Skip to content

Skip to table of contents

ਯਹੋਵਾਹ ਸਾਡੇ ਦਿਲ ਦੀ ਪੁਕਾਰ ਸੁਣਦਾ ਹੈ

ਯਹੋਵਾਹ ਸਾਡੇ ਦਿਲ ਦੀ ਪੁਕਾਰ ਸੁਣਦਾ ਹੈ

ਯਹੋਵਾਹ ਸਾਡੇ ਦਿਲ ਦੀ ਪੁਕਾਰ ਸੁਣਦਾ ਹੈ

“ਯਹੋਵਾਹ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ।”—ਜ਼ਬੂ. 34:15.

1, 2. (ੳ) ਅੱਜ ਲੋਕਾਂ ਤੇ ਕੀ ਬੀਤ ਰਹੀ ਹੈ? (ਅ) ਇਹ ਸਭ ਕੁਝ ਦੇਖ ਕੇ ਅਸੀਂ ਹੈਰਾਨ ਕਿਉਂ ਨਹੀਂ ਹੁੰਦੇ?

ਕੀ ਤੁਸੀਂ ਜ਼ਿੰਦਗੀ ਵਿਚ ਦੁੱਖਾਂ ਦਾ ਸਾਮ੍ਹਣਾ ਕਰ ਰਹੇ ਹੋ? ਜੇ ਇੱਦਾਂ ਹੈ, ਤਾਂ ਆਪਣੇ ਆਪ ਨੂੰ ਇਕੱਲਿਆਂ ਮਹਿਸੂਸ ਨਾ ਕਰੋ। ਦੁਨੀਆਂ ਭਰ ਵਿਚ ਲੱਖਾਂ ਹੀ ਲੋਕ ਦੁੱਖਾਂ ਦੀ ਚੱਕੀ ਵਿਚ ਪਿਸ ਰਹੇ ਹਨ। ਉਹ ਸਭ ਬਿਲਕੁਲ ਉੱਦਾਂ ਹੀ ਮਹਿਸੂਸ ਕਰਦੇ ਹਨ ਜਿਵੇਂ ਦਾਊਦ ਮਹਿਸੂਸ ਕਰਦਾ ਸੀ। ਉਸ ਨੇ ਲਿਖਿਆ: “ਮੈਂ ਨਿਤਾਣਾ ਅਤੇ ਬਹੁਤ ਪੀਸਿਆ ਹੋਇਆ ਹਾਂ ਮੈਂ ਆਪਣੇ ਮਨ ਦੀ ਬੇਚੈਨੀ ਦੇ ਕਾਰਨ ਹੂੰਗਦਾ ਹਾਂ। ਮੇਰਾ ਦਿਲ ਧੜਕਦਾ ਹੈ, ਮੇਰਾ ਬਲ ਥੋਥਾ ਪੈ ਗਿਆ, ਮੇਰੀਆਂ ਅੱਖੀਆਂ ਦੀ ਜੋਤ ਵੀ ਜਾਂਦੀ ਰਹੀ।”—ਜ਼ਬੂ. 38:8, 10.

2 ਸਾਡੀ ਜ਼ਿੰਦਗੀ ਵਿਚ ਵੀ ਜਦ ਦੁੱਖਾਂ ਦੇ ਕਾਲੇ ਬਦਲ ਛਾ ਜਾਂਦੇ ਹਨ, ਤਾਂ ਅਸੀਂ ਹੈਰਾਨ ਨਹੀਂ ਹੁੰਦੇ। ਕਿਉਂਕਿ ਅਸੀਂ ਜਾਣਦੇ ਹਾਂ ਕਿ ਯਿਸੂ ਦੀ ਭਵਿੱਖਬਾਣੀ ਮੁਤਾਬਕ “ਪੀੜਾਂ” ਅੰਤ ਦੇ ਦਿਨਾਂ ਦੀ ਨਿਸ਼ਾਨੀ ਹੈ। (ਮਰ. 13:8; ਮੱਤੀ 24:3) “ਪੀੜਾਂ” ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ ਜਣਨ ਦੀਆਂ ਪੀੜਾਂ ਦਾ ਸੰਕੇਤ ਦਿੰਦਾ ਹੈ। ਅਜਿਹੀਆਂ ਪੀੜਾਂ ਸਾਡੇ ਉਸ ਦੁੱਖ-ਦਰਦ ਨੂੰ ਕਿੰਨੀ ਚੰਗੀ ਤਰ੍ਹਾਂ ਦਰਸਾਉਂਦੀਆਂ ਹਨ ਜੋ ਅਸੀਂ ਅੱਜ ‘ਅੰਤ ਦਿਆਂ ਭੈੜਿਆਂ ਦਿਨਾਂ’ ਵਿਚ ਸਹਿ ਰਹੇ ਹਾਂ?—2 ਤਿਮੋ. 3:1.

ਯਹੋਵਾਹ ਸਾਡੇ ਦਰਦ ਨੂੰ ਚੰਗੀ ਤਰ੍ਹਾਂ ਸਮਝਦਾ ਹੈ

3. ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਅਸੀਂ ਕਿਹੜੀ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ?

3 ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਾਨੂੰ ਵੀ ਦੁੱਖ ਸਹਿਣੇ ਪੈਣਗੇ। ਨਾਲੇ ਅਸੀਂ ਇਹ ਵੀ ਜਾਣਦੇ ਹਾਂ ਕਿ ਦੁੱਖ ਘਟਣ ਦੀ ਬਜਾਇ ਵਧਦੇ ਜਾਣਗੇ। ਸਾਨੂੰ ਸਿਰਫ਼ ਉਨ੍ਹਾਂ ਮੁਸੀਬਤਾਂ ਦਾ ਹੀ ਸਾਮ੍ਹਣਾ ਨਹੀਂ ਕਰਨਾ ਪੈ ਰਿਹਾ ਜੋ ਦੁਨੀਆਂ ਵਿਚ ਆਮ ਹਨ, ਬਲਕਿ ਸਾਨੂੰ ਆਪਣੇ “ਵਿਰੋਧੀ ਸ਼ਤਾਨ” ਦਾ ਵੀ ਸਾਮ੍ਹਣਾ ਕਰਨਾ ਪੈ ਰਿਹਾ ਹੈ ਜੋ ਸਾਡੀ ਨਿਹਚਾ ਨੂੰ ਤੋੜਨ ਪਿੱਛੇ ਲੱਗਾ ਹੋਇਆ ਹੈ। (1 ਪਤ. 5:8) ਦੁੱਖਾਂ ਵਿੱਚੋਂ ਲੰਘਦੇ ਹੋਏ ਅਸੀਂ ਵੀ ਦਾਊਦ ਵਾਂਗ ਮਹਿਸੂਸ ਕਰਨ ਲੱਗ ਸਕਦੇ ਹਾਂ, ਜਿਸ ਨੇ ਕਿਹਾ ਸੀ: “ਨਿੰਦਿਆ ਦੇ ਨਾਲ ਮੇਰਾ ਦਿਲ ਟੁੱਟ ਗਿਆ ਹੈ ਅਤੇ ਮੈਂ ਮਾਂਦਾ ਹੋ ਗਿਆ, ਮੈਂ ਦਿਲਾਸਾ ਦੇਣ ਵਾਲੇ ਉਡੀਕਦਾ ਰਿਹਾ ਪਰ ਕੋਈ ਹੈ ਨਹੀਂ ਸੀ, ਅਤੇ ਧੀਰਜ ਦੇਣ ਵਾਲੇ, ਪਰ ਓਹ ਵੀ ਮੈਨੂੰ ਨਾ ਮਿਲੇ।”—ਜ਼ਬੂ. 69:20.

4. ਦੁੱਖਾਂ ਵਿੱਚੋਂ ਲੰਘਦੇ ਵਕਤ ਅਸੀਂ ਕਿਹੜੀ ਗੱਲ ਤੋਂ ਦਿਲਾਸਾ ਪਾ ਸਕਦੇ ਹਾਂ?

4 ਕੀ ਦਾਊਦ ਦੇ ਕਹਿਣ ਦਾ ਇਹ ਮਤਲਬ ਸੀ ਕਿ ਉਹ ਉਮੀਦ ਛੱਡ ਚੁੱਕਾ ਸੀ? ਨਹੀਂ, ਕਿਉਂਕਿ ਇਸੇ ਜ਼ਬੂਰ ਵਿਚ ਅੱਗੇ ਉਸ ਨੇ ਕਿਹਾ: “ਯਹੋਵਾਹ ਗਰੀਬਾਂ ਬੇਸਹਾਰਿਆਂ ਦੀ ਗੱਲ ਸੁਣਦਾ ਹੈ। ਯਹੋਵਾਹ ਹਾਲੇ ਵੀ ਕੈਦ ਵਿਚ ਪਏ ਲੋਕਾਂ ਨੂੰ ਪਸੰਦ ਕਰਦਾ ਹੈ।” (ਜ਼ਬੂ. 69:33, ERV) ਅਸੀਂ ਵੀ ਸ਼ਾਇਦ ਆਪਣੇ ਦੁੱਖਾਂ ਦੀਆਂ ਜ਼ੰਜੀਰਾਂ ਵਿਚ ਜਕੜੇ ਹੋਏ ਕੈਦੀਆਂ ਵਾਂਗ ਮਹਿਸੂਸ ਕਰੀਏ। ਸ਼ਾਇਦ ਸਾਨੂੰ ਲੱਗੇ ਕਿ ਲੋਕ ਸਮਝਦੇ ਨਹੀਂ ਕਿ ਸਾਡੇ ਤੇ ਕੀ ਬੀਤ ਰਹੀ ਹੈ। ਹੋ ਸਕਦਾ ਹੈ ਕਿ ਇਹ ਗੱਲ ਸੱਚ ਵੀ ਹੋਵੇ। ਪਰ ਦਾਊਦ ਦੀ ਤਰ੍ਹਾਂ ਅਸੀਂ ਦਿਲਾਸਾ ਪਾ ਸਕਦੇ ਹਾਂ, ਕਿ ਯਹੋਵਾਹ ਸਾਡੇ ਦਰਦ ਨੂੰ ਚੰਗੀ ਤਰ੍ਹਾਂ ਸਮਝਦਾ ਹੈ।—ਜ਼ਬੂ. 34:15.

5. ਸੁਲੇਮਾਨ ਨੂੰ ਕਿਸ ਗੱਲ ਤੇ ਭਰੋਸਾ ਸੀ?

5 ਪਰਮੇਸ਼ੁਰ ਦੇ ਭਵਨ ਦੇ ਉਦਘਾਟਨ ਵੇਲੇ ਦਾਊਦ ਦੇ ਪੁੱਤਰ ਸੁਲੇਮਾਨ ਨੇ ਵੀ ਇਸੇ ਗੱਲ ਤੇ ਜ਼ੋਰ ਦਿੱਤਾ ਸੀ। (2 ਇਤਹਾਸ 6:29-31 ਪੜ੍ਹੋ।) ਉਸ ਨੇ ਯਹੋਵਾਹ ਅੱਗੇ ਫ਼ਰਿਆਦ ਕੀਤੀ ਕਿ ਉਹ ਉਨ੍ਹਾਂ ਲੋਕਾਂ ਦੀ ਸੁਣੇ ਜੋ “ਆਪਣੇ ਦੁਖ ਅਤੇ ਰੰਜ” ਬਾਰੇ ਉਸ ਅੱਗੇ ਪ੍ਰਾਰਥਨਾ ਕਰਨ। ਕੀ ਯਹੋਵਾਹ ਦੁੱਖਾਂ ਦੇ ਮਾਰੇ ਹੋਏ ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ? ਸੁਲੇਮਾਨ ਨੇ ਦਾਅਵੇ ਨਾਲ ਕਿਹਾ ਸੀ ਕਿ ਯਹੋਵਾਹ ਦੁਖੀ ਲੋਕਾਂ ਦੀਆਂ ਪ੍ਰਾਰਥਨਾਵਾਂ ਕੇਵਲ ਸੁਣਦਾ ਹੀ ਨਹੀਂ, ਬਲਕਿ ਉਨ੍ਹਾਂ ਦੀ ਮਦਦ ਕਰਨ ਲਈ ਕੁਝ ਕਰਦਾ ਵੀ ਹੈ। ਅਸੀਂ ਵੀ ਇਸ ਗੱਲ ਤੇ ਯਕੀਨ ਰੱਖ ਸਕਦੇ ਹਾਂ ਕਿਉਂਕਿ ਯਹੋਵਾਹ ਹੀ ‘ਇਨਸਾਨ ਦੇ ਦਿਲ ਨੂੰ ਜਾਣਨ ਵਾਲਾ ਹੈ।’

6. ਜ਼ਿੰਦਗੀ ਵਿਚ ਆਉਣ ਵਾਲੇ ਦੁੱਖਾਂ ਦਾ ਅਸੀਂ ਕਿਵੇਂ ਸਾਮ੍ਹਣਾ ਕਰ ਸਕਦੇ ਹਾਂ?

6 ਅਸੀਂ ਵੀ ਯਹੋਵਾਹ ਨੂੰ “ਆਪਣੇ ਦੁਖ ਅਤੇ ਰੰਜ” ਬਾਰੇ ਪ੍ਰਾਰਥਨਾ ਕਰ ਸਕਦੇ ਹਾਂ। ਕਦੇ ਨਾ ਭੁੱਲੋ ਕਿ ਯਹੋਵਾਹ ਸਾਡੇ ਦੁੱਖ ਨੂੰ ਸਮਝਦਾ ਹੈ ਅਤੇ ਉਹ ਸਾਡੀ ਪਰਵਾਹ ਕਰਦਾ ਹੈ। ਇਸ ਗੱਲ ਤੇ ਸਾਡਾ ਯਕੀਨ ਹੋਰ ਵੀ ਪੱਕਾ ਹੋ ਜਾਂਦਾ ਹੈ ਜਦ ਅਸੀਂ ਪਤਰਸ ਰਸੂਲ ਦੇ ਇਹ ਸ਼ਬਦ ਪੜ੍ਹਦੇ ਹਾਂ: “ਆਪਣੀ ਸਾਰੀ ਚਿੰਤਾ ਓਸ ਉੱਤੇ ਸੁਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।” (1 ਪਤ. 5:7) ਯਹੋਵਾਹ ਸੱਚ-ਮੁੱਚ ਸਾਡੀ ਮਦਦ ਕਰਨੀ ਚਾਹੁੰਦਾ ਹੈ। ਯਿਸੂ ਨੇ ਵੀ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ। ਉਸ ਨੇ ਕਿਹਾ: “ਭਲਾ, ਇੱਕ ਪੈਸੇ ਨੂੰ ਦੋ ਚਿੜੀਆਂ ਨਹੀਂ ਵਿਕਦੀਆਂ? ਅਤੇ ਉਨ੍ਹਾਂ ਵਿੱਚੋਂ ਇੱਕ ਭੀ ਤੁਹਾਡੇ ਪਿਤਾ ਦੀ ਮਰਜੀ ਬਿਨਾ ਧਰਤੀ ਉੱਤੇ ਨਹੀਂ ਡਿੱਗਦੀ। ਪਰ ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ। ਸੋ ਨਾ ਡਰੋ। ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।”—ਮੱਤੀ 10:29-31.

ਯਹੋਵਾਹ ਤੇ ਭਰੋਸਾ ਰੱਖੋ

7. ਯਹੋਵਾਹ ਸਾਡੀ ਮਦਦ ਕਿਵੇਂ ਕਰਦਾ ਹੈ?

7 ਸਾਡਾ ਪਿਤਾ ਯਹੋਵਾਹ ਸਾਡੀ ਮਦਦ ਕਰਨ ਲਈ ਤਿਆਰ ਹੈ। ਉਹ ਸਾਨੂੰ ਦੁੱਖਾਂ ਤੋਂ ਬਚਾਉਣਾ ਹੀ ਨਹੀਂ ਚਾਹੁੰਦਾ ਬਲਕਿ ਉਸ ਕੋਲ ਇੰਜ ਕਰਨ ਦੀ ਤਾਕਤ ਵੀ ਹੈ। “ਪਰਮੇਸ਼ੁਰ ਸਾਡੀ ਪਨਾਹ ਅਤੇ ਸਾਡਾ ਬਲ ਹੈ, ਉਹ ਦੁਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ।” (ਜ਼ਬੂ. 34:15-18; 46:1) ਪਰ ਯਹੋਵਾਹ ਸਾਡੀ ਮਦਦ ਕਿਵੇਂ ਕਰਦਾ ਹੈ? 1 ਕੁਰਿੰਥੀਆਂ 10:13 ਵਿਚ ਇਸ ਸਵਾਲ ਦਾ ਜਵਾਬ ਦਿੱਤਾ ਗਿਆ ਹੈ: “ਪਰਮੇਸ਼ੁਰ ਵਫ਼ਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਓ ਵੀ ਕੱਢ ਦੇਵੇਗਾ ਭਈ ਤੁਸੀਂ ਝੱਲ ਸੱਕੋ।” ਹੋ ਸਕਦਾ ਹੈ ਕਿ ਉਹ ਸਾਡੇ ਦੁੱਖ ਦੇ ਕਾਰਨ ਨੂੰ ਦੂਰ ਕਰ ਦੇਵੇ ਜਾਂ ਫਿਰ ਸਾਨੂੰ ਦੁੱਖ ਸਹਿਣ ਦੀ ਤਾਕਤ ਦੇਵੇ। ਜਿੱਦਾਂ ਮਰਜ਼ੀ ਹੋਵੇ ਉਹ ਸਾਡੀ ਮਦਦ ਕਰਦਾ ਜ਼ਰੂਰ ਹੈ।

8. ਯਹੋਵਾਹ ਤੋਂ ਮਦਦ ਲੈਣ ਲਈ ਅਸੀਂ ਕੀ ਕਰ ਸਕਦੇ ਹਾਂ?

8 ਯਹੋਵਾਹ ਤੋਂ ਮਦਦ ਲੈਣ ਲਈ ਅਸੀਂ ਕੀ ਕਰ ਸਕਦੇ ਹਾਂ? ਸਾਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ‘ਆਪਣੀ ਸਾਰੀ ਚਿੰਤਾ ਓਸ ਉੱਤੇ ਸੁਟ ਛੱਡੋ।’ ਇਸ ਦਾ ਮਤਲਬ ਹੈ ਕਿ ਸਾਨੂੰ ਚਿੰਤਾ ਕਰਨ ਦੀ ਬਜਾਇ ਹੁਣ ਧੀਰਜ ਨਾਲ ਭਰੋਸਾ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਾਡੀ ਮਦਦ ਜ਼ਰੂਰ ਕਰੇਗਾ। (ਮੱਤੀ 6:25-32) ਪਰ ਯਹੋਵਾਹ ਸਾਡੀ ਮਦਦ ਤਦ ਹੀ ਕਰੇਗਾ ਜੇ ਅਸੀਂ ਹਲੀਮੀ ਨਾਲ ਆਪਣੇ ਆਪ ਨੂੰ “ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ” ਕਰਾਂਗੇ। (1 ਪਤਰਸ 5:6 ਪੜ੍ਹੋ।) ਕਹਿਣ ਦਾ ਭਾਵ ਹੈ ਕਿ ਸਾਨੂੰ ਆਪਣੀ ਤਾਕਤ ਤੇ ਨਹੀਂ ਬਲਕਿ ਯਹੋਵਾਹ ਦੀ ਤਾਕਤ ਤੇ ਭਰੋਸਾ ਰੱਖਣਾ ਚਾਹੀਦਾ ਹੈ। ਇੱਦਾਂ ਕਰਨ ਨਾਲ ਜੋ ਵੀ ਦੁੱਖ ਯਹੋਵਾਹ ਪਰਮੇਸ਼ੁਰ ਸਾਡੇ ਤੇ ਆਉਣ ਦੇਵੇਗਾ ਅਸੀਂ ਉਸ ਨੂੰ ਸਹਿ ਪਾਵਾਂਗੇ। ਪਰ ਜੇ ਸਾਡਾ ਦਿਲ ਫਿਰ ਵੀ ਰੋ-ਰੋ ਕੇ ਦੁਹਾਈ ਦੇਵੇ ਕਿ ‘ਹੇ ਰੱਬਾ ਤੂੰ ਸਾਡੇ ਦੁੱਖ ਹੁਣੇ ਹੀ ਕਿਉਂ ਨਹੀਂ ਚੁੱਕ ਲੈਂਦਾ,’ ਤਾਂ ਸਾਨੂੰ ਭਰੋਸਾ ਰੱਖਣ ਦੀ ਲੋੜ ਹੈ ਕਿ ਯਹੋਵਾਹ ਚੰਗੀ ਤਰ੍ਹਾਂ ਸਾਡੀ ਮਦਦ ਕਰਨੀ ਜਾਣਦਾ ਹੈ ਤੇ ਉਹ ਸਹੀ ਸਮੇਂ ਤੇ ਮਦਦ ਕਰੇਗਾ ਵੀ।—ਜ਼ਬੂ. 54:7; ਯਸਾ. 41:10.

9. ਦਾਊਦ ਇੰਨਾ ਦੁਖੀ ਕਿਉਂ ਸੀ?

9ਜ਼ਬੂਰ 55:22 ਵਿਚ ਦਰਜ ਦਾਊਦ ਦੇ ਸ਼ਬਦ ਯਾਦ ਰੱਖੋ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।” ਜਦ ਦਾਊਦ ਨੇ ਇਹ ਸ਼ਬਦ ਲਿਖੇ ਸਨ, ਤਾਂ ਉਹ ਬਹੁਤ ਦੁਖੀ ਸੀ। (ਜ਼ਬੂ. 55:4) ਲੱਗਦਾ ਹੈ ਕਿ ਇਹ ਸ਼ਬਦ ਉਸ ਨੇ ਉਦੋਂ ਲਿਖੇ ਸਨ ਜਦ ਉਸ ਦਾ ਪੁੱਤਰ ਅਬਸ਼ਾਲੋਮ ਉਸ ਦੀ ਰਾਜ ਗੱਦੀ ਹੜੱਪਣੀ ਚਾਹੁੰਦਾ ਸੀ। ਇਸ ਸਕੀਮ ਵਿਚ ਦਾਊਦ ਦਾ ਸਭ ਤੋਂ ਭਰੋਸੇਯੋਗ ਸਲਾਹਕਾਰ ਅਹੀਥੋਫ਼ਲ ਵੀ ਸ਼ਾਮਲ ਸੀ। ਉਸ ਸਮੇਂ ਗੱਲ ਇਸ ਨੌਬਤ ਤਕ ਪਹੁੰਚ ਗਈ ਸੀ ਕਿ ਦਾਊਦ ਨੂੰ ਆਪਣੀ ਜਾਨ ਬਚਾ ਕੇ ਯਰੂਸ਼ਲਮ ਤੋਂ ਭੱਜਣਾ ਪਿਆ। (2 ਸਮੂ. 15:12-14) ਇੰਨੀਆਂ ਤਕਲੀਫ਼ਾਂ ਦੇ ਬਾਵਜੂਦ ਵੀ ਦਾਊਦ ਨੇ ਹਿੰਮਤ ਨਹੀਂ ਹਾਰੀ, ਸਗੋਂ ਯਹੋਵਾਹ ਤੇ ਭਰੋਸਾ ਰੱਖਿਆ ਤੇ ਯਹੋਵਾਹ ਨੇ ਉਸ ਦੀ ਮਦਦ ਕੀਤੀ।

10. ਮੁਸ਼ਕਲਾਂ ਦੌਰਾਨ ਸਾਨੂੰ ਕੀ ਕਰਨਾ ਚਾਹੀਦਾ ਹੈ?

10 ਸਾਡੇ ਤੇ ਜੋ ਮਰਜ਼ੀ ਮੁਸ਼ਕਲ ਆਵੇ ਸਾਨੂੰ ਹਮੇਸ਼ਾ ਦਾਊਦ ਦੀ ਤਰ੍ਹਾਂ ਯਹੋਵਾਹ ਅੱਗੇ ਫ਼ਰਿਆਦ ਕਰਨੀ ਚਾਹੀਦੀ ਹੈ ਕਿ ਉਹੀ ਸਾਨੂੰ ਰਾਹ ਦਿਖਾਵੇ। ਧਿਆਨ ਦਿਓ ਕਿ ਪੌਲੁਸ ਰਸੂਲ ਨੇ ਸਾਨੂੰ ਕੀ ਕਰਨ ਦੀ ਸਲਾਹ ਦਿੱਤੀ ਸੀ। (ਫ਼ਿਲਿੱਪੀਆਂ 4:6, 7 ਪੜ੍ਹੋ।) ਜੇ ਅਸੀਂ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਾਂਗੇ, ਤਾਂ ਉਸ ਦਾ ਕੀ ਅਸਰ ਹੋਵੇਗਾ? “ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।”

11. “ਪਰਮੇਸ਼ੁਰ ਦੀ ਸ਼ਾਂਤੀ” ਸਾਡੇ ਮਨਾਂ ਦੀ ਰਾਖੀ ਕਿਵੇਂ ਕਰਦੀ ਹੈ?

11 ਪ੍ਰਾਰਥਨਾ ਕਰਨ ਨਾਲ ਕੀ ਸਾਡੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ? ਸ਼ਾਇਦ ਹੋ ਵੀ ਜਾਣ। ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਹਮੇਸ਼ਾ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਉਵੇਂ ਹੀ ਨਹੀਂ ਦਿੰਦਾ ਜਿਵੇਂ ਅਸੀਂ ਚਾਹੁੰਦੇ ਹਾਂ। ਪਰ ਇਕ ਗੱਲ ਜ਼ਰੂਰ ਹੈ ਕਿ ਪ੍ਰਾਰਥਨਾ ਕਰਨ ਨਾਲ ਸਾਨੂੰ ਸਹਾਰਾ ਜ਼ਰੂਰ ਮਿਲਦਾ ਹੈ ਤੇ ਅਸੀਂ ਆਪਣੀਆਂ ਮੁਸ਼ਕਲਾਂ ਹੇਠ ਦੱਬੇ ਜਾਣ ਤੋਂ ਬਚਦੇ ਹਾਂ। ਜਦ ਅਸੀਂ ਮੁਸ਼ਕਲਾਂ ਰਾਹੀਂ ਲੰਘਦੇ ਹਾਂ, ਤਾਂ “ਪਰਮੇਸ਼ੁਰ ਦੀ ਸ਼ਾਂਤੀ” ਤੋਂ ਸਾਡੇ ਦਿਲ ਨੂੰ ਸਕੂਨ ਮਿਲਦਾ ਹੈ। ਜਿਸ ਤਰ੍ਹਾਂ ਫ਼ੌਜ ਸ਼ਹਿਰ ਦੀ ਰਾਖੀ ਕਰਦੀ ਹੈ, ਉਸੇ ਤਰ੍ਹਾਂ “ਪਰਮੇਸ਼ੁਰ ਦੀ ਸ਼ਾਂਤੀ” ਸਾਡੇ ਮਨਾਂ ਦੀ ਰਾਖੀ ਕਰਦੀ ਹੈ ਤੇ ਸਾਨੂੰ ਗਮਾਂ ਵਿਚ ਡੁੱਬਣ ਤੋਂ ਬਚਾਉਂਦੀ ਹੈ। ਇਸ ਸ਼ਾਂਤੀ ਸਦਕਾ ਅਸੀਂ ਜਲਦਬਾਜ਼ੀ ਵਿਚ ਗ਼ਲਤ ਕਦਮ ਚੁੱਕਣ ਦੀ ਭੁੱਲ ਨਹੀਂ ਕਰਾਂਗੇ। ਨਾ ਹੀ ਅਸੀਂ ਸ਼ੰਕਾ, ਡਰ ਜਾਂ ਗ਼ਲਤ ਸੋਚਾਂ ਵਿਚ ਡੁੱਬਾਂਗੇ।—ਜ਼ਬੂ. 145:18.

12. ਮਿਸਾਲ ਦੇ ਕੇ ਸਮਝਾਓ ਕੇ ਅਸੀਂ ਮਨ ਦੀ ਸ਼ਾਂਤੀ ਕਿਵੇਂ ਪਾ ਸਕਦੇ ਹਾਂ।

12 ਚਿੰਤਾਵਾਂ ਤੇ ਮੁਸ਼ਕਲਾਂ ਦੇ ਬਾਵਜੂਦ ਵੀ ਅਸੀਂ ਮਨ ਦੀ ਸ਼ਾਂਤੀ ਕਿਵੇਂ ਪਾ ਸਕਦੇ ਹਾਂ? ਆਓ ਆਪਾਂ ਇਕ ਮੁਲਾਜ਼ਮ ਦੀ ਮਿਸਾਲ ਤੇ ਗੌਰ ਕਰੀਏ ਜੋ ਇਕ ਕੰਪਨੀ ਲਈ ਕੰਮ ਕਰਦਾ ਹੈ। ਉਸ ਕੰਪਨੀ ਦਾ ਮਾਲਕ ਬਹੁਤ ਹੀ ਭਲਾ ਬੰਦਾ ਹੈ, ਪਰ ਉਸ ਦਾ ਮੈਨੇਜਰ ਬਹੁਤ ਹੀ ਬੇਰਹਿਮ ਹੈ। ਮੌਕਾ ਮਿਲਣ ਤੇ ਮੁਲਾਜ਼ਮ ਕੰਪਨੀ ਦੇ ਮਾਲਕ ਨੂੰ ਦੱਸਦਾ ਹੈ ਕਿ ਉਸ ਨੂੰ ਕੰਮ ਤੇ ਮੈਨੇਜਰ ਦੇ ਹੱਥੋਂ ਕੀ-ਕੀ ਸਹਿਣਾ ਪੈ ਰਹਿ ਹੈ। ਮਾਲਕ ਮੁਲਾਜ਼ਮ ਨੂੰ ਤਸੱਲੀ ਦੇ ਕੇ ਕਹਿੰਦਾ ਹੈ ਕਿ ਉਹ ਉਸ ਦੀ ਮੁਸ਼ਕਲ ਨੂੰ ਸਮਝਦਾ ਹੈ ਤੇ ਜਲਦ ਹੀ ਮੈਨੇਜਰ ਨੂੰ ਨੌਕਰੀਓਂ ਕੱਢ ਦੇਵੇਗਾ। ਇਹ ਸੁਣ ਕੇ ਜ਼ਰਾ ਸੋਚੋ ਮੁਲਾਜ਼ਮ ਕਿਵੇਂ ਮਹਿਸੂਸ ਕਰਦਾ ਹੈ? ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਕਿਉਂਕਿ ਉਸ ਨੂੰ ਮਾਲਕ ਦੀ ਗੱਲ ਤੇ ਪੂਰਾ ਯਕੀਨ ਹੈ, ਇਸ ਲਈ ਉਹ ਹੋਰ ਥੋੜ੍ਹੇ ਦਿਨਾਂ ਲਈ ਇਸ ਬੇਰਹਿਮ ਮੈਨੇਜਰ ਥੱਲੇ ਕੰਮ ਕਰਨ ਤੋਂ ਨਹੀਂ ਕਤਰਾਉਂਦਾ। ਇਸੇ ਤਰ੍ਹਾਂ ਯਹੋਵਾਹ ਵੀ ਜਾਣਦਾ ਹੈ ਕਿ ਸਾਨੂੰ ਅੱਜ ਕੀ ਕੁਝ ਸਹਿਣਾ ਪੈ ਰਿਹਾ ਹੈ ਤੇ ਉਹ ਸਾਨੂੰ ਯਕੀਨ ਦਿਲਾਉਂਦਾ ਹੈ ਕਿ ਉਹ ਜਲਦ ਹੀ ‘ਇਸ ਜਗਤ ਦੇ ਸਰਦਾਰ ਨੂੰ ਬਾਹਰ’ ਕੱਢ ਦੇਵੇਗਾ। (ਯੂਹੰ. 12:31) ਕੀ ਇਹ ਸੁਣ ਕੇ ਤੁਹਾਡੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ?

13. ਕੀ ਯਹੋਵਾਹ ਅੱਗੇ ਸਿਰਫ਼ ਫ਼ਰਿਆਦ ਕਰਨੀ ਹੀ ਕਾਫ਼ੀ ਹੈ?

13 ਕੀ ਯਹੋਵਾਹ ਅੱਗੇ ਸਿਰਫ਼ ਫ਼ਰਿਆਦ ਕਰਨੀ ਹੀ ਕਾਫ਼ੀ ਹੈ? ਨਹੀਂ, ਸਾਨੂੰ ਕੁਝ ਕਰਨ ਦੀ ਵੀ ਲੋੜ ਹੈ। ਜੋ ਅਸੀਂ ਆਪਣੀ ਪ੍ਰਾਰਥਨਾ ਵਿਚ ਕਹਿੰਦੇ ਹਾਂ ਉਸ ਤੇ ਸਾਨੂੰ ਚੱਲਣ ਦੀ ਵੀ ਲੋੜ ਹੈ। ਜਦ ਰਾਜਾ ਸ਼ਾਊਲ ਨੇ ਦਾਊਦ ਨੂੰ ਮਾਰਨ ਲਈ ਆਪਣੇ ਬੰਦੇ ਉਸ ਦੇ ਘਰ ਭੇਜੇ ਸਨ, ਤਾਂ ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ: “ਹੇ ਮੇਰੇ ਪਰਮੇਸ਼ੁਰ, ਮੇਰੇ ਵੈਰੀਆਂ ਤੋਂ ਮੈਨੂੰ ਛੁਡਾ, ਮੇਰੇ ਵਿਰੋਧੀਆਂ ਤੋਂ ਮੈਨੂੰ ਉੱਚਿਆਈ ਤੇ ਰੱਖ! ਮੈਨੂੰ ਬਦਕਾਰਾਂ ਤੋਂ ਛੁਡਾ, ਅਤੇ ਖੂਨੀ ਮਨੁੱਖਾਂ ਤੋਂ ਮੈਨੂੰ ਬਚਾ!” (ਜ਼ਬੂ. 59:1, 2) ਪ੍ਰਾਰਥਨਾ ਕਰਨ ਤੋਂ ਇਲਾਵਾ ਉਹ ਆਪਣੀ ਪਤਨੀ ਦੀ ਗੱਲ ਸੁਣ ਕੇ ਉੱਥੋਂ ਆਪਣੀ ਜਾਨ ਬਚਾ ਕੇ ਭੱਜ ਗਿਆ। (1 ਸਮੂ. 19:11, 12) ਅਸੀਂ ਵੀ ਯਹੋਵਾਹ ਅੱਗੇ ਮਦਦ ਲਈ ਪ੍ਰਾਰਥਨਾ ਕਰ ਸਕਦੇ ਹਾਂ ਤਾਂਕਿ ਉਹ ਸਾਨੂੰ ਸਹੀ ਕਦਮ ਚੁੱਕਣ ਲਈ ਬੁੱਧ ਬਖ਼ਸ਼ੇ।—ਯਾਕੂ. 1:5.

ਸਾਨੂੰ ਸਹਿਣ ਦੀ ਸ਼ਕਤੀ ਕਿੱਥੋਂ ਮਿਲਦੀ ਹੈ?

14. ਮੁਸ਼ਕਲਾਂ ਸਹਿੰਦੇ ਹੋਏ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

14 ਸ਼ਾਇਦ ਸਾਡੇ ਦੁੱਖ ਇਕਦਮ ਦੂਰ ਨਾ ਕੀਤੇ ਜਾਣ ਤੇ ਸਾਨੂੰ ਲੱਗੇ ਕਿ ਅਸੀਂ ਘੜੀ-ਮੁੜੀ ਇੱਕੋ ਮੁਸ਼ਕਲ ਰਾਹੀਂ ਲੰਘ ਰਹੇ ਹਾਂ। ਜੇ ਇੱਦਾਂ ਦੀ ਗੱਲ ਹੈ, ਤਾਂ ਆਓ ਆਪਾਂ ਦੇਖੀਏ ਕਿ ਮੁਸ਼ਕਲਾਂ ਨੂੰ ਸਹਿਣ ਦੀ ਸ਼ਕਤੀ ਸਾਨੂੰ ਕਿੱਥੋਂ ਮਿਲ ਸਕਦੀ ਹੈ। ਪਹਿਲੀ ਗੱਲ ਹੈ ਕਿ ਸਾਨੂੰ ਮੁਸ਼ਕਲਾਂ ਦੇ ਬਾਵਜੂਦ ਵੀ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣਾ ਚਾਹੀਦਾ ਹੈ। (ਰਸੂ. 14:22) ਇੱਦਾਂ ਅਸੀਂ ਯਹੋਵਾਹ ਨੂੰ ਆਪਣੇ ਪਿਆਰ ਦਾ ਸਬੂਤ ਦਿੰਦੇ ਹਾਂ। ਯਾਦ ਰੱਖੋ ਕਿ ਸ਼ਤਾਨ ਨੇ ਯਹੋਵਾਹ ਨੂੰ ਅੱਯੂਬ ਬਾਰੇ ਇਹ ਮਿਹਣਾ ਮਾਰਿਆ ਸੀ: “ਅੱਯੂਬ ਮੁਫ਼ਤ ਵਿਚ ਹੀ ਤੇਰੇ ਤੋਂ ਡਰਦਾ ਨਹੀਂ ਹੈ। ਤੂੰ ਉਸ ਨੂੰ ਉਸ ਦੇ ਟੱਬਰ ਨੂੰ ਉਸ ਦੀ ਹਰ ਚੀਜ਼ ਨੂੰ ਹਰ ਪਾਸਿਓਂ ਸੁਰੱਖਿਅਤ ਰੱਖਿਆ ਹੈ। ਤੂੰ ਉਸ ਦੇ ਹੱਥਾਂ ਦੇ ਹਰ ਕੰਮ ਨੂੰ ਅਸੀਸ ਦਿੱਤੀ ਹੈ ਅਤੇ ਉਸ ਦੇ ਮਾਲ ਡੰਗਰ ਦੇ ਨਾਲ ਸਾਰਾ ਦੇਸ਼ ਭਰ ਗਿਆ ਹੈ। ਜੇਕਰ ਤੂੰ ਥੋੜੇ ਸਮੇਂ ਲਈ ਆਪਣੀ ਅਸੀਸ ਤੇ ਸੁਰੱਖਿਆ ਵਾਲਾ ਹੱਥ ਉਸ ਤੋਂ ਦੂਰ ਕਰ ਲਵੇ, ਤਾਂ ਉਹ ਤੇਰੇ ਮੂੰਹ ਉਤੇ ਤੇਰੀ ਨਿੰਦਾ ਕਰੇਗਾ।” (ਅੱਯੂ. 1:9-11, CL) ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਕੇ ਅੱਯੂਬ ਨੇ ਸ਼ਤਾਨ ਦੇ ਮਿਹਣੇ ਦਾ ਮੂੰਹ ਤੋੜ ਜਵਾਬ ਦਿੱਤਾ ਸੀ। ਅਸੀਂ ਵੀ ਬਿਲਕੁਲ ਇੱਦਾਂ ਹੀ ਧੀਰਜ ਨਾਲ ਮੁਸ਼ਕਲਾਂ ਸਹਿ ਕੇ ਅਤੇ ਯਹੋਵਾਹ ਦੇ ਵਫ਼ਾਦਾਰ ਰਹਿ ਕੇ ਸ਼ਤਾਨ ਨੂੰ ਝੂਠਾ ਠਹਿਰਾ ਸਕਦੇ ਹਾਂ। ਸਾਡੇ ਧੀਰਜ ਕਾਰਨ ਸਾਡੀ ਉਮੀਦ ਅਤੇ ਯਹੋਵਾਹ ਉੱਤੇ ਸਾਡਾ ਭਰੋਸਾ ਹੋਰ ਵੀ ਪੱਕਾ ਹੋਵੇਗਾ।—ਯਾਕੂ. 1:4.

15. ਅਸੀਂ ਕਿਨ੍ਹਾਂ ਭੈਣਾਂ-ਭਰਾਵਾਂ ਦੀਆਂ ਮਿਸਾਲਾਂ ਤੋਂ ਹਿੰਮਤ ਪਾ ਸਕਦੇ ਹਾਂ?

15 ਦੂਜੀ ਗੱਲ ਯਾਦ ਰੱਖੋ ਕਿ “ਤੁਹਾਡੇ ਗੁਰਭਾਈ ਜਿਹੜੇ ਜਗਤ ਵਿੱਚ ਹਨ ਓਹਨਾਂ ਨੂੰ ਵੀ ਏਹੋ ਦੁਖ ਸਹਿਣੇ ਪੈਂਦੇ ਹਨ।” (1 ਪਤ. 5:9) ਨਾਲੇ ਇਹ ਵੀ ਕਿ “ਤੁਹਾਡੇ ਤੇ ਕੋਈ ਇਹੋ ਜਿਹੀ ਪਰੀਖਿਆ ਨਹੀਂ ਆਈ ਹੈ, ਜੋ ਹੋਰ ਲੋਕਾਂ ਤੇ ਨਾ ਆਈ ਹੋਵੇ।” (1 ਕੁਰਿੰ. 10:13, CL) ਆਪਣੇ ਹੀ ਦੁੱਖਾਂ ਵਿਚ ਡੁੱਬੇ ਰਹਿਣ ਦੀ ਬਜਾਇ ਅਸੀਂ ਦਿਲ ਤੋੜ ਦੁੱਖ-ਤਕਲੀਫ਼ਾਂ ਸਹਿ ਰਹੇ ਭੈਣਾਂ-ਭਰਾਵਾਂ ਦੀਆਂ ਮਿਸਾਲਾਂ ਤੇ ਸੋਚ-ਵਿਚਾਰ ਕਰ ਕੇ ਹਿੰਮਤ ਪਾ ਸਕਦੇ ਹਾਂ। (1 ਥੱਸ. 1:5-7; ਇਬ. 12:1) ਕੀ ਤੁਸੀਂ ਕਿਸੇ ਅਜਿਹੇ ਭੈਣ ਜਾਂ ਭਰਾ ਨੂੰ ਜਾਣਦੇ ਹੋ ਜਿਸ ਨੇ ਮੁਸ਼ਕਲਾਂ ਸਹਿੰਦੇ ਹੋਏ ਵੀ ਯਹੋਵਾਹ ਦੀ ਸੇਵਾ ਕਰਨੀ ਨਹੀਂ ਛੱਡੀ? ਜੇ ਨਹੀਂ ਜਾਣਦੇ, ਤਾਂ ਤੁਸੀਂ ਆਪਣੇ ਰਸਾਲਿਆਂ ਵਿਚ ਉਨ੍ਹਾਂ ਭੈਣਾਂ-ਭਰਾਵਾਂ ਦੀਆਂ ਜੀਵਨੀਆਂ ਪੜ੍ਹ ਸਕਦੇ ਹੋ ਜਿਨ੍ਹਾਂ ਨੇ ਜ਼ਿੰਦਗੀ ਵਿਚ ਤੁਹਾਡੇ ਵਰਗੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਹੈ। ਇਨ੍ਹਾਂ ਜੀਵਨੀਆਂ ਨੂੰ ਪੜ੍ਹ ਕੇ ਤੁਹਾਡਾ ਹੌਸਲਾ ਵਧੇਗਾ।

16. ਜਦ ਅਸੀਂ ਵੱਖ-ਵੱਖ ਮੁਸ਼ਕਲਾਂ ਵਿਚ ਘਿਰੇ ਜਾਂਦੇ ਹਾਂ, ਤਾਂ ਯਹੋਵਾਹ ਸਾਡੀ ਮਦਦ ਕਿਵੇਂ ਕਰਦਾ ਹੈ?

16 ਤੀਜੀ ਗੱਲ, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ “ਦਿਆਲਗੀਆਂ ਦਾ ਪਿਤਾ ਅਤੇ ਸਰਬ ਦਿਲਾਸੇ ਦਾ ਪਰਮੇਸ਼ੁਰ ਹੈ। ਜੋ ਸਾਡੀਆਂ ਸਾਰੀਆਂ ਬਿਪਤਾਂ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ ਭਈ ਅਸੀਂ ਉਸੇ ਦਿਲਾਸੇ ਤੋਂ ਜਿਹ ਨੂੰ ਅਸਾਂ ਪਰਮੇਸ਼ੁਰ ਵੱਲੋਂ ਪਾਇਆ ਹੈ ਓਹਨਾਂ ਨੂੰ ਹਰ ਬਿਪਤਾ ਵਿੱਚ ਦਿਲਾਸਾ ਦੇਣ ਜੋਗੇ ਹੋਈਏ।” (2 ਕੁਰਿੰ. 1:3, 4) ਯਹੋਵਾਹ ਸਾਨੂੰ ਹੌਸਲਾ ਤੇ ਹਿੰਮਤ ਸਿਰਫ਼ ਕੁਝ ਹੀ ਮੁਸ਼ਕਲਾਂ ਦੌਰਾਨ ਨਹੀਂ ਦਿੰਦਾ, ਬਲਕਿ ਉਹ “ਸਾਡੀਆਂ ਸਾਰੀਆਂ ਬਿਪਤਾਂ ਵਿੱਚ” ਸਾਡਾ ਸਾਥ ਦਿੰਦਾ ਹੈ। ਇਸ ਤਰ੍ਹਾਂ ਹਿੰਮਤ ਪਾ ਕੇ ਅਸੀਂ ਹੋਰਾਂ ਦੀ ਉਨ੍ਹਾਂ ਦੀ “ਹਰ ਬਿਪਤਾ” ਵਿਚ ਮਦਦ ਕਰ ਸਕਦੇ ਹਾਂ। ਪੌਲੁਸ ਨੇ ਇਹ ਸ਼ਬਦ ਸਿਰਫ਼ ਕਹੇ ਹੀ ਨਹੀਂ ਸਨ ਸਗੋਂ ਉਸ ਨੇ ਪਰਮੇਸ਼ੁਰ ਤੋਂ ਦਿਲਾਸਾ ਪਾ ਕੇ ਦੂਸਰਿਆਂ ਨੂੰ ਵੀ ਦਿਲਾਸਾ ਦਿੱਤਾ ਸੀ।—2 ਕੁਰਿੰ. 4:8, 9; 11:23-27.

17. ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਬਾਈਬਲ ਸਾਡੀ ਮਦਦ ਕਿਵੇਂ ਕਰ ਸਕਦੀ ਹੈ?

17 ਚੌਥੀ ਗੱਲ, ਸਾਡੇ ਕੋਲ ਪਰਮੇਸ਼ੁਰ ਦਾ ਬਚਨ ਬਾਈਬਲ ਹੈ ਜੋ “ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ। ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।” (2 ਤਿਮੋ. 3:16, 17) ਯਹੋਵਾਹ ਦਾ ਬਚਨ ਸਾਨੂੰ ਸਿਰਫ਼ “ਕਾਬਲ” ਤੇ “ਭਲੇ ਕੰਮ ਲਈ ਤਿਆਰ” ਹੀ ਨਹੀਂ ਕਰਦਾ ਹੈ, ਬਲਕਿ ਸਾਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਵੀ ਸਿਖਾਉਂਦਾ ਹੈ। “ਹਰੇਕ ਭਲੇ ਕੰਮ ਲਈ ਤਿਆਰ” ਹੋਣ ਦਾ ਕੀ ਮਤਲਬ ਹੈ? ਜਿਸ ਯੂਨਾਨੀ ਸ਼ਬਦ ਤੋਂ ਇਹ ਤਰਜਮਾ ਕੀਤਾ ਗਿਆ ਹੈ ਉਸ ਦਾ ਮਤਲਬ ਹੈ ਕਿ ਕੋਈ ਵੀ ਕੰਮ ਕਰਨ ਲਈ ਹਰ ਜ਼ਰੂਰੀ ਚੀਜ਼ ਨਾਲ ਲੈਸ ਕੀਤੇ ਜਾਣਾ। ਪੁਰਾਣੇ ਜ਼ਮਾਨੇ ਵਿਚ ਇਹ ਸ਼ਬਦ ਉਦੋਂ ਵਰਤਿਆ ਜਾਂਦਾ ਸੀ ਜਦ ਕਿਸ਼ਤੀ ਸਫ਼ਰ ਲਈ ਤਿਆਰ ਕੀਤੀ ਜਾਂਦੀ ਸੀ ਤੇ ਉਸ ਵਿਚ ਉਹ ਸਾਰੀਆਂ ਚੀਜ਼ਾਂ ਰੱਖੀਆਂ ਜਾਂਦੀਆਂ ਸਨ ਜਿਨ੍ਹਾਂ ਦੀ ਸਫ਼ਰ ਦੌਰਾਨ ਲੋੜ ਪੈ ਸਕਦੀ ਸੀ। ਇਹ ਸ਼ਬਦ ਅਜਿਹੀ ਮਸ਼ੀਨ ਲਈ ਵੀ ਵਰਤਿਆ ਜਾਂਦਾ ਸੀ ਜੋ ਆਪਣਾ ਕੰਮ ਵਧੀਆ ਤਰੀਕੇ ਨਾਲ ਕਰਨ ਲਈ ਬਣਾਈ ਗਈ ਸੀ। ਯਹੋਵਾਹ ਆਪਣੇ ਬਚਨ ਰਾਹੀਂ ਸਾਨੂੰ ਸਿਖਾਉਂਦਾ ਹੈ ਤਾਂਕਿ ਅਸੀਂ ਜ਼ਿੰਦਗੀ ਵਿਚ ਆਉਣ ਵਾਲੀ ਹਰ ਮੁਸ਼ਕਲ ਦਾ ਸਾਮ੍ਹਣਾ ਕਰ ਸਕੀਏ। ਤਾਂ ਫਿਰ ਅਸੀਂ ਪੂਰੇ ਦਾਅਵੇ ਨਾਲ ਕਹਿ ਸਕਦੇ ਹਾਂ ਕਿ ‘ਜੇ ਯਹੋਵਾਹ ਮੇਰੇ ਤੇ ਕੋਈ ਮੁਸ਼ਕਲ ਆਉਣ ਦੀ ਇਜਾਜ਼ਤ ਦਿੰਦਾ ਹੈ, ਤਾਂ ਮੈਂ ਉਸ ਦੀ ਮਦਦ ਨਾਲ ਸਹਿ ਸਕਦਾ ਹਾਂ।’

ਸਾਡੇ ਸਾਰਿਆਂ ਦੁੱਖਾਂ ਤੋਂ ਛੁਟਕਾਰਾ

18. ਹੋਰ ਕਿਹੜੀ ਗੱਲ ਦੁੱਖ ਸਹਿਣ ਵਿਚ ਸਾਡੀ ਮਦਦ ਕਰਦੀ ਹੈ?

18 ਪੰਜਵੀਂ ਗੱਲ, ਹਮੇਸ਼ਾ ਯਾਦ ਰੱਖੋ ਕਿ ਯਹੋਵਾਹ ਜਲਦ ਹੀ ਧਰਤੀ ਤੋਂ ਸਾਰੇ ਦੁੱਖਾਂ ਨੂੰ ਦੂਰ ਕਰੇਗਾ। (ਜ਼ਬੂ. 34:19; 37:9-11; 2 ਪਤ. 2:9) ਭਾਵੇਂ ਸਾਡੀ ਧਰਤੀ ਉੱਤੇ ਸਦਾ ਲਈ ਰਹਿਣ ਦੀ ਉਮੀਦ ਹੋਵੇ ਜਾਂ ਫਿਰ ਸਵਰਗ ਜਾਣ ਦੀ, ਯਹੋਵਾਹ ਸਾਨੂੰ ਸਾਰਿਆਂ ਨੂੰ ਦੁੱਖਾਂ ਤੋਂ ਛੁਟਕਾਰਾ ਦਿਲਾਵੇਗਾ।

19. ਅਸੀਂ ਮੁਸ਼ਕਲਾਂ ਦੇ ਬਾਵਜੂਦ ਵੀ ਯਹੋਵਾਹ ਪ੍ਰਤੀ ਵਫ਼ਾਦਾਰ ਕਿਵੇਂ ਰਹਿ ਸਕਦੇ ਹਾਂ?

19 ਜਦ ਤਕ ਪਰਮੇਸ਼ੁਰ ਦੀ ਨਵੀਂ ਦੁਨੀਆਂ ਨਹੀਂ ਆਉਂਦੀ, ਤਦ ਤਕ ਅਸੀਂ ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਡੱਟ ਕੇ ਮੁਕਾਬਲਾ ਕਰਦੇ ਰਹਾਂਗੇ। ਪਰ ਅਸੀਂ ਉਸ ਸਮੇਂ ਦਾ ਬੜੀ ਬੇਤਾਬੀ ਨਾਲ ਇੰਤਜ਼ਾਰ ਕਰਦੇ ਹਾਂ ਜਦ ਸਾਨੂੰ ਕੋਈ ਦੁੱਖ ਸਹਿਣਾ ਨਹੀਂ ਪਾਵੇਗਾ। (ਜ਼ਬੂ. 55:6-8) ਕਦੇ ਨਾ ਭੁੱਲੋ ਕੇ ਜਦ ਤੁਸੀਂ ਮੁਸ਼ਕਲਾਂ ਸਹਿੰਦੇ ਹੋਏ ਵੀ ਯਹੋਵਾਹ ਪ੍ਰਤੀ ਵਫ਼ਾਦਾਰ ਰਹਿੰਦੇ ਹੋ, ਤਾਂ ਤੁਸੀਂ ਸ਼ਤਾਨ ਨੂੰ ਝੂਠਾ ਠਹਿਰਾਉਂਦੇ ਹੋ। ਆਓ ਆਪਾਂ ਪ੍ਰਾਰਥਨਾ ਅਤੇ ਭੈਣਾਂ-ਭਰਾਵਾਂ ਦੀ ਸੰਗਤ ਤੋਂ ਹਿੰਮਤ ਪਾਈਏ। ਨਾਲੇ ਇਹ ਵੀ ਚੇਤੇ ਰੱਖੀਏ ਕਿ ਅਸੀਂ ਇਕੱਲੇ ਨਹੀਂ, ਪਰ ਦੁਨੀਆਂ ਭਰ ਵਿਚ ਸਾਡੇ ਭੈਣ-ਭਰਾ ਵੀ ਸਾਡੇ ਵਾਂਗ ਦੁੱਖ ਝੱਲ ਰਹੇ ਹਨ। ਸਾਨੂੰ ਪਰਮੇਸ਼ੁਰ ਦੇ ਬਚਨ ਤੋਂ ਗਿਆਨ ਲੈਂਦੇ ਰਹਿਣਾ ਚਾਹੀਦਾ ਹੈ ਤਾਂਕਿ ਅਸੀਂ ਹਰੇਕ ਭਲੇ ਕੰਮ ਲਈ ਤਿਆਰ ਹੋ ਪਾਈਏ। ਕਦੇ ਵੀ ਇਸ ਗੱਲ ਤੇ ਸ਼ੱਕ ਨਾ ਕਰੋ ਕਿ “ਸਰਬ ਦਿਲਾਸੇ ਦਾ ਪਰਮੇਸ਼ੁਰ” ਯਹੋਵਾਹ ਤੁਹਾਡੀ ਪਰਵਾਹ ਕਰਦਾ ਹੈ। ਹਮੇਸ਼ਾ ਯਾਦ ਰੱਖੋ ਕਿ “ਯਹੋਵਾਹ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ।”—ਜ਼ਬੂ. 34:15.

ਕੀ ਤੁਸੀਂ ਜਵਾਬ ਦੇ ਸਕਦੇ ਹੋ?

• ਦੁੱਖਾਂ ਦੇ ਬਾਵਜੂਦ ਦਾਊਦ ਨੂੰ ਕਿਸ ਗੱਲ ਦਾ ਯਕੀਨ ਸੀ?

• ਰਾਜਾ ਸੁਲੇਮਾਨ ਨੂੰ ਕਿਸ ਗੱਲ ਦਾ ਭਰੋਸਾ ਸੀ?

• ਸਾਨੂੰ ਮੁਸ਼ਕਲਾਂ ਦਾ ਡੱਟ ਕੇ ਮੁਕਾਬਲਾ ਕਰਨ ਲਈ ਮਦਦ ਕਿੱਥੋਂ ਮਿਲਦੀ ਹੈ?

[ਸਵਾਲ]

[ਸਫ਼ਾ 13 ਉੱਤੇ ਤਸਵੀਰ]

ਸੁਲੇਮਾਨ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਆਪਣੇ ਦੁਖੀ ਲੋਕਾਂ ਦੀ ਮਦਦ ਜ਼ਰੂਰ ਕਰੇਗਾ

[ਸਫ਼ਾ 15 ਉੱਤੇ ਤਸਵੀਰ]

ਦਾਊਦ ਨੇ ਯਹੋਵਾਹ ਨੂੰ ਸਿਰਫ਼ ਪ੍ਰਾਰਥਨਾ ਹੀ ਨਹੀਂ ਕੀਤੀ ਸੀ, ਸਗੋਂ ਉਸ ਮੁਤਾਬਕ ਕਦਮ ਵੀ ਚੁੱਕੇ ਸਨ