Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪੌਲੁਸ ਰਸੂਲ ਨੇ ਕਿਹਾ ਸੀ ਕਿ “ਸਾਰਾ ਇਸਰਾਏਲ ਬਚ ਜਾਵੇਗਾ।” (ਰੋਮੀ. 11:26) ਕੀ ਉਸ ਦੇ ਕਹਿਣ ਦਾ ਇਹ ਮਤਲਬ ਸੀ ਕਿ ਇਕ ਸਮਾਂ ਆਵੇਗਾ ਜਦ ਸਾਰੇ ਯਹੂਦੀ ਲੋਕ ਯਿਸੂ ਮਸੀਹ ਦੇ ਚੇਲੇ ਬਣ ਜਾਣਗੇ?

ਨਹੀਂ, ਪੌਲੁਸ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿਉਂਕਿ ਇਕ ਕੌਮ ਦੇ ਤੌਰ ਤੇ ਪੈਦਾਇਸ਼ੀ ਯਹੂਦੀਆਂ ਨੇ ਯਿਸੂ ਨੂੰ ਮਸੀਹਾ ਸਵੀਕਾਰ ਨਹੀਂ ਕੀਤਾ ਸੀ। ਯਿਸੂ ਦੀ ਮੌਤ ਤੋਂ ਬਾਅਦ ਇਹ ਗੱਲ ਸਾਫ਼ ਜ਼ਾਹਰ ਸੀ ਕਿ ਵੱਡੇ ਪੈਮਾਨੇ ਤੇ ਯਹੂਦੀ ਯਿਸੂ ਦੇ ਚੇਲੇ ਨਹੀਂ ਬਣਨਗੇ। ਫਿਰ ਵੀ, ਪੌਲੁਸ ਦੀ ਕਹੀ ਗੱਲ ਸੱਚ ਸੀ ਕਿ “ਸਾਰਾ ਇਸਰਾਏਲ ਬਚ ਜਾਵੇਗਾ।” ਆਓ ਆਪਾਂ ਦੇਖੀਏ ਇਹ ਸੱਚ ਕਿਵੇਂ ਸੀ।

ਯਿਸੂ ਨੇ ਯਹੂਦੀ ਧਾਰਮਿਕ ਆਗੂਆਂ ਨੂੰ ਕਿਹਾ: “ਪਰਮੇਸ਼ੁਰ ਦਾ ਰਾਜ ਤੁਹਾਥੋਂ ਖੋਹਿਆ ਅਤੇ ਪਰਾਈ ਕੌਮ ਨੂੰ ਜਿਹੜੀ ਉਹ ਦੇ ਫਲ ਦੇਵੇ ਦਿੱਤਾ ਜਾਵੇਗਾ।” (ਮੱਤੀ 21:43) ਯਹੋਵਾਹ ਪਰਮੇਸ਼ੁਰ ਨੇ ਇਕ ਨਵੀਂ ਕੌਮ ਨੂੰ ਇਸ ਲਈ ਚੁਣਿਆ ਸੀ ਕਿਉਂਕਿ ਇਸਰਾਏਲ ਨੇ ਇਕ ਕੌਮ ਦੇ ਤੌਰ ਤੇ ਯਿਸੂ ਨੂੰ ਠੁਕਰਾਇਆ ਸੀ। ਇਹ ਨਵੀਂ ਕੌਮ ਮਸਹ ਕੀਤੇ ਹੋਏ ਮਸੀਹੀਆਂ ਦੀ ਬਣੀ ਹੋਈ ਹੈ। ਪੌਲੁਸ ਨੇ ਇਸ ਕੌਮ ਨੂੰ ‘ਪਰਮੇਸ਼ੁਰ ਦਾ ਇਸਰਾਏਲ’ ਕਿਹਾ।​—⁠ਗਲਾ. 6:⁠16.

ਬਾਈਬਲ ਦੇ ਯੂਨਾਨੀ ਹਿੱਸੇ ਦੇ ਕੁਝ ਹੋਰ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ “ਪਰਮੇਸ਼ੁਰ ਦੇ ਇਸਰਾਏਲ” ਦੇ 1,44,000 ਮਸਹ ਕੀਤੇ ਹੋਏ ਮੈਂਬਰ ਹਨ। (ਰੋਮੀ. 8:15-17; ਪਰ. 7:4) ਅਸੀਂ ਜਾਣਦੇ ਹਾਂ ਕਿ ਇਹ ਸਮੂਹ ਸਿਰਫ਼ ਪੈਦਾਇਸ਼ੀ ਯਹੂਦੀਆਂ ਦਾ ਨਹੀਂ ਬਣਿਆ ਹੋਇਆ ਕਿਉਂਕਿ ਪਰਕਾਸ਼ ਦੀ ਪੋਥੀ 5:9, 10 ਮੁਤਾਬਕ ਮਸਹ ਕੀਤੇ ਹੋਏ ਮਸੀਹੀ “ਹਰੇਕ ਗੋਤ, ਭਾਖਿਆ, ਉੱਮਤ ਅਤੇ ਕੌਮ ਵਿੱਚੋਂ” ਹਨ। ਇਹ “ਪਾਤਸ਼ਾਹੀ ਅਤੇ ਜਾਜਕ” ਬਣਨ ਤੋਂ ਇਲਾਵਾ ‘ਧਰਤੀ ਉੱਤੇ ਰਾਜ ਕਰਨ’ ਲਈ ਚੁਣੇ ਗਏ ਹਨ। ਭਾਵੇਂ ਕਿ ਯਹੋਵਾਹ ਨੇ ਇਸਰਾਏਲ ਨੂੰ ਇਕ ਕੌਮ ਦੇ ਤੌਰ ਤੇ ਠੁਕਰਾਇਆ ਸੀ, ਫਿਰ ਵੀ ਇਸ ਕੌਮ ਵਿੱਚੋਂ ਕੁਝ ਲੋਕ ਪਰਮੇਸ਼ੁਰ ਦੀ ਮਿਹਰ ਦੁਬਾਰਾ ਪ੍ਰਾਪਤ ਕਰ ਸਕਦੇ ਸਨ। ਯਿਸੂ ਦੇ ਪਹਿਲੇ ਚੇਲੇ ਅਤੇ ਰਸੂਲ ਯਹੂਦੀ ਕੌਮ ਵਿੱਚੋਂ ਹੀ ਸਨ। ਯਹੂਦੀ ਵੀ ਬਾਕੀ ਦੇ ਇਨਸਾਨਾਂ ਵਾਂਗ ਯਿਸੂ ਮਸੀਹ ਦੇ ਲਹੂ ਨਾਲ ਮੁੱਲ ਲਏ ਗਏ ਸਨ।​—⁠1 ਤਿਮੋ. 2:5, 6; ਇਬ. 2:9; 1 ਪਤ. 1:17-19.

ਭਾਵੇਂ ਪਹਿਲੀ ਸਦੀ ਦੇ ਜ਼ਿਆਦਾਤਰ ਯਹੂਦੀਆਂ ਨੇ ਯਿਸੂ ਨਾਲ ਰਾਜ ਕਰਨ ਦਾ ਮੌਕਾ ਹੱਥੋਂ ਗੁਆ ਦਿੱਤਾ ਸੀ, ਫਿਰ ਵੀ ਪਰਮੇਸ਼ੁਰ ਦਾ ਮਕਸਦ ਅਧੂਰਾ ਨਹੀਂ ਰਿਹਾ। ਯਹੋਵਾਹ ਨੇ ਆਪਣੇ ਨਬੀ ਦੇ ਜ਼ਰੀਏ ਕਿਹਾ ਸੀ: “ਮੇਰਾ ਬਚਨ . . . ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।”​—⁠ਯਸਾ. 55:⁠11.

ਪਰਮੇਸ਼ੁਰ ਦੀ ਇਹ ਗੱਲ ਪੂਰੀ ਹੋ ਕੇ ਹੀ ਰਹੇਗੀ ਕਿ ਉਸ ਦੇ ਪੁੱਤਰ ਨਾਲ ਸਵਰਗ ਵਿਚ 1,44,000 ਮਸਹ ਕੀਤੇ ਹੋਏ ਮਸੀਹੀ ਰਾਜ ਕਰਨਗੇ। ਬਾਈਬਲ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਪਰਮੇਸ਼ੁਰ 1,44,000 ਦੀ ਗਿਣਤੀ ਪੂਰੀ ਕਰੇਗਾ। ਇਨ੍ਹਾਂ ਵਿੱਚੋਂ ਇਕ ਦੀ ਵੀ ਘਾਟ ਨਹੀਂ ਰਹੇਗੀ!​—⁠ਪਰ. 14:1-5.

ਇਸ ਲਈ ਜਦ ਪੌਲੁਸ ਨੇ ਲਿਖਿਆ ਸੀ ਕਿ “ਸਾਰਾ ਇਸਰਾਏਲ ਬਚ ਜਾਵੇਗਾ,” ਤਾਂ ਉਹ ਇਹ ਨਹੀਂ ਕਹਿ ਰਿਹਾ ਸੀ ਕਿ ਯਹੂਦੀ ਵੱਡੀ ਗਿਣਤੀ ਵਿਚ ਯਿਸੂ ਦੇ ਚੇਲੇ ਬਣ ਜਾਣਗੇ। ਇਸ ਦੀ ਬਜਾਇ ਉਹ ਕਹਿ ਰਿਹਾ ਸੀ ਕਿ ਪਰਮੇਸ਼ੁਰ ਦਾ ਇਹ ਮਕਸਦ ਕਿ ਉਸ ਦੇ ਪੁੱਤਰ ਯਿਸੂ ਮਸੀਹ ਨਾਲ 1,44,000 ਮਸਹ ਕੀਤੇ ਹੋਏ ਮਸੀਹੀ ਸਵਰਗ ਵਿਚ ਰਾਜ ਕਰਨਗੇ ਜ਼ਰੂਰ ਪੂਰਾ ਹੋਵੇਗਾ। ਪਰਮੇਸ਼ੁਰ ਦੇ ਮਿਥੇ ਹੋਏ ਸਮੇਂ ਤੇ ਮਸਹ ਕੀਤੇ ਹੋਇਆਂ ਦੀ ਪੂਰੀ ਗਿਣਤੀ ਯਾਨੀ “ਸਾਰਾ ਇਸਰਾਏਲ” ਬਚਾਇਆ ਜਾਵੇਗਾ ਅਤੇ ਪਰਮੇਸ਼ੁਰ ਦੇ ਰਾਜ ਵਿਚ ਬਾਦਸ਼ਾਹਾਂ ਅਤੇ ਜਾਜਕਾਂ ਵਜੋਂ ਰਾਜ ਕਰੇਗਾ।​—⁠ਅਫ਼. 2:⁠8.

[ਸਫ਼ਾ 28 ਉੱਤੇ ਤਸਵੀਰਾਂ]

ਮਸਹ ਕੀਤੇ ਹੋਏ ਮਸੀਹੀ “ਹਰੇਕ ਗੋਤ, ਭਾਖਿਆ, ਉੱਮਤ ਅਤੇ ਕੌਮ ਵਿੱਚੋਂ” ਹਨ