Skip to content

Skip to table of contents

ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਤਾਕਤਵਰ

ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਤਾਕਤਵਰ

ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਤਾਕਤਵਰ

ਤੁਹਾਡੀਆਂ ਕਮੀਆਂ-ਕਮਜ਼ੋਰੀਆਂ ਸੱਚ-ਮੁੱਚ ਤੁਹਾਡੇ ’ਤੇ ਹਾਵੀ ਹੋ ਸਕਦੀਆਂ ਹਨ। ਉਹ ਜੋਕਾਂ ਦੀ ਤਰ੍ਹਾਂ ਤੁਹਾਨੂੰ ਚਿੰਬੜੀਆਂ ਰਹਿ ਸਕਦੀਆਂ ਹਨ। ਤੁਹਾਨੂੰ ਸ਼ਾਇਦ ਲੱਗੇ ਕਿ ਇਨ੍ਹਾਂ ਕਮਜ਼ੋਰੀਆਂ ’ਤੇ ਕਾਬੂ ਪਾਉਣਾ ਤੁਹਾਡੇ ਹੱਥ-ਵੱਸ ਨਹੀਂ। ਤੁਸੀਂ ਸ਼ਾਇਦ ਘਟੀਆ ਵੀ ਮਹਿਸੂਸ ਕਰੋ ਤੇ ਹਰ ਵੇਲੇ ਦੂਜਿਆਂ ਨਾਲ ਆਪਣੀ ਤੁਲਨਾ ਕਰ ਕੇ ਸੋਚੋ ਕਿ ਜੋ ਗੱਲ ਉਨ੍ਹਾਂ ਵਿਚ ਹੈ ਤੁਹਾਡੇ ਵਿਚ ਨਹੀਂ। ਜਾਂ ਫਿਰ ਤੁਸੀਂ ਸ਼ਾਇਦ ਕਿਸੇ ਗੰਭੀਰ ਬੀਮਾਰੀ ਦੀ ਮਾਰ ਸਹਿ ਰਹੇ ਹੋ ਜਿਸ ਕਰਕੇ ਤੁਹਾਡੇ ’ਚ ਨਾ ਕੰਮ ਕਰਨ ਦੀ ਤਾਕਤ ਰਹੀ ਹੈ ਤੇ ਨਾ ਹੀ ਜ਼ਿੰਦਗੀ ਦਾ ਮਜ਼ਾ ਲੈਣ ਦਾ ਸ਼ੌਕ। ਜੋ ਮਰਜ਼ੀ ਹੋਵੇ, ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬੰਦ ਪਿੰਜਰੇ ਵਿਚ ਇਕ ਪੰਛੀ ਦੀ ਤਰ੍ਹਾਂ ਹੋ ਜੋ ਬਿਲਕੁਲ ਬੇਵੱਸ ਹੈ। ਤੁਸੀਂ ਸ਼ਾਇਦ ਅੱਯੂਬ ਦੀ ਤਰ੍ਹਾਂ ਮਹਿਸੂਸ ਕਰੋ ਜਿਸ ਨੇ ਰੱਬ ਨੂੰ ਦੁਹਾਈ ਦਿੱਤੀ: “ਕਾਸ਼ ਕਿ ਤੂੰ ਮੈਨੂੰ [ਸ਼ੀਓਲ] ਵਿੱਚ ਲੁਕਾ ਦੇਵੇਂ, ਅਤੇ ਮੈਨੂੰ ਛਿਪਾ ਰੱਖੇਂ ਜਦ ਤੀਕ ਤੇਰਾ ਕ੍ਰੋਧ ਨਾ ਹਟੇ, ਅਤੇ ਮੇਰੇ ਲਈ ਖਾਸ ਵੇਲਾ ਠਹਿਰਾਵੇਂ ਅਤੇ ਮੈਨੂੰ ਚੇਤੇ ਰੱਖੇਂ!”​—⁠ਅੱਯੂ. 14:13.

ਤੁਸੀਂ ਇਸ ਨਿਰਾਸ਼ਾ ਵਿੱਚੋਂ ਕਿੱਦਾਂ ਬਾਹਰ ਨਿਕਲ ਸਕਦੇ ਹੋ? ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਨੂੰ ਆਪਣੀਆਂ ਮੁਸ਼ਕਲਾਂ ਬਾਰੇ ਹਮੇਸ਼ਾ ਸੋਚਦੇ ਹੀ ਨਹੀਂ ਰਹਿਣਾ ਚਾਹੀਦਾ, ਚਾਹੇ ਇੱਦਾਂ ਕਰਨਾ ਤੁਹਾਡੇ ਲਈ ਕਿੰਨਾ ਔਖਾ ਕਿਉਂ ਨਾ ਹੋਵੇ। ਤੁਸੀਂ ਇਨ੍ਹਾਂ ਸਵਾਲਾਂ ਉੱਤੇ ਗੌਰ ਕਰ ਸਕਦੇ ਹੋ ਜੋ ਯਹੋਵਾਹ ਨੇ ਆਪਣੇ ਵਫ਼ਾਦਾਰ ਸੇਵਕ ਅੱਯੂਬ ਨੂੰ ਪੁੱਛੇ ਸਨ: “ਤੂੰ ਕਿੱਥੇ ਸੈਂ ਜਦ ਮੈਂ ਧਰਤੀ ਦੀ ਨੀਉਂ ਰੱਖੀ? ਦੱਸ, ਜੇ ਤੂੰ ਸਮਝ ਰੱਖਦਾ ਹੈਂ! ਕਿਹ ਨੇ ਉਹ ਦਾ ਨਾਪ ਠਹਿਰਾਇਆ,​—⁠ਤੂੰ ਜਰੂਰ ਜਾਣ ਲਿਆ ਹੋਵੇ,​—⁠ਯਾ ਕਿਹ ਨੇ ਉਹ ਦੇ ਉੱਤੇ ਜਰੀਬ ਖਿੱਚੀ?” (ਅੱਯੂ. 38:4, 5) ਇਨ੍ਹਾਂ ਸਵਾਲਾਂ ਤੋਂ ਕੀ ਪਤਾ ਲੱਗਦਾ ਹੈ? ਇਹ ਕਿ ਯਹੋਵਾਹ ਸਰਬਸ਼ਕਤੀਮਾਨ ਤੇ ਸਰਬ ਬੁੱਧੀਮਾਨ ਹੈ! ਉਹ ਸਭਨਾਂ ਦੇ ਦੁੱਖਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਲੇਕਿਨ ਕੁਝ ਜਾਇਜ਼ ਕਾਰਨ ਹਨ ਜਿਨ੍ਹਾਂ ਕਰਕੇ ਦੁਨੀਆਂ ਦੀ ਹਾਲਤ ਇੰਨੀ ਖ਼ਰਾਬ ਹੈ।

“ਸਰੀਰ ਵਿੱਚ ਇੱਕ ਕੰਡਾ”

ਪਰਮੇਸ਼ੁਰ ਦੇ ਇਕ ਹੋਰ ਵਫ਼ਾਦਾਰ ਸੇਵਕ ਪੌਲੁਸ ਨੇ ਪਰਮੇਸ਼ੁਰ ਨੂੰ ਤਿੰਨ ਵਾਰ ਦੁਹਾਈ ਦਿੱਤੀ ਕਿ ਉਹ ਉਸ ਦੇ “ਸਰੀਰ ਵਿੱਚੋਂ ਇਕ ਕੰਡਾ” ਕੱਢ ਸੁੱਟੇ ਜਿਸ ਤੋਂ ਉਹ ਬਹੁਤ ਦੁਖੀ ਸੀ। ਇਹ “ਕੰਡਾ” ਜੋ ਵੀ ਸੀ, ਉਸ ਤੋਂ ਪੌਲੁਸ ਬਹੁਤ ਤੰਗ ਆ ਚੁੱਕਾ ਸੀ ਜਿਸ ਕਰਕੇ ਉਹ ਪਰਮੇਸ਼ੁਰ ਦੀ ਸੇਵਾ ਵਿਚ ਠੰਢਾ ਵੀ ਪੈ ਸਕਦਾ ਸੀ। ਪੌਲੁਸ ਨੇ ਇਸ ਕੰਡੇ ਦੀ ਤੁਲਨਾ ਲਗਾਤਾਰ ਮੁੱਕੇ ਲੱਗਣ ਨਾਲ ਕੀਤੀ ਸੀ। ਯਹੋਵਾਹ ਦਾ ਉਸ ਨੂੰ ਜਵਾਬ ਸੀ: “ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ ਕਿਉਂ ਜੋ ਮੇਰੀ ਸਮਰੱਥਾ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ।” ਯਹੋਵਾਹ ਨੇ ਪੌਲੁਸ ਦੇ ਸਰੀਰ ਵਿੱਚੋਂ ਕੰਡਾ ਕੱਢਿਆ ਨਹੀਂ ਸੀ। ਪੌਲੁਸ ਨੂੰ ਇਹ ਸਮੱਸਿਆ ਲਗਾਤਾਰ ਸਹਿਣੀ ਪਈ, ਪਰ ਉਸ ਨੇ ਕਿਹਾ: “ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦੋਂ ਹੀ ਸਮਰਥੀ ਹੁੰਦਾ ਹਾਂ।” (2 ਕੁਰਿੰ. 12:7-10) ਉਸ ਦਾ ਕੀ ਮਤਲਬ ਸੀ?

ਇਹ ਸੱਚ ਹੈ ਕਿ ਪੌਲੁਸ ਦੀ ਤਕਲੀਫ਼ ਦੂਰ ਨਹੀਂ ਕੀਤੀ ਗਈ। ਫਿਰ ਵੀ ਆਪਣੀ ਇਸ ਤਕਲੀਫ਼ ਨਾਲ ਨਜਿੱਠਦਿਆਂ ਵੀ ਪੌਲੁਸ ਯਹੋਵਾਹ ਦੀ ਸੇਵਾ ਵਿਚ ਵੱਡੇ-ਵੱਡੇ ਕੰਮ ਕਰ ਪਾਇਆ। ਉਸ ਨੇ ਹਮੇਸ਼ਾ ਯਹੋਵਾਹ ਉੱਤੇ ਭਰੋਸਾ ਰੱਖਿਆ ਤੇ ਸਹਾਇਤਾ ਲਈ ਉਸ ਨੂੰ ਅਰਦਾਸ ਕੀਤੀ। (ਫ਼ਿਲਿ. 4:6, 7) ਆਪਣੇ ਜੀਵਨ ਦੇ ਆਖ਼ਰੀ ਦਿਨਾਂ ’ਚ ਉਹ ਕਹਿ ਸਕਿਆ: “ਮੈਂ ਅੱਛੀ ਲੜਾਈ ਲੜ ਚੁੱਕਾ ਹਾਂ, ਮੈਂ ਦੌੜ ਮੁਕਾ ਛੱਡੀ, ਮੈਂ ਨਿਹਚਾ ਦੀ ਸਾਂਭ ਕੀਤੀ ਹੈ।”​—⁠2 ਤਿਮੋ. 4:7.

ਆਪਣੀ ਮਰਜ਼ੀ ਪੂਰੀ ਕਰਾਉਣ ਲਈ ਯਹੋਵਾਹ ਨਾਮੁਕੰਮਲ ਇਨਸਾਨਾਂ ਨੂੰ ਵਰਤ ਰਿਹਾ ਹੈ। ਭਾਵੇਂ ਉਨ੍ਹਾਂ ਵਿਚ ਬਹੁਤ ਸਾਰੀਆਂ ਕਮੀਆਂ-ਕਮਜ਼ੋਰੀਆਂ ਹਨ, ਪਰ ਉਹ ਉਸ ਦੀ ਸੇਵਾ ਵਿਚ ਜੋ ਕੁਝ ਕਰ ਪਾਉਂਦੇ ਹਨ, ਉਸ ਦਾ ਸਾਰਾ ਸਿਹਰਾ ਯਹੋਵਾਹ ਨੂੰ ਜਾਂਦਾ ਹੈ। ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਯਹੋਵਾਹ ਉਨ੍ਹਾਂ ਨੂੰ ਬੁੱਧ ਤੇ ਸੇਧ ਦਿੰਦਾ ਹੈ ਤਾਂਕਿ ਉਹ ਉਸ ਦੀ ਸੇਵਾ ਵਿਚ ਆਪਣਾ ਜੋਸ਼ ਬਰਕਰਾਰ ਰੱਖ ਸਕਣ। ਹਾਂ, ਇਨਸਾਨਾਂ ਦੀਆਂ ਕਮੀਆਂ ਦੇ ਬਾਵਜੂਦ ਯਹੋਵਾਹ ਉਨ੍ਹਾਂ ਨੂੰ ਵੱਡੇ-ਵੱਡੇ ਕੰਮ ਕਰਨ ਲਈ ਵਰਤ ਰਿਹਾ ਹੈ।

ਪੌਲੁਸ ਨੇ ਦੱਸਿਆ ਕਿ ਯਹੋਵਾਹ ਨੇ ਸਰੀਰ ’ਚੋਂ ਕੰਡਾ ਕਿਉਂ ਨਹੀਂ ਕੱਢਿਆ: “ਤਾਂ ਜੋ ਮੈਂ ਹੱਦੋਂ ਬਾਹਰ ਫੁੱਲ ਨਾ ਜਾਵਾਂ।” (2 ਕੁਰਿੰ. 12:7) ਉਸ ‘ਕੰਡੇ’ ਨੇ ਉਸ ਨੂੰ ਇਸ ਗੱਲ ਦਾ ਯਾਦ ਦਿਲਾਇਆ ਕਿ ਉਹ ਸਿਰਫ਼ ਇਕ ਮਾਮੂਲੀ ਇਨਸਾਨ ਸੀ ਤੇ ਉਸ ਨੂੰ ਨਿਮਰ ਰਹਿਣ ਦੀ ਲੋੜ ਸੀ। ਯਿਸੂ ਨੇ ਕਿਹਾ ਸੀ: “ਜੋ ਕੋਈ ਆਪਣੇ ਆਪ ਨੂੰ ਉੱਚਾ ਕਰੇਗਾ ਸੋ ਨੀਵਾਂ ਕੀਤਾ ਜਾਵੇਗਾ ਅਤੇ ਜੋ ਕੋਈ ਆਪਣੇ ਆਪ ਨੂੰ ਨੀਵਾਂ ਕਰੇਗਾ ਸੋ ਉੱਚਾ ਕੀਤਾ ਜਾਵੇਗਾ।” (ਮੱਤੀ 23:12) ਅਜ਼ਮਾਇਸ਼ਾਂ ਯਹੋਵਾਹ ਦੇ ਸੇਵਕਾਂ ਨੂੰ ਇਸ ਗੱਲ ਦਾ ਅਹਿਸਾਸ ਦਿਲਾ ਸਕਦੀਆਂ ਹਨ ਕਿ ਉਹ ਆਪਣੇ ਬਲ ਤੇ ਕੁਝ ਨਹੀਂ ਕਰ ਸਕਦੇ, ਸਗੋਂ ਇਨ੍ਹਾਂ ਦਾ ਸਾਮ੍ਹਣਾ ਕਰਨ ਲਈ ਉਨ੍ਹਾਂ ਨੂੰ ਯਹੋਵਾਹ ’ਤੇ ਭਰੋਸਾ ਰੱਖਣ ਦੀ ਲੋੜ ਹੈ। ਫਿਰ ਉਹ ਪੌਲੁਸ ਵਾਂਗ ‘ਯਹੋਵਾਹ ਵਿੱਚ ਅਭਮਾਨ ਕਰ’ ਸਕਣਗੇ।​—⁠1 ਕੁਰਿੰ. 1:31.

ਨਜ਼ਰ ਨਾ ਆਉਣ ਵਾਲੀਆਂ ਕਮਜ਼ੋਰੀਆਂ

ਕਈਆਂ ਨੂੰ ਸ਼ਾਇਦ ਪਤਾ ਨਾ ਹੋਵੇ ਕਿ ਉਨ੍ਹਾਂ ਵਿਚ ਕਮਜ਼ੋਰੀਆਂ ਜਾਂ ਗ਼ਲਤ ਇੱਛਾਵਾਂ ਹਨ ਜਾਂ ਫਿਰ ਜੇ ਉਨ੍ਹਾਂ ਨੂੰ ਪਤਾ ਹੈ, ਤਾਂ ਉਹ ਸ਼ਾਇਦ ਮੰਨਣ ਤੋਂ ਇਨਕਾਰ ਕਰਨ। ਮਿਸਾਲ ਲਈ, ਕੋਈ ਆਪਣੀ ਸਮਝ ਜਾਂ ਕਾਬਲੀਅਤਾਂ ’ਤੇ ਕੁਝ ਜ਼ਿਆਦਾ ਹੀ ਮਾਣ ਕਰਦਾ ਹੋਵੇ। (1 ਕੁਰਿੰ. 10:12) ਸ਼ਾਇਦ ਕੋਈ ਹੋਰ ਸ਼ੁਹਰਤ ਕਮਾਉਣ ਦੀ ਇੱਛਾ ਰੱਖਦਾ ਹੋਵੇ।

ਰਾਜਾ ਦਾਊਦ ਦੀ ਫ਼ੌਜ ਦਾ ਸੈਨਾਪਤੀ ਯੋਆਬ ਬਹਾਦਰ, ਫੁਰਤੀਲਾ ਤੇ ਚੁਸਤ ਬੰਦਾ ਸੀ। ਪਰ ਮਸ਼ਹੂਰੀ ਖੱਟਣ ਦੇ ਲਾਲਚ ਵਿਚ ਆ ਕੇ ਉਹ ਘੋਰ ਪਾਪ ਕਰ ਬੈਠਾ ਜਿਸ ਤੋਂ ਪੱਤਾ ਚੱਲਦਾ ਹੈ ਕਿ ਘਮੰਡ ਨੇ ਉਸ ਦੇ ਦਿਲ ਵਿਚ ਜੜ੍ਹ ਫੜ ਲਿਆ ਸੀ। ਉਸ ਨੇ ਬੇਰਹਿਮੀ ਨਾਲ ਦੋ ਸੈਨਾਪਤੀਆਂ ਦਾ ਕਤਲ ਕੀਤਾ। ਬਦਲਾ ਲੈਣ ਦੀ ਅੱਗ ਵਿਚ ਪਹਿਲਾਂ ਤਾਂ ਉਸ ਨੇ ਅਬਨੇਰ ਦਾ ਕਤਲ ਕੀਤਾ ਤੇ ਫਿਰ ਆਪਣੀ ਮਾਸੀ ਦੇ ਮੁੰਡੇ ਅਮਾਸਾ ਦਾ। ਅਮਾਸਾ ਦੀ ਸੁੱਖ-ਸਾਂਦ ਪੁੱਛਣ ਦੇ ਬਹਾਨੇ ਯੋਆਬ ਉਹ ਦੇ ਕੋਲ ਗਿਆ। ਉਸ ਨੇ ਅਮਾਸਾ ਦੀ ਦਾਹੜੀ ਸੱਜੇ ਹੱਥ ਨਾਲ ਫੜ ਲਈ ਤੇ ਜਿਉਂ ਹੀ ਉਸ ਨੂੰ ਚੁੰਮਣ ਲਈ ਅੱਗੇ ਵਧਿਆ, ਤਾਂ ਖੱਬੇ ਹੱਥ ਨਾਲ ਤਲਵਾਰ ਉਸ ਦੇ ਢਿੱਡ ਵਿਚ ਗੱਡ ਦਿੱਤੀ। (2 ਸਮੂ. 17:25; 20:8-10) ਅਮਾਸਾ ਨੂੰ ਯੋਆਬ ਦੀ ਜਗ੍ਹਾ ਸੈਨਾਪਤੀ ਬਣਾ ਲਿਆ ਗਿਆ ਸੀ ਤੇ ਯੋਆਬ ਨੇ ਆਪਣੇ ਇਸ ਦੁਸ਼ਮਣ ਦਾ ਟਾਕਰਾ ਕਰ ਕੇ ਉਸ ਨੂੰ ਰਾਹ ਵਿੱਚੋਂ ਹਟਾ ਦਿੱਤਾ। ਸ਼ਾਇਦ ਉਹ ਸੋਚ ਰਿਹਾ ਸੀ ਕਿ ਉਸ ਨੂੰ ਫਿਰ ਤੋਂ ਸੈਨਾਪਤੀ ਬਣਾ ਦਿੱਤਾ ਜਾਵੇਗਾ। ਯੋਆਬ ਦੇ ਕਾਰਨਾਮਿਆਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਉਸ ਨੇ ਆਪਣੇ ’ਤੇ ਜ਼ਰਾ ਵੀ ਕਾਬੂ ਨਹੀਂ ਰੱਖਿਆ। ਉਹ ਇਕ ਜ਼ਾਲਮ ਆਦਮੀ ਸੀ ਜਿਸ ਨੂੰ ਆਪਣੀ ਕੀਤੀ ਤੇ ਕੋਈ ਪਛਤਾਵਾ ਨਹੀਂ ਸੀ। ਜਦੋਂ ਰਾਜਾ ਦਾਊਦ ਆਪਣੇ ਆਖ਼ਰੀ ਸਾਹ ਲੈ ਰਿਹਾ ਸੀ, ਤਾਂ ਉਸ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਕਿਹਾ ਕਿ ਉਹ ਯੋਆਬ ਨੂੰ ਉਸ ਦੀ ਕੀਤੀ ਦੀ ਸਜ਼ਾ ਜ਼ਰੂਰ ਦੇਵੇ।​—⁠1 ਰਾਜ. 2:5, 6, 29-35.

ਸਾਨੂੰ ਗ਼ਲਤ ਇੱਛਾਵਾਂ ਨੂੰ ਆਪਣੇ ’ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਅਸੀਂ ਆਪਣੀਆਂ ਕਮਜ਼ੋਰੀਆਂ ’ਤੇ ਕਾਬੂ ਪਾ ਸਕਦੇ ਹਾਂ। ਅਸੀਂ ਤਾਂ ਹੀ ਇੱਦਾਂ ਕਰ ਸਕਦੇ ਹਾਂ ਜੇ ਅਸੀਂ ਪਹਿਲਾਂ ਮੰਨਾਂਗੇ ਕਿ ਸਾਡੇ ਵਿਚ ਕਮਜ਼ੋਰੀਆਂ ਹਨ। ਇਨ੍ਹਾਂ ਨੂੰ ਆਪਣੇ ਵੱਸ ਵਿਚ ਕਰਨ ਲਈ ਅਸੀਂ ਯਹੋਵਾਹ ਤੋਂ ਮਦਦ ਮੰਗ ਸਕਦੇ ਹਾਂ ਅਤੇ ਉਸ ਦੇ ਬਚਨ ਬਾਈਬਲ ਦੀ ਸਲਾਹ ਨੂੰ ਲਾਗੂ ਕਰ ਸਕਦੇ ਹਾਂ। (ਇਬ. 4:12) ਸਾਨੂੰ ਆਪਣੀਆਂ ਕਮਜ਼ੋਰੀਆਂ ’ਤੇ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਤੇ ਹਾਰ ਨਹੀਂ ਮੰਨਣੀ ਚਾਹੀਦੀ। ਹੋ ਸਕਦਾ ਹੈ ਕਿ ਜਦ ਤਾਈਂ ਨਵੀਂ ਦੁਨੀਆਂ ਨਹੀਂ ਆਉਂਦੀ, ਉਦੋਂ ਤਾਈਂ ਸਾਨੂੰ ਸੰਘਰਸ਼ ਕਰਦੇ ਰਹਿਣਾ ਪਵੇ। ਪੌਲੁਸ ਨੂੰ ਵੀ ਸਾਰੀ ਉਮਰ ਸੰਘਰਸ਼ ਕਰਨਾ ਪਿਆ। ਉਸ ਨੇ ਲਿਖਿਆ: “ਮੈਂ ਉਹ ਨਹੀਂ ਕਰਦਾ ਜੋ ਚਾਹੁੰਦਾ ਹਾਂ ਸਗੋਂ ਉਹ ਕਰਦਾ ਹਾਂ ਜਿਸ ਤੋਂ ਮੈਨੂੰ ਘਿਣ ਆਉਂਦੀ ਹੈ।” ਬੇਸ਼ੱਕ ਪੌਲੁਸ ਦੀਆਂ ਕਮੀਆਂ-ਕਮਜ਼ੋਰੀਆਂ ਨੇ ਉਸ ਦੀ ਜ਼ਿੰਦਗੀ ਨੂੰ ਔਖੀ ਬਣਾ ਦਿੱਤਾ ਸੀ, ਪਰ ਉਸ ਨੇ ਯਿਸੂ ਦੇ ਜ਼ਰੀਏ ਪਰਮੇਸ਼ੁਰ ਦੀ ਮਦਦ ਨਾਲ ਉਨ੍ਹਾਂ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਨਹੀਂ ਛੱਡੀ। (ਰੋਮੀ. 7:15-25) ਪੌਲੁਸ ਨੇ ਕਿਹਾ: “[ਮੈਂ] ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹ ਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ ਭਈ ਐਉਂ ਨਾ ਹੋਵੇ ਜੋ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰ ਕੇ ਆਪ ਅਪਰਵਾਨ ਹੋ ਜਾਵਾਂ।”​—⁠1 ਕੁਰਿੰ. 9:⁠27.

ਇਨਸਾਨ ਕਈ ਵਾਰ ਗ਼ਲਤੀਆਂ ਕਰਨ ਤੇ ਬਹਾਨੇ ਬਣਾਉਂਦੇ ਹਨ। ਪਰ ਯਹੋਵਾਹ ਦੇ ਲੋਕਾਂ ਨੂੰ ਗ਼ਲਤੀਆਂ ਬਾਰੇ ਉਸ ਦਾ ਨਜ਼ਰੀਆ ਅਪਣਾਉਣ ਦੀ ਲੋੜ ਹੈ। ਪੌਲੁਸ ਨੇ ਮਸੀਹੀਆਂ ਨੂੰ ਕਿਹਾ: “ਬੁਰਿਆਈ ਤੋਂ ਸੂਗ ਕਰੋ, ਭਲਿਆਈ ਨਾਲ ਮਿਲੇ ਰਹੋ।” (ਰੋਮੀ. 12:9) ਇਸ ਲਈ ਆਪਣੀਆਂ ਕਮੀਆਂ-ਕਮਜ਼ੋਰੀਆਂ ’ਤੇ ਕਾਬੂ ਪਾਉਣ ਲਈ ਸਾਨੂੰ ਆਪਣੇ ਆਪ ਨਾਲ ਪਹਿਲਾਂ ਈਮਾਨਦਾਰ ਹੋਣ ਦੀ ਲੋੜ ਹੈ। ਨਾਲੇ ਸਾਨੂੰ ਆਪਣੇ ਆਪ ਨਾਲ ਸਖ਼ਤੀ ਵੀ ਵਰਤਣ ਦੀ ਲੋੜ ਹੈ। ਦਾਊਦ ਨੇ ਯਹੋਵਾਹ ਨੂੰ ਕਿਹਾ: “ਮੇਰੇ ਗੁਰਦੇ ਅਤੇ ਮੇਰੇ ਦਿਲ ਨੂੰ ਜਾਚ।” (ਜ਼ਬੂ. 26:2) ਦਾਊਦ ਜਾਣਦਾ ਸੀ ਕਿ ਯਹੋਵਾਹ ਸਾਡੇ ਦਿਲ ਅੰਦਰ ਹਰੇਕ ਗੱਲ ਨੂੰ ਜਾਣਦਾ ਹੈ ਅਤੇ ਉਸ ਮੁਤਾਬਕ ਮਦਦ ਦਿੰਦਾ ਹੈ। ਉਸ ਦੇ ਬਚਨ ਅਤੇ ਸ਼ਕਤੀ ਦੀ ਸੇਧ ਵਿਚ ਚੱਲ ਕੇ ਅਸੀਂ ਆਪਣੀਆਂ ਕਮਜ਼ੋਰੀਆਂ ਤੇ ਫਤਹਿ ਪਾ ਸਕਦੇ ਹਾਂ।

ਕਈਆਂ ਨੂੰ ਇਹ ਪਰੇਸ਼ਾਨੀ ਹੈ ਕਿ ਉਹ ਆਪਣੀਆਂ ਕਮਜ਼ੋਰੀਆਂ ਨਾਲ ਆਪ ਨਜਿੱਠ ਨਹੀਂ ਸਕਦੇ। ਇਸ ਮਾਮਲੇ ਵਿਚ ਕਲੀਸਿਯਾ ਦੇ ਬਜ਼ੁਰਗ ਉਨ੍ਹਾਂ ਦੀ ਪਿਆਰ ਨਾਲ ਮਦਦ ਕਰ ਸਕਦੇ ਹਨ। (ਯਸਾ. 32:1, 2) ਪਰ ਇਹ ਗੱਲ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਉਨ੍ਹਾਂ ਕੋਲ ਸ਼ਾਇਦ ਸਾਡੇ ਮਸਲੇ ਦਾ ਹੱਲ ਨਾ ਹੋਵੇ। ਕਈ ਮਸਲਿਆਂ ਦਾ ਹੱਲ ਯਹੋਵਾਹ ਨਵੇਂ ਸੰਸਾਰ ਵਿਚ ਹੀ ਕਰੇਗਾ। ਫਿਰ ਵੀ ਹਿੰਮਤ ਨਾ ਹਾਰਦੇ ਹੋਏ ਕਈਆਂ ਨੇ ਆਪਣੀਆਂ ਮੁਸ਼ਕਲਾਂ ਨਾਲ ਜੀਣਾ ਸਿੱਖ ਲਿਆ ਹੈ ਤੇ ਜ਼ਿੰਦਗੀ ਵਿਚ ਕਈ ਕੁਝ ਕੀਤਾ ਹੈ।

ਯਹੋਵਾਹ ਸਾਨੂੰ ਸਹਾਰਾ ਦੇਵੇਗਾ

ਸਾਨੂੰ ਇਨ੍ਹਾਂ ਕਠਿਨ ਸਮਿਆਂ ਵਿਚ ਜੋ ਮਰਜ਼ੀ ਮੁਸ਼ਕਲਾਂ ਝੱਲਣੀਆਂ ਪੈਣ, ਪਰ ਅਸੀਂ ਇਸ ਗੱਲ ਦਾ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਸੰਭਾਲੇਗਾ। ਬਾਈਬਲ ਸਾਨੂੰ ਤਾਕੀਦ ਕਰਦੀ ਹੈ: “ਆਪਣੇ ਆਪ ਨੂੰ ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੋ ਭਈ ਉਹ ਤੁਹਾਨੂੰ ਵੇਲੇ ਸਿਰ ਉੱਚਿਆ ਕਰੇ ਅਤੇ ਆਪਣੀ ਸਾਰੀ ਚਿੰਤਾ ਓਸ ਉੱਤੇ ਸੁਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।”​—⁠1 ਪਤ. 5:6, 7.

ਕੈਥੀ ਬੈਥਲ ਵਿਚ ਕਈ ਸਾਲਾਂ ਤੋਂ ਸੇਵਾ ਕਰਦੀ ਹੈ। ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਨੂੰ ਅਲਜ਼ਹਾਏਮੀਰ ਦਾ ਰੋਗ ਹੈ, ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੂੰ ਪਤਾ ਨਾ ਲੱਗੇ ਕਿ ਉਹ ਕੀ ਕਰੇ। ਉਹ ਹਰ ਰੋਜ਼ ਸਮਝ ਤੇ ਮਨ ਦੀ ਸ਼ਾਂਤੀ ਲਈ ਯਹੋਵਾਹ ਨੂੰ ਦੁਆ ਕਰਦੀ ਰਹੀ। ਜਿਵੇਂ-ਜਿਵੇਂ ਉਸ ਦੇ ਪਤੀ ਦੀ ਹਾਲਤ ਵਿਗੜਦੀ ਗਈ, ਤਾਂ ਭਰਾਵਾਂ ਨੇ ਸਮਾਂ ਕੱਢ ਕੇ ਉਸ ਰੋਗ ਬਾਰੇ ਹੋਰ ਵੀ ਸਿੱਖਿਆ ਲਈ ਤਾਂਕਿ ਉਹ ਕੈਥੀ ਦੇ ਪਤੀ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ ਸਕਣ। ਇਸ ਤੋਂ ਇਲਾਵਾ ਭੈਣਾਂ ਨੇ ਵੀ ਸਮਾਂ ਕੱਢ ਕੇ ਉਨ੍ਹਾਂ ਦੋਹਾਂ ਦਾ ਹੌਸਲਾ ਮਜ਼ਬੂਤ ਕੀਤਾ। ਇਹ ਸਾਰਾ ਇੰਤਜ਼ਾਮ ਯਹੋਵਾਹ ਦੇ ਪਿਆਰ ਦਾ ਸਬੂਤ ਸੀ। ਕੈਥੀ ਦੇ ਪਤੀ ਦੀ ਮੌਤ ਗਿਆਰਾਂ ਸਾਲਾਂ ਬਾਅਦ ਹੋਈ। ਆਖ਼ਰੀ ਪਲ ਤਕ ਕੈਥੀ ਉਸ ਦੀ ਦੇਖ-ਭਾਲ ਕਰਦੀ ਰਹੀ। ਉਸ ਨੇ ਕਿਹਾ: “ਯਹੋਵਾਹ ਦੀ ਸਹਾਇਤਾ ਲਈ ਮੈਂ ਪੂਰੇ ਦਿਲੋਂ ਧੰਨਵਾਦੀ ਹਾਂ। ਮੈਂ ਆਪਣੀ ਤਾਕਤ ਨਾਲ ਇਹ ਨਹੀਂ ਕਰ ਸਕਦੀ ਸੀ। ਮੇਰਾ ਮਨ ਕਈ ਵਾਰ ਭਰ ਆਉਂਦਾ ਅਤੇ ਕਈ-ਕਈ ਦਿਨ ਮੈਂ ਥੱਕ-ਟੁੱਟ ਜਾਂਦੀ। ਇਨ੍ਹਾਂ ਮੁਸ਼ਕਲ ਘੜੀਆਂ ਵਿਚ ਯਹੋਵਾਹ ਨੇ ਹੀ ਸਹਾਰਾ ਦਿੱਤਾ।”

ਕਮਜ਼ੋਰੀਆਂ ’ਤੇ ਕਾਬੂ ਪਾਉਣ ਲਈ ਮਦਦ

ਜਦੋਂ ਕੋਈ ਆਪਣੇ ਆਪ ਵਿਚ ਹੀ ਘਟੀਆ ਮਹਿਸੂਸ ਕਰਨ ਲੱਗਦਾ ਹੈ, ਤਾਂ ਉਹ ਸ਼ਾਇਦ ਸੋਚ ਬੈਠੇ ਕਿ ਯਹੋਵਾਹ ਉਸ ਦੀ ਦੁਹਾਈ ਦਾ ਹੁੰਗਾਰਾ ਨਹੀਂ ਦੇਵੇਗਾ। ਉਸ ਵੇਲੇ ਦਾਊਦ ਦੀ ਮਿਸਾਲ ’ਤੇ ਵਿਚਾਰ ਕਰਨਾ ਚੰਗਾ ਹੋਵੇਗਾ ਜਦੋਂ ਉਹ ਬਥ-ਸ਼ਬਾ ਨਾਲ ਵਿਭਚਾਰ ਕਰ ਕੇ ਪਛਤਾਇਆ। ਉਸ ਨੇ ਦੁਹਾਈ ਦਿੱਤੀ: “ਹੇ ਪਰਮੇਸ਼ੁਰ, ਟੁੱਟੇ ਅਤੇ ਆਜਿਜ਼ ਦਿਲ ਨੂੰ ਤੂੰ ਤੁੱਛ ਨਾ ਜਾਣੇਂਗਾ।” (ਜ਼ਬੂ. 51:17) ਦਾਊਦ ਨੇ ਸੱਚੇ ਦਿਲੋਂ ਤੋਬਾ ਕੀਤੀ ਅਤੇ ਉਸ ਨੇ ਭਰੋਸਾ ਰੱਖਿਆ ਕਿ ਪਰਮੇਸ਼ੁਰ ਉਸ ਉੱਤੇ ਦਇਆ ਕਰੇਗਾ। ਯਿਸੂ ਵੀ ਯਹੋਵਾਹ ਵਾਂਗ ਹਰ ਦੁੱਖ ਵਿਚ ਸਾਡਾ ਦਰਦੀ ਹੈ। ਇੰਜੀਲ ਦੇ ਲਿਖਾਰੀ ਮੱਤੀ ਨੇ ਯਸਾਯਾਹ ਦੇ ਇਹ ਸ਼ਬਦ ਯਿਸੂ ’ਤੇ ਲਾਗੂ ਕੀਤੇ: “ਉਹ ਲਿਤਾੜੇ ਹੋਏ ਕਾਨੇ ਨੂੰ ਨਾ ਤੋੜੇਗਾ, ਨਾ ਧੁਖਦੀ ਹੋਈ ਸਣ ਨੂੰ ਬੁਝਾਵੇਗਾ।” (ਮੱਤੀ 12:20; ਯਸਾ. 42:3) ਧਰਤੀ ’ਤੇ ਯਿਸੂ ਨੇ ਗ਼ਰੀਬਾਂ ਤੇ ਦੁਖੀਆਂ ਨਾਲ ਹਮਦਰਦੀ ਜਤਾਈ। ਮਾਨੋ ਕਿ ਉਸ ਨੇ ਉਨ੍ਹਾਂ ਦੇ ਜੀਵਨ ਦੀ ਆਖ਼ਰੀ ਉਮੀਦ ਨੂੰ ਬੁੱਝਣ ਨਹੀਂ ਦਿੱਤਾ ਜੋ ਕਿ ਦੀਵੇ ਦੀ ਉਸ ਬੱਤੀ ਦੀ ਤਰ੍ਹਾਂ ਸੀ ਜੋ ਬਸ ਬੁੱਝਣ ਹੀ ਵਾਲੀ ਸੀ। ਨਹੀਂ, ਬਲਕਿ ਉਸ ਨੇ ਉਨ੍ਹਾਂ ਦੀ ਉਮੀਦ ਨੂੰ ਬਰਕਰਾਰ ਰੱਖਿਆ। ਹਾਂ, ਯਿਸੂ ਇਨਸਾਨਾਂ ਨਾਲ ਇਸ ਤਰ੍ਹਾਂ ਪੇਸ਼ ਆਇਆ। ਕੀ ਤੁਸੀਂ ਯਕੀਨ ਕਰਦੇ ਹੋ ਕਿ ਯਿਸੂ ਹਾਲੇ ਵੀ ਤੁਹਾਡੇ ਦੁੱਖ ਸਮਝਦਾ ਹੈ? ਧਿਆਨ ਦਿਓ ਕਿ ਇਬਰਾਨੀਆਂ 4:15 ਵਿਚ ਉਸੇ ਦੇ ਬਾਰੇ ਦੱਸਿਆ ਹੈ ਜੋ “ਸਾਡੀਆਂ ਦੁਰਬਲਤਾਈਆਂ ਵਿੱਚ ਸਾਡਾ ਦਰਦੀ” ਹੈ।

ਪੌਲੁਸ ਨੇ ‘ਸਰੀਰ ਵਿੱਚ ਕੰਡੇ’ ਬਾਰੇ ਲਿਖਦੇ ਹੋਏ ਯਿਸੂ ਦੀ ਸਮਰਥਾ ਯਾਨੀ ਤਾਕਤ ਦਾ ਜ਼ਿਕਰ ਕੀਤਾ ਜੋ ਇਕ ਸੁਰੱਖਿਅਤ ਤੰਬੂ ਦੀ ਤਰ੍ਹਾਂ ਉਸ ਉੱਤੇ ‘ਸਾਯਾ ਕਰਦੀ’ ਸੀ। (2 ਕੁਰਿੰ. 12:7-9) ਯਿਸੂ ਦੇ ਜ਼ਰੀਏ ਪਰਮੇਸ਼ੁਰ ਨੇ ਪੌਲੁਸ ਨੂੰ ਬਚਾ ਕੇ ਰੱਖਿਆ ਜਿਵੇਂ ਇਕ ਤੰਬੂ ਖ਼ਰਾਬ ਮੌਸਮ ਤੋਂ ਕਿਸੇ ਨੂੰ ਬਚਾ ਕੇ ਰੱਖਦਾ ਹੈ। ਤਾਂ ਫਿਰ ਪੌਲੁਸ ਵਾਂਗ ਅਸੀਂ ਵੀ ਆਪਣੀਆਂ ਕਮੀਆਂ-ਕਮਜ਼ੋਰੀਆਂ ਅੱਗੇ ਝੁਕਾਂਗੇ ਨਹੀਂ। ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਬਰਕਰਾਰ ਰੱਖਣ ਲਈ ਅਸੀਂ ਉਨ੍ਹਾਂ ਸਾਰੇ ਪ੍ਰਬੰਧਾਂ ਦਾ ਫ਼ਾਇਦਾ ਉਠਾ ਸਕਦੇ ਹਾਂ ਜੋ ਯਹੋਵਾਹ ਨੇ ਕਲੀਸਿਯਾ ਰਾਹੀਂ ਕੀਤੇ ਹਨ। ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨ ਤੋਂ ਬਾਅਦ ਅਸੀਂ ਸੇਧ ਵਾਸਤੇ ਯਹੋਵਾਹ ਵੱਲ ਤੱਕਾਂਗੇ। ਫਿਰ ਯਹੋਵਾਹ ਦੀ ਸ਼ਕਤੀ ਹਾਸਲ ਕਰਦੇ ਹੋਏ ਅਸੀਂ ਪੌਲੁਸ ਵਾਂਗ ਕਹਿ ਸਕਾਂਗੇ: “ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦੋਂ ਹੀ ਸਮਰਥੀ ਹੁੰਦਾ ਹਾਂ।”​—⁠2 ਕੁਰਿੰ. 12:10.

[ਸਫ਼ਾ 3 ਉੱਤੇ ਤਸਵੀਰ]

ਆਪਣੀ ਸੇਵਕਾਈ ਪੂਰੀ ਕਰਨ ਲਈ ਪੌਲੁਸ ਨੇ ਸੇਧ ਲਈ ਯਹੋਵਾਹ ਨੂੰ ਲਗਾਤਾਰ ਪ੍ਰਾਰਥਨਾ ਕੀਤੀ

[ਸਫ਼ਾ 5 ਉੱਤੇ ਤਸਵੀਰ]

ਰਾਜਾ ਦਾਊਦ ਨੇ ਯੋਆਬ ਨੂੰ ਸੈਨਾਪਤੀ ਬਣਾਇਆ ਸੀ

[ਸਫ਼ਾ 5 ਉੱਤੇ ਤਸਵੀਰ]

ਯੋਆਬ ਨੇ ਅਮਾਸਾ ਦਾ ਕਤਲ ਕੀਤਾ

[ਸਫ਼ਾ 6 ਉੱਤੇ ਤਸਵੀਰ]

ਮੁਸ਼ਕਲਾਂ ਸਹਿਣ ਲਈ ਬਜ਼ੁਰਗ ਬਾਈਬਲ ਤੋਂ ਸਲਾਹ ਦਿੰਦੇ ਹਨ