Skip to content

Skip to table of contents

ਅਧੀਨ ਕਦੋਂ ਹੋਣਾ ਤੇ ਕਦੋਂ ਨਹੀਂ ਹੋਣਾ ਚਾਹੀਦਾ

ਅਧੀਨ ਕਦੋਂ ਹੋਣਾ ਤੇ ਕਦੋਂ ਨਹੀਂ ਹੋਣਾ ਚਾਹੀਦਾ

ਅਧੀਨ ਕਦੋਂ ਹੋਣਾ ਤੇ ਕਦੋਂ ਨਹੀਂ ਹੋਣਾ ਚਾਹੀਦਾ

“ਉਨ੍ਹਾਂ ਨੂੰ ਚੇਤੇ ਕਰਾ ਭਈ . . . ਸੀਲ ਸੁਭਾਉ ਹੋਣ।”—ਤੀਤੁ. 3:1, 2.

1, 2. ਦੂਸਰਿਆਂ ਨਾਲ ਪੇਸ਼ ਆਉਣ ਬਾਰੇ ਬਾਈਬਲ ਸਾਨੂੰ ਕੀ ਸਲਾਹ ਦਿੰਦੀ ਹੈ ਅਤੇ ਇਸ ਤੇ ਚੱਲਣਾ ਕਿਉਂ ਜ਼ਰੂਰੀ ਹੈ?

ਸਾਡਾ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਅੰਤਾਂ ਦੀ ਬੁੱਧ ਦਾ ਮਾਲਕ ਹੈ। ਉਸ ਨੇ ਹੀ ਸਾਨੂੰ ਜ਼ਿੰਦਗੀ ਦਿੱਤੀ ਹੈ ਤੇ ਅਸੀਂ ਉਸ ਵੱਲ ਹੀ ਸੇਧ ਲਈ ਹੱਥ ਫੈਲਾਉਂਦੇ ਹਾਂ। (ਜ਼ਬੂ. 48:14) ਯਿਸੂ ਦੇ ਚੇਲੇ ਯਾਕੂਬ ਨੇ ਲਿਖਿਆ: “ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ, ਫੇਰ ਮਿਲਣਸਾਰ, ਸ਼ੀਲ ਸੁਭਾਉ, ਹਠ ਤੋਂ ਰਹਿਤ, ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ, ਦੁਆਇਤ ਭਾਵ ਤੋਂ ਰਹਿਤ ਅਤੇ ਨਿਸ਼ਕਪਟ ਹੁੰਦੀ ਹੈ।”—ਯਾਕੂ. 3:17.

2 ਪੌਲੁਸ ਰਸੂਲ ਨੇ ਸਲਾਹ ਦਿੱਤੀ ਕਿ “ਹਰ ਕਿਸੇ ਨੂੰ ਤੁਹਾਡੇ ਨਿਮ੍ਰ ਸੁਭਾਅ ਬਾਰੇ ਜਾਨਣ ਦਿਉ।” * (ਫ਼ਿਲਿ. 4:5, ERV) ਯਹੋਵਾਹ ਪਰਮੇਸ਼ੁਰ ਨੇ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਕਲੀਸਿਯਾ ਦਾ ਸਿਰ ਠਹਿਰਾਇਆ ਹੈ। (ਅਫ਼. 5:23) ਇਸ ਲਈ ਜ਼ਰੂਰੀ ਹੈ ਕਿ ਅਸੀਂ ਉਸ ਦੀ ਸੇਧ ਵਿਚ ਚੱਲੀਏ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਨਿਮਰਤਾ ਨਾਲ ਪੇਸ਼ ਆਈਏ।

3, 4. (ੳ) ਜ਼ਿੱਦ ਨਾ ਕਰਨ ਦੇ ਕੀ ਲਾਭ ਹਨ? (ਅ) ਅਸੀਂ ਕਿਨ੍ਹਾਂ ਗੱਲਾਂ ਤੇ ਗੌਰ ਕਰਾਂਗੇ?

3 ਜਦ ਅਸੀਂ ਆਪਣੀ ਗੱਲ ਤੇ ਅੜੇ ਰਹਿਣ ਦੀ ਬਜਾਇ ਦੂਜਿਆਂ ਦੀ ਸੁਣਦੇ ਹਾਂ, ਤਾਂ ਸਾਡਾ ਹੀ ਫ਼ਾਇਦਾ ਹੁੰਦਾ ਹੈ। ਮਿਸਾਲ ਲਈ: ਬ੍ਰਿਟੇਨ ਵਿਚ ਅੱਤਵਾਦੀਆਂ ਦੇ ਹਮਲੇ ਦੀ ਭਿਣਕ ਪੈਣ ਤੇ ਸੁਰੱਖਿਆ ਰੱਖਣ ਲਈ ਕਈ ਪਾਬੰਦੀਆਂ ਲਾਈਆਂ ਗਈਆਂ ਸਨ ਕਿ ਮੁਸਾਫ਼ਰ ਹਵਾਈ ਜਹਾਜ਼ ਵਿਚ ਕੀ ਲਿਜਾ ਸਕਦੇ ਸਨ ਤੇ ਕੀ ਨਹੀਂ। ਆਮ ਤੌਰ ਤੇ ਲੋਕ ਜ਼ਿੱਦ ਕਰਨ ਦੀ ਬਜਾਇ ਇਨ੍ਹਾਂ ਨਵੀਆਂ ਪਾਬੰਦੀਆਂ ਤੇ ਚੱਲਣ ਲਈ ਤਿਆਰ ਸਨ। ਇਸੇ ਤਰ੍ਹਾਂ ਗੱਡੀ ਚਲਾਉਂਦੇ ਵੇਲੇ ਵੀ ਅਸੀਂ ਆਪਣਾ ਹੱਕ ਜਤਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਦੂਜੀਆਂ ਗੱਡੀਆਂ ਨੂੰ ਰਾਹ ਦਿੰਦੇ ਹਾਂ। ਇੱਦਾਂ ਕਰਨ ਨਾਲ ਅਸੀਂ ਸਾਰਿਆਂ ਦੇ ਭਲੇ ਬਾਰੇ ਸੋਚਦੇ ਹਾਂ।

4 ਕਈਆਂ ਲਈ ਦੂਜਿਆਂ ਨੂੰ ਪਹਿਲ ਦੇਣੀ ਜਾਂ ਕਿਸੇ ਅੱਗੇ ਝੁਕਣਾ ਆਸਾਨ ਨਹੀਂ ਹੁੰਦਾ। ਇਸ ਮਾਮਲੇ ਵਿਚ ਸਾਡੀ ਮਦਦ ਕਿਵੇਂ ਹੁੰਦੀ ਹੈ? ਆਓ ਆਪਾਂ ਤਿੰਨ ਗੱਲਾਂ ਉੱਤੇ ਗੌਰ ਕਰੀਏ। ਪਹਿਲੀ ਗੱਲ, ਸਾਨੂੰ ਦੂਜਿਆਂ ਬਾਰੇ ਕਿਉਂ ਸੋਚਣਾ ਚਾਹੀਦਾ ਹੈ। ਦੂਜੀ ਗੱਲ, ਸਾਡਾ ਉਨ੍ਹਾਂ ਬਾਰੇ ਕੀ ਰਵੱਈਆ ਹੋਣਾ ਚਾਹੀਦਾ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਅਧਿਕਾਰ ਸੌਂਪਿਆ ਹੈ। ਅਤੇ ਤੀਜੀ ਗੱਲ, ਸਾਨੂੰ ਕਿਸ ਹੱਦ ਤਕ ਦੂਸਰਿਆਂ ਅੱਗੇ ਝੁਕਣਾ ਚਾਹੀਦਾ ਹੈ।

ਅਧੀਨ ਰਹਿਣ ਦੀ ਕੀ ਲੋੜ ਹੈ?

5. ਇਕ ਗ਼ੁਲਾਮ ਆਜ਼ਾਦੀ ਦੀ ਜਗ੍ਹਾ ਆਪਣੇ ਮਾਲਕ ਦੇ ਅਧੀਨ ਰਹਿਣਾ ਕਿਉਂ ਚੁਣਦਾ ਸੀ?

5 ਆਓ ਆਪਾਂ ਇਕ ਮਿਸਾਲ ਉੱਤੇ ਗੌਰ ਕਰੀਏ ਕਿ ਕੋਈ ਕਿਸੇ ਦੇ ਅਧੀਨ ਕਿਉਂ ਰਹਿਣਾ ਚਾਹੇਗਾ। ਮੂਸਾ ਦੀ ਬਿਵਸਥਾ ਅਨੁਸਾਰ ਹਰ ਯਹੂਦੀ ਗ਼ੁਲਾਮ ਨੂੰ ਉਸ ਦੀ ਗ਼ੁਲਾਮੀ ਦੇ ਸੱਤਵੇਂ ਵਰ੍ਹੇ ਜਾਂ ਆਨੰਦ ਦੇ ਵਰ੍ਹੇ (ਸੱਤਵੇਂ ਸਬਤ ਦੇ ਵਰ੍ਹੇ), ਜੋ ਵੀ ਵਰ੍ਹਾ ਪਹਿਲਾਂ ਆਉਂਦਾ ਸੀ ਉਸ ਵਿਚ ਆਜ਼ਾਦ ਕੀਤਾ ਜਾਂਦਾ ਸੀ। ਪਰ ਜੇ ਕੋਈ ਗ਼ੁਲਾਮ ਆਪਣੀ ਮਰਜ਼ੀ ਨਾਲ ਆਪਣੇ ਮਾਲਕ ਦੇ ਅਧੀਨ ਰਹਿਣਾ ਚਾਹੁੰਦਾ ਸੀ, ਤਾਂ ਉਹ ਰਹਿ ਸਕਦਾ ਸੀ। (ਕੂਚ 21:5, 6 ਪੜ੍ਹੋ।) ਕੋਈ ਸ਼ਾਇਦ ਪੁੱਛੇ: ਇਕ ਗ਼ੁਲਾਮ ਆਜ਼ਾਦੀ ਦੀ ਜਗ੍ਹਾ ਭਲਾ ਗ਼ੁਲਾਮੀ ਕਿਉਂ ਚੁਣਦਾ ਸੀ? ਪਿਆਰ ਦੀ ਖ਼ਾਤਰ ਹੀ ਉਹ ਆਪਣੇ ਮਾਲਕ ਦੇ ਅਧੀਨ ਰਹਿਣਾ ਚੁਣਦਾ ਸੀ।

6. ਪਰਮੇਸ਼ੁਰ ਨੂੰ ਪਿਆਰ ਕਰਨ ਦਾ ਮਤਲਬ ਕੀ ਹੈ?

6 ਯਹੋਵਾਹ ਸਾਡਾ ਮਾਲਕ ਹੈ ਤੇ ਅਸੀਂ ਉਸ ਨੂੰ ਪਿਆਰ ਕਰਦੇ ਹਾਂ। ਇਸੇ ਲਈ ਅਸੀਂ ਆਪਣੀ ਜ਼ਿੰਦਗੀ ਉਸ ਨੂੰ ਅਰਪਣ ਕਰ ਕੇ ਉਸ ਦੇ ਹੁਕਮਾਂ ਦੀ ਪਾਲਣਾ ਕਰਨ ਦਾ ਫ਼ੈਸਲਾ ਕਰਦੇ ਹਾਂ। (ਰੋਮੀ. 14:7, 8) ਯੂਹੰਨਾ ਰਸੂਲ ਨੇ ਲਿਖਿਆ: “ਕਿਉਂ ਜੋ ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਣਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ।” (1 ਯੂਹੰ. 5:3) ਪਰਮੇਸ਼ੁਰ ਨੂੰ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਆਪਣੇ ਸੁਆਰਥ ਦੀ ਬਜਾਇ ਦੂਜਿਆਂ ਨੂੰ ਪਹਿਲ ਦੇਈਏ। (1 ਕੁਰਿੰ. 13:4, 5) ਨਾਲੇ ਹਰ ਗੱਲ ਵਿਚ ਆਪਣੀ ਜ਼ਿੱਦ ਪੁਗਾਉਣ ਦੀ ਬਜਾਇ ਦੂਸਰਿਆਂ ਦੀ ਗੱਲ ਸੁਣੀਏ ਅਤੇ ਉਨ੍ਹਾਂ ਦੀਆਂ ਇੱਛਾਵਾਂ ਨੂੰ ਪਹਿਲ ਦੇਈਏ। ਇਸ ਦੇ ਨਾਲ-ਨਾਲ ਸਾਨੂੰ ਦੂਜਿਆਂ ਦੇ ਭਲੇ ਬਾਰੇ ਵੀ ਸੋਚਣਾ ਚਾਹੀਦਾ ਹੈ।—ਫ਼ਿਲਿ. 2:2, 3.

7. ਪ੍ਰਚਾਰ ਕਰਦੇ ਵੇਲੇ ਸਾਨੂੰ ਕਿਹੜੀ ਗੱਲ ਯਾਦ ਰੱਖਣ ਦੀ ਲੋੜ ਹੈ?

7 ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਸਾਡੇ ਬੋਲ-ਚਾਲ ਜਾਂ ਕੰਮਾਂ ਦਾ ਦੂਸਰਿਆਂ ਤੇ ਅਸਰ ਪੈਂਦਾ ਹੈ। (ਅਫ਼. 4:29) ਅਸੀਂ ਨਹੀਂ ਚਾਹੁੰਦੇ ਕਿ ਕੋਈ ਸਾਡੇ ਕਰਕੇ ਯਹੋਵਾਹ ਬਾਰੇ ਨਾ ਸਿੱਖ ਪਾਵੇ ਜਾਂ ਉਹ ਯਹੋਵਾਹ ਦੀ ਭਗਤੀ ਕਰਨੀ ਛੱਡ ਦੇਵੇ। ਵੱਖ-ਵੱਖ ਸਭਿਆਚਾਰਾਂ ਵਿਚ ਵੱਖ-ਵੱਖ ਸੋਚ-ਵਿਚਾਰ ਹੁੰਦੇ ਹਨ। ਮਿਸਾਲ ਲਈ, ਹਾਰ-ਸ਼ਿੰਗਾਰ ਕਰਨ ਵਿਚ ਕੋਈ ਖ਼ਰਾਬੀ ਨਹੀਂ। ਪਰ ਜੇ ਕੋਈ ਮਿਸ਼ਨਰੀ ਭੈਣ ਕਿਸੇ ਅਜਿਹੇ ਇਲਾਕੇ ਵਿਚ ਸੇਵਾ ਕਰਦੀ ਹੈ ਜਿੱਥੇ ਹਾਰ-ਸ਼ਿੰਗਾਰ ਕਰਨਾ ਬੁਰਾ ਮੰਨਿਆ ਜਾਂਦਾ ਹੈ, ਤਾਂ ਕੀ ਉਹ ਫਿਰ ਵੀ ਹਾਰ-ਸ਼ਿੰਗਾਰ ਕਰਦੀ ਰਹੇਗੀ? ਜੇ ਉਹ ਆਪਣੀ ਗੱਲ ਤੇ ਅੜੀ ਰਹੀ, ਤਾਂ ਉੱਥੇ ਦੇ ਲੋਕ ਉਸ ਬਾਰੇ ਤਾਂ ਬੁਰਾ ਸੋਚਣਗੇ ਹੀ ਪਰ ਉਹ ਯਹੋਵਾਹ ਬਾਰੇ ਵੀ ਸਿੱਖਣ ਤੋਂ ਇਨਕਾਰ ਕਰ ਸਕਦੇ ਹਨ।—1 ਕੁਰਿੰ. 10:31-33.

8. ਜੇ ਅਸੀਂ ਯਹੋਵਾਹ ਨਾਲ ਪਿਆਰ ਕਰਦੇ ਹਾਂ, ਤਾਂ ਅਸੀਂ ਕੀ ਕਰ ਸਕਾਂਗੇ?

8 ਜੇ ਅਸੀਂ ਯਹੋਵਾਹ ਨਾਲ ਪਿਆਰ ਕਰਦੇ ਹਾਂ, ਤਾਂ ਅਸੀਂ ਆਪਣੇ ਦਿਲ ਵਿੱਚੋਂ ਹੰਕਾਰ ਕੱਢ ਸਕਾਂਗੇ। ਇਕ ਵਾਰ ਜਦ ਯਿਸੂ ਦੇ ਚੇਲੇ ਆਪਸ ਵਿਚ ਬਹਿਸ ਕਰ ਰਹੇ ਸਨ ਕਿ ਉਨ੍ਹਾਂ ਵਿੱਚੋਂ ਕੌਣ ਵੱਡਾ ਹੈ, ਤਾਂ ਯਿਸੂ ਨੇ ਇਕ ਛੋਟੇ ਬੱਚੇ ਨੂੰ ਲੈ ਕੇ ਉਨ੍ਹਾਂ ਨੂੰ ਸਮਝਾਇਆ: “ਜੋ ਕੋਈ ਮੇਰੇ ਨਾਮ ਕਰਕੇ ਇਸ ਬਾਲਕ ਨੂੰ ਕਬੂਲ ਕਰੇ ਸੋ ਮੈਨੂੰ ਕਬੂਲ ਕਰਦਾ ਹੈ ਅਤੇ ਜੋ ਕੋਈ ਮੈਨੂੰ ਕਬੂਲ ਕਰੇ ਸੋ ਉਸ ਨੂੰ ਜਿਹ ਨੇ ਮੈਨੂੰ ਘੱਲਿਆ ਹੈ ਕਬੂਲ ਕਰਦਾ ਹੈ ਕਿਉਂਕਿ ਜੋ ਕੋਈ ਤੁਸਾਂ ਸਭਨਾਂ ਵਿੱਚੋਂ ਹੋਰਨਾਂ ਨਾਲੋਂ ਛੋਟਾ ਹੈ ਸੋਈ ਵੱਡਾ ਹੈ।” (ਲੂਕਾ 9:48; ਮਰ. 9:36) ਹੋ ਸਕਦਾ ਹੈ ਕਿ ਸਾਨੂੰ ਆਪਣੇ ਆਪ ਨੂੰ “ਹੋਰਨਾਂ ਨਾਲੋਂ ਛੋਟਾ” ਸਮਝਣਾ ਔਖਾ ਲੱਗੇ। ਇਕ ਤਾਂ ਸਾਡੇ ਵਿਚ ਆਦਮ ਤੋਂ ਮਿਲਿਆ ਪਾਪ ਹੈ ਤੇ ਦੂਜਾ ਦੁਨੀਆਂ ਵਿਚ ਹਰ ਕਿਸੇ ਨੂੰ ਸ਼ੌਹਰਤ ਕਮਾਉਣ ਦੀ ਪਈ ਹੋਈ ਹੈ। ਪਰ ਹਲੀਮ ਬਣਨ ਨਾਲ ਅਸੀਂ ਮੈਂ-ਮੈਂ ਕਰਨ ਦੀ ਬਜਾਇ ਦੂਜਿਆਂ ਦੇ ਭਲੇ ਬਾਰੇ ਸੋਚਾਂਗੇ।—ਰੋਮੀ. 12:10.

9. ਸਾਨੂੰ ਹੋਰ ਕਿਨ੍ਹਾਂ ਦੇ ਅਧੀਨ ਰਹਿਣਾ ਚਾਹੀਦਾ ਹੈ?

9 ਯਹੋਵਾਹ ਦੇ ਅਧੀਨ ਹੋਣ ਤੋਂ ਇਲਾਵਾ ਸਾਨੂੰ ਉਨ੍ਹਾਂ ਦੇ ਅਧੀਨ ਵੀ ਰਹਿਣ ਦੀ ਲੋੜ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਅਧਿਕਾਰ ਸੌਂਪਿਆ ਹੈ। ਸਾਨੂੰ ਸਾਰਿਆਂ ਨੂੰ ਬਾਈਬਲ ਵਿਚ ਦੱਸੇ ਗਏ ਸਰਦਾਰੀ ਦੇ ਅਸੂਲ ਨੂੰ ਕਬੂਲ ਕਰਨਾ ਚਾਹੀਦਾ ਹੈ। ਪੌਲੁਸ ਰਸੂਲ ਨੇ ਕੁਰਿੰਥੀਆਂ ਨੂੰ ਸਾਫ਼-ਸਾਫ਼ ਲਿਖਿਆ ਸੀ: “ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣ ਲਵੋ ਭਈ ਹਰੇਕ ਪੁਰਖ ਦਾ ਸਿਰ ਮਸੀਹ ਹੈ ਅਤੇ ਇਸਤ੍ਰੀ ਦਾ ਸਿਰ ਪੁਰਖ ਹੈ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ।”—1 ਕੁਰਿੰ. 11:3.

10. ਪਰਮੇਸ਼ੁਰ ਦੇ ਇੰਤਜ਼ਾਮ ਤੇ ਚੱਲ ਕੇ ਅਸੀਂ ਕਿਸ ਗੱਲ ਦਾ ਸਬੂਤ ਦਿੰਦੇ ਹਾਂ?

10 ਪਰਮੇਸ਼ੁਰ ਦੇ ਇਸ ਇੰਤਜ਼ਾਮ ਤੇ ਚੱਲ ਕੇ ਅਸੀਂ ਸਬੂਤ ਦਿੰਦੇ ਹਾਂ ਕਿ ਅਸੀਂ ਆਪਣੇ ਪਿਆਰੇ ਪਿਤਾ ਯਹੋਵਾਹ ਤੇ ਪੂਰਾ ਭਰੋਸਾ ਰੱਖਦੇ ਹਾਂ। ਹਮੇਸ਼ਾ ਯਾਦ ਰੱਖੋ ਕਿ ਕੋਈ ਵੀ ਗੱਲ ਯਹੋਵਾਹ ਦੀਆਂ ਅੱਖਾਂ ਤੋਂ ਓਹਲੇ ਨਹੀਂ ਹੁੰਦੀ। ਇਸ ਲਈ ਜਦ ਕੋਈ ਸਾਡੇ ਨਾਲ ਗ਼ਲਤ ਤਰੀਕੇ ਨਾਲ ਪੇਸ਼ ਆਉਂਦਾ ਹੈ ਜਾਂ ਉਹ ਸਾਨੂੰ ਗੁੱਸੇ ਵਿਚ ਆ ਕੇ ਬੁਰਾ-ਭਲਾ ਕਹਿੰਦਾ ਹੈ, ਤਾਂ ਸਾਨੂੰ ਦਿਲ ਨਹੀਂ ਹਾਰਨਾ ਚਾਹੀਦਾ। ਪੌਲੁਸ ਨੇ ਲਿਖਿਆ: “ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ।” ਇਸ ਗੱਲ ਤੇ ਜ਼ੋਰ ਦਿੰਦਿਆਂ ਉਸ ਨੇ ਅੱਗੇ ਕਿਹਾ: “ਹੇ ਪਿਆਰਿਓ, ਆਪਣਾ ਬਦਲਾ ਨਾ ਲਓ ਪਰ ਕ੍ਰੋਧ ਨੂੰ ਜਾਣ ਦਿਓ ਕਿਉਂ ਜੋ ਲਿਖਿਆ ਹੋਇਆ ਹੈ ਕਿ ਪ੍ਰਭੁ ਆਖਦਾ ਹੈ ਭਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਹਵਾਂਗਾ।”—ਰੋਮੀ. 12:18, 19.

11. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਿਸੂ ਦੀ ਸਰਦਾਰੀ ਨੂੰ ਕਬੂਲ ਕਰਦੇ ਹਾਂ?

11 ਕਲੀਸਿਯਾ ਵਿਚ ਯਹੋਵਾਹ ਨੇ ਜਿਨ੍ਹਾਂ ਨੂੰ ਅਧਿਕਾਰ ਸੌਂਪਿਆ ਹੈ ਸਾਨੂੰ ਉਨ੍ਹਾਂ ਦੀ ਵੀ ਸੁਣਨੀ ਚਾਹੀਦੀ ਹੈ। ਪਰਕਾਸ਼ ਦੀ ਪੋਥੀ ਦੇ ਪਹਿਲੇ ਅਧਿਆਏ ਵਿਚ ਦੱਸਿਆ ਗਿਆ ਹੈ ਕਿ ਯਿਸੂ ਨੇ ਆਪਣੇ ਸੱਜੇ ਹੱਥ ਵਿਚ ਕਲੀਸਿਯਾਵਾਂ ਦੇ “ਤਾਰੇ” ਫੜੇ ਹਨ। (ਪਰ. 1:16, 20) ਅਸੀਂ ਕਹਿ ਸਕਦੇ ਹਾਂ ਇਹ ਤਾਰੇ ਕਲੀਸਿਯਾਵਾਂ ਵਿਚ ਬਜ਼ੁਰਗਾਂ ਦੇ ਸਮੂਹਾਂ ਨੂੰ ਦਰਸਾਉਂਦੇ ਹਨ। ਇਹ ਬਜ਼ੁਰਗ ਆਪਣੇ-ਆਪ ਨੂੰ ਮਸੀਹ ਦੇ ਅਧੀਨ ਕਰਦੇ ਹਨ ਅਤੇ ਉਸ ਦੀ ਪੈੜ ਤੇ ਚੱਲ ਕੇ ਭੈਣਾਂ-ਭਰਾਵਾਂ ਨਾਲ ਪਿਆਰ ਨਾਲ ਪੇਸ਼ ਆਉਂਦੇ ਹਨ। ਯਿਸੂ “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਸਾਰੀ ਕਲੀਸਿਯਾ ਨੂੰ ‘ਵੇਲੇ ਸਿਰ ਰਸਤ’ ਦਿੰਦਾ ਹੈ। (ਮੱਤੀ 24:45-47) ਸਾਨੂੰ ਮਾਤਬਰ ਨੌਕਰ ਤੋਂ ਮਿਲੇ ਕਿਤਾਬਾਂ-ਰਸਾਲੇ ਪੜ੍ਹਨੇ, ਇਨ੍ਹਾਂ ਉੱਤੇ ਸੋਚ-ਵਿਚਾਰ ਕਰਨਾ ਤੇ ਇਨ੍ਹਾਂ ਵਿਚ ਪਾਈ ਜਾਂਦੀ ਸਿੱਖਿਆ ਉੱਤੇ ਚੱਲਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਦਿਖਾਵਾਂਗੇ ਕਿ ਅਸੀਂ ਯਿਸੂ ਦੀ ਸਰਦਾਰੀ ਨੂੰ ਕਬੂਲ ਕਰਦੇ ਹਾਂ। ਇੱਦਾਂ ਕਲੀਸਿਯਾ ਦੀ ਏਕਤਾ ਤੇ ਸ਼ਾਂਤੀ ਬਰਕਰਾਰ ਰਹਿੰਦੀ ਹੈ।—ਰੋਮੀ. 14:13, 19.

ਕਿਸ ਹੱਦ ਤਕ ਝੁਕੀਏ

12. ਸਾਨੂੰ ਕਦੋਂ ਨਹੀਂ ਝੁਕਣਾ ਚਾਹੀਦਾ?

12 ਕਿਸੇ ਅੱਗੇ ਝੁਕਣ ਦਾ ਇਹ ਮਤਲਬ ਨਹੀਂ ਕਿ ਅਸੀਂ ਆਪਣੇ ਵਿਸ਼ਵਾਸਾਂ ਜਾਂ ਪਰਮੇਸ਼ੁਰ ਦੇ ਠਹਿਰਾਏ ਅਸੂਲਾਂ ਨਾਲ ਸਮਝੌਤਾ ਕਰਦੇ ਹਾਂ। ਇਸ ਮਾਮਲੇ ਵਿਚ ਅਸੀਂ ਪਹਿਲੀ ਸਦੀ ਦੇ ਮਸੀਹੀਆਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਜਦ ਧਾਰਮਿਕ ਆਗੂਆਂ ਨੇ ਰਸੂਲਾਂ ਨੂੰ ਯਿਸੂ ਬਾਰੇ ਪ੍ਰਚਾਰ ਕਰਨ ਤੋਂ ਰੁਕਣ ਦੀ ਕੋਸ਼ਿਸ਼ ਕੀਤੀ, ਤਾਂ ਪਤਰਸ ਤੇ ਹੋਰਾਂ ਰਸੂਲਾਂ ਨੇ ਨਿਡਰ ਹੋ ਕੇ ਕਿਹਾ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।” (ਰਸੂ. 4:18-20; 5:28, 29) ਤਾਂ ਫਿਰ, ਜਦ ਹਕੂਮਤਾਂ ਸਾਡੇ ਪ੍ਰਚਾਰ ਦੇ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕਰਦੀਆਂ ਹਨ, ਤਾਂ ਅਸੀਂ ਸ਼ਾਇਦ ਪ੍ਰਚਾਰ ਕਰਨ ਦੇ ਤਰੀਕੇ ਬਦਲੀਏ ਪਰ ਪ੍ਰਚਾਰ ਕਰਨਾ ਨਹੀਂ ਛੱਡਾਂਗੇ। ਜੇ ਘਰ-ਘਰ ਪ੍ਰਚਾਰ ਕਰਨ ਤੇ ਪਾਬੰਦੀ ਲਾਈ ਜਾਵੇ, ਤਾਂ ਅਸੀਂ ਪ੍ਰਚਾਰ ਕਰਨ ਦੇ ਹੋਰ ਤਰੀਕੇ ਭਾਲਾਂਗੇ। ਜੇ “ਹਕੂਮਤਾਂ” ਸਾਡੇ ਇਕੱਠੇ ਹੋਣ ਤੇ ਪਾਬੰਦੀ ਲਾਉਣ, ਤਾਂ ਅਸੀਂ ਇਕੱਠੇ ਹੋਣਾ ਨਹੀਂ ਛੱਡਾਂਗੇ ਬਲਕਿ ਛੋਟੇ-ਛੋਟੇ ਗਰੁੱਪਾਂ ਵਿਚ ਇਕੱਠੇ ਹੁੰਦੇ ਰਹਾਂਗੇ।—ਰੋਮੀ. 13:1; ਇਬ. 10:24, 25.

13. ਯਿਸੂ ਨੇ ਅਧੀਨਗੀ ਬਾਰੇ ਹੋਰ ਕੀ ਕਿਹਾ ਸੀ?

13 ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਵੀ ਅਧੀਨਗੀ ਬਾਰੇ ਗੱਲ ਕੀਤੀ ਸੀ। ਉਸ ਨੇ ਕਿਹਾ: “ਜੇਕਰ ਕੋਈ ਤੇਰੇ ਤੇ ਮੁਕਦਮਾ ਕਰਕੇ ਤੇਰੇ ਤੋਂ ਕੁੜਤਾ ਲੈਣਾ ਚਾਹੇ, ਤਾਂ ਉਸ ਨੂੰ ਆਪਣੀ ਚਾਦਰ ਵੀ ਲੈਣ ਦੇਹ। ਫਿਰ ਜੇਕਰ ਕੋਈ ਇਕ ਮੀਲ ਤਕ ਤੈਨੂੰ ਵਗਾਰ ਦੇ ਤੌਰ ਤੇ ਲੈ ਜਾਏ, ਤਾਂ ਤੂੰ ਉਸ ਨਾਲ ਦੋ ਮੀਲ ਤਕ ਜਾਹ।” (ਮੱਤੀ 5:40, 41, CL) * ਜੇ ਅਸੀਂ ਦੂਸਰਿਆਂ ਦੇ ਭਲੇ ਬਾਰੇ ਸੋਚਾਂਗੇ, ਤਾਂ ਅਸੀਂ ਆਪਣਾ ਹੱਕ ਜਤਾਉਣ ਦੀ ਬਜਾਇ ਪੂਰੀ ਵਾਹ ਲਾ ਕੇ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ।—1 ਕੁਰਿੰ. 13:5; ਤੀਤੁ. 3:1, 2.

14. ਸੱਚਾਈ ਤੋਂ ਮੂੰਹ ਮੋੜ ਚੁੱਕੇ ਭਰਾਵਾਂ ਤੋਂ ਸਾਨੂੰ ਕਿਉਂ ਦੂਰ ਰਹਿਣਾ ਚਾਹੀਦਾ ਹੈ?

14 ਸਾਨੂੰ ਉਨ੍ਹਾਂ ਦੀ ਕੋਈ ਵੀ ਗੱਲ ਨਹੀਂ ਸੁਣਨੀ ਚਾਹੀਦੀ ਜਿਨ੍ਹਾਂ ਨੇ ਪਰਮੇਸ਼ੁਰ ਤੋਂ ਮੂੰਹ ਮੋੜ ਲਿਆ ਹੈ। ਅਸੀਂ ਉਨ੍ਹਾਂ ਤੋਂ ਦੂਰ ਰਹਾਂਗੇ ਤੇ ਉਨ੍ਹਾਂ ਦੀਆਂ ਝੂਠੀਆਂ ਗੱਲਾਂ ਵਿਚ ਆ ਕੇ ਕਲੀਸਿਯਾ ਦੀ ਏਕਤਾ ਨੂੰ ਭੰਗ ਨਹੀਂ ਹੋਣ ਦੇਵਾਂਗੇ। “ਝੂਠੇ ਭਰਾਵਾਂ” ਬਾਰੇ ਗੱਲ ਕਰਦੇ ਹੋਏ ਪੌਲੁਸ ਨੇ ਲਿਖਿਆ: “ਅਸੀਂ ਇੱਕ ਘੜੀ ਵੀ ਅਧੀਨ ਹੋ ਕੇ ਓਹਨਾਂ ਦੇ ਵੱਸ ਵਿੱਚ ਨਾ ਆਏ ਭਈ ਖੁਸ਼ ਖਬਰੀ ਦੀ ਸਚਿਆਈ ਤੁਹਾਡੇ ਕੋਲ ਬਣੀ ਰਹੇ।” (ਗਲਾ. 2:4, 5) ਜੇ ਕਦੇ ਕੋਈ ਭਰਾ ਸੱਚਾਈ ਤੋਂ ਮੂੰਹ ਮੋੜ ਲਵੇ, ਤਾਂ ਅਸੀਂ ਉਸ ਦਾ ਸਾਥ ਦੇਣ ਦੀ ਬਜਾਇ ਸੱਚ ਦਾ ਲੜ ਘੁੱਟ ਕੇ ਫੜੀ ਰੱਖਾਂਗੇ।

ਭੈਣੋ-ਭਰਾਵੋ ਇਕ-ਦੂਜੇ ਦਾ ਆਦਰ-ਮਾਣ ਕਰੋ

15. ਬਜ਼ੁਰਗਾਂ ਨੂੰ ਖ਼ਾਸਕਰ ਕਦੋਂ ਸ਼ੀਲ ਸੁਭਾਅ ਵਾਲੇ ਹੋਣ ਦੀ ਲੋੜ ਹੈ?

15 ਇਹ ਲਾਜ਼ਮੀ ਹੈ ਕਿ ਬਜ਼ੁਰਗ ਵੀ ਆਪਣੀ ਗੱਲ ਤੇ ਅੜੇ ਨਾ ਰਹਿਣ, ਸਗੋਂ ਦੂਸਰਿਆਂ ਦੀ ਗੱਲ ਸੁਣਨ। ਪੌਲੁਸ ਨੇ ਲਿਖਿਆ ਕਿ “ਨਿਗਾਹਬਾਨ . . . ਸੀਲ ਸੁਭਾਉ ਹੋਵੇ।” (1 ਤਿਮੋ. 3:2, 3) ਬਜ਼ੁਰਗਾਂ ਲਈ ਇਸ ਤਰ੍ਹਾਂ ਕਰਨਾ ਖ਼ਾਸਕਰ ਉਦੋਂ ਜ਼ਰੂਰੀ ਹੁੰਦਾ ਹੈ ਜਦ ਉਹ ਕਲੀਸਿਯਾ ਦੇ ਕਿਸੇ ਮਾਮਲੇ ਬਾਰੇ ਗੱਲ ਕਰਨ ਲਈ ਇਕੱਠੇ ਹੁੰਦੇ ਹਨ। ਫ਼ੈਸਲਾ ਕਰਨ ਤੋਂ ਪਹਿਲਾਂ ਇਸ ਮੀਟਿੰਗ ਵਿਚ ਜੇ ਕੋਈ ਬਜ਼ੁਰਗ ਚਾਹੇ, ਤਾਂ ਉਹ ਆਪਣੀ ਰਾਇ ਪੇਸ਼ ਕਰ ਸਕਦਾ ਹੈ। ਪਰ ਜ਼ਰੂਰੀ ਨਹੀਂ ਕਿ ਸਾਰੇ ਕੁਝ-ਨ-ਕੁਝ ਕਹਿਣ। ਸ਼ਾਇਦ ਸ਼ੁਰੂ ਵਿਚ ਬਜ਼ੁਰਗਾਂ ਦੀ ਆਪਣੀ-ਆਪਣੀ ਰਾਇ ਸੀ, ਪਰ ਗੱਲਬਾਤ ਕਰਨ ਤੋਂ ਬਾਅਦ ਅਤੇ ਬਾਈਬਲ ਦੇ ਸਿਧਾਂਤਾਂ ਨੂੰ ਧਿਆਨ ਵਿਚ ਰੱਖਦੇ ਹੋਏ, ਕੋਈ ਵੀ ਸਮਝਦਾਰ ਬਜ਼ੁਰਗ ਆਪਣੀ ਹੀ ਗੱਲ ਤੇ ਅੜਿਆ ਨਹੀਂ ਰਹੇਗਾ। ਇੱਦਾਂ ਫ਼ੈਸਲੇ ਕਰਨ ਨਾਲ ਕਲੀਸਿਯਾ ਦੀ ਏਕਤਾ ਬਰਕਰਾਰ ਰਹੇਗੀ।—1 ਕੁਰਿੰ. 1:10; ਅਫ਼ਸੀਆਂ 4:1-3 ਪੜ੍ਹੋ।

16. ਕਲੀਸਿਯਾ ਦੇ ਬਜ਼ੁਰਗਾਂ ਨੂੰ ਭੈਣਾਂ-ਭਰਾਵਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

16 ਹਰ ਗੱਲ ਵਿਚ ਬਜ਼ੁਰਗਾਂ ਨੂੰ ਪਰਮੇਸ਼ੁਰ ਦੇ ਅਸੂਲਾਂ ਤੇ ਚੱਲਣ ਦੀ ਲੋੜ ਹੈ। ਖ਼ਾਸਕਰ ਉਦੋਂ ਜਦ ਉਹ ਕਲੀਸਿਯਾ ਵਿਚ ਭੈਣਾਂ-ਭਰਾਵਾਂ ਨੂੰ ਸਲਾਹ ਦਿੰਦੇ ਹਨ ਜਾਂ ਉਨ੍ਹਾਂ ਦੀ ਮਦਦ ਕਰਦੇ ਹਨ। ਬਜ਼ੁਰਗਾਂ ਨੂੰ ਭੈਣਾਂ-ਭਰਾਵਾਂ ਦੇ ਜਜ਼ਬਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਪਤਰਸ ਨੇ ਲਿਖਿਆ: “ਭਈ ਤੁਸੀਂ ਪਰਮੇਸ਼ੁਰ ਦੇ ਉਸ ਇੱਜੜ ਦੀ ਜੋ ਤੁਹਾਡੇ ਵਿੱਚ ਹੈ ਚਰਵਾਹੀ ਕਰੋ ਪਰ ਲਚਾਰੀ ਨਾਲ ਨਹੀਂ ਸਗੋਂ ਖ਼ੁਸ਼ੀ ਨਾਲ ਪਰਮੇਸ਼ੁਰ ਦੀ ਇੱਛਿਆ ਅਨੁਸਾਰ ਅਤੇ ਨਾ ਝੂਠੇ ਨਫ਼ੇ ਦੇ ਕਾਰਨ ਸਗੋਂ ਮਨ ਦੀ ਚਾਹ ਨਾਲ।”—1 ਪਤ. 5:2.

17. ਕਲੀਸਿਯਾ ਵਿਚ ਸਾਰੇ ਇਕ-ਦੂਜੇ ਦਾ ਆਦਰ-ਮਾਣ ਤੇ ਮਦਦ ਕਿਵੇਂ ਕਰ ਸਕਦੇ ਹਨ?

17 ਕਲੀਸਿਯਾ ਦੇ ਸਿਆਣੇ ਭੈਣ-ਭਰਾ ਨੌਜਵਾਨਾਂ ਦੀ ਮਦਦ ਲਈ ਸ਼ੁਕਰਗੁਜ਼ਾਰ ਹਨ ਅਤੇ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ। ਇੱਦਾਂ ਹੀ ਨੌਜਵਾਨ ਵੱਡੀ ਉਮਰ ਦੇ ਭੈਣਾਂ-ਭਰਾਵਾਂ ਦਾ ਆਦਰ-ਮਾਣ ਕਰਦੇ ਹਨ ਤੇ ਉਨ੍ਹਾਂ ਦੇ ਤਜਰਬਿਆਂ ਤੋਂ ਸਿੱਖਦੇ ਹਨ। (1 ਤਿਮੋ. 5:1, 2) ਕਲੀਸਿਯਾ ਦੇ ਬਜ਼ੁਰਗ ਨੌਜਵਾਨ ਭਰਾਵਾਂ ਨੂੰ ਸਿਖਲਾਈ ਦਿੰਦੇ ਹਨ ਤਾਂਕਿ ਉਹ ਹੋਰ ਜ਼ਿੰਮੇਵਾਰੀਆਂ ਸੰਭਾਲ ਸਕਣ ਅਤੇ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰ ਸਕਣ। (2 ਤਿਮੋ. 2:1, 2) ਸਾਨੂੰ ਸਾਰਿਆਂ ਨੂੰ ਪੌਲੁਸ ਦੀ ਇਸ ਸਲਾਹ ਤੇ ਚੱਲਣਾ ਚਾਹੀਦਾ ਹੈ: “ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਓਹਨਾਂ ਦੇ ਅਧੀਨ ਰਹੋ ਕਿਉਂ ਜੋ ਓਹ ਉਨ੍ਹਾਂ ਵਾਂਙੁ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ ਭਈ ਓਹ ਇਹ ਕੰਮ ਅਨੰਦ ਨਾਲ ਕਰਨ, ਨਾ ਹਾਉਕੇ ਭਰ ਭਰ ਕੇ ਕਿਉਂ ਜੋ ਇਹ ਤੁਹਾਡੇ ਲਈ ਲਾਭਵੰਤ ਨਹੀਂ।”—ਇਬ. 13:17.

ਪਰਿਵਾਰ ਵਿਚ ਇਕ-ਦੂਜੇ ਦੀ ਸੁਣੋ

18. ਪਰਿਵਾਰ ਵਿਚ ਸਾਨੂੰ ਅਧੀਨ ਰਹਿਣ ਦੀ ਕਿਉਂ ਲੋੜ ਹੈ?

18 ਪਰਿਵਾਰ ਵਿਚ ਵੀ ਸਾਨੂੰ ਅਧੀਨ ਰਹਿਣ ਅਤੇ ਝੁਕਣ ਦੀ ਲੋੜ ਹੈ। (ਕੁਲੁੱਸੀਆਂ 3:18-21 ਪੜ੍ਹੋ।) ਬਾਈਬਲ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਪਰਿਵਾਰ ਵਿਚ ਹਰ ਜੀ ਦੀ ਆਪੋ-ਆਪਣੀ ਜ਼ਿੰਮੇਵਾਰੀ ਹੈ। ਪਿਤਾ ਘਰ ਦਾ ਸਰਦਾਰ ਹੈ ਅਤੇ ਨਿਆਣਿਆਂ ਨੂੰ ਸਿੱਖਿਆ ਦੇਣ ਦੀ ਮੁੱਖ ਜ਼ਿੰਮੇਵਾਰੀ ਉਸ ਦੀ ਹੈ। ਪਤਨੀ ਨੂੰ ਆਪਣੇ ਪਤੀ ਦੇ ਅਧੀਨ ਰਹਿਣ ਦੀ ਲੋੜ ਹੈ ਅਤੇ ਨਿਆਣਿਆਂ ਨੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰਨਾ ਚਾਹੀਦਾ ਹੈ। ਜਦ ਅਸੀਂ ਪਰਮੇਸ਼ੁਰ ਦੇ ਇਸ ਇੰਤਜ਼ਾਮ ਅਨੁਸਾਰ ਚੱਲਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੇ ਦਿਲ ਨੂੰ ਖ਼ੁਸ਼ ਕਰਦੇ ਹਾਂ ਅਤੇ ਪਰਿਵਾਰ ਦੀ ਸ਼ਾਂਤੀ ਤੇ ਏਕਤਾ ਬਣਾਈ ਰੱਖਦੇ ਹਾਂ। ਆਓ ਆਪਾਂ ਕੁਝ ਮਿਸਾਲਾਂ ਤੇ ਗੌਰ ਕਰ ਕੇ ਦੇਖੀਏ ਕਿ ਸਾਨੂੰ ਪਰਿਵਾਰ ਵਿਚ ਇਕ-ਦੂਜੇ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ।

19, 20. (ੳ) ਏਲੀ ਅਤੇ ਯਹੋਵਾਹ ਪਰਮੇਸ਼ੁਰ ਆਪੋ-ਆਪਣੇ ਪੁੱਤਰਾਂ ਨਾਲ ਕਿਵੇਂ ਪੇਸ਼ ਆਏ ਸਨ? (ਅ) ਏਲੀ ਤੇ ਯਹੋਵਾਹ ਦੀ ਮਿਸਾਲ ਤੋਂ ਮਾਪੇ ਕੀ ਸਿੱਖ ਸਕਦੇ ਹਨ?

19 ਜਦ ਸਮੂਏਲ ਅਜੇ ਛੋਟਾ ਹੀ ਸੀ ਤਦ ਏਲੀ ਇਸਰਾਏਲ ਵਿਚ ਪ੍ਰਧਾਨ ਜਾਜਕ ਸੀ। ਏਲੀ ਦੇ ਮੁੰਡੇ ਹਾਫ਼ਨੀ ਤੇ ਫ਼ੀਨਹਾਸ “ਕਿਸੇ ਕੰਮ ਦੇ ਨਹੀਂ ਸੀ। ਇਥੋਂ ਤਕ ਕਿ ਉਹ [ਯਹੋਵਾਹ] ਦਾ ਵੀ ਆਦਰ-ਮਾਣ ਨਹੀਂ ਕਰਦੇ ਸਨ।” (1 ਸਮੂ. 2:12, CL) ਏਲੀ ਨੂੰ ਆਪਣੇ ਪੁੱਤਰਾਂ ਦੀਆਂ ਬੁਰੀਆਂ ਹਰਕਤਾਂ ਬਾਰੇ ਖ਼ਬਰ ਸੀ। ਏਲੀ ਜਾਣਦਾ ਸੀ ਕਿ ਉਸ ਦੇ ਪੁੱਤਰ ਹੈਕਲ ਦੇ ਬੂਹੇ ਅੱਗੇ ਸੇਵਾ ਕਰਨ ਵਾਲੀਆਂ ਔਰਤਾਂ ਨਾਲ ਵਿਭਚਾਰ ਕਰਦੇ ਸਨ। ਇਹ ਸਭ ਗੱਲਾਂ ਜਾਣਦੇ ਹੋਏ ਏਲੀ ਆਪਣੇ ਪੁੱਤਰਾਂ ਨਾਲ ਕਿਵੇਂ ਪੇਸ਼ ਆਇਆ ਸੀ? ਉਸ ਨੂੰ ਆਪਣੇ ਪੁੱਤਰਾਂ ਨਾਲ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਸੀ ਤੇ ਉਨ੍ਹਾਂ ਨੂੰ ਸੁਧਾਰਨਾ ਚਾਹੀਦਾ ਸੀ। ਪਰ ਉਸ ਨੇ ਇੰਨਾ ਹੀ ਕਹਿ ਕੇ ਗੱਲ ਟਾਲ ਦਿੱਤੀ ਕਿ ਜੇਕਰ ਮਨੁੱਖ ਪ੍ਰਭੂ ਦੇ ਵਿਰੁੱਧ ਪਾਪ ਕਰੇ, ਤਾਂ ਕੌਣ ਉਸ ਦੀ ਮਦਦ ਕਰ ਸਕਦਾ ਹੈ? ਇਸ ਦਾ ਨਤੀਜਾ ਕੀ ਨਿਕਲਿਆ? ਏਲੀ ਦੇ ਮੁੰਡੇ ਆਪਣੇ ਬੁਰੇ ਕੰਮਾਂ ਵਿਚ ਲੱਗੇ ਰਹੇ। ਅਖ਼ੀਰ ਵਿਚ ਯਹੋਵਾਹ ਨੇ ਕਦਮ ਚੁੱਕਿਆ ਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ। ਆਪਣੇ ਮੁੰਡਿਆਂ ਦੀ ਮੌਤ ਦੀ ਖ਼ਬਰ ਸੁਣ ਕੇ ਏਲੀ ਵੀ ਮਰ ਗਿਆ। ਹੈਨਾ ਦੁੱਖ ਦੀ ਗੱਲ! ਆਪਣੇ ਮੁੰਡਿਆਂ ਨੂੰ ਸੁਧਾਰਨ ਦੀ ਬਜਾਇ ਏਲੀ ਨੇ ਉਨ੍ਹਾਂ ਨੂੰ ਆਪਣੀ ਮੰਨ-ਮਰਜ਼ੀ ਕਰਨ ਦਿੱਤੀ ਜਿਸ ਕਰਕੇ ਉਹ ਸਭ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ।—1 ਸਮੂ. 2:13-17, 22-25, 34, 35; 4:17, 18.

20 ਏਲੀ ਦੇ ਉਲਟ ਹੁਣ ਜ਼ਰਾ ਧਿਆਨ ਦਿਓ ਕਿ ਯਹੋਵਾਹ ਪਰਮੇਸ਼ੁਰ ਆਪਣੇ ਸਵਰਗੀ ਪੁੱਤਰਾਂ ਨਾਲ ਕਿਵੇਂ ਪੇਸ਼ ਆਉਂਦਾ ਹੈ। ਮੀਕਾਯਾਹ ਨਬੀ ਨੇ ਇਕ ਦਰਸ਼ਣ ਵਿਚ ਯਹੋਵਾਹ ਅਤੇ ਫ਼ਰਿਸ਼ਤਿਆਂ ਨੂੰ ਆਪਸ ਵਿਚ ਕੋਈ ਮੀਟਿੰਗ ਕਰਦੇ ਦੇਖਿਆ। ਯਹੋਵਾਹ ਨੇ ਸਾਰੇ ਫ਼ਰਿਸ਼ਤਿਆਂ ਨੂੰ ਪੁੱਛਿਆ ਕਿ ਕੌਣ ਅਹਾਬ ਨੂੰ ਭਰਮਾਏਗਾ ਤਾਂਕਿ ਉਸ ਦਾ ਰਾਜ ਡਿੱਗ ਜਾਵੇ। ਇਕ-ਇਕ ਕਰ ਕੇ ਯਹੋਵਾਹ ਨੇ ਸਾਰੇ ਫ਼ਰਿਸ਼ਤਿਆਂ ਦੀ ਰਾਇ ਸੁਣੀ। ਫਿਰ ਇਕ ਫ਼ਰਿਸ਼ਤੇ ਨੇ ਯਹੋਵਾਹ ਨੂੰ ਕਿਹਾ ਉਹ ਅਹਾਬ ਨੂੰ ਭਰਮਾਏਗਾ। ਯਹੋਵਾਹ ਨੇ ਉਸ ਨੂੰ ਪੁੱਛਿਆ ਕਿ ਉਹ ਇਹ ਕਿਵੇਂ ਕਰੇਂਗਾ? ਉਸ ਦਾ ਜਵਾਬ ਸੁਣ ਕੇ ਯਹੋਵਾਹ ਨੇ ਉਸ ਨੂੰ ਕਿਹਾ ‘ਜਾ ਇੱਦਾਂ ਹੀ ਕਰ।’ (1 ਰਾਜ. 22:19-23) ਯਹੋਵਾਹ ਦੀ ਮਿਸਾਲ ਤੋਂ ਪਰਿਵਾਰ ਦੇ ਜੀਅ ਕਿਹੜੇ ਵਧੀਆ ਸਬਕ ਸਿੱਖ ਸਕਦੇ ਹਨ? ਇਕ ਭਰਾ ਨੂੰ ਆਪਣੀ ਪਤਨੀ ਅਤੇ ਬੱਚਿਆਂ ਦੀ ਰਾਇ ਸੁਣਨੀ ਚਾਹੀਦੀ ਹੈ। ਪਰ ਪਤਨੀ ਤੇ ਬੱਚਿਆਂ ਨੂੰ ਆਪਣੀ ਗੱਲ ਤੇ ਅੜੇ ਨਹੀਂ ਰਹਿਣਾ ਚਾਹੀਦਾ ਬਲਕਿ ਘਰ ਦੇ ਸਰਦਾਰ ਯਾਨੀ ਪਤੀ ਦਾ ਫ਼ੈਸਲਾ ਕਬੂਲ ਕਰ ਲੈਣਾ ਚਾਹੀਦਾ ਹੈ।

21. ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?

21 ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਸਾਨੂੰ ਸਲਾਹ ਦਿੰਦਾ ਹੈ ਅਤੇ ਸਿਖਾਉਂਦਾ ਹੈ ਕਿ ਸਾਨੂੰ ਇਕ-ਦੂਜੇ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ। (ਜ਼ਬੂ. 119:99) ਅਸੀਂ ਅਗਲੇ ਲੇਖ ਵਿਚ ਦੇਖਾਂਗੇ ਕਿ ਵਿਆਹੁਤਾ ਜੀਵਨ ਵਿਚ ਖ਼ੁਸ਼ੀਆਂ ਦੀ ਬਹਾਰ ਕਿਵੇਂ ਲਿਆਈ ਜਾ ਸਕਦੀ ਹੈ।

[ਫੁਟਨੋਟ]

^ ਪੈਰਾ 2 ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਸ਼ੀਲ” ਤੇ “ਨਿਮ੍ਰ” ਸੁਭਾਅ ਕੀਤਾ ਗਿਆ ਹੈ, ਉਸ ਦਾ ਕਿਸੇ ਇਕ ਸ਼ਬਦ ਨਾਲ ਅਨੁਵਾਦ ਕਰਨਾ ਬਹੁਤ ਮੁਸ਼ਕਲ ਹੈ। ਇਕ ਕੋਸ਼ ਦੇ ਮੁਤਾਬਕ ਇਸ ਸ਼ਬਦ ਦਾ ਮਤਲਬ ਹੈ ਕਿ “ਸਾਨੂੰ ਆਪਣੀ ਹੀ ਗੱਲ ਤੇ ਅੜੇ ਨਹੀਂ ਰਹਿਣਾ ਚਾਹੀਦਾ ਸਗੋਂ ਨਿਮਰਤਾ ਨਾਲ ਦੂਸਰਿਆਂ ਅੱਗੇ ਝੁਕ ਜਾਣਾ ਚਾਹੀਦਾ ਹੈ। ਸਾਨੂੰ ਦੂਜਿਆਂ ਦੇ ਜਜ਼ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਭਲੇ ਬਾਰੇ ਸੋਚਣਾ ਚਾਹੀਦਾ ਹੈ।” ਇਸ ਸ਼ਬਦ ਦਾ ਇਹ ਵੀ ਮਤਲਬ ਹੈ ਕਿ ਅਸੀਂ ਕੱਟੜ ਨਾ ਬਣੀਏ ਤੇ ਨਾ ਹੀ ਆਪਣਾ ਹੱਕ ਜਤਾਉਣ ਦੀ ਕੋਸ਼ਿਸ਼ ਕਰੀਏ।

^ ਪੈਰਾ 13 ਹੋਰ ਜਾਣਕਾਰੀ ਲਈ 15 ਫਰਵਰੀ 2005 ਦੇ ਪਹਿਰਾਬੁਰਜ ਰਸਾਲੇ ਦੇ 23-26 ਸਫ਼ੇ ਤੇ “ਜੇ ਕੋਈ ਤੈਨੂੰ ਵਿਗਾਰੇ ਲੈ ਜਾਵੇ” ਨਾਂ ਦਾ ਲੇਖ ਪੜ੍ਹੋ।

ਤੁਸੀਂ ਕੀ ਜਵਾਬ ਦਿਓਗੇ?

• ਝੁਕਣ ਦੇ ਕਿਹੜੇ ਵਧੀਆ ਨਤੀਜੇ ਨਿਕਲਦੇ ਹਨ?

• ਬਜ਼ੁਰਗਾਂ ਨੂੰ ਕਿਨ੍ਹਾਂ ਗੱਲਾਂ ਵਿਚ ਸ਼ੀਲ ਸੁਭਾਅ ਵਾਲੇ ਹੋਣ ਦੀ ਲੋੜ ਹੈ?

• ਪਰਿਵਾਰ ਦੇ ਹਰ ਜੀਅ ਨੂੰ ਇਕ-ਦੂਜੇ ਦੀ ਕਿਉਂ ਸੁਣਨੀ ਚਾਹੀਦੀ ਹੈ?

[ਸਵਾਲ]

[ਸਫ਼ਾ 4 ਉੱਤੇ ਤਸਵੀਰ]

ਯਿਸੂ ਦੀ ਤਰ੍ਹਾਂ ਬਜ਼ੁਰਗ ਵੀ ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਹਨ

[ਸਫ਼ਾ 6 ਉੱਤੇ ਤਸਵੀਰ]

ਕਲੀਸਿਯਾ ਦੇ ਕਿਸੇ ਮਾਮਲੇ ਨੂੰ ਸੁਲਝਾਉਣ ਲਈ ਬਜ਼ੁਰਗ ਪ੍ਰਾਰਥਨਾ ਕਰ ਕੇ ਯਹੋਵਾਹ ਦੀ ਸੇਧ ਭਾਲਦੇ ਹਨ ਤੇ ਏਕਤਾ ਕਾਇਮ ਰੱਖਣ ਲਈ ਆਪਣੀ ਗੱਲ ਤੇ ਅੜੇ ਨਹੀਂ ਰਹਿੰਦੇ