Skip to content

Skip to table of contents

ਜੀਓ ਤਾਂ ਇਸ ਤਰ੍ਹਾਂ ਜੀਓ ਕਿ ਜ਼ਿੰਦਗੀ ਬੇਕਾਰ ਨਾ ਗਿਣੀ ਜਾਵੇ

ਜੀਓ ਤਾਂ ਇਸ ਤਰ੍ਹਾਂ ਜੀਓ ਕਿ ਜ਼ਿੰਦਗੀ ਬੇਕਾਰ ਨਾ ਗਿਣੀ ਜਾਵੇ

ਜੀਓ ਤਾਂ ਇਸ ਤਰ੍ਹਾਂ ਜੀਓ ਕਿ ਜ਼ਿੰਦਗੀ ਬੇਕਾਰ ਨਾ ਗਿਣੀ ਜਾਵੇ

“ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ।”—ਉਪ. 12:13.

1, 2. ਉਪਦੇਸ਼ਕ ਦੀ ਪੋਥੀ ਦੀ ਸਟੱਡੀ ਕਰ ਕੇ ਸਾਨੂੰ ਕੀ ਲਾਭ ਹੋਵੇਗਾ?

ਅੱਜ ਤੋਂ ਕੁਝ ਤਿੰਨ ਹਜ਼ਾਰ ਸਾਲ ਪਹਿਲਾਂ ਇਕ ਅਜਿਹਾ ਆਦਮੀ ਰਹਿੰਦਾ ਸੀ ਜਿਸ ਦਾ ਨਾਂ ਦੁਨੀਆਂ ਦੇ ਕੋਣੇ-ਕੋਣੇ ਤਕ ਮਸ਼ਹੂਰ ਸੀ। ਉਹ ਅਜਿਹਾ ਨਿਪੁੰਨ ਬਾਦਸ਼ਾਹ ਸੀ ਜਿਸ ਦੀ ਧਨ-ਦੌਲਤ, ਸ਼ੁਹਰਤ ਅਤੇ ਬੁੱਧ ਦੀ ਕਿਸੇ ਹੋਰ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਸੀ। ਲੇਕਿਨ ਉਸ ਨੇ ਆਪਣੇ ਸਾਰੇ ਕੰਮਾਂ-ਕਾਰਾਂ ਵੱਲ ਦੇਖ ਕੇ ਮਾਨੋ ਕਿਹਾ, ‘ਇਹ ਸਭ ਬੇਕਾਰ ਹਨ।’

2 ਉਸ ਬਾਦਸ਼ਾਹ ਦਾ ਨਾਂ ਸੁਲੇਮਾਨ ਸੀ। ਬਾਈਬਲ ਦੀ ਉਪਦੇਸ਼ਕ ਦੀ ਪੋਥੀ ਵਿਚ ਅਸੀਂ ਪੜ੍ਹ ਸਕਦੇ ਹਾਂ ਕਿ ਉਸ ਨੇ ਕਿਸ-ਕਿਸ ਚੀਜ਼ ਦੀ ਭਾਲ ਕੀਤੀ ਅਤੇ ਖੋਜ ਕੱਢੀ। (ਉਪ. 1:13) ਸੁਲੇਮਾਨ ਦੇ ਤਜਰਬੇ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਦਰਅਸਲ ਉਪਦੇਸ਼ਕ ਦੀ ਪੋਥੀ ਵਿੱਚੋਂ ਸਾਨੂੰ ਅਜਿਹੀ ਬੁੱਧ ਮਿਲੇਗੀ ਜਿਸ ਦੀ ਮਦਦ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਬੇਕਾਰ ਹੋਣ ਤੋਂ ਬਚਾ ਸਕਾਂਗੇ।

ਸਭ ਕੁਝ “ਹਵਾ ਦਾ ਫੱਕਣਾ” ਹੈ

3. ਜ਼ਿੰਦਗੀ ਬਾਰੇ ਸਾਰਿਆਂ ਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

3 ਸੁਲੇਮਾਨ ਨੇ ਦੱਸਿਆ ਕਿ ਪਰਮੇਸ਼ੁਰ ਨੇ ਧਰਤੀ ’ਤੇ ਬੇਅੰਤ ਸੋਹਣੀਆਂ ਚੀਜ਼ਾਂ ਬਣਾਈਆਂ ਹਨ। ਇਨ੍ਹਾਂ ਦਿਲਚਸਪ ਤੇ ਸ਼ਾਨਦਾਰ ਚੀਜ਼ਾਂ ਦੀ ਖੋਜ ਕਰਦੇ ਅਤੇ ਮਜ਼ਾ ਲੈਂਦੇ ਹੋਏ ਅਸੀਂ ਕਦੇ ਅੱਕਾਂਗੇ ਨਹੀਂ। ਪਰ ਉਮਰ ਛੋਟੀ ਜਿਹੀ ਹੋਣ ਕਾਰਨ ਕੋਈ ਵੀ ਬਹੁਤੀ ਦੇਰ ਇਨ੍ਹਾਂ ਦੀ ਖੋਜ ਨਹੀਂ ਕਰ ਪਾਉਂਦਾ। (ਉਪ. 3:11; 8:17) ਬਾਈਬਲ ਕਹਿੰਦੀ ਹੈ, ਸਾਡੀ ਚਾਰ ਦਿਨਾਂ ਦੀ ਜ਼ਿੰਦਗੀ ਝੱਟ ਗੁਜ਼ਰ ਜਾਂਦੀ ਹੈ। (ਅੱਯੂ. 14:1, 2; ਉਪ. 6:12) ਇਹ ਗੱਲ ਯਾਦ ਰੱਖ ਕੇ ਸਾਨੂੰ ਅਕਲਮੰਦੀ ਨਾਲ ਆਪਣਾ ਸਮਾਂ ਵਰਤਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨਾ ਸੌਖਾ ਨਹੀਂ ਹੈ ਕਿਉਂਕਿ ਸ਼ਤਾਨ ਦੀ ਦੁਨੀਆਂ ਸਾਨੂੰ ਗ਼ਲਤ ਰਾਹ ਪੈਣ ਲਈ ਲੁਭਾ ਰਹੀ ਹੈ।

4. (ੳ) “ਵਿਅਰਥ” ਸ਼ਬਦ ਦਾ ਕੀ ਮਤਲਬ ਹੈ? (ਅ) ਇਸ ਲੇਖ ਵਿਚ ਅਸੀਂ ਕੀ-ਕੀ ਦੇਖਾਂਗੇ?

4 ਸਮਾਂ ਬਰਬਾਦ ਕਰਨ ਦਾ ਖ਼ਤਰਾ ਜ਼ਾਹਰ ਕਰਨ ਲਈ ਸੁਲੇਮਾਨ ਨੇ ਉਪਦੇਸ਼ਕ ਦੀ ਪੋਥੀ ਵਿਚ “ਵਿਅਰਥ” ਸ਼ਬਦ 30 ਤੋਂ ਜ਼ਿਆਦਾ ਵਾਰ ਵਰਤਿਆ ਸੀ। ਇੱਥੇ “ਵਿਅਰਥ” ਲਈ ਵਰਤੇ ਗਏ ਇਬਰਾਨੀ ਸ਼ਬਦ ਦਾ ਮਤਲਬ ਹੈ ਅਜਿਹੀ ਜ਼ਿੰਦਗੀ ਜੋ ਖਾਲੀ, ਬੇਕਾਰ, ਕੋਰੀ, ਫੋਕੀ ਅਤੇ ਨਿਕੰਮੀ ਹੁੰਦੀ ਹੈ। (ਉਪ. 1:2, 3) ਕਈ ਵਾਰ ਸੁਲੇਮਾਨ ਨੇ “ਵਿਅਰਥ” ਕੰਮਾਂ ਜਾਂ ਗੱਲਾਂ ਨੂੰ “ਹਵਾ ਦਾ ਫੱਕਣਾ” ਵੀ ਕਿਹਾ। (ਉਪ. 1:14; 2:11) ਹਵਾ ਦੇ ਬੁੱਲੇ ਨੂੰ ਫੜਨ ਦੀ ਕੋਸ਼ਿਸ਼ ਕਰਨਾ ਫਜ਼ੂਲ ਹੀ ਹੈ। ਜੇ ਕੋਈ ਇਸ ਪਿੱਛੇ ਦੌੜੇ ਵੀ, ਤਾਂ ਉਸ ਦੇ ਹੱਥ ਕੁਝ ਨਹੀਂ ਆਉਂਦਾ। ਇਸੇ ਤਰ੍ਹਾਂ ਬੇਕਾਰ ਟੀਚਿਆਂ ਨੂੰ ਆਪਣੀ ਮੰਜ਼ਲ ਬਣਾਉਣਾ ਸਿਰਫ਼ ਸਾਨੂੰ ਪਰੇਸ਼ਾਨੀ ਹੀ ਦੇਵੇਗਾ। ਇਸ ਦੁਨੀਆਂ ਵਿਚ ਇੰਨਾ ਘੱਟ ਸਮਾਂ ਹੋਣ ਕਾਰਨ ਸਾਨੂੰ ਅਜਿਹੇ ਕੰਮਾਂ ਵਿਚ ਲੱਗਣ ਤੋਂ ਬਚਣਾ ਚਾਹੀਦਾ ਹੈ ਜੋ ਸਾਨੂੰ ਖਾਲੀ ਹੱਥ ਛੱਡ ਦੇਣ। ਜੇ ਅਸੀਂ ਇਹ ਗ਼ਲਤੀ ਨਹੀਂ ਕਰਨੀ ਚਾਹੁੰਦੇ, ਤਾਂ ਆਓ ਆਪਾਂ ਸੁਲੇਮਾਨ ਦੀਆਂ ਕੁਝ ਗੱਲਾਂ ਉੱਤੇ ਗੌਰ ਕਰੀਏ। ਪਹਿਲਾਂ ਆਪਾਂ ਜ਼ਿੰਦਗੀ ਵਿਚ ਮੌਜ-ਮਸਤੀ ਕਰਨ ਤੇ ਚੀਜ਼ਾਂ ਹਾਸਲ ਕਰਨ ਨੂੰ ਪਹਿਲ ਦੇਣ ਬਾਰੇ ਦੇਖਾਂਗੇ। ਫਿਰ ਅਸੀਂ ਦੇਖਾਂਗੇ ਕਿ ਅਸਲੀ ਖ਼ੁਸ਼ੀ ਤੇ ਸੁਖ ਸਾਨੂੰ ਕਿਸ ਕੰਮ ਤੋਂ ਮਿਲ ਸਕਦਾ ਹੈ।

ਕੀ ਜ਼ਿੰਦਗੀ ਵਿਚ ਮੌਜ-ਮਸਤੀ ਨੂੰ ਪਹਿਲ ਦੇਣ ਨਾਲ ਖ਼ੁਸ਼ੀ ਮਿਲਦੀ ਹੈ?

5. ਸੁਲੇਮਾਨ ਨੇ ਮਜ਼ੇ ਕਰਨ ਤੇ ਆਪਣੇ ਸ਼ੌਕ ਪੂਰੇ ਕਰਨ ਲਈ ਕੀ-ਕੀ ਕੀਤਾ ਸੀ?

5 ਅੱਜ ਦੇ ਕਈਆਂ ਲੋਕਾਂ ਵਾਂਗ ਸੁਲੇਮਾਨ ਨੇ ਜ਼ਿੰਦਗੀ ਦਾ ਹਰ ਮਜ਼ਾ ਲੈ ਕੇ ਖ਼ੁਸ਼ੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਲਿਖਿਆ: “ਮੈਂ ਆਪਣੇ ਮਨ ਨੂੰ ਕਿਸੇ ਤਰਾਂ ਦੇ ਅਨੰਦ ਤੋਂ ਨਹੀਂ ਵਰਜਿਆ।” (ਉਪ. 2:10) ਮਜ਼ੇ ਕਰਨ ਤੇ ਆਪਣੇ ਸ਼ੌਕ ਪੂਰੇ ਕਰਨ ਲਈ ਉਸ ਨੇ ਕੀ-ਕੀ ਕੀਤਾ ਸੀ? ਉਪਦੇਸ਼ਕ ਦੀ ਪੋਥੀ ਦੇ ਦੂਜੇ ਅਧਿਆਇ ਮੁਤਾਬਕ ਸੁਲੇਮਾਨ ਨੇ ‘ਆਪਣੇ ਆਪ ਨੂੰ ਮੈ ਪੀ ਕੇ ਖੁਸ਼ ਕੀਤਾ।’ ਪਰ ਇੰਨੀ ਵੀ ਨਹੀਂ ਕਿ ਉਹ ਹੋਰ ਕੁਝ ਨਾ ਕਰ ਸਕਿਆ। ਉਸ ਨੇ ਬਾਗ਼-ਬਗ਼ੀਚੇ ਲਾਏ ਅਤੇ ਸ਼ਾਨਦਾਰ ਇਮਾਰਤਾਂ ਖੜ੍ਹੀਆਂ ਕੀਤੀਆਂ। ਇਹੀ ਨਹੀਂ ਉਸ ਨੇ ਸੰਗੀਤ ਤੇ ਲਾਜਵਾਬ ਖਾਣੇ ਦਾ ਵੀ ਆਨੰਦ ਮਾਣਿਆ।

6. (ੳ) ਆਪਣੇ ਦੋਸਤਾਂ ਨਾਲ ਖਾਣਾ-ਪੀਣਾ ਅਤੇ ਹੱਸਣਾ-ਖੇਡਣਾ ਗ਼ਲਤ ਕਿਉਂ ਨਹੀਂ ਹੈ? (ਅ) ਮਨੋਰੰਜਨ ਨੂੰ ਸਾਡੀ ਜ਼ਿੰਦਗੀ ਵਿਚ ਮੁੱਖ ਜਗ੍ਹਾ ਕਿਉਂ ਨਹੀਂ ਲੈਣੀ ਚਾਹੀਦੀ?

6 ਕੀ ਬਾਈਬਲ ਵਿਚ ਆਪਣੇ ਦੋਸਤਾਂ ਨਾਲ ਖਾਣ-ਪੀਣ ਅਤੇ ਹੱਸਣ-ਖੇਡਣ ਨੂੰ ਬੁਰਾ ਮਨਾਇਆ ਗਿਆ ਹੈ? ਬਿਲਕੁਲ ਨਹੀਂ। ਨੋਟ ਕਰੋ, ਸੁਲੇਮਾਨ ਨੇ ਕਿਹਾ ਦਿਹਾੜੀ ਦਾ ਕੰਮ ਪੂਰਾ ਕਰਨ ਤੋਂ ਬਾਅਦ ਆਰਾਮ ਨਾਲ ਬੈਠ ਕੇ ਰੋਟੀ ਖਾਣੀ ਪਰਮੇਸ਼ੁਰ ਵੱਲੋਂ ਇਕ ਦਾਤ ਹੈ। (ਉਪਦੇਸ਼ਕ ਦੀ ਪੋਥੀ 2:24; 3:12, 13 ਪੜ੍ਹੋ।) ਇਸ ਤੋਂ ਇਲਾਵਾ ਯਹੋਵਾਹ ਪਰਮੇਸ਼ੁਰ ਨੌਜਵਾਨਾਂ ਨੂੰ ਕਹਿੰਦਾ ਹੈ ਕਿ ‘ਉਹ ਆਪਣੀ ਜੁਆਨੀ ਵਿੱਚ ਮੌਜ ਕਰਨ ਅਤੇ ਆਪਣੀ ਜੁਆਨੀ ਦੇ ਦਿਨਾਂ ਵਿੱਚ ਆਪਣੇ ਜੀ ਨੂੰ ਪਰਚਾਉਣ,’ ਪਰ ਸਾਰੀਆਂ ਹੱਦਾਂ ਪਾਰ ਕਰ ਕੇ ਨਹੀਂ। (ਉਪ. 11:9) ਹਰ ਕਿਸੇ ਨੂੰ ਚੰਗੇ ਮਨੋਰੰਜਨ ਤੇ ਦਿਲ ਪਰਚਾਵੇ ਦੀ ਲੋੜ ਹੈ। (ਹੋਰ ਜਾਣਕਾਰੀ ਲਈ ਮਰਕੁਸ 6:31 ਦੇਖੋ।) ਪਰ ਮਨੋਰੰਜਨ ਨੂੰ ਸਾਡੀ ਜ਼ਿੰਦਗੀ ਵਿਚ ਮੁੱਖ ਜਗ੍ਹਾ ਨਹੀਂ ਲੈਣੀ ਚਾਹੀਦੀ। ਇਸ ਦੀ ਬਜਾਇ ਦਿਲਪਰਚਾਵਾ ਰੋਟੀ ਤੋਂ ਬਾਅਦ ਮਿੱਠਾ ਖਾਣ ਦੀ ਤਰ੍ਹਾਂ ਹੋਣਾ ਚਾਹੀਦਾ ਹੈ। ਅਸੀਂ ਮਿੱਠੇ ਨੂੰ ਜਿੰਨਾ ਮਰਜ਼ੀ ਪਸੰਦ ਕਿਉਂ ਨਾ ਕਰੀਏ, ਇਹ ਕਦੇ ਰੋਟੀ ਦੀ ਜਗ੍ਹਾ ਨਹੀਂ ਲੈ ਸਕਦਾ ਕਿਉਂਕਿ ਰੋਟੀ ਖਾਣ ਨਾਲ ਹੀ ਸਾਨੂੰ ਜ਼ਰੂਰੀ ਪੋਸ਼ਣ ਮਿਲਦਾ ਹੈ। ਪਰ ਮਿੱਠੇ ਨੂੰ ਹਿਸਾਬ ਨਾਲ ਖਾ ਕੇ ਅਸੀਂ ਆਨੰਦ ਮਾਣਾਂਗੇ। ਇਹ ਗੱਲ ਸੁਲੇਮਾਨ ਵੀ ਜਾਣਦਾ ਸੀ ਕਿ ਜ਼ਿੰਦਗੀ ਵਿਚ ਮੌਜ-ਮਸਤੀ ਨੂੰ ਪਹਿਲ ਦੇਣੀ “ਹਵਾ ਦਾ ਫੱਕਣਾ ਸੀ।”—ਉਪ. 2:10, 11.

7. ਸਾਨੂੰ ਮਨੋਰੰਜਨ ਬਾਰੇ ਹੋਰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

7 ਮਨੋਰੰਜਨ ਬਾਰੇ ਸਾਨੂੰ ਇਹ ਵੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਹਰ ਕਿਸਮ ਦਾ ਮਨਪਰਚਾਵਾ ਫ਼ਾਇਦੇਮੰਦ ਨਹੀਂ ਹੈ। ਕਈ ਤਰ੍ਹਾਂ ਦਾ ਮਨੋਰੰਜਨ ਇੰਨਾ ਹਾਨੀਕਾਰਕ ਹੁੰਦਾ ਹੈ ਕਿ ਉਸ ਕਾਰਨ ਅਸੀਂ ਉਹ ਗ਼ਲਤ ਕੰਮ ਕਰਨ ਲੱਗ ਸਕਦੇ ਹਾਂ ਜੋ ਸਾਨੂੰ ਪਰਮੇਸ਼ੁਰ ਤੋਂ ਦੂਰ ਕਰ ਦੇਣਗੇ। ਹਜ਼ਾਰਾਂ ਲੋਕਾਂ ਨੇ ਜੂਏਬਾਜ਼ੀ, ਸ਼ਰਾਬ ਅਤੇ ਨਸ਼ਿਆਂ ਕਾਰਨ ਆਪਣੀ ਜ਼ਿੰਦਗੀ ਤਬਾਹ ਕਰ ਲਈ ਕਿਉਂਕਿ ਉਨ੍ਹਾਂ ਨੂੰ ਖਾਣ-ਪੀਣ ਤੇ ਐਸ਼ ਕਰਨ ਤੋਂ ਸਿਵਾਇ ਹੋਰ ਕੁਝ ਨਹੀਂ ਸੁੱਝਦਾ। ਬਾਈਬਲ ਵਿਚ ਯਹੋਵਾਹ ਸਾਨੂੰ ਸਾਫ਼-ਸਾਫ਼ ਦੱਸਦਾ ਹੈ ਕਿ ਜੇ ਅਸੀਂ ਯਹੋਵਾਹ ਦੀ ਬਜਾਇ ਆਪਣੇ ਦਿਲ ਦੀ ਸੁਣਾਂਗੇ, ਤਾਂ ਅਸੀਂ ਦੁੱਖ ਭੋਗਾਂਗੇ। ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਅਸੀਂ ਜਿਵੇਂ ਕਰਾਂਗੇ, ਤਿਵੇਂ ਭਰਾਂਗੇ!—ਗਲਾ. 6:7.

8. ਸਾਨੂੰ ਅਕਲਮੰਦੀ ਨਾਲ ਆਪਣੀ ਜ਼ਿੰਦਗੀ ਨੂੰ ਵਰਤਣ ਬਾਰੇ ਕਿਉਂ ਸੋਚਣਾ ਚਾਹੀਦਾ ਹੈ?

8 ਇਸ ਤੋਂ ਇਲਾਵਾ ਜੇ ਅਸੀਂ ਮਨੋਰੰਜਨ ਵੱਲ ਹੱਦੋਂ ਵੱਧ ਧਿਆਨ ਦੇਵਾਂਗੇ, ਤਾਂ ਅਸੀਂ ਹੋਰਨਾਂ ਜ਼ਰੂਰੀ ਗੱਲਾਂ ਨੂੰ ਅਣਗੌਲਿਆ ਕਰਾਂਗੇ। ਯਾਦ ਰੱਖੋ ਕਿ ਸਾਡੀ ਚੰਦ ਦਿਨਾਂ ਦੀ ਜ਼ਿੰਦਗੀ ਨਾ ਸਿਰਫ਼ ਝੱਟ ਖ਼ਤਮ ਹੋ ਸਕਦੀ ਹੈ, ਪਰ ਇਸ ਦੌਰਾਨ ਇਹ ਵੀ ਕੋਈ ਗਾਰੰਟੀ ਨਹੀਂ ਕਿ ਸਾਡੀ ਸਿਹਤ ਚੰਗੀ ਰਹੇਗੀ ਅਤੇ ਸਾਨੂੰ ਕੋਈ ਮੁਸ਼ਕਲ ਨਹੀਂ ਆਵੇਗੀ। ਇਸੇ ਕਰਕੇ ਸੁਲੇਮਾਨ ਨੇ ਲਿਖਿਆ ਕਿ “ਅਨੰਦ ਦੇ ਘਰ” ਜਾਣ ਨਾਲੋਂ ਮਕਾਣੇ ਜਾਣਾ ਜ਼ਿਆਦਾ ਲਾਹੇਵੰਦ ਹੋ ਸਕਦਾ ਹੈ, ਖ਼ਾਸਕਰ ਜੇ ਅਸੀਂ ਕਿਸੇ ਵਫ਼ਾਦਾਰ ਭੈਣ-ਭਾਈ ਦੇ ਦਾਹ-ਸੰਸਕਾਰ ਤੇ ਜਾਈਏ। (ਉਪਦੇਸ਼ਕ ਦੀ ਪੋਥੀ 7:2, 4 ਪੜ੍ਹੋ।) ਇਹ ਗੱਲ ਸੱਚ ਕਿਉਂ ਹੈ? ਕਿਉਂਕਿ ਜਦ ਅਸੀਂ ਦਾਹ-ਸੰਸਕਾਰ ਦੇ ਭਾਸ਼ਣ ਵਿਚ ਉਸ ਵਫ਼ਾਦਾਰ ਭੈਣ-ਭਾਈ ਦੀ ਜ਼ਿੰਦਗੀ ਬਾਰੇ ਸੁਣਾਂਗੇ, ਤਾਂ ਅਸੀਂ ਸ਼ਾਇਦ ਆਪਣੀ ਜ਼ਿੰਦਗੀ ਬਾਰੇ ਵੀ ਸੋਚਣ ਲੱਗੀਏ ਕਿ ਰੱਬ ਦੀ ਸੇਵਾ ਵਿਚ ਅਸੀਂ ਕੀ ਕਰ ਰਹੇ ਹਾਂ। ਨਤੀਜੇ ਵਜੋਂ ਅਸੀਂ ਸ਼ਾਇਦ ਆਪਣੀ ਜ਼ਿੰਦਗੀ ਵਿਚ ਸੁਧਾਰ ਕਰਨਾ ਚਾਹੀਏ, ਤਾਂਕਿ ਅਸੀਂ ਆਪਣੀ ਬਾਕੀ ਦੀ ਜ਼ਿੰਦਗੀ ਨੂੰ ਅਕਲਮੰਦੀ ਨਾਲ ਵਰਤੀਏ।—ਉਪ. 12:1.

ਕੀ ਧਨ-ਦੌਲਤ ਤੋਂ ਸੁਖ ਮਿਲਦਾ ਹੈ?

9. ਸੁਲੇਮਾਨ ਧਨ-ਦੌਲਤ ਜੋੜਨ ਬਾਰੇ ਕਿਹੜੇ ਸਿੱਟੇ ਤੇ ਪਹੁੰਚਿਆ ਸੀ?

9 ਉਪਦੇਸ਼ਕ ਦੀ ਪੋਥੀ ਲਿਖਣ ਵੇਲੇ ਸੁਲੇਮਾਨ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਸੀ। (2 ਇਤ. 9:22) ਉਹ ਆਪਣੀ ਹਰ ਚਾਹ ਨੂੰ ਪੂਰਾ ਕਰ ਸਕਦਾ ਸੀ। ਉਸ ਨੇ ਲਿਖਿਆ: “ਸਭ ਕੁਝ ਜੋ ਮੇਰੀਆਂ ਅੱਖੀਆਂ ਮੰਗਦੀਆਂ ਸਨ ਮੈਂ ਓਹਨਾਂ ਕੋਲੋਂ ਪਰੇ ਨਹੀਂ ਰੱਖਿਆ।” (ਉਪ. 2:10) ਪਰ ਉਸ ਨੂੰ ਇਹ ਅਹਿਸਾਸ ਹੋਇਆ ਕਿ ਧਨ-ਦੌਲਤ ਜੋੜਨ ਨਾਲ ਖ਼ੁਸ਼ੀ ਨਹੀਂ ਮਿਲਦੀ। ਉਹ ਇਸ ਸਿੱਟੇ ਤੇ ਪਹੁੰਚਿਆ: “ਉਹ ਜੋ ਚਾਂਦੀ ਨੂੰ ਲੋਚਦਾ ਹੈ ਸੋ ਚਾਂਦੀ ਨਾਲ ਨਾ ਰੱਜੇਗਾ, ਅਤੇ ਜਿਹੜਾ ਧਨ ਚਾਹੁੰਦਾ ਹੈ ਸੋ ਉਹ ਦੇ ਵਾਧੇ ਨਾਲ ਨਾ ਰੱਜੇਗਾ।”—ਉਪ. 5:10.

10. ਅਸੀਂ ਅਸਲੀ ਖ਼ੁਸ਼ੀ ਅਤੇ ਸੁਖ ਕਿਵੇਂ ਪਾ ਸਕਦੇ ਹਾਂ?

10 ਭਾਵੇਂ ਸਾਰੇ ਜਾਣਦੇ ਹਨ ਕਿ ਧਨ-ਦੌਲਤ ਖੰਭ ਲਗਾ ਕੇ ਉੱਡ ਸਕਦੀ ਹੈ, ਫਿਰ ਵੀ ਇਹ ਸਾਨੂੰ ਮੋਹ ਲੈਂਦੀ ਹੈ। ਹਾਲ ਹੀ ਦੇ ਸਮੇਂ ਵਿਚ ਅਮਰੀਕਾ ਵਿਚ ਕੀਤੇ ਗਏ ਇਕ ਸਰਵੇਖਣ ਮੁਤਾਬਕ ਯੂਨੀਵਰਸਿਟੀ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਵਿੱਚੋਂ 75 ਫੀ ਸਦੀ ਕਹਿੰਦੇ ਹਨ ਕਿ ਜ਼ਿੰਦਗੀ ਵਿਚ ਉਨ੍ਹਾਂ ਦਾ ਮੁੱਖ ਟੀਚਾ “ਬਹੁਤ ਹੀ ਅਮੀਰ ਬਣਨਾ” ਹੈ। ਪਰ ਜੇ ਉਹ ਅਮੀਰ ਬਣ ਵੀ ਜਾਣ, ਤਾਂ ਕੀ ਉਹ ਸੁਖ ਪਾਉਣਗੇ? ਜ਼ਰੂਰੀ ਨਹੀਂ। ਖੋਜਕਾਰਾਂ ਨੇ ਨੋਟ ਕੀਤਾ ਹੈ ਕਿ ਉਨ੍ਹਾਂ ਲੋਕਾਂ ਲਈ ਖ਼ੁਸ਼ੀ ਪਾਉਣੀ ਮੁਸ਼ਕਲ ਹੋ ਜਾਂਦੀ ਹੈ ਜੋ ਪੈਸਾ ਜੋੜਨ ਤੇ ਨਵੀਆਂ ਚੀਜ਼ਾਂ ਖ਼ਰੀਦਣ ਦੇ ਚੱਕਰ ਵਿਚ ਫਸ ਜਾਂਦੇ ਹਨ। ਅੱਜ ਤੋਂ ਤਿੰਨ ਹਜ਼ਾਰ ਸਾਲ ਪਹਿਲਾਂ ਸੁਲੇਮਾਨ ਵੀ ਇਸੇ ਸਿੱਟੇ ਤੇ ਪਹੁੰਚਿਆ ਸੀ। ਉਸ ਨੇ ਲਿਖਿਆ: “ਮੈਂ ਸੋਨਾ ਅਤੇ ਚਾਂਦੀ ਅਤੇ ਪਾਤਸ਼ਾਹਾਂ ਅਤੇ ਸੂਬਿਆਂ ਦੇ ਖ਼ਜ਼ਾਨੇ ਆਪਣੇ ਲਈ ਇਕੱਠੇ ਕੀਤੇ। . . . ਅਤੇ ਵੇਖੋ, ਓਹ ਸਾਰਿਆਂ ਦੇ ਸਾਰੇ ਵਿਅਰਥ ਅਤੇ ਹਵਾ ਦਾ ਫੱਕਣਾ ਸੀ।” * (ਉਪ. 2:8, 11) ਇਸ ਤੋਂ ਉਲਟ ਜੇ ਅਸੀਂ ਤਨ-ਮਨ ਲਾ ਕੇ ਆਪਣੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਬਤੀਤ ਕਰਾਂਗੇ, ਤਾਂ ਉਸ ਦੀ ਬਰਕਤ ਨਾਲ ਅਸੀਂ ਅਸਲੀ ਸੁਖ ਪਾਵਾਂਗੇ।ਕਹਾਉਤਾਂ 10:22 ਪੜ੍ਹੋ।

ਅਸਲੀ ਖ਼ੁਸ਼ੀ ਤੇ ਸੁਖ ਕਿਸ ਕੰਮ ਤੋਂ ਮਿਲਦਾ ਹੈ?

11. ਬਾਈਬਲ ਤੋਂ ਅਸੀਂ ਮਿਹਨਤ ਕਰਨ ਬਾਰੇ ਕੀ ਸਿੱਖਦੇ ਹਾਂ?

11 ਯਿਸੂ ਨੇ ਕਿਹਾ: “ਮੇਰਾ ਪਿਤਾ ਹੁਣ ਤੀਕੁਰ ਕੰਮ ਕਰਦਾ ਹੈ ਅਤੇ ਮੈਂ ਵੀ ਕੰਮ ਕਰਦਾ ਹਾਂ।” (ਯੂਹੰ. 5:17) ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਤੇ ਯਿਸੂ ਕੰਮ ਕਰ ਕੇ ਖ਼ੁਸ਼ ਤੇ ਸੰਤੁਸ਼ਟ ਹੁੰਦੇ ਹਨ। ਇਸ ਦਾ ਸਬੂਤ ਸਾਨੂੰ ਬਾਈਬਲ ਤੋਂ ਮਿਲਦਾ ਹੈ ਕਿਉਂਕਿ ਇਸ ਵਿਚ ਲਿਖਿਆ ਹੈ: “ਪਰਮੇਸ਼ੁਰ ਨੇ ਸਰਬੱਤ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਡਿੱਠਾ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ।” (ਉਤ. 1:31) ਜਦ ਪਰਮੇਸ਼ੁਰ ਨੇ ਧਰਤੀ ਦੀ ਰਚਨਾ ਪੂਰੀ ਕੀਤੀ, ਤਾਂ ਸਵਰਗ ਵਿਚ ਸਾਰੇ ਦੂਤ ‘ਜੈਕਾਰੇ ਗਜਾਉਣ ਅਤੇ ਨਾਰੇ ਮਾਰਨ ਲੱਗੇ।’ (ਅੱਯੂ. 38:4-7) ਸੁਲੇਮਾਨ ਨੇ ਵੀ ਦਿਖਾਇਆ ਕਿ ਉਸ ਨੂੰ ਚੰਗੇ ਕੰਮ ਲਈ ਕੀਤੀ ਗਈ ਮਿਹਨਤ ਦੀ ਕਦਰ ਸੀ।—ਉਪ. 3:13.

12, 13. (ੳ) ਦੋ ਆਦਮੀਆਂ ਨੇ ਮਿਹਨਤ ਕਰਨ ਤੋਂ ਮਿਲੀ ਸੰਤੁਸ਼ਟੀ ਬਾਰੇ ਕੀ ਕਿਹਾ? (ਅ) ਕਈ ਵਾਰ ਲੋਕ ਆਪਣੀਆਂ ਨੌਕਰੀਆਂ ਤੋਂ ਨਿਰਾਸ਼ ਕਿਉਂ ਹੋ ਜਾਂਦੇ ਹਨ?

12 ਕਈ ਲੋਕ ਮਿਹਨਤ ਕਰਨ ਦੀ ਕੀਮਤ ਪਛਾਣਦੇ ਹਨ। ਮਿਸਾਲ ਲਈ ਹੋਸੇ ਨਾਂ ਦਾ ਕਾਮਯਾਬ ਚਿੱਤਰਕਾਰ ਕਹਿੰਦਾ ਹੈ, “ਜਦ ਮੈਂ ਆਪਣੇ ਮਨ ਵਿਚਲੀ ਤਸਵੀਰ ਨੂੰ ਕੈਨਵਸ ਤੇ ਉਤਾਰ ਲੈਂਦਾ ਹਾਂ, ਤਾਂ ਮੇਰਾ ਜੀਅ ਬਹੁਤ ਖ਼ੁਸ਼ ਹੁੰਦਾ ਹੈ।” ਮਨੋਜ, * ਜੋ ਇਕ ਬਿਜ਼ਨਿਸਮੈਨ ਹੈ, ਕਹਿੰਦਾ ਹੈ: “ਮਿਹਨਤ ਕਰ ਕੇ ਮੈਨੂੰ ਸੰਤੁਸ਼ਟੀ ਮਿਲਦੀ ਹੈ ਕਿਉਂਕਿ ਮੈਂ ਆਪਣੇ ਟੱਬਰ ਦੀ ਦੇਖ-ਰੇਖ ਕਰ ਸਕਦਾ ਹਾਂ। ਇਸ ਤੋਂ ਇਲਾਵਾ ਤਨ-ਮਨ ਲਾ ਕੇ ਆਪਣਾ ਕੰਮ ਪੂਰਾ ਕਰਨ ਵਿਚ ਮੈਨੂੰ ਬਹੁਤ ਮਜ਼ਾ ਆਉਂਦਾ ਹੈ।”

13 ਦੂਜੇ ਪਾਸੇ ਕਈ ਲੋਕ ਨੌਕਰੀ ਤੇ ਇੱਕੋ ਕੰਮ ਵਾਰ-ਵਾਰ ਕਰ ਕੇ ਅੱਕ-ਥੱਕ ਜਾਂਦੇ। ਕਦੇ-ਕਦਾਈਂ ਅਨਿਆਂ ਦੇ ਸ਼ਿਕਾਰ ਬਣ ਕੇ ਕਈਆਂ ਨੂੰ ਨੌਕਰੀਆਂ ਤੋਂ ਸੁਖ ਘੱਟ ਤੇ ਸਿਰ ਦਰਦ ਜ਼ਿਆਦਾ ਮਿਲਦਾ ਹੈ। ਮਿਸਾਲ ਲਈ ਕੰਮ ਕੀਤੇ ਬਗੈਰ ਇਕ ਆਲਸੀ ਬੰਦਾ—ਕਿਸੇ ਨੂੰ ਜਾਣਨ ਕਾਰਨ ਜਾਂ ਵੱਢੀ ਦੇ ਕੇ—ਦੂਜੇ ਦੀ ਮਿਹਨਤ ਦਾ ਫਲ ਲੈ ਸਕਦਾ ਹੈ। (ਉਪ. 2:21) ਨਿਰਾਸ਼ਾ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਹੋ ਸਕਦਾ ਹੈ ਕਿ ਅਸੀਂ ਕਿਸੇ ਕੰਮ ਵਿਚ ਪੂਰੀ ਮਿਹਨਤ ਕੀਤੀ ਹੋਵੇ, ਪਰ ਕਿਸੇ ਕਾਰਨ ਕਰਕੇ ਕਾਮਯਾਬੀ ਦੀ ਬਜਾਇ ਸਾਨੂੰ ਮੌਕਾ ਹੱਥੋਂ ਜਾਂਦਾ ਨਜ਼ਰ ਆਵੇ। (ਉਪਦੇਸ਼ਕ ਦੀ ਪੋਥੀ 9:11 ਪੜ੍ਹੋ।) ਕਈ ਵਾਰ ਕਾਮਯਾਬੀ ਦੀਆਂ ਪੌੜੀਆਂ ਚੜ੍ਹਨ ਲਈ ਕੋਈ ਜੱਦੋ-ਜਹਿਦ ਕਰਦਾ ਹੈ, ਪਰ ਅੰਤ ਵਿਚ ਉਹ ਪਰੇਸ਼ਾਨ ਤੇ ਮਾਯੂਸ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਅਹਿਸਾਸ ਹੋਣ ਲੱਗਦਾ ਕਿ ਉਸ ਨੇ “ਹਵਾ ਲਈ ਮਿਹਨਤ ਕੀਤੀ।”—ਉਪ. 5:16.

14. ਕਿਹੜੇ ਕੰਮ ਤੋਂ ਹਮੇਸ਼ਾ ਖ਼ੁਸ਼ੀ ਮਿਲਦੀ ਹੈ?

14 ਕੀ ਕੋਈ ਅਜਿਹਾ ਕੰਮ ਹੈ ਜਿਸ ਤੋਂ ਨਿਰਾਸ਼ਾ ਦੀ ਬਜਾਇ ਸਾਨੂੰ ਸੁਖ ਹੀ ਸੁਖ ਮਿਲ ਸਕਦਾ ਹੈ? ਪਹਿਲਾਂ ਜ਼ਿਕਰ ਕੀਤਾ ਗਿਆ ਹੋਸੇ ਨਾਂ ਦਾ ਚਿੱਤਰਕਾਰ ਕਹਿੰਦਾ ਹੈ: “ਸਮੇਂ ਦੇ ਬੀਤਣ ਨਾਲ ਤਸਵੀਰਾਂ ਗੁਆਚ ਜਾਂ ਨਾਸ਼ ਹੋ ਸਕਦੀਆਂ ਹਨ। ਪਰ ਰੱਬ ਦੀ ਸੇਵਾ ਵਿਚ ਅਸੀਂ ਜੋ ਕਰਦੇ ਹਾਂ, ਉਸ ਦਾ ਫ਼ਾਇਦਾ ਸਾਨੂੰ ਹਮੇਸ਼ਾ ਲਈ ਹੁੰਦਾ ਹੈ। ਪਰਮੇਸ਼ੁਰ ਦੇ ਕਹਿਣੇ ਮੁਤਾਬਕ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਮੈਂ ਲੋਕਾਂ ਨੂੰ ਸੱਚਾਈ ਸਿਖਾ ਪਾਇਆ ਹਾਂ। ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਵਿਚ ਲੱਗੇ ਦੇਖ ਕੇ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਇਸ ਤੋਂ ਵੱਡੀ ਬਰਕਤ ਹੋਰ ਕੀ ਹੋ ਸਕਦੀ ਹੈ।” (1 ਕੁਰਿੰ. 3:9-11) ਮਨੋਜ ਵੀ ਕੁਝ ਇਸੇ ਤਰ੍ਹਾਂ ਕਹਿੰਦਾ ਹੈ ਕਿ ਪ੍ਰਚਾਰ ਦੇ ਕੰਮ ਤੋਂ ਉਸ ਨੂੰ ਨੌਕਰੀ ਨਾਲੋਂ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਉਹ ਦੱਸਦਾ ਹੈ: “ਜਦ ਤੁਸੀਂ ਕਿਸੇ ਨੂੰ ਬਾਈਬਲ ਤੋਂ ਕੋਈ ਗੱਲ ਸਮਝਾਉਂਦੇ ਹੋ ਤੇ ਉਹ ਗੱਲ ਨੂੰ ਸਮਝ ਜਾਂਦਾ ਹੈ, ਤਾਂ ਇਸ ਤੋਂ ਵੱਧ ਖ਼ੁਸ਼ੀ ਤੁਹਾਨੂੰ ਹੋਰ ਕਿਤਿਓਂ ਨਹੀਂ ਮਿਲਦੀ।”

“ਆਪਣੀ ਰੋਟੀ ਪਾਣੀਆਂ ਦੇ ਉੱਤੇ ਸੁੱਟ ਦੇਹ”

15. ਅਸੀਂ ਆਪਣੀ ਜ਼ਿੰਦਗੀ ਨੂੰ ਬੇਕਾਰ ਗਿਣੀ ਜਾਣ ਤੋਂ ਕਿਵੇਂ ਬਚਾ ਸਕਦੇ ਹਾਂ?

15 ਅਖ਼ੀਰ ਵਿਚ ਜ਼ਰਾ ਸੋਚੋ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਬੇਕਾਰ ਗਿਣੀ ਜਾਣ ਤੋਂ ਕਿਵੇਂ ਬਚਾ ਸਕਦੇ ਹਾਂ? ਜੇ ਅਸੀਂ ਆਪਣਾ ਸਮਾਂ ਉਹ ਕੰਮ ਕਰਨ ਵਿਚ ਲਾਵਾਂਗੇ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ, ਤਾਂ ਸਾਡੀ ਜ਼ਿੰਦਗੀ ਬੇਕਾਰ ਨਹੀਂ ਗਿਣੀ ਜਾਵੇਗੀ ਤੇ ਅਸੀਂ ਅਸਲੀ ਸੁਖ ਪਾਵਾਂਗੇ। ਜੀ ਹਾਂ, ਅਸੀਂ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰ ਸਕਦੇ ਹਾਂ; ਅਸੀਂ ਆਪਣੇ ਬੱਚਿਆਂ ਨੂੰ ਬਾਈਬਲ ਤੋਂ ਇਹ ਸਿਖਾ ਸਕਦੇ ਹਾਂ ਕਿ ਕੀ ਸਹੀ ਹੈ ਤੇ ਕੀ ਗ਼ਲਤ; ਅਸੀਂ ਲੋਕਾਂ ਨੂੰ ਯਹੋਵਾਹ ਬਾਰੇ ਸਿਖਾ ਸਕਦੇ ਹਾਂ; ਇਸ ਤੋਂ ਇਲਾਵਾ ਅਸੀਂ ਕਲੀਸਿਯਾ ਵਿਚ ਆਪਣੇ ਭੈਣ-ਭਾਈਆਂ ਨਾਲ ਪੱਕੀਆਂ ਦੋਸਤੀਆਂ ਕਰ ਸਕਦੇ ਹਾਂ। (ਗਲਾ. 6:10) ਇਨ੍ਹਾਂ ਸਾਰੇ ਕੰਮਾਂ ਦੀ ਕੀਮਤ ਕਦੇ ਨਹੀਂ ਘਟੇਗੀ ਤੇ ਜਿਹੜੇ ਇਨ੍ਹਾਂ ਨੂੰ ਕਰਦੇ ਹਨ ਉਹ ਬਰਕਤਾਂ ਹੀ ਬਰਕਤਾਂ ਪਾਉਂਦੇ ਹਨ। ਸੁਲੇਮਾਨ ਨੇ ਇਕ ਦਿਲਚਸਪ ਉਦਾਹਰਣ ਦੇ ਕੇ ਭਲੇ ਕੰਮ ਕਰਨ ਦੇ ਲਾਭ ਬਾਰੇ ਗੱਲ ਕੀਤੀ। ਉਸ ਨੇ ਕਿਹਾ: “ਆਪਣੀ ਰੋਟੀ ਪਾਣੀਆਂ ਦੇ ਉੱਤੇ ਸੁੱਟ ਦੇਹ, ਤਾਂ ਤੂੰ ਬਹੁਤ ਦਿਨਾਂ ਦੇ ਪਿੱਛੋਂ ਉਸ ਨੂੰ ਪਾਵੇਂਗਾ।” (ਉਪ. 11:1) ਯਿਸੂ ਨੇ ਆਪਣੇ ਚੇਲਿਆਂ ਨੂੰ ਤਾਕੀਦ ਕੀਤੀ: “ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ।” (ਲੂਕਾ 6:38) ਇਸ ਤੋਂ ਇਲਾਵਾ ਯਹੋਵਾਹ ਵਾਅਦਾ ਕਰਦਾ ਹੈ ਕਿ ਭਲਾ ਕਰਨ ਵਾਲੇ ਨੂੰ ਉਸ ਦੀ ਕੀਤੀ ਦਾ ਫਲ ਮਿਲੇਗਾ।—ਕਹਾ. 19:17; ਇਬਰਾਨੀਆਂ 6:10 ਪੜ੍ਹੋ।

16. ਸਾਨੂੰ ਇਹ ਫ਼ੈਸਲਾ ਕਦੋਂ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਕੀ ਕਰਾਂਗੇ?

16 ਬਾਈਬਲ ਵਿਚ ਬੇਨਤੀ ਕੀਤੀ ਜਾਂਦੀ ਹੈ ਕਿ ਅਸੀਂ ਜਵਾਨੀ ਵਿਚ ਹੀ ਫ਼ੈਸਲਾ ਕਰੀਏ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਕੀ ਕਰਾਂਗੇ, ਤਾਂਕਿ ਸਾਨੂੰ ਬਾਅਦ ਵਿਚ ਪਛਤਾਉਣਾ ਨਾ ਪਵੇ। (ਉਪ. 12:1) ਇਹ ਕਿੰਨੇ ਦੁੱਖ ਦੀ ਗੱਲ ਹੋਵੇਗੀ ਜੇ ਅਸੀਂ ਆਪਣੀ ਜਵਾਨੀ ਦੁਨੀਆਦਾਰੀ ਵਿਚ ਫ਼ਜ਼ੂਲ ਖ਼ਰਚ ਦੇਈਏ ਤੇ ਫਿਰ ਜਾਣੀਏ ਕਿ ਸਾਡੇ ਹੱਥ ਹਵਾ ਤੋਂ ਸਿਵਾਇ ਹੋਰ ਕੁਝ ਨਹੀਂ ਆਇਆ!

17. ਅਸੀਂ ਆਪਣੀ ਜ਼ਿੰਦਗੀ ਵਿਚ ਪਰੇਸ਼ਾਨੀਆਂ ਤੋਂ ਦੂਰ ਕਿਵੇਂ ਰਹਿ ਸਕਦੇ ਹਾਂ?

17 ਹਰ ਪਿਆਰ ਕਰਨ ਵਾਲੇ ਪਿਤਾ ਵਾਂਗ ਯਹੋਵਾਹ ਸਾਨੂੰ ਰੋਂਦੇ-ਕੁਰਲਾਉਂਦੇ ਨਹੀਂ, ਬਲਕਿ ਹੱਸਦੇ-ਖੇਡਦੇ ਦੇਖਣਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਭਲੇ ਕੰਮ ਕਰੀਏ ਅਤੇ ਪਰੇਸ਼ਾਨੀਆਂ ਤੋਂ ਦੂਰ ਰਹੀਏ। (ਉਪ. 11:9, 10) ਇਹ ਸਭ ਤੁਸੀਂ ਕਿਵੇਂ ਕਰ ਸਕਦੇ ਹੋ? ਸਭ ਤੋਂ ਪਹਿਲਾਂ ਯਹੋਵਾਹ ਦੀ ਸੇਵਾ ਵਿਚ ਚੰਗੇ ਟੀਚੇ ਰੱਖੋ ਤੇ ਫਿਰ ਉਨ੍ਹਾਂ ਨੂੰ ਹਾਸਲ ਕਰਨ ਲਈ ਜਤਨ ਕਰੋ। ਲਗਭਗ 20 ਸਾਲ ਪਹਿਲਾਂ ਖਾਵਿਅਰ ਨਾਂ ਦੇ ਨੌਜਵਾਨ ਨੂੰ ਇਕ ਵੱਡਾ ਫ਼ੈਸਲਾ ਕਰਨਾ ਪਿਆ ਸੀ। ਉਹ ਡਾਕਟਰੀ ਪੇਸ਼ੇ ਵਿਚ ਲੱਗਾ ਰਹਿ ਸਕਦਾ ਸੀ ਜਾਂ ਪਾਇਨੀਅਰੀ ਕਰ ਸਕਦਾ ਸੀ। ਉਹ ਕਹਿੰਦਾ ਹੈ: “ਭਾਵੇਂ ਡਾਕਟਰ ਦੇ ਨਾਤੇ ਮੈਂ ਲੋਕਾਂ ਦੀ ਮਦਦ ਕਰ ਸਕਦਾ ਸੀ, ਪਰ ਜੋ ਖ਼ੁਸ਼ੀ ਮੈਨੂੰ ਲੋਕਾਂ ਨੂੰ ਰੱਬ ਬਾਰੇ ਸੱਚਾਈ ਸਿਖਾ ਕੇ ਮਿਲਦੀ ਹੈ, ਉਸ ਦੀ ਤੁਲਨਾ ਹੀ ਨਹੀਂ ਕੀਤੀ ਜਾ ਸਕਦੀ। ਪਾਇਨੀਅਰੀ ਕਰ ਕੇ ਮੈਂ ਆਪਣੀ ਜ਼ਿੰਦਗੀ ਦਾ ਪੂਰਾ ਲੁਤਫ਼ ਲੈ ਸਕਿਆ ਹਾਂ। ਮੈਨੂੰ ਸਿਰਫ਼ ਇਕ ਗੱਲ ਦਾ ਪਛਤਾਵਾ ਹੈ ਕਿ ਮੈਂ ਪਾਇਨੀਅਰੀ ਪਹਿਲਾਂ ਕਿਉਂ ਨਹੀਂ ਸ਼ੁਰੂ ਕੀਤੀ।”

18. ਧਰਤੀ ਤੇ ਯਿਸੂ ਦੀ ਜ਼ਿੰਦਗੀ ਬੇਕਾਰ ਕਿਉਂ ਨਹੀਂ ਸੀ?

18 ਤਾਂ ਫਿਰ ਜ਼ਿੰਦਗੀ ਵਿਚ ਸਭ ਤੋਂ ਕੀਮਤੀ ਚੀਜ਼ ਕੀ ਹੈ? ਉਪਦੇਸ਼ਕ ਦੀ ਪੋਥੀ ਕਹਿੰਦੀ ਹੈ: “ਨੇਕਨਾਮੀ ਮਹਿੰਗ ਮੁੱਲੇ ਤੇਲ ਨਾਲੋਂ, ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ।” (ਉਪ. 7:1) ਇਹ ਗੱਲ ਅਸੀਂ ਯਿਸੂ ਦੀ ਜ਼ਿੰਦਗੀ ਤੋਂ ਚੰਗੀ ਤਰ੍ਹਾਂ ਦੇਖ ਸਕਦੇ ਹਾਂ। ਉਸ ਨੇ ਯਹੋਵਾਹ ਨਾਲ ਸੱਚ-ਮੁੱਚ ਇਕ ਨਾਂ ਕਮਾਇਆ ਸੀ। ਮੌਤ ਤਕ ਵਫ਼ਾਦਾਰ ਰਹਿ ਕੇ ਯਿਸੂ ਨੇ ਸਾਬਤ ਕੀਤਾ ਕਿ ਉਸ ਦੇ ਪਿਤਾ ਕੋਲ ਰਾਜ ਕਰਨ ਦਾ ਪੂਰਾ ਹੱਕ ਹੈ। ਇਸ ਤੋਂ ਇਲਾਵਾ ਉਸ ਨੇ ਆਪਣੀ ਜਾਨ ਕੁਰਬਾਨ ਕਰ ਕੇ ਸਾਡੀ ਮੁਕਤੀ ਦਾ ਰਾਹ ਖੋਲ੍ਹਿਆ। (ਮੱਤੀ 20:28) ਭਾਵੇਂ ਉਹ ਧਰਤੀ ਤੇ ਕੁਝ ਹੀ ਸਾਲਾਂ ਲਈ ਸੀ, ਪਰ ਉਸ ਦੀ ਜ਼ਿੰਦਗੀ ਬੇਕਾਰ ਨਹੀਂ ਸੀ। ਉਸ ਨੇ ਜ਼ਿੰਦਗੀ ਜੀਉਣ ਦੀ ਸਾਡੇ ਲਈ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ ਤੇ ਸਾਨੂੰ ਉਸ ਦੀ ਰੀਸ ਕਰਨੀ ਚਾਹੀਦੀ ਹੈ।—1 ਕੁਰਿੰ. 10:33; 1 ਪਤ. 2:21.

19. ਸੁਲੇਮਾਨ ਨੇ ਕਿਹੜੀ ਵਧੀਆ ਸਲਾਹ ਦਿੱਤੀ ਸੀ?

19 ਅਸੀਂ ਵੀ ਪਰਮੇਸ਼ੁਰ ਨਾਲ ਨੇਕਨਾਮੀ ਖੱਟ ਸਕਦੇ ਹਾਂ। ਦੁਨੀਆਂ ਦੇ ਸਾਰੇ ਧਨ ਨਾਲੋਂ ਬਿਹਤਰ ਹੈ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਖਰੇ ਗਿਣੇ ਜਾਣਾ। (ਮੱਤੀ 6:19-21 ਪੜ੍ਹੋ।) ਹਰ ਰੋਜ਼ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਕੁਝ-ਨ-ਕੁਝ ਕਰ ਕੇ ਬਰਕਤਾਂ ਨਾਲ ਮਾਲਾ-ਮਾਲ ਹੋ ਸਕਦੇ ਹਾਂ। ਮਿਸਾਲ ਲਈ, ਅਸੀਂ ਹੋਰਨਾਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕਦੇ ਹਾਂ, ਆਪਣੀ ਘਰੇਲੂ ਜ਼ਿੰਦਗੀ ਵਿਚ ਦੂਜਿਆਂ ਨਾਲ ਚੰਗਾ ਸਲੂਕ ਕਰ ਸਕਦੇ ਹਾਂ ਅਤੇ ਬਾਈਬਲ ਦੀ ਸਟੱਡੀ ਕਰ ਕੇ ਅਤੇ ਮੀਟਿੰਗਾਂ ਵਿਚ ਜਾ ਕੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰ ਸਕਦੇ ਹਾਂ। (ਉਪ. 11:6; ਇਬ. 13:16) ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਬੇਕਾਰ ਨਾ ਗਿਣੀ ਜਾਵੇ? ਤਾਂ ਫਿਰ, ਸੁਲੇਮਾਨ ਦੀ ਇਸ ਸਲਾਹ ਤੇ ਚੱਲੋ: “ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।”—ਉਪ. 12:13.

[ਫੁਟਨੋਟ]

^ ਪੈਰਾ 10 ਸੁਲੇਮਾਨ ਦੀ ਸਾਲਾਨਾ ਆਮਦਨ 666 ਤੋੜੇ ਯਾਨੀ 22,000 ਕਿਲੋ ਤੋਂ ਜ਼ਿਆਦਾ ਸੋਨਾ ਸੀ।—1 ਰਾਜ. 10:14.

^ ਪੈਰਾ 12 ਨਾਂ ਬਦਲਿਆ ਗਿਆ ਹੈ।

ਤੁਸੀਂ ਕਿਵੇਂ ਜਵਾਬ ਦਿਓਗੇ?

• ਸਾਨੂੰ ਜ਼ਿੰਦਗੀ ਬਾਰੇ ਗੰਭੀਰਤਾ ਨਾਲ ਕਿਉਂ ਸੋਚਣਾ ਚਾਹੀਦਾ ਹੈ?

• ਧਨ-ਦੌਲਤ ਜੋੜਨ ਅਤੇ ਐਸ਼ੋ-ਆਰਾਮ ਕਰਨ ਬਾਰੇ ਸਾਡਾ ਕੀ ਵਿਚਾਰ ਹੋਣਾ ਚਾਹੀਦਾ ਹੈ?

• ਕਿਹੜੇ ਕੰਮ ਤੋਂ ਸਾਨੂੰ ਬੇਹੱਦ ਖ਼ੁਸ਼ੀ ਮਿਲੇਗੀ?

• ਜ਼ਿੰਦਗੀ ਵਿਚ ਸਭ ਤੋਂ ਕੀਮਤੀ ਚੀਜ਼ ਕੀ ਹੈ?

[ਸਵਾਲ]

[ਸਫ਼ਾ 23 ਉੱਤੇ ਤਸਵੀਰ]

ਮਨੋਰੰਜਨ ਨੂੰ ਸਾਡੀ ਜ਼ਿੰਦਗੀ ਵਿਚ ਕਿਹੜੀ ਜਗ੍ਹਾ ਲੈਣੀ ਚਾਹੀਦੀ?

[ਸਫ਼ਾ 24 ਉੱਤੇ ਤਸਵੀਰ]

ਪ੍ਰਚਾਰ ਦੇ ਕੰਮ ਤੋਂ ਸਾਨੂੰ ਅਤਿਅੰਤ ਖ਼ੁਸ਼ੀ ਕਿਉਂ ਮਿਲਦੀ ਹੈ?