Skip to content

Skip to table of contents

ਪਰਮੇਸ਼ੁਰ ਦਾ ਰਾਜ ਛੇਤੀ ਹੀ ਦੁੱਖਾਂ ਤੋਂ ਛੁਟਕਾਰਾ ਦਿਲਾਏਗਾ!

ਪਰਮੇਸ਼ੁਰ ਦਾ ਰਾਜ ਛੇਤੀ ਹੀ ਦੁੱਖਾਂ ਤੋਂ ਛੁਟਕਾਰਾ ਦਿਲਾਏਗਾ!

ਪਰਮੇਸ਼ੁਰ ਦਾ ਰਾਜ ਛੇਤੀ ਹੀ ਦੁੱਖਾਂ ਤੋਂ ਛੁਟਕਾਰਾ ਦਿਲਾਏਗਾ!

“ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।”​—⁠ਮੱਤੀ 6:⁠10.

1. ਯਿਸੂ ਦੀ ਮੁੱਖ ਸਿੱਖਿਆ ਕੀ ਸੀ?

ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ ਜਿਸ ਵਿਚ ਉਸ ਨੇ ਆਪਣੀ ਮੁੱਖ ਸਿੱਖਿਆ ਦਾ ਨਿਚੋੜ ਦਿੱਤਾ। ਇਸ ਪ੍ਰਾਰਥਨਾ ਵਿਚ ਉਸ ਨੇ ਕਿਹਾ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:9-13) ਯਿਸੂ “ਨਗਰੋ ਨਗਰ ਅਤੇ ਪਿੰਡੋ ਪਿੰਡ ਫਿਰਦਾ ਹੋਇਆ ਪਰਚਾਰ ਕਰਦਾ ਅਤੇ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਉਂਦਾ ਸੀ।” (ਲੂਕਾ 8:1) ਉਸ ਨੇ ਆਪਣੇ ਚੇਲਿਆਂ ਨੂੰ ਵੀ ਤਾਕੀਦ ਕੀਤੀ ਕਿ ‘ਉਹ ਪਹਿਲਾਂ ਪਰਮੇਸ਼ੁਰ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲਣ।’ (ਮੱਤੀ 6:33) ਇਸ ਲੇਖ ਦੀ ਸਟੱਡੀ ਕਰਨ ਵੇਲੇ ਧਿਆਨ ਦੇਣਾ ਕਿ ਇਸ ਵਿਚ ਦਿੱਤੀ ਗਈ ਜਾਣਕਾਰੀ ਤੁਸੀਂ ਆਪਣੀ ਸੇਵਕਾਈ ਵਿਚ ਕਿਵੇਂ ਲਾਗੂ ਕਰ ਸਕਦੇ ਹੋ। ਮਿਸਾਲ ਲਈ, ਤੁਸੀਂ ਇਨ੍ਹਾਂ ਸਵਾਲਾਂ ਦਾ ਜਵਾਬ ਕਿਵੇਂ ਦਿਓਗੇ: ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਕਿੰਨਾ ਕੁ ਜ਼ਰੂਰੀ ਹੈ? ਇਨਸਾਨਾਂ ਨੂੰ ਛੁਟਕਾਰੇ ਦੀ ਕਿਉਂ ਲੋੜ ਹੈ? ਪਰਮੇਸ਼ੁਰ ਦਾ ਰਾਜ ਸਾਨੂੰ ਦੁੱਖਾਂ ਤੋਂ ਛੁਟਕਾਰਾ ਕਿਵੇਂ ਦਿਲਾਏਗਾ?

2. ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨਾ ਕਿੰਨਾ ਕੁ ਜ਼ਰੂਰੀ ਹੈ?

2 ਯਿਸੂ ਨੇ ਕਿਹਾ ਸੀ ਕਿ “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14) ਸਾਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਹ ਸਭ ਤੋਂ ਅਹਿਮ ਸੰਦੇਸ਼ ਹੈ! ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਇਕ ਲੱਖ ਤੋਂ ਜ਼ਿਆਦਾ ਕਲੀਸਿਯਾਵਾਂ ਵਿਚ ਤਕਰੀਬਨ 70 ਲੱਖ ਭੈਣ-ਭਰਾ ਇਹ ਸੰਦੇਸ਼ ਲੋਕਾਂ ਤਕ ਪਹੁੰਚ ਰਹੇ ਹਨ। ਉਹ ਲੋਕਾਂ ਨੂੰ ਦੱਸ ਰਹੇ ਹਨ ਕਿ ਪਰਮੇਸ਼ੁਰ ਦਾ ਰਾਜ ਸਵਰਗ ਵਿਚ ਸਥਾਪਿਤ ਹੋ ਚੁੱਕਾ ਹੈ ਅਤੇ ਬਹੁਤ ਜਲਦ ਦੁਨੀਆਂ ਦੇ ਸਾਰੇ ਮਾਮਲੇ ਆਪਣੇ ਹੱਥ ਵਿਚ ਲੈ ਲਵੇਗਾ। ਇਸ ਰਾਜ ਅਧੀਨ ਯਹੋਵਾਹ ਪਰਮੇਸ਼ੁਰ ਆਪਣੀ ਮਰਜ਼ੀ ਜਿਵੇਂ ਸਵਰਗ ਵਿਚ ਪੂਰੀ ਕਰ ਰਿਹਾ ਹੈ, ਤਿਵੇਂ ਧਰਤੀ ਉੱਤੇ ਵੀ ਪੂਰੀ ਕਰੇਗਾ।

3, 4. ਜਦ ਪਰਮੇਸ਼ੁਰ ਦੀ ਮਰਜ਼ੀ ਧਰਤੀ ਉੱਤੇ ਪੂਰੀ ਹੋਵੇਗੀ, ਤਦ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

3 ਜਦ ਪਰਮੇਸ਼ੁਰ ਦੀ ਮਰਜ਼ੀ ਧਰਤੀ ਉੱਤੇ ਪੂਰੀ ਕੀਤੀ ਜਾਵੇਗੀ, ਤਦ ਇਨਸਾਨਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ? ਯਹੋਵਾਹ ‘ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।’ (ਪਰ. 21:4) ਇਨਸਾਨ ਫਿਰ ਕਦੇ ਆਦਮ ਤੋਂ ਮਿਲੇ ਪਾਪ ਕਾਰਨ ਬੀਮਾਰ ਨਹੀਂ ਹੋਣਗੇ ਅਤੇ ਨਾ ਹੀ ਕਦੇ ਮਰਨਗੇ। ਮੌਤ ਦੀ ਨੀਂਦ ਸੁੱਤੇ ਉਨ੍ਹਾਂ ਸਾਰਿਆਂ ਨੂੰ ਜੋ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਹਨ, ਦੁਬਾਰਾ ਜੀਵਨ ਬਖ਼ਸ਼ਿਆ ਜਾਵੇਗਾ। ਬਾਈਬਲ ਵਿਚ ਵਾਅਦਾ ਕੀਤਾ ਗਿਆ ਹੈ ਕਿ “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” (ਰਸੂ. 24:15) ਲੜਾਈਆਂ, ਬੀਮਾਰੀਆਂ ਤੇ ਭੁੱਖਮਰੀ ਵਰਗੀਆਂ ਸਾਰੀਆਂ ਦੁੱਖ-ਤਕਲੀਫ਼ਾਂ ਨੂੰ ਦੂਰ ਕੀਤਾ ਜਾਵੇਗਾ। ਸਾਰੀ ਧਰਤੀ ਉੱਤੇ ਅਮਨ-ਚੈਨ ਹੋਵੇਗਾ। ਇੱਥੋਂ ਤਕ ਕਿ ਜੰਗਲੀ ਜਾਨਵਰ ਆਪਸ ਵਿਚ ਤੇ ਇਨਸਾਨਾਂ ਨਾਲ ਸ਼ਾਂਤੀ ਨਾਲ ਰਹਿਣਗੇ।​—⁠ਜ਼ਬੂ. 46:9; 72:16; ਯਸਾ. 11:6-9; 33:24.

4 ਪਰਮੇਸ਼ੁਰ ਦੇ ਰਾਜ ਅਧੀਨ ਅਸੀਂ ਬੇਸ਼ੁਮਾਰ ਬਰਕਤਾਂ ਪਾਵਾਂਗੇ। ਉਸ ਸਮੇਂ ਬਾਰੇ ਬਾਈਬਲ ਵਿਚ ਕਿਹਾ ਗਿਆ ਹੈ: “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” ਇਨ੍ਹਾਂ ਸ਼ਬਦਾਂ ਤੋਂ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ! ਪਰ ਉਨ੍ਹਾਂ ਦੁਸ਼ਟ ਲੋਕਾਂ ਬਾਰੇ ਕੀ ਜੋ ਦੂਜਿਆਂ ਨੂੰ ਦੁੱਖ ਦਿੰਦੇ ਹਨ? ਉਨ੍ਹਾਂ ਬਾਰੇ ਬਾਈਬਲ ਵਿਚ ਲਿਖਿਆ ਹੈ: “ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ।” ਲੇਕਿਨ “ਜਿਹੜੇ ਯਹੋਵਾਹ ਨੂੰ ਉਡੀਕਦੇ ਹਨ ਓਹੋ ਧਰਤੀ ਦੇ ਵਾਰਸ ਹੋਣਗੇ।”​—⁠ਜ਼ਬੂ. 37:9-11.

5. ਇਸ ਦੁਸ਼ਟ ਦੁਨੀਆਂ ਦਾ ਕੀ ਬਣੇਗਾ?

5 ਇਹ ਸਭ ਗੱਲਾਂ ਪੂਰੀਆਂ ਹੋਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਇਸ ਦੁਨੀਆਂ ਦੀਆਂ ਵੱਖੋ-ਵੱਖਰੀਆਂ ਸਰਕਾਰਾਂ, ਧਰਮ ਅਤੇ ਵਪਾਰਕ ਹਿੱਸੇ ਨਾਸ਼ ਕੀਤੇ ਜਾਣ। ਇਹ ਕੰਮ ਪਰਮੇਸ਼ੁਰ ਦਾ ਰਾਜ ਹੀ ਕਰੇਗਾ। ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਦਾਨੀਏਲ ਨਬੀ ਨੇ ਲਿਖਿਆ: “ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ [ਜੋ ਅੱਜ ਰਾਜ ਕਰਦੇ ਹਨ] ਅਕਾਸ਼ ਦਾ ਪਰਮੇਸ਼ੁਰ [ਸਵਰਗ ਵਿਚ] ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ [ਅੱਜ ਦੀਆਂ] ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।” (ਦਾਨੀ. 2:44) ਉਸ ਸਮੇਂ ‘ਨਵੇਂ ਅਕਾਸ਼ ਅਤੇ ਨਵੀਂ ਧਰਤੀ ਵਿੱਚ ਧਰਮ ਵੱਸੇਗਾ।’ ਨਵਾਂ ਅਕਾਸ਼ ਸਵਰਗੋਂ ਰਾਜ ਕਰ ਰਹੀ ਪਰਮੇਸ਼ੁਰ ਦੀ ਸਰਕਾਰ ਹੈ। ਨਵੀਂ ਧਰਤੀ ਉਹ ਸਭ ਲੋਕ ਹਨ ਜੋ ਇਸ ਸਰਕਾਰ ਦੀ ਪਰਜਾ ਹਨ।​—⁠2 ਪਤ. 3:13.

ਛੁਟਕਾਰੇ ਦੀ ਪਹਿਲਾਂ ਨਾਲੋਂ ਹੁਣ ਜ਼ਿਆਦਾ ਲੋੜ

6. ਦੁਨੀਆਂ ਵਿਚ ਹੋ ਰਹੀ ਬੁਰਾਈ ਬਾਰੇ ਬਾਈਬਲ ਕੀ ਕਹਿੰਦੀ ਹੈ?

6 ਸ਼ਤਾਨ, ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕਰ ਕੇ ਇਹ ਫ਼ੈਸਲਾ ਕੀਤਾ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਕੋਈ ਲੋੜ ਨਹੀਂ ਅਤੇ ਉਹ ਆਪਣਾ ਬੁਰਾ-ਭਲਾ ਖ਼ੁਦ ਸੋਚ ਸਕਦੇ ਸਨ। ਪਰ ਉਨ੍ਹਾਂ ਦੇ ਫ਼ੈਸਲੇ ਦੇ ਬੁਰੇ ਨਤੀਜੇ ਸਾਰਿਆਂ ਇਨਸਾਨਾਂ ਨੂੰ ਭੋਗਣੇ ਪਏ। ਆਦਮ ਤੇ ਹੱਵਾਹ ਤੋਂ ਤਕਰੀਬਨ 1,600 ਸਾਲ ਬਾਅਦ ਅਤੇ ਜਲ-ਪਰਲੋ ਤੋਂ ਪਹਿਲਾਂ ਦੇ ਸਮੇਂ ਬਾਰੇ ਬਾਈਬਲ ਵਿਚ ਲਿਖਿਆ ਹੈ: “ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ।” (ਉਤ. 6:5) ਇਸ ਤੋਂ ਕੁਝ 1,300 ਸਾਲ ਬਾਅਦ ਸੁਲੇਮਾਨ ਬਾਦਸ਼ਾਹ ਨੇ ਵੀ ਦੁਨੀਆਂ ਦੀ ਮਾੜੀ ਹਾਲਤ ਕਾਰਨ ਕਿਹਾ: “ਮੈਂ ਮੁਰਦਿਆਂ ਨੂੰ ਜੋ ਪਹਿਲਾਂ ਮਰ ਚੁੱਕੇ ਸਨ ਓਹਨਾਂ ਜੀਉਂਦਿਆਂ ਨਾਲੋਂ ਜੋ ਹੁਣ ਜੀਉਂਦੇ ਹਨ ਵਧਾਈ ਦਿੱਤੀ। ਪਰ ਦੋਹਾਂ ਨਾਲੋਂ ਭਾਗਵਾਨ ਉਹ ਹੈ ਜੋ ਅਜੇ ਹੋਇਆ ਹੀ ਨਹੀਂ, ਜਿਸ ਨੇ ਅਜੇ ਤੋੜੀ ਸੂਰਜ ਦੇ ਹੇਠ ਦਾ ਭੈੜਾ ਕੰਮ ਨਹੀਂ ਡਿੱਠਾ।” (ਉਪ. 4:2, 3) ਭਾਵੇਂ ਇਹ ਸ਼ਬਦ ਅੱਜ ਤੋਂ ਕੁਝ ਤਿੰਨ ਹਜ਼ਾਰ ਸਾਲ ਪਹਿਲਾਂ ਲਿਖੇ ਗਏ ਸਨ, ਪਰ ਬੁਰਾਈ ਅਤੇ ਭੈੜੇ ਹਾਲਾਤਾਂ ਦਾ ਸਿਲਸਿਲਾ ਅੱਜ ਵੀ ਚੱਲ ਰਿਹਾ ਹੈ।

7. ਲੋਕਾਂ ਨੂੰ ਪਹਿਲਾਂ ਨਾਲੋਂ ਹੁਣ ਛੁਟਕਾਰੇ ਦੀ ਜ਼ਿਆਦਾ ਲੋੜ ਕਿਉਂ ਹੈ?

7 ਇਹ ਸੱਚ ਹੈ ਕਿ ਬੁਰਾਈ ਨੇ ਚਿਰਾਂ ਤੋਂ ਦੁਨੀਆਂ ਵਿਚ ਜੜ੍ਹ ਫੜੀ ਹੋਈ ਹੈ, ਪਰ ਲੋਕਾਂ ਨੂੰ ਹੁਣ ਪਹਿਲਾਂ ਨਾਲੋਂ ਜ਼ਿਆਦਾ ਪਰਮੇਸ਼ੁਰ ਦੇ ਰਾਜ ਦੁਆਰਾ ਛੁਟਕਾਰੇ ਦੀ ਲੋੜ ਹੈ। ਪਿਛਲੇ ਸੌ ਸਾਲਾਂ ਦੌਰਾਨ ਹਾਲਾਤ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖ਼ਰਾਬ ਹੋ ਗਏ ਹਨ। ਇਕ ਰਿਪੋਰਟ ਮੁਤਾਬਕ ‘ਪਹਿਲੀਆਂ 19 ਸਦੀਆਂ ਵਿਚ ਜਿੰਨੇ ਲੋਕ ਯੁੱਧਾਂ ਵਿਚ ਮਰੇ, ਉਸ ਤੋਂ ਤਿੰਨ ਗੁਣਾ ਜ਼ਿਆਦਾ ਵੀਹਵੀਂ ਸਦੀ ਦੇ ਯੁੱਧਾਂ ਵਿਚ ਮਰੇ ਹਨ।’ ਸਾਲ 1914 ਤੋਂ ਲੈ ਕੇ ਅੱਜ ਤਕ ਯੁੱਧਾਂ ਨੇ 10 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਨਿਗਲ ਲਿਆ ਹੈ। ਇਕ ਐਨਸਾਈਕਲੋਪੀਡੀਆ ਮੁਤਾਬਕ ਦੂਜੇ ਵਿਸ਼ਵ ਯੁੱਧ ਦੌਰਾਨ ਤਕਰੀਬਨ 6 ਕਰੋੜ ਲੋਕ ਮੌਤ ਦੇ ਸ਼ਿਕਾਰ ਹੋਏ। ਨਿਊਕਲੀ ਹਥਿਆਰਾਂ ਨਾਲ ਲੈਸ ਕੁਝ ਦੇਸ਼ ਹੁਣ ਦੁਨੀਆਂ ਦੇ ਵੱਡੇ-ਵੱਡੇ ਹਿੱਸੇ ਭਸਮ ਕਰ ਸਕਦੇ ਹਨ। ਇਲਾਜ ਅਤੇ ਵਿਗਿਆਨ ਦੇ ਖੇਤਰਾਂ ਵਿਚ ਤਰੱਕੀ ਦੇ ਬਾਵਜੂਦ, ਹਰ ਸਾਲ ਲਗਭਗ 50 ਲੱਖ ਬੱਚੇ ਭੁੱਖ ਕਾਰਨ ਦਮ ਤੋੜ ਦਿੰਦੇ ਹਨ।—ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ 9ਵਾਂ ਅਧਿਆਇ ਦੇਖੋ।

8. ਮਨੁੱਖੀ ਰਾਜ ਬਾਰੇ ਕਿਹੜੀ ਗੱਲ ਸੋਲਾਂ ਆਨੇ ਸੱਚ ਹੈ?

8 ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਨਸਾਨ ਬੁਰਾਈ ਦੇ ਵਾਧੇ ਨੂੰ ਰੋਕ ਨਹੀਂ ਸਕੇ। ਇਸ ਦੁਨੀਆਂ ਦੀਆਂ ਸਿਆਸੀ, ਵਪਾਰਕ ਅਤੇ ਧਾਰਮਿਕ ਸੰਸਥਾਵਾਂ ਸ਼ਾਂਤੀ, ਸੁਖ-ਚੈਨ ਅਤੇ ਚੰਗੀ ਸਹਿਤ ਲਈ ਲੋਕਾਂ ਦੀਆਂ ਆਮ ਲੋੜਾਂ ਪੂਰੀਆਂ ਨਹੀਂ ਕਰ ਪਾਈਆਂ। ਦੁਨੀਆਂ ਦੀਆਂ ਮੁਸੀਬਤਾਂ ਤੋਂ ਛੁਟਕਾਰਾ ਦਿਲਾਉਣਾ ਤਾਂ ਦੂਰ ਦੀ ਗੱਲ ਰਹੀ, ਇਹ ਸੰਸਥਾਵਾਂ ਹੋਰ ਮੁਸ਼ਕਲਾਂ ਖੜ੍ਹੀਆਂ ਕਰ ਰਹੀਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਹਜ਼ਾਰਾਂ ਸਾਲਾਂ ਤੋਂ ਚੱਲਦੇ ਆ ਰਹੇ ਇਨਸਾਨਾਂ ਦੇ ਰਾਜ ਬਾਰੇ ਕਹੀ ਗਈ ਇਹ ਗੱਲ ਸੋਲਾਂ ਆਨੇ ਸੱਚ ਹੈ: “ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰ. 10:23) ਜੀ ਹਾਂ, “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।” (ਉਪ. 8:9) ਤਾਹੀਓਂ “ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ।”​—⁠ਰੋਮੀ. 8:⁠22.

9. “ਅੰਤ ਦਿਆਂ ਦਿਨਾਂ” ਬਾਰੇ ਅਸੀਂ ਕਿਹੜੀ ਗੱਲ ਜਾਣਦੇ ਹਾਂ?

9 ਸਾਡੇ ਜ਼ਮਾਨੇ ਬਾਰੇ ਬਾਈਬਲ ਵਿਚ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ “ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ।” ਇਨਸਾਨਾਂ ਦੇ ਰਾਜ ਅਧੀਨ ਭੈੜੇ ਹਾਲਾਤਾਂ ਬਾਰੇ ਗੱਲ ਕਰਨ ਤੋਂ ਬਾਅਦ, ਇਸ ਭਵਿੱਖਬਾਣੀ ਵਿਚ ਦੱਸਿਆ ਗਿਆ ਹੈ ਕਿ “ਦੁਸ਼ਟ ਮਨੁੱਖ ਅਤੇ ਛਲੀਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ ਬੁਰੇ ਤੋਂ ਬੁਰੇ ਹੁੰਦੇ ਜਾਣਗੇ।” (2 ਤਿਮੋਥਿਉਸ 3:1-5, 13 ਪੜ੍ਹੋ।) ਅਸੀਂ ਜਾਣਦੇ ਹਾਂ ਕਿ ਇਸ ਤਰ੍ਹਾਂ ਹੁੰਦਾ ਰਹੇਗਾ ਕਿਉਂਕਿ “ਸਾਰਾ ਸੰਸਾਰ ਉਸ ਦੁਸ਼ਟ [ਸ਼ਤਾਨ] ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰ. 5:19) ਲੇਕਿਨ ਖ਼ੁਸ਼ ਖ਼ਬਰੀ ਇਹ ਹੈ ਕਿ ਬਹੁਤ ਜਲਦ ਪਰਮੇਸ਼ੁਰ ਉਨ੍ਹਾਂ ਸਾਰਿਆਂ ਨੂੰ ਛੁਟਕਾਰਾ ਦਿਲਾਏਗਾ ਜੋ ਉਸ ਨੂੰ ਪਿਆਰ ਕਰਦੇ ਹਨ। ਉਹ ਇਸ ਦੁਸ਼ਟ ਦੁਨੀਆਂ ਤੋਂ ਬਚਾਏ ਜਾਣਗੇ, ਜੋ ਬੁਰੀ ਤੋਂ ਬੁਰੀ ਹੁੰਦੀ ਜਾ ਰਹੀ ਹੈ।

ਛੁਟਕਾਰੇ ਦੀ ਇੱਕੋ-ਇਕ ਉਮੀਦ

10. ਛੁਟਕਾਰੇ ਲਈ ਸਿਰਫ਼ ਯਹੋਵਾਹ ਪਰਮੇਸ਼ੁਰ ਉੱਤੇ ਹੀ ਭਰੋਸਾ ਕਿਉਂ ਰੱਖਿਆ ਜਾ ਸਕਦਾ ਹੈ?

10 ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਸਮਝਾਓ ਕਿ ਛੁਟਕਾਰੇ ਲਈ ਸਿਰਫ਼ ਯਹੋਵਾਹ ਪਰਮੇਸ਼ੁਰ ਉੱਤੇ ਹੀ ਭਰੋਸਾ ਰੱਖਿਆ ਜਾ ਸਕਦਾ ਹੈ। ਸਾਰੇ ਜਹਾਨ ਦੇ ਮਾਲਕ ਯਹੋਵਾਹ ਕੋਲ ਕੇਵਲ ਆਪਣੇ ਸੇਵਕਾਂ ਨੂੰ ਬਚਾਉਣ ਦੀ ਤਾਕਤ ਹੀ ਨਹੀਂ, ਸਗੋਂ ਉਹ ਉਨ੍ਹਾਂ ਨੂੰ ਬਚਾਉਣ ਦੀ ਇੱਛਾ ਵੀ ਰੱਖਦਾ ਹੈ। (ਰਸੂ. 4:24, 31; ਪਰ. 4:11) ਅਸੀਂ ਪੂਰਾ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਆਪਣੇ ਲੋਕਾਂ ਨੂੰ ਬਚਾਵੇਗਾ ਅਤੇ ਆਪਣਾ ਮਕਸਦ ਪੂਰਾ ਕਰੇਗਾ ਕਿਉਂਕਿ ਉਸ ਨੇ ਸੌਂਹ ਖਾਧੀ ਹੈ ਕਿ “ਨਿਸੰਗ ਜਿਵੇਂ ਮੈਂ ਠਾਣਿਆ, ਤਿਵੇਂ ਹੋ ਜਾਵੇਗਾ।” ਜੀ ਹਾਂ, ਜੋ ਉਸ ਨੇ ‘ਠਾਣਿਆ ਉਸ ਨੂੰ ਉਹ ਜ਼ਰੂਰ ਪੂਰਾ ਕਰੇਗਾ।’​—ਯਸਾਯਾਹ 14:24, 25; 55:10, 11 ਪੜ੍ਹੋ।

11, 12. ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹੜੀ ਗਾਰੰਟੀ ਦਿੱਤੀ ਹੈ?

11 ਯਹੋਵਾਹ ਨੇ ਗਾਰੰਟੀ ਦਿੱਤੀ ਹੈ ਕਿ ਉਹ ਦੁਸ਼ਟ ਲੋਕਾਂ ਦਾ ਨਾਸ਼ ਕਰਨ ਵੇਲੇ ਆਪਣੇ ਲੋਕਾਂ ਨੂੰ ਬਚਾਵੇਗਾ। ਜਦ ਉਸ ਨੇ ਯਿਰਮਿਯਾਹ ਨਬੀ ਨੂੰ ਪਾਪੀ ਲੋਕਾਂ ਨੂੰ ਦਲੇਰੀ ਨਾਲ ਸੰਦੇਸ਼ ਸੁਣਾਉਣ ਲਈ ਭੇਜਿਆ ਸੀ, ਤਾਂ ਉਸ ਨੇ ਕਿਹਾ: “ਓਹਨਾਂ ਦੇ ਅੱਗਿਓਂ ਨਾ ਡਰੀਂ।” ਕਿਉਂ ਨਹੀਂ? ਕਿਉਂਕਿ ਯਹੋਵਾਹ ਨੇ ਅੱਗੇ ਕਿਹਾ: “ਮੈਂ ਤੈਨੂੰ ਛੁਡਾਉਣ ਲਈ ਤੇਰੇ ਅੰਗ ਸੰਗ ਜੋ ਹਾਂ।” (ਯਿਰ. 1:8) ਇਸੇ ਤਰ੍ਹਾਂ ਜਦ ਯਹੋਵਾਹ ਸਦੂਮ ਅਤੇ ਅਮੂਰਾਹ ਦੇ ਨਗਰਾਂ ਦਾ ਨਾਸ਼ ਕਰਨ ਵਾਲਾ ਸੀ, ਤਾਂ ਉਸ ਨੇ ਦੋ ਫ਼ਰਿਸ਼ਤੇ ਲੂਤ ਅਤੇ ਉਸ ਦੇ ਟੱਬਰ ਨੂੰ ਬਚਾਉਣ ਲਈ ਭੇਜੇ। ਫਿਰ “ਯਹੋਵਾਹ ਨੇ ਸਦੂਮ ਅਰ ਅਮੂਰਾਹ ਉੱਤੇ ਗੰਧਕ ਅਰ ਅੱਗ . . . ਅਕਾਸ਼ ਤੋਂ ਬਰਸਾਈ।”​—⁠ਉਤ. 19:15, 24, 25.

12 ਪੂਰੀ ਦੁਨੀਆਂ ਦੀ ਤਬਾਹੀ ਕਰਨ ਵੇਲੇ ਵੀ ਯਹੋਵਾਹ ਆਪਣੇ ਭਗਤਾਂ ਨੂੰ ਬਚਾਵੇਗਾ। ਨੂਹ ਦੇ ਜ਼ਮਾਨੇ ਵਿਚ ਜਦ ਉਸ ਨੇ ਜਲ-ਪਰਲੋ ਲਿਆ ਕੇ ਦੁਸ਼ਟ ਲੋਕਾਂ ਨੂੰ ਖ਼ਤਮ ਕੀਤਾ ਸੀ, ਤਾਂ ਉਸ ਨੇ “ਨੂਹ ਨੂੰ ਜਿਹੜਾ ਧਰਮ ਦਾ ਪਰਚਾਰਕ ਸੀ ਸੱਤਾਂ ਹੋਰਨਾਂ ਸਣੇ ਬਚਾ ਲਿਆ।” (2 ਪਤ. 2:5) ਇਕ ਵਾਰ ਫਿਰ ਜਦ ਯਹੋਵਾਹ ਇਸ ਦੁਸ਼ਟ ਦੁਨੀਆਂ ਦਾ ਨਾਸ਼ ਕਰੇਗਾ, ਉਹ ਨੇਕ ਦਿਲ ਲੋਕਾਂ ਨੂੰ ਜ਼ਰੂਰ ਬਚਾਵੇਗਾ। ਉਸ ਦਾ ਬਚਨ ਕਹਿੰਦਾ ਹੈ: “ਤੁਸੀਂ ਯਹੋਵਾਹ ਨੂੰ ਭਾਲੋ, ਹੇ ਧਰਤੀ ਦੇ ਸਾਰੇ ਮਸਕੀਨੋ, . . . ਧਰਮ ਨੂੰ ਭਾਲੋ, ਮਸਕੀਨੀ ਨੂੰ ਭਾਲੋ, ਸ਼ਾਇਤ ਤੁਸੀਂ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਲੁੱਕੇ ਰਹੋਗੇ!” (ਸਫ਼. 2:3) ਇਸ ਦੁਸ਼ਟ ਦੁਨੀਆਂ ਦਾ ਨਾਸ਼ ਹੋਣ ਤੇ ‘ਸਚਿਆਰ ਹੀ ਧਰਤੀ ਉੱਤੇ ਵਸੱਣਗੇ, ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ।’​—⁠ਕਹਾ. 2:21, 22.

13. ਯਹੋਵਾਹ ਦੇ ਉਨ੍ਹਾਂ ਸੇਵਕਾਂ ਨੂੰ ਛੁਟਕਾਰਾ ਕਿਵੇਂ ਮਿਲੇਗਾ ਜੋ ਮੌਤ ਦੀ ਨੀਂਦ ਸੌਂ ਚੁੱਕੇ ਹਨ?

13 ਪਰਮੇਸ਼ੁਰ ਦੇ ਕਈ ਸੇਵਕ ਬੀਮਾਰੀ ਜਾਂ ਕਿਸੇ ਹੋਰ ਕਾਰਨ ਕਰਕੇ ਮੌਤ ਦੀ ਨੀਂਦ ਸੌਂ ਗਏ ਹਨ ਤੇ ਕੁਝ ਸ਼ਹੀਦ ਵੀ ਹੋ ਚੁੱਕੇ ਹਨ। (ਮੱਤੀ 24:9) ਇਨ੍ਹਾਂ ਸਾਰਿਆਂ ਨੂੰ ਮੌਤ ਤੋਂ ਛੁਟਕਾਰਾ ਕਿਵੇਂ ਮਿਲੇਗਾ? ਬਾਈਬਲ ਵਿਚ ਕਿਹਾ ਗਿਆ ਹੈ ਕਿ ‘ਧਰਮੀ ਲੋਕਾਂ ਦਾ ਜੀ ਉੱਠਣਾ ਹੋਵੇਗਾ।’ (ਰਸੂ. 24:15) ਇਸ ਗੱਲ ਤੋਂ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ ਕਿ ਆਪਣੇ ਸੇਵਕਾਂ ਨੂੰ ਬਚਾਉਣ ਤੋਂ ਯਹੋਵਾਹ ਨੂੰ ਮੌਤ ਵੀ ਨਹੀਂ ਰੋਕ ਸਕਦੀ!

ਪਰਮੇਸ਼ੁਰ ਦਾ ਧਰਮੀ ਰਾਜ

14. ਅਸੀਂ ਯਕੀਨ ਕਿਉਂ ਕਰ ਸਕਦੇ ਹਾਂ ਕਿ ਪਰਮੇਸ਼ੁਰ ਦਾ ਰਾਜ ਧਰਮੀ ਰਾਜ ਹੋਵੇਗਾ?

14 ਪ੍ਰਚਾਰ ਕਰਦੇ ਸਮੇਂ ਤੁਸੀਂ ਲੋਕਾਂ ਨੂੰ ਸਮਝਾ ਸਕਦੇ ਹੋ ਕਿ ਯਹੋਵਾਹ ਦਾ ਸਵਰਗੀ ਰਾਜ ਇਕ ਧਰਮੀ ਰਾਜ ਹੈ। ਇਹ ਗੱਲ ਕਿਉਂ ਕਹੀ ਜਾ ਸਕਦੀ ਹੈ? ਕਿਉਂਕਿ ਇਸ ਰਾਜ ਵਿਚ ਰਾਜ ਕਰਨ ਵਾਲੇ ਨਿਆਂ, ਧਾਰਮਿਕਤਾ ਅਤੇ ਪਿਆਰ ਨਾਲ ਰਾਜ ਕਰਨਗੇ ਜੋ ਪਰਮੇਸ਼ੁਰ ਦੇ ਮੁੱਖ ਗੁਣ ਹਨ। (ਬਿਵ. 32:4; 1 ਯੂਹੰ. 4:8) ਇਹ ਰਾਜੇ ਕੌਣ ਹਨ? ਪਰਮੇਸ਼ੁਰ ਨੇ ਇਸ ਰਾਜ ਦਾ ਅਧਿਕਾਰ ਆਪਣੇ ਪੁੱਤਰ ਯਿਸੂ ਮਸੀਹ ਨੂੰ ਸੌਂਪਿਆ ਹੈ ਜੋ ਇਸ ਕੰਮ ਲਈ ਸਭ ਤੋਂ ਕਾਬਲ ਹੈ। ਇਸ ਤੋਂ ਇਲਾਵਾ ਯਹੋਵਾਹ ਨੇ ਯਿਸੂ ਨਾਲ ਸਵਰਗੋਂ ਰਾਜ ਕਰਨ ਲਈ ਧਰਤੀ ਤੋਂ 1,44,000 ਵਫ਼ਾਦਾਰ ਲੋਕਾਂ ਨੂੰ ਚੁਣਿਆ ਹੈ।​—⁠ਪਰ. 14:1-5.

15. ਇਨਸਾਨੀ ਹਕੂਮਤਾਂ ਅਤੇ ਪਰਮੇਸ਼ੁਰ ਦੇ ਰਾਜ ਵਿਚ ਕੀ ਫ਼ਰਕ ਹੈ?

15 ਨਾਮੁਕੰਮਲ ਇਨਸਾਨਾਂ ਦੀਆਂ ਹਕੂਮਤਾਂ ਅਤੇ ਯਿਸੂ ਤੇ ਉਸ ਨਾਲ 1,44,000 ਰਾਜ ਕਰਨ ਵਾਲਿਆਂ ਦੀ ਹਕੂਮਤ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੋਵੇਗਾ! ਇਸ ਦੁਸ਼ਟ ਦੁਨੀਆਂ ਦੇ ਹਾਕਮ ਬਹੁਤ ਹੀ ਜ਼ਾਲਮ ਨਿਕਲੇ ਹਨ। ਉਨ੍ਹਾਂ ਨੇ ਯੁੱਧਾਂ ਨੂੰ ਹੱਲਾਸ਼ੇਰੀ ਦੇ ਕੇ ਕਰੋੜਾਂ ਲੋਕਾਂ ਦੇ ਖ਼ੂਨ ਨਾਲ ਆਪਣੇ ਹੱਥ ਰੰਗੇ ਹਨ। ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਬਾਈਬਲ ਵਿਚ ਇਹ ਸਲਾਹ ਕਿਉਂ ਦਿੱਤੀ ਗਈ ਹੈ ਕਿ ‘ਹਾਕਮਾਂ ਉੱਤੇ ਭਰੋਸਾ ਨਾ ਰੱਖੋ ਜਿਨ੍ਹਾਂ ਦੇ ਕੋਲ ਬਚਾਓ ਹੈ ਨਹੀਂ’! (ਜ਼ਬੂ. 146:3) ਇਨ੍ਹਾਂ ਹਾਕਮਾਂ ਤੋਂ ਉਲਟ ਯਿਸੂ ਆਪਣੀ ਪਰਜਾ ਉੱਤੇ ਪਿਆਰ ਨਾਲ ਰਾਜ ਕਰੇਗਾ। ਯਿਸੂ ਨੇ ਕਿਹਾ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ। ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।”​—⁠ਮੱਤੀ 11:28-30.

ਜਲਦ ਹੀ ਸ਼ਤਾਨ ਦੀ ਦੁਨੀਆਂ ਦਾ ਨਾਸ਼ ਕੀਤਾ ਜਾਵੇਗਾ

16. ਹੁਣ ਬਹੁਤ ਜਲਦ ਕੀ ਹੋਣ ਵਾਲਾ ਹੈ?

16 ਸਾਲ 1914 ਤੋਂ ਅਸੀਂ ਅੰਤ ਦਿਆਂ ਦਿਨਾਂ ਵਿਚ ਯਾਨੀ ਇਸ “ਜੁਗ ਦੇ ਅੰਤ” ਵਿਚ ਜੀ ਰਹੇ ਹਾਂ। (ਮੱਤੀ 24:3) ਬਹੁਤ ਜਲਦ ਯਿਸੂ ਦੇ ਕਹੇ ਮੁਤਾਬਕ ਇਸ ਦੁਨੀਆਂ ਤੇ “ਵੱਡਾ ਕਸ਼ਟ” ਆਵੇਗਾ। (ਮੱਤੀ 24:21 ਪੜ੍ਹੋ।) ਇਹ ਅਜਿਹਾ ਕਸ਼ਟ ਹੋਵੇਗਾ ਜੋ ਇਨਸਾਨਾਂ ਨੇ ਨਾ ਕਦੇ ਪਹਿਲਾਂ ਦੇਖਿਆ ਹੈ ਤੇ ਨਾ ਕਦੇ ਫਿਰ ਦੇਖਣਗੇ। ਇਸ ਕਸ਼ਟ ਦੌਰਾਨ ਸ਼ਤਾਨ ਦੀ ਦੁਨੀਆਂ ਦਾ ਨਾਸ਼ ਕੀਤਾ ਜਾਵੇਗਾ। ਪਰ ਇਸ ਵੱਡੇ ਕਸ਼ਟ ਦੇ ਸ਼ੁਰੂ ਵਿਚ ਅਤੇ ਅੰਤ ਵਿਚ ਕੀ ਹੋਵੇਗਾ?

17. ਬਾਈਬਲ ਮੁਤਾਬਕ ਵੱਡੇ ਕਸ਼ਟ ਦੀ ਸ਼ੁਰੂਆਤ ਕਿੱਦਾਂ ਹੋਵੇਗੀ?

17 ਇਹ ਵੱਡਾ ਕਸ਼ਟ ਅਚਾਨਕ ਆਵੇਗਾ ਤੇ ਲੋਕ ਹੱਕੇ-ਬੱਕੇ ਰਹਿ ਜਾਣਗੇ। ਜੀ ਹਾਂ, “[ਯਹੋਵਾਹ] ਦਾ ਦਿਨ” ਉਦੋਂ ਆਵੇਗਾ ਜਦ “ਲੋਕ ਆਖਦੇ ਹੋਣਗੇ ਭਈ ਅਮਨ ਚੈਨ ਅਤੇ ਸੁਖ ਸਾਂਦ ਹੈ।” (1 ਥੱਸਲੁਨੀਕੀਆਂ 5:2, 3 ਪੜ੍ਹੋ।) ਇਸ ਦਾ ਮਤਲਬ ਹੈ ਕਿ ਜਦ ਕੌਮਾਂ ਦੇ ਭਾਣੇ ਉਹ ਦੁਨੀਆਂ ਦੀਆਂ ਵੱਡੀਆਂ-ਵੱਡੀਆਂ ਮੁਸ਼ਕਲਾਂ ਸੁਲਝਾਉਣ ਹੀ ਵਾਲੀਆਂ ਹੋਣਗੀਆਂ, ਉਦੋਂ ਵੱਡਾ ਕਸ਼ਟ ਸ਼ੁਰੂ ਹੋ ਜਾਵੇਗਾ। ਇਸ ਦੀ ਸ਼ੁਰੂਆਤ ‘ਵੱਡੀ ਬਾਬੁਲ’ ਯਾਨੀ ਦੁਨੀਆਂ ਦੇ ਧਰਮਾਂ ਦੇ ਨਾਸ਼ ਨਾਲ ਹੋਵੇਗੀ। ਧਰਤੀ ਦੇ ਰਾਜਿਆਂ ਨੂੰ ਯਕੀਨ ਨਹੀਂ ਆਵੇਗਾ ਕਿ ਵੱਡੀ ਬਾਬੁਲ ਦਾ ਸੱਤਿਆਨਾਸ ਕੀਤਾ ਗਿਆ ਹੈ।​—⁠ਪਰ. 17:1-6, 18; 18:9, 10, 15, 16, 19.

18. ਯਹੋਵਾਹ ਉਸ ਸਮੇਂ ਕੀ ਕਰੇਗਾ ਜਦ ਸ਼ਤਾਨ ਉਸ ਦੇ ਲੋਕਾਂ ਤੇ ਹਮਲਾ ਕਰੇਗਾ?

18 ਉਦੋਂ “ਸੂਰਜ ਅਰ ਚੰਦ ਅਰ ਤਾਰਿਆਂ ਵਿੱਚ ਨਿਸ਼ਾਨੀਆਂ ਹੋਣਗੀਆਂ” ਅਤੇ “ਮਨੁੱਖ ਦੇ ਪੁੱਤ੍ਰ ਦਾ ਨਿਸ਼ਾਨ ਅਕਾਸ਼ ਵਿੱਚ ਪਰਗਟ ਹੋਵੇਗਾ।” ਉਦੋਂ ਅਸੀਂ ਸਿਰ ਚੁੱਕ ਕੇ ‘ਉਤਾਹਾਂ ਵੇਖਾਂਗੇ ਇਸ ਲਈ ਜੋ ਸਾਡਾ ਨਿਸਤਾਰਾ ਨੇੜੇ ਹੋਵੇਗਾ।’ (ਲੂਕਾ 21:25-28; ਮੱਤੀ 24:29, 30) ਫਿਰ ਗੋਗ ਯਾਨੀ ਸ਼ਤਾਨ ਆਪਣੀਆਂ ਫ਼ੌਜਾਂ ਲੈ ਕੇ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕਰੇਗਾ। ਪਰ ਇਸ ਬਾਰੇ ਯਹੋਵਾਹ ਕਿਵੇਂ ਮਹਿਸੂਸ ਕਰਦਾ ਹੈ? ਉਹ ਕਹਿੰਦਾ ਹੈ ਕਿ ‘ਜਿਹੜਾ ਤੁਹਾਨੂੰ ਛੋਹੰਦਾ ਹੈ ਉਹ ਮੇਰੀ ਅੱਖ ਦੀ ਕਾਕੀ ਨੂੰ ਛੋਹੰਦਾ ਹੈ।’ (ਜ਼ਕ. 2:8) ਯਹੋਵਾਹ ਦੇ ਲੋਕਾਂ ਨੂੰ ਮਿਟਾਉਣ ਦੀਆਂ ਸ਼ਤਾਨ ਦੀਆਂ ਕੋਸ਼ਿਸ਼ਾਂ ਨਾਕਾਮਯਾਬ ਸਾਬਤ ਹੋਣਗੀਆਂ। ਕਿਉਂ? ਕਿਉਂਕਿ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਸਾਨੂੰ ਬਚਾਉਣ ਲਈ ਫ਼ੌਰਨ ਕਦਮ ਚੁੱਕੇਗਾ।​—⁠ਹਿਜ਼. 38:9, 18.

19. ਅਸੀਂ ਇਹ ਭਰੋਸਾ ਕਿਉਂ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਦੀਆਂ ਸਵਰਗੀ ਫ਼ੌਜਾਂ ਸ਼ਤਾਨ ਦੀ ਦੁਨੀਆਂ ਦਾ ਨਾਮੋ-ਨਿਸ਼ਾਨ ਮਿਟਾ ਦੇਣਗੀਆਂ?

19 ਜਦ ਰੱਬ ਕੌਮਾਂ ਨੂੰ ਸਜ਼ਾ ਦੇਵੇਗਾ, ਤਾਂ ‘ਕੌਮਾਂ ਜਾਣਨਗੀਆਂ ਕਿ ਇਹ ਯਹੋਵਾਹ ਹੈ।’ (ਹਿਜ਼. 36:23) ਪਰਮੇਸ਼ੁਰ, ਯਿਸੂ ਮਸੀਹ ਦੀ ਨਿਗਰਾਨੀ ਹੇਠ, ਕਰੋੜਾਂ ਦੂਤਾਂ ਨੂੰ ਸ਼ਤਾਨ ਦੀ ਬਾਕੀ ਦੁਨੀਆਂ ਦਾ ਖ਼ਾਤਮਾ ਕਰਨ ਲਈ ਘੱਲੇਗਾ। (ਪਰ. 19:11-19) ਯਾਦ ਰੱਖੋ ਕਿ ਇਕ ਵਾਰ ਸਿਰਫ਼ ਇਕ ਦੂਤ ਨੇ ਰਾਤੋ-ਰਾਤ ਅੱਸ਼ੂਰੀਆਂ ਦੇ “ਇੱਕ ਲੱਖ ਪਚਾਸੀ ਹਜ਼ਾਰ” ਫ਼ੌਜੀਆਂ ਨੂੰ ਮਾਰ ਮੁਕਾਇਆ ਸੀ। ਤਾਂ ਫਿਰ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਦੀਆਂ ਸਵਰਗੀ ਫ਼ੌਜਾਂ, ਵੱਡੇ ਕਸ਼ਟ ਦੇ ਅਖ਼ੀਰ ਵਿਚ, ਆਰਮਾਗੇਡਨ ਦੇ ਯੁੱਧ ਵਿਚ ਸ਼ਤਾਨ ਦੀ ਦੁਨੀਆਂ ਦਾ ਨਾਮੋ-ਨਿਸ਼ਾਨ ਮਿਟਾ ਦੇਣਗੀਆਂ। (2 ਰਾਜ. 19:35; ਪਰ. 16:14, 16) ਫਿਰ ਸ਼ਤਾਨ ਤੇ ਉਸ ਦੇ ਦੂਤਾਂ ਨੂੰ ਅਥਾਹ ਕੁੰਡ ਵਿਚ ਹਜ਼ਾਰ ਸਾਲ ਲਈ ਬੰਦ ਕੀਤਾ ਜਾਵੇਗਾ ਤੇ ਅਖ਼ੀਰ ਵਿਚ ਉਨ੍ਹਾਂ ਦਾ ਹਮੇਸ਼ਾ-ਹਮੇਸ਼ਾ ਲਈ ਨਾਸ਼ ਕੀਤਾ ਜਾਵੇਗਾ।​—⁠ਪਰ. 20:1-3.

20. ਆਪਣੇ ਰਾਜ ਦੇ ਜ਼ਰੀਏ ਯਹੋਵਾਹ ਪਰਮੇਸ਼ੁਰ ਕੀ-ਕੀ ਕਰੇਗਾ?

20 ਸਾਰੇ ਜਹਾਨ ਵਿੱਚੋਂ ਦੁਸ਼ਟਤਾ ਦਾ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ। ਯਹੋਵਾਹ ਪਰਮੇਸ਼ੁਰ ਆਪਣੇ ਵਫ਼ਾਦਾਰ ਲੋਕਾਂ ਨੂੰ ਛੁਟਕਾਰਾ ਦਿਲਾ ਕੇ ਉਨ੍ਹਾਂ ਨੂੰ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਬਖ਼ਸ਼ੇਗਾ। (ਜ਼ਬੂ. 145:20) ਪਰਮੇਸ਼ੁਰ ਦੇ ਰਾਜ ਦੇ ਜ਼ਰੀਏ ਉਸ ਦਾ ਰਾਜ ਕਰਨ ਦਾ ਹੱਕ ਸਹੀ ਸਿੱਧ ਕੀਤਾ ਜਾਵੇਗਾ, ਉਸ ਦੇ ਨਾਂ ਤੋਂ ਹਰ ਕਲੰਕ ਮਿਟਾਇਆ ਜਾਵੇਗਾ ਅਤੇ ਧਰਤੀ ਲਈ ਉਸ ਦਾ ਮਕਸਦ ਪੂਰਾ ਕੀਤਾ ਜਾਵੇਗਾ। ਅਸੀਂ ਦੁਆ ਕਰਦੇ ਹਾਂ ਕੀ ਤੁਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਸਮੇਂ ਲੋਕਾਂ ਨੂੰ ਯਕੀਨ ਦਿਲਾ ਸਕੋ ਕਿ ਬਹੁਤ ਜਲਦ ਪਰਮੇਸ਼ੁਰ ਦੇ ਰਾਜ ਦੇ ਜ਼ਰੀਏ ਉਨ੍ਹਾਂ ਨੂੰ ਦੁੱਖਾਂ ਤੋਂ ਛੁਟਕਾਰਾ ਮਿਲੇਗਾ!

ਕੀ ਤੁਹਾਨੂੰ ਯਾਦ ਹੈ?

• ਯਿਸੂ ਨੇ ਪਰਮੇਸ਼ੁਰ ਦੇ ਰਾਜ ਦੀ ਮਹੱਤਤਾ ਉੱਤੇ ਜ਼ੋਰ ਕਿਵੇਂ ਦਿੱਤਾ ਸੀ?

• ਪਹਿਲਾਂ ਨਾਲੋਂ ਹੁਣ ਛੁਟਕਾਰੇ ਦੀ ਜ਼ਿਆਦਾ ਲੋੜ ਕਿਉਂ ਹੈ?

• ਵੱਡੇ ਕਸ਼ਟ ਦੌਰਾਨ ਅਸੀਂ ਕਿਨ੍ਹਾਂ ਗੱਲਾਂ ਦੀ ਉਮੀਦ ਰੱਖ ਸਕਦੇ ਹਾਂ?

• ਯਹੋਵਾਹ ਪਰਮੇਸ਼ੁਰ ਸਾਨੂੰ ਛੁਟਕਾਰਾ ਕਿਵੇਂ ਦਿਲਾਏਗਾ?

[ਸਵਾਲ]

[ਸਫ਼ੇ 12, 13 ਉੱਤੇ ਤਸਵੀਰਾਂ]

ਬਾਈਬਲ ਵਿਚ ਦੱਸਿਆ ਗਿਆ ਹੈ ਕਿ ਸਾਡੇ ਸਮੇਂ ਵਿਚ ਦੁਨੀਆਂ ਭਰ ਵਿਚ ਪ੍ਰਚਾਰ ਦਾ ਕੰਮ ਕੀਤਾ ਜਾਵੇਗਾ

[ਸਫ਼ਾ 15 ਉੱਤੇ ਤਸਵੀਰ]

ਨੂਹ ਤੇ ਉਸ ਦੇ ਪਰਿਵਾਰ ਵਾਂਗ ਯਹੋਵਾਹ ਪਰਮੇਸ਼ੁਰ ਸਾਨੂੰ ਵੀ ਬਚਾਵੇਗਾ

[ਸਫ਼ਾ 16 ਉੱਤੇ ਤਸਵੀਰ]

ਯਹੋਵਾਹ “ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ। ”​—⁠ਪਰ. 21:4