Skip to content

Skip to table of contents

ਘਰ-ਘਰ ਪ੍ਰਚਾਰ ਕਰਨਾ ਅੱਜ ਕਿਉਂ ਜ਼ਰੂਰੀ ਹੈ?

ਘਰ-ਘਰ ਪ੍ਰਚਾਰ ਕਰਨਾ ਅੱਜ ਕਿਉਂ ਜ਼ਰੂਰੀ ਹੈ?

ਘਰ-ਘਰ ਪ੍ਰਚਾਰ ਕਰਨਾ ਅੱਜ ਕਿਉਂ ਜ਼ਰੂਰੀ ਹੈ?

“ਓਹ ਰੋਜ ਹੈਕਲ ਵਿੱਚ ਅਤੇ ਘਰੀਂ ਉਪਦੇਸ਼ ਕਰਨ ਅਰ ਇਹ ਖੁਸ਼ ਖਬਰੀ ਸੁਣਾਉਣ ਤੋਂ ਨਾ ਹਟੇ ਭਈ ਯਿਸੂ ਉਹੀ ਮਸੀਹ ਹੈ!”​—⁠ਰਸੂ. 5:⁠42.

1, 2. (ੳ) ਯਹੋਵਾਹ ਦੇ ਗਵਾਹ ਕਿਸ ਤਰੀਕੇ ਨਾਲ ਪ੍ਰਚਾਰ ਕਰਨ ਤੋਂ ਪਛਾਣੇ ਜਾਂਦੇ ਹਨ? (ਅ) ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?

ਤਕਰੀਬਨ ਦੁਨੀਆਂ ਦੇ ਹਰ ਮੁਲਕ ਵਿਚ ਇਹ ਦੇਖਣ ਨੂੰ ਮਿਲਦਾ ਹੈ ਕਿ ਦੋ ਵਿਅਕਤੀ ਸੂਟ-ਬੂਟ ਪਾ ਕੇ ਕਿਸੇ ਦੇ ਘਰ ਜਾਂਦੇ ਹਨ ਅਤੇ ਘਰ ਵਾਲੇ ਨਾਲ ਬਾਈਬਲ ਵਿੱਚੋਂ ਪਰਮੇਸ਼ੁਰ ਦੇ ਰਾਜ ਬਾਰੇ ਗੱਲ ਕਰਦੇ ਹਨ। ਜੇ ਕੋਈ ਇਸ ਸੰਦੇਸ਼ ਵਿਚ ਦਿਲਚਸਪੀ ਲੈਂਦਾ ਹੈ, ਤਾਂ ਉਸ ਨੂੰ ਸਾਹਿੱਤ ਦਿੱਤਾ ਜਾਂਦਾ ਹੈ ਜਾਂ ਉਸ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ ਜਾਂਦੀ ਹੈ। ਫਿਰ ਉਹ ਅਗਲੇ ਘਰ ਚਲੇ ਜਾਂਦੇ ਹਨ। ਜੇ ਤੁਸੀਂ ਇਹ ਕੰਮ ਕਰ ਰਹੇ ਹੋ, ਤਾਂ ਤੁਹਾਨੂੰ ਪਤਾ ਹੈ ਕਿ ਲੋਕ ਤੁਹਾਡੇ ਬੋਲਣ ਤੋਂ ਪਹਿਲਾਂ ਹੀ ਤੁਹਾਨੂੰ ਪਛਾਣ ਲੈਂਦੇ ਹਨ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ। ਉਨ੍ਹਾਂ ਨੂੰ ਪਤਾ ਹੈ ਕਿ ਯਹੋਵਾਹ ਦੇ ਗਵਾਹ ਘਰ-ਘਰ ਪ੍ਰਚਾਰ ਕਰਦੇ ਹਨ।

2 ਯਿਸੂ ਦੇ ਹੁਕਮ ਅਨੁਸਾਰ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਕੰਮ ਕਰਨ ਲਈ ਅਸੀਂ ਘਰ-ਘਰ ਜਾਣ ਤੋਂ ਇਲਾਵਾ ਹੋਰਨਾਂ ਤਰੀਕਿਆਂ ਨਾਲ ਵੀ ਪ੍ਰਚਾਰ ਕਰਦੇ ਹਾਂ। (ਮੱਤੀ 28:19, 20) ਅਸੀਂ ਬਾਜ਼ਾਰਾਂ, ਸੜਕਾਂ ਅਤੇ ਹੋਰ ਪਬਲਿਕ ਥਾਵਾਂ ’ਤੇ ਲੋਕਾਂ ਨੂੰ ਖ਼ੁਸ਼ ਖ਼ਬਰੀ ਦੱਸਦੇ ਹਾਂ। (ਰਸੂ. 17:17) ਅਸੀਂ ਕਈ ਲੋਕਾਂ ਨੂੰ ਫ਼ੋਨ ’ਤੇ ਅਤੇ ਚਿੱਠੀ ਰਾਹੀਂ ਗਵਾਹੀ ਦਿੰਦੇ ਹਾਂ। ਮੌਕਾ  ਮਿਲਣ ਤੇ ਅਸੀਂ ਆਪਣੇ ਕੰਮ-ਕਾਰ ਕਰਦੇ ਸਮੇਂ ਵੀ ਲੋਕਾਂ  ਨੂੰ ਬਾਈਬਲ ਵਿਚ ਦੱਸੀਆਂ ਸੱਚਾਈਆਂ ਦੱਸਦੇ ਹਾਂ। ਸਾਡੀ ਸੰਸਥਾ ਦੀ ਆਪਣੀ ਵੈੱਬ-ਸਾਈਟ ਹੈ ਜਿਸ ਵਿਚ 300 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ-ਆਧਾਰਿਤ ਜਾਣਕਾਰੀ ਉਪਲਬਧ ਹੈ। * ਇਨ੍ਹਾਂ ਸਾਰਿਆਂ ਤਰੀਕਿਆਂ ਨਾਲ ਗਵਾਹੀ  ਦੇਣ ਦੇ ਚੰਗੇ ਨਤੀਜੇ ਨਿਕਲਦੇ ਹਨ। ਪਰ ਜ਼ਿਆਦਾਤਰ ਦੇਸ਼ਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਮੁੱਖ ਤਰੀਕਾ ਹੈ ਘਰ-ਘਰ ਜਾਣਾ। ਅਸੀਂ ਇਹ ਤਰੀਕਾ ਕਿਉਂ ਵਰਤਦੇ ਹਾਂ? ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਇਹ ਤਰੀਕਾ ਕਦੋਂ ਤੋਂ ਜ਼ਿਆਦਾ ਵਰਤਣ ਲੱਗੇ? ਅੱਜ ਇਹ ਤਰੀਕਾ ਇੰਨਾ ਮਹੱਤਵਪੂਰਣ ਕਿਉਂ ਸਮਝਿਆ ਜਾਂਦਾ ਹੈ?

ਪਹਿਲੀ ਸਦੀ ਦੇ ਰਸੂਲਾਂ ਦਾ ਤਰੀਕਾ

3. ਯਿਸੂ ਨੇ ਆਪਣੇ ਰਸੂਲਾਂ ਨੂੰ ਪ੍ਰਚਾਰ ਕਰਨ ਬਾਰੇ ਕਿਹੜੀਆਂ ਹਿਦਾਇਤਾਂ ਦਿੱਤੀਆਂ ਸੀ ਅਤੇ ਇਨ੍ਹਾਂ ਤੋਂ ਸਾਨੂੰ ਕੀ ਪਤਾ ਲੱਗਦਾ ਹੈ?

3 ਘਰ-ਘਰ ਪ੍ਰਚਾਰ ਕਰਨ ਬਾਰੇ ਬਾਈਬਲ ਵਿਚ ਦੱਸਿਆ ਗਿਆ ਹੈ। ਜਦ ਯਿਸੂ ਨੇ ਆਪਣੇ ਰਸੂਲਾਂ ਨੂੰ ਪ੍ਰਚਾਰ ਕਰਨ ਭੇਜਿਆ, ਤਾਂ ਉਸ ਨੇ ਉਨ੍ਹਾਂ ਨੂੰ ਹਿਦਾਇਤ ਦਿੱਤੀ: “ਜਿਸ ਨਗਰ ਯਾ ਪਿੰਡ ਵਿੱਚ ਵੜੋ ਪੁੱਛੋ ਭਈ ਇੱਥੇ ਲਾਇਕ ਕੌਣ ਹੈ।” ਚੇਲਿਆਂ ਨੇ ਲਾਇਕ ਲੋਕਾਂ ਦੀ ਕਿੱਦਾਂ ਭਾਲ ਕਰਨੀ ਸੀ? ਯਿਸੂ ਨੇ ਉਨ੍ਹਾਂ ਨੂੰ ਘਰ-ਘਰ ਜਾਣ ਲਈ ਕਿਹਾ ਸੀ। ਉਸ ਨੇ ਹਿਦਾਇਤ ਦਿੱਤੀ: ‘ਘਰ ਵਿੱਚ ਵੜਦਿਆਂ ਉਹ ਦੀ ਸੁਖ ਮੰਗੋ ਅਤੇ ਜੇ ਘਰ ਲਾਇਕ ਹੋਵੇ ਤਾਂ ਤੁਹਾਡੀ ਸ਼ਾਂਤੀ ਉਹ ਨੂੰ ਪਹੁੰਚੇ।’ ਕੀ ਰਸੂਲਾਂ ਨੇ ਕਿਸੇ ਦੇ ਘਰ ਉਦੋਂ ਹੀ ਜਾਣਾ ਸੀ ਜਦੋਂ ਕੋਈ ਉਨ੍ਹਾਂ ਨੂੰ ਘਰ ਬੁਲਾਉਂਦਾ? ਧਿਆਨ ਦਿਓ ਕਿ ਯਿਸੂ ਨੇ ਅੱਗੇ ਕੀ ਕਿਹਾ: “ਜੇ ਲਾਇਕ ਨਾ ਹੋਵੇ ਤਾਂ ਤੁਹਾਡੀ ਸ਼ਾਂਤੀ ਤੁਹਾਨੂੰ ਮੁੜ ਆਵੇ। ਅਤੇ ਜੋ ਕੋਈ ਤੁਹਾਨੂੰ ਕਬੂਲ ਨਾ ਕਰੇ, ਨਾ ਤੁਹਾਡੀਆਂ ਗੱਲਾਂ ਸੁਣੇ ਤਾਂ ਤੁਸੀਂ ਉਸ ਘਰ ਅਥਵਾ ਨਗਰ ਤੋਂ ਬਾਹਰ ਨਿੱਕਲ ਕੇ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ।” (ਮੱਤੀ 10:11-14) ਇਨ੍ਹਾਂ ਹਿਦਾਇਤਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਰਸੂਲਾਂ ਨੇ ਖ਼ੁਦ ਪਹਿਲ ਕਰ ਕੇ “ਪਿੰਡੋ ਪਿੰਡ ਹਰ ਥਾਂ ਖੁਸ਼ ਖਬਰੀ” ਸੁਣਾਉਂਦਿਆਂ ਲੋਕਾਂ ਦੇ ਘਰਾਂ ਵਿਚ ਜਾਣਾ ਸੀ।​—⁠ਲੂਕਾ 9:6.

4. ਬਾਈਬਲ ਵਿਚ ਘਰ-ਘਰ ਪ੍ਰਚਾਰ ਕਰਨ ਬਾਰੇ ਕਿੱਥੇ ਦੱਸਿਆ ਗਿਆ ਹੈ?

4 ਬਾਈਬਲ ਵਿਚ ਸਾਫ਼-ਸਾਫ਼ ਦੱਸਿਆ ਹੈ ਕਿ ਰਸੂਲ ਘਰ-ਘਰ ਪ੍ਰਚਾਰ ਕਰਦੇ ਸਨ। ਮਿਸਾਲ ਲਈ, 33 ਈਸਵੀ ਵਿਚ ਪਹਿਲੀ ਕਲੀਸਿਯਾ ਬਣਨ ਤੋਂ ਬਾਅਦ ਰਸੂਲਾਂ ਦੇ ਕਰਤੱਬ 5:42 ਵਿਚ ਉਨ੍ਹਾਂ ਬਾਰੇ ਦੱਸਿਆ ਹੈ ਕਿ ‘ਓਹ ਰੋਜ ਹੈਕਲ ਵਿੱਚ ਅਤੇ ਘਰੀਂ ਉਪਦੇਸ਼ ਕਰਨ ਅਰ ਇਹ ਖੁਸ਼ ਖਬਰੀ ਸੁਣਾਉਣ ਤੋਂ ਨਾ ਹਟੇ ਭਈ ਯਿਸੂ ਉਹੀ ਮਸੀਹ ਹੈ!’ ਇਸ ਤੋਂ ਤਕਰੀਬਨ 20 ਸਾਲ ਬਾਅਦ ਪੌਲੁਸ ਨੇ ਅਫ਼ਸੁਸ ਦੀ ਕਲੀਸਿਯਾ ਦੇ ਬਜ਼ੁਰਗਾਂ ਨੂੰ ਯਾਦ ਦਿਲਾਇਆ: ‘ਮੈਂ ਤੁਹਾਡੇ ਭਲੇ ਦੀ ਕੋਈ ਗੱਲ ਦੱਸਣ ਵਿੱਚ ਕੁਝ ਫਰਕ ਨਹੀਂ ਕੀਤਾ ਸਗੋਂ ਤੁਹਾਨੂੰ ਖੁਲ੍ਹ ਕੇ ਅਤੇ ਘਰ ਘਰ ਉਪਦੇਸ਼ ਦਿੱਤਾ।’ ਪੌਲੁਸ ਪਹਿਲੀ ਵਾਰ ਇਨ੍ਹਾਂ ਬਜ਼ੁਰਗਾਂ ਨੂੰ ਕਦੋਂ ਮਿਲਿਆ ਸੀ? ਇਸ ਤਰ੍ਹਾਂ ਲੱਗਦਾ ਹੈ ਕਿ ਪੌਲੁਸ ਘਰ-ਘਰ ਪ੍ਰਚਾਰ ਕਰਦਿਆਂ ਉਨ੍ਹਾਂ ਨੂੰ ਮਿਲਿਆ ਸੀ ਜਦ ਅਜੇ ਉਹ ਮਸੀਹੀ ਨਹੀਂ ਸਨ ਬਣੇ। ਉਸ ਨੇ ਉਨ੍ਹਾਂ ਨੂੰ ‘ਪਰਮੇਸ਼ੁਰ ਦੇ ਅੱਗੇ ਤੋਬਾ ਕਰਨ ਅਰ ਸਾਡੇ ਪ੍ਰਭੁ ਯਿਸੂ ਮਸੀਹ ਉੱਤੇ ਨਿਹਚਾ ਕਰਨ’ ਬਾਰੇ ਸਿਖਾਇਆ ਸੀ। (ਰਸੂ. 20:20, 21) ਰਸੂਲਾਂ ਦੇ ਕਰਤੱਬ 20:20 ਬਾਰੇ ਇਕ ਸ਼ਬਦ-ਕੋਸ਼ ਨੇ ਕਿਹਾ: ‘ਇਹ ਗੱਲ ਧਿਆਨ ਦੇਣ ਯੋਗ ਹੈ ਕਿ ਮਸ਼ਹੂਰ ਪ੍ਰਚਾਰਕ ਪੌਲੁਸ ਘਰ-ਘਰ ਜਾ ਕੇ ਪ੍ਰਚਾਰ ਕਰਦਾ ਸੀ।’

ਅੱਜ ਟਿੱਡੀਆਂ ਦਾ ਦਲ!

5. ਯੋਏਲ ਦੀ ਭਵਿੱਖਬਾਣੀ ਵਿਚ ਪ੍ਰਚਾਰ ਦੇ ਕੰਮ ਦੀ ਕਿਹੜੀ ਤਸਵੀਰ ਪੇਸ਼ ਕੀਤੀ ਗਈ ਹੈ?

5 ਪਹਿਲੀ ਸਦੀ ਵਿਚ ਕੀਤਾ ਗਿਆ ਪ੍ਰਚਾਰ ਇਸ ਗੱਲ ਦੀ ਝਲਕ ਸੀ ਕਿ ਭਵਿੱਖ ਵਿਚ ਇਹ ਕੰਮ ਬਹੁਤ ਵੱਡੇ ਪੱਧਰ ’ਤੇ ਕੀਤਾ ਜਾਣਾ ਸੀ। ਯੋਏਲ ਨੇ ਮਸਹ ਕੀਤੇ ਹੋਏ ਮਸੀਹੀਆਂ ਦੇ ਪ੍ਰਚਾਰ ਦੇ ਕੰਮ ਦੀ ਤੁਲਨਾ ਕੀੜਿਆਂ ਦੇ ਹਮਲੇ ਨਾਲ ਕੀਤੀ ਜਿਨ੍ਹਾਂ ਵਿੱਚ ਟਿੱਡੀਆਂ ਵੀ ਸ਼ਾਮਲ ਸਨ। (ਯੋਏ. 1:4) ਟਿੱਡੀਆਂ ਦਾ ਇਹ ਦਲ ਹਰ ਤਰ੍ਹਾਂ ਦੀ ਰੁਕਾਵਟ ਪਾਰ ਕਰ ਲੈਂਦਾ, ਘਰਾਂ ਵਿਚ ਵੜ ਜਾਂਦਾ ਅਤੇ ਰਾਹ ਵਿਚ ਆਉਂਦੀ ਹਰ ਚੀਜ਼ ਖਾ ਲੈਂਦਾ ਹੈ। (ਯੋਏਲ 2:2, 7-9 ਪੜ੍ਹੋ।) ਪਰਮੇਸ਼ੁਰ ਦੇ ਲੋਕਾਂ ਦੀ ਕਿੰਨੀ ਵਧੀਆ ਤਸਵੀਰ ਪੇਸ਼ ਕੀਤੀ ਗਈ ਹੈ ਜੋ ਅੱਜ ਹਰ ਥਾਂ ਡੱਟ ਕੇ ਪ੍ਰਚਾਰ ਕਰਨ ਵਿਚ ਲੱਗੇ ਹੋਏ ਹਨ! ਖ਼ਾਸਕਰ ਘਰ-ਘਰ ਪ੍ਰਚਾਰ ਕਰ ਕੇ ਮਸਹ ਕੀਤੇ ਹੋਏ ਮਸੀਹੀ ਅਤੇ ਉਨ੍ਹਾਂ ਦੇ ਸਾਥੀ ਇਸ ਭਵਿੱਖਬਾਣੀ ਨੂੰ ਪੂਰਾ ਕਰਦੇ ਹਨ। (ਯੂਹੰ. 10:16) ਤਾਂ ਫਿਰ ਯਹੋਵਾਹ ਦੇ ਗਵਾਹਾਂ ਨੇ ਰਸੂਲਾਂ ਦਾ ਘਰ-ਘਰ ਜਾਣ ਦਾ ਇਹ ਤਰੀਕਾ ਕਦੋਂ ਤੋਂ ਅਪਣਾਇਆ?

6. ਸਾਲ 1922 ਵਿਚ ਭੈਣਾਂ-ਭਰਾਵਾਂ ਨੂੰ ਕੀ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਸੀ, ਪਰ ਕੁਝ ਭੈਣ-ਭਰਾ ਕੀ ਸੋਚਦੇ ਸਨ?

6 ਸੰਨ 1919 ਤੋਂ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਪ੍ਰਚਾਰ ਵਿਚ ਹਿੱਸਾ ਲੈਣਾ ਹਰ ਮਸੀਹੀ ਦੀ ਜ਼ਿੰਮੇਵਾਰੀ ਹੈ। ਮਿਸਾਲ ਲਈ, 15 ਅਗਸਤ 1922 ਦੇ ਵਾਚ ਟਾਵਰ ਵਿਚ “ਪ੍ਰਚਾਰ ਕਰਨਾ ਜ਼ਰੂਰੀ” ਨਾਮ ਦਾ ਲੇਖ ਛਾਪਿਆ ਗਿਆ ਸੀ। ਇਸ ਲੇਖ ਵਿਚ ਮਸਹ ਕੀਤੇ ਹੋਏ ਮਸੀਹੀਆਂ ਨੂੰ ਯਾਦ ਕਰਾਇਆ ਗਿਆ ਸੀ ਕਿ ਉਹ “ਘਰ-ਘਰ ਜਾ ਕੇ ਲੋਕਾਂ ਨੂੰ ਸਾਹਿੱਤ ਦੇਣ ਅਤੇ ਜੋਸ਼ ਨਾਲ ਦੱਸਣ ਕਿ ਸਵਰਗ ਦਾ ਰਾਜ ਨੇੜੇ ਹੈ।” ਬੁਲੇਟਿਨ (ਹੁਣ ਸਾਡੀ ਰਾਜ ਸੇਵਕਾਈ) ਵਿਚ ਪ੍ਰਚਾਰ ਕਰਨ ਸੰਬੰਧੀ ਵਧੀਆ ਸੁਝਾਅ ਦਿੱਤੇ ਗਏ ਸਨ। ਫਿਰ ਵੀ ਘਰ-ਘਰ ਪ੍ਰਚਾਰ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਸੀ। ਕਈ ਭੈਣ-ਭਰਾ ਘਰ-ਘਰ ਜਾਣਾ ਨਹੀਂ ਸੀ ਚਾਹੁੰਦੇ। ਉਨ੍ਹਾਂ ਨੇ ਨਾ ਜਾਣ ਦੇ ਵੱਖੋ-ਵੱਖਰੇ ਕਾਰਨ ਦੱਸੇ, ਪਰ ਸਮੱਸਿਆ ਤਾਂ ਇਹ ਸੀ ਕਿ ਉਹ ਘਰ-ਘਰ ਪ੍ਰਚਾਰ ਕਰਨਾ ਆਪਣੀ ਸ਼ਾਨ ਦੇ ਖ਼ਿਲਾਫ਼ ਸਮਝਦੇ ਸਨ। ਜਿਉਂ ਹੀ ਪ੍ਰਚਾਰ ਦੇ ਕੰਮ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਗਈ, ਤਾਂ ਇਨ੍ਹਾਂ ਭੈਣਾਂ-ਭਰਾਵਾਂ ਨੇ ਯਹੋਵਾਹ ਦੀ ਸੰਸਥਾ ਨਾਲੋਂ ਨਾਤਾ ਤੋੜ ਲਿਆ।

7. ਭੈਣਾਂ-ਭਰਾਵਾਂ ਨੂੰ 1950 ਦੇ ਦਹਾਕੇ ਵਿਚ ਕਿਹੜੀ ਚੀਜ਼ ਦੀ ਲੋੜ ਸੀ?

7 ਅਗਲੇ ਦਹਾਕਿਆਂ ਦੌਰਾਨ ਜ਼ਿਆਦਾ ਭੈਣ-ਭਰਾ ਪ੍ਰਚਾਰ ਕਰਨ ਲੱਗ ਪਏ। ਪਰ ਉਨ੍ਹਾਂ ਨੂੰ ਘਰ-ਘਰ ਪ੍ਰਚਾਰ ਕਰਨ ਬਾਰੇ ਹੋਰ ਸਿਖਲਾਈ ਦੀ ਲੋੜ ਸੀ। ਜ਼ਰਾ ਧਿਆਨ ਦਿਓ ਕਿ 1950 ਦੇ ਸ਼ੁਰੂ ਵਿਚ ਅਮਰੀਕਾ ਵਿਚ ਕੀ ਹੋ ਰਿਹਾ ਸੀ। ਉਸ ਦੇਸ਼ ਵਿਚ 28 ਫੀ ਸਦੀ ਭੈਣ-ਭਰਾ ਸਿਰਫ਼ ਸੱਦਾ-ਪੱਤਰ ਵੰਡਦੇ ਸਨ ਜਾਂ ਰਸਾਲੇ ਲੈ ਕੇ ਸੜਕਾਂ ’ਤੇ ਖੜ੍ਹੇ ਹੁੰਦੇ ਸਨ। 40 ਫੀ ਸਦੀ ਤੋਂ ਜ਼ਿਆਦਾ ਭੈਣ-ਭਰਾ ਕਦੇ-ਕਦਾਈਂ ਪ੍ਰਚਾਰ ਕਰਦੇ ਸਨ। ਬਹੁਤੇ ਤਾਂ ਕਈ-ਕਈ ਮਹੀਨੇ ਪ੍ਰਚਾਰ ਕਰਨ ਜਾਂਦੇ ਹੀ ਨਹੀਂ ਸਨ। ਘਰ-ਘਰ ਪ੍ਰਚਾਰ ਕਰਨ ਸੰਬੰਧੀ ਇਨ੍ਹਾਂ ਦੀ ਮਦਦ ਕਿੱਦਾਂ ਕੀਤੀ ਜਾ ਸਕਦੀ ਸੀ?

8, 9. ਸਾਲ 1953 ਵਿਚ ਕਿਹੜਾ ਟ੍ਰੇਨਿੰਗ ਪ੍ਰੋਗ੍ਰਾਮ ਚਲਾਇਆ ਗਿਆ ਸੀ ਅਤੇ ਇਸ ਦੇ ਕਿਹੜੇ ਨਤੀਜੇ ਨਿਕਲੇ ਹਨ?

8 ਸਾਲ 1953 ਵਿਚ ਨਿਊਯਾਰਕ ਸ਼ਹਿਰ ਵਿਚ ਹੋਏ ਅੰਤਰਰਾਸ਼ਟਰੀ ਸੰਮੇਲਨ ਵਿਚ ਘਰ-ਘਰ ਪ੍ਰਚਾਰ ਕਰਨ ਉੱਤੇ ਖ਼ਾਸ ਧਿਆਨ ਦਿੱਤਾ ਗਿਆ ਸੀ। ਭਰਾ ਨੇਥਨ ਨੌਰ ਨੇ ਕਿਹਾ ਕਿ ਸਾਰੇ ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਉਹ ਹਰ ਭੈਣ-ਭਰਾ ਦੀ ਬਾਕਾਇਦਾ ਘਰ-ਘਰ ਪ੍ਰਚਾਰ ਕਰਨ ਵਿਚ ਮਦਦ ਕਰਨ। ਉਸ ਨੇ ਅੱਗੇ ਕਿਹਾ: “ਸਾਰਿਆਂ ਨੂੰ ਘਰ-ਘਰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਆਉਣਾ ਚਾਹੀਦਾ ਹੈ।” ਇਸ ਲਈ ਦੁਨੀਆਂ ਭਰ ਵਿਚ ਟ੍ਰੇਨਿੰਗ ਪ੍ਰੋਗ੍ਰਾਮ ਚਲਾਇਆ ਗਿਆ। ਜੋ ਭੈਣ-ਭਰਾ ਅਜੇ ਘਰ-ਘਰ ਪ੍ਰਚਾਰ ਕਰਨ ਨਹੀਂ ਜਾਂਦੇ ਸਨ, ਉਨ੍ਹਾਂ ਨੂੰ ਸਿਖਾਇਆ ਗਿਆ ਕਿ ਘਰੋਂ-ਘਰੀਂ ਜਾ ਕੇ ਲੋਕਾਂ ਨਾਲ ਗੱਲਬਾਤ ਕਿਵੇਂ ਸ਼ੁਰੂ ਕਰਨੀ ਹੈ, ਬਾਈਬਲ ਤੋਂ ਚਰਚਾ ਕਿਵੇਂ ਕਰਨੀ ਹੈ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਕਿਵੇਂ ਦੇਣੇ ਹਨ।

9 ਇਸ ਟ੍ਰੇਨਿੰਗ ਪ੍ਰੋਗ੍ਰਾਮ ਦੇ ਵਧੀਆ ਨਤੀਜੇ ਨਿਕਲੇ। ਦਸਾਂ ਸਾਲਾਂ ਦੇ ਅੰਦਰ-ਅੰਦਰ ਦੁਨੀਆਂ ਭਰ ਵਿਚ 100 ਫੀ ਸਦੀ ਪਬਲੀਸ਼ਰਾਂ, 126 ਫੀ ਸਦੀ ਰਿਟਰਨ ਵਿਜ਼ਿਟਾਂ ਅਤੇ 150 ਫੀ ਸਦੀ ਬਾਈਬਲ ਸਟੱਡੀਆਂ ਦੀ ਗਿਣਤੀ ਵਧ ਗਈ। ਅੱਜ ਦੁਨੀਆਂ ਭਰ ਵਿਚ ਲਗਭਗ 70 ਲੱਖ ਭੈਣ-ਭਰਾ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਦੇ ਘਰ-ਘਰ ਪ੍ਰਚਾਰ ਕਰਨ ਦੇ ਜਤਨਾਂ ਉੱਤੇ ਬਰਕਤ ਪਾ ਰਿਹਾ ਹੈ।​—⁠ਯਸਾ. 60:22.

ਬਚਾਅ ਲਈ ਲੋਕਾਂ ’ਤੇ ਨਿਸ਼ਾਨ ਲਾਉਣਾ

10, 11. (ੳ) ਹਿਜ਼ਕੀਏਲ ਨੂੰ ਕਿਹੜਾ ਦਰਸ਼ਣ ਦਿੱਤਾ ਗਿਆ ਸੀ? (ਅ) ਇਹ ਦਰਸ਼ਣ ਅੱਜ ਕਿਵੇਂ ਪੂਰਾ ਹੋ ਰਿਹਾ ਹੈ?

10 ਘਰ-ਘਰ ਪ੍ਰਚਾਰ ਕਰਨਾ ਕਿੰਨਾ ਜ਼ਰੂਰੀ ਹੈ, ਇਹ ਅਸੀਂ ਹਿਜ਼ਕੀਏਲ ਨਬੀ ਨੂੰ ਮਿਲੇ ਦਰਸ਼ਣ ਤੋਂ ਦੇਖ ਸਕਦੇ ਹਾਂ। ਦਰਸ਼ਣ ਵਿਚ ਹਿਜ਼ਕੀਏਲ ਨੇ ਛੇ ਆਦਮੀ ਦੇਖੇ ਜਿਨ੍ਹਾਂ ਕੋਲ ਹਥਿਆਰ ਸਨ। ਉਸ ਨੇ ਇਕ ਹੋਰ ਆਦਮੀ ਵੀ ਦੇਖਿਆ ਜਿਸ ਨੇ ਕਤਾਨੀ ਕੱਪੜੇ ਪਹਿਨੇ ਸਨ ਅਤੇ ਜਿਸ ਕੋਲ ਸਿਆਹੀ ਦੀ ਦਵਾਤ ਸੀ। ਇਸ ਸੱਤਵੇਂ ਆਦਮੀ ਨੂੰ ਕਿਹਾ ਗਿਆ ਕਿ ਉਹ “ਸ਼ਹਿਰ ਦੇ ਵਿਚਾਲਿਓਂ” ਲੰਘੇ ਅਤੇ ‘ਉਨ੍ਹਾਂ ਲੋਕਾਂ ਦੇ ਮੱਥੇ ਉੱਤੇ ਜੋ ਓਹਨਾਂ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਜੋ ਉਸ ਵਿੱਚ ਕੀਤੇ ਜਾਂਦੇ ਹਨ ਆਹਾਂ ਭਰਦੇ, ਅਤੇ ਰੋਂਦੇ ਹਨ, ਨਿਸ਼ਾਨ ਲਗਾ ਦੇਵੇ।’ ਇਸ ਤੋਂ ਬਾਅਦ ਹਥਿਆਰਬੰਦ ਛੇ ਆਦਮੀਆਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਉਨ੍ਹਾਂ ਲੋਕਾਂ ਨੂੰ ਮਾਰ ਦੇਣ ਜਿਨ੍ਹਾਂ ਦੇ ਮੱਥੇ ਉੱਤੇ ਨਿਸ਼ਾਨ ਨਹੀਂ ਸੀ।​—⁠ਹਿਜ਼ਕੀਏਲ 9:1-6 ਪੜ੍ਹੋ।

11 ਉਸ ਭਵਿੱਖਬਾਣੀ ਦੀ ਪੂਰਤੀ ਵਿਚ ‘ਕਤਾਨੀ ਕੱਪੜੇ ਪਹਿਨਿਆ’ ਆਦਮੀ ਧਰਤੀ ’ਤੇ ਰਹਿੰਦੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਦਰਸਾਉਂਦਾ ਹੈ। ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਦੇ ਰਾਹੀਂ ਮਸਹ ਕੀਤੇ ਹੋਏ ਮਸੀਹੀ ਉਨ੍ਹਾਂ ਲੋਕਾਂ ’ਤੇ ਮਾਨੋ ਇਕ ਨਿਸ਼ਾਨ ਲਾਉਂਦੇ ਹਨ ਜੋ ਮਸੀਹ ਦੀਆਂ ‘ਹੋਰ ਭੇਡਾਂ’ ਦੇ ਮੈਂਬਰ ਬਣ ਜਾਂਦੇ ਹਨ। (ਯੂਹੰ. 10:16) ਇਹ ਨਿਸ਼ਾਨ ਕੀ ਹੈ? ਇਹ ਇਸ ਗੱਲ ਦਾ ਸਬੂਤ ਹੈ ਕਿ ਇਨ੍ਹਾਂ ਲੋਕਾਂ ਨੇ ਬਪਤਿਸਮਾ ਲਿਆ ਹੈ ਅਤੇ ਯਿਸੂ ਮਸੀਹ ਦੇ ਚੇਲੇ ਬਣ ਕੇ ਉਸ ਦੇ ਨਕਸ਼ੇ-ਕਦਮਾਂ ਉੱਤੇ ਚੱਲਣ ਲੱਗ ਪਏ ਹਨ। (ਅਫ਼. 4:20-24) ਇਹ ਲੋਕ ਮਸਹ ਕੀਤੇ ਹੋਏ ਮਸੀਹੀਆਂ ਨਾਲ ਮਿਲ ਕੇ ਹੋਰਨਾਂ ਉੱਤੇ ਨਿਸ਼ਾਨ ਲਾਉਣ ਦੇ ਅਹਿਮ ਕੰਮ ਵਿਚ ਹਿੱਸਾ ਲੈ ਰਹੇ ਹਨ।​—⁠ਪਰ. 22:17.

12. ਹਿਜ਼ਕੀਏਲ ਦੇ ਦਰਸ਼ਣ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਲੋਕਾਂ ਨੂੰ ਭਾਲਣਾ ਸਾਡੇ ਲਈ ਬਹੁਤ ਜ਼ਰੂਰੀ ਹੈ?

12 ਹਿਜ਼ਕੀਏਲ ਦੇ ਦਰਸ਼ਣ ਤੋਂ ਇਕ ਕਾਰਨ ਪਤਾ ਲੱਗਦਾ ਹੈ ਕਿ ‘ਆਹਾਂ ਭਰਦੇ ਅਤੇ ਰੋਂਦੇ’ ਲੋਕਾਂ ਨੂੰ ਭਾਲਣਾ ਸਾਡੇ ਲਈ ਇੰਨਾ ਜ਼ਰੂਰੀ ਕਿਉਂ ਹੈ। ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਲੋਕਾਂ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ। ਹਿਜ਼ਕੀਏਲ ਦੇ ਦਰਸ਼ਣ ਵਿਚ ਛੇ ਹਥਿਆਰਬੰਦ ਆਦਮੀ ਯਹੋਵਾਹ ਦੀਆਂ ਸਵਰਗੀ ਫ਼ੌਜਾਂ ਨੂੰ ਦਰਸਾਉਂਦੇ ਹਨ। ਜਲਦੀ ਹੀ ਇਹ ਫ਼ੌਜਾਂ ਉਨ੍ਹਾਂ ਸਾਰਿਆਂ ਨੂੰ ਖ਼ਤਮ ਕਰ ਦੇਣਗੀਆਂ ਜਿਨ੍ਹਾਂ ਦੇ ਮੱਥੇ ’ਤੇ ਨਿਸ਼ਾਨ ਨਹੀਂ ਹੈ। ਉਸ ਨਿਆਂ ਦੇ ਸਮੇਂ ਬਾਰੇ ਪੌਲੁਸ ਰਸੂਲ ਨੇ ਲਿਖਿਆ ਕਿ ਯਿਸੂ “ਆਪਣੇ ਬਲਵੰਤ ਦੂਤਾਂ ਸਣੇ” ਆਵੇਗਾ ਅਤੇ “ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ ਓਹਨਾਂ ਨੂੰ ਬਦਲਾ ਦੇਵੇਗਾ।” (2 ਥੱਸ. 1:7, 8) ਗੌਰ ਕਰੋ ਕਿ ਲੋਕਾਂ ਦਾ ਨਿਆਂ ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਕੀਤਾ ਜਾਵੇਗਾ ਕਿ ਉਹ ਖ਼ੁਸ਼ ਖ਼ਬਰੀ ਨੂੰ ਮੰਨਦੇ ਹਨ ਕਿ ਨਹੀਂ। ਇਸ ਕਰਕੇ ਸਾਨੂੰ ਅੰਤ ਆਉਣ ਤਕ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰਦੇ ਰਹਿਣਾ ਚਾਹੀਦਾ ਹੈ। (ਪਰ. 14:6, 7) ਇਹ ਯਹੋਵਾਹ ਦੇ ਸਾਰੇ ਸੇਵਕਾਂ ਉੱਤੇ ਭਾਰੀ ਜ਼ਿੰਮੇਵਾਰੀ ਹੈ।​ਹਿਜ਼ਕੀਏਲ 3:17-19 ਪੜ੍ਹੋ।

13. (ੳ) ਪੌਲੁਸ ਰਸੂਲ ਖ਼ੁਸ਼ ਖ਼ਬਰੀ ਸੁਣਾਉਣ ਬਾਰੇ ਕਿਵੇਂ ਮਹਿਸੂਸ ਕਰਦਾ ਸੀ ਅਤੇ ਕਿਉਂ? (ਅ) ਤੁਸੀਂ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਰਨ ਬਾਰੇ ਕਿਵੇਂ ਮਹਿਸੂਸ ਕਰਦੇ ਹੋ ਜੋ ਤੁਹਾਨੂੰ ਮਿਲਦੇ ਹਨ?

13 ਪੌਲੁਸ ਰਸੂਲ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਨੂੰ ਆਪਣੀ ਜ਼ਿੰਮੇਵਾਰੀ ਸਮਝਦਾ ਸੀ। ਉਸ ਨੇ ਲਿਖਿਆ: “ਮੈਂ ਯੂਨਾਨੀਆਂ ਅਤੇ ਓਪਰਿਆਂ ਦਾ, ਬੁੱਧੀਵਾਨਾਂ ਅਤੇ ਨਿਰਬੁੱਧਾਂ ਦਾ ਕਰਜ਼ਦਾਰ ਹਾਂ। ਸੋ ਮੈਂ ਤੁਹਾਨੂੰ ਵੀ ਜਿਹੜੇ ਰੋਮ ਵਿੱਚ ਹੋ ਵਾਹ ਲੱਗਦਿਆਂ ਖੁਸ਼ ਖਬਰੀ ਸੁਣਾਉਣ ਨੂੰ ਲੱਕ ਬੱਧਾ ਹੈ।” (ਰੋਮੀ. 1:14, 15) ਪੌਲੁਸ ਇਸ ਗੱਲ ਦਾ ਸ਼ੁਕਰਗੁਜ਼ਾਰ ਸੀ ਕਿ ਯਹੋਵਾਹ ਨੇ ਉਸ ਉੱਤੇ ਰਹਿਮ ਕੀਤਾ। ਇਸ ਲਈ ਉਹ ਦਿਲੋਂ ਦੂਸਰਿਆਂ ਦੀ ਮਦਦ ਕਰਨੀ ਚਾਹੁੰਦਾ ਸੀ ਤਾਂਕਿ ਉਹ ਵੀ ਉਸ ਵਾਂਗ ਪਰਮੇਸ਼ੁਰ ਦੀ ਮਿਹਰ ਪਾ ਸਕਣ। (1 ਤਿਮੋ. 1:12-16) ਪੌਲੁਸ ਨੂੰ ਲੱਗਦਾ ਸੀ ਕਿ ਉਹ ਹਰ ਇਨਸਾਨ ਦਾ ਕਰਜ਼ਦਾਰ ਸੀ ਅਤੇ ਇਹ ਕਰਜ਼ਾ ਉਹ ਖ਼ੁਸ਼ ਖ਼ਬਰੀ ਸੁਣਾ ਕੇ ਹੀ ਉਤਾਰ ਸਕਦਾ ਸੀ। ਕੀ ਤੁਸੀਂ ਵੀ ਪੌਲੁਸ ਵਾਂਗ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਦੇ ਕਰਜ਼ਦਾਰ ਸਮਝਦੇ ਹੋ ਜਿਨ੍ਹਾਂ ਨੂੰ ਤੁਸੀਂ ਮਿਲਦੇ ਹੋ?​ਰਸੂਲਾਂ ਦੇ ਕਰਤੱਬ 20:26, 27 ਪੜ੍ਹੋ।

14. ਘਰ-ਘਰ ਅਤੇ ਹੋਰ ਥਾਵਾਂ ’ਤੇ ਪ੍ਰਚਾਰ ਕਰਨ ਦਾ ਸਭ ਤੋਂ ਵੱਡਾ ਕਾਰਨ ਕੀ ਹੈ?

14 ਭਾਵੇਂ ਕਿ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣੀਆਂ ਜ਼ਰੂਰੀ ਹਨ, ਪਰ ਘਰ-ਘਰ ਪ੍ਰਚਾਰ ਕਰਨ ਦਾ ਇਸ ਤੋਂ ਵੀ ਵੱਡਾ ਕਾਰਨ ਹੈ। ਮਲਾਕੀ 1:11 ਦੀ ਭਵਿੱਖਬਾਣੀ ਵਿਚ ਯਹੋਵਾਹ ਨੇ ਕਿਹਾ: ‘ਸੂਰਜ ਦੇ ਚੜ੍ਹਦੇ ਤੋਂ ਲਹਿੰਦੇ ਤੀਕ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ ਅਤੇ ਲੋਕ ਮੇਰੇ ਨਾਮ ਲਈ ਸ਼ੁੱਧ ਚੜ੍ਹਾਵਾ ਚੜ੍ਹਾਉਣਗੇ ਕਿਉਂ ਜੋ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ।’ ਇਸ ਭਵਿੱਖਬਾਣੀ ਦੀ ਪੂਰਤੀ ਵਿਚ ਯਹੋਵਾਹ ਦੇ ਸੇਵਕ ਦੁਨੀਆਂ ਭਰ ਵਿਚ ਪ੍ਰਚਾਰ ਕਰ ਕੇ ਯਹੋਵਾਹ ਦਾ ਨਾਂ ਰੌਸ਼ਨ ਕਰ ਰਹੇ ਹਨ। (ਜ਼ਬੂ. 109:30; ਮੱਤੀ 24:14) ਨਿਮਰਤਾ ਨਾਲ ਘਰ-ਘਰ ਜਾਂ ਹੋਰ ਥਾਵਾਂ ’ਤੇ ਪ੍ਰਚਾਰ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹ ਯਹੋਵਾਹ ਨੂੰ ਆਪਣੇ “ਬੁੱਲ੍ਹਾਂ ਦਾ ਫਲ” ਚੜ੍ਹਾਉਂਦੇ ਹਨ।​—⁠ਇਬ. 13:15.

ਭਵਿੱਖ ਵਿਚ ਹੋਣ ਵਾਲੀਆਂ ਮਹੱਤਵਪੂਰਣ ਘਟਨਾਵਾਂ

15. (ੳ) ਸੱਤਵੇਂ ਦਿਨ ਇਸਰਾਏਲੀਆਂ ਨੇ ਕੀ ਕੁਝ ਕਰਨਾ ਸੀ? (ਅ) ਪ੍ਰਚਾਰ ਦੇ ਕੰਮ ਦੇ ਸੰਬੰਧ ਵਿਚ ਕੀ ਕਿਹਾ ਜਾ ਸਕਦਾ ਹੈ?

15 ਪ੍ਰਚਾਰ ਦੇ ਕੰਮ ਦੇ ਸੰਬੰਧ ਵਿਚ ਅਜੇ ਕੀ-ਕੀ ਹੋਵੇਗਾ? ਯਹੋਸ਼ੁਆ ਦੀ ਪੋਥੀ ਵਿਚ ਯਰੀਹੋ ਸ਼ਹਿਰ ਦੀ ਘੇਰਾਬੰਦੀ ਤੋਂ ਅਸੀਂ ਕੁਝ ਸਿੱਖ ਸਕਦੇ ਹਾਂ। ਯਾਦ ਕਰੋ ਕਿ ਯਰੀਹੋ ਨੂੰ ਨਾਸ਼ ਕਰਨ ਤੋਂ ਪਹਿਲਾਂ ਯਹੋਵਾਹ ਨੇ ਇਸਰਾਏਲੀਆਂ ਨੂੰ ਕਿਹਾ ਸੀ ਕਿ ਉਹ ਛੇ ਦਿਨਾਂ ਤਕ ਹਰ ਰੋਜ਼ ਸ਼ਹਿਰ ਦੇ ਦੁਆਲੇ ਇਕ ਚੱਕਰ ਲਾਉਣ। ਪਰ ਸੱਤਵੇਂ ਦਿਨ ਉਨ੍ਹਾਂ ਨੇ ਹੋਰ ਵੀ ਬਹੁਤ ਕੁਝ ਕਰਨਾ ਸੀ। ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ: “ਤੁਸੀਂ . . . ਸੱਤ ਵੇਰੀ ਸ਼ਹਿਰ ਦੇ ਦੁਆਲੇ ਫਿਰਿਓ ਅਤੇ ਜਾਜਕ ਤੁਰ੍ਹੀਆਂ ਵਜਾਉਣ। ਤਾਂ ਐਉਂ ਹੋਵੇਗਾ ਕਿ ਜਦ ਓਹ ਚਿਰ ਤੀਕ ਮੇਢੇ ਦੇ ਸਿੰਙਾਂ ਦੀਆਂ ਤੁਰ੍ਹੀਆਂ ਵਜਾਉਣ . . . ਤਾਂ ਸਾਰੇ ਲੋਕ ਵੱਡੇ ਜ਼ੋਰ ਨਾਲ ਜੈ ਕਾਰਾ ਗਜਾਉਣ ਤਾਂ ਸ਼ਹਿਰ ਦਾ ਧੂੜਕੋਟ ਮੁੱਢ ਤੀਕ ਢਹਿ ਪਵੇਗਾ।” (ਯਹੋ. 6:2-⁠5) ਸੋ ਹੋ ਸਕਦਾ ਹੈ ਕਿ ਪ੍ਰਚਾਰ ਦੇ ਕੰਮ ਦੇ ਸੰਬੰਧ ਵਿਚ ਹੋਰ ਬਹੁਤ ਕੁਝ ਕੀਤਾ ਜਾਵੇਗਾ। ਨਾਲੇ ਇਸ ਦੁਨੀਆਂ ਦਾ ਅੰਤ ਹੋਣ ਤੋਂ ਪਹਿਲਾਂ ਯਹੋਵਾਹ ਦੇ ਨਾਂ ਅਤੇ ਉਸ ਦੇ ਰਾਜ ਦਾ ਐਲਾਨ ਹਰ ਪਾਸੇ ਕੀਤਾ ਜਾ ਚੁੱਕਾ ਹੋਵੇਗਾ।

16, 17. (ੳ) “ਵੱਡੀ ਬਿਪਤਾ” ਖ਼ਤਮ ਹੋਣ ਤੋਂ ਪਹਿਲਾਂ ਕੀ ਹੋਵੇਗਾ? (ਅ) ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?

16 ਉਹ ਸਮਾਂ ਸ਼ਾਇਦ ਆਵੇ ਜਦ ਸਾਡਾ ਸੰਦੇਸ਼ “ਵੱਡੇ ਜ਼ੋਰ ਨਾਲ ਜੈ ਕਾਰਾ ਗਜਾਉਣ” ਵਾਂਗ ਹੋਵੇਗਾ। ਪਰਕਾਸ਼ ਦੀ ਪੋਥੀ ਵਿਚ ਪਰਮੇਸ਼ੁਰ ਵੱਲੋਂ ਮਿਲਣ ਵਾਲੀ ਸਜ਼ਾ ਨੂੰ ‘ਮਣ ਮਣ ਦੇ ਵੱਡੇ ਗੜਿਆਂ’ ਨਾਲ ਦਰਸਾਇਆ ਗਿਆ ਹੈ। * ਨਾਲੇ ਪਰਕਾਸ਼ ਦੀ ਪੋਥੀ 16:21 ਵਿਚ ਵੀ ਲਿਖਿਆ ਹੈ: ‘ਗੜਿਆਂ ਦੀ ਬਵਾ ਡਾਢੀ ਕਰੜੀ ਹੈ।’ ਅਸੀਂ ਨਹੀਂ ਜਾਣਦੇ ਕਿ ਪਰਮੇਸ਼ੁਰ ਦੇ ਨਿਆਂ ਦੇ ਸੰਦੇਸ਼ਾਂ ਨੂੰ ਸੁਣਾਉਣ ਲਈ ਕਿਸ ਹੱਦ ਤਕ ਘਰ-ਘਰ ਪ੍ਰਚਾਰ ਕੀਤਾ ਜਾਵੇਗਾ। ਪਰ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ “ਵੱਡੀ ਬਿਪਤਾ” ਖ਼ਤਮ ਹੋਣ ਤੋਂ ਪਹਿਲਾਂ ਹਰ ਕਿਸੇ ਨੂੰ ਯਹੋਵਾਹ ਦਾ ਨਾਂ ਪਤਾ ਲੱਗ ਚੁੱਕਾ ਹੋਵੇਗਾ।​—⁠ਪਰ. 7:14; ਹਿਜ਼. 38:⁠23.

17 ਭਵਿੱਖ ਵਿਚ ਹੋਣ ਵਾਲੀਆਂ ਮਹੱਤਵਪੂਰਣ ਘਟਨਾਵਾਂ ਦੀ ਉਡੀਕ ਕਰਦਿਆਂ ਆਓ ਅਸੀਂ ਤਨ-ਮਨ ਲਾ ਕੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੀਏ। ਸਾਨੂੰ ਘਰ-ਘਰ ਪ੍ਰਚਾਰ ਕਰਦਿਆਂ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ ਤੇ ਅਸੀਂ ਇਨ੍ਹਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਲੇਖ ਵਿਚ ਦਿੱਤੇ ਜਾਣਗੇ।

[ਫੁਟਨੋਟ]

^ ਪੈਰਾ 2 ਯਹੋਵਾਹ ਦੇ ਗਵਾਹਾਂ ਦੀ ਵੈੱਬ-ਸਾਈਟ ਹੈ www.watchtower.org.

^ ਪੈਰਾ 16 ਜੇ ਇੱਥੇ ਇਕ ਯੂਨਾਨੀ ਮਣ ਦੀ ਗੱਲ ਕੀਤੀ ਗਈ ਹੈ, ਤਾਂ ਇਕ ਗੜਾ 20 ਕਿਲੋ ਦਾ ਹੋਵੇਗਾ।

ਤੁਸੀਂ ਕੀ ਜਵਾਬ ਦਿਓਗੇ?

• ਘਰ-ਘਰ ਪ੍ਰਚਾਰ ਕਰਨ ਬਾਰੇ ਬਾਈਬਲ ਵਿਚ ਕਿੱਥੇ ਦੱਸਿਆ ਹੈ?

• ਸਾਡੇ ਜ਼ਮਾਨੇ ਵਿਚ ਘਰ-ਘਰ ਪ੍ਰਚਾਰ ਕਰਨ ਉੱਤੇ ਜ਼ੋਰ ਕਿਵੇਂ ਦਿੱਤਾ ਗਿਆ ਸੀ?

• ਯਹੋਵਾਹ ਦੇ ਲੋਕ ਪ੍ਰਚਾਰ ਕਰਨ ਨੂੰ ਆਪਣੀ ਜ਼ਿੰਮੇਵਾਰੀ ਕਿਉਂ ਸਮਝਦੇ ਹਨ?

• ਭਵਿੱਖ ਵਿਚ ਕਿਹੜੀਆਂ ਮਹੱਤਵਪੂਰਣ ਘਟਨਾਵਾਂ ਹੋਣ ਵਾਲੀਆਂ ਹਨ?

[ਸਵਾਲ]

[ਸਫ਼ਾ 4 ਉੱਤੇ ਤਸਵੀਰਾਂ]

ਕੀ ਤੁਸੀਂ ਵੀ ਪੌਲੁਸ ਰਸੂਲ ਵਾਂਗ ਪ੍ਰਚਾਰ ਕਰਨ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋ?

[ਸਫ਼ਾ 5 ਉੱਤੇ ਤਸਵੀਰ]

1953 ਵਿਚ ਭਰਾ ਨੌਰ