Skip to content

Skip to table of contents

ਇਕ ਵਾਅਦਾ

ਇਕ ਵਾਅਦਾ

ਇਕ ਵਾਅਦਾ

ਮੈਂ ਕਿਸੇ ਨੂੰ ਮਿਲਣ ਦਾ ਵਾਅਦਾ ਕੀਤਾ ਹੈ। ਇਹ ਵਾਅਦਾ ਮੈਂ ਆਪਣੀ ਧੀ ਨਾਲ ਕੀਤਾ ਹੈ। ਆਓ ਮੈਂ ਤੁਹਾਨੂੰ ਦੱਸਾਂ ਕਿ ਮੈਂ ਇਹ ਵਾਅਦਾ ਕਿਉਂ ਕੀਤਾ।

ਸਪੇਨ ਵਿਚ ਸਾਡੇ ਘਰ ਸ਼ਾਂਤੀ ਤੇ ਪਿਆਰ ਬਿਲਕੁਲ ਨਹੀਂ ਸੀ। ਮੇਰੇ ਇਕ ਭਰਾ ਦੀ ਇਕ ਭਿਆਨਕ ਹਾਦਸੇ ਵਿਚ ਮੌਤ ਹੋਈ ਸੀ। ਉਸ ਵੇਲੇ ਉਹ ਚਾਰ ਸਾਲਾਂ ਦਾ ਸੀ ਤੇ ਉਸ ਦੀ ਮੌਤ ਪਰਿਵਾਰ ਲਈ ਬਹੁਤ ਵੱਡਾ ਸਦਮਾ ਸੀ। ਇਸ ਤੋਂ ਇਲਾਵਾ, ਪਿਤਾ ਜੀ ਦੀਆਂ ਮਾੜੀਆਂ ਆਦਤਾਂ ਕਰਕੇ ਮਾਤਾ ਜੀ ਦੁਖੀ ਰਹਿੰਦੇ ਸਨ। ਫਿਰ ਵੀ ਉਨ੍ਹਾਂ ਨੇ ਮੈਨੂੰ ਤੇ ਮੇਰੇ ਵੱਡੇ ਭਰਾ ਨੂੰ ਚੰਗੇ ਸੰਸਕਾਰ ਸਿਖਾਏ।

ਭਰਾ ਦੇ ਵਿਆਹ ਤੋਂ ਬਾਅਦ ਮੈਂ ਵੀ ਵਿਆਹ ਕਰਾ ਲਿਆ। ਮੇਰੇ ਵਿਆਹ ਤੋਂ ਬਾਅਦ ਮਾਤਾ ਜੀ ਨੂੰ ਕੈਂਸਰ ਹੋ ਗਿਆ ਜੋ ਜਾਨਲੇਵਾ ਸਿੱਧ ਹੋਇਆ। ਪਰ ਮਰਨ ਤੋਂ ਪਹਿਲਾਂ ਉਹ ਸਾਨੂੰ ਇਕ ਅਨਮੋਲ ਚੀਜ਼ ਦੇ ਕੇ ਗਏ।

ਉਨ੍ਹਾਂ ਦੀ ਕਿਸੇ ਜਾਣਕਾਰ ਨੇ ਉਨ੍ਹਾਂ ਨੂੰ ਬਾਈਬਲ ਵਿੱਚੋਂ ਮਰੇ ਹੋਏ ਲੋਕਾਂ ਦੇ ਮੁੜ ਜ਼ਿੰਦਾ ਹੋਣ ਬਾਰੇ ਦੱਸਿਆ ਸੀ। ਇਸ ਕਰਕੇ ਮਾਤਾ ਜੀ ਬਾਈਬਲ ਦਾ ਅਧਿਐਨ ਕਰਨ ਲੱਗ ਪਏ। ਬਾਈਬਲ ਵਿਚ ਦਿੱਤੀ ਉਮੀਦ ਬਾਰੇ ਜਾਣ ਕੇ ਉਹ ਆਪਣੇ ਅਖ਼ੀਰੀ ਦਿਨਾਂ ਵਿਚ ਕਾਫ਼ੀ ਖ਼ੁਸ਼ ਰਹਿਣ ਲੱਗ ਪਏ ਸਨ।

ਮੈਂ ਤੇ ਮੇਰੇ ਭਰਾ ਨੇ ਦੇਖਿਆ ਕਿ ਮਾਤਾ ਜੀ ਕਿੰਨੇ ਖ਼ੁਸ਼ ਸਨ, ਤਾਂ ਅਸੀਂ ਵੀ ਬਾਈਬਲ ਪੜ੍ਹਨ ਲੱਗ ਪਏ। ਕੁਝ ਸਮੇਂ ਬਾਅਦ ਮੈਂ ਬਪਤਿਸਮਾ ਲੈ ਕੇ ਯਹੋਵਾਹ ਦੀ ਗਵਾਹ ਬਣ ਗਈ। ਬਪਤਿਸਮੇ ਤੋਂ ਇਕ ਮਹੀਨੇ ਬਾਅਦ ਮੈਂ ਆਪਣੇ ਦੂਜੇ ਬੱਚੇ ਨੂੰ ਜਨਮ ਦਿੱਤਾ। ਅਸੀਂ ਆਪਣੀ ਸੋਹਣੀ ਧੀ ਦਾ ਨਾਂ ਲੂਸੀਆ ਰੱਖਿਆ।

ਬਪਤਿਸਮੇ ਦਾ ਦਿਨ ਮੇਰੇ ਲਈ ਯਾਦਗਾਰੀ ਦਿਨ ਸੀ। ਬਪਤਿਸਮਾ ਲੈਣ ਤੇ ਯਹੋਵਾਹ ਨਾਲ ਮੇਰਾ ਰਿਸ਼ਤਾ ਜੁੜ ਗਿਆ ਸੀ ਤੇ ਮੈਂ ਉਸ ਨੂੰ ਆਪਣੀ ਜ਼ਿੰਦਗੀ ਹਮੇਸ਼ਾ-ਹਮੇਸ਼ਾ ਲਈ ਸਮਰਪਿਤ ਕਰ ਦਿੱਤੀ ਸੀ। ਇਹ ਮੇਰੇ ਲਈ ਬਹੁਤ ਵੱਡਾ ਖ਼ੁਸ਼ੀ ਦਾ ਕਾਰਨ ਸੀ। ਇਸ ਤੋਂ ਇਲਾਵਾ ਮੈਂ ਆਪਣੇ ਪੁੱਤ ਤੇ ਧੀ ਨੂੰ ਵੀ ਯਹੋਵਾਹ ਬਾਰੇ ਸਿਖਾ ਸਕਦੀ ਸੀ।

ਪਰ ਖ਼ੁਸ਼ੀ ਦਾ ਦੂਜਾ ਕਾਰਨ ਜ਼ਿਆਦਾ ਦੇਰ ਨਹੀਂ ਰਿਹਾ। ਜਦੋਂ ਲੂਸੀਆ ਚਾਰ ਸਾਲਾਂ ਦੀ ਸੀ, ਤਾਂ ਉਸ ਦੇ ਬਹੁਤ ਜ਼ੋਰ ਨਾਲ ਢਿੱਡ ਵਿਚ ਪੀੜ ਹੋਣ ਲੱਗ ਪਈ। ਕਈ ਟੈੱਸਟ ਕਰਾਉਣ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਉਸ ਦੇ ਜਿਗਰ ਨਾਲ ਇਕ ਸੰਤਰੇ ਜਿੱਡੀ ਗਿਲ੍ਹਟੀ ਸੀ। ਉਸ ਨੇ ਦੱਸਿਆ ਕਿ ਲੂਸੀਆ ਨੂੰ ਨਿਊਰੋਬਲਾਸਟੋਮਾ ਨਾਂ ਦਾ ਕੈਂਸਰ ਸੀ ਜੋ ਤੇਜ਼ੀ ਨਾਲ ਉਸ ਦੇ ਸਰੀਰ ਵਿਚ ਫੈਲ ਰਿਹਾ ਸੀ। ਇਸ ਤੋਂ ਬਾਅਦ ਲੂਸੀਆ ਸੱਤ ਸਾਲ ਕੈਂਸਰ ਨਾਲ ਲੜਦੀ ਰਹੀ। ਉਸ ਨੂੰ ਕਈ ਵਾਰ ਲੰਬਾ ਸਮਾਂ ਹਸਪਤਾਲ ਵਿਚ ਰਹਿਣਾ ਪੈਂਦਾ ਸੀ।

ਦੂਜਿਆਂ ਦਾ ਖ਼ਿਆਲ ਰੱਖਣ ਵਾਲੀ ਕੁੜੀ

ਉਹ ਸੱਤ ਸਾਲ ਸਾਡੇ ਲਈ ਅਸਹਿ ਸਨ। ਫਿਰ ਵੀ ਲੂਸੀਆ ਮੈਨੂੰ ਜੱਫੀਆਂ ਪਾ-ਪਾ ਕੇ ਤੇ ਮੂੰਹ ਚੁੰਮ-ਚੁੰਮ ਕੇ ਮੇਰੀ ਰੂਹ ਖ਼ੁਸ਼ ਕਰ ਦਿੰਦੀ ਸੀ। ਉਹ ਆਪਣੀ ਬੀਮਾਰੀ ਤੋਂ ਕਦੀ ਘਬਰਾਈ ਨਹੀਂ। ਇਹ ਦੇਖ ਕੇ ਡਾਕਟਰ, ਨਰਸਾਂ ਤੇ ਹੋਰ ਲੋਕ ਬੜੇ ਹੈਰਾਨ ਸਨ। ਉਹ ਹਮੇਸ਼ਾ ਨਰਸਾਂ ਦੀ ਮਦਦ ਕਰਦੀ ਰਹਿੰਦੀ ਸੀ। ਉਹ ਨਰਸਾਂ ਨਾਲ ਜਾ ਕੇ ਹੋਰਨਾਂ ਵਾਰਡਾਂ ਵਿਚ ਦਾਖ਼ਲ ਬੀਮਾਰ ਬੱਚਿਆਂ ਨੂੰ ਦਹੀਂ, ਜੂਸ ਤੇ ਹੋਰ ਚੀਜ਼ਾਂ ਵੰਡਿਆ ਕਰਦੀ ਸੀ। ਨਰਸਾਂ ਨੇ ਉਸ ਨੂੰ ਚਿੱਟਾ ਕੋਟ ਅਤੇ ਬੈਜ ਵੀ ਦਿੱਤਾ ਸੀ ਜਿਸ ਉੱਤੇ ਲਿਖਿਆ ਹੋਇਆ ਸੀ “ਛੋਟੀ ਨਰਸ।”

ਹਸਪਤਾਲ ਵਿਚ ਕੰਮ ਕਰਦੀ ਇਕ ਤੀਵੀਂ ਨੇ ਕਿਹਾ: “ਲੂਸੀਆ ਮੈਨੂੰ ਹਮੇਸ਼ਾ ਯਾਦ ਰਹੇਗੀ। ਉਹ ਗੱਲਾਂ-ਬਾਤਾਂ ਨਾਲ ਸਾਡਾ ਦਿਲ ਲਾਈ ਰੱਖਦੀ ਸੀ। ਉਸ ਨੂੰ ਪੇਂਟਿੰਗ ਕਰਨੀ ਬੜੀ ਪਸੰਦ ਸੀ। ਉਹ ਚੁਸਤ ਰਹਿੰਦੀ ਸੀ ਅਤੇ ਬਹੁਤ ਹੋਣਹਾਰ ਤੇ ਸਮਝਦਾਰ ਕੁੜੀ ਸੀ।”

ਲੂਸੀਆ ਪਰਮੇਸ਼ੁਰ ਦਾ ਬਚਨ ਬਾਈਬਲ ਪੜ੍ਹਦੀ ਸੀ ਜਿਸ ਤੋਂ ਉਸ ਨੂੰ ਹੌਸਲਾ ਮਿਲਦਾ ਸੀ ਤੇ ਉਹ ਨਿਰਾਸ਼ ਨਹੀਂ ਹੁੰਦੀ ਸੀ। (ਇਬ. 4:12) ਉਸ ਨੂੰ ਪਰਮੇਸ਼ੁਰ ਦੇ ਇਸ ਵਾਅਦੇ ਤੇ ਪੂਰਾ ਯਕੀਨ ਸੀ ਕਿ ਨਵੀਂ ਦੁਨੀਆਂ ਵਿਚ “ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।” (ਪਰ. 21:4) ਉਹ ਦੂਸਰਿਆਂ ਨੂੰ ਵੀ ਇਸ ਵਾਅਦੇ ਬਾਰੇ ਦੱਸਦੀ ਸੀ। ਮੁੜ ਜੀਉਂਦੇ ਹੋਣ ਦੀ ਪੱਕੀ ਉਮੀਦ ਕਰਕੇ ਲੂਸੀਆ ਖਿੜੀ ਰਹਿੰਦੀ ਸੀ। (ਯਸਾ. 25:8) ਉਹ ਆਖ਼ਰੀ ਦਮ ਤਕ ਖ਼ੁਸ਼ ਰਹੀ।

ਜਿਸ ਦਿਨ ਲੂਸੀਆ ਆਖ਼ਰੀ ਸਾਹਾਂ ਤੇ ਸੀ, ਉਸ ਦਿਨ ਮੈਂ ਉਸ ਨਾਲ ਵਾਅਦਾ ਕੀਤਾ ਸੀ। ਲੂਸੀਆ ਦੀਆਂ ਅੱਖਾਂ ਨਹੀਂ ਖੁੱਲ੍ਹ ਰਹੀਆਂ ਸਨ। ਉਸ ਦੇ ਡੈਡੀ ਨੇ ਉਸ ਦਾ ਇਕ ਹੱਥ ਫੜਿਆ ਹੋਇਆ ਸੀ ਤੇ ਦੂਜਾ ਮੈਂ। ਮੈਂ ਹੌਲੇ ਜਿਹੇ ਕਿਹਾ: “ਘਬਰਾ ਨਾ ਮੇਰੀ ਬੱਚੀ। ਮੈਂ ਤੇਰੇ ਕੋਲ ਹਾਂ। ਹੌਲੀ-ਹੌਲੀ ਸਾਹ ਲੈ। ਜਦੋਂ ਤੇਰੀ ਅੱਖ ਖੁੱਲ੍ਹੇਗੀ ਨਾ, ਤਾਂ ਤੂੰ ਬਿਲਕੁਲ ਠੀਕ ਹੋਏਂਗੀ। ਤੈਨੂੰ ਫੇਰ ਦਰਦ ਨਹੀਂ ਹੋਏਗਾ ਤੇ ਮੈਂ ਤੇਰੇ ਕੋਲ ਹੋਵਾਂਗੀ।”

ਮੈਂ ਇਹ ਵਾਅਦਾ ਜ਼ਰੂਰ ਨਿਭਾਉਣਾ ਹੈ। ਮੈਂ ਜਾਣਦੀ ਹਾਂ ਕਿ ਆਪਣੀ ਧੀ ਦੇ ਮੁੜ ਆਉਣ ਤਕ ਉਡੀਕ ਕਰਨੀ ਬੜੀ ਔਖੀ ਹੈ। ਪਰ ਮੈਂ ਇਹ ਵੀ ਜਾਣਦੀ ਹਾਂ ਕਿ ਜੇ ਮੈਂ ਧੀਰਜ ਨਾਲ ਯਹੋਵਾਹ ਉੱਤੇ ਭਰੋਸਾ ਰੱਖ ਕੇ ਵਫ਼ਾਦਾਰ ਰਹਾਂਗੀ, ਤਾਂ ਮੈਂ ਖੁੱਲ੍ਹੀਆਂ ਬਾਹਾਂ ਨਾਲ ਆਪਣੀ ਧੀ ਦਾ ਸੁਆਗਤ ਕਰਾਂਗੀ।

ਲੂਸੀਆ ਦੀ ਦੇਣ

ਜਦੋਂ ਲੂਸੀਆ ਜੀਉਂਦੀ ਸੀ, ਉਦੋਂ ਮੇਰੇ ਪਤੀ ਯਹੋਵਾਹ ਦੇ ਗਵਾਹ ਨਹੀਂ ਸਨ। ਪਰ ਉਹ ਇਹ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਕਿ ਲੂਸੀਆ ਪਰਮੇਸ਼ੁਰ ਦੇ ਵਾਅਦੇ ਉੱਤੇ ਭਰੋਸਾ ਰੱਖ ਕੇ ਕਿੰਨੀ ਦਲੇਰੀ ਨਾਲ ਆਪਣੀ ਬੀਮਾਰੀ ਨਾਲ ਲੜੀ ਤੇ ਭੈਣਾਂ-ਭਰਾਵਾਂ ਨੇ ਇਸ ਸਮੇਂ ਦੌਰਾਨ ਕਿੰਨੀ ਮਦਦ ਕੀਤੀ। ਜਿਸ ਦਿਨ ਲੂਸੀਆ ਸਾਨੂੰ ਛੱਡ ਕੇ ਗਈ, ਉਸ ਦਿਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਉੱਤੇ ਮੁੜ ਸੋਚ-ਵਿਚਾਰ ਕੀਤਾ। ਕੁਝ ਹਫ਼ਤਿਆਂ ਬਾਅਦ ਉਨ੍ਹਾਂ ਨੇ ਕਲੀਸਿਯਾ ਦੇ ਇਕ ਬਜ਼ੁਰਗ ਨੂੰ ਬਾਈਬਲ ਸਟੱਡੀ ਕਰਾਉਣ ਲਈ ਕਿਹਾ। ਜਲਦੀ ਹੀ ਉਹ ਸਾਰੀਆਂ ਸਭਾਵਾਂ ਵਿਚ ਆਉਣ ਲੱਗ ਪਏ। ਯਹੋਵਾਹ ਦੀ ਮਦਦ ਨਾਲ ਉਨ੍ਹਾਂ ਨੇ ਸਿਗਰਟਾਂ ਪੀਣੀਆਂ ਛੱਡ ਦਿੱਤੀਆਂ ਜੋ ਕਿ ਉਨ੍ਹਾਂ ਲਈ ਨਾਮੁਮਕਿਨ ਸੀ।

ਲੂਸੀਆ ਦੇ ਵਿਛੋੜੇ ਦਾ ਦਰਦ ਪੂਰੀ ਤਰ੍ਹਾਂ ਮਿਟਿਆ ਨਹੀਂ ਹੈ, ਪਰ ਮੈਂ ਯਹੋਵਾਹ ਦਾ ਸ਼ੁਕਰ ਕਰਦੀ ਹਾਂ ਕਿ ਲੂਸੀਆ ਨੇ ਕਈਆਂ ਦੇ ਦਿਲਾਂ ਨੂੰ ਛੋਹਿਆ। ਮੈਂ ਤੇ ਮੇਰੇ ਪਤੀ ਲੂਸੀਆ ਦੇ ਮੁੜ ਜੀ ਉੱਠਣ ਬਾਰੇ ਗੱਲਾਂ ਕਰ ਕੇ ਇਕ-ਦੂਜੇ ਨੂੰ ਹੌਸਲਾ ਦਿੰਦੇ ਹਾਂ। ਅਸੀਂ ਆਪਣੇ ਮਨ ਦੀਆਂ ਅੱਖਾਂ ਨਾਲ ਦੇਖਦੇ ਹਾਂ ਕਿ ਲੂਸੀਆ ਸਾਡੇ ਸਾਮ੍ਹਣੇ ਖੜ੍ਹੀ ਮੁਸਕਰਾ ਰਹੀ ਹੈ ਤੇ ਮੁਸਕਰਾਉਣ ਨਾਲ ਉਸ ਦੀਆਂ ਗੱਲ੍ਹਾਂ ਵਿਚ ਡੂੰਘ ਪੈ ਰਹੇ ਹਨ। ਉਸ ਦੀਆਂ ਗੋਲ-ਗੋਲ ਅੱਖਾਂ ਵਿਚ ਖ਼ੁਸ਼ੀ ਹੈ।

ਮੇਰੀ ਬੱਚੀ ਦੇ ਦਰਦਨਾਕ ਤਜਰਬੇ ਕਰਕੇ ਇਕ ਤੀਵੀਂ ਨੂੰ ਯਹੋਵਾਹ ਬਾਰੇ ਸਿੱਖਣ ਦਾ ਮੌਕਾ ਮਿਲਿਆ। ਇਕ ਦਿਨ ਸ਼ਨੀਵਾਰ ਸਵੇਰੇ ਮੀਂਹ ਵਿਚ ਉਹ ਸਾਡੇ ਘਰ ਆਈ। ਉਸ ਦਾ ਮੁੰਡਾ ਉਸ ਸਕੂਲ ਵਿਚ ਪੜ੍ਹਦਾ ਹੈ ਜਿੱਥੇ ਲੂਸੀਆ ਪੜ੍ਹਦੀ ਸੀ। ਉਸ ਦੇ ਦੂਸਰੇ 11 ਸਾਲਾਂ ਦੇ ਮੁੰਡੇ ਦੀ ਮੌਤ ਵੀ ਉਸੇ ਕੈਂਸਰ ਨਾਲ ਹੋਈ ਸੀ। ਜਦੋਂ ਉਸ ਨੇ ਲੂਸੀਆ ਬਾਰੇ ਸੁਣਿਆ, ਤਾਂ ਉਸ ਨੇ ਸਾਡਾ ਪਤਾ ਲੱਭਿਆ ਤੇ ਸਾਨੂੰ ਮਿਲਣ ਆਈ। ਉਹ ਜਾਣਨਾ ਚਾਹੁੰਦੀ ਸੀ ਕਿ ਅਸੀਂ ਲੂਸੀਆ ਦੀ ਮੌਤ ਦਾ ਗਮ ਕਿਵੇਂ ਸਹਾਰ ਰਹੇ ਸਾਂ। ਉਸ ਨੇ ਇਹ ਵੀ ਸਲਾਹ ਦਿੱਤੀ ਕਿ ਅਸੀਂ ਉਨ੍ਹਾਂ ਸਾਰੀਆਂ ਮਾਵਾਂ ਦਾ ਗਰੁੱਪ ਬਣਾਈਏ ਜਿਨ੍ਹਾਂ ਦੇ ਬੱਚੇ ਕਿਸੇ-ਨਾ-ਕਿਸੇ ਬੀਮਾਰੀ ਕਰਕੇ ਉਨ੍ਹਾਂ ਤੋਂ ਵਿਛੜ ਗਏ ਹਨ। ਇਸ ਤਰ੍ਹਾਂ ਅਸੀਂ ਇਕ-ਦੂਜੇ ਨੂੰ ਹੌਸਲਾ ਤੇ ਮਦਦ ਦੇ ਪਾਵਾਂਗੇ।

ਮੈਂ ਉਸ ਨੂੰ ਦੱਸਿਆ ਕਿ ਮੈਨੂੰ ਬਾਈਬਲ ਦੇ ਵਾਅਦਿਆਂ ਤੋਂ ਬਹੁਤ ਦਿਲਾਸਾ ਮਿਲਿਆ ਹੈ। ਇਨਸਾਨ ਨੂੰ ਹੋਰ ਕਿਤਿਓਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ। ਜਦੋਂ ਮੈਂ ਯੂਹੰਨਾ 5:28, 29 ਪੜ੍ਹਿਆ, ਤਾਂ ਉਸ ਦੀਆਂ ਅੱਖਾਂ ਵਿਚ ਚਮਕ ਆ ਗਈ। ਉਸ ਨੇ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਨੇ ਵੀ “ਪਰਮੇਸ਼ੁਰ ਦੀ ਸ਼ਾਂਤੀ” ਪਾਈ “ਜੋ ਸਾਰੀ ਸਮਝ ਤੋਂ ਪਰੇ ਹੈ।” (ਫ਼ਿਲਿ. 4:7) ਅਸੀਂ ਜਦੋਂ ਇਕੱਠੀਆਂ ਸਟੱਡੀ ਕਰਦੀਆਂ ਹਾਂ, ਤਾਂ ਅਸੀਂ ਰੁਕ ਕੇ ਕਲਪਨਾ ਕਰਦੀਆਂ ਹਾਂ ਕਿ ਨਵੇਂ ਸੰਸਾਰ ਵਿਚ ਅਸੀਂ ਆਪਣੇ ਬੱਚਿਆਂ ਨੂੰ ਗਲੇ ਲਗਾ ਰਹੀਆਂ ਹਾਂ।

ਜੀ ਹਾਂ, ਲੂਸੀਆ ਦੀ ਛੋਟੀ ਜਿਹੀ ਜ਼ਿੰਦਗੀ ਨੇ ਸੱਚ-ਮੁੱਚ ਦੂਜਿਆਂ ਦੀਆਂ ਜ਼ਿੰਦਗੀਆਂ ਉੱਤੇ ਗਹਿਰਾ ਪ੍ਰਭਾਵ ਪਾਇਆ ਹੈ। ਉਸ ਦੀ ਨਿਹਚਾ ਕਰਕੇ ਸਾਡਾ ਪੂਰਾ ਪਰਿਵਾਰ ਮਿਲ ਕੇ ਯਹੋਵਾਹ ਦੀ ਭਗਤੀ ਕਰ ਰਿਹਾ ਹੈ। ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦਾ ਮੇਰਾ ਇਰਾਦਾ ਵੀ ਹੋਰ ਪੱਕਾ ਹੋਇਆ ਹੈ। ਸਾਡਾ ਸਾਰਿਆਂ ਦਾ ਕੋਈ-ਨਾ-ਕੋਈ ਪਿਆਰਾ ਸਾਡੇ ਤੋਂ ਵਿਛੜ ਗਿਆ ਹੈ। ਪਰ ਸਾਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਉਨ੍ਹਾਂ ਦੇ ਮੁੜ ਜ਼ਿੰਦਾ ਹੋਣ ਤੇ ਅਸੀਂ ਸਾਰੇ ਉਨ੍ਹਾਂ ਦਾ ਸੁਆਗਤ ਕਰਾਂਗੇ।

[ਸਫ਼ਾ 20 ਉੱਤੇ ਤਸਵੀਰ]

ਲੂਸੀਆ ਦੁਆਰਾ ਬਣਾਈ ਨਵੇਂ ਸੰਸਾਰ ਦੀ ਤਸਵੀਰ