Skip to content

Skip to table of contents

ਜਵਾਨੀ ਤੋਂ ਹੀ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰੋ

ਜਵਾਨੀ ਤੋਂ ਹੀ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰੋ

ਜਵਾਨੀ ਤੋਂ ਹੀ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰੋ

“ਉਨ੍ਹਾਂ ਗੱਲਾਂ ਉੱਤੇ ਜਿਹੜੀਆਂ ਤੈਂ ਸਿੱਖੀਆਂ ਅਤੇ ਸਤ ਮੰਨੀਆਂ ਟਿਕਿਆ ਰਹੁ।”​—⁠2 ਤਿਮੋ. 3:14.

1. ਨੌਜਵਾਨਾਂ ਦੀ ਸੇਵਾ ਬਾਰੇ ਯਹੋਵਾਹ ਕਿਵੇਂ ਮਹਿਸੂਸ ਕਰਦਾ ਹੈ?

ਅੱਜ ਬਹੁਤ ਸਾਰੇ ਨੌਜਵਾਨ ਯਹੋਵਾਹ ਦੀ ਸੇਵਾ ਕਰ ਰਹੇ ਹਨ। ਯਹੋਵਾਹ ਉਨ੍ਹਾਂ ਦੀ ਸੇਵਾ ਦਾ ਮੁੱਲ ਪਾਉਂਦਾ ਹੈ। ਇਸ ਲਈ ਉਸ ਨੇ ਨੌਜਵਾਨਾਂ ਬਾਰੇ ਇਹ ਭਵਿੱਖਬਾਣੀ ਲਿਖਵਾਈ ਸੀ: “ਤੇਰੇ ਲੋਕ ਤੇਰੀ ਭਰਤੀ ਦੇ ਵੇਲੇ ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼ ਕਰਦੇ ਹਨ, ਪਵਿੱਤਰ ਸਜਾਵਟ ਨਾਲ ਤੜਕੇ ਦੀ ਕੁੱਖੋਂ, ਤੇਰੇ ਜੁਆਨ ਤੇਰੇ ਲਈ ਤ੍ਰੇਲ ਵਰਗੇ ਹਨ।” (ਜ਼ਬੂ. 110:3) ਜੀ ਹਾਂ, ਯਹੋਵਾਹ ਪਰਮੇਸ਼ੁਰ ਉਨ੍ਹਾਂ ਨੌਜਵਾਨਾਂ ਨਾਲ ਬੇਹੱਦ ਪਿਆਰ ਕਰਦਾ ਹੈ ਜੋ ਉਸ ਦੀ ਦਿਲੋਂ ਸੇਵਾ ਕਰਨ ਲਈ ਤਿਆਰ ਹਨ।

2. ਭਵਿੱਖ ਬਾਰੇ ਫ਼ੈਸਲੇ ਕਰਦੇ ਹੋਏ ਨੌਜਵਾਨਾਂ ਉੱਤੇ ਕਿਹੋ ਜਿਹੇ ਦਬਾਅ ਪੈ ਸਕਦੇ ਹਨ?

2 ਨੌਜਵਾਨੋ, ਕੀ ਤੁਸੀਂ ਯਹੋਵਾਹ ਪਰਮੇਸ਼ੁਰ ਨੂੰ ਆਪਣਾ ਜੀਵਨ ਸਮਰਪਿਤ ਕਰ ਚੁੱਕੇ ਹੋ? ਸ਼ਾਇਦ ਤੁਹਾਡੇ ਵਿੱਚੋਂ ਕਈਆਂ ਨੂੰ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰਨਾ ਔਖਾ ਲੱਗੇ। ਬਿਜ਼ਨਿਸ ਲੀਡਰ, ਅਧਿਆਪਕ ਅਤੇ ਕਦੇ-ਕਦੇ ਪਰਿਵਾਰ ਦੇ ਮੈਂਬਰ ਤੇ ਦੋਸਤ-ਮਿੱਤਰ ਵੀ ਨੌਜਵਾਨਾਂ ਨੂੰ ਦੁਨਿਆਵੀ ਟੀਚੇ ਰੱਖਣ ਦੀ ਹੱਲਾਸ਼ੇਰੀ ਦਿੰਦੇ ਹਨ। ਜਦ ਸਾਡੇ ਜਵਾਨ ਭੈਣ-ਭਰਾ ਸੱਚਾਈ ਵਿਚ ਟੀਚੇ ਰੱਖਦੇ ਹਨ, ਤਾਂ ਅਕਸਰ ਦੁਨੀਆਂ ਉਨ੍ਹਾਂ ਦਾ ਮਖੌਲ ਉਡਾਉਂਦੀ ਹੈ ਜਾਂ ਉਨ੍ਹਾਂ ਦੀ ਨੁਕਤਾਚੀਨੀ ਕਰਦੀ ਹੈ। ਪਰ ਪਰਮੇਸ਼ੁਰ ਦੀ ਭਗਤੀ ਕਰਨ ਨਾਲੋਂ ਹੋਰ ਵਧੀਆ ਕੰਮ ਕੀ ਹੋ ਸਕਦਾ ਹੈ? (ਜ਼ਬੂ. 27:4) ਪਰਮੇਸ਼ੁਰ ਦੀ ਭਗਤੀ ਦੇ ਸੰਬੰਧ ਵਿਚ ਇਨ੍ਹਾਂ ਤਿੰਨ ਸਵਾਲਾਂ ਤੇ ਗੌਰ ਕਰੋ: ਤੁਹਾਨੂੰ ਪਰਮੇਸ਼ੁਰ ਦੀ ਭਗਤੀ ਕਿਉਂ ਕਰਨੀ ਚਾਹੀਦੀ ਹੈ? ਲੋਕ ਤੁਹਾਡੇ ਬਾਰੇ ਚਾਹੇ ਜੋ ਮਰਜ਼ੀ ਸੋਚਣ, ਤੁਸੀਂ ਪਰਮੇਸ਼ੁਰ ਦੀ ਸੇਵਾ ਵਿਚ ਜੋਸ਼ ਨਾਲ ਕਿਵੇਂ ਲੱਗੇ ਰਹਿ ਸਕਦੇ ਹੋ? ਤੁਸੀਂ ਕਿਨ੍ਹਾਂ ਵੱਖ-ਵੱਖ ਤਰੀਕਿਆਂ ਨਾਲ ਪਰਮੇਸ਼ੁਰ ਦੀ ਸੇਵਾ ਕਰ ਸਕਦੇ ਹੋ?

ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰੋ

3. ਯਹੋਵਾਹ ਦੀ ਮਹਾਨ ਸ੍ਰਿਸ਼ਟੀ ਦੇਖ ਕੇ ਸਾਡੇ ਤੇ ਕੀ ਅਸਰ ਹੋਣਾ ਚਾਹੀਦਾ ਹੈ?

3 ਤੁਹਾਨੂੰ ਪਰਮੇਸ਼ੁਰ ਦੀ ਭਗਤੀ ਕਿਉਂ ਕਰਨੀ ਚਾਹੀਦੀ ਹੈ? ਇਸ ਦਾ ਮੁੱਖ ਕਾਰਨ ਪਰਕਾਸ਼ ਦੀ ਪੋਥੀ 4:11 ਤੋਂ ਮਿਲਦਾ ਹੈ, ਜਿੱਥੇ ਲਿਖਿਆ ਹੈ: “ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ!” ਸਾਰੀ ਕਾਇਨਾਤ ਦਾ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਹੀ ਹੈ। ਉਸ ਨੇ ਸਾਡੀ ਧਰਤੀ ਨੂੰ ਬਹੁਤ ਹੀ ਸੁੰਦਰ ਬਣਾਇਆ ਹੈ। ਇਸ ਦੇ ਤਰ੍ਹਾਂ-ਤਰ੍ਹਾਂ ਦੇ ਪੇੜ-ਪੌਦੇ, ਰੰਗ-ਬਰੰਗੇ ਫੁੱਲ, ਛੋਟੇ-ਵੱਡੇ ਜਾਨਵਰ, ਉੱਚੀਆਂ-ਨੀਵੀਆਂ ਪਹਾੜੀਆਂ, ਸਮੁੰਦਰ ਅਤੇ ਝਰਨੇ ਇਸ ਦੀ ਖ਼ੂਬਸੂਰਤੀ ਨੂੰ ਹੋਰ ਵੀ ਵਧਾਉਂਦੇ ਹਨ। ਇਹ ਸਭ ਯਹੋਵਾਹ ਦੇ ਹੱਥਾਂ ਦਾ ਕਮਾਲ ਹੈ। ਵਾਕਈ ‘ਧਰਤੀ ਪਰਮੇਸ਼ੁਰ ਦੀਆਂ ਰਚਨਾਂ ਨਾਲ ਭਰੀ ਹੋਈ ਹੈ।’ (ਜ਼ਬੂ. 104:24) ਅਸੀਂ ਕਿੰਨੇ ਧੰਨਵਾਦੀ ਹਾਂ ਕਿ ਯਹੋਵਾਹ ਨੇ ਅਜਿਹੇ ਢੰਗ ਨਾਲ ਸਾਡੀ ਰਚਨਾ ਕੀਤੀ ਹੈ ਤਾਂਕਿ ਅਸੀਂ ਇਸ ਧਰਤੀ ਅਤੇ ਜ਼ਿੰਦਗੀ ਦਾ ਪੂਰਾ ਲੁਤਫ਼ ਉਠਾ ਸਕੀਏ! ਪਰਮੇਸ਼ੁਰ ਦੇ ਅਦਭੁਤ ਕੰਮਾਂ ਲਈ ਉਸ ਦਾ ਸ਼ੁਕਰ ਕਰਨ ਦਾ ਇਸ ਤੋਂ ਹੋਰ ਬਿਹਤਰ ਤਰੀਕਾ ਕੀ ਹੋ ਸਕਦਾ ਹੈ ਕਿ ਅਸੀਂ ਉਸ ਦੀ ਦਿਲੋਂ ਸੇਵਾ ਕਰੀਏ।

4, 5. ਯਹੋਵਾਹ ਦੇ ਕਿਹੜੇ ਕੰਮ ਦੇਖ ਕੇ ਯਹੋਸ਼ੁਆ ਦੀ ਨਿਹਚਾ ਮਜ਼ਬੂਤ ਹੋਈ ਸੀ?

4 ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਦਾ ਇਕ ਹੋਰ ਵਧੀਆ ਕਾਰਨ ਇਸਰਾਏਲੀਆਂ ਦੇ ਆਗੂ ਯਹੋਸ਼ੁਆ ਦੇ ਸ਼ਬਦਾਂ ਤੋਂ ਮਿਲਦਾ ਹੈ। ਮਰਨ ਤੋਂ ਪਹਿਲਾਂ ਯਹੋਸ਼ੁਆ ਨੇ ਯਹੂਦੀਆਂ ਨੂੰ ਕਿਹਾ: “ਤੁਸੀਂ ਆਪਣੇ ਸਾਰੇ ਮਨਾਂ ਵਿੱਚ ਅਤੇ ਆਪਣੀਆਂ ਸਾਰੀਆਂ ਜਾਨਾਂ ਵਿੱਚ ਜਾਣਦੇ ਹੋ ਭਈ ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ। ਓਹ ਸਾਰੇ ਤੁਹਾਡੇ ਲਈ ਪੂਰੇ ਹੋਏ।” ਆਓ ਆਪਾਂ ਦੇਖੀਏ ਕਿ ਯਹੋਸ਼ੁਆ ਨੇ ਕਿਸ ਸਬੂਤ ਦੇ ਆਧਾਰ ਤੇ ਇਹ ਗੱਲ ਕਹੀ ਸੀ।​—⁠ਯਹੋ. 23:14.

5 ਯਹੋਸ਼ੁਆ ਮਿਸਰ ਦਾ ਹੀ ਜੰਮਪਲ ਸੀ। ਇਸ ਲਈ ਉਸ ਨੂੰ ਇਸਰਾਏਲੀਆਂ ਨਾਲ ਕੀਤੇ ਗਏ ਪਰਮੇਸ਼ੁਰ ਦੇ ਵਾਅਦੇ ਬਾਰੇ ਪਤਾ ਸੀ ਕਿ ਉਹ ਉਨ੍ਹਾਂ ਨੂੰ ਉਸ ਦੇਸ਼ ਵਿਚ ਲਿਆਵੇਗਾ ਜਿੱਥੇ ਦੁੱਧ ਅਰ ਸ਼ਹਿਦ ਵੱਗਦਾ ਸੀ। (ਉਤ. 12:7; 50:24, 25; ਕੂਚ 3:8) ਫਿਰ ਜਦ ਯਹੋਵਾਹ ਨੇ ਇਸਰਾਏਲੀਆਂ ਨੂੰ ਹੱਠੀ ਫ਼ਿਰਊਨ ਦੇ ਹੱਥੋਂ ਛੁਡਾਉਣ ਲਈ ਮਿਸਰ ਉੱਤੇ ਦਸ ਬਵਾਂ ਲਿਆਂਦੀਆਂ, ਤਾਂ ਯਹੋਸ਼ੁਆ ਇਨ੍ਹਾਂ ਘਟਨਾਵਾਂ ਦਾ ਚਸ਼ਮਦੀਦ ਗਵਾਹ ਸੀ। ਯਹੋਸ਼ੁਆ ਵੀ ਇਸਰਾਏਲੀਆਂ ਦੇ ਸੰਗ ਸੀ ਜਦ ਯਹੋਵਾਹ ਨੇ ਲਾਲ ਸਮੁੰਦਰ ਨੂੰ ਦੋ ਹਿੱਸਿਆਂ ਵਿਚ ਕਰ ਕੇ ਆਪਣੇ ਲੋਕਾਂ ਨੂੰ ਬਚਾਇਆ ਸੀ। ਫਿਰ ਉਸ ਨੇ ਅੱਖੀਂ ਫ਼ਿਰਊਨ ਤੇ ਉਸ ਦੀਆਂ ਫ਼ੌਜਾਂ ਦਾ ਖ਼ਾਤਮਾ ਹੁੰਦਾ ਦੇਖਿਆ। ਯਹੋਸ਼ੁਆ ਨੇ ਇਹ ਵੀ ਦੇਖਿਆ ਸੀ ਕਿ ਸੀਨਈ ਰੇਗਿਸਤਾਨ ਦੀ “ਵੱਡੀ ਅਤੇ ਭਿਆਣਕ ਉਜਾੜ” ਦੇ ਲੰਬੇ ਸਫ਼ਰ ਦੌਰਾਨ ਯਹੋਵਾਹ ਨੇ ਉਨ੍ਹਾਂ ਦੀ ਹਰ ਲੋੜ ਪੂਰੀ ਕੀਤੀ ਸੀ। ਭੁੱਖ ਜਾਂ ਪਿਆਸ ਕਰਕੇ ਵੀ ਕਿਸੇ ਦੀ ਜਾਨ ਨਹੀਂ ਗਈ। (ਬਿਵ. 8:3-5, 14-16; ਯਹੋ. 24:5-7) ਜਦ ਇਸਰਾਏਲੀ ਵਾਅਦਾ ਕੀਤੇ ਹੋਏ ਦੇਸ਼ ਤੇ ਕਬਜ਼ਾ ਕਰਨ ਲਈ ਕਨਾਨੀ ਲੋਕਾਂ ਨਾਲ ਲੜਨ ਨਿਕਲੇ, ਤਾਂ ਯਹੋਸ਼ੁਆ ਨੇ ਦੇਖਿਆ ਕਿ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਲਈ ਲੜ ਰਿਹਾ ਸੀ।​—⁠ਯਹੋ. 10:14, 42.

6. ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਦੀ ਪ੍ਰੇਰਣਾ ਤੁਹਾਨੂੰ ਕਿੱਥੋਂ ਮਿਲ ਸਕਦੀ ਹੈ?

6 ਯਹੋਸ਼ੁਆ ਨੇ ਯਹੋਵਾਹ ਦੇ ਵਾਅਦਿਆਂ ਨੂੰ ਅੱਖੀਂ ਪੂਰਾ ਹੁੰਦਾ ਦੇਖਿਆ ਸੀ। ਇਸ ਲਈ ਉਸ ਨੇ ਕਿਹਾ: “ਮੈਂ ਅਤੇ ਮੇਰਾ ਘਰਾਣਾ ਤਾਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ।” (ਯਹੋ. 24:15) ਕੀ ਇਹ ਤੁਹਾਡੇ ਬਾਰੇ ਵੀ ਸੱਚ ਹੈ? ਜਦ ਤੁਸੀਂ ਯਹੋਵਾਹ ਦੇ ਉਨ੍ਹਾਂ ਵਾਅਦਿਆਂ ਉੱਤੇ ਗੌਰ ਕਰਦੇ ਹੋ ਜੋ ਪੂਰੇ ਹੋ ਚੁੱਕੇ ਹਨ ਅਤੇ ਜੋ ਭਵਿੱਖ ਵਿਚ ਪੂਰੇ ਹੋਣਗੇ, ਤਾਂ ਕੀ ਤੁਸੀਂ ਵੀ ਯਹੋਸ਼ੁਆ ਵਾਂਗ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹੋ?

7. ਬਪਤਿਸਮਾ ਲੈਣਾ ਜ਼ਰੂਰੀ ਕਿਉਂ ਹੈ?

7 ਪਰਮੇਸ਼ੁਰ ਦੇ ਭਰੋਸੇਯੋਗ ਵਾਅਦਿਆਂ ਅਤੇ ਸ੍ਰਿਸ਼ਟੀ ਉੱਤੇ ਗੌਰ ਕਰਨ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਕੇ ਬਪਤਿਸਮਾ ਲੈਣ ਲਈ ਜ਼ਰੂਰ ਪ੍ਰੇਰਣਾ ਮਿਲੇਗੀ। ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨ ਵਾਲਿਆਂ ਲਈ ਬਪਤਿਸਮਾ ਲੈਣਾ ਬਹੁਤ ਹੀ ਜ਼ਰੂਰੀ ਹੈ। ਇਸ ਦੀ ਯਿਸੂ ਨੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ ਸੀ। ਮਸੀਹਾ ਵਜੋਂ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਯਿਸੂ ਨੇ ਯੂਹੰਨਾ ਕੋਲੋਂ ਬਪਤਿਸਮਾ ਲਿਆ ਸੀ। ਯਿਸੂ ਨੇ ਬਪਤਿਸਮਾ ਕਿਉਂ ਲਿਆ ਸੀ? ਉਸ ਨੇ ਕਿਹਾ: “ਮੈਂ ਸੁਰਗੋਂ ਉੱਤਰਿਆ ਹਾਂ ਇਸ ਲਈ ਨਹੀਂ ਜੋ ਆਪਣੀ ਮਰਜ਼ੀ ਸਗੋਂ ਉਹ ਦੀ ਮਰਜ਼ੀ ਦੇ ਅਨੁਸਾਰ ਚੱਲਾਂ ਜਿਹ ਨੇ ਮੈਨੂੰ ਘੱਲਿਆ।” (ਯੂਹੰ. 6:38) ਯਿਸੂ ਨੇ ਬਪਤਿਸਮਾ ਲੈ ਕੇ ਇਸ ਗੱਲ ਦਾ ਸਬੂਤ ਦਿੱਤਾ ਕਿ ਉਹ ਯਹੋਵਾਹ ਦੀ ਮਰਜ਼ੀ ਪੂਰੀ ਕਰਨ ਲਈ ਤਿਆਰ ਸੀ।​—⁠ਮੱਤੀ 3:13-17.

8. ਤਿਮੋਥਿਉਸ ਨੇ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕਿਉਂ ਕੀਤਾ ਸੀ? ਤੁਹਾਨੂੰ ਇਹ ਫ਼ੈਸਲਾ ਲੈਣ ਲਈ ਸ਼ਾਇਦ ਕੀ ਕਰਨ ਦੀ ਲੋੜ ਹੈ?

8 ਹੁਣ ਜ਼ਰਾ ਜਵਾਨ ਤਿਮੋਥਿਉਸ ਦੀ ਉਦਾਹਰਣ ਉੱਤੇ ਗੌਰ ਕਰੋ। ਸਮੇਂ ਦੇ ਬੀਤਣ ਨਾਲ ਯਹੋਵਾਹ ਨੇ ਤਿਮੋਥਿਉਸ ਨੂੰ ਬਹੁਤ ਜ਼ਿੰਮੇਵਾਰੀਆਂ ਸੌਂਪੀਆਂ ਸਨ। ਤਿਮੋਥਿਉਸ ਨੇ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕਿਉਂ ਕੀਤਾ ਸੀ? ਬਾਈਬਲ ਦੱਸਦੀ ਹੈ ਕਿ ਉਸ ਨੇ ‘ਉਹ ਗੱਲਾਂ ਸਤ ਮੰਨੀਆਂ ਜਿਹੜੀਆਂ ਉਸ ਨੇ ਸਿੱਖੀਆਂ ਸਨ।’ (2 ਤਿਮੋ. 3:14) ਜੇ ਤੁਸੀਂ ਬਾਈਬਲ ਦੀ ਸਟੱਡੀ ਕੀਤੀ ਹੈ ਅਤੇ ਤੁਸੀਂ ਮੰਨਦੇ ਹੋ ਕਿ ਇਹ ਸੱਚਾਈ ਹੈ, ਤਾਂ ਤੁਹਾਨੂੰ ਤਿਮੋਥਿਉਸ ਵਾਂਗ ਫ਼ੈਸਲਾ ਕਰਨ ਦੀ ਲੋੜ ਹੈ। ਕਿਉਂ ਨਾ ਆਪਣੇ ਫ਼ੈਸਲੇ ਬਾਰੇ ਆਪਣੇ ਮਾਪਿਆਂ ਨਾਲ ਬੈਠ ਕੇ ਗੱਲ ਕਰੋ। ਕਲੀਸਿਯਾ ਦੇ ਬਜ਼ੁਰਗਾਂ ਨਾਲ ਮਿਲ ਕੇ ਤੁਹਾਡੇ ਮਾਪੇ ਤੁਹਾਨੂੰ ਸਮਝਾ ਸਕਦੇ ਹਨ ਕਿ ਬਪਤਿਸਮਾ ਲੈਣ ਲਈ ਤੁਹਾਨੂੰ ਕਿਨ੍ਹਾਂ ਮੰਗਾਂ ਤੇ ਪੂਰਾ ਉਤਰਨ ਦੀ ਲੋੜ ਹੈ।​—ਰਸੂਲਾਂ ਦੇ ਕਰਤੱਬ 8:12 ਪੜ੍ਹੋ।

9. ਬਪਤਿਸਮਾ ਲੈਣ ਦੇ ਤੁਹਾਡੇ ਫ਼ੈਸਲੇ ਬਾਰੇ ਹੋਰਨਾਂ ਦਾ ਕੀ ਵਿਚਾਰ ਹੋ ਸਕਦਾ ਹੈ?

9 ਬਪਤਿਸਮਾ ਲੈ ਕੇ ਤੁਸੀਂ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕਰ ਸਕਦੇ ਹੋ। ਇਹ ਕਦਮ ਚੁੱਕ ਕੇ ਤੁਸੀਂ ਜ਼ਿੰਦਗੀ ਦੀ ਲੰਬੀ ਦੌੜ ਵਿਚ ਹਿੱਸਾ ਲੈਂਦੇ ਹੋ ਜਿਸ ਦੇ ਅੰਤ ਵਿਚ ਇਨਾਮ ਵਜੋਂ ਤੁਹਾਨੂੰ ਸਦਾ ਦਾ ਜੀਵਨ ਮਿਲੇਗਾ। ਇਸ ਦੇ ਨਾਲ-ਨਾਲ ਤੁਹਾਨੂੰ ਬਹੁਤ ਖ਼ੁਸ਼ੀ ਵੀ ਮਿਲੇਗੀ ਕਿਉਂਕਿ ਤੁਸੀਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਰਹੇ ਹੋਵੋਗੇ। (ਇਬ. 12:2, 3) ਤੁਹਾਨੂੰ ਦੇਖ ਕੇ ਤੁਹਾਡੇ ਪਰਿਵਾਰ ਦੇ ਜੀਆਂ ਅਤੇ ਕਲੀਸਿਯਾ ਵਿਚ ਭੈਣ-ਭਰਾਵਾਂ ਨੂੰ ਵੀ ਬਹੁਤ ਖ਼ੁਸ਼ੀ ਹੋਵੇਗੀ ਜੋ ਤੁਹਾਡੇ ਨਾਲ ਇਸ ਦੌੜ ਵਿਚ ਦੌੜ ਰਹੇ ਹਨ। ਸਭ ਤੋਂ ਵੱਧ ਤੁਸੀਂ ਯਹੋਵਾਹ ਪਰਮੇਸ਼ੁਰ ਨੂੰ ਖ਼ੁਸ਼ ਕਰੋਗੇ। (ਕਹਾਉਤਾਂ 23:15 ਪੜ੍ਹੋ।) ਸ਼ਾਇਦ ਕਈ ਲੋਕ ਇਹ ਗੱਲ ਸਮਝ ਨਾ ਸਕਣ ਕਿ ਤੁਸੀਂ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕਿਉਂ ਕੀਤਾ ਹੈ। ਤੁਹਾਡੇ ਇਸ ਫ਼ੈਸਲੇ ਨੂੰ ਸ਼ਾਇਦ ਉਹ ਗ਼ਲਤ ਸਮਝਣ ਅਤੇ ਤੁਹਾਡਾ ਵਿਰੋਧ ਵੀ ਕਰਨ। ਪਰ ਤੁਸੀਂ ਹਿੰਮਤ ਨਾਲ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦੇ ਹੋ।

ਜਦ ਦੂਸਰੇ ਤੁਹਾਡਾ ਫ਼ੈਸਲਾ ਨਾ ਸਮਝਣ ਜਾਂ ਤੁਹਾਡਾ ਵਿਰੋਧ ਕਰਨ

10, 11. (ੳ) ਪਰਮੇਸ਼ੁਰ ਦੀ ਸੇਵਾ ਕਰਨ ਦੇ ਤੁਹਾਡੇ ਫ਼ੈਸਲੇ ਬਾਰੇ ਤੁਹਾਡੇ ਤੋਂ ਕਿਹੜੇ ਸਵਾਲ ਪੁੱਛੇ ਜਾ ਸਕਦੇ ਹਨ? (ਅ) ਯਿਸੂ ਨੇ ਜਿਸ ਤਰੀਕੇ ਨਾਲ ਸੱਚਾਈ ਬਾਰੇ ਸਵਾਲਾਂ ਦੇ ਜਵਾਬ ਦਿੱਤੇ ਸਨ, ਉਸ ਤੋਂ ਤੁਸੀਂ ਕੀ ਸਿੱਖ ਸਕਦੇ ਹੋ?

10 ਯਹੋਵਾਹ ਦੀ ਸੇਵਾ ਕਰਨ ਦੇ ਤੁਹਾਡੇ ਫ਼ੈਸਲੇ ਤੋਂ ਸ਼ਾਇਦ ਤੁਹਾਡੇ ਦੋਸਤ, ਗੁਆਂਢੀ ਜਾਂ ਰਿਸ਼ਤੇਦਾਰ ਹੈਰਾਨ ਹੋਣ। ਉਹ ਸ਼ਾਇਦ ਤੁਹਾਨੂੰ ਪੁੱਛਣ ਕਿ ਤੁਸੀਂ ਰੱਬ ਦੀ ਸੇਵਾ ਕਿਉਂ ਕਰਨੀ ਚਾਹੁੰਦੇ ਹੋ ਅਤੇ ਇਸ ਬਾਰੇ ਤੁਹਾਨੂੰ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛਣ। ਤੁਸੀਂ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਕਿਵੇਂ ਦਿਓਗੇ? ਪਹਿਲਾਂ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਆਪ ਸਮਝੋ ਕਿ ਤੁਸੀਂ ਇਹ ਫ਼ੈਸਲਾ ਕਿਉਂ ਕਰ ਰਹੇ ਹੋ। ਫਿਰ ਤੁਸੀਂ ਹੋਰਨਾਂ ਨੂੰ ਚੰਗੀ ਤਰ੍ਹਾਂ ਸਮਝਾ ਸਕੋਗੇ। ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਵਿਚ ਤੁਸੀਂ ਯਿਸੂ ਦੀ ਵਧੀਆ ਮਿਸਾਲ ਦੀ ਰੀਸ ਕਰ ਸਕਦੇ ਹੋ।

11 ਇਕ ਵਾਰ ਜਦ ਧਾਰਮਿਕ ਆਗੂਆਂ ਨੇ ਯਿਸੂ ਨੂੰ ਜੀ ਉਠਾਏ ਜਾਣ ਬਾਰੇ ਪੁੱਛਿਆ, ਤਾਂ ਯਿਸੂ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਅਜਿਹਾ ਹਵਾਲਾ ਦੇ ਕੇ ਜਵਾਬ ਦਿੱਤਾ ਜਿਸ ਬਾਰੇ ਉਨ੍ਹਾਂ ਨੇ ਵਿਚਾਰ ਤਕ ਨਹੀਂ ਸੀ ਕੀਤਾ। (ਕੂਚ 3:6; ਮੱਤੀ 22:23, 31-33) ਫਿਰ ਇਕ ਵਾਰ ਜਦ ਇਕ ਗ੍ਰੰਥੀ ਨੇ ਯਿਸੂ ਨੂੰ ਪੁੱਛਿਆ ਕਿ ਸਭ ਤੋਂ ਵੱਡਾ ਹੁਕਮ ਕੀ ਹੈ, ਤਾਂ ਯਿਸੂ ਨੇ ਬਾਈਬਲ ਵਿੱਚੋਂ ਢੁਕਵੇਂ ਹਵਾਲੇ ਦੇ ਕੇ ਜਵਾਬ ਦਿੱਤਾ। ਗ੍ਰੰਥੀ ਨੂੰ ਯਿਸੂ ਦਾ ਜਵਾਬ ਬਹੁਤ ਚੰਗਾ ਲੱਗਾ। (ਲੇਵੀ. 19:18; ਬਿਵ. 6:5; ਮਰ. 12:28-34) ਯਿਸੂ ਨੇ ਜਿਸ ਤਰੀਕੇ ਨਾਲ ਬਾਈਬਲ ਦੇ ਹਵਾਲੇ ਵਰਤ ਕੇ ਗੱਲਾਂ ਸਮਝਾਈਆਂ, ਇਸ ਤੋਂ “ਲੋਕਾਂ ਵਿੱਚ ਫੁੱਟ ਪੈ ਗਈ।” ਕਿਉਂ? ਕਿਉਂਕਿ ਕਈ ਮੰਨਣ ਲੱਗੇ ਕਿ ਉਹ ਮਸੀਹ ਹੈ ਤੇ ਕਈ ਉਸ ਦਾ ਵਿਰੋਧ ਕਰਨ ਲੱਗੇ। ਪਰ ਉਸ ਦੇ ਵਿਰੋਧੀ ਉਹ ਦਾ ਕੋਈ ਨੁਕਸਾਨ ਨਾ ਕਰ ਸਕੇ। (ਯੂਹੰ. 7:32-46) ਤੁਸੀਂ ਵੀ ਆਪਣੇ ਵਿਸ਼ਵਾਸਾਂ ਬਾਰੇ ਸਵਾਲਾਂ ਦੇ ਜਵਾਬ ਬਾਈਬਲ ਤੋਂ “ਨਰਮਾਈ” ਅਤੇ ਆਦਰ ਨਾਲ ਦੇਣ ਦੀ ਕੋਸ਼ਿਸ਼ ਕਰੋ। (1 ਪਤ. 3:15) ਜੇ ਤੁਹਾਨੂੰ ਕਿਸੇ ਸਵਾਲ ਦਾ ਜਵਾਬ ਨਹੀਂ ਪਤਾ, ਤਾਂ ਤੁਸੀਂ ਕਹਿ ਸਕਦੇ ਹੋ ਕਿ ਰੀਸਰਚ ਕਰ ਕੇ ਤੁਸੀਂ ਸਵਾਲ ਦਾ ਜਵਾਬ ਦਿਓਗੇ। ਫਿਰ ਤੁਸੀਂ 15 ਦਸੰਬਰ ਦੇ ਪਹਿਰਾਬੁਰਜ ਰਸਾਲੇ ਦੇ ਅਖ਼ੀਰਲੇ ਸਫ਼ੇ ਤੇ ਵਿਸ਼ਾ ਇੰਡੈਕਸ ਦੀ ਮਦਦ ਨਾਲ ਕੁਝ ਰਿਸਰਚ ਕਰ ਸਕਦੇ ਹੋ। ਜਾਂ ਤੁਸੀਂ ਅੰਗ੍ਰੇਜ਼ੀ ਦਾ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ ਜਾਂ ਸੀ. ਡੀ.-ਰੋਮ ਤੇ ਵਾਚਟਾਵਰ ਲਾਇਬ੍ਰੇਰੀ ਵਿਚ ਰੀਸਰਚ ਕਰ ਸਕਦੇ ਹੋ। ਚੰਗੀ ਤਿਆਰੀ ਕਰਨ ਨਾਲ ਤੁਸੀਂ ‘ਜਾਣੋਗੇ ਭਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ।’​—⁠ਕੁਲੁ. 4:⁠6.

12. ਵਿਰੋਧਤਾ ਦੇ ਬਾਵਜੂਦ ਤੁਹਾਨੂੰ ਹਿੰਮਤ ਕਿਉਂ ਨਹੀਂ ਹਾਰਨੀ ਚਾਹੀਦੀ?

12 ਤੁਹਾਡੇ ਤੋਂ ਸਿਰਫ਼ ਤੁਹਾਡੇ ਫ਼ੈਸਲੇ ਤੇ ਵਿਸ਼ਵਾਸਾਂ ਬਾਰੇ ਹੀ ਪੁੱਛ-ਗਿੱਛ ਨਹੀਂ ਕੀਤੀ ਜਾਵੇਗੀ, ਸਗੋਂ ਤੁਹਾਨੂੰ ਸਤਾਹਟਾਂ ਦਾ ਵੀ ਸਾਮ੍ਹਣਾ ਕਰਨਾ ਪਵੇਗਾ। ਆਖ਼ਰਕਾਰ ਸਾਰੀ ਦੁਨੀਆਂ ਪਰਮੇਸ਼ੁਰ ਦੇ ਦੁਸ਼ਮਣ ਸ਼ਤਾਨ ਦੇ ਹੱਥ ਵਿਚ ਹੈ। (1 ਯੂਹੰਨਾ 5:19 ਪੜ੍ਹੋ।) ਇਸ ਲਈ ਤੁਹਾਨੂੰ ਸਾਰਿਆਂ ਤੋਂ ਹੱਲਾਸ਼ੇਰੀ ਦੀ ਆਸ ਨਹੀਂ ਰੱਖਣੀ ਚਾਹੀਦੀ। ਕੁਝ ਲੋਕ ਸ਼ਾਇਦ ਵਾਰ-ਵਾਰ “ਤੁਹਾਡੀ ਨਿੰਦਿਆ” ਕਰਨ। (1 ਪਤ. 4:4) ਪਰ ਯਾਦ ਰੱਖੋ ਕਿ ਸਤਾਹਟਾਂ ਸਹਿਣ ਵਿਚ ਤੁਸੀਂ ਇਕੱਲੇ ਨਹੀਂ ਹੋ। ਯਿਸੂ ਮਸੀਹ ਦਾ ਵੀ ਬਹੁਤ ਵਿਰੋਧ ਕੀਤਾ ਗਿਆ ਸੀ। ਨਾਲੇ ਪਤਰਸ ਰਸੂਲ ਨੂੰ ਵੀ ਕਾਫ਼ੀ ਸਤਾਇਆ ਗਿਆ ਸੀ। ਉਸ ਨੇ ਲਿਖਿਆ: “ਹੇ ਪਿਆਰਿਓ, ਜਿਹੜੀ ਬਿਪਤਾ ਦਾ ਲਾਂਬੂ ਤੁਹਾਨੂੰ ਪਰਖਣ ਲਈ ਤੁਹਾਡੇ ਉੱਤੇ ਪਿਆ ਹੋਇਆ ਹੈ ਉਹ ਨੂੰ ਅਚਰਜ ਨਾ ਮੰਨੋ ਭਈ ਜਿੱਕੁਰ ਤੁਹਾਡੇ ਨਾਲ ਕੋਈ ਅਣੋਖੀ ਗੱਲ ਪਈ ਬੀਤਦੀ ਹੈ। ਸਗੋਂ ਜਿੰਨੇਕੁ ਤੁਸੀਂ ਮਸੀਹ ਦੇ ਦੁਖਾਂ ਵਿੱਚ ਸਾਂਝੀ ਹੋ ਉੱਨਾਕੁ ਅਨੰਦ ਕਰੋ।”​—⁠1 ਪਤ. 4:12, 13.

13. ਵਿਰੋਧਤਾ ਦਾ ਸਾਮ੍ਹਣਾ ਕਰਦੇ ਹੋਏ ਤੁਹਾਨੂੰ ਖ਼ੁਸ਼ ਕਿਉਂ ਹੋਣਾ ਚਾਹੀਦਾ ਹੈ?

13 ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਜੇ ਤੁਹਾਨੂੰ ਦੁੱਖ ਸਹਿਣੇ ਪੈਣ, ਤਾਂ ਤੁਹਾਨੂੰ ਖ਼ੁਸ਼ ਕਿਉਂ ਹੋਣਾ ਚਾਹੀਦਾ ਹੈ? ਕਿਉਂਕਿ ਜੇ ਦੁਨੀਆਂ ਨੇ ਤੁਹਾਨੂੰ ਪਸੰਦ ਕੀਤਾ, ਤਾਂ ਇਸ ਦਾ ਮਤਲਬ ਹੋਵੇਗਾ ਕਿ ਤੁਸੀਂ ਰੱਬ ਦੀ ਮਰਜ਼ੀ ਮੁਤਾਬਕ ਨਹੀਂ, ਪਰ ਸ਼ਤਾਨ ਦੀ ਮਰਜ਼ੀ ਮੁਤਾਬਕ ਜੀ ਰਹੇ ਹੋ। ਯਿਸੂ ਨੇ ਚੇਤਾਵਨੀ ਦਿੱਤੀ ਸੀ: “ਹਾਇ ਤੁਹਾਨੂੰ ਜਦ ਸਭ ਲੋਕ ਤੁਹਾਡੀ ਸੋਭਾ ਕਰਨ ਕਿਉਂ ਜੋ ਉਨ੍ਹਾਂ ਦੇ ਪਿਉਦਾਦਿਆਂ ਨੇ ਝੂਠੇ ਨਬੀਆਂ ਨਾਲ ਇਸੇ ਤਰਾਂ ਕੀਤਾ।” (ਲੂਕਾ 6:26) ਜਦ ਤੁਹਾਨੂੰ ਸ਼ਤਾਨ ਤੇ ਉਸ ਦੀ ਦੁਨੀਆਂ ਦੇ ਹੱਥੋਂ ਜ਼ੁਲਮ ਸਹਿਣੇ ਪੈਂਦੇ ਹਨ, ਤਾਂ ਇਸ ਦਾ ਮਤਲਬ ਹੈ ਕਿ ਉਹ ਤੁਹਾਡੇ ਨਾਲ ਨਫ਼ਰਤ ਕਰਦੇ ਹਨ ਕਿਉਂਕਿ ਤੁਸੀਂ ਯਹੋਵਾਹ ਦੀ ਸੇਵਾ ਕਰ ਰਹੇ ਹੋ। (ਮੱਤੀ 5:11, 12 ਪੜ੍ਹੋ।) ਇਸ ਤੋਂ ਇਲਾਵਾ ‘ਜੇ ਮਸੀਹ ਦੇ ਚੇਲੇ ਹੋਣ ਕਾਰਨ ਤੁਹਾਡੀ ਕੋਈ ਬੇਇੱਜ਼ਤੀ ਕਰਦਾ ਹੈ,’ ਤਾਂ ਤੁਹਾਨੂੰ ਖ਼ੁਸ਼ ਹੋਣਾ ਚਾਹੀਦਾ ਹੈ।​—⁠1 ਪਤ. 4:⁠14, ERV.

14. ਵਿਰੋਧਤਾ ਦੇ ਬਾਵਜੂਦ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦੇ ਕਿਹੜੇ ਵਧੀਆ ਨਤੀਜੇ ਨਿਕਲ ਸਕਦੇ ਹਨ?

14 ਜਦ ਤੁਸੀਂ ਵਿਰੋਧਤਾ ਦੇ ਬਾਵਜੂਦ ਯਹੋਵਾਹ ਪ੍ਰਤੀ ਵਫ਼ਾਦਾਰ ਰਹਿੰਦੇ ਹੋ, ਤਾਂ ਇਸ ਦੇ ਘੱਟੋ-ਘੱਟ ਚਾਰ ਵਧੀਆ ਨਤੀਜੇ ਨਿਕਲਦੇ ਹਨ। ਤੁਹਾਨੂੰ ਯਹੋਵਾਹ ਪਰਮੇਸ਼ੁਰ ਤੇ ਉਸ ਦੇ ਪੁੱਤਰ ਯਿਸੂ ਮਸੀਹ ਬਾਰੇ ਗਵਾਹੀ ਦੇਣ ਦਾ ਮੌਕਾ ਮਿਲਦਾ ਹੈ। ਤੁਹਾਡੀ ਵਫ਼ਾਦਾਰੀ ਦੀ ਵਧੀਆ ਮਿਸਾਲ ਤੋਂ ਕਲੀਸਿਯਾ ਦੇ ਭੈਣਾਂ-ਭਰਾਵਾਂ ਨੂੰ ਹੌਸਲਾ ਮਿਲਦਾ ਹੈ। ਤੁਹਾਡੀ ਮਿਸਾਲ ਦੇਖ ਕੇ ਕੁਝ ਲੋਕ ਜੋ ਹਾਲੇ ਯਹੋਵਾਹ ਪਰਮੇਸ਼ੁਰ ਨੂੰ ਨਹੀਂ ਜਾਣਦੇ, ਸ਼ਾਇਦ ਉਸ ਬਾਰੇ ਜਾਣਨ ਲਈ ਪ੍ਰੇਰਿਤ ਹੋਣ। (ਫ਼ਿਲਿੱਪੀਆਂ 1:12-14 ਪੜ੍ਹੋ।) ਜਿਉਂ-ਜਿਉਂ ਯਹੋਵਾਹ ਦੁੱਖਾਂ ਵਿੱਚੋਂ ਲੰਘਣ ਵਿਚ ਤੁਹਾਡੀ ਮਦਦ ਕਰੇਗਾ, ਤਿਉਂ-ਤਿਉਂ ਉਸ ਲਈ ਤੁਹਾਡਾ ਪਿਆਰ ਵਧਦਾ ਜਾਵੇਗਾ।

ਤੁਹਾਡੇ ਸਾਮ੍ਹਣੇ ਕਈ “ਦਰਵਾਜ਼ੇ ਖੁਲ੍ਹੇ ਹਨ”

15. ਪੌਲੁਸ ਰਸੂਲ ਸਾਮ੍ਹਣੇ ਕਿਹੜੇ “ਦਰਵਾਜ਼ੇ” ਖੁੱਲ੍ਹੇ ਸਨ?

15 ਅਫ਼ਸੁਸ ਵਿਚ ਆਪਣੀ ਸੇਵਕਾਈ ਬਾਰੇ ਪੌਲੁਸ ਰਸੂਲ ਨੇ ਲਿਖਿਆ: ‘ਪ੍ਰਭੂ ਦੀ ਸੇਵਾ ਲਈ ਇਥੇ ਦਰਵਾਜ਼ੇ ਖੁਲ੍ਹੇ ਹਨ।’ (1 ਕੁਰਿੰ. 16:8, 9, CL) ਪੌਲੁਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਮੌਕਿਆਂ ਬਾਰੇ ਗੱਲ ਕਰ ਰਿਹਾ ਸੀ। ਪੌਲੁਸ ਨੇ ਇਨ੍ਹਾਂ ਮੌਕਿਆਂ ਦਾ ਫ਼ਾਇਦਾ ਉਠਾ ਕੇ ਬਹੁਤ ਸਾਰੇ ਲੋਕਾਂ ਦੀ ਯਹੋਵਾਹ ਬਾਰੇ ਸਿੱਖਣ ਅਤੇ ਉਸ ਦੀ ਭਗਤੀ ਕਰਨ ਵਿਚ ਮਦਦ ਕੀਤੀ ਸੀ।

16. 1919 ਵਿਚ ਮਸਹ ਕੀਤੇ ਹੋਏ ਮਸੀਹੀਆਂ ਦਾ ‘ਇੱਕ ਖੁਲ੍ਹੇ ਹੋਏ ਬੂਹੇ’ ਵਿੱਚੋਂ ਲੰਘਣ ਦਾ ਕੀ ਮਤਲਬ ਸੀ?

16 1919 ਵਿਚ ਰਾਜਾ ਯਿਸੂ ਮਸੀਹ ਨੇ ਮਸਹ ਕੀਤੇ ਹੋਏ ਮਸੀਹੀਆਂ ਦੇ ਸਾਮ੍ਹਣੇ “ਇੱਕ ਖੁਲ੍ਹਾ ਹੋਇਆ ਬੂਹਾ” ਧਰਿਆ। (ਪਰ. 3:8) ਉਹ ਉਸ ਬੂਹੇ ਵਿੱਚੋਂ ਲੰਘੇ ਯਾਨੀ ਉਹ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਤੇ ਲੋਕਾਂ ਨੂੰ ਸੱਚਾਈ ਸਿਖਾਉਣ ਲੱਗ ਪਏ। ਉਨ੍ਹਾਂ ਨੂੰ ਆਪਣੀ ਸੇਵਾ ਦਾ ਮੇਵਾ ਕੀ ਮਿਲਿਆ? ਅੱਜ ਖ਼ੁਸ਼ ਖ਼ਬਰੀ ਧਰਤੀ ਦੇ ਕੋਨੇ-ਕੋਨੇ ਤਕ ਫੈਲਰ ਗਈ ਹੈ ਤੇ ਤਕਰੀਬਨ 70 ਲੱਖ ਲੋਕ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਸਦਾ ਦੀ ਜ਼ਿੰਦਗੀ ਪਾਉਣ ਦੀ ਉਮੀਦ ਰੱਖਦੇ ਹਨ।

17. ਪ੍ਰਭੂ ਦੀ ਸੇਵਾ ਕਰਨ ਲਈ ਤੁਹਾਡੇ ਸਾਮ੍ਹਣੇ ਕਿਹੜੇ “ਦਰਵਾਜ਼ੇ ਖੁਲ੍ਹੇ” ਹਨ?

17 ਯਹੋਵਾਹ ਦੇ ਸੇਵਕਾਂ ਲਈ ਅੱਜ ਵੀ ‘ਪ੍ਰਭੂ ਦੀ ਸੇਵਾ ਲਈ ਦਰਵਾਜ਼ੇ ਖੁਲ੍ਹੇ ਹਨ।’ ਇਨ੍ਹਾਂ ਵਿੱਚੋਂ ਲੰਘਣ ਵਾਲੇ ਪ੍ਰਚਾਰ ਦੇ ਕੰਮ ਵਿਚ ਵੱਡਾ ਹਿੱਸਾ ਲੈ ਕੇ ਬੇਅੰਤ ਖ਼ੁਸ਼ੀਆਂ ਤੇ ਬਰਕਤਾਂ ਪਾ ਰਹੇ ਹਨ। ਨੌਜਵਾਨੋ, ਤੁਸੀਂ ਵੀ ਹੋਰਨਾਂ ਲੋਕਾਂ ਦੀ “ਖੁਸ਼ ਖਬਰੀ ਉੱਤੇ ਪਰਤੀਤ” ਕਰਨ ਵਿਚ ਮਦਦ ਕਰ ਸਕਦੇ ਹੋ। (ਮਰ. 1:14, 15) ਕੀ ਤੁਸੀਂ ਇਸ ਕੰਮ ਨੂੰ ਸਨਮਾਨ ਸਮਝਦੇ ਹੋ? ਕੀ ਤੁਸੀਂ ਔਗਜ਼ੀਲਰੀ, ਰੈਗੂਲਰ ਜਾਂ ਸਪੈਸ਼ਲ ਪਾਇਨੀਅਰੀ ਕਰਨ ਬਾਰੇ ਸੋਚਿਆ ਹੈ? ਤੁਸੀਂ ਕਿੰਗਡਮ ਹਾਲ ਦੇ ਉਸਾਰੀ ਕੰਮ, ਬੈਥਲ ਸੇਵਾ ਅਤੇ ਮਿਸ਼ਨਰੀ ਸੇਵਾ ਵਿਚ ਵੀ ਹਿੱਸਾ ਲੈ ਸਕਦੇ ਹੋ। ਸ਼ਤਾਨ ਦੀ ਦੁਨੀਆਂ ਦਾ ਸਮਾਂ ਥੋੜ੍ਹਾ ਹੀ ਰਹਿੰਦਾ ਹੈ, ਇਸ ਲਈ ਜੋਸ਼ ਨਾਲ ਪਰਮੇਸ਼ੁਰ ਦੀ ਸੇਵਾ ਕਰਨੀ ਦਿਨ-ਬ-ਦਿਨ ਹੋਰ ਵੀ ਜ਼ਰੂਰੀ ਹੁੰਦੀ ਜਾ ਰਹੀ ਹੈ। ਪਰਮੇਸ਼ੁਰ ਦੀ ਸੇਵਾ ਕਰਨ ਦੇ ਇਨ੍ਹਾਂ ਮੌਕਿਆਂ ਦਾ ਲਾਭ ਉਠਾਉਣ ਲਈ ਤੁਹਾਡੇ ਕੋਲ ਹਾਲੇ ਵੀ ਸਮਾਂ ਹੈ। ਕੀ ਤੁਸੀਂ ਇਨ੍ਹਾਂ ਮੌਕਿਆਂ ਦਾ ਲਾਭ ਉਠਾਓਗੇ?

“ਚੱਖੋ ਤੇ ਵੇਖੋ ਭਈ ਯਹੋਵਾਹ ਭਲਾ ਹੈ”

18, 19. (ੳ) ਦਾਊਦ ਦਿਲੋਂ ਯਹੋਵਾਹ ਦੀ ਭਗਤੀ ਕਿਉਂ ਕਰਨੀ ਚਾਹੁੰਦਾ ਸੀ? (ਅ) ਇਸ ਗੱਲ ਦਾ ਸਾਨੂੰ ਕਿੱਦਾਂ ਪਤਾ ਹੈ ਕਿ ਦਾਊਦ ਨੂੰ ਯਹੋਵਾਹ ਦੀ ਸੇਵਾ ਕਰਨ ਦਾ ਕੋਈ ਪਛਤਾਵਾ ਨਹੀਂ ਸੀ?

18 ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਇਸਰਾਏਲ ਦੇ ਰਾਜੇ ਦਾਊਦ ਨੇ ਸਾਨੂੰ ਤਾਕੀਦ ਕੀਤੀ ਕਿ “ਚੱਖੋ ਤੇ ਵੇਖੋ ਭਈ ਯਹੋਵਾਹ ਭਲਾ ਹੈ।” (ਜ਼ਬੂ. 34:8) ਜਦ ਦਾਊਦ ਹਾਲੇ ਭੇਡਾਂ ਚਾਰਨ ਵਾਲਾ ਮੁੰਡਾ ਹੀ ਸੀ, ਤਾਂ ਯਹੋਵਾਹ ਨੇ ਉਸ ਦੀ ਜੰਗਲੀ ਜਾਨਵਰਾਂ ਤੋਂ ਰੱਖਿਆ ਕੀਤੀ ਸੀ। ਫਿਰ ਯਹੋਵਾਹ ਨੇ ਗੋਲਿਅਥ ਨੂੰ ਹਰਾਉਣ ਵਿਚ ਦਾਊਦ ਦੀ ਮਦਦ ਕੀਤੀ ਅਤੇ ਉਸ ਨੂੰ ਹੋਰਨਾਂ ਬਿਪਤਾਵਾਂ ਤੋਂ ਵੀ ਬਚਾਇਆ। (1 ਸਮੂ. 17:32-51; ਜ਼ਬੂ. 18 ਦਾ ਸਿਰਲੇਖ) ਪਰਮੇਸ਼ੁਰ ਦੇ ਪਿਆਰ ਤੇ ਦਇਆ ਦੀ ਕਦਰ ਕਰਦੇ ਹੋਏ ਦਾਊਦ ਨੇ ਦਿਲੋਂ ਲਿਖਿਆ: “ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੇਰੇ ਅਚਰਜ ਕੰਮ ਜਿਹੜੇ ਤੈਂ ਕੀਤੇ ਬਹੁਤ ਸਾਰੇ ਹਨ, ਨਾਲੇ ਤੇਰੇ ਉਪਾਓ ਜਿਹੜੇ ਸਾਡੇ ਲਈ ਹਨ, ਤੇਰਾ ਸ਼ਰੀਕ ਕੋਈ ਨਹੀਂ ਹੈ!”​—⁠ਜ਼ਬੂ. 40:⁠5.

19 ਦਾਊਦ ਯਹੋਵਾਹ ਨਾਲ ਬੇਹੱਦ ਪਿਆਰ ਕਰਦਾ ਸੀ ਤੇ ਦਿਲੋਂ ਉਸ ਦੀ ਉਸਤਤ ਕਰਨੀ ਚਾਹੁੰਦਾ ਸੀ। (ਜ਼ਬੂਰਾਂ ਦੀ ਪੋਥੀ 40:8-⁠10 ਪੜ੍ਹੋ।) ਉਹ ਪਰਮੇਸ਼ੁਰ ਦੀ ਭਗਤੀ ਨੂੰ ਸੋਨੇ-ਚਾਂਦੀ ਨਾਲੋਂ ਵੀ ਕੀਮਤੀ ਸਮਝਦਾ ਸੀ। ਆਪਣੇ ਬੁਢਾਪੇ ਵਿਚ ਉਸ ਨੇ ਕਿਹਾ: “ਹੇ ਪ੍ਰਭੁ ਯਹੋਵਾਹ, ਤੂੰ ਹੀ ਮੇਰੀ ਤਾਂਘ ਹੈਂ, ਅਤੇ ਮੇਰੀ ਜੁਆਨੀ ਤੋਂ ਮੇਰਾ ਭਰੋਸਾ ਹੈਂ। ਸੋ ਬੁਢੇਪੇ ਤੇ ਧੌਲਿਆਂ ਤੀਕ ਵੀ, ਹੇ ਪਰਮੇਸ਼ੁਰ, ਮੈਨੂੰ ਨਾ ਤਿਆਗ।” (ਜ਼ਬੂ. 71:5, 18) ਭਾਵੇਂ ਦਾਊਦ ਪਹਿਲਾਂ ਜਿੰਨਾ ਯਹੋਵਾਹ ਦੀ ਸੇਵਾ ਵਿਚ ਨਹੀਂ ਕਰ ਸਕਦਾ ਸੀ, ਪਰ ਫਿਰ ਵੀ ਉਸ ਦਾ ਇਸ ਗੱਲ ਤੋਂ ਭਰੋਸਾ ਨਹੀਂ ਡੋਲਿਆ ਕਿ ਯਹੋਵਾਹ ਉਸ ਦੀ ਪਰਵਾਹ ਕਰਦਾ ਸੀ। ਦਾਊਦ ਨੂੰ ਆਪਣੀ ਪੂਰੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਗੁਜ਼ਾਰਨ ਦਾ ਕੋਈ ਪਛਤਾਵਾ ਨਹੀਂ ਸੀ।

20. ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਸਭ ਤੋਂ ਵਧੀਆ ਕਿਉਂ ਹੈ?

20 ਯਹੋਸ਼ੁਆ, ਦਾਊਦ ਤੇ ਤਿਮੋਥਿਉਸ ਦੀਆਂ ਉਦਾਹਰਣਾਂ ਤੋਂ ਸਾਨੂੰ ਸਬੂਤ ਮਿਲਦਾ ਹੈ ਕਿ ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਸਭ ਤੋਂ ਵਧੀਆ ਹੈ। ‘ਆਪਣੇ ਸਾਰੇ ਮਨ ਨਾਲ ਤੇ ਆਪਣੀ ਸਾਰੀ ਜਾਨ ਨਾਲ ਯਹੋਵਾਹ ਦੀ ਉਪਾਸਨਾ ਕਰਨ’ ਦੀ ਤੁਲਨਾ ਵਿਚ ਦੁਨੀਆਂ ਦੀ ਸ਼ਾਨੋ-ਸ਼ੌਕਤ, ਧਨ-ਦੌਲਤ ਤੇ ਸ਼ੁਹਰਤ ਕੁਝ ਵੀ ਨਹੀਂ ਹੈ। (ਯਹੋ. 22:5) ਜੇਕਰ ਤੁਸੀਂ ਪ੍ਰਾਰਥਨਾ ਕਰ ਕੇ ਯਹੋਵਾਹ ਪਰਮੇਸ਼ੁਰ ਨੂੰ ਆਪਣਾ ਜੀਵਨ ਹਾਲੇ ਸਮਰਪਿਤ ਨਹੀਂ ਕੀਤਾ, ਤਾਂ ਆਪਣੇ ਆਪ ਤੋਂ ਪੁੱਛੋ, ‘ਮੈਂ ਯਹੋਵਾਹ ਦਾ ਗਵਾਹ ਬਣਨ ਤੋਂ ਕਿਉਂ ਝਿਜਕਦਾ ਹਾਂ?’ ਜੇਕਰ ਤੁਸੀਂ ਬਪਤਿਸਮਾ ਲੈ ਚੁੱਕੇ ਹੋ, ਤਾਂ ਕੀ ਤੁਸੀਂ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਖ਼ੁਸ਼ੀ ਪਾਉਣੀ ਚਾਹੁੰਦੇ ਹੋ? ਜੇ ਪਾਉਣੀ ਚਾਹੁੰਦੇ ਹੋ, ਤਾਂ ਯਹੋਵਾਹ ਦੀ ਸੇਵਾ ਵਿਚ ਵਧ-ਚੜ੍ਹ ਕੇ ਹਿੱਸਾ ਲਓ। ਅਗਲੇ ਲੇਖ ਵਿਚ ਸਮਝਾਇਆ ਜਾਵੇਗਾ ਕਿ ਪੌਲੁਸ ਰਸੂਲ ਦੀ ਰੀਸ ਕਰ ਕੇ ਤੁਸੀਂ ਸੱਚਾਈ ਵਿਚ ਤਰੱਕੀ ਕਿਵੇਂ ਕਰ ਸਕਦੇ ਹੋ।

ਤੁਸੀਂ ਕਿਵੇਂ ਜਵਾਬ ਦਿਓਗੇ?

• ਪਰਮੇਸ਼ੁਰ ਦੀ ਭਗਤੀ ਕਰਨ ਦੇ ਦੋ ਕਾਰਨ ਦੱਸੋ।

• ਤਿਮੋਥਿਉਸ ਨੇ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕਿਉਂ ਕੀਤਾ ਸੀ?

• ਵਿਰੋਧਤਾ ਦੇ ਬਾਵਜੂਦ ਤੁਹਾਨੂੰ ਹਿੰਮਤ ਕਿਉਂ ਨਹੀਂ ਹਾਰਨੀ ਚਾਹੀਦੀ?

• ਯਹੋਵਾਹ ਦੀ ਸੇਵਾ ਕਰਨ ਦੇ ਤੁਹਾਡੇ ਅੱਗੇ ਕਿਹੜੇ ਮੌਕੇ ਹਨ?

[ਸਵਾਲ]

[ਸਫ਼ਾ 18 ਉੱਤੇ ਤਸਵੀਰ]

ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਕਰਨ ਦਾ ਸਭ ਤੋਂ ਵਧੀਆ ਫ਼ੈਸਲਾ ਕਰੋ

[ਸਫ਼ਾ 19 ਉੱਤੇ ਤਸਵੀਰ]

ਕੀ ਤੁਸੀਂ ਆਪਣੇ ਵਿਸ਼ਵਾਸਾਂ ਬਾਰੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ?