Skip to content

Skip to table of contents

ਸਭ ਤੋਂ ਮਹਾਨ ਮਿਸ਼ਨਰੀ ਯਿਸੂ ਮਸੀਹ

ਸਭ ਤੋਂ ਮਹਾਨ ਮਿਸ਼ਨਰੀ ਯਿਸੂ ਮਸੀਹ

ਸਭ ਤੋਂ ਮਹਾਨ ਮਿਸ਼ਨਰੀ ਯਿਸੂ ਮਸੀਹ

“ਮੈਂ ਉਹ ਦੀ ਵੱਲੋਂ ਹਾਂ ਅਤੇ ਉਹ ਨੇ ਮੈਨੂੰ ਘੱਲਿਆ।”—ਯੂਹੰ. 7:29.

1, 2. ਮਿਸ਼ਨਰੀ ਕਿਸ ਨੂੰ ਕਹਿੰਦੇ ਹਨ ਤੇ ਸਭ ਤੋਂ ਮਹਾਨ ਮਿਸ਼ਨਰੀ ਕੌਣ ਸੀ?

ਮਿਸ਼ਨਰੀ ਸ਼ਬਦ ਸੁਣ ਕੇ ਤੁਹਾਡੇ ਮਨ ਵਿਚ ਕੀ ਆਉਂਦਾ ਹੈ? ਕਈ ਲੋਕ ਈਸਾਈ-ਜਗਤ ਦੇ ਮਿਸ਼ਨਰੀਆਂ ਬਾਰੇ ਸੋਚਦੇ ਹਨ ਜੋ ਦੂਸਰੇ ਦੇਸ਼ਾਂ ਵਿਚ ਜਾ ਕੇ ਸੇਵਾ ਕਰਦੇ ਹਨ ਤੇ ਉਨ੍ਹਾਂ ਵਿੱਚੋਂ ਕਈ ਉਨ੍ਹਾਂ ਦੇਸ਼ਾਂ ਦੇ ਸਿਆਸੀ ਤੇ ਆਰਥਿਕ ਮਾਮਲਿਆਂ ਵਿਚ ਟੰਗ ਅੜਾਉਂਦੇ ਹਨ। ਪਰ ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਉਨ੍ਹਾਂ ਮਿਸ਼ਨਰੀਆਂ ਬਾਰੇ ਸੋਚਾਂਗੇ ਜਿਨ੍ਹਾਂ ਨੂੰ ਪ੍ਰਬੰਧਕ ਸਭਾ ਵੱਖੋ-ਵੱਖਰੇ ਦੇਸ਼ਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਭੇਜਦੀ ਹੈ। (ਮੱਤੀ 24:14) ਇਹ ਮਿਸ਼ਨਰੀ ਤਨ-ਮਨ ਲਾ ਕੇ ਦੂਸਰਿਆਂ ਦੀ ਮਦਦ ਕਰਦੇ ਹਨ ਤਾਂਕਿ ਉਹ ਯਹੋਵਾਹ ਦੇ ਨੇੜੇ ਜਾ ਸਕਣ ਤੇ ਉਸ ਨਾਲ ਦੋਸਤੀ ਕਰ ਸਕਣ।—ਯਾਕੂ. 4:8.

2 ਇਹ ਸੱਚ ਹੈ ਕਿ “ਮਿਸ਼ਨਰੀ” ਜਾਂ “ਮਿਸ਼ਨਰੀਆਂ” ਸ਼ਬਦ ਪੰਜਾਬੀ ਦੀ ਪਵਿੱਤਰ ਬਾਈਬਲ ਵਿਚ ਨਹੀਂ ਪਾਏ ਜਾਂਦੇ। ਪਰ ਅਫ਼ਸੀਆਂ 4:11 ਵਿਚ ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਪਰਚਾਰਕ” ਕੀਤਾ ਗਿਆ ਹੈ, ਉਸ ਦਾ ਤਰਜਮਾ “ਮਿਸ਼ਨਰੀ” ਵੀ ਕੀਤਾ ਜਾ ਸਕਦਾ ਹੈ। ਯਹੋਵਾਹ ਨੂੰ ਖ਼ੁਸ਼ ਖ਼ਬਰੀ ਦੇਣ ਵਾਲਾ ਤਾਂ ਕਿਹਾ ਜਾ ਸਕਦਾ ਹੈ, ਪਰ ਉਸ ਨੂੰ ਮਿਸ਼ਨਰੀ ਨਹੀਂ ਕਿਹਾ ਜਾ ਸਕਦਾ। ਕਿਉਂ? ਕਿਉਂਕਿ ਮਿਸ਼ਨਰੀ ਉਹ ਹੁੰਦਾ ਹੈ ਜਿਸ ਨੂੰ ਕਿਸੇ ਵੱਲੋਂ ਪ੍ਰਚਾਰ ਕਰਨ ਲਈ ਘੱਲਿਆ ਜਾਂਦਾ ਹੈ। ਪਰ ਯਹੋਵਾਹ ਕਿਸੇ ਵੱਲੋਂ ਨਹੀਂ ਘੱਲਿਆ ਗਿਆ। ਯਿਸੂ ਮਸੀਹ ਨੇ ਆਪਣੇ ਪਿਤਾ ਯਹੋਵਾਹ ਬਾਰੇ ਕਿਹਾ ਸੀ: “ਮੈਂ ਉਹ ਦੀ ਵੱਲੋਂ ਹਾਂ ਅਤੇ ਉਹ ਨੇ ਮੈਨੂੰ ਘੱਲਿਆ।” (ਯੂਹੰ. 7:29) ਮਨੁੱਖਜਾਤੀ ਨਾਲ ਪਿਆਰ ਹੋਣ ਕਰਕੇ ਯਹੋਵਾਹ ਨੇ ਆਪਣੇ ਇਕਲੌਤੇ ਪੁੱਤਰ ਨੂੰ ਧਰਤੀ ਉੱਤੇ ਘੱਲਿਆ ਸੀ। (ਯੂਹੰ. 3:16) ਯਿਸੂ ਨੂੰ ਸਭ ਤੋਂ ਮਹਾਨ ਮਿਸ਼ਨਰੀ ਇਸ ਲਈ ਕਿਹਾ ਜਾ ਸਕਦਾ ਹੈ ਕਿਉਂਕਿ ਧਰਤੀ ਉੱਤੇ ਆ ਕੇ ਉਸ ਨੇ “ਸਚਿਆਈ ਉੱਤੇ ਸਾਖੀ” ਦਿੱਤੀ। (ਯੂਹੰ. 18:37) ਉਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਵਿਚ ਕਾਮਯਾਬ ਹੋਇਆ ਤੇ ਉਸ ਦੀ ਸੇਵਕਾਈ ਤੋਂ ਅੱਜ ਅਸੀਂ ਵੀ ਲਾਭ ਉਠਾ ਸਕਦੇ ਹਾਂ। ਕਿਸ ਤਰ੍ਹਾਂ? ਚਾਹੇ ਅਸੀਂ ਮਿਸ਼ਨਰੀ ਹੋਈਏ ਜਾਂ ਨਾ, ਪਰ ਅਸੀਂ ਸਾਰੇ ਯਿਸੂ ਦੇ ਸਿੱਖਿਆ ਦੇਣ ਦੇ ਤਰੀਕਿਆਂ ਨੂੰ ਅਪਣਾ ਕੇ ਪ੍ਰਚਾਰ ਦਾ ਕੰਮ ਕਰ ਸਕਦੇ ਹਾਂ।

3. ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?

3 ਪਰਮੇਸ਼ੁਰ ਦੇ ਰਾਜ ਦੇ ਪ੍ਰਚਾਰਕ ਵਜੋਂ ਯਿਸੂ ਨੇ ਜੋ ਕੁਝ ਕੀਤਾ, ਉਸ ਸੰਬੰਧੀ ਇਹ ਸਵਾਲ ਪੁੱਛੇ ਜਾ ਸਕਦੇ ਹਨ: ਯਿਸੂ ਨੂੰ ਧਰਤੀ ਤੇ ਆ ਕੇ ਕਿਹੋ ਜਿਹੀਆਂ ਤਬਦੀਲੀਆਂ ਕਰਨੀਆਂ ਪਈਆਂ? ਉਸ ਦੀ ਸਿੱਖਿਆ ਇੰਨੀ ਵਧੀਆ ਕਿਉਂ ਸੀ? ਉਸ ਨੇ ਆਪਣੀ ਸੇਵਕਾਈ ਵਿਚ ਇੰਨੀ ਸਫ਼ਲਤਾ ਕਿਵੇਂ ਪ੍ਰਾਪਤ ਕੀਤੀ?

ਨਵੇਂ ਮਾਹੌਲ ਵਿਚ ਪ੍ਰਚਾਰ ਕਰਨ ਲਈ ਤਿਆਰ-ਬਰ-ਤਿਆਰ

4-6. ਧਰਤੀ ਉੱਤੇ ਆ ਕੇ ਯਿਸੂ ਨੇ ਕਿਹੋ ਜਿਹੀਆਂ ਤਬਦੀਲੀਆਂ ਕੀਤੀਆਂ ਸਨ?

4 ਅੱਜ ਜਿਹੜੇ ਮਿਸ਼ਨਰੀ ਅਤੇ ਕੁਝ ਮਸੀਹੀ ਅਜਿਹੇ ਥਾਵਾਂ ਤੇ ਪ੍ਰਚਾਰ ਕਰਨ ਜਾਂਦੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਉੱਥੇ ਉਨ੍ਹਾਂ ਨੂੰ ਸ਼ਾਇਦ ਉਹ ਸੁਖ-ਸਹੂਲਤਾਂ ਨਾ ਮਿਲਣ ਜੋ ਉਨ੍ਹਾਂ ਨੂੰ ਆਪਣੇ ਦੇਸ਼ ਵਿਚ ਮਿਲਦੀਆਂ ਸਨ। ਪਰ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਧਰਤੀ ਉੱਤੇ ਯਿਸੂ ਦਾ ਰਹਿਣ-ਸਹਿਣ ਉਸ ਦੇ ਸਵਰਗੀ ਜੀਵਨ ਤੋਂ ਕਿੰਨਾ ਵੱਖਰਾ ਸੀ! ਉੱਥੇ ਉਹ ਹੋਰਨਾਂ ਮੁਕੰਮਲ ਫ਼ਰਿਸ਼ਤਿਆਂ ਨਾਲ ਆਪਣੇ ਪਿਤਾ ਯਹੋਵਾਹ ਨਾਲ ਰਹਿੰਦਾ ਸੀ ਤੇ ਉਨ੍ਹਾਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਦਾ ਸੀ। (ਅੱਯੂ. 38:7) ਪਰ ਇਸ ਦੁਸ਼ਟ ਦੁਨੀਆਂ ਵਿਚ ਆ ਕੇ ਪਾਪੀ ਇਨਸਾਨਾਂ ਵਿਚਕਾਰ ਰਹਿਣਾ ਉਸ ਲਈ ਨਵੀਂ ਗੱਲ ਸੀ! (ਮਰ. 7:20-23) ਉਸ ਨੂੰ ਤਾਂ ਆਪਣੇ ਚੇਲਿਆਂ ਦੇ ਆਪਸ ਵਿਚ ਹੁੰਦੇ ਝਗੜਿਆਂ ਨੂੰ ਵੀ ਬਰਦਾਸ਼ਤ ਕਰਨਾ ਪਿਆ। (ਲੂਕਾ 20:46; 22:24) ਪਰ ਸਾਨੂੰ ਪਤਾ ਹੈ ਕਿ ਯਿਸੂ ਨੇ ਹਰ ਹਾਲ ਵਿਚ ਹਮੇਸ਼ਾ ਉਹੀ ਕੀਤਾ ਜੋ ਸਹੀ ਸੀ।

5 ਯਿਸੂ ਨੂੰ ਚਮਤਕਾਰੀ ਢੰਗ ਨਾਲ ਮਨੁੱਖੀ ਭਾਸ਼ਾ ਬੋਲਣੀ ਨਹੀਂ ਆਈ ਸੀ, ਸਗੋਂ ਉਸ ਨੂੰ ਬਚਪਨ ਤੋਂ ਭਾਸ਼ਾ ਸਿੱਖਣੀ ਪਈ ਸੀ। ਉਸ ਨੇ ਘੱਟੋ-ਘੱਟ ‘ਮਨੁੱਖਾਂ ਦੀ ਇਕ ਬੋਲੀ’ ਸਿੱਖੀ, ਪਰ ਇਹ “ਦੂਤਾਂ ਦੀਆਂ ਬੋਲੀਆਂ” ਤੋਂ ਬਿਲਕੁਲ ਵੱਖਰੀ ਸੀ ਜਿਨ੍ਹਾਂ ਵਿਚ ਉਹ ਦੂਤਾਂ ਨੂੰ ਹੁਕਮ ਦਿੰਦਾ ਸੀ। (1 ਕੁਰਿੰ. 13:1) ਪਰ ਅੱਜ ਤਕ ਅਜਿਹਾ ਕੋਈ ਹੋਰ ਇਨਸਾਨ ਪੈਦਾ ਨਹੀਂ ਹੋਇਆ ਜਿਸ ਨੇ ਯਿਸੂ ਵਾਂਗ ਆਪਣੇ ਸ਼ਬਦਾਂ ਰਾਹੀਂ ਲੋਕਾਂ ਦੇ ਦਿਲ ਜਿੱਤੇ ਹੋਣ।—ਲੂਕਾ 4:22.

6 ਆਓ ਹੋਰ ਗੱਲਾਂ ਤੇ ਵੀ ਗੌਰ ਕਰੀਏ ਜਿਨ੍ਹਾਂ ਨੇ ਪਰਮੇਸ਼ੁਰ ਦੇ ਪੁੱਤਰ ਦੀ ਜ਼ਿੰਦਗੀ ਵਿਚ ਨਵਾਂ ਮੋੜ ਲਿਆਂਦਾ। ਇਹ ਗੱਲ ਸੱਚ ਹੈ ਕਿ ਯਿਸੂ ਨੂੰ ਆਦਮ ਤੋਂ ਵਿਰਸੇ ਵਿਚ ਪਾਪ ਨਹੀਂ ਮਿਲਿਆ ਸੀ। ਪਰ ਸੀ ਤਾਂ ਉਹ ਇਕ ਇਨਸਾਨ ਜੋ ਆਪਣੇ ਮਸਹ ਕੀਤੇ ਹੋਏ “ਭਾਈਆਂ” ਵਰਗਾ ਬਣਿਆ। (ਇਬਰਾਨੀਆਂ 2:17, 18 ਪੜ੍ਹੋ।) ਜ਼ਰਾ ਸੋਚੋ ਕਿ ਸਵਰਗ ਵਿਚ ਮਹਾਂ ਦੂਤ ਮਿਕਾਏਲ ਹੋਣ ਦੇ ਨਾਤੇ ਯਿਸੂ ਨੇ ਦੂਤਾਂ ਦੀਆਂ ਕਿੰਨੀਆਂ ਫ਼ੌਜਾਂ ਨੂੰ ਹੁਕਮ ਦਿੱਤੇ ਹੋਣਗੇ! ਪਰ ਧਰਤੀ ਉੱਤੇ ਆਪਣੀ ਆਖ਼ਰੀ ਰਾਤ ਨੂੰ ਯਿਸੂ ਨੇ ਮਦਦ ਕਰਨ ਵਾਸਤੇ ਆਪਣੇ ਪਿਤਾ ਯਹੋਵਾਹ ਨੂੰ “ਦੂਤਾਂ ਦੀਆਂ ਬਾਰਾਂ ਫੌਜਾਂ” ਘੱਲਣ ਲਈ ਨਹੀਂ ਕਿਹਾ। (ਮੱਤੀ 26:53; ਯਹੂ. 9) ਇਹ ਸੱਚ ਹੈ ਕਿ ਯਿਸੂ ਨੇ ਕਈ ਚਮਤਕਾਰ ਕੀਤੇ ਸਨ, ਪਰ ਸਵਰਗ ਵਿਚ ਰਹਿ ਕੇ ਉਹ ਜੋ ਕੁਝ ਕਰ ਸਕਦਾ ਸੀ, ਉਸ ਦੀ ਤੁਲਨਾ ਵਿਚ ਉਸ ਨੇ ਧਰਤੀ ਤੇ ਜੋ ਕੁਝ ਕੀਤਾ ਉਹ ਬਹੁਤ ਘੱਟ ਸੀ।

7. ਸ਼ਰਾ ਦੇ ਸੰਬੰਧ ਵਿਚ ਯਹੂਦੀਆਂ ਨੇ ਕੀ ਕੀਤਾ ਸੀ?

7 “ਸ਼ਬਦ” ਹੋਣ ਦੇ ਨਾਤੇ ਯਿਸੂ ਸ਼ਾਇਦ ਉਹੀ ਦੂਤ ਸੀ ਜੋ ਉਜਾੜ ਵਿਚ ਇਸਰਾਏਲੀਆਂ ਨੂੰ ਰਾਹ ਦਿਖਾਉਣ ਲਈ ਉਨ੍ਹਾਂ ਦੇ ਅੱਗੇ-ਅੱਗੇ ਜਾਂਦਾ ਸੀ। (ਯੂਹੰ. 1:1; ਕੂਚ 23:20-23) ਇਸਰਾਏਲੀਆਂ ਨੇ “ਸ਼ਰਾ ਨੂੰ ਜਿਹੀ ਦੂਤਾਂ ਦੇ ਰਾਹੀਂ ਠਹਿਰਾਈ ਗਈ ਸੀ ਪਾਇਆ ਪਰ ਉਹ ਦੀ ਪਾਲਨਾ ਨਾ ਕੀਤੀ।” (ਰਸੂ. 7:53; ਇਬ. 2:2, 3) ਦਰਅਸਲ ਪਹਿਲੀ ਸਦੀ ਦੇ ਯਹੂਦੀ ਧਾਰਮਿਕ ਆਗੂ ਸ਼ਰਾ ਦੇ ਅਸਲੀ ਅਰਥ ਨੂੰ ਸਮਝ ਨਹੀਂ ਪਾਏ। ਮਿਸਾਲ ਲਈ, ਸ਼ਰਾ ਵਿਚ ਦੱਸੇ ਸਬਤ ਦੇ ਦਿਨ ਤੇ ਗੌਰ ਕਰੋ। (ਮਰਕੁਸ 3:4-6 ਪੜ੍ਹੋ।) ਗ੍ਰੰਥੀਆਂ ਅਤੇ ਫ਼ਰੀਸੀਆਂ ਨੇ “ਤੁਰੇਤ ਦੇ ਭਾਰੇ ਹੁਕਮਾਂ ਨੂੰ ਅਰਥਾਤ ਨਿਆਉਂ ਅਰ ਦਯਾ ਅਰ ਨਿਹਚਾ ਨੂੰ ਛੱਡ ਦਿੱਤਾ” ਸੀ। (ਮੱਤੀ 23:23) ਫਿਰ ਵੀ ਯਿਸੂ ਨੇ ਇਹ ਨਹੀਂ ਸੋਚਿਆ ਕਿ ਇਨ੍ਹਾਂ ਨੂੰ ਸੱਚਾਈ ਦੱਸਣ ਦਾ ਕੋਈ ਫ਼ਾਇਦਾ ਨਹੀਂ, ਸਗੋਂ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਰਿਹਾ।

8. ਯਿਸੂ ਸਾਡੀ ਸਹਾਇਤਾ ਕਿਉਂ ਕਰ ਸਕਦਾ ਹੈ?

8 ਯਿਸੂ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਸੀ। ਉਹ ਲੋਕਾਂ ਨੂੰ ਦਿਲੋਂ ਪਿਆਰ ਕਰਦਾ ਸੀ ਅਤੇ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਸੀ। ਪ੍ਰਚਾਰ ਕਰਨ ਵਿਚ ਉਸ ਦਾ ਜੋਸ਼ ਕਦੇ ਠੰਢਾ ਨਹੀਂ ਪਿਆ। ਧਰਤੀ ਉੱਤੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਕੇ ਯਿਸੂ “ਓਹਨਾਂ ਸਭਨਾਂ ਦੀ ਜਿਹੜੇ ਉਹ ਦੇ ਆਗਿਆਕਾਰ ਹਨ ਸਦਾ ਦੀ ਗਤੀ ਦਾ ਕਾਰਨ ਹੋਇਆ।” ਇਸ ਦੇ ਨਾਲ-ਨਾਲ “ਉਸ ਨੇ ਆਪ ਹੀ ਪਰਤਾਵੇ ਵਿੱਚ ਪੈ ਕੇ ਦੁਖ ਝੱਲਿਆ ਤਾਂ ਉਹ ਓਹਨਾਂ ਦੀ ਜਿਹੜੇ ਪਰਤਾਵੇ ਵਿੱਚ ਪੈਂਦੇ ਹਨ ਸਹਾਇਤਾ ਕਰ ਸੱਕਦਾ ਹੈ।”—ਇਬ. 2:18; 5:8, 9.

ਉਸ ਨੂੰ ਵਧੀਆ ਸਿੱਖਿਅਕ ਬਣਨ ਦੀ ਸਿਖਲਾਈ ਮਿਲੀ

9, 10. ਧਰਤੀ ਉੱਤੇ ਘੱਲੇ ਜਾਣ ਤੋਂ ਪਹਿਲਾਂ ਯਿਸੂ ਨੂੰ ਕਿਹੋ ਜਿਹੀ ਸਿਖਲਾਈ ਮਿਲੀ ਸੀ?

9 ਅੱਜ ਪ੍ਰਬੰਧਕ ਸਭਾ ਭੈਣਾਂ-ਭਰਾਵਾਂ ਨੂੰ ਮਿਸ਼ਨਰੀਆਂ ਵਜੋਂ ਸੇਵਾ ਕਰਨ ਲਈ ਭੇਜਣ ਤੋਂ ਪਹਿਲਾਂ ਉਨ੍ਹਾਂ ਨੂੰ ਸਿਖਲਾਈ ਦੇਣ ਦਾ ਪ੍ਰਬੰਧ ਕਰਦੀ ਹੈ। ਕੀ ਯਿਸੂ ਨੂੰ ਸਿਖਲਾਈ ਮਿਲੀ ਸੀ? ਹਾਂ, ਮਿਲੀ ਸੀ। ਪਰ ਮਸੀਹਾ ਵਜੋਂ ਮਸਹ ਕੀਤੇ ਜਾਣ ਤੋਂ ਪਹਿਲਾਂ ਉਸ ਨੇ ਇਹ ਸਿਖਲਾਈ ਯਹੂਦੀ ਸਕੂਲਾਂ ਵਿਚ ਜਾ ਕੇ ਜਾਂ ਧਾਰਮਿਕ ਆਗੂਆਂ ਦੇ ਚਰਨਾਂ ਵਿਚ ਬੈਠ ਕੇ ਹਾਸਲ ਨਹੀਂ ਕੀਤੀ ਸੀ। (ਯੂਹੰ. 7:15; ਹੋਰ ਜਾਣਕਾਰੀ ਲਈ ਰਸੂਲਾਂ ਦੇ ਕਰਤੱਬ 22:3 ਦੇਖੋ।) ਤਾਂ ਫਿਰ ਉਹ ਇੰਨਾ ਵਧੀਆ ਸਿੱਖਿਅਕ ਕਿੱਦਾਂ ਬਣਿਆ?

10 ਭਾਵੇਂ ਕਿ ਯਿਸੂ ਨੇ ਧਰਤੀ ਉੱਤੇ ਆਪਣੇ ਮਾਤਾ-ਪਿਤਾ ਮਰਿਯਮ ਤੇ ਯੂਸੁਫ਼ ਤੋਂ ਕਾਫ਼ੀ ਕੁਝ ਸਿੱਖਿਆ ਹੋਣਾ, ਪਰ ਵਧੀਆ ਪ੍ਰਚਾਰਕ ਬਣਨ ਦੀ ਸਿਖਲਾਈ ਉਸ ਨੂੰ ਯਹੋਵਾਹ ਤੋਂ ਹੀ ਮਿਲੀ ਸੀ। ਇਸ ਬਾਰੇ ਯਿਸੂ ਨੇ ਕਿਹਾ: “ਮੈਂ ਆਪ ਤੋਂ ਨਹੀਂ ਬੋਲਿਆ ਪਰ ਪਿਤਾ ਜਿਨ ਮੈਨੂੰ ਘੱਲਿਆ ਉਸੇ ਨੇ ਮੈਨੂੰ ਹੁਕਮ ਦਿੱਤਾ ਭਈ ਮੈਂ ਕੀ ਬਚਨ ਕਰਾਂ ਅਤੇ ਕੀ ਬੋਲਾਂ।” (ਯੂਹੰ. 12:49) ਧਿਆਨ ਦਿਓ ਕਿ ਪੁੱਤਰ ਨੂੰ ਦੱਸਿਆ ਗਿਆ ਸੀ ਕਿ ਉਹ ਦੂਸਰਿਆਂ ਨੂੰ ਕੀ ਸਿਖਾਵੇਗਾ। ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਧਰਤੀ ਤੇ ਆਉਣ ਤੋਂ ਪਹਿਲਾਂ ਯਿਸੂ ਨੇ ਕਾਫ਼ੀ ਸਮਾਂ ਆਪਣੇ ਪਿਤਾ ਯਹੋਵਾਹ ਦੀਆਂ ਗੱਲਾਂ ਸੁਣਨ ਵਿਚ ਲਾਇਆ ਹੋਵੇਗਾ। ਹਾਂ, ਯਿਸੂ ਨੂੰ ਇਸ ਤੋਂ ਬਿਹਤਰ ਸਿਖਲਾਈ ਹੋਰ ਕਿਤਿਓਂ ਮਿਲ ਹੀ ਨਹੀਂ ਸਕਦੀ ਸੀ।

11. ਯਿਸੂ ਨੇ ਇਨਸਾਨਾਂ ਪ੍ਰਤੀ ਆਪਣੇ ਪਿਤਾ ਦਾ ਰਵੱਈਆ ਕਿਸ ਹੱਦ ਤਕ ਅਪਣਾਇਆ ਸੀ?

11 ਜਿਸ ਸਮੇਂ ਤੋਂ ਯਿਸੂ ਨੂੰ ਸਿਰਜਿਆ ਗਿਆ ਸੀ, ਉਸ ਸਮੇਂ ਤੋਂ ਹੀ ਉਸ ਦਾ ਆਪਣੇ ਪਿਤਾ ਨਾਲ ਗੂੜ੍ਹਾ ਰਿਸ਼ਤਾ ਸੀ। ਸਵਰਗ ਵਿਚ ਰਹਿੰਦਿਆਂ ਯਿਸੂ ਨੇ ਦੇਖਿਆ ਕਿ ਯਹੋਵਾਹ ਇਨਸਾਨਾਂ ਨਾਲ ਕਿੱਦਾਂ ਪੇਸ਼ ਆਉਂਦਾ ਸੀ। ਉਸ ਨੇ ਦੇਖਿਆ ਕਿ ਯਹੋਵਾਹ ਇਨਸਾਨਾਂ ਨਾਲ ਬਹੁਤ ਪਿਆਰ ਕਰਦਾ ਹੈ। ਇਸ ਲਈ ਆਪਣੇ ਪਿਤਾ ਦੀ ਰੀਸ ਕਰਦੇ ਹੋਏ ਯਿਸੂ ਕਹਿ ਸਕਿਆ ਕਿ ਉਹ ਵੀ “ਆਦਮ ਵੰਸੀਆਂ ਨਾਲ ਪਰਸੰਨ” ਸੀ।—ਕਹਾ. 8:22, 31.

12, 13. (ੳ) ਇਸਰਾਏਲੀਆਂ ਨਾਲ ਪਰਮੇਸ਼ੁਰ ਜਿਵੇਂ ਪੇਸ਼ ਆਇਆ ਸੀ, ਉਸ ਤੋਂ ਯਿਸੂ ਨੇ ਕੀ ਸਿੱਖਿਆ? (ਅ) ਯਿਸੂ ਨੇ ਪਰਮੇਸ਼ੁਰ ਵੱਲੋਂ ਮਿਲੀ ਸਿਖਲਾਈ ਨੂੰ ਕਿਵੇਂ ਵਰਤਿਆ ਸੀ?

12 ਪੁੱਤਰ ਨੂੰ ਇਹ ਵੀ ਸਿਖਲਾਈ ਮਿਲੀ ਕਿ ਉਸ ਦੇ ਪਿਤਾ ਨੇ ਮੁਸ਼ਕਲਾਂ ਦਾ ਹੱਲ ਕਿਵੇਂ ਕੀਤਾ ਸੀ। ਮਿਸਾਲ ਲਈ, ਜ਼ਰਾ ਸੋਚੋ ਕਿ ਯਹੋਵਾਹ ਅਣਆਗਿਆਕਾਰ ਇਸਰਾਏਲੀਆਂ ਨਾਲ ਕਿਵੇਂ ਪੇਸ਼ ਆਇਆ ਸੀ। ਨਹਮਯਾਹ 9:28 ਵਿਚ ਲਿਖਿਆ ਹੈ: “ਜਦ ਉਨ੍ਹਾਂ ਨੂੰ ਅਰਾਮ ਮਿਲਿਆ ਤਦ ਉਨ੍ਹਾਂ ਫੇਰ [ਯਹੋਵਾਹ] ਅੱਗੇ ਬੁਰੀਆਈ ਕੀਤੀ ਏਸ ਲਈ ਤੈਂ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਦੇ ਹੱਥ ਵਿੱਚ ਦੇ ਦਿੱਤਾ ਭਈ ਓਹ ਉਨ੍ਹਾਂ ਉੱਤੇ ਰਾਜ ਕਰਨ ਪਰ ਜਦ ਓਹ ਮੁੜੇ ਅਤੇ ਤੇਰੀ ਦੁਹਾਈ ਦਿੱਤੀ ਤੈਂ ਅਕਾਸ਼ ਵਿੱਚੋਂ ਉਨ੍ਹਾਂ ਦੀ ਸੁਣੀ ਅਤੇ ਬਹੁਤੀ ਵਾਰ ਆਪਣੀ ਦਿਆਲਤਾ ਦੇ ਅਨੁਸਾਰ ਉਨ੍ਹਾਂ ਨੂੰ ਛੁਡਾਇਆ।” ਯਿਸੂ ਨੇ ਯਹੋਵਾਹ ਦੇ ਨਾਲ ਕੰਮ ਕਰ ਕੇ ਅਤੇ ਉਸ ਦੀ ਮਿਸਾਲ ਦੇਖ ਕੇ ਯਹੋਵਾਹ ਵਾਂਗ ਲੋਕਾਂ ਉੱਤੇ ਦਇਆ ਕਰਨੀ ਸਿੱਖੀ।—ਯੂਹੰ. 5:19.

13 ਆਪਣੇ ਚੇਲਿਆਂ ਨਾਲ ਪਿਆਰ ਤੇ ਦਇਆ ਨਾਲ ਪੇਸ਼ ਆ ਕੇ ਯਿਸੂ ਨੇ ਆਪਣੇ ਪਿਤਾ ਵੱਲੋਂ ਮਿਲੀ ਇਹ ਸਿਖਲਾਈ ਵਰਤੀ। ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਜਿਨ੍ਹਾਂ ਚੇਲਿਆਂ ਨੂੰ ਯਿਸੂ ਨੇ ਇੰਨਾ ਪਿਆਰ ਕੀਤਾ ਸੀ, ਉਹ ਸਾਰੇ “ਉਹ ਨੂੰ ਛੱਡ ਕੇ ਭੱਜ ਗਏ।” (ਮੱਤੀ 26:56; ਯੂਹੰ. 13:1) ਪਤਰਸ ਰਸੂਲ ਨੇ ਤਾਂ ਤਿੰਨ ਵਾਰ ਯਿਸੂ ਦਾ ਇਨਕਾਰ ਕੀਤਾ! ਫਿਰ ਵੀ, ਯਿਸੂ ਨੇ ਆਪਣੇ ਚੇਲਿਆਂ ਨੂੰ ਠੁਕਰਾਇਆ ਨਹੀਂ। ਉਸ ਨੇ ਪਤਰਸ ਨੂੰ ਕਿਹਾ: “ਮੈਂ ਤੇਰੇ ਲਈ ਬੇਨਤੀ ਕੀਤੀ ਹੈ ਜੋ ਤੇਰੀ ਨਿਹਚਾ ਜਾਂਦੀ ਨਾ ਰਹੇ ਅਰ ਜਾਂ ਤੂੰ ਮੁੜੇਂ ਤਾਂ ਆਪਣਿਆਂ ਭਾਈਆਂ ਨੂੰ ਤਕੜੇ ਕਰੀਂ।” (ਲੂਕਾ 22:32) ਚੇਲਿਆਂ ਦੀ ਵਫ਼ਾਦਾਰੀ ਕਰਕੇ ਨਵੀਂ ਯਰੂਸ਼ਲਮ ਦੀ ਨੀਂਹ “ਰਸੂਲਾਂ ਅਤੇ ਨਬੀਆਂ” ਉੱਤੇ ਟਿਕੀ ਹੋਈ ਹੈ ਤੇ ਇਸ ਨੀਂਹ ਉੱਤੇ ਲੇਲੇ ਯਿਸੂ ਮਸੀਹ ਦੇ 12 ਰਸੂਲਾਂ ਦੇ ਨਾਂ ਲਿਖੇ ਹੋਏ ਹਨ। ਅੱਜ ਧਰਤੀ ਉੱਤੇ ਪਰਮੇਸ਼ੁਰ ਦੀ ਸੰਸਥਾ ਮਸਹ ਕੀਤੇ ਹੋਏ ਮਸੀਹੀਆਂ ਤੇ ਉਨ੍ਹਾਂ ਦਾ ਸਾਥ ਦੇਣ ਵਾਲੀਆਂ ‘ਹੋਰ ਭੇਡਾਂ’ ਦੀ ਬਣੀ ਹੋਈ ਹੈ। ਯਹੋਵਾਹ ਦੀ ਮਦਦ ਨਾਲ ਤੇ ਯਿਸੂ ਦੀ ਅਗਵਾਈ ਅਧੀਨ ਇਹ ਸੰਸਥਾ ਯਹੋਵਾਹ ਦੇ ਰਾਜ ਦਾ ਪ੍ਰਚਾਰ ਕਰਦੀ ਹੋਈ ਵੱਧ-ਫੁੱਲ ਰਹੀ ਹੈ।—ਅਫ਼. 2:20; ਯੂਹੰ. 10:16; ਪਰ. 21:14.

ਯਿਸੂ ਦੇ ਸਿਖਾਉਣ ਦੇ ਤਰੀਕੇ

14, 15. ਯਿਸੂ ਦੇ ਸਿਖਾਉਣ ਦੇ ਤਰੀਕੇ ਅਤੇ ਗ੍ਰੰਥੀਆਂ ਤੇ ਫ਼ਰੀਸੀਆਂ ਦੇ ਸਿਖਾਉਣ ਦੇ ਤਰੀਕੇ ਵਿਚ ਕੀ ਫ਼ਰਕ ਸੀ?

14 ਆਪਣੇ ਚੇਲਿਆਂ ਨੂੰ ਸਿਖਾਉਂਦੇ ਵਕਤ ਯਿਸੂ ਨੇ ਮਿਲੀ ਸਿਖਲਾਈ ਨੂੰ ਕਿਵੇਂ ਵਰਤਿਆ ਸੀ? ਜਦ ਅਸੀਂ ਯਿਸੂ ਦੇ ਸਿਖਾਉਣ ਦੇ ਤਰੀਕੇ ਅਤੇ ਯਹੂਦੀ ਧਾਰਮਿਕ ਆਗੂਆਂ ਦੇ ਸਿਖਾਉਣ ਦੇ ਤਰੀਕੇ ਦੀ ਤੁਲਨਾ ਕਰਦੇ ਹਾਂ, ਤਾਂ ਅਸੀਂ ਜ਼ਮੀਨ-ਆਸਮਾਨ ਦਾ ਫ਼ਰਕ ਦੇਖਦੇ ਹਾਂ। ਗ੍ਰੰਥੀਆਂ ਤੇ ਫ਼ਰੀਸੀਆਂ ਨੇ “ਆਪਣੀ ਰੀਤ ਨਾਲ ਪਰਮੇਸ਼ੁਰ ਦੇ ਬਚਨ ਨੂੰ ਅਕਾਰਥ ਕਰ ਦਿੱਤਾ” ਸੀ। ਇਸ ਦੇ ਉਲਟ, ਯਿਸੂ ਨੇ ਆਪਣੇ ਵੱਲੋਂ ਕੋਈ ਗੱਲ ਨਹੀਂ ਸੀ ਦੱਸੀ, ਸਗੋਂ ਪਰਮੇਸ਼ੁਰ ਦੇ ਬਚਨ ਤੋਂ ਸਿੱਖਿਆ ਦਿੱਤੀ ਸੀ। (ਮੱਤੀ 15:6; ਯੂਹੰ. 14:10) ਸਾਨੂੰ ਵੀ ਇਸੇ ਤਰ੍ਹਾਂ ਕਰਨ ਦੀ ਲੋੜ ਹੈ।

15 ਯਿਸੂ ਤੇ ਧਾਰਮਿਕ ਆਗੂਆਂ ਵਿਚ ਇਕ ਹੋਰ ਵੱਡਾ ਫ਼ਰਕ ਸੀ। ਇਨ੍ਹਾਂ ਆਗੂਆਂ ਬਾਰੇ ਯਿਸੂ ਨੇ ਲੋਕਾਂ ਨੂੰ ਕਿਹਾ: “ਸਭ ਕੁਝ ਜੋ ਓਹ ਤੁਹਾਨੂੰ ਕਹਿਣ ਤੁਸੀਂ ਮੰਨ ਲੈਣਾ ਅਤੇ ਉਹ ਦੀ ਪਾਲਣਾ ਕਰਨੀ ਪਰ ਉਨ੍ਹਾਂ ਵਰਗੇ ਕੰਮ ਨਾ ਕਰਨਾ ਕਿਉਂ ਜੋ ਓਹ ਕਹਿੰਦੇ ਹਨ ਪਰ ਕਰਦੇ ਨਹੀਂ।” (ਮੱਤੀ 23:3) ਪਰ ਯਿਸੂ ਨੇ ਜੋ ਕੁਝ ਸਿਖਾਇਆ, ਉਸ ਉੱਤੇ ਉਹ ਚੱਲਿਆ ਵੀ ਸੀ। ਆਓ ਆਪਾਂ ਇਸ ਦੀ ਇਕ ਮਿਸਾਲ ਦੇਖੀਏ।

16. ਤੁਸੀਂ ਕਿਉਂ ਕਹੋਗੇ ਕਿ ਯਿਸੂ ਮੱਤੀ 6:19-21 ਵਿਚ ਪਾਈ ਜਾਂਦੀ ਸਲਾਹ ਉੱਤੇ ਚੱਲਿਆ ਸੀ?

16 ਯਿਸੂ ਨੇ ਆਪਣੇ ਚੇਲਿਆਂ ਨੂੰ ਤਾਕੀਦ ਕੀਤੀ ਸੀ ਕਿ ਉਹ ‘ਸੁਰਗ ਵਿੱਚ ਆਪਣੇ ਲਈ ਧਨ ਜੋੜਨ।’ (ਮੱਤੀ 6:19-21 ਪੜ੍ਹੋ।) ਕੀ ਯਿਸੂ ਆਪ ਇਸ ਸਲਾਹ ਉੱਤੇ ਚੱਲਿਆ ਸੀ? ਜੀ ਹਾਂ, ਉਸ ਨੇ ਆਪਣੇ ਬਾਰੇ ਕਿਹਾ: “ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਹਲਣੇ ਹਨ ਪਰ ਮਨੁੱਖ ਦੇ ਪੁੱਤ੍ਰ ਦੇ ਸਿਰ ਧਰਨ ਨੂੰ ਥਾਂ ਨਹੀਂ।” (ਲੂਕਾ 9:58) ਯਿਸੂ ਦੀ ਜ਼ਿੰਦਗੀ ਸਾਦੀ ਸੀ। ਉਸ ਲਈ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣੀ ਸਭ ਤੋਂ ਜ਼ਰੂਰੀ ਕੰਮ ਸੀ ਤੇ ਉਹ ਉਨ੍ਹਾਂ ਚਿੰਤਾਵਾਂ ਤੋਂ ਮੁਕਤ ਸੀ ਜੋ ਧਰਤੀ ਉੱਤੇ ਧਨ ਜੋੜਨ ਸੰਬੰਧੀ ਆਉਂਦੀਆਂ ਹਨ। ਯਿਸੂ ਨੇ ਦਿਖਾਇਆ ਕਿ ਸਵਰਗ ਵਿਚ ਧਨ ਜੋੜਨ ਦਾ ਕੀ ਫ਼ਾਇਦਾ ਹੈ “ਜਿੱਥੇ ਨਾ ਕੀੜਾ ਨਾ ਜੰਗਾਲ ਵਿਗਾੜਦਾ ਹੈ ਅਰ ਜਿੱਥੇ ਚੋਰ ਨਾ ਸੰਨ੍ਹ ਮਾਰਦੇ ਨਾ ਚੁਰਾਉਂਦੇ ਹਨ।” ਕੀ ਤੁਸੀਂ ਸਵਰਗ ਵਿਚ ਧਨ ਜੋੜਨ ਬਾਰੇ ਯਿਸੂ ਦੀ ਸਲਾਹ ਉੱਤੇ ਚੱਲ ਰਹੇ ਹੋ?

ਲੋਕ ਯਿਸੂ ਵੱਲ ਖਿੱਚੇ ਗਏ

17. ਯਿਸੂ ਵਿਚ ਕਿਹੜੇ ਗੁਣ ਸਨ ਜਿਨ੍ਹਾਂ ਕਾਰਨ ਉਹ ਵਧੀਆ ਪ੍ਰਚਾਰਕ ਬਣਿਆ?

17 ਯਿਸੂ ਵਿਚ ਕਿਹੜੇ ਗੁਣ ਸਨ ਜਿਨ੍ਹਾਂ ਕਾਰਨ ਉਹ ਵਧੀਆ ਪ੍ਰਚਾਰਕ ਬਣਿਆ? ਇਕ ਸੀ ਲੋਕਾਂ ਬਾਰੇ ਉਸ ਦਾ ਰਵੱਈਆ। ਯਹੋਵਾਹ ਵਾਂਗ ਯਿਸੂ ਵਿਚ ਵੀ ਨਿਮਰਤਾ, ਪਿਆਰ ਤੇ ਦਇਆ ਵਰਗੇ ਗੁਣ ਸਨ। ਆਓ ਦੇਖੀਏ ਕਿ ਇਨ੍ਹਾਂ ਗੁਣਾਂ ਕਾਰਨ ਲੋਕ ਯਿਸੂ ਵੱਲ ਕਿੱਦਾਂ ਖਿੱਚੇ ਗਏ।

18. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ ਨਿਮਰ ਸੀ?

18 ਧਰਤੀ ਉੱਤੇ ਆਉਣ ਲਈ ਯਿਸੂ ਨੇ “ਆਪਣੇ ਆਪ ਨੂੰ ਸੱਖਣਾ ਕਰ ਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ।” (ਫ਼ਿਲਿ. 2:7) ਇਹ ਉਸ ਦੀ ਨਿਮਰਤਾ ਦਾ ਸਬੂਤ ਸੀ। ਨਾਲੇ ਯਿਸੂ ਨੇ ਲੋਕਾਂ ਨੂੰ ਤੁੱਛ ਨਹੀਂ ਸਮਝਿਆ। ਉਸ ਨੇ ਇਹ ਨਹੀਂ ਕਿਹਾ ਕਿ ‘ਮੈਂ ਇੰਨੀ ਦੂਰੋਂ ਸਵਰਗੋਂ ਆਇਆ ਹਾਂ, ਤੁਹਾਨੂੰ ਮੇਰੀ ਸੁਣਨੀ ਚਾਹੀਦੀ ਹੈ।’ ਹੋਰਨਾਂ ਝੂਠੇ ਮਸੀਹਿਆਂ ਵਾਂਗ ਯਿਸੂ ਨੇ ਢੰਡੋਰਾ ਨਹੀਂ ਪਿੱਟਿਆ ਕਿ ਉਹੀ ਮਸੀਹਾ ਸੀ। ਕਈ ਵਾਰ ਯਿਸੂ ਨੇ ਲੋਕਾਂ ਨੂੰ ਕਿਹਾ ਸੀ ਕਿ ਉਹ ਹੋਰਨਾਂ ਨੂੰ ਨਾ ਦੱਸਣ ਕਿ ਉਹ ਕੌਣ ਸੀ ਜਾਂ ਉਸ ਨੇ ਉਨ੍ਹਾਂ ਲਈ ਕੀ ਕੁਝ ਕੀਤਾ ਸੀ। (ਮੱਤੀ 12:15-21) ਯਿਸੂ ਚਾਹੁੰਦਾ ਸੀ ਕਿ ਲੋਕ ਆਪ ਸਬੂਤ ਦੇਖ ਕੇ ਉਸ ਦੇ ਚੇਲੇ ਬਣਨ ਦਾ ਫ਼ੈਸਲਾ ਕਰਨ। ਨਿਮਰ ਹੋਣ ਕਰਕੇ ਯਿਸੂ ਨੇ ਆਪਣੇ ਚੇਲਿਆਂ ਤੋਂ ਕਦੇ ਇਹ ਉਮੀਦ ਨਹੀਂ ਸੀ ਰੱਖੀ ਕਿ ਉਹ ਉਨ੍ਹਾਂ ਫ਼ਰਿਸ਼ਤਿਆਂ ਵਾਂਗ ਮੁਕੰਮਲ ਹੋਣ ਜਿਨ੍ਹਾਂ ਨਾਲ ਉਹ ਸਵਰਗ ਵਿਚ ਰਹਿੰਦਾ ਸੀ।

19, 20. ਪਿਆਰ ਅਤੇ ਦਇਆ ਨੇ ਯਿਸੂ ਨੂੰ ਲੋਕਾਂ ਦੀ ਮਦਦ ਕਰਨ ਲਈ ਕਿਵੇਂ ਪ੍ਰੇਰਿਆ?

19 ਪਿਆਰ ਯਹੋਵਾਹ ਦਾ ਮੁੱਖ ਗੁਣ ਹੈ ਅਤੇ ਯਿਸੂ ਮਸੀਹ ਨੇ ਵੀ ਪਿਆਰ ਦਾ ਸਬੂਤ ਦਿੱਤਾ ਸੀ। (1 ਯੂਹੰ. 4:8) ਯਿਸੂ ਨੇ ਲੋਕਾਂ ਨੂੰ ਇਸ ਲਈ ਸਿੱਖਿਆ ਦਿੱਤੀ ਕਿਉਂਕਿ ਉਹ ਉਨ੍ਹਾਂ ਨੂੰ ਪਿਆਰ ਕਰਦਾ ਸੀ। ਮਿਸਾਲ ਲਈ, ਧਿਆਨ ਦਿਓ ਕਿ ਉਸ ਨੇ ਇਕ ਅਮੀਰ ਆਦਮੀ ਬਾਰੇ ਕਿਵੇਂ ਮਹਿਸੂਸ ਕੀਤਾ। (ਮਰਕੁਸ 10:17-22 ਪੜ੍ਹੋ।) ਯਿਸੂ ਨੇ “ਉਹ ਨੂੰ ਪਿਆਰ ਕੀਤਾ” ਤੇ ਉਹ ਉਸ ਦੀ ਮਦਦ ਕਰਨੀ ਚਾਹੁੰਦਾ ਸੀ। ਪਰ ਇਸ ਆਦਮੀ ਨੇ ਯਿਸੂ ਦੇ ਮਗਰ ਚੱਲਣ ਲਈ ਆਪਣੀ ਧਨ-ਦੌਲਤ ਨਹੀਂ ਛੱਡੀ।

20 ਯਿਸੂ ਦੀ ਦਇਆ ਕਰਕੇ ਵੀ ਲੋਕ ਉਸ ਵੱਲ ਖਿੱਚੇ ਜਾਂਦੇ ਸਨ। ਯਿਸੂ ਦੀ ਸਿੱਖਿਆ ਸੁਣਨ ਵਾਲੇ ਲੋਕ ਵੀ ਬਾਕੀ ਸਾਰੇ ਪਾਪੀ ਇਨਸਾਨਾਂ ਵਾਂਗ ਦੁੱਖਾਂ ਦੇ ਬੋਝ ਹੇਠਾਂ ਦੱਬੇ ਹੋਏ ਸਨ। ਇਹ ਜਾਣਦੇ ਹੋਏ ਯਿਸੂ ਨੇ ਉਨ੍ਹਾਂ ਤੇ ਤਰਸ ਖਾਦਾ ਤੇ ਪਿਆਰ ਨਾਲ ਉਨ੍ਹਾਂ ਨੂੰ ਸਿਖਾਇਆ। ਯਾਦ ਕਰੋ ਕਿ ਇਕ ਵਾਰ ਯਿਸੂ ਤੇ ਉਸ ਦੇ ਚੇਲੇ ਪ੍ਰਚਾਰ ਕਰਨ ਵਿਚ ਇੰਨੇ ਰੁੱਝੇ ਹੋਏ ਸਨ ਕਿ ਉਨ੍ਹਾਂ ਕੋਲ ਰੋਟੀ ਖਾਣ ਦੀ ਵੀ ਵਿਹਲ ਨਹੀਂ ਸੀ। ਫਿਰ ਵੀ ਲੋਕਾਂ ਦੀ ਭੀੜ ਨੂੰ ਦੇਖ ਕੇ ਯਿਸੂ ਨੂੰ ਕਿੱਦਾਂ ਲੱਗਾ? ਉਸ ਨੇ “ਉਨ੍ਹਾਂ ਤੇ ਤਰਸ ਖਾਧਾ ਇਸ ਲਈ ਜੋ ਓਹ ਉਨ੍ਹਾਂ ਭੇਡਾਂ ਵਾਂਙੁ ਸਨ ਜਿਨ੍ਹਾਂ ਦਾ ਅਯਾਲੀ ਨਾ ਹੋਵੇ। ਉਹ ਉਨ੍ਹਾਂ ਨੂੰ ਬਹੁਤ ਗੱਲਾਂ ਦਾ ਉਪਦੇਸ਼ ਦੇਣ ਲੱਗਾ।” (ਮਰ. 6:34) ਯਿਸੂ ਲੋਕਾਂ ਦੀ ਮਾੜੀ ਹਾਲਤ ਦੇਖ ਕੇ ਉਨ੍ਹਾਂ ਨੂੰ ਸਿੱਖਿਆ ਦੇਣ ਲੱਗਾ ਤੇ ਉਸ ਨੇ ਉਨ੍ਹਾਂ ਦੇ ਫ਼ਾਇਦੇ ਲਈ ਕਈ ਚਮਤਕਾਰ ਵੀ ਕੀਤੇ। ਕਈ ਉਸ ਦੀਆਂ ਗੱਲਾਂ ਤੇ ਪਿਆਰ ਤੋਂ ਪ੍ਰਭਾਵਿਤ ਹੋ ਕੇ ਉਸ ਵੱਲ ਖਿੱਚੇ ਗਏ ਤੇ ਉਸ ਦੇ ਚੇਲੇ ਬਣ ਗਏ।

21. ਅਸੀਂ ਅਗਲੇ ਲੇਖ ਵਿਚ ਕੀ ਸਿੱਖਾਂਗੇ?

21 ਅਸੀਂ ਧਰਤੀ ਉੱਤੇ ਯਿਸੂ ਦੀ ਸੇਵਕਾਈ ਬਾਰੇ ਹੋਰ ਬਹੁਤ ਕੁਝ ਸਿੱਖ ਸਕਦੇ ਹਾਂ। ਅਗਲੇ ਲੇਖ ਵਿਚ ਦੱਸਿਆ ਜਾਵੇਗਾ ਕਿ ਅਸੀਂ ਹੋਰ ਕਿਨ੍ਹਾਂ ਤਰੀਕਿਆਂ ਨਾਲ ਮਹਾਨ ਮਿਸ਼ਨਰੀ ਯਿਸੂ ਮਸੀਹ ਦੀ ਰੀਸ ਕਰ ਸਕਦੇ ਹਾਂ।

ਤੁਸੀਂ ਕੀ ਜਵਾਬ ਦਿਓਗੇ?

• ਧਰਤੀ ਉੱਤੇ ਆਉਣ ਤੋਂ ਪਹਿਲਾਂ ਯਿਸੂ ਨੂੰ ਕਿਹੋ ਜਿਹੀ ਸਿਖਲਾਈ ਮਿਲੀ ਸੀ?

• ਯਿਸੂ ਦਾ ਸਿਖਾਉਣ ਦਾ ਤਰੀਕਾ ਗ੍ਰੰਥੀਆਂ ਤੇ ਫ਼ਰੀਸੀਆਂ ਦੇ ਸਿਖਾਉਣ ਦੇ ਤਰੀਕੇ ਤੋਂ ਵਧੀਆ ਕਿਵੇਂ ਸੀ?

• ਯਿਸੂ ਦੇ ਕਿਹੜੇ ਗੁਣਾਂ ਕਰਕੇ ਲੋਕ ਉਸ ਵੱਲ ਖਿੱਚੇ ਗਏ ਸਨ?

[ਸਵਾਲ]

[ਸਫ਼ਾ 15 ਉੱਤੇ ਤਸਵੀਰ]

ਯਿਸੂ ਨੇ ਭੀੜ ਨੂੰ ਕਿਵੇਂ ਸਿਖਾਇਆ ਸੀ?