Skip to content

Skip to table of contents

ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ

ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ

ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ

“ਮੈਂ ਤੇਰੀ ਸਚਿਆਈ ਵਿੱਚ ਚੱਲਾਂਗਾ, ਮੇਰੇ ਦਿਲ ਨੂੰ ਇਕਾਗਰ ਕਰ ਕਿ ਮੈਂ ਤੇਰੇ ਨਾਮ ਦਾ ਭੈ ਮੰਨਾਂ।”​—⁠ਜ਼ਬੂ. 86:⁠11.

1, 2. (ੳ) ਜ਼ਬੂਰ 86:​2, 11 ਦੇ ਮੁਤਾਬਕ ਅਜ਼ਮਾਇਸ਼ਾਂ ਜਾਂ ਪਰੀਖਿਆਵਾਂ ਦਾ ਸਾਮ੍ਹਣਾ ਕਰਦੇ ਹੋਏ ਅਸੀਂ ਯਹੋਵਾਹ ਦੇ ਵਫ਼ਾਦਾਰ ਕਿਵੇਂ ਰਹਿ ਸਕਦੇ ਹਾਂ? (ਅ) ਸਾਨੂੰ ਯਹੋਵਾਹ ਦੀ ਸੇਵਾ ਦਿਲ ਲਾ ਕੇ ਕਦੋਂ ਕਰਨੀ ਸਿੱਖਣੀ ਚਾਹੀਦੀ ਹੈ?

ਯਹੋਵਾਹ ਦੇ ਕਈ ਸੇਵਕ ਸਾਲਾਂ ਬੱਧੀ ਕੈਦ ਦੀ ਸਜ਼ਾ ਕੱਟਣ ਜਾਂ ਹੋਰ ਜ਼ੁਲਮ ਸਹਿਣ ਦੇ ਬਾਵਜੂਦ ਵਫ਼ਾਦਾਰ ਰਹੇ ਹਨ। ਫਿਰ ਵੀ ਉਨ੍ਹਾਂ ਵਿੱਚੋਂ ਕਈ ਮਾਇਆ ਦੇ ਲੋਭ ਦੇ ਸ਼ਿਕਾਰ ਬਣ ਗਏ ਹਨ। ਇਸ ਤਰ੍ਹਾਂ ਕਿਉਂ ਹੋਇਆ ਹੈ? ਇਹ ਉਨ੍ਹਾਂ ਦੇ ਦਿਲ ਦੀ ਹਾਲਤ ਤੇ ਨਿਰਭਰ ਕਰਦਾ ਸੀ ਕਿ ਉਹ ਅੰਦਰੋ-ਅੰਦਰੀਂ ਕੀ ਚਾਹੁੰਦੇ ਸਨ। 86ਵੇਂ ਜ਼ਬੂਰ ਵਿਚ ਦਾਊਦ ਨੇ ਜ਼ਿਕਰ ਕੀਤਾ ਕਿ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਪੂਰੇ ਦਿਲ ਨਾਲ ਉਸ ਦੀ ਸੇਵਾ ਕਰਨਗੇ। ਉਸ ਨੇ ਪ੍ਰਾਰਥਨਾ ਕੀਤੀ: “ਮੇਰੀ ਜਾਨ ਦੀ ਰੱਖਿਆ ਕਰ ਕਿਉਂ ਜੋ ਮੈਂ ਤਾਂ ਇੱਕ ਭਗਤ ਹਾਂ, ਤੂੰ ਜੋ ਮੇਰਾ ਪਰਮੇਸ਼ੁਰ ਹੈਂ ਆਪਣੇ ਸੇਵਕ ਨੂੰ ਬਚਾ ਲੈ, ਮੈਂ ਤੇਰੇ ਉੱਤੇ ਪਤੀਜਦਾ ਹਾਂ।” ਉਸ ਨੇ ਪ੍ਰਾਰਥਨਾ ਵਿਚ ਇਹ ਵੀ ਕਿਹਾ: “ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਲਾ, ਮੈਂ ਤੇਰੀ ਸਚਿਆਈ ਵਿੱਚ ਚੱਲਾਂਗਾ, ਮੇਰੇ ਦਿਲ ਨੂੰ ਇਕਾਗਰ ਕਰ ਕਿ ਮੈਂ ਤੇਰੇ ਨਾਮ ਦਾ ਭੈ ਮੰਨਾਂ।”​—⁠ਜ਼ਬੂ. 86:​2, 11.

2 ਜੇ ਅਸੀਂ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਨਾ ਰੱਖਿਆ, ਤਾਂ ਸਾਡਾ ਦਿਲ ਹੋਰਨਾਂ ਚੀਜ਼ਾਂ ਵੱਲ ਖਿੱਚਿਆ ਜਾਵੇਗਾ। ਹੋਰਨਾਂ ਗੱਲਾਂ ਦੀ ਚਿੰਤਾ ਸਾਡੇ ਲਈ ਯਹੋਵਾਹ ਦੇ ਵਫ਼ਾਦਾਰ ਰਹਿਣਾ ਔਖਾ ਬਣਾ ਸਕਦੀ ਹੈ। ਜੇ ਸਾਡੇ ਦਿਲ ਵਿਚ ਬੁਰੀਆਂ ਇੱਛਾਵਾਂ ਨੇ ਜੜ੍ਹ ਫੜ ਲਈ ਹੈ, ਤਾਂ ਅਸੀਂ ਸ਼ਤਾਨ ਦੇ ਫੰਦੇ ਵਿਚ ਫਸ ਸਕਦੇ ਹਾਂ। ਇਸ ਲਈ ਜ਼ਰੂਰੀ ਹੈ ਕਿ ਕੋਈ ਵੀ ਅਜ਼ਮਾਇਸ਼ ਜਾਂ ਪਰੀਖਿਆ ਆਉਣ ਤੋਂ ਪਹਿਲਾਂ ਅਸੀਂ ਹੁਣ ਯਹੋਵਾਹ ਦੀ ਸੇਵਾ ਦਿਲ ਲਾ ਕੇ ਕਰਨੀ ਸਿੱਖੀਏ। ਬਾਈਬਲ ਕਹਿੰਦੀ ਹੈ: “ਆਪਣੇ ਮਨ [ਯਾਨੀ ਦਿਲ] ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੀਉਣ ਦੀਆਂ ਧਾਰਾਂ ਓਸੇ ਤੋਂ ਨਿੱਕਲਦੀਆਂ ਹਨ!” (ਕਹਾ. 4:23) ਅਸੀਂ ਯਹੂਦਾਹ ਤੋਂ ਆਏ ਉਸ ਨਬੀ ਤੋਂ ਵਧੀਆ ਸਬਕ ਸਿੱਖ ਸਕਦੇ ਹਾਂ ਜਿਸ ਨੂੰ ਯਹੋਵਾਹ ਨੇ ਇਸਰਾਏਲ ਦੇ ਰਾਜਾ ਯਾਰਾਬੁਆਮ ਕੋਲ ਭੇਜਿਆ ਸੀ।

“ਮੈਂ ਤੈਨੂੰ ਇਨਾਮ ਵੀ ਦੇਵਾਂਗਾ”

3. ਪਰਮੇਸ਼ੁਰ ਦੇ ਨਬੀ ਤੋਂ ਸਜ਼ਾ ਸੁਣ ਕੇ ਯਾਰਾਬੁਆਮ ਨੇ ਕੀ ਕੀਤਾ?

3 ਜ਼ਰਾ ਸੋਚੋ। ਰਾਜਾ ਯਾਰਾਬੁਆਮ ਨੇ ਉੱਤਰੀ ਰਾਜ ਵਿਚ ਦੋ ਵੱਛੇ ਬਣਾ ਕੇ ਨਵਾਂ ਧਰਮ ਸ਼ੁਰੂ ਕੀਤਾ ਸੀ। ਯਹੂਦਾਹ ਤੋਂ ਆਏ ਯਹੋਵਾਹ ਦੇ ਨਬੀ ਨੇ ਰਾਜੇ ਨੂੰ ਸਜ਼ਾ ਸੁਣਾਈ ਸੀ। ਰਾਜਾ ਬਹੁਤ ਗੁੱਸੇ ਹੋਇਆ ਤੇ ਉਸ ਨੇ ਆਪਣੇ ਬੰਦਿਆਂ ਨੂੰ ਕਿਹਾ ਕਿ ਉਹ ਇਸ ਨਬੀ ਨੂੰ ਫੜ ਲੈਣ। ਪਰ ਯਹੋਵਾਹ ਨੇ ਆਪਣੇ ਸੇਵਕ ਦੀ ਰਾਖੀ ਕੀਤੀ। ਅਚਾਨਕ ਰਾਜੇ ਦੀ ਬਾਂਹ ਜੋ ਉਸ ਨੇ ਲੰਮੀ ਕੀਤੀ ਸੀ ਸੁੱਕ ਗਈ ਤੇ ਜਗਵੇਦੀ ਜਿੱਥੇ ਉਹ ਧੂਪ ਧੁਖਾ ਰਿਹਾ ਸੀ ਪਾਟ ਗਈ। ਯਾਰਾਬੁਆਮ ਦਾ ਰਵੱਈਆ ਇਕਦਮ ਨਰਮ ਹੋ ਗਿਆ ਤੇ ਉਸ ਨੇ ਪਰਮੇਸ਼ੁਰ ਦੇ ਨਬੀ ਅੱਗੇ ਮਿੰਨਤ ਕੀਤੀ: “ਹੁਣ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਅਰਦਾਸ ਕਰ ਅਤੇ ਮੇਰੇ ਲਈ ਬੇਨਤੀ ਕਰ ਕਿ ਮੇਰਾ ਹੱਥ ਫੇਰ ਮੇਰੇ ਲਈ ਚੰਗਾ ਕੀਤਾ ਜਾਵੇ।” ਨਬੀ ਨੇ ਅਰਦਾਸ ਕੀਤੀ ਅਤੇ ਰਾਜੇ ਦੀ ਬਾਂਹ ਠੀਕ ਹੋ ਗਈ।​—⁠1 ਰਾਜ. 13:​1-6.

4. (ੳ) ਰਾਜੇ ਦੀ ਪੇਸ਼ਕਸ਼ ਨੇ ਨਬੀ ਦੀ ਵਫ਼ਾਦਾਰੀ ਕਿਵੇਂ ਪਰਖੀ? (ਅ) ਨਬੀ ਨੇ ਰਾਜੇ ਨੂੰ ਕੀ ਜਵਾਬ ਦਿੱਤਾ ਸੀ?

4 ਫਿਰ ਯਾਰਾਬੁਆਮ ਨੇ ਨਬੀ ਨੂੰ ਕਿਹਾ: “ਤੂੰ ਮੇਰੇ ਘਰ ਆ ਅਤੇ ਭੋਜਨ ਕਰ। ਮੈਂ ਤੈਨੂੰ ਇਨਾਮ ਵੀ ਦੇਵਾਂਗਾ।” (1 ਰਾਜ. 13:​7, CL) ਉਸ ਨਬੀ ਨੂੰ ਕੀ ਕਰਨਾ ਚਾਹੀਦਾ ਸੀ? ਕੀ ਸਜ਼ਾ ਸੁਣਾਉਣ ਤੋਂ ਬਾਅਦ ਉਸ ਲਈ ਰਾਜੇ ਦੇ ਘਰ ਰੋਟੀ ਖਾਣ ਜਾਣਾ ਠੀਕ ਸੀ? (ਜ਼ਬੂ. 119:113) ਜਾਂ ਕੀ ਉਸ ਨੂੰ ਰਾਜੇ ਨੂੰ ਨਾਂਹ ਕਰਨੀ ਚਾਹੀਦੀ ਸੀ ਭਾਵੇਂ ਲੱਗਦਾ ਸੀ ਕਿ ਰਾਜਾ ਪਛਤਾ ਰਿਹਾ ਸੀ? ਰਾਜਾ ਹੋਣ ਦੇ ਨਾਤੇ ਯਾਰਾਬੁਆਮ ਆਪਣੇ ਦੋਸਤਾਂ ਨੂੰ ਮਹਿੰਗੇ ਤੋਂ ਮਹਿੰਗੇ ਤੋਹਫ਼ੇ ਦੇ ਸਕਦਾ ਸੀ। ਜੇ ਉਸ ਨਬੀ ਦੇ ਦਿਲ ਵਿਚ ਮਾਇਆ ਦਾ ਲੋਭ ਸੀ, ਤਾਂ ਰਾਜੇ ਦੀ ਪੇਸ਼ਕਸ਼ ਉਸ ਲਈ ਵੱਡਾ ਇਮਤਿਹਾਨ ਬਣ ਸਕਦੀ ਸੀ। ਪਰ ਯਹੋਵਾਹ ਨੇ ਆਪਣੇ ਨਬੀ ਨੂੰ ਹੁਕਮ ਦਿੱਤਾ ਸੀ: “ਨਾ ਰੋਟੀ ਖਾਵੀਂ ਨਾ ਪਾਣੀ ਪੀਵੀਂ ਨਾ ਏਸੇ ਰਾਹ ਮੁੜੀਂ ਜਿਸ ਵਿੱਚੋਂ ਦੀ ਤੂੰ ਆਇਆ।” ਇਸ ਲਈ ਨਬੀ ਨੇ ਸਾਫ਼-ਸਾਫ਼ ਜਵਾਬ ਦਿੱਤਾ: “ਜੇ ਤੂੰ ਮੈਨੂੰ ਆਪਣਾ ਅੱਧਾ ਮਹਿਲ ਵੀ ਦੇ ਦੇਵੇਂ ਤਾਂ ਵੀ ਮੈਂ ਤੇਰੇ ਨਾਲ ਨਹੀਂ ਜਾਵਾਂਗਾ ਨਾ ਏਥੇ ਰੋਟੀ ਖਾਵਾਂਗਾ ਅਤੇ ਨਾ ਹੀ ਪਾਣੀ ਪੀਵਾਂਗਾ।” ਫਿਰ ਨਬੀ ਬੈਤਏਲ ਵਿੱਚੋਂ ਦੂਜੇ ਰਾਹ ਮੁੜ ਪਿਆ। (1 ਰਾਜ. 13:​8-10) ਅਸੀਂ ਇਸ ਨਬੀ ਦੇ ਫ਼ੈਸਲੇ ਤੋਂ ਵਫ਼ਾਦਾਰੀ ਬਾਰੇ ਕੀ ਸਿੱਖ ਸਕਦੇ ਹਾਂ?​—⁠ਰੋਮੀ. 15:⁠4.

ਲੋਭ ਨਾ ਕਰੋ

5. ਪੈਸਿਆਂ ਦੇ ਮਗਰ ਲੱਗਣ ਦਾ ਵਫ਼ਾਦਾਰੀ ਨਾਲ ਕੀ ਤਅੱਲਕ ਹੈ?

5 ਪਹਿਲੀ ਨਜ਼ਰ ਤੇ ਸਾਨੂੰ ਸ਼ਾਇਦ ਨਾ ਲੱਗੇ ਕਿ ਪੈਸਿਆਂ ਦੇ ਮਗਰ ਲੱਗਣ ਦਾ ਵਫ਼ਾਦਾਰੀ ਨਾਲ ਕੋਈ ਤਅੱਲਕ ਹੈ। ਪਰ ਜ਼ਰਾ ਸੋਚੋ: ਕੀ ਸਾਨੂੰ ਯਹੋਵਾਹ ਦੇ ਵਾਅਦੇ ਉੱਤੇ ਪੂਰਾ ਭਰੋਸਾ ਹੈ ਕਿ ਉਹ ਸਾਡੀਆਂ ਲੋੜਾਂ ਪੂਰੀਆਂ ਕਰੇਗਾ? (ਮੱਤੀ 6:33; ਇਬ. 13:5) ਜੇ ਅਸੀਂ ਕੋਈ ਚੀਜ਼ ਖ਼ਰੀਦ ਨਹੀਂ ਸਕਦੇ, ਤਾਂ ਉਸ ਨੂੰ ਖ਼ਰੀਦਣ ਦੀ ਹਰ ਕੋਸ਼ਿਸ਼ ਕਰਨ ਦੀ ਬਜਾਇ ਕੀ ਅਸੀਂ ਉਸ ਤੋਂ ਬਿਨਾਂ ਗੁਜ਼ਾਰਾ ਕਰ ਸਕਦੇ ਹਾਂ? (ਫ਼ਿਲਿੱਪੀਆਂ 4:​11-13 ਪੜ੍ਹੋ।) ਕੀ ਅਸੀਂ ਕੋਈ ਚੀਜ਼ ਹਾਸਲ ਕਰਨ ਲਈ ਇੰਨੇ ਉਤਾਵਲੇ ਹਾਂ ਕਿ ਅਸੀਂ ਯਹੋਵਾਹ ਦੀ ਸੇਵਾ ਕਰਨ ਤੋਂ ਪਿੱਛੇ ਹਟਦੇ ਹਾਂ? ਜਾਂ ਕੀ ਅਸੀਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਹਾਂ? ਸਾਡੇ ਕੰਮਾਂ ਤੋਂ ਪਤਾ ਲੱਗੇਗਾ ਕਿ ਅਸੀਂ ਤਨ-ਮਨ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਾਂ ਕਿ ਨਹੀਂ। ਪੌਲੁਸ ਰਸੂਲ ਨੇ ਲਿਖਿਆ: “ਸੰਤੋਖ ਨਾਲ ਭਗਤੀ ਹੈ ਤਾਂ ਵੱਡੀ ਖੱਟੀ। ਕਿਉਂ ਜੋ ਅਸਾਂ ਜਗਤ ਵਿੱਚ ਨਾਲ ਕੁਝ ਨਹੀਂ ਲਿਆਂਦਾ ਅਤੇ ਨਾ ਅਸੀਂ ਓਸ ਵਿੱਚੋਂ ਕੁਝ ਲੈ ਜਾ ਸੱਕਦੇ ਹਾਂ। ਪਰ ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।”​—⁠1 ਤਿਮੋ. 6:​6-8.

6. ਸਾਨੂੰ ਸ਼ਾਇਦ ਕਿਹੜੇ “ਇਨਾਮ” ਹਾਸਲ ਕਰਨ ਦੇ ਮੌਕੇ ਮਿਲਣ ਅਤੇ ਇਨ੍ਹਾਂ ਨੂੰ ਕਬੂਲ ਕਰਨ ਤੋਂ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

6 ਮਿਸਾਲ ਲਈ, ਸਾਡਾ ਬਾਸ ਸ਼ਾਇਦ ਸਾਨੂੰ ਪ੍ਰੋਮੋਸ਼ਨ ਦੇਣੀ ਚਾਹੇ ਜਿਸ ਤੋਂ ਸਾਨੂੰ ਜ਼ਿਆਦਾ ਤਨਖ਼ਾਹ ਮਿਲੇਗੀ ਤੇ ਹੋਰ ਫ਼ਾਇਦੇ ਹੋਣਗੇ। ਜਾਂ ਸ਼ਾਇਦ ਸਾਨੂੰ ਦੂਜੇ ਦੇਸ਼ ਜਾਂ ਇਲਾਕੇ ਵਿਚ ਜਾ ਕੇ ਹੋਰ ਪੈਸੇ ਕਮਾਉਣ ਦਾ ਮੌਕਾ ਮਿਲੇ। ਸ਼ਾਇਦ ਸਾਨੂੰ ਅਜਿਹੇ ਮੌਕੇ ਯਹੋਵਾਹ ਵੱਲੋਂ ਬਰਕਤ ਜਾਪਣ। ਪਰ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਸਾਨੂੰ ਆਪਣੇ ਦਿਲ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਅਸੀਂ ਅਸਲ ਵਿਚ ਕੀ ਚਾਹੁੰਦੇ ਹਾਂ। ਸਭ ਤੋਂ ਵਧ ਸਾਨੂੰ ਸੋਚਣਾ ਚਾਹੀਦਾ ਹੈ ਕਿ “ਯਹੋਵਾਹ ਨਾਲ ਮੇਰੇ ਰਿਸ਼ਤੇ ਉੱਤੇ ਮੇਰੇ ਫ਼ੈਸਲੇ ਦਾ ਕੀ ਅਸਰ ਪਓ?”

7. ਆਪਣੇ ਦਿਲ ਵਿੱਚੋਂ ਮਾਇਆ ਦੇ ਲੋਭ ਦੀ ਜੜ੍ਹ ਨੂੰ ਪੁੱਟਣਾ ਇੰਨਾ ਜ਼ਰੂਰੀ ਕਿਉਂ ਹੈ?

7 ਸ਼ਤਾਨ ਦੀ ਦੁਨੀਆਂ ਪੈਸੇ ਦੀ ਪਾਗਲ ਹੈ। (1 ਯੂਹੰਨਾ 2:​15, 16 ਪੜ੍ਹੋ।) ਪੈਸੇ ਨੂੰ ਵਰਤ ਕੇ ਸ਼ਤਾਨ ਸਾਡੇ ਦਿਲ ਨੂੰ ਮੋਹ ਲੈਣਾ ਚਾਹੁੰਦਾ ਹੈ। ਇਸ ਲਈ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿ ਮਾਇਆ ਦਾ ਲੋਭ ਸਾਡੇ ਦਿਲ ਵਿਚ ਜੜ੍ਹ ਨਾ ਫੜ ਲਵੇ ਤੇ ਜੇ ਜੜ੍ਹ ਫੜ ਲਈ ਹੈ, ਤਾਂ ਅਸੀਂ ਇਸ ਨੂੰ ਪੁੱਟ ਸੁੱਟੀਏ। (ਪਰ. 3:​15-17) ਜਦ ਸ਼ਤਾਨ ਨੇ ਯਿਸੂ ਨੂੰ ਕਿਹਾ ਕਿ ਉਹ ਉਸ ਨੂੰ ਦੁਨੀਆਂ ਦੀਆਂ ਸਾਰੀਆਂ ਪਾਤਸ਼ਾਹੀਆਂ ਦੇ ਦੇਵੇਗਾ, ਤਾਂ ਯਿਸੂ ਨੂੰ ਨਾਂਹ ਕਹਿਣ ਲਈ ਸੋਚਣਾ ਨਹੀਂ ਪਿਆ ਸੀ। (ਮੱਤੀ 4:​8-10) ਯਿਸੂ ਨੇ ਸਾਨੂੰ ਖ਼ਬਰਦਾਰ ਕੀਤਾ: “ਸਾਰੇ ਲੋਭ ਤੋਂ ਬਚੇ ਰਹੋ ਕਿਉਂ ਜੋ ਕਿਸੇ ਦਾ ਜੀਉਣ ਉਹ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ।” (ਲੂਕਾ 12:15) ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਅਸੀਂ ਆਪਣੇ ਆਪ ਉੱਤੇ ਨਹੀਂ, ਪਰ ਉਸ ਉੱਤੇ ਭਰੋਸਾ ਰੱਖਾਂਗੇ।

ਬੁੱਢੇ ਨਬੀ ਨੇ “ਝੂਠ ਮਾਰਿਆ”

8. ਯਹੂਦਾਹ ਤੋਂ ਆਏ ਨਬੀ ਦੀ ਵਫ਼ਾਦਾਰੀ ਕਿਵੇਂ ਪਰਖੀ ਗਈ ਸੀ?

8 ਯਹੂਦਾਹ ਤੋਂ ਆਏ ਨਬੀ ਲਈ ਸਭ ਕੁਝ ਠੀਕ-ਠਾਕ ਹੋ ਜਾਣਾ ਸੀ ਜੇ ਉਹ ਸਿੱਧਾ ਆਪਣੇ ਘਰ ਮੁੜ ਜਾਂਦਾ। ਪਰ ਅਚਾਨਕ ਉਸ ਦੀ ਵਫ਼ਾਦਾਰੀ ਫਿਰ ਤੋਂ ਪਰਖੀ ਗਈ। ਬਾਈਬਲ ਕਹਿੰਦੀ ਹੈ: “ਬੈਤਏਲ ਵਿੱਚ ਇੱਕ ਬੁੱਢਾ ਨਬੀ ਵੱਸਦਾ ਸੀ। ਉਸ ਦੇ ਪੁੱਤ੍ਰਾਂ ਨੇ ਆਣ ਕੇ ਓਹ ਸਾਰੇ ਕੰਮ ਦੱਸੇ” ਜਿਹੜੇ ਉਸ ਦਿਨ ਹੋਏ ਸਨ। ਆਪਣੇ ਪੁੱਤਰਾਂ ਦੀ ਗੱਲ ਸੁਣ ਕੇ ਉਸ ਨੇ ਕਿਹਾ ਕਿ ਉਹ ਉਸ ਲਈ ਖੋਤੇ ਉੱਤੇ ਕਾਠੀ ਕੱਸ ਦੇਣ ਤਾਂਕਿ ਉਹ ਪਰਮੇਸ਼ੁਰ ਦੇ ਬੰਦੇ ਨੂੰ ਜਾ ਮਿਲੇ। ਥੋੜ੍ਹੀ ਦੇਰ ਬਾਅਦ ਬੁੱਢੇ ਨਬੀ ਨੇ ਪਰਮੇਸ਼ੁਰ ਦੇ ਬੰਦੇ ਨੂੰ ਇਕ ਵੱਡੇ ਦਰਖ਼ਤ ਦੇ ਥੱਲੇ ਆਰਾਮ ਕਰਦਿਆਂ ਦੇਖਿਆ। ਉਸ ਨੇ ਕਿਹਾ, “ਮੇਰੇ ਨਾਲ ਘਰ ਨੂੰ ਚੱਲ ਅਤੇ ਰੋਟੀ ਖਾਹ।” ਜਦ ਯਹੂਦਾਹ ਤੋਂ ਆਏ ਨਬੀ ਨੇ ਇਨਕਾਰ ਕਰ ਦਿੱਤਾ, ਤਾਂ ਬੁੱਢੇ ਨਬੀ ਨੇ ਕਿਹਾ: “ਮੈਂ ਵੀ ਤੇਰੇ ਜੇਹਾ ਇੱਕ ਨਬੀ ਹਾਂ ਅਤੇ ਯਹੋਵਾਹ ਦੇ ਬਚਨ ਨਾਲ ਇੱਕ ਦੂਤ ਮੈਨੂੰ ਬੋਲਿਆ ਕਿ ਤੂੰ ਉਹ ਨੂੰ ਆਪਣੇ ਘਰ ਮੋੜ ਲਿਆ ਕਿ ਉਹ ਤੇਰੇ ਘਰ ਰੋਟੀ ਖਾਵੇ ਅਤੇ ਪਾਣੀ ਪੀਵੇ।” ਪਰ ਬਾਈਬਲ ਕਹਿੰਦੀ ਹੈ ਕਿ “ਉਸ ਨੇ ਉਹ ਦੇ ਨਾਲ ਝੂਠ ਮਾਰਿਆ।”​—⁠1 ਰਾਜ. 13:​11-18.

9. ਬਾਈਬਲ ਧੋਖਾ ਦੇਣ ਵਾਲਿਆਂ ਬਾਰੇ ਕੀ ਕਹਿੰਦੀ ਹੈ ਅਤੇ ਉਨ੍ਹਾਂ ਤੋਂ ਕਿਨ੍ਹਾਂ ਨੂੰ ਖ਼ਤਰਾ ਹੈ?

9 ਸਾਨੂੰ ਇਹ ਨਹੀਂ ਪਤਾ ਕਿ ਉਸ ਬੁੱਢੇ ਨਬੀ ਦੇ ਦਿਲ ਵਿਚ ਕੀ ਸੀ, ਪਰ ਸਾਨੂੰ ਇੰਨਾ ਪਤਾ ਹੈ ਕਿ ਉਸ ਨੇ ਝੂਠ ਬੋਲਿਆ ਸੀ। ਹੋ ਸਕਦਾ ਹੈ ਕਿ ਇਕ ਸਮੇਂ ਉਹ ਯਹੋਵਾਹ ਦਾ ਵਫ਼ਾਦਾਰ ਨਬੀ ਸੀ। ਪਰ ਇਸ ਸਮੇਂ ਉਸ ਨੇ ਪਰਮੇਸ਼ੁਰ ਦੇ ਬੰਦੇ ਨੂੰ ਧੋਖਾ ਦਿੱਤਾ। ਬਾਈਬਲ ਵਿਚ ਧੋਖਾ ਦੇਣ ਨੂੰ ਨਿੰਦਿਆ ਗਿਆ ਹੈ। (ਜ਼ਬੂਰਾਂ ਦੀ ਪੋਥੀ 5:6 ਪੜ੍ਹੋ।) ਧੋਖਾ ਦੇਣ ਵਾਲੇ ਆਪਣੇ ਆਪ ਨੂੰ ਤਾਂ ਯਹੋਵਾਹ ਤੋਂ ਦੂਰ ਕਰਦੇ ਹੀ ਹਨ, ਪਰ ਅਕਸਰ ਉਹ ਦੂਜਿਆਂ ਨੂੰ ਵੀ ਯਹੋਵਾਹ ਤੋਂ ਦੂਰ ਕਰ ਦਿੰਦੇ ਹਨ।

ਉਹ ਬੁੱਢੇ ਨਬੀ ਦੇ “ਨਾਲ ਮੁੜ ਆਇਆ”

10. ਕੀ ਯਹੂਦਾਹ ਤੋਂ ਆਇਆ ਨਬੀ ਬੁੱਢੇ ਨਬੀ ਦੇ ਘਰ ਗਿਆ ਸੀ ਅਤੇ ਇਸ ਦਾ ਕੀ ਅੰਜਾਮ ਨਿਕਲਿਆ?

10 ਯਹੂਦਾਹ ਤੋਂ ਆਏ ਨਬੀ ਨੂੰ ਉਸ ਬੁੱਢੇ ਨਬੀ ਦੀ ਚਲਾਕੀ ਪਛਾਣ ਲੈਣੀ ਚਾਹੀਦੀ ਸੀ। ਉਹ ਆਪਣੇ ਆਪ ਨੂੰ ਪੁੱਛ ਸਕਦਾ ਸੀ, ‘ਯਹੋਵਾਹ ਇਕ ਦੂਤ ਰਾਹੀਂ ਕਿਸੇ ਹੋਰ ਨੂੰ ਮੇਰੇ ਲਈ ਨਵਾਂ ਸੁਨੇਹਾ ਕਿਉਂ ਭੇਜੇਗਾ?’ ਉਹ ਇਸ ਨਵੇਂ ਸੁਨੇਹੇ ਬਾਰੇ ਯਹੋਵਾਹ ਨੂੰ ਵੀ ਪੁੱਛ ਸਕਦਾ ਸੀ। ਪਰ ਬਾਈਬਲ ਵਿਚ ਇੱਦਾਂ ਨਹੀਂ ਦੱਸਿਆ ਗਿਆ। ਇਸ ਦੀ ਬਜਾਇ ਬਾਈਬਲ ਕਹਿੰਦੀ ਹੈ ਕਿ “ਉਹ ਉਸ [ਬੁੱਢੇ ਨਬੀ] ਦੇ ਨਾਲ ਮੁੜ ਆਇਆ ਅਤੇ ਉਸ ਦੇ ਘਰ ਰੋਟੀ ਖਾਧੀ ਅਤੇ ਪਾਣੀ ਪੀਤਾ।” ਉਸ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ ਜਿਸ ਤੋਂ ਯਹੋਵਾਹ ਨਾਰਾਜ਼ ਹੋਇਆ। ਜਦ ਉਹ ਯਹੂਦਾਹ ਵਾਪਸ ਤੁਰਿਆ, ਤਾਂ ਰਾਹ ਵਿਚ ਇਕ ਸ਼ੇਰ ਨੇ ਉਸ ਨੂੰ ਮਾਰ ਸੁੱਟਿਆ। ਉਸ ਦੀ ਗ਼ਲਤੀ ਦਾ ਕਿੰਨਾ ਬੁਰਾ ਅੰਜਾਮ ਨਿਕਲਿਆ!​—⁠1 ਰਾਜ. 13:​19-25. *

11. ਅਹੀਯਾਹ ਨਬੀ ਦੀ ਵਫ਼ਾਦਾਰੀ ਬਾਰੇ ਦੱਸੋ।

11 ਦੂਜੇ ਪਾਸੇ ਅਹੀਯਾਹ ਨਬੀ ਬਾਰੇ ਸੋਚੋ ਜੋ ਯਾਰਾਬੁਆਮ ਨੂੰ ਕਹਿਣ ਗਿਆ ਸੀ ਕਿ ਉਹ ਰਾਜੇ ਵਜੋਂ ਚੁਣਿਆ ਗਿਆ ਹੈ। ਉਹ ਨਬੀ ਉਮਰ ਭਰ ਯਹੋਵਾਹ ਦੇ ਵਫ਼ਾਦਾਰ ਰਿਹਾ। ਜਦ ਅਹੀਯਾਹ ਵੱਡੀ ਉਮਰ ਦਾ ਹੋ ਗਿਆ ਸੀ ਤੇ ਉਸ ਦੀਆਂ ਅੱਖਾਂ ਕੰਮ ਨਹੀਂ ਕਰਦੀਆਂ ਸਨ, ਤਾਂ ਯਾਰਾਬੁਆਮ ਨੇ ਆਪਣੀ ਪਤਨੀ ਨੂੰ ਅਹੀਯਾਹ ਕੋਲ ਭੇਜਿਆ ਤਾਂਕਿ ਉਹ ਪਤਾ ਕਰੇ ਕਿ ਉਨ੍ਹਾਂ ਦਾ ਬੀਮਾਰ ਮੁੰਡਾ ਬਚੇਗਾ ਕਿ ਨਹੀਂ। ਅਹੀਯਾਹ ਨੇ ਨਿਡਰਤਾ ਨਾਲ ਦੱਸ ਦਿੱਤਾ ਸੀ ਕਿ ਉਨ੍ਹਾਂ ਦਾ ਮੁੰਡਾ ਮਰ ਜਾਵੇਗਾ। (1 ਰਾਜ. 14:​1-18) ਅਹੀਯਾਹ ਨੂੰ ਆਪਣੀ ਵਫ਼ਾਦਾਰੀ ਦੀਆਂ ਕਈ ਬਰਕਤਾਂ ਮਿਲੀਆਂ। ਇਕ ਬਰਕਤ ਇਹ ਸੀ ਕਿ ਅਜ਼ਰਾ ਨਬੀ ਨੇ ਅਹੀਯਾਹ ਦੀਆਂ ਕੁਝ ਲਿਖਤਾਂ ਵਰਤ ਕੇ ਬਾਈਬਲ ਦੇ ਕੁਝ ਬਿਰਤਾਂਤ ਲਿਖੇ।​—⁠2 ਇਤ. 9:⁠29.

12-14. (ੳ) ਯਹੂਦਾਹ ਤੋਂ ਆਏ ਨਬੀ ਦੀ ਉਦਾਹਰਣ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਅ) ਮਿਸਾਲ ਦੇ ਕੇ ਸਮਝਾਓ ਕਿ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਸਾਨੂੰ ਬਜ਼ੁਰਗਾਂ ਤੋਂ ਮਿਲੀ ਸਲਾਹ ਬਾਰੇ ਧਿਆਨ ਨਾਲ ਕਿਉਂ ਸੋਚਣਾ ਚਾਹੀਦਾ ਹੈ।

12 ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ ਯਹੂਦਾਹ ਤੋਂ ਆਏ ਨਬੀ ਨੇ ਬੁੱਢੇ ਨਬੀ ਦੇ ਘਰ ਜਾਣ ਤੋਂ ਪਹਿਲਾਂ ਯਹੋਵਾਹ ਤੋਂ ਸਲਾਹ ਕਿਉਂ ਨਹੀਂ ਮੰਗੀ। ਕੀ ਉਸ ਬੁੱਢੇ ਨਬੀ ਨੇ ਉਸ ਨੂੰ ਉਹੀ ਦੱਸਿਆ ਜੋ ਉਹ ਸੁਣਨਾ ਚਾਹੁੰਦਾ ਸੀ? ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਸਾਡੇ ਮਨ ਵਿਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਯਹੋਵਾਹ ਸਾਡੇ ਤੋਂ ਜੋ ਚਾਹੁੰਦਾ ਹੈ, ਉਹ ਸਹੀ ਹੈ। ਭਾਵੇਂ ਜੋ ਮਰਜ਼ੀ ਹੋ ਜਾਵੇ, ਪਰ ਸਾਨੂੰ ਹਮੇਸ਼ਾ ਯਹੋਵਾਹ ਦੀ ਹੀ ਸੁਣਨੀ ਚਾਹੀਦੀ ਹੈ।

13 ਕੁਝ ਭੈਣ-ਭਰਾ ਉਹੀ ਸਲਾਹ ਕਬੂਲ ਕਰਦੇ ਹਨ ਜੋ ਉਨ੍ਹਾਂ ਨੂੰ ਚੰਗੀ ਲੱਗਦੀ ਹੈ। ਮਿਸਾਲ ਲਈ, ਇਕ ਭਰਾ ਨੂੰ ਸ਼ਾਇਦ ਚੰਗੀ ਨੌਕਰੀ ਮਿਲ ਰਹੀ ਹੈ, ਜਿਸ ਦਾ ਨਤੀਜਾ ਇਹ ਹੋ ਸਕਦਾ ਹੈ ਕਿ ਉਸ ਕੋਲ ਪਰਮੇਸ਼ੁਰ ਦੀ ਸੇਵਾ ਅਤੇ ਆਪਣੇ ਪਰਿਵਾਰ ਲਈ ਬਹੁਤਾ ਸਮਾਂ ਨਾ ਰਹੇ। ਉਹ ਸ਼ਾਇਦ ਇਕ ਬਜ਼ੁਰਗ ਕੋਲ ਸਲਾਹ ਲੈਣ ਜਾਵੇ। ਸਲਾਹ ਦੇਣ ਤੋਂ ਪਹਿਲਾਂ ਉਹ ਬਜ਼ੁਰਗ ਸ਼ਾਇਦ ਕਹੇ ਕਿ ਇਹ ਭਰਾ ਦਾ ਆਪਣਾ ਫ਼ੈਸਲਾ ਹੈ ਕਿ ਉਹ ਆਪਣੇ ਪਰਿਵਾਰ ਦੀ ਦੇਖ-ਭਾਲ ਕਿਵੇਂ ਕਰੇਗਾ। ਫਿਰ ਬਜ਼ੁਰਗ ਸ਼ਾਇਦ ਬਾਈਬਲ ਖੋਲ੍ਹ ਕੇ ਭਰਾ ਨੂੰ ਦਿਖਾਵੇ ਕਿ ਜੇ ਉਹ ਇਸ ਨੌਕਰੀ ਤੇ ਲੱਗੇਗਾ, ਤਾਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਕੀ ਖ਼ਤਰੇ ਹੋ ਸਕਦੇ ਹਨ। ਕੀ ਭਰਾ ਬਜ਼ੁਰਗ ਦੀ ਸਿਰਫ਼ ਪਹਿਲੀ ਗੱਲ ਯਾਦ ਰੱਖੇਗਾ ਜਾਂ ਬਾਕੀ ਦੀ ਸਲਾਹ ਵੀ ਮੰਨ ਲਵੇਗਾ? ਭਰਾ ਨੂੰ ਇਸ ਬਾਰੇ ਸੋਚਣਾ ਪਵੇਗਾ ਕਿ ਉਸ ਦੇ ਫ਼ੈਸਲੇ ਦਾ ਉਸ ਦੇ ਪਰਿਵਾਰ ਉੱਤੇ ਕੀ ਅਸਰ ਪਵੇਗਾ ਨਾਲੇ ਇਹ ਕਿ ਯਹੋਵਾਹ ਨਾਲ ਉਸ ਦੇ ਰਿਸ਼ਤੇ ਵਿਚ ਦਰਾੜ ਪੈ ਸਕਦੀ ਹੈ।

14 ਇਕ ਹੋਰ ਮਿਸਾਲ ਉੱਤੇ ਗੌਰ ਕਰੋ। ਇਕ ਭੈਣ ਸ਼ਾਇਦ ਇਕ ਬਜ਼ੁਰਗ ਨੂੰ ਪੁੱਛੇ ਕਿ ਕੀ ਉਸ ਨੂੰ ਆਪਣੇ ਪਤੀ ਤੋਂ ਜੁਦਾ ਹੋਣਾ ਚਾਹੀਦਾ ਹੈ ਜੋ ਸੱਚਾਈ ਵਿਚ ਨਹੀਂ ਹੈ? ਬਜ਼ੁਰਗ ਸ਼ਾਇਦ ਕਹੇ ਕਿ ਇਹ ਫ਼ੈਸਲਾ ਉਸ ਦਾ ਆਪਣਾ ਹੈ। ਫਿਰ ਉਹ ਸ਼ਾਇਦ ਬਾਈਬਲ ਵਿੱਚੋਂ ਉਸ ਨੂੰ ਸਲਾਹ ਦੇਵੇ। (1 ਕੁਰਿੰ. 7:​10-16) ਕੀ ਭੈਣ ਬਜ਼ੁਰਗ ਦੀ ਸਲਾਹ ਵੱਲ ਧਿਆਨ ਦੇਵੇਗੀ ਜਾਂ ਕੀ ਉਸ ਨੇ ਪਹਿਲਾਂ ਹੀ ਆਪਣੇ ਪਤੀ ਨੂੰ ਛੱਡਣ ਦਾ ਮਨ ਬਣਾ ਲਿਆ ਹੈ? ਫ਼ੈਸਲਾ ਕਰਨ ਤੋਂ ਪਹਿਲਾਂ ਉਸ ਨੂੰ ਪ੍ਰਾਰਥਨਾ ਕਰਨ ਦੇ ਨਾਲ-ਨਾਲ ਬਜ਼ੁਰਗ ਤੋਂ ਮਿਲੀ ਬਾਈਬਲ ਦੀ ਸਲਾਹ ਬਾਰੇ ਸੋਚਣਾ ਚਾਹੀਦਾ ਹੈ।

ਆਪਣੇ ਆਪ ਉੱਤੇ ਇਤਬਾਰ ਨਾ ਕਰੋ

15. ਯਹੂਦਾਹ ਤੋਂ ਆਏ ਨਬੀ ਦੀ ਗ਼ਲਤੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

15 ਯਹੂਦਾਹ ਤੋਂ ਆਏ ਨਬੀ ਦੀ ਗ਼ਲਤੀ ਤੋਂ ਅਸੀਂ ਹੋਰ ਕੀ ਸਿੱਖ ਸਕਦੇ ਹਾਂ? ਕਹਾਉਤਾਂ 3:5 ਵਿਚ ਲਿਖਿਆ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ” ਉਹ ਨਬੀ ਪਹਿਲਾਂ ਯਹੋਵਾਹ ਉੱਤੇ ਭਰੋਸਾ ਰੱਖਦਾ ਹੁੰਦਾ ਸੀ, ਪਰ ਬਾਅਦ ਵਿਚ ਉਸ ਨੇ ਆਪਣੀ ਹੀ ਸਮਝ ਉੱਤੇ ਇਤਬਾਰ ਕੀਤਾ। ਉਸ ਦੀ ਗ਼ਲਤੀ ਉਸ ਨੂੰ ਬਹੁਤ ਮਹਿੰਗੀ ਪਈ! ਯਹੋਵਾਹ ਦੀ ਮਿਹਰ ਗੁਆਉਣ ਤੋਂ ਇਲਾਵਾ ਉਸ ਨੇ ਆਪਣੀ ਜਾਨ ਵੀ ਗੁਆਈ। ਉਸ ਦੀ ਮਿਸਾਲ ਤੋਂ ਅਸੀਂ ਇਹੀ ਸਿੱਖਦੇ ਹਾਂ ਕਿ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣਾ ਅਤੇ ਆਪਣੇ ਆਪ ਉੱਤੇ ਇਤਬਾਰ ਨਾ ਕਰਨਾ ਕਿੰਨਾ ਜ਼ਰੂਰੀ ਹੈ।

16, 17. ਸਾਨੂੰ ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਕੀ ਕਰਨਾ ਚਾਹੀਦਾ ਹੈ?

16 ਸਾਡਾ ਦਿਲ ਹਮੇਸ਼ਾ ਸਾਨੂੰ ਪੁੱਠੇ ਪਾਸੇ ਲਾਉਂਦਾ ਹੈ। ਬਾਈਬਲ ਕਹਿੰਦੀ ਹੈ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ।” (ਯਿਰ. 17:9) ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਪੁਰਾਣੇ ਸੁਭਾਅ ਮੁਤਾਬਕ ਘਮੰਡ ਨਾ ਕਰੀਏ ਅਤੇ ਨਾ ਹੀ ਆਪਣੇ ਆਪ ਉੱਤੇ ਭਰੋਸਾ ਰੱਖੀਏ। ਇਸ ਦੀ ਬਜਾਇ ਸਾਨੂੰ ਆਪਣੇ ਸੁਭਾਅ ਵਿਚ ਤਬਦੀਲੀਆਂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਸਾਨੂੰ ਨਵੀਂ ਇਨਸਾਨੀਅਤ ਨੂੰ ਪਹਿਨ ਲੈਣਾ ਚਾਹੀਦਾ ਹੈ “ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ।”​—ਅਫ਼ਸੀਆਂ 4:​22-24 ਪੜ੍ਹੋ।

17ਕਹਾਉਤਾਂ 11:2 ਵਿਚ ਲਿਖਿਆ ਹੈ: “ਦੀਨਾਂ ਦੇ ਨਾਲ ਬੁੱਧ ਹੈ।” ਦੀਨ ਇਨਸਾਨ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਦਾ ਹੈ ਅਤੇ ਉਹ ਵੱਡੀਆਂ ਗ਼ਲਤੀਆਂ ਕਰਨ ਤੋਂ ਬਚਦਾ ਹੈ। ਮਿਸਾਲ ਲਈ, ਨਿਰਾਸ਼ ਹੋ ਕੇ ਅਸੀਂ ਗ਼ਲਤ ਫ਼ੈਸਲੇ ਕਰ ਸਕਦੇ ਹਾਂ। (ਕਹਾ. 24:10) ਅਸੀਂ ਸ਼ਾਇਦ ਸੋਚੀਏ ਕਿ ਅਸੀਂ ਸਾਲਾਂ ਦੌਰਾਨ ਰੱਬ ਦੀ ਬਥੇਰੀ ਸੇਵਾ ਕਰ ਲਈ ਹੈ ਤੇ ਹੁਣ ਬਾਕੀਆਂ ਦੀ ਵਾਰੀ ਹੈ। ਇਸ ਲਈ ਅਸੀਂ ਸ਼ਾਇਦ ਮੀਟਿੰਗਾਂ ਵਿਚ ਘੱਟ ਜਾਈਏ ਤੇ ਪ੍ਰਚਾਰ ਵਿਚ ਪਹਿਲਾਂ ਵਾਂਗ ਹਿੱਸਾ ਨਾ ਲਈਏ। ਜਾਂ ਸ਼ਾਇਦ ਅਸੀਂ ਬਾਕੀ ਇਨਸਾਨਾਂ ਵਾਂਗ ਘਰ-ਗ੍ਰਹਿਸਥੀ ਦੇ ਕੰਮਾਂ ਵਿਚ ਲੱਗਣਾ ਚਾਹੀਏ। ਪਰ ਸਾਨੂੰ “ਵੱਡਾ ਜਤਨ” ਕਰਨ ਦੀ ਲੋੜ ਹੈ ਤਾਂਕਿ ‘ਅਸੀਂ ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਈਏ।’ ਇਸ ਤਰ੍ਹਾਂ ਅਸੀਂ ਆਪਣੇ ਦਿਲ ਦੀ ਰਾਖੀ ਕਰ ਸਕਾਂਗੇ।​—⁠ਲੂਕਾ 13:24; 1 ਕੁਰਿੰ. 15:⁠58.

18. ਅਸੀਂ ਉਦੋਂ ਕੀ ਕਰ ਸਕਦੇ ਹਾਂ ਜਦ ਸਾਨੂੰ ਫ਼ੈਸਲਾ ਕਰਨ ਵਿਚ ਮੁਸ਼ਕਲ ਆਵੇ?

18 ਹੋ ਸਕਦਾ ਹੈ ਕਿ ਸਾਨੂੰ ਕੋਈ ਮੁਸ਼ਕਲ ਫ਼ੈਸਲਾ ਕਰਨਾ ਪਵੇ ਅਤੇ ਸਾਨੂੰ ਪਤਾ ਨਾ ਲੱਗੇ ਕਿ ਅਸੀਂ ਕੀ ਕਰੀਏ। ਕੀ ਉਸ ਸਮੇਂ ਅਸੀਂ ਆਪਣੀ ਹੀ ਸੋਚ ਮੁਤਾਬਕ ਫ਼ੈਸਲਾ ਕਰਾਂਗੇ? ਇਨ੍ਹਾਂ ਸਮਿਆਂ ਤੇ ਚੰਗਾ ਹੋਵੇਗਾ ਜੇ ਅਸੀਂ ਯਹੋਵਾਹ ਤੋਂ ਮਦਦ ਮੰਗੀਏ। ਯਾਕੂਬ 1:5 ਵਿਚ ਲਿਖਿਆ ਹੈ: “ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ੁਰ ਕੋਲੋਂ ਮੰਗੇ ਜਿਹੜਾ ਸਭਨਾਂ ਨੂੰ ਖੁਲ੍ਹੇ ਦਿਲ ਨਾਲ . . . ਦਿੰਦਾ ਹੈ।” ਸਾਡਾ ਪਿਆਰਾ ਪਿਤਾ ਯਹੋਵਾਹ ਸਾਨੂੰ ਆਪਣੀ ਸ਼ਕਤੀ ਦੇਵੇਗਾ ਤਾਂਕਿ ਅਸੀਂ ਸਹੀ ਫ਼ੈਸਲੇ ਕਰ ਸਕੀਏ।​—⁠ਲੂਕਾ 11:​9, 13 ਪੜ੍ਹੋ।

ਵਫ਼ਾਦਾਰ ਰਹਿਣ ਦੀ ਠਾਣ ਲਓ

19, 20. ਸਾਨੂੰ ਕੀ ਕਰਨ ਦੀ ਠਾਣ ਲੈਣੀ ਚਾਹੀਦੀ ਹੈ?

19 ਜਦ ਸੁਲੇਮਾਨ ਰਾਜੇ ਨੇ ਯਹੋਵਾਹ ਦੀ ਭਗਤੀ ਕਰਨੀ ਛੱਡ ਦਿੱਤੀ ਸੀ, ਤਾਂ ਉਸ ਤੋਂ ਬਾਅਦ ਯਹੋਵਾਹ ਦੇ ਵਫ਼ਾਦਾਰ ਲੋਕਾਂ ਉੱਤੇ ਮੁਸ਼ਕਲ ਸਮੇਂ ਆਏ ਅਤੇ ਉਨ੍ਹਾਂ ਦੀ ਨਿਹਚਾ ਪਰਖੀ ਗਈ ਸੀ। ਇਹ ਸੱਚ ਹੈ ਕਿ ਕਈ ਯਹੋਵਾਹ ਦੇ ਵਫ਼ਾਦਾਰ ਨਹੀਂ ਰਹੇ, ਪਰ ਫਿਰ ਵੀ ਕਈਆਂ ਨੇ ਯਹੋਵਾਹ ਦਾ ਲੜ ਫੜੀ ਰੱਖਿਆ।

20 ਹਰ ਰੋਜ਼ ਸਾਨੂੰ ਅਜਿਹੇ ਫ਼ੈਸਲੇ ਕਰਨੇ ਪੈਂਦੇ ਹਨ ਜਿਨ੍ਹਾਂ ਰਾਹੀਂ ਸਾਡੀ ਨਿਹਚਾ ਪਰਖੀ ਜਾਂਦੀ ਹੈ। ਅਸੀਂ ਵੀ ਆਪਣੇ ਆਪ ਨੂੰ ਵਫ਼ਾਦਾਰ ਸਾਬਤ ਕਰ ਸਕਦੇ ਹਾਂ। ਆਓ ਆਪਾਂ ਯਹੋਵਾਹ ਦਾ ਲੜ ਫੜੀ ਰੱਖੀਏ ਅਤੇ ਪੂਰੇ ਦਿਲ ਨਾਲ ਉਸ ਦੀ ਸੇਵਾ ਕਰਦੇ ਰਹੀਏ। ਸਾਨੂੰ ਪੂਰਾ ਯਕੀਨ ਹੈ ਕਿ ਜੇ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਾਂਗੇ, ਤਾਂ ਉਹ ਸਾਡੀ ਝੋਲੀ ਬਰਕਤਾਂ ਨਾਲ ਭਰ ਦੇਵੇਗਾ।​—⁠2 ਸਮੂ. 22:⁠26.

[ਫੁਟਨੋਟ]

^ ਪੈਰਾ 10 ਬਾਈਬਲ ਇਹ ਨਹੀਂ ਦੱਸਦੀ ਕਿ ਯਹੋਵਾਹ ਨੇ ਬੁੱਢੇ ਨਬੀ ਨੂੰ ਸਜ਼ਾ ਦਿੱਤੀ ਸੀ ਕਿ ਨਹੀਂ।

ਤੁਸੀਂ ਕੀ ਜਵਾਬ ਦਿਓਗੇ?

• ਸਾਨੂੰ ਆਪਣੇ ਦਿਲ ਵਿੱਚੋਂ ਮਾਇਆ ਦੇ ਲੋਭ ਦੀ ਜੜ੍ਹ ਨੂੰ ਕਿਉਂ ਪੁੱਟ ਸੁੱਟਣਾ ਚਾਹੀਦਾ ਹੈ?

• ਅਸੀਂ ਯਹੋਵਾਹ ਦੇ ਵਫ਼ਾਦਾਰ ਕਿਵੇਂ ਰਹਿ ਸਕਦੇ ਹਾਂ?

• ਯਹੋਵਾਹ ਉੱਤੇ ਭਰੋਸਾ ਰੱਖਣ ਨਾਲ ਸਾਨੂੰ ਉਸ ਦੇ ਵਫ਼ਾਦਾਰ ਰਹਿਣ ਵਿਚ ਕਿਵੇਂ ਮਦਦ ਮਿਲੇਗੀ?

[ਸਵਾਲ]

[ਸਫ਼ਾ 9 ਉੱਤੇ ਤਸਵੀਰਾਂ]

ਕੀ ਤੁਹਾਡਾ ਦਿਲ ਤੁਹਾਨੂੰ ਗ਼ਲਤ ਪਾਸੇ ਖਿੱਚ ਲੈਂਦਾ ਹੈ?

[ਸਫ਼ਾ 10 ਉੱਤੇ ਤਸਵੀਰਾਂ]

ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਕੀ ਤੁਸੀਂ ਪ੍ਰਾਰਥਨਾ ਕਰੋਗੇ ਅਤੇ ਬਾਈਬਲ ਦੀ ਸਲਾਹ ਬਾਰੇ ਸੋਚੋਗੇ?