Skip to content

Skip to table of contents

ਕੀ ਤੁਸੀਂ ਦੂਜਿਆਂ ਨੂੰ ਯਹੋਵਾਹ ਦੀਆਂ ਨਜ਼ਰਾਂ ਤੋਂ ਦੇਖਦੇ ਹੋ?

ਕੀ ਤੁਸੀਂ ਦੂਜਿਆਂ ਨੂੰ ਯਹੋਵਾਹ ਦੀਆਂ ਨਜ਼ਰਾਂ ਤੋਂ ਦੇਖਦੇ ਹੋ?

ਕੀ ਤੁਸੀਂ ਦੂਜਿਆਂ ਨੂੰ ਯਹੋਵਾਹ ਦੀਆਂ ਨਜ਼ਰਾਂ ਤੋਂ ਦੇਖਦੇ ਹੋ?

“ਸਰੀਰ ਵਿੱਚ ਫੋਟਕ ਨਾ ਪਵੇ ਸਗੋਂ ਅੰਗ ਇੱਕ ਦੂਜੇ ਦੇ ਲਈ ਇੱਕ ਸਮਾਨ ਚਿੰਤਾ ਕਰਨ।”—1 ਕੁਰਿੰ. 12:25.

1. ਯਹੋਵਾਹ ਦੇ ਗਵਾਹਾਂ ਨਾਲ ਮਿਲਣਾ-ਜੁਲਣਾ ਸ਼ੁਰੂ ਕਰਨ ਤੇ ਤੁਸੀਂ ਕਿਵੇਂ ਮਹਿਸੂਸ ਕੀਤਾ?

ਜਦ ਅਸੀਂ ਇਸ ਬੁਰੀ ਦੁਨੀਆਂ ਵਿੱਚੋਂ ਨਿਕਲ ਕੇ ਯਹੋਵਾਹ ਦੀ ਸੰਸਥਾ ਵਿਚ ਆਏ ਸੀ, ਤਾਂ ਸਾਨੂੰ ਕਿੰਨੀ ਖ਼ੁਸ਼ੀ ਹੋਈ ਸੀ। ਅਸੀਂ ਦੇਖਿਆ ਸੀ ਕਿ ਇਸ ਸੰਸਥਾ ਵਿਚ ਲੋਕਾਂ ਦਾ ਆਪਸ ਵਿਚ ਕਿੰਨਾ ਪਿਆਰ ਹੈ ਤੇ ਉਹ ਇਕ-ਦੂਜੇ ਦਾ ਕਿੰਨਾ ਖ਼ਿਆਲ ਰੱਖਦੇ ਹਨ। ਸ਼ਤਾਨ ਦੇ ਵੱਸ ਵਿਚ ਪਈ ਦੁਨੀਆਂ ਦੇ ਸੁਆਰਥੀ ਤੇ ਗੁੱਸੇਖ਼ੋਰ ਲੋਕਾਂ ਅਤੇ ਯਹੋਵਾਹ ਦੇ ਲੋਕਾਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ! ਹਾਂ, ਯਹੋਵਾਹ ਦੀ ਸੰਸਥਾ ਵਿਚ ਸ਼ਾਂਤੀ ਤੇ ਏਕਤਾ ਦਾ ਬੋਲਬਾਲਾ ਹੈ।—ਯਸਾ. 48:17, 18; 60:18; 65:25.

2. (ੳ) ਭੈਣਾਂ-ਭਰਾਵਾਂ ਪ੍ਰਤੀ ਸਾਡੇ ਨਜ਼ਰੀਏ ਵਿਚ ਕੀ ਬਦਲਾਅ ਆ ਸਕਦਾ ਹੈ? (ਅ) ਸਾਨੂੰ ਸ਼ਾਇਦ ਕੀ ਕਰਨ ਦੀ ਲੋੜ ਹੋਵੇ?

2 ਪਰ ਨਾਮੁਕੰਮਲ ਹੋਣ ਕਰਕੇ ਸਮੇਂ ਦੇ ਬੀਤਣ ਨਾਲ ਭੈਣ-ਭਰਾਵਾਂ ਪ੍ਰਤੀ ਸ਼ਾਇਦ ਸਾਡਾ ਨਜ਼ਰੀਆ ਬਦਲ ਜਾਵੇ। ਸਾਨੂੰ ਉਨ੍ਹਾਂ ਦੇ ਚੰਗੇ ਗੁਣ ਨਜ਼ਰ ਆਉਣ ਦੀ ਬਜਾਇ ਸ਼ਾਇਦ ਛੋਟੀਆਂ-ਛੋਟੀਆਂ ਕਮੀਆਂ ਵੱਡੀਆਂ ਨਜ਼ਰ ਆਉਣ ਲੱਗ ਪੈਣ। ਹੋ ਸਕਦਾ ਹੈ ਕਿ ਅਸੀਂ ਉਨ੍ਹਾਂ ਨੂੰ ਯਹੋਵਾਹ ਦੀਆਂ ਨਜ਼ਰਾਂ ਤੋਂ ਦੇਖਣਾ ਭੁੱਲ ਜਾਈਏ। ਜੇ ਸਾਡੇ ਨਾਲ ਇੱਦਾਂ ਹੋਇਆ ਹੈ, ਤਾਂ ਜ਼ਰੂਰੀ ਹੈ ਕਿ ਅਸੀਂ ਆਪਣੇ ਨਜ਼ਰੀਏ ਨੂੰ ਯਹੋਵਾਹ ਦੇ ਨਜ਼ਰੀਏ ਦੀ ਸੇਧ ਵਿਚ ਲਿਆਈਏ।—ਕੂਚ 33:13.

ਯਹੋਵਾਹ ਦੀ ਨਜ਼ਰ ਵਿਚ ਸਾਡੇ ਭੈਣ-ਭਰਾ

3. ਬਾਈਬਲ ਵਿਚ ਕਲੀਸਿਯਾ ਦੀ ਤੁਲਨਾ ਕਿਸ ਚੀਜ਼ ਨਾਲ ਕੀਤੀ ਗਈ ਹੈ?

3ਪਹਿਲਾ ਕੁਰਿੰਥੀਆਂ 12:2-26 ਵਿਚ ਪੌਲੁਸ ਰਸੂਲ ਨੇ ਮਸਹ ਕੀਤੇ ਗਏ ਮਸੀਹੀਆਂ ਨੂੰ ਸਰੀਰ ਦੇ ‘ਬਾਹਲੇ ਅੰਗਾਂ’ ਨਾਲ ਦਰਸਾਇਆ। ਜਿਵੇਂ ਸਰੀਰ ਦੇ ਸਾਰੇ ਅੰਗ ਵੱਖੋ-ਵੱਖਰਾ ਕੰਮ ਕਰਦੇ ਹਨ, ਉਸੇ ਤਰ੍ਹਾਂ ਕਲੀਸਿਯਾ ਦੇ ਮੈਂਬਰਾਂ ਦਾ ਸੁਭਾਅ ਤੇ ਕਾਬਲੀਅਤਾਂ ਵੀ ਵੱਖੋ-ਵੱਖਰੀਆਂ ਹਨ। ਫਿਰ ਵੀ ਯਹੋਵਾਹ ਨੂੰ ਕਲੀਸਿਯਾ ਦੇ ਸਾਰੇ ਮੈਂਬਰ ਪਸੰਦ ਹਨ। ਉਹ ਹਰੇਕ ਮੈਂਬਰ ਨੂੰ ਦਿਲੋਂ ਪਿਆਰ ਕਰਦਾ ਤੇ ਉਸ ਦੀ ਕਦਰ ਕਰਦਾ ਹੈ। ਤਾਹੀਓਂ ਤਾਂ ਪੌਲੁਸ ਨੇ ਕਿਹਾ ਕਿ ਭੈਣਾਂ-ਭਰਾਵਾਂ ਨੂੰ “ਇੱਕ ਦੂਜੇ ਦੇ ਲਈ ਇੱਕ ਸਮਾਨ ਚਿੰਤਾ ਕਰਨ” ਦੀ ਲੋੜ ਹੈ। ਪਰ ਸਾਡਾ ਸਾਰਿਆਂ ਦਾ ਸੁਭਾਅ ਵੱਖੋ-ਵੱਖਰਾ ਹੋਣ ਕਰਕੇ ਸ਼ਾਇਦ ਇਸ ਤਰ੍ਹਾਂ ਕਰਨਾ ਸਾਡੇ ਲਈ ਔਖਾ ਹੋਵੇ।

4. ਸਾਨੂੰ ਸ਼ਾਇਦ ਭੈਣਾਂ-ਭਰਾਵਾਂ ਪ੍ਰਤੀ ਆਪਣਾ ਨਜ਼ਰੀਆ ਕਿਉਂ ਬਦਲਣਾ ਪਵੇ?

4 ਅਸੀਂ ਸ਼ਾਇਦ ਆਪਣੀ ਨਜ਼ਰ ਆਪਣੇ ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ਉੱਤੇ ਹੀ ਟਿਕਾਈ ਰੱਖੀਏ। ਅਸੀਂ ਮਾਨੋ ਪੂਰੀ ਤਸਵੀਰ ਦੇਖਣ ਦੀ ਬਜਾਇ ਤਸਵੀਰ ਦੇ ਇੱਕੋ ਹੀ ਹਿੱਸੇ ਉੱਤੇ ਨਜ਼ਰ ਟਿਕਾਈ ਰੱਖਦੇ ਹਾਂ। ਯਹੋਵਾਹ ਪੂਰੀ ਤਸਵੀਰ ਦੇਖਦਾ ਹੈ। ਕਹਿਣ ਦਾ ਮਤਲਬ ਕਿ ਉਹ ਇਨਸਾਨ ਦੇ ਔਗੁਣ ਹੀ ਨਹੀਂ ਦੇਖਦਾ, ਸਗੋਂ ਉਸ ਦੇ ਚੰਗੇ ਗੁਣ ਵੀ ਦੇਖਦਾ ਹੈ। ਅਸੀਂ ਯਹੋਵਾਹ ਵਰਗੇ ਬਣਨ ਦੀ ਜਿੰਨੀ ਜ਼ਿਆਦਾ ਕੋਸ਼ਿਸ਼ ਕਰਾਂਗੇ, ਉੱਨਾ ਹੀ ਜ਼ਿਆਦਾ ਅਸੀਂ ਕਲੀਸਿਯਾ ਵਿਚ ਸ਼ਾਂਤੀ ਤੇ ਪਿਆਰ ਦਾ ਮਾਹੌਲ ਕਾਇਮ ਕਰ ਸਕਾਂਗੇ।—ਅਫ਼. 4:1-3; 5:1, 2.

5. ਸਾਨੂੰ ਦੂਸਰਿਆਂ ਤੇ ਦੋਸ਼ ਕਿਉਂ ਨਹੀਂ ਲਾਉਣਾ ਚਾਹੀਦਾ?

5 ਯਿਸੂ ਨੂੰ ਪਤਾ ਸੀ ਕਿ ਨਾਮੁਕੰਮਲ ਇਨਸਾਨ ਅਕਸਰ ਦੂਸਰਿਆਂ ਵਿਚ ਨੁਕਸ ਕੱਢਦੇ ਹਨ। ਯਿਸੂ ਨੇ ਕਿਹਾ ਕਿ “ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਏ।” (ਮੱਤੀ 7:1) ਇਸ ਗੱਲ ਵੱਲ ਧਿਆਨ ਦਿਓ ਕਿ ਜਦੋਂ ਯਿਸੂ ਨੇ ਇਹ ਗੱਲ ਕਹੀ ਸੀ, ਤਾਂ ਉਸ ਨੇ ਇਹ ਨਹੀਂ ਕਿਹਾ ਸੀ ਕਿ “ਦੋਸ਼ ਨਾ ਲਾਓ,” ਸਗੋਂ ਉਸ ਨੇ ਕਿਹਾ ‘ਦੋਸ਼ ਲਾਉਣੋਂ ਹਟ ਜਾਓ।’ ਯਿਸੂ ਜਾਣਦਾ ਸੀ ਕਿ ਉਸ ਦੀ ਗੱਲ ਸੁਣਨ ਵਾਲੇ ਬਹੁਤ ਸਾਰੇ ਲੋਕਾਂ ਨੂੰ ਦੂਜਿਆਂ ਵਿਚ ਨੁਕਸ ਕੱਢਣ ਦੀ ਆਦਤ ਸੀ। ਕੀ ਇਹ ਸਾਡੀ ਵੀ ਆਦਤ ਹੈ? ਜੇ ਹੈ, ਤਾਂ ਚੰਗਾ ਹੋਵੇਗਾ ਕਿ ਅਸੀਂ ਇਸ ਆਦਤ ਨੂੰ ਛੱਡਣ ਦੀ ਕੋਸ਼ਿਸ਼ ਕਰੀਏ ਤਾਂਕਿ ਸਾਡੇ ਉੱਤੋਂ ਯਹੋਵਾਹ ਦੀ ਮਿਹਰ ਨਾ ਉੱਠ ਜਾਏ। ਦਰਅਸਲ, ਅਸੀਂ ਕੌਣ ਹੁੰਦੇ ਹਾਂ ਕਿਸੇ ਭਰਾ ਤੇ ਦੋਸ਼ ਲਾਉਣ ਵਾਲੇ ਜਿਸ ਨੂੰ ਯਹੋਵਾਹ ਵਰਤ ਰਿਹਾ ਹੈ? ਅਤੇ ਅਸੀਂ ਕੌਣ ਹੁੰਦੇ ਹਾਂ ਇਹ ਕਹਿਣ ਵਾਲੇ ਕਿ ਉਸ ਨੂੰ ਕਲੀਸਿਯਾ ਵਿੱਚੋਂ ਕੱਢ ਦਿੱਤਾ ਜਾਣਾ ਚਾਹੀਦਾ ਹੈ? ਹਾਂ, ਮੰਨਿਆ ਕਿ ਇਕ ਭਰਾ ਵਿਚ ਕੁਝ ਕਮੀਆਂ-ਕਮਜ਼ੋਰੀਆਂ ਹਨ, ਪਰ ਜੇ ਯਹੋਵਾਹ ਨੂੰ ਉਹ ਭਰਾ ਪਸੰਦ ਹੈ, ਤਾਂ ਫਿਰ ਕੀ ਉਹ ਭਰਾ ਸਾਨੂੰ ਵੀ ਪਸੰਦ ਨਹੀਂ ਹੋਣਾ ਚਾਹੀਦਾ? (ਯੂਹੰ. 6:44) ਕੀ ਅਸੀਂ ਸੱਚ-ਮੁੱਚ ਇਹ ਮੰਨਦੇ ਹਾਂ ਕਿ ਯਹੋਵਾਹ ਹੀ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੈ ਅਤੇ ਆਪਣੇ ਸਮੇਂ ਤੇ ਲੋੜੀਂਦੇ ਸੁਧਾਰ ਵੀ ਕਰਦਾ ਹੈ?—ਰੋਮੀਆਂ 14:1-4 ਪੜ੍ਹੋ।

6. ਯਹੋਵਾਹ ਦਾ ਆਪਣੇ ਭਗਤਾਂ ਪ੍ਰਤੀ ਕੀ ਨਜ਼ਰੀਆ ਹੈ?

6 ਯਹੋਵਾਹ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਹ ਹਰ ਇਕ ਮਸੀਹੀ ਨੂੰ ਇਸ ਨਜ਼ਰੀਏ ਤੋਂ ਦੇਖਦਾ ਹੈ ਕਿ ਉਹ ਨਵੀਂ ਦੁਨੀਆਂ ਵਿਚ ਮੁਕੰਮਲ ਹੋ ਕੇ ਹੋਰ ਵੀ ਵਧੀਆ ਇਨਸਾਨ ਬਣ ਜਾਵੇਗਾ। ਉਸ ਨੂੰ ਇਹ ਵੀ ਪਤਾ ਹੈ ਕਿ ਹਰੇਕ ਨੇ ਸੱਚਾਈ ਵਿਚ ਕਿੰਨੀ ਤਰੱਕੀ ਕੀਤੀ ਹੈ। ਇਸ ਲਈ ਉਸ ਨੂੰ ਉਨ੍ਹਾਂ ਵਿਚ ਹਰ ਛੋਟੀ-ਮੋਟੀ ਕਮੀ-ਕਮਜ਼ੋਰੀ ਦੇਖਣ ਦੀ ਲੋੜ ਨਹੀਂ। ਅਸੀਂ ਜ਼ਬੂਰ 103:12 ਵਿਚ ਪੜ੍ਹਦੇ ਹਾਂ: “ਜਿੰਨਾ ਚੜ੍ਹਦਾ ਲਹਿੰਦੇ ਤੋਂ ਦੂਰ ਹੈ, ਉੱਨੇ ਹੀ ਉਹ ਨੇ ਸਾਡੇ ਅਪਰਾਧ ਸਾਥੋਂ ਦੂਰ ਕੀਤੇ ਹਨ!” ਇਸ ਵਾਸਤੇ ਅਸੀਂ ਉਸ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ!—ਜ਼ਬੂ. 130:3.

7. ਦਾਊਦ ਬਾਰੇ ਯਹੋਵਾਹ ਦੇ ਨਜ਼ਰੀਏ ਤੋਂ ਅਸੀਂ ਕੀ ਸਿੱਖਦੇ ਹਾਂ?

7 ਬਾਈਬਲ ਵਿਚ ਢੇਰ ਸਾਰਾ ਸਬੂਤ ਹੈ ਕਿ ਯਹੋਵਾਹ ਹਰੇਕ ਵਿਚ ਚੰਗੇ ਗੁਣ ਦੇਖਦਾ ਹੈ। ਯਹੋਵਾਹ ਨੇ ਆਪਣੇ ਭਗਤ ਦਾਊਦ ਬਾਰੇ ਕਿਹਾ: ‘ਮੇਰਾ ਦਾਸ ਦਾਊਦ ਜਿਸ ਮੇਰੇ ਹੁਕਮਾਂ ਦੀ ਪਾਲਨਾ ਕੀਤੀ ਅਤੇ ਸਾਰੇ ਮਨ ਨਾਲ ਮੇਰੇ ਮਗਰ ਚੱਲਿਆ ਅਤੇ ਉਹੋ ਹੀ ਕੀਤਾ ਜੋ ਮੇਰੀ ਨਿਗਾਹ ਵਿੱਚ ਠੀਕ ਸੀ।’ (1 ਰਾਜਿ. 14:8) ਬੇਸ਼ੱਕ ਦਾਊਦ ਨੇ ਕੁਝ ਗ਼ਲਤੀਆਂ ਕੀਤੀਆਂ ਸਨ, ਪਰ ਯਹੋਵਾਹ ਨੇ ਉਸ ਦੇ ਚੰਗੇ ਗੁਣਾਂ ਵੱਲ ਧਿਆਨ ਦਿੱਤਾ ਕਿਉਂਕਿ ਉਹ ਜਾਣਦਾ ਸੀ ਕਿ ਦਾਊਦ ਦਾ ਦਿਲ ਸਾਫ਼ ਸੀ।—1 ਇਤ. 29:17.

ਭੈਣ-ਭਰਾਵਾਂ ਨੂੰ ਯਹੋਵਾਹ ਦੀ ਨਜ਼ਰ ਤੋਂ ਦੇਖੋ

8, 9. (ੳ) ਅਸੀਂ ਯਹੋਵਾਹ ਵਰਗੇ ਕਿੱਦਾਂ ਬਣ ਸਕਦੇ ਹਾਂ? (ਅ) ਮਿਸਾਲ ਦੇ ਕੇ ਸਮਝਾਓ ਕਿ ਅਸੀਂ ਇੱਦਾਂ ਕਿਵੇਂ ਕਰ ਸਕਦੇ ਹਾਂ ਤੇ ਇਸ ਦਾ ਨਤੀਜਾ ਕੀ ਨਿਕਲੇਗਾ?

8 ਯਹੋਵਾਹ ਦਿਲਾਂ ਨੂੰ ਪੜ੍ਹ ਸਕਦਾ ਹੈ ਪਰ ਅਸੀਂ ਨਹੀਂ। ਜੇ ਅਸੀਂ ਕਿਸੇ ਦੇ ਦਿਲ ਨੂੰ ਪੜ੍ਹ ਹੀ ਨਹੀਂ ਸਕਦੇ, ਤਾਂ ਫਿਰ ਅਸੀਂ ਉਸ ਉੱਤੇ ਦੋਸ਼ ਕਿਵੇਂ ਲਾ ਸਕਦੇ ਹਾਂ? ਅਸੀਂ ਕਿਸੇ ਦੇ ਇਰਾਦਿਆਂ ਨੂੰ ਪੂਰੀ ਤਰ੍ਹਾਂ ਨਹੀਂ ਜਾਣ ਸਕਦੇ। ਯਹੋਵਾਹ ਦੀ ਨਕਲ ਕਰਦਿਆਂ ਸਾਨੂੰ ਆਪਣਾ ਧਿਆਨ ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ਉੱਤੇ ਨਹੀਂ ਲਾਉਣਾ ਚਾਹੀਦਾ ਕਿਉਂਕਿ ਇਹ ਤਾਂ ਨਵੀਂ ਦੁਨੀਆਂ ਵਿਚ ਰਹਿਣਗੀਆਂ ਹੀ ਨਹੀਂ। ਤਾਂ ਫਿਰ ਕੀ ਇਹ ਚੰਗਾ ਨਹੀਂ ਹੋਵੇਗਾ ਕਿ ਅਸੀਂ ਵੱਧ ਤੋਂ ਵੱਧ ਯਹੋਵਾਹ ਦੀ ਉੱਤਮ ਮਿਸਾਲ ਤੇ ਚੱਲੀਏ? ਇੰਜ ਕਰਨ ਨਾਲ ਅਸੀਂ ਆਪਸ ਵਿਚ ਮੇਲ-ਮਿਲਾਪ ਰੱਖਾਂਗੇ।—ਅਫ਼. 4:23, 24.

9 ਇਸ ਗੱਲ ਨੂੰ ਸਮਝਣ ਲਈ ਇਕ ਉਦਾਹਰਣ ਤੇ ਗੌਰ ਕਰੋ। ਮੰਨ ਲਓ ਕਿ ਕੋਈ ਘਰ ਬੜੀ ਖਸਤਾ ਹਾਲਤ ਵਿਚ ਹੈ। ਉਸ ਦੇ ਪਰਨਾਲੇ ਅਤੇ ਖਿੜਕੀਆਂ ਟੁੱਟ ਚੁੱਕੀਆਂ ਹਨ ਅਤੇ ਛੱਤ ਚੋਂਦੀ ਹੈ। ਰਾਹ ਜਾਂਦੇ ਲੋਕ ਘਰ ਨੂੰ ਦੇਖ ਕੇ ਸ਼ਾਇਦ ਸੋਚਣ ਕਿ ਇਸ ਨੂੰ ਤਾਂ ਢਾਹ ਦੇਣਾ ਚਾਹੀਦਾ ਕਿਉਂਕਿ ਦੇਖਣ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ। ਲੇਕਿਨ ਇਕ ਬੰਦਾ ਘਰ ਨੂੰ ਅਲੱਗ ਹੀ ਨਜ਼ਰੀਏ ਤੋਂ ਦੇਖਦਾ ਹੈ। ਉਹ ਸੋਚਦਾ ਹੈ ਕਿ ਘਰ ਥੋੜ੍ਹਾ-ਬਹੁਤਾ ਟੁੱਟਾ-ਭੱਜਾ ਤਾਂ ਜ਼ਰੂਰ ਹੈ, ਪਰ ਇਸ ਦਾ ਢਾਂਚਾ ਮਜ਼ਬੂਤ ਹੈ ਤੇ ਇਸ ਦੀ ਮੁਰੰਮਤ ਕੀਤੀ ਜਾ ਸਕਦੀ ਹੈ। ਉਹ ਘਰ ਖ਼ਰੀਦ ਲੈਂਦਾ ਹੈ ਅਤੇ ਥੋੜ੍ਹੀ-ਬਹੁਤੀ ਮੁਰੰਮਤ ਕਰ ਕੇ ਇਸ ਨੂੰ ਸੋਹਣਾ ਬਣਾ ਦਿੰਦਾ ਹੈ। ਉਸ ਤੋਂ ਬਾਅਦ ਦੇਖਣ ਵਾਲੇ ਵੀ ਘਰ ਦੀ ਸ਼ਾਨ ਦੀ ਵਡਿਆਈ ਕਰਨੋਂ ਨਹੀਂ ਰਹਿੰਦੇ! ਕੀ ਅਸੀਂ ਉਸ ਇਨਸਾਨ ਵਰਗੇ ਬਣ ਸਕਦੇ ਹਾਂ ਜਿਸ ਨੇ ਘਰ ਨੂੰ ਵੱਖਰੇ ਹੀ ਨਜ਼ਰੀਏ ਤੋਂ ਦੇਖਿਆ ਸੀ? ਆਪਣੇ ਭਰਾਵਾਂ ਵਿਚ ਨੁਕਸ ਦੇਖਣ ਦੀ ਬਜਾਇ ਕਿਉਂ ਨਾ ਉਨ੍ਹਾਂ ਦੇ ਚੰਗੇ ਗੁਣਾਂ ਵੱਲ ਧਿਆਨ ਦਿਓ ਤੇ ਫਿਰ ਦੇਖੀਓ ਕਿ ਉਹ ਅੱਗੇ ਜਾ ਕੇ ਸੱਚਾਈ ਵਿਚ ਕਿੰਨੀ ਤਰੱਕੀ ਕਰਨਗੇ! ਇੱਦਾਂ ਕਰ ਕੇ ਅਸੀਂ ਆਪਣੇ ਭੈਣ-ਭਰਾਵਾਂ ਨਾਲ ਉਵੇਂ ਪਿਆਰ ਕਰਾਂਗੇ ਜਿਵੇਂ ਯਹੋਵਾਹ ਉਨ੍ਹਾਂ ਨਾਲ ਪਿਆਰ ਕਰਦਾ ਹੈ।—ਇਬਰਾਨੀਆਂ 6:10 ਪੜ੍ਹੋ।

10. ਫ਼ਿਲਿੱਪੀਆਂ 2:3, 4 ਵਿਚ ਦਰਜ ਸਲਾਹ ਸਾਡੀ ਕਿਵੇਂ ਮਦਦ ਕਰਦੀ ਹੈ?

10 ਭੈਣਾਂ-ਭਰਾਵਾਂ ਨਾਲ ਸਾਡੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਨ ਲਈ ਪੌਲੁਸ ਰਸੂਲ ਨੇ ਸਲਾਹ ਦਿੱਤੀ: “ਧੜੇ ਬਾਜ਼ੀਆਂ ਅਥਵਾ ਫੋਕੇ ਘੁਮੰਡ ਨਾਲ ਕੁਝ ਨਾ ਕਰੋ ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ। ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ।” (ਫ਼ਿਲਿ. 2:3, 4) ਅਧੀਨਗੀ ਜਾਂ ਨਿਮਰਤਾ ਭੈਣਾਂ-ਭਰਾਵਾਂ ਪ੍ਰਤੀ ਸਹੀ ਨਜ਼ਰੀਆ ਰੱਖਣ ਵਿਚ ਸਾਡੀ ਮਦਦ ਕਰਦੀ ਹੈ। ਦੂਸਰਿਆਂ ਨੂੰ ਚੰਗੀ ਤਰ੍ਹਾਂ ਜਾਣ ਕੇ ਅਸੀਂ ਉਨ੍ਹਾਂ ਦੇ ਚੰਗੇ ਗੁਣ ਦੇਖ ਸਕਦੇ ਹਾਂ।

11. ਕੁਝ ਕਲੀਸਿਯਾਵਾਂ ਵਿਚ ਕੀ ਤਬਦੀਲੀਆਂ ਆਈਆਂ ਹਨ?

11 ਬਹੁਤ ਸਾਰੇ ਲੋਕ ਕੰਮਾਂ-ਕਾਰਾਂ ਕਰਕੇ ਜਾਂ ਹੋਰ ਕਾਰਨਾਂ ਕਰਕੇ ਦੂਜੇ ਦੇਸ਼ਾਂ ਵਿਚ ਚਲੇ ਗਏ ਹਨ। ਬਹੁਤ ਸਾਰੇ ਸ਼ਹਿਰਾਂ ਵਿਚ ਹੁਣ ਵੱਖ-ਵੱਖ ਨਸਲਾਂ ਦੇ ਲੋਕ ਰਹਿੰਦੇ ਹਨ। ਹੋ ਸਕਦਾ ਹੈ ਕਿ ਸਾਡੇ ਇਲਾਕੇ ਵਿਚ ਵੀ ਅਜਿਹੇ ਲੋਕਾਂ ਨੇ ਬਾਈਬਲ ਵਿਚ ਰੁਚੀ ਦਿਖਾਈ ਹੈ ਅਤੇ ਉਨ੍ਹਾਂ ਨੇ ਬਪਤਿਸਮਾ ਲੈ ਕੇ ਸਾਡੇ ਨਾਲ ਯਹੋਵਾਹ ਦੀ ਭਗਤੀ ਕਰਨੀ ਸ਼ੁਰੂ ਕੀਤੀ ਹੈ। ਇਹ ਲੋਕ ‘ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਹਨ।’ (ਪਰ. 7:9) ਨਤੀਜੇ ਵਜੋਂ, ਕਈ ਕਲੀਸਿਯਾਵਾਂ ਵਿਚ ਵੱਖ-ਵੱਖ ਦੇਸ਼ਾਂ ਤੋਂ ਭੈਣ-ਭਰਾ ਹਨ।

12. ਦੂਸਰੇ ਦੇਸ਼ਾਂ ਤੋਂ ਆਏ ਭੈਣਾਂ-ਭਰਾਵਾਂ ਪ੍ਰਤੀ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ ਅਤੇ ਇਹ ਕਰਨਾ ਸਾਡੇ ਵਾਸਤੇ ਕਿਉਂ ਮੁਸ਼ਕਲ ਹੋ ਸਕਦਾ ਹੈ?

12 ਕਲੀਸਿਯਾਵਾਂ ਵਿਚ ਵੱਖ-ਵੱਖ ਦੇਸ਼ਾਂ ਤੋਂ ਭੈਣ-ਭਰਾ ਹੋਣ ਕਰਕੇ ਸਾਨੂੰ ਇਕ-ਦੂਸਰੇ ਨੂੰ ਸਮਝਣ ਦੀ ਲੋੜ ਹੈ। ਯਾਦ ਕਰੋ ਕਿ ਪਤਰਸ ਰਸੂਲ ਨੇ ਕਿਹਾ ਸੀ ਕਿ ਸਾਨੂੰ ਆਪਣੇ ਭੈਣਾਂ-ਭਰਾਵਾਂ ਨੂੰ “ਨਿਸ਼ਕਪਟ ਪ੍ਰੇਮ” ਅਤੇ “ਤਨੋਂ ਮਨੋਂ ਹੋ ਕੇ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ” ਕਰਨਾ ਚਾਹੀਦਾ ਹੈ। (1 ਪਤ. 1:22) ਦੂਸਰੇ ਦੇਸ਼ਾਂ ਤੋਂ ਆਏ ਭੈਣਾਂ-ਭਰਾਵਾਂ ਨਾਲ ਇੱਦਾਂ ਕਰਨਾ ਸ਼ਾਇਦ ਸਾਡੇ ਵਾਸਤੇ ਆਸਾਨ ਨਾ ਹੋਵੇ। ਉਨ੍ਹਾਂ ਦਾ ਸਭਿਆਚਾਰ, ਤਾਲੀਮ ਜਾਂ ਮਾਹੌਲ ਸ਼ਾਇਦ ਸਾਡੇ ਤੋਂ ਵੱਖਰਾ ਹੋਵੇ। ਸ਼ਾਇਦ ਤੁਹਾਨੂੰ ਉਨ੍ਹਾਂ ਦੇ ਵਿਚਾਰ ਜਾਂ ਤੌਰ-ਤਰੀਕੇ ਅਜੀਬ ਲੱਗਣ। ਹੋ ਸਕਦਾ ਹੈ ਕਿ ਉਹ ਵੀ ਤੁਹਾਡੇ ਬਾਰੇ ਇੱਦਾਂ ਹੀ ਮਹਿਸੂਸ ਕਰਦੇ ਹੋਣ। ਪਰ ਸਾਨੂੰ ਸਾਰਿਆਂ ਨੂੰ ਇਹ ਤਾਲੀਮ ਦਿੱਤੀ ਗਈ ਹੈ: ‘ਸਾਰੇ ਭਾਈਆਂ ਨਾਲ ਪ੍ਰੇਮ ਰੱਖੋ।’—1 ਪਤ. 2:17.

13. ਸਾਨੂੰ ਆਪਣੀ ਸੋਚ ਵਿਚ ਸ਼ਾਇਦ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਹੈ?

13 ਇਨ੍ਹਾਂ ਭੈਣ-ਭਰਾਵਾਂ ਨਾਲ ਦਿਲੋਂ ਪਿਆਰ ਕਰਨ ਲਈ ਸ਼ਾਇਦ ਸਾਨੂੰ ਆਪਣੀ ਸੋਚ ਸੁਧਾਰਨੀ ਪਵੇ। (2 ਕੁਰਿੰਥੀਆਂ 6:12, 13 ਪੜ੍ਹੋ।) ਹੋ ਸਕਦਾ ਹੈ ਕਿ ਸਾਨੂੰ ਦੂਸਰੇ ਸਭਿਆਚਾਰ ਜਾਂ ਕੌਮ ਦੇ ਲੋਕਾਂ ਵਿਚ ਕੁਝ ਔਗੁਣ ਨਜ਼ਰ ਆਉਣ। ਅਸੀਂ ਸ਼ਾਇਦ ਸੋਚੀਏ ਕਿ ਸਾਡੇ ਦਿਲ ਵਿਚ ਕਿਸੇ ਵੀ ਨਸਲ ਜਾਂ ਕੌਮ ਦੇ ਭੈਣ-ਭਰਾਵਾਂ ਲਈ ਭੇਦ-ਭਾਵ ਨਹੀਂ ਹੈ। ਪਰ ਦੂਜਿਆਂ ਨਾਲ ਗੱਲ ਕਰਦੇ ਹੋਏ ਅਸੀਂ ਨਸਲ ਜਾਂ ਕੌਮ ਬਾਰੇ ਮਾੜੀਆਂ ਗੱਲਾਂ ਕਰ ਕੇ ਦਿਖਾਉਂਦੇ ਹਾਂ ਕਿ ਭੇਦ-ਭਾਵ ਨੇ ਸਾਡੇ ਅੰਦਰ ਹਾਲੇ ਵੀ ਜੜ੍ਹ ਫੜ ਰੱਖੀ ਹੈ ਜਿਸ ਨੂੰ ਪੁੱਟਣ ਦੀ ਲੋੜ ਹੈ। ਅਸੀਂ ਆਪਣੇ ਆਪ ਨੂੰ ਪੁੱਛ ਸਕਦੇ ਹਾਂ, ‘ਕੀ ਮੈਂ ਦੂਸਰੇ ਸਭਿਆਚਾਰ ਦੇ ਲੋਕਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਹਾਂ?’ ਖ਼ੁਦ ਨੂੰ ਇੱਦਾਂ ਦੇ ਸਵਾਲ ਪੁੱਛਣ ਨਾਲ ਭੈਣਾਂ-ਭਰਾਵਾਂ ਪ੍ਰਤੀ ਸਾਡਾ ਨਜ਼ਰੀਆ ਬਦਲੇਗਾ ਅਤੇ ਅਸੀਂ ਉਨ੍ਹਾਂ ਦਾ ਖੁੱਲ੍ਹੇ ਦਿਲ ਨਾਲ ਸੁਆਗਤ ਕਰ ਸਕਾਂਗੇ।

14, 15. (ੳ) ਉਨ੍ਹਾਂ ਵਿਅਕਤੀਆਂ ਦੀਆਂ ਉਦਾਹਰਣਾਂ ਦਿਓ ਜਿਨ੍ਹਾਂ ਨੇ ਦੂਸਰਿਆਂ ਬਾਰੇ ਆਪਣਾ ਰਵੱਈਆ ਬਦਲਿਆ ਸੀ। (ਅ) ਅਸੀਂ ਉਨ੍ਹਾਂ ਦੀ ਕਿੱਦਾਂ ਰੀਸ ਕਰ ਸਕਦੇ ਹਾਂ?

14 ਬਾਈਬਲ ਵਿਚ ਦੱਸਿਆ ਹੈ ਕਿ ਪਰਮੇਸ਼ੁਰ ਦੇ ਕੁਝ ਭਗਤਾਂ ਨੂੰ ਆਪਣਾ ਨਜ਼ਰੀਆ ਬਦਲਣਾ ਪਿਆ ਸੀ। ਇਸ ਦੀ ਇਕ ਚੰਗੀ ਮਿਸਾਲ ਹੈ ਪਤਰਸ ਰਸੂਲ। ਯਹੂਦੀ ਹੋਣ ਕਰਕੇ ਸ਼ਾਇਦ ਪਤਰਸ ਨੇ ਕਦੇ ਕਿਸੇ ਗ਼ੈਰ-ਯਹੂਦੀ ਦੇ ਘਰ ਪੈਰ ਨਹੀਂ ਪਾਏ ਹੋਣੇ। ਜ਼ਰਾ ਸੋਚੋ ਕਿ ਉਸ ਤੇ ਕੀ ਬੀਤੀ ਹੋਣੀ ਜਦ ਉਸ ਨੂੰ ਗ਼ੈਰ-ਯਹੂਦੀ ਕੁਰਨੇਲਿਯੁਸ ਦੇ ਘਰ ਜਾਣ ਲਈ ਕਿਹਾ ਗਿਆ ਸੀ! ਪਤਰਸ ਨੇ ਆਪਣੀ ਸੋਚ ਬਦਲੀ। ਉਹ ਸਮਝ ਗਿਆ ਸੀ ਕਿ ਯਹੋਵਾਹ ਦੀ ਇੱਛਾ ਸੀ ਕਿ ਸਾਰੀਆਂ ਕੌਮਾਂ ਦੇ ਲੋਕ ਉਸ ਦੀ ਸੇਵਾ ਕਰਨ। (ਰਸੂ. 10:9-35) ਪੌਲੁਸ ਰਸੂਲ (ਪਹਿਲਾ ਨਾਂ ਸੌਲੁਸ) ਨੂੰ ਵੀ ਆਪਣੀ ਸੋਚ ਸੁਧਾਰਨੀ ਪਈ ਤੇ ਭੇਦ-ਭਾਵ ਤੋਂ ਛੁਟਕਾਰਾ ਪਾਉਣਾ ਪਿਆ। ਉਸ ਨੇ ਕਬੂਲ ਕੀਤਾ ਕਿ ਉਹ ਮਸੀਹੀਆਂ ਨਾਲ ਇੰਨੀ ਨਫ਼ਰਤ ਕਰਦਾ ਸੀ ਕਿ ਉਹ ‘ਪਰਮੇਸ਼ੁਰ ਦੀ ਕਲੀਸਿਯਾ ਨੂੰ ਹੱਦੋਂ ਬਾਹਰ ਸਤਾਉਂਦਾ ਅਤੇ ਉਹ ਨੂੰ ਬਰਬਾਦ ਕਰਦਾ ਸੀ।’ ਪਰ ਜਦੋਂ ਪ੍ਰਭੂ ਯਿਸੂ ਨੇ ਉਸ ਨੂੰ ਤਾੜਿਆ, ਤਾਂ ਪੌਲੁਸ ਨੇ ਆਪਣੇ ਰਵੱਈਏ ਨੂੰ ਪੂਰੀ ਤਰ੍ਹਾਂ ਬਦਲਿਆ ਤੇ ਉਨ੍ਹਾਂ ਦੀ ਵੀ ਸਲਾਹ ਮੰਨੀ ਜਿਨ੍ਹਾਂ ਨੂੰ ਉਹ ਪਹਿਲਾਂ ਸਤਾਉਂਦਾ ਹੁੰਦਾ ਸੀ।—ਗਲਾ. 1:13-20.

15 ਯਹੋਵਾਹ ਦੀ ਮਦਦ ਨਾਲ ਅਸੀਂ ਵੀ ਆਪਣੇ ਰਵੱਈਏ ਨੂੰ ਸੁਧਾਰ ਸਕਦੇ ਹਾਂ। ਜੇ ਸਾਨੂੰ ਪਤਾ ਹੈ ਕਿ ਸਾਡੇ ਅੰਦਰ ਹਾਲੇ ਵੀ ਮਾੜਾ-ਮੋਟਾ ਪੱਖਪਾਤ ਕਰਨ ਦੀ ਭਾਵਨਾ ਹੈ, ਤਾਂ ਸਾਨੂੰ ਇਹ ਭਾਵਨਾ ਆਪਣੇ ਅੰਦਰੋਂ ਕੱਢਣ ਤੇ ‘ਮਿਲਾਪ ਦੇ ਬੰਧ ਵਿੱਚ ਆਤਮਾ ਦੀ ਏਕਤਾ ਦੀ ਪਾਲਨਾ ਕਰਨ ਦਾ ਜਤਨ ਕਰਨਾ’ ਚਾਹੀਦਾ ਹੈ। (ਅਫ਼. 4:3-6) ਬਾਈਬਲ ਵਿਚ ਸਾਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਅਸੀਂ ‘ਪ੍ਰੇਮ ਨੂੰ ਪਾ ਲਈਏ ਜਿਹੜਾ ਸੰਪੂਰਨਤਾਈ ਦਾ ਬੰਧ ਹੈ।’—ਕੁਲੁ. 3:14.

ਪ੍ਰਚਾਰ ਕਰਦਿਆਂ ਯਹੋਵਾਹ ਦੀ ਰੀਸ ਕਰੋ

16. ਲੋਕਾਂ ਵਾਸਤੇ ਯਹੋਵਾਹ ਨੇ ਕੀ ਇੰਤਜ਼ਾਮ ਕੀਤਾ ਹੈ?

16 ਰਸੂਲ ਪੌਲੁਸ ਨੇ ਲਿਖਿਆ: “ਪਰਮੇਸ਼ੁਰ ਦੇ ਹਜ਼ੂਰ ਤਾਂ ਕਿਸੇ ਦਾ ਪੱਖ ਪਾਤ ਨਹੀਂ ਹੁੰਦਾ।” (ਰੋਮੀ. 2:11) ਯਹੋਵਾਹ ਚਾਹੁੰਦਾ ਹੈ ਕਿ ਹਰ ਕੌਮ ਦੇ ਲੋਕ ਉਸ ਦੀ ਭਗਤੀ ਕਰਨ। (1 ਤਿਮੋਥਿਉਸ 2:3, 4 ਪੜ੍ਹੋ।) ਤਾਹੀਓਂ ਤਾਂ ਉਸ ਨੇ “ਹਰੇਕ ਕੌਮ ਅਤੇ ਗੋਤ ਅਤੇ ਭਾਖਿਆ ਅਤੇ ਉੱਮਤ” ਦੇ ਲੋਕਾਂ ਨੂੰ “ਖੁਸ਼ ਖਬਰੀ” ਸੁਣਾਉਣ ਦਾ ਇੰਤਜ਼ਾਮ ਕੀਤਾ ਹੈ। (ਪਰ. 14:6) ਯਿਸੂ ਨੇ ਕਿਹਾ: “ਖੇਤ ਜਗਤ ਹੈ।” (ਮੱਤੀ 13:38) ਸੋ ਸਾਨੂੰ ਤੇ ਸਾਡੇ ਪਰਿਵਾਰ ਨੂੰ ਕੀ ਕਰਨਾ ਚਾਹੀਦਾ ਹੈ?

17. ਅਸੀਂ ਹਰ ਤਰ੍ਹਾਂ ਦੇ ਲੋਕਾਂ ਦੀ ਕਿੱਦਾਂ ਮਦਦ ਕਰ ਸਕਦੇ ਹਾਂ?

17 ਇਹ ਤਾਂ ਠੀਕ ਹੈ ਕਿ ਅਸੀਂ ਸਾਰੇ ਹੀ ਦੂਰ-ਦੁਰਾਡੇ ਦੇਸ਼ਾਂ ਵਿਚ ਜਾ ਕੇ ਲੋਕਾਂ ਨੂੰ ਖ਼ੁਸ਼ ਖ਼ਬਰੀ ਨਹੀਂ ਸੁਣਾ ਸਕਦੇ। ਪਰ ਅਸੀਂ ਆਪਣੇ ਇਲਾਕੇ ਵਿਚ ਰਹਿੰਦੇ ਦੂਸਰੇ ਦੇਸ਼ਾਂ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕਦੇ ਹਾਂ। ਕੀ ਅਸੀਂ ਹਰ ਤਰ੍ਹਾਂ ਦੇ ਲੋਕਾਂ ਨੂੰ ਸੰਦੇਸ਼ ਦੇਣ ਦਾ ਮੌਕਾ ਭਾਲਦੇ ਹਾਂ ਜਾਂ ਕਿ ਅਸੀਂ ਸਾਲਾਂ ਤੋਂ ਇੱਕੋ ਤਰ੍ਹਾਂ ਦੇ ਲੋਕਾਂ ਨੂੰ ਸੰਦੇਸ਼ ਦੇ ਰਹੇ ਹਾਂ? ਕਿਉਂ ਨਾ ਤੁਸੀਂ ਉਨ੍ਹਾਂ ਲੋਕਾਂ ਕੋਲ ਵੀ ਜਾਣ ਦਾ ਪੱਕਾ ਇਰਾਦਾ ਕਰੋ ਜਿਨ੍ਹਾਂ ਨੇ ਸਾਡਾ ਸੰਦੇਸ਼ ਕਦੀ ਸੁਣਿਆ ਹੀ ਨਹੀਂ?—ਰੋਮੀ. 15:20, 21.

18. ਯਿਸੂ ਨੇ ਲੋਕਾਂ ਦੀ ਕਿੱਦਾਂ ਮਦਦ ਕੀਤੀ?

18 ਯਿਸੂ ਨੇ ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕੀਤੀ ਸੀ। ਉਸ ਨੇ ਕੇਵਲ ਇੱਕੋ ਥਾਂ ਤੇ ਪ੍ਰਚਾਰ ਨਹੀਂ ਕੀਤਾ ਸੀ। ਬਾਈਬਲ ਵਿਚ ਇਕ ਬਿਰਤਾਂਤ ਦੱਸਦਾ ਹੈ ਕਿ ਉਸ ਨੇ ‘ਸਰਬੱਤ ਨਗਰਾਂ ਅਤੇ ਪਿੰਡਾਂ ਦੀ ਫੇਰੀ ਲਾਈ।’ ਫਿਰ “ਜਾਂ ਉਹ ਨੇ ਭੀੜਾਂ ਵੇਖੀਆਂ ਤਾਂ ਉਸ ਨੂੰ ਉਨ੍ਹਾਂ ਉੱਤੇ ਤਰਸ ਆਇਆ” ਤੇ ਉਸ ਨੇ ਉਨ੍ਹਾਂ ਦੀ ਮਦਦ ਕੀਤੀ।—ਮੱਤੀ 9:35-37.

19, 20. ਅਸੀਂ ਕਿਨ੍ਹਾਂ ਗੱਲਾਂ ਵਿਚ ਹਰ ਤਰ੍ਹਾਂ ਦੇ ਲੋਕਾਂ ਪ੍ਰਤੀ ਯਹੋਵਾਹ ਤੇ ਯਿਸੂ ਵਰਗਾ ਰਵੱਈਆ ਦਿਖਾ ਸਕਦੇ ਹਾਂ?

19 ਯਿਸੂ ਦੀ ਰੀਸ ਕਰਦਿਆਂ ਅਸੀਂ ਕਿਵੇਂ ਲੋਕਾਂ ਦੀ ਮਦਦ ਕਰ ਸਕਦੇ ਹਾਂ? ਕੁਝ ਭੈਣ-ਭਰਾ ਆਪਣੇ ਇਲਾਕੇ ਵਿਚ ਉਨ੍ਹਾਂ ਥਾਵਾਂ ਤੇ ਪ੍ਰਚਾਰ ਕਰਦੇ ਹਨ ਜਿੱਥੇ ਪਹਿਲਾਂ ਸ਼ਾਇਦ ਘੱਟ ਪ੍ਰਚਾਰ ਕੀਤਾ ਗਿਆ ਹੋਵੇ। ਇਨ੍ਹਾਂ ਥਾਵਾਂ ਵਿਚ ਕਾਰੋਬਾਰੀ ਇਲਾਕੇ, ਪਾਰਕਾਂ, ਬੱਸ ਅੱਡੇ, ਸਟੇਸ਼ਨ ਜਾਂ ਵੱਡੀਆਂ-ਵੱਡੀਆਂ ਇਮਾਰਤਾਂ, ਜਿਨ੍ਹਾਂ ਦੇ ਅੰਦਰ ਜਾਣਾ ਔਖਾ ਹੁੰਦਾ ਹੈ, ਸ਼ਾਮਲ ਹਨ। ਹੋਰ ਭੈਣਾਂ-ਭਰਾਵਾਂ ਨੇ ਨਵੀਂ ਭਾਸ਼ਾ ਸਿੱਖੀ ਹੈ ਤਾਂਕਿ ਉਹ ਪਰਦੇਸੀਆਂ ਨੂੰ ਪ੍ਰਚਾਰ ਕਰ ਸਕਣ। ਉਨ੍ਹਾਂ ਦੀ ਭਾਸ਼ਾ ਵਿਚ ਨਮਸਤੇ ਕਹਿਣਾ ਹੀ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਉਨ੍ਹਾਂ ਵਿਚ ਦਿਲਚਸਪੀ ਦਿਖਾਉਂਦੇ ਹੋ। ਜੇ ਨਵੀਂ ਭਾਸ਼ਾ ਸਿੱਖਣੀ ਸਾਡੇ ਵੱਸ ਦੀ ਗੱਲ ਨਹੀਂ ਹੈ, ਤਾਂ ਕੀ ਅਸੀਂ ਦੂਸਰਿਆਂ ਨੂੰ ਹੱਲਾਸ਼ੇਰੀ ਦਿੰਦੇ ਹਾਂ ਜੋ ਨਵੀਂ ਭਾਸ਼ਾ ਸਿੱਖ ਰਹੇ ਹਨ? ਸਾਨੂੰ ਭੈਣ-ਭਰਾਵਾਂ ਦੀ ਨੁਕਤਾਚੀਨੀ ਨਹੀਂ ਕਰਨੀ ਚਾਹੀਦਾ ਕਿ ਉਹ ਪਰਦੇਸੀਆਂ ਨੂੰ ਗਵਾਹੀ ਦੇਣ ਦਾ ਕਿਉਂ ਜਤਨ ਕਰ ਰਹੇ ਹਨ। ਯਹੋਵਾਹ ਦੀਆਂ ਨਜ਼ਰਾਂ ਵਿਚ ਸਾਰੇ ਅਨਮੋਲ ਹਨ ਤੇ ਸਾਨੂੰ ਵੀ ਦੂਸਰਿਆਂ ਨੂੰ ਇਸੇ ਤਰ੍ਹਾਂ ਵਿਚਾਰਨਾ ਚਾਹੀਦਾ ਹੈ।—ਕੁਲੁ. 3:10, 11.

20 ਲੋਕਾਂ ਨੂੰ ਯਹੋਵਾਹ ਦੀ ਨਜ਼ਰ ਤੋਂ ਦੇਖਣ ਨਾਲ ਅਸੀਂ ਸਾਰਿਆਂ ਨੂੰ ਪ੍ਰਚਾਰ ਕਰਾਂਗੇ ਚਾਹੇ ਉਹ ਜਿੱਦਾਂ ਦੇ ਮਰਜ਼ੀ ਇਨਸਾਨ ਹੋਣ। ਇਨ੍ਹਾਂ ਵਿੱਚੋਂ ਸ਼ਾਇਦ ਕੁਝ ਲੋਕ ਬੇਘਰ ਹੋਣ, ਸਾਫ਼-ਸੁਥਰੇ ਨਾ ਹੋਣ ਜਾਂ ਅਨੈਤਿਕ ਜ਼ਿੰਦਗੀ ਜੀ ਰਹੇ ਹੋਣ। ਜੇ ਕੁਝ ਲੋਕ ਸਾਡੇ ਨਾਲ ਢੰਗ ਨਾਲ ਪੇਸ਼ ਨਾ ਆਉਣ, ਤਾਂ ਕੀ ਸਾਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਪੂਰੀ ਨਸਲ ਹੀ ਇੱਦਾਂ ਦੀ ਹੈ। ਪੌਲੁਸ ਰਸੂਲ ਨੂੰ ਜਦ ਕੁਝ ਕੌਮਾਂ ਦੇ ਲੋਕਾਂ ਨੇ ਮਾਰਿਆ-ਕੁੱਟਿਆ ਸੀ, ਤਾਂ ਉਸ ਨੇ ਇਹ ਨਹੀਂ ਸੋਚਿਆ ਕਿ ਉਹ ਹੁਣ ਉਸ ਕੌਮ ਦੇ ਕਿਸੇ ਵੀ ਬੰਦੇ ਨੂੰ ਪ੍ਰਚਾਰ ਨਹੀਂ ਕਰੇਗਾ। (ਰਸੂ. 14:5-7, 19-22) ਉਸ ਨੂੰ ਵਿਸ਼ਵਾਸ ਸੀ ਕਿ ਉਸ ਕੌਮ ਦੇ ਕੁਝ ਲੋਕ ਜ਼ਰੂਰ ਪਰਮੇਸ਼ੁਰ ਦੇ ਭਗਤ ਬਣਨਗੇ।

21. ਦੂਜਿਆਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖਣ ਨਾਲ ਸਾਨੂੰ ਕਿਵੇਂ ਮਦਦ ਮਿਲਦੀ ਹੈ?

21 ਇਹ ਗੱਲ ਸਾਫ਼ ਹੈ ਕਿ ਸਾਨੂੰ ਆਪਣੀ ਕਲੀਸਿਯਾ ਦੇ ਭੈਣਾਂ-ਭਰਾਵਾਂ, ਦੁਨੀਆਂ ਭਰ ਵਿਚ ਰਹਿੰਦੇ ਆਪਣੇ ਭੈਣਾਂ-ਭਰਾਵਾਂ ਅਤੇ ਆਮ ਲੋਕਾਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖਣ ਦੀ ਲੋੜ ਹੈ। ਜਿੰਨਾ ਜ਼ਿਆਦਾ ਅਸੀਂ ਯਹੋਵਾਹ ਵਰਗੇ ਬਣਨ ਦੀ ਕੋਸ਼ਿਸ਼ ਕਰਾਂਗੇ, ਉੱਨਾ ਹੀ ਜ਼ਿਆਦਾ ਅਸੀਂ ਸ਼ਾਂਤੀ ਤੇ ਏਕਤਾ ਨੂੰ ਬਰਕਰਾਰ ਰੱਖਣ ਵਿਚ ਯੋਗਦਾਨ ਪਾਵਾਂਗੇ। ਅਤੇ ਯਹੋਵਾਹ ਨੂੰ ਜਾਣਨ ਵਿਚ ਅਸੀਂ ਲੋਕਾਂ ਦੀ ਮਦਦ ਕਰ ਪਾਵਾਂਗੇ ਕਿਉਂਕਿ ਯਹੋਵਾਹ “ਪੱਖਵਾਦੀ ਨਹੀਂ” ਹੈ। ਉਹ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕਰਦਾ ਹੈ ਕਿਉਂਕਿ ‘ਓਹ ਸਾਰੇ ਦਾ ਸਾਰੇ ਉਹ ਦੇ ਹੱਥ ਦਾ ਕੰਮ ਹਨ।’—ਅੱਯੂ. 34:19.

ਤੁਸੀਂ ਕੀ ਜਵਾਬ ਦਿਓਗੇ?

• ਸਾਨੂੰ ਆਪਣੇ ਭੈਣਾਂ-ਭਰਾਵਾਂ ਪ੍ਰਤੀ ਕਿਹੋ ਜਿਹਾ ਨਜ਼ਰੀਆ ਨਹੀਂ ਰੱਖਣਾ ਚਾਹੀਦਾ ਹੈ?

• ਅਸੀਂ ਆਪਣੇ ਭੈਣਾਂ-ਭਰਾਵਾਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਕਿਵੇਂ ਰੱਖ ਸਕਦੇ ਹਾਂ?

• ਸਾਨੂੰ ਹੋਰਨਾਂ ਦੇਸ਼ਾਂ ਦੇ ਭੈਣਾਂ-ਭਰਾਵਾਂ ਪ੍ਰਤੀ ਕਿਹੋ ਜਿਹਾ ਰਵੱਈਆ ਰੱਖਣਾ ਚਾਹੀਦਾ ਹੈ?

• ਲੋਕਾਂ ਨੂੰ ਪ੍ਰਚਾਰ ਕਰਦੇ ਵੇਲੇ ਅਸੀਂ ਯਹੋਵਾਹ ਵਰਗਾ ਨਜ਼ਰੀਆ ਕਿਵੇਂ ਰੱਖ ਸਕਦੇ ਹਾਂ?

[ਸਵਾਲ]

[ਸਫ਼ਾ 26 ਉੱਤੇ ਤਸਵੀਰ]

ਤੁਸੀਂ ਦੂਸਰੇ ਸਭਿਆਚਾਰਾਂ ਦੇ ਲੋਕਾਂ ਨੂੰ ਕਿੱਦਾਂ ਜਾਣ ਸਕਦੇ ਹੋ?

[ਸਫ਼ਾ 28 ਉੱਤੇ ਤਸਵੀਰਾਂ]

ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਕਿਵੇਂ ਦੱਸ ਸਕਦੇ ਹੋ?