Skip to content

Skip to table of contents

ਤੁਸੀਂ ਨਹੀਂ ਜਾਣਦੇ ਬੀ ਕਿਸ ਦੇ ਦਿਲ ਵਿਚ ਪੁੰਗਰੇਗਾ

ਤੁਸੀਂ ਨਹੀਂ ਜਾਣਦੇ ਬੀ ਕਿਸ ਦੇ ਦਿਲ ਵਿਚ ਪੁੰਗਰੇਗਾ

ਤੁਸੀਂ ਨਹੀਂ ਜਾਣਦੇ ਬੀ ਕਿਸ ਦੇ ਦਿਲ ਵਿਚ ਪੁੰਗਰੇਗਾ

“ਸਵੇਰ ਨੂੰ ਆਪਣਾ ਬੀ ਬੀਜ, ਅਤੇ ਤਕਾਲਾਂ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦੇਹ, ਕਿਉਂ ਜੋ ਤੂੰ ਨਹੀਂ ਜਾਣਦਾ ਜੋ ਏਹਨਾਂ ਵਿੱਚੋਂ ਕਿਹੜਾ ਸਵਰੇਗਾ। ”​—⁠ਉਪ. 11:⁠6.

1. ਬੀ ਤੋਂ ਜੋ ਵਾਧਾ ਹੁੰਦਾ ਹੈ ਉਸ ਨੂੰ ਦੇਖ ਕੇ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ?

ਕਿਸਾਨ ਨੂੰ ਧੀਰਜ ਰੱਖਣ ਦੀ ਲੋੜ ਹੈ ਕਿਉਂਕਿ ਬੀ ਬੀਜਣ ਤੋਂ ਬਾਅਦ ਵਾਢੀ ਦਾ ਸਮਾਂ ਕੁਝ ਮਹੀਨਿਆਂ ਬਾਅਦ ਆਉਂਦਾ ਹੈ। (ਯਾਕੂ. 5:7) ਜਦੋਂ ਮੌਸਮ ਠੀਕ ਹੁੰਦਾ ਹੈ, ਤਾਂ ਹੌਲੀ-ਹੌਲੀ ਜ਼ਮੀਨ ਵਿੱਚੋਂ ਬੀ ਪੁੰਗਰਨ ਲੱਗਦਾ ਹੈ। ਫਿਰ ਵਾਧਾ ਹੁੰਦਾ ਹੈ ਤੇ ਕਣਕ ਦਾ ਸਿੱਟਾ ਨਿਕਲਦਾ ਹੈ। ਅਖ਼ੀਰ ਵਿਚ ਵਾਢੀ ਕਰਨ ਦਾ ਸਮਾਂ ਆ ਜਾਂਦਾ ਹੈ। ਬੀ ਤੋਂ ਇਹ ਵਾਧਾ ਵਾਕਈ ਇਕ ਚਮਤਕਾਰ ਹੈ! ਹਾਂ ਅਸੀਂ ਬੀ ਬੀਜ ਸਕਦੇ ਹਾਂ, ਉਸ ਨੂੰ ਪਾਣੀ ਦੇ ਸਕਦੇ ਹਾਂ ਤੇ ਉਸ ਦੀ ਦੇਖ-ਭਾਲ ਵੀ ਕਰ ਸਕਦੇ ਹਾਂ, ਪਰ ਉਸ ਨੂੰ ਵਧਾਉਣ ਵਾਲਾ ਸਿਰਫ਼ ਪਰਮੇਸ਼ੁਰ ਹੈ। ਇਸ ਤੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਮੁਕਾਬਲੇ ਕੁਝ ਵੀ ਨਹੀਂ ਹਾਂ।​—⁠ਹੋਰ ਜਾਣਕਾਰੀ ਲਈ 1 ਕੁਰਿੰਥੀਆਂ 3:6 ਦੇਖੋ।

2. ਸੱਚਾਈ ਦੇ ਬੀ ਦੇ ਪੁੰਗਰਨ ਬਾਰੇ ਯਿਸੂ ਨੇ ਆਪਣੇ ਦ੍ਰਿਸ਼ਟਾਂਤਾਂ ਵਿਚ ਕੀ ਕਿਹਾ ਸੀ ਜਿਨ੍ਹਾਂ ਦੀ ਅਸੀਂ ਪਿੱਛਲੇ ਲੇਖ ਵਿਚ ਚਰਚਾ ਕੀਤੀ ਸੀ?

2 ਅਸੀਂ ਪਿੱਛਲੇ ਲੇਖ ਵਿਚ ਯਿਸੂ ਦੇ ਦੋ ਦ੍ਰਿਸ਼ਟਾਂਤਾਂ ਦੀ ਗੱਲ ਕੀਤੀ ਸੀ ਜਿਨ੍ਹਾਂ ਵਿਚ ਯਿਸੂ ਨੇ ਪ੍ਰਚਾਰ ਦੇ ਕੰਮ ਦੀ ਤੁਲਨਾ ਇਕ ਕਿਸਾਨ ਨਾਲ ਕੀਤੀ ਸੀ ਜੋ ਬੀ ਬੀਜਦਾ ਹੈ। ਵੱਖੋ-ਵੱਖਰੀ ਕਿਸਮ ਦੀ ਜ਼ਮੀਨ ਦੇ ਦ੍ਰਿਸ਼ਟਾਂਤ ਵਿਚ ਯਿਸੂ ਨੇ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਭਾਵੇਂ ਕਿਸਾਨ ਚੰਗੇ ਬੀ ਬੀਜਦਾ ਹੈ, ਫਿਰ ਵੀ ਬੀ ਦਾ ਵਾਧਾ ਸੁਣਨ ਵਾਲੇ ਦੇ ਦਿਲ ਦੀ ਦਸ਼ਾ ਉੱਤੇ ਨਿਰਭਰ ਕਰਦਾ ਹੈ। (ਮਰ. 4:3-⁠9) ਅਗਲੇ ਦ੍ਰਿਸ਼ਟਾਂਤ ਵਿਚ ਯਿਸੂ ਨੇ ਸਮਝਾਇਆ ਕਿ ਬੀ ਬੀਜਣ ਵਾਲੇ ਨੂੰ ਨਹੀਂ ਪਤਾ ਲੱਗਦਾ ਕਿ ਬੀ ਉੱਗ ਕੇ ਵਧਦਾ ਕਿਵੇਂ ਹੈ। ਇਹ ਇਸ ਲਈ ਹੈ ਕਿਉਂਕਿ ਬੀ ਦੇ ਉੱਗਣ ਪਿੱਛੇ ਇਨਸਾਨ ਦਾ ਹੱਥ ਨਹੀਂ ਸਗੋਂ ਪਰਮੇਸ਼ੁਰ ਦਾ ਹੱਥ ਹੈ। (ਮਰ. 4:26-29) ਹੁਣ ਆਓ ਆਪਾਂ ਯਿਸੂ ਦੇ ਤਿੰਨ ਹੋਰ ਦ੍ਰਿਸ਼ਟਾਂਤਾਂ ਤੇ ਗੌਰ ਕਰੀਏ​—⁠ਰਾਈ ਦੇ ਦਾਣੇ ਦਾ ਦ੍ਰਿਸ਼ਟਾਂਤ, ਖ਼ਮੀਰ ਦਾ ਦ੍ਰਿਸ਼ਟਾਂਤ ਅਤੇ ਜਾਲ ਦਾ ਦ੍ਰਿਸ਼ਟਾਂਤ।

ਰਾਈ ਦੇ ਦਾਣੇ ਦਾ ਦ੍ਰਿਸ਼ਟਾਂਤ

3, 4. ਰਾਈ ਦੇ ਦਾਣੇ ਦੇ ਦ੍ਰਿਸ਼ਟਾਂਤ ਤੋਂ ਰਾਜ ਦੇ ਸੰਦੇਸ਼ ਬਾਰੇ ਕੀ ਪਤਾ ਲੱਗਦਾ ਹੈ?

3 ਰਾਈ ਦੇ ਦਾਣੇ ਦਾ ਦ੍ਰਿਸ਼ਟਾਂਤ ਵੀ ਮਰਕੁਸ ਦੇ ਚੌਥੇ ਅਧਿਆਇ ਵਿਚ ਪਾਇਆ ਜਾਂਦਾ ਹੈ। ਇਸ ਦ੍ਰਿਸ਼ਟਾਂਤ ਵਿਚ ਦੋ ਗੱਲਾਂ ਉੱਤੇ ਜ਼ੋਰ ਦਿੱਤਾ ਗਿਆ ਹੈ: ਪਹਿਲੀ, ਲੋਕ ਵੱਡੀ ਗਿਣਤੀ ਵਿਚ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਸੁਣ ਰਹੇ ਹਨ; ਦੂਜੀ, ਸੰਦੇਸ਼ ਕਬੂਲ ਕਰਨ ਵਾਲਿਆਂ ਨੂੰ ਸੁਰੱਖਿਆ ਮਿਲਦੀ ਹੈ। ਯਿਸੂ ਨੇ ਕਿਹਾ: “ਅਸੀਂ ਪਰਮੇਸ਼ੁਰ ਦੇ ਰਾਜ ਨੂੰ ਕਿਹ ਦੇ ਵਰਗਾ ਦੱਸੀਏ ਯਾ ਉਹ ਦੇ ਲਈ ਕਿਹੜਾ ਦ੍ਰਿਸ਼ਟਾਂਤ ਦੇਈਏ? ਉਹ ਇੱਕ ਰਾਈ ਦੇ ਦਾਣੇ ਵਰਗਾ ਹੈ ਕਿ ਜਦ ਜਮੀਨ ਵਿੱਚ ਬੀਜਿਆ ਜਾਂਦਾ ਹੈ ਜਮੀਨ ਦੇ ਸਭਨਾਂ ਬੀਆਂ ਨਾਲੋਂ ਛੋਟਾ ਹੈ ਪਰ ਜਦ ਬੀਜਿਆ ਗਿਆ ਤਦ ਉੱਗਦਾ ਹੈ ਅਤੇ ਸਾਰੀਆਂ ਸਬਜ਼ੀਆਂ ਨਾਲੋਂ ਵੱਡਾ ਹੋ ਜਾਂਦਾ ਹੈ ਅਤੇ ਅਜਿਹੀਆਂ ਵੱਡੀਆਂ ਟਹਿਣੀਆਂ ਫੁੱਟਦੀਆਂ ਹਨ ਜੋ ਅਕਾਸ਼ ਦੇ ਪੰਛੀ ਉਹ ਦੀ ਛਾਇਆ ਵਿੱਚ ਵਸੇਰਾ ਕਰ ਸੱਕਦੇ ਹਨ।”​—⁠ਮਰ. 4:30-32.

4 ਇੱਥੇ “ਪਰਮੇਸ਼ੁਰ ਦੇ ਰਾਜ” ਦਾ ਸੰਦੇਸ਼ ਸੁਣਨ ਵਾਲਿਆਂ ਦੀ ਗਿਣਤੀ ਦੇ ਵਾਧੇ ਦੀ ਗੱਲ ਕੀਤੀ ਗਈ ਹੈ ਜਿਸ ਦਾ ਸਬੂਤ ਪੰਤੇਕੁਸਤ 33 ਈਸਵੀ ਤੋਂ ਲੈ ਕੇ ਅੱਜ ਤਕ ਦੇਖਿਆ ਜਾ ਸਕਦਾ ਹੈ। ਰਾਈ ਦਾ ਦਾਣਾ ਬਹੁਤ ਹੀ ਛੋਟਾ ਹੁੰਦਾ ਹੈ, ਇਸ ਲਈ ਇਹ ਛੋਟੀ ਚੀਜ਼ ਨੂੰ ਦਰਸਾਉਣ ਲਈ ਵਰਤਿਆ ਜਾ ਸਕਦਾ ਹੈ। (ਹੋਰ ਜਾਣਕਾਰੀ ਲਈ ਲੂਕਾ 17:6 ਦੇਖੋ।) ਇਹ ਬੀ ਛੋਟਾ ਜ਼ਰੂਰ ਹੈ, ਪਰ ਇਸ ਦਾ ਹੈਰਾਨਕੁਨ ਵਾਧਾ ਹੁੰਦਾ ਹੈ। ਭਾਵੇਂ ਇਸ ਬੀ ਤੋਂ ਉੱਗਣ ਵਾਲੇ ਬੂਟੇ ਨੂੰ ਦਰਖ਼ਤ ਨਹੀਂ ਕਿਹਾ ਜਾ ਸਕਦਾ, ਫਿਰ ਵੀ ਇਸ ਦੀ ਉਚਾਈ 3 ਤੋਂ 5 ਮੀਟਰ ਹੋ ਸਕਦੀ ਹੈ।​—⁠ਮੱਤੀ 13:31, 32.

5. ਪਹਿਲੀ ਸਦੀ ਦੀ ਕਲੀਸਿਯਾ ਵਿਚ ਕਿੰਨਾ ਕੁ ਵਾਧਾ ਹੋਇਆ ਸੀ?

5 33 ਈਸਵੀ ਵਿਚ ਜਦ 120 ਚੇਲਿਆਂ ਨੂੰ ਮਸਹ ਕੀਤਾ ਗਿਆ ਸੀ, ਤਾਂ ਇਸ ਛੋਟੇ ਜਿਹੇ ਗਰੁੱਪ ਤੋਂ ਮਸੀਹੀ ਕਲੀਸਿਯਾ ਦੀ ਸ਼ੁਰੂਆਤ ਹੋਈ ਸੀ। ਫਿਰ ਥੋੜ੍ਹੇ ਹੀ ਸਮੇਂ ਵਿਚ ਇਸ ਛੋਟੀ ਜਿਹੀ ਕਲੀਸਿਯਾ ਵਿਚ ਹਜ਼ਾਰਾਂ ਹੀ ਨਵੇਂ ਚੇਲੇ ਸ਼ਾਮਲ ਹੋਏ ਸਨ। (ਰਸੂਲਾਂ ਦੇ ਕਰਤੱਬ 2:41; 4:4; 5:28; 6:7; 12:24; 19:20 ਪੜ੍ਹੋ।) ਲਗਭਗ 30 ਸਾਲਾਂ ਦੇ ਅੰਦਰ-ਅੰਦਰ ਚੇਲਿਆਂ ਦੀ ਗਿਣਤੀ ਇੰਨੀ ਵਧ ਗਈ ਸੀ ਕਿ ਕੁਲੁੱਸੈ ਦੇ ਮਸੀਹੀਆਂ ਨੂੰ ਲਿਖਦੇ ਸਮੇਂ ਪੌਲੁਸ ਰਸੂਲ ਨੇ ਕਿਹਾ ਕਿ ਖ਼ੁਸ਼ ਖ਼ਬਰੀ ਦਾ “ਪਰਚਾਰ ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ ਕੀਤਾ ਗਿਆ” ਸੀ। (ਕੁਲੁ. 1:23) ਵਾਹ, ਕਿਆ ਵਾਧਾ!

6, 7. (ੳ) 1914 ਤੋਂ ਲੈ ਕੇ ਅੱਜ ਤਕ ਹੋਏ ਵਾਧੇ ਬਾਰੇ ਦੱਸੋ। (ਅ) ਭਵਿੱਖ ਵਿਚ ਹੋਰ ਕਿੰਨਾ ਵਾਧਾ ਹੋਵੇਗਾ?

6 ਪਰਮੇਸ਼ੁਰ ਦਾ ਰਾਜ ਸਵਰਗ ਵਿਚ 1914 ਵਿਚ ਸਥਾਪਿਤ ਹੋਇਆ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤਕ ਰਾਈ ਦਾ ਬੂਟਾ ਬਹੁਤ ਵਧਿਆ-ਫਲਿਆ ਹੈ। ਪਰਮੇਸ਼ੁਰ ਦੇ ਲੋਕਾਂ ਨੇ ਯਸਾਯਾਹ ਨਬੀ ਦੀ ਭਵਿੱਖਬਾਣੀ ਅੱਖੀਂ ਪੂਰੀ ਹੁੰਦੀ ਦੇਖੀ ਹੈ ਕਿ “ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ ਅਤੇ ਛੋਟਾ ਇੱਕ ਬਲਵੰਤ ਕੌਮ।” (ਯਸਾ. 60:22) 20ਵੀਂ ਸਦੀ ਦੇ ਸ਼ੁਰੂ ਵਿਚ ਮਸਹ ਕੀਤੇ ਹੋਏ ਭੈਣਾਂ-ਭਰਾਵਾਂ ਦਾ ਛੋਟਾ ਜਿਹਾ ਸਮੂਹ ਪ੍ਰਚਾਰ ਕਰ ਰਿਹਾ ਸੀ। ਉਨ੍ਹਾਂ ਨੂੰ ਕੀ ਪਤਾ ਸੀ ਕਿ ਸਾਲ 2008 ਤਕ 230 ਤੋਂ ਜ਼ਿਆਦਾ ਦੇਸ਼ਾਂ ਵਿਚ ਯਹੋਵਾਹ ਦੇ ਤਕਰੀਬਨ 70 ਲੱਖ ਗਵਾਹ ਪ੍ਰਚਾਰ ਕਰ ਰਹੇ ਹੋਣਗੇ। ਠੀਕ ਜਿਵੇਂ ਯਿਸੂ ਦੇ ਦ੍ਰਿਸ਼ਟਾਂਤ ਵਿਚ ਰਾਈ ਦਾ ਦਾਣਾ ਵਧ ਕੇ ਵੱਡਾ ਤੇ ਸ਼ਾਨਦਾਰ ਬੂਟਾ ਬਣਦਾ ਹੈ, ਤਿਵੇਂ ਪ੍ਰਚਾਰ ਦੇ ਕੰਮ ਵਿਚ ਕਮਾਲ ਦਾ ਵਾਧਾ ਹੋਇਆ ਹੈ!

7 ਪਰ ਕੀ ਵਾਧਾ ਬਸ ਇਸ ਹੱਦ ਤਕ ਹੀ ਹੋਣਾ ਸੀ? ਨਹੀਂ। ਇਕ ਸਮਾਂ ਆਵੇਗਾ ਜਦ ਸਾਰੀ ਦੁਨੀਆਂ ਪਰਮੇਸ਼ੁਰ ਦੇ ਰਾਜ ਦੀ ਪਰਜਾ ਹੋਵੇਗੀ। ਪਰਮੇਸ਼ੁਰ ਦੇ ਸਾਰੇ ਵਿਰੋਧੀਆਂ ਦਾ ਨਾਸ਼ ਕੀਤਾ ਜਾਵੇਗਾ। ਇਹ ਵਧੀਆ ਨਤੀਜਾ ਇਨਸਾਨਾਂ ਦੇ ਜਤਨਾਂ ਸਦਕਾ ਨਹੀਂ, ਸਗੋਂ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦੇ ਕਰਕੇ ਹੋਵੇਗਾ। (ਦਾਨੀਏਲ 2:34, 35 ਪੜ੍ਹੋ।) ਇਸ ਤੋਂ ਬਾਅਦ ਅਸੀਂ ਯਸਾਯਾਹ ਨਬੀ ਦੁਆਰਾ ਲਿਖੀ ਗਈ ਇਕ ਹੋਰ ਭਵਿੱਖਬਾਣੀ ਦੀ ਆਖ਼ਰੀ ਪੂਰਤੀ ਦੇਖਾਂਗੇ: “ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।”​—⁠ਯਸਾ. 11:⁠9.

8. (ੳ) ਯਿਸੂ ਦੇ ਦ੍ਰਿਸ਼ਟਾਂਤ ਵਿਚਲੇ ਪੰਛੀ ਕਿਨ੍ਹਾਂ ਨੂੰ ਦਰਸਾਉਂਦੇ ਹਨ? (ਅ) ਪਰਮੇਸ਼ੁਰ ਦੀ ਛਤਰ-ਛਾਇਆ ਹੇਠ ਆ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

8 ਯਿਸੂ ਨੇ ਕਿਹਾ ਸੀ ਕਿ ਆਕਾਸ਼ ਦੇ ਪੰਛੀ ਪਰਮੇਸ਼ੁਰ ਦੇ ਰਾਜ ਦੀ ਛਤਰ-ਛਾਇਆ ਹੇਠ ਵਸਣਗੇ। ਇਹ ਪੰਛੀ ਕੌਣ ਹਨ? ਵੱਖੋ-ਵੱਖਰੀ ਕਿਸਮ ਦੀ ਜ਼ਮੀਨ ਵਾਲੇ ਯਿਸੂ ਦੇ ਦ੍ਰਿਸ਼ਟਾਂਤ ਵਿਚਲੇ ਪੰਛੀ ਪਰਮੇਸ਼ੁਰ ਦੇ ਰਾਜ ਦੇ ਵਿਰੋਧੀਆਂ ਨੂੰ ਦਰਸਾਉਂਦੇ ਸਨ ਜੋ ਚੰਗੇ ਬੀ ਚੁਗਣ ਦੀ ਕੋਸ਼ਿਸ਼ ਕਰਦੇ ਸਨ। (ਮਰ. 4:4) ਪਰ ਇਸ ਦ੍ਰਿਸ਼ਟਾਂਤ ਵਿਚ ਪੰਛੀ ਵਿਰੋਧੀਆਂ ਨੂੰ ਨਹੀਂ ਦਰਸਾਉਂਦੇ। ਇਸ ਦੀ ਬਜਾਇ ਇਹ ਨੇਕਦਿਲ ਲੋਕਾਂ ਨੂੰ ਦਰਸਾਉਂਦੇ ਹਨ ਜੋ ਮਸੀਹੀ ਕਲੀਸਿਯਾ ਦੀ ਛਾਇਆ ਹੇਠ ਰੱਖਿਆ ਪਾਉਣੀ ਚਾਹੁੰਦੇ ਹਨ। ਇਹ ਲੋਕ ਪਰਮੇਸ਼ੁਰ ਦੀ ਛਤਰ-ਛਾਇਆ ਹੇਠ ਆ ਕੇ ਅਜਿਹੀਆਂ ਬੁਰੀਆਂ ਆਦਤਾਂ ਤੋਂ ਦੂਰ ਰਹਿ ਪਾਉਂਦੇ ਹਨ ਜੋ ਪਰਮੇਸ਼ੁਰ ਨਾਲ ਉਨ੍ਹਾਂ ਦੇ ਰਿਸ਼ਤੇ ਵਿਚ ਦਰਾੜ ਪਾ ਸਕਦੀਆਂ ਹਨ। (ਹੋਰ ਜਾਣਕਾਰੀ ਲਈ ਯਸਾਯਾਹ 32:1, 2 ਦੇਖੋ।) ਯਹੋਵਾਹ ਨੇ ਆਪਣੇ ਰਾਜ ਦੀ ਤੁਲਨਾ ਇਕ ਦਰਖ਼ਤ ਨਾਲ ਕਰਦੇ ਹੋਏ ਕਿਹਾ: “ਮੈਂ ਉਹ ਨੂੰ ਇਸਰਾਏਲ ਦੇ ਉੱਚੇ ਪਰਬਤ ਤੇ ਲਾਵਾਂਗਾ ਅਤੇ ਉਹ ਫੁੱਟਾਂ ਕੱਢੇਗਾ ਅਤੇ ਫਲੇਗਾ ਅਤੇ ਵਧੀਆ ਦਿਆਰ ਹੋਵੇਗਾ ਅਤੇ ਹਰ ਪਰਕਾਰ ਦੇ ਪਰਵਾਲੇ ਪੰਛੀ ਉਹ ਦੇ ਹੇਠਾਂ ਵੱਸਣਗੇ, ਓਹ ਉਸ ਦੀਆਂ ਟਹਿਣੀਆਂ ਦੀ ਛਾਂ ਵਿੱਚ ਵੱਸਣਗੇ।”​—⁠ਹਿਜ਼. 17:⁠23.

ਖ਼ਮੀਰ ਦਾ ਦ੍ਰਿਸ਼ਟਾਂਤ

9, 10. (ੳ) ਖ਼ਮੀਰ ਦੇ ਦ੍ਰਿਸ਼ਟਾਂਤ ਵਿਚ ਯਿਸੂ ਨੇ ਕਿਹੜੀ ਗੱਲ ਉੱਤੇ ਜ਼ੋਰ ਦਿੱਤਾ ਸੀ? (ਅ) ਬਾਈਬਲ ਵਿਚ ਆਮ ਕਰਕੇ ਖ਼ਮੀਰ ਕਿਸ ਚੀਜ਼ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ ਅਤੇ ਅਸੀਂ ਹੁਣ ਕਿਹੜੇ ਸਵਾਲ ਉੱਤੇ ਚਰਚਾ ਕਰਾਂਗੇ?

9 ਯਿਸੂ ਨੇ ਆਪਣੇ ਅਗਲੇ ਦ੍ਰਿਸ਼ਟਾਂਤ ਵਿਚ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਵਾਧਾ ਹਮੇਸ਼ਾ ਦੇਖਿਆ ਨਹੀਂ ਜਾ ਸਕਦਾ। ਉਸ ਨੇ ਕਿਹਾ: “ਸੁਰਗ ਦਾ ਰਾਜ ਖ਼ਮੀਰ ਵਰਗਾ ਹੈ ਜਿਹ ਨੂੰ ਇੱਕ ਤੀਵੀਂ ਨੇ ਲੈ ਕੇ ਤਿੰਨ ਸੇਰ ਆਟੇ ਵਿੱਚ ਮਿਲਾਇਆ ਐਥੋਂ ਤੋੜੀ ਜੋ ਸਾਰਾ ਖ਼ਮੀਰਾ ਹੋ ਗਿਆ।” (ਮੱਤੀ 13:33) ਇਸ ਦ੍ਰਿਸ਼ਟਾਂਤ ਵਿਚ ਖ਼ਮੀਰ ਕਿਸ ਨੂੰ ਦਰਸਾਉਂਦਾ ਹੈ ਅਤੇ ਪਰਮੇਸ਼ੁਰ ਦੇ ਰਾਜ ਦੇ ਵਾਧੇ ਦੇ ਸੰਬੰਧ ਵਿਚ ਇਸ ਦਾ ਕੀ ਮਤਲਬ ਹੈ?

10 ਬਾਈਬਲ ਵਿਚ ਖ਼ਮੀਰ ਅਕਸਰ ਪਾਪ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਪੌਲੁਸ ਰਸੂਲ ਨੇ ਕੁਰਿੰਥੁਸ ਸ਼ਹਿਰ ਦੀ ਕਲੀਸਿਯਾ ਵਿਚ ਇਕ ਭਰਾ ਦੇ ਪਾਪ ਬਾਰੇ ਗੱਲ ਕਰਦੇ ਹੋਏ ਖ਼ਮੀਰ ਦਾ ਜ਼ਿਕਰ ਕੀਤਾ ਸੀ। (1 ਕੁਰਿੰ. 5:6-⁠8) ਕੀ ਯਿਸੂ ਨੇ ਦ੍ਰਿਸ਼ਟਾਂਤ ਵਿਚ ਖ਼ਮੀਰ ਕਿਸੇ ਬੁਰੇ ਪ੍ਰਭਾਵ ਨੂੰ ਦਰਸਾਉਣ ਲਈ ਵਰਤਿਆ ਸੀ?

11. ਪ੍ਰਾਚੀਨ ਇਸਰਾਏਲ ਵਿਚ ਖ਼ਮੀਰ ਨੂੰ ਕੀ ਕਰਨ ਲਈ ਵਰਤਿਆ ਜਾਂਦਾ ਸੀ?

11 ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਸਾਨੂੰ ਤਿੰਨ ਗੱਲਾਂ ਯਾਦ ਰੱਖਣ ਦੀ ਲੋੜ ਹੈ। ਪਹਿਲੀ ਗੱਲ, ਭਾਵੇਂ ਕਿ ਯਹੋਵਾਹ ਨੇ ਪਸਾਹ ਦੇ ਤਿਉਹਾਰ ਦੇ ਸਮੇਂ ਦੌਰਾਨ ਖ਼ਮੀਰ ਦੀ ਵਰਤੋਂ ਮਨ੍ਹਾ ਕੀਤੀ ਸੀ, ਪਰ ਹੋਰਨਾਂ ਮੌਕਿਆਂ ਤੇ ਉਸ ਨੇ ਚੜ੍ਹਾਵਿਆਂ ਵਿਚ ਖ਼ਮੀਰ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਸੀ। ਯਹੋਵਾਹ ਵੱਲੋਂ ਮਿਲੀਆਂ ਅਨੇਕ ਬਰਕਤਾਂ ਲਈ ਧੰਨਵਾਦ ਕਰਨ ਲਈ ਇਸਰਾਏਲੀ ਆਪਣੀ ਮਰਜ਼ੀ ਨਾਲ ਚੜ੍ਹਾਵੇ ਚੜ੍ਹਾਉਂਦੇ ਸਨ। ਇਨ੍ਹਾਂ ਚੜ੍ਹਾਵਿਆਂ ਵਿਚ ਖ਼ਮੀਰ ਦੀ ਵਰਤੋਂ ਵੀ ਕੀਤੀ ਜਾਂਦੀ ਸੀ। ਇਹ ਵੱਡੀ ਖ਼ੁਸ਼ੀ ਦੇ ਮੌਕੇ ਹੁੰਦੇ ਸਨ।​—⁠ਲੇਵੀ. 7:11-15.

12. ਸਮਝਾਓ ਕਿ ਬਾਈਬਲ ਵਿਚ ਇੱਕੋ ਚੀਜ਼ ਨਾਲ ਵੱਖਰੀਆਂ-ਵੱਖਰੀਆਂ ਚੀਜ਼ਾਂ ਕਿਵੇਂ ਦਰਸਾਈਆਂ ਜਾ ਸਕਦੀ ਹਨ।

12 ਦੂਜੀ ਗੱਲ, ਭਾਵੇਂ ਬਾਈਬਲ ਵਿਚ ਕਿਸੇ ਚੀਜ਼ ਨੂੰ ਬੁਰੀ ਗੱਲ ਦਰਸਾਉਣ ਲਈ ਵਰਤਿਆ ਜਾਂਦਾ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਸੇ ਚੀਜ਼ ਨੂੰ ਕੋਈ ਚੰਗੀ ਚੀਜ਼ ਦਰਸਾਉਣ ਲਈ ਨਹੀਂ ਵਰਤਿਆ ਜਾ ਸਕਦਾ। ਮਿਸਾਲ ਲਈ, 1 ਪਤਰਸ 5:8 ਵਿਚ ਇਹ ਸਮਝਾਉਣ ਲਈ ਕਿ ਸ਼ਤਾਨ ਖ਼ਤਰਨਾਕ ਤੇ ਵਹਿਸ਼ੀ ਹੈ, ਉਸ ਦੀ ਤੁਲਨਾ ਇਕ ਸ਼ੇਰ ਨਾਲ ਕੀਤੀ ਗਈ ਹੈ। ਪਰ ਪਰਕਾਸ਼ ਦੀ ਪੋਥੀ 5:5 ਵਿਚ ਯਿਸੂ ਦੀ ਵੀ ਤੁਲਨਾ ਇਕ ਸ਼ੇਰ ਨਾਲ ਕੀਤੀ ਗਈ ਹੈ​—⁠“ਉਹ ਬਬਰ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ।” ਯਿਸੂ ਦੀ ਤੁਲਨਾ ਸ਼ੇਰ ਨਾਲ ਇਸ ਲਈ ਕੀਤੀ ਗਈ ਹੈ ਕਿਉਂਕਿ ਉਹ ਨਿਆਂ ਕਰਨ ਤੋਂ ਡਰਦਾ ਨਹੀਂ।

13. ਖ਼ਮੀਰ ਦੇ ਦ੍ਰਿਸ਼ਟਾਂਤ ਤੋਂ ਲੋਕਾਂ ਦੇ ਦਿਲਾਂ ਵਿਚ ਸੱਚਾਈ ਦੇ ਬੀਆਂ ਦੇ ਪੁੰਗਰਨ ਬਾਰੇ ਕੀ ਪਤਾ ਲੱਗਦਾ ਹੈ?

13 ਤੀਜੀ ਗੱਲ, ਯਿਸੂ ਦੇ ਦ੍ਰਿਸ਼ਟਾਂਤ ਵਿਚ ਉਸ ਨੇ ਇਹ ਨਹੀਂ ਸੀ ਕਿਹਾ ਕਿ ਖ਼ਮੀਰ ਆਟੇ ਨੂੰ ਖ਼ਰਾਬ ਕਰਦਾ ਹੈ। ਉਸ ਨੇ ਸਿਰਫ਼ ਆਟੇ ਵਿਚ ਖ਼ਮੀਰ ਰਲਾਉਣ ਬਾਰੇ ਗੱਲ ਕੀਤੀ ਸੀ। ਰੋਟੀ ਪਕਾਉਣ ਤੋਂ ਪਹਿਲਾਂ ਤੀਵੀਂ ਨੇ ਜਾਣ-ਬੁੱਝ ਕੇ ਆਟੇ ਵਿਚ ਖ਼ਮੀਰ ਮਿਲਾਇਆ ਤੇ ਆਟੇ ਨੂੰ ਗੁੰਨ੍ਹਿਆ। ਇਸ ਲਈ ਆਟਾ ਖ਼ਮੀਰਾ ਹੁੰਦਾ ਦਿੱਸਦਾ ਨਹੀਂ। ਇਹ ਗੱਲ ਸਾਨੂੰ ਉਸ ਬੀਜਣ ਵਾਲੇ ਦਾ ਚੇਤਾ ਕਰਾਉਂਦੀ ਹੈ ਜੋ ਬੀ ਬੀਜ ਕੇ ਰਾਤ ਨੂੰ ਸੌਂ ਜਾਂਦਾ ਹੈ। ਯਿਸੂ ਨੇ ਕਿਹਾ ਕਿ “ਉਹ ਬੀ ਉੱਗ ਪਵੇ ਅਰ ਵਧੇ ਪਰ [ਬੀਜਣ ਵਾਲਾ] ਨਾ ਜਾਣੇ ਕਿਸ ਤਰਾਂ।” (ਮਰ. 4:27) ਇਹ ਗੱਲ ਕਿੰਨੇ ਵਧੀਆ ਤਰੀਕੇ ਨਾਲ ਦਰਸਾਉਂਦੀ ਹੈ ਕਿ ਜਦ ਸੱਚਾਈ ਦੇ ਬੀ ਲੋਕਾਂ ਦੇ ਦਿਲਾਂ ਵਿਚ ਪੁੰਗਰਦੇ ਹਨ, ਤਾਂ ਇਸ ਵਾਧੇ ਨੂੰ ਅੱਖੀਂ ਨਹੀਂ ਦੇਖਿਆ ਜਾ ਸਕਦਾ। ਭਾਵੇਂ ਸ਼ੁਰੂ-ਸ਼ੁਰੂ ਵਿਚ ਸਾਨੂੰ ਵਾਧਾ ਨਜ਼ਰ ਨਾ ਆਵੇ, ਪਰ ਫਿਰ ਸਮੇਂ ਦੇ ਬੀਤਣ ਨਾਲ ਨਤੀਜੇ ਤੋਂ ਵਾਧੇ ਦਾ ਪਤਾ ਲੱਗਦਾ ਹੈ।

14. ਇਹ ਗੱਲ ਕਿ ਖ਼ਮੀਰ ਸਾਰੇ ਆਟੇ ਨੂੰ ਫੁਲਾਉਂਦਾ ਹੈ, ਪ੍ਰਚਾਰ ਦੇ ਕੰਮ ਬਾਰੇ ਕੀ ਦਰਸਾਉਂਦੀ ਹੈ?

14 ਇਹ ਵਾਧਾ ਦੁਨੀਆਂ ਭਰ ਵਿਚ ਹੋ ਰਿਹਾ ਹੈ ਤੇ ਖ਼ਮੀਰ ਦੇ ਦ੍ਰਿਸ਼ਟਾਂਤ ਵਿਚ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਜਾਂਦਾ ਹੈ। ਖ਼ਮੀਰ “ਤਿੰਨ ਸੇਰ ਆਟੇ” ਵਿਚ ਗੁੰਨ੍ਹਿਆ ਗਿਆ ਤੇ ਸਾਰਾ ਆਟਾ ਖ਼ਮੀਰਾ ਹੋ ਗਿਆ। (ਲੂਕਾ 13:21) ਜਿਵੇਂ ਖ਼ਮੀਰ ਆਟੇ ਨੂੰ ਫੁਲਾਉਂਦਾ ਹੈ ਉਸੇ ਤਰ੍ਹਾਂ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਅੱਜ “ਧਰਤੀ ਦੇ ਬੰਨੇ ਤੀਕੁਰ” ਕੀਤਾ ਜਾ ਰਿਹਾ ਹੈ, ਜਿਸ ਕਾਰਨ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਵਿਚ ਬਹੁਤ ਵਾਧਾ ਹੋ ਰਿਹਾ ਹੈ। (ਰਸੂ. 1:8; ਮੱਤੀ 24:14) ਇਸ ਸ਼ਾਨਦਾਰ ਵਾਧੇ ਵਿਚ ਹਿੱਸਾ ਲੈਣਾ ਕਿੱਡਾ ਵੱਡਾ ਸਨਮਾਨ ਹੈ!

ਜਾਲ ਦਾ ਦ੍ਰਿਸ਼ਟਾਂਤ

15, 16. (ੳ) ਜਾਲ ਦੇ ਦ੍ਰਿਸ਼ਟਾਂਤ ਦਾ ਸਾਰ ਦਿਓ। (ਅ) ਜਾਲ ਕਿਹੜੀ ਚੀਜ਼ ਨੂੰ ਦਰਸਾਉਂਦਾ ਹੈ ਅਤੇ ਇਸ ਦ੍ਰਿਸ਼ਟਾਂਤ ਵਿਚ ਕਿਹੜੀ ਗੱਲ ਸਮਝਾਈ ਗਈ ਹੈ?

15 ਯਿਸੂ ਦੇ ਚੇਲਿਆਂ ਦੀ ਗਿਣਤੀ ਨਾਲੋਂ ਉਨ੍ਹਾਂ ਦੇ ਗੁਣਾਂ ਦਾ ਮੁੱਲ ਵੱਧ ਹੈ। ਇਸ ਗੱਲ ਨੂੰ ਸਮਝਾਉਣ ਲਈ ਯਿਸੂ ਨੇ ਇਕ ਹੋਰ ਦ੍ਰਿਸ਼ਟਾਂਤ ਦਿੱਤਾ, ਇਹ ਸੀ ਜਾਲ ਦਾ ਦ੍ਰਿਸ਼ਟਾਂਤ। ਉਸ ਨੇ ਕਿਹਾ: “ਸੁਰਗ ਦਾ ਰਾਜ ਇੱਕ ਜਾਲ ਵਰਗਾ ਹੈ ਜਿਹੜਾ ਝੀਲ ਵਿੱਚ ਸੁੱਟਿਆ ਗਿਆ ਅਤੇ ਹਰ ਭਾਂਤ ਦੇ ਮੱਛ ਕੱਛ ਸਮੇਟ ਲਿਆਇਆ।”​—⁠ਮੱਤੀ 13:⁠47.

16 ਇਹ ਜਾਲ ਪਰਮੇਸ਼ੁਰ ਦੇ ਰਾਜ ਦੇ ਪ੍ਰਚਾਰ ਨੂੰ ਦਰਸਾਉਂਦਾ ਹੈ ਜਿਸ ਕੰਮ ਦੁਆਰਾ ਭਾਂਤ-ਭਾਂਤ ਦੀਆਂ ਮੱਛੀਆਂ ਫੜੀਆਂ ਜਾ ਰਹੀਆਂ ਹਨ। ਯਿਸੂ ਨੇ ਅੱਗੇ ਕਿਹਾ: “ਸੋ ਜਾਂ ਉਹ [ਜਾਲ] ਭਰ ਗਿਆ ਤਾਂ ਲੋਕ ਕੰਢੇ ਉੱਤੇ ਖਿੱਚ ਕੇ ਲੈ ਆਏ ਅਤੇ ਬੈਠ ਕੇ ਖਰੀਆਂ ਨੂੰ ਭਾਂਡਿਆਂ ਵਿੱਚ ਜਮਾ ਕੀਤਾ ਅਤੇ ਨਿਕੰਮੀਆਂ ਨੂੰ ਪਰੇ ਸੁੱਟ ਦਿੱਤਾ। ਸੋ ਜੁਗ ਦੇ ਅੰਤ ਦੇ ਸਮੇ ਅਜਿਹਾ ਹੀ ਹੋਵੇਗਾ। ਦੂਤ ਨਿੱਕਲ ਆਉਣਗੇ ਅਤੇ ਧਰਮੀਆਂ ਵਿੱਚੋਂ ਦੁਸ਼ਟਾਂ ਨੂੰ ਅੱਡ ਕਰਨਗੇ ਅਰ ਇਨ੍ਹਾਂ ਨੂੰ ਭਖਦੇ ਭੱਠੇ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਅਰ ਕਚੀਚੀਆਂ ਵੱਟਣਾ ਹੋਵੇਗਾ।”​—⁠ਮੱਤੀ 13:48-50.

17. ਮੱਛੀਆਂ ਨੂੰ ਵੱਖਰਾ ਕਰਨ ਦਾ ਕੰਮ ਕਦੋਂ ਕੀਤਾ ਜਾਂਦਾ ਹੈ?

17 ਕੀ ਖਰੀਆਂ ਤੇ ਨਿਕੰਮੀਆਂ ਮੱਛੀਆਂ ਨੂੰ ਵੱਖ ਕਰਨ ਦਾ ਕੰਮ ਅਤੇ ਭੇਡਾਂ ਤੇ ਬੱਕਰੀਆਂ ਦਾ ਨਿਆਂ ਇੱਕੋ ਸਮੇਂ ਦੌਰਾਨ ਹੋਵੇਗਾ? (ਮੱਤੀ 25:31-33) ਨਹੀਂ, ਵੱਡੀ ਬਿਪਤਾ ਦੌਰਾਨ ਯਿਸੂ ਭੇਡਾਂ ਨੂੰ ਜ਼ਿੰਦਗੀ ਦੇਵੇਗਾ ਅਤੇ ਬੱਕਰੀਆਂ ਨੂੰ ਮੌਤ ਦੀ ਸਜ਼ਾ ਦੇਵੇਗਾ ਅਤੇ ਮੱਛੀਆਂ ਨੂੰ ਅੱਡ ਕਰਨ ਦਾ ਕੰਮ “ਜੁਗ ਦੇ ਅੰਤ ਦੇ ਸਮੇ” ਦੌਰਾਨ ਹੋਵੇਗਾ। * ਅਸੀਂ ਅੱਜ ਇਸ ਸਮੇਂ ਵਿਚ ਜੀ ਰਹੇ ਹਾਂ ਤੇ ਬਹੁਤ ਜਲਦ ਵੱਡੀ ਬਿਪਤਾ ਸ਼ੁਰੂ ਹੋਵੇਗੀ। ਤਾਂ ਫਿਰ ਮੱਛੀਆਂ ਨੂੰ ਵੱਖਰਾ ਕਰਨ ਦਾ ਕੰਮ ਅੱਜ ਕਿੱਦਾਂ ਕੀਤਾ ਜਾ ਰਿਹਾ ਹੈ?

18, 19. (ੳ) ਮੱਛੀਆਂ ਨੂੰ ਵੱਖਰਾ ਕਰਨ ਦਾ ਕੰਮ ਅੱਜ ਕਿੱਦਾਂ ਕੀਤਾ ਜਾ ਰਿਹਾ ਹੈ? (ਅ) ਨੇਕਦਿਲ ਲੋਕਾਂ ਨੂੰ ਕੀ ਕਰਨ ਦੀ ਲੋੜ ਹੈ? (ਸਫ਼ੇ 21 ਤੇ ਫੁਟਨੋਟ ਵੀ ਦੇਖੋ।)

18 ਅੱਜ ਲੱਖਾਂ ਹੀ ਮੱਛੀਆਂ ਦੁਨੀਆਂ ਦੇ ਲੋਕਾਂ ਦੇ ਸਮੁੰਦਰ ਵਿੱਚੋਂ ਨਿਕਲ ਕੇ ਯਹੋਵਾਹ ਪਰਮੇਸ਼ੁਰ ਦੇ ਸੰਗਠਨ ਵਿਚ ਆ ਰਹੀਆਂ ਹਨ। ਕੁਝ ਲੋਕ ਯਿਸੂ ਦੀ ਮੌਤ ਦੀ ਵਰ੍ਹੇਗੰਢ ਵਿਚ ਹਾਜ਼ਰ ਹੁੰਦੇ ਹਨ, ਕੁਝ ਸਾਡੀਆਂ ਮੀਟਿੰਗਾਂ ਵਿਚ ਆਉਂਦੇ ਹਨ ਅਤੇ ਕਈ ਸਾਡੇ ਨਾਲ ਬਾਈਬਲ ਸਟੱਡੀ ਕਰਨ ਲਈ ਰਾਜ਼ੀ ਹੁੰਦੇ ਹਨ। ਪਰ ਕੀ ਇਹ ਸਭ ਲੋਕ ਵਾਕਈ ਯਿਸੂ ਦੇ ਚੇਲੇ ਸਾਬਤ ਹੁੰਦੇ ਹਨ? ਇਹ ਸੱਚ ਹੈ ਕਿ ਉਨ੍ਹਾਂ ਨੂੰ ‘ਕੰਢੇ ਉੱਤੇ ਖਿੱਚ ਕੇ ਲੈ ਆਇਆ’ ਜਾਂਦਾ ਹੈ, ਪਰ ਯਿਸੂ ਦੱਸਦਾ ਹੈ ਕਿ ਉਨ੍ਹਾਂ ਵਿੱਚੋਂ ਸਿਰਫ਼ “ਖਰੀਆਂ” ਨੂੰ ਭਾਂਡਿਆਂ ਵਿੱਚ ਜਮਾ ਕੀਤਾ ਜਾਂਦਾ ਹੈ। ਇਹ ਖਰੀਆਂ ਮੱਛੀਆਂ ਯਿਸੂ ਦੇ ਸੱਚੇ ਚੇਲਿਆਂ ਨੂੰ ਦਰਸਾਉਂਦੀਆਂ ਹਨ ਅਤੇ ਭਾਂਡੇ ਸਾਡੀਆਂ ਮਸੀਹੀ ਕਲੀਸਿਯਾਵਾਂ ਨੂੰ ਦਰਸਾਉਂਦੇ ਹਨ। ਨਿਕੰਮੀਆਂ ਮੱਛੀਆਂ ਨੂੰ ਸੁੱਟਿਆ ਜਾਂਦਾ ਹੈ। ਅਖ਼ੀਰ ਵਿਚ ਇਨ੍ਹਾਂ ਨੂੰ ਅੱਗ ਦੀ ਬਲਦੀ ਭੱਠੀ ਵਿਚ ਸੁੱਟਿਆ ਜਾਵੇਗਾ ਯਾਨੀ ਇਨ੍ਹਾਂ ਦਾ ਹਮੇਸ਼ਾ-ਹਮੇਸ਼ਾ ਲਈ ਨਾਸ਼ ਕੀਤਾ ਜਾਵੇਗਾ।

19 ਨਿਕੰਮੀਆਂ ਮੱਛੀਆਂ ਦੀ ਤੁਲਨਾ ਕਿਨ੍ਹਾਂ ਲੋਕਾਂ ਨਾਲ ਕੀਤੀ ਜਾ ਸਕਦੀ ਹੈ? ਉਹ ਲੋਕ ਜੋ ਪਹਿਲਾਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਦੇ ਸਨ, ਪਰ ਹੁਣ ਹਟ ਗਏ ਹਨ। ਨਾਲੇ ਉਹ ਵੀ ਜੋ ਸੱਚਾਈ ਵਿਚ ਜੰਮੇ-ਪਲੇ ਹਨ, ਪਰ ਯਿਸੂ ਦੇ ਚੇਲੇ ਬਣਨਾ ਨਹੀਂ ਚਾਹੁੰਦੇ। ਉਹ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਨਹੀਂ ਕਰਨਾ ਚਾਹੁੰਦੇ ਜਾਂ ਫਿਰ ਥੋੜ੍ਹਾ ਚਿਰ ਯਹੋਵਾਹ ਦੀ ਭਗਤੀ ਕਰਨ ਤੋਂ ਬਾਅਦ ਉਸ ਤੋਂ ਮੂੰਹ ਮੋੜ ਲੈਂਦੇ ਹਨ। * (ਹਿਜ਼. 33:32, 33) ਪਰ ਇਹ ਬਹੁਤ ਹੀ ਜ਼ਰੂਰੀ ਹੈ ਕਿ ਨੇਕ ਦਿਲ ਲੋਕ ਜੋ ਸਦਾ ਦੀ ਜ਼ਿੰਦਗੀ ਪਾਉਣੀ ਚਾਹੁੰਦੇ ਹਨ, ਕਲੀਸਿਯਾਵਾਂ ਦੀ ਛਤਰ-ਛਾਇਆ ਹੇਠ ਰਹਿਣ।

20, 21. (ੳ) ਅਸੀਂ ਯਿਸੂ ਦੇ ਦ੍ਰਿਸ਼ਟਾਂਤਾਂ ਤੋਂ ਵਾਧੇ ਬਾਰੇ ਕੀ ਸਿੱਖਿਆ ਹੈ? (ਅ) ਤੁਸੀਂ ਕੀ ਕਰਨ ਦਾ ਫ਼ੈਸਲਾ ਕੀਤਾ ਹੈ?

20 ਤਾਂ ਫਿਰ ਅਸੀਂ ਯਿਸੂ ਦੇ ਇਨ੍ਹਾਂ ਕੁਝ ਦ੍ਰਿਸ਼ਟਾਂਤਾਂ ਦੀ ਚਰਚਾ ਕਰ ਕੇ ਵਾਧੇ ਬਾਰੇ ਕੀ ਸਿੱਖਿਆ ਹੈ? ਪਹਿਲੀ ਗੱਲ ਇਹ ਹੈ ਕਿ ਰਾਈ ਦੇ ਦਾਣੇ ਦੇ ਵਾਧੇ ਵਾਂਗ ਅੱਜ ਦੁਨੀਆਂ ਭਰ ਵਿਚ ਯਹੋਵਾਹ ਦੇ ਸੰਗਠਨ ਵਿਚ ਵਾਧਾ ਹੋ ਰਿਹਾ ਹੈ। ਪਰਮੇਸ਼ੁਰ ਦੇ ਕੰਮ ਵਿਚ ਤਰੱਕੀ ਹੋਣ ਤੋਂ ਕੋਈ ਨਹੀਂ ਰੋਕ ਸਕਦਾ! (ਯਸਾ. 54:17) ਇਸ ਦੇ ਨਾਲ-ਨਾਲ ਜਿਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਦੀ “ਛਾਇਆ ਵਿੱਚ ਵਸੇਰਾ” ਕੀਤਾ ਹੈ, ਉਨ੍ਹਾਂ ਨੂੰ ਸ਼ਤਾਨ ਤੇ ਉਸ ਦੀ ਦੁਸ਼ਟ ਦੁਨੀਆਂ ਤੋਂ ਰੱਖਿਆ ਮਿਲੀ ਹੈ। ਦੂਜੀ ਗੱਲ ਇਹ ਹੈ ਕਿ ਵਧਾਉਣ ਵਾਲਾ ਸਿਰਫ਼ ਯਹੋਵਾਹ ਪਰਮੇਸ਼ੁਰ ਹੈ। ਠੀਕ ਜਿਵੇਂ ਆਟੇ ਵਿਚ ਰਲਾਇਆ ਖ਼ਮੀਰ ਨਜ਼ਰ ਨਹੀਂ ਆਉਂਦਾ ਪਰ ਆਟੇ ਨੂੰ ਫੁਲਾ ਦਿੰਦਾ ਹੈ, ਤਿਵੇਂ ਸੱਚਾਈ ਵਿਚ ਹੋ ਰਿਹਾ ਵਾਧਾ ਕਿਵੇਂ ਹੁੰਦਾ ਹੈ ਪਤਾ ਨਹੀਂ ਲੱਗਦਾ ਪਰ ਹੁੰਦਾ ਜ਼ਰੂਰ ਹੈ। ਤੀਜੀ ਗੱਲ ਇਹ ਹੈ ਕਿ ਰਾਜ ਦਾ ਸੰਦੇਸ਼ ਸੁਣਨ ਵਾਲੇ ਸਾਰੇ ਯਿਸੂ ਦੇ ਚੇਲੇ ਨਹੀਂ ਬਣਦੇ। ਉਨ੍ਹਾਂ ਵਿੱਚੋਂ ਕੁਝ ਯਿਸੂ ਦੇ ਦ੍ਰਿਸ਼ਟਾਂਤ ਵਿਚਲੀਆਂ ਨਿਕੰਮੀਆਂ ਮੱਛੀਆਂ ਵਰਗੇ ਹਨ।

21 ਇਹ ਦੇਖ ਕੇ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਯਹੋਵਾਹ ਪਰਮੇਸ਼ੁਰ ਨੇਕਦਿਲ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ! (ਯੂਹੰ. 6:44) ਨਤੀਜੇ ਵਜੋਂ ਦੁਨੀਆਂ ਦੇ ਅਨੇਕ ਦੇਸ਼ਾਂ ਵਿਚ ਵਾਧਾ ਹੋ ਰਿਹਾ ਹੈ। ਇਸ ਵਾਧੇ ਦਾ ਸਿਹਰਾ ਯਹੋਵਾਹ ਪਰਮੇਸ਼ੁਰ ਨੂੰ ਜਾਂਦਾ ਹੈ। ਇਸ ਵਾਧੇ ਨੂੰ ਦੇਖ ਕੇ ਸਾਨੂੰ ਸਾਰਿਆਂ ਨੂੰ ਸਦੀਆਂ ਪਹਿਲਾਂ ਦਿੱਤੇ ਗਏ ਇਸ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ: “ਸਵੇਰ ਨੂੰ ਆਪਣਾ ਬੀ ਬੀਜ, . . . ਕਿਉਂ ਜੋ ਤੂੰ ਨਹੀਂ ਜਾਣਦਾ ਜੋ ਏਹਨਾਂ ਵਿੱਚੋਂ ਕਿਹੜਾ ਸਵਰੇਗਾ, ਏਹ ਯਾ ਉਹ, ਯਾ ਦੋਵੇਂ ਦੇ ਦੋਵੇਂ ਇੱਕੋ ਜਿਹੇ ਚੰਗੇ ਹੋਣਗੇ।”​—⁠ਉਪ. 11:⁠6.

[ਫੁਟਨੋਟ]

^ ਪੈਰਾ 17 ਭਾਵੇਂ ਕਿ ਮੱਤੀ 13:39-43 ਵਿਚ ਪ੍ਰਚਾਰ ਦੇ ਕੰਮ ਦੇ ਇਕ ਵੱਖਰੇ ਪਹਿਲੂ ਦੀ ਗੱਲ ਕੀਤੀ ਗਈ ਹੈ, ਪਰ ਇਸ ਦ੍ਰਿਸ਼ਟਾਂਤ ਦੀ ਪੂਰਤੀ ਵੀ ਜਾਲ ਦੇ ਦ੍ਰਿਸ਼ਟਾਂਤ ਦੀ ਪੂਰਤੀ ਸਮੇਂ ਹੀ ਹੁੰਦੀ ਹੈ ਯਾਨੀ “ਜੁਗ ਦੇ ਅੰਤ ਦੇ ਸਮੇ” ਦੌਰਾਨ। ਇਸ ਸਮੇਂ ਦੌਰਾਨ ਮੱਛੀਆਂ ਯਾਨੀ ਲੋਕਾਂ ਨੂੰ ਵੱਖਰਾ ਕਰਨ ਦਾ ਕੰਮ ਜਾਰੀ ਰਹਿੰਦਾ ਹੈ, ਠੀਕ ਜਿਵੇਂ ਬੀ ਬੀਜਣ ਤੇ ਵਾਢੀ ਦਾ ਕੰਮ ਚੱਲਦਾ ਰਹਿੰਦਾ ਹੈ।​—⁠15 ਅਕਤੂਬਰ 2000 ਦੇ ਪਹਿਰਾਬੁਰਜ ਦੇ ਸਫ਼ੇ 25-26; ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ (ਹਿੰਦੀ) ਨਾਂ ਦੀ ਕਿਤਾਬ ਦੇ ਸਫ਼ੇ 178-181, ਪੈਰੇ 8-11.

^ ਪੈਰਾ 19 ਕੀ ਇਸ ਦਾ ਇਹ ਮਤਲਬ ਹੈ ਕਿ ਜਿਨ੍ਹਾਂ ਨੇ ਬਾਈਬਲ ਸਟੱਡੀ ਕਰਨੀ ਛੱਡ ਦਿੱਤੀ ਹੈ ਜਾਂ ਜੋ ਯਹੋਵਾਹ ਦੇ ਲੋਕਾਂ ਤੋਂ ਦੂਰ ਹੋ ਗਏ ਹਨ, ਉਨ੍ਹਾਂ ਨੂੰ ਨਿਕੰਮੀਆਂ ਮੱਛੀਆਂ ਵਾਂਗ ਦੂਤ ਬਾਹਰ ਸੁੱਟ ਦੇਣਗੇ? ਨਹੀਂ! ਜੇ ਕੋਈ ਵਿਅਕਤੀ ਸੱਚ-ਮੁੱਚ ਯਹੋਵਾਹ ਦੀ ਭਗਤੀ ਦੁਬਾਰਾ ਕਰਨੀ ਚਾਹੇ, ਤਾਂ ਉਸ ਦਾ ਯਹੋਵਾਹ ਦਿਲੋਂ ਸੁਆਗਤ ਕਰੇਗਾ।​—⁠ਮਲਾ. 3:⁠7.

ਤੁਸੀਂ ਕੀ ਜਵਾਬ ਦਿਓਗੇ?

• ਅਸੀਂ ਰਾਈ ਦੇ ਦਾਣੇ ਦੇ ਦ੍ਰਿਸ਼ਟਾਂਤ ਤੋਂ ਵਾਧੇ ਬਾਰੇ ਅਤੇ ਰੱਖਿਆ ਪਾਉਣ ਬਾਰੇ ਕੀ ਸਿੱਖਦੇ ਹਾਂ?

• ਯਿਸੂ ਦੇ ਦ੍ਰਿਸ਼ਟਾਂਤ ਵਿਚ ਖ਼ਮੀਰ ਕਿਸ ਗੱਲ ਨੂੰ ਦਰਸਾਉਂਦਾ ਹੈ ਅਤੇ ਇਸ ਦ੍ਰਿਸ਼ਟਾਂਤ ਵਿਚ ਉਸ ਨੇ ਕਿਸ ਗੱਲ ਤੇ ਜ਼ੋਰ ਦਿੱਤਾ ਸੀ?

• ਜਾਲ ਦੇ ਦ੍ਰਿਸ਼ਟਾਂਤ ਵਿਚ ਕਿਹੜੀ ਗੱਲ ਸਮਝਾਈ ਗਈ ਹੈ?

• ਅਸੀਂ ਕਿਵੇਂ ਨਿਸ਼ਚਿਤ ਕਰ ਸਕਦੇ ਹਾਂ ਕਿ ਅਸੀਂ ਉਨ੍ਹਾਂ ਮੱਛੀਆਂ ਵਿਚ ਹੋਵਾਂਗੇ ਜਿਨ੍ਹਾਂ ਨੂੰ “ਭਾਂਡਿਆਂ ਵਿੱਚ ਜਮਾ ਕੀਤਾ” ਜਾ ਰਿਹਾ ਹੈ?

[ਸਵਾਲ]

[ਸਫ਼ਾ 18 ਉੱਤੇ ਤਸਵੀਰ]

ਰਾਈ ਦੇ ਦਾਣੇ ਦੇ ਦ੍ਰਿਸ਼ਟਾਂਤ ਤੋਂ ਅਸੀਂ ਵਾਧੇ ਬਾਰੇ ਕੀ ਸਿੱਖਦੇ ਹਾਂ?

[ਸਫ਼ਾ 19 ਉੱਤੇ ਤਸਵੀਰ]

ਖ਼ਮੀਰ ਦੇ ਦ੍ਰਿਸ਼ਟਾਂਤ ਤੋਂ ਅਸੀਂ ਕੀ ਸਿੱਖਦੇ ਹਾਂ?

[ਸਫ਼ਾ 21 ਉੱਤੇ ਤਸਵੀਰ]

ਚੰਗੀਆਂ ਮੱਛੀਆਂ ਨੂੰ ਨਿਕੰਮੀਆਂ ਮੱਛੀਆਂ ਤੋਂ ਵੱਖਰਾ ਕਰਨ ਦਾ ਕੀ ਮਤਲਬ ਹੈ?