Skip to content

Skip to table of contents

ਮਿਸ਼ਨਰੀਆਂ ਦੀ ਤੁਲਨਾ ਟਿੱਡੀਆਂ ਨਾਲ ਕੀਤੀ ਗਈ

ਮਿਸ਼ਨਰੀਆਂ ਦੀ ਤੁਲਨਾ ਟਿੱਡੀਆਂ ਨਾਲ ਕੀਤੀ ਗਈ

124ਵੀਂ ਗਿਲੀਅਡ ਗ੍ਰੈਜੂਏਸ਼ਨ

ਮਿਸ਼ਨਰੀਆਂ ਦੀ ਤੁਲਨਾ ਟਿੱਡੀਆਂ ਨਾਲ ਕੀਤੀ ਗਈ

ਸਾਲ ਵਿਚ ਦੋ ਵਾਰ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦਾ ਗ੍ਰੈਜੂਏਸ਼ਨ ਪ੍ਰੋਗ੍ਰਾਮ ਲੱਗਦਾ ਹੈ ਜਿਸ ਵਿਚ ਅਮਰੀਕਾ ਦੇ ਬੈਥਲ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ। 124ਵੀਂ ਕਲਾਸ ਦੀ ਗ੍ਰੈਜੂਏਸ਼ਨ 8 ਮਾਰਚ 2008 ਦੇ ਦਿਨ ਹੋਈ ਸੀ ਜਿਸ ਵਿਚ 30 ਤੋਂ ਜ਼ਿਆਦਾ ਦੇਸ਼ਾਂ ਤੋਂ ਮਹਿਮਾਨ ਆਏ ਸਨ। ਉੱਥੇ 6,411 ਲੋਕ ਹਾਜ਼ਰ ਸਨ ਜੋ ਵਿਦਿਆਰਥੀਆਂ ਦੇ ਨਾਲ ਮਿਲ ਕੇ ਖ਼ੁਸ਼ ਹੋਏ।

ਪ੍ਰਬੰਧਕ ਸਭਾ ਦਾ ਮੈਂਬਰ ਭਰਾ ਸਟੀਵਨ ਲੈੱਟ ਪ੍ਰੋਗ੍ਰਾਮ ਦਾ ਚੇਅਰਮੈਨ ਸੀ। ਉਸ ਨੇ ਸਭ ਤੋਂ ਪਹਿਲਾ ਭਾਸ਼ਣ ਦਿੱਤਾ ਜਿਸ ਦਾ ਵਿਸ਼ਾ ਸੀ: “ਯਹੋਵਾਹ ਦੀਆਂ ਟਿੱਡੀਆਂ ਨਾਲ ਅੱਗੇ ਵਧੋ।” ਪਰਕਾਸ਼ ਦੀ ਪੋਥੀ 9:​1-4 ਵਿਚ ਉਨ੍ਹਾਂ ਮਸਹ ਕੀਤੇ ਹੋਏ ਭੈਣਾਂ-ਭਰਾਵਾਂ ਦੀ ਤੁਲਨਾ ਟਿੱਡੀਆਂ ਦੇ ਦਲ ਨਾਲ ਕੀਤੀ ਗਈ ਹੈ ਜੋ 1919 ਵਿਚ ਫਿਰ ਤੋਂ ਜ਼ੋਰਾਂ-ਸ਼ੋਰਾਂ ਨਾਲ ਯਹੋਵਾਹ ਦੀ ਸੇਵਾ ਕਰਨ ਲੱਗ ਪਏ ਸਨ। ਵਿਦਿਆਰਥੀਆਂ ਨੂੰ ਚੇਤੇ ਕਰਾਇਆ ਗਿਆ ਕਿ ਉਹ ‘ਹੋਰ ਭੇਡਾਂ’ ਵਜੋਂ ਟਿੱਡੀਆਂ ਦੇ ਦਲ ਦਾ ਸਾਥ ਦੇ ਰਹੇ ਹਨ।​—⁠ਯੂਹੰ. 10:⁠16.

ਅਮਰੀਕਾ ਦੀ ਬ੍ਰਾਂਚ ਕਮੇਟੀ ਦੇ ਮੈਂਬਰ ਭਰਾ ਲੌਨ ਸ਼ਿਲਿੰਗ ਨੇ ਅਗਲਾ ਭਾਸ਼ਣ ਦਿੱਤਾ ਜਿਸ ਦਾ ਵਿਸ਼ਾ ਸੀ: “ਇਕ-ਦੂਜੇ ਦਾ ਸਾਥ ਨਿਭਾਓ।” ਇਹ ਭਾਸ਼ਣ ਪਹਿਲੀ ਸਦੀ ਦੇ ਵਿਆਹੁਤਾ ਜੋੜੇ ਅਕੂਲਾ ਅਤੇ ਪ੍ਰਿਸਕਿੱਲਾ (ਪਰਿਸਕਾ) ਦੀ ਮਿਸਾਲ ਉੱਤੇ ਆਧਾਰਿਤ ਸੀ। (ਰੋਮੀ. 16:​3, 4) ਇਸ ਕਲਾਸ ਦੇ 28 ਜੋੜਿਆਂ ਨੂੰ ਯਾਦ ਦਿਲਾਇਆ ਗਿਆ ਸੀ ਕਿ ਜੇ ਉਨ੍ਹਾਂ ਨੇ ਮਿਸ਼ਨਰੀਆਂ ਵਜੋਂ ਕਾਮਯਾਬ ਹੋਣਾ ਹੈ, ਤਾਂ ਉਨ੍ਹਾਂ ਨੂੰ ਆਪਣੇ ਆਪਸੀ ਰਿਸ਼ਤੇ ਨੂੰ ਮਜ਼ਬੂਤ ਰੱਖਣ ਦੀ ਲੋੜ ਹੈ। ਬਾਈਬਲ ਵਿਚ ਅਕੂਲਾ ਦਾ ਜ਼ਿਕਰ ਹਮੇਸ਼ਾ ਉਸ ਦੀ ਪਤਨੀ ਪ੍ਰਿਸਕਿੱਲਾ ਨਾਲ ਕੀਤਾ ਜਾਂਦਾ ਹੈ। ਉਹ ਪੌਲੁਸ ਰਸੂਲ ਅਤੇ ਕਲੀਸਿਯਾ ਦੀ ਨਜ਼ਰ ਵਿਚ ਇਕ ਸਨ। ਇਸੇ ਤਰ੍ਹਾਂ ਮਿਸ਼ਨਰੀ ਜੋੜਿਆਂ ਨੂੰ ਇਕ-ਦੂਜੇ ਦਾ ਸਾਥ ਦੇ ਕੇ ਇਕੱਠਿਆਂ ਕੰਮ ਕਰਨਾ ਚਾਹੀਦਾ ਹੈ, ਇਕੱਠਿਆਂ ਭਗਤੀ ਕਰਨੀ ਚਾਹੀਦੀ ਹੈ ਅਤੇ ਇਕੱਠਿਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਚਾਹੀਦਾ ਹੈ।​—⁠ਉਤ. 2:⁠18.

ਪ੍ਰਬੰਧਕ ਸਭਾ ਦੇ ਮੈਂਬਰ ਭਰਾ ਗਾਈ ਪੀਅਰਸ ਨੇ “ਯਹੋਵਾਹ ਵਾਂਗ ਭਲਾਈ ਕਰੋ” ਵਿਸ਼ੇ ਉੱਤੇ ਅਗਲਾ ਭਾਸ਼ਣ ਦਿੱਤਾ। ਉਸ ਨੇ ਦੱਸਿਆ ਕਿ ਭਲਾਈ ਕਰਨ ਦਾ ਮਤਲਬ ਸਿਰਫ਼ ਇਹ ਨਹੀਂ ਕਿ ਅਸੀਂ ਬੁਰਾਈ ਨਾ ਕਰੀਏ। ਇਕ ਚੰਗਾ ਇਨਸਾਨ ਦੂਜਿਆਂ ਦੇ ਫ਼ਾਇਦੇ ਲਈ ਕੁਝ ਕਰਦਾ ਹੈ। ਯਹੋਵਾਹ ਪਰਮੇਸ਼ੁਰ ਨੇ ਭਲਾਈ ਦੀ ਸਭ ਤੋਂ ਉੱਤਮ ਮਿਸਾਲ ਕਾਇਮ ਕੀਤੀ ਹੈ। (ਜ਼ਕ. 9:​16, 17) ਯਹੋਵਾਹ ਦੀ ਮਿਸਾਲ ਉੱਤੇ ਚੱਲ ਕੇ ਅਸੀਂ ਵੀ ਦੂਸਰਿਆਂ ਦੀ ਭਲਾਈ ਕਰਾਂਗੇ ਅਤੇ ਉਨ੍ਹਾਂ ਨਾਲ ਪਿਆਰ ਕਰਾਂਗੇ। ਭਰਾ ਪੀਅਰਸ ਨੇ ਵਿਦਿਆਰਥੀਆਂ ਨੂੰ ਸ਼ਾਬਾਸ਼ੀ ਦਿੰਦੇ ਹੋਏ ਕਿਹਾ: “ਤੁਸੀਂ ਹੁਣ ਤਕ ਭਲਾਈ ਕਰਦੇ ਆਏ ਹੋ। ਸਾਨੂੰ ਯਕੀਨ ਹੈ ਕਿ ਪਰਮੇਸ਼ੁਰ ਤੁਹਾਨੂੰ ਜੋ ਵੀ ਕੰਮ ਸੌਂਪੇਗਾ, ਤੁਸੀਂ ਉਸ ਦੀ ਰੀਸ ਕਰਦਿਆਂ ਭਲਾਈ ਕਰਦੇ ਰਹੋਗੇ।”

ਅਗਲਾ ਭਾਸ਼ਣ ਭਰਾ ਮਾਈਕਲ ਬਰਨੇਟ ਨੇ ਦਿੱਤਾ ਜੋ ਪਹਿਲਾਂ ਮਿਸ਼ਨਰੀ ਹੁੰਦਾ ਸੀ, ਪਰ ਹੁਣ ਗਿਲਿਅਡ ਦਾ ਨਵਾਂ ਇੰਸਟ੍ਰਕਟਰ ਹੈ। ਉਸ ਦੇ ਭਾਸ਼ਣ ਦਾ ਵਿਸ਼ਾ ਸੀ: “ਇਸ ਨੂੰ ਤਵੀਤ ਜਿਹਾ ਬਣਾ ਕੇ ਆਪਣੀਆਂ ਅੱਖਾਂ ਦੇ ਸਾਮ੍ਹਣੇ ਰੱਖੋ।” ਇਸਰਾਏਲੀਆਂ ਨੂੰ ਕਿਹਾ ਗਿਆ ਸੀ ਕਿ ਉਹ ‘ਆਪਣੇ ਨੇਤ੍ਰਾਂ ਦੇ ਵਿਚਕਾਰ ਇੱਕ ਤਵੀਤ ਜਿਹਾ’ ਬਣਾ ਕੇ ਰੱਖਣ। ਇਸ ਦਾ ਕੀ ਮਤਲਬ ਸੀ? ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਸੀ ਕਿ ਯਹੋਵਾਹ ਨੇ ਉਨ੍ਹਾਂ ਨੂੰ ਚਮਤਕਾਰੀ ਢੰਗ ਨਾਲ ਮਿਸਰ ਵਿੱਚੋਂ ਕਿਵੇਂ ਬਚਾਇਆ ਸੀ। (ਕੂਚ 13:16) ਗਿਲਿਅਡ ਸਕੂਲ ਦੇ ਵਿਦਿਆਰਥੀਆਂ ਨੂੰ ਕਿਹਾ ਗਿਆ ਸੀ ਕਿ ਉਹ ਵੀ ਕਲਾਸ ਵਿਚ ਮਿਲੀ ਸਾਰੀ ਸਿੱਖਿਆ ਨੂੰ ਆਪਣੀਆਂ ਅੱਖਾਂ ਦੇ ਸਾਮ੍ਹਣੇ ਰੱਖਣ। ਭਰਾ ਬਰਨੇਟ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਜਦ ਉਨ੍ਹਾਂ ਨੂੰ ਆਪਣੇ ਸਾਥੀ ਮਿਸ਼ਨਰੀਆਂ ਅਤੇ ਹੋਰਨਾਂ ਨਾਲ ਸੁਲ੍ਹਾ ਕਰਨ ਦੀ ਲੋੜ ਪਈ, ਤਾਂ ਉਨ੍ਹਾਂ ਨੂੰ ਬਾਈਬਲ ਦੇ ਅਸੂਲਾਂ ‘ਤੇ ਚੱਲਣਾ ਅਤੇ ਨਿਮਰ ਬਣਨਾ ਚਾਹੀਦਾ ਹੈ।​—⁠ਮੱਤੀ 5:​23, 24.

ਗਿਲਿਅਡ ਦੇ ਪੁਰਾਣੇ ਇੰਸਟ੍ਰਕਟਰ ਭਰਾ ਮਾਰਕ ਨੂਮੇਰ ਦੇ ਭਾਸ਼ਣ ਦਾ ਵਿਸ਼ਾ ਸੀ: “ਤੁਹਾਡੇ ਬਾਰੇ ਕਿਹੜਾ ਗੀਤ ਗਾਇਆ ਜਾਵੇਗਾ?” ਪੁਰਾਣਿਆਂ ਜ਼ਮਾਨਿਆਂ ਵਿਚ ਜੰਗ ਦੀ ਜਿੱਤ ਦੀ ਖ਼ੁਸ਼ੀ ਵਿਚ ਗੀਤ ਗਾਏ ਜਾਂਦੇ ਸਨ। ਇਕ ਗੀਤ ਵਿਚ ਰਊਬੇਨ, ਦਾਨ ਅਤੇ ਆਸ਼ੇਰ ਦੇ ਗੋਤਾਂ ਦੀਆਂ ਕਰਤੂਤਾਂ ਦਾ ਐਲਾਨ ਕੀਤਾ ਗਿਆ ਕਿਉਂਕਿ ਉਹ ਦੂਜਿਆਂ ਲਈ ਕੁਝ ਕਰਨ ਲਈ ਤਿਆਰ ਨਹੀਂ ਸਨ। ਪਰ ਜ਼ਬੂਲੁਨ ਦੇ ਗੋਤ ਦੀ ਤਾਰੀਫ਼ ਕੀਤੀ ਗਈ ਕਿਉਂਕਿ ਉਹ ਦੂਜਿਆਂ ਦੀ ਮਦਦ ਕਰਨ ਲਈ ਅੱਗੇ ਵਧਿਆ। (ਨਿਆ. 5:​16-18) ਜਿਵੇਂ ਇਕ ਗੀਤ ਦੇ ਲਫ਼ਜ਼ ਮੂੰਹ ਚੜ੍ਹ ਜਾਣ ਕਰਕੇ ਸਾਰੇ ਉਸ ਨੂੰ ਗਾਉਣ ਲੱਗ ਪੈਂਦੇ ਹਨ, ਉਸੇ ਤਰ੍ਹਾਂ ਸਾਡੇ ਕੰਮਾਂ ਦੀ ਚਰਚਾ ਸਾਰਿਆਂ ਵਿਚ ਹੋਣ ਲੱਗ ਪੈਂਦੀ ਹੈ। ਜੇ ਅਸੀਂ ਜੋਸ਼ ਨਾਲ ਪਰਮੇਸ਼ੁਰ ਦੀ ਸੇਵਾ ਕਰਾਂਗੇ ਅਤੇ ਉਸ ਦੇ ਸੰਗਠਨ ਦੇ ਕਹਿਣੇ ਵਿਚ ਰਹਾਂਗੇ, ਤਾਂ ਅਸੀਂ ਭੈਣਾਂ-ਭਰਾਵਾਂ ਲਈ ਚੰਗੀ ਮਿਸਾਲ ਬਣਨ ਤੋਂ ਇਲਾਵਾ ਯਹੋਵਾਹ ਨੂੰ ਵੀ ਖ਼ੁਸ਼ ਕਰਾਂਗੇ। ਸਾਡੀਆਂ ਕਰਨੀਆਂ ਦਾ ਗੀਤ ਸੁਣ ਕੇ ਦੂਜੇ ਵੀ ਸਾਡੀ ਮਿਸਾਲ ‘ਤੇ ਚੱਲਣਾ ਚਾਹੁਣਗੇ।

ਗਿਲਿਅਡ ਦੀ ਸਿਖਲਾਈ ਲੈਂਦੇ ਹੋਏ 124ਵੀਂ ਕਲਾਸ ਦੇ ਵਿਦਿਆਰਥੀਆਂ ਨੇ ਪ੍ਰਚਾਰ ਦੇ ਕੰਮ ਵਿਚ ਲਗਭਗ 3,000 ਘੰਟੇ ਲਾਏ। ਪੈਟਰਸਨ ਤੋਂ ਇਕ ਇੰਸਟ੍ਰਕਟਰ ਭਰਾ ਸੈਮ ਰੋਬਰਸਨ ਨੇ “ਪਰਮੇਸ਼ੁਰ ਦੀ ਅਗਵਾਈ ਅਧੀਨ ਚੱਲੋ” ਵਿਸ਼ੇ ‘ਤੇ ਭਾਸ਼ਣ ਦਿੱਤਾ ਜਿਸ ਦੌਰਾਨ ਵਿਦਿਆਰਥੀਆਂ ਨੇ ਪ੍ਰਦਰਸ਼ਨਾਂ ਅਤੇ ਇੰਟਰਵਿਊਆਂ ਦੇ ਜ਼ਰੀਏ ਆਪਣੇ ਉਹ ਤਜਰਬੇ ਦੱਸੇ ਜੋ ਉਨ੍ਹਾਂ ਨੂੰ ਪ੍ਰਚਾਰ ਕਰਦਿਆਂ ਮਿਲੇ ਸਨ। ਇਸ ਤੋਂ ਬਾਅਦ ਅਮਰੀਕਾ ਦੀ ਬ੍ਰਾਂਚ ਕਮੇਟੀ ਦੇ ਮੈਂਬਰ ਭਰਾ ਪੈਟਰਿਕ ਲਾਫ਼ਰਾਂਕਾ ਨੇ ਉਨ੍ਹਾਂ ਮਿਸ਼ਨਰੀਆਂ ਦੀ ਇੰਟਰਵਿਊ ਲਈ ਜੋ ਪਹਿਲਾਂ ਗਿਲਿਅਡ ਤੋਂ ਗ੍ਰੈਜੂਏਟ ਹੋ ਚੁੱਕੇ ਸਨ ਅਤੇ ਹੁਣ ਹੋਰਨਾਂ ਦੇਸ਼ਾਂ ਵਿਚ ਸੇਵਾ ਕਰ ਰਹੇ ਹਨ। ਵਿਦਿਆਰਥੀਆਂ ਨੂੰ ਇਨ੍ਹਾਂ ਤਜਰਬੇਕਾਰ ਭਰਾਵਾਂ ਦੀ ਸਲਾਹ ਤੋਂ ਬਹੁਤ ਲਾਭ ਹੋਇਆ।

ਪ੍ਰਬੰਧਕ ਸਭਾ ਦੇ ਮੈਂਬਰ ਭਰਾ ਐਂਟਨੀ ਮੌਰਿਸ ਨੇ ਆਖ਼ਰੀ ਭਾਸ਼ਣ ਦਿੱਤਾ ਜਿਸ ਦਾ ਵਿਸ਼ਾ ਸੀ: “ਨਾ ਭੁੱਲੋ ਕਿ ਦਿੱਸਣ ਵਾਲੀਆਂ ਚੀਜ਼ਾਂ ਥੋੜ੍ਹੇ ਚਿਰ ਲਈ ਹਨ।” ਬਾਈਬਲ ਤੋਂ ਸਾਨੂੰ ਸਲਾਹ ਮਿਲਦੀ ਹੈ ਕਿ ਅਸੀਂ ਹੁਣ ਦੇ ਦੁੱਖਾਂ ਬਾਰੇ ਨਾ ਸੋਚਦੇ ਰਹੀਏ, ਸਗੋਂ ਆਉਣ ਵਾਲੀਆਂ ਬਰਕਤਾਂ ਬਾਰੇ ਸੋਚੀਏ। (2 ਕੁਰਿੰ. 4:​16-18) ਅੱਜ ਸਾਰਿਆਂ ਨੂੰ ਗ਼ਰੀਬੀ, ਬੇਇਨਸਾਫ਼ੀ, ਜ਼ੁਲਮ, ਬੀਮਾਰੀਆਂ ਅਤੇ ਮੌਤ ਦੇਖਣ ਨੂੰ ਮਿਲਦੀ ਹੈ। ਮਿਸ਼ਨਰੀਆਂ ਨੂੰ ਆਪਣੀ ਸੇਵਾ ਦੌਰਾਨ ਸ਼ਾਇਦ ਅਜਿਹੀਆਂ ਦਰਦਨਾਕ ਚੀਜ਼ਾਂ ਦਾ ਸਾਮ੍ਹਣਾ ਕਰਨਾ ਪਵੇ। ਪਰ ਜੇ ਅਸੀਂ ਯਾਦ ਰੱਖਾਂਗੇ ਕਿ ਦਿੱਸਣ ਵਾਲੀਆਂ ਇਹ ਚੀਜ਼ਾਂ ਥੋੜ੍ਹੇ ਚਿਰ ਲਈ ਹਨ, ਤਾਂ ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਰਹਾਂਗੇ ਅਤੇ ਆਸ ਨਹੀਂ ਛੱਡਾਂਗੇ।

ਪ੍ਰੋਗ੍ਰਾਮ ਦੀ ਸਮਾਪਤੀ ਵਿਚ ਸਾਰੇ ਗ੍ਰੈਜੂਏਟਾਂ ਨੇ ਸਟੇਜ ਤੇ ਬੈਠ ਕੇ ਭਰਾ ਲੈੱਟ ਦੀਆਂ ਗੱਲਾਂ ਸੁਣੀਆਂ। ਉਸ ਨੇ ਉਨ੍ਹਾਂ ਨੂੰ ਸੇਵਕਾਈ ਵਿਚ ਲੱਗੇ ਰਹਿਣ ਦਾ ਹੌਸਲਾ ਦਿੰਦੇ ਹੋਏ ਕਿਹਾ: “ਜੇ ਯਹੋਵਾਹ ਸਾਡੇ ਨਾਲ ਹੈ, ਤਾਂ ਅਸੀਂ ਵਫ਼ਾਦਾਰ ਰਹਾਂਗੇ।” ਉਸ ਨੇ ਨਵੇਂ ਮਿਸ਼ਨਰੀਆਂ ਨੂੰ ਕਿਹਾ ਕਿ ਉਹ ਟਿੱਡੀਆਂ ਵਾਂਗ ਯਹੋਵਾਹ ਦੀ ਸੇਵਾ ਵਿਚ ਜੋਸ਼ ਅਤੇ ਵਫ਼ਾਦਾਰੀ ਨਾਲ ਲੱਗੇ ਰਹਿਣ ਅਤੇ ਹਮੇਸ਼ਾ ਉਸ ਦੇ ਕਹਿਣੇ ਵਿਚ ਰਹਿਣ।

[ਸਫ਼ਾ 30 ਉੱਤੇ ਡੱਬੀ]

ਕਲਾਸ ਦੇ ਅੰਕੜੇ

ਜਿੰਨੇ ਦੇਸ਼ਾਂ ਤੋਂ ਆਏ: 7

ਜਿੰਨੇ ਦੇਸ਼ਾਂ ਵਿਚ ਭੇਜੇ ਗਏ: 16

ਵਿਦਿਆਰਥੀਆਂ ਦੀ ਗਿਣਤੀ: 56

ਔਸਤਨ ਉਮਰ: 33.8

ਸੱਚਾਈ ਵਿਚ ਔਸਤਨ ਸਾਲ: 18.2

ਫੁਲ-ਟਾਈਮ ਸੇਵਾ ਵਿਚ ਔਸਤਨ ਸਾਲ: 13.8

[ਸਫ਼ਾ 31 ਉੱਤੇ ਤਸਵੀਰ]

ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਗ੍ਰੈਜੂਏਟ ਹੋਈ 124ਵੀਂ ਕਲਾਸ

ਥੱਲੇ ਦਿੱਤੀ ਗਈ ਸੂਚੀ ਵਿਚ ਭੈਣਾਂ-ਭਰਾਵਾਂ ਦੇ ਨਾਂ ਅਗਲੀ ਲਾਈਨ ਤੋਂ ਪਿੱਛੇ ਵੱਲ ਅਤੇ ਹਰ ਲਾਈਨ ਵਿਚ ਖੱਬਿਓਂ ਸੱਜੇ ਦਿੱਤੇ ਗਏ ਹਨ।

(1) ਨਿਕਲਸਨ, ਟੀ.; ਮੇਨ, ਏਚ.; ਸੈਂਗ, ਵਾਈ.; ਸਨੇਪ, ਐੱਲ.; ਵਨੈਗਸ, ਸੀ.; ਪੋ, ਐੱਲ. (2) ਸੈਨਟੈਨਾ, ਐੱਸ.; ਓ, ਕੇ.; ਲਮੇਟ੍ਰ, ਸੀ.; ਵਿਲੀਅਮਜ਼, ਐੱਨ.; ਐਲੇਗਜ਼ੈਂਡਰ, ਐੱਲ. (3) ਵੁੱਡਸ, ਬੀ.; ਸਟੇਂਟਨ, ਐੱਲ.; ਹੰਟਲੀ, ਈ.; ਅਲਵਰੇਜ਼, ਜੀ.; ਕ੍ਰੂਜ਼, ਜੇ.; ਬੈਨੱਟ, ਜੇ. (4) ਵਿਲੀਅਮਸਨ, ਏ.; ਗਨਜ਼ਾਲੇਜ਼, ਐੱਨ.; ਜ਼ੂਰੌਸਕੀ, ਜੇ.; ਡਹਾਂਟ ਆਈ.; ਮੇ, ਜੇ.; ਡੀਏਮੀ, ਸੀ.; ਟੈਵਨਰ, ਐੱਲ. (5) ਲਮੇਟ੍ਰ, ਡੱਬਲਯੂ.; ਹੈਰਿਸ, ਏ.; ਵੈੱਲਜ਼, ਸੀ.; ਰੌਜ੍ਰਜ਼, ਐੱਸ.; ਡੁਰੈਂਟ, ਮ.; ਸੈਂਗ, ਜੇ. (6) ਹੰਟਲੀ, ਟੀ.; ਵਨੈਗਸ, ਏ.; ਪੋ, ਏ.; ਸੈਨਟੈਨਾ, ਐੱਮ.; ਬੈਨੱਟ, ਵੀ.; ਟੈਵਨਰ, ਡੀ.; ਓ, ਐੱਮ. (7) ਜ਼ੂਰੌਸਕੀ, ਐੱਮ.; ਰੌਜ੍ਰਜ਼, ਜੀ.; ਡੀਏਮੀ, ਡੀ.; ਨਿਕਲਸਨ, ਐੱਲ.; ਅਲਵਰੇਜ਼, ਸੀ.; ਸਨੇਪ, ਜੇ. (8) ਹੈਰਿਸ, ਐੱਮ.; ਗਨਜ਼ਾਲੇਜ਼, ਪੀ.; ਮੇਨ, ਐੱਸ.; ਵੁੱਡਸ, ਐੱਸ.; ਸਟੇਂਟਨ, ਬੀ.; ਵਿਲੀਅਮਸਨ, ਡੀ.; ਡੁਰੈਂਟ, ਜੇ. (9) ਕ੍ਰੂਜ਼, ਪੀ.; ਡਹਾਂਟ, ਬੀ.; ਵਿਲੀਅਮਜ਼, ਡੀ.; ਵੈੱਲਜ਼, ਐੱਸ.; ਐਲੇਗਜ਼ੈਂਡਰ, ਡੀ.; ਮੇ, ਐੱਮ.

[ਸਫ਼ਾ 32 ਉੱਤੇ ਤਸਵੀਰ]

ਗਿਲਿਅਡ ਸਕੂਲ ਵਾਚਟਾਵਰ ਸਿੱਖਿਆ ਕੇਂਦਰ ਵਿਚ ਲੱਗਦਾ ਹੈ