Skip to content

Skip to table of contents

“ਨਿਕੰਮੀਆਂ ਗੱਲਾਂ” ਜਾਂ ਚੀਜ਼ਾਂ ਤੋਂ ਮਨ ਫੇਰੋ

“ਨਿਕੰਮੀਆਂ ਗੱਲਾਂ” ਜਾਂ ਚੀਜ਼ਾਂ ਤੋਂ ਮਨ ਫੇਰੋ

“ਨਿਕੰਮੀਆਂ ਗੱਲਾਂ” ਜਾਂ ਚੀਜ਼ਾਂ ਤੋਂ ਮਨ ਫੇਰੋ

“ਜੋ ਨਿਕੰਮੀਆਂ ਗੱਲਾਂ ਦਾ ਪਿੱਛਾ ਕਰਦਾ ਹੈ ਉਹ ਨਿਰਬੁੱਧ ਹੈ।”—ਕਹਾ. 12:11.

1. ਸਾਡੇ ਸਾਰਿਆਂ ਕੋਲ ਕਿਹੜੀਆਂ ਕੀਮਤੀ ਚੀਜ਼ਾਂ ਹਨ ਅਤੇ ਅਸੀਂ ਇਨ੍ਹਾਂ ਨੂੰ ਕਿੱਦਾਂ ਵਰਤ ਸਕਦੇ ਹਾਂ?

ਸਾਡੇ ਸਾਰਿਆਂ ਕੋਲ ਕੋਈ-ਨ-ਕੋਈ ਕੀਮਤੀ ਚੀਜ਼ ਹੈ। ਮਿਸਾਲ ਲਈ, ਸਾਡੀ ਸਿਹਤ, ਤਾਕਤ, ਚੰਗੇ ਫ਼ੈਸਲੇ ਕਰਨ ਦੀ ਯੋਗਤਾ, ਜਾਂ ਧਨ-ਦੌਲਤ। ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ, ਇਸ ਲਈ ਅਸੀਂ ਇਹ ਚੀਜ਼ਾਂ ਉਸ ਦੀ ਸੇਵਾ ਵਿਚ ਲਾ ਕੇ ਖ਼ੁਸ਼ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਬਾਈਬਲ ਦੀ ਇਸ ਗੱਲ ਨਾਲ ਸਹਿਮਤ ਹਾਂ: ‘ਆਪਣੇ ਮਾਲ ਨਾਲ ਯਹੋਵਾਹ ਦੀ ਮਹਿਮਾ ਕਰ।’—ਕਹਾ. 3:9.

2. ਬਾਈਬਲ ਵਿਚ ਨਿਕੰਮੀਆਂ ਗੱਲਾਂ ਜਾਂ ਚੀਜ਼ਾਂ ਬਾਰੇ ਕਿਹੜੀ ਚੇਤਾਵਨੀ ਦਿੱਤੀ ਗਈ ਹੈ ਤੇ ਇਸ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ?

2 ਦੂਜੇ ਪਾਸੇ, ਬਾਈਬਲ ਵਿਚ ਨਿਕੰਮੀਆਂ ਗੱਲਾਂ ਜਾਂ ਚੀਜ਼ਾਂ ਬਾਰੇ ਵੀ ਦੱਸਿਆ ਗਿਆ ਹੈ ਤੇ ਸਾਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਅਸੀਂ ਉਨ੍ਹਾਂ ਦੇ ਮਗਰ ਨਾ ਲੱਗੀਏ। ਇਸ ਦੇ ਸੰਬੰਧ ਵਿਚ ਕਹਾਉਤਾਂ 12:11 ਵੱਲ ਧਿਆਨ ਦਿਓ: “ਜਿਹੜਾ ਆਪਣੀ ਭੋਂ ਨੂੰ ਦੱਬ ਕੇ ਵਾਹੇਗ਼ਾ ਉਹ ਰੱਜ ਕੇ ਖਾਏਗਾ, ਤੇ ਜੋ ਨਿਕੰਮੀਆਂ ਗੱਲਾਂ ਦਾ ਪਿੱਛਾ ਕਰਦਾ ਹੈ ਉਹ ਨਿਰਬੁੱਧ ਹੈ।” ਕੀ ਅਸੀਂ ਇਸ ਆਇਤ ਦਾ ਮਤਲਬ ਸਮਝਦੇ ਹਾਂ? ਜੇ ਕੋਈ ਬੰਦਾ ਆਪਣੇ ਪਰਿਵਾਰ ਲਈ ਸਖ਼ਤ ਮਿਹਨਤ ਕਰੇਗਾ, ਤਾਂ ਹੀ ਉਸ ਦੇ ਹੱਥ ਪੱਲੇ ਕੁਝ ਪਵੇਗਾ। (1 ਤਿਮੋ. 5:8) ਪਰ ਜੇ ਉਹ ਨਿਕੰਮੀਆਂ ਗੱਲਾਂ ਦਾ ਪਿੱਛਾ ਕਰੇਗਾ, ਤਾਂ ਉਹ “ਨਿਰਬੁੱਧ” ਹੋਵੇਗਾ। ਹੋ ਸਕਦਾ ਹੈ ਕਿ ਅਜਿਹਾ ਬੰਦਾ ਆਪਣੀਆਂ ਤੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਨਾ ਕਰ ਪਾਵੇ।

3. ਕਹਾਉਤਾਂ 12:11 ਦਾ ਸਿਧਾਂਤ ਯਹੋਵਾਹ ਦੀ ਭਗਤੀ ਦੇ ਸੰਬੰਧ ਵਿਚ ਕਿਵੇਂ ਲਾਗੂ ਹੁੰਦਾ ਹੈ?

3 ਆਓ ਹੁਣ ਆਪਾਂ ਕਹਾਉਤਾਂ 12:11 ਦੇ ਸਿਧਾਂਤ ਨੂੰ ਯਹੋਵਾਹ ਦੀ ਭਗਤੀ ਦੇ ਸੰਬੰਧ ਵਿਚ ਲਾਗੂ ਕਰੀਏ। ਜਿਹੜਾ ਮਸੀਹੀ ਮਿਹਨਤੀ ਹੈ ਤੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਹੈ, ਉਸ ਨੂੰ ਨਾ ਸਿਰਫ਼ ਯਹੋਵਾਹ ਤੋਂ ਬਰਕਤਾਂ ਮਿਲਣਗੀਆਂ, ਸਗੋਂ ਭਵਿੱਖ ਲਈ ਵਧੀਆ ਆਸ ਵੀ ਮਿਲੇਗੀ। (ਮੱਤੀ 6:33; 1 ਤਿਮੋ. 4:10) ਪਰ ਜਿਹੜਾ ਮਸੀਹੀ ਨਿਕੰਮੀਆਂ ਗੱਲਾਂ ਦੇ ਮਗਰ ਲੱਗੇਗਾ, ਉਸ ਦਾ ਨਾ ਸਿਰਫ਼ ਯਹੋਵਾਹ ਨਾਲੋਂ ਰਿਸ਼ਤਾ ਟੁੱਟ ਸਕਦਾ ਹੈ, ਸਗੋਂ ਉਹ ਹਮੇਸ਼ਾ ਲਈ ਜੀਣ ਦੀ ਉਮੀਦ ਵੀ ਗੁਆ ਸਕਦਾ ਹੈ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਨਾਲ ਇਸ ਤਰ੍ਹਾਂ ਹੋਵੇ। ਤਾਂ ਫਿਰ ਅਸੀਂ ਕੀ ਕਰ ਸਕਦੇ ਹਾਂ? ਸਾਨੂੰ ਸਮਝਣ ਦੀ ਲੋੜ ਹੈ ਕਿ “ਨਿਕੰਮੀਆਂ ਗੱਲਾਂ” ਕਿਹੜੀਆਂ ਹਨ ਜਿਨ੍ਹਾਂ ਤੋਂ ਸਾਨੂੰ ਮਨ ਫੇਰਨਾ ਚਾਹੀਦਾ ਹੈ।—ਤੀਤੁਸ 2:11, 12 ਪੜ੍ਹੋ।

4. ਨਿਕੰਮੀਆਂ ਗੱਲਾਂ ਜਾਂ ਚੀਜ਼ਾਂ ਕੀ ਹਨ?

4 ਨਿਕੰਮੀਆਂ ਗੱਲਾਂ ਜਾਂ ਚੀਜ਼ਾਂ ਕੀ ਹਨ? ਇਹ ਕੋਈ ਵੀ ਗੱਲ ਜਾਂ ਚੀਜ਼ ਹੋ ਸਕਦੀ ਹੈ ਜੋ ਸਾਨੂੰ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨ ਤੋਂ ਰੋਕਦੀ ਹੈ। ਮਿਸਾਲ ਲਈ, ਮਨੋਰੰਜਨ। ਇਹ ਸੱਚ ਹੈ ਕਿ ਮਨੋਰੰਜਨ ਦੀ ਆਪਣੀ ਇਕ ਜਗ੍ਹਾ ਹੈ। ਪਰ ਜਦ ਅਸੀਂ ਮਜ਼ਾ ਕਰਨ ਵਿਚ ਇੰਨਾ ਸਮਾਂ ਲਾਉਂਦੇ ਹਾਂ ਕਿ ਯਹੋਵਾਹ ਦੀ ਭਗਤੀ ਕਰਨ ਲਈ ਸਾਡੇ ਕੋਲ ਸਮਾਂ ਹੀ ਨਹੀਂ ਰਹਿੰਦਾ, ਤਾਂ ਮਨੋਰੰਜਨ ਅਜਿਹੀ ਨਿਕੰਮੀ ਚੀਜ਼ ਬਣ ਜਾਂਦੀ ਹੈ ਜੋ ਸਾਨੂੰ ਯਹੋਵਾਹ ਤੋਂ ਦੂਰ ਲੈ ਜਾਂਦੀ ਹੈ। (ਉਪ. 2:24; 4:6) ਇਸ ਲਈ ਸਾਨੂੰ ਸੰਤੁਲਨ ਅਤੇ ਧਿਆਨ ਰੱਖਣ ਦੀ ਲੋੜ ਹੈ ਕਿ ਅਸੀਂ ਆਪਣਾ ਕੀਮਤੀ ਸਮਾਂ ਕਿਵੇਂ ਵਰਤ ਰਹੇ ਹਾਂ। (ਕੁਲੁੱਸੀਆਂ 4:5 ਪੜ੍ਹੋ।) ਪਰ ਮਨੋਰੰਜਨ ਕਰਨ ਤੋਂ ਇਲਾਵਾ ਵੀ ਕਈ ਨਿਕੰਮੀਆਂ ਗੱਲਾਂ ਜਾਂ ਚੀਜ਼ਾਂ ਹਨ ਜੋ ਸਾਡੇ ਲਈ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ। ਇਨ੍ਹਾਂ ਵਿੱਚੋਂ ਇਕ ਹੈ ਮੂਰਤੀਆਂ।

ਮੂਰਤੀਆਂ ਨੂੰ ਰੱਬ ਦਾ ਦਰਜਾ ਨਾ ਦਿਓ

5. ਬਾਈਬਲ ਮੂਰਤੀਆਂ ਬਾਰੇ ਕੀ ਕਹਿੰਦੀ ਹੈ?

5 ਯਹੋਵਾਹ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਕਿਹਾ ਸੀ: “ਤੁਸਾਂ ਆਪਣੇ ਲਈ ਕੋਈ ਠਾਕੁਰ ਨਾ ਬਣਾਉਣਾ, ਨਾ ਆਪਣੇ ਲਈ ਕੋਈ ਉੱਕਰੀ ਹੋਈ ਮੂਰਤ ਯਾਂ ਥੰਮ੍ਹ ਖੜਾ ਕਰਨਾ, ਅਤੇ ਨਾ ਆਪਣੇ ਦੇਸ ਵਿੱਚ ਕੋਈ ਪੱਥਰ ਦੀ ਮੂਰਤ ਉਸ ਦੇ ਅੱਗੇ ਨਿਉਣ ਲਈ ਰੱਖਣੀ।” (ਲੇਵੀ. 26:1) ਰਾਜਾ ਦਾਊਦ ਨੇ ਲਿਖਿਆ: “ਯਹੋਵਾਹ ਮਹਾਨ ਤੇ ਅੱਤ ਉਸਤਤ ਜੋਗ ਹੈ, ਉਹ ਸਾਰੇ ਦੇਵਤਿਆਂ ਨਾਲੋਂ ਭੈ ਦਾਇਕ ਹੈ। ਲੋਕਾਂ ਦੇ ਸਾਰੇ ਦੇਵਤੇ ਬੁੱਤ ਹੀ ਹਨ, ਪਰ ਯਹੋਵਾਹ ਨੇ ਅਕਾਸ਼ ਬਣਾਏ।”—1 ਇਤ. 16:25, 26.

6. ਮੂਰਤੀਆਂ ਕਿਉਂ ਕਿਸੇ ਕੰਮ ਦੀਆਂ ਨਹੀਂ?

6 ਜਿਸ ਤਰ੍ਹਾਂ ਦਾਊਦ ਨੇ ਕਿਹਾ ਸੀ, ਅਸੀਂ ਆਪਣੇ ਚਾਰੇ ਪਾਸੇ ਯਹੋਵਾਹ ਦੀ ਮਹਾਨਤਾ ਦਾ ਸਬੂਤ ਦੇਖਦੇ ਹਾਂ। (ਜ਼ਬੂ. 139:14; 148:1-10) ਇਹ ਕਿੱਡੀ ਮਾਣ ਦੀ ਗੱਲ ਸੀ ਕਿ ਇਸਰਾਏਲੀ ਯਹੋਵਾਹ ਦੇ ਨੇਮਬੱਧ ਲੋਕ ਸਨ। ਉਸ ਤੋਂ ਮੂੰਹ ਮੋੜ ਕੇ ਮੂਰਤੀਆਂ ਤੇ ਬੁੱਤਾਂ ਦੇ ਅੱਗੇ ਮੱਥਾ ਟੇਕਣਾ ਮੂਰਖਤਾ ਦੀ ਗੱਲ ਸੀ। ਸੰਕਟ ਦੇ ਸਮੇਂ ਵਿਚ ਇਹ ਮੂਰਤੀਆਂ ਉਨ੍ਹਾਂ ਦੇ ਕਿਸੇ ਕੰਮ ਨਹੀਂ ਆਈਆਂ। ਉਹ ਤਾਂ ਆਪਣੇ ਆਪ ਨੂੰ ਨਹੀਂ ਬਚਾ ਸਕੀਆਂ, ਆਪਣੇ ਪੁਜਾਰੀਆਂ ਦੀ ਮਦਦ ਕਰਨੀ ਤਾਂ ਇਕ ਪਾਸੇ ਰਹੀ!—ਨਿਆ. 10:14, 15; ਯਸਾ. 46:5-7.

7, 8. “ਮਾਯਾ” ਜਾਂ ਪੈਸਾ ਰੱਬ ਦੀ ਜਗ੍ਹਾ ਕਿਵੇਂ ਲੈ ਸਕਦਾ ਹੈ?

7 ਅੱਜ ਵੀ ਕਈ ਦੇਸ਼ਾਂ ਵਿਚ ਲੋਕ ਮੂਰਤੀਆਂ ਅੱਗੇ ਮੱਥਾ ਟੇਕਦੇ ਹਨ। ਪਰ ਜਿਸ ਤਰ੍ਹਾਂ ਪਿਛਲੇ ਸਮਿਆਂ ਵਿਚ ਮੂਰਤੀਆਂ ਨਿਕੰਮੀਆਂ ਸਾਬਤ ਹੋਈਆਂ ਸਨ, ਉਸੇ ਤਰ੍ਹਾਂ ਅੱਜ ਵੀ ਉਹ ਨਿਕੰਮੀਆਂ ਹਨ। (1 ਯੂਹੰ. 5:21) ਬਾਈਬਲ ਵਿਚ ਦੱਸਿਆ ਗਿਆ ਹੈ ਕਿ ਮੂਰਤੀਆਂ ਤੋਂ ਇਲਾਵਾ ਹੋਰਨਾਂ ਚੀਜ਼ਾਂ ਨੂੰ ਵੀ ਰੱਬ ਦਾ ਦਰਜਾ ਦਿੱਤਾ ਜਾ ਸਕਦਾ ਹੈ। ਮਿਸਾਲ ਲਈ, ਯਿਸੂ ਨੇ ਕਿਹਾ: “ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸੱਕਦਾ ਕਿਉਂ ਜੋ ਇੱਕ ਨਾਲ ਵੈਰ ਅਤੇ ਦੂਏ ਨਾਲ ਪ੍ਰੀਤ ਰੱਖੇਗਾ ਯਾ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਏ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ੁਰ ਅਤੇ ਮਾਯਾ ਦੋਹਾਂ ਦੀ ਸੇਵਾ ਨਹੀਂ ਕਰ ਸੱਕਦੇ ਹੋ।”—ਮੱਤੀ 6:24.

8 “ਮਾਯਾ” ਜਾਂ ਪੈਸਾ ਰੱਬ ਦੀ ਜਗ੍ਹਾ ਕਿਵੇਂ ਲੈ ਸਕਦਾ ਹੈ? ਇਸ ਸਵਾਲ ਦਾ ਜਵਾਬ ਜਾਣਨ ਲਈ ਆਓ ਆਪਾਂ ਇਕ ਮਿਸਾਲ ਉੱਤੇ ਗੌਰ ਕਰੀਏ। ਜ਼ਰਾ ਕਲਪਨਾ ਕਰੋ ਕਿ ਪ੍ਰਾਚੀਨ ਇਸਰਾਏਲ ਵਿਚ ਇਕ ਪੱਥਰ ਖੇਤ ਵਿਚ ਪਿਆ ਹੋਇਆ ਹੈ। ਇਹ ਪੱਥਰ ਘਰ ਜਾਂ ਕੰਧ ਬਣਾਉਣ ਲਈ ਵਰਤਿਆ ਜਾ ਸਕਦਾ ਸੀ ਜਾਂ ਇਸ ਨੂੰ “ਥੰਮ੍ਹ” ਜਾਂ “ਪੱਥਰ ਦੀ ਮੂਰਤ” ਵਜੋਂ ਵੀ ਵਰਤਿਆ ਜਾ ਸਕਦਾ ਸੀ। ਪਰ ਇਸ ਤਰ੍ਹਾਂ ਇਹ ਯਹੋਵਾਹ ਦੇ ਲੋਕਾਂ ਲਈ ਠੋਕਰ ਦਾ ਕਾਰਨ ਬਣ ਸਕਦਾ ਸੀ। (ਲੇਵੀ. 26:1) ਇਸੇ ਤਰ੍ਹਾਂ ਪੈਸੇ ਦੀ ਵੀ ਆਪਣੀ ਜਗ੍ਹਾ ਹੈ। ਹਾਂ, ਗੁਜ਼ਾਰਾ ਤੋਰਨ ਲਈ ਸਾਨੂੰ ਪੈਸੇ ਦੀ ਲੋੜ ਹੈ ਅਤੇ ਅਸੀਂ ਇਸ ਨੂੰ ਯਹੋਵਾਹ ਦੀ ਭਗਤੀ ਵਿਚ ਵੀ ਇਸਤੇਮਾਲ ਕਰ ਸਕਦੇ ਹਾਂ। (ਉਪ. 7:12; ਲੂਕਾ 16:9) ਪਰ ਜੇ ਅਸੀਂ ਯਹੋਵਾਹ ਦੀ ਭਗਤੀ ਨੂੰ ਪਹਿਲ ਦੇਣ ਦੀ ਬਜਾਇ ਪੈਸੇ ਕਮਾਉਣ ਵਿਚ ਹੀ ਲੱਗੇ ਰਹੀਏ, ਤਾਂ ਇਹ ਸਾਡਾ ਰੱਬ ਬਣ ਸਕਦਾ ਹੈ। (1 ਤਿਮੋਥਿਉਸ 6:9, 10 ਪੜ੍ਹੋ।) ਅੱਜ ਦੁਨੀਆਂ ਵਿਚ ਧਨ-ਦੌਲਤ ਇਕੱਠਾ ਕਰਨਾ ਹੀ ਲੋਕਾਂ ਲਈ ਸਭ ਕੁਝ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਪੈਸੇ ਪਿੱਛੇ ਭੱਜਣ ਦੀ ਬਜਾਇ ਇਸ ਬਾਰੇ ਸਹੀ ਨਜ਼ਰੀਆ ਰੱਖੀਏ।—1 ਤਿਮੋ. 6:17-19.

9, 10. (ੳ) ਪੜ੍ਹਾਈ-ਲਿਖਾਈ ਬਾਰੇ ਮਸੀਹੀਆਂ ਦਾ ਕੀ ਵਿਚਾਰ ਹੈ? (ਅ) ਉੱਚ-ਵਿੱਦਿਆ ਹਾਸਲ ਕਰਨ ਦੇ ਕਿਹੜੇ ਖ਼ਤਰੇ ਹਨ?

9 ਪੜ੍ਹਾਈ-ਲਿਖਾਈ ਇਕ ਹੋਰ ਚੀਜ਼ ਹੈ ਜੋ ਸਾਡੇ ਫ਼ਾਇਦੇ ਲਈ ਹੈ, ਪਰ ਯਹੋਵਾਹ ਦੀ ਭਗਤੀ ਕਰਨ ਵਿਚ ਰੁਕਾਵਟ ਬਣ ਸਕਦੀ ਹੈ। ਮਾਪੇ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਚੰਗਾ ਪੜ੍ਹ-ਲਿਖ ਕੇ ਆਪਣੇ ਪੈਰਾਂ ਤੇ ਖੜ੍ਹਨ ਦੇ ਕਾਬਲ ਬਣ ਜਾਣ। ਜੇ ਇਕ ਮਸੀਹੀ ਪੜ੍ਹਿਆ-ਲਿਖਿਆ ਹੋਵੇ, ਤਾਂ ਉਹ ਬਾਈਬਲ ਪੜ੍ਹ ਕੇ ਉਸ ਨੂੰ ਸਮਝ ਸਕੇਗਾ, ਮੁਸ਼ਕਲਾਂ ਦਾ ਹੱਲ ਲੱਭ ਸਕੇਗਾ ਅਤੇ ਹੋਰਨਾਂ ਨੂੰ ਬਾਈਬਲ ਦੀਆਂ ਗੱਲਾਂ ਚੰਗੀ ਤਰ੍ਹਾਂ ਸਿਖਾ ਸਕੇਗਾ। ਪੜ੍ਹਾਈ ਪੂਰੀ ਕਰਨ ਵਿਚ ਸਮਾਂ ਤਾਂ ਲੱਗਦਾ ਹੈ, ਪਰ ਇਹ ਚੰਗੇ ਕੰਮ ਵਿਚ ਬਿਤਾਇਆ ਗਿਆ ਸਮਾਂ ਹੈ।

10 ਪਰ ਕਾਲਜ ਜਾਂ ਯੂਨੀਵਰਸਿਟੀ ਵਿਚ ਸਿੱਖਿਆ ਹਾਸਲ ਕਰਨ ਬਾਰੇ ਕੀ? ਕਈ ਲੋਕ ਸੋਚਦੇ ਹਨ ਕਿ ਅਜਿਹੀ ਸਿੱਖਿਆ ਤੋਂ ਬਿਨਾਂ ਕੋਈ ਸਫ਼ਲਤਾ ਦੀਆਂ ਪੌੜੀਆਂ ਨਹੀਂ ਚੜ੍ਹ ਸਕਦਾ। ਲੇਕਿਨ ਇਹ ਸਿੱਖਿਆ ਲੈਣ ਵਾਲੇ ਕਈ ਨੌਜਵਾਨਾਂ ਦੇ ਮਨਾਂ ਵਿਚ ਦੁਨਿਆਵੀ ਸੋਚ ਘਰ ਕਰ ਜਾਂਦੀ ਹੈ। ਕਾਲਜ ਜਾਂ ਯੂਨੀਵਰਸਿਟੀ ਵਿਚ ਪੜ੍ਹਾਈ ਕਰਦਿਆਂ-ਕਰਦਿਆਂ ਉਨ੍ਹਾਂ ਦੀ ਜਵਾਨੀ ਦੇ ਉਹ ਕੀਮਤੀ ਸਾਲ ਨਿਕਲ ਜਾਂਦੇ ਹਨ ਜੋ ਉਹ ਯਹੋਵਾਹ ਦੀ ਸੇਵਾ ਵਿਚ ਲਾ ਸਕਦੇ ਸਨ। (ਉਪ. 12:1) ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਜਿਨ੍ਹਾਂ ਦੇਸ਼ਾਂ ਵਿਚ ਲੋਕ ਆਮ ਹੀ ਇਹ ਸਿੱਖਿਆ ਹਾਸਲ ਕਰਦੇ ਹਨ, ਉੱਥੇ ਲੋਕ ਘੱਟ ਹੀ ਰੱਬ ਨੂੰ ਮੰਨਦੇ ਹਨ। ਇਸ ਦੁਨੀਆਂ ਵਿਚ ਆਪਣੇ ਭਵਿੱਖ ਨੂੰ ਸੁਨਹਿਰਾ ਬਣਾਉਣ ਲਈ ਉੱਚ-ਵਿੱਦਿਆ ਉੱਤੇ ਭਰੋਸਾ ਰੱਖਣ ਦੀ ਬਜਾਇ ਇਕ ਮਸੀਹੀ ਨੂੰ ਯਹੋਵਾਹ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ।—ਕਹਾ. 3:5.

ਗ਼ਲਤ ਇੱਛਾਵਾਂ ਉੱਤੇ ਕਾਬੂ ਰੱਖੋ

11, 12. ਪੌਲੁਸ ਨੇ ਕਿਉਂ ਕਿਹਾ ਸੀ ਕਿ ਕੁਝ ਲੋਕਾਂ ਦਾ “ਈਸ਼ੁਰ ਢਿੱਡ ਹੈ”?

11 ਫ਼ਿਲਿੱਪੀਆਂ ਨੂੰ ਲਿਖੀ ਪੱਤਰੀ ਵਿਚ ਪੌਲੁਸ ਰਸੂਲ ਨੇ ਇਕ ਚੀਜ਼ ਬਾਰੇ ਗੱਲ ਕੀਤੀ ਜਿਸ ਨੂੰ ਰੱਬ ਦਾ ਦਰਜਾ ਦਿੱਤਾ ਜਾ ਸਕਦਾ ਹੈ। ਉਸ ਨੇ ਉਨ੍ਹਾਂ ਭੈਣਾਂ-ਭਰਾਵਾਂ ਬਾਰੇ ਗੱਲ ਕਰਦੇ ਹੋਏ, ਜੋ ਪਹਿਲਾਂ ਕਲੀਸਿਯਾ ਦੇ ਮੈਂਬਰ ਹੁੰਦੇ ਸਨ, ਕਿਹਾ: ‘ਬਾਹਲੇ ਅਜਿਹੇ ਚੱਲਣ ਵਾਲੇ ਹਨ ਜਿਨ੍ਹਾਂ ਦੀ ਗੱਲ ਕਈ ਵਾਰ ਮੈਂ ਤੁਹਾਡੇ ਨਾਲ ਕੀਤੀ ਹੈ ਅਤੇ ਹੁਣ ਭੀ ਰੁਦਨ ਕਰ ਕੇ ਆਖਦਾ ਹਾਂ ਜੋ ਓਹ ਮਸੀਹ ਦੀ ਸਲੀਬ ਦੇ ਵੈਰੀ ਹਨ। ਜਿਨ੍ਹਾਂ ਦਾ ਅੰਤ ਬਿਨਾਸ ਹੈ, ਜਿਨ੍ਹਾਂ ਦਾ ਈਸ਼ੁਰ ਢਿੱਡ ਹੈ, ਜਿਨ੍ਹਾਂ ਦਾ ਮਨ ਪ੍ਰਿਥਵੀ ਦੀਆਂ ਵਸਤਾਂ ਉੱਤੇ ਲੱਗਿਆ ਹੋਇਆ ਹੈ।’ (ਫ਼ਿਲਿ. 3:18, 19) ਇਕ ਇਨਸਾਨ ਲਈ ਉਸ ਦਾ ਢਿੱਡ ਈਸ਼ਵਰ ਕਿਵੇਂ ਬਣ ਸਕਦਾ ਹੈ?

12 ਇਸ ਤਰ੍ਹਾਂ ਲੱਗਦਾ ਹੈ ਕਿ ਇਨ੍ਹਾਂ ਭੈਣਾਂ-ਭਰਾਵਾਂ ਲਈ ਯਹੋਵਾਹ ਦੀ ਸੇਵਾ ਕਰਨ ਨਾਲੋਂ ਆਪਣੀਆਂ ਇੱਛਾਵਾਂ ਪੂਰੀਆਂ ਕਰਨੀਆਂ ਜ਼ਿਆਦਾ ਜ਼ਰੂਰੀ ਸਨ। ਹੋ ਸਕਦਾ ਹੈ ਕਿ ਕਈ ਲੋਕ ਖਾਣ-ਪੀਣ ਵਿਚ ਹੀ ਲੱਗੇ ਰਹਿੰਦੇ ਸਨ ਜਿਸ ਕਰਕੇ ਉਹ ਪੇਟੂ ਅਤੇ ਸ਼ਰਾਬੀ ਬਣ ਗਏ। (ਕਹਾ. 23:20, 21; ਹੋਰ ਜਾਣਕਾਰੀ ਲਈ ਬਿਵਸਥਾ ਸਾਰ 21:18-21 ਦੇਖੋ।) ਦੂਸਰਿਆਂ ਨੇ ਸ਼ਾਇਦ ਪੈਸਾ ਜਾਂ ਨਾਮ ਕਮਾਉਣ ਦੇ ਮੌਕਿਆਂ ਦਾ ਲਾਹਾ ਲੈ ਕੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ। ਆਓ ਆਪਾਂ ਆਪਣੇ ਨਾਲ ਕਦੀ ਵੀ ਇੱਦਾਂ ਨਾ ਹੋਣ ਦੇਈਏ ਕਿ ਆਰਾਮ ਦੀ ਜ਼ਿੰਦਗੀ ਪਾਉਣ ਲਈ ਅਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਭਗਤੀ ਕਰਨੀ ਛੱਡ ਦੇਈਏ।—ਕੁਲੁ. 3:23, 24.

13. (ੳ) ਲੋਭ ਕੀ ਹੈ ਅਤੇ ਪੌਲੁਸ ਨੇ ਇਸ ਬਾਰੇ ਕੀ ਕਿਹਾ ਸੀ? (ਅ) ਅਸੀਂ ਲੋਭ ਤੋਂ ਕਿਵੇਂ ਬਚ ਸਕਦੇ ਹਾਂ?

13 ਪੌਲੁਸ ਨੇ ਮੂਰਤੀ-ਪੂਜਾ ਦੇ ਇਕ ਹੋਰ ਪਹਿਲੂ ਬਾਰੇ ਵੀ ਗੱਲ ਕੀਤੀ ਸੀ। ਉਸ ਨੇ ਲਿਖਿਆ: ‘ਇਸ ਲਈ ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ ਅਰਥਾਤ ਹਰਾਮਕਾਰੀ, ਗੰਦ ਮੰਦ, ਕਾਮਨਾ, ਬੁਰੀ ਇੱਛਿਆ ਅਤੇ ਲੋਭ ਨੂੰ ਜਿਹੜਾ ਮੂਰਤੀ ਪੂਜਾ ਹੈ।’ (ਕੁਲੁ. 3:5) ਲੋਭੀ ਇਨਸਾਨ ਉਹ ਹੁੰਦਾ ਹੈ ਜੋ ਹਰ ਕੀਮਤ ’ਤੇ ਕੋਈ ਚੀਜ਼ ਹਾਸਲ ਕਰਨੀ ਚਾਹੁੰਦਾ ਹੈ। ਇਹ ਚੀਜ਼ ਧਨ-ਦੌਲਤ ਹੋ ਸਕਦੀ ਹੈ ਜਾਂ ਨਾਜਾਇਜ਼ ਜਿਨਸੀ ਸੰਬੰਧ। (ਕੂਚ 20:17) ਇਹ ਕਿੰਨੀ ਗੰਭੀਰ ਗੱਲ ਹੈ ਕਿ ਅਜਿਹੀਆਂ ਚੀਜ਼ਾਂ ਦੀ ਇੱਛਾ ਰੱਖਣੀ ਮੂਰਤੀ-ਪੂਜਾ ਦੇ ਬਰਾਬਰ ਹੈ। ਯਿਸੂ ਨੇ ਸਾਫ਼-ਸਾਫ਼ ਸਮਝਾਇਆ ਸੀ ਕਿ ਗ਼ਲਤ ਇੱਛਾਵਾਂ ਉੱਤੇ ਕਾਬੂ ਰੱਖਣਾ ਕਿੰਨਾ ਜ਼ਰੂਰੀ ਹੈ।—ਮਰਕੁਸ 9:47 ਪੜ੍ਹੋ; 1 ਯੂਹੰ. 2:16.

ਨਿਕੰਮੀਆਂ ਗੱਲਾਂ ਤੋਂ ਬਚੋ

14, 15. (ੳ) ਯਿਰਮਿਯਾਹ ਦੇ ਜ਼ਮਾਨੇ ਵਿਚ ਕਈ ਲੋਕਾਂ ਨੇ ਕਿਹੜੀਆਂ ਨਿਕੰਮੀਆਂ ਗੱਲਾਂ ਕਾਰਨ ਧੋਖਾ ਖਾਧਾ? (ਅ) ਮੂਸਾ ਦੇ ਸ਼ਬਦਾਂ ਉੱਤੇ ਭਰੋਸਾ ਕਿਉਂ ਰੱਖਿਆ ਜਾ ਸਕਦਾ ਸੀ?

14 ਕਈ ਗੱਲਾਂ ਵੀ ਨਿਕੰਮੀਆਂ ਹੋ ਸਕਦੀਆਂ ਹਨ। ਮਿਸਾਲ ਲਈ, ਯਹੋਵਾਹ ਨੇ ਯਿਰਮਿਯਾਹ ਨਬੀ ਰਾਹੀਂ ਕਿਹਾ ਸੀ: “ਨਬੀ ਮੇਰਾ ਨਾਮ ਲੈ ਕੇ ਝੂਠੇ ਅਗੰਮ ਵਾਕ ਕਰਦੇ ਹਨ। ਨਾ ਮੈਂ ਓਹਨਾਂ ਨੂੰ ਘੱਲਿਆ, ਨਾ ਓਹਨਾਂ ਨੂੰ ਹੁਕਮ ਦਿੱਤਾ, ਨਾ ਮੈਂ ਓਹਨਾਂ ਨਾਲ ਬੋਲਿਆ। ਓਹ ਤੁਹਾਡੇ ਲਈ ਝੂਠੇ ਦਰਸ਼ਣ, ਨਿਕੰਮੇ ਫਾਲ ਪਾਉਣੇ ਅਤੇ ਆਪਣੇ ਦਿਲ ਦੇ ਛਲ ਨਾਲ ਅਗੰਮ ਵਾਕ ਕਰਦੇ ਹਨ।” (ਯਿਰ. 14:14) ਉਹ ਝੂਠੇ ਨਬੀ ਯਹੋਵਾਹ ਦਾ ਨਾਂ ਲੈ ਕੇ ਭਵਿੱਖਬਾਣੀਆਂ ਕਰਨ ਦਾ ਦਾਅਵਾ ਕਰਦੇ ਸਨ, ਪਰ ਅਸਲ ਵਿਚ ਉਹ ਲੋਕਾਂ ਨੂੰ ਆਪਣੇ ਹੀ ਵਿਚਾਰ ਤੇ ਮਨ-ਘੜਤ ਗੱਲਾਂ ਦੱਸ ਰਹੇ ਸਨ। ਇਸ ਲਈ ਉਨ੍ਹਾਂ ਦੀਆਂ ਗੱਲਾਂ ‘ਨਿਕੰਮੀਆਂ’ ਜਾਂ ਬੇਕਾਰ ਦੀਆਂ ਸਨ। ਇਨ੍ਹਾਂ ਗੱਲਾਂ ਦੇ ਕਾਰਨ ਪਰਮੇਸ਼ੁਰ ਦੇ ਲੋਕ ਖ਼ਤਰੇ ਵਿਚ ਪੈ ਗਏ ਸਨ। ਨਤੀਜੇ ਵਜੋਂ 607 ਈ. ਪੂ. ਵਿਚ ਇਨ੍ਹਾਂ ਗੱਲਾਂ ਉੱਤੇ ਭਰੋਸਾ ਰੱਖਣ ਵਾਲੇ ਲੋਕਾਂ ਦੀ ਮੌਤ ਬਾਬਲੀ ਫ਼ੌਜੀਆਂ ਦੇ ਹੱਥੋਂ ਹੋਈ।

15 ਇਨ੍ਹਾਂ ਝੂਠੇ ਨਬੀਆਂ ਦੇ ਉਲਟ ਮੂਸਾ ਨੇ ਇਸਰਾਏਲੀਆਂ ਨੂੰ ਕਿਹਾ ਸੀ: “ਆਪਣੇ ਮਨ ਇਨ੍ਹਾਂ ਸਾਰੀਆਂ ਗੱਲਾਂ ਉੱਤੇ ਲਾਓ ਜਿਨ੍ਹਾਂ ਦੀ ਮੈਂ ਅੱਜ ਤੁਹਾਨੂੰ ਸਾਖੀ ਦਿੰਦਾ ਹਾਂ . . . ਕਿਉਂ ਜੋ ਉਹ ਤੁਹਾਡੇ ਲਈ ਕੋਈ ਫੋਕੀ ਜਿਹੀ ਗੱਲ ਨਹੀਂ ਹੈ ਸਗੋਂ ਉਹੀ ਤੁਹਾਡਾ ਜੀਵਨ ਹੈ ਅਤੇ ਏਸ ਗੱਲ ਦੇ ਕਾਰਨ ਤੁਸੀਂ ਆਪਣੇ ਦਿਨ ਉਸ ਭੂਮੀ ਉੱਤੇ ਜਿੱਥੇ ਤੁਸੀਂ ਯਰਦਨੋਂ ਪਾਰ ਕਬਜ਼ਾ ਕਰਨ ਲਈ ਜਾ ਰਹੇ ਹੋ ਲੰਮੇ ਕਰੋਗੇ।” (ਬਿਵ. 32:46, 47) ਇਹ ਗੱਲਾਂ ਮੂਸਾ ਲੋਕਾਂ ਨੂੰ ਆਪਣੇ ਵੱਲੋਂ ਨਹੀਂ ਦੱਸ ਰਿਹਾ ਸੀ, ਸਗੋਂ ਪਰਮੇਸ਼ੁਰ ਵੱਲੋਂ ਦੱਸ ਰਿਹਾ ਸੀ। ਇਸ ਲਈ ਉਸ ਦੇ ਸ਼ਬਦਾਂ ਉੱਤੇ ਭਰੋਸਾ ਕੀਤਾ ਜਾ ਸਕਦਾ ਸੀ। ਇਹ ਵਚਨ ਕੌਮ ਦੀ ਭਲਾਈ ਲਈ ਸਨ। ਜਿਨ੍ਹਾਂ ਲੋਕਾਂ ਨੇ ਇਹ ਵਚਨ ਮੰਨਿਆ, ਉਨ੍ਹਾਂ ਨੇ ਖ਼ੁਸ਼ਹਾਲੀ ਤੇ ਲੰਮੀ ਉਮਰ ਮਾਣੀ। ਆਓ ਆਪਾਂ ਵੀ ਹਮੇਸ਼ਾ ਨਿਕੰਮੀਆਂ ਗੱਲਾਂ ਛੱਡ ਕੇ ਯਹੋਵਾਹ ਦੀਆਂ ਗੱਲਾਂ ਫੜੀ ਰੱਖੀਏ।

16. ਸਾਨੂੰ ਸਾਇੰਸਦਾਨਾਂ ਦੀਆਂ ਗੱਲਾਂ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ ਜੋ ਪਰਮੇਸ਼ੁਰ ਦੇ ਬਚਨ ਦੇ ਉਲਟ ਹਨ?

16 ਕੀ ਅੱਜ ਵੀ ਨਿਕੰਮੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ? ਜੀ ਹਾਂ! ਮਿਸਾਲ ਲਈ, ਕੁਝ ਸਾਇੰਸਦਾਨ ਕਹਿੰਦੇ ਹਨ ਕਿ ਵਿਕਾਸਵਾਦ ਦੀ ਥਿਊਰੀ ਅਤੇ ਕਈ ਖੇਤਰਾਂ ਵਿਚ ਉਨ੍ਹਾਂ ਦੀਆਂ ਖੋਜਾਂ ਸਾਬਤ ਕਰਦੀਆਂ ਹਨ ਕਿ ਰੱਬ ਉੱਤੇ ਵਿਸ਼ਵਾਸ ਕਰਨਾ ਵਿਅਰਥ ਹੈ। ਉਹ ਕਹਿੰਦੇ ਹਨ ਕਿ ਸਾਰਾ ਕੁਝ ਕੁਦਰਤ ਰਾਹੀਂ ਸਮਝਾਇਆ ਜਾ ਸਕਦਾ ਹੈ। ਕੀ ਸਾਨੂੰ ਇਨ੍ਹਾਂ ਘਮੰਡੀ ਗੱਲਾਂ ਵਿਚ ਆਉਣਾ ਚਾਹੀਦਾ ਹੈ? ਬਿਲਕੁਲ ਨਹੀਂ! ਮਨੁੱਖੀ ਬੁੱਧ ਤੇ ਪਰਮੇਸ਼ੁਰੀ ਬੁੱਧ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। (1 ਕੁਰਿੰ. 2:6, 7) ਅਸੀਂ ਜਾਣਦੇ ਹਾਂ ਕਿ ਜਦ ਇਨਸਾਨਾਂ ਦੀ ਸਿੱਖਿਆ ਪਰਮੇਸ਼ੁਰ ਦੀ ਸਿੱਖਿਆ ਦੇ ਉਲਟ ਹੁੰਦੀ ਹੈ, ਤਾਂ ਇਨਸਾਨ ਹੀ ਹਮੇਸ਼ਾ ਗ਼ਲਤ ਹੁੰਦੇ ਹਨ। (ਰੋਮੀਆਂ 3:4 ਪੜ੍ਹੋ।) ਭਾਵੇਂ ਕਿ ਸਾਇੰਸ ਦੇ ਕੁਝ ਖੇਤਰਾਂ ਵਿਚ ਤਰੱਕੀ ਹੋਈ ਹੈ, ਪਰ ਮਨੁੱਖੀ ਬੁੱਧ ਬਾਰੇ ਬਾਈਬਲ ਦੇ ਇਹ ਸ਼ਬਦ ਹਮੇਸ਼ਾ ਸੱਚ ਰਹਿਣਗੇ: “ਇਸ ਸੰਸਾਰ ਦਾ ਗਿਆਨ ਪਰਮੇਸ਼ੁਰ ਦੇ ਭਾਣੇ ਮੂਰਖਪੁਣਾ ਹੈ।” ਹਾਂ, ਪਰਮੇਸ਼ੁਰ ਦੀ ਅਸੀਮ ਬੁੱਧ ਦੀ ਤੁਲਨਾ ਵਿਚ ਮਨੁੱਖੀ ਬੁੱਧ ਖੋਖਲੀ ਹੈ।—1 ਕੁਰਿੰ. 3:18-20.

17. ਸਾਨੂੰ ਈਸਾਈ-ਜਗਤ ਦੇ ਪਾਦਰੀਆਂ ਤੇ ਪਰਮੇਸ਼ੁਰ ਦੀ ਸੰਸਥਾ ਨੂੰ ਛੱਡ ਚੁੱਕੇ ਲੋਕਾਂ ਦੀਆਂ ਗੱਲਾਂ ਬਾਰੇ ਕੀ ਨਜ਼ਰੀਆ ਰੱਖਣਾ ਚਾਹੀਦਾ ਹੈ?

17 ਈਸਾਈ-ਜਗਤ ਦੇ ਪਾਦਰੀ ਵੀ ਨਿਕੰਮੀਆਂ ਗੱਲਾਂ ਕਰਦੇ ਹਨ। ਉਹ ਰੱਬ ਦੀਆਂ ਗੱਲਾਂ ਕਰਨ ਦਾ ਦਾਅਵਾ ਤਾਂ ਕਰਦੇ ਹਨ, ਪਰ ਉਨ੍ਹਾਂ ਦੀਆਂ ਜ਼ਿਆਦਾਤਰ ਗੱਲਾਂ ਬਾਈਬਲ ਵਿੱਚੋਂ ਨਹੀਂ ਹੁੰਦੀਆਂ। ਇਸ ਲਈ ਉਹ ਜੋ ਕਹਿੰਦੇ ਹਨ ਬੇਕਾਰ ਹੀ ਹੈ। ਪਰਮੇਸ਼ੁਰ ਦੀ ਸੰਸਥਾ ਨੂੰ ਛੱਡ ਚੁੱਕੇ ਕਈ ਲੋਕ ਵੀ ਬੇਕਾਰ ਦੀਆਂ ਗੱਲਾਂ ਕਰਦੇ ਹਨ। ਉਹ ਮੰਨਦੇ ਹਨ ਕਿ ਉਨ੍ਹਾਂ ਕੋਲ ਯਿਸੂ ਵੱਲੋਂ ਠਹਿਰਾਏ “ਮਾਤਬਰ ਅਤੇ ਬੁੱਧਵਾਨ ਨੌਕਰ” ਨਾਲੋਂ ਜ਼ਿਆਦਾ ਬੁੱਧ ਹੈ। (ਮੱਤੀ 24:45-47) ਲੇਕਿਨ ਇਹ ਲੋਕ ਆਪਣੀਆਂ ਹੀ ਗੱਲਾਂ ਮਾਰਦੇ ਹਨ ਤੇ ਉਨ੍ਹਾਂ ਦੇ ਸੁਣਨ ਵਾਲੇ ਠੋਕਰ ਹੀ ਖਾਂਦੇ ਹਨ। (ਲੂਕਾ 17:1, 2) ਅਸੀਂ ਉਨ੍ਹਾਂ ਦੇ ਧੋਖੇ ਵਿਚ ਆਉਣ ਤੋਂ ਕਿਵੇਂ ਬਚ ਸਕਦੇ ਹਾਂ?

ਨਿਕੰਮੀਆਂ ਗੱਲਾਂ ਤੋਂ ਕਿੱਦਾਂ ਮਨ ਫੇਰੀਏ

18. ਅਸੀਂ 1 ਯੂਹੰਨਾ 4:1 ਦੀ ਸਲਾਹ ਕਿਵੇਂ ਲਾਗੂ ਕਰ ਸਕਦੇ ਹਾਂ?

18 ਯੂਹੰਨਾ ਰਸੂਲ ਨੇ ਨਿਕੰਮੀਆਂ ਗੱਲਾਂ ਤੋਂ ਮਨ ਫੇਰਨ ਦੇ ਸੰਬੰਧ ਵਿਚ ਵਧੀਆ ਸਲਾਹ ਦਿੱਤੀ। ਉਸ ਨੇ ਕਿਹਾ: “ਪਿਆਰੇ ਮਿੱਤਰੋ, ਉਹਨਾਂ ਸਭ ਤੇ ਵਿਸ਼ਵਾਸ ਨਾ ਕਰੋ, ਜੋ ਆਪਣੇ ਵਿਚ ਆਤਮਾ ਦਾ ਦਾਵਾ ਕਰਦੇ ਹਨ, ਸਗੋਂ ਉਹਨਾਂ ਸਭ ਨੂੰ ਪਰਖੋ ਕਿ ਉਹ ਪਰਮੇਸ਼ਰ ਤੋਂ ਹਨ ਕਿ ਨਹੀਂ, ਕਿਉਂਕਿ ਬਹੁਤ ਸਾਰੇ ਝੂਠੇ ਨਬੀ ਸੰਸਾਰ ਵਿਚ ਪੈਦਾ ਹੋ ਚੁਕੇ ਹਨ।” (1 ਯੂਹੰਨਾ 4:1, CL) ਇਸ ਸਲਾਹ ਉੱਤੇ ਚੱਲਦੇ ਹੋਏ ਅਸੀਂ ਪ੍ਰਚਾਰ ਕਰਦੇ ਵਕਤ ਹਮੇਸ਼ਾ ਲੋਕਾਂ ਨੂੰ ਇਹੀ ਉਤਸ਼ਾਹ ਦਿੰਦੇ ਹਾਂ ਕਿ ਉਹ ਪਰਖ ਕੇ ਦੇਖਣ ਕਿ ਜੋ ਉਹ ਮੰਨਦੇ ਹਨ, ਉਹ ਬਾਈਬਲ ਦੇ ਅਨੁਸਾਰ ਸਹੀ ਹੈ ਜਾਂ ਨਹੀਂ। ਸਾਨੂੰ ਆਪ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਹੈ। ਜੇ ਕੋਈ ਅਜਿਹਾ ਕੁਝ ਕਹੇ ਜੋ ਸੱਚਾਈ ਦੇ ਖ਼ਿਲਾਫ਼ ਹੈ ਜਾਂ ਉਹ ਕਲੀਸਿਯਾ, ਬਜ਼ੁਰਗਾਂ ਜਾਂ ਭੈਣਾਂ-ਭਰਾਵਾਂ ਬਾਰੇ ਬੁਰਾ-ਭਲਾ ਕਹੇ, ਤਾਂ ਕੀ ਅਸੀਂ ਉਸ ਦੀਆਂ ਗੱਲਾਂ ਨੂੰ ਮੰਨ ਲਵਾਂਗੇ? ਨਹੀਂ, ਸਗੋਂ ਅਸੀਂ ਆਪਣੇ ਆਪ ਤੋਂ ਪੁੱਛਾਂਗੇ: “ਕੀ ਇਹ ਗੱਲਾਂ ਕਹਿਣ ਵਾਲਾ ਬਾਈਬਲ ਦੀ ਸਲਾਹ ਅਨੁਸਾਰ ਚੱਲ ਰਿਹਾ ਹੈ? ਕੀ ਉਸ ਦੀਆਂ ਗੱਲਾਂ ਯਹੋਵਾਹ ਦੇ ਮਕਸਦ ਦੇ ਅਨੁਸਾਰ ਹਨ? ਕੀ ਉਹ ਕਲੀਸਿਯਾ ਵਿਚ ਸ਼ਾਂਤੀ ਪੈਦਾ ਕਰਦੀਆਂ ਹਨ?” ਜੋ ਵੀ ਗੱਲ ਹੌਸਲਾ ਦੇਣ ਦੀ ਬਜਾਇ ਹੌਸਲਾ ਢਾਹੁੰਦੀ ਹੈ, ਉਹ ਨਿਕੰਮੀ ਹੈ।—2 ਕੁਰਿੰ. 13:10, 11.

19. ਬਜ਼ੁਰਗਾਂ ਨੂੰ ਕਿਹੜਾ ਸਬਕ ਸਿੱਖਣਾ ਚਾਹੀਦਾ ਹੈ?

19 ਨਿਕੰਮੀਆਂ ਗੱਲਾਂ ਦੇ ਸੰਬੰਧ ਵਿਚ ਬਜ਼ੁਰਗ ਵੀ ਇਕ ਜ਼ਰੂਰੀ ਸਬਕ ਸਿੱਖ ਸਕਦੇ ਹਨ। ਜਦੋਂ ਵੀ ਉਨ੍ਹਾਂ ਨੂੰ ਸਲਾਹ ਦੇਣੀ ਪੈਂਦੀ ਹੈ, ਤਾਂ ਉਹ ਯਾਦ ਰੱਖਣ ਕਿ ਉਹ ਵੀ ਸਾਰਿਆਂ ਵਾਂਗ ਨਾਮੁਕੰਮਲ ਹਨ ਅਤੇ ਆਪਣੇ ਹੀ ਵੱਲੋਂ ਸਲਾਹ ਨਾ ਦੇਣ। ਉਨ੍ਹਾਂ ਨੂੰ ਹਮੇਸ਼ਾ ਬਾਈਬਲ ਵੱਲ ਧਿਆਨ ਖਿੱਚਣਾ ਚਾਹੀਦਾ ਹੈ। ਉਹ ਪੌਲੁਸ ਰਸੂਲ ਦੇ ਸ਼ਬਦਾਂ ਅਨੁਸਾਰ ਚੱਲਣਗੇ: “ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਹਨ ਉਨ੍ਹਾਂ ਤੋਂ ਪਰੇ ਨਾ ਵਧੋ।” (1 ਕੁਰਿੰ. 4:6) ਬਜ਼ੁਰਗੋ, ਬਾਈਬਲ ਵਿਚ ਲਿਖੀਆਂ ਗੱਲਾਂ ਤੋਂ ਅਤੇ ਮਾਤਬਰ ਅਤੇ ਬੁੱਧਵਾਨ ਨੌਕਰ ਰਾਹੀਂ ਪ੍ਰਕਾਸ਼ਨਾਂ ਵਿਚ ਦਿੱਤੀ ਸਲਾਹ ਤੋਂ ਪਰੇ ਨਾ ਜਾਓ।

20. ਸਾਨੂੰ ਨਿਕੰਮੀਆਂ ਗੱਲਾਂ ਜਾਂ ਚੀਜ਼ਾਂ ਤੋਂ ਮਨ ਫੇਰਨ ਵਿਚ ਕਿੱਥੋਂ ਮਦਦ ਮਿਲ ਸਕਦੀ ਹੈ?

20 ਨਿਕੰਮੀਆਂ ਗੱਲਾਂ ਜਾਂ ਚੀਜ਼ਾਂ ਬਹੁਤ ਹੀ ਖ਼ਤਰਨਾਕ ਹਨ। ਇਸ ਲਈ ਸਾਨੂੰ ਉਨ੍ਹਾਂ ਨੂੰ ਪਛਾਣਨ ਵਿਚ ਹਮੇਸ਼ਾ ਯਹੋਵਾਹ ਦੀ ਮਦਦ ਮੰਗਣੀ ਚਾਹੀਦੀ ਹੈ ਤੇ ਉਸ ਦੀ ਸੇਧ ਅਨੁਸਾਰ ਚੱਲ ਕੇ ਉਨ੍ਹਾਂ ਤੋਂ ਮਨ ਫੇਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰ ਕੇ ਅਸੀਂ ਜ਼ਬੂਰਾਂ ਦੇ ਲਿਖਾਰੀ ਨਾਲ ਸਹਿਮਤ ਹੁੰਦੇ ਹਾਂ ਜਿਸ ਨੇ ਕਿਹਾ: “ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇਹ, ਆਪਣੇ ਰਾਹਾਂ ਉੱਤੇ ਮੈਨੂੰ ਜਿਵਾਲ!” (ਜ਼ਬੂ. 119:37) ਅਗਲੇ ਲੇਖ ਵਿਚ ਅਸੀਂ ਯਹੋਵਾਹ ਦੀ ਅਗਵਾਈ ਵਿਚ ਚੱਲਣ ਦੇ ਫ਼ਾਇਦਿਆਂ ਬਾਰੇ ਚਰਚਾ ਕਰਾਂਗੇ।

ਕੀ ਤੁਸੀਂ ਸਮਝਾ ਸਕਦੇ ਹੋ?

• ਸਾਨੂੰ ਕਿਹੜੀਆਂ “ਨਿਕੰਮੀਆਂ ਗੱਲਾਂ” ਤੋਂ ਮਨ ਫੇਰਨਾ ਚਾਹੀਦਾ ਹੈ?

• ਪੈਸੇ ਨੂੰ ਰੱਬ ਦੀ ਜਗ੍ਹਾ ਦੇਣ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ?

• ਗ਼ਲਤ ਇੱਛਾਵਾਂ ਮੂਰਤੀ-ਪੂਜਾ ਦੇ ਬਰਾਬਰ ਕਿਵੇਂ ਬਣ ਸਕਦੀਆਂ ਹਨ?

• ਅਸੀਂ ਨਿਕੰਮੀਆਂ ਗੱਲਾਂ ਤੋਂ ਕਿੱਦਾਂ ਮਨ ਫੇਰ ਸਕਦੇ ਹਾਂ?

[ਸਵਾਲ]

[ਸਫ਼ਾ 3 ਉੱਤੇ ਤਸਵੀਰ]

ਇਸਰਾਏਲੀਆਂ ਨੂੰ ‘ਆਪਣੀ ਭੋਂ ਨੂੰ ਵਾਹੁਣ’ ਤੇ ਨਿਕੰਮੀਆਂ ਗੱਲਾਂ ਦਾ ਪਿੱਛਾ ਨਾ ਕਰਨ ਦੀ ਸਲਾਹ ਦਿੱਤੀ ਗਈ ਸੀ

[ਸਫ਼ਾ 5 ਉੱਤੇ ਤਸਵੀਰ]

ਚੀਜ਼ਾਂ ਇਕੱਠੀਆਂ ਕਰਨ ਦੀ ਇੱਛਾ ਨੂੰ ਕਦੇ ਵੀ ਯਹੋਵਾਹ ਦੀ ਸੇਵਾ ਕਰਨ ਵਿਚ ਰੋੜਾ ਨਾ ਬਣਨ ਦਿਓ

[ਸਫ਼ਾ 6 ਉੱਤੇ ਤਸਵੀਰ]

ਬਜ਼ੁਰਗਾਂ ਦੀ ਸਲਾਹ ਤੁਹਾਡੇ ਭਲੇ ਲਈ ਹੋ ਸਕਦੀ ਹੈ