Skip to content

Skip to table of contents

ਵਿਆਹ ਦਾ ਬੰਧਨ ਟੁੱਟਣ ਨਾ ਦਿਓ

ਵਿਆਹ ਦਾ ਬੰਧਨ ਟੁੱਟਣ ਨਾ ਦਿਓ

ਵਿਆਹ ਦਾ ਬੰਧਨ ਟੁੱਟਣ ਨਾ ਦਿਓ

“ਬੁੱਧ ਨਾਲ ਘਰ ਬਣਾਈਦਾ ਹੈ, ਅਤੇ ਸਮਝ ਨਾਲ ਉਹ ਅਸਥਿਰ ਰਹਿੰਦਾ ਹੈ।”—ਕਹਾ. 24:3.

1. ਪਹਿਲੇ ਆਦਮੀ ਬਾਰੇ ਯਹੋਵਾਹ ਕੀ ਜਾਣਦਾ ਸੀ?

ਇਕੱਲਾ ਸਾਡਾ ਸਿਰਜਣਹਾਰ ਯਹੋਵਾਹ ਹੀ ਜਾਣਦਾ ਹੈ ਕਿ ਸਾਡੇ ਲਈ ਕੀ ਚੰਗਾ ਤੇ ਕੀ ਮਾੜਾ ਹੈ। ਯਹੋਵਾਹ ਨੇ ਧਰਤੀ ਨੂੰ ਇਨਸਾਨਾਂ ਦੇ ਵੱਸਣ ਲਈ ਬਣਾਇਆ ਸੀ। ਜਦ ਉਸ ਨੇ ਪਹਿਲੇ ਆਦਮੀ ਨੂੰ ਬਣਾਇਆ, ਤਾਂ ਉਹ ਜਾਣਦਾ ਸੀ ਕਿ ਉਹ ਇਕੱਲਾ ਧਰਤੀ ਨੂੰ ਨਹੀਂ ਭਰ ਸਕਦਾ ਸੀ। ਇਸ ਲਈ ਉਸ ਨੇ ਇਕ ਤੀਵੀਂ ਨੂੰ ਬਣਾਇਆ ਤੇ ਉਨ੍ਹਾਂ ਦਾ ਵਿਆਹ ਕੀਤਾ।—ਉਤ. 1:28; 2:18.

2. ਸਾਰੀ ਮਨੁੱਖਜਾਤੀ ਦੇ ਭਲੇ ਲਈ ਯਹੋਵਾਹ ਨੇ ਕਿਸ ਰਿਸ਼ਤੇ ਦੀ ਨੀਂਹ ਧਰੀ ਸੀ?

2 ਯਹੋਵਾਹ ਨੇ ਕਿਹਾ: “ਮੈਂ [ਆਦਮੀ] ਦੇ ਲਈ ਉਹ ਦੇ ਵਾਂਙੁ ਇੱਕ ਸਹਾਇਕਣ ਬਣਾਵਾਂਗਾ।” ਪਰਮੇਸ਼ੁਰ ਨੇ ਆਦਮੀ ਨੂੰ ਗੂੜ੍ਹੀ ਨੀਂਦ ਸੁਲਾ ਦਿੱਤਾ। ਉਸ ਨੇ ਫਿਰ ਉਸ ਦੀ ਪਸਲੀ ਤੋਂ ਔਰਤ ਨੂੰ ਸਾਜਿਆ। ਜਦ ਯਹੋਵਾਹ ਨੇ ਹੱਵਾਹ ਨੂੰ ਆਦਮ ਸਾਮ੍ਹਣੇ ਲਿਆਂਦਾ, ਤਾਂ ਉਹ ਕਹਿ ਉੱਠਿਆ: “ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ ਅਰ ਮੇਰੇ ਮਾਸ ਵਿੱਚੋਂ ਮਾਸ ਹੈ ਸੋ ਇਹ ਇਸ ਕਾਰਨ ਨਾਰੀ ਅਖਵਾਏਗੀ ਜੋ ਇਹ ਨਰ ਵਿੱਚੋਂ ਕੱਢੀ ਗਈ ਹੈ।” ਆਦਮ ਹੱਵਾਹ ਤੋਂ ਬਿਨਾਂ ਅਧੂਰਾ ਸੀ। ਭਾਵੇਂ ਉਨ੍ਹਾਂ ਦੋਵਾਂ ਦੀਆਂ ਵੱਖ-ਵੱਖ ਖੂਬੀਆਂ ਸਨ, ਫਿਰ ਵੀ ਉਹ ਯਹੋਵਾਹ ਦੇ ਸਰੂਪ ਤੇ ਸਾਜੇ ਗਏ ਸਨ ਤੇ ਹਰ ਗੱਲ ਵਿਚ ਮੁਕੰਮਲ ਸਨ। ਇਨ੍ਹਾਂ ਦੋਵਾਂ ਨੂੰ ਮਿਲਾ ਕੇ ਯਹੋਵਾਹ ਨੇ ਪਹਿਲੇ ਵਿਆਹ ਦੀ ਨੀਂਹ ਧਰੀ। ਆਦਮ ਤੇ ਹੱਵਾਹ ਵੀ ਇਸ ਰਿਸ਼ਤੇ ਤੋਂ ਖ਼ੁਸ਼ ਸਨ ਕਿਉਂਕਿ ਉਨ੍ਹਾਂ ਨੂੰ ਇਕ-ਦੂਜੇ ਦਾ ਸਾਥ ਦੇਣ ਵਾਲਾ ਹਮਸਫ਼ਰ ਮਿਲ ਗਿਆ ਸੀ।—ਉਤ. 1:27; 2:21-23.

3. ਅੱਜ ਲੋਕ ਵਿਆਹ ਦੇ ਪਵਿੱਤਰ ਰਿਸ਼ਤੇ ਨੂੰ ਕਿਵੇਂ ਵਿਚਾਰਦੇ ਹਨ ਅਤੇ ਅਸੀਂ ਕਿਨ੍ਹਾਂ ਸਵਾਲ ਉੱਤੇ ਗੌਰ ਕਰਾਂਗੇ?

3 ਯਹੋਵਾਹ ਨੇ ਵਿਆਹ ਦੇ ਪਵਿੱਤਰ ਰਿਸ਼ਤੇ ਦੀ ਸ਼ੁਰੂਆਤ ਇਸ ਲਈ ਕੀਤੀ ਸੀ ਤਾਂਕਿ ਲੋਕ ਖ਼ੁਸ਼ੀਆਂ ਮਾਣ ਸਕਣ। ਪਰ ਦੁੱਖ ਦੀ ਗੱਲ ਹੈ ਕਿ ਅੱਜ ਜ਼ਿਆਦਾਤਰ ਲੋਕ ਇਸ ਰਿਸ਼ਤੇ ਦੀ ਕਦਰ ਨਹੀਂ ਕਰਦੇ। ਉਨ੍ਹਾਂ ਦੇ ਭਾਣੇ ਵਿਆਹ-ਸ਼ਾਦੀ ਪੁਰਾਣੇ ਜ਼ਮਾਨੇ ਦੀ ਗੱਲ ਹੈ ਜਿਸ ਤੋਂ ਸਿਰ ਦਰਦ ਤੋਂ ਸਿਵਾਇ ਹੋਰ ਕੁਝ ਨਹੀਂ ਮਿਲਦਾ। ਜਿਹੜੇ ਵਿਆਹ ਕਰਵਾਉਂਦੇ ਵੀ ਹਨ ਉਹ ਮਾਮੂਲੀ ਗੱਲਾਂ ਕਰਕੇ ਝੱਟ ਤਲਾਕ ਲੈ ਲੈਂਦੇ ਹਨ। ਕਈ ਵਾਰ ਨਿਆਣੇ ਪਿਆਰ ਲਈ ਤਰਸਦੇ ਰਹਿੰਦੇ ਹਨ, ਪਰ ਮਾਪੇ ਉਨ੍ਹਾਂ ਦੇ ਜਜ਼ਬਾਤਾਂ ਨੂੰ ਭੁੱਲ ਕੇ ਆਪਣੇ ਹੀ ਫ਼ਾਇਦੇ ਬਾਰੇ ਸੋਚਦੇ ਹਨ। ਇੰਨਾ ਹੀ ਨਹੀਂ ਕਈ ਮਾਪੇ ਤਾਂ ਪਰਿਵਾਰ ਦੀ ਸੁਖ-ਸ਼ਾਂਤੀ ਲਈ ਵੀ ਆਪਣੀ ਜ਼ਿੱਦ ਨਹੀਂ ਛੱਡਦੇ। (2 ਤਿਮੋ. 3:3) ਇਹ ਵਾਕਈ ਔਖੇ ਸਮੇਂ ਹਨ। ਤਾਂ ਫਿਰ ਇਨ੍ਹਾਂ ਔਖਿਆਂ ਸਮਿਆਂ ਦੌਰਾਨ ਵਿਆਹ ਦੇ ਬੰਧਨ ਵਿਚ ਖ਼ੁਸ਼ੀ ਨੂੰ ਕਿਵੇਂ ਬਰਕਰਾਰ ਰੱਖਿਆ ਜਾ ਸਕਦਾ ਹੈ? ਅਸੀਂ ਕਿਨ੍ਹਾਂ ਤਰੀਕਿਆਂ ਨਾਲ ਆਪਣੇ ਵਿਆਹ ਨੂੰ ਟੁੱਟਣ ਤੋਂ ਬਚਾ ਸਕਦੇ ਹਾਂ? ਅਸੀਂ ਉਨ੍ਹਾਂ ਦੀਆਂ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਾਂ ਜੋ ਅੱਜ ਆਪਣੇ ਵਿਆਹੁਤਾ ਜੀਵਨ ਵਿਚ ਖ਼ੁਸ਼ੀਆਂ ਮਾਣ ਰਹੇ ਹਨ?

ਯਹੋਵਾਹ ਦੀ ਸੇਧ ਵਿਚ ਚੱਲੋ

4. (ੳ) ਪੌਲੁਸ ਰਸੂਲ ਨੇ ਵਿਆਹ ਕਰਵਾਉਣ ਬਾਰੇ ਕੀ ਕਿਹਾ ਸੀ? (ਅ) ਅੱਜ ਵਫ਼ਾਦਾਰ ਮਸੀਹੀ ਪੌਲੁਸ ਦੀ ਸਲਾਹ ਤੇ ਕਿਵੇਂ ਚੱਲਦੇ ਹਨ?

4 ਪੌਲੁਸ ਰਸੂਲ ਨੇ ਵਿਧਵਾਵਾਂ ਨੂੰ ਕਿਹਾ ਸੀ ਕਿ ਜੇ ਉਹ ਦੁਬਾਰਾ ਵਿਆਹ ਕਰਵਾਉਣਾ ਚਾਹੁੰਦੀਆਂ ਸਨ, ਤਾਂ ਉਨ੍ਹਾਂ ਨੂੰ “ਕੇਵਲ ਪ੍ਰਭੁ ਵਿੱਚ” ਵਿਆਹ ਕਰਵਾਉਣਾ ਚਾਹੀਦਾ ਸੀ। (1 ਕੁਰਿੰ. 7:39) ਯਿਸੂ ਦੇ ਜਿਹੜੇ ਚੇਲੇ ਪਹਿਲਾਂ ਯਹੂਦੀ ਸਨ ਉਨ੍ਹਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਸੀ। ਯਹੂਦੀਆਂ ਨੂੰ ਪਰਮੇਸ਼ੁਰ ਵੱਲੋਂ ਮਿਲੇ ਹੁਕਮਾਂ ਵਿਚ ਸਾਫ਼ ਦੱਸਿਆ ਗਿਆ ਸੀ ਕਿ ਉਹ ਪਰਾਈਆਂ ਕੌਮਾਂ ਨਾਲ ‘ਨਾ ਵਿਆਹ ਕਰਾਉਣ।’ ਯਹੋਵਾਹ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਸੀ ਕਿ ਇਸ ਹੁਕਮ ਤੇ ਨਾ ਚੱਲਣ ਦੇ ਕੀ ਨਤੀਜੇ ਨਿਕਲਣਗੇ। ਉਸ ਨੇ ਕਿਹਾ: “ਨਾ ਓਹਨਾਂ ਨਾਲ ਵਿਆਹ ਕਰੋ, ਨਾ ਕੋਈ ਉਸ ਦੇ ਪੁੱਤ੍ਰ ਨੂੰ ਆਪਣੀ ਧੀ ਦੇਵੇ, ਨਾ ਕੋਈ ਆਪਣੇ ਪੁੱਤ੍ਰ ਲਈ ਉਸ ਦੀ ਧੀ ਲਵੇ ਕਿਉਂ ਜੋ ਓਹ ਤੁਹਾਡੇ ਪੁੱਤ੍ਰਾਂ ਨੂੰ ਮੇਰੇ ਪਿੱਛੇ ਚੱਲਣ ਤੋਂ ਹਟਾ ਦੇਣਗੀਆਂ ਤਾਂ ਜੋ ਓਹ ਹੋਰਨਾਂ ਦੇਵਤਿਆਂ ਦੀ ਪੂਜਾ ਕਰਨ ਅਤੇ ਯਹੋਵਾਹ ਦਾ ਕ੍ਰੋਧ ਤੁਹਾਡੇ ਉੱਤੇ ਭੜਕੇ ਅਤੇ ਉਹ ਤੁਹਾਨੂੰ ਝੱਟ ਪੱਟ ਨਾਸ ਕਰ ਦੇਵੇ।” (ਬਿਵ. 7:3, 4) ਕੀ ਅੱਜ ਵੀ ਯਹੋਵਾਹ ਆਪਣੇ ਸੇਵਕਾਂ ਤੋਂ ਇਹੋ ਉਮੀਦ ਰੱਖਦਾ ਹੈ? ਜੀ ਹਾਂ, ਅੱਜ ਵੀ ਯਹੋਵਾਹ ਦੇ ਵਫ਼ਾਦਾਰ ਸੇਵਕ “ਕੇਵਲ ਪ੍ਰਭੁ ਵਿੱਚ” ਹੀ ਵਿਆਹ-ਸ਼ਾਦੀ ਕਰਾਉਂਦੇ ਹਨ। ਯਹੋਵਾਹ ਦੀ ਸੇਧ ਵਿਚ ਚੱਲਣ ਨਾਲ ਸਾਡਾ ਹੀ ਭਲਾ ਹੁੰਦਾ ਹੈ।

5. ਯਹੋਵਾਹ ਵਾਂਗ ਸਾਨੂੰ ਵਿਆਹ ਦੇ ਰਿਸ਼ਤੇ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?

5 ਯਹੋਵਾਹ ਦੀ ਨਜ਼ਰ ਵਿਚ ਵਿਆਹ ਦਾ ਪਵਿੱਤਰ ਰਿਸ਼ਤਾ ਜੀਵਨ ਭਰ ਦਾ ਸਾਥ ਹੈ। ਵਿਆਹ ਦੇ ਬੰਧਨ ਬਾਰੇ ਖ਼ੁਦ ਪਰਮੇਸ਼ੁਰ ਦੇ ਪੁੱਤਰ ਯਿਸੂ ਨੇ ਕਿਹਾ ਸੀ: “ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।” (ਮੱਤੀ 19:6) ਉਸ ਨੇ ਇਹ ਵੀ ਕਿਹਾ: “ਭਈ ਤੂੰ ਝੂਠੀ ਸੌਂਹ ਨਾ ਖਾਹ ਪਰ ਪ੍ਰਭੁ ਦੇ ਲਈ ਆਪਣੀਆਂ ਸੌਂਹਾਂ ਪੂਰੀਆਂ ਕਰ।” (ਮੱਤੀ 5:33) ਵਿਆਹ ਮੁੰਡੇ-ਕੁੜੀ ਦੀ ਜ਼ਿੰਦਗੀ ਵਿਚ ਖ਼ੁਸ਼ੀਆਂ ਜ਼ਰੂਰ ਲਾਉਂਦਾ ਹੈ, ਪਰ ਜੀਵਨ ਭਰ ਸਾਥ ਨਿਭਾਉਣ ਦੀਆਂ ਕਸਮਾਂ ਖਾਣ ਨਾਲ ਉਨ੍ਹਾਂ ਤੇ ਜ਼ਿੰਮੇਵਾਰੀਆਂ ਵੀ ਆਉਂਦੀਆਂ ਹਨ।—ਬਿਵ. 23:21.

6. ਯਿਫ਼ਤਾਹ ਦੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ?

6 ਹੁਣ ਜ਼ਰਾ ਯਿਫ਼ਤਾਹ ਦੀ ਮਿਸਾਲ ਤੇ ਗੌਰ ਕਰੋ ਜੋ ਅੱਜ ਤੋਂ ਕੁਝ 3,000 ਸਾਲ ਪਹਿਲਾਂ ਇਸਰਾਏਲ ਵਿਚ ਇਕ ਨਿਆਈ ਸੀ। ਉਸ ਨੇ ਯਹੋਵਾਹ ਅੱਗੇ ਇਹ ਸੁੱਖਣਾ ਸੁੱਖੀ ਸੀ: “ਜੇ ਤੂੰ ਸੱਚ ਮੁੱਚ ਅੰਮੋਨੀਆਂ ਨੂੰ ਮੇਰੇ ਹੱਥ ਸੌਂਪ ਦੇਵੇਂ, ਤਾਂ ਅਜੇਹਾ ਹੋਵੇਗਾ ਕਿ ਜਿਸ ਵੇਲੇ ਮੈਂ ਅੰਮੋਨੀਆਂ ਵੱਲੋਂ ਸੁਖ ਸਾਂਦ ਨਾਲ ਮੁੜਾਂਗਾ ਤਾਂ ਜੋ ਕੋਈ ਮੇਰੇ ਘਰ ਦੇ ਬੂਹੇ ਤੋਂ ਮੇਰੇ ਮਿਲਣ ਨੂੰ ਪਹਿਲੋਂ ਨਿੱਕਲੇਗਾ ਸੋ ਉਹ ਯਹੋਵਾਹ ਦਾ ਹੋਵੇਗਾ ਅਤੇ ਮੈਂ ਉਹ ਨੂੰ ਹੋਮ ਦੀ ਬਲੀ ਚੜ੍ਹਾਵਾਂਗਾ।” ਯਿਫ਼ਤਾਹ ਜਦ ਲੜਾਈ ਜਿੱਤ ਕੇ ਵਾਪਸ ਆਪਣੇ ਘਰ ਪਹੁੰਚਿਆ ਤਾਂ ਸਭ ਤੋਂ ਪਹਿਲਾਂ ਉਸ ਦੀ ਇਕਲੌਤੀ ਧੀ ਨੇ ਉਸ ਦਾ ਸੁਆਗਤ ਕੀਤਾ। ਕੀ ਆਪਣੀ ਲਾਡਲੀ ਧੀ ਨੂੰ ਦੇਖ ਕੇ ਯਿਫ਼ਤਾਹ ਆਪਣੇ ਵਾਅਦੇ ਤੋਂ ਮੁੱਕਰ ਗਿਆ ਸੀ? ਨਹੀਂ, ਉਸ ਨੇ ਕਿਹਾ: “ਮੈਂ ਯਹੋਵਾਹ ਨੂੰ ਬਚਨ ਦਿੱਤਾ ਹੈ ਅਤੇ ਟਾਲ ਨਹੀਂ ਸੱਕਦਾ।” (ਨਿਆ. 11:30, 31, 35) ਭਾਵੇਂ ਇਸ ਬਚਨ ਨੂੰ ਪੂਰਾ ਕਰਨ ਦਾ ਮਤਲਬ ਸੀ ਕਿ ਅੱਗੇ ਉਸ ਦਾ ਕੋਈ ਵਾਰਸ ਨਹੀਂ ਹੋਵੇਗਾ, ਫਿਰ ਵੀ ਯਿਫ਼ਤਾਹ ਆਪਣੇ ਬਚਨ ਦਾ ਪੱਕਾ ਰਿਹਾ। ਯਿਫ਼ਤਾਹ ਦੇ ਬਚਨ ਅਤੇ ਵਿਆਹ ਦੀ ਕਸਮ ਵਿਚ ਫ਼ਰਕ ਤਾਂ ਹੈ, ਪਰ ਅਸੀਂ ਇਸ ਤੋਂ ਇਕ ਸਬਕ ਸਿੱਖ ਸਕਦੇ ਹਾਂ। ਯਿਫ਼ਤਾਹ ਨੇ ਹਰ ਹਾਲ ਵਿਚ ਯਹੋਵਾਹ ਨੂੰ ਦਿੱਤਾ ਬਚਨ ਨਿਭਾਇਆ ਸੀ। ਇੱਦਾਂ ਹੀ ਪਤੀ-ਪਤਨੀ ਨੂੰ ਜ਼ਿੰਦਗੀ ਭਰ ਇਕ-ਦੂਜੇ ਦਾ ਸਾਥ ਨਿਭਾਉਣ ਦੀਆਂ ਕਸਮਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।

ਪਤੀ-ਪਤਨੀ ਖ਼ੁਸ਼ ਕਿਵੇਂ ਰਹਿ ਸਕਦੇ ਹਨ?

7. ਨਵੇਂ ਵਿਆਹੇ ਜੋੜੇ ਨੂੰ ਆਪਣੀ ਸੋਚ ਵਿਚ ਫੇਰ-ਬਦਲ ਕਰਨ ਦੀ ਕਿਉਂ ਲੋੜ ਪੈਂਦੀ ਹੈ?

7 ਕਈ ਜੋੜੇ ਉਨ੍ਹਾਂ ਮਿੱਠੀਆਂ ਯਾਦਾਂ ਨੂੰ ਚੇਤੇ ਕਰ ਕੇ ਖ਼ੁਸ਼ ਹੁੰਦੇ ਹਨ ਜਦ ਉਹ ਪਹਿਲਾਂ-ਪਹਿਲ ਮਿਲੇ ਸਨ। ਜਦ ਉਹ ਇਕ-ਦੂਜੇ ਨੂੰ ਜਾਣਨ ਲੱਗੇ, ਤਾਂ ਉਨ੍ਹਾਂ ਦੇ ਦਿਲਾਂ ਵਿਚ ਕਿੰਨੀਆਂ ਉਮੰਗਾਂ ਉੱਠੀਆਂ ਹੋਣੀਆਂ। ਉਹ ਜਿੰਨਾ ਜ਼ਿਆਦਾ ਵਕਤ ਇਕ-ਦੂਜੇ ਨਾਲ ਗੁਜ਼ਾਰਦੇ ਸਨ, ਉੱਨਾ ਹੀ ਜ਼ਿਆਦਾ ਉਨ੍ਹਾਂ ਨੂੰ ਯਕੀਨ ਹੁੰਦਾ ਗਿਆ ਕਿ ਉਹ ਸਾਰੀ ਜ਼ਿੰਦਗੀ ਇਕੱਠੇ ਰਹਿਣਾ ਚਾਹੁੰਦੇ ਸਨ। ਭਾਵੇਂ ਮੁੰਡਾ-ਕੁੜੀ ਆਪਣਾ ਵਿਆਹ ਆਪ ਤੈਅ ਕਰਨ ਜਾਂ ਉਨ੍ਹਾਂ ਦਾ ਰਿਸ਼ਤਾ ਕੀਤਾ ਜਾਵੇ, ਫਿਰ ਵੀ ਪਤੀ-ਪਤਨੀ ਬਣਨ ਤੇ ਉਨ੍ਹਾਂ ਨੂੰ ਜ਼ਿੰਦਗੀ ਵਿਚ ਕਈ ਫੇਰ-ਬਦਲ ਕਰਨੇ ਪੈਂਦੇ ਹਨ। ਇਕ ਭਰਾ ਨੇ ਕਿਹਾ: “ਵਿਆਹ ਤੋਂ ਪਹਿਲਾਂ ਅਸੀਂ ਸਿਫ਼ਰ ਆਪਣੇ ਬਾਰੇ ਹੀ ਸੋਚਿਆ ਕਰਦੇ ਸੀ, ਪਰ ਹੁਣ ਸਾਨੂੰ ਇਕ-ਦੂਜੇ ਬਾਰੇ ਵੀ ਸੋਚਣ ਦੀ ਲੋੜ ਹੈ। ਇੱਦਾਂ ਕਰਨ ਵਿਚ ਸਾਨੂੰ ਪਹਿਲਾਂ-ਪਹਿਲ ਕਾਫ਼ੀ ਮੁਸ਼ਕਲ ਆਈ ਕਿਉਂਕਿ ਸਾਨੂੰ ਪਤਾ ਨਹੀਂ ਸੀ ਲੱਗਦਾ ਕਿ ਕਿਹਨੂੰ ਪਹਿਲ ਦੇਈਏ ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ ਜਾਂ ਇਕ-ਦੂਜੇ ਨੂੰ।” ਇਕ ਹੋਰ ਭਰਾ, ਜਿਸ ਦੇ ਵਿਆਹ ਨੂੰ 30 ਸਾਲ ਹੋ ਚੁੱਕੇ ਹਨ, ਦੱਸਦਾ ਹੈ ਕਿ ਉਸ ਨੇ ਵਿਆਹ ਦੇ ਸ਼ੁਰੂ ਵਿਚ ਹੀ ਸਿੱਖ ਲਿਆ ਸੀ ਕਿ ਖ਼ੁਦ ਫ਼ੈਸਲੇ ਕਰਨ ਦੀ ਬਜਾਇ ਉਸ ਨੂੰ ਆਪਣੀ ਪਤਨੀ ਦੀ ਰਾਇ ਲੈਣ ਦੀ ਲੋੜ ਹੈ। ਇਸ ਲਈ ਉਹ ਕੋਈ ਵੀ ਕੰਮ ਜਾਂ ਫ਼ੈਸਲਾ ਕਰਨ ਤੋਂ ਪਹਿਲਾਂ ਆਪਣੀ ਪਤਨੀ ਨਾਲ ਸਲਾਹ ਕਰਦਾ ਹੈ। ਇਸ ਤਰ੍ਹਾਂ ਕਰਨ ਲਈ ਨਿਮਰਤਾ ਦਾ ਗੁਣ ਪਤੀ-ਪਤਨੀ ਦੀ ਮਦਦ ਕਰ ਸਕਦਾ ਹੈ।—ਕਹਾ. 13:10.

8, 9. (ੳ) ਪਤੀ-ਪਤਨੀ ਨੂੰ ਖੁੱਲ੍ਹ ਕੇ ਗੱਲਬਾਤ ਕਿਉਂ ਕਰਨੀ ਚਾਹੀਦੀ ਹੈ? (ਅ) ਪਤੀ-ਪਤਨੀ ਨੂੰ ਹੋਰ ਕਿਨ੍ਹਾਂ ਗੱਲਾਂ ਵਿਚ ਇਕ-ਦੂਜੇ ਬਾਰੇ ਸੋਚਣ ਦੀ ਲੋੜ ਹੈ ਤੇ ਕਿਉਂ?

8 ਕਈ ਵਾਰ ਪਤੀ-ਪਤਨੀ ਵੱਖੋ-ਵੱਖਰੇ ਸਭਿਆਚਾਰ ਤੋਂ ਹੁੰਦੇ ਹਨ। ਜੇ ਇਸ ਤਰ੍ਹਾਂ ਹੋਵੇ ਤਾਂ ਪਤੀ-ਪਤਨੀ ਨੂੰ ਇਕ-ਦੂਜੇ ਨਾਲ ਹੋਰ ਵੀ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਹੈ। ਹਰ ਕਿਸੇ ਦਾ ਗੱਲ ਕਰਨ ਦਾ ਅੰਦਾਜ਼ ਵੱਖੋ-ਵੱਖਰਾ ਹੁੰਦਾ ਹੈ। ਧਿਆਨ ਨਾਲ ਦੇਖੋ ਕਿ ਤੁਹਾਡਾ ਸਾਥੀ ਆਪਣੇ ਰਿਸ਼ਤੇਦਾਰਾਂ ਨਾਲ ਕਿਵੇਂ ਗੱਲਬਾਤ ਕਰਦਾ ਹੈ। ਉਸ ਦੀਆਂ ਗੱਲਾਂ ਤੋਂ ਨਹੀਂ ਪਰ ਉਸ ਦੇ ਗੱਲ ਕਰਨ ਦੇ ਤਰੀਕੇ ਤੋਂ ਤੁਸੀਂ ਉਸ ਦੇ ਦਿਲ ਦੀ ਗੱਲ ਜਾਣ ਸਕਦੇ ਹੋ। ਉਸ ਦੇ ਕੁਝ ਨਾ ਕਹਿਣ ਤੋਂ ਵੀ ਤੁਸੀਂ ਉਸ ਬਾਰੇ ਬਹੁਤ ਕੁਝ ਸਿੱਖ ਸਕਦੇ ਹੋ। (ਕਹਾ. 16:24; ਕੁਲੁ. 4:6) ਆਪਣੇ ਸਾਥੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਨਾਲ ਤੁਸੀਂ ਆਪਣਾ ਜੀਵਨ ਖ਼ੁਸ਼ੀਆਂ ਨਾਲ ਭਰ ਸਕਦੇ ਹੋ।—ਕਹਾਉਤਾਂ 24:3 ਪੜ੍ਹੋ।

9 ਜਦ ਗੱਲ ਸ਼ੌਕ ਜਾਂ ਮਨੋਰੰਜਨ ਦੀ ਆਉਂਦੀ ਹੈ, ਉਦੋਂ ਵੀ ਤੁਹਾਨੂੰ ਆਪਣੇ ਸਾਥੀ ਬਾਰੇ ਸੋਚਣ ਦੀ ਲੋੜ ਹੈ। ਸ਼ਾਇਦ ਵਿਆਹ ਤੋਂ ਪਹਿਲਾਂ ਤੁਸੀਂ ਆਪਣਾ ਕਾਫ਼ੀ ਸਮਾਂ ਖੇਡਾਂ ਜਾਂ ਆਪਣੇ ਸ਼ੌਕ ਪੂਰੇ ਕਰਨ ਵਿਚ ਲਾਉਂਦੇ ਸੀ। ਪਰ ਹੁਣ ਤੁਹਾਨੂੰ ਸੋਚਣ ਦੀ ਲੋੜ ਹੈ ਕਿ ਤੁਸੀਂ ਇਨ੍ਹਾਂ ਵਿਚ ਕਿੰਨਾ ਸਮਾਂ ਗੁਜ਼ਾਰੋਗੇ। (1 ਤਿਮੋ. 4:8) ਇਹੀ ਗੱਲ ਇਸ ਤੇ ਵੀ ਲਾਗੂ ਹੁੰਦੀ ਹੈ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਨਾਲ ਕਿੰਨਾ ਸਮਾਂ ਗੁਜ਼ਾਰੋਗੇ। ਪਤੀ-ਪਤਨੀ ਨੂੰ ਇਕ-ਦੂਜੇ ਲਈ ਅਤੇ ਇਕੱਠੇ ਪਰਮੇਸ਼ੁਰ ਦੀ ਭਗਤੀ ਕਰਨ ਲਈ ਵੀ ਸਮਾਂ ਕੱਢਣ ਦੀ ਲੋੜ ਹੈ।—ਮੱਤੀ 6:33.

10. ਮਾਪਿਆਂ ਤੇ ਸ਼ਾਦੀ-ਸ਼ੁਦਾ ਨਿਆਣਿਆਂ ਨੂੰ ਸੱਤ-ਸੰਤੋਖ ਕਾਇਮ ਰੱਖਣ ਲਈ ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ?

10 ਕੁਝ ਦੇਸ਼ਾਂ ਵਿਚ ਵਿਆਹ ਤੋਂ ਬਾਅਦ ਮੁੰਡਾ-ਕੁੜੀ ਆਪਣੇ ਮਾਂ-ਬਾਪ ਨੂੰ ਛੱਡ ਕੇ ਇਕ-ਦੂਜੇ ਨਾਲ ਰਹਿੰਦੇ ਹਨ। (ਉਤਪਤ 2:24 ਪੜ੍ਹੋ।) ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਆਪਣੇ ਮਾਤਾ-ਪਿਤਾ ਦੀ ਮਦਦ ਜਾਂ ਉਨ੍ਹਾਂ ਦਾ ਸਤਿਕਾਰ ਕਰਨਾ ਛੱਡ ਦਿੰਦੇ ਹਨ। ਹੋ ਸਕਦਾ ਹੈ ਕਿ ਵਿਆਹ ਤੋਂ ਬਾਅਦ ਵੀ ਪਤੀ-ਪਤਨੀ ਆਪਣੇ ਮਾਤਾ-ਪਿਤਾ ਨਾਲ ਸਮਾਂ ਗੁਜ਼ਾਰਨ। ਇਕ ਭਰਾ, ਜਿਸ ਦੇ ਵਿਆਹ ਨੂੰ 25 ਸਾਲ ਹੋ ਚੁੱਕੇ ਹਨ, ਨੇ ਕਿਹਾ: “ਕਈ ਵਾਰ ਮੇਰੇ ਲਈ ਇਹ ਤੈਅ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਕਿਹਦੀ ਸੁਣੀ ਜਾਵੇ, ਪਤਨੀ ਦੀ, ਮਾਪਿਆਂ ਦੀ, ਭੈਣਾਂ-ਭਰਾਵਾਂ ਦੀ ਜਾਂ ਫਿਰ ਸੱਸ-ਸਹੁਰੇ ਦੀ। ਜਦ ਵੀ ਮੇਰੇ ਮੁਹਰੇ ਇੱਦਾਂ ਦੀ ਕੋਈ ਮੁਸ਼ਕਲ ਖੜ੍ਹੀ ਹੁੰਦੀ ਹੈ, ਤਾਂ ਮੈਂ ਹਮੇਸ਼ਾ ਉਤਪਤ 2:24 ਵਿਚ ਪਾਈ ਜਾਂਦੀ ਸਲਾਹ ਨੂੰ ਚੇਤੇ ਕਰਦਾ ਹਾਂ। ਹਰ ਰਿਸ਼ਤੇ ਦੀ ਆਪਣੀ-ਆਪਣੀ ਜਗ੍ਹਾ ਹੁੰਦੀ ਹੈ। ਪਰ ਇਸ ਆਇਤ ਦੇ ਮੁਤਾਬਕ ਮੇਰੀ ਜ਼ਿੰਦਗੀ ਵਿਚ ਪਹਿਲਾਂ ਮੇਰੀ ਪਤਨੀ ਨੂੰ ਆਉਣਾ ਚਾਹੀਦਾ ਹੈ।” ਵਿਆਹੁਤਾ ਜੋੜੇ ਦੇ ਮਾਤਾ-ਪਿਤਾ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਨਿਆਣੇ ਵਿਆਹੇ ਗਏ ਹਨ ਤੇ ਹੁਣ ਉਨ੍ਹਾਂ ਦਾ ਆਪਣਾ ਟੱਬਰ ਹੈ। ਇਸ ਨਵੇਂ ਟੱਬਰ ਵਿਚ ਪਤੀ ਦੇ ਸਿਰ ਤੇ ਪਰਿਵਾਰ ਦੀ ਦੇਖ-ਰੇਖ ਤੇ ਅਗਵਾਈ ਕਰਨ ਦੀ ਜ਼ਿੰਮੇਵਾਰੀ ਆਉਂਦੀ ਹੈ ਨਾ ਕਿ ਮਾਪਿਆਂ ਦੇ ਸਿਰ ਤੇ।

11, 12. ਪਤੀ-ਪਤਨੀ ਲਈ ਰਲ ਕੇ ਬਾਈਬਲ ਦੀ ਸਟੱਡੀ ਤੇ ਪ੍ਰਾਰਥਨਾ ਕਰਨੀ ਕਿਉਂ ਜ਼ਰੂਰੀ ਹੈ?

11 ਪਰਿਵਾਰ ਦੀ ਖ਼ੁਸ਼ੀ ਨੂੰ ਬਰਕਰਾਰ ਰੱਖਣ ਲਈ ਬਾਕਾਇਦਾ ਬਾਈਬਲ ਦੀ ਸਟੱਡੀ ਕਰਨੀ ਬਹੁਤ ਜ਼ਰੂਰੀ ਹੈ। ਜਿਨ੍ਹਾਂ ਪਰਿਵਾਰਾਂ ਨੇ ਇੱਦਾਂ ਕੀਤਾ ਹੈ ਉਹ ਆਪਣਿਆਂ ਤਜਰਬਿਆਂ ਤੋਂ ਦੱਸ ਸਕਦੇ ਹਨ ਕਿ ਬਾਈਬਲ ਦੀ ਸਟੱਡੀ ਪਰਿਵਾਰ ਨੂੰ ਵਾਕਈ ਇਕਮੁੱਠ ਕਰਦੀ ਹੈ। ਪਰ ਪਰਿਵਾਰ ਨਾਲ ਬਾਕਾਇਦਾ ਬਾਈਬਲ ਦੀ ਸਟੱਡੀ ਕਰਦੇ ਰਹਿਣ ਲਈ ਮਿਹਨਤ ਕਰਨੀ ਪੈਂਦੀ ਹੈ। ਇਕ ਭਰਾ ਨੇ ਕਿਹਾ: “ਕਾਸ਼ ਅਸੀਂ ਵਿਆਹ ਦੇ ਸ਼ੁਰੂ ਵਿਚ ਹੀ ਇਕੱਠੇ ਬਾਈਬਲ ਸਟੱਡੀ ਕਰਨ ਦੀ ਰੁਟੀਨ ਬਣਾਈ ਹੁੰਦੀ। ਕਿਉਂਕਿ ਜਦ ਹੁਣ ਅਸੀਂ ਇਕੱਠੇ ਬੈਠ ਕੇ ਸਟੱਡੀ ਕਰਦੇ ਹਾਂ ਅਤੇ ਬਾਈਬਲ ਦੀ ਕੋਈ ਗੱਲ ਸਾਡੇ ਦਿਲਾਂ ਨੂੰ ਛੂਹ ਜਾਂਦੀ ਹੈ, ਤਾਂ ਮੇਰੀ ਪਤਨੀ ਦੀਆਂ ਅੱਖਾਂ ਵਿਚ ਚਮਕ ਆ ਜਾਂਦੀ ਹੈ ਤੇ ਇਹ ਦੇਖ ਕੇ ਮੇਰਾ ਦਿਲ ਖਿੜ ਉੱਠਦਾ ਹੈ।”

12 ਇਕੱਠੇ ਪ੍ਰਾਰਥਨਾ ਕਰਨੀ ਵੀ ਜ਼ਰੂਰੀ ਹੈ। (ਰੋਮੀ. 12:12) ਜਦ ਪਤੀ-ਪਤਨੀ ਰਲ ਕੇ ਯਹੋਵਾਹ ਦੀ ਭਗਤੀ ਕਰਦੇ ਹਨ, ਤਾਂ ਉਨ੍ਹਾਂ ਦਾ ਯਹੋਵਾਹ ਨਾਲ ਅਤੇ ਇਕ-ਦੂਜੇ ਨਾਲ ਰਿਸ਼ਤਾ ਮਜ਼ਬੂਤ ਹੁੰਦਾ ਹੈ। (ਯਾਕੂ. 4:8) ਇਕ ਭਰਾ ਨੇ ਕਿਹਾ: “ਗ਼ਲਤੀ ਹੋਣ ਤੇ ਫਟਾਫਟ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਅਤੇ ਆਪਣੀ ਪਤਨੀ ਨਾਲ ਪ੍ਰਾਰਥਨਾ ਕਰਦੇ ਵਕਤ ਯਹੋਵਾਹ ਅੱਗੇ ਵੀ ਆਪਣੀ ਗ਼ਲਤੀ ਕਬੂਲ ਕਰਨੀ ਚਾਹੀਦੀ ਹੈ। ਇਸ ਤੋਂ ਜ਼ਾਹਰ ਹੋਵੇਗਾ ਕਿ ਤੁਸੀਂ ਮਾੜੀਆਂ-ਮੋਟੀਆਂ ਗ਼ਲਤੀਆਂ ਨੂੰ ਵੀ ਆਪਣੇ ਪਰਿਵਾਰ ਦੀ ਸ਼ਾਂਤੀ ਭੰਗ ਨਹੀਂ ਕਰਨ ਦੇਵੋਗੇ।”—ਅਫ਼. 6:18.

ਇਕ-ਦੂਜੇ ਦੀਆਂ ਲੋੜਾਂ ਪੂਰੀਆਂ ਕਰੋ

13. ਪਤੀ-ਪਤਨੀ ਦੇ ਰਿਸ਼ਤੇ ਦੇ ਮਾਮਲੇ ਵਿਚ ਪੌਲੁਸ ਨੇ ਕੀ ਸਲਾਹ ਦਿੱਤੀ ਸੀ?

13 ਅੱਜ-ਕੱਲ੍ਹ ਦੁਨੀਆਂ ਭਰ ਵਿਚ ਲੋਕਾਂ ਦੇ ਸਿਰਾਂ ਤੇ ਸੈਕਸ ਦਾ ਭੂਤ ਸਵਾਰ ਹੈ। ਪਤੀ-ਪਤਨੀ ਨੂੰ ਅਜਿਹੇ ਗੰਦੇ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਉਨ੍ਹਾਂ ਦੇ ਪਵਿੱਤਰ ਰਿਸ਼ਤੇ ਨੂੰ ਮਲੀਨ ਕਰਦੇ ਹਨ। ਸੈਕਸ ਦੇ ਵਿਸ਼ੇ ਤੇ ਗੱਲ ਕਰਦੇ ਹੋਏ ਪੌਲੁਸ ਨੇ ਕਿਹਾ ਸੀ: “ਪਤੀ ਪਤਨੀ ਦਾ ਹੱਕ ਪੂਰਾ ਕਰੇ ਅਤੇ ਇਸੇ ਤਰਾਂ ਪਤਨੀ ਪਤੀ ਦਾ। ਪਤਨੀ ਨੂੰ ਆਪਣੀ ਦੇਹੀ ਉੱਤੇ ਵੱਸ ਨਹੀਂ ਸਗੋਂ ਪਤੀ ਨੂੰ ਹੈ, ਅਤੇ ਇਸ ਤਰਾਂ ਪਤੀ ਨੂੰ ਭੀ ਆਪਣੀ ਦੇਹੀ ਉੱਤੇ ਵੱਸ ਨਹੀਂ ਸਗੋਂ ਪਤਨੀ ਨੂੰ ਹੈ।” ਉਸ ਨੇ ਅੱਗੇ ਕਿਹਾ: “ਤੁਸੀਂ ਇੱਕ ਦੂਏ ਤੋਂ ਅੱਡ ਨਾ ਹੋਵੋ ਪਰ ਥੋੜੇ ਚਿਰ ਲਈ ਅਰ ਇਹ ਵੀ ਤਦ ਜੇ ਦੋਹਾਂ ਧਿਰਾਂ ਦੀ ਸਲਾਹ ਹੋਵੇ।” ਭਲਾ ਉਸ ਨੇ ਇਹ ਸਲਾਹ ਕਿਉਂ ਦਿੱਤੀ ਸੀ? ਇਸ ਲਈ “ਤਾਂ ਜੋ ਤੁਹਾਨੂੰ ਪ੍ਰਾਰਥਨਾ ਕਰਨ ਲਈ ਵਿਹਲ ਮਿਲੇ ਅਤੇ ਫੇਰ ਇਕੱਠੇ ਹੋਵੋ ਭਈ ਸ਼ਤਾਨ ਤੁਹਾਡੇ ਅਸੰਜਮ ਦੇ ਕਾਰਨ ਤੁਹਾਨੂੰ ਨਾ ਪਰਤਾਵੇ।” (1 ਕੁਰਿੰ. 7:3-5) ਪੌਲੁਸ ਦੇ ਇਨ੍ਹਾਂ ਸ਼ਬਦਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਸਾਨੂੰ ਜ਼ਿੰਦਗੀ ਵਿਚ ਰੱਬ ਦੀਆਂ ਗੱਲਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਪਤੀ-ਪਤਨੀ ਨੂੰ ਇਕ-ਦੂਜੇ ਦੀਆਂ ਲੋੜਾਂ ਅਤੇ ਜਜ਼ਬਾਤਾਂ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੈ।

14. ਇਕ-ਦੂਜੇ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਣ ਬਾਰੇ ਬਾਈਬਲ ਵਿਚ ਪਤੀ-ਪਤਨੀ ਨੂੰ ਕੀ ਸਲਾਹ ਦਿੱਤੀ ਗਈ ਹੈ?

14 ਪਤੀ-ਪਤਨੀ ਨੂੰ ਆਪਣੀਆਂ ਲੋੜਾਂ ਬਾਰੇ ਇਕ-ਦੂਜੇ ਨਾਲ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਇਕ-ਦੂਜੇ ਦੀਆਂ ਲੋੜਾਂ ਤੇ ਜਜ਼ਬਾਤਾਂ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਉਨ੍ਹਾਂ ਦੇ ਰਿਸ਼ਤੇ ਵਿਚ ਦਰਾੜ ਪੈ ਜਾਵੇਗੀ। (ਫ਼ਿਲਿੱਪੀਆਂ 2:3, 4 ਪੜ੍ਹੋ; ਹੋਰ ਜਾਣਕਾਰੀ ਲਈ ਮੱਤੀ 7:12 ਦੇਖੋ।) ਇਹ ਮੁਸ਼ਕਲ ਖ਼ਾਸ ਕਰਕੇ ਉਨ੍ਹਾਂ ਜੋੜਿਆਂ ਨੂੰ ਆ ਸਕਦੀ ਹੈ ਜਿਨ੍ਹਾਂ ਦਾ ਸਾਥੀ ਸੱਚਾਈ ਵਿਚ ਨਹੀਂ ਹੁੰਦਾ। ਪਰ ਬਾਈਬਲ ਦੀ ਸਲਾਹ ਲਾਗੂ ਕਰ ਇਸ ਮੁਸ਼ਕਲ ਦਾ ਹੱਲ ਕੀਤਾ ਜਾ ਸਕਦਾ ਹੈ। (1 ਪਤਰਸ 3:1, 2 ਪੜ੍ਹੋ।) ਜੇ ਤੁਸੀਂ ਯਹੋਵਾਹ ਨੂੰ ਅਤੇ ਆਪਣੇ ਸਾਥੀ ਨੂੰ ਪਿਆਰ ਕਰਦੇ ਹੋ ਅਤੇ ਇਕ ਦੂਜੇ ਦੀ ਸੁਣਨ ਲਈ ਤਿਆਰ ਹੋ, ਤਾਂ ਤੁਸੀਂ ਵਿਆਹ ਵਿਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕਰ ਪਾਓਗੇ।

15. ਖ਼ੁਸ਼ੀ ਪਾਉਣ ਲਈ ਪਤੀ-ਪਤਨੀ ਨੂੰ ਕਿਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ?

15 ਹੋਰਾਂ ਮਾਮਲਿਆਂ ਵਿਚ ਵੀ ਪਤੀ ਨੂੰ ਆਪਣੀ ਪਤਨੀ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਉਸ ਨੂੰ ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ ਉਸ ਦੇ ਜਜ਼ਬਾਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਇਕ ਭਰਾ, ਜਿਸ ਦੇ ਵਿਆਹ ਨੂੰ 47 ਸਾਲ ਹੋ ਚੁੱਕੇ ਹਨ, ਨੇ ਕਿਹਾ: “ਪਿਆਰ ਨਾਲ ਪੇਸ਼ ਆਉਣ ਬਾਰੇ ਮੈਂ ਅਜੇ ਵੀ ਸਿੱਖ ਰਿਹਾ ਹਾਂ।” ਬਾਈਬਲ ਵਿਚ ਪਤਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਪਤੀ ਦੀ ਦਿਲੋਂ ਇੱਜ਼ਤ ਕਰਨ। (ਅਫ਼. 5:33) ਪਤਨੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਤੀਆਂ ਦੀਆਂ ਗ਼ਲਤੀਆਂ ਦਾ ਢੰਡੋਰਾ ਨਾ ਪਿੱਟਣ। ਕਹਾਉਤਾਂ 14:1 ਵਿਚ ਕਿਹਾ ਜਾਂਦਾ ਹੈ: “ਬੁੱਧਵਾਨ ਤੀਵੀਂ ਤਾਂ ਆਪਣਾ ਘਰ ਬਣਾਉਂਦੀ ਹੈ, ਪਰ ਮੂਰਖਣੀ ਆਪਣੀਂ ਹੀ ਹੱਥੀਂ ਉਹ ਨੂੰ ਢਾਹ ਦਿੰਦੀ ਹੈ।”

ਸ਼ਤਾਨ ਨੂੰ ਫੁੱਟ ਪਾਉਣ ਦਾ ਮੌਕਾ ਨਾ ਦਿਓ

16. ਪਤੀ-ਪਤਨੀ ਅਫ਼ਸੀਆਂ 4:26, 27 ਦੀ ਸਲਾਹ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਨ?

16 “ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ। ਅਤੇ ਨਾ ਸ਼ਤਾਨ ਨੂੰ ਥਾਂ ਦਿਓ!” (ਅਫ਼. 4:26, 27) ਇਸ ਸਲਾਹ ਤੇ ਚੱਲ ਕੇ ਅਸੀਂ ਵਿਆਹ ਦੇ ਬੰਧਨ ਨੂੰ ਮਜ਼ਬੂਤ ਰੱਖ ਸਕਦੇ ਹਾਂ। ਇਕ ਭੈਣ ਨੇ ਕਿਹਾ: “ਅਸੀਂ ਕਦੇ ਵੀ ਗੁੱਸੇ ਹੋ ਕੇ ਪਾਸਾ ਵੱਟ ਕੇ ਨਹੀਂ ਪੈ ਜਾਂਦੇ। ਅਸੀਂ ਗੱਲਬਾਤ ਕਰ ਕੇ ਮਸਲੇ ਨੂੰ ਹੱਲ ਕਰ ਕੇ ਹੀ ਸਾਹ ਲੈਂਦੇ ਹਾਂ ਭਾਵੇਂ ਇਸ ਨੂੰ ਕਈ ਘੰਟੇ ਕਿਉਂ ਨਾ ਲੱਗ ਜਾਣ।” ਜਦ ਇਸ ਜੋੜੇ ਦਾ ਨਵਾਂ-ਨਵਾਂ ਵਿਆਹ ਹੋਇਆ ਸੀ, ਤਾਂ ਉਨ੍ਹਾਂ ਨੇ ਉਦੋਂ ਹੀ ਤੈਅ ਕਰ ਲਿਆ ਸੀ ਕਿ ਉਹ ਸੁਲ੍ਹਾ ਕਰਨ ਤੋਂ ਬਿਨਾਂ ਕਦੇ ਨਹੀਂ ਸੌਣਗੇ। ਇਸ ਭੈਣ ਨੇ ਅੱਗੇ ਕਿਹਾ: “ਅਸੀਂ ਦੋਹਾਂ ਨੇ ਫ਼ੈਸਲਾ ਕੀਤਾ ਕਿ ਅਸੀਂ ਇਕ ਵਾਰ ਮਾਫ਼ ਕਰ ਕੇ, ਦੁਬਾਰਾ ਉਸੇ ਗੱਲ ਨੂੰ ਲੈ ਕੇ ਇਕ-ਦੂਜੇ ਨੂੰ ਤਾਅਨੇ-ਮਿਹਣੇ ਨਹੀਂ ਮਰਾਂਗੇ।” ਇੱਦਾਂ ਕਰਨ ਨਾਲ ਉਨ੍ਹਾਂ ਨੇ ਸ਼ਤਾਨ ਨੂੰ ਆਪਣੇ ਰਿਸ਼ਤੇ ਵਿਚ ਫੁੱਟ ਪਾਉਣ ਦਾ ਮੌਕਾ ਨਹੀਂ ਦਿੱਤਾ।

17. ਜਲਦਬਾਜ਼ੀ ਵਿਚ ਕੀਤੇ ਵਿਆਹ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕੀਤਾ ਜਾ ਸਕਦਾ ਹੈ?

17 ਉਦੋਂ ਕੀ ਜਦ ਤੁਸੀਂ ਜਲਦਬਾਜ਼ੀ ਵਿਚ ਕਿਸੇ ਨਾਲ ਵਿਆਹ ਕਰ ਲੈਂਦੇ ਹੋ? ਸ਼ਾਇਦ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਿੰਦਗੀ ਵਿਚ ਉਹ ਪਿਆਰ ਨਹੀਂ ਹੈ ਜੋ ਹੋਰਨਾਂ ਜੋੜਿਆਂ ਦੇ ਆਪਸ ਵਿਚ ਹੈ। ਜੇ ਤੁਹਾਡੇ ਬਾਰੇ ਇਹ ਗੱਲ ਸੱਚ ਹੈ, ਤਾਂ ਤੁਹਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਯਹੋਵਾਹ ਵਿਆਹ ਨੂੰ ਕਿਵੇਂ ਵਿਚਾਰਦਾ ਹੈ। ਪਰਮੇਸ਼ੁਰ ਨੇ ਪੌਲੁਸ ਨੂੰ ਇਹ ਸ਼ਬਦ ਲਿਖਣ ਲਈ ਪ੍ਰੇਰਿਆ ਸੀ: “ਵਿਆਹ ਕਰਨਾ ਸਭਨਾਂ ਵਿੱਚ ਆਦਰ ਜੋਗ ਗਿਣਿਆ ਜਾਵੇ ਅਤੇ ਵਿਛਾਉਣਾ ਬੇਦਾਗ਼ ਰਹੇ ਕਿਉਂ ਜੋ ਪਰਮੇਸ਼ੁਰ ਹਰਾਮਕਾਰਾਂ ਅਤੇ ਵਿਭਚਾਰੀਆਂ ਦਾ ਨਿਆਉਂ ਕਰੇਗਾ।” (ਇਬ. 13:4) ਸਾਨੂੰ ਇਹ ਵੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ “ਤਿੰਨ ਰੱਸੀਆਂ ਦਾ ਵੱਟਿਆ ਰੱਸਾ ਛੇਤੀ ਨਾਲ ਨਹੀਂ ਟੁੱਟ ਸਕਦਾ ਹੈ।” ( ਉਪ. 4:12, CL) ਜਦ ਦੋਵੇਂ ਪਤੀ-ਪਤਨੀ ਦਿਲੋਂ ਚਾਹੁੰਦੇ ਹਨ ਕਿ ਉਨ੍ਹਾਂ ਦੇ ਚਾਲ-ਚਲਣ ਕਾਰਨ ਯਹੋਵਾਹ ਦਾ ਨਾਂ ਬਦਨਾਮ ਨਾ ਹੋਵੇ, ਤਾਂ ਉਨ੍ਹਾਂ ਦਾ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਹੁੰਦਾ ਹੈ ਅਤੇ ਉਹ ਇਕ-ਦੂਜੇ ਦੇ ਕਰੀਬ ਵੀ ਹੁੰਦੇ ਹਨ। ਪਤੀ-ਪਤਨੀ ਨੂੰ ਚਾਹੀਦਾ ਹੈ ਕਿ ਉਹ ਹਮੇਸ਼ਾ ਆਪਣੇ ਵਿਆਹ ਦੇ ਬੰਧਨ ਨੂੰ ਮਜ਼ਬੂਤ ਕਰਦੇ ਰਹਿਣ। ਇੰਜ ਕਰਨ ਨਾਲ ਉਹ ਯਹੋਵਾਹ ਦੇ ਨਾਂ ਨੂੰ ਉੱਚਾ ਕਰਨਗੇ ਜਿਸ ਨੇ ਵਿਆਹ ਦੀ ਨੀਂਹ ਧਰੀ ਹੈ।—1 ਪਤ. 3:11.

18. ਸਾਨੂੰ ਵਿਆਹ ਬਾਰੇ ਕਿਸ ਗੱਲ ਦੀ ਗਾਰੰਟੀ ਮਿਲਦੀ ਹੈ?

18 ਜੀ ਹਾਂ, ਅੱਜ ਦੇ ਜ਼ਮਾਨੇ ਵਿਚ ਵੀ ਅਸੀਂ ਆਪਣੇ ਵਿਆਹੁਤਾ ਜੀਵਨ ਵਿਚ ਖ਼ੁਸ਼ੀਆਂ ਦੀ ਬਹਾਰ ਲਿਆ ਸਕਦੇ ਹਾਂ। ਪਰ ਇੱਦਾਂ ਕਰਨ ਲਈ ਸਾਨੂੰ ਮਿਹਨਤ ਕਰਨੀ ਪਵੇਗੀ। ਸਾਨੂੰ ਇਕ-ਦੂਜੇ ਦੀ ਸੁਣਨ ਤੇ ਇਕ-ਦੂਜੇ ਦੇ ਜਜ਼ਬਾਤਾਂ ਨੂੰ ਸਮਝਣ ਤੇ ਇਕ-ਦੂਜੇ ਦੀਆਂ ਲੋੜਾਂ ਪੂਰੀਆਂ ਕਰਨ ਦੀ ਜ਼ਰੂਰਤ ਹੈ। ਦੁਨੀਆਂ ਭਰ ਵਿਚ ਅੱਜ ਯਹੋਵਾਹ ਦੇ ਲੱਖਾਂ ਗਵਾਹ ਆਪਣੇ ਵਿਆਹੁਤਾ ਜੀਵਨ ਵਿਚ ਖ਼ੁਸ਼ੀਆਂ ਮਾਣ ਰਹੇ ਹਨ। ਉਨ੍ਹਾਂ ਦੀ ਮਿਸਾਲ ਇਸ ਗੱਲ ਦੀ ਗਾਰੰਟੀ ਹੈ ਕਿ ਹਰ ਕੋਈ ਆਪਣੀ ਝੋਲੀ ਖ਼ੁਸ਼ੀਆਂ ਨਾਲ ਭਰ ਸਕਦਾ ਹੈ।

ਤੁਸੀਂ ਕੀ ਜਵਾਬ ਦਿਓਗੇ?

• ਅਸੀਂ ਵਿਆਹੁਤਾ ਜੀਵਨ ਵਿਚ ਖ਼ੁਸ਼ੀ ਪਾਉਣ ਦੀ ਉਮੀਦ ਕਿਉਂ ਰੱਖ ਸਕਦੇ ਹਾਂ?

• ਵਿਆਹ ਦੇ ਬੰਧਨ ਨੂੰ ਕਿਵੇਂ ਮਜ਼ਬੂਤ ਕੀਤਾ ਜਾ ਸਕਦਾ ਹੈ?

• ਪਤੀ-ਪਤਨੀ ਨੂੰ ਕਿਨ੍ਹਾਂ ਖ਼ਾਸ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ?

[ਸਵਾਲ]

[ਸਫ਼ਾ 9 ਉੱਤੇ ਤਸਵੀਰ]

ਪਤੀ-ਪਤਨੀ ਸਲਾਹ ਨਾਲ ਹਰ ਫ਼ੈਸਲਾ ਕਰਦੇ ਹਨ

[ਸਫ਼ਾ 10 ਉੱਤੇ ਤਸਵੀਰ]

ਅਣਬਣ ਹੋਣ ਤੇ ਪਤੀ-ਪਤਨੀ ਨੂੰ ਸੁਲ੍ਹਾ ਕਰਨ ਦੀ ਲੋੜ ਹੈ ਤਾਂਕਿ ਸ਼ਤਾਨ ਨੂੰ ਉਨ੍ਹਾਂ ਦੇ ਰਿਸ਼ਤੇ ਵਿਚ ਫੁੱਟ ਪਾਉਣ ਦਾ ਮੌਕਾ ਨਾ ਮਿਲੇ