Skip to content

Skip to table of contents

‘ਵਧਾਉਣ ਵਾਲਾ ਪਰਮੇਸ਼ੁਰ ਹੈ’!

‘ਵਧਾਉਣ ਵਾਲਾ ਪਰਮੇਸ਼ੁਰ ਹੈ’!

‘ਵਧਾਉਣ ਵਾਲਾ ਪਰਮੇਸ਼ੁਰ ਹੈ’!

“ਨਾ ਤਾਂ ਲਾਉਣ ਵਾਲਾ ਕੁਝ ਹੈ, ਨਾ ਸਿੰਜਣ ਵਾਲਾ ਪਰੰਤੂ ਪਰਮੇਸ਼ੁਰ ਜੋ ਵਧਾਉਣ ਵਾਲਾ ਹੈ।”​—⁠1 ਕੁਰਿੰ. 3:⁠7.

1. ਅਸੀਂ “ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ” ਕਿਸ ਤਰ੍ਹਾਂ ਹਾਂ?

“ਅਸੀਂ ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ ਹਾਂ।” ਪੌਲੁਸ ਦੇ ਇਹ ਸ਼ਬਦ ਸਾਨੂੰ ਯਾਦ ਦਿਲਾਉਂਦੇ ਹਨ ਕਿ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣਾ ਬਹੁਤ ਵੱਡਾ ਸਨਮਾਨ ਹੈ। (1 ਕੁਰਿੰਥੀਆਂ 3:5-9 ਪੜ੍ਹੋ।) ਪੌਲੁਸ ਨੇ ਚੇਲੇ ਬਣਾਉਣ ਦੇ ਇਸ ਕੰਮ ਦੀ ਤੁਲਨਾ ਬੀਜਣ ਤੇ ਸਿੰਜਣ ਨਾਲ ਕੀਤੀ ਸੀ। ਜੇ ਅਸੀਂ ਇਸ ਕੰਮ ਵਿਚ ਸਫ਼ਲ ਹੋਣਾ ਚਾਹੁੰਦੇ ਹਾਂ, ਤਾਂ ਸਾਨੂੰ ਯਹੋਵਾਹ ਪਰਮੇਸ਼ੁਰ ਦੀ ਮਦਦ ਦੀ ਲੋੜ ਹੈ। ਪੌਲੁਸ ਨੇ ਸਾਨੂੰ ਯਾਦ ਦਿਲਾਇਆ ਸੀ ਕਿ ‘ਵਧਾਉਣ ਵਾਲਾ ਪਰਮੇਸ਼ੁਰ ਹੈ।’

2. ਸੇਵਕਾਈ ਪ੍ਰਤੀ ਸਹੀ ਨਜ਼ਰੀਆ ਰੱਖਣ ਵਿਚ ਕਿਹੜੀ ਗੱਲ ਸਾਡੀ ਮਦਦ ਕਰਦੀ ਹੈ?

2 ਅਸੀਂ ਨਿਮਰਤਾ ਨਾਲ ਇਹ ਗੱਲ ਕਬੂਲ ਕਰਦੇ ਹਾਂ ਕਿ ਲੋਕਾਂ ਦੇ ਦਿਲਾਂ ਵਿਚ ਸੱਚਾਈ ਦਾ ਬੀ ਵਧਾਉਣ ਵਾਲਾ ਸਿਰਫ਼ ਪਰਮੇਸ਼ੁਰ ਹੀ ਹੈ। ਸ਼ਾਇਦ ਅਸੀਂ ਤਨ-ਮਨ-ਧਨ ਲਾ ਕੇ ਸੇਵਕਾਈ ਵਿਚ ਲੋਕਾਂ ਨੂੰ ਸੱਚਾਈ ਸਿਖਾਉਣ ਦੀ ਕੋਸ਼ਿਸ਼ ਕਰੀਏ ਅਤੇ ਚੰਗੇ ਨਤੀਜੇ ਵੀ ਪਾਈਏ। ਪਰ ਇਹ ਚੰਗੇ ਨਤੀਜੇ ਯਹੋਵਾਹ ਕਰਕੇ ਹੀ ਮਿਲਦੇ ਹਨ ਤੇ ਇਨ੍ਹਾਂ ਦੀ ਵਡਿਆਈ ਸਿਰਫ਼ ਉਸ ਨੂੰ ਹੀ ਜਾਣੀ ਚਾਹੀਦੀ ਹੈ। ਕਿਉਂ? ਕਿਉਂਕਿ ਅਸੀਂ ਚਾਹੇ ਜਿੰਨੀ ਮਰਜ਼ੀ ਮਿਹਨਤ ਕਰੀਏ, ਸਾਨੂੰ ਪਤਾ ਹੈ ਕਿ ਵਾਧਾ ਸਿਰਫ਼ ਯਹੋਵਾਹ ਦੀ ਬਰਕਤ ਬਦੌਲਤ ਹੁੰਦਾ ਹੈ। ਸੱਚਾਈ ਦੇ ਬੀ ਨੂੰ ਵਧਾਉਣ ਦੀ ਗੱਲ ਛੱਡੋ, ਅਸੀਂ ਤਾਂ ਇਹ ਵੀ ਨਹੀਂ ਜਾਣਦੇ ਕਿ ਵਾਧਾ ਹੁੰਦਾ ਕਿੱਦਾਂ ਹੈ। ਰਾਜਾ ਸੁਲੇਮਾਨ ਨੇ ਠੀਕ ਹੀ ਕਿਹਾ ਸੀ ਜਦ ਉਸ ਨੇ ਲਿਖਿਆ: “ਪਰਮੇਸ਼ੁਰ ਦੇ ਕੰਮਾਂ ਨੂੰ ਤੂੰ ਨਹੀਂ ਜਾਣਦਾ ਜੋ ਸਭ ਕੁਝ ਬਣਾਉਂਦਾ ਹੈ।”​—⁠ਉਪ. 11:⁠5.

3. ਬੀ ਬੀਜਣ ਦੀ ਤੁਲਨਾ ਚੇਲੇ ਬਣਾਉਣ ਦੇ ਕੰਮ ਨਾਲ ਕਿਉਂ ਕੀਤੀ ਜਾ ਸਕਦੀ ਹੈ?

3 ਭਾਵੇਂ ਅਸੀਂ ਇਹ ਨਹੀਂ ਸਮਝ ਸਕਦੇ ਕਿ ਵਾਧਾ ਕਿੱਦਾਂ ਹੁੰਦਾ ਹੈ, ਪਰ ਇਸ ਗੱਲ ਕਾਰਨ ਨਿਰਾਸ਼ ਹੋਣ ਦੀ ਬਜਾਇ ਸਾਨੂੰ ਖ਼ੁਸ਼ ਹੋਣਾ ਚਾਹੀਦਾ ਹੈ। ਰਾਜਾ ਸੁਲੇਮਾਨ ਨੇ ਕਿਹਾ: “ਸਵੇਰ ਨੂੰ ਆਪਣਾ ਬੀ ਬੀਜ, ਅਤੇ ਤਕਾਲਾਂ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦੇਹ, ਕਿਉਂ ਜੋ ਤੂੰ ਨਹੀਂ ਜਾਣਦਾ ਜੋ ਏਹਨਾਂ ਵਿੱਚੋਂ ਕਿਹੜਾ ਸਵਰੇਗਾ, ਏਹ ਯਾ ਉਹ, ਯਾ ਦੋਵੇਂ ਦੇ ਦੋਵੇਂ ਇੱਕੋ ਜਿਹੇ ਚੰਗੇ ਹੋਣਗੇ।” (ਉਪ. 11:6) ਜਦੋਂ ਅਸੀਂ ਕੋਈ ਬੀ ਬੀਜਦੇ ਹਾਂ, ਤਾਂ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਬੀ ਉੱਗੇਗਾ ਵੀ ਜਾਂ ਨਹੀਂ। ਕਈ ਗੱਲਾਂ ਸਾਡੇ ਹੱਥੋਂ ਬਾਹਰ ਹੁੰਦੀਆਂ ਹਨ। ਇਹ ਗੱਲ ਚੇਲੇ ਬਣਾਉਣ ਦੇ ਕੰਮ ਉੱਤੇ ਵੀ ਲਾਗੂ ਹੁੰਦੀ ਹੈ। ਇਸ ਨੂੰ ਸਮਝਾਉਣ ਲਈ ਯਿਸੂ ਨੇ ਦੋ ਦ੍ਰਿਸ਼ਟਾਂਤ ਦਿੱਤੇ ਸਨ। ਆਓ ਆਪਾਂ ਮਰਕੁਸ ਦੇ ਚੌਥੇ ਅਧਿਆਇ ਵਿਚ ਦਰਜ ਇਨ੍ਹਾਂ ਦ੍ਰਿਸ਼ਟਾਂਤਾਂ ਤੋਂ ਸਿੱਖੀਏ।

ਵੱਖੋ-ਵੱਖਰੀ ਕਿਸਮ ਦੀ ਜ਼ਮੀਨ

4, 5. ਬੀ ਬੀਜਣ ਵਾਲੇ ਦੇ ਦ੍ਰਿਸ਼ਟਾਂਤ ਦਾ ਸਾਰ ਦਿਓ।

4ਮਰਕੁਸ 4:1-9 ਵਿਚ ਯਿਸੂ ਨੇ ਬੀ ਬੀਜਣ ਵਾਲੇ ਦਾ ਦ੍ਰਿਸ਼ਟਾਂਤ ਦਿੱਤਾ ਜਿਸ ਦੇ ਕੇਰੇ ਹੋਏ ਬੀ ਵੱਖੋ-ਵੱਖਰੀ ਕਿਸਮ ਦੀ ਜ਼ਮੀਨ ਉੱਤੇ ਡਿੱਗੇ ਸਨ। ਯਿਸੂ ਨੇ ਕਿਹਾ: “ਸੁਣੋ! ਵੇਖੋ, ਇੱਕ ਬੀਜਣ ਵਾਲਾ ਬੀਜਣ ਨੂੰ ਨਿੱਕਲਿਆ ਅਤੇ ਐਉਂ ਹੋਇਆ ਕਿ ਉਹ ਦੇ ਬੀਜਦਿਆਂ ਕੁਝ ਪਹੇ ਵੱਲ ਕਿਰ ਪਿਆ ਅਤੇ ਪੰਛੀ ਆਣ ਕੇ ਉਹ ਨੂੰ ਚੁਗ ਗਏ ਅਰ ਕੁਝ ਪਥਰੇਲੀ ਜਮੀਨ ਵਿੱਚ ਕਿਰਿਆ ਜਿੱਥੇ ਉਹ ਨੂੰ ਬਹੁਤੀ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਨ ਕਰਕੇ ਉਹ ਛੇਤੀ ਉੱਗ ਪਿਆ ਅਤੇ ਜਾਂ ਸੂਰਜ ਚੜ੍ਹਿਆ ਤਾਂ ਕੁਮਲਾ ਗਿਆ ਅਰ ਜੜ੍ਹ ਨਾ ਫੜਨ ਦੇ ਕਾਰਨ ਸੁੱਕ ਗਿਆ ਅਤੇ ਕੁਝ ਕੰਡਿਆਲਿਆਂ ਵਿੱਚ ਕਿਰਿਆ ਅਤੇ ਕੰਡਿਆਲਿਆਂ ਨੇ ਵਧ ਕੇ ਉਹ ਨੂੰ ਦਬਾ ਲਿਆ ਅਤੇ ਉਹ ਨਾ ਫਲਿਆ ਅਰ ਕੁਝ ਚੰਗੀ ਜਮੀਨ ਵਿੱਚ ਕਿਰਿਆ ਅਤੇ ਉੱਗਦਿਆਂ ਵਧਦਿਆਂ ਫਲਿਆ, ਕੁਝ ਤੀਹ ਗੁਣਾ, ਕੁਝ ਸੱਠ ਗੁਣਾ, ਕੁਝ ਸੌ ਗੁਣਾ ਦਿੱਤਾ।”

5 ਕੁਝ ਦੇਸ਼ਾਂ ਵਿਚ ਆਮ ਤੌਰ ਤੇ ਬੀ ਸਾਰੇ ਖੇਤ ਵਿਚ ਖਿਲਾਰੇ ਜਾਂਦੇ ਹਨ। ਬੀਜਣ ਵਾਲਾ ਆਪਣੇ ਪੱਲੇ ਜਾਂ ਕਿਸੇ ਭਾਂਡੇ ਵਿੱਚੋਂ ਮੁੱਠੀ ਭਰ-ਭਰ ਕੇ ਖੇਤ ਵਿਚ ਬੀ ਖਿਲਾਰਦਾ ਹੈ। ਤਾਂ ਫਿਰ, ਇਸ ਦ੍ਰਿਸ਼ਟਾਂਤ ਵਿਚ ਬੀਜਣ ਵਾਲਾ ਜਾਣ-ਬੁੱਝ ਕੇ ਵੱਖੋ-ਵੱਖਰੀ ਕਿਸਮ ਦੀ ਜ਼ਮੀਨ ਵਿਚ ਬੀ ਨਹੀਂ ਸੀ ਬੀਜਦਾ, ਸਗੋਂ ਉਸ ਦੇ ਖਿਲਾਰਨ ਕਰਕੇ ਬੀ ਵੱਖੋ-ਵੱਖਰੀ ਕਿਸਮ ਦੀ ਜ਼ਮੀਨ ਤੇ ਡਿੱਗ ਪੈਂਦੇ ਸਨ।

6. ਯਿਸੂ ਨੇ ਬੀ ਬੀਜਣ ਵਾਲੇ ਦਾ ਦ੍ਰਿਸ਼ਟਾਂਤ ਕਿਵੇਂ ਸਮਝਾਇਆ ਸੀ?

6 ਇਸ ਦ੍ਰਿਸ਼ਟਾਂਤ ਦਾ ਮਤਲਬ ਸਾਨੂੰ ਬੁੱਝਣ ਦੀ ਲੋੜ ਨਹੀਂ। ਯਿਸੂ ਨੇ ਅੱਗੇ ਇਸ ਦਾ ਮਤਲਬ ਸਮਝਾਇਆ। ਮਰਕੁਸ 4:14-20 ਵਿਚ ਲਿਖਿਆ ਹੈ: “ਬੀਜਣ ਵਾਲਾ ਬਚਨ ਬੀਜਦਾ ਹੈ ਅਤੇ ਪਹੇ ਦੇ ਕਨਾਰੇ ਵਾਲੇ ਜਿੱਥੇ ਬਚਨ ਬੀਜਿਆ ਜਾਂਦਾ ਹੈ ਸੋ ਏਹ ਲੋਕ ਹਨ ਭਈ ਜਦ ਉਨ੍ਹਾਂ ਨੇ ਸੁਣ ਲਿਆ ਤਦ ਸ਼ਤਾਨ ਓਵੇਂ ਆਣ ਕੇ ਉਸ ਬਚਨ ਨੂੰ ਲੈ ਜਾਂਦਾ ਹੈ ਜਿਹੜਾ ਉਨ੍ਹਾਂ ਵਿੱਚ ਬੀਜਿਆ ਗਿਆ ਸੀ ਅਤੇ ਇਸੇ ਤਰਾਂ ਜਿਹੜੇ ਪਥਰੇਲਿਆਂ ਥਾਵਾਂ ਵਿੱਚ ਬੀਜੇ ਜਾਂਦੇ ਹਨ ਸੋ ਓਹ ਹਨ ਜਿਹੜੇ ਬਚਨ ਨੂੰ ਸੁਣਦਿਆਂ ਸਾਰ ਖੁਸ਼ੀ ਨਾਲ ਉਹ ਨੂੰ ਮੰਨ ਲੈਂਦੇ ਹਨ ਅਤੇ ਆਪਣੇ ਵਿੱਚ ਜੜ੍ਹ ਨਹੀਂ ਰੱਖਦੇ ਹਨ ਪਰ ਥੋੜਾ ਚਿਰ ਰਹਿੰਦੇ ਹਨ ਅਤੇ ਜਾਂ ਬਚਨ ਦੇ ਕਾਰਨ ਦੁਖ ਵਿੱਚ ਪੈਂਦੇ ਯਾ ਸਤਾਏ ਜਾਂਦੇ ਹਨ ਤਾਂ ਝੱਟ ਠੋਕਰ ਖਾਂਦੇ ਹਨ ਅਤੇ ਹੋਰ ਓਹ ਹਨ ਜਿਹੜੇ ਕੰਡਿਆਲਿਆਂ ਵਿੱਚ ਬੀਜੇ ਜਾਂਦੇ। ਏਹ ਓਹ ਹਨ ਜਿਨ੍ਹਾਂ ਬਚਨ ਸੁਣਿਆ ਅਤੇ ਦੁਨੀਆ ਦੀ ਚਿੰਤਾ ਅਰ ਧਨ ਦਾ ਧੋਖਾ ਅਰ ਹੋਰਨਾਂ ਚੀਜ਼ਾਂ ਦਾ ਲੋਭ ਆਣ ਕੇ ਬਚਨ ਨੂੰ ਦਬਾ ਲੈਂਦੇ ਹਨ ਅਤੇ ਉਹ ਅਫੱਲ ਰਹਿੰਦਾ ਹੈ ਅਤੇ ਜਿਹੜੇ ਚੰਗੀ ਜਮੀਨ ਵਿੱਚ ਬੀਜੇ ਗਏ ਸਨ ਸੋ ਓਹ ਲੋਕ ਹਨ ਜਿਹੜੇ ਬਚਨ ਨੂੰ ਸੁਣ ਕੇ ਮੰਨ ਲੈਂਦੇ ਅਤੇ ਫਲ ਦਿੰਦੇ ਹਨ, ਕੁਝ ਤੀਹ ਗੁਣਾ ਕੁਝ ਸੱਠ ਗੁਣਾ ਕੁਝ ਸੌ ਗੁਣਾ।”

7. ਜੁਦੀ-ਜੁਦੀ ਕਿਸਮ ਦੀ ਜ਼ਮੀਨ ਕਿਨ੍ਹਾਂ ਨੂੰ ਦਰਸਾਉਂਦੀ ਹੈ?

7 ਧਿਆਨ ਦਿਓ ਕਿ ਯਿਸੂ ਨੇ ਇਹ ਨਹੀਂ ਸੀ ਕਿਹਾ ਕਿ ਬੀ ਵੱਖ-ਵੱਖ ਕਿਸਮ ਦੇ ਸਨ। ਬਲਕਿ ਉਸ ਨੇ ਇਕ ਕਿਸਮ ਦੇ ਬੀ ਬਾਰੇ ਗੱਲ ਕੀਤੀ ਸੀ ਜੋ ਵੱਖੋ-ਵੱਖਰੀ ਕਿਸਮ ਦੀ ਜ਼ਮੀਨ ਤੇ ਡਿੱਗਦਾ ਹੈ ਜਿਸ ਦਾ ਵੱਖੋ-ਵੱਖਰਾ ਨਤੀਜਾ ਨਿਕਲਦਾ ਹੈ। ਪਹਿਲੀ ਜ਼ਮੀਨ ਸਖ਼ਤ ਹੈ, ਦੂਜੀ ਘੱਟ ਮਿੱਟੀ ਵਾਲੀ ਹੈ ਅਤੇ ਤੀਜੀ ਕੰਡਿਆਂ ਨਾਲ ਭਰੀ ਹੋਈ ਹੈ। ਪਰ ਇਨ੍ਹਾਂ ਤਿੰਨਾਂ ਨਾਲੋਂ ਚੌਥੀ ਵੱਖਰੀ ਹੈ। ਉਸ ਦੀ ਮਿੱਟੀ ਨਰਮ ਅਤੇ ਡੂੰਘੀ ਹੋਣ ਕਾਰਨ ਉਸ ਵਿਚ ਡਿਗੇ ਬੀ ਜੜ੍ਹ ਫੜ ਕੇ ਫਲ ਦਿੰਦੇ ਹਨ। (ਲੂਕਾ 8:8) ਬੀ ਕੀ ਹੈ? ਇਹ ਪਰਮੇਸ਼ੁਰ ਦੇ ਰਾਜ ਦਾ ਬਚਨ ਹੈ। (ਮੱਤੀ 13:19) ਵੱਖੋ-ਵੱਖਰੀ ਕਿਸਮ ਦੀ ਜ਼ਮੀਨ ਕਿਨ੍ਹਾਂ ਨੂੰ ਦਰਸਾਉਂਦੀ ਹੈ? ਜ਼ਮੀਨ ਲੋਕਾਂ ਨੂੰ ਦਰਸਾਉਂਦੀ ਹੈ ਜਿਨ੍ਹਾਂ ਦੇ ਦਿਲਾਂ ਦੀ ਵੱਖੋ-ਵੱਖਰੀ ਹਾਲਤ ਹੈ।​—⁠ਲੂਕਾ 8:12, 15 ਪੜ੍ਹੋ।

8. (ੳ) ਬੀ ਬੀਜਣ ਵਾਲਾ ਕਿਨ੍ਹਾਂ ਨੂੰ ਦਰਸਾਉਂਦਾ ਹੈ? (ਅ) ਪ੍ਰਚਾਰ ਦੇ ਕੰਮ ਵਿਚ ਵੱਖੋ-ਵੱਖਰੇ ਨਤੀਜੇ ਕਿਉਂ ਨਿਕਲਦੇ ਹਨ?

8 ਬੀ ਬੀਜਣ ਵਾਲਾ ਕਿਨ੍ਹਾਂ ਨੂੰ ਦਰਸਾਉਂਦਾ ਹੈ? ਬੀਜਣ ਵਾਲਾ ਉਨ੍ਹਾਂ ਨੂੰ ਦਰਸਾਉਂਦਾ ਹੈ ਜੋ ਪਰਮੇਸ਼ੁਰ ਦੇ ਸਾਂਝੀ ਹਨ ਅਤੇ ਰਾਜ ਦਾ ਪ੍ਰਚਾਰ ਕਰਦੇ ਹਨ। ਪੌਲੁਸ ਤੇ ਅਪੁੱਲੋਸ ਵਾਂਗ ਇਹ ਵੀ ਬੀਜਣ ਤੇ ਸਿੰਜਣ ਦਾ ਕੰਮ ਕਰਦੇ ਹਨ। ਪਰ ਇਨ੍ਹਾਂ ਦੀ ਸਖ਼ਤ ਮਿਹਨਤ ਦੇ ਬਾਵਜੂਦ ਵੀ ਵੱਖੋ-ਵੱਖਰੇ ਨਤੀਜੇ ਨਿਕਲਦੇ ਹਨ। ਕਿਉਂ? ਕਿਉਂਕਿ ਸੁਣਨ ਵਾਲਿਆਂ ਦੇ ਦਿਲਾਂ ਦੀ ਹਾਲਤ ਵੱਖੋ-ਵੱਖਰੀ ਹੁੰਦੀ ਹੈ। ਯਿਸੂ ਦੇ ਦ੍ਰਿਸ਼ਟਾਂਤ ਵਿਚ ਬੀਜਣ ਵਾਲੇ ਦਾ ਨਤੀਜਿਆਂ ਤੇ ਕੋਈ ਵੱਸ ਨਹੀਂ ਸੀ। ਇਸ ਗੱਲ ਤੋਂ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ, ਖ਼ਾਸ ਕਰਕੇ ਉਨ੍ਹਾਂ ਵਫ਼ਾਦਾਰ ਭੈਣਾਂ-ਭਰਾਵਾਂ ਨੂੰ, ਜੋ ਕਈ-ਕਈ ਸਾਲਾਂ ਤੋਂ ਮਿਹਨਤ ਕਰਦੇ ਆਏ ਹਨ, ਪਰ ਲੱਗਦਾ ਹੈ ਕਿ ਉਨ੍ਹਾਂ ਨੂੰ ਕੋਈ ਫਲ ਨਹੀਂ ਮਿਲਿਆ। ਪਰ ਇਸ ਵਿਚ ਹੌਸਲੇ ਵਾਲੀ ਕੀ ਗੱਲ ਹੈ?

9. ਪੌਲੁਸ ਰਸੂਲ ਅਤੇ ਯਿਸੂ ਨੇ ਕਿਸ ਗੱਲ ਤੇ ਜ਼ੋਰ ਦਿੱਤਾ ਸੀ ਜਿਸ ਤੋਂ ਸਾਨੂੰ ਹੌਸਲਾ ਮਿਲਦਾ ਹੈ?

9 ਬੀਜਣ ਵਾਲੇ ਦੀ ਵਫ਼ਾਦਾਰੀ ਉਸ ਦੇ ਕੰਮ ਦੇ ਨਤੀਜਿਆਂ ਤੋਂ ਨਹੀਂ ਮਾਪੀ ਜਾਂਦੀ। ਪੌਲੁਸ ਰਸੂਲ ਨੇ ਇਸ ਗੱਲ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ‘ਹਰੇਕ ਆਪੋ ਆਪਣੀ ਮਿਹਨਤ ਦੇ ਅਨੁਸਾਰ ਆਪੋ ਆਪਣਾ ਫਲ ਪਾਵੇਗਾ।’ (1 ਕੁਰਿੰ. 3:8) ਤਾਂ ਫਿਰ, ਫਲ ਮਿਹਨਤ ਦਾ ਹੈ, ਨਾ ਕਿ ਨਤੀਜਿਆਂ ਦਾ। ਯਿਸੂ ਨੇ ਵੀ ਇਸ ਗੱਲ ਤੇ ਜ਼ੋਰ ਦਿੱਤਾ ਸੀ ਜਦ ਉਸ ਦੇ ਚੇਲੇ ਪ੍ਰਚਾਰ ਕਰ ਕੇ ਮੁੜੇ ਸਨ। ਉਹ ਬਹੁਤ ਹੀ ਖ਼ੁਸ਼ ਸਨ ਕਿਉਂਕਿ ਯਿਸੂ ਦੇ ਨਾਂ ਕਰਕੇ ਭੂਤ ਵੀ ਉਨ੍ਹਾਂ ਦੇ ਵੱਸ ਵਿਚ ਸਨ। ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਇਸ ਤੋਂ ਅਨੰਦ ਨਾ ਹੋਵੋ ਕਿ ਰੂਹਾਂ ਤੁਹਾਡੇ ਵੱਸ ਵਿੱਚ ਹਨ ਪਰ ਇਸ ਤੋਂ ਅਨੰਦ ਹੋਵੋ ਭਈ ਤੁਹਾਡੇ ਨਾਉਂ ਸੁਰਗ ਵਿੱਚ ਲਿਖੇ ਹੋਏ ਹਨ।” (ਲੂਕਾ 10:17-20) ਹੋ ਸਕਦਾ ਹੈ ਕਿ ਪ੍ਰਚਾਰ ਕਰਨ ਵਾਲੇ ਦੇ ਜਤਨਾਂ ਕਾਰਨ ਕੋਈ ਨਵਾਂ ਚੇਲਾ ਨਾ ਬਣੇ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਹੋਰਨਾਂ ਨਾਲੋਂ ਘੱਟ ਮਿਹਨਤੀ ਜਾਂ ਵਫ਼ਾਦਾਰ ਹੈ। ਕਾਫ਼ੀ ਹੱਦ ਤਕ ਨਤੀਜੇ ਸੁਣਨ ਵਾਲੇ ਦੇ ਦਿਲ ਦੀ ਹਾਲਤ ਉੱਤੇ ਨਿਰਭਰ ਕਰਦੇ ਹਨ। ਯਾਦ ਰੱਖੋ ਕਿ ਵਧਾਉਣ ਵਾਲਾ ਪਰਮੇਸ਼ੁਰ ਹੈ।

ਸੁਣਨ ਵਾਲਿਆਂ ਦੀ ਜ਼ਿੰਮੇਵਾਰੀ

10. ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਸੁਣਨ ਵਾਲਾ ਚੰਗੀ ਜ਼ਮੀਨ ਵਰਗਾ ਹੈ ਕਿ ਨਹੀਂ?

10 ਸੁਣਨ ਵਾਲਿਆਂ ਬਾਰੇ ਕੀ ਕਿਹਾ ਜਾ ਸਕਦਾ ਹੈ? ਕੀ ਉਨ੍ਹਾਂ ਦਾ ਜਵਾਬ ਪਹਿਲਾਂ ਹੀ ਮਿਥਿਆ ਗਿਆ ਹੈ? ਨਹੀਂ। ਉਹ ਚੰਗੀ ਜ਼ਮੀਨ ਵਾਂਗ ਫਲ ਦੇ ਸਕਦੇ ਹਨ, ਪਰ ਇਹ ਉਨ੍ਹਾਂ ਦੀ ਆਪਣੀ ਮਰਜ਼ੀ ਹੈ। ਇਕ ਵਿਅਕਤੀ ਦਾ ਦਿਲੀ ਰਵੱਈਆ ਬਦਲ ਸਕਦਾ ਹੈ। (ਰੋਮੀ. 6:17) ਯਿਸੂ ਨੇ ਦ੍ਰਿਸ਼ਟਾਂਤ ਵਿਚ ਕਿਹਾ ਸੀ ਕਿ ‘ਜਦ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਬਚਨ ਸੁਣ ਲਿਆ,’ ਤਦ ਸ਼ਤਾਨ ਆ ਕੇ ਬਚਨ ਨੂੰ ਲੈ ਜਾਂਦਾ ਹੈ। ਪਰ ਇਸ ਤਰ੍ਹਾਂ ਹੋਣਾ ਜ਼ਰੂਰੀ ਨਹੀਂ ਹੈ। ਯਾਕੂਬ 4:7 ਵਿਚ ਦੱਸਿਆ ਗਿਆ ਹੈ ਕਿ “ਸ਼ਤਾਨ ਦਾ ਸਾਹਮਣਾ ਕਰੋ” ਤੇ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ। ਯਿਸੂ ਨੇ ਕਿਹਾ ਸੀ ਕਿ ਕਈ ਹਨ, ਜੋ ਬਚਨ ਨੂੰ ਸੁਣਦਿਆਂ ਸਾਰ ਉਹ ਨੂੰ ਖ਼ੁਸ਼ੀ ਨਾਲ ਮੰਨ ਲੈਂਦੇ ਹਨ, ਪਰ ਫਿਰ ਝੱਟ ਠੋਕਰ ਖਾਂਦੇ ਹਨ ਕਿਉਂਕਿ ਉਹ “ਆਪਣੇ ਵਿੱਚ ਜੜ੍ਹ ਨਹੀਂ ਰੱਖਦੇ।” ਪਰਮੇਸ਼ੁਰ ਦੇ ਸੇਵਕਾਂ ਨੂੰ ਤਾਕੀਦ ਕੀਤੀ ਜਾਂਦੀ ਹੈ ਭਈ ਉਹ ਸੱਚਾਈ ਵਿਚ ਆਪਣੀਆਂ ਜੜ੍ਹਾਂ ਅਤੇ ਨੀਹਾਂ ਪੱਕੀਆਂ ਕਰਨ ਤਾਂ ਜੋ ਉਹ ‘ਇਸ ਗੱਲ ਨੂੰ ਚੰਗੀ ਤਰਾਂ ਸਮਝ ਸਕਣ ਭਈ ਕਿੰਨੀ ਹੀ ਚੁੜਾਈ, ਲੰਬਾਈ, ਉਚਾਈ ਅਤੇ ਡੁੰਘਾਈ ਹੈ। ਅਤੇ ਮਸੀਹ ਦੇ ਪ੍ਰੇਮ ਨੂੰ ਜੋ ਗਿਆਨ ਤੋਂ ਪਰੇ ਹੈ ਚੰਗੀ ਤਰਾਂ ਜਾਣ ਸਕਣ।’​—⁠ਅਫ਼. 3:16-19; ਕੁਲੁ. 2:6, 7.

11. ਬਚਨ ਨੂੰ ਸੁਣਨ ਵਾਲਾ ਦੁਨੀਆਂ ਦੀ ਚਿੰਤਾ ਤੇ ਮਾਇਆ ਦੇ ਲੋਭ ਤੋਂ ਕਿਵੇਂ ਬਚ ਸਕਦਾ ਹੈ?

11 ਹੋਰਨਾਂ ਨੇ ਬਚਨ ਸੁਣ ਕੇ ਕੀ ਕੀਤਾ ਸੀ? ਯਿਸੂ ਨੇ ਦ੍ਰਿਸ਼ਟਾਂਤ ਵਿਚ ਅੱਗੇ ਦੱਸਿਆ ਕਿ “ਦੁਨੀਆ ਦੀ ਚਿੰਤਾ ਅਰ ਧਨ ਦਾ ਧੋਖਾ” ਬਚਨ ਨੂੰ ਦਬਾ ਦਿੰਦੇ ਹਨ। (1 ਤਿਮੋ. 6:9, 10) ਪਰ ਬਚਨ ਨੂੰ ਦੱਬੇ ਜਾਣ ਤੋਂ ਰੋਕਿਆ ਕਿਵੇਂ ਜਾ ਸਕਦਾ ਹੈ? ਪੌਲੁਸ ਰਸੂਲ ਨੇ ਜਵਾਬ ਦਿੱਤਾ: “ਤੁਸੀਂ ਮਾਇਆ ਦੇ ਲੋਭ ਤੋਂ ਰਹਿਤ ਰਹੋ। ਜੋ ਕੁਝ ਤੁਹਾਡੇ ਕੋਲ ਹੈ ਉਸ ਉੱਤੇ ਸੰਤੋਖ ਕਰੋ ਕਿਉਂ ਜੋ ਉਹ ਨੇ ਆਪ ਆਖਿਆ ਹੈ ਭਈ ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।”​—⁠ਇਬ. 13:⁠5.

12. ਚੰਗੀ ਜ਼ਮੀਨ ਨਾਲ ਦਰਸਾਏ ਜਾਣ ਵਾਲਿਆਂ ਵਿੱਚੋਂ ਕੋਈ ਘੱਟ ਤੇ ਕੋਈ ਜ਼ਿਆਦਾ ਫਲ ਕਿਉਂ ਦਿੰਦਾ ਹੈ?

12 ਅਖ਼ੀਰ ਵਿਚ ਯਿਸੂ ਨੇ ਚੰਗੀ ਜ਼ਮੀਨ ਵਿਚ ਬੀਜੇ ਜਾਣ ਵਾਲੇ ਬੀ ਬਾਰੇ ਕਿਹਾ, “ਕੁਝ ਤੀਹ ਗੁਣਾ ਕੁਝ ਸੱਠ ਗੁਣਾ ਕੁਝ ਸੌ ਗੁਣਾ” ਫਲ ਦਿੰਦਾ ਹੈ। ਭਾਵੇਂ ਕਿ ਕੁਝ ਨੇਕ ਦਿਲ ਲੋਕ ਪਰਮੇਸ਼ੁਰ ਦੇ ਬਚਨ ਦਾ ਸੰਦੇਸ਼ ਸੁਣ ਕੇ ਸੱਚਾਈ ਵਿਚ ਤਰੱਕੀ ਕਰਨ ਲੱਗ ਪੈਂਦੇ ਹਨ, ਪਰ ਉਹ ਪ੍ਰਚਾਰ ਦੇ ਕੰਮ ਵਿਚ ਕਿੰਨਾ ਕੁ ਹਿੱਸਾ ਲੈਂਦੇ ਹਨ ਇਹ ਉਨ੍ਹਾਂ ਦੇ ਹਾਲਾਤਾਂ ਤੇ ਨਿਰਭਰ ਕਰਦਾ ਹੈ। ਮਿਸਾਲ ਲਈ, ਬੁਢਾਪੇ ਜਾਂ ਬੀਮਾਰੀ ਕਾਰਨ ਸ਼ਾਇਦ ਕੋਈ ਭੈਣ ਜਾਂ ਭਰਾ ਹੋਰਨਾਂ ਵਾਂਗ ਪ੍ਰਚਾਰ ਦੇ ਕੰਮ ਵਿਚ ਬਹੁਤਾ ਨਾ ਕਰ ਸਕੇ। (ਹੋਰ ਜਾਣਕਾਰੀ ਲਈ ਮਰਕੁਸ 12:43, 44 ਦੇਖੋ।) ਸੁਣਨ ਵਾਲੇ ਦੀ ਤਰੱਕੀ ਉੱਤੇ ਬੀਜਣ ਵਾਲੇ ਦਾ ਕੋਈ ਵੱਸ ਨਹੀਂ ਚੱਲਦਾ, ਪਰ ਜਦ ਉਹ ਤਰੱਕੀ ਹੁੰਦੀ ਦੇਖਦਾ ਹੈ, ਤਾਂ ਉਹ ਬਹੁਤ ਖ਼ੁਸ਼ ਹੁੰਦਾ ਹੈ ਕਿਉਂਕਿ ਯਹੋਵਾਹ ਨੇ ਬੀ ਨੂੰ ਉਗਾਇਆ।​— ਜ਼ਬੂਰਾਂ ਦੀ ਪੋਥੀ 126:5, 6 ਪੜ੍ਹੋ।

ਬੀਜਣ ਵਾਲਾ ਸੌਂਦਾ ਉੱਠਦਾ ਹੈ

13, 14. (ੳ) ਯਿਸੂ ਦੇ ਅਗਲੇ ਦ੍ਰਿਸ਼ਟਾਂਤ ਬਾਰੇ ਦੱਸੋ। (ਅ) ਇਸ ਦ੍ਰਿਸ਼ਟਾਂਤ ਵਿਚ ਬੀਜਣ ਵਾਲਾ ਕੌਣ ਹੈ ਤੇ ਬੀ ਕੀ ਹੈ?

13ਮਰਕੁਸ 4:26-29 ਵਿਚ ਇਕ ਹੋਰ ਦ੍ਰਿਸ਼ਟਾਂਤ ਹੈ ਜਿਸ ਵਿਚ ਬੀਜਣ ਵਾਲੇ ਦੀ ਗੱਲ ਕੀਤੀ ਗਈ ਹੈ। ਇਸ ਵਿਚ ਯਿਸੂ ਨੇ ਕਿਹਾ: “ਪਰਮੇਸ਼ੁਰ ਦਾ ਰਾਜ ਇਹੋ ਜਿਹਾ ਹੈ ਜਿਹਾ ਕੋਈ ਮਨੁੱਖ ਜਮੀਨ ਵਿੱਚ ਬੀ ਪਾਵੇ ਅਤੇ ਰਾਤ ਦਿਨ ਸੌਂਵੇ ਉੱਠੇ ਅਤੇ ਉਹ ਬੀ ਉੱਗ ਪਵੇ ਅਰ ਵਧੇ ਪਰ ਉਹ ਨਾ ਜਾਣੇ ਕਿਸ ਤਰਾਂ। ਜਮੀਨ ਤਾਂ ਆਪੇ ਆਪ ਫਲ ਲਿਆਉਂਦੀ ਹੈ, ਪਹਿਲਾਂ ਅੰਗੂਰੀ, ਫੇਰ ਸਿੱਟਾ, ਫੇਰ ਸਿੱਟੇ ਵਿੱਚ ਸਾਬਤ ਦਾਣੇ ਅਰ ਜਾਂ ਫਲ ਪੱਕੇ ਤਾਂ ਉਹ ਝੱਟ ਦਾਤੀ ਲਾਉਂਦਾ ਹੈ ਕਿਉਂ ਜੋ ਵਾਢੀ ਦਾ ਵੇਲਾ ਆ ਗਿਆ।”

14 ਇਸ ਦ੍ਰਿਸ਼ਟਾਂਤ ਵਿਚ ਬੀਜਣ ਵਾਲਾ ਕੌਣ ਹੈ? ਚਰਚਾਂ ਦੇ ਕਈ ਲੋਕ ਮੰਨਦੇ ਹਨ ਕਿ ਇਹ ਯਿਸੂ ਹੈ। ਪਰ ਇਹ ਯਿਸੂ ਨਹੀਂ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਬੀ ਕਿਵੇਂ ਉੱਗਦਾ ਹੈ। ਤਾਂ ਫਿਰ, ਇਹ ਬੀਜਣ ਵਾਲਾ ਵੀ ਪਹਿਲੇ ਦ੍ਰਿਸ਼ਟਾਂਤ ਦੇ ਬੀਜਣ ਵਾਲੇ ਵਾਂਗ ਰਾਜ ਦੇ ਪ੍ਰਚਾਰਕਾਂ ਨੂੰ ਦਰਸਾਉਂਦਾ ਹੈ, ਜੋ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦੇ ਹਨ। ਜੋ ਬੀ ਉਹ ਬੀਜਦੇ ਹਨ ਉਹ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਹੈ।

15, 16. ਯਿਸੂ ਨੇ ਇਸ ਦ੍ਰਿਸ਼ਟਾਂਤ ਵਿਚ ਅਸਲੀ ਬੀ ਤੇ ਸੱਚਾਈ ਦੇ ਬੀ ਦੇ ਵਧਣ ਬਾਰੇ ਕੀ ਕਿਹਾ ਸੀ?

15 ਦ੍ਰਿਸ਼ਟਾਂਤ ਵਿਚ ਯਿਸੂ ਨੇ ਕਿਹਾ ਕਿ ਬੀ ਬੀਜਣ ਵਾਲਾ ‘ਰਾਤ ਦਿਨ ਸੌਂਦਾ ਉੱਠਦਾ’ ਹੈ। ਇਸ ਦਾ ਮਤਲਬ ਇਹ ਨਹੀਂ ਕਿ ਉਹ ਆਲਸੀ ਜਾਂ ਲਾਪਰਵਾਹ ਹੈ। ਸੌਣਾ-ਉੱਠਣਾ ਤਾਂ ਜ਼ਿੰਦਗੀ ਦਾ ਹਿੱਸਾ ਹੈ। ਤਾਂ ਫਿਰ, ਯਿਸੂ ਇਸ ਆਇਤ ਵਿਚ ਕੀ ਕਹਿ ਰਿਹਾ ਸੀ? ਇਹ ਕਿ ਕਈ ਰਾਤਾਂ ਤੇ ਕਈ ਦਿਨ ਯਾਨੀ ਕਾਫ਼ੀ ਸਮਾਂ ਬੀਤ ਚੁੱਕਾ ਸੀ, ਜਿਸ ਦੌਰਾਨ ਕਿਸਾਨ ਨੇ ਮਿਹਨਤ ਕੀਤੀ ਸੀ। ਯਿਸੂ ਨੇ ਦੱਸਿਆ ਕਿ ਉਸ ਸਮੇਂ ਦੌਰਾਨ ਕੀ ਹੋਇਆ। ਉਸ ਨੇ ਕਿਹਾ ਕਿ ‘ਬੀ ਉੱਗਿਆ ਤੇ ਵਧਿਆ,’ ਪਰ ਅੱਗੇ ਯਿਸੂ ਨੇ ਕਿਹਾ ਕਿ ਕਿਸਾਨ “ਨਾ ਜਾਣੇ ਕਿਸ ਤਰਾਂ।” ਉਸ ਨੇ ਜ਼ੋਰ ਇਸ ਗੱਲ ਤੇ ਦਿੱਤਾ ਕਿ ‘ਜਮੀਨ ਆਪੇ ਆਪ ਫਲ ਲਿਆਉਂਦੀ ਹੈ।’

16 ਪਰ ਯਿਸੂ ਕਹਿ ਕੀ ਰਿਹਾ ਸੀ? ਇੱਥੇ ਉਹ ਬੀ ਦੇ ਵਧਣ ਦੀ ਗੱਲ ਕਰ ਰਿਹਾ ਸੀ ਅਤੇ ਇਹ ਵਾਧਾ ਸਹਿਜੇਸਹਿਜੇ ਹੁੰਦਾ ਹੈ। ‘ਜਮੀਨ ਤਾਂ ਆਪੇ ਆਪ ਫਲ ਲਿਆਉਂਦੀ ਹੈ, ਪਹਿਲਾਂ ਅੰਗੂਰੀ, ਫੇਰ ਸਿੱਟਾ, ਫੇਰ ਸਿੱਟੇ ਵਿੱਚ ਸਾਬਤ ਦਾਣੇ।’ (ਮਰ. 4:28) ਇਹ ਵਾਧਾ ਪੜਾਵਾਂ ਵਿਚ ਹੁੰਦਾ ਹੈ। ਇਸ ਵਾਧੇ ਨੂੰ ਤੇਜ਼ ਕਰਨਾ ਨਾਮੁਮਕਿਨ ਹੈ। ਇਸੇ ਤਰ੍ਹਾਂ ਸੱਚਾਈ ਦਾ ਬੀ ਵੀ ਕਿਸੇ ਦੇ ਦਿਲ ਵਿਚ ਜੜ੍ਹ ਫੜਦਾ ਹੈ। ਯਹੋਵਾਹ ਦੀ ਮਦਦ ਨਾਲ ਸੱਚਾਈ ਦੇ ਬੀ ਨੂੰ ਵਿਅਕਤੀ ਦੇ ਦਿਲ ਵਿਚ ਜੜ੍ਹ ਫੜਨ ਤੇ ਵਧਣ ਲਈ ਸਮਾਂ ਲੱਗਦਾ ਹੈ।​—⁠ਇਬ. 6:1.

17. ਵਾਢੀ ਦੇ ਕੰਮ ਵਿਚ ਹਿੱਸਾ ਲੈ ਕੇ ਕੌਣ ਆਨੰਦ ਮਾਣਦੇ ਹਨ?

17 ਬੀਜਣ ਵਾਲਾ ‘ਫਲ ਪੱਕ’ ਜਾਣ ਤੇ ਵਾਢੀ ਵਿਚ ਹਿੱਸਾ ਕਿਵੇਂ ਲੈਂਦਾ ਹੈ? ਜਦ ਯਹੋਵਾਹ ਨਵੇਂ ਚੇਲਿਆਂ ਦੇ ਦਿਲਾਂ ਵਿਚ ਸੱਚਾਈ ਦਾ ਬੀ ਵਧਾਉਂਦਾ ਹੈ, ਤਾਂ ਉਨ੍ਹਾਂ ਦਾ ਪਰਮੇਸ਼ੁਰ ਲਈ ਪਿਆਰ ਹੌਲੀ-ਹੌਲੀ ਉਨ੍ਹਾਂ ਨੂੰ ਆਪਣਾ ਜੀਵਨ ਯਹੋਵਾਹ ਨੂੰ ਸਮਰਪਿਤ ਕਰਨ ਲਈ ਪ੍ਰੇਰਦਾ ਹੈ। ਫਿਰ ਉਹ ਪਾਣੀ ਵਿਚ ਬਪਤਿਸਮਾ ਲੈਂਦੇ ਹਨ। ਜੋ ਸੱਚਾਈ ਵਿਚ ਤਰੱਕੀ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ ਕਲੀਸਿਯਾ ਵਿਚ ਹੋਰ ਜ਼ਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਹਨ। ਇਸ ਤਰ੍ਹਾਂ ਬੀਜਣ ਵਾਲੇ ਦੇ ਨਾਲ-ਨਾਲ ਹੋਰ ਭੈਣ-ਭਰਾ ਵੀ ਵਾਢੀ ਵਿਚ ਹਿੱਸਾ ਲੈਂਦੇ ਹਨ, ਭਾਵੇਂ ਉਨ੍ਹਾਂ ਨੇ ਇਸ ਨਵੇਂ ਚੇਲੇ ਦੇ ਦਿਲ ਵਿਚ ਬੀ ਨਹੀਂ ਸੀ ਬੀਜਿਆ। (ਯੂਹੰਨਾ 4:36-38, ਪੜ੍ਹੋ।) ਵਾਕਈ, “ਬੀਜਣ ਵਾਲਾ ਅਤੇ ਵੱਢਣ ਵਾਲਾ ਦੋਵੇਂ ਅਨੰਦ” ਹੁੰਦੇ ਹਨ।

ਸਾਡੇ ਲਈ ਸਬਕ

18, 19. (ੳ) ਯਿਸੂ ਦੇ ਇਨ੍ਹਾਂ ਦੋ ਦ੍ਰਿਸ਼ਟਾਂਤਾਂ ਤੋਂ ਤੁਹਾਨੂੰ ਕਿਵੇਂ ਹੌਸਲਾ ਮਿਲਿਆ ਹੈ? (ਅ) ਅਗਲੇ ਲੇਖ ਵਿਚ ਅਸੀਂ ਕਿਸ ਬਾਰੇ ਗੱਲ ਕਰਾਂਗੇ?

18ਮਰਕੁਸ ਦੇ ਚੌਥੇ ਅਧਿਆਇ ਵਿਚ ਦਰਜ ਯਿਸੂ ਦੇ ਇਨ੍ਹਾਂ ਦੋ ਦ੍ਰਿਸ਼ਟਾਂਤਾਂ ਤੋਂ ਅਸੀਂ ਕੀ ਸਿੱਖਿਆ ਹੈ? ਇਹ ਗੱਲ ਸਾਫ਼ ਹੈ ਕਿ ਸਾਨੂੰ ਬੀ ਬੀਜਣ ਦਾ ਕੰਮ ਸੌਂਪਿਆ ਗਿਆ ਹੈ। ਸਾਨੂੰ ਬਹਾਨੇ ਬਣਾ ਕੇ ਜਾਂ ਮੁਸ਼ਕਲਾਂ ਤੇ ਮੁਸੀਬਤਾਂ ਕਾਰਨ ਇਸ ਕੰਮ ਵਿਚ ਹਿੱਸਾ ਲੈਣ ਤੋਂ ਕਦੇ ਰੁਕਣਾ ਨਹੀਂ ਚਾਹੀਦਾ। (ਉਪ. 11:4) ਨਾ ਹੀ ਸਾਨੂੰ ਇਹ ਗੱਲ ਭੁੱਲਣੀ ਚਾਹੀਦੀ ਕਿ ਇਸ ਕੰਮ ਵਿਚ ਅਸੀਂ ਪਰਮੇਸ਼ੁਰ ਦੇ ਸਾਂਝੀ ਹਾਂ। ਇਹ ਸਾਡੇ ਲਈ ਕਿੰਨਾ ਵੱਡਾ ਸਨਮਾਨ ਹੈ! ਯਹੋਵਾਹ ਸਾਡੇ ਜਤਨਾਂ ’ਤੇ ਅਤੇ ਸਾਡੇ ਸੁਣਨ ਵਾਲਿਆਂ ਦੇ ਜਤਨਾਂ ’ਤੇ ਬਰਕਤ ਪਾ ਕੇ ਉਨ੍ਹਾਂ ਦੇ ਦਿਲਾਂ ਵਿਚ ਸੱਚਾਈ ਦਾ ਬੀ ਵਧਾਉਂਦਾ ਹੈ। ਨਾ ਹੀ ਅਸੀਂ ਇਸ ਵਾਧੇ ਨੂੰ ਤੇਜ਼ ਕਰ ਸਕਦੇ ਹਾਂ ਤੇ ਨਾ ਹੀ ਸਾਨੂੰ ਹੌਸਲਾ ਹਾਰਨ ਦੀ ਲੋੜ ਹੈ ਜਦ ਵਾਧਾ ਹੌਲੀ-ਹੌਲੀ ਹੁੰਦਾ ਹੈ ਜਾਂ ਹੁੰਦਾ ਹੀ ਨਹੀਂ। ਸਾਨੂੰ ਕਿੰਨੀ ਤਸੱਲੀ ਹੁੰਦੀ ਹੈ ਕਿ ਸਾਡੀ ਸਫ਼ਲਤਾ ਇਸ ਗੱਲ ਤੋਂ ਮਾਪੀ ਜਾਂਦੀ ਹੈ ਕਿ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਹਾਂ ਅਤੇ ਉਸ ਤੋਂ ਮਿਲੇ ‘ਖ਼ੁਸ਼ ਖ਼ਬਰੀ ਦੇ ਪਰਚਾਰ’ ਦੇ ਕੰਮ ਵਿਚ ਹਿੱਸਾ ਲੈਂਦੇ ਹਾਂ “ਜੋ ਸਭ ਕੌਮਾਂ ਉੱਤੇ ਸਾਖੀ ਹੋਵੇ।”​—⁠ਮੱਤੀ 24:14.

19 ਯਿਸੂ ਨੇ ਸਾਨੂੰ ਨਵੇਂ ਚੇਲਿਆਂ ਦੀ ਤਰੱਕੀ ਬਾਰੇ ਤੇ ਪ੍ਰਚਾਰ ਦੇ ਕੰਮ ਬਾਰੇ ਹੋਰ ਕੀ ਦੱਸਿਆ ਸੀ? ਇਸ ਸਵਾਲ ਦਾ ਜਵਾਬ ਇੰਜੀਲਾਂ ਵਿਚ ਦਰਜ ਹੋਰਨਾਂ ਦ੍ਰਿਸ਼ਟਾਂਤਾਂ ਵਿਚ ਪਾਇਆ ਜਾਂਦਾ ਹੈ। ਅਸੀਂ ਅਗਲੇ ਲੇਖ ਵਿਚ ਇਨ੍ਹਾਂ ਵਿੱਚੋਂ ਕੁਝ ਦ੍ਰਿਸ਼ਟਾਂਤਾਂ ਦੀ ਚਰਚਾ ਕਰਾਂਗੇ।

ਕੀ ਤੁਹਾਨੂੰ ਯਾਦ ਹੈ?

• ਬੀ ਬੀਜਣ ਦਾ ਕੰਮ ਪਰਮੇਸ਼ੁਰ ਦੇ ਰਾਜ ਬਾਰੇ ਸੱਚਾਈ ਦੇ ਬੀ ਬੀਜਣ ਦੇ ਕੰਮ ਵਰਗਾ ਕਿਵੇਂ ਹੈ?

• ਯਹੋਵਾਹ ਪਰਮੇਸ਼ੁਰ ਇਕ ਪ੍ਰਚਾਰਕ ਦੀ ਵਫ਼ਾਦਾਰੀ ਕਿਵੇਂ ਮਾਪਦਾ ਹੈ?

• ਯਿਸੂ ਨੇ ਅਸਲੀ ਬੀ ਤੇ ਸੱਚਾਈ ਦੇ ਬੀ ਦੇ ਵਧਣ ਬਾਰੇ ਕੀ ਕਿਹਾ ਸੀ?

• “ਬੀਜਣ ਵਾਲਾ ਅਤੇ ਵੱਢਣ ਵਾਲਾ ਦੋਵੇਂ ਅਨੰਦ” ਕਿਵੇਂ ਹੁੰਦੇ ਹਨ?

[ਸਵਾਲ]

[ਸਫ਼ਾ 13 ਉੱਤੇ ਤਸਵੀਰ]

ਯਿਸੂ ਨੇ ਪਰਮੇਸ਼ੁਰ ਦੇ ਰਾਜ ਦੇ ਪ੍ਰਚਾਰਕਾਂ ਦੀ ਤੁਲਨਾ ਬੀਜਣ ਵਾਲੇ ਨਾਲ ਕਿਉਂ ਕੀਤੀ ਸੀ?

[ਸਫ਼ਾ 15 ਉੱਤੇ ਤਸਵੀਰ]

ਜੋ ਵਿਅਕਤੀ ਚੰਗੀ ਜ਼ਮੀਨ ਦੁਆਰਾ ਦਰਸਾਏ ਗਏ ਹਨ ਉਹ ਆਪਣੇ ਹਾਲਾਤਾਂ ਮੁਤਾਬਕ ਜੋਸ਼ ਨਾਲ ਦਿਲੋਂ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦੇ ਹਨ

[ਸਫ਼ਾ 16 ਉੱਤੇ ਤਸਵੀਰ]

ਬੀ ਨੂੰ ਵਧਾਉਣ ਵਾਲਾ ਪਰਮੇਸ਼ੁਰ ਹੈ