Skip to content

Skip to table of contents

ਯਹੋਵਾਹ ਆਪਣੇ ਸਿਆਣੇ ਸੇਵਕਾਂ ਨੂੰ ਬੇਹੱਦ ਪਿਆਰ ਕਰਦਾ ਹੈ

ਯਹੋਵਾਹ ਆਪਣੇ ਸਿਆਣੇ ਸੇਵਕਾਂ ਨੂੰ ਬੇਹੱਦ ਪਿਆਰ ਕਰਦਾ ਹੈ

ਯਹੋਵਾਹ ਆਪਣੇ ਸਿਆਣੇ ਸੇਵਕਾਂ ਨੂੰ ਬੇਹੱਦ ਪਿਆਰ ਕਰਦਾ ਹੈ

“ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ।”​—⁠ਇਬ. 6:⁠10.

1, 2. (ੳ) ਧੌਲੇ ਸਿਰ ਵਾਲੇ ਭੈਣਾਂ-ਭਰਾਵਾਂ ਨੂੰ ਦੇਖ ਕੇ ਤੁਹਾਨੂੰ ਸ਼ਾਇਦ ਕੀ ਯਾਦ ਆਵੇ? (ਅ) ਯਹੋਵਾਹ ਸਿਆਣੇ ਭੈਣਾਂ-ਭਰਾਵਾਂ ਬਾਰੇ ਕੀ ਸੋਚਦਾ ਹੈ?

ਜਦ ਕਲੀਸਿਯਾ ਵਿਚ ਤੁਹਾਨੂੰ ਧੌਲੇ ਸਿਰ ਵਾਲੇ ਭੈਣ-ਭਰਾ ਨਜ਼ਰ ਆਉਂਦੇ ਹਨ‚ ਤਾਂ ਕੀ ਤੁਹਾਨੂੰ ਦਾਨੀਏਲ ਦੀ ਪੋਥੀ ਦਾ ਉਹ ਬਿਰਤਾਂਤ ਯਾਦ ਆਉਂਦਾ ਹੈ ਜਿਸ ਵਿਚ ਯਹੋਵਾਹ ਪਰਮੇਸ਼ੁਰ ਨੇ ਦਾਨੀਏਲ ਨੂੰ ਆਪਣਾ ਦਰਸ਼ਣ ਦਿੱਤਾ? ਉਸ ਬਿਰਤਾਂਤ ਵਿਚ ਯਹੋਵਾਹ ਦਾ ਧੌਲਾ ਸਿਰ ਸੀ। ਦਾਨੀਏਲ ਨੇ ਲਿਖਿਆ: “ਮੈਂ ਐਥੋਂ ਤੀਕ ਵੇਖਦਾ ਰਿਹਾ ਕਿ ਸਿੰਘਾਸਣ ਰੱਖੇ ਗਏ, ਅਤੇ ਅੱਤ ਪਰਾਚੀਨ ਬੈਠ ਗਿਆ। ਉਹ ਦਾ ਬਸਤ੍ਰ ਬਰਫ਼ ਵਰਗਾ ਚਿੱਟਾ ਸੀ, ਅਤੇ ਉਹ ਦੇ ਸਿਰ ਦੇ ਵਾਲ ਉੱਨ ਵਾਂਗਰ ਸੁਥਰੇ।”​—⁠ਦਾਨੀ. 7:⁠9.

2 ਆਮ ਕਰਕੇ ਉੱਨ ਦਾ ਕੁਦਰਤੀ ਰੰਗ ਚਿੱਟਾ ਹੁੰਦਾ ਹੈ। ਜਦ ਅਸੀਂ “ਅੱਤ ਪਰਾਚੀਨ” ਦੇ ਉੱਨ ਵਰਗੇ ਵਾਲਾਂ ਬਾਰੇ ਪੜ੍ਹਦੇ ਹਾਂ, ਤਾਂ ਕੀ ਸਾਨੂੰ ਯਹੋਵਾਹ ਦੀ ਵੱਡੀ ਉਮਰ ਅਤੇ ਬੁੱਧ ਯਾਦ ਨਹੀਂ ਆਉਂਦੀ? ਇਨ੍ਹਾਂ ਕਾਰਨ ਸਾਨੂੰ ਉਸ ਦਾ ਆਦਰ-ਸਤਿਕਾਰ ਕਰਨ ਦੀ ਲੋੜ ਹੈ। ਤਾਂ ਫਿਰ ਯਹੋਵਾਹ ਸਿਆਣੇ ਭੈਣਾਂ-ਭਰਾਵਾਂ ਬਾਰੇ ਕੀ ਸੋਚਦਾ ਹੈ ਜਿਨ੍ਹਾਂ ਨੇ ਲੰਮੇ ਸਮੇਂ ਤੋਂ ਵਫ਼ਾਦਾਰੀ ਨਾਲ ਉਸ ਦੀ ਸੇਵਾ ਕੀਤੀ ਹੈ? ਪਰਮੇਸ਼ੁਰ ਦਾ ਬਚਨ ਕਹਿੰਦਾ ਹੈ ਕਿ “ਧੌਲਾ ਸਿਰ ਸਜਾਵਟ ਦਾ ਮੁਕਟ ਹੈ, ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ।” (ਕਹਾ. 16:31) ਜੀ ਹਾਂ, ਧੌਲੇ ਸਿਰ ਵਾਲੇ ਭੈਣ-ਭਰਾ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹਨ। ਕੀ ਤੁਸੀਂ ਵੀ ਉਨ੍ਹਾਂ ਨੂੰ ਇਸੇ ਤਰ੍ਹਾਂ ਵਿਚਾਰਦੇ ਹੋ?

ਉਹ ਇੰਨੇ ਅਨਮੋਲ ਕਿਉਂ ਹਨ?

3. ਧੌਲੇ ਸਿਰ ਵਾਲੇ ਭੈਣ-ਭਰਾ ਸਾਡੇ ਲਈ ਇੰਨੇ ਅਨਮੋਲ ਕਿਉਂ ਹਨ?

3 ਧੌਲੇ ਸਿਰ ਵਾਲੇ ਭੈਣਾਂ-ਭਰਾਵਾਂ ਵਿਚ ਪ੍ਰਬੰਧਕ ਸਭਾ ਦੇ ਮੈਂਬਰ, ਸਫ਼ਰੀ ਨਿਗਾਹਬਾਨ (ਜੋ ਅਜੇ ਸੇਵਾ ਕਰ ਰਹੇ ਹਨ ਜਾਂ ਜੋ ਕਰਦੇ ਹੁੰਦੇ ਸਨ), ਪਾਇਨੀਅਰ ਅਤੇ ਹੋਰ ਕਈ ਵੱਡੀ ਉਮਰ ਦੇ ਭੈਣ-ਭਰਾ ਹਨ ਜੋ ਵਫ਼ਾਦਾਰੀ ਨਾਲ ਕਲੀਸਿਯਾਵਾਂ ਵਿਚ ਸੇਵਾ ਕਰ ਰਹੇ ਹਨ। ਤੁਸੀਂ ਸ਼ਾਇਦ ਉਨ੍ਹਾਂ ਭੈਣਾਂ-ਭਰਾਵਾਂ ਨੂੰ ਜਾਣਦੇ ਹੋ ਜਿਨ੍ਹਾਂ ਨੇ ਸਾਲਾਂ ਬੱਧੀ ਜੋਸ਼ ਨਾਲ ਪ੍ਰਚਾਰ ਕੀਤਾ ਹੈ ਅਤੇ ਜਿਨ੍ਹਾਂ ਦੀ ਵਧੀਆ ਮਿਸਾਲ ਨੇ ਨੌਜਵਾਨਾਂ ਉੱਤੇ ਚੰਗਾ ਅਸਰ ਪਾਇਆ ਹੈ। ਕੁਝ ਸਿਆਣੇ ਭੈਣਾਂ-ਭਰਾਵਾਂ ਨੇ ਯਹੋਵਾਹ ਦੀ ਸੇਵਾ ਵਿਚ ਭਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਅਤੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ ਹੈ। ਯਹੋਵਾਹ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਉਨ੍ਹਾਂ ਦੀ ਮਿਹਨਤ ਦੀ ਦਿਲੋਂ ਕਦਰ ਕਰਦੇ ਹਨ।​—⁠ਮੱਤੀ 24:⁠45.

4. ਸਾਨੂੰ ਸਿਆਣੇ ਭੈਣਾਂ-ਭਰਾਵਾਂ ਦਾ ਆਦਰ ਕਿਉਂ ਕਰਨਾ ਚਾਹੀਦਾ ਹੈ ਤੇ ਆਪਣੀਆਂ ਪ੍ਰਾਰਥਨਾਵਾਂ ਵਿਚ ਉਨ੍ਹਾਂ ਦਾ ਜ਼ਿਕਰ ਕਿਉਂ ਕਰਨਾ ਚਾਹੀਦਾ ਹੈ?

4 ਅਜਿਹੇ ਅਨਮੋਲ ਭੈਣ-ਭਰਾ ਵਾਕਈ ਸਾਡੇ ਆਦਰ-ਸਤਿਕਾਰ ਦੇ ਲਾਇਕ ਹਨ। ਮੂਸਾ ਦੀ ਬਿਵਸਥਾ ਵਿਚ ਕਿਹਾ ਗਿਆ ਸੀ ਕਿ ਯਹੋਵਾਹ ਤੋਂ ਡਰਨ ਵਾਲਾ ਇਨਸਾਨ ਬੁੱਢਿਆਂ ਦਾ ਆਦਰ ਕਰੇਗਾ। (ਲੇਵੀ. 19:32) ਸਾਨੂੰ ਆਪਣੀਆਂ ਪ੍ਰਾਰਥਨਾਵਾਂ ਵਿਚ ਅਕਸਰ ਇਨ੍ਹਾਂ ਵਫ਼ਾਦਾਰ ਭੈਣਾਂ-ਭਰਾਵਾਂ ਦਾ ਅਤੇ ਇਨ੍ਹਾਂ ਦੀ ਮਿਹਨਤ ਦਾ ਜ਼ਿਕਰ ਕਰਨਾ ਚਾਹੀਦਾ ਹੈ ਜਿਵੇਂ ਪੌਲੁਸ ਰਸੂਲ ਆਪਣੇ ਸਾਰੇ ਭੈਣ-ਭਰਾਵਾਂ ਲਈ ਦੁਆ ਕਰਦਾ ਹੁੰਦਾ ਸੀ।​1 ਥੱਸਲੁਨੀਕੀਆਂ 1:​2, 3 ਪੜ੍ਹੋ।

5. ਅਸੀਂ ਵਫ਼ਾਦਾਰ ਭੈਣਾਂ-ਭਰਾਵਾਂ ਦੀ ਸੰਗਤ ਤੋਂ ਲਾਭ ਕਿਵੇਂ ਹਾਸਲ ਕਰ ਸਕਦੇ ਹਾਂ?

5 ਕਲੀਸਿਯਾ ਵਿਚ ਅਸੀਂ ਸਾਰੇ ਜਣੇ ਇਨ੍ਹਾਂ ਵਫ਼ਾਦਾਰ ਭੈਣਾਂ-ਭਰਾਵਾਂ ਦੀ ਸੰਗਤ ਤੋਂ ਲਾਭ ਹਾਸਲ ਕਰ ਸਕਦੇ ਹਾਂ। ਇਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਕੁਝ ਦੇਖਿਆ ਤੇ ਸਿੱਖਿਆ ਹੈ। ਸਾਲਾਂ ਦੌਰਾਨ ਆਪਣੇ ਤਜਰਬਿਆਂ ਅਤੇ ਸਟੱਡੀ ਤੋਂ ਇਨ੍ਹਾਂ ਬਿਰਧ ਭੈਣ-ਭਰਾਵਾਂ ਨੇ ਗਿਆਨ ਦਾ ਭੰਡਾਰ ਇਕੱਠਾ ਕੀਤਾ ਹੈ। ਇਨ੍ਹਾਂ ਨੇ ਧੀਰਜ ਰੱਖਣਾ ਅਤੇ ਹਮਦਰਦੀ ਦਿਖਾਉਣੀ ਸਿੱਖੀ ਹੈ। ਇਹ ਭੈਣ-ਭਰਾ ਦੂਸਰਿਆਂ ਨਾਲ ਆਪਣੀ ਬੁੱਧ ਸਾਂਝੀ ਕਰ ਕੇ ਬਹੁਤ ਖ਼ੁਸ਼ ਹੁੰਦੇ ਹਨ। (ਜ਼ਬੂ. 71:18) ਨੌਜਵਾਨੋ, ਯਾਦ ਰੱਖੋ ਕਿ ਇਨ੍ਹਾਂ ਭੈਣ-ਭਰਾਵਾਂ ਦੇ ਗਿਆਨ ਦਾ ਭੰਡਾਰ ਡੂੰਘੇ ਪਾਣੀ ਵਰਗਾ ਹੈ ਜਿਸ ਨੂੰ ਤੁਸੀਂ ਬਾਹਰ ਕੱਢ ਕੇ ਉਸ ਤੋਂ ਲਾਭ ਉਠਾ ਸਕਦੇ ਹੋ।​—⁠ਕਹਾ. 20:⁠5.

6. ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਬਜ਼ੁਰਗ ਭੈਣਾਂ-ਭਰਾਵਾਂ ਦਾ ਸੱਚ-ਮੁੱਚ ਆਦਰ ਕਰਦੇ ਹੋ?

6 ਕੀ ਤੁਸੀਂ ਬਜ਼ੁਰਗ ਭੈਣਾਂ-ਭਰਾਵਾਂ ਨੂੰ ਦੱਸਦੇ ਹੋ ਕਿ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ? ਉਨ੍ਹਾਂ ਨੂੰ ਅਹਿਸਾਸ ਦਿਲਾਓ ਕਿ ਕਲੀਸਿਯਾ ਵਿਚ ਉਨ੍ਹਾਂ ਦੀ ਜ਼ਰੂਰਤ ਹੈ, ਉਨ੍ਹਾਂ ਦੀ ਵਫ਼ਾਦਾਰੀ ਲਈ ਅਸੀਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਦੀ ਸਲਾਹ ਦੀ ਗਹਿਰੀ ਕਦਰ ਕਰਦੇ ਹਾਂ। ਉਨ੍ਹਾਂ ਦੀ ਰਾਇ ਉੱਤੇ ਚੱਲ ਕੇ ਅਸੀਂ ਦਿਖਾ ਸਕਦੇ ਹਾਂ ਕਿ ਅਸੀਂ ਸੱਚ-ਮੁੱਚ ਉਨ੍ਹਾਂ ਦਾ ਆਦਰ ਕਰਦੇ ਹਾਂ। ਕਈ ਬਿਰਧ ਭੈਣ-ਭਰਾਵਾਂ ਨੂੰ ਅਜੇ ਯਾਦ ਹੈ ਕਿ ਜਦ ਉਹ ਛੋਟੇ ਸਨ, ਤਾਂ ਵੱਡੀ ਉਮਰ ਦੇ ਭੈਣਾਂ-ਭਰਾਵਾਂ ਤੋਂ ਸਲਾਹ ਲੈ ਕੇ ਉਨ੍ਹਾਂ ਨੂੰ ਵੀ ਕਿੰਨਾ ਫ਼ਾਇਦਾ ਹੋਇਆ ਸੀ। *

ਉਨ੍ਹਾਂ ਦਾ ਧਿਆਨ ਰੱਖੋ

7. ਯਹੋਵਾਹ ਨੇ ਵੱਡੀ ਉਮਰ ਦੇ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਦੀ ਮੁੱਖ ਜ਼ਿੰਮੇਵਾਰੀ ਕਿਨ੍ਹਾਂ ਨੂੰ ਦਿੱਤੀ ਹੋਈ ਹੈ?

7 ਵੱਡੀ ਉਮਰ ਦੇ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਦੀ ਮੁੱਖ ਜ਼ਿੰਮੇਵਾਰੀ ਉਨ੍ਹਾਂ ਦੇ ਘਰ ਦੇ ਮੈਂਬਰਾਂ ਦੀ ਹੈ। (1 ਤਿਮੋਥਿਉਸ 5:​4, 8 ਪੜ੍ਹੋ।) ਯਹੋਵਾਹ ਕਿੰਨਾ ਖ਼ੁਸ਼ ਹੁੰਦਾ ਹੈ ਜਦ ਉਹ ਆਪਣੇ ਬਿਰਧ ਰਿਸ਼ਤੇਦਾਰਾਂ ਦੀ ਦੇਖ-ਭਾਲ ਕਰਨ ਦਾ ਫ਼ਰਜ਼ ਨਿਭਾਉਂਦੇ ਹਨ। ਇਸ ਤਰ੍ਹਾਂ ਜਤਨ ਕਰ ਕੇ ਉਹ ਦਿਖਾਉਂਦੇ ਹਨ ਕਿ ਉਹ ਵੀ ਯਹੋਵਾਹ ਵਾਂਗ ਉਨ੍ਹਾਂ ਨਾਲ ਪਿਆਰ ਕਰਦੇ ਹਨ। ਕੁਰਬਾਨੀਆਂ ਕਰਨ ਵਾਲੇ ਅਜਿਹੇ ਪਰਿਵਾਰਾਂ ਨੂੰ ਯਹੋਵਾਹ ਸਹਾਰਾ ਤੇ ਬਰਕਤਾਂ ਦਿੰਦਾ ਹੈ। *

8. ਕਲੀਸਿਯਾਵਾਂ ਨੂੰ ਬਿਰਧ ਭੈਣਾਂ-ਭਰਾਵਾਂ ਦੀ ਮਦਦ ਕਿਉਂ ਕਰਨੀ ਚਾਹੀਦੀ ਹੈ?

8 ਇਸੇ ਤਰ੍ਹਾਂ ਯਹੋਵਾਹ ਕਿੰਨਾ ਖ਼ੁਸ਼ ਹੁੰਦਾ ਹੈ ਜਦ ਕਲੀਸਿਯਾਵਾਂ ਉਨ੍ਹਾਂ ਬਿਰਧ ਭੈਣਾਂ-ਭਰਾਵਾਂ ਦੀ ਮਦਦ ਕਰਦੀਆਂ ਹਨ ਜਿਨ੍ਹਾਂ ਦੀ ਦੇਖ-ਭਾਲ ਕਰਨ ਲਈ ਜਾਂ ਤਾਂ ਉਨ੍ਹਾਂ ਦਾ ਆਪਣਾ ਕੋਈ ਨਹੀਂ ਹੁੰਦਾ, ਤੇ ਜੇ ਹੁੰਦਾ ਹੈ, ਤਾਂ ਉਹ ਕੁਝ ਕਰਨ ਲਈ ਤਿਆਰ ਨਹੀਂ ਹੁੰਦਾ। (1 ਤਿਮੋ. 5:​3, 5, 9, 10) ਇਸ ਤਰ੍ਹਾਂ ਕਲੀਸਿਯਾ ਦੇ ਭੈਣ-ਭਰਾ ਦਿਖਾਉਂਦੇ ਹਨ ਕਿ ਉਹ ‘ਆਪੋ ਵਿੱਚੀਂ ਦਰਦੀ ਹਨ, ਭਰੱਪਣ ਦਾ ਪ੍ਰੇਮ ਰੱਖਦੇ ਹਨ ਅਤੇ ਤਰਸਵਾਨ ਹਨ।’ (1 ਪਤ. 3:8) ਉਨ੍ਹਾਂ ਦੀ ਹਮਦਰਦੀ ਬਾਰੇ ਪੌਲੁਸ ਨੇ ਕਿਹਾ ਕਿ ਜੇ ਇਕ ਅੰਗ ਨੂੰ ਦੁੱਖ ਲੱਗੇ, ਤਾਂ “ਸਾਰੇ ਅੰਗ ਉਸ ਦੇ ਨਾਲ ਦੁੱਖੀ ਹੁੰਦੇ ਹਨ।” (1 ਕੁਰਿੰ. 12:26) ਬਜ਼ੁਰਗਾਂ ਦੀ ਮਦਦ ਕਰ ਕੇ ਉਹ ਪੌਲੁਸ ਦੀ ਸਲਾਹ ਉੱਤੇ ਚੱਲਦੇ ਹਨ ਜਦ ਉਸ ਨੇ ਕਿਹਾ: “ਤੁਸੀਂ ਇਕ ਦੂਏ ਦੇ ਭਾਰ ਚੁੱਕ ਲਵੋ ਅਤੇ ਇਉਂ ਮਸੀਹ ਦੀ ਸ਼ਰਾ ਨੂੰ ਪੂਰਿਆਂ ਕਰੋ।”​—⁠ਗਲਾ. 6:⁠2.

9. ਬਜ਼ੁਰਗ ਕਿਹੋ ਜਿਹਾ ਭਾਰ ਚੁੱਕਦੇ ਹਨ?

9 ਬਜ਼ੁਰਗ ਕਿਹੋ ਜਿਹਾ ਭਾਰ ਚੁੱਕਦੇ ਹਨ? ਕਈ ਜਲਦੀ ਥੱਕ ਜਾਂਦੇ ਹਨ। ਉਨ੍ਹਾਂ ਲਈ ਸੌਖੇ ਤੋਂ ਸੌਖਾ ਕੰਮ ਵੀ ਕਰਨਾ ਮੁਸ਼ਕਲ ਹੋ ਸਕਦਾ ਹੈ ਜਿਵੇਂ ਡਾਕਟਰ ਕੋਲ ਜਾਣਾ, ਕੋਈ ਕਾਗਜ਼ੀ ਕਾਰਵਾਈ ਕਰਨੀ, ਘਰ ਦੀ ਸਾਫ਼-ਸਫ਼ਾਈ ਕਰਨੀ ਜਾਂ ਰੋਟੀ ਪਕਾਉਣੀ। ਵੱਡੀ ਉਮਰ ਵਿਚ ਭੁੱਖ ਤੇ ਪਿਆਸ ਘੱਟ ਹੀ ਲੱਗਦੀ ਹੈ ਜਿਸ ਕਰਕੇ ਉਹ ਸ਼ਾਇਦ ਉੱਨਾ ਨਹੀਂ ਖਾਂਦੇ-ਪੀਂਦੇ ਜਿੰਨਾ ਉਨ੍ਹਾਂ ਨੂੰ ਖਾਣਾ-ਪੀਣਾ ਚਾਹੀਦਾ ਹੈ। ਹੋ ਸਕਦੇ ਹੈ ਕਿ ਉਹ ਪਹਿਲਾਂ ਵਾਂਗ ਨਾ ਬਾਈਬਲ ਸਟੱਡੀ ਕਰਨ ਅਤੇ ਨਾ ਹੀ ਬਾਕਾਇਦਾ ਮੀਟਿੰਗਾਂ ਵਿਚ ਜਾਣਾ ਚਾਹੁਣ। ਕਿਉਂ ਨਹੀਂ? ਨਿਗਾਹ ਘੱਟ ਜਾਣ ਕਾਰਨ ਤੇ ਉੱਚਾ ਸੁਣਨ ਕਾਰਨ ਉਨ੍ਹਾਂ ਲਈ ਮੀਟਿੰਗਾਂ ਦਾ ਪੂਰਾ ਫ਼ਾਇਦਾ ਉਠਾਉਣਾ ਮੁਸ਼ਕਲ ਹੋ ਸਕਦਾ ਹੈ। ਇਸ ਤੋਂ ਇਲਾਵਾ ਮੀਟਿੰਗਾਂ ਲਈ ਤਿਆਰ ਹੋਣਾ ਉਨ੍ਹਾਂ ਨੂੰ ਥਕਾ ਸਕਦਾ ਹੈ। ਦੂਜੇ ਭੈਣ-ਭਰਾ ਇਨ੍ਹਾਂ ਸਿਆਣਿਆਂ ਲਈ ਕੀ ਕਰ ਸਕਦੇ ਹਨ?

ਤੁਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹੋ?

10. ਕਲੀਸਿਯਾ ਦੇ ਬਜ਼ੁਰਗ ਬਿਰਧਾਂ ਦੀ ਮਦਦ ਕਰਨ ਲਈ ਕਿਹੜੇ ਇੰਤਜ਼ਾਮ ਕਰ ਸਕਦੇ ਹਨ?

10 ਕਈ ਕਲੀਸਿਯਾਵਾਂ ਵਿਚ ਸਾਡੇ ਬਜ਼ੁਰਗ ਭੈਣਾਂ-ਭਰਾਵਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕੀਤੀ ਜਾਂਦੀ ਹੈ। ਦੂਜੇ ਭੈਣ-ਭਰਾ ਉਨ੍ਹਾਂ ਲਈ ਬਜ਼ਾਰੋਂ ਰਾਸ਼ਨ-ਪਾਣੀ ਖ਼ਰੀਦਦੇ ਹਨ, ਘਰ ਦੀ ਸਾਫ਼-ਸਫ਼ਾਈ ਕਰਦੇ ਹਨ ਜਾਂ ਖਾਣਾ ਤਿਆਰ ਕਰ ਕੇ ਉਨ੍ਹਾਂ ਦੀ ਮਦਦ ਕਰਦੇ ਹਨ। ਉਹ ਉਨ੍ਹਾਂ ਦੇ ਨਾਲ ਬੈਠ ਕੇ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹਦੇ ਹਨ ਅਤੇ ਮੀਟਿੰਗਾਂ ਲਈ ਤਿਆਰ ਹੋਣ ਵਿਚ ਉਨ੍ਹਾਂ ਦੀ ਮਦਦ ਕਰਦੇ ਹਨ। ਇਸ ਤੋਂ ਇਲਾਵਾ ਉਹ ਉਨ੍ਹਾਂ ਨੂੰ ਬਾਕਾਇਦਾ ਸਭਾਵਾਂ ਵਿਚ ਅਤੇ ਪ੍ਰਚਾਰ ਦੇ ਕੰਮ ਵਿਚ ਨਾਲ ਲੈ ਜਾਂਦੇ ਹਨ। ਜੇ ਸਾਡੇ ਬਜ਼ੁਰਗ ਭੈਣ-ਭਰਾ ਘਰੋਂ ਬਾਹਰ ਨਹੀਂ ਜਾ ਸਕਦੇ, ਤਾਂ ਉਨ੍ਹਾਂ ਲਈ ਟੈਲੀਫ਼ੋਨ ਰਾਹੀਂ ਮੀਟਿੰਗਾਂ ਨੂੰ ਸੁਣਨ ਦਾ ਇੰਤਜ਼ਾਮ ਕੀਤਾ ਜਾ ਸਕਦਾ ਹੈ ਜਾਂ ਫਿਰ ਉਨ੍ਹਾਂ ਵਾਸਤੇ ਮੀਟਿੰਗਾਂ ਦੇ ਪ੍ਰੋਗ੍ਰਾਮ ਨੂੰ ਰਿਕਾਰਡ ਕੀਤਾ ਜਾ ਸਕਦਾ ਹੈ। ਜੇ ਹੋ ਸਕੇ, ਤਾਂ ਕਲੀਸਿਯਾ ਦੇ ਬਜ਼ੁਰਗ ਕੁਝ ਇੰਤਜ਼ਾਮ ਕਰ ਸਕਦੇ ਹਨ ਤਾਂਕਿ ਬਿਰਧਾਂ ਦੀ ਚੰਗੀ ਤਰ੍ਹਾਂ ਮਦਦ ਕੀਤੀ ਜਾ ਸਕੇ। *

11. ਮਿਸਾਲ ਦੇ ਕੇ ਸਮਝਾਓ ਕਿ ਇਕ ਪਰਿਵਾਰ ਨੇ ਇਕ ਸਿਆਣੇ ਭਰਾ ਦੀ ਮਦਦ ਕਿਵੇਂ ਕੀਤੀ ਸੀ।

11 ਅਸੀਂ ਵੀ ਖੁੱਲ੍ਹ-ਦਿਲੀ ਨਾਲ ਬਿਰਧ ਭੈਣਾਂ-ਭਰਾਵਾਂ ਲਈ ਕੁਝ ਕਰ ਸਕਦੇ ਹਾਂ। ਮਿਸਾਲ ਲਈ, ਇਕ ਸਿਆਣੇ ਭਰਾ ਅਤੇ ਉਸ ਦੀ ਪਤਨੀ ਨੇ ਇਕ ਵਿਆਹੁਤੇ ਜੋੜੇ ਨਾਲ ਬਾਈਬਲ ਦੀ ਸਟੱਡੀ ਕੀਤੀ ਸੀ। ਇਨ੍ਹਾਂ ਦੀਆਂ ਦੋ ਨੌਜਵਾਨ ਲੜਕੀਆਂ ਸਨ ਅਤੇ ਇਹ ਪਰਿਵਾਰ ਇਕ ਵੱਡੇ ਘਰ ਵਿਚ ਰਹਿੰਦਾ ਸੀ। ਜਦ ਇਸ ਬਿਰਧ ਭਰਾ ਦੀ ਪਤਨੀ ਗੁਜ਼ਰ ਗਈ, ਤਾਂ ਉਸ ਲਈ ਆਪਣਾ ਗੁਜ਼ਾਰਾ ਤੋਰਨਾ ਮੁਸ਼ਕਲ ਹੋ ਗਿਆ। ਉਸ ਜੋੜੇ ਨੇ ਬਿਰਧ ਭਰਾ ਨੂੰ ਆਪਣੇ ਘਰ ਵਿਚ ਰਹਿਣ ਲਈ ਦੋ ਕਮਰੇ ਦੇ ਦਿੱਤੇ। ਅਗਲੇ 15 ਸਾਲਾਂ ਤਕ ਉਨ੍ਹਾਂ ਨੇ ਇਕੱਠੇ ਰਹਿਣ ਤੇ ਰੋਟੀ ਖਾਣ ਦਾ ਲੁਤਫ਼ ਉਠਾਇਆ। ਉਸ ਪਰਿਵਾਰ ਨੇ ਬਿਰਧ ਭਰਾ ਦੀ ਨਿਹਚਾ ਅਤੇ ਢੇਰ ਸਾਰੇ ਤਜਰਬਿਆਂ ਤੋਂ ਬਹੁਤ ਕੁਝ ਸਿੱਖਿਆ ਤੇ ਦੂਜੇ ਪਾਸੇ ਇਸ ਭਰਾ ਨੂੰ ਉਨ੍ਹਾਂ ਤੋਂ ਬਹੁਤ ਪਿਆਰ ਮਿਲਿਆ। ਉਹ 89 ਸਾਲ ਦੀ ਉਮਰ ਤੇ ਪੂਰਾ ਹੋਇਆ ਅਤੇ ਆਪਣੀ ਮੌਤ ਤਕ ਉਨ੍ਹਾਂ ਦੇ ਨਾਲ ਹੀ ਰਿਹਾ। ਉਹ ਪਰਿਵਾਰ ਰੱਬ ਦਾ ਲੱਖ-ਲੱਖ ਸ਼ੁਕਰ ਕਰਦਾ ਹੈ ਕਿ ਉਨ੍ਹਾਂ ਨੂੰ ਇਸ ਭਰਾ ਨਾਲ ਰਹਿਣ ਦਾ ਮੌਕਾ ਮਿਲਿਆ ਸੀ। ਇਸ ਭਰਾ ਦੀ ਮਦਦ ਕਰਨ ਲਈ ਇਸ ਪਰਿਵਾਰ ਨੂੰ ਆਪਣਾ ਫਲ ਜ਼ਰੂਰ ਮਿਲੇਗਾ।​—⁠ਮੱਤੀ 10:⁠42. *

12. ਸਿਆਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਅਸੀਂ ਕੀ-ਕੀ ਕਰ ਸਕਦੇ ਹਾਂ?

12 ਅਸੀਂ ਇਸ ਪਰਿਵਾਰ ਵਾਂਗ ਸਿਆਣੇ ਭੈਣਾਂ-ਭਰਾਵਾਂ ਦੀ ਮਦਦ ਭਾਵੇਂ ਨਾ ਕਰ ਪਾਈਏ, ਪਰ ਅਸੀਂ ਉਨ੍ਹਾਂ ਦੀ ਮੀਟਿੰਗਾਂ ਵਿਚ ਜਾਂ ਪ੍ਰਚਾਰ ਕਰਨ ਜਾਣ ਵਿਚ ਮਦਦ ਜ਼ਰੂਰ ਕਰ ਸਕਦੇ ਹਾਂ। ਅਸੀਂ ਉਨ੍ਹਾਂ ਨੂੰ ਰੋਟੀ ਲਈ ਆਪਣੇ ਘਰ ਬੁਲਾ ਸਕਦੇ ਹਾਂ ਜਾਂ ਆਪਣੇ ਨਾਲ ਘੁੰਮਣ-ਫਿਰਨ ਲੈ ਜਾ ਸਕਦੇ ਹਾਂ। ਜੇ ਉਹ ਘਰੋਂ ਬਾਹਰ ਨਹੀਂ ਜਾ ਸਕਦੇ ਜਾਂ ਬੀਮਾਰ ਹਨ, ਤਾਂ ਅਸੀਂ ਉਨ੍ਹਾਂ ਨੂੰ ਮਿਲਣ ਜਾ ਸਕਦੇ ਹਾਂ। ਸਾਨੂੰ ਉਨ੍ਹਾਂ ਨੂੰ ਬੱਚੇ ਨਹੀਂ ਸਮਝਣਾ ਚਾਹੀਦਾ, ਸਗੋਂ ਉਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ। ਜੇ ਉਹ ਆਪਣੇ ਫ਼ੈਸਲੇ ਆਪ ਕਰਨ ਦੇ ਕਾਬਲ ਹਨ‚ ਤਾਂ ਸਾਨੂੰ ਆਪਣੀ ਮਰਜ਼ੀ ਉਨ੍ਹਾਂ ਉੱਤੇ ਥੋਪਣੀ ਨਹੀਂ ਚਾਹੀਦੀ ਅਤੇ ਉਨ੍ਹਾਂ ਦੇ ਸੰਬੰਧ ਵਿਚ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਸਾਨੂੰ ਉਨ੍ਹਾਂ ਦੀ ਰਾਏ ਲੈ ਲੈਣੀ ਚਾਹੀਦੀ ਹੈ। ਜਿਹੜੇ ਆਪਣੇ ਸਾਰੇ ਫ਼ੈਸਲੇ ਆਪ ਕਰਨ ਦੇ ਕਾਬਲ ਨਹੀਂ ਹਨ, ਉਹ ਵੀ ਸਮਝ ਜਾਂਦੇ ਹਨ ਜੇ ਕੋਈ ਉਨ੍ਹਾਂ ਦਾ ਆਦਰ-ਸਤਿਕਾਰ ਨਹੀਂ ਕਰ ਰਿਹਾ।

ਯਹੋਵਾਹ ਤੁਹਾਨੂੰ ਭੁੱਲੇਗਾ ਨਹੀਂ

13. ਇਹ ਜ਼ਰੂਰੀ ਕਿਉਂ ਹੈ ਕਿ ਅਸੀਂ ਸਿਆਣੇ ਭੈਣ-ਭਰਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ?

13 ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਸਿਆਣੇ ਭੈਣ-ਭਰਾਵਾਂ ਉੱਤੇ ਕੀ ਬੀਤ ਰਹੀ ਹੈ। ਉਹ ਆਪਣੀ ਜਵਾਨੀ ਦੇ ਦਿਨ ਯਾਦ ਕਰ ਕੇ ਕਈ ਵਾਰ ਬਹੁਤ ਬੁਰਾ ਮਹਿਸੂਸ ਕਰਦੇ ਹਨ ਕਿਉਂਕਿ ਹੁਣ ਉਹ ਪਹਿਲਾਂ ਜਿੰਨਾ ਨਹੀਂ ਕਰ ਪਾਉਂਦੇ। ਮਿਸਾਲ ਲਈ, ਇਕ ਭੈਣ 50 ਕੁ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰਦੀ ਆਈ ਹੈ। ਉਹ ਰੈਗੂਲਰ ਪਾਇਨੀਅਰੀ ਵੀ ਕਰਦੀ ਹੁੰਦੀ ਸੀ। ਫਿਰ ਉਹ ਬਹੁਤ ਬੀਮਾਰ ਹੋ ਗਈ ਅਤੇ ਹੁਣ ਬੜੀ ਮੁਸ਼ਕਲ ਨਾਲ ਹੀ ਮੀਟਿੰਗਾਂ ਵਿਚ ਜਾ ਸਕਦੀ ਹੈ। ਆਪਣਾ ਅਤੀਤ ਯਾਦ ਕਰ ਕੇ ਉਹ ਰੋਂਦੀ ਹੈ ਤੇ ਸਿਰ ਝੁਕਾ ਕੇ ਕਹਿੰਦੀ ਹੈ, ‘ਮੈਂ ਤਾਂ ਬੱਸ ਕਿਸੇ ਕੰਮ ਦੀ ਨਹੀਂ ਰਹੀ।’

14. ਜ਼ਬੂਰਾਂ ਦੀ ਪੋਥੀ ਤੋਂ ਬਿਰਧ ਭੈਣ-ਭਰਾਵਾਂ ਨੂੰ ਹੌਸਲਾ ਕਿਵੇਂ ਮਿਲ ਸਕਦਾ ਹੈ?

14 ਕੀ ਤੁਸੀਂ ਬਿਰਧ ਹੋ? ਕੀ ਤੁਸੀਂ ਵੀ ਕਦੇ ਇਸ ਭੈਣ ਵਾਂਗ ਮਹਿਸੂਸ ਕੀਤਾ ਹੈ? ਜਾਂ ਕੀ ਤੁਸੀਂ ਕਦੇ ਇਸ ਤਰ੍ਹਾਂ ਸੋਚਿਆ ਹੈ ਕਿ ਯਹੋਵਾਹ ਨੇ ਤੁਹਾਨੂੰ ਛੱਡ ਦਿੱਤਾ ਹੈ? ਜ਼ਬੂਰਾਂ ਦੇ ਲਿਖਾਰੀ ਨੇ ਸ਼ਾਇਦ ਇਸ ਤਰ੍ਹਾਂ ਸੋਚਿਆ ਹੋਵੇ ਕਿਉਂਕਿ ਉਸ ਨੇ ਯਹੋਵਾਹ ਅੱਗੇ ਦੁਆ ਕੀਤੀ: “ਬੁਢੇਪੇ ਦੇ ਸਮੇਂ ਮੈਨੂੰ ਦੂਰ ਨਾ ਸੁੱਟ, ਜਾਂ ਮੇਰੇ ਬਲ ਘਟੇ ਤਾਂ ਮੈਨੂੰ ਨਾ ਤਿਆਗ! . . . ਬੁਢੇਪੇ ਤੇ ਧੌਲਿਆਂ ਤੀਕ ਵੀ, ਹੇ ਪਰਮੇਸ਼ੁਰ, ਮੈਨੂੰ ਨਾ ਤਿਆਗ।” (ਜ਼ਬੂ. 71:​9, 18) ਯਹੋਵਾਹ ਨੇ ਇਸ ਲਿਖਾਰੀ ਨੂੰ ਤਿਆਗਿਆ ਨਹੀਂ ਸੀ ਤੇ ਨਾ ਹੀ ਉਹ ਤੁਹਾਨੂੰ ਤਿਆਗੇਗਾ। ਇਕ ਹੋਰ ਜ਼ਬੂਰ ਵਿਚ ਦਾਊਦ ਨੇ ਦਿਖਾਇਆ ਕਿ ਉਸ ਨੂੰ ਪਰਮੇਸ਼ੁਰ ਦੇ ਸਹਾਰੇ ਦਾ ਪੂਰਾ ਯਕੀਨ ਸੀ। (ਜ਼ਬੂਰਾਂ ਦੀ ਪੋਥੀ 68:19 ਪੜ੍ਹੋ।) ਕਦੇ ਨਾ ਭੁੱਲੋ ਕਿ ਯਹੋਵਾਹ ਹਮੇਸ਼ਾ ਤੁਹਾਡੇ ਨਾਲ ਹੈ ਤੇ ਤੁਹਾਨੂੰ ਸਹਾਰਾ ਦਿੰਦਾ ਰਹੇਗਾ।

15. ਨਿਰਾਸ਼ ਹੋਣ ਤੋਂ ਬਚਣ ਲਈ ਬਿਰਧ ਭੈਣ-ਭਰਾ ਕੀ ਕਰ ਸਕਦੇ ਹਨ?

15 ਯਹੋਵਾਹ ਦੇ ਸਾਰੇ ਬਜ਼ੁਰਗ ਗਵਾਹਾਂ ਨੇ ਅੱਜ ਤਕ ਜੋ ਵੀ ਕੀਤਾ ਹੈ ਅਤੇ ਜੋ ਵੀ ਉਹ ਕਰ ਰਹੇ ਹਨ, ਯਹੋਵਾਹ ਉਸ ਨੂੰ ਕਦੇ ਭੁੱਲੇਗਾ ਨਹੀਂ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ।” (ਇਬ. 6:10) ਇਸ ਲਈ ਇਹ ਨਾ ਸੋਚੋ ਕਿ ਹੁਣ ਤੁਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਕੁਝ ਵੀ ਨਹੀਂ ਹੋ। ਨਿਰਾਸ਼ ਹੋਣ ਦੀ ਬਜਾਇ ਉਨ੍ਹਾਂ ਬਰਕਤਾਂ ਬਾਰੇ ਸੋਚੋ ਜੋ ਯਹੋਵਾਹ ਨੇ ਤੁਹਾਡੀ ਝੋਲੀ ਵਿਚ ਪਾਈਆਂ ਹਨ। ਉਸ ਸੁਨਹਿਰੇ ਭਵਿੱਖ ਬਾਰੇ ਸੋਚੋ ਜਿਸ ਦਾ ਯਹੋਵਾਹ ਨੇ ਵਾਅਦਾ ਕੀਤਾ ਹੈ। (ਯਿਰ. 29:​11, 12; ਰਸੂ. 17:31; 1 ਤਿਮੋ. 6:19) ਇਸ ਉਮੀਦ ਨੂੰ ਆਪਣੇ ਦਿਲ ਵਿਚ ਬਿਠਾਈ ਰੱਖੋ ਤੇ ਕਦੇ ਨਾ ਭੁੱਲੋ ਕਿ ਕਲੀਸਿਯਾ ਵਿਚ ਤੁਹਾਡੀ ਕਿੰਨੀ ਲੋੜ ਹੈ!

16. ਇਕ ਬਿਰਧ ਭਰਾ ਬਜ਼ੁਰਗ ਵਜੋਂ ਸੇਵਾ ਨਾ ਕਰਨ ਬਾਰੇ ਕਿਉਂ ਸੋਚਣ ਲੱਗਾ ਸੀ ਤੇ ਦੂਸਰਿਆਂ ਬਜ਼ੁਰਗਾਂ ਨੇ ਉਸ ਨੂੰ ਹੌਸਲਾ ਕਿਵੇਂ ਦਿੱਤਾ?

16 ਜ਼ਰਾ ਇਕ ਭਰਾ ਦੀ ਮਿਸਾਲ ਉੱਤੇ ਗੌਰ ਕਰੋ ਜੋ 80 ਸਾਲਾਂ ਦਾ ਹੈ ਤੇ ਜਿਸ ਨੂੰ ਹਰ ਵਕਤ ਆਪਣੀ ਬੀਮਾਰ ਪਤਨੀ ਦੀ ਦੇਖ-ਭਾਲ ਕਰਨੀ ਪੈਂਦੀ ਹੈ। ਕਲੀਸਿਯਾ ਤੋਂ ਭੈਣਾਂ ਆ ਕੇ ਉਸ ਦੀ ਪਤਨੀ ਨਾਲ ਰਹਿੰਦੀਆਂ ਹਨ ਤਾਂਕਿ ਉਹ ਭਰਾ ਮੀਟਿੰਗਾਂ ਵਿਚ ਤੇ ਪ੍ਰਚਾਰ ਕਰਨ ਜਾ ਸਕੇ। ਹਾਲ ਹੀ ਦੇ ਸਮੇਂ ਵਿਚ ਬੁਢਾਪੇ ਦੀਆਂ ਮੁਸ਼ਕਲਾਂ ਕਾਰਨ ਉਹ ਭਰਾ ਸੋਚਣ ਲੱਗਾ ਕਿ ਉਹ ਕਲੀਸਿਯਾ ਵਿਚ ਬਜ਼ੁਰਗ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਸਕੇਗਾ। ਹੰਝੂ ਭਰੀਆਂ ਅੱਖਾਂ ਦੇ ਨਾਲ ਉਸ ਨੇ ਕਿਹਾ ਕਿ “ਮੇਰੇ ਬਜ਼ੁਰਗ ਹੋਣ ਦਾ ਕੀ ਫ਼ਾਇਦਾ? ਮੈਂ ਕਿਹੜਾ ਕਲੀਸਿਯਾ ਦੇ ਕੋਈ ਕੰਮ ਆਉਂਦਾ ਹਾਂ?” ਪਰ ਦੂਸਰਿਆਂ ਬਜ਼ੁਰਗਾਂ ਨੇ ਉਸ ਨੂੰ ਸਮਝਾਇਆ ਕਿ ਉਨ੍ਹਾਂ ਨੂੰ ਉਸ ਦੇ ਤਜਰਬੇ ਅਤੇ ਬੁੱਧ ਦੀ ਲੋੜ ਹੈ। ਭਾਵੇਂ ਹੁਣ ਉਹ ਪਹਿਲਾਂ ਜਿੰਨਾ ਕੰਮ ਨਹੀਂ ਕਰ ਸਕਦਾ, ਫਿਰ ਵੀ ਉਨ੍ਹਾਂ ਨੇ ਉਸ ਨੂੰ ਬਜ਼ੁਰਗ ਵਜੋਂ ਸੇਵਾ ਕਰਦੇ ਰਹਿਣ ਦਾ ਹੌਸਲਾ ਦਿੱਤਾ। ਇਸ ਹੱਲਾਸ਼ੇਰੀ ਨਾਲ ਉਹ ਭਰਾ ਅਜੇ ਵੀ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹੈ ਅਤੇ ਕਲੀਸਿਯਾ ਲਈ ਬਰਕਤ ਸਾਬਤ ਹੋ ਰਿਹਾ ਹੈ।

ਯਹੋਵਾਹ ਸੱਚ-ਮੁੱਚ ਸਾਡੀ ਪਰਵਾਹ ਕਰਦਾ ਹੈ

17. ਬਾਈਬਲ ਤੋਂ ਸਿਆਣੇ ਭੈਣ-ਭਰਾਵਾਂ ਨੂੰ ਹੌਸਲਾ ਕਿਵੇਂ ਮਿਲ ਸਕਦਾ ਹੈ?

17 ਬਾਈਬਲ ਤੋਂ ਪਤਾ ਲੱਗਦਾ ਹੈ ਕਿ ਬੁਢਾਪੇ ਵਿਚ ਆਉਣ ਵਾਲੀਆਂ ਮੁਸ਼ਕਲਾਂ ਦੇ ਬਾਵਜੂਦ ਸਿਆਣੇ ਭੈਣ-ਭਰਾ ਯਹੋਵਾਹ ਦੀ ਸੇਵਾ ਵਿਚ ਵਧ-ਫੁੱਲ ਸਕਦੇ ਹਨ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਜਿਹੜੇ ਯਹੋਵਾਹ ਦੇ ਭਵਨ ਵਿੱਚ ਲਾਏ ਹੋਏ ਹਨ, . . . ਓਹ ਬੁਢੇਪੇ ਵਿੱਚ ਵੀ ਫਲ ਲਿਆਉਣਗੇ, ਓਹ ਹਰੇ ਤੇ ਰਸ ਭਰੇ ਰਹਿਣਗੇ।” (ਜ਼ਬੂ. 92:​13, 14) ਪੌਲੁਸ ਰਸੂਲ ਵੀ ਸ਼ਾਇਦ ਕਿਸੇ ਬੀਮਾਰੀ ਦਾ ਸਾਮ੍ਹਣਾ ਕਰ ਰਿਹਾ ਸੀ ਜਦ ਉਸ ਨੇ ਕਿਹਾ ਕਿ “ਅਸੀਂ ਹੌਸਲਾ ਨਹੀਂ ਹਾਰਦੇ ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਜਾਂਦੀ ਹੈ ਪਰ ਅੰਦਰਲੀ ਇਨਸਾਨੀਅਤ ਦਿਨੋ ਦਿਨ ਨਵੀਂ ਹੁੰਦੀ ਜਾਂਦੀ ਹੈ।”​—⁠2 ਕੁਰਿੰਥੀਆਂ 4:​16-18 ਪੜ੍ਹੋ।

18. ਸਿਆਣੇ ਭੈਣ-ਭਰਾਵਾਂ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨ ਵਾਲਿਆਂ ਨੂੰ ਹੋਰਨਾਂ ਦੀ ਮਦਦ ਦੀ ਲੋੜ ਕਿਉਂ ਹੈ?

18 ਅੱਜ ਸਾਡੀਆਂ ਕਲੀਸਿਯਾਵਾਂ ਵਿਚ ਕਈ ਭੈਣ-ਭਰਾ ਹਨ ਜਿਨ੍ਹਾਂ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਉਹ ਬੁਢੇਪੇ ਵਿਚ ਵੀ ਵੱਧ-ਫੁੱਲ ਰਹੇ ਹਨ। ਭਾਵੇਂ ਉਨ੍ਹਾਂ ਦੇ ਘਰ ਦੇ ਮੈਂਬਰ ਉਨ੍ਹਾਂ ਦੀ ਦੇਖ-ਭਾਲ ਕਰ ਰਹੇ ਹਨ, ਫਿਰ ਵੀ ਵੱਡੀ ਉਮਰ ਤੇ ਬੀਮਾਰੀਆਂ ਦਾ ਬੋਝ ਉਨ੍ਹਾਂ ਲਈ ਭਾਰਾ ਹੋ ਸਕਦਾ ਹੈ। ਉਨ੍ਹਾਂ ਦੀ ਦੇਖ-ਭਾਲ ਕਰਨ ਵਾਲੇ ਵੀ ਅੱਕ-ਥੱਕ ਸਕਦੇ ਹਨ। ਇਸ ਲਈ ਕਲੀਸਿਯਾ ਦੇ ਭੈਣ-ਭਰਾ ਆਪਣੇ ਪਿਆਰ ਦਾ ਸਬੂਤ ਦੇ ਕੇ ਇਨ੍ਹਾਂ ਦਾ ਹੱਥ ਵਟਾ ਸਕਦੇ ਹਨ। ਇਹ ਸਾਡਾ ਫ਼ਰਜ਼ ਵੀ ਹੈ ਤੇ ਸਨਮਾਨ ਵੀ। (ਗਲਾ. 6:10) ਇਸ ਤਰ੍ਹਾਂ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹਾਂ, ਨਾ ਕਿ ਸਿਰਫ਼ ਇਹ ਕਹਿੰਦੇ ਹਾਂ ਕਿ ਜਾ ਕੇ “ਨਿੱਘੇ

ਅਤੇ ਰੱਜੇ ਪੁੱਜੇ ਰਹੋ।”​—⁠ਯਾਕੂ. 2:​15-17.

19. ਵੱਡੀ ਉਮਰ ਦੇ ਭੈਣ-ਭਰਾ ਕਿਸ ਗੱਲ ਦੀ ਉਮੀਦ ਰੱਖ ਸਕਦੇ ਹਨ?

19 ਵੱਡੀ ਉਮਰ ਕਾਰਨ ਕਈ ਭੈਣ-ਭਰਾ ਸ਼ਾਇਦ ਪਹਿਲਾਂ ਜਿੰਨਾ ਨਾ ਕਰ ਪਾਉਣ, ਪਰ ਸਮੇਂ ਦੇ ਬੀਤਣ ਨਾਲ ਯਹੋਵਾਹ ਦਾ ਪਿਆਰ ਉਨ੍ਹਾਂ ਲਈ ਠੰਢਾ ਨਹੀਂ ਪੈਂਦਾ। ਇਸ ਦੀ ਬਜਾਇ ਅਜਿਹੇ ਵਫ਼ਾਦਾਰ ਸੇਵਕ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹਨ ਅਤੇ ਉਹ ਉਨ੍ਹਾਂ ਨੂੰ ਕਦੀ ਨਹੀਂ ਤਿਆਗੇਗਾ। (ਜ਼ਬੂ. 37:28; ਯਸਾ. 46:4) ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਉਨ੍ਹਾਂ ਨੂੰ ਬੁਢਾਪੇ ਵਿਚ ਸੰਭਾਲੇਗਾ ਅਤੇ ਉਨ੍ਹਾਂ ਦੀ ਅਗਵਾਈ ਕਰੇਗਾ।​—⁠ਜ਼ਬੂ. 48:⁠14.

[ਫੁਟਨੋਟ]

^ ਪੈਰਾ 7 ਹੋਰ ਜਾਣਕਾਰੀ ਲਈ ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ ਦਾ 15ਵਾਂ ਅਧਿਆਇ ਦੇਖੋ ਜਿਸ ਦਾ ਵਿਸ਼ਾ ਹੈ, “ਆਪਣੇ ਬਿਰਧ ਮਾਪਿਆਂ ਦਾ ਆਦਰ ਕਰਨਾ।”

^ ਪੈਰਾ 10 ਕੁਝ ਦੇਸ਼ਾਂ ਵਿਚ ਸਰਕਾਰ ਵੱਲੋਂ ਵੀ ਬਿਰਧਾਂ ਦੀ ਮਦਦ ਹੋ ਸਕਦੀ ਹੈ। ਪਰ ਉਨ੍ਹਾਂ ਨੂੰ ਸ਼ਾਇਦ ਇਹ ਨਾ ਪਤਾ ਹੋਵੇ ਕਿ ਉਨ੍ਹਾਂ ਨੂੰ ਕੋਈ ਮਦਦ ਮਿਲ ਸਕਦੀ ਹੈ ਕਿ ਨਹੀਂ। ਹੋਰ ਜਾਣਕਾਰੀ ਲਈ 1 ਜੂਨ 2006 ਦੇ ਪਹਿਰਾਬੁਰਜ ਵਿਚ “ਪਰਮੇਸ਼ੁਰ ਬਿਰਧਾਂ ਨੂੰ ਪਿਆਰ ਕਰਦਾ ਹੈ” ਨਾਂ ਦਾ ਲੇਖ ਦੇਖੋ।

ਤੁਸੀਂ ਕੀ ਜਵਾਬ ਦਿਓਗੇ?

• ਤੁਸੀਂ ਵਫ਼ਾਦਾਰ ਸਿਆਣੇ ਭੈਣਾਂ-ਭਰਾਵਾਂ ਨੂੰ ਅਨਮੋਲ ਕਿਉਂ ਸਮਝਦੇ ਹੋ?

• ਅਸੀਂ ਵੱਡੀ ਉਮਰ ਦੇ ਭੈਣਾਂ-ਭਰਾਵਾਂ ਨਾਲ ਬੇਹੱਦ ਪਿਆਰ ਕਿਵੇਂ ਕਰ ਸਕਦੇ ਹਾਂ?

• ਨਿਰਾਸ਼ ਹੋਣ ਤੋਂ ਬਚਣ ਲਈ ਬਿਰਧ ਭੈਣ-ਭਰਾ ਕੀ ਕਰ ਸਕਦੇ ਹਨ?

[ਸਵਾਲ]

[ਸਫ਼ਾ 18 ਉੱਤੇ ਤਸਵੀਰਾਂ]

ਕਲੀਸਿਯਾ ਦੇ ਮੈਂਬਰ ਸਿਆਣੇ ਭੈਣਾਂ-ਭਰਾਵਾਂ ਦਾ ਆਦਰ-ਮਾਣ ਕਰਦੇ ਹਨ