Skip to content

Skip to table of contents

ਘਰ-ਘਰ ਪ੍ਰਚਾਰ ਕਰਨ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ

ਘਰ-ਘਰ ਪ੍ਰਚਾਰ ਕਰਨ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ

ਘਰ-ਘਰ ਪ੍ਰਚਾਰ ਕਰਨ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ

“[ਅਸੀਂ] ਪਰਮੇਸ਼ੁਰ ਦੀ ਖੁਸ਼ ਖਬਰੀ ਬਹੁਤ ਝਗੜੇ ਰਗੜੇ ਵਿੱਚ ਤੁਹਾਨੂੰ ਸੁਣਾਉਣ ਲਈ ਆਪਣੇ ਪਰਮੇਸ਼ੁਰ ਦੇ ਆਸਰੇ ਦਿਲੇਰ ਹੋਏ।”​—⁠1 ਥੱਸ. 2:⁠2.

1. ਯਿਰਮਿਯਾਹ ਨੂੰ ਕਿਹੜੀਆਂ ਮੁਸ਼ਕਲਾਂ ਆਈਆਂ ਅਤੇ ਉਹ ਇਨ੍ਹਾਂ ਦਾ ਸਾਮ੍ਹਣਾ ਕਿਵੇਂ ਕਰ ਪਾਇਆ?

ਯਿਰਮਿਯਾਹ ਸਾਡੇ ਵਰਗਾ ਦੁੱਖ-ਸੁਖ ਭੋਗਣ ਵਾਲਾ ਇਨਸਾਨ ਸੀ। ਜਦੋਂ ਯਹੋਵਾਹ ਨੇ ਉਸ ਨੂੰ “ਕੌਮਾਂ ਲਈ ਨਬੀ” ਚੁਣਿਆ, ਤਾਂ ਯਿਰਮਿਯਾਹ ਨੇ ਦੁਹਾਈ ਦਿੱਤੀ: “ਹਾਇ ਪ੍ਰਭੁ ਯਹੋਵਾਹ ਵੇਖ, ਮੈਂ ਗੱਲ ਕਰਨੀ ਨਹੀਂ ਜਾਣਦਾ, ਮੈਂ ਛੋਕਰਾ ਜੋ ਹਾਂ।” ਫਿਰ ਵੀ ਉਸ ਨੇ ਯਹੋਵਾਹ ’ਤੇ ਭਰੋਸਾ ਰੱਖਿਆ ਤੇ ਉਸ ਵੱਲੋਂ ਦਿੱਤੇ ਕੰਮ ਨੂੰ ਸਵੀਕਾਰ ਕੀਤਾ। (ਯਿਰ. 1:4-10) 40 ਸਾਲਾਂ ਤਾਈਂ ਉਹ ਪ੍ਰਚਾਰ ਕਰਦਾ ਰਿਹਾ ਤੇ ਲੋਕਾਂ ਨੇ ਉਸ ਦੀ ਗੱਲ ਨਹੀਂ ਸੁਣੀ, ਸਗੋਂ ਉਸ ਦਾ ਮਜ਼ਾਕ ਉਡਾਇਆ ਤੇ ਉਸ ਨੂੰ ਕੁੱਟਿਆ ਵੀ। (ਯਿਰ. 20:1, 2) ਕਦੇ-ਕਦੇ ਉਸ ਨੂੰ ਲੱਗਦਾ ਸੀ ਕਿ ਉਹ ਪ੍ਰਚਾਰ ਕਰਨਾ ਛੱਡ ਦੇਵੇਗਾ। ਫਿਰ ਵੀ ਉਹ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਰਨ ਵਿਚ ਲੱਗਾ ਰਿਹਾ ਜੋ ਉਸ ਦੀ ਗੱਲ ਨਹੀਂ ਸੁਣਦੇ ਸਨ। ਯਹੋਵਾਹ ਦੀ ਤਾਕਤ ਨਾਲ ਉਸ ਨੇ ਉਹ ਕੰਮ ਪੂਰਾ ਕੀਤਾ ਜੋ ਉਹ ਆਪਣੀ ਤਾਕਤ ਨਾਲ ਨਹੀਂ ਕਰ ਸਕਦਾ ਸੀ।​ਯਿਰਮਿਯਾਹ 20:7-9 ਪੜ੍ਹੋ।

2, 3. ਯਿਰਮਿਯਾਹ ਵਾਂਗ ਅੱਜ ਯਹੋਵਾਹ ਦੇ ਸੇਵਕਾਂ ਨੂੰ ਕਿਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ?

2 ਅੱਜ ਕਈ ਯਹੋਵਾਹ ਦੇ ਸੇਵਕ ਵੀ ਯਿਰਮਿਯਾਹ ਵਾਂਗ ਮਹਿਸੂਸ ਕਰਦੇ ਹਨ। ਘਰ-ਘਰ ਪ੍ਰਚਾਰ ਕਰਨ ਦਾ ਖ਼ਿਆਲ ਆਉਂਦਿਆਂ ਹੀ ਕਈਆਂ ਨੇ ਸ਼ਾਇਦ ਸੋਚਿਆ ਹੋਵੇ, ‘ਇਹ ਕੰਮ ਨਹੀਂ ਹੋਣਾ ਮੈਥੋਂ।’ ਪਰ ਜਦੋਂ ਅਸੀਂ ਸਿੱਖਿਆ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਯਹੋਵਾਹ ਦੀ ਮਰਜ਼ੀ ਹੈ, ਤਾਂ ਅਸੀਂ ਆਪਣੇ ਡਰ ’ਤੇ ਕਾਬੂ ਪਾ ਕੇ ਪ੍ਰਚਾਰ ਕਰਨ ਵਿਚ ਰੁੱਝ ਗਏ। ਫਿਰ ਵੀ ਸਾਨੂੰ ਕਈ ਮੁਸ਼ਕਲਾਂ ਆਈਆਂ ਜਿਨ੍ਹਾਂ ਕਰਕੇ ਕੁਝ ਸਮੇਂ ਲਈ ਸਾਨੂੰ ਪ੍ਰਚਾਰ ਕਰਨਾ ਔਖਾ ਲੱਗਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਘਰ-ਘਰ ਪ੍ਰਚਾਰ ਸ਼ੁਰੂ ਕਰਨਾ ਅਤੇ ਅੰਤ ਤਕ ਕਰਦੇ ਰਹਿਣਾ ਕੋਈ ਸੌਖੀ ਗੱਲ ਨਹੀਂ ਹੈ।​—⁠ਮੱਤੀ 24:13.

3 ਤੁਹਾਡੇ ਬਾਰੇ ਕੀ? ਕੀ ਤੁਸੀਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰ ਰਹੇ ਹੋ ਤੇ ਹੁਣ ਮੀਟਿੰਗਾਂ ਵਿਚ ਆਉਂਦੇ ਹੋ, ਪਰ ਘਰ-ਘਰ ਪ੍ਰਚਾਰ ਕਰਨ ਤੋਂ ਹਿਚਕਿਚਾਉਂਦੇ ਹੋ? ਜਾਂ ਕੀ ਤੁਸੀਂ ਬਪਤਿਸਮਾ ਲਿਆ ਹੋਇਆ ਹੈ ਅਤੇ ਘਰ-ਘਰ ਜਾ ਕੇ ਪ੍ਰਚਾਰ ਕਰ ਸਕਦੇ ਹੋ, ਪਰ ਤੁਹਾਨੂੰ ਇਸ ਤਰ੍ਹਾਂ ਕਰਨਾ ਮੁਸ਼ਕਲ ਲੱਗਦਾ ਹੈ? ਹੌਸਲਾ ਰੱਖੋ। ਦੁਨੀਆਂ ਭਰ ਵਿਚ ਤੁਹਾਡੇ ਵਰਗੇ ਹੋਰ ਵੀ ਭੈਣ-ਭਰਾ ਹਨ ਜਿਨ੍ਹਾਂ ਨੂੰ ਘਰ-ਘਰ ਪ੍ਰਚਾਰ ਕਰਨਾ ਮੁਸ਼ਕਲ ਲੱਗਦਾ ਹੈ। ਪਰ ਯਹੋਵਾਹ ਦੀ ਮਦਦ ਨਾਲ ਉਹ ਇਹ ਕੰਮ ਕਰ ਰਹੇ ਹਨ ਤੇ ਤੁਸੀਂ ਵੀ ਕਰ ਸਕਦੇ ਹੋ।

ਦਲੇਰੀ ਦੀ ਲੋੜ

4. ਪੌਲੁਸ ਰਸੂਲ ਦਲੇਰੀ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਿੱਦਾਂ ਕਰ ਸਕਿਆ?

4 ਸਾਨੂੰ ਪਤਾ ਹੈ ਕਿ ਦੁਨੀਆਂ ਭਰ ਵਿਚ ਪ੍ਰਚਾਰ ਦਾ ਕੰਮ ਪਰਮੇਸ਼ੁਰ ਦੀ ਸ਼ਕਤੀ ਨਾਲ ਹੋ ਰਿਹਾ ਹੈ, ਨਾ ਕਿ ਇਨਸਾਨਾਂ ਦੀ ਤਾਕਤ ਜਾਂ ਬੁੱਧ ਨਾਲ। (ਜ਼ਕ. 4:6) ਇਹ ਗੱਲ ਹਰ ਮਸੀਹੀ ਬਾਰੇ ਵੀ ਸੱਚ ਹੈ ਜੋ ਪਰਮੇਸ਼ੁਰ ਦੀ ਸ਼ਕਤੀ ਨਾਲ ਪ੍ਰਚਾਰ ਕਰ ਰਿਹਾ ਹੈ। (2 ਕੁਰਿੰ. 4:7) ਪੌਲੁਸ ਰਸੂਲ ਦੀ ਹੀ ਮਿਸਾਲ ਲੈ ਲਓ। ਲੋਕਾਂ ਨੇ ਉਸ ਨਾਲ ਤੇ ਉਸ ਦੇ ਮਿਸ਼ਨਰੀ ਸਾਥੀ ਨਾਲ ਕਈ ਵਾਰ ਬੁਰਾ ਸਲੂਕ ਕੀਤਾ ਸੀ। ਅਜਿਹੇ ਹੀ ਇਕ ਸਮੇਂ ਨੂੰ ਯਾਦ ਕਰਦਿਆਂ ਪੌਲੁਸ ਨੇ ਲਿਖਿਆ: “ਭਾਵੇਂ ਅਸਾਂ ਅੱਗੇ ਫਿਲਿੱਪੈ ਵਿੱਚ . . . ਦੁਖ ਅਤੇ ਅਪਜਸ ਝੱਲਿਆ ਤਾਂ ਵੀ ਪਰਮੇਸ਼ੁਰ ਦੀ ਖੁਸ਼ ਖਬਰੀ ਬਹੁਤ ਝਗੜੇ ਰਗੜੇ ਵਿੱਚ ਤੁਹਾਨੂੰ ਸੁਣਾਉਣ ਲਈ ਆਪਣੇ ਪਰਮੇਸ਼ੁਰ ਦੇ ਆਸਰੇ ਦਿਲੇਰ ਹੋਏ।” (1 ਥੱਸ. 2:2; ਰਸੂ. 16:22-24) ਸਾਨੂੰ ਸ਼ਾਇਦ ਇਹ ਮੰਨਣਾ ਔਖਾ ਲੱਗੇ ਕਿ ਜੋਸ਼ੀਲੇ ਪ੍ਰਚਾਰਕ ਪੌਲੁਸ ਨੂੰ ਵੀ ਪ੍ਰਚਾਰ ਕਰਨ ਵਿਚ ਮੁਸ਼ਕਲਾਂ ਆਈਆਂ ਸਨ। ਸਾਡੀ ਤਰ੍ਹਾਂ ਉਸ ਨੂੰ ਵੀ ਦਲੇਰੀ ਨਾਲ ਖ਼ੁਸ਼ ਖ਼ਬਰੀ ਸੁਣਾਉਣ ਲਈ ਯਹੋਵਾਹ ਉੱਤੇ ਭਰੋਸਾ ਰੱਖਣਾ ਪਿਆ ਸੀ। (ਅਫ਼ਸੀਆਂ 6:18-20 ਪੜ੍ਹੋ।) ਅਸੀਂ ਪੌਲੁਸ ਦੀ ਰੀਸ ਕਿੱਦਾਂ ਕਰ ਸਕਦੇ ਹਾਂ?

5. ਦਲੇਰੀ ਨਾਲ ਪ੍ਰਚਾਰ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

5 ਦਲੇਰੀ ਨਾਲ ਪ੍ਰਚਾਰ ਕਰਨ ਲਈ ਸਾਨੂੰ ਪ੍ਰਾਰਥਨਾ ਕਰਨ ਦੀ ਲੋੜ ਹੈ। ਇਕ ਪਾਇਨੀਅਰ ਭੈਣ ਨੇ ਕਿਹਾ: “ਮੈਂ ਪ੍ਰਾਰਥਨਾ ਕਰਦੀ ਹਾਂ ਕਿ ਮੈਂ ਲੋਕਾਂ ਨਾਲ ਪੂਰੇ ਵਿਸ਼ਵਾਸ ਨਾਲ ਗੱਲ ਕਰ ਸਕਾਂ, ਮੇਰੀ ਇਹੀ ਦੁਆ ਹੈ ਕਿ ਮੈਂ ਉਨ੍ਹਾਂ ਦੇ ਦਿਲਾਂ ਤਕ ਪਹੁੰਚ ਸਕਾਂ ਅਤੇ ਸੇਵਕਾਈ ਵਿਚ ਖ਼ੁਸ਼ੀ ਪਾ ਸਕਾਂ। ਇਹ ਯਹੋਵਾਹ ਦਾ ਕੰਮ ਹੈ ਜੋ ਅਸੀਂ ਆਪਣੀ ਤਾਕਤ ਨਾਲ ਨਹੀਂ, ਸਗੋਂ ਯਹੋਵਾਹ ਦੀ ਤਾਕਤ ਨਾਲ ਹੀ ਕਰ ਸਕਦੇ ਹਾਂ।” (1 ਥੱਸ. 5:17) ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੀ ਸ਼ਕਤੀ ਲਈ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ ਤਾਂਕਿ ਅਸੀਂ ਦਲੇਰੀ ਨਾਲ ਪ੍ਰਚਾਰ ਕਰ ਸਕੀਏ।​—⁠ਲੂਕਾ 11:9-13.

6, 7. (ੳ) ਹਿਜ਼ਕੀਏਲ ਨੂੰ ਕਿਹੜਾ ਦਰਸ਼ਣ ਮਿਲਿਆ ਅਤੇ ਇਸ ਦਾ ਕੀ ਮਤਲਬ ਸੀ? (ਅ) ਇਸ ਦਰਸ਼ਣ ਤੋਂ ਯਹੋਵਾਹ ਦੇ ਸੇਵਕ ਅੱਜ ਕਿਹੜਾ ਚੰਗਾ ਸਬਕ ਸਿੱਖ ਸਕਦੇ ਹਨ?

6 ਹਿਜ਼ਕੀਏਲ ਦੀ ਪੋਥੀ ਤੋਂ ਸਾਨੂੰ ਇਕ ਹੋਰ ਗੱਲ ਪਤਾ ਲੱਗਦੀ ਹੈ ਜੋ ਦਲੇਰੀ ਨਾਲ ਪ੍ਰਚਾਰ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ। ਇਕ ਦਰਸ਼ਣ ਵਿਚ ਯਹੋਵਾਹ ਨੇ ਹਿਜ਼ਕੀਏਲ ਨੂੰ ਪੱਤਰੀ ਦਿੱਤੀ ਸੀ ਜਿਸ ਦੇ ਦੋਹੀਂ ਪਾਸੀਂ “ਵੈਣ, ਸੋਗ ਅਤੇ ਸਿਆਪਾ” ਲਿਖੇ ਹੋਏ ਸਨ। ਯਹੋਵਾਹ ਨੇ ਉਸ ਨੂੰ ਇਹ ਪੱਤਰੀ ਦਿੰਦੇ ਹੋਏ ਕਿਹਾ: “ਹੇ ਆਦਮੀ ਦੇ ਪੁੱਤ੍ਰ, ਜੋ ਮੈਂ ਤੈਨੂੰ ਦਿੰਦਾ ਹਾਂ ਤੂੰ ਆਪਣੇ ਢਿੱਡ ਨੂੰ ਇਸ ਦੇ ਨਾਲ ਖਿਲਾ ਅਤੇ ਏਸ ਲਪੇਟਵੀਂ-ਪੱਤ੍ਰੀ ਨਾਲ ਆਪਣੀਆਂ ਆਂਦਰਾਂ ਭਰ ਲੈ।” ਇਹ ਪੱਤਰੀ ਖਾਣ ਦਾ ਕੀ ਮਤਲਬ ਸੀ? ਉਸ ਨੇ ਪੱਤਰੀ ਦੇ ਸੰਦੇਸ਼ ਨੂੰ ਆਪਣੇ ਦਿਲੋ-ਦਿਮਾਗ਼ ਵਿਚ ਸਮਾ ਲੈਣਾ ਸੀ ਤੇ ਇਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਣਾ ਸੀ। ਹਿਜ਼ਕੀਏਲ ਨੇ ਅੱਗੇ ਕਿਹਾ: “ਤਦ ਮੈਂ ਇਹ ਨੂੰ ਖਾਧਾ ਅਤੇ ਇਹ ਮੇਰੇ ਮੂੰਹ ਵਿੱਚ ਸ਼ਹਿਦ ਵਾਂਙੁ ਮਿੱਠੀ ਸੀ।” ਪਰਮੇਸ਼ੁਰ ਦਾ ਸੰਦੇਸ਼ ਸੁਣਾਉਣ ਵਿਚ ਉਸ ਨੂੰ ਮਜ਼ਾ ਆ ਰਿਹਾ ਸੀ ਜਿਵੇਂ ਕਿ ਉਹ ਸ਼ਹਿਦ ਖਾਣ ਦਾ ਮਜ਼ਾ ਲੈ ਰਿਹਾ ਹੋਵੇ। ਭਾਵੇਂ ਕਿ ਹਿਜ਼ਕੀਏਲ ਪੱਥਰ-ਦਿਲ ਲੋਕਾਂ ਨੂੰ ਅਜਿਹਾ ਸੰਦੇਸ਼ ਦੇ ਰਿਹਾ ਸੀ ਜੋ ਉਨ੍ਹਾਂ ਨੂੰ ਪਸੰਦ ਨਹੀਂ ਸੀ, ਪਰ ਉਸ ਨੂੰ ਮਾਣ ਸੀ ਕਿ ਉਹ ਯਹੋਵਾਹ ਦੇ ਨਬੀ ਦੇ ਤੌਰ ਤੇ ਉਸ ਦਾ ਕੰਮ ਕਰ ਰਿਹਾ ਸੀ।​—⁠ਹਿਜ਼ਕੀਏਲ 2:8-3:4; 3:7-9 ਪੜ੍ਹੋ।

7 ਇਸ ਦਰਸ਼ਣ ਤੋਂ ਯਹੋਵਾਹ ਦੇ ਸੇਵਕ ਅੱਜ ਚੰਗਾ ਸਬਕ ਸਿੱਖ ਸਕਦੇ ਹਨ। ਅਸੀਂ ਵੀ ਲੋਕਾਂ ਨੂੰ ਯਹੋਵਾਹ ਵੱਲੋਂ ਉਹ ਸੰਦੇਸ਼ ਦਿੰਦੇ ਹਾਂ ਜੋ ਉਨ੍ਹਾਂ ਨੂੰ ਪਸੰਦ ਨਹੀਂ। ਇਸ ਕੰਮ ਨੂੰ ਮਾਣ ਦੀ ਗੱਲ ਸਮਝਦੇ ਰਹਿਣ ਲਈ ਬਾਈਬਲ ਨੂੰ ਚੰਗੀ ਤਰ੍ਹਾਂ ਪੜ੍ਹਨ ਤੇ ਸਟੱਡੀ ਕਰਨ ਦੀ ਸਾਡੀ ਆਦਤ ਹੋਣੀ ਚਾਹੀਦੀ ਹੈ। ਜੇ ਅਸੀਂ ਸਰਸਰੀ ਨਜ਼ਰ ਨਾਲ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਾਂਗੇ, ਤਾਂ ਅਸੀਂ ਇਸ ਦੀਆਂ ਗੱਲਾਂ ਨੂੰ ਪੂਰੀ ਤਰ੍ਹਾਂ ਗ੍ਰਹਿਣ ਨਹੀਂ ਕਰ ਸਕਾਂਗੇ। ਕੀ ਤੁਸੀਂ ਹਰ ਰੋਜ਼ ਬਾਈਬਲ ਪੜ੍ਹਦੇ ਹੋ? ਕੀ ਤੁਸੀਂ ਬਾਈਬਲ ਦਾ ਅਧਿਐਨ ਕਰਨ ਦੇ ਆਪਣੇ ਢੰਗ ਨੂੰ ਸੁਧਾਰ ਸਕਦੇ ਹੋ? ਕੀ ਤੁਸੀਂ ਪੜ੍ਹੀਆਂ ਗੱਲਾਂ ਉੱਤੇ ਮਨਨ ਕਰਨ ਲਈ ਹੋਰ ਸਮਾਂ ਕੱਢ ਸਕਦੇ ਹੋ?​—⁠ਜ਼ਬੂ. 1:​2, 3.

ਬਾਈਬਲ ਬਾਰੇ ਗੱਲਬਾਤ ਸ਼ੁਰੂ ਕਰਨੀ

8. ਕੁਝ ਭੈਣ-ਭਰਾ ਘਰ-ਘਰ ਪ੍ਰਚਾਰ ਕਰਦਿਆਂ ਲੋਕਾਂ ਨਾਲ ਬਾਈਬਲ ਬਾਰੇ ਕਿਵੇਂ ਗੱਲਬਾਤ ਸ਼ੁਰੂ ਕਰ ਸਕੇ ਹਨ?

8 ਕਈ ਭੈਣਾਂ-ਭਰਾਵਾਂ ਨੂੰ ਘਰ-ਘਰ ਪ੍ਰਚਾਰ ਕਰਦਿਆਂ ਸਭ ਤੋਂ ਮੁਸ਼ਕਲ ਗੱਲ ਇਹ ਲੱਗਦੀ ਹੈ ਕਿ ਘਰ ਵਾਲੇ ਨਾਲ ਗੱਲਬਾਤ ਸ਼ੁਰੂ ਕਿਵੇਂ ਕੀਤੀ ਜਾਵੇ। ਇਹ ਸੱਚ ਹੈ ਕਿ ਕੁਝ ਇਲਾਕਿਆਂ ਵਿਚ ਲੋਕਾਂ ਨਾਲ ਗੱਲ ਸ਼ੁਰੂ ਕਰਨੀ ਔਖੀ ਲੱਗਦੀ ਹੈ। ਪਰ ਕੁਝ ਭੈਣ-ਭਰਾ ਆਸਾਨੀ ਨਾਲ ਗੱਲ ਸ਼ੁਰੂ ਕਰ ਲੈਂਦੇ ਹਨ ਜਦ ਉਹ ਸੋਚ-ਸਮਝ ਕੇ ਗਿਣੇ-ਚੁਣੇ ਲਫ਼ਜ਼ ਵਰਤਦੇ ਹਨ ਅਤੇ ਫਿਰ ਕੋਈ ਟ੍ਰੈਕਟ ਦਿੰਦੇ ਹਨ ਜਿਵੇਂ ਇਸ ਲੇਖ ਨਾਲ ਦਿੱਤੀ ਡੱਬੀ ਵਿਚ ਦੱਸਿਆ ਹੈ। ਟ੍ਰੈਕਟ ਦਾ ਵਿਸ਼ਾ ਜਾਂ ਇਸ ਉੱਤੇ ਦਿੱਤੀ ਸੋਹਣੀ ਤਸਵੀਰ ਸ਼ਾਇਦ ਉਨ੍ਹਾਂ ਦਾ ਧਿਆਨ ਖਿੱਚੇ। ਇਸ ਨਾਲ ਸਾਨੂੰ ਥੋੜ੍ਹੇ ਸ਼ਬਦਾਂ ਵਿਚ ਇਹ ਦੱਸਣ ਦਾ ਮੌਕਾ ਮਿਲ ਜਾਂਦਾ ਹੈ ਕਿ ਅਸੀਂ ਉਨ੍ਹਾਂ ਨੂੰ ਕਿਉਂ ਮਿਲਣ ਆਏ ਹਾਂ ਤੇ ਫਿਰ ਅਸੀਂ ਉਨ੍ਹਾਂ ਤੋਂ ਕੋਈ ਸਵਾਲ ਪੁੱਛ ਸਕਦੇ ਹਾਂ। ਜਾਂ ਅਸੀਂ ਉਨ੍ਹਾਂ ਨੂੰ ਤਿੰਨ-ਚਾਰ ਵੱਖੋ-ਵੱਖਰੇ ਵਿਸ਼ਿਆਂ ਵਾਲੇ ਟ੍ਰੈਕਟ ਦਿਖਾ ਕੇ ਪੁੱਛ ਸਕਦੇ ਹਾਂ ਕਿ ਉਨ੍ਹਾਂ ਨੂੰ ਕਿਹੜਾ ਪਸੰਦ ਹੈ। ਸਾਡਾ ਮਕਸਦ ਸਿਰਫ਼ ਟ੍ਰੈਕਟ ਦੇਣਾ ਨਹੀਂ, ਬਲਕਿ ਬਾਈਬਲ ਬਾਰੇ ਗੱਲਬਾਤ ਕਰ ਕੇ ਬਾਈਬਲ ਸਟੱਡੀ ਸ਼ੁਰੂ ਕਰਨੀ ਹੈ।

9. ਚੰਗੀ ਤਿਆਰੀ ਕਰਨੀ ਕਿਉਂ ਜ਼ਰੂਰੀ ਹੈ?

9 ਚੰਗੀ ਤਿਆਰੀ ਨਾਲ ਅਸੀਂ ਦਲੇਰੀ ਅਤੇ ਜੋਸ਼ ਨਾਲ ਘਰ-ਘਰ ਪ੍ਰਚਾਰ ਕਰ ਸਕਾਂਗੇ। ਇਕ ਪਾਇਨੀਅਰ ਭਰਾ ਨੇ ਕਿਹਾ: “ਮੈਨੂੰ ਜ਼ਿਆਦਾ ਖ਼ੁਸ਼ੀ ਉਦੋਂ ਮਿਲਦੀ ਹੈ ਜਦੋਂ ਮੈਂ ਚੰਗੀ ਤਿਆਰੀ ਕਰ ਕੇ ਜਾਂਦਾ ਹਾਂ। ਫਿਰ ਮੈਂ ਪੂਰੇ ਵਿਸ਼ਵਾਸ ਨਾਲ ਲੋਕਾਂ ਨਾਲ ਗੱਲ ਕਰਦਾ ਹਾਂ।” ਇਕ ਹੋਰ ਪਾਇਨੀਅਰ ਭਰਾ ਨੇ ਕਿਹਾ: “ਜਦ ਮੈਂ ਉਨ੍ਹਾਂ ਰਸਾਲਿਆਂ ਨੂੰ ਪੜ੍ਹ ਲੈਂਦਾ ਹਾਂ ਜੋ ਮੈਂ ਲੋਕਾਂ ਨੂੰ ਦੇਣੇ ਚਾਹੁੰਦਾ ਹਾਂ, ਤਾਂ ਮੈਂ ਜੋਸ਼ ਨਾਲ ਉਨ੍ਹਾਂ ’ਤੇ ਗੱਲਬਾਤ ਕਰਦਾ ਹਾਂ।” ਇਕ ਹੋਰ ਗੱਲ ਉੱਤੇ ਵੀ ਧਿਆਨ ਦਿਓ। ਹਾਲਾਂਕਿ ਜਾਣਕਾਰੀ ਨੂੰ ਮਨ ਹੀ ਮਨ ਵਿਚ ਪੜ੍ਹਨ ਦਾ ਫ਼ਾਇਦਾ ਹੈ ਕਿ ਤੁਸੀਂ ਲੋਕਾਂ ਨਾਲ ਕੀ ਗੱਲ ਕਰੋਗੇ, ਪਰ ਕਈ ਭੈਣਾਂ-ਭਰਾਵਾਂ ਨੂੰ ਉਦੋਂ ਜ਼ਿਆਦਾ ਫ਼ਾਇਦਾ ਹੁੰਦਾ ਹੈ ਜਦੋਂ ਉਹ ਰੀਹਰਸਲ ਕਰ ਕੇ ਜਾਂਦੇ ਹਨ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੂੰ ਤਨ-ਮਨ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਮਦਦ ਮਿਲਦੀ ਹੈ।​—⁠ਕੁਲੁ. 3:23; 2 ਤਿਮੋ. 2:15.

10. ਪ੍ਰਚਾਰ ਲਈ ਰੱਖੀਆਂ ਸਭਾਵਾਂ ਨੂੰ ਫ਼ਾਇਦੇਮੰਦ ਕਿੱਦਾਂ ਬਣਾਇਆ ਜਾ ਸਕਦਾ ਹੈ?

10 ਪ੍ਰਚਾਰ ਲਈ ਰੱਖੀਆਂ ਸਭਾਵਾਂ ਦੀ ਮਦਦ ਨਾਲ ਅਸੀਂ ਵਧੀਆ ਢੰਗ ਨਾਲ ਘਰ-ਘਰ ਪ੍ਰਚਾਰ ਕਰ ਸਕਦੇ ਹਾਂ ਜਿਸ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ। ਜੇ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪੁਸਤਿਕਾ ਦਾ ਹਵਾਲਾ ਪ੍ਰਚਾਰ ਦੇ ਕੰਮ ਬਾਰੇ ਗੱਲ ਕਰਦਾ ਹੈ, ਤਾਂ ਉਸ ਨੂੰ ਪੜ੍ਹਿਆ ਜਾ ਸਕਦਾ ਹੈ ਤੇ ਕੁਝ ਮਿੰਟਾਂ ਲਈ ਉਸ ’ਤੇ ਚਰਚਾ ਕੀਤੀ ਜਾ ਸਕਦੀ ਹੈ। ਸਭਾ ਚਲਾਉਣ ਵਾਲਾ ਭਰਾ ਚਰਚਾ ਕਰ ਸਕਦਾ ਹੈ ਕਿ ਲੋਕਾਂ ਨਾਲ ਕੀ ਗੱਲ ਕੀਤੀ ਜਾ ਸਕਦੀ ਹੈ ਜਾਂ ਉਹ ਇਕ ਪ੍ਰਦਰਸ਼ਨ ਦਾ ਵੀ ਇੰਤਜ਼ਾਮ ਕਰ ਸਕਦਾ ਹੈ। ਜਾਂ ਉਹ ਹੋਰ ਜਾਣਕਾਰੀ ਦੇ ਸਕਦਾ ਹੈ ਜੋ ਪ੍ਰਚਾਰ ਵਿਚ ਭੈਣਾਂ-ਭਰਾਵਾਂ ਦੀ ਮਦਦ ਕਰੇਗੀ। ਇਸ ਤਰ੍ਹਾਂ ਉਹ ਵਧੀਆ ਢੰਗ ਨਾਲ ਪ੍ਰਚਾਰ ਕਰਨ ਲਈ ਤਿਆਰ ਹੋਣਗੇ। ਪਹਿਲਾਂ ਤੋਂ ਚੰਗੀ ਤਿਆਰੀ ਕਰਨ ਨਾਲ ਬਜ਼ੁਰਗ ਅਤੇ ਹੋਰ ਭਰਾ ਇਹ ਗੱਲਾਂ ਕਰ ਪਾਉਣਗੇ ਅਤੇ ਇਨ੍ਹਾਂ ਸਭਾਵਾਂ ਨੂੰ ਸਮੇਂ ਸਿਰ ਖ਼ਤਮ ਵੀ ਕਰ ਸਕਣਗੇ।​—⁠ਰੋਮੀ. 12:⁠8.

ਲੋਕਾਂ ਦੀ ਗੱਲ ਧਿਆਨ ਨਾਲ ਸੁਣੋ

11, 12. ਹਮਦਰਦੀ ਨਾਲ ਲੋਕਾਂ ਦੀ ਗੱਲ ਸੁਣ ਕੇ ਅਸੀਂ ਉਨ੍ਹਾਂ ਦੇ ਦਿਲਾਂ ਤਕ ਕਿਵੇਂ ਪਹੁੰਚ ਸਕਦੇ ਹਾਂ? ਮਿਸਾਲ ਦਿਓ।

11 ਚੰਗੀ ਤਿਆਰੀ ਕਰਨ ਤੋਂ ਇਲਾਵਾ ਸਾਨੂੰ ਲੋਕਾਂ ਵਿਚ ਗਹਿਰੀ ਦਿਲਚਸਪੀ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਲੋਕਾਂ ਨਾਲ ਬਾਈਬਲ ਬਾਰੇ ਗੱਲ ਕਰਨ ਅਤੇ ਉਨ੍ਹਾਂ ਦੇ ਦਿਲਾਂ ਤਕ ਪਹੁੰਚਣ ਵਿਚ ਮਦਦ ਮਿਲੇਗੀ। ਦਿਲਚਸਪੀ ਲੈਣ ਦਾ ਇਕ ਤਰੀਕਾ ਹੈ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨੀ। ਇਕ ਸਰਕਟ ਨਿਗਾਹਬਾਨ ਨੇ ਕਿਹਾ: ‘ਜਦ ਅਸੀਂ ਧਿਆਨ ਨਾਲ ਲੋਕਾਂ ਦੀ ਪੂਰੀ ਗੱਲ ਸੁਣਦੇ ਹਾਂ, ਤਾਂ ਉਹ ਸਾਡਾ ਸੰਦੇਸ਼ ਸੁਣਨ ਲਈ ਤਿਆਰ ਹੁੰਦੇ ਹਨ। ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣ ਕੇ ਅਸੀਂ ਉਨ੍ਹਾਂ ਲਈ ਆਪਣਾ ਪਿਆਰ ਜ਼ਾਹਰ ਕਰਦੇ ਹਾਂ।’ ਹਮਦਰਦੀ ਨਾਲ ਲੋਕਾਂ ਦੀ ਗੱਲ ਸੁਣ ਕੇ ਅਸੀਂ ਉਨ੍ਹਾਂ ਦੇ ਦਿਲ ਜਿੱਤ ਸਕਦੇ ਹਾਂ। ਇਹ ਅਸੀਂ ਅਗਲੇ ਪੈਰੇ ਵਿਚ ਦਿੱਤੇ ਤਜਰਬੇ ਤੋਂ ਦੇਖ ਸਕਦੇ ਹਾਂ।

12 ਫਰਾਂਸ ਦੇ ਇਕ ਅਖ਼ਬਾਰ ਵਿਚ ਇਕ ਚਿੱਠੀ ਛਾਪੀ ਗਈ ਸੀ ਜਿਸ ਵਿਚ ਇਕ ਤੀਵੀਂ ਨੇ ਦੱਸਿਆ ਕਿ ਦੋ ਔਰਤਾਂ ਉਹ ਦੇ ਘਰ ਆਈਆਂ। ਇਹ ਤੀਵੀਂ ਬਹੁਤ ਦੁਖੀ ਸੀ ਕਿਉਂਕਿ ਉਸ ਦੀ ਤਿੰਨ ਮਹੀਨਿਆਂ ਦੀ ਨੰਨ੍ਹੀ ਬੱਚੀ ਗੁਜ਼ਰ ਗਈ ਸੀ। ਉਸ ਨੇ ਲਿਖਿਆ: “ਮੈਂ ਫੱਟ ਪਛਾਣ ਲਿਆ ਕਿ ਉਹ ਯਹੋਵਾਹ ਦੀਆਂ ਗਵਾਹਾਂ ਸਨ। ਮੈਂ ਉਨ੍ਹਾਂ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਸੀ। ਪਰ ਫਿਰ ਮੇਰੀ ਨਜ਼ਰ ਇਕ ਬਰੋਸ਼ਰ ’ਤੇ ਪਈ ਜੋ ਉਹ ਵੰਡ ਰਹੀਆਂ ਸਨ। ਇਸ ਦਾ ਵਿਸ਼ਾ ਸੀ ਕਿ ਰੱਬ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ। ਮੈਂ ਉਨ੍ਹਾਂ ਦੇ ਵਿਸ਼ਵਾਸਾਂ ਨੂੰ ਝੂਠਾ ਸਾਬਤ ਕਰਨਾ ਚਾਹੁੰਦੀ ਸੀ, ਇਸ ਲਈ ਮੈਂ ਉਨ੍ਹਾਂ ਨੂੰ ਅੰਦਰ ਬੁਲਾ ਲਿਆ। . . . ਅਸੀਂ ਘੰਟੇ ਕੁ ਲਈ ਗੱਲਾਂ ਕਰਦੀਆਂ ਰਹੀਆਂ। ਉਨ੍ਹਾਂ ਨੇ ਬੜੇ ਧਿਆਨ ਅਤੇ ਪਿਆਰ ਨਾਲ ਮੇਰੀ ਗੱਲ ਸੁਣੀ। ਉਨ੍ਹਾਂ ਨਾਲ ਗੱਲ ਕਰ ਕੇ ਮੇਰਾ ਮਨ ਹੌਲਾ ਹੋਇਆ। ਇਸ ਲਈ ਮੈਂ ਉਨ੍ਹਾਂ ਨੂੰ ਦੁਬਾਰਾ ਮਿਲਣ ਲਈ ਰਾਜ਼ੀ ਹੋ ਗਈ।” (ਰੋਮੀ. 12:15) ਥੋੜ੍ਹੇ ਸਮੇਂ ਬਾਅਦ ਇਸ ਤੀਵੀਂ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ ਗਈ। ਇਸ ਤਜਰਬੇ ਤੋਂ ਅਸੀਂ ਦੇਖਦੇ ਹਾਂ ਕਿ ਇਸ ਤੀਵੀਂ ਨੇ ਇਹ ਨਹੀਂ ਕਿਹਾ ਕਿ ਭੈਣਾਂ ਨੇ ਕੀ ਗੱਲਬਾਤ ਕੀਤੀ, ਸਗੋਂ ਇਹ ਕਿਹਾ ਕਿ ਭੈਣਾਂ ਨੇ ਉਸ ਦੀ ਗੱਲ ਬੜੇ ਧਿਆਨ ਨਾਲ ਸੁਣੀ।

13. ਅਸੀਂ ਰਾਜ ਦੇ ਸੰਦੇਸ਼ ਨੂੰ ਲੋਕਾਂ ਦੀਆਂ ਲੋੜਾਂ ਅਨੁਸਾਰ ਕਿਵੇਂ ਦੱਸ ਸਕਦੇ ਹਾਂ?

13 ਜਦ ਅਸੀਂ ਧਿਆਨ ਨਾਲ ਲੋਕਾਂ ਦੀ ਗੱਲ ਸੁਣਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੀਆਂ ਕੀ ਲੋੜਾਂ ਹਨ। ਫਿਰ ਅਸੀਂ ਉਨ੍ਹਾਂ ਦੀਆਂ ਲੋੜਾਂ ਮੁਤਾਬਕ ਦੱਸ ਸਕਦੇ ਹਾਂ ਕਿ ਪਰਮੇਸ਼ੁਰ ਦਾ ਰਾਜ ਉਨ੍ਹਾਂ ਲਈ ਕੀ-ਕੀ ਕਰੇਗਾ। ਤੁਸੀਂ ਸ਼ਾਇਦ ਦੇਖਿਆ ਹੋਵੇ ਕਿ ਵਧੀਆ ਤਰੀਕੇ ਨਾਲ ਪ੍ਰਚਾਰ ਕਰਨ ਵਾਲੇ ਭੈਣ-ਭਰਾ ਲੋਕਾਂ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਦੇ ਹਨ। (ਕਹਾ. 20:5) ਉਹ ਪ੍ਰਚਾਰ ਕਰਦਿਆਂ ਲੋਕਾਂ ਵਿਚ ਗਹਿਰੀ ਦਿਲਚਸਪੀ ਲੈਂਦੇ ਹਨ। ਉਹ ਉਨ੍ਹਾਂ ਦੇ ਨਾਂ ਤੇ ਪਤੇ ਲਿਖਣ ਤੋਂ ਇਲਾਵਾ, ਉਨ੍ਹਾਂ ਦੀਆਂ ਰੁਚੀਆਂ ਅਤੇ ਲੋੜਾਂ ਵੀ ਲਿਖ ਲੈਂਦੇ ਹਨ। ਜਦ ਕੋਈ ਉਨ੍ਹਾਂ ਤੋਂ ਕੋਈ ਖ਼ਾਸ ਗੱਲ ਜਾਣਨਾ ਚਾਹੁੰਦਾ ਹੈ, ਤਾਂ ਉਹ ਪ੍ਰਚਾਰਕ ਉਸ ਵਿਸ਼ੇ ’ਤੇ ਰਿਸਰਚ ਕਰ ਕੇ ਦੁਬਾਰਾ ਉਸ ਨੂੰ ਮਿਲਣ ਜਾਂਦੇ ਹਨ। ਪੌਲੁਸ ਰਸੂਲ ਦੀ ਤਰ੍ਹਾਂ ਉਹ ਵੀ ਰਾਜ ਦੇ ਸੰਦੇਸ਼ ਨੂੰ ਲੋਕਾਂ ਦੀਆਂ ਲੋੜਾਂ ਅਨੁਸਾਰ ਦੱਸਦੇ ਹਨ। (1 ਕੁਰਿੰਥੀਆਂ 9:19-23 ਪੜ੍ਹੋ।) ਨਤੀਜੇ ਵਜੋਂ, ਲੋਕ ਉਨ੍ਹਾਂ ਤੋਂ ਖ਼ੁਸ਼ ਖ਼ਬਰੀ ਸੁਣ ਲੈਂਦੇ ਹਨ। ਇਸ ਤਰ੍ਹਾਂ ਉਹ ਪਰਮੇਸ਼ੁਰ ਦੀ ਰੀਸ ਕਰਦੇ ਹਨ ਜੋ ਲੋਕਾਂ ਉੱਤੇ ‘ਵੱਡਾ ਰਹਮ’ ਕਰਦਾ ਹੈ।​—⁠ਲੂਕਾ 1:⁠78.

ਸਹੀ ਨਜ਼ਰੀਆ ਰੱਖੋ

14. ਪ੍ਰਚਾਰ ਕਰਦਿਆਂ ਅਸੀਂ ਯਹੋਵਾਹ ਦੀ ਰੀਸ ਕਿੱਦਾਂ ਕਰ ਸਕਦੇ ਹਾਂ?

14 ਯਹੋਵਾਹ ਨੇ ਸਾਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਹੈ। ਹਾਲਾਂਕਿ ਉਹ ਸਰਬਸ਼ਕਤੀਮਾਨ ਪਰਮੇਸ਼ੁਰ ਹੈ, ਪਰ ਉਹ ਕਿਸੇ ਨੂੰ ਆਪਣੀ ਸੇਵਾ ਕਰਨ ਲਈ ਮਜਬੂਰ ਨਹੀਂ ਕਰਦਾ। ਉਹ ਚਾਹੁੰਦਾ ਹੈ ਕਿ ਲੋਕ ਪਿਆਰ ਦੇ ਕਾਰਨ ਉਸ ਦੀ ਭਗਤੀ ਕਰਨ। ਜਿਹੜੇ ਲੋਕ ਉਸ ਦੇ ਰਾਹਾਂ ’ਤੇ ਚੱਲਦੇ ਹਨ, ਉਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ। (ਰੋਮੀ. 2:4) ਸਾਡਾ ਪਰਮੇਸ਼ੁਰ ਦਇਆਵਾਨ ਹੈ, ਇਸ ਲਈ ਉਸ ਦੇ ਸੇਵਕਾਂ ਵਜੋਂ ਸਾਨੂੰ ਵੀ ਦਇਆ ਕਰਦੇ ਹੋਏ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ। (2 ਕੁਰਿੰ. 5:20, 21; 6:3-⁠6) ਇਸ ਤਰ੍ਹਾਂ ਕਰਦੇ ਰਹਿਣ ਲਈ ਸਾਨੂੰ ਆਪਣੇ ਇਲਾਕੇ ਦੇ ਲੋਕਾਂ ਪ੍ਰਤੀ ਸਹੀ ਨਜ਼ਰੀਆ ਰੱਖਣ ਦੀ ਲੋੜ ਹੈ। ਕਿਹੜੀ ਗੱਲ ਇਹੋ ਜਿਹਾ ਨਜ਼ਰੀਆ ਰੱਖਣ ਵਿਚ ਸਾਡੀ ਮਦਦ ਕਰੇਗੀ?

15. (ੳ) ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਕਰਨ ਲਈ ਕਿਹਾ ਸੀ ਜੇ ਲੋਕ ਉਨ੍ਹਾਂ ਦੀ ਗੱਲ ਨਾ ਸੁਣਦੇ? (ਅ) ਨੇਕਦਿਲ ਲੋਕਾਂ ਨੂੰ ਭਾਲਦੇ ਰਹਿਣ ਵਿਚ ਸਾਡੀ ਮਦਦ ਕਿਵੇਂ ਹੋ ਸਕਦੀ ਹੈ?

15 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਜੇ ਲੋਕ ਉਨ੍ਹਾਂ ਦੀ ਗੱਲ ਨਾ ਸੁਣਨ, ਤਾਂ ਉਨ੍ਹਾਂ ਨੂੰ ਬਹੁਤਾ ਫ਼ਿਕਰ ਕਰਨ ਦੀ ਲੋੜ ਨਹੀਂ, ਸਗੋਂ ਉਨ੍ਹਾਂ ਨੂੰ ਨੇਕਦਿਲ ਲੋਕਾਂ ਨੂੰ ਭਾਲਦੇ ਰਹਿਣਾ ਚਾਹੀਦਾ ਸੀ। (ਮੱਤੀ 10:11-15 ਪੜ੍ਹੋ।) ਇਸ ਤਰ੍ਹਾਂ ਕਰਨ ਲਈ ਅਸੀਂ ਕੁਝ ਟੀਚੇ ਰੱਖ ਸਕਦੇ ਹਾਂ। ਮਿਸਾਲ ਲਈ, ਇਕ ਭਰਾ ਆਪਣੀ ਤੁਲਨਾ ਸੋਨਾ ਲੱਭਣ ਵਾਲੇ ਨਾਲ ਕਰਦਾ ਹੈ। ਉਸ ਦਾ ਕਹਿਣਾ ਹੈ: “ਮੈਨੂੰ ਉਮੀਦ ਹੈ ਕਿ ਅੱਜ ਮੈਨੂੰ ਸੋਨਾ ਲੱਭੇਗਾ।” ਇਕ ਹੋਰ ਭਰਾ ਨੇ ਕਿਹਾ: “ਮੈਂ ਹਫ਼ਤੇ ਵਿਚ ਇਕ ਅਜਿਹੇ ਵਿਅਕਤੀ ਨੂੰ ਮਿਲਾਂਗਾ ਜੋ ਮੇਰੀ ਗੱਲ ਸੁਣੇਗਾ ਤੇ ਕੁਝ ਹੀ ਦਿਨਾਂ ਵਿਚ ਉਸ ਨੂੰ ਦੁਬਾਰਾ ਮਿਲਣ ਜਾਵਾਂਗਾ।” ਕੁਝ ਭੈਣ-ਭਰਾ ਹਰ ਵਿਅਕਤੀ ਨੂੰ ਬਾਈਬਲ ਦਾ ਇਕ ਹਵਾਲਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਤੁਸੀਂ ਆਪਣੇ ਲਈ ਕਿਹੜਾ ਟੀਚਾ ਰੱਖ ਸਕਦੇ ਹੋ?

16. ਸਾਨੂੰ ਪ੍ਰਚਾਰ ਕਿਉਂ ਕਰਦੇ ਰਹਿਣਾ ਚਾਹੀਦਾ ਹੈ?

16 ਘਰ-ਘਰ ਪ੍ਰਚਾਰ ਕਰਨ ਵਿਚ ਸਫ਼ਲ ਹੋਣਾ ਇਸ ਗੱਲ ’ਤੇ ਨਿਰਭਰ ਨਹੀਂ ਕਰਦਾ ਕਿ ਲੋਕ ਸਾਡੀ ਗੱਲ ਸੁਣਦੇ ਹਨ ਜਾਂ ਨਹੀਂ। ਇਹ ਸੱਚ ਹੈ ਕਿ ਪ੍ਰਚਾਰ ਦਾ ਕੰਮ ਕਰਨ ਨਾਲ ਨੇਕਦਿਲ ਲੋਕਾਂ ਦੀਆਂ ਜਾਨਾਂ ਬਚ ਸਕਦੀਆਂ ਹਨ। ਪਰ ਪ੍ਰਚਾਰ ਦੇ ਰਾਹੀਂ ਅਸੀਂ ਹੋਰ ਵੀ ਬਹੁਤ ਕੁਝ ਕਰਦੇ ਹਾਂ। ਸਾਨੂੰ ਯਹੋਵਾਹ ਲਈ ਆਪਣੇ ਪਿਆਰ ਨੂੰ ਜ਼ਾਹਰ ਕਰਨ ਦਾ ਮੌਕਾ ਮਿਲਦਾ ਹੈ। (1 ਯੂਹੰ. 5:3) ਅਸੀਂ ਲੋਕਾਂ ਦੇ ਖ਼ੂਨ ਦੇ ਦੋਸ਼ੀ ਬਣਨ ਤੋਂ ਬਚਦੇ ਹਾਂ। (ਰਸੂ. 20:26, 27) ਅਸੀਂ ਲੋਕਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਪਰਮੇਸ਼ੁਰ ਦੇ “ਨਿਆਉਂ ਦਾ ਸਮਾ ਆ ਪੁੱਜਾ ਹੈ।” (ਪਰ. 14:6, 7) ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪ੍ਰਚਾਰ ਦੇ ਜ਼ਰੀਏ ਸਾਰੀ ਧਰਤੀ ਉੱਤੇ ਪਰਮੇਸ਼ੁਰ ਦੇ ਨਾਂ ਦੀ ਵਡਿਆਈ ਹੁੰਦੀ ਹੈ। (ਜ਼ਬੂ. 113:3) ਇਸ ਲਈ ਚਾਹੇ ਲੋਕ ਸਾਡੀ ਗੱਲ ਸੁਣਨ ਜਾਂ ਨਾ ਸੁਣਨ, ਸਾਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹਿਣਾ ਚਾਹੀਦਾ ਹੈ। ਖ਼ੁਸ਼ ਖ਼ਬਰੀ ਸੁਣਾਉਣ ਲਈ ਅਸੀਂ ਜੋ ਵੀ ਜਤਨ ਕਰਦੇ ਹਾਂ, ਯਹੋਵਾਹ ਉਨ੍ਹਾਂ ਦੀ ਬਹੁਤ ਕਦਰ ਕਰਦਾ ਹੈ।​—⁠ਰੋਮੀ. 10:13-15.

17. ਲੋਕਾਂ ਨੂੰ ਕੀ ਮੰਨਣਾ ਪਵੇਗਾ?

17 ਭਾਵੇਂ ਕਿ ਬਹੁਤ ਸਾਰੇ ਲੋਕ ਸਾਡੇ ਪ੍ਰਚਾਰ ਨੂੰ ਚੰਗਾ ਨਹੀਂ ਸਮਝਦੇ, ਪਰ ਉਹ ਦਿਨ ਆਵੇਗਾ ਜਦ ਉਹ ਜਾਣਨਗੇ ਕਿ ਇਸ ਪ੍ਰਚਾਰ ਨੂੰ ਸੁਣਨਾ ਉਨ੍ਹਾਂ ਲਈ ਕਿੰਨਾ ਜ਼ਰੂਰੀ ਸੀ। (ਮੱਤੀ 24:37-39) ਯਹੋਵਾਹ ਨੇ ਹਿਜ਼ਕੀਏਲ ਨੂੰ ਭਰੋਸਾ ਦਿਵਾਇਆ ਸੀ ਕਿ ਜੋ ਸੰਦੇਸ਼ ਉਹ ਦੇ ਰਿਹਾ ਸੀ, ਉਹ ਜ਼ਰੂਰ ਪੂਰਾ ਹੋਵੇਗਾ ਅਤੇ ਇਸਰਾਏਲ ਦੇ ਢੀਠ ਲੋਕ “ਜਾਣ ਲੈਣਗੇ ਕਿ ਉਨ੍ਹਾਂ ਦੇ ਵਿੱਚ ਇੱਕ ਨਬੀ ਹੋਇਆ ਹੈ।” (ਹਿਜ਼. 2:5) ਇਸੇ ਤਰ੍ਹਾਂ ਜਦ ਪਰਮੇਸ਼ੁਰ ਇਸ ਦੁਨੀਆਂ ਦਾ ਨਿਆਂ ਕਰੇਗਾ, ਤਾਂ ਲੋਕਾਂ ਨੂੰ ਮੰਨਣਾ ਪਵੇਗਾ ਕਿ ਯਹੋਵਾਹ ਦੇ ਗਵਾਹਾਂ ਦਾ ਸੰਦੇਸ਼ ਸੱਚੇ ਪਰਮੇਸ਼ੁਰ ਵੱਲੋਂ ਸੀ ਜੋ ਉਹ ਘਰ-ਘਰ ਅਤੇ ਹੋਰਨਾਂ ਥਾਵਾਂ ’ਤੇ ਪ੍ਰਚਾਰ ਕਰ ਰਹੇ ਸਨ। ਉਨ੍ਹਾਂ ਨੂੰ ਇਹ ਵੀ ਮੰਨਣਾ ਪਵੇਗਾ ਕਿ ਗਵਾਹਾਂ ਨੂੰ ਯਹੋਵਾਹ ਨੇ ਹੀ ਭੇਜਿਆ ਸੀ। ਸਾਨੂੰ ਮਾਣ ਹੈ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ ਅਤੇ ਇਨ੍ਹਾਂ ਆਖ਼ਰੀ ਦਿਨਾਂ ਵਿਚ ਉਸ ਦਾ ਸੰਦੇਸ਼ ਸੁਣਾ ਰਹੇ ਹਾਂ। ਆਓ ਆਪਾਂ ਯਹੋਵਾਹ ਦੀ ਮਦਦ ਨਾਲ ਮੁਸ਼ਕਲਾਂ ਦੇ ਬਾਵਜੂਦ ਘਰ-ਘਰ ਪ੍ਰਚਾਰ ਕਰਦੇ ਰਹੀਏ।

ਤੁਸੀਂ ਕੀ ਜਵਾਬ ਦਿਓਗੇ?

• ਦਲੇਰੀ ਨਾਲ ਪ੍ਰਚਾਰ ਕਰਨ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?

• ਘਰ-ਘਰ ਪ੍ਰਚਾਰ ਕਰਦਿਆਂ ਅਸੀਂ ਲੋਕਾਂ ਨਾਲ ਬਾਈਬਲ ਬਾਰੇ ਗੱਲਬਾਤ ਕਿਵੇਂ ਸ਼ੁਰੂ ਕਰ ਸਕਦੇ ਹਾਂ?

• ਅਸੀਂ ਲੋਕਾਂ ਵਿਚ ਕਿਵੇਂ ਦਿਲਚਸਪੀ ਲੈ ਸਕਦੇ ਹਾਂ?

• ਲੋਕਾਂ ਪ੍ਰਤੀ ਸਹੀ ਨਜ਼ਰੀਆ ਰੱਖਣ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?

[ਸਵਾਲ]

[ਸਫ਼ਾ 9 ਉੱਤੇ ਡੱਬੀ/ਤਸਵੀਰ]

ਬਾਈਬਲ ਬਾਰੇ ਗੱਲਬਾਤ ਸ਼ੁਰੂ ਕਰਨ ਦਾ ਤਰੀਕਾ

ਸ਼ੁਰੂ ਕਰਨ ਲਈ:

ਨਮਸਤੇ ਕਹਿਣ ਤੋਂ ਬਾਅਦ ਤੁਸੀਂ ਵਿਅਕਤੀ ਨੂੰ ਟ੍ਰੈਕਟ ਦੇ ਕੇ ਕਹਿ ਸਕਦੇ ਹੋ, “ਮੈਂ ਤੁਹਾਡੇ ਨਾਲ ਇਸ ਅਹਿਮ ਵਿਸ਼ੇ ਉੱਤੇ ਗੱਲਬਾਤ ਕਰਨ ਆਇਆ ਹਾਂ।”

ਜਾਂ ਤੁਸੀਂ ਟ੍ਰੈਕਟ ਦੇ ਕੇ ਕਹਿ ਸਕਦੇ ਹੋ, “ਮੈਂ ਇਸ ਵਿਸ਼ੇ ਬਾਰੇ ਤੁਹਾਡਾ ਵਿਚਾਰ ਜਾਣਨਾ ਚਾਹੁੰਦਾ ਹਾਂ।”

ਜੇ ਉਹ ਟ੍ਰੈਕਟ ਲੈ ਲੈਂਦੇ ਹਨ:

ਟ੍ਰੈਕਟ ਦੇ ਵਿਸ਼ੇ ਸੰਬੰਧੀ ਵਿਅਕਤੀ ਨੂੰ ਸੌਖਾ ਜਿਹਾ ਸਵਾਲ ਪੁੱਛੋ ਜਿਸ ਤੋਂ ਉਸ ਦੀ ਰਾਇ ਪਤਾ ਲੱਗ ਸਕਦੀ ਹੈ।

ਧਿਆਨ ਨਾਲ ਸੁਣੋ ਤੇ ਉਸ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਉਸ ਦੇ ਜਵਾਬ ਲਈ ਧੰਨਵਾਦ ਕਹੋ।

ਅੱਗੇ ਗੱਲ ਵਧਾਉਣ ਲਈ:

ਵਿਅਕਤੀ ਦੇ ਜਵਾਬ ਮੁਤਾਬਕ ਬਾਈਬਲ ਵਿੱਚੋਂ ਇਕ-ਦੋ ਹਵਾਲੇ ਪੜ੍ਹੋ ਤੇ ਉਨ੍ਹਾਂ ਉੱਤੇ ਗੱਲਬਾਤ ਕਰੋ।

ਜੇ ਉਹ ਹੋਰ ਜਾਣਨਾ ਚਾਹੁੰਦਾ ਹੈ, ਤਾਂ ਉਸ ਨੂੰ ਕੁਝ ਪੜ੍ਹਨ ਲਈ ਦਿਓ। ਜੇ ਹੋ ਸਕੇ, ਤਾਂ ਦਿਖਾਓ ਕਿ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ। ਉਸ ਨੂੰ ਦੁਬਾਰਾ ਮਿਲਣ ਦਾ ਇੰਤਜ਼ਾਮ ਕਰੋ।