Skip to content

Skip to table of contents

“ਆਪਣਾ ਪਹਿਲਾ ਪ੍ਰੇਮ” ਨਾ ਛੱਡੋ

“ਆਪਣਾ ਪਹਿਲਾ ਪ੍ਰੇਮ” ਨਾ ਛੱਡੋ

“ਆਪਣਾ ਪਹਿਲਾ ਪ੍ਰੇਮ” ਨਾ ਛੱਡੋ

“ਜੋ ਕੁਝ ਤੇਰੇ ਕੋਲ ਹੈ ਸੋ ਤਕੜਾਈ ਨਾਲ ਫੜੀ ਰੱਖ।”​—⁠ਪਰ. 3:11.

1, 2. ਜਦ ਤੁਹਾਨੂੰ ਯਕੀਨ ਹੋ ਗਿਆ ਸੀ ਕਿ ਜੋ ਤੁਸੀਂ ਯਹੋਵਾਹ ਬਾਰੇ ਸਿੱਖ ਰਹੇ ਹੋ ਉਹ ਵਾਕਈ ਸੱਚ ਹੈ, ਤਾਂ ਤੁਸੀਂ ਕਿਵੇਂ ਮਹਿਸੂਸ ਕੀਤਾ ਸੀ?

ਕੀ ਤੁਹਾਨੂੰ ਉਹ ਸਮਾਂ ਯਾਦ ਹੈ ਜਦ ਤੁਸੀਂ ਪਹਿਲਾਂ-ਪਹਿਲ ਸਿੱਖਿਆ ਸੀ ਕਿ ਯਹੋਵਾਹ ਵਫ਼ਾਦਾਰ ਇਨਸਾਨਾਂ ਨੂੰ ਭਵਿੱਖ ਵਿਚ ਕਿਹੜੀਆਂ ਬਰਕਤਾਂ ਦੇਵੇਗਾ? ਸੱਚਾਈ ਵਿਚ ਆਉਣ ਤੋਂ ਪਹਿਲਾਂ ਸ਼ਾਇਦ ਤੁਹਾਨੂੰ ਕੁਝ ਗੱਲਾਂ ਦੀ ਪੂਰੀ ਸਮਝ ਨਹੀਂ ਸੀ। ਪਰ ਜਦ ਕਿਸੇ ਨੇ ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਅਤੇ ਪਰਮੇਸ਼ੁਰ ਦੇ ਮਕਸਦ ਬਾਰੇ ਬਾਈਬਲ ਤੋਂ ਸਮਝਾਇਆ, ਤਾਂ ਤੁਸੀਂ ਕਿਵੇਂ ਮਹਿਸੂਸ ਕੀਤਾ ਸੀ? ਸ਼ਾਇਦ ਤੁਹਾਨੂੰ ਅਹਿਸਾਸ ਹੋਇਆ ਕਿ ਤੁਸੀਂ ਪਹਿਲਾਂ ਕੁਰਾਹੇ ਪਏ ਸੀ ਅਤੇ ਭਟਕਦੇ ਫਿਰ ਰਹੇ ਸੀ। ਪਰ ਫਿਰ ਸੱਚਾਈ ਵਿਚ ਆ ਕੇ ਯਕੀਨਨ ਤੁਸੀਂ ਬਹੁਤ ਖ਼ੁਸ਼ ਹੋਏ ਹੋਣੇ! ਸ਼ਾਇਦ ਤੁਸੀਂ ਬਚਪਨ ਤੋਂ ਹੀ ਸੱਚਾਈ ਸਿੱਖੀ ਹੋਵੇ। ਕੀ ਤੁਹਾਨੂੰ ਉਹ ਸਮਾਂ ਯਾਦ ਹੈ ਜਦ ਤੁਹਾਨੂੰ ਖ਼ੁਦ ਯਕੀਨ ਹੋਇਆ ਸੀ ਕਿ ਜੋ ਤੁਸੀਂ ਯਹੋਵਾਹ ਬਾਰੇ ਸਿੱਖ ਰਹੇ ਹੋ ਉਹ ਵਾਕਈ ਸੱਚ ਹੈ ਤੇ ਤੁਸੀਂ ਇਸ ਰਾਹ ਤੇ ਚੱਲਣ ਦਾ ਫ਼ੈਸਲਾ ਕੀਤਾ ਸੀ?​—⁠ਰੋਮੀ. 12:2.

2 ਇਸ ਵਿਚ ਕੋਈ ਸ਼ੱਕ ਨਹੀਂ ਕਿ ਕਲੀਸਿਯਾ ਵਿਚ ਕਈ ਭੈਣ-ਭਰਾ ਤੁਹਾਨੂੰ ਦੱਸਣਗੇ ਕਿ ਉਹ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਨ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਆਪਣੀ ਕਲੀਸਿਯਾ ਵਿਚ ਖਿੱਚਿਆ ਹੈ। (ਯੂਹੰ. 6:44) ਯਹੋਵਾਹ ਬਾਰੇ ਸਿੱਖ ਕੇ ਉਹ ਇੰਨੇ ਖ਼ੁਸ਼ ਸਨ ਕਿ ਉਹ ਦਿਲੋ-ਜਾਨ ਨਾਲ ਯਹੋਵਾਹ ਦੀ ਸੇਵਾ ਕਰਨ ਲੱਗੇ। ਉਹ ਹਰ ਕਿਸੇ ਨੂੰ ਯਹੋਵਾਹ ਬਾਰੇ ਸਿਖਾਉਣਾ ਚਾਹੁੰਦੇ ਸਨ। ਜਦ ਤੁਸੀਂ ਪਹਿਲਾਂ-ਪਹਿਲ ਸੱਚਾਈ ਸਿੱਖੀ ਸੀ, ਤਾਂ ਕੀ ਤੁਸੀਂ ਵੀ ਇਨ੍ਹਾਂ ਭੈਣਾਂ-ਭਰਾਵਾਂ ਵਾਂਗ ਮਹਿਸੂਸ ਕਰਦੇ ਸੀ?

3. ਅਫ਼ਸੁਸ ਦੀ ਕਲੀਸਿਯਾ ਨਾਲ ਯਿਸੂ ਨੂੰ ਕੀ ਗਿਲਾ ਸੀ?

3 ਪਹਿਲੀ ਸਦੀ ਵਿਚ ਅਫ਼ਸੁਸ ਦੀ ਕਲੀਸਿਯਾ ਨਾਲ ਯਿਸੂ ਨੇ ਉਨ੍ਹਾਂ ਦੇ ‘ਪਹਿਲੇ ਪ੍ਰੇਮ’ ਬਾਰੇ ਗੱਲ ਕੀਤੀ ਸੀ। ਅਫ਼ਸੁਸ ਦੇ ਭੈਣ-ਭਰਾਵਾਂ ਵਿਚ ਕਈ ਚੰਗੇ ਗੁਣ ਤਾਂ ਸਨ ਪਰ ਯਹੋਵਾਹ ਲਈ ਉਨ੍ਹਾਂ ਦਾ ਪਿਆਰ ਠੰਢਾ ਪੈ ਚੁੱਕਾ ਸੀ। ਯਿਸੂ ਨੇ ਉਨ੍ਹਾਂ ਨੂੰ ਕਿਹਾ: ‘ਮੈਂ ਤੁਹਾਡੇ ਕੰਮਾਂ ਨੂੰ ਅਤੇ ਤੁਹਾਡੀ ਮਿਹਨਤ ਅਤੇ ਸਬਰ ਨੂੰ ਜਾਣਦਾ ਹਾਂ, ਨਾਲੇ ਇਹ ਜੋ ਬੁਰਿਆਰਾਂ ਦਾ ਤੁਹਾਥੋਂ ਸਹਾਰਾ ਨਹੀਂ ਹੁੰਦਾ ਅਤੇ ਜਿਹੜੇ ਆਪਣੇ ਆਪ ਨੂੰ ਰਸੂਲ ਦੱਸਦੇ ਹਨ ਪਰ ਨਹੀਂ ਹਨ ਤੁਸੀਂ ਓਹਨਾਂ ਨੂੰ ਪਰਤਾ ਕੇ ਝੂਠਾ ਵੇਖਿਆ ਅਤੇ ਤੁਸੀਂ ਧੀਰਜ ਰੱਖਦੇ ਹੋ ਅਤੇ ਮੇਰੇ ਨਾਮ ਦੇ ਨਮਿੱਤ ਤੁਸੀਂ ਸਹਾਰਾ ਕੀਤਾ ਅਤੇ ਨਹੀਂ ਥੱਕੇ। ਪਰ ਤਾਂ ਵੀ ਤੁਹਾਡੇ ਉੱਤੇ ਮੈਨੂੰ ਇਹ ਗਿਲਾ ਹੈ ਭਈ ਤੁਸੀਂ ਆਪਣਾ ਪਹਿਲਾ ਪ੍ਰੇਮ ਛੱਡ ਬੈਠੇ ਹੋ।’​—⁠ਪਰ. 2:2-4.

4. ਅਫ਼ਸੁਸ ਦੀ ਕਲੀਸਿਯਾ ਨੂੰ ਦਿੱਤੀ ਯਿਸੂ ਦੀ ਸਲਾਹ ਵੱਲ ਸਾਨੂੰ ਧਿਆਨ ਕਿਉਂ ਦੇਣਾ ਚਾਹੀਦਾ ਹੈ?

4 1914 ਤੋਂ ਬਾਅਦ ਕੁਝ ਸਮੇਂ ਲਈ ਮਸਹ ਕੀਤੇ ਹੋਏ ਭਰਾਵਾਂ ਦਾ ਪਿਆਰ ਵੀ ਠੰਢਾ ਪੈ ਗਿਆ ਸੀ। (ਪਰ. 1:10) ਇਸ ਲਈ ਪਰਕਾਸ਼ ਦੀ ਪੋਥੀ ਵਿਚ ਜਿਹੜੀ ਸਲਾਹ ਯਿਸੂ ਨੇ ਅਫ਼ਸੁਸ ਅਤੇ ਹੋਰਨਾਂ ਕਲੀਸਿਯਾਵਾਂ ਨੂੰ ਦਿੱਤੀ ਸੀ ਉਹ ਉਨ੍ਹਾਂ ਉੱਤੇ ਵੀ ਲਾਗੂ ਹੋਈ। ਇਹ ਸਲਾਹ ਅੱਜ ਵੀ ਕੁਝ ਭੈਣਾਂ-ਭਰਾਵਾਂ ਤੇ ਲਾਗੂ ਹੁੰਦੀ ਹੈ ਕਿਉਂਕਿ ਉਹ ਯਹੋਵਾਹ ਤੇ ਉਸ ਦੀਆਂ ਸਿੱਖਿਆਵਾਂ ਲਈ “ਆਪਣਾ ਪਹਿਲਾ ਪ੍ਰੇਮ” ਭੁੱਲ ਚੁੱਕੇ ਹਨ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਆਪਾਂ ਇਸ ਲੇਖ ਵਿਚ ਦੇਖਾਂਗੇ ਕਿ ਅਸੀਂ ਆਪਣੇ ਤਜਰਬਿਆਂ ਤੇ ਸੋਚ-ਵਿਚਾਰ ਕਰ ਕੇ ਪਰਮੇਸ਼ੁਰ ਲਈ ਆਪਣਾ ਪਹਿਲਾ ਪਿਆਰ ਅਤੇ ਉਸ ਦੀ ਸੇਵਾ ਲਈ ਆਪਣਾ ਜੋਸ਼ ਬਰਕਰਾਰ ਕਿਵੇਂ ਰੱਖ ਸਕਦੇ ਹਾਂ।

ਤੁਸੀਂ ਸੱਚਾਈ ਕਿਉਂ ਕਬੂਲ ਕੀਤੀ?

5, 6. (ੳ) ਬਪਤਿਸਮਾ ਲੈਣ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਕੀ ਸਿਆਣਨ ਦੀ ਲੋੜ ਹੈ? (ਅ) ਤੁਹਾਨੂੰ ਕਿਵੇਂ ਯਕੀਨ ਹੋਇਆ ਸੀ ਕਿ ਜੋ ਤੁਸੀਂ ਬਾਈਬਲ ਤੋਂ ਸਿੱਖਿਆ ਉਹ ਸੱਚ ਹੈ? (ੲ) ਤੁਸੀਂ ਪਰਮੇਸ਼ੁਰ ਲਈ ਆਪਣੇ ਪਹਿਲੇ ਪਿਆਰ ਨੂੰ ਕਿਵੇਂ ਜਗਾ ਸਕਦੇ ਹੋ?

5 ਯਹੋਵਾਹ ਦੇ ਹਰ ਗਵਾਹ ਨੂੰ ਬਪਤਿਸਮਾ ਲੈਣ ਤੋਂ ਪਹਿਲਾਂ ਇਹ ਗੱਲ ‘ਸਿਆਣਨ’ ਦੀ ਲੋੜ ਹੈ ਕਿ “ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।” (ਰੋਮੀ. 12:1, 2) ਉਹ ਬਾਈਬਲ ਵਿੱਚੋਂ ਪਰਮੇਸ਼ੁਰ ਦੀ ਇੱਛਾ ਬਾਰੇ ਜਾਣ ਸਕਦੇ ਹਨ। ਜਦ ਤੁਸੀਂ ਸੱਚਾਈ ਸਿੱਖੀ ਸੀ, ਤਾਂ ਤੁਹਾਨੂੰ ਕਿਹੜੀ ਗੱਲ ਤੋਂ ਯਕੀਨ ਹੋਇਆ ਸੀ ਕਿ ਇਹੀ ਸੱਚਾਈ ਹੈ? ਹਰ ਕਿਸੇ ਦਾ ਵੱਖੋ-ਵੱਖਰਾ ਕਾਰਨ ਹੋ ਸਕਦਾ ਹੈ। ਸ਼ਾਇਦ ਕਿਸੇ ਦੇ ਦਿਲ ਵਿਚ ਪਰਮੇਸ਼ੁਰ ਲਈ ਪਿਆਰ ਉਦੋਂ ਜਾਗਿਆ ਜਦੋਂ ਉਸ ਨੇ ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਪੜ੍ਹਿਆ ਜਾਂ ਮੁਰਦਿਆਂ ਦੀ ਹਾਲਤ ਜਾਣੀ। (ਜ਼ਬੂ. 83:18; ਉਪ. 9:5, 10) ਕਈ ਯਹੋਵਾਹ ਦੇ ਗਵਾਹਾਂ ਦਾ ਆਪਸੀ ਪਿਆਰ ਦੇਖ ਕੇ ਪ੍ਰਭਾਵਿਤ ਹੋਏ ਸਨ। (ਯੂਹੰ. 13:34, 35) ਕਈਆਂ ਨੂੰ ਇਸ ਗੱਲ ਨੇ ਮੋਹਿਤ ਕੀਤਾ ਕਿ ਯਹੋਵਾਹ ਦੇ ਗਵਾਹ ਆਪਣੇ ਆਪ ਨੂੰ ਦੁਨੀਆਂ ਤੋਂ ਵੱਖ ਰੱਖਦੇ ਹਨ ਅਤੇ ਸਿਆਸੀ ਮਾਮਲਿਆਂ ਅਤੇ ਲੜਾਈਆਂ ਵਿਚ ਕੋਈ ਹਿੱਸਾ ਨਹੀਂ ਲੈਂਦੇ।​—⁠ਯਸਾ. 2:4; ਯੂਹੰ. 6:15; 17:14-16.

6 ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਹੋ ਸਕਦੀਆਂ ਹਨ ਜਿਨ੍ਹਾਂ ਕਾਰਨ ਕਿਸੇ ਦੇ ਦਿਲ ਵਿਚ ਯਹੋਵਾਹ ਪਰਮੇਸ਼ੁਰ ਲਈ ਪਿਆਰ ਜਾਗਿਆ ਹੋਵੇ। ਪਰ ਤੁਸੀਂ ਉਸ ਸਮੇਂ ਨੂੰ ਚੇਤੇ ਕਰੋ ਜਦੋਂ ਤੁਹਾਨੂੰ ਪੂਰਾ ਯਕੀਨ ਹੋਇਆ ਸੀ ਕਿ ਇਹੀ ਸੱਚਾਈ ਹੈ। ਕੋਈ ਦੋ ਇਨਸਾਨ ਇੱਕੋ ਜਿਹੇ ਨਹੀਂ ਹੁੰਦੇ, ਉਨ੍ਹਾਂ ਦੇ ਹਾਲਾਤ ਅਤੇ ਤਜਰਬੇ ਵੱਖੋ-ਵੱਖਰੇ ਹੁੰਦੇ ਹਨ। ਇਸੇ ਲਈ ਅਸੀਂ ਸਾਰੇ ਵੱਖੋ-ਵੱਖਰੇ ਕਾਰਨਾਂ ਕਰਕੇ ਯਹੋਵਾਹ ਨੂੰ ਪਿਆਰ ਅਤੇ ਉਸ ਦੇ ਵਾਅਦਿਆਂ ’ਤੇ ਭਰੋਸਾ ਕਰਨ ਲੱਗਦੇ ਹਾਂ। ਜੋ ਤੁਸੀਂ ਪਹਿਲਾਂ ਸਿੱਖਿਆ ਸੀ, ਉਹ ਸੱਚਾਈ ਹਾਲੇ ਵੀ ਸੱਚਾਈ ਹੈ। ਸੱਚਾਈ ਕਦੇ ਬਦਲਦੀ ਨਹੀਂ। ਜਿਨ੍ਹਾਂ ਸਿੱਖਿਆਵਾਂ ਕਰਕੇ ਤੁਸੀਂ ਸੱਚਾਈ ਵਿਚ ਆਏ ਸੀ, ਉਨ੍ਹਾਂ ਤੇ ਸੋਚ-ਵਿਚਾਰ ਕਰਨ ਨਾਲ ਪਰਮੇਸ਼ੁਰ ਲਈ ਤੁਹਾਡਾ ਪਹਿਲਾ ਪਿਆਰ ਫਿਰ ਤੋਂ ਜਾਗ ਉੱਠੇਗਾ।​—⁠ਜ਼ਬੂਰਾਂ ਦੀ ਪੋਥੀ 119:151, 152; 143:5 ਪੜ੍ਹੋ।

ਆਪਣੇ ਪਹਿਲੇ ਪਿਆਰ ਨੂੰ ਬਰਕਰਾਰ ਰੱਖੋ

7. ਸਾਨੂੰ ਪਰਮੇਸ਼ੁਰ ਲਈ ਆਪਣੇ ਪਹਿਲੇ ਪਿਆਰ ਨੂੰ ਹੋਰ ਮਜ਼ਬੂਤ ਕਰਨ ਦੀ ਕਿਉਂ ਲੋੜ ਹੈ ਅਤੇ ਅਸੀਂ ਇਹ ਕਿਵੇਂ ਕਰ ਸਕਦੇ ਹਾਂ?

7 ਸ਼ਾਇਦ ਤੁਹਾਨੂੰ ਬਪਤਿਸਮਾ ਲਏ ਨੂੰ ਚਿਰ ਹੋ ਗਿਆ ਹੈ ਤੇ ਉਦੋਂ ਤੋਂ ਲੈ ਕੇ ਹੁਣ ਤਕ ਤੁਹਾਡੇ ਹਾਲਾਤ ਕਾਫ਼ੀ ਬਦਲ ਗਏ ਹਨ। ਯਕੀਨਨ ਸੱਚਾਈ ਵਿਚ ਆਉਣ ਵੇਲੇ ਤੁਸੀਂ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਸੀ, ਪਰ ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤੁਹਾਨੂੰ ਇਸ ਪਿਆਰ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਔਖੀਆਂ ਘੜੀਆਂ ਦੌਰਾਨ ਯਹੋਵਾਹ ਨੇ ਤੁਹਾਡੀ ਮਦਦ ਜ਼ਰੂਰ ਕੀਤੀ ਹੋਣੀ। (1 ਕੁਰਿੰ. 10:⁠13) ਜ਼ਿੰਦਗੀ ਦੇ ਅਜਿਹੇ ਤਜਰਬਿਆਂ ਤੋਂ ਤੁਸੀਂ ਵਾਕਈ ਬਹੁਤ ਕੁਝ ਸਿੱਖਿਆ ਹੋਣਾ ਤੇ ਇਨ੍ਹਾਂ ਨੂੰ ਤੁਹਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਇਸ ਕਾਰਨ ਪਰਮੇਸ਼ੁਰ ਲਈ ਤੁਹਾਡਾ ਪਿਆਰ ਹੋਰ ਵੀ ਗੂੜ੍ਹਾ ਹੋਇਆ ਹੈ। ਜਦੋਂ ਤੁਸੀਂ ਆਪਣੀ ਜ਼ਿੰਦਗੀ ਵਿਚ ਯਹੋਵਾਹ ਦਾ ਹੱਥ ਦੇਖਿਆ, ਤਾਂ ਕੀ ਤੁਹਾਨੂੰ ਯਕੀਨ ਨਹੀਂ ਹੋਇਆ ਕਿ ਤੁਸੀਂ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹੋ?​—⁠ਯਹੋ. 23:14; ਜ਼ਬੂ. 34:8.

8. ਯਹੋਵਾਹ ਨੇ ਮੂਸਾ ਨੂੰ ਆਪਣੇ ਬਾਰੇ ਕੀ ਦੱਸਿਆ ਸੀ ਅਤੇ ਇਸਰਾਏਲੀਆਂ ਨੇ ਯਹੋਵਾਹ ਬਾਰੇ ਕੀ ਸਿੱਖਿਆ?

8 ਆਓ ਆਪਾਂ ਇਸਰਾਏਲੀਆਂ ਦੀ ਮਿਸਾਲ ਵੱਲ ਗੌਰ ਕਰ ਕੇ ਦੇਖੀਏ ਕਿ ਯਹੋਵਾਹ ਨੇ ਉਨ੍ਹਾਂ ਲਈ ਕੀ-ਕੀ ਕੀਤਾ ਸੀ ਅਤੇ ਇਸ ਤੋਂ ਉਨ੍ਹਾਂ ਨੇ ਕੀ ਸਿੱਖਿਆ। ਜਦ ਉਹ ਮਿਸਰ ਵਿਚ ਗ਼ੁਲਾਮ ਸਨ, ਤਾਂ ਯਹੋਵਾਹ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਛੁਟਕਾਰਾ ਦਿਲਾਵੇਗਾ। ਪਰਮੇਸ਼ੁਰ ਨੇ ਆਪਣੇ ਬਾਰੇ ਮੂਸਾ ਨੂੰ ਕਿਹਾ: “ਮੈਂ ਬਣਾਂਗਾ ਜੋ ਮੈਂ ਬਣਾਂਗਾ।” (ਕੂਚ 3:​7, 8, 13, 14, NW) ਅਸਲ ਵਿਚ ਯਹੋਵਾਹ ਕਹਿ ਰਿਹਾ ਸੀ ਕਿ ਉਹ ਆਪਣੇ ਲੋਕਾਂ ਨੂੰ ਆਜ਼ਾਦੀ ਦਿਲਾਉਣ ਲਈ ਜੋ ਮਰਜ਼ੀ ਬਣ ਸਕਦਾ ਸੀ। ਅੱਗੇ ਜੋ ਕੁਝ ਹੋਇਆ ਉਸ ਤੋਂ ਇਸਰਾਏਲੀਆਂ ਨੇ ਦੇਖਿਆ ਕਿ ਯਹੋਵਾਹ ਆਪਣੇ ਵਾਅਦੇ ਦਾ ਪੱਕਾ ਹੈ ਕਿਉਂਕਿ ਉਨ੍ਹਾਂ ਨੂੰ ਛੁਟਕਾਰਾ ਦਿਲਾਉਣ ਲਈ ਉਹ ਨਿਆਂਕਾਰ, ਮੁਕਤੀਦਾਤਾ, ਯੋਧਾ ਅਤੇ ਅੰਨਦਾਤਾ ਬਣਿਆ।​—⁠ਕੂਚ 12:12; 13:21; 14:24-31; 16:4; ਨਹ. 9:9-15.

9, 10. ਜ਼ਿੰਦਗੀ ਦੇ ਕਿਹੜੇ ਤਜਰਬਿਆਂ ਰਾਹੀਂ ਤੁਸੀਂ ਯਹੋਵਾਹ ਬਾਰੇ ਸਿੱਖ ਸਕਦੇ ਹੋ ਅਤੇ ਇਨ੍ਹਾਂ ਤੇ ਤੁਹਾਨੂੰ ਸੋਚ-ਵਿਚਾਰ ਕਰਨ ਦੀ ਕਿਉਂ ਲੋੜ ਹੈ?

9 ਸ਼ਾਇਦ ਅੱਜ ਤੁਹਾਨੂੰ ਇਸਰਾਏਲੀਆਂ ਵਰਗੀਆਂ ਮੁਸ਼ਕਲਾਂ ਦਾ ਸਾਮ੍ਹਣਾ ਨਹੀਂ ਕਰਨਾ ਪੈ ਰਿਹਾ। ਪਰ ਤੁਹਾਡੀ ਜ਼ਿੰਦਗੀ ਵਿਚ ਇੱਦਾਂ ਦਾ ਜ਼ਰੂਰ ਇਕ ਵਕਤ ਆਇਆ ਹੋਣਾ ਜਦ ਤੁਸੀਂ ਸਾਫ਼ ਦੇਖ ਸਕੇ ਸੀ ਕਿ ਯਹੋਵਾਹ ਤੁਹਾਡੇ ਅੰਗ-ਸੰਗ ਸੀ। ਇਸ ਤਜਰਬੇ ਕਾਰਨ ਵਾਕਈ ਤੁਹਾਡਾ ਭਰੋਸਾ ਯਹੋਵਾਹ ਉੱਤੇ ਮਜ਼ਬੂਤ ਹੋਇਆ ਹੋਣਾ। ਹੋ ਸਕਦਾ ਹੈ ਕਿ ਯਹੋਵਾਹ ਨੇ ਤੁਹਾਡੀ ਕੋਈ ਲੋੜ ਪੂਰੀ ਕੀਤੀ ਹੋਵੇ, ਤੁਹਾਨੂੰ ਕਿਸੇ ਤਰ੍ਹਾਂ ਦਿਲਾਸਾ ਦਿੱਤਾ ਹੋਵੇ ਜਾਂ ਕਿਸੇ ਗੱਲ ਬਾਰੇ ਸਿੱਖਿਆ ਦਿੱਤੀ ਹੋਵੇ। (ਯਸਾਯਾਹ 30:20ਅ, 21 ਪੜ੍ਹੋ।) ਸ਼ਾਇਦ ਤੁਹਾਨੂੰ ਤੁਹਾਡੀ ਕਿਸੇ ਪ੍ਰਾਰਥਨਾ ਦਾ ਜਵਾਬ ਮਿਲਿਆ ਹੋਵੇ। ਸ਼ਾਇਦ ਕਿਸੇ ਮੁਸ਼ਕਲ ਦੌਰਾਨ ਕਿਸੇ ਭੈਣ-ਭਰਾ ਨੇ ਤੁਹਾਡੀ ਮਦਦ ਕੀਤੀ ਹੋਵੇ। ਜਾਂ ਬਾਈਬਲ ਦੀ ਸਟੱਡੀ ਕਰਦੇ ਹੋਏ ਸ਼ਾਇਦ ਤੁਹਾਡੇ ਧਿਆਨ ਵਿਚ ਅਜਿਹੀ ਕੋਈ ਆਇਤ ਆਈ ਹੋਵੇ ਜਿਸ ਤੋਂ ਤੁਹਾਨੂੰ ਮਦਦ ਮਿਲੀ।

10 ਜੇ ਤੁਸੀਂ ਆਪਣੇ ਤਜਰਬਿਆਂ ਬਾਰੇ ਹੋਰਨਾਂ ਨੂੰ ਦੱਸੋ, ਤਾਂ ਸ਼ਾਇਦ ਉਨ੍ਹਾਂ ਨੂੰ ਇਨ੍ਹਾਂ ਵਿਚ ਕੋਈ ਖ਼ਾਸ ਗੱਲ ਨਜ਼ਰ ਨਾ ਆਵੇ। ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਕਿਉਂਕਿ ਇਹ ਕੋਈ ਚਮਤਕਾਰ ਨਹੀਂ ਸਨ। ਪਰ ਤੁਹਾਡੇ ਲਈ ਇਹ ਬਹੁਤ ਮਾਅਨੇ ਰੱਖਦੇ ਹਨ ਕਿਉਂਕਿ ਯਹੋਵਾਹ ਨੇ ਤੁਹਾਡੀ ਐਨ ਮੌਕੇ ਤੇ ਮਦਦ ਕੀਤੀ ਸੀ। ਇਨ੍ਹਾਂ ਤਜਰਬਿਆਂ ਨੂੰ ਕਦੇ ਨਾ ਭੁੱਲੋ। ਯਹੋਵਾਹ ਦੀ ਸੇਵਾ ਵਿਚ ਜਿਹੜੇ ਸਾਲ ਤੁਸੀਂ ਗੁਜ਼ਾਰੇ ਹਨ ਉਨ੍ਹਾਂ ਤੇ ਝਾਤੀ ਮਾਰੋ। ਕੀ ਤੁਹਾਨੂੰ ਅਜਿਹਾ ਕੋਈ ਸਮਾਂ ਯਾਦ ਹੈ ਜਦ ਤੁਹਾਨੂੰ ਅਹਿਸਾਸ ਹੋਇਆ ਸੀ ਕਿ ਯਹੋਵਾਹ ਨੇ ਖ਼ੁਦ ਤੁਹਾਡੀ ਮਦਦ ਕੀਤੀ ਸੀ? ਇਨ੍ਹਾਂ ਤਜਰਬਿਆਂ ਨੂੰ ਯਾਦ ਕਰ ਕੇ ਤੁਹਾਨੂੰ ਸ਼ਾਇਦ ਚੇਤੇ ਆਵੇ ਕਿ ਉਸ ਸਮੇਂ ਤੁਸੀਂ ਯਹੋਵਾਹ ਦੇ ਕਿੰਨੇ ਕਰੀਬ ਮਹਿਸੂਸ ਕਰਦੇ ਸੀ। ਤੁਹਾਨੂੰ ਹਮੇਸ਼ਾ ਅਜਿਹਿਆਂ ਤਜਰਬਿਆਂ ਨੂੰ ਯਾਦ ਰੱਖ ਕੇ ਇਨ੍ਹਾਂ ਉੱਤੇ ਮਨਨ ਕਰਨਾ ਚਾਹੀਦਾ ਹੈ। ਇਹ ਤਜਰਬੇ ਸਬੂਤ ਹਨ ਕਿ ਯਹੋਵਾਹ ਤੁਹਾਡੀ ਪਰਵਾਹ ਕਰਦਾ ਹੈ।

ਆਪਣੀ ਜਾਂਚ ਕਰੋ

11, 12. ਜੇ ਤੁਹਾਡੇ ਅਤੇ ਯਹੋਵਾਹ ਵਿਚਕਾਰ ਦੂਰੀਆਂ ਪਈਆਂ ਹਨ, ਤਾਂ ਇਸ ਦਾ ਕਾਰਨ ਕੀ ਹੋ ਸਕਦਾ ਹੈ ਅਤੇ ਯਿਸੂ ਨੇ ਇਸ ਬਾਰੇ ਕੀ ਸਲਾਹ ਦਿੱਤੀ ਸੀ?

11 ਜੇ ਤੁਹਾਡੇ ਦਿਲ ਵਿਚ ਯਹੋਵਾਹ ਲਈ ਪਹਿਲਾਂ ਵਰਗਾ ਪਿਆਰ ਨਹੀਂ ਰਿਹਾ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਬਦਲ ਗਿਆ ਹੈ। ਯਹੋਵਾਹ ਕਦੇ ਨਹੀਂ ਬਦਲਦਾ, ਉਹ ਅਟੱਲ ਹੈ। (ਮਲਾ. 3:6; ਯਾਕੂ. 1:⁠17) ਯਹੋਵਾਹ ਤੁਹਾਨੂੰ ਅੱਜ ਵੀ ਉੱਨਾ ਹੀ ਪਿਆਰ ਕਰਦਾ ਹੈ ਜਿੰਨਾ ਉਹ ਉਦੋਂ ਕਰਦਾ ਸੀ ਜਦ ਤੁਸੀਂ ਸੱਚਾਈ ਸਿੱਖੀ ਸੀ। ਜੇ ਤੁਹਾਡੇ ਅਤੇ ਯਹੋਵਾਹ ਵਿਚਕਾਰ ਦੂਰੀਆਂ ਪਈਆਂ ਹਨ, ਤਾਂ ਸੋਚੋ ਕਿਉਂ। ਹੋ ਸਕਦਾ ਹੈ ਕਿ ਤੁਸੀਂ ਜ਼ਿੰਦਗੀ ਦੀਆਂ ਮੁਸ਼ਕਲਾਂ ਅਤੇ ਚਿੰਤਾਵਾਂ ਕਰਕੇ ਯਹੋਵਾਹ ਤੋਂ ਦੂਰ ਹੋ ਗਏ ਹੋ। ਇਹ ਵੀ ਹੋ ਸਕਦਾ ਹੈ ਕਿ ਤੁਸੀਂ ਪਹਿਲਾਂ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਦੇ ਸੀ, ਮਨ ਲਾ ਕੇ ਬਾਈਬਲ ਦੀ ਸਟੱਡੀ ਕਰਦੇ ਸੀ ਅਤੇ ਸਿੱਖੀਆਂ ਗੱਲਾਂ ਤੇ ਸੋਚ-ਵਿਚਾਰ ਕਰਦੇ ਸੀ। ਸ਼ਾਇਦ ਤੁਸੀਂ ਪਹਿਲਾਂ ਪ੍ਰਚਾਰ ਦੇ ਕੰਮ ਵਿਚ ਜੋਸ਼ੀਲੇ ਹੋਇਆ ਕਰਦੇ ਸੀ ਅਤੇ ਬਾਕਾਇਦਾ ਮੀਟਿੰਗਾਂ ਵਿਚ ਜਾਇਆ ਕਰਦੇ ਸੀ।​—⁠2 ਕੁਰਿੰ. 13:5.

12 ਸ਼ਾਇਦ ਤੁਹਾਨੂੰ ਲੱਗੇ ਕਿ ਸਭ ਕੁਝ ਠੀਕ-ਠਾਕ ਹੈ। ਇਹ ਬਹੁਤ ਵਧੀਆ ਗੱਲ ਹੈ। ਪਰ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਯਹੋਵਾਹ ਤੋਂ ਦੂਰ ਜਾ ਰਹੇ ਹੋ, ਤਾਂ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਇਸ ਦਾ ਕਾਰਨ ਕੀ ਹੈ। ਸ਼ਾਇਦ ਤੁਸੀਂ ਸਮੇਂ ਦੀ ਅਹਿਮੀਅਤ ਭੁੱਲ ਗਏ ਹੋ ਕਿਉਂਕਿ ਤੁਸੀਂ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣ ਵਿਚ ਰੁੱਝੇ ਰਹਿੰਦੇ ਹੋ ਜਾਂ ਤੁਹਾਨੂੰ ਆਪਣੀ ਸਿਹਤ ਜਾਂ ਇਸ ਤਰ੍ਹਾਂ ਦੀਆਂ ਹੋਰ ਗੱਲਾਂ ਬਾਰੇ ਹੱਦੋਂ ਵੱਧ ਚਿੰਤਾ ਲੱਗੀ ਰਹਿੰਦੀ ਹੈ। ਯਿਸੂ ਨੇ ਆਪਣੇ ਰਸੂਲਾਂ ਨੂੰ ਕਿਹਾ: “ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਣਕ ਆ ਪਵੇ! ਕਿਉਂ ਜੋ ਉਹ ਸਾਰੀ ਧਰਤੀ ਦਿਆਂ ਸਭਨਾਂ ਰਹਿਣ ਵਾਲਿਆਂ ਉੱਤੇ ਆਵੇਗਾ। ਪਰ ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ ਭਈ ਤੁਸੀਂ ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸੱਕੋ।”​—⁠ਲੂਕਾ 21:34-36.

13. ਯਾਕੂਬ ਨੇ ਪਰਮੇਸ਼ੁਰ ਦੇ ਬਚਨ ਦੀ ਤੁਲਨਾ ਕਿਸ ਚੀਜ਼ ਨਾਲ ਕੀਤੀ ਸੀ?

13 ਪਰਮੇਸ਼ੁਰ ਦਾ ਬਚਨ ਪੜ੍ਹ ਕੇ ਸਾਨੂੰ ਆਪਣੀ ਜਾਂਚ ਕਰਨੀ ਚਾਹੀਦੀ ਹੈ। ਇਸ ਬਾਰੇ ਯਾਕੂਬ ਨੇ ਸਲਾਹ ਦਿੱਤੀ: “ਬਚਨ ਉੱਤੇ ਅਮਲ ਕਰਨ ਵਾਲੇ ਹੋਵੋ ਅਤੇ ਆਪਣੇ ਆਪ ਨੂੰ ਧੋਖਾ ਦੇ ਕੇ ਨਿਰੇ ਸੁਣਨ ਵਾਲੇ ਹੀ ਨਾ ਹੋਵੋ। ਕਿਉਂਕਿ ਜੇ ਕੋਈ ਬਚਨ ਦਾ ਸੁਣਨ ਵਾਲਾ ਹੈ ਅਤੇ ਓਸ ਉੱਤੇ ਅਮਲ ਕਰਨ ਵਾਲਾ ਨਹੀਂ ਤਾਂ ਉਹ ਉਸ ਮਨੁੱਖ ਵਰਗਾ ਹੈ ਜਿਹੜਾ ਆਪਣੇ ਅਸਲੀ ਸਰੂਪ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ। ਕਿਉਂ ਜੋ ਉਹ ਆਪਣੇ ਆਪ ਨੂੰ ਵੇਖ ਕੇ ਚਲਿਆ ਗਿਆ ਅਤੇ ਓਸੇ ਵੇਲੇ ਭੁੱਲ ਗਿਆ ਜੋ ਮੈਂ ਕਿਹੋ ਜਿਹਾ ਸਾਂ। ਪਰ ਜਿਹ ਨੇ ਪੂਰੀ ਸ਼ਰਾ ਨੂੰ ਅਰਥਾਤ ਅਜ਼ਾਦੀ ਦੀ ਸ਼ਰਾ ਨੂੰ ਗੌਹ ਨਾਲ ਵੇਖਿਆ ਅਤੇ ਵੇਖਦਾ ਰਹਿੰਦਾ ਹੈ ਉਹ ਇਹੋ ਜਿਹਾ ਸੁਣਨ ਵਾਲਾ ਨਹੀਂ ਜਿਹੜਾ ਭੁੱਲ ਜਾਵੇ ਸਗੋਂ ਕਰਮ ਦਾ ਕਰਤਾ ਹੋ ਕੇ ਆਪਣੇ ਕੰਮ ਵਿੱਚ ਧੰਨ ਹੋਵੇਗਾ।”​—⁠ਯਾਕੂ. 1:22-25.

14, 15. (ੳ) ਬਾਈਬਲ ਦੀ ਮਦਦ ਨਾਲ ਤੁਸੀਂ ਆਪਣੇ ਵਿਚ ਸੁਧਾਰ ਕਿਵੇਂ ਕਰ ਸਕਦੇ ਹੋ? (ਅ) ਸਾਨੂੰ ਕਿਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰਨ ਦੀ ਲੋੜ ਹੈ?

14 ਸ਼ੀਸ਼ੇ ਵਿਚ ਅਸੀਂ ਵੇਖ ਸਕਦੇ ਹਾਂ ਕਿ ਅਸੀਂ ਦੇਖਣ ਨੂੰ ਠੀਕ-ਠਾਕ ਲੱਗਦੇ ਹਾਂ ਕਿ ਨਹੀਂ। ਮਿਸਾਲ ਲਈ, ਜੇ ਕੋਈ ਆਦਮੀ ਸ਼ੀਸ਼ੇ ਵਿਚ ਦੇਖੇ ਕਿ ਉਸ ਦੀ ਟਾਈ ਵਿੰਗੀ ਹੈ, ਤਾਂ ਉਹ ਉਸ ਨੂੰ ਸਿੱਧੀ ਕਰ ਸਕਦਾ ਹੈ। ਇੱਦਾਂ ਹੀ ਜੇ ਕੋਈ ਔਰਤ ਦੇਖੇ ਕਿ ਉਸ ਦੇ ਵਾਲ ਖਿਲਰੇ ਹੋਏ ਹਨ, ਤਾਂ ਉਹ ਕੰਘੀ ਕਰ ਸਕਦੀ ਹੈ। ਸ਼ੀਸ਼ੇ ਦੀ ਤਰ੍ਹਾਂ ਬਾਈਬਲ ਸਾਡੀ ਇਹ ਦੇਖਣ ਵਿਚ ਮਦਦ ਕਰਦੀ ਹੈ ਕਿ ਅਸੀਂ ਕਿਹੋ ਜਿਹੇ ਇਨਸਾਨ ਹਾਂ। ਪਰ ਸ਼ੀਸ਼ੇ ਵਿਚ ਦੇਖਣ ਦਾ ਕੀ ਫ਼ਾਇਦਾ ਜੇ ਅਸੀਂ ਕੁਝ ਸੁਧਾਰ ਹੀ ਨਾ ਕਰੀਏ? ਇਸ ਲਈ ਅਕਲਮੰਦੀ ਦੀ ਗੱਲ ਹੋਵੇਗੀ ਜੇ ਅਸੀਂ ਬਾਈਬਲ ਵਿਚ ਜੋ ਪੜ੍ਹਦੇ ਹਾਂ ਉਸ ਮੁਤਾਬਕ ਆਪਣੇ ਆਪ ਨੂੰ ਸੁਧਾਰੀਏ ਵੀ। ਜੇ ਸਾਨੂੰ ਲੱਗੇ ਕਿ ਯਹੋਵਾਹ ਲਈ ਸਾਡਾ ਪਿਆਰ ਠੰਢਾ ਪੈ ਰਿਹਾ ਹੈ, ਤਾਂ ਸਾਨੂੰ ਇਨ੍ਹਾਂ ਸਵਾਲਾਂ ਤੇ ਵਿਚਾਰ ਕਰਨਾ ਚਾਹੀਦਾ ਹੈ: ‘ਜ਼ਿੰਦਗੀ ਵਿਚ ਮੈਨੂੰ ਕਿਹੜੇ ਦਬਾਅ ਸਹਿਣੇ ਪੈ ਰਹੇ ਹਨ? ਇਨ੍ਹਾਂ ਪ੍ਰਤੀ ਮੇਰਾ ਕੀ ਰਵੱਈਆ ਹੈ? ਪਹਿਲਾਂ ਜਦ ਅਜਿਹੇ ਦਬਾਅ ਆਉਂਦੇ ਸਨ, ਤਾਂ ਮੈਂ ਇਨ੍ਹਾਂ ਦਾ ਸਾਮ੍ਹਣਾ ਕਿਵੇਂ ਕਰਦਾ ਸੀ? ਕੀ ਪਹਿਲਾਂ ਨਾਲੋਂ ਹੁਣ ਮੇਰਾ ਰਵੱਈਆ ਬਦਲ ਗਿਆ ਹੈ?’ ਇਨ੍ਹਾਂ ਸਵਾਲਾਂ ਤੇ ਗੌਰ ਕਰ ਕੇ ਅਸੀਂ ਦੇਖ ਪਾਵਾਂਗੇ ਕਿ ਸਾਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਹੈ। ਜੇ ਸੁਧਾਰ ਕਰਨ ਦੀ ਲੋੜ ਹੈ, ਤਾਂ ਇਸ ਵਿਚ ਸਾਨੂੰ ਢਿੱਲ ਨਹੀਂ ਕਰਨੀ ਚਾਹੀਦੀ।​—⁠ਇਬ. 12:12, 13.

15 ਇਸ ਤਰ੍ਹਾਂ ਸੋਚ-ਵਿਚਾਰ ਕਰਨ ਨਾਲ ਤੁਹਾਡੀ ਅਜਿਹੇ ਟੀਚੇ ਰੱਖਣ ਵਿਚ ਮਦਦ ਹੋਵੇਗੀ ਜੋ ਤੁਸੀਂ ਹਾਸਲ ਕਰ ਸਕਦੇ ਹੋ ਅਤੇ ਤੁਸੀਂ ਸੱਚਾਈ ਵਿਚ ਤਰੱਕੀ ਕਰ ਸਕੋਗੇ। ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਆਪਣੀ ਸੇਵਕਾਈ ਵਿਚ ਸੁਧਾਰ ਕਰਨ ਦੀ ਸਲਾਹ ਦਿੱਤੀ ਸੀ। ਉਸ ਨੇ ਤਿਮੋਥਿਉਸ ਨੂੰ ਤਾਕੀਦ ਕੀਤੀ: “ਇਨ੍ਹਾਂ ਗੱਲਾਂ ਦਾ ਉੱਦਮ ਕਰ। ਇਨ੍ਹਾਂ ਵਿੱਚ ਲੱਗਾ ਰਹੁ ਭਈ ਤੇਰੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇ।” ਸਾਨੂੰ ਵੀ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਦੇਖਣ ਦੀ ਲੋੜ ਹੈ ਕਿ ਅਸੀਂ ਸੱਚਾਈ ਵਿਚ ਹੋਰ ਤਰੱਕੀ ਕਿਵੇਂ ਕਰ ਸਕਦੇ ਹਾਂ।​—⁠1 ਤਿਮੋ. 4:15.

16. ਜਦ ਅਸੀਂ ਆਪਣੀ ਜਾਂਚ ਕਰਦੇ ਹਾਂ, ਤਾਂ ਸਾਨੂੰ ਕਿਹੜੀ ਗੱਲ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ?

16 ਜਦੋਂ ਅਸੀਂ ਆਪਣੀ ਜਾਂਚ ਕਰਾਂਗੇ, ਤਾਂ ਸਾਨੂੰ ਆਪਣੇ ਵਿਚ ਕੁਝ ਕਮੀਆਂ-ਕਮਜ਼ੋਰੀਆਂ ਤਾਂ ਜ਼ਰੂਰ ਨਜ਼ਰ ਆਉਣਗੀਆਂ। ਇਨ੍ਹਾਂ ਕਰਕੇ ਸਾਡਾ ਹੌਸਲਾ ਟੁੱਟ ਸਕਦਾ ਹੈ, ਪਰ ਆਪਣੇ ਨਾਲ ਇੱਦਾਂ ਨਾ ਹੋਣ ਦਿਓ। ਅਸੀਂ ਇਸੇ ਲਈ ਤਾਂ ਆਪਣੀ ਜਾਂਚ ਕਰਦੇ ਹਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਸਾਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਹੈ। ਸ਼ਤਾਨ ਤਾਂ ਚਾਹੁੰਦਾ ਹੈ ਕਿ ਅਸੀਂ ਨਿਕੰਮੇ ਮਹਿਸੂਸ ਕਰੀਏ। ਉਹ ਦਾ ਦਾਅਵਾ ਹੈ ਕਿ ਅਸੀਂ ਯਹੋਵਾਹ ਲਈ ਜੋ ਮਰਜ਼ੀ ਕਰਨ ਦੀ ਕੋਸ਼ਿਸ਼ ਕਰੀਏ, ਉਹ ਸਾਡੇ ਤੋਂ ਕਦੇ ਖ਼ੁਸ਼ ਨਹੀਂ ਹੋਵੇਗਾ। (ਅੱਯੂ. 15:15, 16; 22:3) ਇਹ ਸਰਾਸਰ ਝੂਠ ਹੈ! ਯਿਸੂ ਨੇ ਸਿਖਾਇਆ ਸੀ ਕਿ ਯਹੋਵਾਹ ਆਪਣੇ ਹਰ ਸੇਵਕ ਨੂੰ ਅਨਮੋਲ ਸਮਝਦਾ ਹੈ। (ਮੱਤੀ 10:29-31 ਪੜ੍ਹੋ।) ਜਦ ਅਸੀਂ ਆਪਣੀਆਂ ਕਮੀਆਂ-ਕਮਜ਼ੋਰੀਆਂ ਤੋਂ ਵਾਕਫ਼ ਹੁੰਦੇ ਹਾਂ, ਤਾਂ ਸਾਨੂੰ ਹਲੀਮੀ ਨਾਲ ਯਹੋਵਾਹ ਦੀ ਮਦਦ ਲੈ ਕੇ ਇਨ੍ਹਾਂ ਬਾਰੇ ਕੁਝ ਕਰਨਾ ਚਾਹੀਦਾ ਹੈ। (2 ਕੁਰਿੰ. 12:7-10) ਜੇ ਬੀਮਾਰੀ ਅਤੇ ਬੁਢਾਪੇ ਕਾਰਨ ਅਸੀਂ ਯਹੋਵਾਹ ਦੀ ਸੇਵਾ ਵਿਚ ਪਹਿਲਾਂ ਜਿੰਨਾ ਨਹੀਂ ਕਰ ਸਕਦੇ, ਤਾਂ ਸਾਨੂੰ ਹਿੰਮਤ ਹਾਰਨ ਦੀ ਬਜਾਇ ਉੱਨਾ ਕਰਨਾ ਚਾਹੀਦਾ ਜਿੰਨਾ ਅਸੀਂ ਕਰ ਸਕਦੇ ਹਾਂ। ਜੋ ਵੀ ਹੋਵੇ ਸਾਨੂੰ ਯਹੋਵਾਹ ਲਈ ਆਪਣੇ ਪਿਆਰ ਨੂੰ ਠੰਢਾ ਨਹੀਂ ਪੈਣ ਦੇਣਾ ਚਾਹੀਦਾ।

ਬਰਕਤਾਂ ਲਈ ਸ਼ੁਕਰਗੁਜ਼ਾਰ

17, 18. ਆਪਣੇ ਪਹਿਲੇ ਪਿਆਰ ਨੂੰ ਬਰਕਰਾਰ ਰੱਖਣ ਨਾਲ ਸਾਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ?

17 ਜੇ ਅਸੀਂ ਯਹੋਵਾਹ ਲਈ ਆਪਣੇ ਪਹਿਲੇ ਪਿਆਰ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਾਂਗੇ, ਤਾਂ ਸਾਨੂੰ ਉਸ ਵੱਲੋਂ ਬਰਕਤਾਂ ਮਿਲਣਗੀਆਂ। ਅਸੀਂ ਯਹੋਵਾਹ ਬਾਰੇ ਹੋਰ ਸਿੱਖਾਂਗੇ ਅਤੇ ਉਸ ਉੱਤੇ ਸਾਡਾ ਭਰੋਸਾ ਵਧੇਗਾ। (ਕਹਾਉਤਾਂ 2:1-9; 3:5, 6 ਪੜ੍ਹੋ।) ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ ਕਿ ਯਹੋਵਾਹ ਦੇ ਹੁਕਮਾਂ ਨੂੰ “ਮੰਨਣ ਵਿੱਚ ਵੱਡਾ ਲਾਭ ਹੈ,” ਅਤੇ “ਯਹੋਵਾਹ ਦੀ ਸਾਖੀ ਸੱਚੀ ਹੈ, ਉਹ ਭੋਲੇ ਨੂੰ ਬੁੱਧਵਾਨ ਕਰਦੀ ਹੈ।” ਨਾਲੇ “ਧੰਨ ਓਹ ਹਨ ਜਿਹੜੇ ਪਰਮ ਚਾਲ ਹਨ, ਜਿਹੜੇ ਯਹੋਵਾਹ ਦੀ ਬਿਵਸਥਾ ਉੱਤੇ ਚੱਲਦੇ ਹਨ!”​—⁠ਜ਼ਬੂ. 19:7, 11; 119:1.

18 ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਨੂੰ ਬੇਸ਼ੁਮਾਰ ਬਰਕਤਾਂ ਮਿਲੀਆਂ ਹਨ ਜਿਨ੍ਹਾਂ ਲਈ ਅਸੀਂ ਦਿਲੋਂ ਧੰਨਵਾਦੀ ਹਾਂ। ਸਾਨੂੰ ਇਸ ਗੱਲ ਦਾ ਗਿਆਨ ਹੈ ਕਿ ਅੱਜ ਦੁਨੀਆਂ ਦੇ ਹਾਲਾਤ ਇੰਨੇ ਬੁਰੇ ਕਿਉਂ ਹਨ। ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਸਾਨੂੰ ਬਹੁਤ ਲਾਭ ਹੁੰਦੇ ਹਨ ਕਿਉਂਕਿ ਯਹੋਵਾਹ ਸਾਡੀ ਦੇਖ-ਰੇਖ ਕਰਦਾ ਅਤੇ ਸਾਨੂੰ ਸਿੱਖਿਆ ਦਿੰਦਾ ਹੈ। ਅਸੀਂ ਇਸ ਲਈ ਵੀ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਨੇ ਸਾਨੂੰ ਆਪਣੀ ਸੰਸਥਾ ਵਿਚ ਲਿਆਂਦਾ ਹੈ ਅਤੇ ਸਾਨੂੰ ਆਪਣੇ ਨਾਂ ਤੋਂ ਜਾਣੇ ਜਾਣ ਦਾ ਸਨਮਾਨ ਬਖ਼ਸ਼ਿਆ ਹੈ। ਸਾਨੂੰ ਆਪਣੀਆਂ ਬਰਕਤਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਜੇ ਅਸੀਂ ਆਪਣੀਆਂ ਸਾਰੀਆਂ ਬਰਕਤਾਂ ਦੀ ਲਿਸਟ ਬਣਾਈਏ, ਤਾਂ ਇਹ ਬਹੁਤ ਹੀ ਲੰਬੀ ਹੋਵੇਗੀ। ਆਪਣੀਆਂ ਬਰਕਤਾਂ ਤੇ ਸੋਚ-ਵਿਚਾਰ ਕਰਨ ਨਾਲ ਸਾਨੂੰ ਇਸ ਸਲਾਹ ਤੇ ਚੱਲਣ ਵਿਚ ਮਦਦ ਮਿਲੇਗੀ: “ਜੋ ਕੁਝ ਤੇਰੇ ਕੋਲ ਹੈ ਸੋ ਤਕੜਾਈ ਨਾਲ ਫੜੀ ਰੱਖ।”​—⁠ਪਰ. 3:11.

19. ਸੱਚਾਈ ਨੂੰ ਤਕੜਾਈ ਨਾਲ ਫੜੀ ਰੱਖਣ ਲਈ ਯਹੋਵਾਹ ਨਾਲ ਆਪਣੇ ਰਿਸ਼ਤੇ ਬਾਰੇ ਸੋਚਣ ਤੋਂ ਇਲਾਵਾ ਸਾਨੂੰ ਹੋਰ ਕੀ ਕਰਨ ਦੀ ਲੋੜ ਹੈ?

19 ਸੱਚਾਈ ਨੂੰ ਤਕੜਾਈ ਨਾਲ ਫੜੀ ਰੱਖਣ ਦਾ ਇਕ ਤਰੀਕਾ ਇਹ ਹੈ ਕਿ ਅਸੀਂ ਇਸ ਗੱਲ ਤੇ ਵਿਚਾਰ ਕਰੀਏ ਕਿ ਸਾਲਾਂ ਦੌਰਾਨ ਯਹੋਵਾਹ ਨਾਲ ਸਾਡਾ ਰਿਸ਼ਤਾ ਕਿਵੇਂ ਮਜ਼ਬੂਤ ਹੁੰਦਾ ਆਇਆ ਹੈ। ਪਹਿਰਾਬੁਰਜ ਰਸਾਲੇ ਵਿਚ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਰੱਖਣ ਦੇ ਕਈ ਹੋਰ ਤਰੀਕੇ ਦੱਸੇ ਗਏ ਹਨ। ਮਿਸਾਲ ਲਈ, ਸਾਨੂੰ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ, ਮੀਟਿੰਗਾਂ ਵਿਚ ਜਾਣਾ ਅਤੇ ਇਨ੍ਹਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਜੋਸ਼ ਨਾਲ ਪ੍ਰਚਾਰ ਕਰਦੇ ਰਹਿਣਾ ਚਾਹੀਦਾ ਹੈ। ਜੇ ਅਸੀਂ ਇਨ੍ਹਾਂ ਗੱਲਾਂ ਵਿਚ ਰੁੱਝੇ ਰਹੀਏ, ਤਾਂ ਅਸੀਂ ਯਹੋਵਾਹ ਲਈ ਆਪਣੇ ਪਹਿਲੇ ਪਿਆਰ ਨੂੰ ਬਰਕਰਾਰ ਰੱਖ ਸਕਾਂਗੇ।​—⁠ਅਫ਼. 5:10; 1 ਪਤ. 3:15; ਯਹੂ. 20, 21.

ਤੁਸੀਂ ਕੀ ਜਵਾਬ ਦਿਓਗੇ?

• ਜਿਨ੍ਹਾਂ ਗੱਲਾਂ ਕਰਕੇ ਤੁਸੀਂ ਯਹੋਵਾਹ ਨੂੰ ਪਿਆਰ ਕਰਨ ਲੱਗੇ ਸੀ ਉਹ ਅੱਜ ਤੁਹਾਡੀ ਮਦਦ ਕਿਵੇਂ ਕਰ ਸਕਦੀਆਂ ਹਨ?

• ਆਪਣੇ ਤਜਰਬਿਆਂ ਤੇ ਸੋਚ-ਵਿਚਾਰ ਕਰਨ ਨਾਲ ਤੁਹਾਨੂੰ ਕਿਸ ਗੱਲ ਦਾ ਅਹਿਸਾਸ ਹੋਵੇਗਾ?

• ਸਾਨੂੰ ਇਸ ਗੱਲ ਦੀ ਜਾਂਚ ਕਿਉਂ ਕਰਨੀ ਚਾਹੀਦੀ ਹੈ ਕਿ ਅਸੀਂ ਪਰਮੇਸ਼ੁਰ ਨਾਲ ਕਿੰਨਾ ਪਿਆਰ ਕਰਦੇ ਹਾਂ?

[ਸਵਾਲ]

[ਸਫ਼ਾ 23 ਉੱਤੇ ਤਸਵੀਰ]

ਜਦ ਤੁਸੀਂ ਪਹਿਲਾਂ-ਪਹਿਲ ਸੱਚਾਈ ਸਿੱਖੀ ਸੀ, ਤਾਂ ਕਿਹੜੀ ਗੱਲ ਨੇ ਤੁਹਾਨੂੰ ਯਕੀਨ ਦਿਲਾਇਆ ਸੀ ਕਿ ਜੋ ਤੁਸੀਂ ਸਿੱਖ ਰਹੇ ਹੋ ਉਹ ਸੱਚ ਹੈ?

[ਸਫ਼ਾ 25 ਉੱਤੇ ਤਸਵੀਰ]

ਕੀ ਤੁਹਾਨੂੰ ਆਪਣੇ ਵਿਚ ਕੋਈ ਕਮੀ ਨਜ਼ਰ ਆਉਂਦੀ ਹੈ ਜਿਸ ਨੂੰ ਸੁਧਾਰਨ ਦੀ ਲੋੜ ਹੈ?