ਹਰ ਗੱਲ ਵਿਚ ਪਰਮੇਸ਼ੁਰ ਦੀ ਅਗਵਾਈ ਭਾਲੋ
ਹਰ ਗੱਲ ਵਿਚ ਪਰਮੇਸ਼ੁਰ ਦੀ ਅਗਵਾਈ ਭਾਲੋ
“ਇਹੋ ਪਰਮੇਸ਼ੁਰ ਤਾਂ ਜੁੱਗੋ ਜੁੱਗ ਸਾਡਾ ਪਰਮੇਸ਼ੁਰ ਹੈ, ਮੌਤ ਤੀਕ ਵੀ ਉਹੋ ਸਾਡਾ ਆਗੂ ਰਹੇਗਾ!”—ਜ਼ਬੂ. 48:14.
1, 2. ਆਪਣੀ ਸਮਝ ਉੱਤੇ ਭਰੋਸਾ ਰੱਖਣ ਦੀ ਬਜਾਇ ਸਾਨੂੰ ਯਹੋਵਾਹ ਦੀ ਸੇਧ ਵਿਚ ਕਿਉਂ ਚੱਲਣਾ ਚਾਹੀਦਾ ਹੈ? ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?
ਕਈ ਵਾਰ ਅਸੀਂ ਧੋਖਾ ਖਾ ਕੇ ਨਿਕੰਮੀਆਂ ਗੱਲਾਂ ਨੂੰ ਚੰਗੀਆਂ ਗੱਲਾਂ ਸਮਝ ਬੈਠਦੇ ਹਾਂ। (ਕਹਾ. 12:11) ਜੇ ਅਸੀਂ ਕੁਝ ਅਜਿਹਾ ਕਰਨਾ ਚਾਹੁੰਦੇ ਹਾਂ ਜੋ ਇਕ ਮਸੀਹੀ ਲਈ ਠੀਕ ਨਹੀਂ ਹੈ, ਤਾਂ ਅਕਸਰ ਸਾਡਾ ਦਿਲ ਬਹਾਨੇ ਬਣਾਉਣ ਲੱਗ ਪੈਂਦਾ ਹੈ। (ਯਿਰ. 17:5, 9) ਜ਼ਬੂਰਾਂ ਦੇ ਲਿਖਾਰੀ ਨੂੰ ਵੀ ਇਸ ਗੱਲ ਦਾ ਪਤਾ ਸੀ, ਇਸ ਲਈ ਉਸ ਨੇ ਯਹੋਵਾਹ ਨੂੰ ਦੁਆ ਕੀਤੀ: “ਆਪਣੇ ਚਾਨਣ ਅਰ ਆਪਣੀ ਸੱਚਿਆਈ ਨੂੰ ਘੱਲ ਕਿ ਓਹ ਮੇਰੀ ਅਗਵਾਈ ਕਰਨ।” (ਜ਼ਬੂ. 43:3) ਉਸ ਨੇ ਅਗਵਾਈ ਲਈ ਆਪਣੀ ਸਮਝ ਉੱਤੇ ਨਹੀਂ, ਬਲਕਿ ਯਹੋਵਾਹ ਉੱਤੇ ਭਰੋਸਾ ਰੱਖਿਆ। ਯਹੋਵਾਹ ਤੋਂ ਬਿਹਤਰ ਤਰੀਕੇ ਨਾਲ ਹੋਰ ਕੋਈ ਅਗਵਾਈ ਕਰ ਹੀ ਨਹੀਂ ਸਕਦਾ। ਸੋ ਜ਼ਬੂਰਾਂ ਦੇ ਲਿਖਾਰੀ ਵਾਂਗ ਸਾਨੂੰ ਵੀ ਯਹੋਵਾਹ ਦੀ ਅਗਵਾਈ ਭਾਲਣੀ ਚਾਹੀਦੀ ਹੈ।
2 ਮਨੁੱਖਾਂ ਦੀ ਅਗਵਾਈ ਦੀ ਬਜਾਇ ਸਾਨੂੰ ਯਹੋਵਾਹ ਦੀ ਅਗਵਾਈ ਉੱਤੇ ਭਰੋਸਾ ਕਿਉਂ ਰੱਖਣਾ ਚਾਹੀਦਾ ਹੈ? ਸਾਨੂੰ ਉਸ ਦੀ ਅਗਵਾਈ ਕਦੋਂ ਭਾਲਣੀ ਚਾਹੀਦੀ ਹੈ? ਯਹੋਵਾਹ ਦੀ ਸੇਧ ਵਿਚ ਚੱਲਣ ਲਈ ਸਾਡੇ ਵਿਚ ਕਿਹੜੇ ਗੁਣ ਹੋਣੇ ਜ਼ਰੂਰੀ ਹਨ ਤੇ ਅੱਜ ਯਹੋਵਾਹ ਸਾਡੀ ਅਗਵਾਈ ਕਿੱਦਾਂ ਕਰਦਾ ਹੈ? ਇਸ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।
ਯਹੋਵਾਹ ਦੀ ਅਗਵਾਈ ’ਤੇ ਕਿਉਂ ਭਰੋਸਾ ਰੱਖੀਏ?
3-5. ਯਹੋਵਾਹ ਦੀ ਸੇਧ ਉੱਤੇ ਪੱਕਾ ਭਰੋਸਾ ਰੱਖਣ ਦੇ ਕਿਹੜੇ ਕਾਰਨ ਹਨ?
3 ਯਹੋਵਾਹ ਸਾਡਾ ਸਵਰਗੀ ਪਿਤਾ ਹੈ। (1 ਕੁਰਿੰ. 8:6) ਉਹੀ ਸਾਨੂੰ ਚੰਗੀ ਤਰ੍ਹਾਂ ਜਾਣਦਾ ਹੈ ਤੇ ਸਾਡੇ ਦਿਲਾਂ ਨੂੰ ਪੜ੍ਹ ਸਕਦਾ ਹੈ। (1 ਸਮੂ. 16:7; ਕਹਾ. 21:2) ਰਾਜਾ ਦਾਊਦ ਨੇ ਪਰਮੇਸ਼ੁਰ ਨੂੰ ਕਿਹਾ: “ਤੂੰ ਮੇਰਾ ਬੈਠਣਾ ਉੱਠਣਾ ਜਾਣਦਾ ਹੈਂ, ਤੂੰ ਮੇਰੀ ਵਿਚਾਰ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈਂ, ਮੇਰੀ ਜੀਭ ਉੱਤੇ ਤਾਂ ਇੱਕ ਗੱਲ ਵੀ ਨਹੀਂ,—ਵੇਖ, ਹੇ ਯਹੋਵਾਹ, ਤੂੰ ਉਹ ਨੂੰ ਪੂਰੇ ਤੌਰ ਨਾਲ ਜਾਣਦਾ ਹੈਂ।” (ਜ਼ਬੂ. 139:2, 4) ਜੇ ਯਹੋਵਾਹ ਸਾਨੂੰ ਇੰਨੀ ਚੰਗੀ ਤਰ੍ਹਾਂ ਜਾਣਦਾ ਹੈ, ਤਾਂ ਸਾਨੂੰ ਪੱਕਾ ਯਕੀਨ ਹੋਣਾ ਚਾਹੀਦਾ ਹੈ ਕਿ ਉਹ ਇਹ ਵੀ ਜਾਣਦਾ ਹੈ ਕਿ ਸਾਡਾ ਭਲਾ ਕਿਸ ਗੱਲ ਵਿਚ ਹੈ। ਇਸ ਤੋਂ ਇਲਾਵਾ ਯਹੋਵਾਹ ਨਾਲੋਂ ਬੁੱਧੀਮਾਨ ਕੋਈ ਨਹੀਂ ਹੈ। ਉਹ ਸਭ ਕੁਝ ਦੇਖਦਾ ਹੈ, ਉਹ ਇਨਸਾਨਾਂ ਨਾਲੋਂ ਬਿਹਤਰ ਤਰੀਕੇ ਨਾਲ ਕਿਸੇ ਗੱਲ ਦੀ ਜਾਂਚ ਕਰਦਾ ਹੈ ਅਤੇ ਸ਼ੁਰੂ ਤੋਂ ਹੀ ਗੱਲਾਂ ਦਾ ਨਤੀਜਾ ਜਾਣ ਸਕਦਾ ਹੈ। (ਯਸਾ. 46:9-11; ਰੋਮੀ. 11:33) ਉਹੀ “ਅਦੁਤੀ ਬੁੱਧੀਵਾਨ ਪਰਮੇਸ਼ੁਰ” ਹੈ।—ਰੋਮੀ. 16:27.
4 ਹੋਰ ਤਾਂ ਹੋਰ ਯਹੋਵਾਹ ਸਾਨੂੰ ਪਿਆਰ ਕਰਦਾ ਹੈ ਤੇ ਹਮੇਸ਼ਾ ਸਾਡਾ ਭਲਾ ਚਾਹੁੰਦਾ ਹੈ। (ਯੂਹੰ. 3:16; 1 ਯੂਹੰ. 4:8) ਪਿਆਰ ਪਰਮੇਸ਼ੁਰ ਦੀ ਰਗ-ਰਗ ਵਿਚ ਵੱਸਿਆ ਹੋਇਆ ਹੈ, ਇਸ ਲਈ ਉਹ ਖੁੱਲ੍ਹੇ ਦਿਲ ਨਾਲ ਸਾਨੂੰ ਬਰਕਤਾਂ ਦਿੰਦਾ ਹੈ। ਯਾਕੂਬ ਨੇ ਲਿਖਿਆ: “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ ਉਤਾਹਾਂ ਤੋਂ ਹੈ ਅਤੇ ਜੋਤਾ ਦੇ ਪਿਤਾ ਵੱਲੋਂ ਉਤਰ ਆਉਂਦੀ ਹੈ।” (ਯਾਕੂ. 1:17) ਜਿਹੜੇ ਲੋਕ ਪਰਮੇਸ਼ੁਰ ਦੀ ਸੇਧ ਵਿਚ ਚੱਲਦੇ ਹਨ, ਉਨ੍ਹਾਂ ਦੀ ਝੋਲੀ ਬਰਕਤਾਂ ਨਾਲ ਭਰੀ ਰਹਿੰਦੀ ਹੈ।
5 ਯਹੋਵਾਹ ਸਰਬਸ਼ਕਤੀਮਾਨ ਵੀ ਹੈ। ਇਸ ਬਾਰੇ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਜਿਹੜਾ ਅੱਤ ਮਹਾਨ ਦੀ ਓਟ ਵਿੱਚ ਵੱਸਦਾ ਹੈ ਉਹ ਸਰਬ ਸ਼ਕਤੀਮਾਨ ਦੇ ਸਾਯੇ ਹੇਠ ਟਿਕੇਗਾ। ਮੈਂ ਯਹੋਵਾਹ ਦੇ ਵਿਖੇ ਆਖਾਂਗਾ, ਕਿ ਉਹ ਮੇਰੀ ਪਨਾਹ ਅਤੇ ਮੇਰਾ ਗੜ੍ਹ ਹੈ, ਮੇਰਾ ਪਰਮੇਸ਼ੁਰ ਜਿਹ ਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ।” (ਜ਼ਬੂ. 91:1, 2) ਜਦ ਅਸੀਂ ਯਹੋਵਾਹ ਦੀ ਅਗਵਾਈ ਅਨੁਸਾਰ ਚੱਲਦੇ ਹਾਂ, ਤਾਂ ਅਸੀਂ ਯਹੋਵਾਹ ਦੀ ਛਤਰ-ਛਾਇਆ ਹੇਠ ਪਨਾਹ ਲੈਂਦੇ ਹਾਂ। ਭਾਵੇਂ ਸਾਨੂੰ ਵਿਰੋਧ ਦਾ ਵੀ ਸਾਮ੍ਹਣਾ ਕਰਨਾ ਪਵੇ, ਤਾਂ ਵੀ ਅਸੀਂ ਯਹੋਵਾਹ ਦੀ ਸਹਾਇਤਾ ਉੱਤੇ ਭਰੋਸਾ ਰੱਖ ਸਕਦੇ ਹਾਂ। ਉਹ ਸਾਨੂੰ ਕਦੀ ਨਿਰਾਸ਼ ਨਹੀਂ ਕਰੇਗਾ। (ਜ਼ਬੂ. 71:4, 5; ਕਹਾਉਤਾਂ 3:19-26 ਪੜ੍ਹੋ।) ਯਹੋਵਾਹ ਜਾਣਦਾ ਹੈ ਕਿ ਸਾਡੇ ਭਲੇ ਲਈ ਕੀ-ਕੀ ਜ਼ਰੂਰੀ ਹੈ, ਉਹ ਸਾਡਾ ਭਲਾ ਚਾਹੁੰਦਾ ਹੈ ਅਤੇ ਸਾਡਾ ਭਲਾ ਕਰਨ ਦੀ ਉਸ ਕੋਲ ਸ਼ਕਤੀ ਵੀ ਹੈ। ਪਰਮੇਸ਼ੁਰ ਦੀ ਅਗਵਾਈ ਤੋਂ ਮੂੰਹ ਮੋੜਨਾ ਮੂਰਖਤਾ ਦੀ ਗੱਲ ਹੋਵੇਗੀ। ਪਰ ਸਾਨੂੰ ਉਸ ਦੀ ਅਗਵਾਈ ਦੀ ਕਦੋਂ ਲੋੜ ਹੁੰਦੀ ਹੈ?
ਸਾਨੂੰ ਅਗਵਾਈ ਦੀ ਕਦੋਂ ਲੋੜ ਹੁੰਦੀ ਹੈ?
6, 7. ਸਾਨੂੰ ਯਹੋਵਾਹ ਦੀ ਅਗਵਾਈ ਦੀ ਕਦੋਂ ਲੋੜ ਹੁੰਦੀ ਹੈ?
6 ਦਰਅਸਲ ਸਾਨੂੰ ਬਚਪਨ ਤੋਂ ਬੁਢਾਪੇ ਤਕ ਪਰਮੇਸ਼ੁਰ ਦੀ ਸੇਧ ਦੀ ਲੋੜ ਹੁੰਦੀ ਹੈ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਇਹੋ ਪਰਮੇਸ਼ੁਰ ਤਾਂ ਜੁੱਗੋ ਜੁੱਗ ਸਾਡਾ ਪਰਮੇਸ਼ੁਰ ਹੈ, ਮੌਤ ਤੀਕ ਵੀ ਉਹੋ ਸਾਡਾ ਆਗੂ ਰਹੇਗਾ!” (ਜ਼ਬੂ. 48:14) ਜ਼ਬੂਰਾਂ ਦੇ ਲਿਖਾਰੀ ਵਾਂਗ ਸਾਨੂੰ ਕਦੇ ਵੀ ਪਰਮੇਸ਼ੁਰ ਦੀ ਅਗਵਾਈ ਭਾਲਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ।
7 ਪਰ ਕਈ ਵਾਰ ਅਜਿਹਾ ਸਮਾਂ ਵੀ ਆਉਂਦਾ ਹੈ ਜਦ ਸਾਨੂੰ ਮਦਦ ਦੀ ਸਖ਼ਤ ਜ਼ਰੂਰਤ ਹੁੰਦੀ ਹੈ। ਕਦੇ-ਕਦੇ ਅਸੀਂ ਕਿਸੇ ਔਖੀ ਘੜੀ ਵਿੱਚੋਂ ਲੰਘ ਰਹੇ ਹੁੰਦੇ ਹਾਂ ਜਿਵੇਂ ਕਿ ਕਿਸੇ ਗੰਭੀਰ ਬੀਮਾਰੀ ਦਾ ਸਾਮ੍ਹਣਾ ਕਰਨਾ, ਜਾਂ ਸਤਾਹਟਾਂ ਆਉਣੀਆਂ, ਜਾਂ ਫਿਰ ਨੌਕਰੀ ਛੁੱਟ ਜਾਣੀ। (ਜ਼ਬੂ. 69:16, 17) ਅਜਿਹੇ ਸਮਿਆਂ ਤੇ ਹੌਸਲੇ ਲਈ ਅਸੀਂ ਯਹੋਵਾਹ ਅੱਗੇ ਦੁਆ ਕਰ ਸਕਦੇ ਹਾਂ। ਸਾਨੂੰ ਪੂਰਾ ਯਕੀਨ ਹੈ ਕਿ ਉਹ ਸਾਨੂੰ ਮੁਸ਼ਕਲ ਸਹਿਣ ਦੀ ਤਾਕਤ ਤੇ ਸਹੀ ਫ਼ੈਸਲੇ ਕਰਨ ਦੀ ਬੁੱਧ ਦੇਵੇਗਾ। (ਜ਼ਬੂਰਾਂ ਦੀ ਪੋਥੀ 102:17 ਪੜ੍ਹੋ।) ਪਰ ਸਾਨੂੰ ਹੋਰਨਾਂ ਸਮਿਆਂ ਤੇ ਵੀ ਉਸ ਦੀ ਮਦਦ ਦੀ ਲੋੜ ਪੈਂਦੀ ਹੈ। ਮਿਸਾਲ ਲਈ, ਜਦ ਅਸੀਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਜਾਂਦੇ ਹਾਂ, ਤਾਂ ਸਾਨੂੰ ਯਹੋਵਾਹ ਦੀ ਅਗਵਾਈ ਦੀ ਲੋੜ ਹੁੰਦੀ ਹੈ ਤਾਂਕਿ ਅਸੀਂ ਪ੍ਰਚਾਰ ਕਰਨ ਵਿਚ ਸਫ਼ਲ ਹੋ ਸਕੀਏ। ਜਦ ਸਾਨੂੰ ਕੋਈ ਫ਼ੈਸਲਾ ਕਰਨਾ ਪੈਂਦਾ ਹੈ—ਸ਼ਾਇਦ ਇਹ ਮਨੋਰੰਜਨ, ਹਾਰ-ਸ਼ਿੰਗਾਰ, ਸੰਗਤ, ਪੜ੍ਹਾਈ-ਲਿਖਾਈ ਜਾਂ ਕੋਈ ਹੋਰ ਚੀਜ਼ ਦੇ ਸੰਬੰਧ ਵਿਚ ਹੋਵੇ, ਤਾਂ ਯਹੋਵਾਹ ਦੀ ਸੇਧ ਵਿਚ ਚੱਲ ਕੇ ਹੀ ਅਸੀਂ ਸਹੀ ਫ਼ੈਸਲੇ ਕਰ ਪਾਵਾਂਗੇ। ਅਸਲ ਵਿਚ ਜ਼ਿੰਦਗੀ ਦੇ ਹਰ ਮੋੜ ਤੇ ਸਾਨੂੰ ਉਸ ਦੀ ਅਗਵਾਈ ਦੀ ਲੋੜ ਪਵੇਗੀ।
ਪਰਮੇਸ਼ੁਰ ਦੀ ਸੇਧ ਵਿਚ ਨਾ ਚੱਲਣ ਦੇ ਖ਼ਤਰੇ
8. ਹੱਵਾਹ ਦੇ ਫ਼ੈਸਲੇ ਤੋਂ ਸਾਨੂੰ ਕੀ ਪਤਾ ਲੱਗਦਾ ਹੈ?
8 ਯਾਦ ਰੱਖੋ ਕਿ ਸਾਨੂੰ ਯਹੋਵਾਹ ਦੀ ਸੇਧ ਵਿਚ ਚੱਲਣ ਲਈ ਤਿਆਰ ਰਹਿਣਾ ਚਾਹੀਦਾ ਹੈ। ਜੇ ਅਸੀਂ ਉਸ ਦੀ ਸੇਧ ਵਿਚ ਨਹੀਂ ਚੱਲਣਾ ਚਾਹੁੰਦੇ, ਤਾਂ ਉਹ ਸਾਨੂੰ ਮਜਬੂਰ ਨਹੀਂ ਕਰੇਗਾ। ਜਿਸ ਪਹਿਲੇ ਇਨਸਾਨ ਨੇ ਯਹੋਵਾਹ ਦੀ ਅਗਵਾਈ ਨੂੰ ਰੱਦ ਕੀਤਾ, ਉਹ ਸੀ ਹੱਵਾਹ। ਉਸ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਅਜਿਹਾ ਫ਼ੈਸਲਾ ਕਰਨ ਦੇ ਕਿੰਨੇ ਬੁਰੇ ਨਤੀਜੇ ਨਿਕਲ ਸਕਦੇ ਹਨ। ਉਸ ਦੇ ਫ਼ੈਸਲੇ ਤੋਂ ਸਾਨੂੰ ਹੋਰ ਕੀ ਪਤਾ ਲੱਗਦਾ ਹੈ? ਜਿਸ ਬਿਰਛ ਤੋਂ ਯਹੋਵਾਹ ਨੇ ਫਲ ਖਾਣ ਤੋਂ ਮਨ੍ਹਾ ਕੀਤਾ ਸੀ, ਉਸ ਤੋਂ ਹੱਵਾਹ ਨੇ ਫਲ ਖਾਧਾ ਕਿਉਂਕਿ ਉਹ ‘ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੀ’ ਬਣਨਾ ਚਾਹੁੰਦੀ ਸੀ। (ਉਤ. 3:5) ਆਪਣੇ ਭਲੇ-ਬੁਰੇ ਬਾਰੇ ਆਪ ਹੀ ਫ਼ੈਸਲਾ ਕਰ ਕੇ ਉਸ ਨੇ ਰੱਬ ਦੀ ਜਗ੍ਹਾ ਲੈਣੀ ਚਾਹੀ। ਯਹੋਵਾਹ ਦੀ ਸੇਧ ਵਿਚ ਚੱਲਣ ਦੀ ਬਜਾਇ ਉਸ ਨੇ ਯਹੋਵਾਹ ਵੱਲ ਪਿੱਠ ਕਰ ਲਈ। ਯਹੋਵਾਹ ਨੂੰ ਆਪਣਾ ਮਾਲਕ ਮੰਨਣ ਦੀ ਬਜਾਇ ਉਸ ਨੇ ਆਪਣੀ ਮਨ-ਮਰਜ਼ੀ ਕੀਤੀ। ਉਸ ਦਾ ਪਤੀ ਆਦਮ ਵੀ ਉਸ ਦੇ ਨਾਲ ਹੀ ਰਲ ਗਿਆ।—ਰੋਮੀ. 5:12.
9. ਜੇ ਅਸੀਂ ਯਹੋਵਾਹ ਦੀ ਸੇਧ ਵਿਚ ਨਹੀਂ ਚੱਲਦੇ, ਤਾਂ ਅਸਲ ਵਿਚ ਅਸੀਂ ਕੀ ਕਰ ਰਹੇ ਹਾਂ ਤੇ ਇਹ ਬੇਸਮਝੀ ਕਿਉਂ ਹੈ?
9 ਅੱਜ ਜੇ ਅਸੀਂ ਯਹੋਵਾਹ ਦੀ ਸੇਧ ਵਿਚ ਨਹੀਂ ਚੱਲਦੇ, ਤਾਂ ਅਸੀਂ ਵੀ ਹੱਵਾਹ ਵਾਂਗ ਯਹੋਵਾਹ ਨੂੰ ਆਪਣੇ ਮਾਲਕ ਵਜੋਂ ਠੁਕਰਾਉਂਦੇ ਹਾਂ। ਮਿਸਾਲ ਲਈ, ਉਸ ਵਿਅਕਤੀ ਬਾਰੇ ਸੋਚੋ ਜੋ ਅਸ਼ਲੀਲ ਤਸਵੀਰਾਂ ਦੇਖਣ ਦਾ ਆਦੀ ਹੋ ਗਿਆ ਹੈ। ਜੇ ਉਹ ਮੀਟਿੰਗਾਂ ਵਿਚ ਆਉਂਦਾ ਹੈ, ਤਾਂ ਉਸ ਨੂੰ ਪਤਾ ਹੈ ਕਿ ਇਸ ਬਾਰੇ ਯਹੋਵਾਹ ਦਾ ਕੀ ਵਿਚਾਰ ਹੈ। ਸਾਨੂੰ ਆਪੋ ਵਿਚ ਗੰਦੇ ਕੰਮਾਂ ਦਾ ਜ਼ਿਕਰ ਤਕ ਨਹੀਂ ਕਰਨਾ ਚਾਹੀਦਾ, ਉਨ੍ਹਾਂ ਦਾ ਮਜ਼ਾ ਲੈਣਾ ਤਾਂ ਦੂਰ ਦੀ ਗੱਲ ਰਹੀ। (ਅਫ਼. 5:3) ਯਹੋਵਾਹ ਦੀ ਅਗਵਾਈ ਅਨੁਸਾਰ ਨਾ ਚੱਲ ਕੇ ਅਜਿਹਾ ਵਿਅਕਤੀ ਇਹੀ ਦਿਖਾ ਰਿਹਾ ਹੈ ਕਿ ਉਹ ਯਹੋਵਾਹ ਨੂੰ ਛੱਡ ਕੇ ਆਪਣੀ ਮਰਜ਼ੀ ਦਾ ਮਾਲਕ ਆਪ ਬਣਨਾ ਚਾਹੁੰਦਾ ਹੈ। (1 ਕੁਰਿੰ. 11:3) ਇਹ ਬੇਸਮਝੀ ਹੋਵੇਗੀ ਕਿਉਂਕਿ ਯਿਰਮਿਯਾਹ ਨੇ ਕਿਹਾ ਕਿ “ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।”—ਯਿਰ. 10:23.
10. ਆਪਣੇ ਫ਼ੈਸਲੇ ਆਪ ਕਰਨ ਦੀ ਖੁੱਲ੍ਹ ਮਿਲਣ ਦੇ ਬਾਵਜੂਦ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?
10 ਕੁਝ ਲੋਕ ਸ਼ਾਇਦ ਯਿਰਮਿਯਾਹ ਦੀ ਗੱਲ ਨਾਲ ਸਹਿਮਤ ਨਾ ਹੋਣ। ਉਹ ਸ਼ਾਇਦ ਸੋਚਣ ਕਿ ਯਹੋਵਾਹ ਨੇ ਤਾਂ ਸਾਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਖੁੱਲ੍ਹ ਦਿੱਤੀ ਹੈ, ਤਾਂ ਫਿਰ ਪਾਬੰਦੀਆਂ ਤੇ ਬੰਦਸ਼ਾਂ ਕਿਉਂ? ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਭਾਵੇਂ ਯਹੋਵਾਹ ਨੇ ਕੁਝ ਹੱਦ ਤਕ ਸਾਨੂੰ ਖੁੱਲ੍ਹ ਦਿੱਤੀ ਹੈ, ਪਰ ਉਹ ਸਾਡੇ ਤੋਂ ਲੇਖਾ ਜ਼ਰੂਰ ਲਵੇਗਾ। (ਰੋਮੀ. 14:10) ਯਿਸੂ ਨੇ ਕਿਹਾ: “ਜੋ ਮਨ ਵਿੱਚ ਭਰਿਆ ਹੋਇਆ ਹੈ ਉਹੋ ਮੂੰਹ ਉੱਤੇ ਆਉਂਦਾ ਹੈ।” ਉਸ ਨੇ ਇਹ ਵੀ ਕਿਹਾ: “ਬੁਰੇ ਖ਼ਿਆਲ, ਖ਼ੂਨ, ਜਨਾਕਾਰੀਆਂ, ਹਰਾਮਕਾਰੀਆਂ, ਚੋਰੀਆਂ, ਝੂਠੀਆਂ ਉਗਾਹੀਆਂ, ਕੁਫ਼ਰ ਦਿਲ ਵਿੱਚੋਂ ਨਿੱਕਲਦੇ ਹਨ।” (ਮੱਤੀ 12:34; 15:19) ਤਾਂ ਫਿਰ ਸਾਡੀ ਬੋਲੀ ਤੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਕਿਹੋ ਜਿਹੇ ਇਨਸਾਨ ਹਾਂ। ਇਸ ਲਈ ਇਕ ਸਮਝਦਾਰ ਮਸੀਹੀ ਹਰ ਗੱਲ ਵਿਚ ਯਹੋਵਾਹ ਦੀ ਅਗਵਾਈ ਭਾਲੇਗਾ। ਫਿਰ ਯਹੋਵਾਹ ਦੇਖੇਗਾ ਕਿ ਉਹ “ਸਿੱਧੇ ਮਨ” ਵਾਲਾ ਹੈ ਅਤੇ ਉਹ ਉਸ ਨਾਲ “ਭਲਿਆਈ” ਕਰੇਗਾ।—ਜ਼ਬੂ. 125:4.
11. ਅਸੀਂ ਇਸਰਾਏਲ ਕੌਮ ਤੋਂ ਕੀ ਸਿੱਖਦੇ ਹਾਂ?
11 ਇਸਰਾਏਲ ਕੌਮ ਦੀ ਮਿਸਾਲ ਲੈ ਲਓ। ਜਦ ਲੋਕਾਂ ਨੇ ਯਹੋਵਾਹ ਦੀ ਆਗਿਆ ਮੰਨ ਕੇ ਸਹੀ ਫ਼ੈਸਲੇ ਕੀਤੇ, ਤਾਂ ਉਸ ਨੇ ਉਨ੍ਹਾਂ ਦੀ ਰੱਖਿਆ ਕੀਤੀ। (ਯਹੋ. 24:15, 21, 31) ਲੇਕਿਨ ਕਈ ਵਾਰ ਪੁੱਠੇ ਕੰਮ ਕਰ ਕੇ ਉਨ੍ਹਾਂ ਨੇ ਯਹੋਵਾਹ ਨੂੰ ਉਦਾਸ ਕੀਤਾ। ਯਿਰਮਿਯਾਹ ਦੇ ਜ਼ਮਾਨੇ ਵਿਚ ਰਹਿਣ ਵਾਲੇ ਇਸਰਾਏਲੀਆਂ ਬਾਰੇ ਯਹੋਵਾਹ ਨੇ ਕਿਹਾ: “ਨਾ ਓਹਨਾਂ ਨੇ ਸੁਣਿਆ ਨਾ ਕੰਨ ਲਾਇਆ, ਪਰ ਓਹ ਆਪਣਿਆਂ ਮਨ ਮੱਤਿਆਂ ਅਤੇ ਆਪਣੇ ਬੁਰੇ ਦਿਲ ਦੀ ਆਕੜ ਵਿੱਚ ਚੱਲਦੇ ਰਹੇ। ਓਹ ਪਿਛਾਹਾਂ ਨੂੰ ਗਏ ਪਰ ਅੱਗੇ ਨਾ ਵਧੇ।” (ਯਿਰ. 7:24-26) ਇਹ ਕਿੰਨੇ ਦੁੱਖ ਦੀ ਗੱਲ ਸੀ! ਆਓ ਆਪਾਂ ਆਪਣੇ ਨਾਲ ਇੱਦਾਂ ਕਦੀ ਨਾ ਹੋਣ ਦੇਈਏ ਕਿ ਅਸੀਂ ਆਕੜ ਕੇ ਜਾਂ ਆਪਣੀ ਮਨ-ਮਰਜ਼ੀ ਕਰ ਕੇ ਯਹੋਵਾਹ ਦੀ ਸੇਧ ਤੋਂ ਮੂੰਹ ਮੋੜ ਲਈਏ ਤੇ ਆਪਣੀ ਮੱਤ ਅਨੁਸਾਰ ਚੱਲੀਏ! ਇਸ ਤਰ੍ਹਾਂ ਕਰਨ ਨਾਲ ਅਸੀਂ ‘ਪਿਛਾਹਾਂ ਨੂੰ ਜਾਵਾਂਗੇ ਤੇ ਅੱਗੇ ਨਾ ਵਧਾਂਗੇ।’
ਪਰਮੇਸ਼ੁਰ ਦੀ ਸਲਾਹ ’ਤੇ ਚੱਲਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
12, 13. (ੳ) ਕਿਹੜੇ ਗੁਣ ਕਰਕੇ ਅਸੀਂ ਯਹੋਵਾਹ ਦੀ ਸੇਧ ਵਿਚ ਚੱਲਣਾ ਚਾਹੁੰਦੇ ਹਾਂ? (ਅ) ਨਿਹਚਾ ਕਰਨੀ ਕਿਉਂ ਜ਼ਰੂਰੀ ਹੈ?
12 ਯਹੋਵਾਹ ਨੂੰ ਪਿਆਰ ਕਰਨ ਕਰਕੇ ਅਸੀਂ ਉਸ ਦੀ ਸੇਧ ਵਿਚ ਚੱਲਣਾ ਚਾਹੁੰਦੇ ਹਾਂ। (1 ਯੂਹੰ. 5:3) ਪਰ ਪਿਆਰ ਤੋਂ ਇਲਾਵਾ ਪੌਲੁਸ ਨੇ ਇਕ ਹੋਰ ਗੁਣ ਵੱਲ ਵੀ ਸਾਡਾ ਧਿਆਨ ਖਿੱਚਿਆ ਸੀ ਜਦ ਉਸ ਨੇ ਕਿਹਾ: “ਅਸੀਂ ਨਿਹਚਾ ਨਾਲ ਚੱਲਦੇ ਹਾਂ, ਨਾ ਵੇਖਣ ਨਾਲ।” (2 ਕੁਰਿੰ. 5:6, 7) ਨਿਹਚਾ ਕਰਨੀ ਜ਼ਰੂਰੀ ਕਿਉਂ ਹੈ? ਕਿਉਂਕਿ ਯਹੋਵਾਹ “ਧਰਮ ਦੇ ਮਾਰਗਾਂ” ਵਿਚ ਸਾਡੀ ਅਗਵਾਈ ਕਰਦਾ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਇਨ੍ਹਾਂ ਮਾਰਗਾਂ ’ਤੇ ਚੱਲਣ ਨਾਲ ਸਾਨੂੰ ਧਨ-ਦੌਲਤ ਜਾਂ ਸ਼ੌਹਰਤ ਮਿਲੇਗੀ। (ਜ਼ਬੂ. 23:3) ਇਸ ਲਈ ਸਾਨੂੰ ਆਪਣੀਆਂ ਨਿਹਚਾ ਦੀਆਂ ਅੱਖਾਂ ਉਨ੍ਹਾਂ ਬਰਕਤਾਂ ਉੱਤੇ ਟਿਕਾਈ ਰੱਖਣੀਆਂ ਚਾਹੀਦਾ ਹਨ ਜੋ ਯਹੋਵਾਹ ਦੀ ਸੇਵਾ ਕਰਨ ਨਾਲ ਮਿਲਦੀਆਂ ਹਨ। (2 ਕੁਰਿੰਥੀਆਂ 4:17, 18 ਪੜ੍ਹੋ।) ਨਿਹਚਾ ਹੋਣ ਕਰਕੇ ਅਸੀਂ ਥੋੜ੍ਹੇ ਵਿਚ ਹੀ ਗੁਜ਼ਾਰਾ ਕਰ ਕੇ ਖ਼ੁਸ਼ ਰਹਾਂਗੇ।—1 ਤਿਮੋ. 6:8.
13 ਯਿਸੂ ਨੇ ਕਿਹਾ ਸੀ ਕਿ ਯਹੋਵਾਹ ਦੇ ਸਾਰੇ ਸੇਵਕਾਂ ਨੂੰ ਕੁਰਬਾਨੀਆਂ ਤਾਂ ਕਰਨੀਆਂ ਹੀ ਪੈਣਗੀਆਂ। ਇਸ ਤਰ੍ਹਾਂ ਕਰਨ ਲਈ ਵੀ ਨਿਹਚਾ ਦੀ ਲੋੜ ਹੈ। (ਲੂਕਾ 9:23, 24) ਯਹੋਵਾਹ ਦੇ ਕਈ ਵਫ਼ਾਦਾਰ ਲੋਕਾਂ ਨੇ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਉਨ੍ਹਾਂ ਨੇ ਗ਼ਰੀਬੀ, ਵਿਰੋਧ, ਪੱਖ-ਪਾਤ ਅਤੇ ਵੱਡੇ ਜ਼ੁਲਮ ਸਹੇ ਹਨ। (2 ਕੁਰਿੰ. 11:23-27; ਪਰ. 3:8-10) ਸਿਰਫ਼ ਪੱਕੀ ਨਿਹਚਾ ਹੋਣ ਕਰਕੇ ਉਹ ਇਹ ਸਭ ਕੁਝ ਖ਼ੁਸ਼ੀ ਨਾਲ ਸਹਿ ਸਕੇ ਹਨ। (ਯਾਕੂ. 1:2, 3) ਯਹੋਵਾਹ ਉੱਤੇ ਪੱਕੀ ਨਿਹਚਾ ਹੋਣ ਕਰਕੇ ਸਾਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਦੀ ਸੇਧ ਹਮੇਸ਼ਾ ਵਧੀਆ ਹੁੰਦੀ ਹੈ ਤੇ ਇਹ ਹਮੇਸ਼ਾ ਸਾਡੇ ਭਲੇ ਲਈ ਹੁੰਦੀ ਹੈ। ਸਾਨੂੰ ਕੋਈ ਸ਼ੱਕ ਨਹੀਂ ਕਿ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਇਨਾਮ ਅਜਿਹੇ ਕਿਸੇ ਵੀ ਦੁੱਖ ਨਾਲੋਂ ਵੱਡਾ ਹੋਵੇਗਾ ਜੋ ਅਸੀਂ ਥੋੜ੍ਹੇ ਚਿਰ ਲਈ ਹੁਣ ਸਹਿ ਰਹੇ ਹਾਂ।—ਇਬ. 11:6.
14. ਹਾਜਰਾ ਨੂੰ ਹਲੀਮ ਹੋਣ ਦੀ ਕਿਉਂ ਲੋੜ ਸੀ?
14 ਪੁਰਾਣੇ ਜ਼ਮਾਨਿਆਂ ਵਿਚ ਯਹੋਵਾਹ ਦੀ ਸੇਧ ਵਿਚ ਚੱਲਣ ਲਈ ਪਰਮੇਸ਼ੁਰ ਦੇ ਭਗਤਾਂ ਵਾਸਤੇ ਨਿਮਰ ਹੋਣਾ ਜ਼ਰੂਰੀ ਸੀ। ਸਾਰਾਹ ਦੀ ਦਾਸੀ ਹਾਜਰਾ ਦੀ ਮਿਸਾਲ ਉੱਤੇ ਗੌਰ ਕਰੋ। ਜਦ ਸਾਰਾਹ ਨੂੰ ਪਤਾ ਲੱਗਾ ਕਿ ਉਹ ਬੱਚੇ ਪੈਦਾ ਨਹੀਂ ਕਰ ਸਕਦੀ ਸੀ, ਤਾਂ ਉਸ ਨੇ ਹਾਜਰਾ ਦੀ ਕੁੱਖੋਂ ਬੱਚਾ ਪੈਦਾ ਕਰਨ ਲਈ ਉਸ ਨੂੰ ਅਬਰਾਹਾਮ ਕੋਲ ਭੇਜ ਦਿੱਤਾ। ਫਿਰ ਜਦ ਹਾਜਰਾ ਗਰਭਵਤੀ ਹੋਈ, ਤਾਂ ਉਹ ਘਮੰਡ ਕਰਨ ਲੱਗ ਪਈ ਕਿਉਂਕਿ ਉਸ ਦੀ ਮਾਲਕਣ ਬਾਂਝ ਸੀ। ਨਤੀਜੇ ਵਜੋਂ ਸਾਰਾਹ ਨੇ “ਉਸ ਨਾਲ ਸਖ਼ਤੀ ਕੀਤੀ” ਤੇ ਹਾਜਰਾ ਘਰੋਂ ਭੱਜ ਗਈ। ਫਿਰ ਯਹੋਵਾਹ ਦਾ ਇਕ ਦੂਤ ਹਾਜਰਾ ਨੂੰ ਰਾਹ ਵਿਚ ਮਿਲਿਆ ਤੇ ਉਸ ਨੂੰ ਕਿਹਾ: “ਆਪਣੀ ਬੀਬੀ ਕੋਲ ਮੁੜ ਜਾਹ ਅਤੇ ਆਪਣੇ ਆਪ ਨੂੰ ਉਸ ਦੇ ਤਾਬੇ [ਅਧੀਨ] ਕਰ ਦੇਹ।” (ਉਤ. 16:2, 6, 8, 9) ਸ਼ਾਇਦ ਹਾਜਰਾ ਲਈ ਇਸ ਸਲਾਹ ਨੂੰ ਮੰਨਣਾ ਔਖਾ ਸੀ। ਦੂਤ ਦੀ ਸਲਾਹ ਉੱਤੇ ਚੱਲਣ ਲਈ ਉਸ ਨੂੰ ਘਮੰਡ ਛੱਡਣ ਦੀ ਲੋੜ ਸੀ। ਫਿਰ ਵੀ ਹਾਜਰਾ ਨੇ ਹਲੀਮੀ ਨਾਲ ਦੂਤ ਦੀ ਗੱਲ ਮੰਨੀ ਤੇ ਉਸ ਦੇ ਪੁੱਤਰ ਇਸ਼ਮਾਏਲ ਦਾ ਜਨਮ ਅਬਰਾਹਾਮ ਦੇ ਆਂਗਣ ਵਿਚ ਹੋਇਆ।
15. ਉਨ੍ਹਾਂ ਹਾਲਾਤਾਂ ਬਾਰੇ ਦੱਸੋ ਜਿਨ੍ਹਾਂ ਵਿਚ ਪਰਮੇਸ਼ੁਰ ਦੀ ਸੇਧ ਵਿਚ ਚੱਲਣ ਲਈ ਸਾਨੂੰ ਹਲੀਮੀ ਦੀ ਲੋੜ ਹੈ।
15 ਯਹੋਵਾਹ ਦੀ ਸੇਧ ਵਿਚ ਚੱਲਣ ਲਈ ਸਾਨੂੰ ਵੀ ਹਲੀਮ ਹੋਣ ਦੀ ਲੋੜ ਹੈ। ਕਈਆਂ ਨੂੰ ਸ਼ਾਇਦ ਇਹ ਸਲਾਹ ਕਬੂਲ ਕਰਨ ਦੀ ਲੋੜ ਹੋਵੇ ਕਿ ਜਿਸ ਮਨੋਰੰਜਨ ਦਾ ਉਹ ਮਜ਼ਾ ਲੈਂਦੇ ਹਨ, ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਹੈ। ਹੋ ਸਕਦਾ ਹੈ ਕਿ ਤੁਹਾਡੀ ਕਿਸੇ ਨਾਲ ਅਣਬਣ ਹੋਵੇ ਤੇ ਤੁਹਾਨੂੰ ਮਾਫ਼ੀ ਮੰਗਣ ਦੀ ਲੋੜ ਹੋਵੇ। ਜਾਂ ਤੁਸੀਂ ਕੋਈ ਗ਼ਲਤੀ ਕੀਤੀ ਹੋਵੇ ਤੇ ਤੁਹਾਨੂੰ ਆਪਣੀ ਗ਼ਲਤੀ ਮੰਨਣੀ ਪਵੇ। ਜੇ ਕਿਸੇ ਨੇ ਵੱਡਾ ਪਾਪ ਕੀਤਾ ਹੋਵੇ, ਫਿਰ ਕਹਾਉਤਾਂ 29:23 ਦੇ ਸ਼ਬਦਾਂ ਤੋਂ ਸਾਨੂੰ ਦਿਲਾਸਾ ਮਿਲਦਾ ਹੈ: “ਆਦਮੀ ਦਾ ਹੰਕਾਰ ਉਹ ਨੂੰ ਅਧੀਨ ਕਰੇਗਾ, ਪਰ ਮਨ ਦਾ ਅਧੀਨ ਆਦਰ ਪ੍ਰਾਪਤ ਕਰੇਗਾ।”
ਕੀ? ਉਸ ਨੂੰ ਨਿਮਰ ਹੋ ਕੇ ਬਜ਼ੁਰਗਾਂ ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ। ਸ਼ਾਇਦ ਉਸ ਨੂੰ ਕਲੀਸਿਯਾ ਵਿੱਚੋਂ ਛੇਕਿਆ ਵੀ ਜਾਵੇ। ਫਿਰ ਦੁਬਾਰਾ ਕਲੀਸਿਯਾ ਦਾ ਮੈਂਬਰ ਬਣਨ ਲਈ, ਉਸ ਨੂੰ ਨਿਮਰ ਹੋ ਕੇ ਤੋਬਾ ਕਰਨੀ ਅਤੇ ਸਹੀ ਰਾਹ ਤੇ ਆਉਣਾ ਪਵੇਗਾ। ਅਜਿਹੇ ਹਾਲਾਤਾਂ ਵਿਚਅੱਜ ਯਹੋਵਾਹ ਸਾਡੀ ਕਿੱਦਾਂ ਅਗਵਾਈ ਕਰਦਾ ਹੈ?
16, 17. ਬਾਈਬਲ ਵਿੱਚੋਂ ਪਰਮੇਸ਼ੁਰ ਦੀ ਅਗਵਾਈ ਲੈਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ?
16 ਮੁੱਖ ਤੌਰ ਤੇ ਯਹੋਵਾਹ ਸਾਨੂੰ ਆਪਣੇ ਬਚਨ ਬਾਈਬਲ ਰਾਹੀਂ ਅਗਵਾਈ ਦਿੰਦਾ ਹੈ। (2 ਤਿਮੋਥਿਉਸ 3:16, 17 ਪੜ੍ਹੋ।) ਪਰ ਇਸ ਦਾ ਲਾਭ ਲੈਣ ਲਈ ਸਾਨੂੰ ਬਾਈਬਲ ਦੀ ਸਲਾਹ ਸਿਰਫ਼ ਉਦੋਂ ਹੀ ਨਹੀਂ ਭਾਲਣੀ ਚਾਹੀਦੀ ਜਦੋਂ ਅਸੀਂ ਕਿਸੇ ਮੁਸ਼ਕਲ ਵਿਚ ਪੈ ਜਾਂਦੇ ਹਾਂ। ਇਸ ਦੀ ਬਜਾਇ ਸਾਨੂੰ ਹਰ ਰੋਜ਼ ਬਾਈਬਲ ਪੜ੍ਹਨੀ ਚਾਹੀਦੀ ਹੈ। (ਜ਼ਬੂ. 1:1-3) ਇਸ ਤਰ੍ਹਾਂ ਅਸੀਂ ਬਾਈਬਲ ਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣ ਲੈਂਦੇ ਹਾਂ। ਪਰਮੇਸ਼ੁਰ ਦੀ ਸੋਚਣੀ ਸਾਡੀ ਸੋਚਣੀ ਬਣ ਜਾਂਦੀ ਹੈ ਅਤੇ ਅਸੀਂ ਅਚਾਨਕ ਖੜ੍ਹੀਆਂ ਹੋਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਪਾਉਂਦੇ ਹਾਂ।
17 ਇਸ ਦੇ ਨਾਲ-ਨਾਲ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਬਾਈਬਲ ਪੜ੍ਹ ਕੇ ਉਸ ਉੱਤੇ ਮਨਨ ਕਰੀਏ ਅਤੇ ਪ੍ਰਾਰਥਨਾ ਕਰੀਏ। ਜਦ ਅਸੀਂ ਬਾਈਬਲ ਦੀਆਂ ਆਇਤਾਂ ਉੱਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ। (1 ਤਿਮੋ. 4:15) ਜਦ ਅਸੀਂ ਪਹਾੜ ਵਰਗੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਉਸ ਦੀ ਅਗਵਾਈ ਭਾਲਦੇ ਹਾਂ। ਯਹੋਵਾਹ ਦੀ ਮਦਦ ਨਾਲ ਅਸੀਂ ਬਾਈਬਲ ਵਿੱਚੋਂ ਜਾਂ ਪ੍ਰਕਾਸ਼ਨਾਂ ਵਿੱਚੋਂ ਕਈ ਸਿਧਾਂਤ ਯਾਦ ਕਰ ਸਕਾਂਗੇ।—ਜ਼ਬੂਰਾਂ ਦੀ ਪੋਥੀ 25:4, 5 ਪੜ੍ਹੋ।
18. ਯਹੋਵਾਹ ਅਗਵਾਈ ਦੇਣ ਲਈ ਸਾਡੇ ਭਾਈਚਾਰੇ ਨੂੰ ਕਿਵੇਂ ਵਰਤਦਾ ਹੈ?
18 ਸਾਡੇ ਭਾਈਚਾਰੇ ਤੋਂ ਵੀ ਸਾਨੂੰ ਯਹੋਵਾਹ ਦੀ ਸੇਧ ਮਿਲ ਸਕਦੀ ਹੈ। “ਮਾਤਬਰ ਅਤੇ ਬੁੱਧਵਾਨ ਨੌਕਰ” ਅਤੇ ਉਸ ਦੀ ਪ੍ਰਬੰਧਕ ਸਭਾ ਸਾਡੇ ਭਾਈਚਾਰੇ ਦਾ ਮੁੱਖ ਹਿੱਸਾ ਹੈ। ਇਹ ਨੌਕਰ ਸਾਨੂੰ ਪ੍ਰਕਾਸ਼ਨਾਂ ਅਤੇ ਸਭਾਵਾਂ ਰਾਹੀਂ ਬਾਈਬਲ ਦੀ ਸਿੱਖਿਆ ਦਿੰਦਾ ਹੈ। (ਮੱਤੀ 24:45-47; ਹੋਰ ਜਾਣਕਾਰੀ ਲਈ ਰਸੂਲਾਂ ਦੇ ਕਰਤੱਬ 15:6, 22-31 ਦੇਖੋ।) ਇਸ ਤੋਂ ਇਲਾਵਾ ਸਾਡੇ ਭਾਈਚਾਰੇ ’ਚ ਨਿਹਚਾ ਵਿਚ ਪੱਕੇ ਭੈਣ-ਭਰਾ ਹਨ, ਖ਼ਾਸ ਕਰ ਕੇ ਬਜ਼ੁਰਗ, ਜੋ ਬਾਈਬਲ ਵਿੱਚੋਂ ਸਲਾਹ ਦੇਣ ਤੇ ਸਾਡੀ ਮਦਦ ਕਰਨ ਦੇ ਕਾਬਲ ਹਨ। (ਯਸਾ. 32:1) ਜੇ ਮਾਪੇ ਸੱਚਾਈ ਵਿਚ ਹਨ, ਤਾਂ ਬੱਚਿਆਂ ਨੂੰ ਹੋਰ ਮਦਦ ਮਿਲ ਸਕਦੀ ਹੈ ਕਿਉਂਕਿ ਯਹੋਵਾਹ ਨੇ ਮਾਪਿਆਂ ਨੂੰ ਉਨ੍ਹਾਂ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ।—ਅਫ਼. 6:1-3.
19. ਯਹੋਵਾਹ ਦੀ ਸੇਧ ਵਿਚ ਚੱਲ ਕੇ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?
19 ਜੀ ਹਾਂ, ਯਹੋਵਾਹ ਕਈ ਤਰੀਕਿਆਂ ਨਾਲ ਸਾਨੂੰ ਸੇਧ ਦਿੰਦਾ ਹੈ ਤੇ ਸਾਨੂੰ ਉਸ ਦੇ ਹਰੇਕ ਪ੍ਰਬੰਧ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ। ਜਦ ਇਸਰਾਏਲੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਸਨ, ਤਾਂ ਰਾਜਾ ਦਾਊਦ ਨੇ ਕਿਹਾ: “ਸਾਡੇ ਪਿਉ ਦਾਦਿਆਂ ਨੇ ਤੇਰੇ ਉੱਤੇ ਭਰੋਸਾ ਕੀਤਾ, ਉਨ੍ਹਾਂ ਨੇ ਭਰੋਸਾ ਕੀਤਾ ਅਤੇ ਤੈਂ ਉਨ੍ਹਾਂ ਨੂੰ ਛੁਡਾਇਆ। ਉਨ੍ਹਾਂ ਨੇ ਤੇਰੀ ਦੁਹਾਈ ਦਿੱਤੀ ਅਤੇ ਛੁਟਕਾਰਾ ਪਾਇਆ, ਉਨ੍ਹਾਂ ਨੇ ਤੇਰੇ ਉੱਤੇ ਭਰੋਸਾ ਰੱਖਿਆ ਅਤੇ ਓਹ ਸ਼ਰਮਿੰਦੇ ਨਾ ਹੋਏ।” (ਜ਼ਬੂ. 22:3-5) ਜੇ ਅਸੀਂ ਵੀ ਯਹੋਵਾਹ ਦੀ ਸੇਧ ਵਿਚ ਚੱਲਾਂਗੇ, ਤਾਂ ਸਾਨੂੰ ਵੀ ‘ਸ਼ਰਮਿੰਦੇ ਹੋਣ’ ਦੀ ਲੋੜ ਨਹੀਂ ਪਵੇਗੀ। ਯਹੋਵਾਹ ਸਾਡੀਆਂ ਉਮੀਦਾਂ ਪੂਰੀਆਂ ਕਰੇਗਾ। ਜੇ ਅਸੀਂ “ਆਪਣਾ ਰਾਹ ਯਹੋਵਾਹ ਦੇ ਗੋਚਰਾ” ਕਰੀਏ, ਮਤਲਬ ਆਪਣੀ ਮੱਤ ਉੱਤੇ ਚੱਲਣ ਦੀ ਬਜਾਇ ਯਹੋਵਾਹ ਉੱਤੇ ਭਰੋਸਾ ਰੱਖੀਏ, ਤਾਂ ਸਾਨੂੰ ਹੁਣ ਵੀ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ। (ਜ਼ਬੂ. 37:5) ਜੇ ਅਸੀਂ ਵਫ਼ਾਦਾਰੀ ਨਾਲ ਯਹੋਵਾਹ ਦੀ ਅਗਵਾਈ ਅਨੁਸਾਰ ਚੱਲਦੇ ਰਹੀਏ, ਤਾਂ ਸਾਨੂੰ ਹਮੇਸ਼ਾ ਲਈ ਬਰਕਤਾਂ ਮਿਲਦੀਆਂ ਰਹਿਣਗੀਆਂ। ਰਾਜਾ ਦਾਊਦ ਨੇ ਲਿਖਿਆ: “ਯਹੋਵਾਹ ਤਾਂ ਨਿਆਉਂ ਨਾਲ ਪ੍ਰੇਮ ਰੱਖਦਾ ਹੈ, ਅਤੇ ਆਪਣੇ ਭਗਤਾਂ ਨੂੰ ਤਿਆਗਦਾ ਨਹੀਂ, ਉਨ੍ਹਾਂ ਦੀ ਸਦਾ ਤੋੜੀ ਰੱਛਿਆ ਹੁੰਦੀ ਹੈ . . . ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂ. 37:28, 29.
ਕੀ ਤੁਸੀਂ ਸਮਝਾ ਸਕਦੇ ਹੋ?
• ਅਸੀਂ ਯਹੋਵਾਹ ਦੀ ਅਗਵਾਈ ਉੱਤੇ ਕਿਉਂ ਭਰੋਸਾ ਰੱਖਦੇ ਹਾਂ?
• ਜੇ ਅਸੀਂ ਯਹੋਵਾਹ ਦੀ ਸੇਧ ਵਿਚ ਨਹੀਂ ਚੱਲਦੇ, ਤਾਂ ਅਸਲ ਵਿਚ ਅਸੀਂ ਕੀ ਕਰ ਰਹੇ ਹਾਂ?
• ਇਕ ਮਸੀਹੀ ਨੂੰ ਕਿਨ੍ਹਾਂ ਹਾਲਾਤਾਂ ਵਿਚ ਹਲੀਮ ਹੋਣ ਦੀ ਲੋੜ ਹੁੰਦੀ ਹੈ?
• ਅੱਜ ਯਹੋਵਾਹ ਸਾਡੀ ਅਗਵਾਈ ਕਿੱਦਾਂ ਕਰਦਾ ਹੈ?
[ਸਵਾਲ]
[ਸਫ਼ਾ 8 ਉੱਤੇ ਤਸਵੀਰਾਂ]
ਕੀ ਤੁਸੀਂ ਹਰ ਗੱਲ ਵਿਚ ਯਹੋਵਾਹ ਦੀ ਅਗਵਾਈ ਭਾਲਦੇ ਹੋ?
[ਸਫ਼ਾ 9 ਉੱਤੇ ਤਸਵੀਰ]
ਹੱਵਾਹ ਨੇ ਯਹੋਵਾਹ ਤੋਂ ਮੂੰਹ ਮੋੜ ਲਿਆ ਸੀ
[ਸਫ਼ਾ 10 ਉੱਤੇ ਤਸਵੀਰ]
ਦੂਤ ਦੀ ਸਲਾਹ ਮੰਨਣ ਲਈ ਹਾਜਰਾ ਨੂੰ ਕਿਸ ਗੁਣ ਦੀ ਲੋੜ ਸੀ?