Skip to content

Skip to table of contents

ਨੌਜਵਾਨੋ, ਆਪਣੇ ਕਰਤਾਰ ਨੂੰ ਚੇਤੇ ਰੱਖੋ

ਨੌਜਵਾਨੋ, ਆਪਣੇ ਕਰਤਾਰ ਨੂੰ ਚੇਤੇ ਰੱਖੋ

ਨੌਜਵਾਨੋ, ਆਪਣੇ ਕਰਤਾਰ ਨੂੰ ਚੇਤੇ ਰੱਖੋ

“ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ।”—ਉਪ. 12:1.

1. ਯਹੋਵਾਹ ਦੀ ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਆਪਣੇ ਨੌਜਵਾਨ ਭਗਤਾਂ ਤੇ ਭਰੋਸਾ ਹੈ?

ਯਹੋਵਾਹ ਪਰਮੇਸ਼ੁਰ ਨੌਜਵਾਨਾਂ ਨੂੰ ਬਹੁਤ ਪਿਆਰ ਕਰਦਾ ਹੈ ਤੇ ਉਸ ਦੀਆਂ ਨਜ਼ਰਾਂ ਵਿਚ ਉਹ ਅਨਮੋਲ ਹੀਰੇ ਹਨ। ਜ਼ਬੂਰ 110:3 ਵਿਚ ਉਨ੍ਹਾਂ ਦੀ ਤੁਲਨਾ ਤ੍ਰੇਲ ਨਾਲ ਵੀ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਦੀ ਜਵਾਨੀ ਤੇ ਜੋਸ਼ ਨੂੰ ਦੇਖ ਕੇ ਦੂਸਰਿਆਂ ਨੂੰ ਤਾਜ਼ਗੀ ਮਿਲਦੀ ਹੈ। ਯਹੋਵਾਹ ਨੇ ਨੌਜਵਾਨਾਂ ਬਾਰੇ ਕਿਹਾ ਸੀ ਕਿ ਉਹ ਉਸ ਦੀ ਸੇਵਾ ਕਰਨ ਲਈ “ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼” ਕਰਨਗੇ। ਇਹ ਭਵਿੱਖਬਾਣੀ ਸਾਡੇ ਸਮੇਂ ਬਾਰੇ ਹੈ ਜਦ ਦੁਨੀਆਂ ਦੇ ਲੋਕ ਆਮ ਕਰਕੇ ਰੱਬ ਨੂੰ ਭੁੱਲ ਗਏ ਹਨ। ਅੱਜ-ਕੱਲ੍ਹ ਨੌਜਵਾਨ ਆਪਣੇ ਆਪ ਅਤੇ ਪੈਸੇ ਤੋਂ ਸਿਵਾਇ ਹੋਰ ਕਿਸੇ ਗੱਲ ਬਾਰੇ ਨਹੀਂ ਸੋਚਦੇ ਤੇ ਨਾ ਹੀ ਕਿਸੇ ਦੇ ਆਗਿਆਕਾਰ ਹਨ। ਪਰ ਯਹੋਵਾਹ ਜਾਣਦਾ ਸੀ ਕਿ ਜਿਹੜੇ ਨੌਜਵਾਨ ਉਸ ਦੀ ਭਗਤੀ ਕਰਨਗੇ ਉਹ ਬਾਕੀਆਂ ਵਰਗੇ ਨਹੀਂ ਹੋਣਗੇ। ਸਾਡੇ ਪਿਆਰੇ ਨੌਜਵਾਨੋ, ਯਹੋਵਾਹ ਤੁਹਾਨੂੰ ਬੇਹੱਦ ਪਿਆਰ ਕਰਦਾ ਹੈ ਅਤੇ ਉਸ ਨੂੰ ਤੁਹਾਡੇ ਉੱਤੇ ਪੂਰਾ ਭਰੋਸਾ ਹੈ ਕਿ ਤੁਸੀਂ ਸਹੀ ਕਦਮ ਚੁੱਕੋਗੇ!

2. ਯਹੋਵਾਹ ਪਰਮੇਸ਼ੁਰ ਨੂੰ ਚੇਤੇ ਰੱਖਣ ਦਾ ਕੀ ਮਤਲਬ ਹੈ?

2 ਜ਼ਰਾ ਸੋਚੋ ਯਹੋਵਾਹ ਨੌਜਵਾਨਾਂ ਨੂੰ ਉਸ ਨੂੰ ਆਪਣੇ ਕਰਤਾਰ ਵਜੋਂ ਚੇਤੇ ਰੱਖਦੇ ਦੇਖ ਕੇ ਕਿੰਨਾ ਖ਼ੁਸ਼ ਹੁੰਦਾ ਹੋਣਾ। (ਉਪ. 12:1) ਯਹੋਵਾਹ ਪਰਮੇਸ਼ੁਰ ਨੂੰ ਚੇਤੇ ਰੱਖਣ ਦਾ ਸਿਰਫ਼ ਇਹ ਮਤਲਬ ਨਹੀਂ ਕਿ ਅਸੀਂ ਉਸ ਬਾਰੇ ਸੋਚੀਏ। ਇਸ ਦਾ ਮਤਲਬ ਹੈ ਕਿ ਅਸੀਂ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਉਸ ਦੇ ਅਸੂਲਾਂ ਤੇ ਚੱਲ ਕੇ ਅਜਿਹੇ ਕੰਮ ਕਰੀਏ ਜਿਸ ਨਾਲ ਉਸ ਦਾ ਜੀਅ ਖ਼ੁਸ਼ ਹੁੰਦਾ ਹੈ। ਇਸ ਦਾ ਇਹ ਵੀ ਮਤਲਬ ਹੈ ਕਿ ਅਸੀਂ ਯਹੋਵਾਹ ਤੇ ਭਰੋਸਾ ਰੱਖੀਏ ਕਿਉਂਕਿ ਅਸੀਂ ਜਾਣਦੇ ਹਾਂ ਕਿ ਉਹ ਸਾਡੇ ਭਲੇ ਬਾਰੇ ਸੋਚਦਾ ਹੈ। (ਜ਼ਬੂ. 37:3; ਯਸਾ. 48:17, 18) ਕੀ ਤੁਸੀਂ ਆਪਣੇ ਕਰਤਾਰ ਨੂੰ ਚੇਤੇ ਰੱਖ ਰਹੇ ਹੋ?

“ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ”

3, 4. ਯਿਸੂ ਨੇ ਕਿਵੇਂ ਦਿਖਾਇਆ ਸੀ ਕਿ ਉਸ ਨੂੰ ਯਹੋਵਾਹ ਤੇ ਭਰੋਸਾ ਹੈ? ਅੱਜ ਸਾਡੇ ਲਈ ਕਿਉਂ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਤੇ ਭਰੋਸਾ ਰੱਖੀਏ?

3 ਰੱਬ ਤੇ ਭਰੋਸਾ ਰੱਖਣ ਦੀ ਸਭ ਤੋਂ ਵਧੀਆ ਮਿਸਾਲ ਯਿਸੂ ਮਸੀਹ ਨੇ ਕਾਇਮ ਕੀਤੀ ਸੀ। ਉਸ ਨੇ ਹਮੇਸ਼ਾ ਕਹਾਉਤਾਂ 3:5, 6 ਦੀ ਸਲਾਹ ਤੇ ਅਮਲ ਕੀਤਾ ਜਿੱਥੇ ਲਿਖਿਆ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” ਯਿਸੂ ਦੇ ਬਪਤਿਸਮੇ ਤੋਂ ਕੁਝ ਹੀ ਸਮਾਂ ਬਾਅਦ ਸ਼ਤਾਨ ਨੇ ਉਸ ਨੂੰ ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਉੱਤੇ ਅਧਿਕਾਰ ਦੇਣ ਦਾ ਲਾਲਚ ਦੇ ਕੇ ਪਰਤਾਉਣ ਦੀ ਕੋਸ਼ਿਸ਼ ਕੀਤੀ। (ਲੂਕਾ 4:3-13) ਪਰ ਯਿਸੂ ਉਸ ਦੀਆਂ ਗੱਲਾਂ ਵਿਚ ਨਹੀਂ ਆਇਆ। ਉਹ ਜਾਣਦਾ ਸੀ ਕਿ ਅਸਲੀ “ਧਨ, ਆਦਰ ਅਤੇ ਜੀਉਣ” ਸਿਰਫ਼ ਉਨ੍ਹਾਂ ਨੂੰ ਮਿਲਦਾ ਹੈ ਜੋ ‘ਅਧੀਨਗੀ ਨਾਲ ਯਹੋਵਾਹ ਦਾ ਭੈ ਮੰਨਦੇ’ ਹਨ।—ਕਹਾ. 22:4.

4 ਅੱਜ-ਕੱਲ੍ਹ ਦੁਨੀਆਂ ਵਿਚ ਲਾਲਚੀ ਤੇ ਸੁਆਰਥੀ ਲੋਕਾਂ ਦਾ ਹੀ ਬੋਲਬਾਲਾ ਹੈ। ਦੁਨੀਆਂ ਨਾਲ ਕਦਮ ਮਿਲਾਉਣ ਦੀ ਬਜਾਇ ਅਜਿਹੇ ਮਾਹੌਲ ਵਿਚ ਚੰਗਾ ਹੋਵੇਗਾ ਕਿ ਅਸੀਂ ਯਿਸੂ ਦੀ ਪੈੜ ਤੇ ਚੱਲੀਏ। ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਸ਼ਤਾਨ ਹੱਥ ਧੋ ਕੇ ਸਾਡੇ ਪਿੱਛੇ ਪਿਆ ਹੋਇਆ ਹੈ। ਉਹ ਸਾਨੂੰ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂਕਿ ਅਸੀਂ ਪਰਮੇਸ਼ੁਰ ਦੀ ਸੇਵਾ ਕਰਨੋਂ ਹਟ ਜਾਈਏ। ਉਹ ਨਹੀਂ ਚਾਹੁੰਦਾ ਕਿ ਕੋਈ ਵੀ ਸਦਾ ਦੀ ਜ਼ਿੰਦਗੀ ਪਾਵੇ। ਸਾਨੂੰ ਉਸ ਦੀਆਂ ਗੱਲਾਂ ਵਿਚ ਨਹੀਂ ਆਉਣਾ ਚਾਹੀਦਾ। ਇਸ ਦੀ ਬਜਾਇ ਸਾਨੂੰ ਆਪਣੇ ਕਰਤਾਰ ਨੂੰ ਚੇਤੇ ਰੱਖਣਾ ਚਾਹੀਦਾ ਹੈ। ਪਰਮੇਸ਼ੁਰ ਤੇ ਪੂਰਾ ਭਰੋਸਾ ਰੱਖ ਕੇ ਸਾਨੂੰ “ਅਸਲ ਜੀਵਨ” ਨੂੰ ਦੋਹਾਂ ਹੱਥਾਂ ਨਾਲ ਘੁੱਟ ਕੇ ਫੜੀ ਰੱਖਣਾ ਚਾਹੀਦਾ ਹੈ।—1 ਤਿਮੋ. 6:19.

ਨੌਜਵਾਨੋ, ਸਮਝ ਤੋਂ ਕੰਮ ਲਓ!

5. ਕੀ ਤੁਹਾਨੂੰ ਇਸ ਦੁਨੀਆਂ ਦੇ ਭਵਿੱਖ ਬਾਰੇ ਫ਼ਿਕਰ ਹੈ?

5 ਆਪਣੇ ਕਰਤਾਰ ਨੂੰ ਚੇਤੇ ਰੱਖਣ ਵਾਲੇ ਨੌਜਵਾਨ ਆਪਣੇ ਹਾਣੀਆਂ ਨਾਲੋਂ ਕੀਤੇ ਜ਼ਿਆਦਾ ਸਮਝਦਾਰ ਹੁੰਦੇ ਹਨ। (ਜ਼ਬੂਰ 119:99, 100 ਪੜ੍ਹੋ।) ਉਹ ਜਾਣਦੇ ਹਨ ਕਿ ਇਸ ਬੇਦਰਦ ਜ਼ਮਾਨੇ ਨੇ ਬਹੁਤੀ ਦੇਰ ਨਹੀਂ ਰਹਿਣਾ। ਉਨ੍ਹਾਂ ਨੇ ਆਪਣੀ ਛੋਟੀ ਜਿਹੀ ਉਮਰ ਵਿਚ ਦੇਖ ਲਿਆ ਹੈ ਕਿ ਆਮ ਕਰਕੇ ਲੋਕ ਫ਼ਿਕਰਾਂ ਤੇ ਗਮਾਂ ਵਿਚ ਡੁੱਬੇ ਰਹਿੰਦੇ ਹਨ। ਉਨ੍ਹਾਂ ਨੇ ਸਕੂਲੇ ਪ੍ਰਦੂਸ਼ਣ, ਧਰਤੀ ਦਾ ਤਾਪਮਾਨ ਵਧਣ, ਜੰਗਲਾਂ ਦੀ ਕਟਾਈ ਤੇ ਇਸ ਤਰ੍ਹਾਂ ਦੀਆਂ ਹੋਰਾਂ ਮੁਸ਼ਕਲਾਂ ਬਾਰੇ ਜ਼ਰੂਰ ਸਿੱਖਿਆ ਹੋਣਾ। ਦਿਨ-ਬ-ਦਿਨ ਵਧਦਾ ਦੁੱਖ-ਦਰਦ ਦੇਖ ਕੇ ਸਾਰੇ ਲੋਕ ਪਰੇਸ਼ਾਨ ਹੁੰਦੇ ਹਨ। ਸਿਰਫ਼ ਯਹੋਵਾਹ ਦੇ ਗਵਾਹ ਹੀ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝਦੇ ਹਨ ਕਿ ਇਹ ਸ਼ਤਾਨ ਦੀ ਦੁਨੀਆਂ ਦੇ ਅੰਤ ਦੀਆਂ ਨਿਸ਼ਾਨੀਆਂ ਹਨ।—ਪਰ. 11:18.

6. ਕੁਝ ਨੌਜਵਾਨ ਪਾਪ ਕਿਵੇਂ ਕਰ ਬੈਠੇ ਹਨ?

6 ਅਫ਼ਸੋਸ ਦੀ ਗੱਲ ਹੈ ਕਿ ਸਾਡੇ ਕੁਝ ਨੌਜਵਾਨ ਭੈਣ-ਭਰਾ ਪਰਮੇਸ਼ੁਰ ਦੀ ਸੇਵਾ ਵਿਚ ਢਿੱਲੇ ਪੈ ਗਏ ਹਨ। ਉਹ ਭੁੱਲ ਗਏ ਹਨ ਕਿ ਸ਼ਤਾਨ ਦੇ ਇਸ ਸੰਸਾਰ ਨੇ ਬਹੁਤੀ ਦੇਰ ਨਹੀਂ ਰਹਿਣਾ। (2 ਪਤ. 3:3, 4) ਕਈ ਬੁਰੀ ਸੰਗਤ ਤੇ ਗੰਦੀਆਂ ਤਸਵੀਰਾਂ ਦੇ ਚੱਕਰ ਵਿਚ ਪੈ ਕੇ ਪਾਪ ਕਰ ਬੈਠੇ ਹਨ। (ਕਹਾ. 13:20) ਕਿੰਨੇ ਦੁੱਖ ਦੀ ਗੱਲ ਹੋਵੇਗੀ ਜੇ ਅਸੀਂ ਦੁਨੀਆਂ ਦੇ ਅੰਤ ਦੇ ਇੰਨੇ ਨੇੜੇ ਆ ਕੇ ਪਰਮੇਸ਼ੁਰ ਤੋਂ ਦੂਰ ਹੋ ਜਾਈਏ! ਇਸ ਦੀ ਬਜਾਇ ਆਓ ਆਪਾਂ ਇਸਰਾਏਲੀਆਂ ਤੋਂ ਸਬਕ ਸਿੱਖੀਏ। ਜਦ ਉਹ 40 ਸਾਲ ਉਜਾੜ ਵਿਚ ਘੁੰਮਣ-ਫਿਰਨ ਤੋਂ ਬਾਅਦ 1473 ਈਸਵੀ ਪੂਰਵ ਵਿਚ ਮੋਆਬ ਦੇ ਮੈਦਾਨ ਵਿਚ ਵਾਅਦਾ ਕੀਤੇ ਹੋਏ ਦੇਸ਼ ਦੇ ਦਰ ਤੇ ਸਨ, ਤਾਂ ਕੀ ਹੋਇਆ ਸੀ?

ਮੰਜ਼ਲ ਨੇੜੇ ਆ ਕੇ ਇਨਾਮ ਤੋਂ ਖੁੰਝ ਗਏ

7, 8. (ੳ) ਇਸਰਾਏਲੀਆਂ ਨੂੰ ਆਪਣੇ ਫੰਦੇ ਵਿਚ ਫਸਾਉਣ ਲਈ ਸ਼ਤਾਨ ਨੇ ਕੀ ਕੀਤਾ ਸੀ? (ਅ) ਅੱਜ ਲੋਕਾਂ ਨੂੰ ਪਰਮੇਸ਼ੁਰ ਤੋਂ ਵੱਖ ਕਰਨ ਲਈ ਸ਼ਤਾਨ ਕਿਹੜਾ ਹਥਿਆਰ ਵਰਤ ਰਿਹਾ ਹੈ?

7 ਸ਼ਤਾਨ ਬਿਲਕੁਲ ਨਹੀਂ ਸੀ ਚਾਹੁੰਦਾ ਕਿ ਇਸਰਾਏਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਕਦਮ ਰੱਖਣ। ਪਹਿਲਾਂ ਉਸ ਨੇ ਕੋਸ਼ਿਸ਼ ਕੀਤੀ ਕਿ ਬਿਲਆਮ ਨਬੀ ਇਸਰਾਏਲੀਆਂ ਨੂੰ ਸਰਾਪ ਦੇਵੇ। ਪਰ ਜਦ ਇਹ ਗੱਲ ਨਾ ਬਣੀ, ਤਾਂ ਉਸ ਨੇ ਉਨ੍ਹਾਂ ਤੋਂ ਅਜਿਹਾ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਯਹੋਵਾਹ ਉਨ੍ਹਾਂ ਤੋਂ ਨਾਰਾਜ਼ ਹੋ ਜਾਵੇ। ਸ਼ਤਾਨ ਨੇ ਮੋਆਬ ਦੀਆਂ ਬਦਚਲਣ ਕੁੜੀਆਂ ਦੇ ਜ਼ਰੀਏ ਇਸਰਾਏਲੀਆਂ ਨੂੰ ਆਪਣੇ ਫੰਦੇ ਵਿਚ ਫਸਾ ਲਿਆ। ਉਨ੍ਹਾਂ ਨਾਲ ਉਹ ਜ਼ਨਾਹ ਕਰਨ ਲੱਗ ਪਏ ਅਤੇ ਬਆਲ ਦੇਵ ਨੂੰ ਮੱਥਾ ਟੇਕਣ ਲੱਗ ਪਏ। ਨਤੀਜੇ ਵਜੋਂ ਭਾਵੇਂ ਉਹ ਵਾਅਦਾ ਕੀਤੇ ਹੋਏ ਦੇਸ਼ ਦੇ ਦਰ ਤੇ ਖੜ੍ਹੇ ਸਨ, ਫਿਰ ਵੀ ਉਨ੍ਹਾਂ ਵਿੱਚੋਂ ਕੁਝ 24,000 ਮਾਰੇ ਗਏ ਸਨ। ਇਹ ਕਿੰਨੇ ਦੁੱਖ ਦੀ ਗੱਲ ਸੀ!—ਗਿਣ. 25:1-3, 9.

8 ਅੱਜ ਅਸੀਂ ਵੀ ਵਾਅਦਾ ਕੀਤੇ ਹੋਏ ਦੇਸ਼ ਯਾਨੀ ਨਵੀਂ ਦੁਨੀਆਂ ਦੇ ਦਰ ਤੇ ਖੜ੍ਹੇ ਹਾਂ। ਪਹਿਲਾਂ ਵਾਂਗ ਅੱਜ ਵੀ ਸ਼ਤਾਨ ਲੋਕਾਂ ਨੂੰ ਪਰਮੇਸ਼ੁਰ ਤੋਂ ਵੱਖ ਕਰਨ ਲਈ ਸੈਕਸ ਨੂੰ ਹਥਿਆਰ ਵਜੋਂ ਵਰਤ ਰਿਹਾ ਹੈ। ਅੱਜ-ਕੱਲ੍ਹ ਲੋਕ ਇੰਨੇ ਗੰਦੇ ਕੰਮ ਕਰਦੇ ਹਨ ਕਿ ਹਰਾਮਕਾਰੀ ਨੂੰ ਕੋਈ ਗ਼ਲਤ ਨਹੀਂ ਸਮਝਦਾ। ਜੇ ਆਦਮੀ-ਆਦਮੀ ਨਾਲ ਜਾਂ ਔਰਤ-ਔਰਤ ਨਾਲ ਸੈਕਸ ਕਰਨਾ ਚਾਹੇ, ਤਾਂ ਕਿਸੇ ਨੂੰ ਇਸ ਤੇ ਕੋਈ ਇਤਰਾਜ਼ ਨਹੀਂ। ਸਾਡੀ ਇਕ ਭੈਣ ਨੇ ਕਿਹਾ: “ਸਿਰਫ਼ ਘਰ ਵਿਚ ਅਤੇ ਕਿੰਗਡਮ ਹਾਲ ਵਿਚ ਸਾਡੇ ਬੱਚੇ ਇਹ ਗੱਲ ਸਿੱਖਦੇ ਹਨ ਕਿ ਪਰਮੇਸ਼ੁਰ ਦੀ ਨਜ਼ਰ ਵਿਚ ਸਮਲਿੰਗਕਾਮੁਕਤਾ ਅਤੇ ਵਿਆਹ ਤੋਂ ਬਾਹਰ ਕਿਸੇ ਗ਼ੈਰ ਮਰਦ ਜਾਂ ਔਰਤ ਨਾਲ ਸੈਕਸ ਕਰਨਾ ਪਾਪ ਹੈ।”

9. ਅੱਲੜ੍ਹ ਉਮਰ ਵਿਚ ਕੀ ਕਰਨਾ ਮੁਸ਼ਕਲ ਹੋ ਸਕਦਾ ਹੈ? ਨੌਜਵਾਨਾਂ ਨੂੰ ਮਦਦ ਕਿੱਥੋਂ ਮਿਲ ਸਕਦੀ ਹੈ?

9 ਆਪਣੇ ਕਰਤਾਰ ਨੂੰ ਚੇਤੇ ਰੱਖਣ ਵਾਲੇ ਨੌਜਵਾਨ ਜਾਣਦੇ ਹਨ ਕਿ ਪਰਮੇਸ਼ੁਰ ਨੇ ਸਾਨੂੰ ਬੱਚੇ ਪੈਦਾ ਕਰਨ ਦੇ ਸੰਬੰਧ ਵਿਚ ਸੈਕਸ ਕਰਨ ਦੀ ਦਾਤ ਦਿੱਤੀ ਹੈ। ਉਹ ਇਹ ਵੀ ਜਾਣਦੇ ਹਨ ਕਿ ਸਿਰਫ਼ ਸ਼ਾਦੀ-ਸ਼ੁਦਾ ਲੋਕਾਂ ਨੂੰ ਹੀ ਜਿਨਸੀ ਸੰਬੰਧ ਰੱਖਣ ਦਾ ਅਧਿਕਾਰ ਹੈ। (ਇਬ. 13:4) ਪਰ ਅੱਲੜ੍ਹ ਉਮਰ ਵਿਚ, ਜਦ ਕਾਮ-ਵਾਸ਼ਨਾ ਆਪਣੇ ਸਿਖਰ ਤੇ ਹੁੰਦੀ ਹੈ, ਤਾਂ ਦਿਮਾਗ਼ ਤੋਂ ਕੰਮ ਲੈਣਾ ਅਤੇ ਆਪਣੇ ਆਪ ਨੂੰ ਗੰਦੇ ਕੰਮ ਕਰਨ ਤੋਂ ਰੋਕਣਾ ਮੁਸ਼ਕਲ ਹੋ ਸਕਦਾ ਹੈ। ਜੇ ਤੁਹਾਡੇ ਮਨ ਵਿਚ ਗੰਦੀਆਂ ਗੱਲਾਂ ਆਉਣ, ਤਾਂ ਤੁਸੀਂ ਕੀ ਕਰ ਸਕਦੇ ਹੋ? ਸੱਚੇ ਦਿਲੋਂ ਯਹੋਵਾਹ ਤੋਂ ਮਦਦ ਮੰਗੋ ਤਾਂਕਿ ਤੁਸੀਂ ਚੰਗੀਆਂ ਤੇ ਸ਼ੁੱਧ ਗੱਲਾਂ ਬਾਰੇ ਸੋਚ ਸਕੋ। ਯਹੋਵਾਹ ਦਿਲੋਂ ਪ੍ਰਾਰਥਨਾ ਕਰਨ ਵਾਲਿਆਂ ਦੀ ਹਮੇਸ਼ਾ ਸੁਣਦਾ ਹੈ। (ਲੂਕਾ 11:9-13 ਪੜ੍ਹੋ।) ਨਿਹਚਾ ਮਜ਼ਬੂਤ ਕਰਨ ਵਾਲੀਆਂ ਗੱਲਾਂ ਕਰ ਕੇ ਵੀ ਤੁਸੀਂ ਆਪਣਾ ਮਨ ਸਹੀ ਪਾਸੇ ਲਾ ਸਕਦੇ ਹੋ।

ਸੋਚ-ਸਮਝ ਕੇ ਜ਼ਿੰਦਗੀ ਦੇ ਫ਼ੈਸਲੇ ਕਰੋ

10. ਦੁਨੀਆਂ ਦੇ ਨੌਜਵਾਨਾਂ ਵੱਲ ਦੇਖ ਕੇ ਸਾਨੂੰ ਕਿਹੋ ਜਿਹੀਆਂ ਸੋਚਾਂ ਵਿਚ ਪੈਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਅਸੀਂ ਆਪਣੇ ਆਪ ਨੂੰ ਕਿਹੜੇ ਸਵਾਲ ਪੁੱਛ ਸਕਦੇ ਹਾਂ?

10 ਦੁਨੀਆਂ ਵਿਚ ਨੌਜਵਾਨ ਸਿਰਫ਼ ਰੰਗਰਲੀਆਂ ਮਨਾਉਣ ਵਿਚ ਹੀ ਕਿਉਂ ਮਸਤ ਰਹਿੰਦੇ ਹਨ? ਇਕ ਕਾਰਨ ਇਹ ਹੈ ਕਿ “ਪਰਮੇਸ਼ੁਰ ਦੀ ਅਗਵਾਈ” ਤੋਂ ਬਿਨਾਂ ਉਨ੍ਹਾਂ ਕੋਲ ਭਵਿੱਖ ਲਈ ਕੋਈ ਆਸ ਨਹੀਂ ਹੈ। (ਕਹਾ. 29:18, CL) ਉਹ ਯਸਾਯਾਹ ਨਬੀ ਦੇ ਜ਼ਮਾਨੇ ਦੇ ਉਨ੍ਹਾਂ ਇਸਰਾਏਲੀਆਂ ਵਰਗੇ ਹਨ ਜੋ ਪਰਮੇਸ਼ੁਰ ਤੋਂ ਦੂਰ ਹੋ ਕੇ ‘ਖੁਸ਼ੀ ਅਤੇ ਅਨੰਦ, ਮਾਸ ਖਾਣ ਅਤੇ ਮਧ ਪੀਣ’ ਯਾਨੀ ਮੌਜ-ਮਸਤੀ ਕਰਨ ਵਿਚ ਹੀ ਲੱਗੇ ਰਹਿੰਦੇ ਸਨ। (ਯਸਾ. 22:13) ਅਜਿਹੇ ਇਨਸਾਨਾਂ ਤੋਂ ਖਾਰ ਖਾਣ ਦੀ ਬਜਾਇ ਸਾਨੂੰ ਉਸ ਸ਼ਾਨਦਾਰ ਭਵਿੱਖ ਦੀ ਉਮੀਦ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਸ ਦਾ ਯਹੋਵਾਹ ਪਰਮੇਸ਼ੁਰ ਨੇ ਆਪਣੇ ਵਫ਼ਾਦਾਰ ਭਗਤਾਂ ਨਾਲ ਵਾਅਦਾ ਕੀਤਾ ਹੈ। ਕੀ ਤੁਸੀਂ ਬੇਚੈਨੀ ਨਾਲ ਉਸ ਵਾਅਦੇ ਦੀ ਪੂਰਤੀ ਦੀ ਉਡੀਕ ਕਰ ਰਹੇ ਹੋ ਜਦ ਸਾਰੀ ਦੁਨੀਆਂ ਨਵੀਂ ਬਣਾ ਦਿੱਤੀ ਜਾਵੇਗੀ? ਕੀ ਤੁਸੀਂ ਇਸ ਵਾਅਦੇ ਦੀ ਪੂਰਤੀ ਦੀ ਉਡੀਕ ਕਰਦੇ ਹੋਏ, ‘ਸੁਰਤ ਨਾਲ ਉਮਰ ਬਤੀਤ’ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰਦੇ ਹੋ? (ਤੀਤੁ. 2:12, 13) ਜੇ ਤੁਹਾਨੂੰ ਪਰਮੇਸ਼ੁਰ ਦੇ ਵਾਅਦੇ ਦੀ ਪੂਰਤੀ ਤੇ ਪੂਰਾ ਵਿਸ਼ਵਾਸ ਹੈ, ਤਾਂ ਇਸ ਉਮੀਦ ਦਾ ਤੁਹਾਡੀ ਜ਼ਿੰਦਗੀ ਤੇ ਵੱਡਾ ਪ੍ਰਭਾਵ ਪਵੇਗਾ ਕਿ ਤੁਸੀਂ ਕਿਹੜੇ ਕੰਮ ਨੂੰ ਪਹਿਲ ਦੇਵੋਗੇ ਤੇ ਕਿਹੜੇ ਨੂੰ ਨਹੀਂ।

11. ਸਕੂਲੇ ਬੱਚਿਆਂ ਨੂੰ ਮਨ ਲਾ ਕੇ ਪੜ੍ਹਾਈ ਕਿਉਂ ਕਰਨੀ ਚਾਹੀਦੀ ਹੈ?

11 ਸ਼ਤਾਨ ਦੇ ਇਸ ਸੰਸਾਰ ਵਿਚ ਹਰ ਕੋਈ ਨੌਜਵਾਨਾਂ ਨੂੰ ਦੁਨੀਆਂ ਵਿਚ ਨਾਮ ਖੱਟਣ ਦੀ ਹੱਲਾਸ਼ੇਰੀ ਦਿੰਦਾ ਹੈ। ਇਹ ਸੱਚ ਹੈ ਕਿ ਜਿੰਨਾ ਚਿਰ ਤੁਸੀਂ ਸਕੂਲੇ ਪੜ੍ਹ ਰਹੇ ਹੋ, ਉੱਨਾ ਚਿਰ ਤੁਹਾਨੂੰ ਮਨ ਲਾ ਕੇ ਪੜ੍ਹਾਈ ਕਰਨੀ ਚਾਹੀਦੀ ਹੈ। ਆਖ਼ਰਕਾਰ ਤੁਹਾਡਾ ਟੀਚਾ ਸਿਰਫ਼ ਚੰਗੀ ਨੌਕਰੀ ਭਾਲਣੀ ਨਹੀਂ, ਪਰ ਤੁਸੀਂ ਕਲੀਸਿਯਾ ਵਿਚ ਭੈਣਾਂ-ਭਰਾਵਾਂ ਦੇ ਕੰਮ ਵੀ ਆਉਣਾ ਚਾਹੁੰਦੇ ਹੋ। ਇਸ ਤੋਂ ਇਲਾਵਾ ਤੁਸੀਂ ਚੰਗੇ ਪ੍ਰਚਾਰਕ ਵੀ ਬਣ ਸਕਦੇ ਹੋ। ਇਹ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਚੰਗੀ ਤਰ੍ਹਾਂ ਬੋਲਣਾ, ਗੱਲ ਸਮਝਾਉਣੀ, ਤਰਕ ਕਰਨਾ ਤੇ ਸਲੀਕੇ ਨਾਲ ਗੱਲ ਦਾ ਜਵਾਬ ਦੇਣਾ ਸਿੱਖੋ। ਜਿਹੜੇ ਨੌਜਵਾਨ ਬਾਈਬਲ ਦੀ ਸਟੱਡੀ ਕਰ ਕੇ ਉਸ ਦੇ ਸਿਧਾਂਤਾਂ ਤੇ ਅਮਲ ਕਰਦੇ ਹਨ, ਉਹ ਆਪਣਾ ਅੱਗਾ ਸੁਆਰ ਲੈਂਦੇ ਹਨ। ਬਾਈਬਲ ਦੀ ਵਧੀਆ ਸਿੱਖਿਆ ਨਾਲ ਉਹ ਹਮੇਸ਼ਾ ਕਾਮਯਾਬ ਹੋਣਗੇ।—ਜ਼ਬੂਰ 1:1-3 ਪੜ੍ਹੋ। *

12. ਅੱਜ ਮਾਪਿਆਂ ਨੂੰ ਕਿਨ੍ਹਾਂ ਦੀ ਮਿਸਾਲ ਤੇ ਚੱਲਣਾ ਚਾਹੀਦਾ ਹੈ?

12 ਪ੍ਰਾਚੀਨ ਇਸਰਾਏਲ ਵਿਚ ਮਾਪੇ ਬੱਚਿਆਂ ਨੂੰ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਨੂੰ ਛੋਟੀ ਜਿਹੀ ਗੱਲ ਨਹੀਂ ਸਮਝਦੇ ਸਨ। ਉਹ ਪੜ੍ਹਨਾ-ਲਿਖਣਾ ਸਿਖਾਉਣ ਤੋਂ ਇਲਾਵਾ ਬੱਚਿਆਂ ਨੂੰ ਜ਼ਿੰਦਗੀ ਦੇ ਹਰ ਪਹਿਲੂ ਬਾਰੇ ਸਿੱਖਿਆ ਦਿੰਦੇ ਸਨ, ਖ਼ਾਸਕਰ ਪਰਮੇਸ਼ੁਰ ਦੀ ਭਗਤੀ ਕਰਨ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਨ ਸੰਬੰਧੀ। (ਬਿਵ. 6:6, 7) ਨਤੀਜੇ ਵਜੋਂ ਜਿਹੜੇ ਇਸਰਾਏਲੀ ਨੌਜਵਾਨ ਆਪਣੇ ਮਾਪਿਆਂ ਅਤੇ ਮੰਡਲੀ ਦੇ ਹੋਰਨਾਂ ਬਜ਼ੁਰਗਾਂ ਦੀ ਸੁਣਦੇ ਸਨ, ਉਹ ਗਿਆਨ ਪ੍ਰਾਪਤ ਕਰਨ ਦੇ ਨਾਲ-ਨਾਲ ਬੁੱਧ, ਸਮਝਦਾਰੀ, ਚਤੁਰਾਈ ਅਤੇ ਮੱਤ ਵੀ ਹਾਸਲ ਕਰਦੇ ਸਨ। (ਕਹਾ. 1:2-4; 2:1-5, 11-15) ਅੱਜ ਵੀ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਦੀ ਭਾਰੀ ਜ਼ਿੰਮੇਵਾਰੀ ਗੰਭੀਰਤਾ ਨਾਲ ਲੈਣੀ ਚਾਹੀਦੀ ਹੈ।

ਉਨ੍ਹਾਂ ਦੀ ਸੁਣੋ ਜੋ ਤੁਹਾਨੂੰ ਪਿਆਰ ਕਰਦੇ ਹਨ

13. ਕੁਝ ਨੌਜਵਾਨਾਂ ਨੂੰ ਕਿਹੋ ਜਿਹੀ ਸਲਾਹ ਦਿੱਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ?

13 ਬੱਚਿਆਂ ਨੂੰ ਹਰ ਕੋਈ ਸਲਾਹ ਦੇਣ ਨੂੰ ਤਿਆਰ ਰਹਿੰਦਾ ਹੈ। ਸਕੂਲਾਂ ਵਿਚ ਨੌਜਵਾਨਾਂ ਨੂੰ ਯੂਨੀਵਰਸਿਟੀ ਅਤੇ ਕੈਰੀਅਰ ਬਾਰੇ ਸਲਾਹ-ਮਸ਼ਵਰਾ ਦੇਣ ਵਾਲੇ ਹਨ ਜੋ ਸਿਰਫ਼ ਇਕ ਗੱਲ ਵੱਲ ਉਨ੍ਹਾਂ ਦਾ ਧਿਆਨ ਲਾਉਂਦੇ ਹਨ ਕਿ ਦੁਨੀਆਦਾਰੀ ਵਿਚ ਉਹ ਕਿਵੇਂ ਕਾਮਯਾਬ ਹੋ ਸਕਦੇ ਹਨ। ਕਿਸੇ ਦੀ ਸਲਾਹ ਮੰਨਣ ਤੋਂ ਪਹਿਲਾਂ ਪ੍ਰਾਰਥਨਾ ਕਰੋ ਅਤੇ ਮਾਤਬਰ ਅਤੇ ਬੁੱਧਵਾਨ ਨੌਕਰ ਤੋਂ ਮਿਲੀ ਸਲਾਹ ਬਾਰੇ ਸੋਚ ਕੇ ਫ਼ੈਸਲਾ ਕਰੋ। ਬਾਈਬਲ ਦੀ ਸਟੱਡੀ ਕਰ ਕੇ ਤੁਸੀਂ ਜ਼ਰੂਰ ਜਾਣਿਆ ਹੋਵੇਗਾ ਕਿ ਸ਼ਤਾਨ ਖ਼ਾਸਕਰ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ ਜੋ ਘੱਟ ਤਜਰਬੇ ਵਾਲੇ ਅਤੇ ਭੋਲੇ-ਭਾਲੇ ਹਨ। ਮਿਸਾਲ ਲਈ, ਅਦਨ ਦੇ ਬਾਗ਼ ਵਿਚ ਸ਼ਤਾਨ ਨੇ ਹੱਵਾਹ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ ਕਿਉਂਕਿ ਉਸ ਨੂੰ ਆਦਮ ਨਾਲੋਂ ਘੱਟ ਤਜਰਬਾ ਸੀ। ਹੱਵਾਹ ਨੇ ਅਜਿਹੇ ਪਰਾਏ ਦੀ ਗੱਲ ਮੰਨੀ ਜਿਸ ਨੂੰ ਉਸ ਦੇ ਭਲੇ ਦੀ ਕੋਈ ਪਰਵਾਹ ਨਹੀਂ ਸੀ। ਪਰ ਯਹੋਵਾਹ ਨੇ ਤਾਂ ਕਈ ਤਰੀਕਿਆਂ ਨਾਲ ਹੱਵਾਹ ਨੂੰ ਆਪਣੇ ਪਿਆਰ ਦਾ ਸਬੂਤ ਦਿੱਤਾ ਸੀ। ਜੇ ਉਸ ਨੇ ਆਪਣੇ ਪਿਤਾ ਯਹੋਵਾਹ ਦੀ ਆਗਿਆ ਮੰਨੀ ਹੁੰਦੀ, ਤਾਂ ਗੱਲ ਕੁਝ ਹੋਰ ਹੀ ਹੋਣੀ ਸੀ।—ਉਤ. 3:1-6.

14. ਤੁਹਾਨੂੰ ਯਹੋਵਾਹ ਅਤੇ ਆਪਣੇ ਮਾਂ-ਬਾਪ ਦੀ ਗੱਲ ਕਿਉਂ ਸੁਣਨੀ ਚਾਹੀਦੀ ਹੈ?

14 ਯਹੋਵਾਹ ਦਾ ਪਿਆਰ ਸੱਚਾ ਤੇ ਖਰਾ ਹੈ! ਉਹ ਤੁਹਾਨੂੰ ਸਿਖਾਉਂਦਾ ਹੈ ਤਾਂਕਿ ਤੁਸੀਂ ਹੁਣ ਹੀ ਨਹੀਂ ਪਰ ਹਮੇਸ਼ਾ-ਹਮੇਸ਼ਾ ਲਈ ਖ਼ੁਸ਼ ਰਹਿ ਸਕੋ। ਇਸੇ ਕਰਕੇ ਉਹ ਤੁਹਾਨੂੰ ਅਤੇ ਉਨ੍ਹਾਂ ਸਾਰਿਆਂ ਨੂੰ, ਜੋ ਉਸ ਦੀ ਭਗਤੀ ਕਰਦੇ ਹਨ, ਕਹਿੰਦਾ ਹੈ: “ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ।” (ਯਸਾ. 30:21) ਜੇ ਤੁਹਾਡੇ ਮਾਂ-ਬਾਪ ਯਹੋਵਾਹ ਨੂੰ ਮੰਨਦੇ ਤੇ ਉਸ ਦੀ ਇੱਛਾ ਤੇ ਚੱਲਦੇ ਹਨ, ਤਾਂ ਉਹ ਵੀ ਤੁਹਾਡੀ ਮਦਦ ਕਰ ਸਕਦੇ ਹਨ। ਉਨ੍ਹਾਂ ਦੀ ਸਲਾਹ ਲੈ ਕੇ ਆਪਣੀ ਜ਼ਿੰਦਗੀ ਵਿਚ ਟੀਚੇ ਰੱਖੋ। (ਕਹਾ. 1:8, 9) ਆਖ਼ਰਕਾਰ ਉਹ ਚਾਹੁੰਦੇ ਹਨ ਕਿ ਤੁਸੀਂ ਹਮੇਸ਼ਾ ਦੀ ਜ਼ਿੰਦਗੀ ਪਾਓ ਜੋ ਕਿ ਦੁਨੀਆਂ ਦੀ ਸਾਰੀ ਧਨ-ਦੌਲਤ ਜਾਂ ਸ਼ੌਹਰਤ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੈ।—ਮੱਤੀ 16:26.

15, 16. (ੳ) ਅਸੀਂ ਕਿਸ ਗੱਲ ਬਾਰੇ ਯਹੋਵਾਹ ਤੇ ਪੂਰਾ ਭਰੋਸਾ ਰੱਖ ਸਕਦੇ ਹਾਂ? (ਅ) ਬਾਰੂਕ ਦੀ ਉਦਾਹਰਣ ਤੋਂ ਅਸੀਂ ਕਿਹੜਾ ਮਹੱਤਵਪੂਰਣ ਸਬਕ ਸਿੱਖ ਸਕਦੇ ਹਾਂ?

15 ਆਪਣੇ ਕਰਤਾਰ ਨੂੰ ਚੇਤੇ ਰੱਖਣ ਵਾਲੇ ਸਾਦੀ ਜ਼ਿੰਦਗੀ ਜੀਉਂਦੇ ਹਨ ਤੇ ਹਰ ਨਵੀਂ ਚੀਜ਼ ਹਾਸਲ ਕਰਨ ਦੇ ਚੱਕਰ ਵਿਚ ਨਹੀਂ ਪੈਂਦੇ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਪਰਮੇਸ਼ੁਰ ਉਨ੍ਹਾਂ ਨੂੰ ‘ਕਦੇ ਨਾ ਛੱਡੇਗਾ, ਨਾ ਕਦੇ ਉਨ੍ਹਾਂ ਨੂੰ ਤਿਆਗੇਗਾ।’ (ਇਬਰਾਨੀਆਂ 13:5 ਪੜ੍ਹੋ।) ਦੁਨੀਆਂ ਦੇ ਲੋਕ ਇਸ ਤਰ੍ਹਾਂ ਨਹੀਂ ਸੋਚਦੇ ਜਿਸ ਕਰਕੇ ਸਾਨੂੰ ਦੁਨੀਆਂ ਦੀ ਹਵਾ ਤੋਂ ਬਚ ਕੇ ਰਹਿਣਾ ਚਾਹੀਦਾ ਹੈ। (ਅਫ਼. 2:2) ਇਸ ਸੰਬੰਧੀ ਯਿਰਮਿਯਾਹ ਦੇ ਸੈਕਟਰੀ ਬਾਰੂਕ ਦੀ ਉਦਾਹਰਣ ਤੇ ਜ਼ਰਾ ਗੌਰ ਕਰੋ ਜੋ ਯਰੂਸ਼ਲਮ ਵਿਚ ਰਹਿੰਦਾ ਸੀ ਜਦ 607 ਈਸਵੀ ਪੂਰਵ ਵਿਚ ਉਹ ਸ਼ਹਿਰ ਤਬਾਹ ਹੋਇਆ ਸੀ।

16 ਬਾਰੂਕ ਦੇ ਦਿਲ ਵਿਚ ਕੀ ਸੀ, ਯਹੋਵਾਹ ਜਾਣਦਾ ਸੀ। ਸ਼ਾਇਦ ਉਹ ਕੁਝ ਬਣਨਾ ਚਾਹੁੰਦਾ ਸੀ ਜਾਂ ਐਸ਼ੋ-ਆਰਾਮ ਦੀ ਜ਼ਿੰਦਗੀ ਜੀਣੀ ਚਾਹੁੰਦਾ ਸੀ। ਯਹੋਵਾਹ ਨੇ ਉਸ ਨੂੰ ਚੇਤਾਵਨੀ ਦਿੱਤੀ ਕਿ ਉਹ ਧਨ-ਦੌਲਤ ਵਰਗੀਆਂ “ਵੱਡੀਆਂ ਚੀਜ਼ਾਂ” ਪਿੱਛੇ ਨਾ ਭੱਜੇ। ਬਾਰੂਕ ਨੇ ਸਮਝ ਤੋਂ ਕੰਮ ਲੈ ਕੇ ਯਹੋਵਾਹ ਪਰਮੇਸ਼ੁਰ ਦੀ ਗੱਲ ਮੰਨੀ ਤੇ ਉਹ ਯਰੂਸ਼ਲਮ ਦੀ ਤਬਾਹੀ ਵਿੱਚੋਂ ਬਚ ਨਿਕਲਿਆ। (ਯਿਰ. 45:2-5) ਦੂਸਰੇ ਪਾਸੇ ਬਾਰੂਕ ਦੇ ਜ਼ਮਾਨੇ ਦੇ ਲੋਕ, ਜਿਨ੍ਹਾਂ ਨੇ ਯਹੋਵਾਹ ਨੂੰ ਭੁੱਲ ਕੇ ਆਪਣੇ ਲਈ “ਵੱਡੀਆਂ ਚੀਜ਼ਾਂ” ਇਕੱਠੀਆਂ ਕੀਤੀਆਂ ਸਨ, ਕਸਦੀਆਂ ਯਾਨੀ ਬਾਬਲੀਆਂ ਦੇ ਹੱਥੋਂ ਪੂਰੀ ਤਰ੍ਹਾਂ ਲੁੱਟੇ ਗਏ ਸਨ। ਕਈ ਤਾਂ ਆਪਣੀਆਂ ਜਾਨਾਂ ਵੀ ਗੁਆ ਬੈਠੇ ਸਨ। (2 ਇਤ. 36:15-18) ਬਾਰੂਕ ਦੀ ਉਦਾਹਰਣ ਤੋਂ ਅਸੀਂ ਦੇਖ ਸਕਦੇ ਹਾਂ ਕਿ ਜ਼ਿੰਦਗੀ ਵਿਚ ਸਭ ਤੋਂ ਮਹੱਤਵਪੂਰਣ ਧਨ-ਦੌਲਤ ਤੇ ਸ਼ੌਹਰਤ ਨਹੀਂ, ਸਗੋਂ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਹੈ।

ਚੰਗੀ ਮਿਸਾਲ ਕਾਇਮ ਕਰਨ ਵਾਲਿਆਂ ਦੀ ਰੀਸ ਕਰੋ

17. ਅੱਜ ਯਹੋਵਾਹ ਦੇ ਸੇਵਕ ਯਿਸੂ, ਪੌਲੁਸ ਅਤੇ ਤਿਮੋਥਿਉਸ ਤੋਂ ਕੀ ਸਿੱਖ ਸਕਦੇ ਹਨ?

17 ਬਾਈਬਲ ਵਿਚ ਕਈ ਉਦਾਹਰਣਾਂ ਹਨ ਜਿਨ੍ਹਾਂ ਤੋਂ ਸਾਨੂੰ ਜ਼ਿੰਦਗੀ ਦਾ ਸਫ਼ਰ ਚੰਗੀ ਤਰ੍ਹਾਂ ਤੈਅ ਕਰਨ ਲਈ ਮਦਦ ਮਿਲਦੀ ਹੈ। ਮਿਸਾਲ ਲਈ ਯਿਸੂ ਜਿੰਨਾ ਹੁਨਰਮੰਦ ਇਨਸਾਨ ਹੋਰ ਕੋਈ ਨਹੀਂ ਸੀ। ਉਹ ਕੁਝ ਵੀ ਕਰ ਸਕਦਾ ਸੀ, ਪਰ ਉਸ ਨੇ ਲੋਕਾਂ ਦੀ ਮਦਦ ਕਰਨ ਵੱਲ ਧਿਆਨ ਦਿੱਤਾ ਤੇ ਉਨ੍ਹਾਂ ਨੂੰ “ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ” ਸੁਣਾਈ। (ਲੂਕਾ 4:43) ਪੌਲੁਸ ਰਸੂਲ ਆਪਣੇ ਕੈਰੀਅਰ ਵਿਚ ਲੱਗਾ ਰਹਿ ਕੇ ਬਹੁਤ ਪੈਸੇ ਕਮਾ ਸਕਦਾ ਸੀ, ਪਰ ਉਸ ਨੇ ਇਸ ਨੂੰ ਤਿਆਗ ਕੇ ਆਪਣਾ ਸਮਾਂ ਅਤੇ ਬਲ ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚ ਲਾਇਆ। ਤਿਮੋਥਿਉਸ ਨੇ ਪੌਲੁਸ ਦੀ ਵਧੀਆ ਮਿਸਾਲ ਦੀ ਰੀਸ ਕੀਤੀ ਸੀ ਤੇ ਉਸ ਬਾਰੇ ਪੌਲੁਸ ਨੇ ਕਿਹਾ ਕਿ ਉਹ “ਨਿਹਚਾ ਵਿੱਚ ਮੇਰਾ ਸੱਚਾ ਬੱਚਾ ਹੈ।” (1 ਤਿਮੋ. 1:2) ਕੀ ਯਿਸੂ, ਪੌਲੁਸ ਅਤੇ ਤਿਮੋਥਿਉਸ ਇਸ ਤਰ੍ਹਾਂ ਦੀ ਜ਼ਿੰਦਗੀ ਜੀ ਕੇ ਪਛਤਾਏ ਸਨ? ਬਿਲਕੁਲ ਨਹੀਂ! ਦਰਅਸਲ ਪੌਲੁਸ ਨੇ ਪਰਮੇਸ਼ੁਰ ਦੀ ਸੇਵਾ ਕਰਨ ਦੇ ਸਨਮਾਨ ਦੀ ਤੁਲਨਾ ਵਿਚ ਦੁਨੀਆਂ ਦੇ ਐਸ਼ੋ-ਆਰਾਮ ਤੇ ਸ਼ੌਹਰਤ ਨੂੰ “ਕੂੜਾ” ਸਮਝਿਆ ਸੀ।—ਫ਼ਿਲਿ. 3:8-11.

18. ਇਕ ਨੌਜਵਾਨ ਭਰਾ ਨੇ ਆਪਣੀ ਜ਼ਿੰਦਗੀ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ ਅਤੇ ਉਸ ਨੂੰ ਕਿਸੇ ਗੱਲ ਦਾ ਪਛਤਾਵਾ ਕਿਉਂ ਨਹੀਂ ਹੈ?

18 ਕਈ ਨੌਜਵਾਨ ਅੱਜ ਯਿਸੂ, ਪੌਲੁਸ ਅਤੇ ਤਿਮੋਥਿਉਸ ਦੀ ਰੀਸ ਕਰ ਰਹੇ ਹਨ। ਮਿਸਾਲ ਲਈ ਇਕ ਨੌਜਵਾਨ ਭਰਾ, ਜਿਸ ਦੀ ਚੰਗੀ-ਖ਼ਾਸੀ ਤਨਖ਼ਾਹ ਵਾਲੀ ਨੌਕਰੀ ਹੋਇਆ ਕਰਦੀ ਸੀ, ਨੇ ਲਿਖਿਆ: “ਬਾਈਬਲ ਦੇ ਅਸੂਲਾਂ ਤੇ ਚੱਲਣ ਕਾਰਨ ਮੈਂ ਮਿਹਨਤ ਨਾਲ ਕੰਮ ਕਰਦਾ ਸੀ। ਕੰਪਨੀ ਨੇ ਇਹ ਦੇਖ ਕਿ ਮੈਨੂੰ ਕਈ ਪ੍ਰੋਮੋਸ਼ਨਾਂ ਦਿੱਤੀਆਂ। ਭਾਵੇਂ ਮੈਂ ਸੋਹਣਾ ਕਮਾ ਲੈਂਦਾ ਸੀ, ਪਰ ਮੇਰੇ ਲਈ ਇਹ ਹਵਾ ਪਿੱਛੇ ਭੱਜਣ ਦੇ ਬਰਾਬਰ ਸੀ। ਜਦ ਮੈਂ ਕੰਪਨੀ ਦੇ ਮਾਲਕਾਂ ਨਾਲ ਨੌਕਰੀ ਛੱਡਣ ਤੇ ਪਾਇਨੀਅਰੀ ਸ਼ੁਰੂ ਕਰਨ ਬਾਰੇ ਗੱਲ ਕੀਤੀ, ਤਾਂ ਉਨ੍ਹਾਂ ਨੇ ਝੱਟ ਮੇਰੀ ਤਨਖ਼ਾਹ ਵਧਾਉਣ ਦੀ ਪੇਸ਼ਕਸ਼ ਕੀਤੀ। ਉਹ ਸੋਚਦੇ ਸਨ ਕਿ ਪੈਸੇ ਦੇ ਲਾਲਚ ਵਿਚ ਆ ਕੇ ਮੈਂ ਆਪਣਾ ਮਨ ਬਦਲ ਲਵਾਂਗਾ। ਪਰ ਮੇਰਾ ਇਰਾਦਾ ਪੱਕਾ ਸੀ। ਕਈ ਇਹ ਗੱਲ ਸਮਝ ਨਾ ਪਾਏ ਕਿ ਮੈਂ ਚੰਗੀ-ਖ਼ਾਸੀ ਤਨਖ਼ਾਹ ਵਾਲੀ ਨੌਕਰੀ ਛੱਡ ਕੇ ਪਾਇਨੀਅਰੀ ਕਿਉਂ ਕਰਨੀ ਚਾਹੁੰਦਾ ਸੀ। ਉਨ੍ਹਾਂ ਨੂੰ ਮੈਂ ਕਹਿ ਦਿੰਦਾ ਹਾਂ ਕਿ ਬਪਤਿਸਮਾ ਲੈਣ ਤੋਂ ਪਹਿਲਾਂ ਮੈਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਣ ਕੀਤੀ ਸੀ, ਤਾਂ ਹੁਣ ਮੈਂ ਉਸ ਵਾਅਦੇ ਨੂੰ ਪੂਰਾ ਕਰਨਾ ਚਾਹੁੰਦਾ ਹਾਂ। ਹੁਣ ਮੈਂ ਆਪਣੀ ਜ਼ਿੰਦਗੀ ਵਿਚ ਰੱਬ ਦੀ ਭਗਤੀ ਨੂੰ ਪਹਿਲ ਦੇ ਰਿਹਾ ਹਾਂ ਜਿਸ ਕਰਕੇ ਮੈਨੂੰ ਉਹ ਖ਼ੁਸ਼ੀ ਤੇ ਸੰਤੁਸ਼ਟੀ ਮਿਲ ਰਹੀ ਹੈ ਜੋ ਮੈਨੂੰ ਧਨ-ਦੌਲਤ ਜਾਂ ਸ਼ੌਹਰਤ ਤੋਂ ਕਦੇ ਨਹੀਂ ਮਿਲ ਸਕਦੀ ਸੀ।”

19. ਨੌਜਵਾਨਾਂ ਨੂੰ ਕਿਹੋ ਜਿਹੇ ਫ਼ੈਸਲੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ?

19 ਦੁਨੀਆਂ ਭਰ ਵਿਚ ਹਜ਼ਾਰਾਂ ਨੌਜਵਾਨਾਂ ਨੇ ਇਸੇ ਤਰ੍ਹਾਂ ਦੇ ਵਧੀਆ ਫ਼ੈਸਲੇ ਕੀਤੇ ਹਨ। ਤਾਂ ਫਿਰ ਨੌਜਵਾਨੋ, ਆਪਣੇ ਆਉਣ ਵਾਲੇ ਕੱਲ੍ਹ ਬਾਰੇ ਸੋਚਦੇ ਹੋਏ ਯਹੋਵਾਹ ਦੇ ਦਿਨ ਨੂੰ ਨਾ ਭੁੱਲੋ। (2 ਪਤ. 3:11, 12) ਉਨ੍ਹਾਂ ਲੋਕਾਂ ਨੂੰ ਦੇਖ ਕੇ ਜਲ਼ੋ ਨਾ ਜੋ ਇਸ ਦੁਨੀਆਂ ਵਿਚ ਕੁਝ ਬਣ ਰਹੇ ਤੇ ਪੈਸਾ ਕਮਾ ਰਹੇ ਹਨ। ਇਸ ਦੀ ਬਜਾਇ ਉਨ੍ਹਾਂ ਦੀ ਸੁਣੋ ਜੋ ਤੁਹਾਨੂੰ ਪਿਆਰ ਕਰਦੇ ਹਨ। ਆਪਣਾ ਅੱਗਾ ਸੁਆਰਨ ਲਈ ‘ਸੁਰਗ ਵਿੱਚ ਧਨ ਜੋੜੋ’ ਜਿਸ ਤੋਂ ਤੁਹਾਨੂੰ ਹਮੇਸ਼ਾ ਲਈ ਫ਼ਾਇਦਾ ਹੋਵੇਗਾ। (ਮੱਤੀ 6:19, 20; 1 ਯੂਹੰਨਾ 2:15-17 ਪੜ੍ਹੋ।) ਜੀ ਹਾਂ, ਆਪਣੇ ਕਰਤਾਰ ਨੂੰ ਚੇਤੇ ਰੱਖੋ। ਤੁਹਾਨੂੰ ਇਸ ਤਰ੍ਹਾਂ ਕਰਦੇ ਦੇਖ ਕੇ ਯਹੋਵਾਹ ਤੁਹਾਡੇ ਤੇ ਮਿਹਰਬਾਨ ਹੋਵੇਗਾ ਅਤੇ ਤੁਹਾਨੂੰ ਕਦੇ ਨਹੀਂ ਭੁੱਲੇਗਾ।

[ਫੁਟਨੋਟ]

^ ਪੈਰਾ 11 ਕਾਲਜ ਜਾਂ ਯੂਨੀਵਰਸਿਟੀ ਜਾ ਕੇ ਪੜ੍ਹਾਈ ਕਰਨ ਅਤੇ ਨੌਕਰੀ ਦੀ ਚੋਣ ਕਰਨ ਬਾਰੇ ਹੋਰ ਜਾਣਕਾਰੀ ਲਈ 1 ਅਕਤੂਬਰ 2005 ਦੇ ਪਹਿਰਾਬੁਰਜ ਦੇ 26-31 ਸਫ਼ੇ ਦੇਖੋ।

ਕੀ ਤੁਹਾਨੂੰ ਯਾਦ ਹੈ?

• ਅਸੀਂ ਕਿਵੇਂ ਜ਼ਾਹਰ ਕਰਦੇ ਹਾਂ ਕਿ ਸਾਨੂੰ ਯਹੋਵਾਹ ਤੇ ਭਰੋਸਾ ਹੈ?

• ਸਭ ਤੋਂ ਵਧੀਆ ਸਿੱਖਿਆ ਕਿੱਥੋਂ ਮਿਲਦੀ ਹੈ?

• ਬਾਰੂਕ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

• ਯਹੋਵਾਹ ਦੇ ਸੇਵਕ ਅੱਜ ਕਿਨ੍ਹਾਂ ਦੀ ਰੀਸ ਕਰ ਸਕਦੇ ਹਨ ਅਤੇ ਉਨ੍ਹਾਂ ਦੀ ਮਿਸਾਲ ਵਧੀਆ ਕਿਉਂ ਹੈ?

[ਸਵਾਲ]

[ਸਫ਼ਾ 13 ਉੱਤੇ ਤਸਵੀਰਾਂ]

ਯਹੋਵਾਹ ਸਾਨੂੰ ਸਭ ਤੋਂ ਵਧੀਆ ਸਿੱਖਿਆ ਦਿੰਦਾ ਹੈ

[ਸਫ਼ਾ 15 ਉੱਤੇ ਤਸਵੀਰ]

ਬਾਰੂਕ ਯਹੋਵਾਹ ਦੀ ਗੱਲ ਮੰਨ ਕੇ ਯਰੂਸ਼ਲਮ ਦੀ ਤਬਾਹੀ ਵਿੱਚੋਂ ਬਚ ਨਿਕਲਿਆ। ਉਸ ਦੀ ਮਿਸਾਲ ਤੋਂ ਤੁਸੀਂ ਕੀ ਸਿੱਖਦੇ ਹੋ?