Skip to content

Skip to table of contents

“ਤੁਹਾਡੇ ਵਿੱਚ ਬੁੱਧਵਾਨ ਅਤੇ ਸਿਆਣਾ ਕਿਹੜਾ ਹੈ?”

“ਤੁਹਾਡੇ ਵਿੱਚ ਬੁੱਧਵਾਨ ਅਤੇ ਸਿਆਣਾ ਕਿਹੜਾ ਹੈ?”

“ਤੁਹਾਡੇ ਵਿੱਚ ਬੁੱਧਵਾਨ ਅਤੇ ਸਿਆਣਾ ਕਿਹੜਾ ਹੈ?”

“ਤੁਹਾਡੇ ਵਿੱਚ ਬੁੱਧਵਾਨ ਅਤੇ ਸਿਆਣਾ ਕਿਹੜਾ ਹੈ? ਉਹ ਸ਼ੁਭ ਚਾਲ ਤੋਂ ਬੁੱਧ ਦੀ ਨਰਮਾਈ ਨਾਲ ਆਪਣੇ ਕਰਮ ਵਿਖਾਵੇ।”—ਯਾਕੂ. 3:13.

1, 2. ਬੁੱਧੀਮਾਨ ਸਮਝੇ ਜਾਣ ਵਾਲੇ ਕਈ ਲੋਕਾਂ ਬਾਰੇ ਕੀ ਕਿਹਾ ਜਾ ਸਕਦਾ ਹੈ?

ਤੁਹਾਡੇ ਮੁਤਾਬਕ ਕੌਣ ਬੁੱਧੀਮਾਨ ਇਨਸਾਨ ਹੈ? ਤੁਹਾਡੇ ਮਾਪੇ, ਕੋਈ ਬਿਰਧ ਇਨਸਾਨ ਜਾਂ ਫਿਰ ਕੋਈ ਕਾਲਜ ਪ੍ਰੋਫੈਸਰ? ਤੁਸੀਂ ਕਿਸ ਨੂੰ ਬੁੱਧੀਮਾਨ ਵਿਚਾਰਦੇ ਹੋ, ਇਹ ਤੁਹਾਡੇ ਪਿਛੋਕੜ ਜਾਂ ਮਾਹੌਲ ਤੇ ਨਿਰਭਰ ਕਰਦਾ ਹੈ ਜਿਸ ਵਿਚ ਤੁਸੀਂ ਜੰਮੇ-ਪਲੇ ਹੋ। ਪਰ ਯਹੋਵਾਹ ਦੇ ਸੇਵਕਾਂ ਵਾਸਤੇ ਇਹ ਗੱਲ ਜ਼ਿਆਦਾ ਮਾਅਨੇ ਰੱਖਦੀ ਹੈ ਕਿ ਯਹੋਵਾਹ ਕਿਸ ਨੂੰ ਬੁੱਧੀਮਾਨ ਵਿਚਾਰਦਾ ਹੈ।

2 ਅੱਜ ਦੁਨੀਆਂ ਜਿਨ੍ਹਾਂ ਨੂੰ ਬੁੱਧੀਮਾਨ ਸਮਝਦੀ ਹੈ, ਜ਼ਰੂਰੀ ਨਹੀਂ ਕਿ ਪਰਮੇਸ਼ੁਰ ਵੀ ਉਨ੍ਹਾਂ ਸਾਰਿਆਂ ਨੂੰ ਬੁੱਧੀਮਾਨ ਸਮਝੇ। ਮਿਸਾਲ ਲਈ, ਅੱਯੂਬ ਨਾਲ ਗੱਲ ਕਰਨ ਵਾਲੇ ਮਨੁੱਖ ਆਪਣੇ ਆਪ ਨੂੰ ਬੁੱਧੀਮਾਨ ਸਮਝਦੇ ਸਨ, ਪਰ ਅਖ਼ੀਰ ਵਿਚ ਅੱਯੂਬ ਨੇ ਉਨ੍ਹਾਂ ਬਾਰੇ ਕਿਹਾ: ‘ਮੈਨੂੰ ਤੁਹਾਡੇ ਵਿਚ ਇੱਕ ਵੀ ਬੁੱਧੀਮਾਨ ਨਾ ਲੱਭਾ।’ (ਅੱਯੂ. 17:10) ਜਿਨ੍ਹਾਂ ਨੇ ਪਰਮੇਸ਼ੁਰ ਦੇ ਗਿਆਨ ਨੂੰ ਠੁਕਰਾਇਆ ਸੀ, ਉਨ੍ਹਾਂ ਬਾਰੇ ਪੌਲੁਸ ਰਸੂਲ ਨੇ ਲਿਖਿਆ: “ਓਹ ਆਪ ਨੂੰ ਬੁੱਧੀਵਾਨ ਮੰਨ ਕੇ ਮੂਰਖ ਬਣ ਗਏ।” (ਰੋਮੀ. 1:22) ਅਤੇ ਯਸਾਯਾਹ ਨਬੀ ਰਾਹੀਂ ਯਹੋਵਾਹ ਨੇ ਅਜਿਹੇ ਲੋਕਾਂ ਬਾਰੇ ਸਾਫ਼ ਕਿਹਾ: “ਹਾਇ ਓਹਨਾਂ ਉੱਤੇ ਜਿਹੜੇ ਆਪਣੀ ਨਿਗਾਹ ਵਿੱਚ ਸਿਆਣੇ ਹਨ।”—ਯਸਾ. 5:21.

3, 4. ਯਹੋਵਾਹ ਦੀਆਂ ਨਜ਼ਰਾਂ ਵਿਚ ਬੁੱਧੀਮਾਨ ਬਣਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

3 ਤਾਂ ਫਿਰ ਸਪੱਸ਼ਟ ਹੈ ਕਿ ਅਸੀਂ ਜਾਣੀਏ ਕਿ ਪਰਮੇਸ਼ੁਰ ਕਿਸ ਨੂੰ ਬੁੱਧੀਮਾਨ ਸਮਝਦਾ ਹੈ ਜਿਸ ਸਦਕਾ ਉਸ ਉੱਤੇ ਪਰਮੇਸ਼ੁਰ ਦੀ ਮਿਹਰ ਹੁੰਦੀ ਹੈ। ਕਹਾਉਤਾਂ 9:10 ਵਿਚ ਬੁੱਧੀਮਾਨ ਇਨਸਾਨ ਬਾਰੇ ਕਿਹਾ ਗਿਆ ਹੈ: “ਯਹੋਵਾਹ ਦਾ ਭੈ ਬੁੱਧ ਦਾ ਮੁੱਢ ਹੈ, ਅਤੇ ਪਵਿੱਤਰ ਪੁਰਖ ਦਾ ਗਿਆਨ ਹੀ ਸਮਝ ਹੈ।” ਬੁੱਧੀਮਾਨ ਇਨਸਾਨ ਰੱਬ ਦਾ ਭੈ ਰੱਖਦਾ ਹੈ ਅਤੇ ਉਸ ਦੇ ਅਸੂਲਾਂ ਦੀ ਕਦਰ ਕਰਦਾ ਹੈ। ਪਰ ਸਾਡੇ ਲਈ ਸਿਰਫ਼ ਇਹੀ ਮੰਨਣਾ ਕਾਫ਼ੀ ਨਹੀਂ ਕਿ ਪਰਮੇਸ਼ੁਰ ਹੈ ਤੇ ਉਸ ਦੇ ਕੁਝ ਅਸੂਲ ਹਨ। ਧਿਆਨ ਦਿਓ ਕਿ ਯਿਸੂ ਦਾ ਚੇਲਾ ਯਾਕੂਬ ਸਾਨੂੰ ਹੋਰ ਵੀ ਕੁਝ ਕਰਨ ਦੀ ਸਲਾਹ ਦਿੰਦਾ ਹੈ। (ਯਾਕੂਬ 3:13 ਪੜ੍ਹੋ।) ਆਇਤ ਦੇ ਇਸ ਭਾਗ ਤੇ ਜ਼ਰਾ ਕੁ ਧਿਆਨ ਦਿਓ: “ਉਹ ਸ਼ੁਭ ਚਾਲ ਤੋਂ ਬੁੱਧ ਦੀ ਨਰਮਾਈ ਨਾਲ ਆਪਣੇ ਕਰਮ ਵਿਖਾਵੇ।” ਹਾਂ, ਬੁੱਧੀਮਾਨ ਇਨਸਾਨ ਹਰ ਰੋਜ਼ ਆਪਣੇ ਜੀਵਨ ਵਿਚ ਆਪਣੀ ਕਰਨੀ ਤੇ ਕਥਨੀ ਰਾਹੀਂ ਬੁੱਧ ਦਾ ਸਬੂਤ ਦਿੰਦਾ ਹੈ।

4 ਬੁੱਧੀਮਾਨ ਇਨਸਾਨ ਸੂਝ-ਬੂਝ ਤੋਂ ਕੰਮ ਲੈਂਦਾ ਹੈ ਤੇ ਫ਼ੈਸਲੇ ਕਰਨ ਵੇਲੇ ਗਿਆਨ ਤੇ ਸਮਝ ਵਰਤਦਾ ਹੈ। ਤਾਂ ਫਿਰ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਬੁੱਧ ਤੋਂ ਕੰਮ ਲੈਂਦੇ ਹਾਂ? ਯਾਕੂਬ ਨੇ ਕੁਝ ਗੱਲਾਂ ਦਾ ਜ਼ਿਕਰ ਕੀਤਾ ਜੋ ਬੁੱਧੀਮਾਨ ਇਨਸਾਨਾਂ ਦੇ ਕੰਮਾਂ ਵਿਚ ਸਾਫ਼ ਦਿਖਾਈ ਦੇਣਗੀਆਂ। * ਅਸੀਂ ਦੇਖਾਂਗੇ ਕਿ ਯਾਕੂਬ ਨੇ ਭੈਣਾਂ-ਭਰਾਵਾਂ ਨਾਲ ਮਿਲ-ਜੁਲ ਕੇ ਰਹਿਣ ਬਾਰੇ ਕੀ ਕਿਹਾ ਸੀ? ਨਾਲੇ ਦੁਨੀਆਂ ਦੇ ਲੋਕਾਂ ਨਾਲ ਕਿਵੇਂ ਪੇਸ਼ ਆਉਣਾ ਹੈ, ਇਸ ਬਾਰੇ ਉਸ ਨੇ ਕੀ ਕਿਹਾ ਸੀ?

ਬੁੱਧੀਮਾਨ ਇਨਸਾਨ ਦੇ ਕੰਮ

5. ਬੁੱਧੀਮਾਨ ਇਨਸਾਨ ਦਾ ਚਾਲ-ਚਲਣ ਕਿਹੋ ਜਿਹਾ ਹੁੰਦਾ ਹੈ?

5 ਇਸ ਗੱਲ ਤੇ ਫਿਰ ਤੋਂ ਧਿਆਨ ਦਿਓ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬੁੱਧੀਮਾਨ ਇਨਸਾਨ ਦਾ ਚਾਲ-ਚਲਣ ਨੇਕ ਹੁੰਦਾ ਹੈ। ਬੁੱਧੀਮਾਨ ਇਨਸਾਨ ਪਰਮੇਸ਼ੁਰ ਤੋਂ ਡਰਦਾ ਹੈ ਜਿਸ ਕਰਕੇ ਉਹ ਪਰਮੇਸ਼ੁਰ ਦੇ ਅਸੂਲਾਂ ਮੁਤਾਬਕ ਜੀਉਂਦਾ ਹੈ। ਕੋਈ ਵੀ ਇਨਸਾਨ ਜਨਮ ਤੋਂ ਹੀ ਬੁੱਧੀਮਾਨ ਨਹੀਂ ਹੁੰਦਾ, ਪਰ ਅਸੀਂ ਸਾਰੇ ਰੋਜ਼ ਬਾਈਬਲ ਸਟੱਡੀ ਕਰ ਕੇ ਤੇ ਸਿੱਖੀਆਂ ਗੱਲਾਂ ਤੇ ਮਨਨ ਕਰ ਕੇ ਬੁੱਧ ਪ੍ਰਾਪਤ ਕਰ ਸਕਦੇ ਹਾਂ। ਬਾਈਬਲ ਸਟੱਡੀ ਅਤੇ ਮਨਨ ਕਰਨ ਨਾਲ ਅਸੀਂ ‘ਪਰਮੇਸ਼ੁਰ ਦੀ ਰੀਸ ਕਰ’ ਸਕਦੇ ਹਾਂ। (ਅਫ਼. 5:1) ਅਸੀਂ ਜਿੰਨੀ ਜ਼ਿਆਦਾ ਯਹੋਵਾਹ ਦੀ ਰੀਸ ਕਰਾਂਗੇ, ਉੱਨਾ ਜ਼ਿਆਦਾ ਅਸੀਂ ਆਪਣੇ ਕੰਮਾਂ ਵਿਚ ਬੁੱਧ ਦਾ ਸਬੂਤ ਦੇਵਾਂਗੇ। ਯਹੋਵਾਹ ਦੇ ਰਾਹ ਮਨੁੱਖਾਂ ਦੇ ਰਾਹਾਂ ਤੋਂ ਕਿਤੇ ਹੀ ਜ਼ਿਆਦਾ ਉੱਤਮ ਹਨ। (ਯਸਾ. 55:8, 9) ਜੇ ਅਸੀਂ ਯਹੋਵਾਹ ਦੇ ਰਾਹਾਂ ਅਨੁਸਾਰ ਚੱਲਦੇ ਹਾਂ, ਤਾਂ ਲੋਕ ਦੇਖ ਸਕਣਗੇ ਕਿ ਅਸੀਂ ਹੋਰਨਾਂ ਨਾਲੋਂ ਵੱਖਰੇ ਹਾਂ।

6. ਨਰਮਾਈ ਦੇ ਮਾਮਲੇ ਵਿਚ ਸਾਨੂੰ ਪਰਮੇਸ਼ੁਰ ਦੀ ਰੀਸ ਕਿਉਂ ਕਰਨੀ ਚਾਹੀਦੀ ਹੈ ਅਤੇ ਨਰਮਾਈ ਨਾਲ ਪੇਸ਼ ਆਉਣ ਦਾ ਕੀ ਮਤਲਬ ਹੈ?

6 ਯਾਕੂਬ ਨੇ ਦੱਸਿਆ ਕਿ ਯਹੋਵਾਹ ਵਰਗੇ ਬਣਨ ਦਾ ਇਕ ਤਰੀਕਾ ਹੈ “ਬੁੱਧ ਦੀ ਨਰਮਾਈ” ਨਾਲ ਪੇਸ਼ ਆਉਣਾ। ਨਰਮਾਈ ਦਾ ਮਤਲਬ ਹੈ ਕੋਮਲਤਾ ਨਾਲ ਪੇਸ਼ ਆਉਣਾ, ਪਰ ਇਸ ਦੇ ਨਾਲ ਹੀ ਅਸੂਲਾਂ ਦਾ ਸਮਝੌਤਾ ਨਾ ਕਰ ਕੇ ਇਨ੍ਹਾਂ ਤੇ ਅਟੱਲ ਰਹਿਣਾ। ਭਾਵੇਂ ਯਹੋਵਾਹ ਵਿਚ ਅਸੀਮ ਤਾਕਤ ਹੈ, ਪਰ ਉਹ ਕੋਮਲ-ਦਿਲ ਹੈ, ਇਸ ਲਈ ਸਾਨੂੰ ਉਸ ਤੋਂ ਖ਼ੌਫ਼ ਖਾਣ ਦੀ ਲੋੜ ਨਹੀਂ। ਆਪਣੇ ਪਿਤਾ ਦੀ ਰੀਸ ਕਰਦੇ ਹੋਏ ਯਿਸੂ ਵੀ ਲੋਕਾਂ ਨਾਲ ਨਰਮਾਈ ਨਾਲ ਪੇਸ਼ ਆਇਆ। ਇਸੇ ਲਈ ਉਹ ਉਨ੍ਹਾਂ ਨੂੰ ਕਹਿ ਸਕਿਆ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ।”—ਮੱਤੀ 11:28, 29; ਫ਼ਿਲਿ. 2:5-8.

7. ਮੂਸਾ ਨਰਮਾਈ ਦੀ ਇਕ ਚੰਗੀ ਮਿਸਾਲ ਕਿਉਂ ਹੈ?

7 ਬਾਈਬਲ ਵਿਚ ਉਨ੍ਹਾਂ ਇਨਸਾਨਾਂ ਦੀਆਂ ਸ਼ਾਨਦਾਰ ਮਿਸਾਲਾਂ ਹਨ ਜੋ ਦੂਸਰਿਆਂ ਨਾਲ ਨਰਮਾਈ ਨਾਲ ਪੇਸ਼ ਆਏ ਸਨ। ਮੂਸਾ ਅਜਿਹਾ ਹੀ ਇਕ ਇਨਸਾਨ ਸੀ। ਯਹੋਵਾਹ ਨੇ ਉਸ ਨੂੰ ਕਾਫ਼ੀ ਵੱਡੀ ਜ਼ਿੰਮੇਵਾਰੀ ਦਿੱਤੀ ਸੀ, ਫਿਰ ਵੀ “ਉਹ ਧਰਤੀ ਉਤਲੇ ਕਿਸੇ ਵੀ ਮਨੁੱਖ ਨਾਲੋਂ ਵਧੇਰੇ ਨਿਮਾਣਾ ਸੀ।” (ਗਿਣ. 11:29, 12:3, ERV) ਯਾਦ ਕਰੋ ਕਿ ਆਪਣਾ ਕੰਮ ਪੂਰਾ ਕਰਨ ਲਈ ਯਹੋਵਾਹ ਨੇ ਮੂਸਾ ਨੂੰ ਕਿੰਨੀ ਹਿੰਮਤ ਦਿੱਤੀ ਸੀ! ਆਪਣਾ ਮਕਸਦ ਪੂਰਾ ਕਰਨ ਲਈ ਯਹੋਵਾਹ ਨੇ ਹਮੇਸ਼ਾ ਨਿਮਰ ਇਨਸਾਨਾਂ ਨੂੰ ਹੀ ਵਰਤਿਆ।

8. ਨਾਮੁਕੰਮਲ ਇਨਸਾਨ ਕਿਵੇਂ “ਬੁੱਧ ਦੀ ਨਰਮਾਈ” ਨਾਲ ਪੇਸ਼ ਆ ਸਕਦੇ ਹਨ?

8 ਇਹ ਗੱਲ ਸਾਫ਼ ਹੈ ਕਿ ਨਾਮੁਕੰਮਲ ਇਨਸਾਨ “ਬੁੱਧ ਦੀ ਨਰਮਾਈ” ਨਾਲ ਪੇਸ਼ ਆ ਸਕਦੇ ਹਨ। ਸੋ ਸਾਡੇ ਬਾਰੇ ਕੀ? ਅਸੀਂ ਹੋਰ ਜ਼ਿਆਦਾ ਨਿਮਰ ਕਿਵੇਂ ਬਣ ਸਕਦੇ ਹਾਂ? ਨਿਮਰਤਾ ਯਹੋਵਾਹ ਦੀ ਪਵਿੱਤਰ ਆਤਮਾ ਦਾ ਇਕ ਫਲ ਹੈ। (ਗਲਾ. 5:22, 23) ਵਧੀਆ ਤਰੀਕੇ ਨਾਲ ਇਹ ਗੁਣ ਜ਼ਾਹਰ ਕਰਨ ਲਈ ਸਾਨੂੰ ਯਹੋਵਾਹ ਨੂੰ ਪਵਿੱਤਰ ਆਤਮਾ ਲਈ ਦੁਆ ਕਰਨੀ ਚਾਹੀਦੀ ਹੈ, ਪਰ ਇਸ ਦੇ ਨਾਲ ਹੀ ਸਾਨੂੰ ਖ਼ੁਦ ਵੀ ਨਿਮਰ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡੀ ਮਦਦ ਜ਼ਰੂਰ ਕਰੇਗਾ ਜਿਵੇਂ ਜ਼ਬੂਰਾਂ ਦਾ ਲਿਖਾਰੀ ਯਕੀਨ ਦਿਵਾਉਂਦਾ ਹੈ: “[ਪਰਮੇਸ਼ੁਰ] ਅਧੀਨਾਂ ਨੂੰ ਆਪਣਾ ਰਾਹ ਸਿਖਾਲੇਗਾ।”—ਜ਼ਬੂ. 25:9.

9, 10. ਨਿਮਰ ਬਣਨ ਲਈ ਸਾਨੂੰ ਸ਼ਾਇਦ ਕੀ ਕਰਨਾ ਪਵੇ ਅਤੇ ਕਿਉਂ?

9 ਨਰਮਾਈ ਨਾਲ ਪੇਸ਼ ਆਉਣ ਲਈ ਸਾਨੂੰ ਸ਼ਾਇਦ ਕਾਫ਼ੀ ਮਿਹਨਤ ਕਰਨੀ ਪਵੇ। ਅਸੀਂ ਜਿੱਦਾਂ ਦੇ ਮਾਹੌਲ ਵਿਚ ਪਲੇ-ਵਧੇ ਹਾਂ, ਉਸ ਦੇ ਕਾਰਨ ਸਾਡੇ ਲਈ ਸ਼ਾਇਦ ਨਰਮਾਈ ਨਾਲ ਪੇਸ਼ ਆਉਣਾ ਆਸਾਨ ਨਾ ਹੋਵੇ। ਇਸ ਤੋਂ ਇਲਾਵਾ, ਦੁਨੀਆਂ ਦੇ ਲੋਕ ਨਰਮਾਈ ਜਾਂ ਕੋਮਲਤਾ ਨੂੰ ਕਮਜ਼ੋਰੀ ਸਮਝਦੇ ਹਨ। ਉਨ੍ਹਾਂ ਦੇ ਭਾਣੇ “ਅੱਗ ਦਾ ਕੰਮ ਅੱਗ ਨਾਲ ਹੀ ਤਮਾਮ ਕਰਨਾ ਚਾਹੀਦਾ ਹੈ।” ਪਰ ਕੀ ਇੱਦਾਂ ਕਰਨਾ ਅਕਲਮੰਦੀ ਦੀ ਗੱਲ ਹੋਵੇਗੀ? ਮੰਨ ਲਓ ਕਿ ਤੁਹਾਡੇ ਘਰ ਮਾੜੀ ਜਿਹੀ ਅੱਗ ਲੱਗ ਜਾਵੇ, ਤਾਂ ਕੀ ਤੁਸੀਂ ਇਸ ਨੂੰ ਤੇਲ ਨਾਲ ਬੁਝਾਉਣ ਦੀ ਕੋਸ਼ਿਸ਼ ਕਰੋਗੇ ਜਾਂ ਪਾਣੀ ਨਾਲ? ਤੇਲ ਪਾਉਣ ਨਾਲ ਅੱਗ ਜ਼ਿਆਦਾ ਭੜਕੇਗੀ ਜਦ ਕਿ ਪਾਣੀ ਪਾਉਣ ਨਾਲ ਅੱਗ ਬੁੱਝੇਗੀ। ਇਸੇ ਲਈ ਬਾਈਬਲ ਸਲਾਹ ਦਿੰਦੀ ਹੈ: “ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ, ਪਰ ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ।” (ਕਹਾ. 15:1, 18) ਤਾਂ ਫਿਰ ਜੇ ਕਿਸੇ ਭੈਣ-ਭਰਾ ਜਾਂ ਕਿਸੇ ਬਾਹਰਲੇ ਬੰਦੇ ਨੇ ਮਾੜੀ ਜਿਹੀ ਗੱਲ ਕਹਿ ਦਿੱਤੀ ਹੋਵੇ ਜਿਸ ਨਾਲ ਸਾਨੂੰ ਠੇਸ ਲੱਗੀ ਹੋਵੇ, ਤਾਂ ਸਾਨੂੰ ਇਸ ਸਲਾਹ ਮੁਤਾਬਕ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਨਰਮਾਈ ਨਾਲ ਪੇਸ਼ ਆਉਣਾ ਚਾਹੀਦਾ ਹੈ।—2 ਤਿਮੋ. 2:24.

10 ਦੁਨੀਆਂ ਵਿਚ ਜ਼ਿਆਦਾਤਰ ਲੋਕ ਸ਼ਾਂਤ ਸੁਭਾਅ ਦੇ, ਕੋਮਲ-ਦਿਲ ਜਾਂ ਮਿਲਣਸਾਰ ਹੋਣ ਦੀ ਬਜਾਇ ਸਖ਼ਤ ਅਤੇ ਘਮੰਡੀ ਹਨ। ਇੱਦਾਂ ਦੇ ਲੋਕ ਯਾਕੂਬ ਦੇ ਜ਼ਮਾਨੇ ਵਿਚ ਵੀ ਸਨ, ਤਾਹੀਓਂ ਉਸ ਨੇ ਭੈਣਾਂ-ਭਰਾਵਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਅਜਿਹੇ ਲੋਕਾਂ ਤੋਂ ਦੂਰ ਰਹਿਣ। ਭੈਣਾਂ-ਭਰਾਵਾਂ ਨੂੰ ਦਿੱਤੀ ਯਾਕੂਬ ਦੀ ਸਲਾਹ ਤੋਂ ਅਸੀਂ ਹੋਰ ਕੀ ਕੁਝ ਸਿੱਖਦੇ ਹਾਂ?

ਨਿਰਬੁੱਧ ਇਨਸਾਨ ਦੇ ਕੰਮ

11. ਰੱਬੀ ਗੁਣਾਂ ਦੇ ਉਲਟ ਕਿਹੜੇ ਗੁਣ ਹਨ?

11 ਯਾਕੂਬ ਨੇ ਇਸ ਆਇਤ ਵਿਚ ਉਨ੍ਹਾਂ ਔਗੁਣਾਂ ਦਾ ਸਾਫ਼-ਸਾਫ਼ ਜ਼ਿਕਰ ਕੀਤਾ ਜੋ ਪਰਮੇਸ਼ੁਰ ਨੂੰ ਨਾਮਨਜ਼ੂਰ ਹਨ। (ਯਾਕੂਬ 3:14 ਪੜ੍ਹੋ।) ਤਿੱਖੀ ਅਣਖ ਯਾਨੀ ਈਰਖਾ ਤੇ ਝਗੜਾਲੂਪੁਣਾ ਰੱਬੀ ਗੁਣ ਨਹੀਂ ਹਨ। ਧਿਆਨ ਦਿਓ ਕਿ ਕੀ ਹੁੰਦਾ ਹੈ ਜਦੋਂ ਕੋਈ ਈਰਖਾ ਕਰਦਾ ਜਾਂ ਝਗੜਾ ਕਰਨ ਤੇ ਉੱਤਰ ਆਉਂਦਾ ਹੈ। ਯਰੂਸ਼ਲਮ ਵਿਚ ਛੇ “ਈਸਾਈ” ਮੰਡਲੀਆਂ ਇਕ ਚਰਚ ਨੂੰ ਚਲਾਉਂਦੀਆਂ ਹਨ। ਮੰਨਿਆ ਜਾਂਦਾ ਹੈ ਕਿ ਜਿੱਥੇ ਯਿਸੂ ਨੂੰ ਮਾਰਿਆ ਅਤੇ ਦਫ਼ਨਾਇਆ ਗਿਆ ਸੀ, ਉੱਥੇ ਇਹ ਚਰਚ ਬਣਾਇਆ ਗਿਆ ਹੈ। ਕਈ ਸਾਲਾਂ ਤੋਂ ਇਨ੍ਹਾਂ ਮੰਡਲੀਆਂ ਦੇ ਆਪਸ ਵਿਚ ਝਗੜੇ ਹੁੰਦੇ ਆ ਰਹੇ ਹਨ। 2006 ਵਿਚ ਟਾਈਮ ਰਸਾਲੇ ਨੇ ਇਕ ਘਟਨਾ ਦਾ ਜ਼ਿਕਰ ਕੀਤਾ ਜਦੋਂ ਭਿਕਸ਼ੂ ‘ਘੰਟਿਆਂ ਬੱਧੀ ਲੜਦੇ ਰਹੇ ਤੇ ਇਕ-ਦੂਜੇ ਨੂੰ ਮੋਮਬੱਤੀਆਂ ਰੱਖਣ ਵਾਲੇ ਵੱਡੇ-ਵੱਡੇ ਸਟੈਂਡਾਂ ਨਾਲ ਕੁੱਟਿਆ।’ ਹੋਰ ਤਾਂ ਹੋਰ ਉਨ੍ਹਾਂ ਨੇ ਚਰਚ ਦੀ ਕੁੰਜੀ ਇਕ ਮੁਸਲਮਾਨ ਦੇ ਹੱਥ ਦਿੱਤੀ ਹੋਈ ਹੈ ਕਿਉਂਕਿ ਉਹ ਇਕ-ਦੂਜੇ ਉੱਤੇ ਬਿਲਕੁਲ ਭਰੋਸਾ ਨਹੀਂ ਕਰਦੇ।

12. ਰੱਬੀ ਬੁੱਧ ਨਾ ਹੋਣ ਕਰਕੇ ਕੀ ਹੋ ਸਕਦਾ ਹੈ?

12 ਭੈਣਾਂ-ਭਰਾਵਾਂ ਨੂੰ ਕਦੀ ਵੀ ਆਪਸ ਵਿਚ ਹੱਥੋ-ਪਾਈ ਨਹੀਂ ਹੋਣਾ ਚਾਹੀਦਾ। ਪਰ ਨਾਮੁਕੰਮਲ ਹੋਣ ਕਰਕੇ ਕੁਝ ਭੈਣ-ਭਰਾ ਆਪਣੇ ਵਿਚਾਰਾਂ ਤੋਂ ਟੱਸ ਤੋਂ ਮੱਸ ਨਹੀਂ ਹੋਏ ਜਿਸ ਕਰਕੇ ਉਹ ਝਗੜਾ ਕਰਨ ਤੇ ਉੱਤਰ ਆਏ। ਪੌਲੁਸ ਰਸੂਲ ਨੇ ਕੁਰਿੰਥੁਸ ਦੇ ਭੈਣਾਂ-ਭਰਾਵਾਂ ਵਿਚ ਅਜਿਹਾ ਰਵੱਈਆ ਦੇਖਿਆ ਜਿਸ ਕਰਕੇ ਉਸ ਨੇ ਲਿਖਿਆ: “ਜਦੋਂ ਜਲਣ ਅਤੇ ਝਗੜੇ ਤੁਹਾਡੇ ਵਿੱਚ ਹਨ ਤਾਂ ਕੀ ਤੁਸੀਂ ਸਰੀਰਕ ਨਹੀਂ ਅਤੇ ਇਨਸਾਨੀ ਚਾਲ ਨਹੀਂ ਚੱਲਦੇ ਹੋ?” (1 ਕੁਰਿੰ. 3:3) ਕਿੰਨੇ ਦੁੱਖ ਦੀ ਗੱਲ ਹੈ ਕਿ ਕੁਰਿੰਥੁਸ ਦੀ ਕਲੀਸਿਯਾ ਦੇ ਭੈਣਾਂ-ਭਰਾਵਾਂ ਵਿਚ ਕੁਝ ਸਮੇਂ ਤੋਂ ਝਗੜੇ ਹੋ ਰਹੇ ਸਨ! ਸਾਨੂੰ ਵੀ ਚੌਕਸ ਰਹਿਣ ਦੀ ਲੋੜ ਹੈ ਕਿ ਅਸੀਂ ਆਪਣੇ ਅੰਦਰ ਅਜਿਹੇ ਔਗੁਣ ਨਾ ਪੈਦਾ ਹੋਣ ਦੇਈਏ।

13, 14. ਮਿਸਾਲਾਂ ਦੇ ਕੇ ਸਮਝਾਓ ਕਿ ਨਿਮਰ ਨਾ ਹੋਣ ਦੇ ਕੀ ਨਤੀਜੇ ਨਿਕਲ ਸਕਦੇ ਹਨ।

13 ਕਲੀਸਿਯਾ ਵਿਚ ਇੱਦਾਂ ਦਾ ਖ਼ਤਰਨਾਕ ਮਾਹੌਲ ਕਿੱਦਾਂ ਪੈਦਾ ਹੋ ਸਕਦਾ ਹੈ? ਇੱਦਾਂ ਦਾ ਮਾਹੌਲ ਛੋਟੀ ਜਿਹੀ ਗੱਲ ਤੋਂ ਪੈਦਾ ਹੋ ਸਕਦਾ ਹੈ। ਮੰਨ ਲਓ ਕਿ ਕਿੰਗਡਮ ਹਾਲ ਬਣ ਰਿਹਾ ਹੈ। ਉਦੋਂ ਭਰਾ ਸ਼ਾਇਦ ਆਪੋ-ਆਪਣੇ ਵਿਚਾਰ ਦੱਸਣ ਕਿ ਕੋਈ ਕੰਮ ਕਿਵੇਂ ਕੀਤਾ ਜਾਣਾ ਚਾਹੀਦਾ ਹੈ। ਜੇ ਕਿਸੇ ਭਰਾ ਦਾ ਸੁਝਾਅ ਨਹੀਂ ਮੰਨਿਆ ਜਾਂਦਾ, ਤਾਂ ਉਹ ਸ਼ਾਇਦ ਬਹਿਸ ਕਰਨ ਲੱਗ ਪਵੇ। ਸ਼ਾਇਦ ਉਹ ਦੂਜੇ ਭੈਣਾਂ-ਭਰਾਵਾਂ ਕੋਲ ਜਾ ਕੇ ਭਰਾਵਾਂ ਦੇ ਫ਼ੈਸਲਿਆਂ ਦੀ ਨੁਕਤਾਚੀਨੀ ਕਰੇ। ਸ਼ਾਇਦ ਮਾਮਲਾ ਇਸ ਹੱਦ ਤਕ ਵਿਗੜ ਜਾਵੇ ਕਿ ਉਹ ਪ੍ਰਾਜੈਕਟ ਵਿਚ ਹਿੱਸਾ ਲੈਣ ਤੋਂ ਵੀ ਇਨਕਾਰ ਕਰ ਦੇਵੇ! ਲੇਕਿਨ ਇਹ ਭਰਾ ਇਕ ਅਹਿਮ ਗੱਲ ਭੁੱਲ ਰਿਹਾ ਹੈ ਕਿ ਭੈਣਾਂ-ਭਰਾਵਾਂ ਨਾਲ ਮਿਲ-ਜੁਲ ਕੇ ਕੰਮ ਕਰਨਾ ਜ਼ਿਆਦਾ ਮਹੱਤਵਪੂਰਣ ਹੈ, ਨਾ ਕਿ ਕਿਸੇ ਖ਼ਾਸ ਤਰੀਕੇ ਨਾਲ ਕੰਮ ਕਰਨਾ। ਯਹੋਵਾਹ ਨਿਮਰ ਲੋਕਾਂ ਤੇ ਮਿਹਰ ਕਰਦਾ ਹੈ, ਨਾ ਕਿ ਝਗੜਾਲੂਆਂ ਜਾਂ ਗੁੱਸੇਖ਼ੋਰਾਂ ਤੇ।—1 ਤਿਮੋ. 6:4, 5.

14 ਇਕ ਹੋਰ ਮਿਸਾਲ ਤੇ ਗੌਰ ਕਰੋ। ਬਜ਼ੁਰਗਾਂ ਨੇ ਦੇਖਿਆ ਹੈ ਕਿ ਕੁਝ ਸਾਲਾਂ ਤੋਂ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਇਕ ਭਰਾ ਹੁਣ ਬਾਈਬਲ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਰਿਹਾ। ਸਲਾਹ ਦਿੱਤੇ ਜਾਣ ਦੇ ਬਾਵਜੂਦ ਉਸ ਨੇ ਆਪਣੇ ਆਪ ਨੂੰ ਸੁਧਾਰਿਆ ਨਹੀਂ। ਸਫ਼ਰੀ ਨਿਗਾਹਬਾਨ ਤੇ ਕਲੀਸਿਯਾ ਦੇ ਬਜ਼ੁਰਗ ਸਲਾਹ ਕਰ ਕੇ ਇਸ ਨਤੀਜੇ ਤੇ ਪਹੁੰਚਦੇ ਹਨ ਕਿ ਉਸ ਨੂੰ ਬਜ਼ੁਰਗ ਵਜੋਂ ਸੇਵਾ ਕਰਨ ਤੋਂ ਹਟਾਇਆ ਜਾਵੇ। ਉਸ ਭਰਾ ਨੂੰ ਇਹ ਫ਼ੈਸਲਾ ਕਿੱਦਾਂ ਲੱਗੇਗਾ? ਕੀ ਉਹ ਨਿਮਰਤਾ ਨਾਲ ਬਜ਼ੁਰਗਾਂ ਦੇ ਫ਼ੈਸਲੇ ਅਤੇ ਬਾਈਬਲ ਵਿੱਚੋਂ ਦਿੱਤੀ ਸਲਾਹ ਨੂੰ ਕਬੂਲ ਕਰੇਗਾ ਅਤੇ ਦੁਬਾਰਾ ਬਜ਼ੁਰਗ ਵਜੋਂ ਸੇਵਾ ਕਰਨ ਲਈ ਬਾਈਬਲ ਦੀਆਂ ਮੰਗਾਂ ਤੇ ਖਰਾ ਉਤਰਨ ਦਾ ਪੱਕਾ ਇਰਾਦਾ ਕਰੇਗਾ? ਜਾਂ ਫਿਰ ਕੀ ਉਹ ਈਰਖਾ ਨੂੰ ਆਪਣੇ ਦਿਲ ਵਿਚ ਪਲਣ ਦੇਵੇਗਾ? ਜਦ ਦੂਸਰੇ ਬਜ਼ੁਰਗਾਂ ਨੇ ਮਿਲ ਕੇ ਫ਼ੈਸਲਾ ਕਰ ਲਿਆ ਹੈ ਕਿ ਉਹ ਬਜ਼ੁਰਗ ਵਜੋਂ ਸੇਵਾ ਕਰਨ ਦੇ ਲਾਇਕ ਨਹੀਂ ਹੈ, ਤਾਂ ਫਿਰ ਉਹ ਕਿਉਂ ਸੋਚੀ ਜਾਂਦਾ ਹੈ ਕਿ ਉਹ ਬਜ਼ੁਰਗ ਵਜੋਂ ਸੇਵਾ ਕਰਨ ਦੇ ਲਾਇਕ ਹੈ? ਇਸ ਤਰ੍ਹਾਂ ਦੇ ਮਾਮਲੇ ਵਿਚ ਨਿਮਰਤਾ ਤੇ ਸਮਝਦਾਰੀ ਦਿਖਾਉਣੀ ਕਿੰਨੀ ਚੰਗੀ ਗੱਲ ਹੋਵੇਗੀ!

15. ਤੁਹਾਨੂੰ ਕਿਉਂ ਲੱਗਦਾ ਕਿ ਯਾਕੂਬ 3:15, 16 ਵਿਚ ਦਿੱਤੀ ਸਲਾਹ ਇੰਨੀ ਅਹਿਮ ਹੈ?

15 ਇਹ ਸੱਚ ਹੈ ਕਿ ਇਸ ਤਰ੍ਹਾਂ ਕਿਸੇ ਵੀ ਸਥਿਤੀ ਵਿਚ ਹੋ ਸਕਦਾ ਹੈ, ਲੇਕਿਨ ਸਾਨੂੰ ਆਪਣੀ ਗ਼ਲਤ ਸੋਚਣੀ ਅਤੇ ਜਜ਼ਬਾਤਾਂ ਤੇ ਹਰ ਹੀਲੇ ਕਾਬੂ ਰੱਖਣ ਦੀ ਲੋੜ ਹੈ। (ਯਾਕੂਬ 3:15, 16 ਪੜ੍ਹੋ।) ਯਾਕੂਬ ਮੁਤਾਬਕ ਇਸ ਤਰ੍ਹਾਂ ਦਾ ਰਵੱਈਆ “ਸੰਸਾਰੀ” ਹੈ ਕਿਉਂਕਿ ਉਹ ਪਰਮੇਸ਼ੁਰ ਤੋਂ ਨਹੀਂ। ਇਹ ਰਵੱਈਆ “ਪ੍ਰਾਣਕ” ਯਾਨੀ ਜਾਨਵਰਾਂ ਵਰਗਾ ਹੈ ਕਿਉਂਕਿ ਉਨ੍ਹਾਂ ਨੂੰ ਅਕਲ ਨਹੀਂ ਹੁੰਦੀ। ਨਾਲੇ ਇੱਦਾਂ ਦਾ ਗ਼ਲਤ ਰਵੱਈਆ ਤਾਂ “ਸ਼ਤਾਨੀ” ਹੈ ਕਿਉਂਕਿ ਸ਼ਤਾਨ ਤੇ ਉਸ ਨਾਲ ਰਲ਼ੇ ਬਾਗ਼ੀ ਫ਼ਰਿਸ਼ਤੇ ਇਹੋ ਜਿਹੇ ਕੰਮ ਕਰਦੇ ਹਨ। ਜੇ ਸਾਡਾ ਰਵੱਈਆ ਇੱਦਾਂ ਦਾ ਹੈ, ਤਾਂ ਕਿੰਨੀ ਬੁਰੀ ਗੱਲ ਹੋਵੇਗੀ!

16. ਸਾਨੂੰ ਸ਼ਾਇਦ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਪਵੇ ਤੇ ਅਸੀਂ ਇਹ ਕਿਵੇਂ ਕਰ ਸਕਦੇ ਹਾਂ?

16 ਹਰੇਕ ਭੈਣ-ਭਰਾ ਨੂੰ ਆਪਣੇ ਅੰਦਰ ਝਾਤੀ ਮਾਰ ਕੇ ਦੇਖਣਾ ਪਏਗਾ ਕਿ ਉਸ ਨੂੰ ਕਿਸ-ਕਿਸ ਗੱਲ ਵਿਚ ਸੁਧਾਰ ਕਰਨ ਦੀ ਲੋੜ ਹੈ। ਬਜ਼ੁਰਗਾਂ ਨੂੰ ਖ਼ਾਸ ਕਰਕੇ ਗ਼ਲਤ ਰਵੱਈਏ ਤੇ ਸ਼ਤਾਨੀ ਸੋਚਣੀ ਨੂੰ ਆਪਣੇ ਅੰਦਰੋਂ ਕੱਢਣ ਦੀ ਲੋੜ ਹੈ। ਇਹ ਕਰਨਾ ਆਸਾਨ ਨਹੀਂ ਹੈ ਕਿਉਂਕਿ ਅਸੀਂ ਨਾਮੁਕੰਮਲ ਹਾਂ ਤੇ ਬੁਰੀ ਦੁਨੀਆਂ ਵਿਚ ਰਹਿੰਦੇ ਹਾਂ। ਇਸ ਕੋਸ਼ਿਸ਼ ਦੀ ਤੁਲਨਾ ਇਕ ਪਹਾੜੀ ਉੱਤੇ ਚੜ੍ਹਨ ਨਾਲ ਕੀਤੀ ਜਾ ਸਕਦੀ ਹੈ ਜਿਸ ਉੱਤੇ ਚਿੱਕੜ ਹੀ ਚਿੱਕੜ ਹੋਇਆ ਹੋਵੇ। ਚੜ੍ਹਾਈ ਚੜ੍ਹਨ ਵਾਸਤੇ ਜੇ ਕੁਝ ਫੜਨ ਲਈ ਨਹੀਂ ਹੈ, ਤਾਂ ਅਸੀਂ ਤਿਲਕ ਕੇ ਥੱਲੇ ਨੂੰ ਆ ਸਕਦੇ ਹਾਂ। ਇਸੇ ਤਰ੍ਹਾਂ, ਸਾਨੂੰ ਯਹੋਵਾਹ ਦੇ ਬਚਨ ਨੂੰ ਮਜ਼ਬੂਤੀ ਨਾਲ ਫੜਨ ਅਤੇ ਉਸ ਦੀ ਸੰਸਥਾ ਤੋਂ ਮਦਦ ਲੈਣ ਦੀ ਲੋੜ ਹੈ ਤਾਂਕਿ ਅਸੀਂ ਅੱਗੇ ਹੀ ਵਧੀਏ, ਨਾ ਕਿ ਪਿੱਛੇ ਨੂੰ ਆਈਏ।।—ਜ਼ਬੂ. 73:23, 24.

ਬੁੱਧੀਮਾਨ ਇਨਸਾਨ ਦੇ ਗੁਣ

17. ਬੁੱਧੀਮਾਨ ਇਨਸਾਨ ਪਰਤਾਵਾ ਆਉਣ ਤੇ ਕੀ ਕਰਦਾ ਹੈ?

17ਯਾਕੂਬ 3:17 ਪੜ੍ਹੋ। “ਜਿਹੜੀ ਬੁੱਧ ਉੱਪਰੋਂ ਹੈ,” ਉਸ ਤੋਂ ਕੰਮ ਲੈ ਕੇ ਅਸੀਂ ਆਪਣੀ ਜ਼ਿੰਦਗੀ ਵਿਚ ਚੰਗੇ ਹੀ ਗੁਣ ਦਿਖਾਵਾਂਗੇ। ਇਹ ਗੁਣ ਕਿਹੜੇ ਹਨ? ਪਹਿਲਾ ਗੁਣ ਹੈ ਪਵਿੱਤਰ ਹੋਣਾ ਜਿਸ ਦਾ ਮਤਲਬ ਹੈ ਕਿ ਸਾਡੀ ਨੀਅਤ ਤੇ ਕੰਮ ਨੇਕ ਹੋਣੇ। ਸਾਨੂੰ ਬੁਰੀਆਂ ਚੀਜ਼ਾਂ ਦੇ ਲਾਗੇ ਵੀ ਨਹੀਂ ਜਾਣਾ ਚਾਹੀਦਾ। ਸਾਨੂੰ ਤੁਰੰਤ ਮਾੜੇ ਕੰਮਾਂ ਤੋਂ ਮੂੰਹ ਫੇਰ ਲੈਣਾ ਚਾਹੀਦਾ ਹੈ। ਇਕ ਮਿਸਾਲ ਤੇ ਗੌਰ ਕਰੋ। ਜਦ ਕਿਸੇ ਦੀ ਉਂਗਲ ਤੁਹਾਡੀ ਅੱਖ ਵਿਚ ਲੱਗਣ ਲੱਗਦੀ ਹੈ, ਤਾਂ ਤੁਸੀਂ ਇਕਦਮ ਆਪਣਾ ਮੂੰਹ ਫੇਰ ਲੈਂਦੇ ਹੋ। ਇਸ ਦੇ ਲਈ ਤੁਹਾਨੂੰ ਸੋਚਣ ਦੀ ਵੀ ਲੋੜ ਨਹੀਂ ਪੈਂਦੀ। ਇਸੇ ਤਰ੍ਹਾਂ ਜਦ ਕੋਈ ਪਰਤਾਵਾ ਸਾਡੇ ਤੇ ਆਉਂਦਾ ਹੈ, ਤਾਂ ਸਾਨੂੰ ਪਤਾ ਹੁੰਦਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਸਾਡਾ ਪਵਿੱਤਰ ਚਾਲ-ਚਲਣ ਤੇ ਸ਼ੁੱਧ ਜ਼ਮੀਰ ਬੁਰਾਈ ਤੋਂ ਦੂਰ ਰਹਿਣ ਵਿਚ ਸਾਡੀ ਮਦਦ ਕਰੇਗੀ। (ਰੋਮੀ. 12:9) ਬਾਈਬਲ ਵਿਚ ਯੂਸੁਫ਼, ਯਿਸੂ ਅਤੇ ਹੋਰ ਸੇਵਕਾਂ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੇ ਬੁਰਾਈ ਤੋਂ ਮੂੰਹ ਫੇਰਿਆ ਸੀ।—ਉਤ. 39:7-9; ਮੱਤੀ 4:8-10.

18. (ਓ) ਮਿਲਣਸਾਰ ਹੋਣ ਦਾ ਕੀ ਮਤਲਬ ਹੈ? (ਅ) ਅਸੀਂ ਕਲੀਸਿਯਾ ਦੀ ਸ਼ਾਂਤੀ ਕਿਵੇਂ ਬਣਾਈ ਰੱਖ ਸਕਦੇ ਹਾਂ?

18 ਪਰਮੇਸ਼ੁਰੀ ਬੁੱਧ ਸਾਨੂੰ ਮਿਲਣਸਾਰ ਬਣਨ ਲਈ ਪ੍ਰੇਰਦੀ ਹੈ। ਇਸ ਦਾ ਮਤਲਬ ਹੈ ਕਿ ਅਸੀਂ ਝਗੜਾਲੂ ਰਵੱਈਆ ਛੱਡੀਏ ਤੇ ਅਜਿਹੇ ਕੰਮ ਨਾ ਕਰੀਏ ਜਿਨ੍ਹਾਂ ਨਾਲ ਸ਼ਾਂਤੀ ਭੰਗ ਹੋ ਸਕਦੀ ਹੈ। ਯਾਕੂਬ ਇਸ ਵਿਸ਼ੇ ਤੇ ਹੋਰ ਚਾਨਣਾ ਪਾਉਂਦਾ ਹੈ ਜਦ ਉਹ ਕਹਿੰਦਾ ਹੈ: “ਧਰਮ ਦਾ ਫਲ ਮੇਲ ਕਰਾਉਣ ਵਾਲਿਆਂ ਤੋਂ ਮੇਲ ਨਾਲ ਬੀਜਿਆ ਜਾਂਦਾ ਹੈ। (ਯਾਕੂ. 3:18) “ਮੇਲ” ਸ਼ਬਦ ਤੇ ਜ਼ਰਾ ਕੁ ਧਿਆਨ ਦਿਓ। ਕਲੀਸਿਯਾ ਵਿਚ ਕੀ ਅਸੀਂ ਮੇਲ ਕਰਨ ਵਾਲਿਆਂ ਵਜੋਂ ਜਾਂ ਸ਼ਾਂਤੀ ਭੰਗ ਕਰਨ ਵਾਲਿਆਂ ਵਜੋਂ ਜਾਣੇ ਜਾਂਦੇ ਹਾਂ? ਕੀ ਅਸੀਂ ਦੂਜਿਆਂ ਨਾਲ ਝੱਟ ਬਹਿਸ ਕਰਨ ਲੱਗ ਪੈਂਦੇ ਹਾਂ ਤੇ ਮਾੜੀ-ਮਾੜੀ ਗੱਲ ਤੇ ਮੂੰਹ ਫੁਲਾ ਕੇ ਬਹਿ ਜਾਂਦੇ ਹਾਂ? ਕੀ ਅਸੀਂ ਇੱਦਾਂ ਸੋਚਦੇ ਹਾਂ ਕਿ ਮੈਂ ਹਾਂ ਜੋ ਹਾਂ? ਜਾਂ ਫਿਰ ਕੀ ਅਸੀਂ ਆਪਣੀਆਂ ਉਹ ਕਮੀਆਂ-ਕਮਜ਼ੋਰੀਆਂ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੀਆਂ ਦੂਸਰਿਆਂ ਨੂੰ ਚੰਗੀਆਂ ਨਹੀਂ ਲੱਗਦੀਆਂ? ਕੀ ਅਸੀਂ ਸ਼ਾਂਤੀ ਬਰਕਰਾਰ ਰੱਖਣ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ, ਦੂਜਿਆਂ ਦੀਆਂ ਗ਼ਲਤੀਆਂ ਛੇਤੀ ਮਾਫ਼ ਕਰ ਦਿੰਦੇ ਤੇ ਇਨ੍ਹਾਂ ਤੇ ਮਿੱਟੀ ਪਾ ਦਿੰਦੇ ਹਾਂ? ਮਿਲਣਸਾਰ ਬਣਨ ਲਈ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ।

19. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਸਮਝਦਾਰ ਇਨਸਾਨ ਹਾਂ?

19 ਪਰਮੇਸ਼ੁਰੀ ਬੁੱਧ ਜ਼ਾਹਰ ਕਰਨ ਲਈ ਯਾਕੂਬ ਨੇ ‘ਸ਼ੀਲ ਸੁਭਾਅ’ ਰੱਖਣ ਦਾ ਜ਼ਿਕਰ ਕੀਤਾ। ਇਸ ਦਾ ਮਤਲਬ ਸਮਝਣ ਲਈ ਇਨ੍ਹਾਂ ਸਵਾਲਾਂ ਤੇ ਵਿਚਾਰ ਕਰੋ। ਕੀ ਅਸੀਂ ਦੂਸਰਿਆਂ ਦੇ ਵਿਚਾਰਾਂ ਦੀ ਕਦਰ ਕਰਦੇ ਹਾਂ, ਉਦੋਂ ਵੀ ਜਦ ਕਿਸੇ ਮਾਮਲੇ ਬਾਰੇ ਬਾਈਬਲ ਦਾ ਕੋਈ ਅਸੂਲ ਨਹੀਂ ਟੁੱਟੇਗਾ? ਜਾਂ ਕੀ ਅਸੀਂ ਦੂਜਿਆਂ ਤੇ ਆਪਣੀ ਰਾਇ ਥੋਪਦੇ ਹਾਂ? ਕੀ ਭੈਣ-ਭਰਾ ਸਾਨੂੰ ਕੋਮਲ-ਦਿਲ ਅਤੇ ਪਿਆਰ ਨਾਲ ਗੱਲ ਕਰਨ ਵਾਲੇ ਇਨਸਾਨ ਵਜੋਂ ਜਾਣਦੇ ਹਨ? ਇਨ੍ਹਾਂ ਗੱਲਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਅਸੀਂ ਸਮਝਦਾਰ ਇਨਸਾਨ ਹਾਂ।

20. ਰੱਬੀ ਗੁਣ ਦਿਖਾਉਣ ਦੇ ਕਿਹੜੇ ਚੰਗੇ ਨਤੀਜੇ ਨਿਕਲ ਸਕਦੇ ਹਨ?

20 ਜੇ ਸਾਰੇ ਭੈਣ-ਭਰਾ ਯਾਕੂਬ ਦੀ ਸਲਾਹ ਤੇ ਚੱਲਦੇ ਹੋਏ ਪਰਮੇਸ਼ੁਰੀ ਗੁਣ ਦਿਖਾਉਣ, ਤਾਂ ਕਲੀਸਿਯਾ ਦਾ ਮਾਹੌਲ ਕਿੰਨਾ ਵਧੀਆ ਹੋਵੇਗਾ! (ਜ਼ਬੂ. 133:1-3) ਉੱਪਰ ਜ਼ਿਕਰ ਕੀਤੇ ਗਏ ਗੁਣਾਂ ਨੂੰ ਦਿਖਾਉਣ ਨਾਲ ਆਪਸੀ ਰਿਸ਼ਤੇ ਬਿਹਤਰ ਹੋਣਗੇ ਤੇ ਜ਼ਾਹਰ ਹੋਵੇਗਾ ਕਿ ਅਸੀਂ ਪਰਮੇਸ਼ੁਰੀ ਬੁੱਧ ਅਨੁਸਾਰ ਚੱਲਦੇ ਹਾਂ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਕਿਵੇਂ ਦੂਸਰਿਆਂ ਨੂੰ ਯਹੋਵਾਹ ਦੀਆਂ ਨਜ਼ਰਾਂ ਤੋਂ ਦੇਖ ਸਕਦੇ ਹਾਂ।

[ਫੁਟਨੋਟ]

^ ਪੈਰਾ 4 ਯਾਕੂਬ ਦੇ ਇਸ ਅਧਿਆਇ ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਯਾਕੂਬ ਨੇ ਮੁੱਖ ਤੌਰ ਤੇ ਇਹ ਸਲਾਹ ਕਲੀਸਿਯਾ ਦੇ ਬਜ਼ੁਰਗਾਂ ਜਾਂ ‘ਉਪਦੇਸ਼ਕਾਂ’ ਨੂੰ ਦਿੱਤੀ ਸੀ। (ਯਾਕੂ. 3:1) ਇਨ੍ਹਾਂ ਭਰਾਵਾਂ ਦਾ ਚਾਲ-ਚਲਣ ਨੇਕ ਹੋਣਾ ਚਾਹੀਦਾ ਹੈ। ਪਰ ਅਸੀਂ ਸਾਰੇ ਉਸ ਦੀ ਸਲਾਹ ਤੋਂ ਕੁਝ-ਨ-ਕੁਝ ਸਿੱਖ ਸਕਦੇ ਹਾਂ।

ਤੁਸੀਂ ਕੀ ਜਵਾਬ ਦਿਓਗੇ?

• ਇਕ ਮਸੀਹੀ ਬੁੱਧੀਮਾਨ ਕਿਵੇਂ ਬਣਦਾ ਹੈ?

• ਅਸੀਂ ਪਰਮੇਸ਼ੁਰੀ ਬੁੱਧ ਜ਼ਾਹਰ ਕਰਨ ਲਈ ਕੀ ਕੁਝ ਕਰ ਸਕਦੇ ਹਾਂ?

• ਪਰਮੇਸ਼ੁਰੀ ਬੁੱਧ ਅਨੁਸਾਰ ਨਾ ਚੱਲਣ ਵਾਲਿਆਂ ਵਿਚ ਕਿਹੜੇ ਔਗੁਣ ਦੇਖੇ ਜਾ ਸਕਦੇ ਹਨ?

• ਤੁਸੀਂ ਆਪਣੇ ਕਿਹੜੇ ਗੁਣ ਨਿਖਾਰਨ ਦਾ ਪੱਕਾ ਫ਼ੈਸਲਾ ਕੀਤਾ ਹੈ?

[ਸਵਾਲ]

[ਸਫ਼ਾ 23 ਉੱਤੇ ਤਸਵੀਰ]

ਕਲੀਸਿਯਾ ਵਿਚ ਝਗੜੇ ਕਿਵੇਂ ਸ਼ੁਰੂ ਹੋ ਸਕਦੇ ਹਨ?

[ਸਫ਼ਾ 24 ਉੱਤੇ ਤਸਵੀਰ]

ਕੀ ਤੁਸੀਂ ਬੁਰਾਈ ਤੋਂ ਇਕਦਮ ਮੂੰਹ ਫੇਰ ਲੈਂਦੇ ਹੋ?