉੱਤੇ ਦਇਆ ਕਰ ਸਕਦੇ ਹਾਂ। ਇਹੋ ਜਿਹੇ ਗੁਣ ਲੋਕਾਂ ਨੂੰ ਸੱਚਾਈ ਵੱਲ ਖਿੱਚ ਸਕਦੇ ਹਨ।

16 ਬੀਰੇ ਨਾਂ ਦਾ ਬਿਰਧ ਆਦਮੀ ਦੱਖਣੀ ਸ਼ਾਂਤ ਮਹਾਂਸਾਗਰ ਦੇ ਇਕ ਦੂਰ-ਦੁਰੇਡੇ ਟਾਪੂ ਤੇ ਰਹਿੰਦਾ ਹੈ। ਸਾਡੀ ਇਕ ਸਪੈਸ਼ਲ ਪਾਇਨੀਅਰ ਭੈਣ ਉਸ ਦੇ ਘਰ ਪ੍ਰਚਾਰ ਕਰਨ ਗਈ। ਭਾਵੇਂ ਬੀਰੇ ਉਸ ਦੀ ਗੱਲ ਨਹੀਂ ਸੀ ਸੁਣਨੀ ਚਾਹੁੰਦਾ, ਪਰ ਸਾਡੀ ਭੈਣ ਨੂੰ ਉਸ ਉੱਤੇ ਦਇਆ ਆਈ ਜਦ ਉਸ ਨੇ ਦੇਖਿਆ ਕਿ ਉਹ ਲੰਗੜਾ ਸੀ। ਉਸ ਨੇ ਪੁੱਛਿਆ: “ਕੀ ਤੁਹਾਨੂੰ ਪਤਾ ਹੈ ਕਿ ਪਰਮੇਸ਼ੁਰ ਬੀਮਾਰ ਤੇ ਬਿਰਧ ਲੋਕਾਂ ਲਈ ਕੀ ਕਰਨ ਦਾ ਵਾਅਦਾ ਕਰਦਾ ਹੈ?” ਫਿਰ ਉਸ ਨੇ ਯਸਾਯਾਹ ਦੀ ਪੋਥੀ ਤੋਂ ਹਵਾਲੇ ਪੜ੍ਹੇ। (ਯਸਾਯਾਹ 35:5, 6 ਪੜ੍ਹੋ।) ਇਸ ਆਦਮੀ ਨੇ ਹੈਰਾਨ ਹੋ ਕੇ ਕਿਹਾ: “ਮੈਂ ਕਈ ਸਾਲਾਂ ਤੋਂ ਬਾਈਬਲ ਪੜ੍ਹਦਾ ਆਇਆ ਹਾਂ ਤੇ ਮੇਰੇ ਚਰਚ ਤੋਂ ਇਕ ਮਿਸ਼ਨਰੀ ਵੀ ਮੈਨੂੰ ਮਿਲਣ ਆਉਂਦਾ ਹੈ, ਪਰ ਮੈਂ ਇਹ ਗੱਲ ਬਾਈਬਲ ਵਿਚ ਪਹਿਲਾਂ ਕਦੀ ਨਹੀਂ ਦੇਖੀ।” ਬੀਰੇ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ ਗਈ ਤੇ ਉਸ ਨੇ ਕਾਫ਼ੀ ਤਰੱਕੀ ਕਰ ਕੇ ਬਪਤਿਸਮਾ ਲੈ ਲਿਆ। ਭਾਵੇਂ ਉਹ ਲੰਗੜਾ ਹੈ, ਪਰ ਉਹ ਇਕ ਛੋਟੇ ਜਿਹੇ ਸਮੂਹ ਦੀ ਅਗਵਾਈ ਕਰਦਾ ਹੈ ਤੇ ਉਸ ਨੂੰ ਟਾਪੂ ਤੇ ਪ੍ਰਚਾਰ ਕਰਦਾ ਹੋਇਆ ਤੁਰਦਾ-ਫਿਰਦਾ ਦੇਖਿਆ ਜਾ ਸਕਦਾ ਹੈ।

ਯਿਸੂ ਮਸੀਹ ਦੀ ਰੀਸ ਕਰਦੇ ਰਹੋ

17, 18. (ੳ) ਤੁਸੀਂ ਵਧੀਆ ਪ੍ਰਚਾਰਕ ਕਿਵੇਂ ਬਣ ਸਕਦੇ ਹੋ? (ਅ) ਉਨ੍ਹਾਂ ਨੂੰ ਕੀ ਮਿਲੇਗਾ ਜੋ ਤਨ-ਮਨ ਲਾ ਕੇ ਪ੍ਰਚਾਰ ਦਾ ਕੰਮ ਕਰਦੇ ਹਨ?

17 ਪ੍ਰਚਾਰ ਦੇ ਕੰਮ ਵਿਚ ਅਜਿਹੇ ਵਧੀਆ ਤਜਰਬਿਆਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਪ੍ਰਚਾਰਕਾਂ ਵਜੋਂ ਸਫ਼ਲਤਾ ਪ੍ਰਾਪਤ ਕਰ ਸਕਦੇ ਹਾਂ ਜੇ ਅਸੀਂ ਯਿਸੂ ਦੀ ਰੀਸ ਕਰ ਕੇ ਉਸ ਵਰਗੇ ਗੁਣ ਪੈਦਾ ਕਰੀਏ। ਤਾਂ ਫਿਰ ਕਿੰਨਾ ਜ਼ਰੂਰੀ ਹੈ ਕਿ ਅਸੀਂ ਜੋਸ਼ੀਲੇ ਪ੍ਰਚਾਰਕਾਂ ਵਜੋਂ ਯਿਸੂ ਦੀ ਰੀਸ ਕਰੀਏ।

18 ਪਹਿਲੀ ਸਦੀ ਵਿਚ ਜਦ ਕੁਝ ਲੋਕ ਯਿਸੂ ਦੇ ਚੇਲੇ ਬਣੇ ਸਨ, ਤਾਂ ਪਤਰਸ ਨੇ ਪੁੱਛਿਆ: “ਅਸੀਂ ਸੱਭੋ ਕੁਝ ਛੱਡ ਕੇ ਤੇਰੇ ਮਗਰ ਹੋ ਤੁਰੇ ਹਾਂ, ਫੇਰ ਸਾਨੂੰ ਕੀ ਲੱਭੂ?” ਯਿਸੂ ਨੇ ਜਵਾਬ ਦਿੱਤਾ: “ਹਰ ਕੋਈ ਜਿਹ ਨੇ ਘਰਾਂ ਯਾ ਭਾਈਆਂ ਯਾ ਭੈਣਾਂ ਯਾ ਪਿਉ ਯਾ ਮਾਂ ਯਾ ਬਾਲ ਬੱਚਿਆਂ ਯਾ ਜਮੀਨ ਨੂੰ ਮੇਰੇ ਨਾਮ ਦੇ ਕਾਰਨ ਛੱਡਿਆ ਹੈ ਉਹ ਸੌ ਗੁਣਾ ਪਾਵੇਗਾ ਅਤੇ ਸਦੀਪਕ ਜੀਉਣ ਦਾ ਵਾਰਸ ਹੋਵੇਗਾ।” (ਮੱਤੀ 19:27-29) ਜੇ ਅਸੀਂ ਸਭ ਤੋਂ ਮਹਾਨ ਮਿਸ਼ਨਰੀ ਯਿਸੂ ਮਸੀਹ ਦੀ ਰੀਸ ਕਰਦੇ ਰਹੀਏ, ਤਾਂ ਸਾਨੂੰ ਹੁਣ ਅਤੇ ਭਵਿੱਖ ਵਿਚ ਵੀ ਬਰਕਤਾਂ ਮਿਲਣਗੀਆਂ।

ਤੁਸੀਂ ਕੀ ਜਵਾਬ ਦਿਓਗੇ?

• ਯਹੋਵਾਹ ਸਾਨੂੰ ਪ੍ਰਚਾਰਕ ਬਣਨ ਦੀ ਸਿਖਲਾਈ ਕਿਵੇਂ ਦਿੰਦਾ ਹੈ?

• ਲੋਕਾਂ ਨੂੰ ਸਿਖਾਉਣ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਇੰਨੀ ਵਧੀਆ ਕਿਉਂ ਹੈ?

• ਅਸੀਂ ਲੋਕਾਂ ਪ੍ਰਤੀ ਯਿਸੂ ਵਰਗਾ ਨਜ਼ਰੀਆ ਕਿਵੇਂ ਰੱਖ ਸਕਦੇ ਹਾਂ?

[ਸਵਾਲ]

[ਸਫ਼ਾ 17 ਉੱਤੇ ਤਸਵੀਰ]

ਜਦ ਯਿਸੂ ਨੇ ਪਤਰਸ, ਅੰਦ੍ਰਿਯਾਸ, ਯਾਕੂਬ ਅਤੇ ਯੂਹੰਨਾ ਨੂੰ ਉਸ ਦੇ ਮਗਰ ਆਉਣ ਦਾ ਸੱਦਾ ਦਿੱਤਾ, ਤਾਂ ਉਹ ਫਟਾਫਟ ਉਸ ਦੇ ਮਗਰ ਤੁਰ ਪਏ

[ਸਫ਼ਾ 19 ਉੱਤੇ ਤਸਵੀਰ]

ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?” ਕਿਤਾਬ ਵਰਗੇ ਪ੍ਰਕਾਸ਼ਨਾਂ ਦੀ ਮਦਦ ਨਾਲ ਅਸੀਂ ਲੋਕਾਂ ਨੂੰ ਇੱਕੋ ਜਿਹੀਆਂ ਗੱਲਾਂ ਸਿਖਾਉਂਦੇ ਹਾਂ