Skip to content

Skip to table of contents

ਦੂਰ ਹੋ ਗਏ ਪਰ ਭੁਲਾਏ ਨਹੀਂ ਗਏ

ਦੂਰ ਹੋ ਗਏ ਪਰ ਭੁਲਾਏ ਨਹੀਂ ਗਏ

ਦੂਰ ਹੋ ਗਏ ਪਰ ਭੁਲਾਏ ਨਹੀਂ ਗਏ

ਪੌਲੁਸ ਰਸੂਲ ਨੇ ਮਸੀਹੀ ਭੈਣਾਂ-ਭਰਾਵਾਂ ਨੂੰ ਸਲਾਹ ਦਿੱਤੀ: “ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।” (ਗਲਾ. 6:10) ਅੱਜ ਅਸੀਂ ਵੀ ਇਸ ਸਲਾਹ ਉੱਤੇ ਚੱਲਦੇ ਹਾਂ ਅਤੇ ਆਪਣੇ ਭੈਣਾਂ-ਭਰਾਵਾਂ ਦਾ ਭਲਾ ਕਰਨ ਦੇ ਤਰੀਕੇ ਭਾਲਦੇ ਹਾਂ। ਅੱਜ ਜਿਨ੍ਹਾਂ ਭੈਣਾਂ-ਭਰਾਵਾਂ ਨੂੰ ਸਾਡੀ ਮਦਦ ਦੀ ਲੋੜ ਹੈ, ਉਨ੍ਹਾਂ ਭੈਣਾਂ-ਭਰਾਵਾਂ ਵਿਚ ਉਹ ਬਿਰਧ ਭੈਣ-ਭਰਾ ਵੀ ਸ਼ਾਮਲ ਹਨ ਜੋ ਬਿਰਧ ਆਸ਼ਰਮਾਂ ਵਿਚ ਰਹਿੰਦੇ ਹਨ।

ਇਹ ਸੱਚ ਹੈ ਕਿ ਕੁਝ ਦੇਸ਼ਾਂ ਵਿਚ ਬਿਰਧ ਮਾਪਿਆਂ ਦੀ ਦੇਖ-ਭਾਲ ਉਨ੍ਹਾਂ ਦੇ ਘਰ ਦੇ ਹੀ ਕਰਦੇ ਹਨ। ਪਰ ਹੋਰਨਾਂ ਦੇਸ਼ਾਂ ਵਿਚ ਬਿਰਧ ਲੋਕਾਂ ਦੀ ਦੇਖ-ਭਾਲ ਅਕਸਰ ਬਿਰਧ ਆਸ਼ਰਮਾਂ ਵਿਚ ਹੁੰਦੀ ਹੈ। ਤਾਂ ਫਿਰ ਅਜਿਹੇ ਭੈਣਾਂ-ਭਰਾਵਾਂ ਬਾਰੇ ਕੀ ਕਿਹਾ ਜਾ ਸਕਦਾ ਹੈ ਜੋ ਬਿਰਧ ਆਸ਼ਰਮਾਂ ਵਿਚ ਰਹਿੰਦੇ ਹਨ? ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ? ਜੇ ਉਨ੍ਹਾਂ ਨੂੰ ਘਰਦਿਆਂ ਵੱਲੋਂ ਕੋਈ ਸਹਾਇਤਾ ਨਹੀਂ ਮਿਲਦੀ, ਤਾਂ ਉਹ ਕੀ ਕਰ ਸਕਦੇ ਹਨ? ਕਲੀਸਿਯਾ ਦੇ ਮੈਂਬਰ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਨ? ਉਨ੍ਹਾਂ ਨੂੰ ਬਾਕਾਇਦਾ ਮਿਲਦੇ ਰਹਿਣ ਨਾਲ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

ਬਿਰਧ ਆਸ਼ਰਮਾਂ ਵਿਚ ਆਉਂਦੀਆਂ ਮੁਸ਼ਕਲਾਂ

ਹੋ ਸਕਦਾ ਕਿ ਬਿਰਧ ਭੈਣ-ਭਰਾ ਹੋਰ ਕਲੀਸਿਯਾ ਦੇ ਇਲਾਕੇ ਵਿਚ ਪੈਂਦੇ ਬਿਰਧ ਆਸ਼ਰਮ ਵਿਚ ਚਲੇ ਗਏ ਹੋਣ ਜਿੱਥੇ ਉਹ ਕਿਸੇ ਗਵਾਹ ਨੂੰ ਨਹੀਂ ਜਾਣਦੇ। ਇਸ ਕਰਕੇ ਉਸ ਇਲਾਕੇ ਦੇ ਗਵਾਹ ਸ਼ਾਇਦ ਉਨ੍ਹਾਂ ਨੂੰ ਮਿਲਣ ਵੀ ਨਾ ਜਾਣ। ਨਾਲੇ ਬਿਰਧ ਆਸ਼ਰਮ ਵਿਚ ਉਨ੍ਹਾਂ ਦੇ ਨਾਲ ਹੋਰਨਾਂ ਧਰਮਾਂ ਦੇ ਲੋਕ ਵੀ ਹੁੰਦੇ ਹਨ ਜਿਸ ਕਰਕੇ ਬਿਰਧ ਭੈਣ-ਭਰਾ ਸ਼ਾਇਦ ਮੁਸ਼ਕਲ ਵਿਚ ਪੈ ਜਾਣ।

ਮਿਸਾਲ ਲਈ, ਕੁਝ ਇਲਾਕਿਆਂ ਦੇ ਬਿਰਧ ਆਸ਼ਰਮਾਂ ਵਿਚ ਪੂਜਾ-ਪਾਠ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਬਿਰਧਾਂ ਦੀ ਦੇਖ-ਭਾਲ ਕਰਨ ਵਾਲੇ ਇਕ ਆਦਮੀ ਨੇ ਕਿਹਾ: “ਕੁਝ ਬਿਰਧ ਗਵਾਹ ਚੰਗੀ ਤਰ੍ਹਾਂ ਗੱਲਬਾਤ ਨਹੀਂ ਕਰ ਪਾਉਂਦੇ। ਕਈ ਵਾਰ ਉਨ੍ਹਾਂ ਦੀ ਇੱਛਾ ਜਾਣੇ ਬਗੈਰ ਹੀ ਉਨ੍ਹਾਂ ਨੂੰ ਵੀਲ੍ਹਚੇਅਰ ’ਤੇ ਲੈ ਜਾ ਕੇ ਚਰਚ ਦੀਆਂ ਰਸਮਾਂ-ਰੀਤਾਂ ਵਿਚ ਸ਼ਾਮਲ ਕਰ ਲਿਆ ਜਾਂਦਾ ਹੈ।” ਇਸ ਤੋਂ ਇਲਾਵਾ ਆਸ਼ਰਮਾਂ ਦੇ ਸਟਾਫ਼ ਗਵਾਹਾਂ ਨੂੰ ਜਨਮ ਦਿਨ, ਕ੍ਰਿਸਮਸ ਜਾਂ ਹੋਰ ਤਿਉਹਾਰ ਮਨਾਉਣ ਵਿਚ ਵੀ ਸ਼ਾਮਲ ਕਰ ਲੈਂਦੇ ਹਨ। ਕੁਝ ਗਵਾਹਾਂ ਨੂੰ ਇਹੋ ਜਿਹਾ ਖਾਣਾ ਦਿੱਤਾ ਜਾਂਦਾ ਹੈ ਜੋ ਉਨ੍ਹਾਂ ਦੀ ਜ਼ਮੀਰ ਉਨ੍ਹਾਂ ਨੂੰ ਖਾਣ ਦੀ ਇਜਾਜ਼ਤ ਨਹੀਂ ਦਿੰਦੀ। (ਰਸੂ. 15:29) ਜੇ ਅਸੀਂ ਇਨ੍ਹਾਂ ਭੈਣਾਂ-ਭਰਾਵਾਂ ਨੂੰ ਬਾਕਾਇਦਾ ਮਿਲਣ ਜਾਈਏ, ਤਾਂ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਅਸੀਂ ਉਨ੍ਹਾਂ ਦੀ ਮਦਦ ਕਰ ਪਾਵਾਂਗੇ।

ਕਲੀਸਿਯਾ ਦਾ ਸਹਾਰਾ

ਪਹਿਲੀ ਸਦੀ ਦੇ ਮਸੀਹੀ ਉਨ੍ਹਾਂ ਬਿਰਧਾਂ ਦੀ ਮਦਦ ਕਰਨ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਸਨ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਸੀ। (1 ਤਿਮੋ. 5:9) ਉਸੇ ਤਰ੍ਹਾਂ ਅੱਜ ਕਲੀਸਿਯਾ ਦੇ ਬਜ਼ੁਰਗ ਵੀ ਧਿਆਨ ਰੱਖਦੇ ਹਨ ਕਿ ਉਨ੍ਹਾਂ ਦੇ ਇਲਾਕੇ ਵਿਚ ਪੈਂਦੇ ਆਸ਼ਰਮਾਂ ਵਿਚ ਰਹਿੰਦੇ ਬਿਰਧ ਭੈਣਾਂ-ਭਰਾਵਾਂ ਦੀ ਚੰਗੀ ਦੇਖ-ਰੇਖ ਹੋ ਰਹੀ ਹੈ। * ਰੌਬਰਟ ਨਾਂ ਦਾ ਬਜ਼ੁਰਗ ਕਹਿੰਦਾ ਹੈ: “ਕਿੰਨਾ ਚੰਗਾ ਹੋਊ ਜੇ ਬਜ਼ੁਰਗ ਖ਼ੁਦ ਬਿਰਧ ਭੈਣਾਂ-ਭਰਾਵਾਂ ਨੂੰ ਮਿਲਣ ਜਾਣ। ਇੱਦਾਂ ਉਹ ਦੇਖ ਸਕਣਗੇ ਕਿ ਉਹ ਕਿਹੋ ਜਿਹੇ ਹਾਲਾਤਾਂ ਵਿਚ ਰਹਿੰਦੇ ਹਨ ਤੇ ਉਨ੍ਹਾਂ ਨਾਲ ਪ੍ਰਾਰਥਨਾ ਕਰ ਸਕਣਗੇ। ਹਾਂ, ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਲੀਸਿਯਾ ਕਾਫ਼ੀ ਕੁਝ ਕਰ ਸਕਦੀ ਹੈ।” ਯਹੋਵਾਹ ਲੋੜਵੰਦਾਂ ਦੀ ਦੇਖ-ਭਾਲ ਕਰਨ ਨੂੰ ਬਹੁਤ ਜ਼ਰੂਰੀ ਸਮਝਦਾ ਹੈ। ਜੇ ਅਸੀਂ ਸਮਾਂ ਕੱਢ ਕੇ ਇਨ੍ਹਾਂ ਭੈਣਾਂ-ਭਰਾਵਾਂ ਨੂੰ ਮਿਲਣ ਜਾਵਾਂਗੇ, ਤਾਂ ਅਸੀਂ ਯਹੋਵਾਹ ਦੀ ਰੀਸ ਕਰ ਰਹੇ ਹੋਵਾਂਗੇ।—ਯਾਕੂ. 1:27.

ਲੋੜ ਪੈਣ ਤੇ ਬਜ਼ੁਰਗ ਖ਼ੁਸ਼ੀ ਨਾਲ ਆਪਣੇ ਇਲਾਕੇ ਦੇ ਬਿਰਧ ਆਸ਼ਰਮਾਂ ਵਿਚ ਰਹਿੰਦੇ ਭੈਣਾਂ-ਭਰਾਵਾਂ ਦੀ ਮਦਦ ਕਰਨ ਦਾ ਇੰਤਜ਼ਾਮ ਕਰਦੇ ਹਨ। ਰੌਬਰਟ ਮਦਦ ਕਰਨ ਦਾ ਇਕ ਤਰੀਕਾ ਦੱਸਦਾ ਹੈ: “ਜੇ ਬਿਰਧ ਭੈਣ-ਭਰਾ ਸਭਾਵਾਂ ਵਿਚ ਆ ਸਕਣ, ਤਾਂ ਸਾਨੂੰ ਉਨ੍ਹਾਂ ਨੂੰ ਸਭਾਵਾਂ ਵਿਚ ਆਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।” ਪਰ ਜੋ ਕਿੰਗਡਮ ਹਾਲ ਨਹੀਂ ਆ ਸਕਦੇ, ਉਨ੍ਹਾਂ ਵਾਸਤੇ ਬਜ਼ੁਰਗ ਕੋਈ ਹੋਰ ਇੰਤਜ਼ਾਮ ਕਰ ਸਕਦੇ ਹਨ। 80 ਕੁ ਸਾਲਾਂ ਦੀ ਜੈਕਲੀਨ ਗਠੀਏ ਤੋਂ ਪੀੜਿਤ ਹੈ ਤੇ ਉਹ ਟੈਲੀਫ਼ੋਨ ਰਾਹੀਂ ਸਭਾਵਾਂ ਦਾ ਪ੍ਰੋਗ੍ਰਾਮ ਸੁਣਦੀ ਹੈ। ਉਹ ਕਹਿੰਦੀ ਹੈ: “ਭਾਵੇਂ ਮੈਂ ਸਭਾਵਾਂ ਵਿਚ ਜਾ ਨਹੀਂ ਸਕਦੀ, ਪਰ ਟੈਲੀਫ਼ੋਨ ਰਾਹੀਂ ਪ੍ਰੋਗ੍ਰਾਮ ਸੁਣ ਕੇ ਮੈਨੂੰ ਬਹੁਤ ਚੰਗਾ ਲੱਗਦਾ ਹੈ। ਮੈਂ ਸਭਾਵਾਂ ਤੋਂ ਖੁੰਝਣਾ ਨਹੀਂ ਚਾਹੁੰਦੀ ਚਾਹੇ ਜੋ ਮਰਜ਼ੀ ਹੋ ਜਾਵੇ।”

ਜੇ ਕੋਈ ਬਿਰਧ ਮਸੀਹੀ ਟੈਲੀਫ਼ੋਨ ਰਾਹੀਂ ਸਭਾਵਾਂ ਦਾ ਪ੍ਰੋਗ੍ਰਾਮ ਨਹੀਂ ਸੁਣ ਸਕਦਾ, ਤਾਂ ਬਜ਼ੁਰਗ ਪ੍ਰੋਗ੍ਰਾਮ ਰਿਕਾਰਡ ਕਰ ਕੇ ਭੇਜਣ ਦਾ ਇੰਤਜ਼ਾਮ ਕਰ ਸਕਦੇ ਹਨ। ਬਿਰਧ ਭੈਣ ਜਾਂ ਭਰਾ ਨੂੰ ਜੋ ਵਿਅਕਤੀ ਰਿਕਾਰਡ ਕੀਤਾ ਪ੍ਰੋਗ੍ਰਾਮ ਦੇਣ ਜਾਂਦਾ ਹੈ, ਉਹ ਇਸ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਉਸ ਦਾ ਹੌਸਲਾ ਵਧਾ ਸਕਦਾ ਹੈ। ਇਕ ਬਜ਼ੁਰਗ ਕਹਿੰਦਾ ਹੈ: “ਬਿਰਧ ਭੈਣਾਂ-ਭਰਾਵਾਂ ਨਾਲ ਕਲੀਸਿਯਾ ਦੇ ਮੈਂਬਰਾਂ ਬਾਰੇ ਗੱਲਾਂ ਸਾਂਝੀਆਂ ਕਰ ਕੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਕਲੀਸਿਯਾ ਤੋਂ ਦੂਰ ਨਹੀਂ ਹਨ।”

ਉਨ੍ਹਾਂ ਨੂੰ ਮਿਲਦੇ ਰਹੋ

ਕਈ ਭੈਣ-ਭਰਾ ਬਿਰਧ ਆਸ਼ਰਮ ਦੇ ਨਵੇਂ ਮਾਹੌਲ ਵਿਚ ਆ ਕੇ ਬਹੁਤ ਤਣਾਅ ਵਿਚ ਆ ਜਾਂਦੇ ਹਨ। ਨਤੀਜੇ ਵਜੋਂ ਕੁਝ ਆਪਣੇ ਆਪ ਵਿਚ ਹੀ ਰਹਿਣ ਲੱਗ ਪੈਂਦੇ ਹਨ। ਪਰ ਜੇ ਅਸੀਂ ਬਿਰਧ ਭੈਣਾਂ-ਭਰਾਵਾਂ ਦੇ ਆਸ਼ਰਮ ਵਿਚ ਆਉਂਦਿਆਂ ਹੀ ਉਨ੍ਹਾਂ ਨੂੰ ਮਿਲੀਏ ਅਤੇ ਦੱਸੀਏ ਕਿ ਅਸੀਂ ਉਨ੍ਹਾਂ ਦੀ ਮਦਦ ਕਰਦੇ ਰਹਾਂਗੇ, ਤਾਂ ਉਨ੍ਹਾਂ ਨੂੰ ਫਿਰ ਤੋਂ ਮਨ ਦੀ ਸ਼ਾਂਤੀ ਅਤੇ ਖ਼ੁਸ਼ੀ ਮਿਲੇਗੀ।—ਕਹਾ. 17:22.

ਜੇ ਬਿਰਧ ਭੈਣ-ਭਰਾ ਪਹਿਲਾਂ ਵਾਂਗ ਚੰਗੀ ਤਰ੍ਹਾਂ ਸੋਚ ਜਾਂ ਸੁਣ ਜਾਂ ਫਿਰ ਚੰਗੀ ਤਰ੍ਹਾਂ ਗੱਲ ਨਹੀਂ ਕਰ ਸਕਦੇ, ਤਾਂ ਕਈ ਸ਼ਾਇਦ ਸੋਚਣ ਕਿ ਉਨ੍ਹਾਂ ਨੂੰ ਮਿਲਣ ਦਾ ਕੋਈ ਫ਼ਾਇਦਾ ਨਹੀਂ। ਪਰ ਜੇ ਅਸੀਂ ਉਨ੍ਹਾਂ ਨੂੰ ਮਿਲਦੇ ਰਹੀਏ, ਤਾਂ ਇਸ ਤੋਂ ਜ਼ਾਹਰ ਹੋਵੇਗਾ ਕਿ ਅਸੀਂ ਉਨ੍ਹਾਂ ਦਾ ‘ਆਦਰ ਕਰਦੇ’ ਹਾਂ, ਭਾਵੇਂ ਉਨ੍ਹਾਂ ਨਾਲ ਗੱਲ ਕਰਨੀ ਕਿੰਨੀ ਹੀ ਮੁਸ਼ਕਲ ਕਿਉਂ ਨਾ ਹੋਵੇ। (ਰੋਮੀ. 12:10) ਜੇ ਕਿਸੇ ਭਰਾ ਦੀ ਯਾਦਾਸ਼ਤ ਕਮਜ਼ੋਰ ਪੈਣੀ ਸ਼ੁਰੂ ਹੋ ਗਈ ਹੈ, ਤਾਂ ਅਸੀਂ ਉਸ ਨੂੰ ਪੁਰਾਣੇ ਤਜਰਬੇ, ਇੱਥੋਂ ਤਕ ਕਿ ਬਚਪਨ ਦੇ ਤਜਰਬੇ ਦੱਸਣ ਦਾ ਉਤਸ਼ਾਹ ਦੇ ਸਕਦੇ ਹਾਂ ਜਾਂ ਅਸੀਂ ਪੁੱਛ ਸਕਦੇ ਹਾਂ ਕਿ ਉਹ ਸੱਚਾਈ ਵਿਚ ਕਿਵੇਂ ਆਇਆ। ਜੇ ਗੱਲ ਕਰਨ ਵਿਚ ਉਸ ਨੂੰ ਮੁਸ਼ਕਲ ਆ ਰਹੀ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ? ਧੀਰਜ ਨਾਲ ਗੱਲ ਸੁਣੋ। ਜੇ ਉਸ ਦੀ ਜ਼ਬਾਨ ’ਤੇ ਸ਼ਬਦ ਨਹੀਂ ਆ ਰਹੇ, ਤਾਂ ਮਦਦ ਕਰਨ ਲਈ ਦੋ-ਤਿੰਨ ਲਫ਼ਜ਼ਾਂ ਦਾ ਜ਼ਿਕਰ ਕਰੋ ਜਾਂ ਥੋੜ੍ਹੇ ਸ਼ਬਦਾਂ ਵਿਚ ਉਸ ਦੇ ਵਿਚਾਰਾਂ ਨੂੰ ਦੁਹਰਾਓ ਅਤੇ ਅੱਗੇ ਗੱਲ ਤੋਰਨ ਦੀ ਹੱਲਾਸ਼ੇਰੀ ਦਿਓ। ਜੇ ਉਸ ਨੂੰ ਪਤਾ ਨਹੀਂ ਕਿ ਉਹ ਕੀ ਕਹਿਣਾ ਚਾਹੁੰਦਾ ਹੈ ਜਾਂ ਉਹ ਸਾਫ਼ ਨਹੀਂ ਬੋਲ ਸਕਦਾ, ਤਾਂ ਅਸੀਂ ਉਸ ਦੀ ਆਵਾਜ਼ ਨੂੰ ਧਿਆਨ ਨਾਲ ਸੁਣ ਕੇ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹਾਂ।

ਜੇ ਉਹ ਬੋਲ ਹੀ ਨਹੀਂ ਸਕਦੇ, ਤਾਂ ਅਸੀਂ ਉਨ੍ਹਾਂ ਨਾਲ ਹੋਰਨਾਂ ਤਰੀਕਿਆਂ ਨਾਲ ਗੱਲਬਾਤ ਕਰ ਸਕਦੇ ਹਾਂ। ਲਾਰੰਸ ਨਾਂ ਦੀ ਪਾਇਨੀਅਰ 80 ਸਾਲਾਂ ਦੀ ਭੈਣ ਮੈਡਲੀਨ ਨੂੰ ਬਾਕਾਇਦਾ ਮਿਲਣ ਜਾਂਦੀ ਹੈ ਜੋ ਬੋਲ ਨਹੀਂ ਸਕਦੀ। ਲਾਰੰਸ ਦੱਸਦੀ ਹੈ ਕਿ ਉਹ ਕਿਵੇਂ ਗੱਲਬਾਤ ਕਰਦੀ ਹੈ: “ਪ੍ਰਾਰਥਨਾ ਕਰਦੇ ਵਕਤ ਮੈਂ ਮੈਡਲੀਨ ਦਾ ਹੱਥ ਫੜ ਲੈਂਦੀ ਹਾਂ। ਉਹ ਵੀ ਹਲਕਾ ਜਿਹਾ ਮੇਰੇ ਹੱਥ ਨੂੰ ਘੁੱਟ ਲੈਂਦੀ ਹੈ ਤੇ ਅੱਖਾਂ ਝਪਕਾ ਕੇ ਉਸ ਨਾਲ ਬਿਤਾਏ ਕੀਮਤੀ ਪਲਾਂ ਲਈ ਸ਼ੁਕਰੀਆ ਅਦਾ ਕਰਦੀ ਹੈ।” ਅਸੀਂ ਆਪਣੇ ਬਿਰਧ ਦੋਸਤਾਂ-ਮਿੱਤਰਾਂ ਦਾ ਹੱਥ ਫੜ ਕੇ ਜਾਂ ਉਨ੍ਹਾਂ ਨੂੰ ਪਿਆਰ ਨਾਲ ਗਲਵੱਕੜੀ ਪਾ ਕੇ ਉਨ੍ਹਾਂ ਦਾ ਹੌਸਲਾ ਵਧਾ ਸਕਦੇ ਹਾਂ।

ਤੁਹਾਡਾ ਉਨ੍ਹਾਂ ਨੂੰ ਮਿਲਣਾ ਬਹੁਤ ਮਾਅਨੇ ਰੱਖਦਾ ਹੈ

ਬਿਰਧਾਂ ਨੂੰ ਤੁਹਾਡੇ ਲਗਾਤਾਰ ਮਿਲਦੇ ਰਹਿਣ ਨਾਲ ਸਟਾਫ਼ ਸ਼ਾਇਦ ਉਨ੍ਹਾਂ ਦੀ ਹੋਰ ਵੀ ਚੰਗੀ ਤਰ੍ਹਾਂ ਦੇਖ-ਭਾਲ ਕਰਨ ਲਈ ਪ੍ਰੇਰਿਤ ਹੋਵੇ। ਡਾਨਿਏਲ ਤਕਰੀਬਨ 20 ਸਾਲਾਂ ਤੋਂ ਬਿਰਧ ਆਸ਼ਰਮਾਂ ਵਿਚ ਰਹਿੰਦੇ ਭੈਣਾਂ-ਭਰਾਵਾਂ ਨੂੰ ਮਿਲਣ ਜਾਂਦਾ ਰਿਹਾ ਹੈ। ਉਹ ਕਹਿੰਦਾ ਹੈ: “ਜਦ ਬਿਰਧ ਆਸ਼ਰਮ ਦਾ ਸਟਾਫ਼ ਦੇਖਦਾ ਹੈ ਕਿ ਉੱਥੇ ਰਹਿੰਦੇ ਕਿਸੇ ਵਿਅਕਤੀ ਨੂੰ ਕੋਈ ਵਾਰ-ਵਾਰ ਮਿਲਣ ਆਉਂਦਾ ਹੈ, ਤਾਂ ਉਹ ਉਸ ਬਿਰਧ ਦੀ ਵਧੀਆ ਤਰੀਕੇ ਨਾਲ ਦੇਖ-ਭਾਲ ਕਰਦੇ ਹਨ।” ਰੌਬਰਟ ਕਹਿੰਦਾ ਹੈ: “ਸਟਾਫ਼ ਉਸ ਬੰਦੇ ਦੀ ਜ਼ਿਆਦਾ ਗੱਲ ਸੁਣਦੇ ਹਨ ਜੋ ਵਾਰ-ਵਾਰ ਕਿਸੇ ਬਿਰਧ ਨੂੰ ਮਿਲਣ ਜਾਂਦਾ ਹੈ। ਪਰ ਕਦੇ-ਕਦਾਈਂ ਜਾਣ ਵਾਲੇ ਬੰਦੇ ਦੀ ਗੱਲ ਸ਼ਾਇਦ ਉਹ ਨਾ ਸੁਣਨ।” ਕਈ ਵਾਰ ਬਿਰਧਾਂ ਦੇ ਰਿਸ਼ਤੇਦਾਰ ਨਰਸਾਂ ਤੋਂ ਹੱਦੋਂ ਵਧ ਕੰਮ ਲੈਣਾ ਚਾਹੁੰਦੇ ਹਨ ਤੇ ਉਨ੍ਹਾਂ ਦੀ ਕਦਰ ਵੀ ਨਹੀਂ ਕਰਦੇ। ਸੋ ਜਦ ਕੋਈ ਉਨ੍ਹਾਂ ਦੀ ਸਖ਼ਤ ਮਿਹਨਤ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦਾ ਹੈ, ਤਾਂ ਉਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ। ਜੇ ਅਸੀਂ ਆਸ਼ਰਮ ਦੇ ਸਟਾਫ਼ ਨਾਲ ਚੰਗਾ ਰਿਸ਼ਤਾ ਬਣਾਈ ਰੱਖੀਏ, ਤਾਂ ਉਹ ਸ਼ਾਇਦ ਆਪਣੀ ਦੇਖ-ਰੇਖ ਹੇਠ ਬਿਰਧ ਗਵਾਹ ਦੇ ਵਿਸ਼ਵਾਸਾਂ ਦੀ ਜ਼ਿਆਦਾ ਕਦਰ ਕਰਨ।

ਅਸੀਂ ਛੋਟੇ-ਮੋਟੇ ਕੰਮਾਂ ਵਿਚ ਸਟਾਫ਼ ਦੀ ਮਦਦ ਕਰ ਕੇ ਵੀ ਚੰਗਾ ਰਿਸ਼ਤਾ ਬਣਾ ਸਕਦੇ ਹਾਂ। ਕੁਝ ਥਾਵਾਂ ਤੇ ਨਰਸਿੰਗ ਸਟਾਫ਼ ਦੀ ਹਮੇਸ਼ਾ ਘਾਟ ਰਹਿੰਦੀ ਹੈ ਜਿਸ ਕਰਕੇ ਬਿਰਧਾਂ ਦੀ ਚੰਗੀ ਦੇਖ-ਭਾਲ ਨਹੀਂ ਹੋ ਪਾਉਂਦੀ। ਰਿਬੈਕਾ ਨਾਂ ਦੀ ਨਰਸ ਇਹ ਸੁਝਾਅ ਦਿੰਦੀ ਹੈ: “ਖਾਣਾ ਖਾਣ ਦਾ ਵਕਤ ਬਹੁਤ ਰੁਝੇਵੇਂ ਭਰਿਆ ਹੁੰਦਾ ਹੈ। ਉਦੋਂ ਬਿਰਧ ਵਿਅਕਤੀ ਨੂੰ ਮਿਲਣ ਜਾਣਾ ਅਤੇ ਖਾਣਾ ਖਿਲਾਉਣ ਵਿਚ ਮਦਦ ਕਰਨੀ ਵਧੀਆ ਗੱਲ ਹੋਵੇਗੀ।” ਸਾਨੂੰ ਸਟਾਫ਼ ਤੋਂ ਕੁਝ ਸੁਝਾਅ ਪੁੱਛਣ ਤੋਂ ਝਿਜਕਣਾ ਨਹੀਂ ਚਾਹੀਦਾ ਕਿ ਅਸੀਂ ਉਨ੍ਹਾਂ ਦੀ ਕਿੱਦਾਂ ਮਦਦ ਕਰ ਸਕਦੇ ਹਾਂ।

ਵਾਰ-ਵਾਰ ਆਸ਼ਰਮ ਵਿਚ ਬਿਰਧ ਭੈਣ ਜਾਂ ਭਰਾ ਨੂੰ ਮਿਲਣ ਜਾਂਦੇ ਰਹਿਣ ਨਾਲ ਸਾਨੂੰ ਉਨ੍ਹਾਂ ਦੀਆਂ ਲੋੜਾਂ ਪਤਾ ਲੱਗਦੀਆਂ ਹਨ। ਸਟਾਫ਼ ਦੀ ਇਜਾਜ਼ਤ ਨਾਲ ਅਸੀਂ ਇਹ ਲੋੜਾਂ ਪੂਰੀਆਂ ਕਰ ਸਕਦੇ ਹਾਂ। ਮਿਸਾਲ ਲਈ, ਅਸੀਂ ਉਨ੍ਹਾਂ ਦੇ ਕਮਰੇ ਵਿਚ ਉਨ੍ਹਾਂ ਦੇ ਅਜ਼ੀਜ਼ਾਂ ਦੀਆਂ ਫੋਟੋਆਂ ਜਾਂ ਬੱਚਿਆਂ ਵੱਲੋਂ ਬਣਾਈਆਂ ਤਸਵੀਰਾਂ ਲਾ ਕੇ ਕਮਰੇ ਨੂੰ ਸਜਾ ਸਕਦੇ ਹਾਂ। ਉਨ੍ਹਾਂ ਵਾਸਤੇ ਅਸੀਂ ਗਰਮ ਕੱਪੜੇ ਜਾਂ ਸਾਬਣ, ਸ਼ੈਂਪੂ ਵਗੈਰਾ ਲੈ ਕੇ ਜਾ ਸਕਦੇ ਹਾਂ। ਜੇ ਆਸ਼ਰਮ ਵਿਚ ਬਗ਼ੀਚਾ ਹੈ, ਤਾਂ ਕੀ ਅਸੀਂ ਉਨ੍ਹਾਂ ਨੂੰ ਤਾਜ਼ੀ ਹਵਾ ਖਾਣ ਵਾਸਤੇ ਬਾਹਰ ਲੈ ਜਾ ਸਕਦੇ ਹਾਂ? ਲਾਰੰਸ ਕਹਿੰਦੀ ਹੈ: “ਮੈਡਲੀਨ ਹਰ ਹਫ਼ਤੇ ਮੇਰੀ ਉਡੀਕ ਕਰਦੀ ਹੈ। ਜਦ ਮੈਂ ਆਪਣੇ ਨਾਲ ਬੱਚੇ ਲੈ ਜਾਂਦੀ ਹੈ, ਤਾਂ ਉਸ ਦਾ ਚਿਹਰਾ ਖਿੜ ਉੱਠਦਾ ਹੈ ਤੇ ਅੱਖਾਂ ਚਮਕ ਉੱਠਦੀਆਂ ਹਨ!” ਅਸੀਂ ਵੀ ਕੁਝ ਇਹੋ ਜਿਹਾ ਕਰ ਕੇ ਆਸ਼ਰਮ ਵਿਚ ਰਹਿੰਦੇ ਭੈਣਾਂ-ਭਰਾਵਾਂ ਦੀ ਕਾਫ਼ੀ ਮਦਦ ਕਰ ਸਕਦੇ ਹਾਂ।—ਕਹਾ. 3:27.

ਉਨ੍ਹਾਂ ਦੇ ਨਾਲ-ਨਾਲ ਸਾਨੂੰ ਵੀ ਫ਼ਾਇਦਾ

ਬਿਰਧ ਭੈਣ ਜਾਂ ਭਰਾ ਨੂੰ ਮਿਲਦੇ ਰਹਿਣ ਨਾਲ ਸ਼ਾਇਦ ਸਾਡੇ “ਪ੍ਰੇਮ ਦੀ ਸਚਿਆਈ” ਪਰਖੀ ਜਾਵੇ। (2 ਕੁਰਿੰ. 8:8) ਉਹ ਕਿਸ ਤਰ੍ਹਾਂ? ਸ਼ਾਇਦ ਸਾਨੂੰ ਬਹੁਤ ਦੁੱਖ ਲੱਗੇ ਜਦ ਅਸੀਂ ਆਪਣੇ ਬਿਰਧ ਦੋਸਤ-ਮਿੱਤਰ ਨੂੰ ਲਗਾਤਾਰ ਕਮਜ਼ੋਰ ਹੁੰਦਿਆਂ ਦੇਖਦੇ ਹਾਂ। ਲਾਰੰਸ ਕਹਿੰਦੀ ਹੈ: “ਪਹਿਲਾਂ-ਪਹਿਲ ਮੈਡਲੀਨ ਦੀ ਹਾਲਤ ਦੇਖ ਕੇ ਮੈਨੂੰ ਇੰਨਾ ਦੁੱਖ ਹੁੰਦਾ ਸੀ ਕਿ ਮੈਂ ਹਰ ਵਾਰ ਉਸ ਨੂੰ ਮਿਲਣ ਤੋਂ ਬਾਅਦ ਰੋਂਦੀ ਸੀ। ਪਰ ਮੈਂ ਦੇਖਿਆ ਹੈ ਕਿ ਦਿਲੋਂ ਪ੍ਰਾਰਥਨਾ ਕਰਨ ਨਾਲ ਅਸੀਂ ਆਪਣੇ ਜਜ਼ਬਾਤਾਂ ਉੱਤੇ ਕਾਬੂ ਪਾ ਸਕਦੇ ਹਾਂ ਤੇ ਹੋਰਨਾਂ ਨੂੰ ਹੌਸਲਾ ਦੇ ਸਕਦੇ ਹਾਂ।” ਰੌਬਰਟ ਸਾਲਾਂ ਤੋਂ ਇਕ ਭਰਾ ਲੈਰੀ ਨੂੰ ਮਿਲਣ ਜਾਂਦਾ ਰਿਹਾ ਹੈ ਜੋ ਪਾਰਕਿੰਸਨ ਰੋਗ ਤੋਂ ਪੀੜਿਤ ਹੈ। ਰੌਬਰਟ ਕਹਿੰਦਾ ਹੈ: “ਇਸ ਬੀਮਾਰੀ ਦਾ ਲੈਰੀ ’ਤੇ ਇੰਨਾ ਅਸਰ ਹੋਇਆ ਕਿ ਮੈਂ ਉਸ ਦਾ ਇਕ ਵੀ ਲਫ਼ਜ਼ ਨਹੀਂ ਸਮਝ ਪਾਉਂਦਾ। ਪਰ ਜਦ ਅਸੀਂ ਇਕੱਠੇ ਪ੍ਰਾਰਥਨਾ ਕਰਦੇ ਹਾਂ, ਤਾਂ ਪਤਾ ਚੱਲਦਾ ਹੈ ਕਿ ਉਸ ਦੀ ਨਿਹਚਾ ਹਾਲੇ ਵੀ ਪੱਕੀ ਹੈ।”

ਬਿਰਧ ਭੈਣਾਂ-ਭਰਾਵਾਂ ਨੂੰ ਮਿਲ ਕੇ ਨਾ ਸਿਰਫ਼ ਅਸੀਂ ਉਨ੍ਹਾਂ ਦੀ ਮਦਦ ਕਰਦੇ ਹਾਂ, ਸਗੋਂ ਸਾਨੂੰ ਵੀ ਫ਼ਾਇਦਾ ਹੁੰਦਾ ਹੈ। ਹੋਰਨਾਂ ਧਰਮਾਂ ਦੇ ਲੋਕਾਂ ਵਿਚ ਰਹਿਣ ਦੇ ਬਾਵਜੂਦ ਇਹ ਭੈਣ-ਭਰਾ ਯਹੋਵਾਹ ਨਾਲ ਮਜ਼ਬੂਤ ਰਿਸ਼ਤਾ ਬਣਾਈ ਰੱਖਦੇ ਹਨ। ਇਸ ਤੋਂ ਅਸੀਂ ਨਿਹਚਾ ਅਤੇ ਹਿੰਮਤ ਰੱਖਣੀ ਸਿੱਖਦੇ ਹਾਂ। ਚੰਗੀ ਤਰ੍ਹਾਂ ਨਾ ਸੁਣਨ ਤੇ ਨਾ ਦੇਖਣ ਦੇ ਬਾਵਜੂਦ ਇਹ ਭੈਣ-ਭਰਾ ਪਰਮੇਸ਼ੁਰ ਦਾ ਗਿਆਨ ਹਾਸਲ ਕਰਨ ਦੀ ਤਲਬ ਰੱਖਦੇ ਹਨ। ਇਸ ਤਰ੍ਹਾਂ ਉਹ ਦਿਖਾਉਂਦੇ ਹਨ ਕਿ “ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।” (ਮੱਤੀ 4:4) ਬਿਰਧ ਲੋਕ ਸਾਦੀਆਂ ਜਿਹੀਆਂ ਗੱਲਾਂ ਤੋਂ ਹੀ ਖ਼ੁਸ਼ ਹੋ ਜਾਂਦੇ ਹਨ। ਮਿਸਾਲ ਲਈ, ਉਨ੍ਹਾਂ ਨੂੰ ਬੱਚੇ ਦੀ ਮੁਸਕਰਾਹਟ ਤੋਂ ਜਾਂ ਦੂਜਿਆਂ ਨਾਲ ਮਿਲ ਕੇ ਖਾਣਾ ਖਾਣ ਤੋਂ ਖ਼ੁਸ਼ੀ ਮਿਲਦੀ ਹੈ। ਇਹ ਦੇਖ ਕੇ ਸਾਨੂੰ ਯਾਦ ਆਉਂਦਾ ਹੈ ਕਿ ਸਾਡੇ ਕੋਲ ਜੋ ਕੁਝ ਹੈ, ਅਸੀਂ ਉਸ ਨਾਲ ਸੰਤੁਸ਼ਟ ਰਹੀਏ। ਪਰਮੇਸ਼ੁਰ ਲਈ ਉਨ੍ਹਾਂ ਦੇ ਪਿਆਰ ਨੂੰ ਦੇਖ ਕੇ ਸਾਨੂੰ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣ ਵਿਚ ਮਦਦ ਮਿਲਦੀ ਹੈ।

ਜੀ ਹਾਂ, ਬਿਰਧ ਭੈਣਾਂ-ਭਰਾਵਾਂ ਦੀ ਮਦਦ ਕਰਨ ਨਾਲ ਸਾਰੀ ਕਲੀਸਿਯਾ ਨੂੰ ਫ਼ਾਇਦਾ ਹੁੰਦਾ ਹੈ। ਕਿਵੇਂ? ਇਨ੍ਹਾਂ ਭੈਣਾਂ-ਭਰਾਵਾਂ ਨੂੰ ਦੂਸਰੇ ਭੈਣਾਂ-ਭਰਾਵਾਂ ਦੇ ਪਿਆਰ ਅਤੇ ਮਦਦ ਦੀ ਜ਼ਿਆਦਾ ਲੋੜ ਹੁੰਦੀ ਹੈ। ਮਦਦ ਕਰਨ ਦੇ ਮੌਕਿਆਂ ਦਾ ਫ਼ਾਇਦਾ ਉਠਾ ਕੇ ਕਲੀਸਿਯਾ ਨੂੰ ਉਨ੍ਹਾਂ ਦੇ ਹਮਦਰਦ ਬਣਨ ਦਾ ਵੀ ਮੌਕਾ ਮਿਲਦਾ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਬਿਰਧਾਂ ਦੀ ਦੇਖ-ਭਾਲ ਕਰ ਕੇ ਉਨ੍ਹਾਂ ਦੀ ਟਹਿਲ ਸੇਵਾ ਕਰਨੀ ਚਾਹੀਦੀ ਹੈ, ਚਾਹੇ ਸਾਨੂੰ ਉਨ੍ਹਾਂ ਨੂੰ ਬਿਰਧ ਆਸ਼ਰਮ ਵਿਚ ਮਿਲਣ ਲਈ ਵਾਰ-ਵਾਰ ਕਿਉਂ ਨਾ ਜਾਣਾ ਪਵੇ। (1 ਪਤ. 4:10, 11) ਜੇ ਬਜ਼ੁਰਗ ਇਸ ਤਰ੍ਹਾਂ ਕਰਨ ਵਿਚ ਖ਼ੁਦ ਅੱਗੇ ਆਉਣ, ਤਾਂ ਉਹ ਕਲੀਸਿਯਾ ਦੇ ਹੋਰਨਾਂ ਮੈਂਬਰਾਂ ਦੀ ਇਹ ਦੇਖਣ ਵਿਚ ਮਦਦ ਕਰਨਗੇ ਕਿ ਬਿਰਧਾਂ ਦੀ ਦੇਖ-ਭਾਲ ਕਰਨੀ ਵੀ ਸਾਡੀ ਭਗਤੀ ਦਾ ਹਿੱਸਾ ਹੈ। (ਹਿਜ਼. 34:15, 16) ਆਪਣੇ ਬਿਰਧ ਭੈਣਾਂ-ਭਰਾਵਾਂ ਦੀ ਖ਼ੁਸ਼ੀ ਤੇ ਪਿਆਰ ਨਾਲ ਦੇਖ-ਰੇਖ ਕਰ ਕੇ ਅਸੀਂ ਉਨ੍ਹਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਭੁੱਲੇ ਨਹੀਂ!

[ਫੁਟਨੋਟ]

^ ਪੈਰਾ 8 ਕਲੀਸਿਯਾ ਦੇ ਸੈਕਟਰੀ ਨੂੰ ਜਿਉਂ ਹੀ ਪਤਾ ਲੱਗਦਾ ਹੈ ਕਿ ਕਲੀਸਿਯਾ ਦਾ ਕੋਈ ਭਰਾ ਜਾਂ ਭੈਣ ਕਿਸੇ ਹੋਰ ਇਲਾਕੇ ਦੇ ਬਿਰਧ ਆਸ਼ਰਮ ਵਿਚ ਚਲਾ ਗਿਆ ਹੈ, ਤਾਂ ਉਸ ਨੂੰ ਤੁਰੰਤ ਉੱਥੇ ਦੀ ਕਲੀਸਿਯਾ ਦੇ ਬਜ਼ੁਰਗਾਂ ਨੂੰ ਸੂਚਿਤ ਕਰਨਾ ਚਾਹੀਦਾ ਹੈ।

[ਸਫ਼ਾ 28 ਉੱਤੇ ਸੁਰਖੀ]

“ਜਦ ਬਿਰਧ ਆਸ਼ਰਮ ਦਾ ਸਟਾਫ਼ ਦੇਖਦਾ ਹੈ ਕਿ ਉੱਥੇ ਰਹਿੰਦੇ ਕਿਸੇ ਵਿਅਕਤੀ ਨੂੰ ਕੋਈ ਵਾਰ-ਵਾਰ ਮਿਲਣ ਆਉਂਦਾ ਹੈ, ਤਾਂ ਉਹ ਉਸ ਬਿਰਧ ਦੀ ਵਧੀਆ ਤਰੀਕੇ ਨਾਲ ਦੇਖ-ਭਾਲ ਕਰਦੇ ਹਨ”

[ਸਫ਼ਾ 26 ਉੱਤੇ ਤਸਵੀਰ]

ਸਾਡੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਬਿਰਧ ਭੈਣ ਜਾਂ ਭਰਾ ਦੀ ਮਨ ਦੀ ਸ਼ਾਂਤੀ ਪਾਉਣ ਵਿਚ ਮਦਦ ਕਰ ਸਕਦੀਆਂ ਹਨ

[ਸਫ਼ਾ 26 ਉੱਤੇ ਤਸਵੀਰ]

ਬਿਰਧ ਭੈਣ-ਭਰਾਵਾਂ ਨਾਲ ਪਿਆਰ ਦੇ ਦੋ ਬੋਲ ਸਾਂਝੇ ਕਰਨ ਨਾਲ ਉਨ੍ਹਾਂ ਦਾ ਹੌਸਲਾ ਵਧਦਾ ਹੈ