Skip to content

Skip to table of contents

ਸਾਨੂੰ ਦੂਜਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

ਸਾਨੂੰ ਦੂਜਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

ਸਾਨੂੰ ਦੂਜਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

“ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਤਿਹੋ ਜਿਹਾ ਕਰੋ।”​—⁠ਲੂਕਾ 6:⁠31.

1, 2. (ੳ) ਪਹਾੜੀ ਉਪਦੇਸ਼ ਕੀ ਹੈ? (ਅ) ਅਸੀਂ ਇਸ ਲੇਖ ਵਿਚ ਤੇ ਅਗਲੇ ਲੇਖ ਵਿਚ ਕਿਹੜੀਆਂ ਗੱਲਾਂ ਦੀ ਚਰਚਾ ਕਰਾਂਗੇ?

ਯਿਸੂ ਸੱਚ-ਮੁੱਚ ਮਹਾਨ ਸਿੱਖਿਅਕ ਸੀ। ਜਦੋਂ ਯਹੂਦੀ ਧਾਰਮਿਕ ਆਗੂਆਂ ਨੇ ਯਿਸੂ ਨੂੰ ਗਿਰਫ਼ਤਾਰ ਕਰਨ ਲਈ ਸਿਪਾਹੀ ਘੱਲੇ ਸਨ, ਤਾਂ ਉਹ ਖਾਲੀ ਹੱਥ ਮੁੜ ਆਏ ਤੇ ਕਿਹਾ: “ਇਹ ਦੇ ਤੁੱਲ ਕਦੇ ਕਿਸੇ ਮਨੁੱਖ ਨੇ ਬਚਨ ਨਹੀਂ ਕੀਤਾ!” (ਯੂਹੰ. 7:32, 45, 46) ਯਿਸੂ ਨੇ ਕਈ ਪ੍ਰਭਾਵਸ਼ਾਲੀ ਉਪਦੇਸ਼ ਦਿੱਤੇ ਜਿਨ੍ਹਾਂ ਵਿੱਚੋਂ ਇਕ ਸੀ ‘ਪਹਾੜੀ ਉਪਦੇਸ਼।’ ਇਹ ਉਪਦੇਸ਼ ਬਾਈਬਲ ਵਿਚ ਮੱਤੀ ਦੀ ਇੰਜੀਲ ਅਧਿਆਇ 5 ਤੋਂ 7 ਵਿਚ ਦਰਜ ਹੈ ਅਤੇ ਇਸ ਨਾਲ ਮਿਲਦਾ-ਜੁਲਦਾ ਉਪਦੇਸ਼ ਲੂਕਾ 6:​20-49 ਵਿਚ ਦਰਜ ਹੈ। *

2 ਪਹਾੜੀ ਉਪਦੇਸ਼ ਵਿਚ ਯਿਸੂ ਨੇ ਇਕ ਬਹੁਤ ਵਧੀਆ ਗੱਲ ਕਹੀ ਸੀ। ਉਹ ਇਹ ਸੀ ਕਿ ਸਾਨੂੰ ਹੋਰਨਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ। ਯਿਸੂ ਨੇ ਕਿਹਾ: “ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਤਿਹੋ ਜਿਹਾ ਕਰੋ।” (ਲੂਕਾ 6:31) ਯਿਸੂ ਨੇ ਆਪ ਵੀ ਇੱਦਾਂ ਹੀ ਕੀਤਾ ਸੀ! ਮਿਸਾਲ ਲਈ, ਉਸ ਨੇ ਬੀਮਾਰਾਂ ਨੂੰ ਰਾਜ਼ੀ ਕੀਤਾ ਤੇ ਮੁਰਦਿਆਂ ਨੂੰ ਵੀ ਜ਼ਿੰਦਾ ਕੀਤਾ। ਪਰ ਖ਼ਾਸਕਰ ਜ਼ਿਆਦਾ ਫ਼ਾਇਦਾ ਉਨ੍ਹਾਂ ਲੋਕਾਂ ਨੂੰ ਹੋਇਆ ਜਿਨ੍ਹਾਂ ਨੇ ਯਿਸੂ ਤੋਂ ਖ਼ੁਸ਼ ਖ਼ਬਰੀ ਸੁਣ ਕੇ ਇਸ ਨੂੰ ਕਬੂਲ ਕੀਤਾ। (ਲੂਕਾ 7:20-22 ਪੜ੍ਹੋ।) ਅੱਜ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਸੱਚਾਈ ਦਾ ਗਿਆਨ ਦੇ ਕੇ ਸਾਨੂੰ ਵੀ ਬੇਹੱਦ ਖ਼ੁਸ਼ੀ ਹੁੰਦੀ ਹੈ। (ਮੱਤੀ 24:14; 28:19, 20) ਇਸ ਲੇਖ ਵਿਚ ਤੇ ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਯਿਸੂ ਨੇ ਇਸ ਕੰਮ ਬਾਰੇ ਤੇ ਪਹਾੜੀ ਉਪਦੇਸ਼ ਵਿਚ ਦੂਸਰਿਆਂ ਨਾਲ ਪੇਸ਼ ਆਉਣ ਬਾਰੇ ਕੀ ਕਿਹਾ ਸੀ।

ਨਰਮ ਸੁਭਾਅ ਦੇ ਬਣੋ

3. ਹਲੀਮ ਲੋਕਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੁੰਦਾ ਹੈ?

3 ਯਿਸੂ ਨੇ ਕਿਹਾ: “ਧੰਨ ਓਹ ਜਿਹੜੇ ਹਲੀਮ ਹਨ ਕਿਉਂ ਜੋ ਓਹ ਧਰਤੀ ਦੇ ਵਾਰਸ ਹੋਣਗੇ।” (ਮੱਤੀ 5:5) ਬਾਈਬਲ ਦਿਖਾਉਂਦੀ ਹੈ ਕਿ ਹਲੀਮੀ ਕੋਈ ਕਮਜ਼ੋਰੀ ਨਹੀਂ ਹੈ। ਇੱਥੇ ਹਲੀਮ ਲੋਕਾਂ ਦੇ ਨਰਮ ਸੁਭਾਅ ਦੀ ਗੱਲ ਕੀਤੀ ਗਈ ਹੈ। ਹਲੀਮ ਲੋਕ ਪਰਮੇਸ਼ੁਰ ਦੀਆਂ ਮੰਗਾਂ ਅਨੁਸਾਰ ਚੱਲ ਕੇ ਦੂਜਿਆਂ ਨਾਲ ਨਰਮਾਈ ਨਾਲ ਪੇਸ਼ ਆਉਂਦੇ ਹਨ। ਮਿਸਾਲ ਲਈ, ਅਸੀਂ ‘ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਹੀਂ ਕਰਦੇ।’​—⁠ਰੋਮੀ. 12:17-19.

4. ਨਰਮ ਸੁਭਾਅ ਦੇ ਲੋਕ ਧੰਨ ਕਿਉਂ ਹਨ?

4 ਨਰਮ ਸੁਭਾਅ ਦੇ ਲੋਕ ਧੰਨ ਹਨ ਕਿਉਂਕਿ “ਓਹ ਧਰਤੀ ਦੇ ਵਾਰਸ ਹੋਣਗੇ।” “ਕੋਮਲ ਅਤੇ ਮਨ ਦਾ ਗ਼ਰੀਬ” ਹੋਣ ਕਰਕੇ ਯਿਸੂ ‘ਸਭਨਾਂ ਵਸਤਾਂ ਦਾ ਵਾਰਸ ਬਣਿਆ।’ ਉਹ ਧਰਤੀ ਦਾ ਪਹਿਲਾ ਵਾਰਸ ਬਣਿਆ। (ਮੱਤੀ 11:29; ਇਬ. 1:2; ਜ਼ਬੂ. 2:8) ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ ਕਿ ਸਵਰਗ ਵਿਚ “ਮਨੁੱਖ ਦੇ ਪੁੱਤ੍ਰ” ਦੇ ਨਾਲ ਹੋਰ ਰਾਜਿਆਂ ਨੇ ਵੀ ਰਾਜ ਕਰਨਾ ਹੈ। (ਦਾਨੀ. 7:13, 14, 21, 22, 27) ਇਹ 1,44,000 ਮਸਹ ਕੀਤੇ ਗਏ ਮਸੀਹੀ ਨਰਮ ਸੁਭਾਅ ਦੇ ਹਨ ਅਤੇ “ਮਸੀਹ ਦੇ ਨਾਲ ਸਾਂਝੇ ਅਧਕਾਰੀ” ਹੋਣ ਕਰਕੇ ਇਨ੍ਹਾਂ ਨੇ ਵੀ ਧਰਤੀ ਦੇ ਵਾਰਸ ਬਣਨਾ ਹੈ। (ਰੋਮੀ. 8:16, 17; ਪਰ. 14:1) ਨਰਮ ਸੁਭਾਅ ਦੇ ਹੋਰ ਵੀ ਲੋਕ ਹਨ ਜਿਨ੍ਹਾਂ ਨੇ ਇਸ ਰਾਜ ਦੀ ਪਰਜਾ ਬਣ ਕੇ ਧਰਤੀ ’ਤੇ ਹਮੇਸ਼ਾ-ਹਮੇਸ਼ਾ ਲਈ ਜੀਣਾ ਹੈ।​—⁠ਜ਼ਬੂ. 37:11.

5. ਮਸੀਹ ਦੀ ਤਰ੍ਹਾਂ ਨਰਮ ਸੁਭਾਅ ਦੇ ਬਣਨ ਨਾਲ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

5 ਜੇ ਅਸੀਂ ਹੋਰਨਾਂ ਨਾਲ ਬਦਤਮੀਜ਼ੀ ਨਾਲ ਪੇਸ਼ ਆਈਏ, ਤਾਂ ਉਹ ਦੁਖੀ ਹੋ ਕੇ ਸਾਡੇ ਤੋਂ ਦੂਰ-ਦੂਰ ਭੱਜਣਗੇ। ਪਰ ਜੇ ਅਸੀਂ ਮਸੀਹ ਦੀ ਤਰ੍ਹਾਂ ਨਰਮ ਸੁਭਾਅ ਦੇ ਬਣੀਏ, ਤਾਂ ਦੂਜਿਆਂ ਨੂੰ ਸਾਡੇ ਨਾਲ ਗੱਲ ਕਰ ਕੇ ਖ਼ੁਸ਼ੀ ਤੇ ਹੌਸਲਾ ਮਿਲੇਗਾ। ਜੋ ਲੋਕ ਪਰਮੇਸ਼ੁਰ ਦੀ ਸ਼ਕਤੀ ਅਨੁਸਾਰ ਚੱਲਦੇ ਹਨ, ਉਨ੍ਹਾਂ ਵਿਚ ਨਰਮਾਈ ਪੈਦਾ ਹੁੰਦੀ ਹੈ। (ਗਲਾਤੀਆਂ 5:22-25 ਪੜ੍ਹੋ।) ਅਸੀਂ ਵੀ ਸਾਰੇ ਪਰਮੇਸ਼ੁਰ ਦੀ ਅਗਵਾਈ ਵਿਚ ਚੱਲ ਕੇ ਨਰਮ ਸੁਭਾਅ ਦੇ ਬਣਨਾ ਚਾਹਾਂਗੇ।

ਧੰਨ ਹਨ ਦਇਆਵਾਨ!

6. “ਦਯਾਵਾਨ” ਬੰਦੇ ਵਿਚ ਕਿਹੜੇ ਗੁਣ ਹੁੰਦੇ ਹਨ?

6 ਪਹਾੜੀ ਉਪਦੇਸ਼ ਵਿਚ ਯਿਸੂ ਨੇ ਇਹ ਵੀ ਕਿਹਾ ਸੀ: “ਧੰਨ ਓਹ ਜਿਹੜੇ ਦਯਾਵਾਨ ਹਨ ਕਿਉਂ ਜੋ ਉਨ੍ਹਾਂ ਉੱਤੇ ਦਯਾ ਕੀਤੀ ਜਾਵੇਗੀ।” (ਮੱਤੀ 5:7) “ਦਯਾਵਾਨ” ਬੰਦਾ ਦੁਖੀਆਂ ਨਾਲ ਹਮਦਰਦੀ ਰੱਖਦਾ ਹੈ ਤੇ ਉਨ੍ਹਾਂ ’ਤੇ ਤਰਸ ਖਾਂਦਾ ਹੈ। ਯਿਸੂ ਨੇ ਯਹੋਵਾਹ ਦੀ ਸ਼ਕਤੀ ਨਾਲ ਦੁਖੀਆਂ ਦੇ ਦੁੱਖ ਦੂਰ ਕੀਤੇ ਕਿਉਂਕਿ ਉਸ ਨੂੰ ਉਨ੍ਹਾਂ ’ਤੇ “ਤਰਸ” ਆਇਆ ਸੀ। (ਮੱਤੀ 14:14; 20:34) ਯਿਸੂ ਦੀ ਰੀਸ ਕਰ ਕੇ ਅਸੀਂ ਵੀ ਦੂਸਰਿਆਂ ਨਾਲ ਦਇਆ ਨਾਲ ਪੇਸ਼ ਆ ਸਕਦੇ ਹਾਂ।​—⁠ਯਾਕੂ. 2:13.

7. ਯਿਸੂ ਨੇ ਲੋਕਾਂ ’ਤੇ ਤਰਸ ਖਾ ਕੇ ਕੀ ਕੀਤਾ?

7 ਯਿਸੂ ਜਦ ਥੋੜ੍ਹੇ ਚਿਰ ਵਾਸਤੇ ਆਰਾਮ ਕਰਨ ਜਾ ਰਿਹਾ ਸੀ, ਤਾਂ ਰਾਹ ਵਿਚ ਉਸ ਨੂੰ ਲੋਕਾਂ ਦੀ ਭੀੜ ਮਿਲੀ। ਉਸ ਨੇ “ਉਨ੍ਹਾਂ ਤੇ ਤਰਸ ਖਾਧਾ ਇਸ ਲਈ ਜੋ ਓਹ ਉਨ੍ਹਾਂ ਭੇਡਾਂ ਵਾਂਙੁ ਸਨ ਜਿਨ੍ਹਾਂ ਦਾ ਅਯਾਲੀ ਨਾ ਹੋਵੇ।” ਅਤੇ “ਉਹ ਉਨ੍ਹਾਂ ਨੂੰ ਬਹੁਤ ਗੱਲਾਂ ਦਾ ਉਪਦੇਸ਼ ਦੇਣ ਲੱਗਾ।” (ਮਰ. 6:34) ਜਿਸ ਤਰ੍ਹਾਂ ਯਿਸੂ ਨੇ ਹਰ ਮੌਕੇ ’ਤੇ ਖ਼ੁਸ਼ੀ ਨਾਲ ਲੋਕਾਂ ਨੂੰ ਰੱਬ ਦੀ ਮਹਾਨ ਦਇਆ ਬਾਰੇ ਦੱਸਿਆ, ਉਸੇ ਤਰ੍ਹਾਂ ਅਸੀਂ ਵੀ ਖ਼ੁਸ਼ੀ ਨਾਲ ਘਰ-ਘਰ ਜਾ ਕੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਸੁਨੇਹਾ ਦਿੰਦੇ ਹਾਂ।

8. ਦਇਆਵਾਨ ਇਨਸਾਨ ਧੰਨ ਕਿਉਂ ਹਨ?

8 ਦਇਆਵਾਨ ਇਸ ਲਈ ਧੰਨ ਹਨ ਕਿਉਂਕਿ ਉਨ੍ਹਾਂ ਉੱਤੇ “ਦਯਾ ਕੀਤੀ ਜਾਵੇਗੀ।” ਜਦ ਅਸੀਂ ਲੋਕਾਂ ’ਤੇ ਦਇਆ ਕਰਦੇ ਹਾਂ, ਤਾਂ ਉਹ ਸਾਡੇ ’ਤੇ ਵੀ ਦਇਆ ਕਰਦੇ ਹਨ। (ਲੂਕਾ 6:38) ਇਸ ਤੋਂ ਇਲਾਵਾ ਯਿਸੂ ਨੇ ਕਿਹਾ: “ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਕਰ ਦਿਓ ਤਾਂ ਤੁਹਾਡਾ ਸੁਰਗੀ ਪਿਤਾ ਤੁਹਾਨੂੰ ਵੀ ਮਾਫ਼ ਕਰ ਦੇਵੇਗਾ।” (ਮੱਤੀ 6:14) ਸਿਰਫ਼ ਦਇਆਵਾਨ ਬੰਦਾ ਹੀ ਮਨ ਦੀ ਸ਼ਾਂਤੀ ਮਹਿਸੂਸ ਕਰ ਸਕਦਾ ਹੈ ਜੋ ਪਾਪਾਂ ਦੀ ਮਾਫ਼ੀ ਮਿਲਣ ਅਤੇ ਰੱਬੀ ਮਿਹਰ ਪਾਉਣ ਨਾਲ ਮਿਲਦੀ ਹੈ!

ਧੰਨ ਹਨ “ਮੇਲ ਕਰਾਉਣ ਵਾਲੇ”

9. ਜੇ ਅਸੀਂ ਮੇਲ ਕਰਾਉਣ ਵਾਲੇ ਹਾਂ, ਤਾਂ ਅਸੀਂ ਕਿੱਦਾਂ ਪੇਸ਼ ਆਵਾਂਗੇ?

9 ਧੰਨ ਹੋਣ ਦਾ ਇਕ ਹੋਰ ਕਾਰਨ ਦੱਸਦੇ ਹੋਏ ਯਿਸੂ ਨੇ ਕਿਹਾ: “ਧੰਨ ਓਹ ਜਿਹੜੇ ਮੇਲ ਕਰਾਉਣ ਵਾਲੇ ਹਨ ਕਿਉਂ ਜੋ ਓਹ ਪਰਮੇਸ਼ੁਰ ਦੇ ਪੁੱਤ੍ਰ ਕਹਾਉਣਗੇ।” (ਮੱਤੀ 5:9) ਜੇ ਅਸੀਂ ਮੇਲ ਕਰਾਉਣ ਵਾਲੇ ਹਾਂ, ਤਾਂ ਅਸੀਂ ਅਜਿਹੀ ਕਿਸੇ ਵੀ ਗੱਲ ਵਿਚ ਸ਼ਾਮਲ ਨਹੀਂ ਹੋਵਾਂਗੇ ਜੋ ‘ਜਾਨੀ ਮਿੱਤ੍ਰਾਂ ਵਿੱਚ ਫੁੱਟ ਪਾ ਸਕਦੀ ਹੈ,’ ਜਿਵੇਂ ਕਿ ਕਿਸੇ ਨੂੰ ਬਦਨਾਮ ਕਰਨ ਲਈ ਚੁਗ਼ਲੀਆਂ ਕਰਨੀਆਂ। (ਕਹਾ. 16:28) ਅਸੀਂ ਆਪਣੀ ਕਹਿਣੀ ਤੇ ਕਰਨੀ ਦੁਆਰਾ ਕਲੀਸਿਯਾ ਦੇ ਅੰਦਰ ਅਤੇ ਬਾਹਰ ਲੋਕਾਂ ਨਾਲ ਮੇਲ-ਮਿਲਾਪ ਰੱਖਾਂਗੇ। (ਇਬ. 12:14) ਅਤੇ ਖ਼ਾਸਕਰ ਅਸੀਂ ਯਹੋਵਾਹ ਨਾਲ ਵਧੀਆ ਰਿਸ਼ਤਾ ਬਣਾ ਕੇ ਰੱਖਾਂਗੇ।​—⁠1 ਪਤਰਸ 3:10-12 ਪੜ੍ਹੋ।

10. “ਮੇਲ ਕਰਾਉਣ ਵਾਲੇ” ਕਿਉਂ ਧੰਨ ਹਨ?

10 ਯਿਸੂ ਨੇ ਕਿਹਾ ਕਿ “ਮੇਲ ਕਰਾਉਣ ਵਾਲੇ” ਧੰਨ ਹਨ “ਕਿਉਂ ਜੋ ਓਹ ਪਰਮੇਸ਼ੁਰ ਦੇ ਪੁੱਤ੍ਰ ਕਹਾਉਣਗੇ।” ਯਿਸੂ ਨੂੰ ਮਸੀਹਾ ਮੰਨ ਕੇ ਮਸਹ ਕੀਤੇ ਹੋਏ ਮਸੀਹੀ “ਪਰਮੇਸ਼ੁਰ ਦੇ ਪੁੱਤ੍ਰ ਹੋਣ ਦਾ ਹੱਕ” ਪਾਉਂਦੇ ਹਨ। (ਯੂਹੰ. 1:12; 1 ਪਤ. 2:24) ਯਿਸੂ ਦੀਆਂ ‘ਹੋਰ ਭੇਡਾਂ’ ਬਾਰੇ ਕੀ? ਆਪਣੇ ਹਜ਼ਾਰ ਸਾਲ ਦੇ ਰਾਜ ਦੌਰਾਨ ਜਦੋਂ ਯਿਸੂ ਮਸਹ ਕੀਤੇ ਹੋਏ ਮਸੀਹੀਆਂ ਨਾਲ ਰਾਜ ਕਰ ਰਿਹਾ ਹੋਵੇਗਾ, ਉਦੋਂ ਉਹ ‘ਹੋਰ ਭੇਡਾਂ’ ਦਾ “ਅਨੰਤ ਪਿਤਾ” ਬਣੇਗਾ। (ਯੂਹੰ. 10:14, 16; ਯਸਾ. 9:​6, CL; ਪਰ. 20:6) ਇਸ ਹਜ਼ਾਰ ਸਾਲਾਂ ਦੇ ਅੰਤ ’ਤੇ ਧਰਤੀ ਉੱਤੇ ਰਹਿੰਦੇ ਲੋਕ ਪਰਮੇਸ਼ੁਰ ਦੇ ਪਰਿਵਾਰ ਦਾ ਹਿੱਸਾ ਬਣ ਜਾਣਗੇ।​—⁠1 ਕੁਰਿੰ. 15:27, 28.

11. ਅਸੀਂ ਦੂਸਰਿਆਂ ਨਾਲ ਕਿੱਦਾਂ ਪੇਸ਼ ਆਵਾਂਗੇ ਜੇ ਅਸੀਂ ਪਰਮੇਸ਼ੁਰੀ ਬੁੱਧ ਦੀ ਸੇਧ ਵਿਚ ਚੱਲਾਂਗੇ?

11 “ਸ਼ਾਂਤੀ ਦਾਤਾ ਪਰਮੇਸ਼ੁਰ” ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬਣਾਉਣ ਲਈ ਸਾਨੂੰ ਉਸ ਵਾਂਗ ਸ਼ਾਂਤ ਸੁਭਾਅ ਦੇ ਬਣਨ ਦੀ ਲੋੜ ਹੈ। (ਫ਼ਿਲਿ. 4:9) ਪਰਮੇਸ਼ੁਰੀ ਬੁੱਧ ਦੀ ਸੇਧ ਵਿਚ ਚੱਲਣ ਨਾਲ ਅਸੀਂ ਦੂਸਰਿਆਂ ਨਾਲ ਪਿਆਰ ਨਾਲ ਪੇਸ਼ ਆਵਾਂਗੇ। (ਯਾਕੂ. 3:17) ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਨਾਲ ਸਾਨੂੰ ਵੀ ਖ਼ੁਸ਼ੀ ਹੋਵੇਗੀ।

‘ਆਪਣਾ ਚਾਨਣ ਚਮਕਾਓ’

12. (ੳ) ਯਿਸੂ ਨੇ ਪਰਮੇਸ਼ੁਰ ਦੇ ਗਿਆਨ ਦੇ ਚਾਨਣ ਬਾਰੇ ਕੀ ਕਿਹਾ? (ਅ) ਅਸੀਂ ਆਪਣਾ ਚਾਨਣ ਕਿੱਦਾਂ ਚਮਕਾ ਸਕਦੇ ਹਾਂ?

12 ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਉਨ੍ਹਾਂ ਦੀ ਪਰਮੇਸ਼ੁਰ ਦੇ ਗਿਆਨ ਦਾ ਚਾਨਣ ਲੈਣ ਵਿਚ ਮਦਦ ਕਰਨੀ। (ਜ਼ਬੂ. 43:3) ਯਿਸੂ ਨੇ ਆਪਣੇ ਚੇਲਿਆਂ ਨੂੰ ‘ਜਗਤ ਦਾ ਚਾਨਣ’ ਕਿਹਾ ਤੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਜਗਤ ਵਿਚ ਆਪਣਾ ਚਾਨਣ ਚਮਕਾਉਣ ਤਾਂਕਿ ਲੋਕ ਉਨ੍ਹਾਂ ਦੇ “ਸ਼ੁਭ ਕਰਮ” ਵੇਖ ਸਕਣ। ਚੇਲਿਆਂ ਦੁਆਰਾ ਪਰਮੇਸ਼ੁਰ ਦੇ ਗਿਆਨ ਦਾ ਚਾਨਣ ਫੈਲਾਉਣ ਨਾਲ ਲੋਕ ਪਰਮੇਸ਼ੁਰ ਵੱਲ ਖਿੱਚੇ ਚਲੇ ਆਉਣਗੇ। (ਮੱਤੀ 5:14-16 ਪੜ੍ਹੋ।) ਅੱਜ ਅਸੀਂ ਆਪਣਾ ਚਾਨਣ ਚਮਕਾਉਂਦਿਆਂ “ਸਾਰੇ ਸੰਸਾਰ” ਯਾਨੀ “ਸਾਰੀਆਂ ਕੌਮਾਂ” ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ ਅਤੇ ਉਨ੍ਹਾਂ ਵਾਸਤੇ ਭਲੇ ਕੰਮ ਕਰਦੇ ਹਾਂ। (ਮੱਤੀ 26:13; ਮਰ. 13:10) ਇਹ ਸਾਡੇ ਲਈ ਕਿੰਨਾ ਵੱਡਾ ਸਨਮਾਨ ਹੈ, ਹੈ ਨਾ?

13. ਲੋਕਾਂ ਨੂੰ ਸਾਡੇ ਬਾਰੇ ਕੀ ਵਿਖਾਈ ਦਿੰਦਾ ਹੈ?

13 ਯਿਸੂ ਨੇ ਕਿਹਾ: “ਜਿਹੜਾ ਨਗਰ ਪਹਾੜ ਉੱਤੇ ਵੱਸਦਾ ਹੈ ਉਹ ਗੁੱਝਾ ਨਹੀਂ ਰਹਿ ਸੱਕਦਾ।” ਪਹਾੜ ਤੇ ਵੱਸਿਆ ਸ਼ਹਿਰ ਸਾਰਿਆਂ ਨੂੰ ਵਿਖਾਈ ਦਿੰਦਾ ਹੈ। ਇਸੇ ਤਰ੍ਹਾਂ ਲੋਕਾਂ ਨੂੰ ਸਾਡੇ ਚੰਗੇ ਕੰਮ ਵਿਖਾਈ ਦਿੰਦੇ ਹਨ ਤੇ ਉਹ ਇਹ ਵੀ ਦੇਖਦੇ ਹਨ ਕਿ ਸਾਡੇ ਅੰਦਰ ਕਿਹੜੇ ਚੰਗੇ ਗੁਣ ਹਨ।​—⁠ਤੀਤੁ. 2:1-14.

14. (ੳ) ਯਿਸੂ ਦੇ ਜ਼ਮਾਨੇ ਵਿਚ ਦੀਵੇ ਕਿਸ ਤਰ੍ਹਾਂ ਦੇ ਹੁੰਦੇ ਸਨ? (ਅ) ਸਮਝਾਓ ਕਿ ਸਾਨੂੰ ਸੱਚਾਈ ਦਾ ਚਾਨਣ ‘ਟੋਕਰੀ’ ਹੇਠ ਕਿਉਂ ਨਹੀਂ ਲੁਕਾਉਣਾ ਚਾਹੀਦਾ।

14 ਯਿਸੂ ਨੇ ਕਿਹਾ ਸੀ ਕਿ ਦੀਵਾ ਬਾਲ ਕੇ ਉਸ ਨੂੰ ਵੱਡੀ ਸਾਰੀ ਟੋਕਰੀ ਦੇ ਹੇਠ ਨਹੀਂ ਰੱਖਿਆ ਜਾਂਦਾ, ਬਲਕਿ ਦੀਵਟ ਜਾਂ ਸਟੈਂਡ ਉੱਤੇ ਰੱਖਿਆ ਜਾਂਦਾ ਹੈ ਤਾਂਕਿ ਸਾਰੇ ਘਰ ਵਿਚ ਚਾਨਣ ਹੋਵੇ। ਯਿਸੂ ਦੇ ਜ਼ਮਾਨੇ ਵਿਚ ਦੀਵਾ ਆਮ ਤੌਰ ਤੇ ਮਿੱਟੀ ਦਾ ਬਣਿਆ ਹੁੰਦਾ ਸੀ ਤੇ ਉਸ ਵਿਚ ਇਕ ਬੱਤੀ ਰੱਖੀ ਹੁੰਦੀ ਸੀ ਜੋ ਤੇਲ (ਜ਼ੈਤੂਨ ਦਾ ਤੇਲ) ਨੂੰ ਚੂਸ ਕੇ ਦੀਵਾ ਬਲਦਾ ਰੱਖਦੀ ਸੀ। ਦੀਵੇ ਨੂੰ ਅਕਸਰ ਲੱਕੜ ਜਾਂ ਧਾਤ ਦੇ ਬਣੇ ਸਟੈਂਡ ’ਤੇ ਰੱਖਿਆ ਜਾਂਦਾ ਸੀ ਤਾਂਕਿ “ਸੱਭਨਾਂ ਨੂੰ ਜਿਹੜੇ ਘਰ ਵਿੱਚ ਹਨ ਚਾਨਣ” ਮਿਲੇ। ਯਿਸੂ ਇਹ ਨਹੀਂ ਚਾਹੁੰਦਾ ਸੀ ਕਿ ਉਸ ਦੇ ਚੇਲੇ ਆਪਣਾ ਚਾਨਣ ਮਾਨੋ ਇਕ ‘ਵੱਡੀ ਸਾਰੀ ਟੋਕਰੀ’ ਹੇਠ ਲੁਕੋਣ। ਸਬਕ ਇਹ ਹੈ ਕਿ ਸਾਨੂੰ ਆਪਣਾ ਚਾਨਣ ਚਮਕਾਉਣਾ ਚਾਹੀਦਾ ਹੈ ਤੇ ਕਦੇ ਵੀ ਵਿਰੋਧ ਜਾਂ ਸਤਾਹਟਾਂ ਦੇ ਕਾਰਨ ਸੱਚਾਈ ਦੇ ਚਾਨਣ ਨੂੰ ਲੁਕਾਉਣਾ ਜਾਂ ਆਪਣੇ ਹੀ ਕੋਲ ਨਹੀਂ ਰੱਖਣਾ ਚਾਹੀਦਾ।

15. ਸਾਡੇ “ਸ਼ੁਭ ਕਰਮ” ਲੋਕਾਂ ’ਤੇ ਕਿਹੋ ਜਿਹਾ ਅਸਰ ਪਾ ਸਕਦੇ ਹਨ?

15 ਚਾਨਣ ਦੇਣ ਵਾਲੇ ਦੀਵੇ ਦੀ ਗੱਲ ਕਰਨ ਤੋਂ ਬਾਅਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਇਸੇ ਤਰਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਓਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ।” ਸਾਡੇ ‘ਸ਼ੁਭ ਕਰਮਾਂ’ ਕਾਰਨ ਕੁਝ ਪਰਮੇਸ਼ੁਰ ਦੇ ਦਾਸ ਬਣ ਕੇ ਉਸ ਦੀ ਵਡਿਆਈ ਕਰਦੇ ਹਨ। ਇਸੇ ਕਰਕੇ ਆਓ ਆਪਾਂ “ਜਗਤ ਉੱਤੇ ਜੋਤਾਂ” ਵਾਂਗ ਆਪਣਾ ਚਾਨਣ ਚਮਕਾਉਂਦੇ ਰਹੀਏ!​—⁠ਫ਼ਿਲਿ. 2:15.

16. “ਜਗਤ ਦੇ ਚਾਨਣ” ਹੋਣ ਦੇ ਨਾਤੇ ਸਾਨੂੰ ਕੀ ਕਰਨ ਦੀ ਲੋੜ ਹੈ?

16 “ਜਗਤ ਦੇ ਚਾਨਣ” ਹੋਣ ਦੇ ਨਾਤੇ, ਸਾਡੇ ਲਈ ਪ੍ਰਚਾਰ ਕਰਨਾ ਤੇ ਚੇਲੇ ਬਣਾਉਣ ਦਾ ਕੰਮ ਕਰਨਾ ਜ਼ਰੂਰੀ ਹੈ। ਲੇਕਿਨ ਇਕ ਹੋਰ ਗੱਲ ਵੀ ਜ਼ਰੂਰੀ ਹੈ। ਪੌਲੁਸ ਰਸੂਲ ਨੇ ਲਿਖਿਆ: “ਚਾਨਣ ਦੇ ਪੁਤ੍ਰਾਂ ਵਾਂਙੁ ਚੱਲੋ” ਕਿਉਂ ਜੋ “ਚਾਨਣ ਦਾ ਫਲ ਹਰ ਭਾਂਤ ਦੀ ਭਲਿਆਈ ਅਤੇ ਧਰਮ ਅਤੇ ਸਚਿਆਈ ਵਿੱਚ ਹੈ।” (ਅਫ਼. 5:8, 9) ਸਾਡਾ ਚਾਲ-ਚਲਣ ਨੇਕ ਤੇ ਮਿਸਾਲੀ ਹੋਣਾ ਚਾਹੀਦਾ ਹੈ। ਇਸ ਦੇ ਸੰਬੰਧ ਵਿਚ ਪਤਰਸ ਰਸੂਲ ਨੇ ਇਹ ਨਸੀਹਤ ਦਿੱਤੀ: “ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ ਭਈ ਜਿਸ ਗੱਲ ਵਿੱਚ ਓਹ ਤੁਹਾਨੂੰ ਬੁਰਿਆਰ ਜਾਣ ਕੇ ਤੁਹਾਡੇ ਵਿਰੁੱਧ ਬੋਲਦੇ ਹਨ ਓਹ ਤੁਹਾਡੇ ਸ਼ੁਭ ਕਰਮਾਂ ਦੇ ਕਾਰਨ ਜਿਹੜੇ ਵੇਖਦੇ ਹਨ ਓਸ ਦਿਨ ਜਦ ਉਨ੍ਹਾਂ ਉੱਤੇ ਦਯਾ ਦਰਿਸ਼ਟੀ ਹੋਵੇ ਪਰਮੇਸ਼ੁਰ ਦੀ ਵਡਿਆਈ ਕਰਨ।” (1 ਪਤ. 2:12) ਪਰ ਉਦੋਂ ਕੀ ਕੀਤਾ ਜਾ ਸਕਦਾ ਹੈ ਜਦੋਂ ਕਿਸੇ ਭੈਣ-ਭਰਾ ਦੀ ਆਪਸ ਵਿਚ ਅਣਬਣ ਹੋ ਜਾਵੇ?

“ਆਪਣੇ ਭਰਾ ਨਾਲ ਮੇਲ ਕਰ”

17-19. (ੳ) ਮੱਤੀ 5:​23, 24 ਵਿਚ ਜ਼ਿਕਰ ਕੀਤੀ ਗਈ “ਭੇਟ” ਕਿਸ ਕਿਸਮ ਦੀ ਹੁੰਦੀ ਸੀ? (ਅ) ਆਪਣੇ ਭਰਾ ਨਾਲ ਸੁਲ੍ਹਾ ਕਰਨੀ ਕਿਉਂ ਜ਼ਰੂਰੀ ਹੈ ਅਤੇ ਯਿਸੂ ਨੇ ਇਸ ਦੀ ਅਹਿਮੀਅਤ ਨੂੰ ਕਿੱਦਾਂ ਸਮਝਾਇਆ?

17 ਯਿਸੂ ਨੇ ਪਹਾੜੀ ਉਪਦੇਸ਼ ਵਿਚ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੇ ਭਰਾ ਨਾਲ ਵੈਰ ਨਾ ਰੱਖਣ ਤੇ ਨਾ ਹੀ ਉਸ ਬਾਰੇ ਬੁਰਾ-ਭਲਾ ਕਹਿਣ। ਇਸ ਦੀ ਬਜਾਇ ਉਸ ਨੇ ਕਿਹਾ ਕਿ ਉਨ੍ਹਾਂ ਨੂੰ ਫਟਾਫਟ ਆਪਣੇ ਭਰਾ ਨਾਲ ਸੁਲ੍ਹਾ-ਸਫ਼ਾਈ ਕਰਨੀ ਚਾਹੀਦੀ ਸੀ। (ਮੱਤੀ 5:21-25 ਪੜ੍ਹੋ।) ਯਿਸੂ ਦੀ ਸਲਾਹ ਵੱਲ ਜ਼ਰਾ ਧਿਆਨ ਦਿਓ। ਜੇ ਤੁਸੀਂ ਪਰਮੇਸ਼ੁਰ ਅੱਗੇ ਚੜ੍ਹਾਵੇ ਲਈ ਕੋਈ ਭੇਟ ਲਿਆਉਂਦੇ ਤੇ ਤੁਹਾਨੂੰ ਯਾਦ ਆਉਂਦਾ ਕਿ ਤੁਹਾਡਾ ਭਰਾ ਹਾਲੇ ਵੀ ਤੁਹਾਡੇ ਨਾਲ ਗੁੱਸੇ ਹੈ, ਤਾਂ ਤੁਹਾਨੂੰ ਕੀ ਕਰਨ ਦੀ ਲੋੜ ਹੁੰਦੀ? ਤੁਹਾਨੂੰ ਜਗਵੇਦੀ ਕੋਲ ਹੀ ਭੇਟ ਛੱਡ ਕੇ ਆਪਣੇ ਭਰਾ ਕੋਲ ਜਾਣ ਦੀ ਲੋੜ ਹੁੰਦੀ ਤੇ ਸੁਲ੍ਹਾ-ਸਫ਼ਾਈ ਕਰਨ ਮਗਰੋਂ ਤੁਸੀਂ ਮੰਦਰ ਆ ਕੇ ਭੇਟ ਚੜ੍ਹਾ ਸਕਦੇ ਸੀ।

18 ਇਸਰਾਏਲੀ ਯਹੋਵਾਹ ਦੇ ਮੰਦਰ ਵਿਚ ਕਈ ਕਿਸਮ ਦੀਆਂ ਭੇਟਾਂ ਚੜ੍ਹਾਉਂਦੇ ਸਨ। ਉਹ ਜਾਨਵਰਾਂ ਦੀਆਂ ਬਲੀਆਂ ਚੜ੍ਹਾਉਂਦੇ ਸਨ ਜੋ ਬਹੁਤ ਮਹੱਤਵਪੂਰਣ ਹੁੰਦੀਆਂ ਸਨ ਕਿਉਂਕਿ ਪਰਮੇਸ਼ੁਰ ਨੇ ਹੀ ਬਲੀਆਂ ਚੜ੍ਹਾਉਣ ਦਾ ਹੁਕਮ ਦਿੱਤਾ ਸੀ। ਲੇਕਿਨ ਜੇ ਬਲੀ ਚੜ੍ਹਾਉਣ ਵੇਲੇ ਤੁਹਾਨੂੰ ਯਾਦ ਆਉਂਦਾ ਕਿ ਤੁਹਾਡਾ ਭਾਈ ਤੁਹਾਡੇ ਨਾਲ ਨਾਰਾਜ਼ ਸੀ, ਤਾਂ ਬਲੀਦਾਨ ਚੜ੍ਹਾਉਣ ਨਾਲੋਂ ਸੁਲ੍ਹਾ ਕਰਨੀ ਜ਼ਿਆਦਾ ਜ਼ਰੂਰੀ ਸੀ। ਯਿਸੂ ਨੇ ਕਿਹਾ: “ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾਹ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ। ਪਿੱਛੋਂ ਆਣ ਕੇ ਆਪਣੀ ਭੇਟ ਚੜ੍ਹਾ।” ਸੁਲ੍ਹਾ ਕਰਨੀ ਬਿਵਸਥਾ ਵਿਚ ਲਿਖੀ ਕਾਨੂੰਨੀ ਮੰਗ ਪੂਰੀ ਕਰਨ ਨਾਲੋਂ ਜ਼ਿਆਦਾ ਜ਼ਰੂਰੀ ਸੀ।

19 ਯਿਸੂ ਦੀ ਸਲਾਹ ਕੁਝ ਖ਼ਾਸ ਭੇਟਾਂ ਜਾਂ ਕੁਝ ਖ਼ਾਸ ਗ਼ਲਤੀਆਂ ’ਤੇ ਹੀ ਨਹੀਂ ਲਾਗੂ ਹੁੰਦੀ। ਯਿਸੂ ਨੇ ਕਿਹਾ ਕਿ ਜੇ ਕਿਸੇ ਵੀ ਬੰਦੇ ਨੂੰ ਯਾਦ ਆਉਂਦਾ ਕਿ ਉਸ ਦਾ ਭਰਾ ਉਸ ਨਾਲ ਨਾਰਾਜ਼ ਸੀ, ਤਾਂ ਉਸ ਨੇ ਚੜ੍ਹਾਵਾ ਨਹੀਂ ਚੜ੍ਹਾਉਣਾ ਸੀ। ਜੇ ਜਾਨਵਰ ਦੀ ਬਲੀ ਚੜ੍ਹਾਉਣੀ ਹੁੰਦੀ, ਤਾਂ ਉਹ “ਜਗਵੇਦੀ ਦੇ ਸਾਹਮਣੇ” ਜਾਨਵਰ ਨੂੰ ਛੱਡ ਜਾਂਦਾ ਤੇ ਤਦ ਤਕ ਬਲੀ ਨਹੀਂ ਚੜ੍ਹਾਉਂਦਾ ਜਦ ਤਕ ਸੁਲ੍ਹਾ ਨਹੀਂ ਹੋ ਜਾਂਦੀ।

20. ਜੇ ਅਸੀਂ ਕਿਸੇ ਭਰਾ ਨਾਲ ਨਾਰਾਜ਼ ਹਾਂ, ਤਾਂ ਸਾਨੂੰ ਜਲਦੀ ਤੋਂ ਜਲਦੀ ਸੁਲ੍ਹਾ ਕਿਉਂ ਕਰਨੀ ਚਾਹੀਦੀ ਹੈ?

20 ਯਹੋਵਾਹ ਚਾਹੁੰਦਾ ਹੈ ਕਿ ਉਸ ਦੀ ਭਗਤੀ ਕਰਨ ਵਾਲੇ ਲੋਕਾਂ ਦਾ ਆਪਸ ਵਿਚ ਚੰਗਾ ਰਿਸ਼ਤਾ ਹੋਵੇ। ਉਸ ਦੀਆਂ ਨਜ਼ਰਾਂ ਵਿਚ ਉਸ ਬੰਦੇ ਦੁਆਰਾ ਚੜ੍ਹਾਈਆਂ ਜਾਨਵਰਾਂ ਦੀਆਂ ਬਲੀਆਂ ਵਿਅਰਥ ਸਨ ਜੋ ਆਪਣੇ ਭਰਾਵਾਂ ਨਾਲ ਚੰਗੀ ਤਰ੍ਹਾਂ ਪੇਸ਼ ਨਹੀਂ ਆਉਂਦਾ ਸੀ। (ਮੀਕਾ. 6:6-8) ਇਸੇ ਕਰਕੇ ਯਿਸੂ ਨੇ ਆਪਣੇ ਚੇਲਿਆਂ ਨੂੰ ‘ਛੇਤੀ ਨਾਲ ਮਿਲਾਪ ਕਰਨ’ ਦੀ ਨਸੀਹਤ ਦਿੱਤੀ। (ਮੱਤੀ 5:25) ਪੌਲੁਸ ਨੇ ਇਸ ਸੰਬੰਧ ਵਿਚ ਲਿਖਿਆ: “ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ। ਅਤੇ ਨਾ ਸ਼ਤਾਨ ਨੂੰ ਥਾਂ ਦਿਓ!” (ਅਫ਼. 4:26, 27) ਜੇ ਸਾਡਾ ਗੁੱਸਾ ਜਾਇਜ਼ ਹੈ, ਤਾਂ ਵੀ ਸਾਨੂੰ ਛੇਤੀ ਨਾਲ ਮਸਲੇ ਨੂੰ ਸੁਲਝਾ ਲੈਣਾ ਚਾਹੀਦਾ ਹੈ ਤਾਂਕਿ ਸਾਡੇ ਮਨ ਵਿਚ ਕੋਈ ਗਿਲਾ ਨਾ ਰਹੇ। ਨਹੀਂ ਤਾਂ ਸ਼ਤਾਨ ਸਾਡੇ ਗੁੱਸੇ ਦਾ ਫ਼ਾਇਦਾ ਉਠਾ ਲਵੇਗਾ।​—⁠ਲੂਕਾ 17:​3, 4.

ਦੂਜਿਆਂ ਨਾਲ ਹਮੇਸ਼ਾ ਆਦਰ ਨਾਲ ਪੇਸ਼ ਆਓ

21, 22. (ੳ) ਅਸੀਂ ਯਿਸੂ ਦੀ ਸਲਾਹ ਨੂੰ ਕਿੱਦਾਂ ਲਾਗੂ ਕਰ ਸਕਦੇ ਹਾਂ? (ਅ) ਅਗਲੇ ਲੇਖ ਵਿਚ ਕਿਨ੍ਹਾਂ ਗੱਲਾਂ ’ਤੇ ਚਰਚਾ ਕੀਤੀ ਜਾਵੇਗੀ?

21 ਪਹਾੜੀ ਉਪਦੇਸ਼ ਵਿਚ ਯਿਸੂ ਦੁਆਰਾ ਕਹੀਆਂ ਗੱਲਾਂ ’ਤੇ ਚੱਲਣ ਨਾਲ ਅਸੀਂ ਦੂਜਿਆਂ ਨਾਲ ਪਿਆਰ ਤੇ ਆਦਰ ਨਾਲ ਪੇਸ਼ ਆਵਾਂਗੇ। ਭਾਵੇਂ ਅਸੀਂ ਨਾਮੁਕੰਮਲ ਹਾਂ, ਪਰ ਅਸੀਂ ਯਿਸੂ ਦੀ ਸਲਾਹ ’ਤੇ ਚੱਲ ਸਕਦੇ ਹਾਂ ਕਿਉਂਕਿ ਉਹ ਸਾਨੂੰ ਉਹੀ ਕੁਝ ਕਰਨ ਨੂੰ ਕਹਿੰਦਾ ਹੈ ਜੋ ਅਸੀਂ ਕਰ ਸਕਦੇ ਹਾਂ। ਸਾਡਾ ਸਵਰਗੀ ਪਿਤਾ ਯਹੋਵਾਹ ਵੀ ਸਾਡੇ ਤੋਂ ਕੁਝ ਜ਼ਿਆਦਾ ਕਰਨ ਦੀ ਮੰਗ ਨਹੀਂ ਕਰਦਾ। ਨਰਮ ਸੁਭਾਅ ਦੇ, ਦਇਆਵਾਨ ਤੇ ਮੇਲ ਕਰਾਉਣ ਵਾਲੇ ਇਨਸਾਨ ਬਣਨ ਲਈ ਪ੍ਰਾਰਥਨਾ ਕਰਨੀ, ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨੀ ਤੇ ਯਹੋਵਾਹ ਦੀ ਬਰਕਤ ਹੋਣੀ ਜ਼ਰੂਰੀ ਹੈ। ਅਸੀਂ ਸੱਚਾਈ ਦਾ ਚਾਨਣ ਫੈਲਾ ਕੇ ਯਹੋਵਾਹ ਦੀ ਮਹਿਮਾ ਕਰ ਸਕਦੇ ਹਾਂ। ਇਸ ਤੋਂ ਇਲਾਵਾ, ਅਸੀਂ ਗੁੱਸਾ ਥੁੱਕ ਕੇ ਆਪਣੇ ਭੈਣਾਂ-ਭਰਾਵਾਂ ਨਾਲ ਸੁਲ੍ਹਾ ਕਰ ਸਕਦੇ ਹਾਂ।

22 ਦੂਜਿਆਂ ਨਾਲ ਹਮੇਸ਼ਾ ਆਦਰ ਨਾਲ ਪੇਸ਼ ਆ ਕੇ ਅਸੀਂ ਯਹੋਵਾਹ ਨੂੰ ਖ਼ੁਸ਼ ਕਰਦੇ ਹਾਂ। (ਮਰ. 12:31) ਅਗਲੇ ਲੇਖ ਵਿਚ ਅਸੀਂ ਪਹਾੜੀ ਉਪਦੇਸ਼ ਵਿਚ ਦਰਜ ਹੋਰ ਗੱਲਾਂ ’ਤੇ ਧਿਆਨ ਦੇਵਾਂਗੇ ਜੋ ਦੂਸਰਿਆਂ ਵਾਸਤੇ ਚੰਗੇ ਕੰਮ ਕਰਨ ਵਿਚ ਸਾਡੀ ਮਦਦ ਕਰ ਸਕਦੀਆਂ ਹਨ। ਸੋ ਯਿਸੂ ਦੇ ਸ਼ਾਨਦਾਰ ਉਪਦੇਸ਼ ਵਿਚ ਜ਼ਿਕਰ ਕੀਤੀਆਂ ਗੱਲਾਂ ’ਤੇ ਧਿਆਨ ਦੇਣ ਤੋਂ ਬਾਅਦ ਅਸੀਂ ਖ਼ੁਦ ਨੂੰ ਇਹ ਸਵਾਲ ਪੁੱਛ ਸਕਦੇ ਹਾਂ ਕਿ ‘ਮੈਂ ਕਿੱਦਾਂ ਦੂਸਰਿਆਂ ਨਾਲ ਪੇਸ਼ ਆਉਂਦਾ ਹਾਂ?’

[ਫੁਟਨੋਟ]

^ ਪੈਰਾ 1 ਇਸ ਲੇਖ ਦੀ ਤੇ ਅਗਲੇ ਲੇਖ ਦੀ ਤਿਆਰੀ ਕਰਨ ਤੋਂ ਪਹਿਲਾਂ, ਚੰਗਾ ਹੋਵੇਗਾ ਜੇ ਤੁਸੀਂ ਉੱਪਰ ਜ਼ਿਕਰ ਕੀਤੇ ਗਏ ਹਵਾਲਿਆਂ ਨੂੰ ਪੜ੍ਹ ਲਵੋ।

ਤੁਸੀਂ ਕੀ ਜਵਾਬ ਦਿਓਗੇ?

• ਨਰਮ ਸੁਭਾਅ ਦੇ ਬਣਨ ਦਾ ਕੀ ਮਤਲਬ ਹੈ?

• “ਦਯਾਵਾਨ” ਕਿਉਂ ਧੰਨ ਹਨ?

• ਅਸੀਂ ਆਪਣਾ ਚਾਨਣ ਕਿੱਦਾਂ ਚਮਕਾ ਸਕਦੇ ਹਾਂ?

• ਸਾਨੂੰ ਕਿਉਂ ਛੇਤੀ ਨਾਲ ਆਪਣੇ ਭਰਾਵਾਂ ਨਾਲ ‘ਮਿਲਾਪ ਕਰਨਾ’ ਚਾਹੀਦਾ ਹੈ?

[ਸਵਾਲ]

[ਸਫ਼ਾ 4 ਉੱਤੇ ਤਸਵੀਰ]

ਚਾਨਣ ਚਮਕਾਉਣ ਦਾ ਇਕ ਅਹਿਮ ਤਰੀਕਾ ਹੈ ਖ਼ੁਸ਼ ਖ਼ਬਰੀ ਸੁਣਾਉਣੀ

[ਸਫ਼ਾ 5 ਉੱਤੇ ਤਸਵੀਰ]

ਮਸੀਹੀਆਂ ਦਾ ਚਾਲ-ਚਲਣ ਨੇਕ ਤੇ ਮਿਸਾਲੀ ਹੋਣਾ ਚਾਹੀਦਾ ਹੈ

[ਸਫ਼ਾ 6 ਉੱਤੇ ਤਸਵੀਰ]

ਆਪਣੇ ਭਰਾ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ