Skip to content

Skip to table of contents

ਐਂਡੀਜ਼ ਦੇ ਪਹਾੜੀ ਇਲਾਕੇ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ

ਐਂਡੀਜ਼ ਦੇ ਪਹਾੜੀ ਇਲਾਕੇ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ

ਐਂਡੀਜ਼ ਦੇ ਪਹਾੜੀ ਇਲਾਕੇ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ

ਅਸੀਂ 18 ਜਣੇ ਜ਼ਮੀਨ ਤੇ ਬਿਸਤਰੇ ਵਿਛਾ ਕੇ ਆਰਾਮ ਕਰ ਰਹੇ ਸੀ। ਬਾਹਰ ਜ਼ੋਰਾਂ ਦੇ ਮੀਂਹ ਨੇ ਟੀਨ ਦੀ ਛੱਤ ਤੇ ਸ਼ੋਰ ਮਚਾਇਆ ਹੋਇਆ ਸੀ। ਇਸ ਛੋਟੀ ਜਿਹੀ ਝੌਂਪੜੀ ਦੀ ਹਾਲਤ ਤੋਂ ਲੱਗਦਾ ਸੀ ਕਿ ਪਹਿਲਾਂ ਇੱਥੇ ਕੋਈ ਨਹੀਂ ਸੀ ਰਿਹਾ।

ਤੁਸੀਂ ਸ਼ਾਇਦ ਸੋਚ ਰਹੇ ਹੋ ਕਿ ਅਸੀਂ 18 ਜਣੇ ਇੱਥੇ ਆਏ ਕੀ ਕਰਨ ਸੀ। ਅਸੀਂ ਯਿਸੂ ਦੇ ਹੁਕਮ ਮੁਤਾਬਕ “ਧਰਤੀ ਦੇ ਬੰਨੇ ਤੀਕੁਰ” ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਚਾਹੁੰਦੇ ਸੀ। (ਰਸੂ. 1:8; ਮੱਤੀ 24:14) ਇਸ ਲਈ ਅਸੀਂ ਬੋਲੀਵੀਆ ਵਿਚ ਐਂਡੀਜ਼ ਦੇ ਦੂਰ-ਦੁਰੇਡੇ ਪਹਾੜੀ ਇਲਾਕੇ ਵਿਚ ਆਏ ਸੀ।

ਮੁਸ਼ਕਲ ਨਾਲ ਉੱਥੇ ਪਹੁੰਚੇ

ਪਹਿਲੀ ਮੁਸ਼ਕਲ ਤਾਂ ਇਹ ਸੀ ਕਿ ਅਸੀਂ ਉੱਥੇ ਪਹੁੰਚਾਂਗੇ ਕਿਵੇਂ। ਇਸ ਦੂਰ-ਦੁਰੇਡੇ ਇਲਾਕੇ ਨੂੰ ਮਸਾਂ ਇਕ-ਅੱਧੀ ਬੱਸ ਜਾਂਦੀ ਸੀ ਤੇ ਇਸ ਦੇ ਆਉਣ-ਜਾਣ ਦਾ ਵੀ ਕੋਈ ਪੱਕਾ ਸਮਾਂ ਨਹੀਂ ਸੀ। ਇਸ ਲਈ ਅਸੀਂ ਬੜੀ ਮੁਸ਼ਕਲ ਨਾਲ ਉੱਥੇ ਪਹੁੰਚੇ। ਜਦ ਬੱਸ ਆਈ ਤਾਂ ਅਸੀਂ ਦੇਖਿਆ ਕਿ ਉਹ ਬਹੁਤ ਹੀ ਛੋਟੀ ਸੀ। ਸਾਡੇ ਸਾਰਿਆਂ ਦੇ ਬੈਠਣ ਲਈ ਜਗ੍ਹਾ ਨਹੀਂ ਸੀ, ਸੋ ਸਾਡੇ ਵਿੱਚੋਂ ਕਈਆਂ ਨੂੰ ਸਾਰੀ ਵਾਟ ਖੜ੍ਹ ਕੇ ਹੀ ਸਫ਼ਰ ਕਰਨਾ ਪਿਆ। ਆਖ਼ਰ ਅਸੀਂ ਆਪਣੀ ਮੰਜ਼ਲ ਤਕ ਪਹੁੰਚ ਹੀ ਗਏ।

ਅਸੀਂ ਐਂਡੀਜ਼ ਦੇ ਉੱਚੇ-ਉੱਚੇ ਪਹਾੜਾਂ ਦੇ ਪਿੰਡਾਂ ਵਿਚ ਪ੍ਰਚਾਰ ਕਰਨਾ ਚਾਹੁੰਦੇ ਸੀ। ਇਸ ਲਈ ਬੱਸੋਂ ਉਤਰ ਕੇ ਸਮਾਨ ਨਾਲ ਲੱਦੇ ਭੈਣ-ਭਰਾ ਇਕ-ਇਕ ਕਰ ਕੇ ਪਹਾੜਾਂ ਦੇ ਟੇਢੇ-ਮੇਢੇ ਕੱਚੇ ਰਾਹਾਂ ਤੇ ਚੱਲ ਪਏ।

ਇਸ ਇਲਾਕੇ ਦੇ ਛੋਟੇ-ਛੋਟੇ ਪਿੰਡਾਂ ਵਿਚ ਘਰ ਇਕ ਦੂਜੇ ਤੋਂ ਬਹੁਤ ਦੂਰ-ਦੂਰ ਸਨ। ਘਰ-ਘਰ ਜਾ ਕੇ ਪਿੰਡ ਦੇ ਲੋਕਾਂ ਨੂੰ ਮਿਲਦਿਆਂ ਕਈ-ਕਈ ਘੰਟੇ ਲੱਗ ਜਾਂਦੇ ਸਨ। ਜਦ ਸਾਨੂੰ ਲੱਗਦਾ ਸੀ ਕਿ ਆ ਅਖ਼ੀਰਲਾ ਘਰ ਹੈ, ਉਦੋਂ ਸਾਨੂੰ ਇਕ ਹੋਰ ਘਰ ਨਜ਼ਰ ਆ ਜਾਂਦਾ ਸੀ। ਕਈ ਵਾਰ ਅਸੀਂ ਖੇਤਾਂ ਦੇ ਟੇਢੇ-ਮੇਢੇ ਰਾਹਾਂ ਵਿਚ ਹੀ ਗੁਆਚ ਜਾਂਦੇ ਸੀ।

“ਤੁਸੀਂ ਪਹਿਲਾਂ ਕਿਉਂ ਨਹੀਂ ਆਏ?”

ਇਕ ਔਰਤ ਨੂੰ ਬੜੀ ਖ਼ੁਸ਼ੀ ਹੋਈ ਕਿ ਅਸੀਂ ਉਸ ਨੂੰ ਇੰਨੀ ਦੂਰੋਂ ਮਿਲਣ ਆਏ ਸੀ। ਉਸ ਨੇ ਸਾਡੇ ਲਈ ਆਪਣਾ ਘਰ ਖੋਲ੍ਹਿਆ ਤੇ ਸਾਨੂੰ ਰਸੋਈ ਵਿਚ ਰੋਟੀ-ਟੁੱਕ ਕਰਨ ਲਈ ਬਾਲਣ ਵੀ ਦਿੱਤਾ। ਜਦ ਇਕ ਆਦਮੀ ਨੂੰ ਪਤਾ ਲੱਗਾ ਕਿ ਬਾਈਬਲ ਵਿਚ ਮੁਰਦਿਆਂ ਦੀ ਦਸ਼ਾ ਬਾਰੇ ਕੀ ਲਿਖਿਆ ਹੈ, ਤਾਂ ਉਸ ਨੇ ਸਾਨੂੰ ਪੁੱਛਿਆ: “ਤੁਸੀਂ ਪਹਿਲਾਂ ਕਿਉਂ ਨਹੀਂ ਆਏ?” ਉਸ ਨੂੰ ਬਾਈਬਲ ਦਾ ਸੰਦੇਸ਼ ਇੰਨਾ ਚੰਗਾ ਲੱਗਾ ਕਿ ਜਦ ਅਸੀਂ ਪਿੰਡੋਂ ਜਾਣ ਲੱਗੇ, ਤਾਂ ਉਹ ਕੁਝ ਹੋਰ ਸਵਾਲ ਪੁੱਛਣ ਲਈ ਸਾਡੇ ਨਾਲ ਹੀ ਤੁਰ ਪਿਆ। ਇਕ ਹੋਰ ਆਦਮੀ ਨੂੰ ਅਸੀਂ ਮਿਲੇ ਜਿਸ ਨੇ ਪਹਿਲਾਂ ਕਦੇ ਵੀ ਯਹੋਵਾਹ ਦੇ ਗਵਾਹਾਂ ਬਾਰੇ ਨਹੀਂ ਸੀ ਸੁਣਿਆ। ਉਸ ਨੇ ਸਾਡੀਆਂ ਕਿਤਾਬਾਂ ਬੜੀ ਦਿਲਚਸਪੀ ਨਾਲ ਸਵੀਕਾਰ ਕੀਤੀਆਂ। ਉਸ ਨੇ ਤਹਿ ਦਿਲੋਂ ਸਾਡਾ ਧੰਨਵਾਦ ਕਰ ਕੇ ਸਾਨੂੰ ਇਕ ਛੋਟੇ ਜਿਹੇ ਘਰ ਦੀ ਚਾਬੀ ਦਿੱਤੀ ਅਤੇ ਕਿਹਾ ਕਿ ਅਸੀਂ ਉੱਥੇ ਰਾਤ ਗੁਜ਼ਾਰ ਸਕਦੇ ਸਾਂ।

ਇਕ ਵਾਰ ਰਾਤ ਨੂੰ ਇੰਨਾ ਹਨੇਰਾ ਹੋ ਗਿਆ ਸੀ ਕਿ ਅਸੀਂ ਅਣਜਾਣੇ ਵਿਚ ਕਾਢਿਆਂ ਵਿਚਕਾਰ ਜਾ ਕੇ ਆਪਣੇ ਤੰਬੂ ਤਾਣ ਲਏ। ਉਨ੍ਹਾਂ ਨੇ ਸਾਨੂੰ ਵੱਡ-ਵੱਡ ਖਾ ਲਿਆ, ਪਰ ਅਸੀਂ ਇੰਨੇ ਥੱਕੇ-ਟੁੱਟੇ ਸੀ ਕਿ ਸਾਡੇ ਸਰੀਰ ਪਾਸਾ ਲੈਣ ਤੋਂ ਵੀ ਇਨਕਾਰ ਕਰ ਰਹੇ ਸਨ। ਸ਼ੁਕਰ ਹੈ ਕਿ ਕੁਝ ਸਮੇਂ ਬਾਅਦ ਕਾਢੇ ਸਾਨੂੰ ਵੱਡਣੋਂ ਹੱਟ ਗਏ।

ਜ਼ਮੀਨ ਤੇ ਸੌਣ ਨਾਲ ਸਾਡੀ ਕਮਰ ਤੇ ਵੱਖੀਆਂ ਟੁੱਟ ਗਈਆਂ, ਪਰ ਔਖੇ-ਸੌਖੇ ਅਸੀਂ ਰਾਤ ਕੱਟ ਲਈ। ਸਵੇਰੇ-ਸਵੇਰੇ ਬੱਦਲਾਂ ਦੇ ਨਾਲ ਘਿਰੀਆਂ ਹਰੀਆਂ-ਭਰੀਆਂ ਵਾਦੀਆਂ ਤੇ ਬਰਫ਼ ਨਾਲ ਢੱਕੀਆਂ ਪਹਾੜਾਂ ਦੀਆਂ ਟੀਸੀਆਂ ਨੂੰ ਦੇਖ ਕੇ ਸਾਡਾ ਸਾਰਾ ਦੁੱਖ-ਦਰਦ ਦੂਰ ਹੋ ਗਿਆ। ਇਸ ਖੂਬਸੂਰਤ ਇਲਾਕੇ ਵਿਚ ਨਦੀ ਦੇ ਵਹਿੰਦੇ ਪਾਣੀ ਦੀ ਰਿਮ-ਝਿਮ ਤੇ ਪੰਛੀਆਂ ਦੇ ਮਧੁਰ ਸੰਗੀਤ ਤੋਂ ਸਿਵਾਇ ਹੋਰ ਕੋਈ ਆਵਾਜ਼ ਸੁਣਾਈ ਨਹੀਂ ਸੀ ਦਿੰਦੀ।

ਨਦੀ ਵਿਚ ਨਹਾਉਣ-ਧੋਣ ਤੋਂ ਬਾਅਦ ਅਸੀਂ ਇਕੱਠੇ ਬੈਠ ਕੇ ਬਾਈਬਲ ਦਾ ਇਕ ਹਵਾਲਾ ਪੜ੍ਹਿਆ ਤੇ ਨਾਸ਼ਤਾ ਕੀਤਾ। ਫਿਰ ਅਸੀਂ ਪਹਾੜਾਂ ਤੇ ਵੱਸੇ ਹੋਰਨਾਂ ਪਿੰਡਾਂ ਵਿਚ ਪ੍ਰਚਾਰ ਕਰਨ ਗਏ। ਪਹਾੜਾਂ ਤੇ ਚੜ੍ਹਨ ਲਈ ਸਾਨੂੰ ਕਾਫ਼ੀ ਮਿਹਨਤ ਕਰਨੀ ਪਈ, ਪਰ ਉੱਪਰ ਪਹੁੰਚ ਕੇ ਸਾਨੂੰ ਆਪਣੀ ਮਿਹਨਤ ਦਾ ਮਿੱਠਾ ਫਲ ਮਿਲਿਆ। ਸਾਨੂੰ ਉੱਥੇ ਇਕ ਸਿਆਣੀ ਔਰਤ ਮਿਲੀ ਜੋ ਬਾਈਬਲ ਵਿੱਚੋਂ ਯਹੋਵਾਹ ਦਾ ਨਾਂ ਪੜ੍ਹ ਕੇ ਖ਼ੁਸ਼ੀ ਦੇ ਮਾਰੇ ਰੋਣ ਹੀ ਲੱਗ ਪਈ। ਹੁਣ ਉਹ ਰੱਬ ਦਾ ਨਾਂ ਲੈ ਕੇ ਪ੍ਰਾਰਥਨਾ ਕਰ ਸਕਦੀ ਹੈ।

ਇਕ ਬਜ਼ੁਰਗ ਆਦਮੀ ਸਾਨੂੰ ਕਹਿਣ ਲੱਗਾ ਕਿ ਰੱਬ ਉਸ ਉੱਤੇ ਬੜਾ ਮਿਹਰਬਾਨ ਹੈ ਕਿਉਂਕਿ ਉਸ ਨੇ ਸਾਨੂੰ ਫ਼ਰਿਸ਼ਤਿਆਂ ਦੇ ਰੂਪ ਵਿਚ ਉਸ ਕੋਲ ਘੱਲਿਆ ਸੀ। ਇਕ ਹੋਰ ਆਦਮੀ ਇੰਨਾ ਬੀਮਾਰ ਸੀ ਕਿ ਉਹ ਘਰੋਂ ਬਾਹਰ ਨਹੀਂ ਸੀ ਜਾ ਸਕਦਾ। ਉਸ ਨੇ ਸਾਨੂੰ ਦੱਸਿਆ ਕਿ ਪਿੰਡ ਵਿੱਚੋਂ ਕੋਈ ਉਸ ਨੂੰ ਮਿਲਣ ਨਹੀਂ ਆਉਂਦਾ। ਜਦ ਉਸ ਨੂੰ ਪਤਾ ਲੱਗਾ ਕਿ ਅਸੀਂ ਇੰਨੀ ਦੂਰੋਂ, ਬੋਲੀਵੀਆ ਦੇ ਮੁੱਖ ਸ਼ਹਿਰ ਲਾ ਪਾਜ਼ ਤੋਂ ਉਸ ਨੂੰ ਮਿਲਣ ਆਏ ਸੀ, ਤਾਂ ਉਹ ਹੱਕਾ-ਬੱਕਾ ਰਹਿ ਗਿਆ। ਇਕ ਹੋਰ ਆਦਮੀ ਨੂੰ ਇਹ ਗੱਲ ਬਹੁਤ ਚੰਗੀ ਲੱਗੀ ਕਿ ਯਹੋਵਾਹ ਦੇ ਗਵਾਹ ਲੋਕਾਂ ਨੂੰ ਘਰ ਮਿਲਣ ਆਉਂਦੇ ਹਨ, ਜਦ ਕਿ ਪਾਦਰੀ ਚਰਚਾਂ ਵਿਚ ਬੈਠੇ ਘੰਟੀਆਂ ਵਜ੍ਹਾ ਕੇ ਲੋਕਾਂ ਨੂੰ ਸੱਦਾ ਦਿੰਦੇ ਹਨ।

ਇਸ ਇਲਾਕੇ ਵਿਚ ਬਿਜਲੀ ਨਹੀਂ ਹੈ ਜਿਸ ਕਰਕੇ ਲੋਕ ਹਨੇਰਾ ਹੋਣ ਤੇ ਸੌਂ ਜਾਂਦੇ ਹਨ ਤੇ ਸੂਰਜ ਨਿਕਲਦਿਆਂ ਉੱਠ ਜਾਂਦੇ ਹਨ। ਇਸ ਲਈ ਲੋਕਾਂ ਨੂੰ ਘਰ ਮਿਲਣ ਲਈ ਸਾਨੂੰ ਤੜਕੇ 6 ਵਜੇ ਪ੍ਰਚਾਰ ਦਾ ਕੰਮ ਸ਼ੁਰੂ ਕਰਨਾ ਪੈਂਦਾ ਸੀ। ਨਹੀਂ ਤਾਂ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਖੇਤਾਂ ਵਿਚ ਕੰਮ ਕਰਨ ਚਲੇ ਜਾਂਦੇ ਸਨ। ਬਾਅਦ ਵਿਚ ਅਸੀਂ ਉਨ੍ਹਾਂ ਨੂੰ ਵੀ ਮਿਲਣ ਜਾਂਦੇ ਸੀ ਜੋ ਖੇਤਾਂ ਨੂੰ ਚਲੇ ਗਏ ਸਨ ਤੇ ਕਈ ਸਾਡੇ ਨਾਲ ਗੱਲਬਾਤ ਕਰਨ ਲਈ ਥੋੜ੍ਹਾ ਚਿਰ ਕੰਮ ਕਰਨ ਤੋਂ ਰੁੱਕ ਵੀ ਜਾਂਦੇ ਸਨ। ਇਸ ਤਰ੍ਹਾਂ ਬਲਦ ਨੂੰ ਵੀ ਹਲ ਵਾਹੁਣ ਤੋਂ ਆਰਾਮ ਕਰਨ ਦਾ ਮੌਕਾ ਮਿਲ ਜਾਂਦਾ ਸੀ। ਕਈ ਘਰ ਵਾਲੇ ਸਾਡੇ ਬੈਠਣ ਲਈ ਜ਼ਮੀਨ ਤੇ ਚਾਦਰ ਵਿਛਾ ਦਿੰਦੇ ਸਨ ਤੇ ਸਾਰੇ ਪਰਿਵਾਰ ਨੂੰ ਸਾਡੀਆਂ ਗੱਲਾਂ ਸੁਣਨ ਲਈ ਇਕੱਠਾ ਕਰ ਲੈਂਦੇ ਸਨ। ਕੁਝ ਕਿਸਾਨਾਂ ਨੇ ਕਿਤਾਬਾਂ-ਰਸਾਲਿਆਂ ਲਈ ਸ਼ੁਕਰੀਆ ਅਦਾ ਕਰਨ ਲਈ ਸਾਨੂੰ ਮੱਕੀ ਦੇ ਦਾਣਿਆਂ ਦੀਆਂ ਬੋਰੀਆਂ ਦਿੱਤੀਆਂ।

“ਤੁਸੀਂ ਮੈਨੂੰ ਭੁੱਲੇ ਨਹੀਂ”

ਕੋਈ ਵੀ ਵਿਅਕਤੀ ਇੱਕੋ ਮੁਲਾਕਾਤ ਨਾਲ ਸੱਚਾਈ ਵਿਚ ਤਰੱਕੀ ਨਹੀਂ ਕਰ ਸਕਦਾ। ਸਾਨੂੰ ਵਾਰ-ਵਾਰ ਜਾ ਕੇ ਲੋਕਾਂ ਨੂੰ ਬਾਈਬਲ ਦੀ ਸਿੱਖਿਆ ਦੇਣ ਦੀ ਲੋੜ ਹੈ। ਕਈਆਂ ਨੇ ਸਾਡੇ ਅੱਗੇ ਤਰਲੇ ਕੀਤੇ ਕਿ ਅਸੀਂ ਉਨ੍ਹਾਂ ਨੂੰ ਦੁਬਾਰਾ ਮਿਲਣ ਆਈਏ। ਇਸ ਕਰਕੇ ਅਸੀਂ ਬੋਲੀਵੀਆ ਦੇ ਇਸ ਪਹਾੜੀ ਇਲਾਕੇ ਨੂੰ ਕਈ ਵਾਰ ਗਏ।

ਇਕ ਵਾਰ ਜਦ ਅਸੀਂ ਵਾਪਸ ਗਏ, ਤਾਂ ਇਕ ਸਿਆਣੀ ਬੀਬੀ ਸਾਨੂੰ ਦੇਖ ਕੇ ਬਹੁਤ ਹੀ ਖ਼ੁਸ਼ ਹੋਈ। ਉਸ ਨੇ ਕਿਹਾ: “ਮੈਂ ਸਦਕੇ ਜਾਵਾਂ, ਤੁਸੀਂ ਮੈਨੂੰ ਭੁੱਲੇ ਨਹੀਂ। ਤੁਸੀਂ ਤਾਂ ਮੇਰੇ ਬੱਚਿਆਂ ਵਰਗੇ ਹੋ।” ਇਕ ਆਦਮੀ ਨੇ ਸਾਡਾ ਧੰਨਵਾਦ ਕੀਤਾ ਤੇ ਕਿਹਾ ਕਿ ਅਗਲੀ ਵਾਰ ਅਸੀਂ ਉਸ ਦੇ ਘਰ ਠਹਿਰੀਏ। ਸ਼ਾਇਦ ਸਾਡੀ ਮਿਹਨਤ ਦਾ ਸਭ ਤੋਂ ਮਿੱਠਾ ਫਲ ਉਹ ਸੀ ਜਦ ਅਸੀਂ ਸੁਣਿਆ ਕਿ ਇਕ ਔਰਤ ਜਿਸ ਨੂੰ ਅਸੀਂ ਪਹਿਲਾਂ ਇਕ ਵਾਰ ਮਿਲੇ ਸੀ ਹੁਣ ਉਹ ਸ਼ਹਿਰ ਵਿਚ ਰਹਿੰਦੀ ਹੈ ਅਤੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਰਹੀ ਹੈ।

ਜਦ ਅਸੀਂ ਪਹਿਲੀ ਵਾਰ ਇਸ ਪਹਾੜੀ ਇਲਾਕੇ ਵਿਚ ਪ੍ਰਚਾਰ ਕਰਨ ਆਏ ਸੀ, ਤਾਂ ਅਖ਼ੀਰਲੇ ਦਿਨ ਤਕ ਸਾਡੇ ਕੋਲ ਸਟੋਵ ਚਲਾਉਣ ਲਈ ਮਿੱਟੀ ਦਾ ਤੇਲ ਨਹੀਂ ਸੀ। ਅਸੀਂ ਕੁਝ ਬਾਲਣ ਇਕੱਠਾ ਕੀਤਾ ਤੇ ਜੋ ਥੋੜ੍ਹਾ-ਬਹੁਤਾ ਖਾਣਾ ਬਚਿਆ ਸੀ ਉਸ ਨੂੰ ਅੱਗ ਤੇ ਪਕਾ ਕੇ ਖਾਧਾ। ਫਿਰ ਅਸੀਂ ਕਈ ਮੀਲ ਦੂਰ ਸ਼ਹਿਰ ਨੂੰ ਪੈਦਲ ਤੁਰ ਪਏ। ਜਦ ਤਕ ਅਸੀਂ ਬਸ ਅੱਡੇ ਤੇ ਪਹੁੰਚੇ, ਤਾਂ ਤਕਾਲਾਂ ਪੈ ਚੁੱਕੀਆਂ ਸਨ।

ਘਰ ਵਾਪਸ ਜਾਂਦੇ ਹੋਏ

ਘਰ ਵਾਪਸ ਆਉਂਦਿਆਂ ਦਾ ਸਫ਼ਰ ਮੁਸ਼ਕਲਾਂ ਤੋਂ ਬਿਨਾਂ ਨਹੀਂ ਸੀ ਕਿਉਂਕਿ ਰਾਹ ਵਿਚ ਸਾਡੀ ਬਸ ਖ਼ਰਾਬ ਹੋ ਗਈ। ਅਖ਼ੀਰ ਵਿਚ ਸਾਨੂੰ ਇਕ ਟਰੱਕ ਦੇ ਪਿੱਛੇ ਬੈਠ ਕੇ ਸਫ਼ਰ ਕਰਨਾ ਪਿਆ ਜੋ ਪਹਿਲਾਂ ਹੀ ਸਵਾਰੀਆਂ ਨਾਲ ਭਰਿਆ ਹੋਇਆ ਸੀ। ਸਫ਼ਰ ਕਰਦਿਆਂ ਸਾਨੂੰ ਹੋਰਨਾਂ ਸਵਾਰੀਆਂ ਨਾਲ ਯਹੋਵਾਹ ਪਰਮੇਸ਼ੁਰ ਬਾਰੇ ਗੱਲ ਕਰਨ ਦਾ ਵਧੀਆ ਮੌਕਾ ਮਿਲਿਆ ਕਿਉਂਕਿ ਉਹ ਜਾਣਨਾ ਚਾਹੁੰਦੇ ਸਨ ਕਿ ਅਸੀਂ ਉੱਥੇ ਕੀ ਕਰ ਰਹੇ ਸੀ। ਭਾਵੇਂ ਕਿ ਇਸ ਇਲਾਕੇ ਦੇ ਰਹਿਣ ਵਾਲੇ ਲੋਕ ਸ਼ਰਮੀਲੇ ਸੁਭਾਅ ਦੇ ਹਨ, ਫਿਰ ਵੀ ਆਮ ਤੌਰ ਤੇ ਉਹ ਸਾਰਿਆਂ ਨੂੰ ਹੱਸ ਕੇ ਬੁਲਾਉਂਦੇ ਹਨ।

ਟਰੱਕ ਵਿਚ ਨੌਂ ਘੰਟਿਆਂ ਦੇ ਔਖੇ ਸਫ਼ਰ ਤੋਂ ਬਾਅਦ ਅਸੀਂ ਘਰ ਥੱਕੇ-ਟੁੱਟੇ ਤੇ ਭਿੱਜੇ ਹੋਏ ਠੁਰ-ਠੁਰ ਕਰਦੇ ਪਹੁੰਚੇ। ਲੇਕਿਨ ਸਾਡਾ ਸਫ਼ਰ ਬੇਕਾਰ ਨਹੀਂ ਸੀ। ਉਨ੍ਹਾਂ ਸਵਾਰੀਆਂ ਵਿੱਚੋਂ ਸਾਨੂੰ ਇਕ ਔਰਤ ਨਾਲ ਬਾਈਬਲ ਸਟੱਡੀ ਸ਼ੁਰੂ ਕਰਨ ਦਾ ਮੌਕਾ ਮਿਲਿਆ ਜੋ ਸ਼ਹਿਰ ਵਿਚ ਰਹਿੰਦੀ ਹੈ।

ਸਾਡੇ ਲਈ ਇਨ੍ਹਾਂ ਦੂਰ-ਦੁਰੇਡੇ ਇਲਾਕਿਆਂ ਵਿਚ ਜਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਬਹੁਤ ਹੀ ਵੱਡਾ ਸਨਮਾਨ ਸੀ। ਅਸੀਂ ਚਾਰ ਵੱਡੇ ਪਿੰਡਾਂ ਤੇ ਕਈ ਛੋਟੇ-ਛੋਟੇ ਪਿੰਡਾਂ ਵਿਚ ਵੀ ਪ੍ਰਚਾਰ ਕਰ ਸਕੇ ਸੀ। ਸਾਡੇ ਕੰਨਾਂ ਵਿਚ ਯਸਾਯਾਹ ਨਬੀ ਦੇ ਇਹ ਸ਼ਬਦ ਗੂੰਜ ਰਹੇ ਸਨ: “ਜਿਹੜਾ ਖੁਸ਼ ਖਬਰੀ ਲੈ ਆਉਂਦਾ ਹੈ, ਉਹ ਦੇ ਪੈਰ ਪਹਾੜਾਂ ਉੱਤੇ ਕਿੰਨੇ ਫੱਬਦੇ ਹਨ! ਜਿਹੜਾ ਸ਼ਾਂਤੀ ਸੁਣਾਉਂਦਾ, ਭਲਿਆਈ ਦੀ ਖੁਸ਼ ਖਬਰੀ ਲਿਆਉਂਦਾ, ਜਿਹੜਾ ਮੁਕਤੀ ਸੁਣਾਉਂਦਾ ਹੈ।”—ਯਸਾ. 52:7; ਰੋਮੀ. 10:15.

[ਸਫ਼ਾ 17 ਉੱਤੇ ਤਸਵੀਰ]

ਖ਼ੁਸ਼ ਖ਼ਬਰੀ ਸੁਣਾਉਣ ਲਈ ਤਿਆਰ