Skip to content

Skip to table of contents

ਬੁਰੇ ਕੰਮਾਂ ਤੋਂ ਭੱਜੋ

ਬੁਰੇ ਕੰਮਾਂ ਤੋਂ ਭੱਜੋ

ਬੁਰੇ ਕੰਮਾਂ ਤੋਂ ਭੱਜੋ

“ਹੇ ਸੱਪਾਂ ਦੇ ਬੱਚਿਓ! ਤੁਹਾਨੂੰ ਆਉਣ ਵਾਲੇ ਕੋਪ ਤੋਂ ਭੱਜਣਾ ਕਿਨ ਦੱਸਿਆ?”​—⁠ਮੱਤੀ 3:⁠7.

1. “ਭੱਜਣਾ” ਲਫ਼ਜ਼ ਸੁਣ ਕੇ ਤੁਹਾਡੇ ਮਨ ਵਿਚ ਬਾਈਬਲ ਦੀਆਂ ਕਿਹੜੀਆਂ ਮਿਸਾਲਾਂ ਆਉਂਦੀਆਂ ਹਨ?

“ਭੱਜਣਾ” ਲਫ਼ਜ਼ ਸੁਣ ਕੇ ਤੁਹਾਡੇ ਮਨ ਵਿਚ ਕੀ ਆਉਂਦਾ ਹੈ? ਕੁਝ ਜਣਿਆਂ ਨੂੰ ਸ਼ਾਇਦ ਸੋਹਣੇ-ਸੁਨੱਖੇ ਨੌਜਵਾਨ ਯੂਸੁਫ਼ ਦੀ ਮਿਸਾਲ ਯਾਦ ਆਵੇ ਜੋ ਪੋਟੀਫ਼ਰ ਦੀ ਤੀਵੀਂ ਕੋਲੋਂ ਭੱਜ ਨਿਕਲਿਆ ਸੀ ਜਦ ਉਸ ਨੇ ਯੂਸੁਫ਼ ਨਾਲ ਲੇਟਣ ਦੀ ਕੋਸ਼ਿਸ਼ ਕੀਤੀ। (ਉਤ. 39:7-12) ਕਈ ਸ਼ਾਇਦ ਉਨ੍ਹਾਂ ਮਸੀਹੀਆਂ ਨੂੰ ਯਾਦ ਕਰਨ ਜੋ 66 ਈਸਵੀ ਵਿਚ ਯਿਸੂ ਦੀ ਇਹ ਚੇਤਾਵਨੀ ਮੰਨ ਕੇ ਯਰੂਸ਼ਲਮ ਵਿੱਚੋਂ ਭੱਜ ਨਿਕਲੇ ਸਨ: “ਜਾਂ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਵੇਖੋ . . . ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਨੂੰ ਭੱਜ ਜਾਣ ਅਤੇ ਓਹ ਜਿਹੜੇ ਉਸ ਦੇ ਵਿੱਚ ਹੋਣ ਸੋ ਨਿੱਕਲ ਜਾਣ।”​—⁠ਲੂਕਾ 21:​20, 21.

2, 3. (ੳ) ਧਾਰਮਿਕ ਆਗੂਆਂ ਨੂੰ ਦਿੱਤੀ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਚੇਤਾਵਨੀ ਦਾ ਕੀ ਮਤਲਬ ਸੀ? (ਅ) ਯਿਸੂ ਨੇ ਯੂਹੰਨਾ ਦੀ ਚੇਤਾਵਨੀ ਨੂੰ ਕਿਵੇਂ ਦੁਹਰਾਇਆ?

2 ਅੱਜ ਹਰ ਦੇਸ਼ ਵਿਚ ਰਹਿੰਦੇ ਯਹੋਵਾਹ ਦੇ ਗਵਾਹਾਂ ਨੂੰ ਸੱਚ-ਮੁੱਚ ਭੱਜਣ ਦੀ ਲੋੜ ਤਾਂ ਨਹੀਂ, ਪਰ ਉਨ੍ਹਾਂ ਨੂੰ ਕਈ ਕੰਮਾਂ ਤੋਂ ‘ਭੱਜਣ’ ਯਾਨੀ ਦੂਰ ਰਹਿਣ ਦੀ ਲੋੜ ਹੈ। ਆਓ ਦੇਖੀਏ ਕਿ ਜਦ ਯਹੂਦੀ ਧਾਰਮਿਕ ਆਗੂ ਯੂਹੰਨਾ ਬਪਤਿਸਮਾ ਦੇਣ ਵਾਲੇ ਕੋਲ ਆਏ ਸਨ, ਤਾਂ ਉਸ ਨੇ ‘ਭੱਜਣ’ ਲਫ਼ਜ਼ ਕਿਸ ਤਰ੍ਹਾਂ ਵਰਤਿਆ ਸੀ। ਇਹ ਆਗੂ ਸੋਚਦੇ ਸਨ ਕਿ ਉਨ੍ਹਾਂ ਨੂੰ ਪਾਪਾਂ ਤੋਂ ਤੋਬਾ ਕਰਨ ਦੀ ਲੋੜ ਨਹੀਂ ਸੀ। ਇਸ ਲਈ ਯੂਹੰਨਾ ਨੇ ਨਿਡਰਤਾ ਨਾਲ ਉਨ੍ਹਾਂ ਪਖੰਡੀਆਂ ਦੀ ਅਸਲੀਅਤ ਲੋਕਾਂ ਸਾਮ੍ਹਣੇ ਜ਼ਾਹਰ ਕਰਦੇ ਹੋਏ ਕਿਹਾ: “ਹੇ ਸੱਪਾਂ ਦੇ ਬੱਚਿਓ! ਤੁਹਾਨੂੰ ਆਉਣ ਵਾਲੇ ਕੋਪ ਤੋਂ ਭੱਜਣਾ ਕਿਨ ਦੱਸਿਆ? ਸੋ ਤੁਸੀਂ ਤੋਬਾ ਜੋਗਾ ਫਲ ਦਿਓ।”​—⁠ਮੱਤੀ 3:7, 8.

3 ਯੂਹੰਨਾ ਇੱਥੇ ਸੱਚ-ਮੁੱਚ ਦੇ ਭੱਜਣ ਦੀ ਗੱਲ ਨਹੀਂ ਕਰ ਰਿਹਾ ਸੀ। ਉਹ ਧਾਰਮਿਕ ਆਗੂਆਂ ਨੂੰ ਪਰਮੇਸ਼ੁਰ ਦੇ ਆਉਣ ਵਾਲੇ ਕ੍ਰੋਧ ਦੇ ਦਿਨ ਬਾਰੇ ਚੇਤਾਵਨੀ ਦੇ ਰਿਹਾ ਸੀ। ਉਸ ਨੇ ਕਿਹਾ ਕਿ ਜੇ ਉਨ੍ਹਾਂ ਨੇ ਉਸ ਦਿਨ ਵਿੱਚੋਂ ਬਚਣਾ ਸੀ, ਤਾਂ ਉਨ੍ਹਾਂ ਨੂੰ ਆਪਣੇ ਪਾਪਾਂ ਤੋਂ ਤੋਬਾ ਕਰਨ ਦੀ ਲੋੜ ਸੀ। ਯਿਸੂ ਨੇ ਨਿਡਰਤਾ ਨਾਲ ਧਾਰਮਿਕ ਆਗੂਆਂ ਦੀ ਨਿੰਦਿਆ ਕੀਤੀ। ਉਨ੍ਹਾਂ ਦੇ ਕੰਮਾਂ ਤੋਂ ਸਾਫ਼ ਪਤਾ ਲੱਗਦਾ ਸੀ ਕਿ ਉਨ੍ਹਾਂ ਦਾ ਅਸਲੀ ਪਿਓ ਸ਼ਤਾਨ ਸੀ। (ਯੂੰਹ. 8:44) ਬਾਅਦ ਵਿਚ ਯੂਹੰਨਾ ਦੀ ਚੇਤਾਵਨੀ ਨੂੰ ਦੁਹਰਾਉਂਦੇ ਹੋਏ ਯਿਸੂ ਨੇ ਧਾਰਮਿਕ ਆਗੂਆਂ ਨੂੰ ‘ਨਾਗਾਂ ਦੇ ਬੱਚੇ’ ਕਿਹਾ ਅਤੇ ਪੁੱਛਿਆ: “ਤੁਸੀਂ ਨਰਕ [ਗ਼ਹੈਨਾ] ਦੇ ਡੰਨੋਂ ਕਿਸ ਬਿਧ ਭੱਜੋਗੇ?” (ਮੱਤੀ 23:33) ਯਿਸੂ ਨੇ “ਗ਼ਹੈਨਾ” ਸ਼ਬਦ ਕਿਉਂ ਵਰਤਿਆ ਸੀ?

4. ਗ਼ਹੈਨਾ ਤੋਂ ਯਿਸੂ ਦਾ ਕੀ ਮਤਲਬ ਸੀ?

4 ਗ਼ਹੈਨਾ ਉਹ ਥਾਂ ਸੀ ਜਿੱਥੇ ਕੂੜਾ-ਕਰਕਟ ਅਤੇ ਮੁਰਦਾ ਜਾਨਵਰਾਂ ਨੂੰ ਜਲਾਇਆ ਜਾਂਦਾ ਸੀ। ਸੋ ਯਿਸੂ ਨੇ ਹਮੇਸ਼ਾ ਦੇ ਨਾਸ਼ ਦਾ ਭਾਵ ਦੇਣ ਲਈ ਗ਼ਹੈਨਾ ਸ਼ਬਦ ਵਰਤਿਆ ਸੀ। (ਸਫ਼ਾ 27 ਦੇਖੋ।) ਉਸ ਦੇ ਕਹਿਣ ਦਾ ਭਾਵ ਸੀ ਕਿ ਉਨ੍ਹਾਂ ਧਾਰਮਿਕ ਆਗੂਆਂ ਨੇ ਹਮੇਸ਼ਾ ਲਈ ਮੌਤ ਦੀ ਗੋਦ ਵਿਚ ਚਲੇ ਜਾਣਾ ਸੀ।

5. ਇਤਿਹਾਸ ਕਿਵੇਂ ਗਵਾਹ ਹੈ ਕਿ ਯੂਹੰਨਾ ਅਤੇ ਯਿਸੂ ਦੀਆਂ ਚੇਤਾਵਨੀਆਂ ਸਹੀ ਸਾਬਤ ਹੋਈਆਂ ਸਨ?

5 ਯਿਸੂ ਤੇ ਉਸ ਦੇ ਚੇਲਿਆਂ ਨੂੰ ਸਤਾ ਕੇ ਯਹੂਦੀ ਆਗੂਆਂ ਨੇ ਆਪਣੇ ਪਾਪ ਹੋਰ ਵੀ ਵਧਾ ਲਏ। ਫਿਰ ਜਿਵੇਂ ਯੂਹੰਨਾ ਅਤੇ ਯਿਸੂ ਨੇ ਚੇਤਾਵਨੀ ਦਿੱਤੀ ਸੀ, ਪਰਮੇਸ਼ੁਰ ਦੇ ਕ੍ਰੋਧ ਦਾ ਦਿਨ ਆ ਗਿਆ। ਇਸ “ਕੋਪ” ਦਾ ਅਸਰ ਯਰੂਸ਼ਲਮ ਅਤੇ ਯਹੂਦਿਯਾ ਉੱਤੇ ਪਿਆ। ਜੇ ਲੋਕਾਂ ਨੇ ਚੇਤਾਵਨੀ ਵੱਲ ਧਿਆਨ ਦਿੱਤਾ ਹੁੰਦਾ, ਤਾਂ ਉਹ ਉੱਥੋਂ ਭੱਜ ਕੇ ਕਿਸੇ ਹੋਰ ਥਾਂ ਜਾ ਸਕਦੇ ਸਨ। ਪਰ ਜਦ 70 ਈਸਵੀ ਵਿਚ ਕ੍ਰੋਧ ਦਾ ਦਿਨ ਆਇਆ, ਤਾਂ ਰੋਮੀ ਫ਼ੌਜਾਂ ਨੇ ਯਰੂਸ਼ਲਮ ਅਤੇ ਇਸ ਦੇ ਮੰਦਰ ਨੂੰ ਤਬਾਹ ਕਰ ਦਿੱਤਾ। ਇਸ ਤਰ੍ਹਾਂ ਦਾ “ਕਸ਼ਟ” ਯਰੂਸ਼ਲਮ ਉੱਤੇ ਪਹਿਲਾਂ ਕਦੇ ਨਹੀਂ ਆਇਆ ਸੀ। ਉਸ ਵੇਲੇ ਬਹੁਤ ਸਾਰੇ ਲੋਕ ਮਾਰੇ ਗਏ ਤੇ ਕਈਆਂ ਨੂੰ ਗ਼ੁਲਾਮ ਬਣਾ ਲਿਆ ਗਿਆ। ਭਵਿੱਖ ਵਿਚ ਇਸ ਤੋਂ ਵੀ ਵੱਡੀ ਇਕ ਤਬਾਹੀ ਆਉਣ ਵਾਲੀ ਹੈ। ਇਹ ਤਬਾਹੀ ਮਸੀਹੀ ਹੋਣ ਦਾ ਦਾਅਵਾ ਕਰਨ ਵਾਲਿਆਂ ਅਤੇ ਹੋਰਨਾਂ ਧਰਮਾਂ ਦੇ ਲੋਕਾਂ ਉੱਤੇ ਆਵੇਗੀ।​—⁠ਮੱਤੀ 24:⁠21.

ਆਉਣ ਵਾਲੇ ਕ੍ਰੋਧ ਤੋਂ ਭੱਜੋ

6. ਪਹਿਲੀ ਸਦੀ ਦੀ ਕਲੀਸਿਯਾ ਵਿਚ ਕੀ ਕੁਝ ਹੋਣ ਲੱਗ ਪਿਆ ਸੀ?

6 ਪਹਿਲੀ ਸਦੀ ਦੇ ਕੁਝ ਮਸੀਹੀਆਂ ਨੇ ਸੱਚਾਈ ਛੱਡ ਕੇ ਹੋਰਨਾਂ ਨੂੰ ਆਪਣੇ ਪਿੱਛੇ ਲਾ ਲਿਆ। (ਰਸੂ. 20:​29, 30) ਯਿਸੂ ਦੇ ਰਸੂਲ ਜਿੰਨਾ ਚਿਰ ਜੀਉਂਦੇ ਰਹੇ, ਉੱਨਾ ਚਿਰ ਉਨ੍ਹਾਂ ਨੇ ਕਲੀਸਿਯਾ ਨੂੰ ਇਨ੍ਹਾਂ ਧਰਮ-ਤਿਆਗੀਆਂ ਤੋਂ ਬਚਾ ਕੇ ਰੱਖਿਆ। ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਝੂਠੇ ਮਸੀਹੀਆਂ ਦੇ ਕਈ ਪੰਥ ਬਣ ਗਏ। ਅੱਜ ਈਸਾਈ-ਜਗਤ ਵਿਚ ਸੈਂਕੜੇ ਹੀ ਧਰਮ ਹਨ ਜਿਨ੍ਹਾਂ ਦੀਆਂ ਸਿੱਖਿਆਵਾਂ ਬਾਈਬਲ ਦੇ ਖ਼ਿਲਾਫ਼ ਹਨ ਅਤੇ ਇਕ-ਦੂਜੀ ਤੋਂ ਵੱਖਰੀਆਂ ਹਨ। ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ “ਕੁਧਰਮ ਦਾ ਪੁਰਖ” ਅਤੇ “ਵਿਨਾਸ ਦਾ ਪੁੱਤ੍ਰ” ਪਰਗਟ ਹੋਵੇਗਾ ਜਿਸ ਨੂੰ ‘ਪ੍ਰਭੁ ਯਿਸੂ ਦਗਧ ਕਰੇਗਾ ਅਤੇ ਆਪਣੇ ਆਉਣ ਦੇ ਪਰਕਾਸ਼ ਨਾਲ ਨਾਸ ਕਰੇਗਾ।’ (2 ਥੱਸ. 2:3, 6-8) ਇਹ “ਕੁਧਰਮ ਦਾ ਪੁਰਖ” ਅਤੇ “ਵਿਨਾਸ ਦਾ ਪੁੱਤ੍ਰ” ਈਸਾਈ-ਜਗਤ ਦਾ ਪਾਦਰੀ ਵਰਗ ਸਾਬਤ ਹੋਇਆ ਹੈ।

7. ਈਸਾਈ-ਜਗਤ ਦੇ ਪਾਦਰੀਆਂ ਨੂੰ “ਕੁਧਰਮ ਦਾ ਪੁਰਖ” ਕਹਿਣਾ ਕਿਉਂ ਢੁਕਵਾਂ ਹੈ?

7 ਈਸਾਈ-ਜਗਤ ਦੇ ਪਾਦਰੀ ਕੁਧਰਮੀ ਹਨ ਕਿਉਂਕਿ ਉਨ੍ਹਾਂ ਨੇ ਲੱਖਾਂ ਲੋਕਾਂ ਨੂੰ ਬਾਈਬਲ ਦੇ ਉਲਟ ਸਿੱਖਿਆਵਾਂ ਮੰਨਣ, ਤਿਉਹਾਰ ਮਨਾਉਣ ਤੇ ਕੰਮ ਕਰਨ ਦੀ ਹੱਲਾਸ਼ੇਰੀ ਦੇ ਕੇ ਉਨ੍ਹਾਂ ਨੂੰ ਕੁਰਾਹੇ ਪਾਇਆ ਹੈ। ਯਿਸੂ ਦੇ ਜ਼ਮਾਨੇ ਦੇ ਧਾਰਮਿਕ ਆਗੂਆਂ ਵਾਂਗ ਅੱਜ ਵੀ ਜਿਹੜੇ ‘ਵਿਨਾਸ ਦੇ ਪੁੱਤ੍ਰ’ ਹਨ, ਉਨ੍ਹਾਂ ਦਾ ਹਮੇਸ਼ਾ ਲਈ ਨਾਸ਼ ਹੋ ਜਾਵੇਗਾ ਤੇ ਉਨ੍ਹਾਂ ਨੂੰ ਦੁਬਾਰਾ ਜ਼ਿੰਦਾ ਨਹੀਂ ਕੀਤਾ ਜਾਵੇਗਾ। (2 ਥੱਸ. 1:6-9) ਪਰ ਉਨ੍ਹਾਂ ਲੋਕਾਂ ਦਾ ਕੀ ਹੋਵੇਗਾ ਜੋ ਈਸਾਈ-ਜਗਤ ਦੇ ਪਾਦਰੀਆਂ ਅਤੇ ਹੋਰਨਾਂ ਧਰਮਾਂ ਦੇ ਠੇਕੇਦਾਰਾਂ ਦੁਆਰਾ ਗੁਮਰਾਹ ਕੀਤੇ ਗਏ ਹਨ? ਇਸ ਸਵਾਲ ਦੇ ਜਵਾਬ ਲਈ ਆਓ ਆਪਾਂ ਉਨ੍ਹਾਂ ਘਟਨਾਵਾਂ ਉੱਤੇ ਗੌਰ ਕਰੀਏ ਜੋ 607 ਈ. ਪੂ. ਵਿਚ ਯਰੂਸ਼ਲਮ ਦਾ ਨਾਸ਼ ਹੋਣ ਤੋਂ ਪਹਿਲਾਂ ਵਾਪਰੀਆਂ ਸਨ।

“ਬਾਬਲ ਦੇ ਵਿਚਕਾਰੋਂ ਨੱਠੋ”

8, 9. (ੳ) ਬਾਬਲ ਵਿਚ ਗ਼ੁਲਾਮ ਯਹੂਦੀਆਂ ਨੂੰ ਯਿਰਮਿਯਾਹ ਨੇ ਕਿਹੜਾ ਸੰਦੇਸ਼ ਦਿੱਤਾ ਸੀ? (ਅ) ਮਾਦੀਆਂ ਅਤੇ ਫਾਰਸੀਆਂ ਦੁਆਰਾ ਬਾਬਲ ਨੂੰ ਜਿੱਤਣ ਤੋਂ ਬਾਅਦ ਯਹੂਦੀ ਕਿਸ ਅਰਥ ਵਿਚ ਨੱਠੇ ਸਨ?

8 ਯਿਰਮਿਯਾਹ ਨਬੀ ਨੇ 607 ਈ. ਪੂ. ਵਿਚ ਹੋਏ ਯਰੂਸ਼ਲਮ ਦੇ ਨਾਸ਼ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ। ਉਸ ਨੇ ਦੱਸਿਆ ਸੀ ਕਿ ਪਰਮੇਸ਼ੁਰ ਦੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਲਿਜਾਇਆ ਜਾਵੇਗਾ, ਪਰ ‘ਸੱਤਰ ਵਰ੍ਹਿਆਂ’ ਬਾਅਦ ਉਹ ਵਾਪਸ ਆਪਣੇ ਵਤਨ ਆ ਜਾਣਗੇ। (ਯਿਰ. 29:4, 10) ਬਾਬਲ ਵਿਚ ਗ਼ੁਲਾਮ ਯਹੂਦੀਆਂ ਨੂੰ ਯਿਰਮਿਯਾਹ ਨੇ ਇਕ ਜ਼ਰੂਰੀ ਸੰਦੇਸ਼ ਦਿੱਤਾ ਕਿ ਉਹ ਬਾਬਲ ਦੇ ਝੂਠੇ ਧਰਮ ਤੋਂ ਦੂਰ ਰਹਿ ਕੇ ਬੇਦਾਗ਼ ਰਹਿਣ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਯਰੂਸ਼ਲਮ ਵਾਪਸ ਆਉਣ ਅਤੇ ਫਿਰ ਤੋਂ ਯਹੋਵਾਹ ਦੀ ਸ਼ੁੱਧ ਭਗਤੀ ਕਰਨ ਲਈ ਤਿਆਰ ਹੋਣਾ ਸੀ। ਇਹ ਵੇਲਾ ਉਦੋਂ ਆਇਆ ਜਦ 539 ਈ. ਪੂ. ਵਿਚ ਮਾਦੀਆਂ ਤੇ ਫਾਰਸੀਆਂ ਨੇ ਬਾਬਲ ਨੂੰ ਜਿੱਤ ਲਿਆ ਅਤੇ ਫਾਰਸੀ ਰਾਜਾ ਕੋਰਸ ਦੂਜੇ ਨੇ ਐਲਾਨ ਕੀਤਾ ਕਿ ਯਹੂਦੀ ਯਰੂਸ਼ਲਮ ਵਾਪਸ ਜਾਣ ਅਤੇ ਯਹੋਵਾਹ ਦਾ ਭਵਨ ਬਣਾਉਣ।​—⁠ਅਜ਼. 1:1-4.

9 ਹਜ਼ਾਰਾਂ ਯਹੂਦੀ ਇਸ ਮੌਕੇ ਦਾ ਲਾਹਾ ਲੈ ਕੇ ਆਪਣੇ ਵਤਨ ਮੁੜ ਆਏ। (ਅਜ਼. 2:64-67) ਇਸ ਤਰ੍ਹਾਂ ਉਨ੍ਹਾਂ ਨੇ ਯਿਰਮਿਯਾਹ ਵੱਲੋਂ ਕੀਤੀ ਭਵਿੱਖਬਾਣੀ ਪੂਰੀ ਕੀਤੀ ਅਤੇ ਬਾਬਲ ‘ਵਿਚਕਾਰੋਂ ਨੱਠ’ ਕੇ ਯਰੂਸ਼ਲਮ ਆ ਗਏ। (ਯਿਰਮਿਯਾਹ 51:​6, 45, 50 ਪੜ੍ਹੋ।) ਪਰ ਸਾਰੇ ਯਹੂਦੀਆਂ ਦੇ ਹਾਲਾਤ ਇੱਕੋ ਜਿਹੇ ਨਹੀਂ ਸਨ ਕਿ ਉਹ ਲੰਬਾ ਸਫ਼ਰ ਤੈ ਕਰ ਕੇ ਯਰੂਸ਼ਲਮ ਆ ਸਕਦੇ। ਇਸ ਲਈ ਕੁਝ ਯਹੂਦੀ ਬਾਬਲ ਵਿਚ ਰਹਿ ਗਏ ਸਨ। ਇਨ੍ਹਾਂ ਵਿਚ ਬਜ਼ੁਰਗ ਨਬੀ ਦਾਨੀਏਲ ਵੀ ਸੀ। ਇਨ੍ਹਾਂ ਯਹੂਦੀਆਂ ਉੱਤੇ ਪਰਮੇਸ਼ੁਰ ਦੀ ਮਿਹਰ ਤਾਂ ਹੀ ਰਹਿਣੀ ਸੀ ਜੇ ਉਹ ਯਰੂਸ਼ਲਮ ਵਿਚ ਕੀਤੀ ਜਾਂਦੀ ਸ਼ੁੱਧ ਭਗਤੀ ਦਾ ਪੂਰੇ ਦਿਲੋਂ ਸਮਰਥਨ ਕਰਦੇ ਅਤੇ ਬਾਬਲ ਵਿਚ ਹੁੰਦੀ ਝੂਠੀ ਉਪਾਸਨਾ ਤੋਂ ਦੂਰ ਰਹਿੰਦੇ।

10. ‘ਵੱਡੀ ਬਾਬੁਲ’ ਕਿਹੋ ਜਿਹੀਆਂ “ਘਿਣਾਉਣੀਆਂ ਵਸਤਾਂ” ਲਈ ਜ਼ਿੰਮੇਵਾਰ ਹੈ?

10 ਅੱਜ ਅਰਬਾਂ ਹੀ ਲੋਕ ਉਨ੍ਹਾਂ ਧਰਮਾਂ ਨੂੰ ਮੰਨਦੇ ਹਨ ਜਿਨ੍ਹਾਂ ਦੀ ਸ਼ੁਰੂਆਤ ਪ੍ਰਾਚੀਨ ਬਾਬਲ ਵਿਚ ਹੋਈ ਸੀ। (ਉਤ. 11:6-9) ਇਨ੍ਹਾਂ ਧਰਮਾਂ ਨੂੰ ‘ਬਾਬੁਲ ਵੱਡੀ ਨਗਰੀ, ਕੰਜਰੀਆਂ ਅਤੇ ਧਰਤੀ ਦੀਆਂ ਘਿਣਾਉਣੀਆਂ ਵਸਤਾਂ ਦੀ ਮਾਂ’ ਕਿਹਾ ਗਿਆ ਹੈ। (ਪਰ. 17:5) ਇਨ੍ਹਾਂ ਧਰਮਾਂ ਨੇ ਹਮੇਸ਼ਾ ਦੁਨੀਆਂ ਦੇ ਨੇਤਾਵਾਂ ਦਾ ਸਾਥ ਦਿੱਤਾ ਹੈ। ਇਹ ਧਰਮ ਕਈ “ਘਿਣਾਉਣੀਆਂ ਵਸਤਾਂ” ਦੇ ਜ਼ਿੰਮੇਵਾਰ ਹਨ। ਇਨ੍ਹਾਂ ਵਸਤਾਂ ਵਿਚ ਕਈ ਯੁੱਧ ਸ਼ਾਮਲ ਹਨ ਜਿਨ੍ਹਾਂ ਵਿਚ ਲੱਖਾਂ ਹੀ ਲੋਕ “ਧਰਤੀ ਉੱਤੇ ਕੋਹੇ” ਜਾਂ ਕਤਲ ਕੀਤੇ ਗਏ ਹਨ। (ਪਰ. 18:24) “ਘਿਣਾਉਣੀਆਂ ਵਸਤਾਂ” ਵਿਚ ਪਾਦਰੀਆਂ ਦੁਆਰਾ ਬੱਚਿਆਂ ਨਾਲ ਕੀਤੀ ਜਾਂਦੀ ਬਦਫੈਲੀ ਅਤੇ ਹੋਰ ਗੰਦੇ ਕੰਮ ਸ਼ਾਮਲ ਹਨ ਜਿਨ੍ਹਾਂ ਨੂੰ ਚਰਚਾਂ ਨੇ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਕੋਈ ਸ਼ੱਕ ਨਹੀਂ ਕਿ ਯਹੋਵਾਹ ਪਰਮੇਸ਼ੁਰ ਜਲਦੀ ਹੀ ਇਸ ਧਰਤੀ ਉੱਤੋਂ ਇਹੋ ਜਿਹੇ ਧਰਮਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ।​—⁠ਪਰ. 18:8.

11. ਵੱਡੀ ਬਾਬੁਲ ਦਾ ਨਾਸ਼ ਆਉਣ ਤਕ ਯਹੋਵਾਹ ਦੇ ਗਵਾਹਾਂ ਦਾ ਕੀ ਫ਼ਰਜ਼ ਹੈ?

11 ਯਹੋਵਾਹ ਦੇ ਗਵਾਹ ਇਹ ਸਾਰਾ ਕੁਝ ਜਾਣਦੇ ਹਨ ਤੇ ਉਨ੍ਹਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਇਨ੍ਹਾਂ ਧਰਮਾਂ ਦੇ ਲੋਕਾਂ ਨੂੰ ਆਉਣ ਵਾਲੇ ਨਾਸ਼ ਦੀ ਚੇਤਾਵਨੀ ਦੇਣ। ਉਹ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਛਾਪੀਆਂ ਬਾਈਬਲਾਂ ਅਤੇ ਬਾਈਬਲ-ਆਧਾਰਿਤ ਸਾਹਿੱਤ ਵੰਡ ਕੇ ਇਹ ਚੇਤਾਵਨੀ ਦਿੰਦੇ ਹਨ। ਯਿਸੂ ਨੇ ‘ਵੇਲੇ ਸਿਰ ਰਸਤ’ ਦੇਣ ਲਈ ਇਸ ਨੌਕਰ ਨੂੰ ਨਿਯੁਕਤ ਕੀਤਾ ਹੈ। (ਮੱਤੀ 24:45) ਜਦੋਂ ਲੋਕ ਬਾਈਬਲ ਦੇ ਸੰਦੇਸ਼ ਵਿਚ ਦਿਲਚਸਪੀ ਲੈਂਦੇ ਹਨ, ਤਾਂ ਉਨ੍ਹਾਂ ਨੂੰ ਬਾਈਬਲ ਸਟੱਡੀ ਕਰਾਈ ਜਾਂਦੀ ਹੈ। ਬਾਈਬਲ ਸਟੱਡੀ ਦੀ ਮਦਦ ਨਾਲ ਹੋ ਸਕਦਾ ਹੈ ਕਿ ਉਹ ‘ਬਾਬਲ ਦੇ ਵਿਚਕਾਰੋਂ ਨੱਠਣ’ ਦੀ ਲੋੜ ਨੂੰ ਪਛਾਣਨ, ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ।​—⁠ਪਰ. 18:⁠4.

ਮੂਰਤੀ-ਪੂਜਾ ਤੋਂ ਭੱਜੋ

12. ਪਰਮੇਸ਼ੁਰ ਬੁੱਤਾਂ ਅਤੇ ਮੂਰਤੀਆਂ ਦੀ ਪੂਜਾ ਨੂੰ ਕਿਵੇਂ ਵਿਚਾਰਦਾ ਹੈ?

12 ਵੱਡੀ ਬਾਬੁਲ ਵਿਚ ਇਕ ਹੋਰ ਘਿਣਾਉਣੀ ਚੀਜ਼ ਕੀਤੀ ਜਾਂਦੀ ਹੈ। ਉਹ ਹੈ ਬੁੱਤਾਂ ਤੇ ਮੂਰਤੀਆਂ ਦੀ ਪੂਜਾ। ਪਰਮੇਸ਼ੁਰ ਦੀ ਨਜ਼ਰ ਵਿਚ ਇਹ ਬੁੱਤ ਤੇ ਮੂਰਤਾਂ “ਘਿਣਾਉਣੀਆਂ ਚੀਜ਼ਾਂ” ਹਨ। (ਬਿਵ. 29:17) ਸੋ ਜੋ ਲੋਕ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਮੂਰਤੀ-ਪੂਜਾ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਪਰਮੇਸ਼ੁਰ ਕਹਿੰਦਾ ਹੈ: “ਮੈਂ ਯਹੋਵਾਹ ਹਾਂ, ਏਹੋ ਈ ਮੇਰਾ ਨਾਮ ਹੈ, ਅਤੇ ਮੈਂ ਆਪਣਾ ਪਰਤਾਪ ਦੂਜੇ ਨੂੰ ਨਹੀਂ ਦਿਆਂਗਾ, ਨਾ ਆਪਣੀ ਉਸਤਤ ਮੂਰਤਾਂ ਨੂੰ।”​—⁠ਯਸਾ. 42:⁠8.

13. ਸਾਨੂੰ ਕਿਸ ਤਰ੍ਹਾਂ ਦੀ ਮੂਰਤੀ-ਪੂਜਾ ਤੋਂ ਭੱਜਣ ਦੀ ਲੋੜ ਹੈ?

13 ਪਰਮੇਸ਼ੁਰ ਦਾ ਬਚਨ ਹੋਰ ਕਈ ਚੀਜ਼ਾਂ ਨੂੰ ਵੀ ਮੂਰਤੀ-ਪੂਜਾ ਕਹਿੰਦਾ ਹੈ। ਮਿਸਾਲ ਲਈ, ਇਸ ਵਿਚ ਦੱਸਿਆ ਹੈ ਕਿ ਲੋਭ “ਮੂਰਤੀ ਪੂਜਾ” ਹੈ। (ਕੁਲੁ. 3:5) ਲੋਭ ਦਾ ਮਤਲਬ ਹੈ ਉਨ੍ਹਾਂ ਚੀਜ਼ਾਂ ਨੂੰ ਪਾਉਣ ਦੀ ਖ਼ਾਹਸ਼ ਰੱਖਣੀ ਜੋ ਕਿਸੇ ਹੋਰ ਦੀਆਂ ਹਨ। (ਕੂਚ 20:17) ਪਰਮੇਸ਼ੁਰ ਦਾ ਚੰਗਾ-ਭਲਾ ਦੂਤ ਇਸੇ ਲਈ ਸ਼ਤਾਨ ਬਣ ਗਿਆ ਸੀ ਕਿਉਂਕਿ ਉਸ ਨੇ ਸਰਬਸ਼ਕਤੀਮਾਨ ਪਰਮੇਸ਼ੁਰ ਦੀ ਥਾਂ ਆਪਣੀ ਭਗਤੀ ਕਰਾਉਣ ਦਾ ਲਾਲਚ ਕੀਤਾ। (ਲੂਕਾ 4:​5-7) ਇਸੇ ਲਾਲਚ ਕਰਕੇ ਉਸ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ ਅਤੇ ਹੱਵਾਹ ਨੂੰ ਉਸ ਚੀਜ਼ ਦਾ ਲਾਲਚ ਦੇ ਕੇ ਭਰਮਾਇਆ ਜੋ ਪਰਮੇਸ਼ੁਰ ਨੇ ਮਨ੍ਹਾ ਕੀਤੀ ਸੀ। ਆਦਮ ਨੇ ਵੀ ਸੁਆਰਥੀ ਬਣ ਕੇ ਮੂਰਤੀ-ਪੂਜਾ ਵਰਗਾ ਹੀ ਕੰਮ ਕੀਤਾ ਸੀ। ਉਸ ਨੇ ਆਪਣੇ ਸਵਰਗੀ ਪਿਤਾ ਯਹੋਵਾਹ ਦੀ ਆਗਿਆ ਮੰਨਣ ਨਾਲੋਂ ਆਪਣੀ ਪਤਨੀ ਦਾ ਸਾਥ ਦੇਣਾ ਜ਼ਿਆਦਾ ਜ਼ਰੂਰੀ ਸਮਝਿਆ। ਇਸ ਦੇ ਉਲਟ ਜੋ ਪਰਮੇਸ਼ੁਰ ਦੇ ਕ੍ਰੋਧ ਦੇ ਦਿਨ ਤੋਂ ਭੱਜਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਨੀ ਚਾਹੀਦੀ ਹੈ ਤੇ ਲੋਭ ਤੋਂ ਬਚਣਾ ਚਾਹੀਦਾ ਹੈ।

“ਹਰਾਮਕਾਰੀ ਤੋਂ ਭੱਜੋ”

14-16. (ੳ) ਯੂਸੁਫ਼ ਨੇ ਕਿਹੜੀ ਵਧੀਆ ਮਿਸਾਲ ਕਾਇਮ ਕੀਤੀ? (ਅ) ਜੇ ਸਾਡੇ ਮਨ ਵਿਚ ਗੰਦੀ ਇੱਛਾ ਪੈਦਾ ਹੁੰਦੀ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? (ੲ) ਅਸੀਂ ਹਰਾਮਕਾਰੀ ਤੋਂ ਭੱਜਣ ਵਿਚ ਕਿਵੇਂ ਸਫ਼ਲ ਹੋ ਸਕਦੇ ਹਾਂ?

14ਪਹਿਲਾ ਕੁਰਿੰਥੀਆਂ 6:18 ਪੜ੍ਹੋ। ਜਦੋਂ ਪੋਟੀਫ਼ਰ ਦੀ ਪਤਨੀ ਨੇ ਯੂਸੁਫ਼ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਉਹ ਉੱਥੋਂ ਸੱਚੀ-ਮੁੱਚੀ ਭੱਜ ਨਿਕਲਿਆ ਸੀ। ਉਸ ਨੇ ਵਿਆਹੇ ਤੇ ਅਣਵਿਆਹੇ ਮਸੀਹੀਆਂ ਲਈ ਸੱਚ-ਮੁੱਚ ਵਧੀਆ ਮਿਸਾਲ ਕਾਇਮ ਕੀਤੀ। ਸਪੱਸ਼ਟ ਹੈ ਕਿ ਯੂਸੁਫ਼ ਨੂੰ ਪਤਾ ਸੀ ਕਿ ਵਿਭਚਾਰ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ। ਜੇ ਅਸੀਂ ‘ਹਰਾਮਕਾਰੀ ਤੋਂ ਭੱਜਣਾ’ ਚਾਹੁੰਦੇ ਹਾਂ, ਤਾਂ ਅਸੀਂ ਉਨ੍ਹਾਂ ਗੱਲਾਂ ਜਾਂ ਕੰਮਾਂ ਤੋਂ ਦੂਰ ਰਹਾਂਗੇ ਜਿਨ੍ਹਾਂ ਕਾਰਨ ਕਿਸੇ ਗ਼ੈਰ-ਮਰਦ ਜਾਂ ਔਰਤ ਲਈ ਗ਼ਲਤ ਇੱਛਾਵਾਂ ਜਾਗ ਸਕਦੀਆਂ ਹਨ। ਸਾਨੂੰ ਹਿਦਾਇਤ ਦਿੱਤੀ ਗਈ ਹੈ: “ਤੁਸੀਂ ਆਪਣੇ ਅੰਗਾਂ ਨੂੰ . . . ਮਾਰ ਸੁੱਟੋ ਅਰਥਾਤ ਹਰਾਮਕਾਰੀ, ਗੰਦ ਮੰਦ, ਕਾਮਨਾ, ਬੁਰੀ ਇੱਛਿਆ ਅਤੇ ਲੋਭ ਨੂੰ ਜਿਹੜਾ ਮੂਰਤੀ ਪੂਜਾ ਹੈ। ਕਿਉਂ ਜੋ ਇਨ੍ਹਾਂ ਗੱਲਾਂ ਦੇ ਕਾਰਨ ਪਰਮੇਸ਼ੁਰ ਦਾ ਕ੍ਰੋਧ ਅਣਆਗਿਆਕਾਰੀ ਦੇ ਪੁੱਤ੍ਰਾਂ ਉੱਤੇ ਪੈਂਦਾ ਹੈ।”​—⁠ਕੁਲੁ. 3:​5, 6.

15 ਧਿਆਨ ਦਿਓ ਕਿ ਇਨ੍ਹਾਂ ਗ਼ਲਤ ਕੰਮਾਂ ਕਰਕੇ “ਪਰਮੇਸ਼ੁਰ ਦਾ ਕ੍ਰੋਧ ਅਣਆਗਿਆਕਾਰੀ ਦੇ ਪੁੱਤ੍ਰਾਂ ਉੱਤੇ ਪੈਂਦਾ ਹੈ।” ਅੱਜ ਬਹੁਤ ਸਾਰੇ ਲੋਕ ਆਪਣੀਆਂ ਗ਼ਲਤ ਇੱਛਾਵਾਂ ਅੱਗੇ ਝੁਕ ਕੇ ਪੁੱਠੇ ਕੰਮ ਕਰਦੇ ਹਨ। ਇਸ ਲਈ ਸਾਨੂੰ ਪਰਮੇਸ਼ੁਰ ਦੀ ਮਦਦ ਤੇ ਉਸ ਦੀ ਸ਼ਕਤੀ ਲਈ ਪ੍ਰਾਰਥਨਾ ਕਰਨ ਦੀ ਲੋੜ ਹੈ ਤਾਂਕਿ ਅਸੀਂ ਗੰਦੀਆਂ ਇੱਛਾਵਾਂ ਅੱਗੇ ਝੁਕ ਨਾ ਜਾਈਏ। ਇਸ ਤੋਂ ਇਲਾਵਾ ਬਾਈਬਲ ਪੜ੍ਹਨ, ਮੀਟਿੰਗਾਂ ਵਿਚ ਜਾਣ ਅਤੇ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਨਾਲ ਸਾਨੂੰ ਪਰਮੇਸ਼ੁਰ ਦੀ ਸੇਧ ਵਿਚ ਚੱਲਣ ਵਿਚ ਮਦਦ ਮਿਲੇਗੀ। ਇਸ ਤਰ੍ਹਾਂ ਅਸੀਂ ‘ਸਰੀਰ ਦੇ ਵਿਸ਼ਿਆਂ ਨੂੰ ਕਦੇ ਪੂਰਿਆਂ ਨਹੀਂ ਕਰਾਂਗੇ।’​—⁠ਗਲਾ. 5:⁠16.

16 ਜੀ ਹਾਂ, ਜੇ ਅਸੀਂ ਅਸ਼ਲੀਲ ਗੱਲਾਂ ਤੋਂ ਦੂਰ ਰਹਾਂਗੇ, ਤਾਂ ਅਸੀਂ ਪਰਮੇਸ਼ੁਰ ਦੀ ਸੇਧ ਵਿਚ ਚੱਲਾਂਗੇ। ਸਾਨੂੰ ਅਜਿਹਾ ਕੁਝ ਵੀ ਪੜ੍ਹਨਾ, ਦੇਖਣਾ ਜਾਂ ਸੁਣਨਾ ਨਹੀਂ ਚਾਹੀਦਾ ਜੋ ਬੁਰੀਆਂ ਇੱਛਾਵਾਂ ਨੂੰ ਜਗਾਉਂਦਾ ਹੈ। ਗੰਦੇ ਚੁਟਕਲੇ ਸੁਣ ਕੇ ਖ਼ੁਸ਼ ਹੋਣਾ ਜਾਂ ਇਹੋ ਜਿਹੀਆਂ ਗੱਲਾਂ ਕਰਨੀਆਂ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਨੂੰ ਸ਼ੋਭਾ ਨਹੀਂ ਦਿੰਦਾ। (ਅਫ਼. 5:3, 4) ਇਹ ਚੀਜ਼ਾਂ ਨਾ ਕਰ ਕੇ ਅਸੀਂ ਆਪਣੇ ਪਿਆਰੇ ਪਿਤਾ ਯਹੋਵਾਹ ਨੂੰ ਦਿਖਾਉਂਦੇ ਹਾਂ ਕਿ ਅਸੀਂ ਉਸ ਦੇ ਆਉਣ ਵਾਲੇ ਕ੍ਰੋਧ ਤੋਂ ਬਚਣਾ ਚਾਹੁੰਦੇ ਹਾਂ ਤੇ ਨਵੀਂ ਧਰਮੀ ਦੁਨੀਆਂ ਵਿਚ ਜੀਣਾ ਚਾਹੁੰਦੇ ਹਾਂ।

‘ਮਾਇਆ ਦੇ ਲੋਭ’ ਤੋਂ ਭੱਜੋ

17, 18. ਸਾਨੂੰ ‘ਮਾਇਆ ਦੇ ਲੋਭ’ ਤੋਂ ਕਿਉਂ ਭੱਜਣਾ ਚਾਹੀਦਾ ਹੈ?

17 ਤਿਮੋਥਿਉਸ ਨੂੰ ਲਿਖੀ ਆਪਣੀ ਪਹਿਲੀ ਚਿੱਠੀ ਵਿਚ ਪੌਲੁਸ ਨੇ ਕੁਝ ਸਿਧਾਂਤਾਂ ’ਤੇ ਗੱਲ ਕੀਤੀ ਸੀ ਜਿਨ੍ਹਾਂ ਅਨੁਸਾਰ ਮਸੀਹੀ ਗ਼ੁਲਾਮਾਂ ਨੂੰ ਚੱਲਣਾ ਚਾਹੀਦਾ ਸੀ। ਇਨ੍ਹਾਂ ਵਿੱਚੋਂ ਕੁਝ ਗ਼ੁਲਾਮਾਂ ਨੇ ਸ਼ਾਇਦ ਆਪਣੇ ਮਸੀਹੀ ਮਾਲਕਾਂ ਤੋਂ ਜ਼ਿਆਦਾ ਪੈਸਿਆਂ ਦੀ ਖ਼ਾਹਸ਼ ਰੱਖੀ ਹੋਵੇਗੀ। ਕੁਝ ਸ਼ਾਇਦ ਪੈਸਿਆਂ ਦਾ ਲਾਲਚ ਕਰ ਕੇ ਭੈਣਾਂ-ਭਰਾਵਾਂ ਦਾ ਫ਼ਾਇਦਾ ਉਠਾ ਰਹੇ ਸਨ। ਪੌਲੁਸ ਨੇ ਅਜਿਹੇ ਲੋਕਾਂ ਤੋਂ ਖ਼ਬਰਦਾਰ ਕੀਤਾ ਜੋ “ਭਗਤੀ ਨੂੰ ਖੱਟੀ ਦਾ ਵਸੀਲਾ ਸਮਝਦੇ ਹਨ।” ਇਸ ਸਮੱਸਿਆ ਦੀ ਜੜ੍ਹ ਸ਼ਾਇਦ “ਮਾਇਆ ਦਾ ਲੋਭ” ਸੀ ਜਿਸ ਦਾ ਅਸਰ ਅਮੀਰ ਜਾਂ ਗ਼ਰੀਬ ਦੋਹਾਂ ’ਤੇ ਹੀ ਪੈ ਸਕਦਾ ਹੈ।​—⁠1 ਤਿਮੋ. 6:1, 2, 5, 9, 10.

18 ਕੀ ਤੁਸੀਂ ਬਾਈਬਲ ਵਿਚ ਦੱਸੇ ਉਨ੍ਹਾਂ ਕੁਝ ਲੋਕਾਂ ਨੂੰ ਯਾਦ ਕਰ ਸਕਦੇ ਹੋ ਜਿਨ੍ਹਾਂ ਨੇ “ਮਾਇਆ ਦਾ ਲੋਭ” ਕਰ ਕੇ ਜਾਂ ਹੋਰ ਫ਼ਜ਼ੂਲ ਚੀਜ਼ਾਂ ਦਾ ਲੋਭ ਕਰ ਕੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਵਿਗਾੜ ਲਿਆ? (ਯਹੋ. 7:​11, 21; 2 ਰਾਜ. 5:20, 25-⁠27) ਪੌਲੁਸ ਨੇ ਤਿਮੋਥਿਉਸ ਨੂੰ ਤਾਕੀਦ ਕੀਤੀ: “ਤੂੰ ਹੇ ਪਰਮੇਸ਼ੁਰ ਦਿਆ ਬੰਦਿਆ, ਇਨ੍ਹਾਂ ਗੱਲਾਂ ਤੋਂ ਭੱਜ ਅਤੇ ਧਰਮ, ਭਗਤੀ, ਨਿਹਚਾ, ਪ੍ਰੇਮ, ਧੀਰਜ, ਨਰਮਾਈ ਦੇ ਮਗਰ ਲੱਗਾ ਰਹੁ।” (1 ਤਿਮੋ. 6:11) ਇਸ ਸਲਾਹ ’ਤੇ ਚੱਲਣਾ ਉਨ੍ਹਾਂ ਸਾਰਿਆਂ ਲਈ ਜ਼ਰੂਰੀ ਹੈ ਜੋ ਆਉਣ ਵਾਲੇ ਕ੍ਰੋਧ ਦੇ ਦਿਨ ਵਿੱਚੋਂ ਬਚਣਾ ਚਾਹੁੰਦੇ ਹਨ।

‘ਜੁਆਨੀ ਦੀਆਂ ਕਾਮਨਾਂ ਤੋਂ ਭੱਜੋ’

19. ਸਾਰੇ ਨੌਜਵਾਨਾਂ ਨੂੰ ਕਿਸ ਚੀਜ਼ ਦੀ ਲੋੜ ਹੈ?

19ਕਹਾਉਤਾਂ 22:15 ਪੜ੍ਹੋ। ਮੂਰਖਤਾ ਨੌਜਵਾਨਾਂ ਨੂੰ ਆਸਾਨੀ ਨਾਲ ਕੁਰਾਹੇ ਪਾ ਸਕਦੀ ਹੈ। ਪਰ ਬਾਈਬਲ ਵਿੱਚੋਂ ਤਾੜਨਾ ਦੇ ਕੇ ਉਨ੍ਹਾਂ ਨੂੰ ਕੁਰਾਹੇ ਪੈਣ ਤੋਂ ਰੋਕਿਆ ਜਾ ਸਕਦਾ ਹੈ। ਕਈ ਨੌਜਵਾਨ, ਜਿਨ੍ਹਾਂ ਦੇ ਮਾਪੇ ਸੱਚਾਈ ਵਿਚ ਨਹੀਂ ਹਨ, ਬਾਈਬਲ ਵਿਚ ਦਿੱਤੇ ਅਸੂਲਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਕੁਝ ਨੌਜਵਾਨ ਚੰਗੀ ਸਲਾਹ ਲੈਣ ਵਾਸਤੇ ਕਲੀਸਿਯਾ ਦੇ ਸਿਆਣੇ ਭੈਣਾਂ-ਭਰਾਵਾਂ ਕੋਲ ਜਾਂਦੇ ਹਨ। ਬਾਈਬਲ ਵਿੱਚੋਂ ਨੌਜਵਾਨਾਂ ਨੂੰ ਭਾਵੇਂ ਜਿਹੜਾ ਮਰਜ਼ੀ ਸਲਾਹ ਦੇਵੇ, ਇਸ ਨੂੰ ਕਬੂਲ ਕਰਨ ਨਾਲ ਨਾ ਸਿਰਫ਼ ਉਨ੍ਹਾਂ ਨੂੰ ਹੁਣ ਖ਼ੁਸ਼ੀ ਮਿਲੇਗੀ, ਸਗੋਂ ਭਵਿੱਖ ਵਿਚ ਵੀ ਉਹ ਖ਼ੁਸ਼ ਰਹਿਣਗੇ।​—⁠ਇਬ. 12:8-11.

20. ਗ਼ਲਤ ਇੱਛਾਵਾਂ ਤੋਂ ਭੱਜਣ ਲਈ ਨੌਜਵਾਨਾਂ ਨੂੰ ਕਿੱਥੋਂ ਮਦਦ ਮਿਲ ਸਕਦੀ ਹੈ?

20ਦੂਜਾ ਤਿਮੋਥਿਉਸ 2:20-22 ਪੜ੍ਹੋ। ਜਿਨ੍ਹਾਂ ਨੌਜਵਾਨਾਂ ਨੂੰ ਮਾਪਿਆਂ ਵੱਲੋਂ ਜ਼ਿਆਦਾ ਖੁੱਲ੍ਹ ਦਿੱਤੀ ਜਾਂਦੀ ਹੈ, ਉਹ ਮੂਰਖਤਾ ਭਰੇ ਰਾਹਾਂ ਤੇ ਚੱਲਣ ਲੱਗ ਪੈਂਦੇ ਹਨ। ਸ਼ਾਇਦ ਉਨ੍ਹਾਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਹੋ ਜਾਵੇ ਜਾਂ ਲੋਭ ਅਤੇ ਪੈਸੇ ਲਈ ਮੋਹ ਪੈਦਾ ਹੋ ਜਾਵੇ, ਜਾਂ ਫਿਰ ਉਹ ਵਿਭਚਾਰ ਕਰ ਬੈਠਣ ਜਾਂ ਐਸ਼ੋ-ਆਰਾਮ ਦੀ ਜ਼ਿੰਦਗੀ ਜੀਣ ਲੱਗਣ। ਬਾਈਬਲ ਸਾਨੂੰ ‘ਜੁਆਨੀ ਦੀਆਂ ਇਨ੍ਹਾਂ ਕਾਮਨਾਵਾਂ’ ਤੋਂ ਭੱਜਣ ਦੀ ਤਾਕੀਦ ਕਰਦੀ ਹੈ। ਇਨ੍ਹਾਂ ਤੋਂ ਭੱਜਣ ਲਈ ਜ਼ਰੂਰੀ ਹੈ ਕਿ ਨੌਜਵਾਨ ਆਪਣੇ ਉੱਤੇ ਕਿਸੇ ਵੀ ਤਰ੍ਹਾਂ ਦਾ ਭੈੜਾ ਅਸਰ ਨਾ ਪੈਣ ਦੇਣ। ਇਸ ਤਰ੍ਹਾਂ ਕਰਨ ਲਈ ਸਾਨੂੰ ਪਰਮੇਸ਼ੁਰੀ ਗੁਣ ਆਪਣੇ ਅੰਦਰ ਪੈਦਾ ਕਰਨੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਸਲਾਹ ਲੈਣੀ ਚਾਹੀਦੀ ਹੈ “ਜਿਹੜੇ ਸਾਫ਼ ਦਿਲ ਤੋਂ ਪ੍ਰਭੁ ਦਾ ਨਾਮ ਲੈਂਦੇ ਹਨ।”

21. ਯਿਸੂ ਨੇ ਨਿਮਰ ਲੋਕਾਂ ਨਾਲ ਕਿਹੜਾ ਵਾਅਦਾ ਕੀਤਾ ਹੈ?

21 ਭਾਵੇਂ ਅਸੀਂ ਛੋਟੇ ਹਾਂ ਜਾਂ ਵੱਡੇ, ਅਸੀਂ ਉਨ੍ਹਾਂ ਲੋਕਾਂ ਦੀ ਗੱਲ ਨਹੀਂ ਸੁਣਦੇ ਜੋ ਸਾਨੂੰ ਗੁਮਰਾਹ ਕਰਨਾ ਚਾਹੁੰਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਯਿਸੂ ਦੇ ਨਿਮਰ ਲੋਕਾਂ ਵਿਚ ਹੋਣਾ ਚਾਹੁੰਦੇ ਹਾਂ ਜੋ ‘ਪਰਾਇਆਂ ਦੀ ਅਵਾਜ਼ ਪਛਾਣਨ’ ਤੋਂ ਇਨਕਾਰ ਕਰਦੇ ਹਨ ਅਤੇ ਉਨ੍ਹਾਂ ਤੋਂ ‘ਨੱਸਦੇ ਹਨ।’ (ਯੂਹੰ. 10:5) ਪਰ ਪਰਮੇਸ਼ੁਰ ਦੇ ਕ੍ਰੋਧ ਦੇ ਦਿਨ ਵਿੱਚੋਂ ਬਚਣ ਲਈ ਸਿਰਫ਼ ਬੁਰੇ ਕੰਮਾਂ ਤੋਂ ਭੱਜਣਾ ਯਾਨੀ ਦੂਰ ਰਹਿਣਾ ਹੀ ਕਾਫ਼ੀ ਨਹੀਂ ਹੈ। ਸਾਨੂੰ ਪਰਮੇਸ਼ੁਰੀ ਗੁਣ ਵੀ ਜ਼ਾਹਰ ਕਰਨੇ ਚਾਹੀਦੇ ਹਨ। ਅਗਲਾ ਲੇਖ ਸੱਤ ਸਦਗੁਣਾਂ ਉੱਤੇ ਚਰਚਾ ਕਰੇਗਾ। ਇਨ੍ਹਾਂ ਗੁਣਾਂ ਉੱਤੇ ਧਿਆਨ ਦੇਣ ਦਾ ਸਾਡੇ ਕੋਲ ਵਧੀਆ ਕਾਰਨ ਹੈ ਕਿਉਂਕਿ ਯਿਸੂ ਇਹ ਵਾਅਦਾ ਕਰਦਾ ਹੈ: “ਮੈਂ ਉਨ੍ਹਾਂ ਨੂੰ ਸਦੀਪਕ ਜੀਉਣ ਦਿੰਦਾ ਹਾਂ ਅਰ ਉਨ੍ਹਾਂ ਦਾ ਸਦੀਪਕਾਲ ਤੀਕੁ ਕਦੇ ਨਾਸ ਨਾ ਹੋਵੇਗਾ, ਨਾ ਕੋਈ ਉਨ੍ਹਾਂ ਨੂੰ ਮੇਰੇ ਹੱਥੋਂ ਖੋਹ ਲਵੇਗਾ।”​—⁠ਯੂਹੰ. 10:⁠28.

ਤੁਸੀਂ ਕਿਵੇਂ ਜਵਾਬ ਦਿਓਗੇ?

• ਯਿਸੂ ਨੇ ਧਾਰਮਿਕ ਆਗੂਆਂ ਨੂੰ ਕਿਹੜੀ ਚੇਤਾਵਨੀ ਦਿੱਤੀ ਸੀ?

• ਲੱਖਾਂ ਹੀ ਲੋਕ ਕਿਹੜੇ ਖ਼ਤਰੇ ਵਿਚ ਹਨ?

• ਸਾਨੂੰ ਕਿਸ ਤਰ੍ਹਾਂ ਦੀ ਮੂਰਤੀ-ਪੂਜਾ ਤੋਂ ਭੱਜਣ ਦੀ ਲੋੜ ਹੈ?

[ਸਵਾਲ]

[ਸਫ਼ੇ 8, 9 ਉੱਤੇ ਤਸਵੀਰਾਂ]

ਸਾਨੂੰ ਕਿਨ੍ਹਾਂ ਕੰਮਾਂ ਤੋਂ ਭੱਜਣਾ ਚਾਹੀਦਾ ਹੈ?